25.1 C
Jalandhar
Tuesday, April 14, 2026
spot_img
Home Blog Page 190

ਪੰਜ ਜਥੇਦਾਰਾਂ ਵੱਲੋਂ ਤਮਾਮ ਗੁਰਮਤਿ ਕਾਲਜਾਂ ਦਾ ਸਿਲੇਬਸ ਇੱਕ ਕਰਨ ਬਾਬਤ ਮਿਤੀ 16-5-2016 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਉੱਤੇ ਫੇਸਬੁੱਕ ਰਾਹੀਂ ਆਪਣੀ-ਆਪਣੀ ਪ੍ਰਤਿਕਿਰਿਆ ਦੇਣ ਵਾਲੇ ਸੱਜਣਾਂ ਦੇ ਵਿਚਾਰ-

0

ਪੰਜ ਜਥੇਦਾਰਾਂ ਵੱਲੋਂ ਤਮਾਮ ਗੁਰਮਤਿ ਕਾਲਜਾਂ ਦਾ ਸਿਲੇਬਸ ਇੱਕ ਕਰਨ ਬਾਬਤ ਮਿਤੀ 16-5-2016 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਉੱਤੇ ਫੇਸਬੁੱਕ ਰਾਹੀਂ ਆਪਣੀ-ਆਪਣੀ ਪ੍ਰਤਿਕਿਰਿਆ ਦੇਣ ਵਾਲੇ ਸੱਜਣਾਂ ਦੇ ਵਿਚਾਰ-

(1). ਜਸਵਿੰਦਰ ਸਿੰਘ ਐਡਵੋਕੈਟ   ਅੱਜ ਅਕਾਲ ਤਖਤ ਤੋਂ ਇੱਕ ਪਰਵਾਨਾ ਸੰਗਤ ਦੇ ਨਾਂ ਤੇ ਆਇਆ ਹੈ।
ਜਿਸ ਵਿੱਚ ਮਿਸ਼ਨਰੀ/ਗੁਰਮਤਿ ਕਾਲਜਾਂ ਦੇ ਸਿਲੇਬਸ ਅਤੇ ਮਾਨਤਾ ਬਾਰੇ ਗੱਲ ਕੀਤੀ ਗਈ ਹੈ।

ਮੇਰਾ ਸਵਾਲ

ਪਹਿਲਾਂ ਜਥੇਦਾਰ ਪੰਥ ਕੋਲੋਂ ਅਪਣੀ ਮਾਨਤਾ ਲੈਣ ਅਤੇ ਅਪਣੇ ਆਪ ਨੂੰ ਸੂਰਖਰੂ ਕਰਨ।

ਮਿਸ਼ਨਰੀ/ਗੁਰਮਤਿ ਕਾਲਜਾਂ ਦੇ ਸਿਲੇਬਸ ਤਾਂ ਚੈੱਕ ਹੀ ਨੇ, ਉਹ ਤਾਂ ਪਹਿਲਾ ਹੀ ਸਿੱਖ ਰਹਿਤ ਮਰਿਆਦਾ (ਸ਼੍ਰੋਮਣੀ ਕਮੇਟੀ) ਅਨੁਸਾਰ ਹੀ ਪੜਾਉਂਦੇ ਹਨ, ਪਰ ਡੇਰਿਆਂ ਨੂੰ ਕੋਣ ਪੁੱਛੇਗਾ ?  ਜਿੱਥੇ ਹਰੇਕ ਦੀ ਅਪਣੀ ਮਰਿਆਦਾ ਹੈ, ਜਿੱਥੇ ਗੁਰਪੁਰਬ ਘੱਟ ਤੇ ਵੱਡੇ ਬਾਬਿਆਂ ਦੇ ਦਿਨ ਜਿਆਦਾ ਮਨਾਏ ਜਾਂਦੇ ਹਨ, ਜਿੱਥੇ ਹਵਾਲੇ ਬਾਬਿਆਂ ਦੇ ਜੀਵਨ ਵਿਚੋ ਦਿੱਤੇ ਜਾਂਦੇ ਹਨ ਗੁਰ ਇਤਿਹਾਸ ਵਿਚੋ ਨਹੀਂ, ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਣ ਨੂੰ ਕਹਿਣ ਦੀ ਥਾਂ, ਮਹਾਂਪੁਰਖਾਂ ਦੀਆਂਖੜਾਵਾਂ, ਪਾਖ਼ਾਨਿਆਂ ਆਦਿ ਤੇ ਵਿਸ਼ਵਾਸ ਰੱਖਣ/ਮੱਥਾ ਟੇਕਣ ਨੂੰ ਕਿਹਾ ਜਾਂਦਾ ਹੈ, ਉਨਾਂ ਨੂੰ ਕੋਣ ਪੁੱਛੇਗਾ, ਤੁਸੀਂ ਤਾਂ ਪੁੱਛਣਾ ਨਹੀਂ, ਜਿਹੜਾ ਪੁੱਛਦਾ ਹੈ। ਉਹਦਾ ਪਾੜਾ ਪੜ ਦਿਉ। ਪਹਿਲਾ ਸਵੈ ਪੜਚੋਲ ਕਰੋ।             

(2). Satnam Singh montreal 514-219-2525    ਥੁੱਕ ਕੇ ਚੱਟਣ ਨੂੰ ਟਾਈਮ ਨਹੀਂ ਲਾਉਂਦੀ ਸਿੱਖ ਕੌਮ

ਲਉ ਜੀ, ਜੋ ਲੋਕੀਂ ਕੱਲ੍ਹ ਤੱਕ ਅਖੌਤੀ ਜਥੇਦਾਰਾਂ ਦੇ ਪੁਤਲੇ ਸਾੜਦੇ ਸੀ, ਜੁਤੀਆਂ ਮਾਰਦੇ ਸੀ, ਗਾਲ਼ਾ ਕੱਡਦੇ ਸੀ ਅੱਜ ਉਹਨਾਂ ਮੂਹਰੇ ਛਕਾਇਤ ਲਈ ਖੜੇ ਹਨ, ਅੱਗੋਂ ਜਥੇਦਾਰ ਵੀ ਸਿਰੇ ਦੇ ਬੇਸ਼ਰਮ ਹਨ, ਜਿਹੜੀ ਕੌਮ ਤੋਂ ਕੱਲ੍ਹ ਤੱਕ ਛਿੱਤਰ ਖਾ ਰਹੇ ਸੀ ਅੱਜ ਉਸੇ ਕੌਮ ਨੂੰ ਸੰਦੇਸ਼ ਦੇ ਰਹੇ ਹੈ।
ਨੋਟ- ਹਾਲੇ ਤਿੰਨ ਕੁ ਜਥੇਦਾਰ ਤਖਤਾਂ ਤੇ ਧੱਕੇ ਖਾਂਦੇ ਵੀ ਫਿਰ ਰਹੇ ਹਨ।

ਉਏ ਮੂਰਖੋ ਸਿਲੇਬਸ ਹੀ ਚੈੱਕ ਕਰਨਾ ਹੈ ਤਾਂ ਟਕਸਾਲ ਦਾ ਕਰੋ ਜਿਹੜੇ ਅਪਣੇ ਕਛਹਿਰੇ ਤੇ ਵੀ ਹਨੂੰਮਾਨ ਦਾ ਸਟਿੱਕਰ ਲਾਈ ਫਿਰਦੇ ਹਨ, ਸਿਲੇਬਸ ਚੈੱਕ ਨੰਦਸਰੀਆਂ ਦਾ ਕਰੋ ਜਿਹੜੇ ਔਰਤ ਨੂੰ ਤਾਂ ਕੀ ਗ੍ਰਹਿਸਤੀ ਬੰਦੇ ਨੂੰ ਵੀ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆਂ ਨਹੀਂ ਜਾਣ ਦਿੰਦੇ, ਰਾੜੇ ਵਾਲਿਆਂ ਦਾ ਸਿਲੇਬਸ ਚੈੱਕ ਕਰੋ, ਜਿੱਥੋਂ ਤੁਹਾਨੂੰ ਮਰ ਚੁੱਕੇ ਬਾਬੇ ਦੀ ਇਤਿਹਾਸਿਕ ਟੋਆਇਲਟ ਵੀ ਮਿਲ਼ ਸਕਦੀ ਹੈ, 99% ਗੁਰਮਤਿ ਤੋਂ ਉਲਟ ਕੂੜ ਨਾਲ ਭਰੇ ਪਏ ਡੇਰਿਆਂ ਦੇ ਸਿਲੇਬਸ ਚੈੱਕ ਕਰੋ, ਜਿੱਥੋਂ ਤੁਹਾਨੂੰ ਕੁਝ ਮਿਲਣਾ ਹੈ, ਮਿਸ਼ਨਰੀ ਕਾਲਜਾਂ ਵਿੱਚੋਂ ਤੁਹਾਨੂੰ ਕੀ ਮਿਲਣਾ ਹੈ, ਜਿਨ੍ਹਾਂ ਵਿਚਾਰਿਆਂ ਦਾ ਤਾਂ ਗਲਾ ਬੈਠਾ ਹੋਇਆ ਹੈ ਸਿੱਖ ਰਹਿਤ ਮਰਿਆਦਾ ਦਾ ਹੋਕਾ ਦਿੰਦਿਆਂ ਦਾ।  

(3). ਵਰਿੰਦਰ ਸਿੰਘ (ਗੋਲਡੀ)ਵਰਜੀਨੀਆਂ ਦੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਅੰਮ੍ਰਿਤ ਸੰਚਾਰ ਕੀਤਾ ! ਓਥੇਇਹਨਾਂ ਦੀ ਕੋਈ ਵਾਹ ਨਹੀਂ ਗਈ ਤਾਂ ਆਹ ਗੋਂਗਲੂਆਂ ਤੋਂ ਮਿੱਟੀ ਪੰਜਾਬ ਵਿੱਚ ਝਾੜ ਦਿੱਤੀ ! ਓਏਟਕਸਾਲੀ ਸਕੂਲ ਕਿਵੇਂ ਇਸ ਨੂੰ ਲਾਗੂ ਕਰਣਗੇ ਕਿਉਂਕੇ ਉੱਥੇ ਤਾਂ ਸਿਲੇਬਸ ਨਾਗਪੁਰ ਤੋਂ ਆਉਂਦਾ ਹੈ ਜਾਂ ਹੁਣ ਤੁਸੀ ਮਿਸ਼ਨਰੀ ਕਾਲਜਾਂ ਵਿੱਚ ਵੀ ਨਾਗਪੁਰ ਵਾਲਾ ਸਿਲੇਬਸ ਲਾਗੂ ਕਰਵਾਓਗੇ ?

ਤੁਹਾਡੀ ਪਹਿਲਾਂ ਹੀ ਕੋਈ ਬੁੱਕਤ ਨਹੀਂ ਹੈ ਕਿਉਂ ਰਹਿੰਦੀ ਸਹੰਦੀ ਮਿੱਟੀ ਪੁਟਵਾ ਰਹੇ ਹੋ ! ਇਹਪਰਮਜੀਤ ਸਿੰਘ ਖਾਲਸਾ ਤੁਹਾਨੂੰਜੁੱਤੀਆਂ ਪਵਾ ਕੇ ਆਪ ਜਥੇਦਾਰ ਬਨਣ ਨੂੰ ਫਿਰਦਾ ਹੈ !  

(4). Jasbir Singh  ਮੇਰੀ ਬੇਨਤੀ ਹੈ ਪਹਿਲਾਂ ਸਾਰੇ ਜਥੇਦਾਰ ਆਪ ਅਕਾਲ ਤਖਤ ਦੀ ਮਰਿਆਦਾ ਮੰਨਣ ਫਿਰ ਸਾਰੇ ਡੇਰਿਆਂ, ਨਿਹੰਗ ਡੇਰਿਆਂ ਅਤੇ ਸਾਰੇ ਤਖਤਾਂ ਤੇ ਮਰਿਆਦਾ ਲਾਗੂ ਕਰਵਾਣ, ਜੋ ਨਾ ਇਨਾਂ ਦੇ ਵੱਸ ਦਾ ਰੋਗ ਹੈ, ਨਾ ਇਹ ਦਿਲੋਂ ਚਾਹੁੰਦੇ ਹਨ, ਕੀ ਪਰਮਿੰਦਰ ਸਿੰਘ ਆਪ ਅਕਾਲ ਤਖਤ ਦੀਮਰਿਆਦਾ ਨੂੰ ਮੰਨਦਾ ਹੈ ?  ਇਹ ਸਾਰੇ ਕੌਮ ਦੀ ਪਤ ਰੋਲਣ ਨੂੰ ਲੱਗੇ ਹੋਏ ਹਨ ਜੋ ਆਪ ਹੀ ਮਰਿਆਦਾ ਨਹੀਂ ਮੰਨਦੇ, ਉਹਨਾਂ ਨੂੰ ਗੱਲ ਕਰਨ ਦਾ ਹੱਕ ਕਿੰਨੇ ਦੇ ਦਿੱਤਾ ਸ਼ਾਇਦ ਇਹ ਅਕਾਲ ਤਖਤ ਦੇ ਜਥੇਦਾਰੀ ਦੇ ਸੁਪਨੇ ਲੈ ਰਿਹਾ ਹੈ। 

(5). Paramjit Singh   ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਸਰਬਉਚ ਹੈ ਆਰ. ਐੱਸ. ਐੱਸ. ਦੇ ਸਿੱਖੀ ਭੇਖ ਵਿੱਚ ਕੰਮ ਕਰਨ ਵਾਲੇ ਅਨੇਕਾਂ ਡੇਰਿਆਂ ਦੀਆਂ ਮਰਯਾਦਾ ਨੂੰ ਕੌਣ ਇੱਕ ਕਰੇਗਾ ?  ਥੋਡੀਆਂ ਮਾਰੀਆਂ ਜੱਭਲੀਆਂ ਨੂੰ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਬੰਧਕਾਂ ਨੇ ਕਦੀ ਨਹੀਂ ਮੰਨਿਆ ।  ਉੱਥੇ ਬਿਪਰਵਾਦੀਆਂ ਦੀ ਮਰਯਾਦਾ ਚੱਲਦੀ ਹੈ ਅਤੇ ਇਹੀ ਭੇਡਾਂ ਉੱਥੇ ਨਿੱਤ ਵਿਚਰਦੀਆਂ ਹਨ। 

(6). Gurmeet Singh  ਪਹਿਲਾਂ ਇਹ ਸਾਰੀਆਂ ਟਕਸਾਲਾਂ / ਡੇਰਿਆਂ ਵਿੱਚ ਰਹਿਤ ਮਰਿਆਦਾ ਲਾਗੂ ਕਰਵਾਉਣ ਫਿਰ ਮਿਸ਼ਨਰੀ ਕਾਲਜਾਂ ਵੱਲ ਮੂੰਹ ਕਰਨ, ਵੈਸੇ ਮੇਰੀ ਸੋਚ ਅਨੁਸਾਰ ਕਾਲਜਾਂ ਦੇ ਵਿਦਿਆਰਥੀਆਂ ਦਾ ਗਿਆਨ ਦਾ ਪੱਧਰ ਇਨ੍ਹਾਂ ਲੱਕੜਸਿਰਿਆਂ ਤੋਂ ਬਹੁਤ ਉੱਚਾ ਹੁੰਦਾ ਹੈ, ਉਸਤਾਦਾਂ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। 

(7). Sukhwinder Singh  ਏਨਾਂ ਨੂੰ ਕਾਲਜਾਂ ਦੇ ਸਿਲੇਬਸ ਦੀ ਬੜੀ ਚਿੰਤਾ ਹੈ, ਜਿਹੜੇ ਡੇਰੇ ਸਾਡੀਆ ਧੱਜੀਆ ਉਡਾ ਰਹੇ ਨੇ, ਉਹਨਾਂ ਦਾ ਕੋਈ ਫਿਕਰ ਨਹੀਂ ਹੈ, ਏਹ ਹੁਕਮ ਵੀ ਲਗਦਾ ਉਪਰੋ ਹੀ ਆ ਗਿਆ। 

(8). ਹਰਪ੍ਰੀਤ ਸਿੰਘ ਪਟਿਆਲਾ  ਲਗਦੇ ਹੁਣ ਕਾਲਜਾਂ ਨੂੰ ਨਵਾਂ ਸਿਲੇਬਸ ਦਿੱਤਾ ਜਾਵੇਗਾ ਨਾਗਪੁਰ ਤੋਂ |  ਗੀਤਾ, ਰਮਾਇਣ , ਵੇਦ ਸ਼ਾਸ਼ਤਰ ਸਿਮਰਤੀਆਂ ਮੁੱਖ ਵਿਸ਼ੇ ਦੇ ਤੋਰ ਤੇ ਪੜਾਈਆਂ ਜਾਣਗੀਆਂ ?

(9). ਗਿਆਨੀ ਅਵਤਾਰ ਸਿੰਘ   ਮੇਰੇ ਵਿਚਾਰ ਅਨੁਸਾਰ ਅੱਜ ਮਿਸ਼ਨਰੀ ਕਾਲਜ, ਇਤਨੇ ਕਮਜੋਰ ਨਹੀਂ ਕਿ ਇਨਾਂ ਦੀਆਂ ਮਨਮੱਤੀਆਂ ਮੰਨਣ ਲਈ ਸਿਰ ਝੁਕਾਉਣ।  ਜੋ ਜਥੇਦਾਰ, ਪ੍ਰਧਾਨ ਸਾਹਿਬ ਲਈ ਸੰਦੇਸ਼ ਦੇ ਰਹੇ ਹਨ, ਉਨਾਂ ਦੀ ਹੈਸੀਅਤ ਪ੍ਰਧਾਨ ਦੀਆਂ ਨਜ਼ਰਾਂ ਵਿਚ ਕਿੰਨੀ ਕੁ ਹੈ ?  ਜਾਂ ਜਥੇਦਾਰ ਕੇਵਲ ਵਰਤੇ ਜਾ ਰਹੇ ਹਨ ?

ਬਾਬਾ ਢੱਡਰੀਆਂ ਵਾਲਿਆਂ ਦੇ ਕਾਫ਼ਲੇ ’ਤੇ ਹਮਲਾ

0

 ਬਾਬਾ ਢੱਡਰੀਆਂ ਵਾਲਿਆਂ ਦੇ ਕਾਫ਼ਲੇ ’ਤੇ ਹਮਲਾ

ਗਿਆਨੀ ਅਵਤਾਰ ਸਿੰਘ

 ਜਿਲਾ ਲੁਧਿਆਣਾ ’ਚ ਪੈਂਦੇ ਮੁੱਲਾਂਪੁਰ ਦਾਖਾ ਨੇੜੇ ਪਿੰਡ ਈਸੇਵਾਲ ਵਿਖੇ ਸਿੱਧਵਾਂ ਨਹਿਰ ਉੱਤੇ ਅੱਜ (17 ਮਈ ) ਰਾਤੀਂ ਕਰੀਬ 8 ਵਜੇ ਨਿਹੰਗਾਂ ਦੇ ਪਹਿਰਾਵੇ ਵਿਚ 30-35 ਹਮਲਾਵਰਾਂ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ’ਤੇ ਪਹਿਲਾਂ ਹਾਕੀਆਂ ਨਾਲ ਹਮਲਾ ਕੀਤਾ ਤੇ ਫਿਰ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਜਿਸ ਵਿਚ ਉਨ੍ਹਾਂ ਦੇ ਕਰੀਬੀ ਸਾਥੀ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੇ ਸਿਰ ਵਿਚ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ।

 ਬਾਬਾ ਢੱਡਰੀਆਂ ਵਾਲੇ ਪਿੰਡ ਈਸੇਵਾਲ ਵਿੱਚ ਦੀਵਾਨ ਲਗਾਉਣ ਲਈ ਜਾ ਰਹੇ ਸਨ।  ਹਮਲਾਵਰਾਂ ਨੇ ਨਹਿਰ ਦੇ ਕੰਢੇ ਉੱਤੇ ਸ਼ਾਮ ਤੋਂ ਹੀ ਮਿੱਠੇ ਜਲ ਦੀ ਛਬੀਲ ਲਾਈ ਹੋਈ ਸੀ, ਉਨ੍ਹਾਂ ਨੂੰ ਪਤਾ ਸੀ ਕਿ ਢੱਡਰੀਆਂ ਵਾਲਿਆਂ ਨੇ ਇਸੇ ਰਸਤਿਓਂ ਦੀਵਾਨ ਲਈ ਜਾਣਾ ਹੈ। ਬਾਬੇ ਦੇ ਕਾਫ਼ਲੇ ਨੂੰ ਛਬੀਲ ਪਿਲਾਉਣ ਦੇ ਬਹਾਨੇ ਰੋਕਿਆ ਗਿਆ ਤੇ ਹਮਲਾ ਕਰ ਦਿੱਤਾ।  ਗੋਲ਼ੀਆਂ ਚਲਾਉਣ ਤੋਂ ਬਾਅਦ ਹਮਲਾਵਰਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾਏ ।

 ਬਾਬਾ ਢੱਡਰੀਆਂ ਵਾਲੇ ਅਕਸਰ ਕਾਰ ਦੀ ਅਗਲੀ ਸੀਟ ’ਤੇ ਬੈਠਿਆ ਕਰਦੇ ਸਨ, ਪਰ ਅੱਜ ਉਨ੍ਹਾਂ ਦੀ ਥਾਂ ’ਤੇ ਬਾਬਾ ਭੁਪਿੰਦਰ ਸਿੰਘ ਢੱਕੀ ਵਾਲੇ ਬੈਠੇ ਹੋਏ ਸਨ। ਹਮਲਾ ਕਰਨ ਤੋਂ ਬਾਅਦ ਜਦ ਬਾਬੇ ਦੇ ਕਾਫ਼ਲੇ ਦੀਆਂ ਗੱਡੀਆਂ ਤੇਜ਼ੀ ਨਾਲ ਅੱਗੇ ਵਧਾਈਆਂ ਗਈਆਂ ਤਾਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤੇ ਗੱਡੀਆਂ ਦੇ ਟਾਇਰਾਂ ਵਿਚ ਗੋਲ਼ੀਆਂ ਮਾਰੀਆਂ ਗਈਆਂ, ਜਿਸ ਤੋਂ ਅਨੁਮਾਨ ਲੱਗਦਾ ਹੈ ਕਿ ਇਹ ਸਾਜ਼ਸ਼ ਬਹੁਤ ਪਹਿਲਾਂ ਤੋਂ ਬੜੀ ਸੋਚੀ ਸਮਝੀ ਰਣਨੀਤੀ ਤਹਿਤ ਕੀਤੀ ਗਈ ਹੈ।

  ਬੇਸ਼ੱਕ ਪੰਜਾਬ ਸਰਕਾਰ ਵੱਲੋਂ ਜਾਂਚ ਅਰੰਭ ਕੀਤੀ ਗਈ ਹੈ ਪਰ ਇਸ ਘਟਨਾ ਦਾ ਹਸ਼ਰ ਵੀ ਬਰਗਾੜੀ ਵਿਖੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਵਾਙ ਬੇਨਤੀਜਾ ਹੀ ਹੋਵੇਗੀ ਕਿਉਂਕਿ ਘਟਨਾ ਦਾ ਸੰਬੰਧ 2017 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਰਾਜਨੀਤਿਕ ਸੋਚ ਅਤੇ ਗੁਰਮਤਿ ਦੇ ਸਿਧਾਂਤਕ ਮਤਭੇਦ ਦੇ ਆਸ ਪਾਸ ਹੈ, ਜਿਸ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਹਰਿਆਂ ਰਾਹੀਂ ਭਰਮਤ ਕੀਤਾ ਗਿਆ, ਜਾਪਦਾ ਹੈ। ਇਹ ਘਟਨਾ ਸਿੱਖੀ ਨੂੰ ਖ਼ਤਮ ਕਰਨ ਦੀ ਮਨਸ਼ਾ ਦਾ ਪ੍ਰਤੀਕ ਹੈ, ਜਿਸ ਦੀ ਜਿਤਨੀ ਨਿੰਦਾ ਹੋਵੇ ਓਨੀ ਘੱਟ ਹੈ।

ਆਰ. ਐੱਸ. ਐੱਸ. ਦਾ ਸਿੱਖਾਂ ਸਮੇਤ ਘੱਟ ਗਿਣਤੀ ਭਾਰਤੀਅਾਂ ਪ੍ਰਤਿ ਏਜੰਡਾ

0

ਆਰ. ਐੱਸ. ਐੱਸ. ਦਾ ਸਿੱਖਾਂ ਸਮੇਤ ਘੱਟ ਗਿਣਤੀ ਭਾਰਤੀਅਾਂ ਪ੍ਰਤਿ ਏਜੰਡਾ

ਗਿਆਨੀ ਅਵਤਾਰ ਸਿੰਘ

ਸਭ ਤੋਂ ਪਹਿਲਾਂ ਇਹ ਆਰ. ਐੱਸ. ਐੱਸ. ਦਾ ਏਜੰਡਾ ਕਮਿਊਨਿਸਟ ਪਾਰਟੀ ਦੇ ਸਪਤਾਹਿਕ ਮੈਗਜ਼ੀਨ ‘ਨਿਯੂਏਜ ਨੇ 18 ਤੋਂ 2 ਜੂਨ 2000’ ਦੇ ਅੰਕ ਵਿੱਚ ਛਾਪਿਆ ਸੀ। ਦੂਸਰੀ ਵਾਰ ਇਹ ਏਜੰਡਾ ‘ਲੋਕਮੱਤ’ ਮਰਾਠੀ ਅਖ਼ਬਾਰ ਨਾਗਪੁਰ ਤੋਂ 15 ਜੁਲਾਈ 2000 ਨੂੰ ਛਪਿਆ ਸੀ। ਇਸ ਖ਼ਬਰ ਨੂੰ ਛਪਵਾਉਣ ਵਾਲ਼ੇ ‘ਸ਼੍ਰੀ ਨਿਵਾਸ ਖੰਡੇਵਾਲੇ’ ਨੂੰ ਆਰ. ਐੱਸ. ਐੱਸ. ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਇਸ ਏਜੰਡੇ ਦਾ ਕੋਡ ਨੰਬਰ ਹੈ:(411/ND/3003/R.S.S.-C.O.-3.)

ਉਕਤ ਏਜੰਡੇ ’ਚ 32 ਅੰਕਾਂ ਰਾਹੀਂ ਦਿੱਤਾ ਗਿਆ ਵੇਰਵਾ ਇਸ ਪ੍ਰਕਾਰ ਹੈ:

(1). ਆਰ. ਐੱਸ. ਐੱਸ. ਦੇ ਵਰਕਰ ਵੱਧ ਤੋਂ ਵੱਧ ਬੰਬ ਅਤੇ ਹਥਿਆਰ ਇਕੱਠੇ ਕਰਨ।

(2). ਹਿੰਦੂਆਂ ਨੂੰ ਮੁਸਲਮਾਨਾਂ ਅਤੇ ਛੋਟੀਆਂ ਜਾਤਾਂ ਦੇ ਬੰਦਿਆਂ ਖ਼ਿਲਾਫ਼ ਭੜਕਾਇਆ ਜਾਵੇ।

(3). ਸਰਕਾਰੀ ਅਫ਼ਸਰਾਂ ਨੂੰ ਹਿੰਦੂ ਧਰਮ ਲਈ ਹੀ ਪ੍ਰੇਰਿਤ ਕੀਤਾ ਜਾਵੇ।

(4). ਸਾਰੇ ਮੈਡੀਕਲ ਡਾਕਟਰਾਂ ਨੂੰ ਹਿੰਦੂਵਾਦੀ ਸੋਚ ਵਿੱਚ ਪਰਪੱਕ ਕੀਤਾ ਜਾਵੇ। ਮੁਸਲਮਾਨਾਂ, ਦਲਿਤਾਂ ਅਤੇ ਸਿੱਖਾਂ ਦੀਆਂ ਮਾਵਾਂ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਣ ਕਿ ਇਨ੍ਹਾਂ ਦੇ ਬੱਚੇ ਪੂਰੀ ਤਰ੍ਹਾਂ ਵੱਧ ਫੁੱਲ ਨਾ ਸਕਣ ਅਤੇ ਸਾਰੀ ਉਮਰ ਲਈ ਅਪੰਗ ਹੋ ਜਾਣ।

(5). ਛੋਟੀਆਂ ਜਾਤਾਂ ਵਾਲ਼ਿਆਂ ਦੇ ਬੱਚਿਆਂ ਨੂੰ ‘ਓਮ’ ਅਤੇ ‘ਜੈ ਸ਼੍ਰੀ ਰਾਮ’ ਦੇ ਨਾਰੇ ਛੋਟੀ ਉਮਰ ਤੋਂ ਹੀ ਲਗਵਾਏ ਜਾਣ।

(6). ਜਿਹੜੇ ਪ੍ਰੋਗਰਾਮ ਹਿੰਦੂਤਵ ਦੇ ਲੁਕਵੇਂ ਏਜੰਡੇ ਨੂੰ ਉਜਾਗਰ ਕਰਨ, ਉਨ੍ਹਾਂ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਜਾਵੇ।

(7). ਡ੍ਰਗ, ਸ਼ਰਾਬ, ਲਾਟਰੀ ਵੇਚਣ ਵਾਲੇ ਵਪਾਰੀਆਂ ਅਤੇ ਜੂਆ ਘਰਾਂ ਨੂੰ ਹੱਲਾ ਸ਼ੇਰੀ ਦਿੱਤੀ ਜਾਵੇ। ਸਰਕਾਰੀ ਦਫ਼ਤਰਾਂ ਵਿੱਚ ਹਿੰਦੂਆਂ ਦੇ ਤਿਉਹਾਰ ਵੱਧ ਚੜ੍ਹ ਕੇ ਮਨਾਏ ਜਾਣ। ਦੰਗਿਆਂ ਵੇਲੇ ਮੁਸਲਮਾਨਾਂ, ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੀਆਂ ਦੁਕਾਨਾਂ ਨੂੰ ਹੀ ਲੁਟਿਆ ਜਾਵੇ।

(8). ਮੁਸਲਮਾਨਾਂ, ਸਿੱਖਾਂ ਅਤੇ ਦਲਿਤਾਂ ਦੀਆਂ ਕੁੜੀਆਂ ਸੈਕਸ ਵੱਲ ਪ੍ਰੇਰਿਤ ਕਰਕੇ ਪੱਕੀਆਂ ਰੰਡੀਆਂ ਬਣਾਈਆਂ ਜਾਣ।

(9). ਸਕੂਲਾਂ ਦੇ ਅਧਿਆਪਕਾਂ ਦੀ ਸਹਾਇਤਾ ਨਾਲ ਸਿੱਖਾਂ ਦੇ ਬੱਚਿਆਂ ਨੂੰ ਖ਼ਤਰਨਾਕ ਦਵਾਈਆਂ ਖਾਣ ਵਾਲੀਆਂ ਚੀਜ਼ਾਂ ਵਿਚ ਰਲਾ ਕੇ ਦਿੱਤੀਆਂ ਜਾਣ ਜਿਸ ਨਾਲ ਇਨ੍ਹਾਂ ਦੇ ਬੱਚਿਆਂ ਦਾ ਸਰੀਰਕ ਅਤੇ ਬੌਧਿਕ ਵਿਕਾਸ ਹੌਲੀ ਹੋ ਜਾਵੇ ਜਾਂ ਰੁਕ ਜਾਵੇ।

(10). ਐੱਸ. ਸੀ./ ਐੱਸ ਟੀ. ਨੀਵੀਆਂ ਜਾਤਾਂ ਦੇ ਬੱਚਿਆਂ ਨੂੰ ਹਿੰਦੂ ਸਕੂਲਾਂ ਵਿੱਚ ਦਾਖ਼ਲੇ ਦੇ ਕੇ ਹਿੰਦੂਤਵ ਵਿੱਚ ਪਰਪੱਕ ਕੀਤਾ ਜਾਵੇ।

(11). ਦੰਗਿਆਂ ਦੌਰਾਨ ਮੁਸਲਮਾਨ, ਸਿੱਖਾਂ ਅਤੇ ਦਲਿਤਾਂ ਦੀਆਂ ਭੈਣਾਂ ਅਤੇ ਕੁੜੀਆਂ ਦੀ ਹੀ ਇੱਜ਼ਤ ਬੇਪੱਤ ਕੀਤੀ ਜਾਵੇ, ਜਿਵੇਂ ਕਿ ਸੂਰਤ ਵਿੱਚ ਇਨ੍ਹਾਂ ਦੀ ਬੇਪੱਤੀ ਕੀਤੀ ਸੀ। ਦੋਸਤੀ ਅਤੇ ਜਾਣ ਪਛਾਣ ਦਾ ਬਿਲਕੁਲ ਵੀ ਲਿਹਾਜ਼ ਨਾ ਕੀਤਾ ਜਾਵੇ।

(12). ਗ਼ੈਰ ਹਿੰਦੂ ਧਰਮ ਅਸਥਾਨਾਂ ਉੱਤੇ ਜਾਂ ਨੇੜੇ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਪੱਕੇ ਤੌਰ ’ਤੇ ਸਥਾਪਿਤ ਕੀਤੀਆਂ ਜਾਣ। ਨਵਾਂ ਲਿਟਰੇਚਰ ਛਾਪਿਆ ਜਾਵੇ, ਜਿਸ ਤੋਂ ਇਹ ਸਿੱਧ ਹੋਵੇ ਕਿ ਅਸਲ ਵਿੱਚ ਇਹ ਹਿੰਦੂ ਧਰਮ ਅਸਥਾਨ ਹੀ ਹਨ।

(13). ਮੁਸਲਮਾਨਾਂ ਅਤੇ ਬੁੱਧ ਧਰਮ ਖਿਲਾਫ਼ ਲਿਟਰੇਚਰ ਛਾਪਿਆ ਜਾਵੇ, ਜਿਵੇਂ ਕਿ ਇਹ ਸਿੱਧ ਕੀਤਾ ਜਾਵੇ ਕਿ ਰਾਜਾ ‘ਅਸ਼ੋਕ’ ਬੋਧੀ ਨਹੀਂ ਸੀ, ਬਲਕਿ ਇੱਕ ਹਿੰਦੂ ਸੀ।

(14). ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਦਾ ਉਹ ਸਾਰਾ ਲਿਟਰੇਚਰ ਸਾੜ ਦਿੱਤਾ ਜਾਵੇ, ਜਿਹੜਾ ਬ੍ਰਾਹਮਣ ਦੀ ਪੋਲ ਖੋਲੇ। ਅਜਿਹਾ ਲਿਟਰੇਚਰ ਕਦੇ ਵੀ ਲਾਈਬ੍ਰੇਰੀ ਵਿੱਚ ਵੇਖਣ ਨੂੰ ਨਾ ਮਿਲੇ।

(15). ਸਰਕਾਰੀ ਹਿਦਾਇਤਾਂ ਦੇ ਖਿਲਾਫ਼ ਐੱਸ. ਸੀ./ ਐੱਸ. ਟੀ. ਦੀਆਂ ਰਿਜ਼ਰਵੇਸ਼ਨ ਦੀਆਂ ਸੀਟਾਂ ਬ੍ਰਾਹਮਣ ਅਤੇ ਉੱਚ ਜਾਤੀਆਂ ਨੂੰ ਦਿੱਤੀਆਂ ਜਾਣ।

(16). ਰਾਮ, ਕ੍ਰਿਸ਼ਨ ਅਤੇ ਹਿੰਦੂ ਦੇਵੀ ਦੇਵਤਿਆਂ ਦੇ ਹੀ ਸਟਿੱਕਰ, ਕੈਲੰਡਰ ਅਤੇ ਇਸਤਿਹਾਰ ਛਪਾਏ ਜਾਣ।

(17). ਸਾਧੂਆਂ, ਅਖੌਤੀ ਸੰਤਾਂ, ਬਾਬਿਆਂ, ਗੁਰੂਆਂ ਨੂੰ ਸਰਗਰਮ ਰੱਖਿਆ ਜਾਵੇ ਅਤੇ ਇਸ ਬਦਲੇ ਇਨ੍ਹਾਂ ਨੂੰ ਨੋਟਾਂ ਦੇ ਗੱਫੇ ਵੀ ਦਿੱਤੇ ਜਾਣ ਤਾਂ ਕਿ ਦਲਿਤ ਅਤੇ ਪਿਛੜੀ ਜਾਤੀ ਦੇ ਬੰਦਿਆਂ ਨੂੰ ਅੰਧ ਵਿਸ਼ਵਾਸ ਵਿੱਚ ਹੀ ਫਸਾ ਕੇ ਰੱਖਿਆ ਜਾਵੇ।

(18). ਜੈਨੀਆਂ, ਬੋਧੀਆਂ, ਮੁਸਲਮਾਨਾਂ ਅਤੇ ਸਿੱਖਾਂ ਦਾ ਹਿੰਦੂ ਧਰਮ ਧਾਰਨ ਕਰਵਾਇਆ ਜਾਵੇ। ਪਟਨੇ ਵਾਲਾ ਮਾਡਲ ਧਿਆਨ ਵਿੱਚ ਰੱਖਿਆ ਜਾਵੇ। (ਨੋਟ: ਇਹ ‘ਪਟਨੇ ਵਾਲਾ’ ਕੋਈ ਕੋਡ ਵਰਡ ਹੈ।)

(19). ਕਾਮਰੇਡਾਂ ਅਤੇ ਦਲਿਤਾਂ ਉੱਤੇ ਹਮਲੇ ਜਾਰੀ ਰੱਖੇ ਜਾਣ।

(20). ਮੰਡਲ ਕਮੀਸ਼ਨ ਵਰਗੇ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਜਾਵੇ, ਜੋ ਦਲਿਤਾਂ ਦੇ ਹੱਕ ਵਿੱਚ ਜਾਣ।

(21). ਹਿੰਦੂ, ਸਿੱਖਾਂ, ਦਲਿਤਾਂ ਅਤੇ ਮੁਸਲਮਾਨਾਂ ਵਿੱਚ ਵੰਡੀਆਂ ਪਾਈਆਂ ਜਾਣ ਤੇ ਇਨ੍ਹਾਂ ਵਿੱਚ ਦੰਗੇ ਕਰਵਾਏ ਜਾਣ।

(22). ਹਰ ਰਾਜ ਕੰਮ ਵਿੱਚ ਚਾਣਕਯ ਨੀਤੀ ਵਰਤੀ ਜਾਵੇ।

(23). ਦਲਿਤ ਕੁੜੀਆਂ ਨੂੰ ਦੇਵਦਾਸੀ ਪ੍ਰਥਾ ਵੱਲ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੂੰ ਅਜਿਹੀ ਚਿਤਰਕਾਰੀ ਵਿੱਚ ਉਕਸਾਇਆ ਜਾਵੇ ਜਿਸ ਵਿੱਚ ਨੰਗੇਜ਼ ਪਰਧਾਨ ਹੋਵੇ।

(24). ਆਦੀ ਵਾਸੀਆਂ ਅਤੇ ਦਲਿਤਾਂ ਨੂੰ ਖਾਣ ਵਾਲੀਆਂ ਚੀਜ਼ਾਂ ਵਿੱਚ ਅਜਿਹੇ ਕੈਮੀਕਲ ਦਿੱਤੇਜਾਣ ਜੋ ਕਿ ਇੱਕ ਜ਼ਹਿਰ ਦਾ ਕੰਮ ਕਰਨ।

(25). ਮੀਡੀਆ ਦਾ ਕੰਟਰੋਲ ਆਪਣੇ ਹੱਥ ਵਿੱਚ ਰੱਖਿਆ ਜਾਵੇ।

(26). ਜੋ ਐੱਸ. ਸੀ./ ਐੱਸ. ਟੀ ਬ੍ਰਾਹਮਣਵਾਦ ਦਾ ਪਰਚਾਰ ਕਰਨ ਉਨ੍ਹਾਂ ਨੂੰ ਚੋਣਾਂ ਵਿੱਚ ਜਿਤਾਇਆ ਜਾਵੇ।

(27). ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਵਿੱਚੋਂ ਹੀ ਐਸੇ ਲੇਖਕ ਪੈਦਾ ਕੀਤਾ ਜਾਣ ਜੋ ਕਿ ਆਪਣੇ ਹੀ ਧਰਮ ਦੇ ਖਿਲਾਫ਼ ਲਿਖਣ। ਲੋੜ ਪੈਣ ਤੇ ਸੈਕੂਲਰਿਜ਼ਮ ਦੇ ਟੂਲ ਸਦਕਾ ਅਜਿਹੇ ਲੇਖਕਾਂ ਦੀ ਹਮਾਇਤ ਕੀਤੀ ਜਾਵੇ।

(28). ਬ੍ਰਾਹਮਣ ਵਰਗ ਦੇ ਵਪਾਰੀਆਂ, ਬੈਂਕਾਂ ਅਤੇ ਸ਼ਾਹੂਕਾਰਾਂ ਨਾਲ ਹੀ ਵਪਾਰ ਵਧਾਉਣਾ। ਗ਼ੈਰ ਹਿੰਦੂ ਵਪਾਰੀਆਂ, ਸ਼ਾਹੂਕਾਰਾਂ ਅਤੇ ਬੈਂਕਾਂ ਨੂੰ ਲੁੱਟਣਾ।

(29). ਗ਼ੈਰ ਹਿੰਦੂਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣੀ ਅਤੇ ਆਰ. ਐੱਸ. ਐੱਸ. ਦੇ ਹੈਡਕੁਆਟਰ ਇਤਲਾਹ ਦੇਣੀ।

(30). ਜਿਹੜੇ ਗ਼ੈਰ ਹਿੰਦੂ ਬ੍ਰਾਹਮਣਾਂ ਅਤੇ ਹਿੰਦੂਤਵ ਦੀ ਪੋਲ ਖੋਲਣ, ਉਨ੍ਹਾਂ ਦਾ ਕਤਲ ਕਰਕੇ ਉਨ੍ਹਾਂ ਦੇ ਸਰੀਰ ਨੂੰ ਪਹਿਲਾਂ ਲਿਖੇ ਹੋਏ ਢੰਗਾਂ ਅਤੇ ਪਾਲਿਸੀ ਨਾਲ ਖੁਰਦ ਬੁਰਦ ਕਰਨਾ।

(31). ਪੂਰਨਮਾਸ਼ੀ ਵਾਲੀ ਰਾਤ ਆਰ. ਐੱਸ. ਐੱਸ. ਦੇ ਮੈਂਬਰਾਂ ਵਿੱਚ ਮੀਟਿੰਗ ਕਰਨੀ, ਦਾ ਨੀਯਮ ਜਾਰੀ ਰੱਖਣਾ।

(32). ਸੀਟੀਆਂ ਰਾਹੀਂ ਖੂਫ਼ੀਆ ਢੰਗਾਂ ਵਾਙ ਇੱਕ ਦੂਸਰੇ ਨੂੰ ਮੈਸਜ ਪਾਸ ਕਰਨੇ।

‘ਗੁਰਮਤਿ’ ਪ੍ਰਚਾਰ ਲਈ ਮਿਸ਼ਨਰੀ ਪ੍ਰਚਾਰਕਾਂ ਦੀ ਭੂਮਿਕਾ

0

‘ਗੁਰਮਤਿ’ ਪ੍ਰਚਾਰ ਲਈ ਮਿਸ਼ਨਰੀ ਪ੍ਰਚਾਰਕਾਂ ਦੀ ਭੂਮਿਕਾ

ਗਿਆਨੀ ਅਵਤਾਰ ਸਿੰਘ

ਕਿਸੇ ਵੀ ਕੌਮ ਦਾ ਸਿਧਾਂਤ ਅਤੇ ਉਸ ਦਾ ਇਤਿਹਾਸ ਕਿੰਨਾ ਵੀ ਸੁਨਿਹਰਾ, ਸਮਾਜਿਕ ਹਿੱਤਾਂ ਦੀ ਪੂਰਤੀ ਕਰਨ ਵਾਲ਼ਾ ਅਤੇ ਆਮ ਨਾਗਰਿਕ ਦੀ ਪਹੁੰਚ ’ਚ ਆਉਣ ਵਾਲ਼ੀ ਸਰਲ ਬੋਲੀ ’ਚ ਵੀ ਦਰਜ ਕਿਉਂ ਨਾ ਹੋਵੇ, ਫਿਰ ਵੀ ਉਸ ਕੌਮ ਦੇ ਪੈਰੋਕਾਰਾਂ ਉੱਤੇ ਹੀ ਨਿਰਭਰ ਰਹਿੰਦਾ ਹੈ ਕਿ ਉਹ, ਇਸ ਦਾ ਲਾਭ ਇੱਕ ਆਮ ਮਨੁੱਖ ਨੂੰ ਕਿੰਨਾ ਕੁ ਪਹੁੰਚਾਉਣ ’ਚ ਸਫਲ ਜਾਂ ਅਸਫਲ ਹੁੰਦੇ ਹਨ। ਦੁਨੀਆਂ ਦੇ ਇਤਿਹਾਸ ’ਚ 5000 ਤੋਂ 6000 ਤੱਕ ਦੀਆਂ ਭਾਸ਼ਾਵਾਂ ਰਾਹੀਂ ਲਗਭਗ 4200 ਤੋਂ ਵੱਧ ਧਾਰਮਿਕ ਸਮੁਦਾਇ ਹੋਂਦ ’ਚ ਆਏ, ਜਿਨ੍ਹਾਂ ਵਿੱਚੋਂ ਬਹੁਤੇ ਆਪਣਾ ਅਸਤਿਤਵ ਵੀ ਕਾਇਮ ਨਾ ਰੱਖ ਸਕੇ ਕਿਉਂਕਿ ਜ਼ਮੀਨੀ ਹਾਲਾਤਾਂ ਨੇ ਉਨ੍ਹਾਂ ਦੀ ਸਾਰੀ ਘਾਲਣਾ ਨੂੰ ਮਿਟੀ ’ਚ ਦਫ਼ਨ ਕਰ ਦਿੱਤਾ। ਸੰਸਾਰ ’ਚ ਬਹੁਤ ਹੀ ਘੱਟ ਕੌਮਾਂ ਹਨ ਜਿਨ੍ਹਾਂ ਦੇ ਸ਼ਰਧਾਲੂਆਂ ਨੇ ਆਪਣੀ ਮਿਹਨਤ, ਲਗਨ ਤੇ ਏਕਤਾ ਨਾਲ ਆਪਣੇ ਸਿਧਾਂਤ, ਇਤਿਹਾਸ ਤੇ ਬੋਲੀ ਨੂੰ ਜੀਵਤ ਰੱਖਿਆ ਹੋਇਆ ਹੈ, ਇਸ ਦਾ ਮਹੱਤਵ ਉਸ ਕੌਮ ਦੇ ‘ਗੁਰੂ, ਪੀਰ, ਪੈਗ਼ੰਬਰਾਂ’ ਸਮੇਤ ਉਨ੍ਹਾਂ ਦੇ ਮੁਰੀਦਾਂ ਨੂੰ ਵੀ ਜਾਂਦਾ ਹੈ। ਜਿਸ ਦੀ ਇੱਕ ਮਿਸਾਲ ਯਹੂਦੀਆਂ ਦੁਆਰਾ ਸਿਰਜਿਆ ਗਿਆ ‘ਇਜ਼ਰਾਈਲ ਦੇਸ਼’ ਹੈ, ਜੋ ਪੰਜਾਬ ਬਰਾਬਰ ਰਕਬੇ ’ਤੇ ਕਾਬਜ਼ ਹੋਣ ਦੇ ਬਾਵਜੂਦ ਪੂਰੀ ਦੁਨੀਆਂ ’ਚ ਆਪਣੀ ਯੋਗਤਾ ਦਾ ਸਿੱਕਾ ਚਲਾ ਰਿਹਾ ਹੈ। ਅਗਰ ਪੰਜਾਬ ਤੇ ਇਜ਼ਰਾਈਲ ’ਚ ਕੇਵਲ ਮਰਦ/ਔਰਤ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ ਸਾਨੂੰ ਆਪਣੀ ਕਰਨੀ ਤੇ ਕਥਨੀ ’ਤੇ ਪਛਤਾਵਾ ਆਵੇਗਾ; ਜਿਵੇਂ ਕਿ ਪੰਜਾਬ ’ਚ 1000 ਪੁਰਸ਼ ਪ੍ਰਤਿ 893 ਮਹਿਲਾਂ ਹਨ ਜਦ ਕਿ ਇਜ਼ਰਾਈਲ ’ਚ 1000 ਔਰਤ ਪ੍ਰਤਿ 982 ਪੁਰਸ਼ ਹਨ। ਫਿਰ ਵੀ ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਸਿਧਾਂਤ ਦੇ ਅਨੁਯਾਈ ਵੀ ਅਸੀਂ ਹੀ ਅਖਵਾਉਂਦੇ ਹਾਂ, ਇਜ਼ਰਾਈਲੀ ਨਹੀਂ।

ਇੱਕ ਉਦਾਹਰਨ ਹੋਰ, ਜੋ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ‘ਇਜ਼ਰਾਈਲ’ ’ਚ ਹਰ ਸਾਲ ਮਾਤ੍ਰ 10 % ਬਾਰਸ਼ ਹੁੰਦੀ ਹੈ ਤੇ ਸੋਕਾ ਵੀ ਕਦੇ ਨਹੀਂ ਪਿਆ ਪਰ ਭਾਰਤ ’ਚ ਹਰ ਸਾਲ 50 % ਬਾਰਸ਼ ਹੋਣ ਦੇ ਬਾਵਜੂਦ ਵੀ ਹਰ ਸਾਲ ਸੋਕਾ ਪੈਂਦਾ ਹੈ; ਜਿਵੇਂ ਕਿ 25 % ਸੋਕਾ ਇਸ ਸਾਲ (ਸੰਨ 2016) ’ਚ ਵੀ ਮਾਰਚ, ਅਪ੍ਰੈਲ, ਮਈ ਦੇ ਮਹੀਨੇ ਪੈ ਰਿਹਾ ਹੈ।

‘ਗੁਰਮਤਿ’ ਇੱਕ ਨਿਵੇਕਲਾ, ਸਰਬ ਪ੍ਰਮਾਣਿਤ ਤੇ ਵਿਲੱਖਣ ਸਿਧਾਂਤ ਹੈ, ਜਿਸ ਵਿੱਚ ਕਰਮਕਾਂਡ, ਜਾਤ-ਪਾਤ, ਵਹਿਮ-ਭਰਮ (ਅੰਧ-ਵਿਸ਼ਵਾਸ) ਆਦਿ ਨੂੰ ਕੋਈ ਸਥਾਨ ਨਹੀਂ, ਇਸ ਦੀ ਰਚਨਾ, ਹਰ ਵਰਗ ਦੀਆਂ ਤਮਾਮ ਲੋੜਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ ਅਤੇ ਅਣੋਖੀ ਤਕਨੀਕ ਨਾਲ ਇਸ ਨੂੰ ਲਿਖਤੀ ਰੂਪ ’ਚ ਸੰਭਾਲ਼ਿਆ ਵੀ ਗਿਆ ਹੈ। ਗੁਰੂ ਸਾਹਿਬਾਨਾਂ ਨੇ ਆਪ ਇੱਕ ਗ੍ਰਹਿਸਤੀ ਜੀਵਨ ਬਤੀਤ ਕਰਦਿਆਂ ਸਮਾਜਿਕ ਭਲਾਈ ਲਈ ਆਪਣਾ ਆਪਾ ਕੁਰਬਾਨ ਕਰਕੇ ਇਸ ਦੀ ਵਿਲੱਖਣਤਾ ਦਾ ਸਬੂਤ, ਮਾਨਵਤਾ ਨੂੰ ਦੇ ਦਿੱਤਾ। ਇਸੇ ਰੀਤ ਨੂੰ ਅਗਾਂਹ ਵਧਾਉਂਦਿਆਂ ਸਿੱਖਾਂ ਨੇ ਵੀ ਆਪਣੇ ਵਿਅਕਤੀਗਤ ਨੁਕਸਾਨ ਦੀ ਪ੍ਰਵਾਹ ਨਾ ਕਰਦਿਆਂ ਬੇਸਹਾਰਿਆਂ ਨੂੰ ਸਹਾਰਾ ਦੇਣਾ ਉਚਿਤ ਸਮਝਿਆ, ਬੇਸ਼ੱਕ ਇਸ ਬਦਲੇ ਕੁਰਬਾਨੀਆਂ ਵੀ ਦੇਣੀਆਂ ਪਈਆਂ।

ਅੱਜ ਸਾਡੇ ਪਾਸ ਵੀ ਉਹੀ ਗੁਰ ਮਰਿਆਦਾ ਤੇ ਸਿੱਖਾਂ ਦਾ ਸ਼ਹੀਦੀਆਂ ਭਰਿਆ ਇਤਿਹਾਸ ਮੌਜੂਦ ਹੈ। ਸਾਡੀ ਸੁਵਿਧਾ ਲਈ ਆਧੁਨਿਕ ਯੁੱਗ ਦੀਆਂ ਤਕਨੀਕਾਂ ਨੇ ਵੀ ਸਾਰੀ ਦੁਨੀਆਂ ਨੂੰ ਬਹੁਤ ਨਜ਼ਦੀਕ ਕਰ ਦਿੱਤਾ ਹੈ, ਜਿੱਥੇ ਇਕਲੌਤਾ ਸਰੀਰ ਵੀ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਮ ਰੋਲ ਅਦਾ ਕਰ ਸਕਦਾ ਹੈ, ਜਿਸ ਵਾਸਤੇ ਦ੍ਰਿੜ੍ਹ ਇੱਛਾ ਸ਼ਕਤੀ, ਯੋਗ ਰਣਨੀਤੀ ਤੇ ਤਿਆਗ ਭਾਵਨਾ ਦੀ ਜ਼ਰੂਰਤ ਹੈ।

ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ (239 ਸਾਲ) ਮਾਨਵਤਾ ਦੀਆਂ ਔਕੜਾਂ ਨੂੰ ਧਿਆਨ ’ਚ ਰੱਖਦਿਆਂ ‘ਗੁਰਮਤਿ’ ਦਾ ਵਿਕਾਸ ਇਸ ਪੱਧਰ ’ਤੇ ਹੋਇਆ ਕਿ ਤਤਕਾਲੀ ਰਾਜਿਆਂ ਨੂੰ ਵੀ ਗੁਰੂ ਸਾਹਿਬਾਨਾਂ ਨਾਲ ਨੇੜਤਾ ਬਣਾਉਣੀ ਪਈ; ਜਿਵੇਂ ਰਾਜਾ ਬਾਬਰ ਦੀ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ, ਅਕਬਰ ਬਾਦਸ਼ਾਹ ਦਾ ਗੁਰੂ ਅਮਰਦਾਸ ਜੀ ਦੇ ਦਰਬਾਰ ’ਚ ਹਾਜ਼ਰ ਹੋਣਾ, (ਗੁਰੂ) ਰਾਮਦਾਸ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਰਾਜ ਦਰਬਾਰਾਂ ’ਚ ਬੁਲਾ ਕੇ ‘ਗੁਰਮਤਿ’ ਪ੍ਰਤਿ ਸ਼ੰਕਿਆਂ ਦੀ ਨਵਿਰਤੀ ਕਰਵਾਉਣਾ, ਰਾਜਾ ਜਹਾਂਗੀਰ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ 52 ਰਾਜਿਆਂ ਸਮੇਤ ਰਿਹਾ ਕਰਨਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬਹਾਦਰਸ਼ਾਹ ਦੀਆਂ ਮੁਲਾਕਾਤਾਂ ਆਦਿ ਮਿਸਾਲਾਂ, ਗੁਰੂ ਸਾਹਿਬਾਨਾਂ ਦਾ ਆਮ ਜਨਤਾ ਪ੍ਰਤਿ ਪਿਆਰ ਅਤੇ ਲੋਕਾਂ ਦੀ ਵੀ ਗੁਰੂ ਪ੍ਰਤਿ ਹਮਦਰਦੀ ਨੂੰ ਉਜਾਗਰ ਕਰਦਾ ਹੈ।

ਗੁਰੂ ਇਤਿਹਾਸ ਪੜ੍ਹਨ ਉਪਰੰਤ ਇਹ ਜਾਣਕਾਰੀ ਮਿਲਦੀ ਹੈ ਕਿ ਗੁਰੂ ਸਾਹਿਬਾਨਾਂ ਨੇ ਆਮ ਜਨਤਾ ਦੇ ‘ਪਰਿਵਾਰਿਕ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ’ ਵਿਸ਼ਿਆਂ ਨੂੰ ਹਮੇਸ਼ਾਂ ਸੁਲਝਾਉਣ ਦਾ ਯਤਨ ਕੀਤਾ ਤਾਂ ਜੋ ਮਨੁੱਖਾ ਜੀਵਨ ਦਾ ਕੋਈ ਇੱਕ ਪੱਖ ਵੀ ਕਮਜ਼ੋਰ ਨਾ ਰਹਿ ਜਾਵੇ। ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ, ਤਰਨਤਾਰਨ, ਕਰਤਾਰਪੁਰ, ਅਨੰਦਪੁਰ ਸਾਹਿਬ, ਕੀਰਤਪੁਰ ਆਦਿ ਸ਼ਹਿਰਾਂ ਦਾ ਨਿਰਮਾਣ ਤੇ ਉੱਥੇ ਕਿੱਤਾਕਾਰੀ (ਹੁਨਰਮੰਦ) ਲੋਕਾਂ ਨੂੰ ਸਥਾਪਿਤ ਕਰਨਾ, ਘੋੜਿਆਂ ਦਾ ਵਾਪਾਰ, ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਗ੍ਹਾ ਜਗ੍ਹਾ ਖੂਹ ਖੁਦਵਾਉਣੇ, ਪਰਿਵਾਰਿਕ ਸੰਬੰਧ ਮਜ਼ਬੂਤ ਕਰਨ ਲਈ ਲੜਕੇ-ਲੜਕੀਆਂ ਦੇ ਰਿਸ਼ਤੇ ਕਰਵਾਉਣੇ, ਸਰੀਰਕ ਅਰੋਗਤਾ ਲਈ ਮੱਲ ਅਖਾੜੇ ਤੇ ਦਵਾਖ਼ਾਨੇ ਉਪਲਬਧ ਕਰਵਾਉਣੇ, ‘ਗੁਰਮੁਖੀ’ ਭਾਸ਼ਾ ਦਾ ਵਿਕਾਸ, ਆਦਿ ਤਤਕਾਲੀ ਸਮੇਂ ਨਾਲ ਸੰਬੰਧਿਤ ਕਾਰਜਾਂ ਨੇ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ’ਚ ਵਿਸ਼ੇਸ਼ ਭੂਮਿਕਾ ਨਿਭਾਈ, ਜਿਸ ਕਾਰਨ ‘ਗੁਰਮਤਿ’ ਨੂੰ ਵੱਡੀ ਪੱਧਰ ’ਤੇ ਜਾਣਿਆ ਪਹਿਚਾਣਿਆ ਜਾਣ ਲੱਗਾ। ਅਜੋਕੇ ਤਕਨੀਕੀ ਯੁੱਗ ’ਚ ‘ਗੁਰਮਤਿ’ ਦਾ ਪ੍ਰਚਾਰ ਕਰਨ ਵਾਲ਼ਿਆਂ ਦੀ ਨਾ ਤਾਂ ਕਮੀ ਹੈ ਅਤੇ ਨਾ ਹੀ ਉਨ੍ਹਾਂ ਦੇ ਉਤਸ਼ਾਹ ’ਚ ਕੋਈ ਘਾਟ ਮਹਿਸੂਸ ਹੁੰਦੀ ਹੈ, ਇਸ ਦੇ ਬਾਵਜੂਦ ਤਨ, ਮਨ, ਧਨ ਨਾਲ ਕੀਤੀ ਜਾ ਰਹੀ ਇਤਨੀ ਘਾਲਣਾ ਵੀ ਜ਼ਮੀਨੀ ਹਾਲਾਤਾਂ ਦਾ ਮੁਕਾਬਲਾ ਕਰਨ ’ਚ ਉਤਨੀ ਕਾਰਗਰ ਸਾਬਤ ਨਹੀਂ ਹੋ ਰਹੀ, ਜਿਤਨੀ ਕਿ ਉਮੀਦ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮੂਲ ਕਾਰਨ ਪੰਥਕ ਅਨੇਕਤਾ ਤੇ ਕਾਰਗਰ ਰਣਨੀਤੀ ਦੀ ਘਾਟ ਨੂੰ ਉਜਾਗਰ ਕਰਦਾ ਹੈ।

ਪੰਜਾਬ ’ਚ ਨਸ਼ੇ ਤੇ ਪਤਿਤਪੁਣਾ ਚਾਰੋਂ ਤਰਫ਼ ਫੈਲਿਆ ਹੋਇਆ ਹੈ, ਬਜ਼ੁਰਗ ਬਿਰਧ ਆਸ਼ਰਮਾਂ ’ਚ ਬੈਠੇ ਹਨ, ਗੁਰੂ ਸੰਗਤ ’ਚੋਂ ਨੌਜਵਾਨ ਗ਼ੈਰ ਹਾਜ਼ਰ ਹਨ, ਕਿਸਾਨ ਕਰਜ਼ੇ ਹੇਠਾਂ ਦਬੇ ਆਤਮ ਹੱਤਿਆ ਕਰ ਰਹੇ ਹਨ, ਸਮਾਜਿਕ ਵਿਤਕਰੇ ਕਾਰਨ ਅਛੂਤ ਮੰਨੀਆਂ ਜਾਂਦੀਆਂ ਜਾਤੀਆਂ, ਜਿਨ੍ਹਾਂ ਨੂੰ ਸਿੱਖੀ ਦਾ ਆਧਾਰ ਮੰਨਿਆਂ ਜਾਂਦਾ ਸੀ; ਨੂੰ ‘ਗੁਰਮਤਿ’ ਨਾਲੋਂ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ, ਗੁਰਦੁਆਰਿਆਂ ਦੀ ਉਸਾਰੀ ਜਾਤ-ਪਾਤ ਆਧਾਰਿਤ ਹੁੰਦੀ ਵੇਖ ਕੇ ਬ੍ਰਾਹਮਣਵਾਦ ਦੇ ਸਤਾਏ ਹੋਏ ਇਸ ਸਮਾਜ ਨੂੰ ਸਿੱਖੀ ਦੀ ਵਿਲੱਖਣਤਾ ’ਤੇ ਸੰਦੇਹ ਪੈਦਾ ਹੋ ਰਿਹਾ ਹੈ, ਬੱਚੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਪੇਟ ’ਚ ਮਾਰ ਦੇਣਾ, ਸਿੱਖੀ ਸਰੂਪ ਉੱਤੇ ਦਾਗ਼ ਹੈ, ਗੁਰੂ ਦੀ ਗੋਲਕ ਦਾ ਜ਼ਿਆਦਾਤਰ ਦੁਰਪ੍ਰਯੋਗ ਹੋ ਰਿਹਾ ਹੈ, ਸਿੱਖ ਵਿਦਵਾਨ ਏਕਤਾ ਦੀ ਬਜਾਏ ਧੜੇਬੰਦੀ ਦਾ ਸ਼ਿਕਾਰ ਹਨ ਆਦਿ ਹਾਲਾਤ ਪੈਦਾ ਕਰਨ ’ਚ ਸਿੱਖ ਲੀਡਰ ਵਧੇਰੇ ਜ਼ਿੰਮੇਵਾਰ ਹਨ, ਜਿਨ੍ਹਾਂ ਲਈ ਭਾਈ ਗੁਰਦਾਸ ਜੀ ਦੇ ਇਹ ਬਚਨ ਬਿਲਕੁਲ ਢੁੱਕਵੇਂ ਹਨ: ‘‘ਰਾਜੇ ਪਾਪ ਕਮਾਵਦੇ; ਉਲਟੀ ਵਾੜ ਖੇਤ ਕਉ ਖਾਈ।’’ ਕਿਉਂਕਿ ਇਹ ਲੋਕ ਏਕਤਾ (‘ਗੁਰਮਤਿ’) ਵਿਰੋਧੀ ‘ਪਾੜੋ ਤੇ ਰਾਜ ਕਰੋ’ ਕੂਟਨੀਤੀ ਦਾ ਸ਼ਿਕਾਰ ਹਨ।

ਜਦ ਗੁਰੂ ਘਰਾਂ ’ਚੋਂ ਸੰਗਤ ਅਲੋਪ ਹੋ ਰਹੀ ਹੋਵੇ ਤਾਂ ਉਨ੍ਹਾਂ ਦੇ ਕਾਰਨ (‘ਪਰਿਵਾਰਕ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ’ ਆਦਿ) ਲੱਭ ਕੇ ‘ਗੁਰਮਤਿ’ ਪ੍ਰਚਾਰਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਜਾ ਕੇ ਸਿੱਧੇ ਸੰਪਰਕ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਸਾਮ੍ਹਣੇ ਅਯੋਗ ਲੀਡਰਾਂ ਦੀ ਅਸਲੀਅਤ ਵੀ ਬਿਆਨ ਕਰਨੀ ਚਾਹੀਦੀ ਹੈ, ਜਿਨ੍ਹਾਂ ਦੀ ਵੋਟ ਸ਼ਕਤੀ ਨਾਲ ਇਹ ਧਾਰਮਿਕ ਅਦਾਰਿਆਂ ਉੱਤੇ ਕਾਬਜ਼ ਹੋ ਜਾਂਦੇ ਹਨ। ਅਜੋਕੀ ਸਮਾਜਿਕ ਮਾਨਸਿਕਤਾ ਨੂੰ ਇਸ ਤਰ੍ਹਾਂ ਵਿਚਾਰਿਆ ਜਾ ਸਕਦਾ ਹੈ:

(1). ਸਮੇਂ ਦਾ ਹਾਣੀ ਬਣਨ ਲਈ ਆਧੁਨਿਕ ਯੁੱਗ ’ਚ ਵਿੱਦਿਆ ਹਰ ਮਨੁੱਖ ਲਈ ਅਤਿ ਜ਼ਰੂਰੀ ਹੈ। ਮਾਰਕਿਟ ’ਚ ਜਿਸ ਵਸਤੂ ਦੀ ਵਧੇਰੇ ਮੰਗ ਹੋਵੇ ਤੇ ਸਰਕਾਰਾਂ ਉਸ ਵੱਲ ਧਿਆਨ ਨਾ ਦੇਣ ਤਾਂ ਉਸ ਵਸਤੂ ਨੂੰ ਉਪਲਬਧ ਕਰਵਾਉਣ ਲਈ ਕਈ ਵਪਾਰੀ ਸਾਮ੍ਹਣੇ ਆ ਜਾਂਦੇ ਹਨ। ਇਸੇ ਕਾਰਨ ਪੰਜਾਬ ’ਚ ਸਰਕਾਰੀ ਸੰਸਥਾਵਾਂ ਦੇ ਮੁਕਾਬਲੇ ਨਿੱਜੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਧੇਰੇ ਪ੍ਰਫੁਲਿਤ ਹੋ ਰਹੀਆਂ ਹਨ, ਜਿਸ ਨੂੰ ਰਾਜਨੀਤਿਕਾਂ ਦੀ ਮਦਦ ਨਾਲ ਚੱਲਣ ਵਾਲ਼ਾ ਵਾਪਾਰ ਵੀ ਕਹਿ ਸਕਦੇ ਹਾਂ, ਇਸ ਵਿੱਚ ਘੱਟ ਯੋਗਤਾ ਵਾਲ਼ੇ ਤੇ ਸਿਫ਼ਾਰਸ਼ੀ ਅਧਿਆਪਕ ਸੀਮਤ ਤਨਖ਼ਾਹਾਂ ’ਤੇ ਰੱਖੇ ਹੁੰਦੇ ਹਨ। ਸਰਕਾਰੀ ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਅਤਿਅੰਤ ਨਾਕਸ (ਘਟੀਆ) ਹੋਣ ਕਰਕੇ ਅਤੇ ਪ੍ਰਾਈਵੇਟ ਅਦਾਰਿਆਂ ਦੀ ਕੇਵਲ ਬਾਹਰੀ ਦਿੱਖ ਵੇਖ ਕੇ ਹੀ ਆਮ ਆਦਮੀ ਇਸ ਫੰਧੇ ’ਚ ਫਸ ਜਾਂਦਾ ਹੈ, ਜਿਸ ਕਾਰਨ ਬੱਚਿਆਂ ਉੱਤੇ ਲਗਾਈਆਂ ਉਮੀਦਾਂ ਢਹਿ ਢੇਰੀ ਹੋ ਜਾਂਦੀਆਂ ਹਨ, ਜਿਨ੍ਹਾਂ ਲਈ ਜ਼ਮੀਨਾਂ, ਗਹਿਣੇ ਆਦਿ ਵੇਚੇ ਗਏ ਜਾਂ ਮਹਿੰਗੀਆਂ ਦਰਾਂ ’ਤੇ ਕਰਜ਼ੇ ਚੁੱਕੇ ਹੁੰਦੇ ਹਨ।

ਪੰਜਾਬ ਦੇ ਅਜਿਹੇ ਹਾਲਾਤ ਵੇਖ ਕੇ ਕਈ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਪੜ੍ਹਾਉਣ ਲਈ ਮਜਬੂਰ ਹੁੰਦੇ ਹਨ ਪਰ ਬੱਚਿਆਂ ਦੀ ਨੀਂਹ (ਬੁਨਿਆਦ) ਕਮਜ਼ੋਰ ਹੋਣ ਕਾਰਨ ਵਿਦੇਸ਼ ਜਾਣ ਲਈ ਜ਼ਰੂਰੀ ਸ਼ਰਤਾਂ ਨੂੰ ਪੂਰਾ ਹੁੰਦਾ ਨਾ ਵੇਖ ਕੇ 2 ਨੰਬਰ ਵਾਲ਼ਾ ਰਸਤਾ ਅਖ਼ਤਿਆਰ ਕਰ ਲਿਆ ਜਾਂਦਾ ਹੈ, ਜਿਸ ਰਾਹੀਂ ਭਾਰੀ ਖ਼ਰਚਾ ਕਰਕੇ ਵਿਦੇਸ਼ ਗਿਆ ਬੱਚਾ ਵਿੱਦਿਆ ਪ੍ਰਾਪਤ ਕਰਨ ਦੀ ਬਜਾਏ ਜਾਂ ਤਾਂ ਮਜ਼ਦੂਰੀ ਕਰਕੇ ਆਪਣਾ ਕਰਜ਼ ਉਤਾਰਨ ਦਾ ਯਤਨ ਕਰਦਾ ਹੈ ਜਾਂ ਕਿਸੇ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਇਆ ਕਿਸੇ ਦੇਸ਼ ਦੀ ਜੇਲ੍ਹ ’ਚ ਬੈਠਾ ਸਜ਼ਾ ਭੁਗਤ ਕੇ ਆਪਣੀ ਜਵਾਨੀ ਨੂੰ ਅਜਾਈਂ ਗਵਾ ਰਿਹਾ ਹੁੰਦਾ ਹੈ। ਗ਼ੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ’ਚ ਦਾਖ਼ਲ ਹੋਣ ਵਾਲ਼ੇ ਬੱਚਿਆਂ ’ਚ ਸਿੱਖ ਨਸਲ ਦੀ ਤਾਦਾਦ ਵੱਧ ਹੈ, ਜੋ ਕਿ ਇੱਕ ਤਰਫ਼ ‘ਗੁਰਮਤਿ’ ਸਿਧਾਂਤ ਪ੍ਰਤਿ ਆਮ ਜਨਤਾ ਦਾ ਸੰਦੇਹ ਪੈਦਾ ਕਰਦੀ ਹੈ ਤੇ ਦੂਜੇ ਪਾਸੇ ਵਿੱਦਿਆ ਪ੍ਰਾਪਤੀ ਲਈ ਵਿਦੇਸ਼ ਜਾਣ ਵਾਲ਼ੇ ਯੋਗ ਬੱਚਿਆਂ ਲਈ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ।

ਅਜੋਕੇ ਦੌਰ ’ਚ ਆਪਣੇ ਬੱਚਿਆਂ ਨੂੰ ਇੰਜਨੀਅਰ ਜਾਂ ਡਾਕਟਰ ਬਣਾਉਣ ਦੀ ਮਨਸਾ ਨਾਲ ਪੜ੍ਹਾਉਣ ਵਾਲ਼ੇ ਅਕਸਰ ਮਾਤਾ ਪਿਤਾ ਆਪ ਘੱਟ ਪੜ੍ਹੇ ਜਾਂ ਅਨਪੜ੍ਹ ਹੁੰਦੇ ਹਨ, ਜਿਸ ਕਾਰਨ ਬੱਚੇ ਆਪਣੇ ਦੋਸਤਾਂ ਨਾਲ ਮਿਲ ਕੇ ਹੀ ਆਪਣਾ ਟੀਚਾ ਨਿਰਧਾਰਿਤ ਕਰਦੇ ਹਨ। ਪੰਜਾਬ ਦੇ ਸਕੂਲਾਂ ਤੇ ਕਾਲਜਾਂ ਦਾ ਰਿਕਾਰਡ ਇਹ ਬਿਆਨ ਕਰਦਾ ਹੈ ਕਿ 70% ਤੋਂ ਵੱਧ ਬੱਚੇ ਆਪਣੇ ਸਿਲੇਬਸ ’ਚੋਂ 40% ਨੰਬਰ ਵੀ ਪ੍ਰਾਪਤ ਨਹੀਂ ਕਰ ਸਕਦੇ। 10 ਵੀਂ ਜਾਂ 12 ਵੀਂ ਕਲਾਸ ਤੱਕ ਪੜ੍ਹੇ ਲਿਖੇ ਬੱਚਿਆਂ ਲਈ ਨਾ ਮਾਤ੍ਰ ਦਰਾਂ ’ਤੇ 10 ਲੱਖ ਤੱਕ ਰਿਣ ਉਪਲਬਧ ਕਰਵਾਉਣ ਵਾਲ਼ੀਆਂ ਸਰਕਾਰੀ ਯੋਜਨਾਵਾਂ ਵੀ ਸਰਕਾਰਾਂ ਵੱਲੋਂ ਉਪਲਬਧ ਕਰਵਾਈਆਂ ਗਈਆਂ ਹਨ ਪਰ ਇਨ੍ਹਾਂ ਦਾ ਭਰਪੂਰ ਲਾਭ ਲੈਣ ਲਈ ਬੱਚਿਆਂ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਅਗਰ ਸਿੱਖ ਪ੍ਰਚਾਰਕ ਇਨ੍ਹਾਂ ਦੇ ਮਾਤਾ ਪਿਤਾ ਨੂੰ ਇਹ ਸੁਝਾਉ ਦੇਣ ਕਿ ਪੜ੍ਹਾਈ ’ਚ ਕਮਜ਼ੋਰ ਰਹਿਣ ਵਾਲ਼ੇ ਬੱਚਿਆਂ ਉੱਤੇ ਵਧੇਰੇ ਉਮੀਦਾਂ ਲਗਾ ਕੇ ਵਾਧੂ ਧਨ ਬਰਬਾਦ ਕਰਨ ਦੀ ਬਜਾਏ ਇਨ੍ਹਾਂ ਦੀ ਸਮਰੱਥਾ ਅਨੁਸਾਰ ਕਿੱਤਾਕਾਰੀ ਕੋਰਸਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜਿੱਥੇ ਬੱਚੇ, ਮਾਤਾ ਪਿਤਾ ਦੇ ਨੇੜੇ ਤੇ ਅਧੀਨ ਰਹਿਣਗੇ ਉੱਥੇ ਆਪਣੇ ਹੁਨਰ ਦਾ ਭਰਪੂਰ ਲਾਭ ਉੱਠਾਉਂਦੇ ਹੋਏ ਸਿੱਖ ਪ੍ਰਚਾਰਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਨਗੇ।

(2). ਪੰਜਾਬ ਸਮੇਤ ਭਾਰਤ ’ਚ ਬਹੁਤਾਤ ਮਨੁੱਖ ਖੇਤੀਵਾੜੀ ’ਤੇ ਨਿਰਭਰ ਹੈ। ਇਹ ਵੀ ਸੱਚ ਹੈ ਕਿ ਇਹ ਕਿੱਤਾ ਮੁਨਾਫ਼ੇ ਵਾਲ਼ਾ ਨਹੀਂ ਰਿਹਾ ਪਰ ਕਿਰਸਾਨੀ ਨੂੰ ਜੀਵਤ ਰੱਖਣ ਲਈ ਕਿਸਾਨਾਂ ਨੂੰ ਆਪਣਾ ਲੈਣ ਦੇਣ ਚੈੱਕ ਰਾਹੀਂ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਪਣੀ ਟੈਕਸ ਰਹਿਤ ਕਿਰਸਾਨੀ ਆਮਦਨ ਨੂੰ ਸਰਕਾਰੀ ਰਿਕਾਰਡ ’ਚ ਦਰਜ ਕਰਵਾ ਕੇ ਆੜ੍ਹਤੀਆਂ ਦੀ ਲੁੱਟ ਤੋਂ ਬਚਣ ਲਈ ਘੱਟ ਦਰਾਂ ’ਤੇ ਸਰਕਾਰੀ ਸੁਵਿਧਾਵਾਂ ਲਈਆਂ ਜਾ ਸਕਣ; ਜਿਵੇਂ ਕਿ ‘ਮਕਾਨ ਲੋਨ, ਗੱਡੀ, ਮਸ਼ੀਨ ਜਾਂ ਟ੍ਰੈੱਕਟਰ ਲੋਨ, ਵਿੱਦਿਆ ਲੋਨ’ ਆਦਿ। ਇਹ ਵੀ ਧਿਆਨ ਰਹੇ ਕਿ ਬੈਂਕ ਕਰਜ਼ ਲੈਣ ਤੋਂ ਪਹਿਲਾਂ ਆਪਣੀ ਆਰਥਿਕ ਸਮਰੱਥਾ ਜ਼ਰੂਰ ਵੇਖੀ ਜਾਵੇ, ਤਾਂ ਜੋ ਸਾਦਗੀ ਤੇ ਸੁਖਦਾਈ ਜੀਵਨ ਮਾਣਿਆ ਜਾ ਸਕੇ।

ਪੰਜਾਬ ਦਾ ਕਿਸਾਨ ਹਰ ਸਾਲ ਲਗਭਗ 2500 ਮੀਟਰਿਕ ਟਨ ਜ਼ਹਿਰ (ਕੀਟ-ਨਾਸ਼ਕ ਦਵਾ ਤੇ ਰਸਾਇਣਿਕ ਖਾਦਾਂ) ਦਾ ਛਿੜਕਾਅ ਕਰਦਾ ਹੈ। ਸਰਕਾਰੀ ਰਿਪੋਰਟ ਅਨੁਸਾਰ ਪਿਛਲੇ 5 ਸਾਲਾਂ ’ਚ 12,113 ਮੀਟਰਿਕ ਟਨ ਜ਼ਹਿਰ ਦਾ ਛਿੜਕਾਅ ਕੀਤਾ ਗਿਆ, ਜਿਸ ਨੇ ਸਾਡੇ ਮਿੱਤਰ ਕੀੜੇ ਤੇ ਪੰਛੀ ਵੀ ਮਾਰ ਦਿੱਤੇ। ਮਿਸ਼ਨਰੀ ਪ੍ਰਚਾਰਕ ਕਿਸਾਨਾਂ ਨੂੰ ਕਣਕ-ਝੋਨੇ ਦੇ ਇੱਕੋ ਫ਼ਸਲ ਚੱਕਰ ’ਚੋਂ ਮੁਕਤ ਕਰਨ ਲਈ ਬਦਲਵੀਆਂ ਫ਼ਸਲਾਂ ਤੇ ਜੈਵਿਕ ਖੇਤੀ ਬਾਰੇ ਜਾਣਕਾਰੀ ਦੇਣ ’ਚ ਅਹਿਮ ਰੋਲ ਅਦਾ ਕਰ ਸਕਦੇ ਹਨ। ਪਾਣੀ ਦੀ ਬਚਤ ਤੇ ਵਾਤਾਵਰਨ ਪ੍ਰਦੂਸ਼ਿਤ ਨੂੰ ਰੋਕਣ ਲਈ ਹਰਿਆਲੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਕੰਮ ਲਈ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਲਾਭਕਾਰੀ ਹੋ ਸਕਦੀ ਹੈ।

(3). ਭਾਰਤ ’ਚ ਲਗਭਗ 43 ਭਾਸ਼ਾਵਾਂ (‘ਉਰਦੂ, ਓਡੀਆ, ਅੰਗਰੇਜ਼ੀ, ਕਸ਼ਮੀਰੀ, ਕੰਨੜ, ਕੌਂਕਣੀ, ਗੁਜਰਾਤੀ, ਡੋਗਰੀ, ਤਮਿਲ, ਤੇਲੁਗੂ, ਦੱਖਿਣੀ, ਪਾਲੀ, ਪੰਜਾਬੀ, ਬਾਗੜੀ, ਬ੍ਰਜ, ਬੰਗਾਲੀ, ਭੋਜਪੁਰੀ, ਮਰਾਠੀ, ਮੈਥਿਲੀ, ਰਾਜਸਥਾਨੀ, ਮਲਿਆਲਮ, ਸੰਸਕ੍ਰਿਤ, ਸਿੰਧੀ, ਹਰਿਆਣਵੀ, ਹਿੰਦੀ, ਖੜੀ’ ਆਦਿ) ਪ੍ਰਚਲਿਤ ਹਨ। ਸੰਨ 1981 ਦੀ ਮਰਦਮ ਸ਼ੁਮਾਰੀ ਅਨੁਸਾਰ ਭਾਰਤ ਦੀ ਕੁੱਲ ਆਬਾਦੀ ਵਿੱਚੋਂ ਪੰਜਾਬੀ ਬੋਲਣ ਵਾਲ਼ਿਆਂ ਦੀ ਗਿਣਤੀ 2.95% ਸੀ, ਜੋ ਨਿਰੰਤਰ ਘਟਦੀ ਘਟਦੀ ਸੰਨ 2001 ’ਚ 2.83% ਤੇ ਸੰਨ 2011 ’ਚ 2.73% ਰਹਿ ਗਈ ਅਤੇ ਅਗਲਾ ਅੰਕੜਾ ਹੋਰ ਵੀ ਭਿਆਨਕ ਆਉਣ ਵਾਲ਼ਾ ਹੈ, ਜਿਸ ਵੱਲ ਪ੍ਰਚਾਰਕਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।

(4). ਸਮਾਜ ਦਾ ਬਹੁਤ ਵੱਡਾ ਵਰਗ ਫਿਲਮਾਂ, ਨਾਟਕਾਂ ਆਦਿ ਨਾਲ ਜੁੜਿਆ ਹੋਇਆ ਹੈ, ਜਿਸ ਦੇ ਬੁਰੇ ਪ੍ਰਭਾਵ ਨੂੰ ਵੇਖਦਿਆਂ ਇਸ ਦੀ ਹਕੀਕਤ ਬਾਰੇ ਜਾਣਕਾਰੀ ਦੇਣੀ ਅਤਿ ਜ਼ਰੂਰੀ ਹੈ ਪਰ ਯੋਗ ਫਿਲਮਾਂ ਵੱਲ ਵੀ ਸਮਾਜ ਨੂੰ ਉਤਸ਼ਾਹਿਤ ਕਰਨਾ ਲਾਹੇਮੰਦ ਹੋ ਸਕਦਾ ਹੈ। ਪੰਜਾਬ ਦੇ ਕਈ ਸਿਨੇਮਾ ਘਰਾਂ ’ਚ 8 ਅਪ੍ਰੈਲ 2016 ਨੂੰ ‘ਸਾਕਾ ਨਨਕਾਣਾ’ ਫ਼ਿਲਮ ਸ਼ੁਰੂ ਹੋਈ, ਜਿਸ ਨੂੰ ਵੇਖਣ ਵਾਲ਼ੇ ਦਰਸ਼ਕ ਹੀ ਨਹੀਂ ਸਨ। ਮਾਤ੍ਰ 3 ਦਿਨਾਂ ਬਾਅਦ ਭਾਵ 11 ਅਪ੍ਰੈਲ ਨੂੰ ਵੇਖਣ ’ਚ ਆਇਆ ਕਿ ਇਸ ਪਿਕਚਰ ਨੂੰ ਵੇਖਣ ਵਾਲ਼ੇ ਦਰਸ਼ਕ ਜਲੰਧਰ ’ਚ ਲਗਭਗ 25 ਤੇ ਨਾਭੇ ’ਚ 6 ਮਿਲੇ, ਜਿਨ੍ਹਾਂ ਵਿੱਚੋਂ ਦੋ ਤਿਹਾਈ ਹਿੰਦੂ ਵੀਰ ਸਨ। ਅਜਿਹੀ ਹੀ ਦੁਰਗਤੀ ਹਰ ਸ਼ਹਿਰ ’ਚ ਹੋਈ। ਸੋਚੋ, ਅਗਰ ਇਤਿਹਾਸਿਕ ਫਿਲਮਾਂ ਨੂੰ ਵੇਖਣ ਵਾਲ਼ੇ ਦਰਸ਼ਕ ਹੀ ਨਹੀਂ ਮਿਲਣਗੇ ਤਾਂ ਇਨ੍ਹਾਂ ਨੂੰ ਬਣਾਉਣ ਵਾਲ਼ੇ ਖ਼ਰਚਾ ਕਿਉਂ ਤੇ ਕਿੱਥੋਂ ਕਰਨ? ਪ੍ਰਚਾਰਕਾਂ ਦੁਆਰਾ ਅੱਖਾਂ ਬੰਦ ਕਰਕੇ ਕੀਤਾ ਜਾਂਦਾ ਫ਼ਿਲਮਾਂ ਦਾ ਵਿਰੋਧ ਹੀ ਉਕਤ ਘਟਨਾ ਲਈ ਜ਼ਿੰਮੇਵਾਰ ਹੈ।

ਸੋ, ਉਕਤ ਕੀਤੀ ਗਈ ਵਿਚਾਰ ਤਮਾਮ ਸਮਾਜਿਕ ਵਿਸ਼ਿਆਂ ’ਚੋਂ ਵੰਨਗੀ (ਨਮੂਨਾ) ਮਾਤ੍ਰ ਹੈ। ਆਪਣੇ ਆਪਣੇ ਇਲਾਕੇ ਮੁਤਾਬਕ ਹਰ ਗੁਰੂ ਪਿਆਰਾ ਇਨ੍ਹਾਂ ਸਮੱਸਿਆਵਾਂ ਬਾਰੇ ਵਧੇਰੇ ਜਾਣਕਾਰੀ ਰੱਖਦਾ ਹੈ। ਅਗਰ ਆਪਣੀ ਬੁਧੀ ਤੇ ਦਸਵੰਧ ਅਨੁਸਾਰ ਸਮਾਜਿਕ ਸਮੱਸਿਆਵਾਂ ਨੂੰ ਮੁੱਖ ਰੱਖ ਕੇ ‘ਗੁਰਮਤਿ’ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ ਤਾਂ ਗੋਲਕ ਪਿੱਛੇ ਗੁਰੂ ਘਰਾਂ ’ਚ ਆਏ ਦਿਨ ਹੋ ਰਹੀਆਂ ਲੜਾਈਆਂ ਖ਼ਤਮ ਹੋ ਸਕਦੀਆਂ ਹਨ ਤੇ ਪ੍ਰਚਾਰਕਾਂ ਨੂੰ ਵੀ ਧਾਰਮਿਕ ਸਟੇਜਾਂ ਤੱਕ ਸੀਮਤ ਨਹੀਂ ਰਹਿਣਾ ਪਵੇਗਾ। ਯਾਦ ਰਹੇ ਕਿ ਮਸੰਦ, ਮਹੰਤ ਤੇ ਅਜੋਕੇ ਸਿੱਖ ਲੀਡਰ ਗੋਲਕ ਦੀ ਦੇਣ ਹੈ।

ਕੇਵਲ ਮਾਇਆ ਜਾਂ ਪ੍ਰਸਿੱਧੀ ਲਈ ਕੀਤਾ ਜਾ ਰਿਹਾ ‘ਗੁਰਮਤਿ’ ਪ੍ਰਚਾਰ, ਮਨ ਨੂੰ ਸ਼ਾਂਤ ਨਹੀਂ ਕਰ ਜਾਂ ਕਰਾ ਸਕਦਾ ਕਿਉਂਕਿ ਤਿ੍ਰਸ਼ਨਾ ਅਧੀਨ ਤਲਖ਼ੀ (ਕੁੜੱਤਣ) ਵਧਦੀ ਹੈ। ਗੁਰੂ ਅਰਜਨ ਸਾਹਿਬ ਜੀ ਅਨੁਸਾਰ ਮਨ ’ਚ ਅਸ਼ਾਂਤੀ, ਮਾਇਆ ਦੀ ਕਮੀ ਜਾਂ ਮਾਇਆ ਦੀ ਬਹੁਤਾਤ ਨਾਲ ਜਨਮ ਲੈਂਦੀ ਹੈ: ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥’’ (ਮ: ੫/੧੦੧੯) ਭਾਵ ਸਾਦਗੀ ਤੇ ਸੰਤੁਸ਼ਟਤਾ ਸਰਬੋਤਮ ਗੁਣ ਹੈ।

ਅੰਤ ’ਚ ਉਕਤ ਕੀਤੀ ਗਈ ਵਿਚਾਰ ਕਿ ‘ਗੁਰਮਤਿ ਸਿਧਾਂਤ, ਸਿੱਖ ਇਤਿਹਾਸ ਤੇ ਗੁਰਮੁਖੀ ਭਾਸ਼ਾ’ ਪ੍ਰਤਿ ਮਾਨਵਤਾ ’ਚ ਉਤਸ਼ਾਹ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਸਿੱਖਾਂ ਨੇ ਹੀ ਆਪਣੇ ਕਿਰਦਾਰ, ਏਕਤਾ ਤੇ ਯੋਗ ਰਣਨੀਤੀ ਰਾਹੀਂ ਲੱਭਣਾ ਹੈ। ਇਹ ਕੰਮ ਅਧਰਮ, ਕਰਮਕਾਂਡ, ਜਾਤ ਅਭਿਮਾਨ ਤੇ ਨਿੱਜ ਸੁਆਰਥ ਕਾਰਨ ਸੰਘਰਸ਼ਮਈ ਜ਼ਰੂਰ ਬਣਿਆ ਰਿਹਾ ਤੇ ਬਣਿਆ ਰਹੇਗਾ ਪਰ ਅਸੰਭਵ ਨਹੀਂ ਕਿਹਾ ਜਾ ਸਕਦਾ ਕਿਉਂਕਿ ‘ਗੁਰਮਤਿ’ ਰੂਪ ਸ਼ਕਤੀ ਸਾਡੀ ਅਗਵਾਈ ਲਈ ਹਰ ਪੱਖੋਂ ਸਮਰੱਥ ਹੈ, ਇਹੀ ਹੈ ‘ਗੁਰਮਤਿ’ ਦੀ ਵਿਲੱਖਣਤਾ, ਜਿਸ ਨੂੰ ਸਮਾਜ ਨਾਲ ਸਾਂਝਾ ਕਰਨਾ ਹੈ।

ਅਰਦਾਸ

0

ਅਰਦਾਸ

ਸੁਖਦੇਵ ਸਿੰਘ, 1008 ਫੇਜ਼-2, ਅਰਬਨ ਅਸਟੇਟ, ਪਟਿਆਲਾ-94171-91916

ਅਕਾਲਪੁਰਖ ਜਾਂ ਕਰਤੇ ਦੇ ਧੰਨਵਾਦ ਵਿਚ ਸੰਤੁਸ਼ਟ ਅਵਸਥਾ ਵਿਚ ਸਮੱਰਪਤ ਹੁੰਦੇ ਰਹਿਣਾ ਹੀ ਅਰਦਾਸ ਜਾਂ ਸਿਮਰਨ ਹੈ। ਪੂਰਨ ਸਮੱਰਪਣ ਭਾਵ ਗਹਿਰਾ ਸਿਮਰਨ ਜਾਂ ਰੋਮ ਰੋਮ ’ਚੋਂ ਅਰਦਾਸ ਦਾ ਹੋਣਾ ਹੈ।

ਸਾਡੇ ਪੈਦਾ ਹੋਏ ਵਿਚਾਰਾਂ ਅਨੁਸਾਰ ਸਾਡੇ ਸਰੀਰ ਦੇ ਹਾਰਮੌਨਜ਼ ਰਸਾਇਣਿਕ ਤੱਤ ਬਣਾਉਂਦੇ ਹਨ। ਨੇਕ ਵਿਚਾਰ, ਜਿਨ੍ਹਾਂ ਨੂੰ ਅਸੀਂ ਸਕਾਰਾਤਮਿਕ ਵਿਚਾਰ ਕਹਿੰਦੇ ਹਾਂ, ਨਾਲ ਪੈਦਾ ਹੋਏ ਰਸਾਇਣਿਕ ਤੱਤ ਸਾਡੇ ਲਈ ਸ਼ਾਂਤ ਅਤੇ ਅਨੰਦਮਈ ਮਾਹੌਲ ਰਚ ਦੇਣਗੇ, ਜਦਕਿ ਨਕਾਰਾਤਮਿਕ ਵਿਚਾਰਾਂ ਨਾਲ ਸਾਡਾ ਮਨ ਦੁਖੀ ਅਤੇ ਬੇਚੈਨ ਹੋਵੇਗਾ।

ਜਿਉਂ ਹੀ ਵਿਚਾਰ ਉਤਪੰਨ ਹੁੰਦੇ ਹਨ – ਭਾਵੇਂ ਸਾਕਾਰਾਤਮਿਕ ਹੋਣ ਜਾਂ ਨਕਾਰਾਤਮਿਕ ਹੋਣ ਇੱਕ ਛਿੰਨ ਦੀ ਦੇਰੀ ਤੋਂ ਪਹਿਲਾਂ ਹਾਰਮੋਨਜ਼ ਨੇ ਰਸਾਇਣਿਕ ਤੱਤ ਬਨਾਉਣੇ ਸ਼ੁਰੂ ਕਰ ਦੇਣੇ ਹਨ। ਇਹ ਕੁਦਰਤ ਦਾ ਸਿਸਟਮ ਹੈ ਅਤੇ ਇਹ ਸਿਸਟਮ ਹਰ ਇੱਕ ’ਤੇ ਲਾਗੂ ਹੁੰਦਾ ਹੈ ਕਿਸੇ ਨੂੰ ਕੋਈ ਛੋਟ ਨਹੀਂ ਹੈ।

‘‘ਵਿਣੁ ਬੋਲਿਆ ਸਭੁ ਕਿਛੁ ਜਾਣਦਾ; ਕਿਸੁ ਆਗੈ ਕੀਚੈ ਅਰਦਾਸਿ ॥’’ (ਮ: ੩/੧੪੨੦) ਦਾ ਭਾਵ ਇਹੀ ਹੈ ਕਿ ਅਰਦਾਸ ਜਾਂ ਸਿਮਰਨ ਜ਼ਰੂਰੀ ਨਹੀਂ ਬੋਲ ਕੇ ਹੀ ਕਰਨਾ ਹੈ। ਜੀਵਨ ਵਿਚ ਸੰਤੁਸ਼ਟਤਾ ਦਾ ਹੋਣਾ ਅਤੇ ਸਮੱਰਪਤ ਵਿਚਾਰਾਂ ਨਾਲ ਕਰਤੇ ਪ੍ਰਤੀ ਧੰਨਵਾਦੀ ਹੁੰਦੇ ਰਹਿਣਾ, ਅਰਦਾਸ ਹੀ ਹੈ। ਬੋਲ ਕੇ ਕੀਤੀ ਹੋਈ ਅਰਦਾਸ ਵੀ ਕਈ ਵਾਰ ਅਰਦਾਸ ਨਹੀਂ ਹੁੰਦੀ ਕਿਉਂਕਿ ਵਿਚਾਰਾਂ ਵਿਚ ਕਰਤੇ ਪ੍ਰਤੀ ਧੰਨਵਾਦ ਤਾਂ ਜਾਗਿਆ ਹੀ ਨਹੀਂ। ਅਰਦਾਸ ਕਰਨੀ ਨਹੀਂ ਪੈਂਦੀ ਇਹ ਤਾਂ ਕਰਤੇ ਪ੍ਰਤੀ ਧੰਨਵਾਦੀ ਹੋਈ ਜਾਣ ਨਾਲ ਆਪੇ ਹੀ ਹੋਈ ਜਾਂਦੀ ਹੈ। ਕੁਝ ਮੰਗਣ ਲਈ ਅਰਦਾਸ ਨਹੀਂ ਕੀਤੀ ਜਾਂਦੀ।ਕਰਤਾ ਤਾਂ ਬਿਨਾਂ ਮੰਗਿਆਂ ਅਤੇ ਬਿਨਾਂ ਦੇਰੀ ਤੋਂ ਉਹ ਸਭ ਕੁਝ ਸਾਨੂੰ ਦੇਣ ਲਈ ਤਿਆਰ ਰਹਿੰਦਾ ਹੈ ਜਿਸ ਲਈ ਅਸੀਂ ਆਪਣੇ ਆਪ ਨੂੰ ਯੋਗ ਬਣਾ ਲਈਏ।‘‘ਦਾਤੈ ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥’’ (ਮ: ੩/੬੦੪) ਵਾਕ ਅਨੁਸਾਰ ਆਪਣੇ ਆਪ ਨੂੰ ਯੋਗ ਬਨਾਉਣਾ ਪਵੇਗਾ। ਕਰਤਾ ਤਾਂ ਸਾਡਾ ਵਿਵਹਾਰ ਅਤੇ ਸਾਡਾ ਸਮਰਪਣ ਦੇਖਦਾ ਹੈ। ਜਦ ਅਸੀਂ ਆਪਣੀ ਡਿਊਟੀ ਪੂਰੀ ਕਰ ਦਿੰਦੇ ਹਾਂ ਤਾਂ ਉਸੇ ਛਿੰਨ ਦਾਤ ਸਾਡੀ ਝੋਲੀ ਵਿਚ ਪੈ ਜਾਂਦੀ ਹੈ।

ਕਰਤੇ ਨੇ ਸਿਸਟਮ ਬਣਾ ਦਿੱਤਾ ਹੈ ਜਿਸ ਤੋਂ ਕਿਸੇ ਨੂੰ ਵੀ ਛੋਟ ਨਹੀਂ ਹੈ। ਸਾਨੂੰ ਰਸਤਾ ਚੁਣਨ ਲਈ ਖੁੱਲ੍ਹ ਦੇ ਦਿੱਤੀ ਗਈ ਹੈ। ਫਿਰ ਵੀ ਅਸੀਂ ਫ਼ਾਇਦਾ ਉਠਾਉਣ ਤੋਂ ਉੱਕ ਜਾਂਦੇ ਹਾਂ। ਦੁਖੀ ਅਤੇ ਅਸ਼ਾਂਤ ਜੀਵਨ ਜਿਉਂਦੇ ਰਹਿੰਦੇ ਹਾਂ। ਕਾਰਨ ਬਚਪਣ ਤੋਂ ਹੀ ਅਸੀਂ ਨਾਕਾਰਾਤਮਿਕ ਵਿਚਾਰਾਂ ਨੂੰ ਪਹਿਲ ਦਿੰਦੇ ਆ ਰਹੇ ਹਾਂ ਜਿਸ ਕਰਕੇ ਸਾਕਾਰਾਤਮਿਕ ਜੀਵਨ ਜਿਉਣ ਦਾ ਹੌਂਸਲਾ ਹੀ ਨਹੀਂ ਕਰਦੇ। ਅਸੀਂ ਆਪਣਾ ਭਲਾ ਨਾਕਾਰਾਤਮਿਕ ਜੀਵਨ ਵਿਚੋਂ ਹੀ ਲੱਭ ਰਹੇ ਹਾਂ। ਇਹੋ ਹੀ ਕਾਰਨ ਹੈ ਕਿ ਅਸੀਂ ਕਰਮਕਾਂਡ ਕਰਕੇ ਹੀ ਤਸੱਲੀ ਜਿਹੀ ਮਹਿਸੂਸ ਕਰ ਲੈਂਦੇ ਹਾਂ।

ਜਿਹੜੀਆਂ ਵਸਤੂਆਂ ਦੇ ਪਿੱਛੇ ਲਾਲਚ ਵਸ ਲੱਗ ਕੇ ਅੱਜ ਅਸੀਂ ਪਾਠ ਪੂਜਾ ਜਾਂ ਅਰਦਾਸ ਕਰਦੇ ਹਾਂ, ਬਹੁਤ ਸਮਾਂ ਪਹਿਲਾਂ ਤਾਂ ਉਨ੍ਹਾਂ ਵਸਤੂਆਂ ਦੀ ਸੰਸਾਰ ਵਿਚਹੋਂਦ ਹੀ ਨਹੀਂ ਸੀ। ਮੇਰਾ ਭਾਵ ਕੋਠੀਆਂ, ਕਾਰਾਂ ਆਦਿ ਤੋਂ ਹੈ ਤਾਂ ਲੋਕ ਉਸ ਵਕਤ ਪੂਜਾ ਪਾਠ ਜਾਂ ਅਰਦਾਸ ਕਿਸ ਵਸਤੂ ਦੀ ਪ੍ਰਾਪਤੀ ਲਈ ਕਰਦੇ ਸਨ? ਇਸ ਤੋਂ ਇਹ ਵੀ ਅਰਥ ਨਿਕਲਦਾ ਹੈ ਕਿ ਇਨ੍ਹਾਂ ਸੰਸਾਰਕ ਵਸਤੂਆਂ ਦੀ ਪ੍ਰਾਪਤੀ ਵਿਚ ਪੂਜਾ ਪਾਠ ਜਾਂ ਅਰਦਾਸ ਦਾ ਕੋਈ ਰੋਲ ਨਹੀਂ ਹੈ। ਸਾਡੀ ਕਰਤੇ ਪ੍ਰਤੀ ਸੰਤੁਸ਼ਟਤਾ ਅਤੇ ਸਾਡਾ ਕਰਤੇ ਪ੍ਰਤੀ ਧੰਨਵਾਦ ਦੇ ਰੂਪ ਵਿਚ ਸਮਰਪਣ ਹੋਣਾ ਹੀ ਸਾਡਾ ਅਰਦਾਸ ਰੂਪ ਪੈਮਾਨਾ ਹੈ। ਸੰਤੁਸ਼ਟ ਮਨ ਹੀ ਧੰਨਵਾਦ ਬਿਰਤੀ ਵਿਚ ਆ ਸਕਦਾ ਹੈ। ਸੰਤੁਸ਼ਟ ਮਨ ਹੀ ਈਰਖਾ ਤੋਂ ਬਚ ਸਕਦਾ ਹੈ। ਧੰਨਵਾਦੀ ਹੋਣਾ ਅਤੇ ਈਰਖਾ ਤੋਂ ਬਚਣਾ ਦੋਵੇਂ ਹੀ ਅਰਦਾਸ ਜਾਂ ਸਿਮਰਨ ਦੀਆਂ ਜ਼ਰੂਰੀ ਤੇ ਮੁਢਲੀਆਂ ਲੋੜਾਂ ਹਨ। ਜਿਨ੍ਹਾਂ ਦੀ ਪੂਰਤੀ ਤੋਂ ਬਿਨਾਂ ਸਾਡੀ ਅਰਦਾਸ ਜਾਂ ਸਿਮਰਨ ਕਰਮਕਾਂਡ ਬਣ ਕੇ ਹੀ ਰਹਿ ਜਾਂਦੇ ਹਨ।

ਮੈਂ ਪਹਿਲਾਂ ਵੀ ਲਿਖਦਾ ਆ ਰਿਹਾ ਹਾਂ ਕਿ ਮੇਰੀ ਲੇਖਣੀ ਮੇਰੇ ਹਾਵ-ਭਾਵ ਹਨ। ਮੇਰੇ ਪਾਸ ਲੇਖਣੀ ਦੇ ਹੱਕ ਵਿਚ ਕੋਈ ਤਰਕਵਿਤਕਰ ਨਹੀਂ ਹਨ। ਮੇਰੇ ਕੋਲੋਂ ਭੁੱਲਾਂ ਦਾ ਹੋਣਾ ਸੁਭਾਵਕ ਹੈ, ਇਸ ਲਈ ਮੈਂ ਸੂਝਵਾਨ ਪਾਠਕਾਂ ਤੋਂ ਭੁਲਾਂ ਲਈ ਮੁਆਫ਼ੀ ਮੰਗਦਾ ਹਾਂ।

ਮਿਸ਼ਨਰੀ ਕਾਲਜਾਂ ਦੀ ਲੋੜ ਤੇ ਭਵਿੱਖ

0

ਮਿਸ਼ਨਰੀ ਕਾਲਜਾਂ ਦੀ ਲੋੜ ਤੇ ਭਵਿੱਖ

ਪ੍ਰਿੰ. ਨਰਿੰਦਰ ਪਾਲ ਸਿੰਘ ਦਿੱਲੀ-011-25938827, 27251724, 25109951

ਮਿਸ਼ਨਰੀ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ‘ਮਿਸ਼ਨ’ (Mission) ਤੋਂ ਇਸ ਦੀ ਉਤਪਤੀ ਹੋਈ ਹੈ। ਮਿਸ਼ਨ ਦੇ ਅਰਥ ਵਾਚੀਏ ਤਾਂ ‘ਕੋਈ ਖ਼ਾਸ ਮਨੋਰਥ’ ਅਰਥ ਬਣਦਾ ਹੈ। ਮਿਸ਼ਨਰੀ ਪਹਿਲਾਂ-ਪਹਿਲ ਉਨ੍ਹਾਂ ਇਸਾਈ ਪ੍ਰਚਾਰਕਾਂ ਲਈ ਵਰਤਿਆ ਗਿਆ ਜੋ ਕਿਸੇ ਵਿਦੇਸ਼ੀ ਧਰਤੀ ’ਤੇ ਜਾਂਦੇ ਹਨ, ਸਕੂਲ, ਹਸਪਤਾਲ ਆਦਿ ਵਿੱਚ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਜਾ ਕਰਦੇ ਹਨ ਅਤੇ ਇਸਾਈਅਤ ਲਈ ਉਤਸ਼ਾਹਿਤ ਕਰਦੇ ਹਨ। ਇਨ੍ਹਾਂ ਅਰਥਾਂ ਵਿੱਚ ਵੇਖੀਏ ਤਾਂ ਸਾਡੇ ਗੁਰਮਤਿ ਜਾਂ ਸਿੱਖੀ ਨਾਲ ਸੰਬੰਧਿਤ ਜਿਹੜੇ ਕਾਲਜ ਹਨ, ਉਹ ਤਾਂ ਕੇਵਲ ਪ੍ਰਚਾਰਕ, ਗ੍ਰੰਥੀ, ਰਾਗੀ ਆਦਿ ਹੀ ਤਿਆਰ ਕਰ ਰਹੇ ਹਨ; ਫਿਰ ਇਨ੍ਹਾਂ ਦਾ ਦਾਇਰਾ ਵੀ ਸੀਮਿਤ ਹੈ। ਇਹ ਮਿਸ਼ਨਰੀ ਤਿਆਰ ਹੋ ਕੇ, ਉਨ੍ਹਾਂ ਸੰਗਤਾਂ ਤੱਕ ਹੀ ਪੁੱਜ ਰਹੇ ਹਨ, ਸੇਵਾ ਕਰ ਰਹੇ ਹਨ ਜਿਹੜੇ ਪਹਿਲੋਂ ਹੀ ਸਿੱਖ ਹਨ ਜਾਂ ਸੰਗਤਾਂ ਉਹ ਹਨ ਜਿਨ੍ਹਾਂ ਨੂੰ ਲੋੜੀਂਦੇ ਪ੍ਰਚਾਰਕ ਨਹੀਂ ਲੱਭ ਰਹੇ, ਤਾਹੀਂਓ ਇਹ ਲੋੜ ਪੂਰਤੀ ਕਰ ਰਹੇ ਹਨ। ਫਿਰ ਕਾਲਜ ਉਹ ਹੁੰਦਾ ਹੈ ਜਿੱਥੇ ਸਕੂਲੀ ਪੜ੍ਹਾਈ ਪੂਰੀ ਕਰਨ ਉਪਰੰਤ ਉਚੇਰੀ ਵਿੱਦਿਆ ਹਾਸਲ ਕਰਨ ਲਈ ਪ੍ਰਬੰਧ ਹੋਵੇ।

ਆਓ ! ਵਾਚੀਏ ਕਿ ਮਿਸ਼ਨਰੀ ਕਾਲਜਾਂ ਦੀ ਲੋੜ ਕਾਹਦੇ ਲਈ ਹੈ ਅਤੇ ਉਸ ਦਾ ਕਾਰਜ ਖੇਤਰ ਕੀ ਹੈ ?

ਦੇਖਿਆ ਜਾਵੇ ਤਾਂ ਲੋੜ ਬਹੁਤ ਥਾਵਾਂ ’ਤੇ ਹੈ। ਪਿੰਡ-ਪਿੰਡ, ਗਲੀ-ਮੁਹੱਲੇ, ਸ਼ਹਿਰਾਂ ਆਦਿਕ ਥਾਵਾਂ ’ਤੇ ਸਾਡੀ ਕੌਮ ਨੇ ਗੁਰਦੁਆਰੇ ਤਾਂ ਬਹੁਤ ਬਣਾਏ ਹਨ। ਰੁਜ਼ਗਾਰ ਦੀ ਦ੍ਰਿਸ਼ਟੀ ਤੋਂ ਜਿੱਥੇ ਕਿਸੇ ਵੀ ਸ਼ਹਿਰ ਵਿੱਚ ਲੋਕ ਪਹੁੰਚੇ ਹਨ ਅਤੇ ਸੰਗਤ ਨੂੰ ਲੋੜ ਭਾਸੀ; ਉਨ੍ਹਾਂ ਥਾਵਾਂ ’ਤੇ ਧਰਮ ਦੀ ਲੋੜ ਹਿਤ ਗੁਰਦੁਆਰੇ ਬਣ ਗਏ ਹਨ।ਇਤਿਹਾਸਕ ਅਸਥਾਨ ਭੀ ਬਹੁਤ ਹਨ, ਜਿਨ੍ਹਾਂ ਦੀ ਸੇਵਾ ਸੰਭਾਲ ਲਈ ਭੀ ਗੁਰਦੁਆਰੇ ਉਸਾਰੇ ਗਏ ਹਨ ਜਾਂ ਹਾਲੇ ਉਸਾਰੇ ਜਾਣੇ ਹਨ, ਇਨ੍ਹਾਂ ਵਿੱਚੋਂ ਬਹੁਤਿਆਂ ਦਾ ਪ੍ਰਬੰਧ ਹਾਲਾਂ ਆਮ ਸੰਗਤਾਂ ਪਾਸ ਨਹੀਂ ਹੈ, ਫਿਰ ਵੀ ਲੋੜ ਹੈ ਕਿ ਉੱਥੇ ਸੁਚੱਜਾ ਪ੍ਰਬੰਧ ਹੋ ਜਾਵੇ।

ਸਾਡੀ ਕੌਮ ਨੇ ਬਹੁਤ ਸਾਰੇ ਸਕੂਲ, ਕਾਲਜ, ਪ੍ਰੋਫੈਸ਼ਨਲ ਕਾਲਜ, ਹਸਪਤਾਲ ਆਦਿ ਬਣਾਏ ਹਨ ਤੇ ਇਨ੍ਹਾਂ ਉੱਪਰ ਦਸਵੰਧ ਦੀ ਮਾਇਆ ਲੱਗੀ ਹੈ। ਚਾਹੀਦਾ ਤਾਂਇਹ ਸੀ ਕਿ ਧਰਮ ਕਾਰਜਾਂ ਹਿਤ ਇਹ ਅਦਾਰੇ ਧਰਮ ਦੀ ਬੇਹਤਰੀ, ਧਰਮ ਪ੍ਰਚਾਰ ਲਈ ਵਰਤੇ ਜਾਂਦੇ, ਸਿੱਖੀ ਪ੍ਰਚਾਰ-ਪ੍ਰਸਾਰ ਦਾ ਸਾਧਨ ਬਣਦੇ; ਪਰ ਇਸ ਸਭ ਦੇ ਮੁਲਾਂਕਣ ਦੀ ਲੋੜ ਹੈ। ਹਸਪਤਾਲ, ਸਕੂਲ, ਕਾਲਜ ਅਸੀਂ ਗੁਰੂ ਸਾਹਿਬਾਨ, ਮਹਾਂਪੁਰਸ਼ਾਂ, ਸ਼ਹੀਦਾਂ, ਗੁਰਸਿੱਖਾਂ ਦੇ ਨਾਮ ’ਤੇ ਖੋਲ੍ਹ ਤਾਂ ਦਿੱਤੇ ਪਰ ਉੱਥੇ ਮਿਸ਼ਨਰੀ ਕੋਈ ਨਹੀਂ। ਜ਼ਰਾ ਤੁਲਨਾ ਕਰੋ ਕਾਨਵੈਂਟ ਸਕੂਲਾਂ, ਕਾਲਜਾਂ ਜਾਂ ਚੈਰੀਟੇਬਲ ਹਸਪਤਾਲਾਂ ਨਾਲ, ਜਿਨ੍ਹਾਂ ਥਾਵਾਂ ’ਤੇ ਸਿਸਟਰਜ਼ , ਨੰਨਜ਼ , ਬ੍ਰਦਰਜ਼ , ਆਦਿ ਮੌਜੂਦ ਹਨ, ਜੋ ਕਿ ਕਿਸੇ ਨਾ ਕਿਸੇ ਕਿੱਤੇ ਦੇ ਪ੍ਰੋਫੈਸ਼ਨਲ ਹਨ, ਟ੍ਰੇਂਡ ਹਨ, ਉਹ ਕਿਸੇ ਨਾ ਕਿਸੇ ਕਿੱਤੇ ਦੇ ਮਾਹਰ ਹਨ ਅਤੇ ਧਰਮ ਪੱਖੋਂ ਆਪਣੇ ਮੱਤ ਦਾ ਪ੍ਰਚਾਰ-ਪਾਸਾਰ ਕਰਨ ਲਈ ਭੀ ਹਰ ਪੱਖੋਂ ਕਾਵਲ ਹਨ, ਉਹ ਕਿਵੇਂ ਪ੍ਰਬੰਧਕੀ ਨੇਮਾਂ ਅਨੁਸਾਰ ਵਿਚਰਦੇ ਹੋਏ, ਸਹੀ ਅਰਥਾਂ ਵਿੱਚ ਸੇਵਾ ਨਿਬਾਹੁੰਦੇ ਹੋਏ ਅਛੋਪਲੇ ਜਹੇ ਆਪਣੇ ਧਰਮ ਦਾ ਪ੍ਰਚਾਰ ਕਰ ਜਾਂਦੇ ਹਨ। ਤੁਲਨਾ ਕਰੋ ਸਾਡੇ ਅਦਾਰਿਆਂ ਨਾਲ, ਅਸਾਂ ਖੋਲ੍ਹ ਤਾਂ ਦਿੱਤੇ ਸਕੂਲ, ਕਾਲਜ, ਹਸਪਤਾਲ ਆਦਿ ਪਰ ਉੱਥੇ ਸਾਨੂੰ ਲੋੜ ਨਾ ਭਾਸੀ ਕਿ ਇੱਥੇ ਸੇਵਾ ਭਾਵਨਾ ਵਾਲੇ ਮਿਸ਼ਨਰੀ ਭੀ ਰੱਖੀਏ ਜੋ ਕਿ ਦਿੱਤੀ ਜਾ ਰਹੀ ਅਤੇ ਲਗਾਈ ਜਾ ਰਹੀ ਦਸਵੰਧ ਦੀ ਮਾਇਆ ਨੂੰ ਸਕਾਰਥਾ ਕਰ ਦੇਵਣ।

ਗੁਰਦੁਆਰਿਆਂ ਵਿਚ ਜਿੱਥੇ ਅਸੀਂ ਪ੍ਰਚਾਰਕ, ਗ੍ਰੰਥੀ, ਰਾਗੀ ਆਦਿਕ ਤੋਂ ਸੇਵਾਵਾਂ ਲੈਂਦੇ ਹਾਂ, ਉੱਥੇ ਇਹ ਵਾਚਣ ਦੀ ਲੋੜ ਹੈ ਕਿ, ਕੀ ਉਹ ਮਨੋਰਥ ਪੂਰਾ ਹੋ ਰਿਹਾ ਹੈ ਜਿਸ ਲਈ ਇਹ ਅਸਥਾਨ ਬਣਾਏ ਜਾਂ ਉਸਾਰੇ ਗਏ ਸਨ? ਜਦੋਂ ਅਸਥਾਨ ਬਣਾਇਆ ਜਾ ਰਿਹਾ ਹੁੰਦਾ ਹੈ ਤਾਂ ਸ਼ਰਧਾਵਾਨ ਬੜੇ ਉਤਸ਼ਾਹ ਨਾਲ ਤਨ, ਮਨ, ਧਨ ਲਾ ਕੇ ਸੇਵਾ ਅਰਪਣ ਕਰਦੇ ਹਨ। ਜਦੋਂ ਅਸਥਾਨ ਬਣ ਗਿਆ ਉੱਥੇ ਜਿਹੜਾ ਪ੍ਰਚਾਰਕ, ਰਾਗੀ ਜਾਂ ਗ੍ਰੰਥੀ ਸਾਹਿਬ ਰੱਖਣ ਦੀ ਗੱਲ ਆਉਂਦੀ ਹੈ ਤਾਂ ਕਦੇ ਤੁਲਨਾ ਨਹੀਂ ਕਰਦੇ, ਇਨ੍ਹਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ। ਮਾਫ਼ ਕਰਨਾ, ਸਾਡੇ ਬਹੁਤੇ ਪ੍ਰਬੰਧਕ, ਰਾਜਨੀਤਿਕ ਹਿਤਾਂ ਦੀ ਪੂਰਤੀ ਹਿਤ ਹੀ ਪਰਧਾਨ, ਸਕੱਤਰ ਆਦਿ ਬਣਦੇ ਹਨ। ਵਿਰਲੇ ਹਨ ਜੋ ਕਿ ਨਿਰੋਲ ਧਰਮ ਪ੍ਰਚਾਰ ਦੀ ਹੁੱਬ ਲੈ ਕੇ ਇਹ ਸੇਵਾ ਨਿਬਾਹੁੰਦੇ ਹਨ। ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਿਨ੍ਹਾਂ ਥਾਵਾਂ ਦੇ ਪ੍ਰਬੰਧਕ ਧਰਮ ਪ੍ਰਚਾਰ ਦੀ ਹੁੱਬ ਤੋਂ ਵਿਰਵੇ ਹਨ, ਉਨ੍ਹਾਂ ਲਈ ਗੁਰਦੁਆਰਾ ਪ੍ਰਬੰਧ ਭੀ ਦੁਨਿਆਵੀ ਅਦਾਰੇ ਦੇ ਪ੍ਰਬੰਧ ਵਰਗਾ ਹੀ ਹੁੰਦਾ ਹੈ ਅਤੇ ਪ੍ਰਚਾਰਕ, ਗ੍ਰੰਥੀ, ਮਿਸ਼ਨਰੀ, ਰਾਗੀ ਦੀ ਹਾਲਤ ਚੌਥੇ ਦਰਜੇ ਦੇ ਮੁਲਾਜ਼ਮ ਵਰਗੀ ਹੀ ਹੁੰਦੀ ਹੈ। ਕੁਝ ਕੁ ਨਾਮਵਰ ਪ੍ਰਚਾਰਕਾਂ ਤੇ ਧਰਮ ਪ੍ਰਚਾਰ ਦੀ ਸੱਚੀ ਲਗਨ ਵਾਲਿਆਂ ਨੂੰ ਛੱਡ ਕੇ, ਉਨ੍ਹਾਂ ਦੀ ਸੀਮਾ ਭੀ, ਇਸ ਨੂੰ ਕਿੱਤੇ ਵਜੋਂ ਅਪਨਾਉਣ ਕਰਕੇ, ਪੇਟ ਪਾਲਣਾ ਤੱਕ ਰਹਿ ਜਾਂਦੀ ਹੈ, ਇਸ ਕਰਕੇ ਧਰਮ ਪ੍ਰਚਾਰ ਜਾਂ ਮਿਸ਼ਨ ਦੀ ਪੂਰਤੀ ਵਿੱਚੇ ਹੀ ਅਧੂਰੀ ਰਹਿ ਜਾਂਦੀ ਹੈ। ਇਸ ਤੋਂ ਬਚਣ ਦਾ ਇੱਕ ਰਾਹ ਇਹ ਵੀ ਹੋ ਸਕਦਾ ਹੈ ਕਿ ਮਿਸ਼ਨਰੀ ਸੇਵਾ ਸ਼ੁਰੂ ਕੀਤੀ ਜਾਵੇ ਜਿਨ੍ਹਾਂ ਨੂੰ ਤਨਖਾਹ ਕੋਈ ਸੁਸਾਇਟੀ ਜਾਂ ਸੰਸਥਾ ਦੇਵੇ ਅਤੇ ਉਹ ਨਿਧੜਕ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ।

ਮਿਸ਼ਨਰੀ ਕਾਲਜਾਂ ਵਿੱਚ ਜਿਹੜੇ ਵਿਦਿਆਰਥੀ, ਸਿਖਿਆਰਥੀ ਪੜ੍ਹ ਚੁੱਕੇ ਹਨ ਜਾਂ ਪੜ੍ਹ ਰਹੇ ਹਨ, ਮੁਬਾਰਕ ਹੈ ਬਹੁਤ ਚੰਗੇ ਸੂਝਵਾਨ, ਮਨਮੋਹਕ ਬੁਲਾਰੇ ਤਿਆਰਹੋਏ ਹਨ, ਚੰਗੇ ਸੁਚੱਜੇ ਜੀਵਨ ਦੇ ਧਾਰਨੀ ਭੀ ਹਨ; ਪਰ ਸੁਆਲ ਉੱਠਦਾ ਹੈ ਕਿ, ਕੀ ਅਸੀਂ ਸਹੀ ਅਰਥਾਂ ਵਿਚ ਮਿਸ਼ਨਰੀ ਬਣਾਉਣ ਵਿੱਚ ਸਫ਼ਲ ਹੋਏ ਹਾਂ? ਸਾਡਾ ਮਿਸ਼ਨ ਕੇਵਲ ਪ੍ਰਚਾਰਕ, ਗ੍ਰੰਥੀ, ਭਾਈ ਸਾਹਿਬਾਨ ਬਣਾਉਣ ਤੱਕ ਹੀ ਸੀਮਿਤ ਨਹੀਂ ਹੈ। ਇੱਥੋਂ ਸਿੱਖਿਆ ਲੈ ਕੇ ਇਹ ਸਾਰੇ ਆਜ਼ਾਦ ਤੌਰ ਤੇ ਵਿਚਰ ਰਹੇ ਹਨ। ਕੁਝ ਕੁ ਬਹੁਤ ਸਫ਼ਲ ਭਾਈ ਸਾਹਿਬਾਨ, ਪ੍ਰਚਾਰਕ, ਚੰਗੀਆਂ ਨਾਮਵਰ ਸੰਸਥਾਵਾਂ ’ਤੇ ਪੁੱਜੇ ਹਨ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ, ਇਹ ਕੌਮ ਦੀਆਂਮਾਣਮੱਤੀਆਂ ਸ਼ਖ਼ਸੀਅਤਾਂ ਭੀ ਬਣੀਆਂ ਹਨ ਪਰ ਸਾਡਾ ਮਨੋਰਥ ਤੇ ਟੀਚਾ ਹਾਲਾਂ ਪ੍ਰਾਪਤ ਨਹੀਂ ਹੋਇਆ। ਮਿਸ਼ਨਰੀ ਤਾਂ ਹਾਲਾਂ ਅਸੀਂ ਬਣਾਉਣੇ ਹਨ ਜੋ ਕਿ ਮਿਸ਼ਨ ਦੀ ਪੂਰਤੀ ਲਈ ਤੱਤਪਰ ਰਹਿਣ। ਅਜਿਹੇ ਬਹੁਤ ਸਾਰੇ ਕਾਰਜ ਹਨ, ਜਿਨ੍ਹਾਂ ਲਈ ਯੋਗ ਮਿਸ਼ਨਰੀ ਨਹੀਂ ਲੱਭ ਰਹੇ।

ਜਿਹਾ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸਾਡੇ ਸਕੂਲਾਂ, ਕਾਲਜਾਂ, ਹਸਪਤਾਲਾਂ ਵਿੱਚ ਜਾਂ ਪ੍ਰੋਫੈਸ਼ਨਲ ਕਾਲਜਾਂ ਵਿਚ ਜਿੱਥੇ ਆਪਣੇ ਵਿਸ਼ੇ ਦੇ ਮਾਹਰ ਹੋਣ, ਉੱਥੇ ਉਨ੍ਹਾਂ ਨੇ ਮਿਸ਼ਨਰੀ ਕੋਰਸ ਭੀ ਕੀਤਾ ਹੋਵੇ, ਉਨ੍ਹਾਂ ਅੰਦਰ ਸੇਵਾ ਦੀ ਹੁੱਬ ਭੀ ਹੋਵੇ ਤਾਂ ਜੁ ਜਿੱਥੇ ਆਮ ਲੁਕਾਈ ਕੋਈ ਕਿੱਤਾ ਸਿਖਲਾਈ ਲਈ ਆਵੇ, ਉੱਥੇ ਉਸ ਨੂੰ ਧਰਮ ਦੀ ਮੂਰਤੀ, ਸੇਵਾ ਵਿੱਚ ਨਿਪੁੰਨ, ਗੁਰਸਿੱਖ ਪ੍ਰੋਫੈਸ਼ਨਲ ਦੀ ਅਗਵਾਈ ਭੀ ਮਿਲੇ ਤਾਂ ਕਿ ਸਿੱਖ ਖੁਦਮੁਖਤਿਆਰ ਭੀ ਬਣੇ ਅਤੇ ਆਮ ਸਿੱਖੀ ਦਾ ਨਮੂਨਾ ਵੀ।ਸਕੂਲ, ਕਾਲਜ ਲਈ ਪੂਰੀ ਤਰ੍ਹਾਂ ਟਰੇਂਡ ਭੀ ਹੋਵੇ, ਹਸਪਤਾਲ ਵਿੱਚ ਡਾਕਟਰ, ਨਰਸ ਆਦਿਕ ਦੀ ਸਿਖਲਾਈ ਭੀ ਪੂਰੀ ਪ੍ਰਾਪਤ ਕੀਤੀ ਹੋਵੇ ਅਤੇ ਨਾਲ ਹੀ ਪੂਰਾ ਧਰਮ ਪ੍ਰਚਾਰਕ ਭੀ ਹੋਵੇ।

ਇਵੇਂ ਹੀ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਗੁਰੂ ਸਾਹਿਬਾਨ ਨੇ ਆਪ ਜਾ ਕੇ ਤਪਦੀ ਲੁਕਾਈ ਨੂੰ ਨਾਮ ਅੰਮ੍ਰਿਤ ਦੇ ਛੱਟੇ ਦੇ ਕੇ ਸਿੱਖੀ ਮਾਰਗ ਦਾ ਰਾਹਵਿਖਾਉਂਦਿਆਂ, ਉੱਥੇ ਸੰਗਤਾਂ ਜਾਂ ਧਰਮਸ਼ਾਲਾਵਾਂ ਸਥਾਪਿਤ ਕੀਤੀਆਂ ਸਨ, ਉਨ੍ਹਾਂ ਵਿੱਚੋਂ ਕਈ ਥਾਵਾਂ ਦੀ ਸੰਭਾਲ ਹੋ ਰਹੀ ਹੈ ਪਰ ਬਹੁਤੀਆਂ ਥਾਵਾਂ ਅਜਿਹੀਆਂ ਭੀ ਹਨ ਜਿਨ੍ਹਾਂ ਦਾ ਸਾਨੂੰ ਚਿਤ-ਚੇਤਾ ਵੀ ਨਹੀਂ ਹੈ। ਧਿਆਨ ਦਿਓ ਕਿਵੇਂ ਇਕ ਹਰਪਾਲ ਸਿੰਘ ਲੁਧਿਆਣੇ ਤੋਂ ਕੋਰਸ ਕਰਕੇ ਕਨੇਡਾ ਦੀ ਸੰਗਤ ਦੇ ਸਹਿਯੋਗ ਨਾਲ, ਅਰਬੀ, ਫ਼ਾਰਸੀ, ਫਰੈਂਚ, ਜਰਮਨ ਆਦਿਕ ਪੜ੍ਹ ਕੇ ਪੂਰੇ ਵਿਸ਼ਵ ਦੇ ਦੌਰੇ ’ਤੇ ਨਿਕਲਿਆ ਅਤੇ ਉਨ੍ਹਾਂ ਥਾਵਾਂ ਦਾ ਵੇਰਵਾ ਦਿੱਤਾ ਜਿਨ੍ਹਾਂ ਥਾਵਾਂ ’ਤੇ ਗੁਰੂ ਨਾਨਕ ਸਾਹਿਬ ਗਏ ਸਨ। ਅਫਰੀਕਾ, ਯੋਰਪ, ਪੱਛਮੀ ਏਸ਼ੀਆ ਆਦਿ ਥਾਵਾਂ ਦੇ ਇਤਿਹਾਸਕ ਸਬੂਤ, ਲਿਖਤੀ ਵੇਰਵੇ, ਜਨਮਸਾਖੀਆਂ ਨਾਲ ਰਲਾ ਕੇ ਸੰਸਾਰ ਦੇ ਸਾਹਵੇਂ ਰੱਖੇ ਹਨ। ਇਹ ਕਾਰਜ ਦੇਖ ਕੇ ਨਿਮਰਤਾ ਤੇ ਸ਼ਰਧਾ ਨਾਲ ਸੀਸ ਝੁਕ ਜਾਂਦਾ ਹੈ। ਇਨ੍ਹਾਂ ਸਾਰੀਆਂ ਥਾਵਾਂ ਦੀ ਸੇਵਾ ਸੰਭਾਲ ਲਈ ਭੀ ਤਾਂ ਮਿਸ਼ਨਰੀ ਲੋੜੀਂਦੇ ਹਨ ਜਿਹੜੇ ਉਨ੍ਹਾਂ ਥਾਵਾਂ ਦੀ ਬੋਲੀ ਆਦਿ ਵਿਚ ਪਾਰੰਗਤ (ਪੂਰਨ ਯੋਗ) ਹੋਣ। ਹਿੰਦੁਸਤਾਨ ਵਿੱਚ ਭੀ ਬਹੁਤ ਥਾਵਾਂ ਹਨ ਜਿਨ੍ਹਾਂ ’ਤੇ ਗੁਰੂ ਸਾਹਿਬ ਗਏ ਸਨ ਪਰ ਉਹ ਥਾਵਾਂ ਕਿਸੇ ਡੇਰੇ, ਉਦਾਸੀ ਸੰਪਰਦਾ ਜਾਂ ਹੋਰ ਕਿਸੇ ਪ੍ਰਬੰਧ ਹੇਠ ਹਨ। ਕੀ ਉਨ੍ਹਾਂ ਥਾਵਾਂ ਦੀ ਸੇਵਾ ਸੰਭਾਲ ਲਈ ਕਿਤੋਂ ਬਾਹਰੋਂ ਸੱਜਣ ਆਉਣਗੇ? ਲੋੜ ਹੈ ਮਿਸ਼ਨਰੀਆਂ ਦੀ, ਜਿਹੜੇ ਇਨ੍ਹਾਂ ਅਸਥਾਨਾਂ ਦੀ ਇਤਿਹਾਸਕ ਸਮਾਰਕਾਂ ਵਾਂਗੂੰ ਦੇਖ ਭਾਲ ਦੇ ਸਮਰੱਥ ਭੀ ਹੋਣ (ਉਦਾਹਰਣ ਲਈ ਕਾਂਚੀਪੁਰਮ, ਉੱਜੈਨ, ਮੇਘਾਲਯ ਆਦਿਕ)।

ਸਾਡੇ ਪਾਸ ਬਹੁਤ ਸਾਰਾ ਖ਼ਜ਼ਾਨਾ ਲਿਖਤੀ ਭੀ, ਪੁਰਾਤਨ ਹੱਥ-ਲਿਖਤ ਪਾਵਨ ਬੀੜਾਂ ਦੇ ਸਰੂਪ ਭੀ, ਵੱਖ-ਵੱਖ ਥਾਵਾਂ ’ਤੇ ਮਿਲਦੇ ਹਨ। ਮਿਸ਼ਨਰੀ, ਜੋ ਕਿ ਹੱਥ-ਲਿਖਤਾਂ ਨੂੰ ਪੜ੍ਹਨ, ਸੰਭਾਲਣ, ਪਰਖਣ ਦੇ ਮਾਹਿਰ ਹੋਣ ਇਨ੍ਹਾਂ ਦੀ ਭਾਲ, ਸੰਭਾਲ, ਸੁਰੱਖਿਆ ਕਰ ਸਕਣ ਅਤੇ ਪੰਥ ਦੇ ਵਡਮੁੱਲੇ ਖ਼ਜ਼ਾਨੇ ਨੂੰ ਆਉਣ ਵਾਲੀਆਂ ਨਸਲਾਂ ਲਈ ਸੰਭਾਲ (Conserve) ਕਰ ਸਕਣ।

ਸਿੱਖੀ ਦਾ ਧੁਰਾ ਗੁਰੂ ਸਾਹਿਬ ਨੇ ਪੰਜਾਬ ਨੂੰ ਬਣਾਇਆ ਸੀ। ਅੱਧਾ ਪੰਜਾਬ ਮਹਿਰੂਮ (ਵੱਖ) ਹੋ ਗਿਆ, ਅਸੀਂ ਪਵਿੱਤਰ ਗੁਰ ਅਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਹੋ ਗਏ। ਜਿਹੜਾ ਪੰਜਾਬ ਬਾਕੀ ਰਹਿ ਗਿਆ, ਉਸ ਦੇ ਭੀ ਟੁਕੜੇ ਹੋ ਕੇ ਇਕ ਨਿੱਕਾ ਜਿਹਾ ਸੂਬਾ ਹੀ ਰਹਿ ਗਿਆ, ਜਿੱਥੋਂ ਦੀ ਬਹੁ ਗਿਣਤੀ ਸਿੱਖੀ ਸਰੂਪ ਤੋਂ ਮੁਨਕਰ ਹੋ ਰਹੀ ਹੈ। ਆਰਥਕ ਮੰਦਹਾਲੀ ਇਸ ਨੂੰ ਕਿੱਥੋਂ ਤੱਕ ਲੈ ਜਾਵੇਗੀ, ਬਹੁਤ ਚਿੰਤਾ ਦਾ ਵਿਸ਼ਾ ਹੈ, ਹਾਂ ਆਸ ਦੀ ਕਿਰਨ ਹੈ ਗੁਰ ਇਤਿਹਾਸ। ਗੁਰੂ ਸਾਹਿਬਾਨ ਨੇ ਆਰਥਿਕ ਵਿਕਾਸ ਲਈ ਪ੍ਰੇਰਿਆ ਸੀ, ਖੂਹ ਲਗਵਾ ਕੇ, ਵਪਾਰ ਨੂੰ ਉਤਸ਼ਾਹਿਤ ਕਰ ਕੇ, ਸਿੱਖਾਂ ਨੇ ਉਸ ਸਮੇਂ ਘੋੜਿਆਂ ਦਾ ਵਾਪਾਰ ਵੀ ਕੀਤਾ ਜੋ ਕਿ ਉਸ ਸਮੇਂ ਇਕ ਸ਼ਾਹੀ ਵਾਪਾਰ ਸੀ। ਉਸ ਸਮੇਂ ਭਾਈ ਮਨਸੁਖ ਵਰਗੇ ਗੁਰਸਿਖ ਸਿੱਖੀ ਨੂੰ ਚਹੁੰ ਕੁੰਟਾਂ ਵਿਚ ਫ਼ੈਲਾਉਣ ਲਈ ਮਦਦਗਾਰ ਬਣੇ ਸਨ। ਅੱਜ ਮਿਸ਼ਨਰੀ ਜਿੱਥੇ ਸਿੱਖੀ ਸਰੂਪ ਬਚਾਉਣ ਲਈ ਮਦਦਗਾਰ ਹੋਣਗੇ ਉੱਥੇ ਲੋਕਾਂ ਵਿਚ ਖੇਤੀ-ਬਾੜੀ ਦੀ, ਵਿਗਿਆਨਕ ਸੂਝ-ਬੂਝ ਵਧਾਉਣ ਵਿੱਚ, ਵਹਿਮਾਂ-ਭਰਮਾਂ ਤੋਂ ਕੱਢਣ ਲਈ, ਬੱਚਿਆਂ ਵਿੱਚ ਵਿੱਦਿਆ ਫੈਲਾਉਣ ਵਿਚ, ਕਿੱਤਾਵਾਰੀ ਵਿਚ ਨਿਪੁੰਨ ਬਣਾਉਣ ਵਿੱਚ ਮਦਦਗਾਰ ਬਣ ਸਕਦੇ ਹਨ।

ਇਹ ਅਦਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਾਹਿਬਜ਼ਾਦੇ ‘ਸਾਹਿਬਜ਼ਾਦਾ ਜੁਝਾਰ ਸਿੰਘ ਜੀ’ ਦੇ ਨਾਂ ’ਤੇ ਹੈ। ਕੁਝ ਤਾਸੀਰ ਅਜਿਹੀ ਹੈ, ਕੌਮਾਂ ਦੀ ਵਿਗੜੀ ਸੰਵਾਰਨ ਲਈ ਇਸ ਅਦਾਰੇ ਤੋਂ ਬਹੁਤ ਉਮੀਦਾਂ ਹਨ। ਗੁਰੂ ਕਲਗੀਧਰ ਪਿਤਾ ਅਤੇ ਗੁਰੂ ਦੀਆਂ ਸੰਗਤਾਂ ਨੇ ਜਿੱਥੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ। ਕਾਲਜ ਦੀ ਵਿਗੜੀ ਸੰਵਾਰਨ ਲਈ ਹਰ ਵੇਲੇ ਨਾਲ ਖੜੋਤੇ ਹਨ, ਇਹ ਜੋ ਸੁਪਨੇ ਅਸੀਂ ਵੇਖ ਰਹੇ ਹਾਂ, ਜੇ ਸਤਿਗੁਰੂ ਨੂੰ ਭਾਵਣ ਤਾਂ ਉਹ ਆਪ ਹੀ ਬਿਧਿ ਬਣਾਉਣ ਤੇ ਇਨ੍ਹਾਂ ਨੂੰ ਸਾਕਾਰ ਕਰਨ ਵਿਚ ਸਹਾਈ ਹੋਵਣ।

ਪ੍ਰਿੰ. ਨਰਿੰਦਰ ਪਾਲ ਸਿੰਘ     ਫੋਨ: 011-25938827, 27251724, 25109951

ਗੁਰਮਤਿ ਮਿਸ਼ਨਰੀ ਕਾਲਜ (ਰਜਿ:) (ਸਰਪ੍ਰਸਤ ਸ਼੍ਰੋਮਣੀ ਸਿੱਖ ਸਮਾਜ)

19/5 AB, Tilak Nagar, New Delhi -110018

ਬਾਣੀ ਤੇ ਪਾਣੀ ਦੇ ਵਾਰਸ

0

ਬਾਣੀ ਤੇ ਪਾਣੀ ਦੇ ਵਾਰਸ

–ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ)-98554-01843.

ਬਾਣੀ ਜਾਂ ਪਾਣੀ ਤੋਂ ਮੁਨਕਰ ਹੋ ਕੇ ਇਕ ਸਿੱਖ ਲਈ ਜਿਓਣਾ ਹਰਾਮ ਹੈ। ਪਾਣੀ ਤੋਂ ਭਾਵ ਉਹ ਤੱਤ ਜੋ ਸੰਸਾਰ ਦੇ ਜੀਵਨ ਦੀ ਮੁੱਢਲੀ ਇਕਾਈ ਹੈ ਤੇ ਜਿਸ ਤੋਂ ਬਿਨਾਂ ਸਰੀਰੀ, ਦਨਿਆਵੀ ਜਾਂ ਦਿਸਦੇ ਜਗਤ ਨੂੰ ਕਿਆਸਿਆ ਹੀ ਨਹੀਂ ਜਾ ਸਕਦਾ ਅਤੇ ਬਾਣੀ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਬਾਣੀ ਤੋਂ ਹੈ ਜਿਸ ਤੋਂ ਬਿਨਾਂ ਮਾਨਸਕ, ਰੂਹਾਨੀ, ਆਤਮਕ, ਅਧਿਆਤਮਕ ਜਾਂ ਅਣਦਿਸਦੇ ਸੰਸਾਰ ਨੂੰ ਨਹੀਂ ਕਿਆਸਿਆ ਜਾ ਸਕਦਾ।

ਬਾਣੀ ਤੇ ਪਾਣੀ ਦਾ ਆਪਸ ਵਿਚ ਗੂੜਾ ਸਬੰਧ ਹੈ। ਬਾਣੀ ਦੀ ਰਚਨਾ ਪਾਣੀਆਂ ਕੰਢੇ ਹੀ ਹੋਈ। ਬਾਣੀ ਦੇ ਧੁਰ ਤੋਂ ਆਉਣ ਤੋਂ ਪਹਿਲਾਂ ਗੁਰੂ ਨਾਨਕ ਪਾਣੀ (ਵੇਈਂ) ਵਿਚ ਗਏ। ਪਹਿਲਾਂ ਪਾਣੀ ਹੀ ਜੀਵਨ ਹੈ ਜਿਸ ਨਾਲ ਤ੍ਰਿਭਵਨ ਨੂੰ ਸਾਜਿਆ ਅਤੇ ਸਾਜਣ ਤੋਂ ਬਾਅਦ ਬਾਣੀ ਨੂੰ ਧੁਰ ਦਰਗਾਹੋਂ ਲਿਆਂਦਾ ਗਿਆ।

ਰਾਵੀ ਦਰਿਆ ਦੇ ਕੰਢੇ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕਰਦਿਆਂ ਬਾਣੀ ਦਾ ਅਭਿਆਸ ਦ੍ਰਿੜ ਕਰਾਇਆ। ਧਰਤੀ ਦੇ ਕਈ ਕੋਨਿਆਂ ਵਿਚ ਉਹਨਾਂ ਬਾਣੀ ਦੇ ਪ੍ਰਵਾਹ ਤੋਂ ਪਹਿਲਾਂ ਪਾਣੀ ਦੇ ਸੋਮਿਆਂ ਨੂੰ ਪ੍ਰਗਟਾਇਆ। ਬਾਣੀ ਨਾਲ ਆਤਮਾ ਨੂੰ ਠੰਢ ਦੇਣ ਤੋਂ ਪਹਿਲਾਂ ਪਿਆਸੇ ਸਰੀਰਾਂ ਨੂੰ ਪੀਣ ਲਈ ਪਾਣੀ ਦਿੱਤਾ। ਵਲੀਕੰਧਾਰੀ ਦਾ ਹੰਕਾਰ ਪਾਣੀ ਦੇ ਪ੍ਰਵਾਹ ਨੂੰ ਨੀਵਿਆਂ ਕਰਕੇ ਤੋੜਣਾ ਕੀਤਾ। ਪਾਣੀ ਦੇ ਕੰਢੇ ਹੀ ਚੇਲੇ ਭਾਈ ਲਹਿਣੇ ਨੂੰ ਆਪਣਾ ਗੁਰੂ ਜਾਣ-ਮੰਨ ਕੇ ਮੱਥਾ ਟੇਕਿਆ।

ਗੁਰੂ ਸਾਹਿਬਾਨ ਨੇ ਸਰੀਰਕ ਲੋੜ ਦੀ ਮੁੱਢਲੀ ਇਕਾਈ ਪਾਣੀ ਤੱਕ ਸਭ ਦੀ ਪਹੁੰਚ ਯਕੀਨੀ ਬਣਾਈ। ਸਰਬ ਸਾਂਝੇ ਸਰੋਵਰਾਂ, ਖੂਹਾਂ, ਬਾਓਲੀਆਂ, ਤਲਾਬਾਂ, ਹੰਸਾਲੀਆਂ, ਚਸ਼ਮਿਆਂ, ਝੀਰਿਆਂ ਨੂੰ ਪ੍ਰਗਟਾਉਣਾ ਕੀਤਾ। ਜਿੱਥੇ ਪਾਣੀ ਦੇ ਸੋਮਿਆਂ ਨੂੰ ਕਿਆਸਿਆ ਨਹੀਂ ਸੀ ਜਾ ਸਕਦਾ, ਉੱਥੇ ਜਾ ਕੇ ਕਿਤੇ ਚਰਨਾਂ ਨਾਲ, ਕਿਤੇ ਹੱਥਾਂ ਦੀ ਛੋਹ ਨਾਲ, ਕਿਤੇ ਤੀਰਾਂ, ਖੰਡਿਆਂ, ਨੇਜਿਆਂ ਦੀਆਂ ਛੋਹਾਂ ਨਾਲ ਪਾਣੀ ਪ੍ਰਗਟ ਕੀਤਾ। ਨਾ-ਪੀਣ ਯੋਗ ਪਾਣੀ ਦੀਆਂ ਥਾਵਾਂ ਵਿਚ ਪੀਣ ਵਾਲੇ ਠੰਡੇ ਮਿੱਠੇ ਪਾਣੀਆਂ ਦੀਆਂ ਫੁਹਾਰਾਂ ਪ੍ਰਗਟ ਕੀਤੀਆਂ ਜੋ ਅੱਜ ਵੀ ਲੋਕਾਈ ਨੂੰ ਸ਼ਰਸ਼ਾਰ ਕਰ ਰਹੀਆਂ ਹਨ।

ਸਤਲੁਜ ਦੇ ਪਾਣੀ ਨੂੰ ਬਾਟੇ ਵਿਚ ਪਾ ਕੇ ਦਸਮੇਸ਼ ਪਿਤਾ ਨੇ ਵਿਚ ਖੰਡਾ ਫੇਰਦਿਆਂ ਬਾਣੀ ਦਾ ਜਪਣਾ ਕੀਤਾ ਤਾਂ ਉਹ ਪਾਣੀ ਜਦੋਂ ਬਾਣੀ ਨਾਲ ਮਿਲ ਕੇ ਅੰਮ੍ਰਿਤ ਬਣ ਗਿਆ ਤਾਂ ਮਨੁੱਖਤਾ ਦੇ ਇਤਿਹਾਸ ਅੰਦਰ ਐਸਾ ਖਾਲਸਾ ਮਨੁੱਖ ਪ੍ਰਗਟ ਹੋਇਆ ਜਿਸ ਦੀ ਘਾੜ੍ਹਤ ਕਰੀਬ 300 ਸਾਲ ’ਚ ਘੜ੍ਹੀ ਗਈ ਸੀ। ਬਾਣੀ-ਪਾਣੀ ਦੇ ਸੁਮੇਲ ਤੋਂ ਪ੍ਰਗਟੇ ਮਨੁੱਖ ਨੇ ਦੁਨੀਆਂ ਦੇ ਇਤਿਹਾਸ ਅੰਦਰ ਆਪਣੀ ਨਿਵੇਕਲੀ ਥਾਂ ਦਰਜ਼ ਕਰ ਲਈ ਤੇ ਬਾਣੀ-ਪਾਣੀ ਦੇ ਮੂਲ ਗੁਣਾਂ ਨੂੰ ਧਾਰਨ ਕਰਦਿਆਂ ਸਰਬੱਤ ਦੇ ਭਲੇ ਲਈ ਸਰੀਰਕ ਪੱਖ ਤੋਂ ਵੀ ਅੱਗੇ ਰੂਹਾਨੀ ਤਲ ਤੱਕ ਪਹੁੰਚ ਕੇ ਜਿਓਣਾ ਸਿਖਾਇਆ। ਬਾਣੀ ਤੇ ਪਾਣੀ ਦਾ ਐਸਾ ਸੁਮੇਲ ਹੋਇਆ ਕਿ ਸਰਸਾ ਦੇ ਪਾਣੀ ਕੰਢੇਪਏ ਪਰਿਵਾਰ ਵਿਛੋੜੇ ਸਮੇਂ ਦੇ ਦੁਨਿਆਵੀ ਤੌਰ ’ਤੇ ਭੀਹਾਵਲੇਂ ਸਮੇਂ ਵੀ ਬੈਠ ਕੇ ਨਿਤਨੇਮ ਮੁਤਾਬਕ ਬਾਣੀ ਦਾ ਜਾਪ ਕੀਤਾ।

ਪਾਣੀ ਜਿੱਥੇ ਸਰੀਰਕ ਖੇਹ ਨੂੰ ਉਤਾਰਨਾ ਕਰਦਾ ਹੈ ਉੱਥੇ ਬਾਣੀ ਮਨੁੱਖੀ ਮਤ ਉੱਤੇ ਪਏ ਪਾਪਾਂ ਨੂੰ ਧੋਂਦੀ ਹੈ। ਪਾਣੀ ਨਾਲ ਸਰੀਰ ਸਾਫ ਕਰਕੇ ਬਾਣੀ ਨਾਲ ਮਨ ਨੂੰ ਸਾਫ ਕਰਨ ਦਾ ਵਿਧਾਨ ਹੈ। ਪਾਣੀ ਤੇ ਬਾਣੀ ਵਿਚ ਕੋਈ ਵੀ ਅੱਵਲ ਜਾਂ ਦੋਮ ਨਹੀਂ ਹਨ ਸਗੋਂ ਦੋਵੇਂ ਇਕ ਦੂਜੇ ਦੇ ਪੂਰਕ ਹਨ ਅਤੇ ਇਹ ਇਕ ਦੂਜੇ ਦੀ ਜਗ੍ਹਾਂ ਤਾਂ ਲੈ ਨਹੀਂ ਸਕਦੇ ਭਾਵ ਬਾਣੀ ਨਾਲ ਸਰੀਰ ਦੀ ਮੈਲ ਨਹੀਂ ਧੋਤੀ ਜਾ ਸਕਦੀ ਅਤੇ ਪਾਣੀ ਨਾਲ ਮਨ ਦੇ ਪਾਪ ਨਹੀਂ ਹੂੰਝੇ ਜਾ ਸਕਦੇ ਪਰ ਇਹਨਾਂ ਦਾ ਸੁਮੇਲ ਅਜਬ ਵੀ ਹੈ ਕਿ ਜਦੋਂ ਗੁਰੂਆਂ ਨੇ ਸਾਂਝੇ ਸਰੋਵਰਾਂ ਤੇ ਬਾਓਲੀਆਂ ਵਿਚ ਸਭ ਮਨੁੱਖਾਂ ਨੂੰ ਜਾਤ-ਪਾਤ ਦਾ ਭਰਮ ਛੱਡ ਕੇ ਨਹਾਉਣ ਲਈ ਪ੍ਰੇਰਿਆ ਤਾਂ ਗੁਰੂ ਦੇ ਪਾਣੀ (ਬਾਣੀ) ਨੇ ਮਨਾਂ ਵਿਚਲੇ ਜਾਤ-ਅਭਿਮਾਨ ਜਾਂ ਜਾਤ-ਹੀਣਤਾ ਦੇ ਪਾਪਾਂ ਨੂੰ ਵੀ ਧੋਣਾ ਕੀਤਾ। ਕਾਂ-ਬਿਰਤੀ ਮਨੁੱਖ ਹੰਸ-ਬਿਰਤੀ ਬਣ ਗਏ ਬਸ਼ਰਤੇ ਕਿ ਉਹਨਾਂ ਬਾਣੀ ਨੂੰ ਪਾਣੀ ਜਾਂ ਪਾਣੀ ਨੂੰ ਬਾਣੀ ਸਮਝ ਕੇ ਟੁੱਬੀ ਲਾਈ।

ਬਾਣੀ ਤੇ ਪਾਣੀ ਦਾ ਮੂਲ ਸੁਭਾ ਨਿਮਰਤਾ, ਨਿਰਮਲਤਾ ਤੇ ਨਿਰੰਕਾਰਤਾ ਹੈ। ਬਾਣੀ ਤੇ ਪਾਣੀ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੇ। ਆਪਣਾ ਕੋਈ ਰੰਗ ਨਾ ਹੋਣ ਦੇ ਬਾਵਜੂਦ ਸਭ ਰੰਗਾਂ ਨੂੰ ਆਪਣੇ ਵਿਚ ਥਾਂ ਦਿੰਦੇ ਹਨ। ਸਭ ਸਰੀਰਕ ਤੇ ਦੁਨਿਆਵੀ ਰਸਾਂ ਦਾ ਮੂਲ ਪਾਣੀ ਹੈ ਅਤੇ ਰੂਹਾਨੀ ਤੇ ਅਧਿਆਤਮਕ ਰਸਾਂ ਦਾ ਮੂਲ ਬਾਣੀ ਹੈ। ਬਾਣੀ ਤੇ ਪਾਣੀ ਤੋਂ ਪ੍ਰਗਟੇ ਮਨੁੱਖ ਵਿਚ ਵੀ ਇਹ ਬੁਨਿਆਦੀ ਗੁਣ ਹੋਣੇ ਲਾਜ਼ਮੀ ਹਨ ਤਾਂ ਹੀ ਉਹ ਬਾਣੀ ਤੇ ਪਾਣੀ ਦਾ ਵਾਰਸ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਵੀ ਗੁਰਸਿੱਖ ਦੇ ਦੁਨਿਆਵੀ ਤੌਰ ਉਪਰ ਵਿਚਰਨ ਲਈ ਨਿਸ਼ਾਨੀ ਵਜੋਂ ਪਾਣੀ ਦੀ ਉਦਾਹਰਨ ਦਿੱਤੀ ਹੈ ਕਿ ਧਰਤੀ ਪੈਰਾਂ ਹੇਠ ਹੈ ਅਤੇ ਧਰਤੀ ਦੇ ਹੇਠਾਂ ਪਾਣੀ ਵਸਦਾ ਹੈ ਅਤੇ ਪਾਣੀ ਹਮੇਸ਼ਾਂ ਨੀਵੇਂ ਪਾਸੇ ਵੱਲ ਨੂੰ ਵਗਦਾ ਹੈ ਭਾਵ ਪਾਣੀ ਦਾ ਮੂਲ ਗੁਣ ਨਿਰਮਾਣਤਾ ਹੈ ਜਿਵੇਂ ਬਾਣੀ ਨਾਲ ਸਰਸ਼ਾਰ ਮਨੁੱਖ ਵੀ ਨੀਵਿਆਂ ਦੇ ਸੰਗ-ਸਾਥ ਰਹਿ ਕੇ ਪਰਮਾਤਮਾ ਦੀ ਨਦਰ-ਬਖਸ਼ਸ਼ ਦਾ ਪਾਤਰ ਬਣਦਾ ਹੈ। ਨਾਲ ਹੀ ਪਾਣੀ ਦਾ ਭਾਵੇਂ ਮੂਲ ਰੂਪ ਸੀਤਲਤਾ ਹੀ ਹੈ ਪਰ ਜਦੋ ਕੋਈ ਉਸ ਨੂੰ ਧੁੱਪੇ ਰੱਖ ਦੇਵੇ ਜਾਂ ਉਸ ਥੱਲੇ ਅੱਗ ਬਾਲ ਦੇਵੇ ਤਾਂ ਉਹ ਫਿਰ ਤੱਤਾ ਹੋਇਆ ਭਾਫ ਬਣ ਕੇ ਉਪਰ ਨੂੰ ਜਾਂਦਾ ਹੈ ਤਾਂ ਫਿਰ ਉਸ ਨੂੰ ਦਬਾਇਆ ਨਹੀਂ ਜਾ ਸਕਦਾ, ਦੁਨੀਆਂ ਵਿਚ ਪਾਣੀ ਦੀ ਭਾਫ ਨੂੰ ਦਬਾਉਣ ਦਾ ਅਜੇ ਤੱਕ ਕੋਈ ਸਾਧਨ ਤਿਆਰ ਨਹੀਂ ਹੋ ਸਕਿਆ ਤੇ ਨਾ ਹੀ ਹੋ ਸਕੇਗਾ ਪਰ ਤੱਤਾ ਪਾਣੀ ਵੀ ਅੱਗ (ਜ਼ੁਲਮ) ਨੂੰ ਭੜਕਾਉਂਦਾ ਨਹੀਂ ਸਗੋਂ ਅੱਗ ਨੂੰ ਬੁਝਾਉਂਦਾ ਹੀ ਹੈ। ਬਾਣੀ ਵੀ ਮਨੁੱਖ ਨੂੰ ਅਣਖ-ਗੈਰਤ ਨਾਲ ਜਿਉਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਜਦੋਂ ਬਾਣੀ ਤੋਂਉਪਜੀ ਗੈਰਤ-ਅਣਖ ਨੂੰ ਕੋਈ ਵੰਗਾਰੇ ਤਾਂ ਫਿਰ ਸਿਰ ਤਲੀ ਉਪਰ ਟਿਕਾ ਕੇ ਜੂਝਣਾ ਪੈਂਦਾ ਹੈ ਕਿਉਂਕਿ ਪਰੇਮ ਦੀ ਇਸ ਗਲੀ ਵਿਚੋਂ ਲੰਘ ਕੇ ਹੀ ਪਰਵਾਨਤਾ ਮਿਲਦੀ ਹੈ।

ਪਾਣੀ ਦੀ ਧਰਤੀ ਪੰਜਾਬ ਉਪਰ ਪਾਣੀ ਤਾਂ ਕਦੋਂ ਦੇ ਵਹਿ ਰਹੇ ਸਨ ਪਰ ਉਹ ਵਹਿ ਰਹੇ ਸਨ ਬਾਣੀ ਦੀ ਉਡੀਕ ਵਿਚ, ਉਹਨਾਂ ਦੀ ਚਾਲ ਬਾਣੀ ਨਾਲ ਮਿਲਣ ਤੋਂ ਬਾਅਦ ਭਗਤਾਂ ਵਰਗੀ ਨਿਰਾਲੀ ਹੋ ਗਈ। ਉਹ ਗੁਰੂਆਂ ਅਤੇ ਸ਼ਹੀਦਾਂ ਦੇ ਨਾਲ-ਨਾਲ ਚੱਲਣ ਲੱਗੇ। ਪਾਣੀ ਨੇ ਆਪਣੇ ਜਾਂਇਆਂ ਨੂੰ ਹੱਸਦੇ-ਖੇਲਦੇ, ਵਿਗਸਦੇ, ਜੰਗਾਂ ਵਿਚ ਜੂਝਦੇ ਦੇਖਿਆ। ਪਾਣੀ ਦੀ ਰਾਖੀ ਲਈ ਉਹਨਾਂ ਆਪਣਾ ਸੂਹਾ ਰੰਗ ਵੀ ਭੇਟਾ ਕੀਤਾ। ਪਾਣੀ ਵੀ ਬਾਣੀ ਨਾਲ ਮਿਲਣ ਤੋਂ ਬਾਅਦ ਜੁਝਾਰੂ ਹੋ ਗਿਆ ਤਾਂਹੀ ਤਾਂ ਉਸ ਨੂੰ ਵੀ ਡੈਮਾਂ ਰੂਪੀ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਪਾਣੀ ਤੇ ਬਾਣੀ ਨੂੰ ਆਪਣੀ ਚਾਲੇ, ਬਿਨਾਂ ਰੋਕ-ਟੋਕ ਤੋਂ ਹੀ ਵਗਣ ਦੇਣਾ ਚਾਹੀਦਾ ਹੈ ਤਾਂ ਹੀ ਦੁਨਿਆਵੀ-ਧਰਤ ਅਤੇ ਰੂਹਾਨੀ-ਧਰਤ ਵਿਚ ਵੱਧ ਰਹੇ ਸੋਕੇ ਨੂੰ ਠੱਲ ਪੈ ਸਕਦੀ ਹੈ। ਪਾਣੀ ਬੰਨਣ (ਭਾਵ ਡੈਮ) ਕਾਰਨ ਦੁਨਿਆਵੀ-ਧਰਤ ਵਿਚ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਬਾਣੀ ਬੰਨਣ (ਭਾਵ ਸੀਮਤ ਪਹੁੰਚ) ਕਾਰਨ ਮਨੁੱਖੀ ਆਤਮਾ ਵਿਚਲੇ ਮੂਲ ਗੁਣ ਡੂੰਘੇ ਹੁੰਦੇ ਜਾ ਰਹੇ ਹਨ।

ਅੱਜ ਗੁਰੂ ਵਰੋਸਾਈ ਧਰਤ ਉਪਰ ਬਾਣੀ ਤੇ ਪਾਣੀ ਦੀ ਬੇਅਦਬੀ ਤੇ ਬੇਕਦਰੀ ਹੋ ਰਹੀ ਹੈ, ਕੀਤੀ ਜਾ ਰਹੀ ਹੈ, ਕਰਵਾਈ ਜਾ ਰਹੀ ਹੈ। ਬਾਣੀ ਤੇ ਪਾਣੀ ਦੇ ਗੁਣਾਂ ਨੂੰ ਧਾਰਨ ਕਰਨ ਦੀ ਥਾਂ ਨਿੱਜ ਸਵਾਰਥ ਲਈ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬਾਣੀ ਤੇ ਪਾਣੀ ਤਾਂ ਮੂਲ ਹਨ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਸ ਲਈ ਇਹਨਾਂ ਦਾ ਰਾਖਾ ਹੋਣ ਦਾ ਦਾਅਵਾ ਕਰਨਾ ਰਾਜ-ਅਭਿਮਾਨ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੱਚਾਈ ਇਹ ਹੈ ਕਿ ਬਾਣੀ ਤੇ ਪਾਣੀ ਦੀ ਦਿਸਦੇ ਰੂਪ ਵਿਚ ਵੀ ਰਾਖੀ ਇਹਨਾਂ ਦੇ ਸੁਮੇਲ ਵਿਚੋਂ ਪ੍ਰਗਟ ਹੋਏ ਖਾਲਸੇ ਨੇ ਹੀ ਕੀਤੀ ਹੈ ਭਾਵੇਂ ਇਸ ਵਾਸਤੇ ਆਪਣਾ ਜਾਂ ਦੂਜਿਆਂ ਦਾ ਖੂਨ ਡੋਲਣਾ ਪਿਆ ਅਤੇ ਅਗਾਂਹ ਵੀ ਪਾਣੀ ਦੇ ਸੋਮੇ ਦਰਿਆਵਾਂ ਅਤੇ ਬਾਣੀ ਦੇ ਸੋਮੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਕਦਰ-ਸਤਿਕਾਰ ਲਈ ਖਾਲਸਾ ਹੀ ਜਿੰਮੇਵਾਰ ਹੈ।

ਅੱਜ ਪਾਣੀ ਨੂੰ ਖੋਹਣ ਅਤੇ ਬਾਣੀ ਨੂੰ ਤੋੜਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਇਹ ਚਾਲਾਂ 60-70 ਸਾਲਾਂ ਤੋਂ ਜਾਰੀ ਹਨ ਅਤੇ ਇਹ ਉਹ ਲੋਕ ਚੱਲ ਰਹੇ ਹਨ ਜਿਹਨਾਂ ਨੂੰ ਬਾਣੀ ਜਾਂ ਪਾਣੀ ਦੀ ਕੋਈ ਕਦਰ ਨਹੀਂ। ਉਹਨਾਂ ਦੇ ਜੀਵਨ ਵਿਚ ਬਾਣੀ-ਪਾਣੀ ਤੋਂ ਮਿਲਦੀ ਸੀਤਲਤਾ ਦੀ ਥਾਂ ਅੱਗ-ਸਾੜਾ ਜਾਂ ਜ਼ਹਿਰ ਭਰੀ ਹੋਈ ਹੈ ਜਿਸ ਅੱਗ ਨੇ ਪਹਿਲਾਂ ਗੁਰੂ ਸਾਹਿਬ ਨੂੰ ਤੱਤੀ ਤਵੀ ਉਪਰ ਬਿਠਾ ਕੇ ਸਾੜਣ ਦਾ ਯਤਨ ਕੀਤਾ ਅਤੇ ਜਿਸ ਨਾਗ ਨੇ ਆਪਣੀ ਸੋਚ ਜ਼ਹਿਰ ਹੋਣ ਕਾਰਨ ਛੋਟੇ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ ਦੱਸਿਆ। ਇਹੀ ਲੋਕ ਸਾਡੇ ਹਿਰਦੇ ਨੂੰ ਬੰਬਾਂ-ਗੋਲੀਆਂ ਨਾਲ ਛੱਲਣੀ ਕਰਨ ਦੇ ਦੋਸ਼ੀ ਹਨ। ਬਾਣੀ-ਪਾਣੀ ਵਿਚੋਂ ਪ੍ਰਗਟੇ ਵਿਲੱਖਣ ਸਰੂਪ ਦੇ ਵਿਰੋਧੀ ਇਹਨਾਂ ਲੋਕਾਂ ਦਾ ਬਾਣੀ ਤਾਂ ਇਕ ਪਾਸੇ ਸਗੋਂ ਪਾਣੀ ਨਾਲ ਵੀ ਦੂਰ ਦਾ ਵਾਸਤਾ ਨਹੀਂ ਸਗੋਂ ਇਹਨਾਂ ਦਾ ਜਿਆਦਾ ਕੁਝ ਅੱਗ ਉਪਰ ਨਿਰਭਰ ਹੈ। ਅੱਗਾਂ ਵਿਚ ਚੰਦਨ-ਫਲਾਂ-ਫੁੱਲਾਂ ਦੀਆਂ ਆਹੂਤੀਆਂ ਪਾਉਂਦੇ-ਪਾਉਂਦੇ ਇਹ ਲੋਕ ਅੱਗਾਂ ਵਿਚ ਮਨੁੱਖਾਂ ਦੀਆਂ ਆਹੂਤੀਆਂ ਪਾਉਣ ਲੱਗ ਪਏ ਅਤੇ ਹੁਣ ਸੋਚਾਂ ਦੀਆਂ ਆਹੂਤੀਆਂ ਵੀ ਪਾਉਣਾ ਲੋਚਦੇ ਹਨ।

ਆਓ ! ਬਾਣੀ ਤੇ ਪਾਣੀ ਦੇ ਰੂਪ ਵਿਚ ਮਿਲੇ ਖਜ਼ਾਨੇ ਦੀ ਕਦਰ ਪਛਾਣੀਏ ਅਤੇ ਆਪਣੇ ਜੀਵਨ ਨੂੰ ਇਹਨਾਂ ਦੇ ਮੂਲ ਗੁਣਾਂ ਨਾਲ ਸਰਸ਼ਾਰ ਕਰਨ ਤੋਂ ਬਾਅਦ ਇਹਨਾਂ ਤੋਂ ਮਿਲੀ ਅਣਖ ਨਾਲ ਸਰਬੱਤ ਦੇ ਭਲੇ ਲਈ ਗੁਰਮਤ ਗਾਡੀ ਰਾਹ ਉਪਰ ਚੱਲਣ ਦਾ ਯਤਨ ਕਰੀਏ ਤਾਂ ਹੀ ਬਾਣੀ ਤੇ ਪਾਣੀ ਦੇ ਵਾਰਸ ਕਹਾਉਣ ਦੇ ਹੱਕਦਾਰ ਹੋ ਸਕਾਂਗੇ।

ਗੁਰਦੁਆਰਾ ਐਕਟ-1925 ’ਚ ਸੋਧ

0

ਗੁਰਦੁਆਰਾ ਐਕਟ-1925 ’ਚ ਸੋਧ

ਕਿਰਪਾਲ ਸਿੰਘ ਬਠਿੰਡਾ 9855480797

11 ਮਾਰਚ ਦੇ ਅਖ਼ਬਾਰਾਂ ’ਚ ਇਹ ਖ਼ਬਰ ਪੜ੍ਹਨ ਨੂੰ ਮਿਲੀ ਕਿ ਕੇਂਦਰੀ ਵਜਾਰਤ ਨੇ ‘ਗੁਰਦੁਆਰਾ ਐਕਟ-1925’ ’ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਨਹੀਂ ਮਿਲੇਗਾ। ਭਾਵੇਂ ਇਹ ਫੈਸਲਾ ਵੀ ਸਤਾਧਾਰੀ ਅਕਾਲੀ ਦਲ ਦੀਆਂ ਸਿਆਸੀ ਮਜ਼ਬੂਰੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਪਰ ਫਿਰ ਵੀ ਦੇਰ ਨਾਲ ਕੀਤਾ ਦਰੁਸਤ ਫੈਸਲਾ ਕਿਹਾ ਜਾ ਸਕਦਾ ਹੈ। ਇਸ ਫੈਸਲੇ ਨੂੰ ਸਤਾਧਾਰੀ ਪੱਖ ਦੀਆਂ ਸਿਆਸੀ ਮਜ਼ਬੂਰੀਆਂ ਦਾ ਨਾਮ ਇਸ ਲਈ ਦਿੱਤਾ ਹੈ ਕਿਉਂਕਿ ਸੰਨ 2003 ਵਿੱਚ ਜਦੋਂ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਗ੍ਰਹਿ ਮੰਤਰੀ ਸੀ ਉਸ ਸਮੇਂ ਇਕ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਜਿਸ ਰਾਹੀਂ ਗੁਰਦੁਆਰਾ ਐਕਟ-1925 ਰਾਹੀਂ ਸਹਿਜਧਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮਿਲੇ ਅਧਿਕਾਰ ਨੂੰ ਵਾਪਸ ਲੈ ਕੇ ਉਨ੍ਹਾਂ ਨੂੰ ਵੋਟ ਦੇ ਹੱਕ ਤੋਂ ਵਾਂਝਿਆ ਕਰ ਦਿੱਤਾ ਗਿਆ ਸੀ। ਇਸੇ ਆਰਡੀਨੈਂਸ ਦੇ ਅਧਾਰ ’ਤੇ ਸ਼੍ਰੋਮਣੀ ਕਮੇਟੀ ਦੀਆਂ 2004 ਵਿੱਚ ਚੋਣਾਂ ਹੋਈਆਂ ਜਿਸ ਨੂੰ ਸਹਿਜਧਾਰੀ ਸਿੱਖ ਫੈਡਰੇਸ਼ਨ ਨੇ ਅਦਾਲਤ ਵਿੱਚ ਚੈਲੰਜ ਕਰਦਿਆਂ ਤਰਕ ਦਿੱਤਾ ਕਿ ਆਰਡੀਨੈਂਸ ਦੀ ਕਾਨੂੰਨੀ ਵੈਧਤਤਾ ਸਿਰਫ 6 ਮਹੀਨੇ ਤੱਕ ਹੁੰਦੀ ਹੈ ਅਤੇ 6 ਮਹੀਨੇ ਬਾਅਦ ਇਸ ਆਰਡੀਨੈਂਸ ਨੂੰ ਨਾ ਤਾਂ ਪਾਰਲੀਮੈਂਟ ਵਿੱਚ ਬਿੱਲ ਪਾਸ ਕਰਵਾ ਕੇ ਕਾਨੂੰਨ ਵਿੱਚ ਬਦਲਿਆ ਗਿਆ ਹੈ ਅਤੇ ਨਾ ਹੀ ਦੁਬਾਰਾ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਵੋਟਰ ਦਾ ਹੱਕ ਖੋਹ ਕੇ ਉਨ੍ਹਾਂ ਦੇ ਬੁਨਿਆਦੀ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਪਰ ਸਾਡੇ ਦੇਸ਼ ਦੀ ਅਦਾਲਤੀ ਪ੍ਰੀਕ੍ਰਿਆ ਵੀ ਐਸੀ ਧੀਮੀ ਚਾਲ ਨਾਲ ਚਲਦੀ ਹੈ ਕਿ ਜਾਂ ਤਾਂ ਇਨਸਾਫ ਮਿਲਦਾ ਹੀ ਨਹੀਂ ਜਾਂ ਫੈਸਲੇ ਨੂੰ ਇਸ ਕਦਰ ਲਟਕਾ ਦਿੱਤਾ ਜਾਂਦਾ ਹੈ ਕਿ ਦੇਰੀ ਨਾਲ ਮਿਲਿਆ ਇਨਸਾਫ ਵੀ ਇਨਸਾਫ ਤੋਂ ਵਿਰਵਾ ਰੱਖਣ ਦੇ ਤੁਲ ਜਾਪਣ ਲੱਗ ਪੈਂਦਾ ਹੈ। ਸਿਆਸੀ ਦਲ ਵੀ ਮਸਲੇ ਨੂੰ ਲਟਕਦੇ ਰੱਖਣ ਵਿੱਚ ਆਪਣੀ ਭਲਾਈ ਸਮਝਦੇ ਹਨ ਤਾਂ ਕਿ ਉਹ ਲੋੜ ਪੈਣ ’ਤੇ ਇਸ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤ ਸਕਣ। ਜੇਕਰ ਬਾਦਲ ਦਲ ਇਸ ਆਰਡੀਨੈਂਸ ਨੂੰ ਦਿਲੋਂ ਲਾਗੂ ਕਰਵਾਉਣਾ ਚਾਹੁੰਦਾ ਤਾਂ ਉਹ ਸਹਿਜੇ ਹੀ ਇਸ ਨੂੰ ਕੇਂਦਰ ਦੀ ਐੱਨ. ਡੀ. ਏ. ਸਰਕਾਰ ਤੋਂ ਪਾਰਲੀਮੈਂਟ ’ਚ (ਹੁਣ ਦੀ ਤਰ੍ਹਾਂ ਸੰਨ 2003 ’ਚ) ਬਿੱਲ ਪਾਸ ਕਰਵਾ ਕੇ ਕਾਨੂੰਨ ਦੀ ਸ਼ਕਲ ਦਿਵਾ ਸਕਦਾ ਸੀ ਕਿਉਂਕਿ ਮਈ 2004 ਤੱਕ ਕੇਂਦਰ ਵਿੱਚ ਉਨ੍ਹਾਂ ਦੀ ਭਾਈਵਾਲੀ ਵਾਲੀਐੱਨ. ਡੀ. ਏ. ਸਰਕਾਰ ਹੀ ਸੀ, ਜਿਸ ਨੇ ਇਹ ਆਰਡੀਨੈਂਸ ਜਾਰੀ ਕੀਤਾ ਸੀ। ਪਰ ਅਕਾਲੀ ਦਲ ਨੇ ਆਪਣੀ ਆਦਤ ਅਤੇ ਸਿਆਸੀ ਹਿੱਤਾਂ ਕਾਰਨ ਐਸੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਜਿਸ ਕਾਰਨ ਕੌਮ ਪਿਛਲੇ 12 ਸਾਲਾਂ ਤੋਂ ਅਦਾਲਤੀ ਪ੍ਰੀਕ੍ਰਿਆ, ਧੜੇਬੰਦੀ ਅਤੇ ਬਿਆਨਬਾਜ਼ੀ ਵਿੱਚ ਉਲਝ ਕੇ ਕੌਮੀ ਸ਼ਕਤੀ, ਸਮਾਂ ਤੇ ਸ਼ਰਮਾਇਆ ਬਰਬਾਦ ਕਰ ਰਹੀ ਹੈ। ਕੇਸ ਅਦਾਲਤ ਵਿੱਚ ਹੋਣ ਦੇ ਬਾਵਜੂਦ 2011 ਵਿੱਚ ਅਕਾਲੀ ਦਲ ਨੇ ਆਪਣੇ ਸਿਆਸੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬੜੀ ਕਾਹਲੀ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਯੂ. ਪੀ. ਏ. ਦੀ ਕੇਂਦਰ ਸਰਕਾਰ ’ਤੇ ਇਹ ਦਬਾਉ ਵਧਾਉਂਦਿਆਂ ਕਿਹਾ ਕਿ ਜੇ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਟਕਾਈਆਂ ਤਾਂ ਇਸ ਨੂੰ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਸਿੱਖ ਧਰਮ ਵਿੱਚ ਦਖ਼ਲ ਸਮਝਿਆ ਜਾਵੇਗਾ ਜਿਸ ਨਾਲ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ ਜਿਸ ਲਈ ਕਾਂਗਰਸ ਪਾਰਟੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। 2011 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤਾਂ ਹੋ ਗਈਆਂ, ਸਤਾਧਾਰੀ ਪੱਖ ਨੇ ਚੋਣਾਂ ਜਿੱਤ ਵੀ ਲਈਆਂ, ਇਸ ਜਿੱਤ ਨੂੰ ਸੈਮੀਫਾਈਨਲ ਵਿੱਚ ਜਿੱਤ ਦੇ ਤੌਰ ’ਤੇ ਪ੍ਰਚਾਰ ਕੇ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਸਰਕਾਰ ਵੀ ਬਣਾ ਲਈ ਪਰ ਕੇਸ ਅਦਾਲਤ ਵਿੱਚ ਚਲਦਾ ਹੋਣ ਕਰਕੇ ਚੁਣੀ ਹੋਈ ਕਮੇਟੀ ਨੂੰ ਕਾਨੂੰਨੀ ਮਾਣਤਾ ਨਹੀਂ ਮਿਲੀ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦਾ ਕੰਮ-ਕਾਜ ਇਸ ਤੋਂ ਪਿਛਲੀ (2004 ’ਚ ਚੁਣੀ ਹੋਈ) ਕਮੇਟੀ ਦੇ ਹੀ ਕੇਵਲ 15 ਕਾਰਜਕਾਰਨੀ ਕਮੇਟੀ ਮੈਂਬਰ ਚਲਾ ਰਹੇ ਹਨ। ਪ੍ਰਬੰਧ ਅਤੇ ਮਰਿਆਦਾ ਸੰਬੰਧੀ ਜਿਹੜੇ ਅਹਿਮ ਫੈਸਲੇ ਕਮੇਟੀ ਦੇ ਜਨਰਲ ਹਾਊਸ ਨੇ ਕਰਨੇ ਹੁੰਦੇ ਹਨ ਉਹ ਗੈਰ ਕਾਨੂੰਨੀ ਢੰਗ ਨਾਲ ਆਰਜੀ ਤੌਰ ’ਤੇ ਕੇਵਲ 15 ਮੈਂਬਰ ਹੀ ਕਰ ਰਹੇ ਹਨ ਤੇ ਪ੍ਰਧਾਨ ਸਮੇਤ ਸੰਨ 2011 ’ਚ ਚੁਣੇ ਗਏ ਤਮਾਮ ਮੈਂਬਰ ਸੁੱਖ ਸਹੂਲਤਾਂ ਪਿਛਲੇ 4-5 ਸਾਲ ਤੋਂ ਨਿਰੰਤਰ ਮਾਣ ਰਹੇ ਹਨ।

ਕੇਸ ਅਦਾਲਤ ਵਿੱਚ ਹੋਣ ਦੇ ਬਾਵਜੂਦ 2011 ਵਿੱਚ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਵਿੱਚ ਬਾਦਲ ਦਲ ਦੀ ਕਾਹਲ ਦਾ ਕਾਰਨ ਇਹੋ ਸੀ ਕਿ ਉਸ ਸਮੇਂ ਤਕਰੀਬਨ ਤਕਰੀਬਨ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ 2012 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੁਬਾਰਾ ਅਕਾਲੀ-ਭਾਜਪਾ ਸਰਕਾਰ ਬਣਨ ਦੇ ਆਸਾਰ ਬਹੁਤ ਹੀ ਮੱਧਮ ਸਨ। ਜਿਸ ਨੂੰ ਮੁੱਖ ਰੱਖ ਕੇ ਉਹ ਆਪਣੀ ਸਰਕਾਰ ਦੀ ਦੇਖ ਰੇਖ ਹੇਠ ਹੀ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣੀਆਂ ਪਸੰਦ ਕਰਦੇ ਸਨ ਤਾਂ ਜੋ ਸਰਕਾਰੀ ਮਦਦ ਦਾ ਵੱਧ ਤੋਂ ਵੱਧ ਲਾਭ ਉੱਠਾ ਕੇ ਚੋਣਾਂ ਜਿੱਤੀਆਂ ਜਾ ਸਕਣ, ਜਿਸ ਦਾ ਸਿੱਧੇ ਰੂਪ ’ਚ 2012 ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਅਸਰ ਪਵੇਗਾ। ਸੰਨ 2017 ’ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੁਣ ਅਕਾਲੀ ਦਲ ਦੀ ਸਿਆਸੀ ਮਜ਼ਬੂਰੀ ਇਹ ਹੈ ਕਿ ਉਹ ਪਹਿਲਾਂ ਵਾਲਾ ਇਤਿਹਾਸ ਹੀ ਦੁਹਰਾਉਣਾ ਚਾਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 2011 ਵਾਙ 2016 ਵਿੱਚ ਜਿੱਤ ਕੇ ਇਸ ਜਿੱਤ ਨੂੰ ਪਹਿਲਾਂ ਵਾਙ ਸੈਮੀ ਫਾਈਨਲ ਦੀ ਜਿੱਤ ਵਜੋਂ ਪੇਸ਼ ਕਰਕੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਜਿੱਤ ਲਈਆਂ ਜਾਣ ਜਾਂ ਘੱਟੋ-ਘੱਟ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਤਾਂ ਜ਼ਰੂਰ ਰਹਿਆ ਜਾ ਸਕੇ ਤਾਂ ਜੋ ਪੰਥਕ ਲੀਡਰ ਹੋਣ ਦਾ ਲਕਬ ਬਣਿਆ ਰਹੇ ਤੇ ਸਮਾਂ ਆਉਣ ’ਤੇ ਸ਼੍ਰੋਮਣੀ ਕਮੇਟੀ ਰਾਹੀਂ ਰਾਜਨੀਤਿਕ ਸ਼ਕਤੀ ਦੁਬਾਰਾ ਹਾਸਲ ਕੀਤੀ ਜਾ ਸਕੇ।

2011 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੇਂਦਰ ਸਰਕਾਰ ਨੇ ਜਸਟਿਸ ਜੇ. ਸੀ. ਵਰਮਾ ਨੂੰ ਗੁਰਦੁਆਰਾ ਚੋਣ ਕਮੀਸ਼ਨ ਦਾ ਚੇਅਰਮੈਨਨਿਯੁਕਤ ਕੀਤਾ। ਜਸਟਿਸ ਵਰਮਾ ਨੇ ਆਪਣਾ ਅਹੁੱਦਾ ਸੰਭਾਲਦਿਆਂ ਹੀ ਨਿਰਪੱਖ ਅਤੇ ਪਾਰਦ੍ਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਦਾ ਫੈਸਲਾ ਕਰਦਿਆਂ ਐਲਾਨ ਕੀਤਾ ਕਿ ਵੋਟਰ ਵਜੋਂ ਨਾਮ ਰਜਿਸਟਰ ਕਰਵਾਉਣ ਦੇ ਚਾਹਵਾਨਾਂ ਵੱਲੋਂ ਨਿਜੀ ਤੌਰ ’ਤੇ ਵੋਟਰ ਫਾਰਮ ਭਰ ਕੇ ਸ਼ਹਿਰਾਂ ਦੀ ਸੂਰਤ ਵਿੱਚ ਸੰਬੰਧਿਤ ਮਿਊਂਸਪਲਕਮੇਟੀਆਂ ਅਤੇ ਪਿੰਡਾਂ ਦੀ ਸੂਰਤ ਵਿੱਚ ਸਬੰਧਤ ਪਟਵਾਰੀਆਂ ਕੋਲ ਜਮਾਂ ਕਰਵਾਉਣੇ ਪੈਣਗੇ ਅਤੇ ਕਿਸੇ ਵੀ ਪਾਰਟੀ ਵਰਕਰ ਤੋਂ ਬਲਕ ਵਿੱਚ (ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਕੋਲੋਂ ਬੰਡਲਾਂ ਦੇ ਬੰਡਲ) ਫਾਰਮ ਹਾਸਲ ਨਹੀਂ ਕੀਤੇ ਜਾਣਗੇ। ਇਸ ਤੋਂ ਇਲਾਵਾ ਵੋਟਰ ਵਜੋਂ ਆਪਣਾ ਨਾਮ ਰਜਿਸਟਰ ਕਰਵਾਉਣ ਦੇਚਾਹਵਾਨ ਹਰ ਵਿਅਕਤੀ ਲਈ ਦੋ ਪਾਸਪੋਰਟ ਸਾਈਜ਼ ਫੋਟੋ, ਸ਼ਨਾਖ਼ਤੀ ਕਾਰਡ ਅਤੇ ਆਪਣੀ ਪੱਕੀ ਰਿਹਾਇਸ਼ ਦੇ ਸਬੂਤ ਫਾਰਮ ਨਾਲ ਨੱਥੀ ਕਰਨੇ ਜ਼ਰੂਰੀ ਸਨ। ਹਰ ਵੋਟਰ ਨੂੰ ਵੋਟਰ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣਗੇ ਤੇ ਕੋਈ ਵੀ ਵੋਟਰ ਬਿਨਾ ਸ਼ਨਾਖ਼ਤੀ ਕਾਰਡ ਤੋਂ ਵੋਟ ਨਹੀਂ ਪਾ ਸਕੇਗਾ ਪਰ ਅਕਾਲੀ ਦਲ ਨੂੰ ਜਸਟਿਸ ਵਰਮਾ ਦੇ ਇਹ ਪਾਰਦਰਸ਼ੀ ਫੈਸਲੇ ਪਸੰਦ ਨਾ ਆਏ ਕਿਉਂਕਿ ਜੇ ਅਕਾਲੀ ਦਲ ਕੋਲ ਮਨਮਰਜੀ ਦੇ ਵੋਟਰ ਦਰਜ ਕਰਵਾਉਣ ਅਤੇ ਵਿਰੋਧੀ ਜਾਪਦੇ ਧੜੇ ਦੇ ਵੋਟਰਾਂ ਨੂੰ ਸੂਚੀ ਵਿੱਚ ਦਰਜ ਹੋਣ ਤੋਂ ਰੋਕਣ ਦਾ ਅਧਿਕਾਰ ਨਾ ਰਿਹਾ ਤਾਂ ਉਨ੍ਹਾਂ ਵਾਸਤੇ ਚੋਣਾਂ ਜਿੱਤਣੀਆਂ ਮੁਸ਼ਕਲ ਹੋ ਸਕਦੀਆਂ ਸਨ। ਇਸ ਲਈ ਅਕਾਲੀ ਦਲ ਨੇ ਜਸਟਿਸ ਵਰਮਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਗੁਰਦੁਆਰਾ ਚੋਣਾਂ ਲਈ ਕਿਸੇ ਸਿੱਖ ਨੂੰ ਹੀ ਨਾਮਜ਼ਦ ਕੀਤਾ ਜਾਵੇ। ਜਸਟਿਸ ਵਰਮਾ ਨੇ ਇਸ ਵਿਰੋਧ ਨੂੰ ਵੇਖਦਿਆਂ ਵਿਵਾਦ ਤੋਂ ਬਚਨ ਲਈ ਅਸਤੀਫਾ ਦੇ ਦਿੱਤਾ ਤੇ ਪੰਜਾਬ ਸਰਕਾਰ ਦੀ ਸਿਫਾਰਸ਼ ’ਤੇ ਕੇਂਦਰ ਸਰਕਾਰ ਨੇ ਜਸਟਿਸ ਹਰਫੂਲ ਸਿੰਘ ਬਰਾੜ ਨੂੰ ਨਵਾਂ ਚੇਅਰਮੈਨ ਨਿਯੁਕਤ ਕਰ ਦਿੱਤਾ। ਪੰਥਕ ਧਿਰਾਂ ਵੱਲੋਂ ਜਸਟਿਸ ਬਰਾੜ ’ਤੇ ਅਨੇਕਾਂ ਇਲਜ਼ਾਮ ਲਗਾਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਹੀ ਵੀ ਕਹੇ ਜਾ ਸਕਦੇ ਸਨ ਜਿਵੇਂ ਕਿ ਉਸ ਦੀ ਲੜਕੀ ਨੂੰ ਪੰਜਾਬ ਸਰਕਾਰ ਵੱਲੋਂ ਨਿਯਮਾਂ ਦੀ ਅਣਦੇਖੀ ਕਰਕੇ ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕਰਨਾ। ਜਸਟਿਸ ਬਰਾੜ ਨੇ ਬੇਝਿਜਕ ਹੋ ਕੇ ਜਸਟਿਸ ਵਰਮਾ ਵੱਲੋਂ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਦੇ ਐਲਾਨੇ ਗਏ ਤਮਾਮ ਫੈਸਲੇ ਰੱਦ ਕਰ ਦਿੱਤੇ। ਅਨੇਕਾਂ ਸਿੱਖਾਂ ਵੱਲੋਂ ਜਸਟਿਸ ਬਰਾੜ ’ਤੇ ਹੋਰ ਗੰਭੀਰ ਇਲਜ਼ਾਮ ਵੀ ਲਾਏ ਪਰ ਇਹ ਇਲਜ਼ਾਮ ਜਸਟਿਸ ਵਰਮਾ ਵਾਂਗ ਜਸਟਿਸ ਬਰਾੜ ਨੂੰ ਅਸਤੀਫਾ ਦੇਣ ਲਈ ਤਿਆਰ ਨਾ ਕਰ ਸਕੇ ਤੇ ਉਨ੍ਹਾਂ ਆਪਣਾ ਕੰਮ ਜਾਰੀ ਰੱਖਿਆ। ਸਾਰੀ ਦੁਨੀਆਂ ਨੇ ਵੇਖਿਆ ਕਿ ਸਹਿਜਧਾਰੀ ਸਿੱਖਾਂ ਦਾ ਵਿਰੋਧ ਕਰਨ ਵਾਲੇ ਸਿਆਸੀ ਲੋਕਾਂ ਨੇ ਕਿਸ ਤਰ੍ਹਾਂ ਗੈਰ ਸਿੱਖਾਂ ਅਤੇ ਗੈਰ ਕੇਸਾਧਾਰੀ ਪਤਿਤ ਸਿੱਖਾਂ ਦੀਆਂ ਵੋਟਾਂ ਬਣਵਾਈਆਂ ਤੇ ਬੇ-ਹਯਾਈ ਨਾਲ ਭੁਗਤਾਈਆਂ। ਸੱਤਾਧਾਰੀ ਧਿਰ ਹੋਣ ਕਰਕੇ ਪੋਲਿੰਗ ਸਮੇਂ ਅਵਲ ਤਾਂ ਕਿਸੇ ਵਿਰੋਧੀ ਧਿਰ ਦੇ ਪੋਲਿੰਗ ਏਜੰਟ ਦਾ ਇਨ੍ਹਾਂ ਗੈਰ ਸਿੱਖਾਂ ਅਤੇ ਗੈਰ ਕੇਸਾਧਾਰੀ ਪਤਿਤ ਸਿੱਖਾਂ ਦੀਆਂ ਵੋਟਰਾਂ ਨੂੰ ਰੋਕਣ ਦਾ ਹੌਸਲਾ ਹੀ ਨਹੀਂ ਸੀ ਪੈਂਦਾ ਪਰ ਜੇ ਕਿਸੇ ਨੇ ਹੌਸਲਾ ਕੀਤਾ ਵੀ ਤਾਂ ਉਸ ਦੇ ਇਤਰਾਜ਼ ਨੂੰ ਪ੍ਰੈਜ਼ਾਈਡਿੰਗ/ਪੋਲਿੰਗ ਅਫਸਰ ਵੱਲੋਂ ਝੱਟ ਇਹ ਕਹਿ ਕੇ ਖਾਰਜ਼ ਕਰ ਦਿੱਤਾ ਜਾਂਦਾ ਸੀ ਕਿ ਜਿਸ ਦੀ ਵੋਟ ਬਣ ਗਈ ਹੈ ਉਸ ਨੂੰ ਰੋਕਿਆ ਨਹੀਂ ਜਾ ਸਕਦਾ; ਜੇ ਤੁਹਾਨੂੰ ਇਤਰਾਜ਼ ਸੀ ਤਾਂ ਪਹਿਲਾਂ ਇਤਰਾਜ਼ ਕਰਕੇ ਵੋਟ ਕਟਵਾਉਣੀ ਚਾਹੀਦੀ ਸੀ। ਇਸ ਤਰ੍ਹਾਂ 2011 ਵਿੱਚ ਸ਼੍ਰੋਮਣੀ ਕਮੇਟੀ ਦੀ ਚੋਣ ਲੋਕਤੰਤ੍ਰੀ ਢੰਗ ਨਾਲ ਨਹੀਂ ਬਲਕਿ ਬਹੁਬਲੀ ਤਰੀਕੇ ਨਾਲ ਜਿੱਤੀ ਗਈ, ਜੋ ਕਿ ਗੁਰੂ ਘਰ ਦੀ ਮਰਿਆਦਾ ਨੂੰ ਸ਼ਰਮਸਾਰ ਕਰਦੀ ਹੈ।

ਬੜੀ ਹੈਰਾਨੀ ਹੁੰਦੀ ਹੈ ਕਿ ਧਰਮ ਨਿਰਪੱਖ ਹੋਣ ਦਾ ਦਾਅਵਾ ਕਰਨ ਵਾਲੀ ਭਾਰਤ ਸਰਕਾਰ ਅਤੇ ਇਨਸਾਫ ਦਾ ਤਰਾਜੂ ਫੜੀ ਬੈਠੀਆਂ ਸਾਡੀਆਂ ਨਿਆ ਪਾਲਕਾਵਾਂ ਇਸ ਤਰ੍ਹਾਂ ਕਿਸੇ ਵੀ ਧਰਮ ’ਚ ਸਿਆਸੀ ਪਾਰਟੀਆਂ ਦਾ ਦਖ਼ਲ ਰੋਕਣ ਵਿੱਚ ਅਸਫਲ ਕਿਉਂ ਹੋ ਰਹੀਆਂ ਹਨ? ਸਾਡੇ ਦੇਸ਼ ਦਾ ਸੰਵਿਧਾਨ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਕਿਸੇ ਦੀ ਧਾਰਮਿਕ ਭਾਵਨਾ ’ਚ ਦਖ਼ਲ ਦੇਣ ਜਾਂ ਧਾਰਮਿਕ ਭਾਵਨਾਵਾਂ ਨੂੰ ਚੋਣਾਂ ਵਿੱਚ ਉਭਾਰਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਇਸ ਦੇ ਬਾਵਜੂਦ ਕੱਟੜਵਾਦੀ ਹਿੰਦੂ ਵੀਚਾਰਧਾਰਾ ਦੀ ਧਾਰਨੀ ਆਰਐੱਸਐੱਸ ਜਥੇਬੰਦੀ ਹਿੰਦੂ ਭਾਵਨਾਵਾਂ ਦਾ ਦੁਰਉਪਯੋਗ ਕਰਕੇ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਸੱਤਾ ਉੱਤੇ ਕਾਬਜ਼ ਹੋਈ ਬੈਠੀ ਹੈ ਇਸੇ ਤਰ੍ਹਾਂ ਹੀ ਅਕਾਲੀ ਦਲ ਭਾਰਤੀ ਚੋਣ ਕਮਿਸ਼ਨ ਕੋਲ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਵਜੋਂ ਦਰਜ ਕਰਵਾਉਂਦਾ ਹੈ ਅਤੇ ਗੁਰਦੁਆਰਾ ਚੋਣ ਕਮੀਸ਼ਨ ਕੋਲ ਆਪਣੇ ਆਪ ਨੂੰ ਸਿੱਖਾਂ ਦੀ ਨੁੰਮਾਇੰਦਾ ਪੰਥਕ ਪਾਰਟੀ ਵਜੋਂ ਦਰਜ ਕਰਵਾਈ ਬੈਠਾ ਹੈ। ਭਾਰਤ ਦੇ ਦੋਵਾਂ ਕਮਿਸ਼ਨਾਂ ਕੋਲ ਪਾਰਟੀ ਦੇ ਦੋ ਵੱਖ ਵੱਖ ਸੰਵਿਧਾਨ ਪੇਸ਼ ਕਰਨ ਉਪਰੰਤ ਵੀ ਭਾਰਤੀ ਸੰਵਿਧਾਨ ਕੁਝ ਕਰਨ ਦੀ ਸਥਿਤੀ ’ਚ ਨਹੀਂ ਕਿਉਂਕਿ ਸਭ ਰਾਜਨੀਤਿਕ ਪਾਰਟੀਆਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਅਜਿਹਾ ਕਰਨ ਵਾਲਿਆਂ ਨਾਲ (ਰਾਜਨੀਤਿਕ ਹਿੱਤਾਂ ਨੂੰ ਮੁੱਖ ਰੱਖਦਿਆਂ) ਸਹਿਮਤ ਹੁੰਦੀਆਂ ਹਨ ਜਾਂ ਕਿਸੇ ਦੀ ਆਵਾਜ਼ ਇਤਨੀ ਕਮਜ਼ੋਰ ਕਰ ਦਿੱਤੀ ਜਾਂਦੀ ਹੈ ਕਿ ਕੋਈ ਗੱਲ ਸੁਣੀ ਹੀ ਨਹੀਂ ਜਾ ਸਕਦੀ। ਸੰਘਰਸ਼ੀਲ ਆਗੂ ਸ: ਬਲਵੰਤ ਸਿੰਘ ਖੇੜਾ ਨੇ ਪੰਜਾਬ ਸਰਕਾਰ ਦੇ ਇਸ ਦੂਹਰੇ ਮਿਆਰ ਨੂੰ ਅਦਾਲਤ ਵਿੱਚ ਰਿੱਟ ਪਟੀਸ਼ਨ ਰਾਹੀਂ ਚੁਣੌਤੀ ਦਿੱਤੀ ਹੋਈ ਹੈ ਪਰ ਅਦਾਲਤ ਇਸ ਨੂੰ ਪਿਛਲੇ ਲੰਬੇ ਸਮੇਂ ਤੋਂ ਲਟਕਾਉਂਦੀ ਆ ਰਹੀ ਹੈ। ਇਸ ਤਰ੍ਹਾਂ ਭਾਰਤੀ ਸੰਵਿਧਾਨ ਨੂੰ ਕੇਵਲ ਵੰਗਾਰਿਆ ਹੀ ਨਹੀਂ ਜਾਂਦਾ ਬਲਕਿ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ।

ਹੁਣ ਫਿਰ ਪੰਜਾਬ ਦੇ ਸਿਆਸੀ ਹਾਲਤ ਅਜਿਹੇ ਬਣੇ ਹੋਏ ਹਨ ਕਿ ਅਕਾਲੀ-ਭਾਜਪਾ ਸਰਕਾਰ ਦੇ ਮੁੜ ਸੱਤਾ ’ਚ ਆਉਣ ਦੇ ਆਸਾਰ ਘੱਟ ਹੀ ਜਾਪਦੇ ਹਨ। ਇਸ ਲਈ 2011 ਦੀ ਚੋਣ ਵਾਂਗ ਦੁਬਾਰਾ ਫਿਰ ਕਿਸੇ ਨਾ ਕਿਸੇ ਤਰ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦੀਆਂ ਚੋਣਾਂ ਕਰਵਾ ਕੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਾਰ ਸਹਿਜਧਾਰੀਆਂ ਵੱਲੋਂ ਕੀਤਾ ਕੇਸ ਅਦਾਲਤ ਵਿੱਚ ਲਟਕਦਾ ਹੋਣ ਕਰਕੇ ਅਦਾਲਤੀ ਫੈਸਲੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣੀਆਂ ਸੰਭਵ ਨਹੀਂ ਸਨ ਕਿਉਂਕਿ ਜੇ 2011 ਵਿੱਚ ਹੋਈਆਂ ਚੋਣਾਂ ਹੀ ਕਾਨੂੰਨੀ ਦਰਜਾ ਹਾਸਲ ਨਹੀਂ ਕਰ ਸਕੀਆਂ ਤਾਂ ਦੁਬਾਰਾ ਚੋਣਾਂ ਕਰਵਾਉਣ ਦੀ ਕੋਈ ਤੁਕ ਹੀ ਨਹੀਂ ਰਹਿ ਜਾਂਦੀ ਕਿਉਂਕਿ ਇਹ ਚੋਣਾਂ ਵੀ ਪਹਿਲਾਂ (ਸੰਨ 2011) ਵਾਂਗ ਗੈਰ ਸਵਿਧਾਨਕ ਹੀ ਹੋਣੀਆਂ ਸਨ, ਜਿਸ ਦੀ ਅਦਾਲਤ ਕਿਸੇ ਵੀ ਹਾਲਤ ’ਚ ਮਨਜ਼ੂਰੀ ਨਹੀਂ ਦੇਵੇਗੀ। ਇਸ ਲਈ ਅਕਾਲੀ ਦਲ ਦੀ ਮਜ਼ਬੂਰੀ ਸੀ ਕਿ 2003 ਵਿੱਚ ਪਾਸ ਕੀਤੇ ਹੋਏ ਆਰਡੀਨੈਂਸ (ਜੋ ਆਪਣੀ 6 ਮਹੀਨੇ ਦੀ ਮਿਆਦ ਉਪਰੰਤ ਰੱਦ ਹੋ ਚੁੱਕਾ ਹੈ) ਨੂੰ ਪਾਰਲੀਮੈਂਟ ਵਿੱਚ ਕਾਨੂੰਨ ਦਾ ਦਰਜਾ ਦਿਵਾ ਕੇ ਸਹਿਜਧਾਰੀਆਂ ਦਾ ਅਦਾਲਤ ਵਿੱਚ ਚੱਲ ਰਿਹਾ ਕੇਸ ਖਾਰਜ ਕਰਕੇ ਨਵੀਆਂ ਚੋਣਾਂ ਲਈ ਰਾਹ ਪੱਧਰਾ ਕੀਤਾ ਜਾ ਸਕੇ। ਇਸ ਮਕਸਦ ਲਈ ਅਕਾਲੀ ਆਗੂਆਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਇਸੇ ਸੈਸ਼ਨ ਵਿੱਚ ਹੀ ਸ਼੍ਰੋਮਣੀ ਕਮੇਟੀ ਐਕਟ-1925 ਵਿੱਚ ਸੋਧ ਕਰਨ ਲਈ ਜੋਰ ਪਾਇਆ ਤਾਂ ‘ਝੱਟ ਮੰਗਣੀ ਫੱਟ ਵਿਆਹ’ ਵਾਲੀ ਕਹਾਵਤ ਵਾਂਗ ਕੇਂਦਰੀ ਵਜਾਰਤ ਨੇ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਬਿੱਲ ਪਹਿਲਾਂ ਲੋਕ ਸਭਾ ’ਚ ਪੇਸ਼ ਕਰਨ ਦੀ ਥਾਂ ਸਿੱਧਾ ਹੀ ਰਾਜ ਸਭਾ ਵਿੱਚ ਪੇਸ਼ ਕਰਵਾ ਕੇ ਬਿਨਾਂ ਕਿਸੇ ਬਹਿਸ ਦੇ ਸਰਬ ਸੰਮਤੀ ਨਾਲ 16 ਮਾਰਚ ਨੂੰ ਪਾਸ ਕਰਵਾ ਲਿਆ। ਲੋਕ ਸਭਾ ਤੋਂ ਪਹਿਲਾਂ ਹੀ ਰਾਜ ਸਭਾ ਵਿੱਚੋਂ ਸੋਧ ਬਿੱਲ ਪਾਸ ਕਰਵਾਉਣ ਪਿੱਛੇ ਵੀ ਸਿਆਸੀ ਚਾਲ ਹੈ ਕਿਉਂਕਿ ਲੋਕ ਸਭਾ ਵਿੱਚੋਂ ਐੱਨ.ਡੀ.ਏ ਸਰਕਾਰ ਨੂੰ ਬਿੱਲ ਪਾਸ ਕਰਵਾਉਣ ਲਈ ਲੋੜ ਤੋਂ ਵੱਧ ਮੈਂਬਰ ਹੋਣ ਕਰਕੇ ਕੋਈ ਮੁਸ਼ਕਲ ਪੇਸ਼ ਨਹੀਂ ਸੀ ਪਰ ਰਾਜ ਸਭਾ ਵਿੱਚ ਘੱਟ ਗਿਣਤੀ ਵਿੱਚ ਹੋਣ ਕਰਕੇ ਵਿਰੋਧੀ ਧਿਰ ਵੱਲੋਂ ਅੜਚਨਾ ਪੈਦਾ ਕਰਨ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਸਨ। ਸੋ ਵਿਰੋਧੀ ਧਿਰ ਨੂੰ ਕਿਸੇ ਸੋਧ ਵਾਸਤੇ ਸੋਚਣ ਲਈ ਸਮਾਂ ਦੇਣ ਤੋਂ ਪਹਿਲਾਂ ਹੀ ਕਾਹਲੀ ਨਾਲ ਮਤਾ ਪਾਸ ਕਰਵਾ ਲਿਆ। ਇਸ ਫੁਰਤੀ ਤੋਂ ਕਿਸੇ ਨੂੰ ਭੁਲੇਖਾ ਨਹੀਂ ਰਹਿ ਜਾਂਦਾ ਕਿ ਜਿਹੜੇ ਸ. ਬਾਦਲ ਸਾਹਿਬ ਹੁਣ ਸੋਧ ਕਰਵਾਉਣ ਵਿੱਚ ਸਫਲ ਹੋ ਰਹੇ ਹਨ, ਉਨ੍ਹਾਂ ਨੇ ਇਹੀ ਸੋਧ ਕਰਵਾਉਣ ਲਈ ਪਹਿਲਾਂ (2003-2004 ਤੱਕ) ਵਾਜਪਾਈ ਸਰਕਾਰ ਵੇਲੇ ਜਾਂ ਹੁਣ 2014 ਤੋਂ ਮੋਦੀ ਸਰਕਾਰ ਬਣਨ ਉਪਰੰਤ ਇਹ ਸੋਧ ਕਿਉਂ ਨਹੀਂ ਕਰਵਾਈ ?

ਸਿੱਖ ਕੌਮ ਨੂੰ ਇਨ੍ਹਾਂ ਸਿਆਸੀ ਲੀਡਰਾਂ ਪਾਸੋਂ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਕਤ ਬਿਲ ਤੁਰੰਤ ਪਾਸ ਕਰਵਾਉਣ ਲਈ ਕੇਂਦਰੀ ਸਰਕਾਰ ਨੂੰ ਤਿਆਰ ਕਰ ਲਿਆ ਇਸ ਤਰ੍ਹਾਂ ਹੀ ਆਨੰਦ ਮੈਰਿਜ ਐਕਟ ਵਰਗੇ ਬਿਲ ਪਾਸ ਕਿਉਂ ਨਹੀਂ ਕਰਵਾਏ ਜਾਂਦੇ ਜਾਂ ਸੰਵਿਧਾਨ ਦੀ ਧਾਰਾ 25 (ਬੀ) ਵਿਆਖਿਆ 2 ਵਿੱਚ ਸੋਧ ਕਿਉਂ ਨਹੀਂ ਕਰਵਾਈ ਜਾਂਦੀ ਜਿਸ ਨੂੰ ਇਹੀ ਆਗੂ ਨਾ-ਮਨਜੂਰ ਕਰਕੇ ਪਹਿਲਾਂ 1982 ਵਿੱਚ ਸਾੜ ਵੀ ਚੁੱਕੇ ਹਨ; ਤਾਂ ਜੋ ਸਿੱਖ ਕੌਮ ਹਿੰਦੂ ਧਰਮ ਦੀ ਇੱਕ ਸ਼ਾਖ਼ਾ ਬਣਨ ਦੀ ਬਜਾਏ ਇੱਕ ਵੱਖਰੀ ਤੇ ਆਜ਼ਾਦ ਕੌਮ ਬਿਆਨੀ ਜਾ ਸਕੇ ਜਿਸ ਦੀ ਗਵਾਹੀ ਗੁਰੂ ਅਰਜਨ ਸਾਹਿਬ ਜੀ ਭਰਦੇ ਹਨ: ‘‘ਨਾ ਹਮ ਹਿੰਦੂ, ਨ ਮੁਸਲਮਾਨ ॥ ਅਲਹ ਰਾਮ ਕੇ, ਪਿੰਡੁ ਪਰਾਨ ॥” (ਮ: ੫/੧੧੩੬) ਅਤੇ ‘‘ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥”  ‘‘ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥” (ਕਬੀਰ ਜੀਉ/ ੧੧੫੯)

ਕਾਰਨ ਸਪਸ਼ਟ ਹੈ ਕਿ ਮੂਲ ਧਾਰਮਿਕ ਸਿਧਾਂਤਾਂ ਨਾਲ ਜੁੜੇ ਇਨ੍ਹਾਂ ਅਹਿਮ ਮੁੱਦਿਆਂ ਨੂੰ ਸਿਆਸੀ ਲੋਕ (ਸਮੇਂ ਦੀ ਤਾਕ ’ਚ) ਆਪਣੇ ਸਿਆਸੀ ਹਿੱਤਾਂ ਲਈਲਟਕਦਾ ਰੱਖਣ ਵਿੱਚ ਵੱਧ ਦਿਲਚਸਪੀ ਰੱਖਦੇ ਹਨ।

ਸਿੱਖ ਕੌਮ ਇਸ ਪ੍ਰਸਤਾਵਤ ਸੋਧ ਦੇ ਵਿਰੋਧ ਵਿੱਚ ਨਹੀਂ ਹੈ ਪਰ ਚਾਹੁੰਦੀ ਹੈ ਕਿ ਕੇਵਲ ਕੇਸਾਧਾਰੀ ਹੋਣਾ ਹੀ ਸਿੱਖੀ ਲਈ ਅਹਿਮ ਨਹੀਂ ਹੈ ਬਲਕਿ ਸਿੱਖੀ ਸਰੂਪ ਹੋਣ ਦੇ ਇਲਾਵਾ ਸਿੱਖੀ ਸਿਧਾਂਤਾਂ ਨੂੰ ਪਿੱਠ ਦੇਣਾ ਜਿਵੇਂ ਕਿ ਸਿੱਖੀ ਵਿੱਚ ਵਿਵਰਜਤ ਦੇਹਧਾਰੀ ਗੁਰੂਡੰਮ ਨੂੰ ਪ੍ਰਫੁਲਿਤ ਕਰਨਾ, ਹਵਨ, ਮੜ੍ਹੀਆਂ ਮਸਾਣਾਂ ਕਬਰਾਂ ਤੇ ਸਮਾਧਾਂ ਦੀ ਪੂਜਾ, ਮੂਰਤੀ ਅਤੇ ਬੁੱਤ ਪੂਜਾ ਆਦਿਕ ਅਨਮਤੀ ਕਰਮਕਾਂਡ ਕਰਨ ਵਾਲੇ ਬਹੁਤੇ ਕੇਸਾਧਾਰੀ ਅਖੌਤੀ ਸਿੱਖ, ਸਹਿਜਧਾਰੀਆਂ ਨਾਲੋਂ ਵੀ ਗੁਰਮਤਿ ਦਾ ਵੱਧ ਨੁਕਸਾਨ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਅਧੀਨ ਸਿੱਖਾਂ ਦੇ ਸਿਰਮੌਰ ਤਿੰਨ ਤਖ਼ਤ ਆਉਂਦੇ ਹਨ ਜਿੰਨ੍ਹਾਂ ਦੇ ਮੁਖ ਸੇਵਾਦਾਰਾਂ ਨੇ ਸਿੱਖ ਸਿਧਾਂਤਾਂ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ ਪਰ ਅਨਮਤੀ ਕਰਮਕਾਡਾਂ ਨੂੰ ਵਡਾਵਾ ਦੇਣ ਵਾਲੇ ਤੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਸਿੱਖਾਂ ਦੀਆਂ ਵੋਟਾਂ ਨਾਲ ਚੁਣੇ ਗਏ ਇਹ ਨੁੰਮਾਇੰਦੇ ਉਸੇ ਤਰ੍ਹਾਂ ਦੇ ਮਨਮਤੀਏ ਕੰਮ ਹੀ ਇਨ੍ਹਾਂ ਤਿੰਨੇ ਮੁਖ ਸੇਵਾਦਾਰਾਂ ਪਾਸੋਂ ਕਰਵਾਉਣਗੇ, ਇਸ ਲਈ ਜ਼ਰੂਰੀ ਹੈ ਕਿ ਗੈਰ ਕੇਸਾਧਾਰੀਆਂ ਦੇ ਨਾਲ ਨਾਲ ਗੁਰਮਤਿ ਤੋਂ ਵਿਰੁੱਧ ਕਰਮਕਾਂਡਾਂ ਨੂੰ ਨਿਭਾਉਣ ਵਾਲੇ ਇਨ੍ਹਾਂ ਸਿੱਖਾਂ ਕੋਲ ਵੀ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ।

ਸੋ, ਸਮੁੱਚੇ ਧਰਮਾਂ ਦਾ ਸਤਿਕਾਰ ਕਰਨ ਵਾਲੀਆਂ ਸਮੂਹਿਕ ਧਰਮ ਨਿਰਪੱਖ ਸਿਆਸੀ ਪਾਰਟੀਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਵੋਟ ਸ਼ਕਤੀ ਰਾਹੀਂ ਸਹਿਜਧਾਰੀ ਸਿੱਖਾਂ ਦਾ ਵੋਟ ਅਧਿਕਾਰ ਖਤਮ ਕਰਨ ਦੇ ਨਾਲ ਨਾਲ ਹੇਠ ਲਿਖੀਆਂ ਸੋਧਾਂ ਵੀ ਯਕੀਨੀ ਬਣਾ ਕੇ ਮਾਨਵਤਾ ਦੀ ਭਲਾਈ ਵਿੱਚ ਆਪਣਾ ਯੋਗਦਾਨ ਪਾਓ, ਜੀ:-

(1). ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਗੁਰਦੁਆਰਾ ਚੋਣ ਕਮਿਸ਼ਨ ਰਾਹੀਂ ਕਰਵਾਉਣ ਦੀ ਬਜਾਏ ਸਿੱਧੀਆਂ ਭਾਰਤੀ ਕੇਂਦਰੀ ਚੋਣ ਕਮਿਸ਼ਨ ਰਾਹੀਂ ਕਰਵਾਈਆਂ ਜਾਣ ਤਾਂ ਕਿ ਕੋਈ ਵੀ ਪੰਜਾਬ ਸਰਕਾਰ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ ਉਹ, ਗੁਰਦੁਆਰਾ ਚੋਣ ਕਮਿਸ਼ਨ ਦੇ ਜਸਟਿਸ ਹਰਫੂਲ ਸਿੰਘ ਬਰਾੜ ਵਰਗੇ (ਚੇਅਰਮੈਨ) ਰਾਹੀਂ ਚੋਣ ਨੂੰ ਪ੍ਰਭਾਵਤ ਨਾ ਕਰ ਸਕੇ। ਜਦੋਂ ਸਿਆਸੀ ਅਤੇ ਗੁਰਦੁਆਰਾ ਚੋਣਾਂ ਕਰਵਾਉਣ ਦੀ ਜਿੰਮੇਵਾਰੀ ਇੱਕ ਹੀ ਚੋਣ ਕਮਿਸ਼ਨ ਪਾਸ ਹੋਵੇਗੀ ਤਾਂ ਕੋਈ ਵੀ ਸਿਆਸੀ ਪਾਰਟੀ ਦੂਹਰੇ ਸੰਵਿਧਾਨ ਪੇਸ਼ ਕਰਕੇ ਜ਼ਾਲ੍ਹੀ ਰਜਿਸਟ੍ਰੇਸ਼ਨ ਕਰਵਾਉਣ ਦੀ ਹਿੰਮਤ ਨਹੀਂ ਕਰ ਸਕੇਗੀ।

(2). ਜਿਸ ਕਿਸੇ ਵੀ ਪਾਰਟੀ ਵਿਰੁੱਧ (ਬਾਦਲ ਦਲ ਵਾਂਗ) ਚੋਣ ਕਮਿਸ਼ਨਾਂ ਸਾਮ੍ਹਣੇ ਦੋ ਵੱਖ ਵੱਖ ਸੰਵਿਧਾਨ ਪੇਸ਼ ਕਰਨ ਦੇ ਜਾਹਲ੍ਹਸਾਜੀ ਕਰਨ ਵਾਲੇ ਕੇਸ ਅਦਾਲਤ ਵਿੱਚ ਚਲ ਰਹੇ ਹੋਣ ਉਹ ਪਾਰਟੀ ਤਦ ਤੱਕ ਕਿਸੇ ਵੀ ਚੋਣ ਵਿੱਚ ਹਿੱਸਾ ਲੈਣ ਦੀ ਹੱਕਦਾਰ ਨਹੀਂ ਹੋਣੀ ਚਾਹੀਦੀ ਜਦ ਤੱਕ ਕਿ ਅਦਾਲਤ ਰਾਹੀਂ ਇਸ ਕੇਸ ਨਾਲ ਸੰਬੰਧਿਤ ਅੰਤਿਮ ਫੈਸਲਾ ਨਾ ਹੋ ਜਾਵੇ।

(3). ਗੁਰਦੁਆਰਾ ਚੋਣਾਂ ਲਈ ਵੋਟਰ ਵੱਲੋਂ ਭਰੇ ਜਾਣ ਵਾਲੇ ਫਾਰਮ ਵਿੱਚ ਇਕ ਕਾਲਮ ਹੋਰ ਬਣਾਇਆ ਜਾਵੇ ਜਿਸ ਵਿੱਚ ਵਿਧਾਨ ਸਭਾ ਹਲਕਾ ਨੰ: , ਬੂਥ ਨੰ: , ਵੋਟ ਨੰ: ਅਤੇ ਵੋਟਰ ਕਾਰਡ ਆਈ. ਡੀ. ਨੰ: ਭਰਨਾ ਲਾਜ਼ਮੀ ਹੋਵੇ ਤਾਂ ਕਿ ਕੋਈ ਵੀ ਜਾਲ੍ਹੀ ਜਾਂ ਇਲਾਕੇ ਤੋਂ ਬਾਹਰ ਦੇ ਕਿਸੇ ਵਿਅਕਤੀ ਦਾ ਵੋਟ ਬਣਨ ਦੀ ਸੰਭਾਵਨਾ ਨਾ ਰਹੇ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਪਹਿਲਾਂ ਤੋਂ ਜਾਰੀ ਹੋਇਆ ਵੋਟਰ ਸ਼ਿਨਾਖ਼ਤੀ ਕਾਰਡ ਹੀ ਵਰਤਿਆ ਜਾ ਸਕੇ, ਜਿਸ ਨਾਲ ਨਵੇਂ ਸ਼ਿਨਾਖ਼ਤੀ ਕਾਰਡ ਬਣਾਉਣ ਦਾ ਵਾਧੂ ਖਰਚਾ ਕਰਨ ਦੀ ਲੋੜ ਨਹੀਂ ਰਹੇਗੀ। ਚੰਗਾ ਹੋਵੇ ਜੇ ਵੋਟਰ ਫਾਰਮ ਬੂਥ ਲੈਵਲ ਅਫਸਰ ਕੋਲ ਹੀ ਜਮ੍ਹਾਂ ਕਰਵਾਉਣ ਦੀ ਵਿਵਸਥਾ ਕੀਤੀ ਜਾਵੇ ਤਾਂ ਕਿ ਦਰਖ਼ਾਸਤਕਰਤਾ ਵੱਲੋਂ ਭਰੇ ਜਾਣ ਵਾਲੇ ਵੇਰਵੇ ਤਸਦੀਕ ਕਰਨ ਵਿੱਚ ਅਸਾਨੀ ਰਹੇ।

(4). ਜਿਸ ਤਰ੍ਹਾਂ ਭਾਰਤੀ ਸੰਵਿਧਾਨ ’ਚ ਵਿਸ਼ਵਾਸ ਨਾ ਰੱਖਣ ਵਾਲਾ ਕੋਈ ਵੀ ਵਿਅਕਤੀ ਭਾਰਤ ਦੇ ਕਿਸੇ ਵੀ ਸੂਬੇ ’ਚ ਕੋਈ ਵੀ ਸਿਆਸੀ ਚੁਣਾਉ ਨਹੀਂ ਲੜ ਸਕਦਾ ਉਸ ਤਰ੍ਹਾਂ ਹੀ ਭਾਰਤੀ ਸੰਵਿਧਾਨ ਦੇ ਅਧੀਨ ਲੜੇ ਜਾ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣਾਉ ’ਚ ਵੀ ਸੰਬੰਧਿਤ ਵਿਅਕਤੀ ਲਈ ਸਿੱਖ ਰਹਿਤ ਮਰਿਆਦਾ ’ਤੇ ਪੂਰਨ ਪਹਿਰਾ ਦੇਣਾ ਲਾਜਮੀ ਕੀਤਾ ਜਾਵੇ ਤੇ ਇਸ ਮਰਿਆਦਾ ਨੂੰ ਲਾਗੂ ਨਾ ਕਰਨ ਤੇ ਕਰਵਾਉਣ ਵਾਲੇ ਨੂੰ ਅਵੈਧ ਘੋਸ਼ਤ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਚੋਣ ਜਿੱਤਣ ਉਪਰੰਤ ਅਗਰ ਕੋਈ ਵਿਅਕਤੀ ਭਾਰਤੀ ਸੰਵਿਧਾਨ ਦੀ ਸਹੁੰ ਨਹੀਂ ਚੁੱਕਦਾ ਤਾਂ ਚੁਣਾਉ ਤੇ ਕੀਤਾ ਗਿਆ ਖਰਚ ਤੇ ਜਨਤਾ ਦਾ ਸਮਾਂ ਬਰਬਾਦ ਕਰਨਾ ਹੈ, ਇਸ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਦਾ ਪੈਸਾ ਤੇ ਜਨਤਾ ਦਾ ਵਿਸ਼ਵਾਸ ਤੋੜਨ ਦਾ ਰਾਜਸੀ ਨੁੰਮਾਇੰਦੇ ਨੂੰ ਦੋਸ਼ੀ ਮੰਨ ਕੇ ਉਸ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਲਈ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਦੀ ਸਹੁੰ ਚੁੱਕਣੀ ਅਤੇ ਇਸ ’ਤੇ ਪਹਿਰਾ ਦੇਣਾਲਾਜ਼ਮੀ ਹੋਵੇ।

(5). ਵੋਟਰ ਬਣਨ ਲਈ ਭਰੇ ਜਾਣ ਵਾਲੇ ਫਾਰਮ ਵਿੱਚ ਦਰਖ਼ਾਸਤ ਕਰਤਾ ਵੱਲੋਂ ਪਹਿਲਾਂ ਵਾਲੇ ਬਿਆਨ ਦਰਜ ਕਰਨ ਤੋਂ ਇਲਾਵਾ ਇਹ ਇੱਕ ਹੋਰ ਬਿਆਨ ਦਰਜ ਕਰਨਾ ਵੀ ਜ਼ਰੂਰੀ ਹੋਵੇ ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖਿਆ ਵਿੱਚ ਹੀ ਯਕੀਨ ਰੱਖਦਾ ਹੈ; ਸਿੱਖੀ ਵਿੱਚ ਵਿਵਰਜਤ ਕਿਸੇ ਦੇਹਧਾਰੀ ਗੁਰੂ ਦਾ ਚੇਲਾ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਵੀ ਦੇਹਧਾਰੀ ਕਿਸੇ ਗੁਰੂ ਡੰਮ ਨੂੰ ਮਾਣਤਾ ਦਿੰਦਾ ਹੈ; ਹਵਨ, ਮੜ੍ਹੀਆਂ ਮਸਾਣਾਂ ਕਬਰਾਂ ਤੇ ਸਮਾਧਾਂ ਦੀ ਪੂਜਾ, ਮੂਰਤੀ ਅਤੇ ਬੁੱਤ ਪੂਜਾ ਆਦਿਕ ਅਨਮਤੀ ਕਰਮਕਾਂਡ ਕਰਨ ਵਿੱਚ ਨਾ ਕਦੀ ਹਿੱਸਾ ਲਿਆ ਹੈ ਅਤੇ ਨਾ ਹੀ ਕਦੀ ਹਿੱਸਾ ਲਵਾਂਗਾ।

ਉਪਰੋਕਤ ਸੁਝਾਵਾਂ ਤੋਂ ਇਲਾਵਾ ਸੋਧ ਕਰਨ ਤੋਂ ਪਹਿਲਾਂ ਹੋਰ ਪੰਥਕ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਦੀ ਸਲਾਹ ਵੀ ਲਾਜ਼ਮੀ ਤੌਰ ’ਤੇ ਲੈ ਲੈਣੀ ਚਾਹੀਦੀ ਹੈ।ਉਪਰੋਕਤ ਦੱਸੀਆਂ ਸੋਧਾਂ ਦਾ ਅਕਾਲੀ ਦਲ ਨੂੰ ਵੀ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਕਦੀ ਐਸਾ ਵੀ ਹੋ ਸਕਦਾ ਹੈ ਕਿ ਕੇਂਦਰ ਅਤੇ ਪੰਜਾਬ ਵਿੱਚ ਅਕਾਲੀ ਦਲ ਵਿਰੋਧੀ ਧਿਰ ਦੀ ਸਰਕਾਰ ਹੋਵੇ ਤਾਂ ਇਹੀ ਕੂਟਨੀਤੀ ਉਹ ਵਰਤ ਸਕਦੀ ਹੈ ਜਿਸ ਨਾਲ ਸਿੱਖ ਧਰਮ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਘੱਟ ਹੋਣ ਦੀ ਬਜਾਏਵਧੇਗੀ ਤੇ ਸਿੱਖ ਧਰਮ ਤੇ ਮਾਨਵਤਾ ਦਾ ਨੁਕਸਾਨ ਹੋਵੇਗਾ, ਜਿਸ ਵਿਰੁਧ ਅਸਹਿਮਤੀ ਦੀ ਭਾਵਨਾ ਵਧਣ ਕਾਰਨ ਦੇਸ਼ ਤੇ ਕੌਮ ਲਈ ਹਾਨੀਕਾਰਕ ਸਿੱਧ ਹੋਵੇਗਾ।

ਮਾਂ ਦੀ ਇੱਜ਼ਤ

0

ਮਾਂ ਦੀ ਇੱਜ਼ਤ

ਡਾ. ਹਰਸ਼ਿੰਦਰ ਕੌਰ, ਐਮ. ਡੀ.-0175-2216783

ਭਾਰਤ ਵਿਚ ਮਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ। ਮਾਂ ਦੀ ਪਤ ਨੂੰ ਬਚਾਉਣ ਲਈ ਪੁੱਤਰ ਜਾਨ ਤਕ ਵਾਰ ਜਾਂਦੇ ਹਨ। ਮੰਦਰਾਂ ਗੁਰਦੁਆਰਿਆਂ ਵਿਚ ਔਰਤ ਨੂੰ ਮਾਂ ਚੰਡੀ, ਮਾਂ ਸਰਸਵਤੀ, ਮਾਂ ਲੱਛਮੀ, ਮਾਤਾ ਭਾਗੋ, ਮਾਤਾ ਸੁੰਦਰੀ, ਆਦਿ ਦਾ ਉੱਚਾ ਰੁਤਬਾ ਦੇ ਕੇ ਮਰਦ ਇੱਜ਼ਤ ਨਾਲ ਸਿਰ ਝੁਕਾ ਲੈਂਦੇ ਹਨ। ਔਰਤ ਨੂੰ ਜਨਮਦਾਤੀ ਦਾ ਰੁਤਬਾ ਵੀ ਉਸ ਦੀ ਮਾਂ ਬਣ ਜਾਣ ਦੀ ਸ਼ਕਤੀ ਸਦਕਾ ਹੀ ਮਿਲਿਆ ਹੈ।

‘ਮਾਂ’ ਸ਼ਬਦ ਨਾਲ ਪੁੱਤਰ ਅੰਦਰ ਅਣਖ ਜਾਗ ਉੱਠਦੀ ਹੈ। ਇਸੇ ਲਈ ਧਰਤੀ ਨੂੰ ਵੀ ਮਾਂ ਦਾ ਦਰਜਾ ਦੇ ਦਿੱਤਾ ਗਿਆ ਤਾਂ ਜੋ ਇਸ ਉੱਤੇ ਹਮਲਾ ਕਰਨ ਵਾਲੇ ਨੂੰ ਫ਼ਨਾਹ ਕਰਨ ਲਈ ਹਰ ਪੁੱਤਰ ਕੁਰਬਾਨ ਹੋ ਜਾਣ ਲਈ ਤਿਆਰ ਰਹੇ।

ਇਹ ਸਭ ਕੁੱਝ ਜਿਸ ਧਰਤੀ ਉੱਤੇ ਵਾਪਰ ਰਿਹਾ ਹੈ, ਉੱਥੇ ਜਦੋਂ ‘ਸੱਭਿਅਤਾ’ ਨਾਂ ਦਾ ਅਖੌਤੀ ਮੁਖੌਟਾ ਉਤਰਦਾ ਹੈ ਤਾਂ ਹੇਠੋਂ ਕਿੰਨਾ ਭਿਆਨਕ ਚਿਹਰਾ ਨਿਕਲਦਾ ਹੈ, ਉਸ ਬਾਰੇ ਧਿਆਨ ਕਰੋ।

ਹਰਪਾਲ ਸਿੰਘ ਚੀਮਾ ਜੀ ਦੀ ਇੰਟਰਵਿਊ ‘ਵੰਗਾਰ’ ਵਿਚ ਛਪ ਚੁੱਕੀ ਹੈ, ਜਿਸ ਅਨੁਸਾਰ :-

‘‘ਅੰਨ੍ਹੇ ਤਸ਼ੱਦਦ ਲਈ ਮਸ਼ਹੂਰ ਮਾਲ ਮੰਡੀ (ਅੰਮ੍ਰਿਤਸਰ) ਵਾਲੇ ਇੰਟੈਰੋਗੇਸ਼ਨ ਸੈਂਟਰ ਵਿਚ ਤਿੰਨ ਦਿਨ ਮੇਰੇ ਉੱਪਰ ਹੱਦ ਦਰਜੇ ਦਾ ਘਟੀਆ ਜਬਰ ਕੀਤਾ ਗਿਆ। ਚੌਥੇ ਦਿਨ ਮੈਨੂੰ ਬੀ. ਆਰ ਮਾਡਰਨ ਸਕੂਲ ਦੇ ਇੰਟੈਰੋਗੇਸ਼ਨ ਕੇਂਦਰ ਵਿਚ ਸੁੱਟ ਦਿੱਤਾ ਗਿਆ ਜਿੱਥੇ ਇੰਸਪੈਕਟਰ ਸੁਖਦੇਵ ਸਿੰਘ ਅਤੇ ਸਬ ਇੰਸਪੈਕਟਰ ਗੁਰਮੀਤ ਚੰਦ ਇੰਚਾਰਜ ਸਨ। ਇੱਥੇ ਇਕ ਭਾਈ ਗੁਰਮੇਜ ਸਿੰਘ ਨਾਂ ਦੇ ਖਾੜਕੂ ਨੂੰ ਇੰਟੈਰੋਗੇਟ ਕੀਤਾ ਜਾ ਰਿਹਾ ਸੀ। ਉਹਦੇ ਕੋਲੋਂ ਅਸਲੇ ਬਾਰੇ ਅਤੇ ਖਾੜਕੂਆਂ ਦੇ ਟਿਕਾਣਿਆਂ ਬਾਰੇ ਪੁੱਛ-ਗਿੱਛ ਕਰ ਰਹੇ ਸਨ। ਕੁੱਟ-ਕੁੱਟ ਕੇ ਉਸ ਨੂੰ ਅਧਮੋਇਆ ਕੀਤਾ ਹੋਇਆ ਸੀ। ਉਹ ਸਿਰੜੀ ਸਿੰਘ ਤਰ੍ਹਾਂ-ਤਰ੍ਹਾਂ ਦੇ ਤਸੀਹੇ ਸਬਰ ਨਾਲ ਸਹਿੰਦਾ ਰਿਹਾ, ਪਰ ਮੂੰਹੋਂ ਕੁਝ ਨਾ ਬੋਲਿਆ। ਉਹ ਵੀ ਨਿਰਵਸਤਰ ਕੀਤਾ ਹੋਇਆ ਸੀ ਤੇ ਮੈਨੂੰ ਵੀ ਇਸੇ ਹਾਲਤ ’ਚ ਅਲਫ਼ ਨੰਗਾ ਕਰਕੇ ਸੁੱਟਿਆ ਹੋਇਆ ਸੀ। ਜਦੋਂ ਉਹ ਨਾ ਹੀ ਕੁੱਝ ਬੋਲਿਆ ਤਾਂ ਆਖ਼ਰ ਪੁਲਿਸ ਵਾਲੇ ਉਸ ਦੀ ਮਾਤਾ ਨੂੰ ਬਾਹਰੋਂ ਕਿਸੇ ਕਮਰੇ ਵਿੱਚੋਂ ਹਾਲ ’ਚ ਲੈ ਆਏ, ਜਿੱਥੇ ਅਸੀਂ ਦੋਵੇਂ ਨਿਰਵਸਤਰ ਪਏ ਸਾਂ। ਪੁਲਿਸ ਦੇ ਦਰਿੰਦਿਆਂ ਨੇ ਉਸ ਦੀ ਮਾਤਾ ਦੇ ਜਬਰਦਸਤੀ ਕੱਪੜੇ ਲਾਹ ਕੇ ਭਾਈ ਗੁਰਮੇਜ ਸਿੰਘ ਦੇ ਸਾਹਮਣੇ ਨਿਰਵਸਤਰ ਕਰ ਦਿੱਤਾ। ਗੁਰਮੇਜ ਸਿੰਘ ਨੇ ਅੱਖਾਂ ਬੰਦ ਕਰ ਲਈਆਂ। ਉਸ ਦੀਆਂ ਅੱਖਾਂ ਖੁਲ੍ਹਵਾਉਣ ਲਈ ਉਸ ਨੂੰ ਕੁੱਟਿਆ ਜਾਣ ਲੱਗਾ। ਸਾਰੀ ਪੁਲਿਸ ਕੁੱਟ-ਕੁੱਟ ਥੱਕ ਗਈ, ਪਰ ਉਸ ਨੇ ਅੱਖਾਂ ਨਾ ਖੋਲ੍ਹੀਆਂ, ਸਗੋਂ ਉਹ ਪੁਲਿਸ ਵਾਲਿਆਂ ਨੂੰ ਉੱਚੀ-ਉੱਚੀ ਗਾਲ੍ਹਾਂ ਕੱਢਦਾ ਰਿਹਾ।

ਇਸ ਹਾਲਤ ਵਿਚ ਪੁੱਤਰ ਨੂੰ ਕੋਂਹਦਿਆਂ ਵੇਖ ਕੇ ਉਸ ਦੀ ਮਾਤਾ ਵਿਰਲਾਪ ਕਰਨ ਲੱਗ ਪਈ, ਕਹਿੰਦੀ-‘‘ਪੁੱਤਾ ਮੇਰਿਆ, ਕੁੱਟ ਨਾ ਖਾਹ, ਅੱਖਾਂ ਖੋਲ੍ਹ ਲੈ… ਮੇਰੇ ਲਈ ਤੂੰ ਤਾਂ ਉਹੀ ਚਾਰ-ਪੰਜ ਸਾਲ ਦਾ ‘ਮੇਜਾ’ ਈ ਐਂ… ਅੱਖਾਂ ਖੋਲ੍ਹ ਲੈ ਮੇਰਿਆ ਲਾਡਲਿਆ…।’’ ਪਰ ਉਸ ਸਿਰੜੀ ਸਿੰਘ ਨੇ ਅੱਖਾਂ ਨਾ ਖੋਹਲੀਆਂ।

ਕੁਲਬੀਰ ਕੌਰ ਧਾਮੀ ਦਾ ਵੀ ਬਿਆਨ ‘ਵੰਗਾਰ’ ਵਿਚ ਛਪਿਆ ਹੈ :- ‘‘ਰੋਪੜ ਵਿਖੇ ਪੁਲਿਸ ਦੀ ਹਿਰਾਸਤ ਵਿਚ ਹੁੰਦਿਆਂ ਵੀ ਮੈਂ ਬਹੁਤ ਕੁੱਝ ਵੇਖਿਆ। ਸਾਡੇ ਸੈੱਲ ਦੇ ਸਾਹਮਣੇ ਹੀ ਅੰਬ ਦਾ ਦਰੱਖਤ ਸੀ, ਜਿਸ ’ਤੇ ਸਭ ਨੂੰ ਨੰਗਾ ਕਰਕੇ ਲਟਕਾਇਆ ਜਾਂਦਾ। ਸਟਾਫ਼ ਵਿਚ ਮਸ਼ਹੂਰ ਹੈ ਕਿ ‘‘ਇਸ (ਰੁੱਖ) ਨੂੰ ਅੰਬ ਨਹੀਂ ਲੱਗਦੇ, ਬੰਦੇ ਹੀ ਲੱਗਦੇ ਹਨ।’’ ਫੜੇ ਹੋਏ ਬੁੱਢੇ, ਨੌਜਵਾਨ, ਮੁੰਡੇ ਇਸ ਨਾਲ ਨੰਗੇ ਹੀ ਲਟਕਦੇ ਦੇਖੇ ਗਏ ਹਨ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 29 ਸਤੰਬਰ 1993 ਤੋਂ ਲੈ ਕੇ ਅਪ੍ਰੈਲ 1994 ਤਕ ਅਸੀਂ ਕਿੰਨੇ ਜਣਿਆਂ ਨੂੰ ਮਰਦਿਆਂ ਨੂੰ ਦੇਖਿਆ ਹੋਵੇਗਾ। ਇਸ ਤੋਂ ਪਰ੍ਹੇ ਮਾਨਸਿਕ ਕਸ਼ਟ ਹੋਰ ਕੀ ਹੋ ਸਕਦਾ ਹੈ ? ਸਾਡੀ ਗੱਲ ਛੱਡੋ, ਪੁਲਿਸ ਵਾਲੇ ਆਪਣੀਆਂ ਲੇਡੀ ਕਾਂਸਟੇਬਲਾਂ ਨੂੰ ਇਹ ਸਭ ਕੁੱਝ ਦੇਖਣ ਲਈ ਮਜਬੂਰ ਕਰਦੇ ਸਨ।

‘‘ਮੈਨੂੰ ਯਾਦ ਹੈ, ਕੁੱਝ ਔਰਤਾਂ ਫਰਵਰੀ 1994 ਵਿਚ ਮਰਦਾਂ ਸਮੇਤ ਜਿਸਮ ਫ਼ਰੋਸ਼ੀ ਦੇ ਕੇਸ ਵਿਚ ਫੜ ਕੇ ਲਿਆਂਦੀਆਂ ਗਈਆਂ। ਔਰਤਾਂ ਦੀ ਗਿਣਤੀ ਅੱਠ ਸੀ ਅਤੇ ਮਰਦਾਂ ਦੀ ਪੰਜ। ਸਾਡੇ ਸਾਹਮਣੇ ਹੀ ਸਭ ਨੂੰ ਇੰਟੈਰੋਗੇਟ ਕੀਤਾ ਗਿਆ। ਬਹੁਤ ਚਸਕੇ ਲੈ-ਲੈ ਕੇ ਤਫ਼ਤੀਸ਼ ਕੀਤੀ ਗਈ। ਇਨ੍ਹਾਂ ਨੂੰ ਅਫ਼ਸਰਾਂ ਨੇ ਕੁੱਟਿਆ ਹੀ ਨਹੀਂ, ਸਗੋਂ ਬਹੁਤ ਕੁੱਝ ਕੀਤਾ… ਇਨਸਾਨੀਅਤ ਤੋਂ ਬਹੁਤ ਜ਼ਿਆਦਾ ਗਿਰੀਆਂ ਹੋਈਆਂ ਹਰਕਤਾਂ, ਜਿਨ੍ਹਾਂ ਨੂੰ ਮੈਂ ਲਿਖਣਾ ਵੀ ਠੀਕ ਨਹੀਂ ਸਮਝਦੀ। ਇਨ੍ਹਾਂ ਵਿੱਚੋਂ ਛੇ ਔਰਤਾਂ ਅਤੇ ਪੰਜ ਮਰਦਾਂ ਨੂੰ ਕਾਫੀ ਦਿਨ ਨਾਜਾਇਜ਼ ਹਿਰਾਸਤ ਵਿਚ ਰੱਖਣ ਅਤੇ ਚੱਬਣ ਤੋਂ ਬਾਅਦ ਕੇਸ ਪਾ ਕੇ ਪਟਿਆਲੇ ਜੇਲ੍ਹ ਵਿਚ ਭੇਜ ਦਿੱਤਾ ਗਿਆ।

‘‘ਇਨ੍ਹਾਂ ਵਿੱਚੋਂ ਦੋ ਔਰਤਾਂ ਸੁਮਨ ਉਰਫ ਜਤਿੰਦਰ ਕੌਰ ਅਤੇ ਸੁੰਦਰਾਂ ਨੂੰ ਰੱਖ ਲਿਆ ਗਿਆ ਅਤੇ ਅਖ਼ਬਾਰਾਂ ਵਿਚ ਇਹ ਸ਼ੋਅ ਕੀਤਾ ਕਿ ਇਹ ਮੌਕੇ ਤੋਂ ਭੱਜ ਗਈਆਂ ਹਨ… ਪਰ ਅਸਲ ਵਿਚ ਉਹ ਸਾਡੇ ਕੋਲ ਹੀ ਸਨ। ਐਸ. ਪੀ ਪ੍ਰਸ਼ੋਤਮ ਅਤੇ ਐਸ.ਪੀ (ਡੀ) ਪਰਮਦੇਵ ਸਿੰਘ ਨੇ ਇਨ੍ਹਾਂ ’ਤੇ ਹੋਰ ਜ਼ਿਆਦਾ ਤਸ਼ੱਦਦ ਕੀਤਾ ਅਤੇ ਏਨੀਆਂ ਜ਼ਿਆਦਾ ਜ਼ਲਾਲਤ ਦੀਆਂ ਹੱਦਾਂ ਟੱਪੀਆਂ ਕਿ ਮੇਰੀ ਕਲਮ ਲਿਖ ਨਹੀਂ ਸਕਦੀ। ਅਸਲ ਵਿਚ ਪੁਲਿਸ ਦਾ ਰਾਜ ਹੈ, ਕੌਣ ਪੁੱਛਦਾ ਹੈ ਇਨ੍ਹਾਂ ਨੂੰ ?

‘‘ਲੇਡੀ ਮੁਲਾਜ਼ਮਾਂ ਆਪਣੇ ਥਾਂ ਬਹੁਤ ਦੁਖੀ ਹਨ। ਮੈਨੂੰ ਯਾਦ ਹੈ ਇਨ੍ਹਾਂ ਦੇ ਹੁੰਦਿਆਂ ਹੀ ਲੇਡੀ ਕਾਂਸਟੇਬਲ ਹਰਭਜਨ ਕੌਰ, ਸੁਰਿੰਦਰ ਕੌਰ ਅਤੇ ਗਿਆਨਣ (ਪੂਰਾ ਨਾਂ ਯਾਦ ਨਹੀਂ) ਦੀ ਡਿਊਟੀ ਸੀ। ਇਹ ਅੰਦਰ ਕਮਰੇ ਵਿਚ ਸਨ। ਡਿਊਟੀ ਖ਼ਤਮ ਹੋ ਚੁੱਕੀ ਸੀ, ਬਾਹਰ ਵਿਹੜੇ ਵਿਚ ਐਸ.ਪੀ (ਡੀ) ਆਪਣੀ ਨਿਗਰਾਨੀ ਵਿਚ ਕਈ ਮਰਦਾਂ ਨੂੰ ਅਲਫ਼ ਨੰਗੇ ਕਰ ਕੇ ਇੰਟੈਰੋਗੇਟ ਕਰ ਰਿਹਾ ਸੀ। ਇਨ੍ਹਾਂ ਲੇਡੀਜ਼ ਕਾਂਸਟੇਬਲਾਂ ਦੀ ਡਿਊਟੀ ਤਬਦੀਲ ਹੋਣੀ ਸੀ। ਇਹ ਜਾਣਾ ਚਾਹੁੰਦੀਆਂ ਸਨ। ਉਨ੍ਹਾਂ ਨੇ ਐਸ.ਪੀ (ਡੀ) ਕੋਲ ਸੁਨੇਹਾ ਭੇਜ ਕੇ ਫਰਿਆਦ ਕੀਤੀ ਕਿ ਅਸੀਂ ਜਾਣਾ ਹੈ, ਪਰ ਐਸ.ਪੀ (ਡੀ) ਨੇ ਉਨ੍ਹਾਂ ਨੂੰ ਮਜਬੂਰ ਕੀਤਾ ਕਿ ਉਹ ਇਸੇ ਤਰ੍ਹਾਂ ਹੀ ਲੰਘ ਕੇ ਚਲੀਆਂ ਜਾਣ।

‘‘ਜਦੋਂ ਉਹ ਲੰਘੀਆਂ ਤਾਂ ਰੱਜ ਕੇ ਹਾਸਾ ਪਾਇਆ ਗਿਆ। ਦੂਸਰੇ ਦਿਨ ਉਹ ਮੇਰੇ ਕੋਲ ਆ ਕੇ ਬਹੁਤ ਰੋਈਆਂ। ਉਨ੍ਹਾਂ ਨੇ ਕਿਹਾ, ‘‘ਤੂੰ ਧੰਨ ਹੈਂ, ਜੋ ਸਾਰਾ ਕੁੱਝ ਦੇਖਦੀ ਹੈਂ। ਇਹੋ ਜਿਹੀ ਨੌਕਰੀ ਵਿਚ ਕੀ ਰੱਖਿਆ ਹੋਇਆ ਹੈ ? ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ… ਸਾਡੇ ਆਦਮੀ ਵੀ ਪੁਲਿਸ ਵਿਚ ਕੰਮ ਕਰਦੇ ਸੀ, ਉਹ ਮਾਰੇ ਗਏ ਅਤੇ ਅਸੀਂ ਵਿਧਵਾਵਾਂ ਉਨ੍ਹਾਂ ਦੀ ਥਾਂ ਨੌਕਰੀ ਕਰਦੀਆਂ ਹਾਂ। ਜੇ ਅਸੀਂ ਨੌਕਰੀਆਂ ਛੱਡਦੀਆਂ ਹਾਂ ਤਾਂ ਬੱਚਿਆ ਦਾ ਕੀ ਬਣੇਗਾ, ਜਿਨ੍ਹਾਂ ਦੇ ਪਿਓ ਪਹਿਲਾਂ ਹੀ ਸਿਰ ’ਤੇ ਨਹੀਂ ਹਨ…।’’ ਸਚਮੁੱਚ ਹੀ ਉਨ੍ਹਾਂ ਦੀ ਮਾਨਸਿਕ ਪੀੜ ਸਮਝਣ ਵਾਲੀ ਹੈ। ਉੱਥੇ ਸਰਵਿਸ ਕਰਦੀਆਂ ਹੋਰ ਬੀਬੀਆਂ, ਬੀਬੀ ਅਮਰਜੀਤ ਕੌਰ, ਰਵਿੰਦਰ ਕੌਰ ਅਥਲੀਟ, ਰਾਜਵੰਤ ਕੌਰ, ਹਰਿੰਦਰ ਐਸ. ਪੀ. ਓ, ਸੁਮਨ ਐਸ. ਪੀ. ਓ., ਗੱਲ ਕੀ, ਮੁਹਾਲੀ ਅਤੇ ਰੋਪੜ ਵਿਚ ਤਾਇਨਾਤ ਸਾਰੀਆਂ ਹੀ ਲੇਡੀ ਮੁਲਾਜ਼ਮਾਂ ਸਮੇਤ ਐਸ. ਆਈ ਬਲਦੇਵ ਕੌਰ ਮੈਨੂੰ ਜਾਣਦੀਆਂ ਹੀ ਨਹੀਂ, ਸਗੋਂ ਚੰਗੀਆਂ ਸਹੇਲੀਆਂ ਵੀ ਹਨ।

‘‘ਇਸੇ ਤਰ੍ਹਾਂ ਹੀ ਤਰਨ ਤਾਰਨ ਵਿਚ ਤਾਇਨਾਤ ਲੇਡੀ ਕਾਂਸਟੇਬਲਾਂ ਦਵਿੰਦਰ ਕੌਰ, ਸਤਿੰਦਰ ਕੌਰ, ਹੌਲਦਾਰਨੀ ਸ਼ੀਲਾ ਦੇਵੀ, ਲਖਵਿੰਦਰ ਲੱਖੀ ਅਤੇ ਥਾਣੇਦਾਰਨੀ ਰਾਜਵਿੰਦਰ ਕੌਰ, ਇਹ ਵੀ ਮੇਰੀਆਂ ਚੰਗੀਆਂ ਵਾਕਿਫ਼ ਹਨ। ਇਨ੍ਹਾਂ ਨਾਲ ਵੀ ਮੇਰੀਆਂ ਕਾਫ਼ੀ ਗੱਲਾਂ ਹੁੰਦੀਆਂ ਰਹਿੰਦੀਆਂ ਸੀ। ਤਰਨ ਤਾਰਨ ਤੇ ਰੋਪੜ ਵਾਲੀਆਂ ਇਨ੍ਹਾਂ ਮੁਲਾਜ਼ਮ ਬੀਬੀਆਂ ਨੇ ਆਪਣੇ ਅਫ਼ਸਰਾਂ ਅਤੇ ਡੀ. ਜੀ. ਪੀ ਸਾਹਿਬ ਦੇ ਕਰੈਕਟਰ ਬਾਰੇ ਬਹੁਤ ਵਿਸਥਾਰ ਵਿਚ ਦੱਸਿਆ। ਆਪਣੀਆਂ ਮਜਬੂਰੀਆਂ ਵੀ ਦੱਸੀਆਂ, ਵਿੱਚੋਂ ਬਹੁਤ ਦੁਖੀ ਹਨ ਵਿਚਾਰੀਆਂ।’’

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਤੇ ਮਾਂ ਦੀ ਜ਼ਾਤ ਦੀ ਪਤ ਲਾਹੁਣ ਵਿਚ ਕਦੇ ਵੀ ਕਮੀ ਨਹੀਂ ਹੋਈ। ਰਾਖਵਾਂਕਰਨ ਦੇ ਮੁੱਦੇ ਉੱਤੇ ਹਰਿਆਣਾ ਦੇ ਸ਼ਾਹ ਮਾਰਗ ਉੱਤੇ ਮੁਰਥਲ ਨੇੜੇ ਪੁਲਿਸ ਤੇ ਫੌਜ ਵੱਲੋਂ ਗਸ਼ਤ ਕੀਤੇ ਜਾਣ ਦੇ ਦੌਰਾਨ ਤੇ ਦਫਾ 144 ਲਾਈ ਹੋਈ ਦੇ ਬਾਵਜੂਦ ਕਾਰਾਂ ਵਿੱਚੋਂ ਘੜੀਸ ਕੇ ਹਥਿਆਰਬੰਦ ਗੁੰਡਿਆਂ ਨੇ ਸੋਮਵਾਰ ਸਵੇਰੇ ਤਿੰਨ ਵਜੇ ਲਗਭਗ ਦਰਜਨ ਔਰਤਾਂ ਨੂੰ ਸਮੂਹਕ ਹਵਸ ਦਾ ਸ਼ਿਕਾਰ ਬਣਾ ਕੇ, ਗਹਿਣੇ ਗੱਟੇ ਲੁੱਟ ਕੇ, ਨਿਰਵਸਤਰ ਕਰ ਹੱਥ ਖੜੇ ਕਰਵਾ ਕੇ ਪਰੇਡ ਕਰਵਾਈ, ਹਦ ਦਰਜੇ ਦੇ ਭੱਦੇ ਅਪਸ਼ਬਦ ਬੋਲ ਕੇ ਕਈ ਘੰਟੇ ਬੇਪਰਦ ਹਾਲਤ ਵਿਚ ਹੀ ਰਹਿਣ ਲਈ ਮਜਬੂਰ ਕੀਤਾ ਤੇ ਆਲੇ-ਦੁਆਲੇ ਦੇ ਪਿੰਡ ਵਾਸੀਆਂ ਨੂੰ ਧਮਕੀ ਵੀ ਦਿੱਤੀ ਕਿ ਇਨ੍ਹਾਂ ਨੂੰ ਕਿਸੇ ਵੱਲੋਂ ਵੀ ਕੋਈ ਸਹਾਇਤਾ ਜਾਂ ਵਸਤਰ ਦਿੱਤੇ ਗਏ ਤਾਂ ਜਾਨ ਤੋਂ ਮਾਰ ਦਿੱਤਾ ਜਾਵੇਗਾ !

ਹਿਰਦੇ ਨੂੰ ਚੀਰ ਦੇਣ ਵਾਲੀ ਇਸ ਘਟਨਾ ਬਾਰੇ ਅਧਿਕਾਰੀਆਂ ਨੂੰ ਦੱਸਣ ਤੇ ਪੀੜਤਾਂ ਦੀ ਮਦਦ ਕਰਨ ਆਏ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਕਿਸੇ ਅਧਿਕਾਰੀ ਜਾਂ ਸਿਆਸੀ ਨੇਤਾ ਨੇ ਇਸ ਬਾਰੇ ਕੁੱਝ ਵੀ ਕਰਨ ਵਿਚ ਸੰਕੋਚ ਜ਼ਾਹਰ ਕੀਤਾ ਤੇ ਪੀੜਤਾਂ ਨੂੰ ਦੜ੍ਹ ਵੱਟਣ ਲਈ ਪ੍ਰੇਰਿਆ। ਭਾਵੇਂ ਗੁਜਰਾਤ ਦੇ ਦੰਗਿਆਂ ਵਿਚ ਔਰਤਾਂ ਦੀ ਪਤ ਲੱਥੀ ਹੋਵੇ ਤੇ ਭਾਵੇਂ 1984 ਦੇ ਕਤਲੇਆਮ ਵਿਚ ਮਾਵਾਂ, ਧੀਆਂ, ਭੈਣਾਂ ਨੂੰ ਸਮੂਹਕ ਤੌਰ ਉੱਤੇ ਚੂੰਢ ਕੇ ਨਿਰਲੱਜਾਂ ਨੇ ਬੇਪਤੀ ਦੀ ਸਿਖਰ ਛੂਹੀ ਹੋਵੇ, ਕਦੇ ਵੀ ਅਮਨ ਕਾਨੂੰਨ ਦੇ ਰਾਖਿਆਂ ਨੇ ਰੋਕਣ ਦਾ ਜਤਨ ਨਹੀਂ ਕੀਤਾ ਤੇ ਨਾ ਹੀ ਜ਼ਮੀਰ ਦੀ ਆਵਾਜ਼ ਸੁਣ ਕੇ ਹਾਅ ਦਾ ਨਾਅਰਾ ਹੀ ਮਾਰਿਆ ਹੈ।

ਮਿਸਾਲੀ ਸਜ਼ਾਵਾਂ ਇਸੇ ਲਈ ਨਹੀਂ ਦਿੱਤੀਆਂ ਜਾਂਦੀਆਂ ਕਿਉਂਕਿ ਇਹ ਗੁੰਡੇ ਅਧਿਕਾਰੀਆਂ ਤੇ ਨੇਤਾਵਾਂ ਦੀ ਸ਼ਹਿ ਹੇਠ ਕੰਮ ਕਰ ਰਹੇ ਹੁੰਦੇ ਹਨ। ਗੁੰਡਾ ਰਾਜ ਸਿਰਫ਼ ਇਸੇ ਲਈ ਪਨਪਦਾ ਹੈ ਕਿਉਂਕਿ ਲੋਕ ਆਵਾਜ਼ ਦੱਬ ਚੁੱਕੀ ਹੈ। ‘ਮਿੱਟੀ ਪਾਓ’, ‘ਛੱਡੋ ਪਰ੍ਹਾਂ’, ‘ਚਲੋ ਕੋਈ ਨਾ’ ਵਰਗੀ ਸੋਚ ਸਾਡੀ ਜ਼ਮੀਰ ਨੂੰ ਸਿਉਂਕ ਵਾਂਗ ਖਾ ਚੁੱਕੀ ਹੈ।

ਐਵੇਂ ਨਹੀਂ ਕਿਹਾ ਗਿਆ- ‘‘ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ, ਜੋ ਸਭ ਵੇਖਦੇ ਸੁਣਦੇ ਵੀ ਠੰਡੀ ਯਖ਼ ਹੁੰਦੀ ਹੈ।’’

ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ ਸਮਾਂ ਆ ਚੁੱਕਿਆ ਹੈ। ਪਾਣੀ ਸਿਰੋਂ ਲੰਘ ਚੁੱਕਿਆ ਹੈ। ਇਕ ਜੁੱਟ ਹੋ ਕੇ ਅਜਿਹੇ ਨਿਰਲੱਜ ਸਿਆਸਤਦਾਨਾਂ, ਪੁਲਿਸ ਤੇ ਸਿਵਿਲ ਅਧਿਕਾਰੀਆਂ ਨੂੰ ਸਬਕ ਸਿਖਾ ਕੇ ਇਨ੍ਹਾਂ ਦੇ ਮੂੰਹ ਉੱਤੋਂ ਝੂਠੀ ਇਨਸਾਨੀਅਤ ਦਾ ਮੁਖੌਟਾ ਲਾਹ ਕੇ ਹੇਠੋਂ ਖੂੰਖਾਰ ਜਨੌਰ ਦਾ ਅਸਲੀ ਰੂਪ ਉਘਾੜ ਕੇ ਸਾਹਮਣੇ ਲਿਆਉਣ ਦਾ ਵੇਲਾ ਹੈ।

ਲੋਕ ਰੋਹ ਅੱਗੇ ਕੋਈ ਨਹੀਂ ਟਿਕ ਸਕਦਾ। ਵੇਲਾ ਜੇ, ਇਨਸਾਨੀਅਤ ਦੀ ਅਣਖ ਜਗਾਉਣ ਲਈ ਅੰਦੋਲਨ ਸ਼ੁਰੂ ਕਰਨ ਦਾ। ਮਾਂਵਾਂ ਦੀ ਪਤ ਦੀ ਰੱਖਿਆ ਕਰਨ ਲਈ, ਧੀਆਂ ਤੇ ਭੈਣਾਂ ਨੂੰ ਸੁਰੱਖਿਅਤ ਮਾਹੌਲ ਵਿਚ ਵਿਚਰਨ ਦੇਣ ਲਈ, ਜ਼ਰੂਰੀ ਹੈ ਗੁੰਡਿਆਂ ਤੇ ਘੋਰ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਕਾਨੂੰਨਾਂ ਰਾਹੀਂ ਨੱਥ ਪਾ ਕੇ ਜੇਲਾਂ ਵਿਚ ਉਮਰ ਭਰ ਲਈ ਡੱਕਣ ਦਾ ਜਾਂ ਫਾਂਸੀ ਲਾ ਕੇ ਮਿਸਾਲ ਕਾਇਮ ਕਰਨ ਦਾ ! ਇਨਸਾਫ਼ ਦਾ ਤਕਾਜ਼ਾ ਇਹੀ ਹੈ। ਇਹੀ ਹੈ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਤੇ ਮਾਂ ਦੀ ਇੱਜ਼ਤ ਬਚਾਉਣ ਦਾ ਸਹੀ ਰਾਹ ! ਇਹ ਪੜ੍ਹ ਕੇ ਦਿਲ ਵਿਚ ਚੀਸ ਉੱਠਦੀ ਹੈ ? ਕਿਹੋ ਜਿਹੇ ਬਘਿਆੜ ਸਮਾਜ ਵਿਚ ਭਰੇ ਪਏ ਹਨ ! ਮੰਦਰਾਂ, ਗੁਰਦੁਆਰਿਆਂ ਅੰਦਰ ਝੂਠੇ ਪੱਜ ਕਰਨ ਵਾਲਿਆਂ ਦੇ ਮੂੰਹ ਉੱਤੇ ਚਾੜ੍ਹੇ ਮੁਖੌਟੇ ਹੇਠਾਂ ਕਿੰਨਾ ਭਿਆਨਕ ਜਨੌਰ ਲੁਕਿਆ ਹੋਇਆ ਹੈ ! ਕੀ ਅਜਿਹੇ ਬੰਦੇ ਕਿਸੇ ਔਰਤ ਦੇ ਕੁੱਖੋਂ ਨਹੀਂ ਜੰਮੇ ? ਕੀ ਇਨ੍ਹਾਂ ਨੇ ਕਿਸੇ ਔਰਤ ਨੂੰ ਬਚਪਨ ਵਿਚ ਮਾਂ ਨਹੀਂ ਕਿਹਾ ਹੋਵੇਗਾ ? ਕੀ ਇਨ੍ਹਾਂ ਦੇ ਵਿਆਹ ਕਦੇ ਨਹੀਂ ਹੁੰਦੇ ? ਕੀ ਇਨ੍ਹਾਂ ਘਰ ਧੀ ਜਾਂ ਭੈਣ ਕਦੇ ਨਹੀਂ ਜੰਮਦੀ ?

ਜ਼ਰੂਰ ਹੁੰਦੀਆਂ ਹਨ ਪਰ, ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੇ ਘਰਾਂ ਵਿਚਲੀਆਂ ਮਾਵਾਂ, ਧੀਆਂ, ਭੈਣਾਂ, ਪਤਨੀਆਂ ਨਾਲ ਸਲੂਕ ਕਿਹੋ ਜਿਹਾ ਹੁੰਦਾ ਹੋਵੇਗਾ ! ਯੂਨਾਈਟਿਡ ਨੇਸ਼ਨਜ਼ ਵਰਗੀ ਵਿਸ਼ਵ ਸੰਸਥਾ ਵੀ ਇਨ੍ਹਾਂ ਅੰਕੜਿਆਂ ਨੂੰ ਜਗ ਜ਼ਾਹਿਰ ਕਰ ਚੁੱਕੀ ਹੈ ਕਿ 38 ਤੋਂ 41 ਪ੍ਰਤੀਸ਼ਤ ਨਾਬਾਲਗ ਬੱਚੀਆਂ ਆਪੋ ਆਪਣੇ ਘਰਾਂ ਵਿਚ ਆਪਣਿਆਂ ਹੱਥੋਂ, ਭੱਦੀ ਛੇੜਛਾੜ ਤੋਂ ਲੈ ਕੇ ਸਰੀਰਕ ਸ਼ੋਸ਼ਣ ਤਕ ਦਾ ਸ਼ਿਕਾਰ ਹੋ ਰਹੀਆਂ ਹਨ। ਲਗਭਗ 68 ਪ੍ਰਤੀਸ਼ਤ ਔਰਤਾਂ ਆਪਣੇ ਪਤੀਆਂ ਹੱਥੋਂ ਘਰੇਲੂ ਹਿੰਸਾ ਸਹਿਨ ਕਰ ਰਹੀਆਂ ਹਨ। 58 ਪ੍ਰਤੀਸ਼ਤ ਦੇ ਨੇੜੇ-ਤੇੜੇ ਮਾਵਾਂ ਆਪਣੇ ਪੁੱਤਰਾਂ ਹੱਥੋਂ ਜ਼ਲਾਲਤ ਸਹਿ ਰਹੀਆਂ ਹਨ। ਇਹ ਸਭ ਕੁੱਝ ਹੋ ਰਿਹਾ ਹੈ ਪੀਰਾਂ ਪੈਗੰਬਰਾਂ ਦੀ ਧਰਤੀ ਉੱਤੇ, ਜਿੱਥੇ ਤੇਤੀ ਕਰੋੜ ਦੇਵੀ ਦੇਵਤੇ ਵੱਸਦੇ ਹਨ।

ਕੀ ਇਹੋ ਜਿਹੇ ਸਥਾਪਤ ਅੰਕੜਿਆਂ ਨੂੰ ਜਾਣ ਲੈਣ ਬਾਅਦ ਹੁਣ ਵੀ ਇਹ ਸਮਾਜ ਸੱਭਿਅਕ ਅਖਵਾਉਣ ਜੋਗਾ ਹੈ ? ਮੁਖੌਟਿਆਂ ਥੱਲੇ ਲੁਕੇ ਵਹਿਸ਼ੀਆਂ ਨੂੰ ਸਮਾਜ ਵਿੱਚੋਂ ਛੇਕਣ ਦੀ ਲੋੜ ਭਾਸਦੀ ਹੈ ਜਾਂ ਨਹੀਂ ?

ਜਿਹੜੇ ਸੂਝਵਾਨ ਰਬ ਦੀ ਰਜ਼ਾ ਵਿਚ ਰਹਿ ਕੇ, ਦੂਜਿਆਂ ਦੇ ਭਲੇ ਨੂੰ ਹੀ ਧਰਮ ਮੰਨਦੇ ਹਨ, ਉਹ ਆਪਣੀ ਆਵਾਜ਼ ਸੰਘ ਵਿਚ ਦੱਬ ਕੇ ਸਭ ਜੁਰਮ ਹੁੰਦਾ ਵੇਖ ਕੇ ਵੀ ਚੁੱਪ ਹੋ ਕੇ ਬਹਿ ਗਏ ਹਨ। ਇਸੇ ਲਈ ਇਹ ਹਲਕੇ ਕੁੱਤੇ ਬੇਖੌਫ਼ ਹੋ ਕੇ ਦਨਦਨਾਉਂਦੇ ਫਿਰਦੇ ਹਨ।

ਕਦੋਂ ਅਸੀਂ ਆਵਾਜ਼ ਚੁੱਕਣਾ ਸਿਖਾਂਗੇ ? ਕਦੋਂ ਜ਼ੁਲਮ ਸਹਿਣ ਤੋਂ ਤੌਬਾ ਕਰਾਂਗੇ ? ਜਦੋਂ ਸਾਰੀਆਂ ਧੀਆਂ, ਭੈਣਾਂ, ਮਾਵਾਂ ਚੱਬ ਲਈਆਂ ਗਈਆਂ, ਫੇਰ ਹੀ ਅਸੀਂ ਆਪਣੇ ਜ਼ਮੀਰ ਦੀ ਆਵਾਜ਼ ਸੁਣਾਂਗੇ ? ਕੀ ਵਾਪਸ ਅਸੱਭਿਅਕ ਅਤੇ ਜੰਗਲੀ ਬਣੇ ਜਾਣ ਦੀ ਉਡੀਕ ਕਰ ਰਹੇ ਹਾਂ ? ਜਦੋਂ ਸਾਡਾ ਆਪਣਾ ਘਰ ਇਸੇ ਦਰਿੰਦਗੀ ਦੀ ਅੱਗ ਦੀ ਚਪੇਟ ਵਿਚ ਆ ਗਿਆ, ਫੇਰ ਹੀ ਸੇਕ ਮਹਿਸੂਸ ਕਰਾਂਗੇ ?

ਆਓ, ਉੱਠੀਏ ! ਅਜਿਹੇ ਜ਼ੁਲਮ ਵਿਰੁੱਧ ਇਕਜੁੱਟ ਹੋ ਕੇ, ਜੰਗਲ ਰਾਜ ਤੇ ਗੁੰਡਾ ਰਾਜ ਤੋਂ ਮੁਕਤ ਹੋਣ ਬਾਰੇ ਲੋਕ ਆਵਾਜ਼ ਬੁਲੰਦ ਕਰੀਏ। ਜੇ ਇਹ ਵੇਲਾ ਖੁੰਝ ਗਿਆ ਤਾਂ ਦਰਿੰਦਗੀ ਦੀ ਦਲਦਲ ਵਿਚ ਧਸ ਕੇ ਖ਼ਤਮ ਹੋਣ ਵਿਚ ਬਹੁਤੀ ਦੇਰ ਨਹੀਂ ਲੱਗਣੀ। ਜੇ ਮਾਵਾਂ ਨੂੰ ਹੀ ਰਾਖਸ਼ਾਂ ਨੇ ਚੱਬ ਲਿਆ ਤਾਂ ਅੱਗੋਂ ਮਨੁੱਖਾ ਜਨਮ ਸੰਭਵ ਕਿਵੇਂ ਹੋ ਸਕਣਾ ਹੈ ? ਮਾਂ ਦੀ ਪਤ ਬਚਾਉਣ ਲਈ ਹੀ ਸਹੀ, ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਲਈ ਹੀ ਸਹੀ, ਰਬ ਦਾ ਵਾਸਤਾ ਜੇ, ਇਹ ਵੰਗਾਰ ਸੁਣ ਕੇ ਇਕਜੁੱਟ ਹੋਣ ਲਈ ਕਮਰ ਕਸ ਲਵੋ।

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ,

28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਜਾਤ ਅਤੇ ਸਿੱਖ

0

ਜਾਤ ਅਤੇ ਸਿੱਖ

ਸਾਡੀ ਲੜਾਈ ਜਾਤ ਅਧਾਰਤ ਦੀ ਬਜਾਏ ਜਾਤੀ ਪ੍ਰਬੰਧ ਦੇ ਵਿਰੁੱਧ ਹੋਣੀ ਚਾਹੀਦੀ ਹੈ ।

ਹਰਲਾਜ ਸਿੰਘ ਬਹਾਦਰਪੁਰ-94170-23911

ਜਾਤ ਸ਼ਬਦ ਵੇਖਣ ਅਤੇ ਬੋਲਣ ਵਿੱਚ ਤਾਂ ਬਹੁਤ ਛੋਟਾ ਹੈ ਪਰ ਇਹ ਪੁਆੜੇ ਬਹੁਤ ਵੱਡੇ ਪਾਉਂਦਾ ਹੈ। ਜੇ ਇਉਂ ਕਹਿ ਲਈਏ ਕਿ ਇਹ ਜਾਤ ਸ਼ਬਦ ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ ਤਾਂ ਇਸ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ। ਦੁੱਖ ਦੀ ਗੱਲ ਇਹ ਹੈ ਕਿ ਸਾਡੇ ਭਾਰਤ ਦੇਸ਼ ਉੱਤੇ ਰਾਜ ਹੀ ਜਾਤ ਦਾ ਹੈ, ਇਸ ਜਾਤੀ ਰਾਜ ਨੇ ਭਾਰਤ ਵਾਸੀਆਂ ਨੂੰ ਵਿਦੇਸ਼ੀ ਹਮਲਾਵਰਾਂ ਨਾਲੋਂ ਵੀ ਵੱਧ ਜਲੀਲ ਕਰਕੇ ਅਜਿਹੇ ਜਖ਼ਮ ਦਿੱਤੇ ਹਨ ਜੋ ਕਦੇ ਵੀ ਭਰ ਨਹੀਂ ਸਕਣੇ ਕਿਉਂਕਿ ਵਿਦੇਸ਼ੀ ਹਮਲਾਵਰ ਤਾਂ ਕਦੇ ਆਉਂਦੇ ਸਨ ਜਾਂ ਕੁੱਝ ਸਮੇਂ ਲਈ ਗੁਲਾਮ ਬਣਾਉਂਦੇ ਸਨ ਤੇ ਉਨ੍ਹਾਂ ਤੋਂ ਮੁਕਤੀ ਸੰਭਵ ਸੀ , ਸੰਭਵ ਸਿਰਫ ਕਹਿਣ ਮਾਤ੍ਰ ਨਹੀਂ ਬਲਕਿ ਵਿਦੇਸ਼ੀ ਹਮਲਾਵਰਾਂ ਤੋਂ ਭਾਰਤ ਨੂੰ ਪ੍ਰਤੱਖ ਰੂਪ ਵਿੱਚ ਜਾਤੀ ਪ੍ਰਬੰਧ ਦੀ ਗੁਲਾਮੀ ਤੋਂ ਮੁਕਤੀ ਮਿਲੀ ਵੀ ਹੈ। ਸਾਡੇ ਭਾਰਤੀਆਂ (ਖਾਸ ਕਰ ਸਿੱਖਾਂ) ਨੇ ਵਿਦੇਸ਼ੀ ਹਮਲਾਵਰਾਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹਨਾ ਨੇ ਮੁੜ ਕੇ ਭਾਰਤ ’ਤੇ ਹਮਲਾ ਕਰਨ ਬਾਰੇ ਸੋਚਣਾ ਵੀ ਬੰਦ ਕਰ ਦਿੱਤਾ ਸੀ। ਅੰਗ੍ਰੇਜੀ ਰਾਜ ਨੂੰ ਖਤਮ ਕਰਕੇ ਭਾਰਤ ਦੇਸ਼ ਨੂੰ ਅਜ਼ਾਦ ਵੀ ਕਰਵਾ ਲਿਆ ਪਰ ਅਫਸੋਸ ਕਿ ਵਿਦੇਸ਼ੀ ਹਮਲਾਵਰਾਂ ਅਤੇ ਅੰਗ੍ਰੇਜਾਂ ਨੂੰ ਹਰਾਉਣ ਵਾਲੇ ਭਾਰਤੀ (ਖਾਸ ਕਰ ਸਿੱਖ) ਜਾਤੀ ਪ੍ਰਬੰਧ ਤੋਂ ਹਾਰ ਗਏ, ਇਸ ਪ੍ਰਬੰਧ ਦਾ ਭਾਰਤ ਅੱਜ ਵੀ ਗੁਲਾਮ ਹੈ ਅਤੇ ਪਤਾ ਨਹੀਂ ਕਿੰਨਾ ਚਿਰ ਅਜੇ ਹੋਰ ਗੁਲਾਮ ਰਹੇਗਾ। ਕਹਿਣ ਨੂੰ ਤਾਂ ਚਲਾਕ (ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ) ਲੋਕ ਕਹਿੰਦੇ ਹਨ ਕਿ ਅੰਗ੍ਰੇਜਾਂ ਦੀ ਨੀਤੀ ਸੀ ਫੁੱਟ ਪਾਓ ਤੇ ਰਾਜ ਕਰੋ, ਕਿ ਅੰਗ੍ਰੇਜਾਂ ਨੇ ਫੁੱਟ ਪਾ ਕੇ ਭਾਰਤੀਆਂ ’ਤੇ ਰਾਜ ਕੀਤਾ। ਚਲੋ ਜੇ ਇਸ ਗੱਲ ਨੂੰ ਠੀਕ ਵੀ ਮੰਨ ਲਈਏ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਭਾਰਤੀ ਲੋਕ ਅੰਗ੍ਰੇਜਾਂ ਤੋਂ ਤਾਂ ਅਜ਼ਾਦ ਹੋ ਵੀ ਚੁੱਕੇ ਹਨ ਪਰ ਜਾਤੀ ਪ੍ਰਬੰਧ ਤੋਂ ਅਜ਼ਾਦ ਨਹੀਂ ਹੋਏ। ਜਾਂ ਇਉਂ ਕਹਿ ਲਈਏ ਕਿ ਇਸ ਦੇਸ਼ (ਭਾਰਤ) ਦੇ ਮੂਲ ਨਿਵਾਸੀ (ਮਾਲਕ) ਤਾਂ ਹਜਾਰਾਂ ਸਾਲਾਂ ਤੋਂ ਹੀ ਗੁਲਾਮ ਚਲੇ ਆ ਰਹੇ ਹਨ। ਜੇ ਇਸ ਦੇਸ਼ ਉੱਤੇ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ ਜਾਂ ਰਾਜ ਕੀਤਾ ਤਾਂ ਉਹ ਵੀ ਇਸ ਦੇਸ਼ ’ਤੇ ਪਹਿਲਾਂ ਤੋਂ ਕਬਜਾ ਕਰੀਂ ਬੈਠੇ ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ ਆਰੀਅਨਾ ਦੀ ਫੁੱਟ ਪਾਊ ਨੀਤੀਆਂ ਕਾਰਨ ਹੀ ਹੋਇਆ ਸੀ। ਵਿਦੇਸ਼ੀ ਹਮਲਾਵਰਾਂ ਦੇ ਹਮਲੇ ਅਤੇ ਗੁਲਾਮੀ ਦਾ ਸੰਤਾਪ ਤਾਂ ਭਾਵੇਂ ਭਾਰਤ ਦੇ ਮੂਲ ਨਿਵਾਸੀਆਂ ਨੂੰ ਵੀ ਭੋਗਣਾ ਪਿਆ, ਪਰ ਅਸਲ ਵਿੱਚ ਇਹ ਹਮਲੇ ਭਾਰਤੀਆਂ ’ਤੇ ਪਹਿਲਾਂ ਤੋਂ ਹੀ ਕਬਜਾ ਕਰੀਂ ਬੈਠੇ ਬ੍ਰਾਹਮਣਾਂ ਉੱਤੇ ਹੀ ਸਨ। ਭਾਰਤ ਦੇ ਮੂਲ ਨਿਵਾਸੀਆਂ ਨੇ ਜੋ ਸੰਘਰਸ਼ ਕਰਕੇ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਅਤੇ ਰਾਜ ਤੋਂ ਅਜਾਦੀ ਪ੍ਰਾਪਤ ਕੀਤੀ ਸੀ ਉਸ ਨਾਲ ਭਾਰਤੀ ਅਜਾਦ ਨਹੀਂ ਸਨ ਹੋਏ ਬਲਕਿ ਭਾਰਤੀਆਂ ’ਤੇ ਪਹਿਲਾਂ ਤੋਂ ਹੀ ਕਬਜਾ ਕਰੀਂ ਬੈਠਾ ਬ੍ਰਾਹਮਣ ਹੀ ਅਜਾਦ ਹੋਇਆ ਸੀ। ਭਾਰਤੀਆਂ ਨੂੰ ਤਾਂ ਅਜਾਦ ਹੋਣ ਲਈ ਇੱਕ ਹੋਰ ਇੰਨਕਲਾਬੀ ਲੜਾਈ ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ ਨਾਲ ਲੜਨੀ ਪਵੇਗੀ। ਜਾਤੀ ਪ੍ਰਬੰਧ ਤੋਂ ਮੁਕਤੀ ਹੀ ਭਾਰਤੀਆਂ ਦੀ ਅਸਲ ਅਜਾਦੀ ਹੋਵੇਗੀ। ਇਸ ਜਾਤੀ ਪ੍ਰਬੰਧ ਤੋਂ ਮੁਕਤੀ ਬਗੈਰ ਅਸੀਂ ਸਿੱਧੇ ਰੂਪ ਵਿੱਚ ਰਾਜ ਕਰਦੇ ਹੋਏ ਵੀ ਅਸਿੱਧੇ ਰੂਪ ਵਿੱਚ ਗੁਲਾਮ ਹੀ ਹੋਵਾਂਗੇ। ਭਾਵ ਕਿ ਜੇਕਰ ਜਾਤੀ ਪ੍ਰਬੰਧ ਦੇ ਅਧੀਨ ਰਹਿ ਕੇ ਦਲਿਤ ਵੀ ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਤੱਕ ਬਣ ਜਾਣ ਫਿਰ ਵੀ ਭਾਰਤ ਅਜਾਦ ਨਹੀਂ ਹੋਵੇਗਾ। ਭਾਰਤ ਦੀ ਅਜਾਦੀ ਇਸ ਵਿੱਚ ਹੈ ਕਿ ਇਸ ਦੇਸ਼ ਵਿੱਚੋਂ ਜਾਤ, ਵਰਣਵੰਡ, ਊਚ-ਨੀਚਤਾ ਨੂੰ ਖਤਮ ਕਰਕੇ ਜਾਤ ਸ਼ਬਦ ਨੂੰ ਦੇਸ਼ ਧਰੋਹੀ ਸ਼ਬਦ ਐਲਾਨਿਆ ਜਾਵੇ ਕਿਉਂਕਿ ਜਾਤੀ ਵੰਡ ਕੇਵਲ ਮਨੁੱਖੀ ਸਰੀਰਾਂ ਅਤੇ ਆਰਥਿਕਤਾ ਨੂੰ ਹੀ ਨਹੀਂ, ਬਲਕਿ ਮਨੁੱਖੀ ਮਾਨਸਿਕਤਾ ਨੂੰ ਵੀ ਗੁਲਾਮ ਬਣਾਉਂਦੀ ਹੈ। ਮਾਨਸਿਕ ਗੁਲਾਮੀ, ਸਰੀਰਕ ਅਤੇ ਆਰਥਿਕ ਗੁਲਾਮੀ ਨਾਲੋਂ ਵੀ ਵੱਧ ਖਤਰਨਾਕ ਹੁੰਦੀ ਹੈ। ਜਿਵੇਂ ਕਿ ਜੇਕਰ ਜਾਤੀ ਪ੍ਰਬੰਧ ਦੇ ਅਧੀਨ ਚਲਦਿਆਂ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ (ਕਹੀਆਂ ਜਾਂਦੀਆਂ ਨੀਚ ਜਾਤੀਆਂ) ਥਾਪ ਕੇ ਬੇਸੱਕ ਅਰਬਾਂ ਪਤੀ ਬਣਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣਾ ਦਿਓ ਉਹ ਫਿਰ ਵੀ ਚੂਹੜਾ, ਚਮਿਆਰ (ਨੀਚ) ਹੀ ਰਹੇਗਾ ਉਸ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਨੀਚ ਹੀ ਕਹਾਉਣਗੀਆਂ, ਉਹਨਾ ਅੰਦਰੋਂ ਕਹੀ ਜਾਂਦੀ ਨੀਚ ਜਾਤ ਦੀ ਹੀਣ ਭਾਵਨਾ ਕਦੇ ਵੀ ਖਤਮ ਨਹੀਂ ਹੋਵੇਗੀ। ਇੱਕ ਕਹੀ ਜਾਂਦੀ ਉਚ ਜਾਤੀ ਦਾ ਬ੍ਰਾਹਮਣ ਬੇਸੱਕ ਆਰਥਿਕ ਤੌਰ ’ਤੇ ਕਮਜੋਰ ਹੁੰਦਾ ਹੋਇਆ, ਕਹੇ ਜਾਂਦੇ ਨੀਚ ਜਾਤੀ ਵਾਲੇ ਕੰਮ ਕਰਦਾ ਹੋਇਆ ਵੀ ਉਚੀ ਜਾਤ ਵਾਲਾ ਫਖਰ ਮਹਿਸੂਸ ਕਰਦਾ ਤੇ ਬ੍ਰਾਹਮਣ ਹੀ ਰਹਿੰਦਾ ਹੈ। ਇਸ ਲਈ ਬ੍ਰਾਹਮਣ ਵੀ ਇਹੀ ਚਾਹੁੰਦਾ ਹੈ ਕਿ ਕਹੀਆਂ ਜਾਂਦੀਆਂ ਨੀਚ ਜਾਤੀਆਂ ਦੇ ਆਗੂਆਂ ਨੂੰ ਬੇਸੱਕ ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਤੱਕ ਬਣਾ ਲਓ ਪਰ ਜਾਤੀ ਪ੍ਰਬੰਧ ਨੂੰ ਖਤਮ ਨਾ ਕਰੋ। ਕਿਉਂਕਿ ਜਾਤੀ ਵੰਡ ਵਾਲੀ ਗੁਲਾਮੀ ਤੋਂ ਅਜਾਦ ਹੋਣਾ ਬਹੁਤ ਮੁਸ਼ਕਲ ਹੈ, ਸਰਕਾਰਾਂ ਤਾਂ ਬਦਲ ਦੀਆਂ ਹੀ ਰਹਿੰਦੀਆਂ ਹਨ। ਉਝ ਬੇਸੱਕ ਸਰਕਾਰ ਨੇ ਐੱਸ ਸੀ ਐਕਟ ਬਣਾਇਆ ਹੋਇਆ ਹੈ, ਜਾਤੀ ਪ੍ਰਬੰਧ ਅਧੀਨ ਚੱਲ ਰਹੀ ਸਰਕਾਰ ਦਾ ਇਹ ਐਕਟ ਵੀ ਭਾਰਤੀਆਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਕੁੱਝ ਵੀ ਨਹੀਂ ਹੈ, ਇੱਕ ਪਾਸੇ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ ਕਹਿਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ ਦੂਜੇ ਪਾਸੇ ਉਸੇ ਮਨੁੱਖ ਨੂੰ ਆਪਣੇ ਨਾਮ ਨਾਲ ਜਾਤੀ ਚੂਹੜਾ ਜਾਂ ਚਮਿਆਰ ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ। ਜੇ ਇਹ ਜਾਤੀ ਵਾਚਕ ਸ਼ਬਦ (ਚੂਹੜਾ ਜਾਂ ਚਮਿਆਰ) ਇੰਨਾ ਮਾੜਾ ਹੈ ਜਿਸ ਦੇ ਕਹਿਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ, ਜਿਸ ਕਾਰਨ ਇਹ ਸ਼ਬਦ ਵਰਤਣ ਵਾਲੇ ਨੂੰ ਸਜਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਫਿਰ ਇਸ ਮਨੁੱਖੀ ਮਨ ਨੂੰ ਠੇਸ ਪਹੁੰਚਾਣ ਵਾਲੇ ਜਾਤੀ ਵਾਚਕ ਸ਼ਬਦ ਨੂੰ ਖਤਮ ਹੀ ਕਿਉਂ ਨਹੀਂ ਕਰ ਦਿੱਤਾ ਜਾਂਦਾ ? ਅਫਸੋਸ ਕਿ ਭਾਰਤ ਦੇ ਮਾਲਿਕ ਮੂਲ ਨਿਵਾਸੀ ਆਪਣੀ ਗੁਲਾਮੀ ਦੇ ਇਸ ਕਾਰਨ (ਜਾਤੀ ਵੰਡ) ਨੂੰ ਸਮਝ ਕੇ ਇਸ ਤੋਂ ਮੁਕਤੀ ਪਾਉਣ ਦੀ ਥਾਂ ਇਸ ਵਿੱਚਲੀ ਗੁਲਾਮੀ ਨੂੰ ਹੀ ਅਜਾਦੀ ਮੰਨ ਕੇ ਇਸੇ ਵਿੱਚ ਹੀ ਗਰਕ ਹੋ ਰਹੇ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਠ ਮਾਰਚ ਨੂੰ ਮਹਿਲਾ ਦਿਵਸ ’ਤੇ ਮੰਨੂ ਸਿਮਿਰਤੀ ਦੀਆਂ ਕਾਪੀਆਂ ਇਹ ਕਹਿ ਕੇ ਸਾੜ ਦਿੱਤੀਆਂ ਕਿ ਇਸ ਵਿੱਚ ਔਰਤਾਂ ਅਤੇ ਸ਼ੂਦਰਾਂ ਨੂੰ ਅਪਮਾਨਿਤ ਕੀਤਾ ਗਿਆ ਹੈ। ਇਹ ਸੱਚ ਵੀ ਹੈ ਕਿਉਂਕਿ ਮੰਨੂ ਸਿਮਿਰਤੀ ਤਿਆਰ ਹੀ ਇਸ ਲਈ ਕੀਤੀ ਗਈ ਸੀ ਕਿ ਭਾਰਤ ਵਾਸੀਆਂ ਨੂੰ ਨੀਚ ਥਾਪ ਕੇ ਅਤੇ ਜਾਤਾਂ ਵਿੱਚ ਵੰਡ ਕੇ ਬ੍ਰਾਹਮਣ ਦੇ ਅਧੀਨ (ਗੁਲਾਮ) ਰੱਖਿਆ ਜਾਵੇ। ਇਸ ਵਿੱਚ ਖੁਸੀ ਦੀ ਗੱਲ ਇਹ ਹੈ ਕਿ ਚਲੋ ਸਾਡੇ ਯੂਨੀਵਰਸਿਟੀਆਂ ਵਿੱਚ ਪੜਦੇ ਬੱਚਿਆਂ ਨੂੰ ਇਸ ਦੀ ਉਸ ਅਸਲੀਅਤ ਬਾਰੇ ਪਤਾ ਤਾਂ ਲੱਗ ਗਿਆ ਜਿਸ ਬਾਰੇ ਭਗਤ ਕਬੀਰ ਜੀ ਨੇ ਸੱਤ ਸਦੀਆਂ ਪਹਿਲਾਂ ਸੁਚੇਤ ਕਰਦਿਆ ਕਿਹਾ ਸੀ :- ‘‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ ॥1॥ ਆਪਨ ਨਗਰੁ, ਆਪ ਤੇ ਬਾਧਿਆ ॥ ਮੋਹ ਕੈ ਫਾਧਿ, ਕਾਲ ਸਰੁ ਸਾਂਧਿਆ ॥1॥ ਰਹਾਉ ॥ ਕਟੀ ਨ ਕਟੈ, ਤੂਟਿ ਨਹ ਜਾਈ ॥ ਸਾ ਸਾਪਨਿ ਹੋਇ, ਜਗ ਕਉ ਖਾਈ ॥2॥ ਹਮ ਦੇਖਤ, ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ! ਮੈ ਰਾਮ ਕਹਿ ਛੂਟਿਆ ॥3॥’’ (329 ) ਪਰ ਅਸਲ ਗੱਲ ਇਹ ਹੈ ਕਿ ਇਹ ਜਾਤੀਵਾਦ ਦਾ ਸੱਪ ਸਿਰਫ ਮੰਨੂ ਸਿਮਿਰਤੀ ਸਾੜਨ ਨਾਲ ਨਹੀਂ ਮਰੇਗਾ ਜਿਵੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ :- ‘‘ਵਰਮੀ ਮਾਰੀ, ਸਾਪੁ ਨ ਮੂਆ ॥’’ ( ਗੁਰੂ ਗ੍ਰੰਥ ਸਾਹਿਬ ਪੰਨਾ 1348) ਭਾਵ ਕਿ ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ। ਬ੍ਰਾਹਮਣ ਦੇ ਜਾਤੀ ਪ੍ਰਬੰਧ ਤੋਂ ਅਸੀਂ ਉਨ੍ਹਾਂ ਚਿਰ ਮੁਕਤਿ ਨਹੀਂ ਹੋ ਸਕਦੇ ਜਿਨ੍ਹਾਂ ਚਿਰ ਇਸ ਦੀ ਅਸਲੀਅਤ ਨੂੰ ਸਮਝ ਕੇ ਜਾਤ ਸ਼ਬਦ ਨੂੰ ਜੜ੍ਹ ਤੋਂ ਖਤਮ ਨਹੀਂ ਕਰਦੇ। ਜਾਤੀ ਪ੍ਰਬੰਧ ਨੂੰ ਖਤਮ ਕਰੇ ਵਗੈਰ ਜੇਕਰ ਬ੍ਰਾਹਮਣਾਂ ਦੀਆਂ ਲੜਕੀਆਂ ਨੂੰ ਨੀਚ ਜਾਤ ਦੇ ਕਹੇ ਜਾਂਦੇ ਚੂਹੜੇ/ਚਮਿਆਰਾਂ ਦੇ ਲੜਕਿਆਂ ਨਾਲ ਵਿਆਹ ਦਿੱਤਾ ਜਾਵੇ ਜਾਂ ਨੀਚ ਜਾਤ ਦੇ ਕਹੇ ਜਾਂਦੇ ਚੂਹੜੇ / ਚਮਿਆਰਾਂ ਦੀਆਂ ਲੜਕੀਆਂ ਨੂੰ ਬ੍ਰਾਹਮਣਾਂ ਦੇ ਲੜਕਿਆਂ ਨਾਲ ਵਿਆਹ ਦਿੱਤਾ ਜਾਵੇ ਤਾਂ ਵੀ ਇਹ ਕੋਈ ਸਾਰਥਿਕ ਕਦਮ ਨਹੀਂ ਹੋਵੇਗਾ ਕਿਉਂਕਿ ਊਚ-ਨੀਚ ਤੇ ਜਾਤ ਤਾਂ ਫਿਰ ਵੀ ਕਾਇਮ ਹੀ ਰਹੇਗੀ, ਲੋੜ ਤਾਂ ਜਾਤ ਸਬਦ ਨੂੰ ਹੀ ਖਤਮ ਕਰਨ ਦੀ ਹੈ। ਜਾਤੀ ਪ੍ਰਬੰਧ ਦਾ ਸਿਰਜਕ ਵੀ ਇਹ ਚਾਹੁੰਦਾ ਹੈ ਕਿ ਅੰਤਰ ਜਾਤੀ ਵਿਆਹ ਤਾਂ ਹੋਣ ਪਰ ਜਾਤੀ ਖਤਮ ਨਾ ਹੋਵੇ। ਕਾਨੂੰਨੀ ਤੌਰ ਤੇ ਕਹੀਆਂ ਜਾਂਦੀਆਂ ਨੀਚ ਜਾਤੀਆਂ ਨੂੰ ਵੱਧ ਅਧਿਕਾਰ (ਰਾਖਵਾਂਕਰਨ) ਦੇਣ ਦੀ ਨੀਤੀ ਵੀ ਜਾਤੀ ਪ੍ਰਬੰਧ ਦੀ ਹੀ ਇੱਕ ਫੁੱਟ ਪਾਊ ਸਾਜਿਸ ਹੈ। ਜੇ ਅਸੀਂ ਇਸ ਨੂੰ ਨਾ ਸਮਝੇ ਤਾਂ ਬ੍ਰਾਹਮਣ ਨੇ ਦਲਿਤਾਂ ਨੂੰ ਨੀਚ ਜਾਤ ਦੇ ਨਾਲ ਨਾਲ ਇੱਕ ਵੱਖਰੇ ਧਰਮ ਵੱਜੋਂ ਵੀ ਸਥਾਪਿਤ ਕਰ ਦੇਣਾ ਹੈ। ਕਿਉਂਕਿ ਹੁਣ ਜਾਤੀ ਵੰਡ ਵਾਲੀ ਸਾਜਿਸ ਨੂੰ ਕੁੱਝ ਲੋਕ ਪਹਿਚਾਨਣ ਲੱਗ ਗਏ ਹਨ, ਬ੍ਰਾਹਮਣ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਜਾਤੀ ਵੰਡ ਨੂੰ ਸ਼ਾਇਦ ਜਿਆਦਾ ਸਮਾਂ ਕਾਇਮ ਰੱਖਣਾ ਮੁਸਕਲ ਹੋ ਜਾਵੇ, ਉਸ ਨੇ ਜਾਤੀ ਵੰਡ ਦੇ ਬਦਲ ਵਿੱਚ ਧਰਮ ਵੰਡ ਦਾ ਸਿਧਾਂਤ ਲਾਗੂ ਕਰ ਦੇਣਾ ਹੈ, ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਕਈ ਥਾਵਾਂ ’ਤੇ ਜਿੱਥੇ ਸਾਰੇ ਧਰਮਾਂ ਬਾਰੇ ਜਿਕਰ ਕੀਤਾ ਹੁੰਦਾ ਹੈ ਲਿਖਿਆ ਮਿਲਦਾ ਹੈ, ਹਿੰਦੂ, ਮੁਸਲਿਮ, ਸਿੱਖ ਤੇ ਦਲਿਤ। ਫਿਰ ਗੱਲ ਹਿੰਦੂ, ਮੁਸਲਿਮ, ਸਿੱਖ ਤੇ ਦਲਿਤ ਤੱਕ ਸੀਮਤ ਨਹੀਂ ਰਹਿਣੀ, ਫਿਰ ਜਿੰਨੇ ਦੇਸ਼ ਵਿੱਚ ਡੇਰੇ ਜੋ ਜਾਤਾਂ ਦੇ ਨਾਮ ’ਤੇ ਹਨ ਜਾਂ ਇੱਕ ਜਾਤ ਦੇ ਕਈ ਕਈ ਹਨ ਇਹ ਸੱਭ ਵੱਖਰੇ ਵੱਖਰੇ ਧਰਮ ਬਣਾ ਦਿੱਤੇ ਜਾਣਗੇ। ਜਾਤੀ ਪ੍ਰਬੰਧ ਦੀਆਂ ਸਰਕਾਰਾਂ ਨੇ ਜਾਤਾਂ, ਗੋਤਾਂ ਦੇ ਨਾਲ ਨਾਲ ਡੇਰਿਆਂ ਨੂੰ ਵੀ ਉਤਸਾਹਿਤ ਕਰਨਾ ਸ਼ੁਰੂ ਕੀਤਾ ਹੋਇਆ ਹੈ। ਪਹਿਲਾਂ ਭਗਤਾਂ ਤੇ ਗੁਰੂਆਂ ਦੀ ਸੋਚ ਗੁਰਬਾਣੀ ਨੂੰ ਇੱਕ ਧਰਮ ਬਣਾ ਕੇ ਉਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ। ਹੁਣ ਦਲਿਤ ਧਰਮ ਨੂੰ ਸਥਾਪਿਤ ਕਰਕੇ ਇਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇਗੀ। ਫਿਰ ਮੰਦਰਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ ਆਦਿ ਦੇ ਬੁੱਤਾਂ ਵਾਂਗ ਡਾ: ਭੀਮ ਰਾਓ ਅੰਬੇਦਕਰ ਤੇ ਕਾਂਸ਼ੀ ਰਾਮ ਜੀ ਦੇ ਬੁੱਤ ਸਥਾਪਿਤ ਕਰਕੇ ਉਹਨਾ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇਗੀ। ਫਿਰ ਸਿੱਖਾਂ ਵਾਂਗ ਦਲਿਤਾਂ ਦਾ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਹੋਵੇਗੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰ੍ਹਾਂ ਦਲਿਤਾਂ ਦੀਆਂ ਮੰਦਰ ਕਮੇਟੀਆਂ ਹੋਣਗੀਆਂ ਜੋ ਅਸਿਧੇ ਰੂਪ ਵਿੱਚ ਜਾਤੀ ਪ੍ਰਬੰਧ ਦੇ ਸਿਰਜਕ ਬ੍ਰਾਹਮਣ ਲਈ ਹੀ ਕੰਮ ਕਰਨਗੀਆਂ, ਜਿਸ ਤਰ੍ਹਾਂ ਅੱਜ ਸਿੱਖਾਂ ਦੇ ਅਕਾਲੀ ਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ, ਡੇਰੇ ਤੇ ਟਕਸਾਲਾਂ ਆਦਿ ਕਰ ਰਹੀਆਂ ਹਨ। ਜਾਤੀ ਪ੍ਰਬੰਧ ਦੇ ਸਿਰਜਕ ਚਲਾਕ ਬ੍ਰਾਹਮਣ ਨੇ ਇਸ ਪ੍ਰਬੰਧ ਨੂੰ ਲਾਗੂ ਹੀ ਅਜਿਹੇ ਢੰਗ ਨਾਲ ਕੀਤਾ ਹੈ ਕਿ ਹਰ ਕੋਈ ਇਸ ਵਿੱਚੋਂ ਨਿਕਲਣ ਦੀ ਥਾਂ ਫਸੇ ਰਹਿਣ ਵਿੱਚ ਹੀ ਫ਼ਖਰ ਮਹਿਸੂਸ ਕਰਦਾ ਹੈ। ਪਿਛਲੀਆਂ ਸਦੀਆਂ ਵਿੱਚ ਇਸ ਜਾਤੀ ਪ੍ਰਬੰਧ ਨੂੰ ਕਾਨੂੰਨੀ ਧੱਕੇ (ਮੰਨੂੰ ਸਿਮ੍ਰਤੀ) ਦੀ ਡਾਂਗ ਦੇ ਜੋਰ ਨਾਲ ਲਾਗੂ ਰੱਖਿਆ ਗਿਆ ਸੀ ਅਤੇ ਹੁਣ ਰਾਖਵੇਕਰਣ ਦਾ ਚੋਗਾ ਪਾ ਕੇ ਲਾਗੂ ਕੀਤਾ ਹੋਇਆ ਹੈ। ਇਸ ਦੀ ਪਿੰਜਰੇ ਦੇ ਤੋਤੇ ਜਾਂ ਸ਼ੇਰ ਦੀ ਜਿੰਦਗੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ, ਕਿ ਖੁਦ ਸ਼ਿਕਾਰ ਕਰਕੇ (ਕਮਾ ਕੇ) ਖਾਣ ਵਾਲੇ ਨੂੰ ਜਾਤ ਦੇ ਪਿੰਜਰੇ ਵਿੱਚ ਬੰਦ ਕਰਕੇ, ਪਿੰਜਰੇ ਵਿੱਚ ਬੈਠੇ ਨੂੰ ਮਾਰ ਕੇ ਲਿਆਂਦਾ (ਬਿਨਾ ਕਮਾਇਆ) ਭੋਜਨ ਖਵਾ ਖਵਾ ਕੇ ਉਸ ਦੇ ਸ਼ੇਰ ਪੁਣੇ ਨੂੰ ਖਤਮ ਕਰਨ ਦੇ ਨਾਲ ਨਾਲ ਉਸ ਦੀ ਜੰਗਲੀ ਅਜਾਦੀ ਵਾਲੀ ਦਾਹੜ ਅਤੇ ਨਿੱਡਰਤਾ ਨੂੰ ਖਤਮ ਕਰਕੇ ਗਿਦੜ ਨਾਲੋਂ ਵੀ ਹੀਣਾ ਬਣਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਭਾਰਤ ਦਾ ਮਾਲਕ ਮੂਲ ਨਿਵਾਸੀ ਆਪਣੀ ਜਾਤੀ ਗੁਲਾਮੀ ਨੂੰ ਸਮਝੇ ਵਗੈਰ ਜਾਤੀ ਵੰਡ ਦੀ ਗੁਲਾਮੀ ਤੋਂ ਅਜਾਦੀ ਲੈਣ ਲਈ ਲੜ ਕੇ ਮਰਨ ਦੀ ਥਾਂ ਰਾਖਵੇਂਕਰਨ ਦਾ ਚੋਗਾ ਪ੍ਰਾਪਤ ਕਰਨ ਲਈ ਜਿੱਥੇ ਆਪਣੇ ਹੀ ਭਰਾਵਾਂ ਨਾਲ ਲੜ ਕੇ ਮਰ ਰਿਹਾ ਹੈ ਉੱਥੇ ਜਾਤੀ ਵੰਡ ਵਾਲੀ ਗੁਲਾਮੀ ਨੂੰ ਹੋਰ ਮਜਬੂਤ ਕਰ ਰਿਹਾ ਹੈ। ਬ੍ਰਾਹਮਣ ਦੀ ਜਾਤੀ ਵੰਡ ਵਾਲੀ ਗੁਲਾਮੀ ਤੋਂ ਅਜਾਦ ਹੋਣ ਲਈ ਸਾਨੂੰ ਜਾਤੀ ਅਧਾਰਿਤ ਰਾਖਵੇਂਕਰਨ ਨੂੰ ਤਿਆਗ ਕੇ ਇਸ ਦਾ ਡੱਟ ਕੇ ਵਿਰੋਧ ਵੀ ਕਰਨਾ ਪਵੇਗਾ। ਜੇ ਰਾਖਵੇਂਕਰਣ ਦੀ ਸਹਾਇਤਾ ਲੈਣੀ ਹੈ ਤਾਂ ਉਹ ਆਰਥਿਕ ਅਧਾਰ ’ਤੇ ਹੋਣੀ ਚਾਹੀਦੀ ਹੈ, ਨਾ ਕਿ ਜਾਤੀ ਵੰਡ ਦੇ ਅਧਾਰ ’ਤੇ। ਸਾਡੀ ਲੜਾਈ ਜਾਤ ਅਧਾਰਤ ਦੀ ਥਾਂ ਜਾਤੀ ਪ੍ਰਬੰਧ ਦੇ ਵਿਰੁੱਧ ਹੋਣੀ ਚਾਹੀਂਦੀ ਹੈ। ਹਰਿਆਣੇ ਵਿੱਚ ਜਾਤੀ ਸਿਰਜਕ ਬ੍ਰਾਹਮਣ ਦੀ ਸਾਜਿਸ ਦਾ ਸਿਕਾਰ ਹੋਏ ਜਾਟਾਂ ਨੇ ਪਿਛਲੇ ਦਿਨੀ ਜਾਟ ਰਾਖਵਾਂਕਰਨ ਦੇ ਨਾਮ ’ਤੇ ਗੁੰਡਾ ਗਰਦੀ ਕਰਦਿਆਂ ਆਪਣੇ ਹੀ ਭਰਾਵਾਂ ਦੀਆਂ ਜਾਇਦਾਦਾਂ ਨੂੰ ਸਾੜ ਕੇ ਅਤੇ ਆਪਣੀਆਂ ਹੀ ਧੀਆਂ ਭੈਣਾ ਦੀਆਂ ਇੱਜਤਾਂ ਲੁੱਟ ਕੇ ਇਨਸਾਨੀਅਤ ਦੇ ਮੁੱਖ ’ਤੇ ਕਾਲਖ ਪੋਚ ਦਿੱਤੀ। ਇਸ ਘਟਨਾ ਨਾਲ ਜਿੱਥੇ ਇਨਸਾਨੀਅਤ ਸਰਮਸਾਰ ਹੋਈ ਉੱਥੇ ਜਾਤੀ ਪ੍ਰਬੰਧ ਦੇ ਸਿਰਜਕ ਬ੍ਰਾਹਮਣ ਨੂੰ ਮਨੁੱਖਤਾ ਦੀਆਂ ਲਾਸਾਂ ਉੱਤੇ ਜਾਤੀਵਾਦ ਦੀਆਂ ਕੰਧਾਂ ਹੋਰ ਊਚੀਆਂ ਤੇ ਪੱਕੀਆਂ ਹੁੰਦੀਆਂ ਵੇਖ ਕੇ ਖੁਸੀ ਮਿਲੀ ਹੋਵੇਗੀ। ਜਾਤੀ ਵੰਡੀਆਂ ਦੇ ਅਜਿਹੇ ਮਾੜੇ ਨਤੀਜਿਆਂ ਬਾਰੇ ਸੁਚੇਤ ਕਰਦਿਆਂ ਅਤੇ ਜਾਤ ਦਾ ਹੰਕਰ ਕਰਨ ਵਾਲੇ ਬ੍ਰਾਹਮਣ ਨੂੰ ਮੂਰਖ ਕਹਿੰਦਿਆਂ ਗੁਰੂ ਸਾਹਿਬ ਜੀ ਨੇ ਸਦੀਆਂ ਪਹਿਲਾਂ ਕਿਹਾ ਸੀ ਕਿ :- ‘‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ, ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ, ਬਹੁਤੁ ਵਿਕਾਰਾ ॥1॥ ਰਹਾਉ ॥ ਚਾਰੇ ਵਰਨ, ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ, ਸਭ ਓਪਤਿ ਹੋਈ ॥2॥ ’’ (ਗੁਰੂ ਗ੍ਰੰਥ ਸਾਹਿਬ ਪੰਨਾ 1127-28) ਹੇ ਭਾਈ ! ਕੋਈ ਭੀ ਧਿਰ ਊਚੀ ਜਾਤ ਦਾ ਮਾਣ ਨਾ ਕਰਿਓ (ਜਾਤ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪ੍ਰਮਾਤਮਾ) ਨਾਲ ਡੂੰਗੀ ਸਾਂਝ ਪਾ ਲੈਂਦਾ ਹੈ।1। ਹੇ ਮੂਰਖ ! ਹੇ ਗਵਾਰ ! (ਊਚੀ) ਜਾਤ ਦਾ ਮਾਣ ਨਾ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿੱਚ) ਕਈ ਵਿਗਾੜ ਚੱਲ ਪੈਂਦੇ ਹਨ ।2। ਹੇ ਭਾਈ ! ਹਰੇਕ ਮਨੁੱਖ ਆਖਦਾ ਹੈ ਕਿ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਚਾਰ ਵਰਨ ਹਨ, ਪਰ ਇਹ ਲੋਕ ਇਹ ਨਹੀਂ ਸਮਝਦੇ ਕਿ ਪ੍ਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸਿ੍ਰਸ਼ਟੀ ਪੈਦਾ ਹੁੰਦੀ ਹੈ। ਜਾਤੀ ਵਾਦ ਦੇ ਅਜਿਹੇ ਝਗੜਿਆਂ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਸਦੀਆਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਪਰ ਇਸ ਨੂੰ ਅਸੀਂ ਅੱਜ ਤੱਕ ਨਹੀਂ ਸਮਝ ਸਕੇ ਕਿਉਂਕਿ ਜਾਤੀ ਪ੍ਰਬੰਧ ਦੇ ਜਨਮ ਦਾਤੇ ਬ੍ਰਾਹਮਣਾਂ/ਆਰੀਅਨਾਂ ਨੇ ਪ੍ਰਬੰਧ ਹੀ ਐਸਾ ਸਿਰਜਿਆ ਹੈ ਕਿ ਉਹ ਭਾਰਤ ਦੇ ਵੱਡੀ ਗਿਣਤੀ ਦੇ ਮੂਲ ਨਿਵਾਸੀਆਂ ਨੂੰ ਸਮਝ ਹੀ ਨਹੀਂ ਆ ਰਿਹਾ। ਇਸ ਜਾਤੀ ਪ੍ਰਬੰਧ ਦੇ ਸਿਰਜਕ ਨੇ ਜਿੱਥੇ ਮਨੁੱਖਤਾ ਨੂੰ ਉਚੀਆਂ ਨੀਵੀਆਂ ਜਾਤਾਂ ਵਿੱਚ ਵੰਡਿਆ ਉੱਥੇ ਇਕੱਲੇ ਮਨੁੱਖ ਨੂੰ ਵੀ ਦੋ ਜਾਤਾ ਵਿੱਚ ਵੰਡ ਦਿੱਤਾ, ਇਸਤ੍ਰੀ ਨੀਚ ਜਾਤ ਤੇ ਪੁਰਸ਼ ਉੱਤਮ। ਜਦਕਿ ਇਸਤ੍ਰੀ ਤੇ ਪੁਰਸ਼ ਦੋਵੇਂ ਰਲ ਕੇ ਹੀ ਇੱਕ ਸੰਪੂਰਨ ਮਨੁੱਖ ਹਨ, ਕਿਉਂਕਿ ਇਸਤ੍ਰੀ ਤੋਂ ਵਗੈਰ ਪੁਰਸ਼ ਅਧੂਰਾ ਹੈ ਅਤੇ ਪੁਰਸ਼ ਤੋਂ ਵਗੈਰ ਇਸਤ੍ਰੀ ਅਧੂਰੀ ਹੈ, ਪਰ ਬ੍ਰਾਹਮਣ ਨੇ ਇਸ ਕੁਦਰਤੀ ਰਿਸ਼ਤੇ ਵਿੱਚ ਵੀ ਫੁੱਟ ਪਾ ਦਿੱਤੀ। ਬ੍ਰਾਹਮਣ ਦੀ ਇਸ ਚਾਲ ਨੂੰ ਪਹਿਲਾਂ ਮਹਾਤਮਾ ਗੌਤਮ ਬੁੱਧ ਨੇ ਸਮਝਿਆ ਤਾਂ ਜਾਤੀ ਪ੍ਰਬੰਧ ਦੇ ਸਿਰਜਕ ਬ੍ਰਾਹਮਣ ਨੇ ਬੋਧੀ ਸੋਚ ਨੂੰ ਅਜਿਹਾ ਖਤਮ ਕੀਤਾ ਕਿ ਅੱਜ ਹਿੰਦੂ ਦੇਵਤਿਆਂ ਵਾਂਗ ਬੁੱਧ ਦੇ ਬੁਤਾਂ ਦੀ ਪੂਜਾ ਹੋ ਰਹੀ ਹੈ। ਬੁੱਧ ਤੋਂ ਬਾਅਦ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਬ੍ਰਾਹਮਣ ਦੇ ਇਸ ਜਾਤੀ ਪ੍ਰਬੰਧ ਦੇ ਵਿਰੁੱਧ ਬਰਾਬਰਤਾ ਵਾਲਾ ਸਮਾਜ ਸਿਰਜਨ ਲਈ ਸੰਘਰਸ ਕੀਤਾ। ਬ੍ਰਾਹਮਣ ਦੇ ਵੱਲੋਂ ਮਨੁੱਖਤਾ ਨੂੰ ਵੰਡਣ ਵਾਲੀ ਪਾਈ ਜਾਤੀ ਵੰਡ ਨੂੰ ਨਕਾਰਦੇ ਹੋਏ ਚਣੌਤੀ ਦਿੰਦਿਆਂ ਭਗਤ ਕਬੀਰ ਜੀ ਕਹਿ ਰਹੇ ਹਨ ਕਿ :- ‘‘ਗਰਭ ਵਾਸ ਮਹਿ, ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ, ਸਭ ਉਤਪਾਤੀ ॥1॥ ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ, ਜਨਮੁ ਮਤ ਖੋਏ ॥1॥ ਰਹਾਉ ॥ ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ ॥ ਤਉ ਆਨ ਬਾਟ, ਕਾਹੇ ਨਹੀ ਆਇਆ ॥2॥ ਤੁਮ ਕਤ ਬ੍ਰਾਹਮਣ ? ਹਮ ਕਤ ਸੂਦ ? ॥ ਹਮ ਕਤ ਲੋਹੂ ? ਤੁਮ ਕਤ ਦੂਧ ?॥3॥’’ (ਗੁਰੂ ਗ੍ਰੰਥ ਸਾਹਿਬ ਪੰਨਾ 324) ਸਾਰੇ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੀ ਅੰਸ਼ ਤੋਂ ਹੈ, ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ। ਦੱਸ ਹੇ ਪੰਡਿਤ ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋਂ ? ਇਹ ਆਖ ਆਖ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ ਨਾ ਗਵਾਓ ।1। ਜੇ ਤੂੰ ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਤੂੰ ਕਿਸੇ ਹੋਰ ਰਾਹੇ ਕਿਉਂ ਨਹੀਂ ਜਨਮ ਲਿਆ ? ।2। ਤੁਸੀਂ ਕਿਵੇਂ ਬ੍ਰਾਹਮਣ ? ਅਸੀਂ ਕਿਵੇਂ ਸ਼ੂਦਰ ? ਸਾਡੇ ਸਰੀਰ ਵਿੱਚ ਕਿਵੇਂ ਲਹੂ ਹੈ ? ਤੁਹਾਡੇ ਸਰੀਰ ਵਿੱਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ ?।3। ਬ੍ਰਾਹਮਣ ਵੱਲੋਂ ਇਸਤ੍ਰੀ ਜਾਤੀ ਨੂੰ ਨੀਚ ਕਹਿ ਕੇ ਮੰਦਾ ਕਹਿਣ ਵਾਲਿਆਂ ਨੂੰ ਸਮਝਾਉਂਦਿਆਂ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ ਕਿ :- ‘‘ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣ ਵੀਅਹੁ ॥ ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥ ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨ ॥ ਸੋ ਕਿਉਂ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ ( ਗੁਰੂ ਗ੍ਰੰਥ ਸਾਹਿਬ ਪੰਨਾ ਨੰ: 473) ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤ੍ਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤ੍ਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤ੍ਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਸਤਾ ਚੱਲਦਾ ਹੈ, ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤ੍ਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: 680) ਜਾਤੀ ਭੇਦ ਭਾਵ ਤੋਂ ਦੁਖੀ ਹੋਏ ਭਗਤ ਨਾਮਦੇਵ ਜੀ ਬ੍ਰਾਹਮਣ ਵੱਲੋਂ ਨੀਚ ਢੇਡ ਕਹੇ ਜਾਣ ਤੇ ਪ੍ਰਮਾਤਮਾਂ ਅੱਗੇ ਕਿਵੇਂ ਫਰਿਆਦ ਕਰਦੇ ਹੋਏ ਕਹਿ ਰਹੇ ਹਨ ਕਿ :- ‘‘ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ, ਤੇਰੀ ਪੈਜ ਪਿਛੰਉਡੀ ਹੋਇਲਾ ॥2॥’’ (ਗੁਰੂ ਗ੍ਰੰਥ ਸਾਹਿਬ ਪੰਨਾ 1292-93) ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ, ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ। ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਦੇ ਸਮੇਂ ਵੀ ਜਾਤੀ ਪ੍ਰਬੰਧ ਦੇ ਸਿਰਜਕਾਂ ਵੱਲੋਂ ਜਾਤ ਦੇ ਅਧਾਰ ’ਤੇ ਮਨੁੱਖਤਾ ਨੂੰ ਕਿਵੇਂ ਅਪਮਾਨਿਤ ਕੀਤਾ ਜਾਂਦਾ ਸੀ। ਰੱਬ ਦੇ ਨਾਮ ’ਤੇ ਬ੍ਰਾਹਮਣ ਵੱਲੋਂ ਪਾਈ ਵਰਣ ਵੰਡ ਬਾਰੇ ਸਮਝਾਉਂਦਿਆਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ :- ‘‘ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਏਕ ਸਬਦੰ, ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ॥’’ (ਗੁਰੂ ਗ੍ਰੰਥ ਸਾਹਿਬ ਪੰਨਾ 469) ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ, ਬ੍ਰਾਹਮਣ ਦਾ ਧਰਮ ਵੇਦਾਂ ਦੀ ਵਿਚਾਰ ਕਰਨਾ ਹੈ, ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਮੰਨਿਆ ਜਾਂਦਾ ਹੈ, ਪਰ ਅਸਲ ਵਿੱਚ ਸਾਰਿਆਂ ਦਾ ਧਰਮ ਇੱਕ ਹੀ ਹੈ ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ। ਆਪਣੇ ਆਪ ਨੂੰ ਹਿੰਦੂ, ਮੁਸਲਮਾਨ ਤੋਂ ਵੱਖਰਾ ਅਜਾਦ ਐਲਾਨਦਿਆਂ ਭਗਤ ਕਬੀਰ ਜੀ ਕਹਿ ਰਹੇ ਹਨ :- ‘‘ਉਲਟਿ ਜਾਤਿ ਕੁਲ, ਦੋਊ ਬਿਸਾਰੀ ॥ ਸੁੰਨ ਸਹਜ ਮਹਿ, ਬੁਨਤ ਹਮਾਰੀ ॥1॥ ਹਮਰਾ ਝਗਰਾ, ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ ਰਹਾਉ ॥ ਬੁਨਿ ਬੁਨਿ, ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ, ਤਹਾ ਹੋਇ ਗਾਵਉ ॥2॥ ਪੰਡਿਤ ਮੁਲਾਂ, ਜੋ ਲਿਖਿ ਦੀਆ ॥ ਛਾਡਿ ਚਲੇ ਹਮ, ਕਛੂ ਨ ਲੀਆ ॥3॥’’ (1158-59) ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵੱਲੋਂ ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ, ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ, ਮੇਰੀ ਅਵਸਥਾ ਹੁਣ ਅਡੋਲ ਹੋ ਗਈ ਹੈ, ਮੈ ਪੰਡਿਤ ਅਤੇ ਮੁੱਲਾਂ ਦੋਹੇਂ ਹੀ ਛੱਡ ਦਿੱਤੇ ਹਨ।1। ਪ੍ਰਭੂ ਚਰਨਾ ਵਿਚ ਟਿਕੀ ਸੁਰਤ ਦੀ ਤਾਣੀ ਉਣ ਉਣ ਕੇ ਮੈ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ, ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫਤ ਸਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ (ਹੰਕਾਰ) ਨਹੀਂ ਹੈ।2। ਕਰਮਕਾਂਡ ਤੇ ਸ਼ਰ੍ਹਾ ਬਾਰੇ ਪੰਡਿਤਾਂ ਤੇ ਮੌਲਵੀਆਂ ਨੇ ਜੋ ਕੁੱਝ ਲਿਖਿਆ ਹੈ, ਮੈਨੂੰ ਉਸ ਦੀ ਲੋੜ ਨਹੀਂ ਰਹੀ, ਮੈ ਇਹ ਸੱਭ ਕੁੱਝ ਛੱਡ ਦਿੱਤਾ ਹੈ।3। ਬ੍ਰਾਹਮਣ ਦੇ ਧਾਰਮਿਕ ਚਿੰਨ੍ਹ ਜਨੇਊ, ਬੇਦ ਗਾਇਤ੍ਰੀ ਪੜ੍ਹਨ , ਭਾਰਤੀਆਂ ਦੇ ਮਾਲਿਕ (ਧਰਮ ਗੁਰੂ) ਬਣਨ ਅਤੇ ਰਾਜਿਆਂ ਤੋਂ ਮੰਗ ਕੇ ਖਾਣ ਦੇ ਪਖੰਡ ’ਤੇ ਚੋਟ ਕਰਦਿਆਂ ਭਗਤ ਕਬੀਰ ਜੀ ਫੁਰਮਉਂਦੇ ਹਨ ਕਿ :- ‘‘ਹਮ ਘਰਿ ਸੂਤੁ, ਤਨਹਿ ਨਿਤ ਤਾਨਾ, ਕੰਠਿ ਜਨੇਊ ਤੁਮਾਰੇ ॥ ਤੁਮ੍ ਤਉ ਬੇਦ ਪੜਹੁ ਗਾਇਤ੍ਰੀ, ਗੋਬਿੰਦੁ ਰਿਦੈ ਹਮਾਰੇ ॥1॥ ਮੇਰੀ ਜਿਹਬਾ ਬਿਸਨੁ, ਨੈਨ ਨਾਰਾਇਨ, ਹਿਰਦੈ ਬਸਹਿ ਗੋਬਿੰਦਾ ॥ ਜਮ ਦੁਆਰ ਜਬ ਪੂਛਸਿ ਬਵਰੇ ! ਤਬ ਕਿਆ ਕਹਸਿ ਮੁਕੰਦਾ ? ॥1॥ ਰਹਾਉ ॥ ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਬਾਰੇ ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ, ਕੈਸੇ ਖਸਮ ਹਮਾਰੇ ? ॥2॥ ਤੂੰ ਬਾਮ੍ਹਨੁ, ਮੈ ਕਾਸੀਕ ਜੁਲਹਾ, ਬੂਝਹੁ ਮੋਰ ਗਿਆਨਾ ॥ ਤੁਮ੍ ਤਉ ਜਾਚੇ ਭੂਪਤਿ ਰਾਜੇ, ਹਰਿ ਸਉ ਮੋਰ ਧਿਆਨਾ ॥3॥’’ (482) ਹੇ ਝੱਲੇ ਬ੍ਰਾਹਮਣ ! ਜੇ ਤੈਨੂੰ ਇਸ ਕਰਕੇ ਆਪਣੀ ਊਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿੱਚ ਜਨੇਊ ਹੈ, ਜੋ ਸਾਡੇ ਗਲ ਵਿੱਚ ਨਹੀਂ, ਤਾਂ ਵੇਖ ਉਹੋ ਜਿਹਾ ਹੀ ਸਾਡੇ ਘਰ ਬਥੇਰਾ ਸੂਤਰ ਹੈ ਜਿਸ ਨਾਲ ਨਿੱਤ ਤਾਣਾ ਤਣਦੇ ਹਾਂ। ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ ਹੈ ਕਿਉਂਕਿ ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪ੍ਰਮਾਤਮਾ ਤਾਂ ਮੇਰੇ ਹਿਰਦੇ ਵਿੱਚ ਵੱਸਦਾ ਹੈ।1। ਹੇ ਕਮਲੇ ਬ੍ਰਾਹਮਣ ! ਪ੍ਰਭੂ ਜੀ ਤਾਂ ਮੇਰੀ ਜੀਭ ਉੱਤੇ, ਮੇਰੀਆਂ ਅੱਖਾਂ ਵਿੱਚ ਤੇ ਮੇਰੇ ਦਿਲ ਵਿੱਚ ਵਸਦੇ ਹਨ ਪਰ ਜਦੋਂ ਤੈਨੂੰ ਧਰਮਰਾਜ ਦੀ ਹਜੂਰੀ ਵਿੱਚ ਪ੍ਰਭੂ ਵੱਲੋਂ ਪੁੱਛ ਹੋਵੇਗੀ ਤਾਂ ਕੀ ਉੱਤਰ ਦੇਵੇਂਗਾ ? ਹੇ ਬ੍ਰਾਹਮਣ ਤੁਸੀਂ ਕਈ ਜਨਮਾਂ ਤੋਂ ਸਾਡੇ ਰਾਖੇ (ਮਾਲਕ ਗੁਆਲੇ) ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਪਰ ਤੁਸੀਂ ਹੁਣ ਤੱਕ ਨਕਾਰਾ ਹੀ ਸਾਬਤ ਹੋਏੇ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਨਾ ਲੰਘਾਇਆ, ਭਾਵ ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾ ਦਿੱਤੀ।2। ਇਹ ਠੀਕ ਹੈ ਕਿ ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ, ਤੈਨੂੰ ਕਾਂਸ਼ੀ ਵਿੱਚ ਪ੍ਰਾਪਤ ਕੀਤੀ ਆਪਣੀ ਵਿੱਦਿਆ ਦਾ ਮਾਣ ਹੈ ਤੇ ਮੈਂ ਜਾਤ ਦਾ ਜੁਲਾਹਾ ਹਾਂ ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ, ਪਰ ਮੇਰੀ ਵਿਚਾਰ ਦੀ ਇੱਕ ਗੱਲ ਸੋਚ ਕਿ ਵਿੱਦਿਆ ਪੜ੍ਹ ਕੇ ਤੁਸੀਂ ਆਖਰ ਕਰਦੇ ਕੀ ਹੋ ? ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ’ਤੇ ਮੰਗਦੇ ਫਿਰਦੇ ਹੋ ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ।3। ਜਾਤੀ ਪ੍ਰਬੰਧ ਦੇ ਸਿਰਜਕ ਬ੍ਰਾਹਮਣ ਨੇ ਬੁੱਧ ਮੱਤ ਵੱਲੋਂ ਜਾਤ ਧਰਮ ’ਤੇ ਕੀਤੀ ਗਈ ਚੋਟ ਦੇ ਜਖਮਾਂ ਨੂੰ ਭਰ ਕੇ ਇਸ ਨੂੰ ਦੁਬਾਰਾ ਮਜਬੂਤੀ ਨਾਲ ਲਾਗੂ ਕਰਨ ਵਾਸਤੇ ਆਪਣਾ ਨਵਾਂ ਵਿਧਾਨ ਕਾਨੂੰਨ ਤਿਆਰ ਕਰਕੇ ਇਸ ਨੂੰ ਮੰਨੂ ਸਿੰਮ੍ਰਿਤੀ ਦਾ ਨਾਮ ਦਿੱਤਾ, ਇਸ ਮੰਨੂ ਸਿੰਮ੍ਰਿਤੀ ਨੂੰ ਅਧਾਰ ਬਣਾ ਕੇ ਜਾਤੀ ਵੰਡ ਨੂੰ ਪੱਕਿਆਂ ਕਰਦਿਆਂ ਭਾਰਤੀਆਂ ਉੱਪਰ ਫਿਰ ਜੁਰਮ ਸੁਰੂ ਕਰ ਦਿੱਤੇ। ਬ੍ਰਾਹਮਣ ਦੇ ਮੰਨੂ ਵਿਧਾਨ (ਮੰਨੂ ਸਿੰਮ੍ਰਿਤੀ) ਦੀ ਸੱਪਨੀ (ਨਾਗਨ) ਨਾਲ ਤੁਲਨਾ ਕਰਦਿਆਂ ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ :- ‘‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥’’ (329) ਹੇ ਵੀਰ ! ਇਹ ਸਿੰਮ੍ਰਿਤੀ ਜੋ ਬੇਦਾਂ ਦੇ ਅਧਾਰ ਤੇ ਬਣੀ ਹੈ ਇਹ ਆਪਣੇ ਸ਼ਰਧਾਲੂਆਂ (ਮੰਨਣ ਵਾਲਿਆਂ) ਵਾਸਤੇ ਵਰਨ ਆਸ਼ਰਮ ਦੇ ਮਾਨੋ ਸੰਗਲ ਤੇ ਕਰਮਕਾਂਡ ਦੀਆਂ ਰੱਸੀਆਂ ਲੈ ਕੇ ਆਈ ਹੋਈ ਹੈ।

ਗੁਰਬਾਣੀ ਵਿੱਚ ਬ੍ਰਾਹਮਣ ਦੇ ਜਾਤੀ ਪ੍ਰਬੰਧ, ਊਚ-ਨੀਚ, ਬਹੁ ਦੇਵੀ-ਦੇਵਤਾਵਾਦ, ਬੁੱਤ ਪੂਜਾ, ਕਰਮਕਾਂਡ, ਪੁੰਨ-ਦਾਨ, ਵਰਤ ਆਦਿ ਦਾ ਖੰਡਨ ਕਰਦੇ ਅਨੇਕਾਂ ਸਬਦ ਹਨ, ਜਿੰਨ੍ਹਾਂ ਨੂੰ ਅਸੀਂ ਪੜ੍ਹ ਸੁਣ ਕੇ ਵਿਚਾਰਨ ਦੀ ਥਾਂ ਸਿਰਫ ਮੱਥੇ ਟੇਕਣ ਤੱਕ ਹੀ ਸੀਮਤ ਹੋ ਕੇ ਰਹਿ ਗਏ। ਸਾਡੇ ਕੋਲ ਸਾਡੇ ਭਗਤਾਂ ਤੇ ਗੁਰੂਆਂ ਦੀ ਸੋਚ ਗੁਰਬਾਣੀ (ਗੁਰੂ ਗ੍ਰੰਥ ਸਾਹਿਬ) ਹੈ ਜੋ ਇੱਕ ਪਿਤਾ ਦੇ ਪੁੱਤਰ ਜਾਣ ਕੇ ਸਾਂਝੀਵਾਲਤਾ ਦਾ ਸਬਕ ਸਿੱਖਾ ਕੇ ਜਾਤੀ ਬੰਧਨਾ ਤੋਂ ਮੁਕਤਿ ਕਰਦੀ ਹੈ, ਸਾਨੂੰ ਗੁਰਬਾਣੀ ਤੋਂ ਸੇਧ ਲੈ ਕੈ ਜਾਤੀਵਾਦ ਨੂੰ ਖਤਮ ਕਰਕੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸੰਘਰਸ਼ ਕਰਨਾ ਚਾਹੀਦਾ ਹੈ, ਬ੍ਰਾਹਮਣਵਾਦ ਦਾ ਜੇ ਕੋਈ ਸੱਭ ਤੋਂ ਵੱਡਾ ਦੁਸਮਣ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ, ਜੋ ਬ੍ਰਾਹਮਣ ਦੇ ਪਾਖੰਡ, ਬੁੱਤ ਪੂਜਾ, ਤੀਰਥ ਯਾਤਰਾ, ਜਾਤ-ਪਾਤ, ਊਚ-ਨੀਚ, ਭਾਵ ਕਿ ਮਨੁੱਖਤਾ ਵਿਰੋਧੀ ਹਰ ਕਰਮਕਾਂਡ ਦਾ ਡੱਟ ਕੇ ਖੰਡਨ ਕਰਦਾ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਇੱਕ ਪਿਤਾ ਦੀ ਸੰਤਾਨ ਮੰਨ ਕੇ ਬਰਾਬਰਤਾ ਦਿੰਦਾ ਹੈ। ਪਰ ਅਫਸੋਸ ਕਿ ਸਾਨੂੰ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਬ੍ਰਾਹਮਣ ਦੇ ਦੁਸਮਣ ਅਤੇ ਸਾਡੇ ਮਿੱਤਰ (ਗੁਰੂ) ਬਾਰੇ ਵੀ ਜਾਣਕਾਰੀ ਨਹੀਂ ਹੈ। ਜੇ ਅਸੀਂ ਇਸੇ ਤਰ੍ਹਾਂ ਅਵੇਸਲੇ ਰਹੇ ਤਾਂ ਬ੍ਰਾਹਮਣ ਨੇ ਕੁੱਝ ਸਮੇਂ ਬਾਅਦ ਜਲਦੀ ਹੀ ਗੁਰਬਾਣੀ ਨੂੰ ਵੀ ਖਤਮ ਕਰ ਦੇਣਾ ਹੈ, ਫਿਰ ਇਹ ਭਾਰਤੀਆਂ ਨੂੰ ਹਿੰਦੂ ਬਣਨ ਦੀ ਥਾਂ ਸਿੱਖ ਬਣਨ ਲਈ ਪ੍ਰੇਰਨ ਲੱਗ ਜਾਣਗੇ ਕਿਉਂਕਿ ਉਦੋਂ ਤੱਕ ਸਿੱਖੀ ਦਾ ਹਿੰਦੂਕਰਨ ਹੋ ਚੁੱਕਿਆ ਹੋਵੇਗਾ ਜੋ ਕੁੱਝ ਹੱਦ ਤੱਕ ਹੋ ਵੀ ਚੁਕਿਆ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਸੇ ਕਰਨ ਦੀ ਲੋੜ ਹੀ ਬਾਕੀ ਹੈ। ਅਸਲ ਵਿੱਚ ਜਾਤੀ ਪ੍ਰਬੰਧ ਦੇ ਸਿਰਜਕ ਬ੍ਰਾਹਮਣ ਦਾ ਇੱਕੋ ਮਕਸਦ ਹੈ ਕਿ ਮਨੁੱਖਤਾ ਵਿੱਚ ਜਾਤਾਂ-ਧਰਮਾਂ ਦੇ ਨਾਮ ’ਤੇ ਵੰਡੀਆਂ ਪਾ ਕੇ ਰੱਖਣੀਆਂ, ਇੱਕ ਰੱਬ ਦੀ ਥਾਂ ਅਨੇਕਾਂ ਦੇਵੀ-ਦੇਵਤਿਆਂ, ਭਗਵਾਨਾਂ ਦੀ ਪੂਜਾ ਕਰਵਾਉਣੀ (ਇਸ ਵੱਲੋਂ ਸਿਰਜੇ ਉਹ ਭਗਵਾਨ ਚਾਹੇ ਸ਼ੂਦਰ ਜਾਤੀ ਦੇ ਵੀ ਕਿਉਂ ਨਾ ਹੋਣ), ਕਿਰਤ ਦੀ ਥਾਂ ਕਿਸਮਤ ਅਤੇ ਮੰਤ੍ਰਾਂ ਵਿੱਚ ਵਿਸ਼ਵਾਸ ਪੈਦਾ ਕਰਨਾ। ਬ੍ਰਾਹਮਣ ਦੀ ਇਸ ਚਾਲ ਨੂੰ ਪਹਿਚਾਣਦਿਆਂ ਭਗਤਾਂ ਤੇ ਗੁਰੂਆਂ ਦੇ ਜੀਵਨ ਸਮੇ ਤੋਂ ਬਾਅਦ, ਭਗਤਾਂ/ਗੁਰੂਆਂ ਦੀ ਇਸ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਉੱਤੇ ਪਹਿਰਾ ਦਿੰਦਿਆਂ ਭਾਈ ਗੁਰਬਖਸ ਸਿੰਘ (ਬੰਦਾ ਸਿੰਘ ਬਹਾਦਰ) ਨੇ ਇਸ ਜਾਤੀ ਪ੍ਰਬੰਧ ਨਾਲ ਟੱਕਰ ਲਈ ਸੀ, (ਇਸ ਤੋਂ ਬਾਅਦ ਸੰਘਰਸ਼ ਤਾਂ ਹੁੰਦੇ ਰਹੇ ਪਰ ਬ੍ਰਾਹਮਣ ਦੀ ਸੋਚ ਭਾਰੂ ਹੁੰਦੀ ਗਈ) ਸਿੱਖ ਮਿਸਲਾਂ ਨੇ ਵਿਦੇਸ਼ੀ ਹਮਲਾਵਰਾਂ ਦੇ ਦੰਦ ਖੱਟੇ ਕੀਤੇ, ਮੁਗਲਾਂ ਨਾਲ ਲੜਾਈਆਂ ਲੜੀਆਂ, ਵਿਦੇਸ਼ੀ ਜਰਵਾਣਿਆਂ ਤੋਂ ਇਸ ਦੇਸ਼ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ, ਪਰ ਜਾਤੀ ਪ੍ਰਬੰਧ ਦੇ ਸਿਰਜਕ ਨੇ ਸੋਚਿਆ ਕਿ ਜੇਕਰ ਜਾਤੀ ਪ੍ਰਬੰਧ ਨੂੰ ਖਤਮ ਕਰਨ ਵਾਲਾ ਸਿੱਖ ਪ੍ਰਬੰਧ ਲਾਗੂ ਹੋ ਗਿਆ ਤਾਂ ਭਾਰਤੀ ਅਜਾਦ ਹੋ ਜਾਣਗੇ ਅਤੇ ਮੇਰਾ ਹਜਾਰਾਂ ਸਾਲਾਂ ਦਾ ਸਥਾਪਤ ਕੀਤਾ ਰਾਜ ਖਤਮ ਹੋ ਜਾਵੇਗਾ। ਤਾਂ ਉਸ ਨੇ ਆਪਣੀਆਂ ਧੀਆਂ ਭੈਣਾ ਦੀ ਰਾਖੀ ਕਰਨ ਵਾਲਿਆਂ ਭਾਰਤੀ ਸਿੱਖਾਂ ਦੀ ਥਾਂ ਆਪਣੀਆਂ ਧੀਆਂ ਭੈਣਾ ਦੀਆਂ ਇੱਜ਼ਤਾਂ ਲੁੱਟਣ ਵਾਲਿਆਂ ਦਾ ਸਾਥ ਦੇ ਕੇ ਸਿੱਖਾਂ ਨੂੰ ਖਤਮ ਕਰਵਾਇਆ, ਫਿਰ ਸਿੱਖ ਰਾਜ ਨੂੰ ਖਤਮ ਕਰਵਾਇਆ, ਤੇ ਹੌਲੀ ਹੌਲੀ ਜਾਤ ਪਾਤ ਵਿਰੋਧੀ ਭਗਤਾਂ/ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਗੁਰਬਾਣੀ ਨੂੰ ਸਤਿਕਾਰ ਦੇ ਨਾਮ ’ਤੇ ਪੂਜਣਯੋਗ ਬੁੱਤ ਬਣਾ ਕੇ ਰੱਖ ਦਿੱਤਾ। ਸਿੱਖੀ ਇਸ ਦੇਸ਼ ਵਿੱਚ ਪਹਿਲਾਂ ਤੋਂ ਚੱਲ ਰਹੇ ਧਰਮਾਂ ਜਾਂ ਜਾਤਾਂ ਦੇ ਮੁਕਾਬਲੇ ਇੱਕ ਹੋਰ ਨਵਾਂ ਧਰਮ ਜਾਂ ਜਾਤ ਨਹੀਂ ਸੀ, ਇਹ ਤਾਂ ਪਹਿਲਾਂ ਤੋਂ ਪ੍ਰਚੱਲਤ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਧਰਮਾਂ ਅਤੇ ਜਾਤਾਂ ਦੇ ਵਿਰੁੱਧ ਇੱਕ ਸਹੀ ਸੋਚ ਸੀ। ਸੋਚੋ ਭਗਤ ਕਬੀਰ, ਭਗਤ ਫਰੀਦ, ਭਗਤ ਨਾਮਦੇਵ, ਭਗਤ ਰਵਿਦਾਸ ਆਦਿ ਜਿਨ੍ਹਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾ ਦਾ ਕੀ ਧਰਮ ਜਾਂ ਜਾਤ ਸੀ ? ਉਹ ਕਿਸ ਧਰਮ ਜਾਂ ਜਾਤ ਦੇ ਪ੍ਰਚਾਰਕ ਸਨ ? ਫਿਰ ਇਹਨਾ ਸਾਰੇ ਭਗਤਾਂ ਦੀ ਵਿਚਾਰਧਾਰਾ, ਗੁਰਬਾਣੀ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਵਿਚਾਰਧਾਰਾ ਗੁਰਬਾਣੀ ਨਾਲ ਦਰਜ ਕਰਨ ਵਾਲੇ ਗੁਰੂਆਂ ਦਾ ਕੀ ਕੋਈ ਜਾਤ ਗੋਤ ਵਰਨ ਜਾਂ ਧਰਮ ਹੋਵੇਗਾ ? ਨਹੀਂ, ਬ੍ਰਾਹਮਣ ਨੇ ਜਾਤੀ ਪ੍ਰਬੰਧ ਦੇ ਵਿਰੋਧ ਵਿੱਚ ਉੱਠੀ ਸਿੱਖੀ ਲਹਿਰ ਨੂੰ ਐਸਾ ਮੋੜ ਦਿੱਤਾ ਕਿ ਸਿੱਖਾਂ ਰਾਹੀਂ ਹੀ ਗੁਰਬਾਣੀ ਨੂੰ ਪੜ੍ਹ ਸੁਣ ਕੇ ਵਿਚਾਰਨ ਦੀ ਥਾਂ ਇੱਕ ਮੰਤ੍ਰ ਬਣਾ ਕੇ ਉਸ ਦੇ ਅਖੰਡ ਪਾਠ, ਸੰਪਟ ਪਾਠ, ਮੌਨ ਪਾਠ ਆਦਿ ਬਣਾ ਕੇ ਮੰਤਰਾਂ ਵਾਂਗ ਤੋਤਾ ਰੱਟਣੀਆਂ ਕਰਨੀਆਂ ਸ਼ੁਰੂ ਕਰਵਾ ਦਿੱਤੀਆਂ । ਜਾਤ, ਕੁਲ ਵਿਰੋਧੀ ਇੱਕ ਗ੍ਰੰਥ ਤੇ ਸਾਂਝੀਵਾਲਤਾ ਦੇ ਇੱਕ ਪੰਥ ਨੂੰ ਮੰਨਣ ਵਾਲੇ ਸਿੱਖਾਂ ਨੂੰ ਹੀ ਜਾਤੀ ਪ੍ਰਬੰਧ ਦੇ ਸਿਰਜਕ ਬ੍ਰਾਹਮਣ ਨੇ ਗਹਿਰੀ ਸਾਜਿਸ ਦੇ ਅਧੀਨ ਜਾਤਾਂ, ਗੋਤਾਂ, ਵੰਸ਼ਾਂ, ਡੇਰਿਆਂ, ਟਕਸਾਲਾਂ ਠਾਠਾਂ ਆਦਿ ਵਿੱਚ ਵੰਡ ਦਿੱਤਾ। ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਸਿੱਖਾਂ ਨੇ ਅਣਗਿਣਤ ਗ੍ਰੰਥਾਂ ਨੂੰ ਆਪਣੇ ਮਾਰਗ ਦਰਸ਼ਕ ਬਣਾ ਲਿਆ, ਇੱਥੋਂ ਤੱਕ ਕਿ ਇਸਤ੍ਰੀ ਜਾਤੀ ਦੇ ਵਿਰੋਧੀ, ਜਾਤਾਂ, ਵੰਸ਼ਾਂ, ਵਰਨਾ, ਦੇਵੀ ਦੇਵਤਿਆਂ, ਨਸਿਆਂ ਅਤੇ ਲੱਚਰਤਾ ਨੂੰ ਉਤਸਾਹਿਤ ਕਰਨ ਵਾਲੇ ਮਿਥਿਹਾਸ ਨਾਲ ਭਰਪੂਰ, ਬਚਿਤ੍ਰਨਾਟਕ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਿਤ ਕਰਨ ਦੀਆਂ ਕੋਝੀਆਂ ਚਾਲਾ ਚੱਲੀਆਂ ਜਾ ਹਰੀਆਂ ਹਨ, ਤਾਂ ਕਿ ਜਾਤਾਂ, ਗੋਤਾਂ, ਵੰਸ਼ਾਂ, ਊਚ-ਨੀਚ, ਵਰਨ-ਵੰਡ, ਦੇਵੀ-ਦੇਵਤਿਆਂ ਦੇ ਬੁੱਤਾਂ ਦੀ ਪੂਜਾ, ਨਸਿਆਂ ਦੇ ਸੇਵਨ ਤੋਂ ਰੋਕਣ ਅਤੇ ਮਨੁੱਖਤਾ ਨੂੰ ਬਰਾਬਰਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਸਕੇ। ਜਾਤੀ ਪ੍ਰਬੰਧ ਦੇ ਸਿਰਜਕ ਨੇ ਸਰਕਾਰੀ ਸਰਪ੍ਰਸਤੀ ਹੇਠ ਪੂਰੇ ਭਾਰਤ ਨੂੰ ਡੇਰਿਆਂ ਦੇ ਜਾਲ ਵਿੱਚ ਫਸਾ ਦਿੱਤਾ। ਬੁੱਤ ਪੂਜਾ ਅਤੇ ਜਾਤ-ਵਰਨ ਦੇ ਵਿਰੋਧੀ ਭਗਤਾਂ ਦੀਆਂ ਅਖੌਤੀ ਜਾਤਾਂ ਦੇ ਨਾਵਾਂ ਉੱਤੇ ਮੰਦਰ ਉਸਾਰ ਕੇ ਉਹਨਾ ਦੇ ਹੀ ਬੁੱਤ ਬਣਾ ਕੇ ਪੂਜਾ ਸ਼ੁਰੂ ਕਰਵਾ ਦਿੱਤੀ। ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਸੋਚ ਦਾ ਮਨੁੱਖ, ਇੱਕ ਰੱਬ ਨੂੰ ਮੰਨਣ ਵਾਲਾ ਅਜਾਦ ਮਨੁੱਖ, ਸਿੱਖ, ਸਿੰਘ, ਖਾਲਸਾ ਜੋ ਕਿਸੇ ਦਾ ਗੁਲਾਮ ਨਹੀਂ ਹੋਵੇਗਾ, ਜਿਸ ਦੀ ਕੋਈ ਜਾਤ ਨਹੀਂ ਹੋਵੇਗੀ, ਜਿਸ ਦੀ ਕੋਈ ਕੁਲ਼ ਨਹੀਂ ਹੋਵੇਗੀ, ਜਿਸ ਦਾ ਕੋਈ ਧਰਮ ਨਹੀਂ ਹੋਵੇਗਾ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥’’ (266) ਹੇ ਮਨ ! ਪ੍ਰਭੂ ਦਾ ਨਾਮ ਜਪ ਅਤੇ ਪਵਿਤ੍ਰ ਆਚਰਨ ਬਣਾ ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ। ਜਿਸ ਦਾ ਕੋਈ ਵਿਸ਼ੇਸ਼ ਕੰਮ ਨਹੀਂ ਹੋਵੇਗਾ, ਉਸ ਦੀ ਆਪਣੀ ਮਰਜੀ ਹੋਵੇਗੀ ਕਿ ਉਸ ਨੇ ਕਿਹੜਾ ਕੰਮ ਕਰਨਾ ਹੈ ਜਾਂ ਨਹੀਂ ਕਰਨਾ। ਪਰ ਜਾਤੀ ਪ੍ਰਬੰਧ ਦੇ ਸਿਰਜਕ ਨੇ ਇਸ ਸੋਚ (ਸਿੱਖ) ਨੂੰ ਜਲਦੀ ਹੀ ਆਪਣੇ ਕਲਾਵੇ ਵਿੱਚ ਲੈ ਕੇ ਆਪਣੇ ਰੰਗ ਵਿੱਚ ਰੰਗ ਕੇ ਜਾਤੀ ਵੰਡ ਵਿੱਚ ਵੰਡ ਦਿੱਤਾ। ਹੁਣ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗਿਆ ਹੋਇਆ ਸਿੱਖ ਆਪਣੇ ਆਪ ਨੂੰ ‘ਜੱਟ ਸਿੱਖ, ਮਹਜਵੀ ਸਿੱਖ, ਰਵਦਾਸੀਆ ਸਿੱਖ, ਰੰਘਰੇਟਾ ਸਿੱਖ, ਰਾਮਗੜੀਆ ਸਿੱਖ, ਮਹਿਰਾ ਸਿੱਖ, ਸੋਢੀ ਸਿੱਖ, ਬੇਦੀ ਸਿੱਖ, ਲੁਬਾਣੇ ਸਿੱਖ, ਰੋੜੇ ਸਿੱਖ, ਇਸ ਤੋਂ ਵੀ ਅੱਗੇ ਵੱਧ ਕੇ ਟਕਸਾਲੀ ਸਿੱਖ, ਜੱਥੇ ਵਾਲੇ ਸਿੱਖ, ਨਾਨਕਸਰੀਏ ਸਿੱਖ, ਰਾੜੇਵਾਲੇ ਸਿੱਖ’ ਆਦਿ ਸਿੱਖ , ਹੁਣ ਜਾਤਾਂ, ਗੋਤਾਂ, ਵੰਸ਼ਾਂ, ਸੰਪ੍ਰਦਾਵਾਂ, ਜੱਥੇਬੰਦੀਆਂ ਦੇ ਇੰਨੇ ਭਾਂਤੇ ਸਿੱਖ ਬਣ ਚੁੱਕੇ ਹਨ ਕਿ ਉਹਨਾ ਦਾ ਜ਼ਿਕਰ ਕਰਨਾ ਵੀ ਬਹੁਤ ਔਖਾ ਹੈ। ਜਦ ਕਿ ਸੱਚ ਇਹ ਹੈ ਕਿ ਜੋ ਸਿੱਖ ਹੈ ਉਸ ਦੀ ਜਾਤ (ਗੋਤ, ਵੰਸ਼, ਸੰਪ੍ਰਦਾ) ਨਹੀਂ ਹੈ, ਜਿਸ ਦੀ ਜਾਤ (ਗੋਤ, ਵੰਸ਼, ਸੰਪ੍ਰਦਾ) ਹੈ ਉਹ ਸਿੱਖ ਨਹੀਂ ਹੈ ਕਿਉਂਕਿ ਜਾਤੀ ਪ੍ਰਬੰਧ ਵਿੱਚ ਸਿਰਫ ਬ੍ਰਾਹਮਣ ਜਾਤ ਹੀ ਊਚੀ ਤੇ ਅਜਾਦ ਹੈ, ਬਾਕੀ ਦੀਆਂ ਸਾਰੀਆਂ ਜਾਤੀਆਂ ਨੀਚ ਅਤੇ ਬ੍ਰਾਹਮਣਾਂ ਦੇ ਅਧੀਨ ਹਨ। ਅਜੋਕੇ ਹਾਲਾਤਾਂ ਅਨੁਸਾਰ ਜੇ ਇਉਂ ਕਹਿ ਲਈਏ ਕਿ ਤਿਲਕ, ਬੋਦੀ, ਧੋਤੀ ਵਾਲੇ ਬ੍ਰਾਹਮਣ ਦੀ ਥਾਂ ਭੇਸ ਬਦਲ ਕੇ ਪੱਗ, ਕੇਸ ਦਾੜੀ ਤੇ ਗਾਤਰੇ ਵਾਲਾ, ਓਹੀ ਬ੍ਰਾਹਮਣ ਬੈਠ ਗਿਆ ਹੈ ਤਾਂ ਇਸ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ। ਗੁਰਬਾਣੀ ਦਾ ਸੁਨੇਹਾ ਸਮੁੱਚੀ ਮਨੁੱਖਤਾ ਲਈ ਹੈ ਨਾ ਕਿ ਸਿਰਫ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗੇ ਹੋਏ ਸਿੱਖਾਂ ਲਈ। ਮੁਆਫ ਕਰਨਾ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਸੋਚ (ਗੁਰਬਾਣੀ) ਜਿਸ ਨੇ ਜਾਤੀ ਪ੍ਰਬੰਧ ਦੇ ਸਿਰਜਕ ਤੋਂ ਪੂਰੀ ਮਨੁੱਖਤਾ ਨੂੰ ਅਜਾਦ ਕਰਵਾਉਣਾ ਸੀ , ਉਸ ਨੂੰ ਸਾਰੀ ਮਨੁੱਖਤਾ ਦੇ ਭਲੇ ਲਈ ਅੱਜ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗੇ ਹੋਏ ਸਿੱਖਾਂ ਤੋਂ ਅਜਾਦ ਕਰਵਾਉਣ ਦੀ ਲੋੜ ਹੈ !

ਮਿਤੀ 17-03-2016

ਹਰਲਾਜ ਸਿੰਘ ਬਹਾਦਰਪੁਰ, ਪਿੰਡ ਤੇ ਡਾਕ : ਬਹਾਦਰਪੁਰ,

ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) ਪਿੰਨਕੋਡ-151501 ਮੋਬਾਇਲ-94170-23911

Most Viewed Posts