ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਤੇ ਗੁਰੂ ਇਤਿਹਾਸ ’ਚ ਵਿਸ਼ੇਸ਼ ਸਥਾਨ

0
1094

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਤੇ ਗੁਰੂ ਇਤਿਹਾਸ ’ਚ ਵਿਸ਼ੇਸ਼ ਸਥਾਨ

ਮੀਰੀ ਦੇ ਸ੍ਰੋਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ।

ਕਿਰਪਾਲ ਸਿੰਘ ਬਠਿੰਡਾ (ਮੋਬ:) 98554-80797

ਮੁਢਲਾ ਜੀਵਨ

ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਿਕ 19 ਜੂਨ 1595 ਈ: (ਯੂਲੀਅਨ) ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ; ਇਸੇ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 21 ਹਾੜ ਨਿਸ਼ਚਿਤ ਕੀਤਾ ਗਿਆ ਹੈ ਜੋ ਹਰ ਸਾਲ 5 ਜੁਲਾਈ ਨੂੰ ਹੀ ਆਉਂਦਾ ਹੈ।

(ਨੋਟ: ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਦੇ ਜਾਰੀ ਕੀਤੇ ਗਏ ਕੈਲੰਡਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 8 ਹਾੜ, 21 ਜੂਨ 2016 ਨੂੰ ਵਿਖਾਇਆ ਗਿਆ ਹੈ। ਪਿਛਲੇ ਸਾਲ ਇਹੀ ਦਿਹਾੜਾ 20 ਜੇਠ, 3 ਜੂਨ 2015 ਈ: ਨੂੰ ਵਿਖਾਇਆ ਗਿਆ ਸੀ; ਅਗਲੇ ਸਾਲ ਇਹ ਕਦੋਂ ਆਵੇਗਾ ਇਹ ਸ਼੍ਰੋਮਣੀ ਕਮੇਟੀ ਹੀ ਜਾਣੇ। ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਗਏ ਕੈਲੰਡਰ ਅਨੁਸਾਰ ਬਾਕੀ ਦੇ ਸਾਰੇ ਦਿਹਾੜਿਆਂ ਦਾ ਵੀ ਇਹੀ ਹਾਲ ਹੈ।)

ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ।

ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਸੀ। ਤੱਤੀ ਲੋਹ ’ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ। ਇਸ ਕੁਰਬਾਨੀ ਦਾ ਸਭ ’ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜਸੀ ਤਾਕਤ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਆਮ ਜਨਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ, ਦੂਸਰੇ ਮਨੁੱਖ ਸਾਹਮਣੇ ਅਕਾਰਨ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿਦਿਆ ਦਾ ਆਪ ਜੀ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਜੀ ਨੂੰ ਦੇਖ ਕੇ ਮਹਾਂਬਲੀ ਯੋਧਾ ਹੋਣ ਦਾ ਖ਼ਿਤਾਬ ਦੇ ਦੇਂਦੇ ਸਨ।

ਜਦੋਂ ਇਸਲਾਮ ਦੀ ਨਕਸ਼ਬੰਦੀ ਸਿਲਸਿਲਹ ਦੇ ਮੁੱਖ ਆਗੂ ਕੱਟੜ ਮੁਸਲਮਾਨ ਸ਼ੇਖ਼ ਅਹਿਮਦ ਸਰਹੰਦੀ ਅਤੇ ਉਸ ਦੇ ਚੇਲਿਆਂ ਦੇ ਨਾਪਾਕ ਗਠਜੋੜ (ਜੋ ਕਿ ਸੀ ਕਿਉਂਕਿ ਉਹ ਇਸਲਾਮੀ ਹਕੂਮਤ ਸਥਾਪਤ ਕਰਨਾ ਚਾਹੁੰਦੇ ਸਨ) ਵੱਲੋਂ, (ਗੁਰਗੱਦੀ ਪ੍ਰਾਪਤ ਕਰਨ ਦੀ ਤੀਬਰ ਇੱਛਾ ਰੱਖਣ ਵਾਲੇ) ਬਾਬਾ ਪਿ੍ਰਥੀ ਚੰਦ ਅਤੇ (ਲੜਕੀ ਦਾ ਰਿਸ਼ਤਾ ਸੰਗਤਾਂ ਦੀ ਬੇਨਤੀ ’ਤੇ ਸਾਹਿਬਜ਼ਾਦਾ ਹਰਿਗੋਬਿੰਦ ਜੀ ਲਈ ਅਪ੍ਰਵਾਨ ਕਰਨ ਕਰਕੇ ਗੁਰੂ ਘਰ ਦੇ ਵਿਰੋਧੀ ਬਣੇ ਹੰਕਾਰੀ ਬ੍ਰਿਤੀ ਦੇ ਮਾਲਕ) ਚੰਦੂ ਨਾਲ ਮਿਲ ਕੇ; ਸ਼ਰਾਬੀ ਅਤੇ ਅੱਯਾਸ਼ੀ ਮੁਗਲ ਬਾਦਸ਼ਾਹ ਜਹਾਂਗੀਰ, ਜੋ ਆਪਣੀ ਬਾਦਸ਼ਾਹੀ ਸਥਾਪਤ ਕਰਨਾ ਚਾਹੁੰਦਾ ਸੀ, ਕੋਲ ਝੂਠੇ ਇਲਜ਼ਾਮ ਲਾ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਤਾਣਾ ਬਾਣਾ ਬੁਣਨ ਉਪ੍ਰੰਤ ਜਹਾਂਗੀਰ ਨੇ ਉਨ੍ਹਾਂ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਤਾਂ ਗੁਰੂ ਅਰਜੁਨ ਸਾਹਿਬ ਜੀ ਸਮਝ ਗਏ ਸਨ ਕਿ ਹੁਣ ਸ਼ਹੀਦੀ ਅਟੱਲ ਹੈ। ਇਸ ਲਈ ਲਾਹੌਰ ਜਾਣ ਸਮੇਂ ਉਹ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸਮਝਾ ਗਏ ਸਨ ਕਿ ਉਨ੍ਹਾਂ ਪਿੱਛੋਂ ਗੁਰਿਆਈ ਦੀ ਗੱਦੀ ਦਾ ਮਾਲਕ ਸਾਹਿਬਜ਼ਾਦਾ ਹਰਿਗੋਬਿੰਦ ਹੈ। ਸੋ 25 ਮਈ 1606 ਈ: (ਯੂਲੀਅਨ), ਜੇਠ ਵਦੀ 14; 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ’ਤੇ ਬਿਠਾ ਕੇ ਗੁਰਿਆਈ ਦੀ ਜਿੰਮੇਵਾਰੀ ਸੌਂਪੀ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ ਕਰੀਬ 11 ਸਾਲ ਸੀ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 48 ਵੀਂ ਪਉੜੀ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰੇ ਲਿਖਿਆ ਹੈ: ‘‘ਪੰਜਿ ਪਿਆਲੇ, ਪੰਜਿ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆਂ; ਰੂਪੁ ਦਿਖਾਵਣਿ ਵਾਰੋ ਵਾਰੀ। ਦਲਿਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ।’’

‘ਪੰਜਿ ਪਿਆਲੇ’ ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ। ‘ਪੰਜਿ ਪੀਰ’ ਦੇ ਅਰਥ ਹਨ: ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤੱਕ ਹੋਏ ਪੰਜ ਸਿੱਖ ਗੁਰੂ ਸਾਹਿਬਾਨ। ‘ਦਲਿਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ’ ਭਾਵ ਗੁਰੂ ਹਰਿਗੋਬਿੰਦ ਸਾਹਿਬ ਧਰਮ ਦੇ ਵੈਰੀ ਦਲਾਂ ਦਾ ਖਾਤਮਾ ਕਰਨ ਵਾਲੇ ਵੱਡੇ ਯੋਧੇ, ਸੂਰਮੇ ਅਤੇ ਪਰਉਪਕਾਰੀ ਹਨ। ‘ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ’ ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ; ਸਰੀਰਾਂ ਵਿਚ ਹੀ ਭੇਦ ਸੀ, ਜੋਤਿ ਇਕੋ ਸੀ।

ਅਕਾਲ ਤਖ਼ਤ ਦੀ ਸਿਰਜਨਾ

ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ ਗੁਰੂ ਹਰਗੋਬਿੰਦ ਜੀ ਨੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਈ:) ਵਿਚ ਇੱਕ ਥੜੇ ਦੀ ਉਸਾਰੀ ਕੀਤੀ ਜਿਸ ’ਤੇ ਬਾਅਦ ਵਿੱਚ ਅਕਾਲ ਬੁੰਗਾ ਉਸਾਰਿਆ ਗਿਆ ਤੇ ਸਮੇਂ ਸਮੇਂ ’ਤੇ ਹਮਲਾਵਰਾਂ ਵੱਲੋਂ ਨਸ਼ਟ ਕੀਤੇ ਜਾਣ ਤੋਂ ਬਾਅਦ ਨਵੀਆਂ ਇਮਾਰਤਾਂ ਦੀ ਉਸਾਰੀ ਹੁੰਦੀ ਰਹੀ ਅਤੇ 1984 ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਉਪਰੰਤ ਅਕਾਲ ਤਖ਼ਤ ਦੀ ਨਵੀਂ ਉਸਾਰੀ ਗਈ ਮੌਜੂਦਾ ਇਮਾਰਤ ਸ਼ੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾਂ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਹਾੜ ਹਰ ਸਾਲ 2 ਜੁਲਾਈ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਵੀ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ 18 ਹਾੜ ਹੀ ਵਿਖਾਇਆ ਗਿਆ ਹੈ ਪਰ ਉਨ੍ਹਾਂ ਦੇ ਕੈਲੰਡਰ ਵਿੱਚ 18 ਹਾੜ 1 ਜੁਲਾਈ 2016 ਈ: ਨੂੰ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੂਰਮਿਆ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ’ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ‘ਅਬਦੁੱਲਾ’ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ।

ਮੀਰੀ ਪੀਰੀ ਦਾ ਸਿਧਾਂਤ ਪ੍ਰਗਟ ਕਰਨਾ

6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ‘ਅਬਦੁੱਲਾ’ ਨੇ ਇਸ ਤਰ੍ਹਾਂ ਕੀਤਾ ਹੈ: ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।’

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ= ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਦੁਨਿਆ ਦੇ ਇਤਿਹਾਸ ’ਚ ਇਸ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇੱਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜ਼ਰਾ ਵੱਧ ਹੋਣੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ। 6 ਸਾਵਣ ਨੂੰ ਸਿੱਖ ਇਤਿਹਾਸ ਵਿੱਚ ਮੀਰੀ-ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 21 ਜੁਲਾਈ ਨੂੰ ਆਉਂਦਾ ਹੈ। (ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਿਵਸ 31 ਹਾੜ, 14 ਜੁਲਾਈ ਵਿਖਾਇਆ ਗਿਆ ਹੈ।)

ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖ਼ਾਲਸੇ ਦਾ ਇਕੱਠ ਬੁਲਾ ਕੇ ਅਨੇਕਾਂ ਗੁਰਮਤੇ ਪਾਸ ਕੀਤੇ ਜਾਂਦੇ ਸਨ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸਿਧਾਂਤ ਨੂੰ ਪਰਪੱਕ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ-ਦਿਨ ਨਿਖਰਦੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਣ ਦੇ ਸਿਧਾਂਤ ਨੂੰ ਅਮਲ ਵਿਚ ਲਿਆਂਦਾ ਜਿਸ ਨੂੰ ਕਿਸੇ ਵੀ ਸਮੇਂ ਦੀ ਸਰਕਾਰ ਖ਼ਤਮ ਨਹੀਂ ਕਰ ਸਕੀ ਤੇ ਨਾ ਹੀ ਕਰ ਸਕੇਗੀ। ਸਮੇਂ-ਸਮੇਂ ’ਤੇ ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਸਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਸਨ ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਜਾਰੀ ਕਰਦੇ ਸਨ; ਜਿਸ ਨੂੰ ਮੰਨਣ ਲਈ ਹਰ ਸਿੱਖ ਪਾਬੰਦ ਹੁੰਦਾ ਸੀ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੋ ਕੰਮ ਦੁਸ਼ਮਨ ਨਹੀਂ ਕਰ ਸਕਿਆ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਾਰਸ ਅਖਵਾਉਣ ਵਾਲੇ ਅਕਾਲੀ ਲੀਡਰਾਂ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪ ਹੀ ਕਰ ਵਿਖਾਇਆ ਹੈ। ਵੱਖ ਵੱਖ ਵੀਚਾਰਧਾਰਾ ਵਾਲੇ ਜੱਥਿਆਂ (ਮਿਸਲਾਂ) ਦੇ ਇਕੱਠ ਵੱਲੋਂ ਮੌਕੇ ’ਤੇ ਚੁਣੇ ਗਏ ਜਥੇਦਾਰਾਂ ਦੀ ਥਾਂ ਅੱਜ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਰਹਿ ਗਏ ਹਨ ਜੋ ਸਤਾਧਾਰੀ ਦਲ ਦੀਆਂ ਕਠਪੁਤਲੀਆਂ ਦੇ ਤੌਰ ’ਤੇ ਕੰਮ ਕਰਦੇ ਵਿਖਾਈ ਦਿੰਦੇ ਹਨ। ਜਿਸ ਅਕਾਲ ਤਖ਼ਤ ਦੀ ਸਿਰਜਣਾ ਹੀ ਧਰਮੀ ਮਨੁੱਖਾਂ ਵੱਲੋਂ ਰਾਜਸੀ ਤਾਕਤ ਅੱਗੇ ਝੁਕਣ ਦੀ ਪ੍ਰੀਵਿਰਤੀ ਨੂੰ ਠੱਲ੍ਹ ਪਾਉਣ ਲਈ ਕੀਤੀ, ਉਸੇ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਸਤਾਧਾਰੀ ਦਲ ਦੇ ਇਸ਼ਾਰਿਆਂ ’ਤੇ ਹੁਕਨਾਮੇ ਜਾਰੀ ਕਰਨ ਦੀ ਵਧ ਰਹੀ ਪ੍ਰੀਵਿਰਤੀ ਅਕਾਲ ਤਖ਼ਤ ਅਤੇ ਮੀਰੀ-ਪੀਰੀ ਦੇ ਸਿਧਾਂਤ ਵਿਰੁਧ ਜਾਪਦੀ ਹੈ, ਜਿਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।

ਜਹਾਂਗੀਰ ਵੱਲੋਂ ਗੁਰੂ ਜੀ ਨੂੰ ਕੈਦ ਕਰਨਾ ਅਤੇ ਰਿਹਾਈ

ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿਦਿਆ ਸਿਖਾਉਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਵਰਗੇ ਚੋਣਵੇਂ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ। ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਨੌਜੁਆਨ ਆਪ ਦੀ ਸ਼ਰਨ ਵਿਚ ਇਕੱਠੇ ਹੋ ਗਏ। ਮੌਸਮੀ ਕਾਲ (ਸੁੱਕੇ) ਦੇ ਸਮੇਂ ਮੁਸਲਮਾਨ ਹਕੂਮਤ ਨੇ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ, ਇਸ ਕਰਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿਚ ਭਰਤੀ ਹੋ ਗਏ।

ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪਰਚਾਰ ਵਿਚ ਵੀ ਵਿਸ਼ੇਸ ਧਿਆਨ ਦਿੱਤਾ ਅਤੇ ਇਕ ਚੰਗੀ ਜੱਥੇਬੰਦੀ ਦੀ ਸਥਾਪਨਾ ਕੀਤੀ। 1612 ਵਿਚ ਦੁਆਬੇ ਅਤੇ ਮਾਲਵੇ ਵਿਚ ਸਿੱਖੀ ਦਾ ਪਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ਪੈਂਦੇ ਖਾਂ ’ਤੇ ਖ਼ਾਸ ਮਿਹਰ ਕੀਤੀ। 1613 ਵਿਚ ਬਾਬਾ ਗੁਰਦਿਤਾ ਜੀ ਦਾ ਜਨਮ ਡਰੌਲੀ ਵਿਚ ਹੋਇਆ। ਇੱਥੇ ਹੀ ਸਾਧਾ ਨਾਮ ਦਾ ਇਕ ਸਖੀ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸ ਦੇ ਘਰ ਭਾਈ ਰੂਪ ਚੰਦ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲ੍ਹਾ ਬਣਵਾਇਆ।

ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ। 1612 ਵਿੱਚ ਉਸ ਨੇ ਗੁਰੂ ਸਾਹਿਬ ਨੂੰ ਗਵਾਲੀਆਰ ਦੇ ਕਿਲੇ ਵਿਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਜਿੱਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਖੁਦ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ ਜੋ ਰਵਾਇਤ ਅੱਜ ਤੱਕ ਜਾਰੀ ਹੈ। 1614 ਵਿਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖਿਰ ਉਸ ਨੇ ਫਕੀਰ ਮੀਆਂ ਮੀਰ ਦੇ ਕਹਿਣ ’ਤੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲ਼ੇ ਦੀਆਂ ਕਲੀਆਂ ਫੜ ਕੇ 52 ਹਿੰਦੂ ਰਾਜੇ ਵੀ ਜ਼ੇਲ੍ਹ ਵਿਚੋਂ ਰਿਹਾ ਹੋਏ ਸਨ। ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।

ਸੱਚਾ ਪਤਾਸ਼ਾਹ

ਜਿਸ ਵਕਤ ਗੁਰੂ ਜੀ ਰਿਹਾਈ ਤੋਂ ਬਾਅਦ ਪੰਜਾਬ ਵੱਲ ਆ ਰਹੇ ਸਨ ਤਾਂ ਜਹਾਂਗੀਰ ਵੀ ਕਸ਼ਮੀਰ ਨੂੰ ਜਾਣ ਲਈ ਗੁਰੂ ਜੀ ਦੇ ਕਾਫਲੇ ਨਾਲ ਹੀ ਸੀ। ਜਹਾਂਗੀਰ ਤੇ ਗੁਰੂ ਜੀ ਕਾਫੀ ਦਿਨ ਇਕੱਠੇ ਸਫਰ ਕਰਦੇ ਰਹੇ। ਰਸਤੇ ਵਿੱਚ ਇਕ ਜਗ੍ਹਾ ’ਤੇ ਰੁਕੇ ਤਾਂ ਇੱਕ ਗਰੀਬ ਘਾਹੀ ਸਿੱਖ ਇੱਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੀ ਪੰਡ ਲੈ ਕੇ ਦਰਸ਼ਨਾਂ ਨੂੰ ਆਇਆ। ਦੋ ਕੈਂਪ ਲੱਗੇ ਦੇਖ ਕੇ ਉਸ ਨੇ ਜਹਾਂਗੀਰ ਦੇ ਸਿਪਾਹੀਆਂ ਕੋਲੋਂ ਪੁੱਛਿਆ ਕਿ ਉਸ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ ਇਸ ਲਈ ਦੱਸਿਆ ਜਾਵੇ ਕਿ ਸੱਚੇ ਪਾਤਸ਼ਾਹ ਦਾ ਕੈਂਪ ਕਿਹੜਾ ਹੈ ? ਸਿਪਾਹੀ ਸਮਝ ਤਾਂ ਗਏ ਕਿ ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹੈ ਤੇ ਉਨ੍ਹਾਂ ਦੇ ਹੀ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਉਨ੍ਹਾਂ ਨੇ ਜਾਣ ਬੁੱਝ ਕੇ ਹੀ ਜਹਾਂਗੀਰ ਦੇ ਕੈਂਪ ਵੱਲ ਇਸ਼ਾਰਾ ਕਰ ਦਿੱਤਾ ਕਿਉਂਕਿ ਜਹਾਂਗੀਰ ਦੇ ਸਿਰ ’ਤੇ ਸਜੀ ਦਸਤਾਰ ਅਤੇ ਉੱਪਰ ਲੱਗੀ ਕਲਗੀ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਭੁਲੇਖਾ ਪੈਂਦਾ ਸੀ ਇਸ ਲਈ ਘਾਹੀ ਨੇ ਜਾਂਦਿਆਂ ਹੀ ਟਕਾ ਅਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਫਿਰ ਅਰਜ਼ੋਈ ਕੀਤੀ ਕਿ ਉਸ ਦੀ ਲੋਕ ਪਰਲੋਕ ਵਿੱਚ ਸਹਾਇਤਾ ਕਰਨੀ। ਜਹਾਂਗੀਰ ਵੀ ਸਮਝ ਗਿਆ ਕਿ ਉਹ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਭੁਲੇਖੇ ਨਾਲ ਉਨ੍ਹਾਂ ਕੋਲ ਪਹੁੰਚ ਗਿਆ ਹੈ। ਜਹਾਂਗੀਰ ਨੇ ਕਿਹਾ ਪਰਲੋਕ ਵਿੱਚ ਤਾਂ ਉਹ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਪਰ ਉਹ ਇਸ ਦੇਸ਼ ਦਾ ਬਾਦਸ਼ਾਹ ਹੈ ਇਸ ਲਈ ਜੇ ਚਾਹੇ ਤਾਂ ਉਸ ਦੇ ਨਾਮ ਜਾਗੀਰ ਲਿਖਵਾ ਸਕਦਾ ਹੈ। ਇਹ ਗੱਲ ਸੁਣ ਕੇ ਘਾਹੀ ਨੂੰ ਮਹਿਸੂਸ ਹੋਇਆ ਕਿ ਉਹ ਗ਼ਲਤ ਜਗ੍ਹਾ ’ਤੇ ਆ ਗਿਆ ਹੈ। ਟਕਾ ਅਤੇ ਘਾਹ ਦੀ ਪੰਡ ਚੁੱਕ ਕੇ ਨਾਲ ਦੇ ਕੈਂਪ ਵੱਲ ਚੱਲਣ ਲੱਗਾ ਤਾਂ ਜਹਾਂਗੀਰ ਨੇ ਉਸ ਸਿੱਖ ਦਾ ਸਿਦਕ ਪ੍ਰਖਣ ਲਈ ਕਿਹਾ ਕਿ ਤੂੰ ਇਹ ਟਕਾ ਨਾ ਚੁੱਕ ਇਸ ਦੇ ਬਦਲੇ ਤੂੰ ਜਿੰਨੀਆਂ ਚਾਹੇਂ ਮੋਹਰਾਂ ਲੈ ਸਕਦਾ ਹੈਂ ਤੇ ਉਨ੍ਹਾਂ ਵਿੱਚੋਂ ਕੁਝ ਮੋਹਰਾਂ ਤੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕ ਦੇਵੀਂ। ਘਾਹੀ ਸਿੱਖ ਨੇ ਜਹਾਂਗੀਰ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਜਿਸ ਤਰ੍ਹਾਂ ਪ੍ਰਲੋਕ ਵਿੱਚ ਤੇਰਾ ਹੁਕਮ ਨਹੀਂ ਚਲਦਾ ਇਸੇ ਤਰ੍ਹਾਂ ਤੇਰੀਆਂ ਮੋਹਰਾਂ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਨਹੀਂ ਚੱਲ ਸਕਦੀਆਂ। ਉੱਥੇ ਤਾਂ ਹੱਕ ਸੱਚ ਦੀ ਕਮਾਈ ਦਾ ਇਹ ਟਕਾ ਹੀ ਪ੍ਰਵਾਨ ਹੋ ਸਕਦਾ ਹੈ। ਜਹਾਂਗੀਰ ਨੇ ਫਿਰ ਕਿਹਾ ਕਿ ਇਹ ਘਾਹ ਦੀ ਪੰਡ ਹੀ ਨਾ ਚੁੱਕ; ਤੂੰ ਇਸ ਦਾ ਮੂੰਹੋਂ ਮੰਗਿਆ ਮੁੱਲ ਲੈ ਸਕਦਾ ਹੈਂ। ਸਿੱਖ ਨੇ ਫਿਰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਮੁੱਲ ਉਸ ਚੀਜ਼ ਦਾ ਪੈਂਦਾ ਹੈ ਜੋ ਵਿਕਾਊ ਹੋਵੇ ਮੇਰਾ ਘਾਹ ਵਿਕਾਊ ਨਹੀਂ ਹੈ ਇਹ ਤਾਂ ਗੁਰੂ ਸਾਹਿਬ ਜੀ ਦੇ ਘੋੜਿਆਂ ਲਈ ਬੜੇ ਹੀ ਪ੍ਰੇਮ ਨਾਲ ਲਿਆਂਦਾ ਹੈ ਇਸ ਲਈ ਇਹ ਪੈਸਿਆਂ ਬਦਲੇ ਵੇਚਣ ਲਈ ਨਹੀਂ ਹੈ। ਇਹ ਕਹਿੰਦਾ ਹੋਇਆ ਉਹ ਘਾਹੀ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੈਂਪ ਵੱਲ ਚੱਲ ਪਿਆ ਤੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸ਼ਰਧਾ ਨਾਲ ਟਕਾ ਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਗੁਰੂ-ਚਰਨਾਂ ਨੂੰ ਪਕੜ ਕੇ ਰੋ-ਰੋ ਕੇ ਖ਼ਿਮਾ ਮੰਗਣ ਲੱਗਾ ਕਿ ਸੱਚੇ ਪਾਤਸ਼ਾਹ! ਭੁਲੇਖੇ ਨਾਲ ਗ਼ਲਤ ਦਰ ’ਤੇ ਚਲਾ ਗਿਆ ਸੀ। ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਗਲਤੀ ਜਾਂ ਭੁਲੇਖੇ ਨਾਲ ਵੀ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰ ’ਤੇ ਨਹੀਂ ਜਾਣਾ। ਦੂਸਰੀ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਤਾਂ ਕੀ ਵਿਕਣਾ ਸੀ ਉਸ ਦਾ ਘਾਹ ਵੀ ਵਿਕਾਊ ਨਹੀਂ ਹੁੰਦਾ। ਜਹਾਂਗੀਰ ਉੱਤੇ ਇਸ ਘਟਨਾ ਦਾ ਡੂੰਘਾ ਅਸਰ ਪਿਆ ਪਰ ਅਫਸੋਸ ਹੈ ਕਿ ਇਹ ਸਾਖੀ ਸੁਣੀ ਤੇ ਸੁਣਾਈ ਤਾਂ ਸੈਂਕੜੇ ਵਾਰ ਜਾਂਦੀ ਹੈ ਪਰ ਮੌਜੂਦਾ ਦੌਰ ਵਿੱਚ ਬਹਗਿਣਤੀ ਸਿੱਖ ਇਸ ਸਾਖੀ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਮਨੋਂ ਵਿਸਾਰ ਕੇ ਬਹੁਤ ਹੀ ਨਿਗੁਣੇ ਸੁਆਰਥਾਂ ਦੀ ਪੂਰਤੀ ਅਤੇ ਦੁਨਿਆਵੀ ਅਹੁੱਦਿਆਂ ਲਈ ਆਪਣੀ ਜ਼ਮੀਰ ਨੂੰ ਵੇਚਣ ਲਈ ਤਿਆਰ ਹੋ ਜਾਂਦੇ ਹਨ।

ਗੁਰੂ ਜੀ ਵੱਲੋਂ ਲੜੀਆਂ ਗਈਆਂ ਜੰਗਾਂ

ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਪਹਿਲੀ ਜੰਗ 1629 ਈ: ਵਿੱਚ ਮੌਜੂਦਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਾਲੀ ਜਗ੍ਹਾ ’ਤੇ ਹੋਈ। ਸਿੱਖਾਂ ਵੱਲੋਂ ਸ਼ਾਹੀ ਫੌਜਾਂ ਦਾ ਬਾਜ਼ ਫੜੇ ਜਾਣਾ ਇਸ ਜੰਗ ਦਾ ਕਾਰਨ ਬਣਿਆ। ਚੇਤੇ ਰਹੇ ਇਸ ਸਮੇਂ ਬੀਬੀ ਵੀਰੋ ਜੀ ਦਾ ਵਿਆਹ ਰੱਖਿਆ ਹੋਇਆ ਸੀ ਇਸ ਲਈ ਗੁਰੂ ਜੀ ਵਿਆਹ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਪਰ ਮਜ਼ਬੂਰੀ ਵੱਸ ਇਹ ਜੰਗ ਲੜਨੀ ਪਈ ਜਿਸ ਦੌਰਾਨ ਗੁਲਾਮ ਖ਼ਾਨ ਹਾਰ ਖਾ ਕੇ ਭੱਜ ਗਿਆ ਤੇ ਮੁਖਲਿਸ ਖ਼ਾਂ ਮਾਰਿਆ ਗਿਆ।

ਦੂਸਰੀ ਜੰਗ ਹਰਿਗੋਬਿੰਦਪੁਰ ਵਿਖੇ ਹੋਈ ਜਿਸ ਦਾ ਕਾਰਨ ਉਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਦਾ ਹੰਕਾਰ ਬਣਿਆ। ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਦੀ ਚੁੱਕਣਾ ’ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖਾਨ ਫੌਜਾਂ ਸਮੇਤ ਗੁਰੂ ਜੀ ’ਤੇ ਚੜ੍ਹਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ। ਗੁਰੂ ਜੀ ਵੱਲੋਂ ਦਬਾਅ ਹੇਠ ਇਲਾਕਾ ਛੱਡ ਜਾਣ ਤੋਂ ਇਨਕਾਰ ਕਰਨ ’ਤੇ ਜੰਗ ਹੋਇਆ ਜਿਸ ਵਿੱਚ ਰਤਨ ਚੰਦ ਤੇ ਅਬਦੁੱਲਾ ਖ਼ਾਂ ਦੋਵੇਂ ਮਾਰੇ ਗਏ।

ਕਾਬਲ ਦਾ ਇਕ ਸਿੱਖ-ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਲੈ ਕੇ ਆ ਰਿਹਾ ਸੀ ਕਿ ਲਹੌਰ ਦੇ ਤੁਰਕ ਹਾਕਮਾਂ ਨੇ ਖੋਹ ਲਏ। ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਨੋ ਘੋੜੇ ਵਾਪਸ ਲਿਆਂਦੇ। ਇਸ ਸਭ ਦਾ ਬਦਲਾ ਲੈਣ ਲਈ ਲਹੌਰ ਤੋਂ ਲਲਾਬੇਗ ਅਤੇ ਕਮਰਬੇਗ ਦੀ ਕਮਾਨ ਹੇਠ ਤੁਰਕਾਂ ਨੇ ਚੜ੍ਹਾਈ ਕਰ ਦਿਤੀ। ਮਾਲਵੇ ਦੇ ਪਿੰਡ ਮਹਿਰਾਜ ਦੇ ਕੋਲ ਗੁਰੂ ਨਾਥ ਦੀ ਢਾਬ ਕੋਲ ਤੀਸਰੀ ਭਿਆਨਕ ਜੰਗ ਹੋਈ। ਦੋਨਾਂ ਧਿਰਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ। ਇਸ ਲੜਾਈ ਵਿਚ ਤੁਰਕ ਸਰਦਾਰ ਮਾਰੇ ਗਏ ਅਤੇ ਇਸ ਜੰਗ ਦੀ ਜਿੱਤ ਦੀ ਯਾਦ ਵਿਚ ਗੁਰੂ ਸਾਹਿਬ ਨੇ ‘ਗੁਰੂਸਰ’ ਨਾਮ ਦਾ ਇਕ ਸਰੋਵਰ ਬਣਵਾਇਆ।

ਕਰਤਾਰਪੁਰ ਵਿਖੇ ਚੌਥੀ ਲੜਾਈ 1634 ਵਿਚ ਹੋਈ। ਕਈ ਸਾਲਾਂ ਤੋਂ ਸਿੱਖ ਫੌਜ ਵਿੱਚ ਬੜੇ ਸਤਿਕਾਰਯੋਗ ਅਹੁੱਦੇ ’ਤੇ ਨਿਵਾਜ਼ੇ ਜਾਣ ਵਾਲੇ ਪਠਾਨ ਪੈਂਦੇ ਖਾਂ ਨੂੰ ਆਪਣੀ ਬਹਾਦਰੀ ’ਤੇ ਹੰਕਾਰ ਹੋ ਗਿਆ। ਉਹ ਗੁਰੂ ਜੀ ਦੀ ਹੁਕਮ ਅਦੂਲੀ ਕਰਨ ਲੱਗ ਪਿਆ ਤੇ ਗੁਰੂ ਘਰ ਵਿਰੁਧ ਸਾਜਿਸ਼ਾਂ ਰਚਣ ਲੱਗ ਪਿਆ। ਇਹ ਹਰਕਤਾਂ ਵੇਖ ਕੇ ਗੁਰੂ ਜੀ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ। ਪੈਂਦੇ ਖ਼ਾਂ ਨੇ ਮੁਖ਼ਲਿਸ ਖ਼ਾਂ ਦੇ ਭਰਾ ਕਾਲੇ ਖ਼ਾਂ ਤੇ ਜਲੰਧਰ ਦੇ ਸੂਬੇਦਾਰ ਕੁਤਬਦੀਨ ਨੂੰ ਆਪਣੇ ਨਾਲ ਗੰਢ ਲਿਆ ਅਤੇ ਲਹੌਰ ਦੇ ਨਵਾਬ ਨੇ ਕਾਲੇ ਖ਼ਾਂ ਦੀ ਕਮਾਨ ਹੇਠ ਫੌਜ ਤੋਰ ਦਿੱਤੀ। ਬਾਬਾ ਗੁਰਦਿੱਤਾ ਜੀ ਅਤੇ ਭਾਈ ਵਿਧੀ ਚੰਦ ਦੀ ਅਗਵਾਈ ਹੇਠ ਹੋਰ ਸਿੱਖ ਯੋਧਿਆਂ ਦੇ ਨਾਲ 14 ਸਾਲ ਦੇ ਤੇਗ ਤੇਗ ਮੱਲ ਜੀ ਨੇ ਵੀ ਮੈਦਾਨੇ ਜੰਗ ਵਿਚ ਤੇਗ ਦੇ ਜੌਹਰ ਵਿਖਾਏ। ਇਸ ਬਹਾਦਰੀ ਨੂੰ ਵੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਮ ਤੇਗ ਬਹਾਦਰ ਰੱਖਿਆ ਜੋ ਬਾਅਦ ਵਿੱਚ ਨੌਵੇਂ ਗੁਰੂ ਵਜੋਂ ਸ਼ੁਸ਼ੋਭਿਤ ਹੋਏ। ਆਖਿਰ ਪੈਂਦੇ ਖਾਂ ਲੜਾਈ ਦੇ ਮੈਦਾਨ ’ਚ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਆਇਆ ਅਤੇ ਗੁਰੂ ਜੀ ਉੱਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜਦ ਕਿ ਗੁਰੂ ਸਾਹਿਬ ਜੀ ਦੇ ਇਕੋ ਵਾਰ ਨਾਲ ਜਖ਼ਮੀ ਹੋ ਕੇ ਘੋੜੇ ਤੋਂ ਡਿੱਗ ਪਿਆ ਅਤੇ ਉਸ ਦਾ ਅੰਤ ਨੇੜੇ ਆ ਗਿਆ। ਗੁਰੂ ਜੀ ਨੇ ਦਇਆ ਵਿੱਚ ਆ ਕੇ ਪੈਂਦੇ ਖਾਂ ਦੇ ਮੂੰਹ ’ਤੇ ਢਾਲ ਨਾਲ ਛਾਂ ਕੀਤੀ ਅਤੇ ਅੰਤਮ ਸਮੇਂ ਆਪਣੇ ਮੁਰਸ਼ਿਦ ਨੂੰ ਯਾਦ ਕਰਕੇ ਕਲਮਾਂ ਪੜ੍ਹਨ ਲਈ ਆਖਿਆ। ਪੈਂਦੇ ਖ਼ਾਂ ਦੇ ਦਾਮਾਦ ਕਾਲੇ ਖ਼ਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆ ਕਾਲੇ ਖ਼ਾਂ, ਵਾਰ ਇਉਂ ਨਹੀਂ ਇਉਂ ਕਰੀ ਦਾ ਹੈ ਅਤੇ ਆਪਣੇ ਵਾਰ ਨਾਲ ਕਾਲੇ ਖਾਂ ਦੇ ਮੋਢੇ ਤੋਂ ਐਸਾ ਚੀਰ ਪਾਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ। ਮੁਸਲਮਾਨੀ ਫੌਜ ਨੇ ਭੱਜ ਕੇ ਜਾਣ ਬਚਾਈ।

1635 ਵਿਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਜੋ ਧਾਰਮਿਕ ਪ੍ਰਵਿਰਤੀ ਦਾ ਮਾਲਕ ਸੀ, ਜਿਸ ਕਾਰਨ 1644 ਤੱਕ ਅਮਨ ਸ਼ਾਂਤੀ ਰਹੀ ਤੇ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣ ਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਹਰਿ ਰਾਏ ਜੀ (ਪੁੱਤਰ ਬਾਬਾ ਗੁਰਦਿੱਤਾ ਜੀ) ਨੂੰ ਸੌਂਪ ਦਿੱਤੀ ਅਤੇ 6 ਚੇਤ, 3 ਮਾਰਚ 1644 ਯੂਲੀਅਨ ਨੂੰ 49 ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ 6 ਚੇਤ ਨਿਸ਼ਚਿਤ ਕੀਤਾ ਗਿਆ ਹੈ ਜੋ ਹਰ ਸਾਲ 19 ਮਾਰਚ ਨੂੰ ਆਉਂਦਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਦਾ ਦਿਹਾੜਾ 29 ਚੇਤ 11 ਅਪ੍ਰੈਲ ਵਿਖਾਇਆ ਗਿਆ ਹੈ।