37.5 C
Jalandhar
Wednesday, April 15, 2026
spot_img
Home Blog Page 189

ਨਿੰਦਾ ਕਰਨੀ

0

ਨਿੰਦਾ ਕਰਨੀ

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਗੁਰਬਾਣੀ ਵਿੱਚ ‘ਭੰਡਣ’ ਦਾ ਜ਼ਿਕਰ ਕੀਤਾ ਜਾਣਾ ਇਹ ਤਾਂ ਸਪਸ਼ਟ ਕਰ ਹੀ ਦਿੰਦਾ ਹੈ ਕਿ ਕਿਸੇ ਬਾਰੇ ਮਾੜਾ ਬੋਲਣਾ ਸਦੀਆਂ ਤੋਂ ਚਾਲੂ ਹੈ ਤੇ ਇਸ ਵਿਚ ਗੁਰੂ ਸਮੇਤ ਕੋਈ ਵੀ ਬਖਸ਼ਿਆ ਨਹੀਂ ਜਾਂਦਾ। ਇਸ ਦੇ ਨਾਲੋਂ ਨਾਲ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਭੰਡਣ ਵਾਲੇ ਦਾ ਨਾਮੋ ਨਿਸ਼ਾਨ ਵੀ ਨਹੀਂ ਬਚਦਾ। ਸਿਰਫ਼ ਮੋਟੇ ਪੱਧਰ ਉੱਤੇ ਇਹੀ ਜ਼ਿਕਰ ਹੁੰਦਾ ਹੈ ਕਿ ਇਕ ਇਨਸਾਨ ਜਿਹੜਾ ਦੂਜਿਆਂ ਤੋਂ ਕਾਫ਼ੀ ਅਗਾਂਹ ਲੰਘ ਗਿਆ, ਉਸ ਦਾ ਵਿਰੋਧ ਹੋਇਆ। ਕਾਰਣ  ? ਕਾਰਣ ਇਹ ਕਿ ਵਿਰੋਧ ਕਰਨ ਵਾਲੇ ਬੰਦੇ, ਪ੍ਰਾਪਤੀਆਂ ਕਰ ਚੁੱਕੇ ਬੰਦੇ ਜਿੰਨੀ ਪ੍ਰਸਿੱਧੀ ਹਾਸਲ ਕਰਨ ਵਿਚ ਅਸਮਰਥ ਸਨ।

ਮਨੋਵਿਗਿਆਨਿਕ ਪੱਖੋਂ ਦੋ ਕਿਸਮ ਦੀ ਸੋਚ ਦੇ ਲੋਕ ਲੱਭੇ ਜਾ ਚੁੱਕੇ ਹਨ।

(1). ਸੱਪ ਵਾਂਗ ਵਿਸ ਘੋਲਣ ਵਾਲੇ :- ਅਜਿਹੀ ਸੋਚ ਵਾਲੇ ਬੰਦੇ ਹਮੇਸ਼ਾ ਸੱਪ ਵਾਂਗ ਸਿਰਫ ਜ਼ਹਿਰ ਹੀ ਉਗਲਦੇ ਹਨ। ਉਨ੍ਹਾਂ ਅੱਗੇ ਕਿਸੇ ਵੀ ਤਰ੍ਹਾਂ ਦਾ ਉੱਚ ਕੋਟੀ ਦਾ ਬੰਦਾ ਖੜ੍ਹਾ ਹੋਵੇ, ਉਨ੍ਹਾਂ ਉਸ ਦੇ ਬਾਰੇ ਮਾੜਾ ਹੀ ਉਚਰਨਾ ਹੈ। ਜੇ ਕੋਈ ਸਾਹਮਣੇ ਨਾ ਵੀ ਹੋਵੇ, ਪਰ ਉਸ ਦੀ ਪਿੱਠ ਪਿੱਛੇ ਵੀ ਕੋਈ ਤਾਰੀਫ਼ ਕਰ ਰਿਹਾ ਹੋਵੇ, ਉਸ ਵੇਲੇ ਵੀ ਵਿਸ ਘੋਲਣ ਵਾਲੇ ਬੰਦੇ ਭਾਵੇਂ ਉਸ ਬੰਦੇ ਨੂੰ ਉੱਕਾ ਹੀ ਨਾ ਜਾਣਦੇ ਹੋਣ, ਆਪਣੇ ਦਿਮਾਗ਼ ਹੱਥੋਂ ਮਜਬੂਰ, ਝੂਠ ਸੱਚ ਕੁੱਝ ਵੀ ਹੋਵੇ ਬੰਦੇ ਦੀ ਬੁਰਾਈ ਕਰਨ ਤੋਂ ਪਿੱਛੇ ਨਹੀਂ ਰਹਿੰਦੇ।

(2). ਕੂੜੇ ਦੇ ਭਰੇ ਟਰੱਕ ਵਰਗੇ :– ਇਸ ਨੂੰ ਸਮਝਣ ਲਈ ਅਮਰੀਕਾ ਦੇ ਇਕ ਟੈਕਸੀ ਡਰਾਈਵਰ ਦੀ ਜ਼ਬਾਨੀ ਸੁਣਨੀ ਪਵੇਗੀ। ਇਕ ਸਵਾਰੀ ਨੂੰ ਏਅਰਪੋਰਟ ਛੱਡਣ ਲਈ ਜਦੋਂ ਟੈਕਸੀ ਡਰਾਈਵਰ ਜਾ ਰਿਹਾ ਸੀ ਤਾਂ ਰਸਤੇ ਵਿਚ ਤੇਜ਼ੀ ਨਾਲ ਇਕ ਕਾਰ ਆਪਣੀ ਲਾਈਨ ਛੱਡ ਕੇ ਉਸ ਦੀ ਕਾਰ ਦੇ ਅੱਗੇ ਆ ਗਈ। ਟੈਕਸੀ ਵਾਲੇ ਨੇ ਮਸਾਂ ਹੀ ਬਰੇਕ ਲਾ ਕੇ ਐਕਸੀਡੈਂਟ ਹੋਣ ਤੋਂ ਰੋਕਿਆ। ਪਿਛਲੀ ਕਾਰ ਵਾਲੇ ਨੇ ਰੱਜ ਕੇ ਗਾਹਲਾਂ ਕੱਢੀਆਂ। ਇਸ ਸਾਰੇ ਦੇ ਬਾਵਜੂਦ ਟੈਕਸੀ ਡਰਾਈਵਰ ਮੁਸਕਰਾ ਕੇ, ਹੱਥ ਹਿਲਾ ਕੇ, ਬਸ ਚੁੱਪ ਹੀ ਰਿਹਾ। ਸਵਾਰੀ ਨੇ ਹੈਰਾਨ ਹੋ ਕੇ ਪੁੱਛਿਆ, ‘‘ਤੇਰੀ ਗ਼ਲਤੀ ਨਹੀਂ ਸੀ, ਫਿਰ ਵੀ ਉਸ ਨੇ ਤੈਨੂੰ ਗਾਹਲਾਂ ਕੱਢੀਆਂ। ਇਸ ਵਾਸਤੇ ਤੈਨੂੰ ਰੋਸ ਪ੍ਰਗਟਾਉਣਾ ਚਾਹੀਦਾ ਸੀ। ਤੂੰ ਉਸ ਨਾਲ ਗੁੱਸਾ ਗਿਲਾ ਕਿਉਂ ਨਹੀਂ ਕੀਤਾ  ?’’

ਇਸ ’ਤੇ ਟੈਕਸੀ ਵਾਲੇ ਨੇ ਜਵਾਬ ਦਿੱਤਾ, ‘‘ਕੁੱਝ ਲੋਕ ਕੂੜੇ ਦੇ ਭਰੇ ਟਰੱਕ ਵਰਗੇ ਹੁੰਦੇ ਹਨ। ਜਦੋਂ ਗੰਦਗੀ ਦੇ ਢੇਰ ਹੱਦੋਂ ਵੱਧ ਭਰ ਜਾਣ ਤਾਂ ਅਜਿਹੇ ਟਰੱਕਾਂ ਵਿੱਚੋਂ ਕੁੱਝ ਗੰਦਗੀ ਸੜਕ ਉੱਤੇ ਸੱਜੇ ਖੱਬੇ ਡਿੱਗ ਜਾਂਦੀ ਹੈ। ਅਜਿਹੇ ਲੋਕਾਂ ਨਾਲ ਖਹਿਬੜਨ ਦਾ ਮਤਲਬ ਹੈ ਉਨ੍ਹਾਂ ਵੱਲੋਂ ਸੁੱਟੇ ਕੂੜੇ ਵਿਚ ਲਿਬੜ ਜਾਣਾ ਤੇ ਉਸ ਨੂੰ ਅੱਗੋਂ ਖਿਲਾਰਨਾ। ਇਹ ਕੂੜਾ ਹੁੰਦਾ ਹੈ ਖ਼ੁਦਗਰਜ਼ੀ, ਆਪਣੀ ਨਾਕਾਮਯਾਬੀ ਦਾ ਗੁੱਸਾ ਅਤੇ ਦੂਜੇ ਦੇ ਅੱਗੇ ਵਧ ਜਾਣ ਸਦਕਾ ਆਪਣੀ ਹਾਰ ਨੂੰ ਲੁਕਾਉਣ ਦਾ ਯਤਨ !ਏਸੇ ਲਈ ਕੂੜੇ ਦੇ ਭਰੇ ਟਰੱਕ ਨੂੰ ਉਸੇ ਤੱਕ ਸੀਮਤ ਰਹਿ ਲੈਣ ਦਿਓ ਕਿਉਂਕਿ ਉਸ ਵਿਚ ਹੈ ਹੀ ਸਿਰਫ਼ ਗੰਦਗੀ। ਜੇ ਲੋੜੋਂ ਵੱਧ ਕੂੜਾ ਭਰ ਜਾਣ ਉੱਤੇ ਅਜਿਹੇ ਇਨਸਾਨ ਕੂੜਾ ਬਾਹਰ ਨਾ ਸੁੱਟਣ ਤਾਂ ਆਪਣੇ ਹੀ ਕੂੜੇ ਦੇ ਢੇਰ ਹੇਠ ਦੱਬ ਕੇ ਖ਼ਤਮ ਹੋ ਜਾਣਗੇ। ਸੋ ਉਨ੍ਹਾਂ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਇਹ ਤਰਸ ਦੇ ਪਾਤਰ ਹੁੰਦੇ ਹਨ। ਇਸੇ ਲਈ ਮੁਸਕਰਾ ਕੇ, ਆਪਣਾ ਹੱਥ ਹਿਲਾ ਕੇ ਆਪਣੇ ਵੱਲ ਆਉਂਦੀ ਬਦਬੂ ਨੂੰ ਪਰ੍ਹਾਂ ਧੱਕ ਦਿਓ।’’

ਕੈਨਸਾਸ ਸਟੇਟ ਯੂਨੀਵਰਸਿਟੀ ਵਿਖੇ ਸੈਟੋਰਿਸ ਕੁਲਬਰਟਸਨ ਨੇ ਅਤੇ ਮਿਨੀਸੋਟਾ ਯੂਨੀਵਰਸਿਟੀ ਵਿਚ ਹੋਈ ਖੋਜ ਤੇ ਹਾਰਵਾਰਡ ਯੂਨੀਵਰਸਿਟੀ ਸਮੇਤ ਹਰ ਥਾਂ ਹੋਈ ਖੋਜ ਇਹ ਸਾਬਤ ਕਰ ਚੁੱਕੀ ਹੈ ਕਿ ਨਿੰਦਾ ਨੂੰ ਆਪਣੇ ਦਿਮਾਗ਼ ਵਿਚ ਥਾਂ ਦੇ ਦਿਓ ਤਾਂ ਉਸਾਰੂ ਕੰਮ ਕਰਨ ਦੀ ਸਮਰਥਾ 66 ਪ੍ਰਤੀਸ਼ਤ ਘੱਟ ਹੋ ਜਾਂਦੀ ਹੈ, ਥਕੇਵਾਂ ਛੇਤੀ ਮਹਿਸੂਸ ਹੁੰਦਾ ਹੈ, ਦੁਸ਼ਮਣੀਆਂ ਵੱਧਦੀਆਂ ਹਨ ਤੇ ਹਾਰਟ ਅਟੈਕ ਜਾਂ ਪਾਸਾ ਮਾਰੇ ਜਾਣ ਦਾ ਖ਼ਤਰਾ ਵੀ ਕਈ ਗੁਣਾ ਵੱਧ ਹੋ ਜਾਂਦਾ ਹੈ।

ਇਸੇ ਲਈ ਮਨੋਵਿਗਿਆਨੀ ਇਹੋ ਸੁਝਾਓ ਦਿੰਦੇ ਹਨ ਕਿ ਨਿੰਦਾ ਕਰਨ ਵਾਲੇ ਇਨਸਾਨ ਤੋਂ ਬਿਲਕੁਲ ਉਂਜ ਹੀ ਪਾਸਾ ਵੱਟੋ ਜਿਵੇਂ ਬਦਬੂ ਨੂੰ ਸੁੰਘਦੇ ਸਾਰ ਨੱਕ ਢੱਕਣ ਦੀ ਲੋੜ ਪੈਂਦੀ ਹੈ। ਕਿਸੇ ਵੱਲੋਂ ਸੁੱਟੀ ਬਦਬੂ ਜੇ ਨੱਕ ਥਾਈਂ ਅੰਦਰ ਦਿਮਾਗ਼ ਤੱਕ ਪਹੁੰਚ ਜਾਣ ਦਿਓ ਤਾਂ ਉਸ ਨੇ ਯਕੀਨਨ ਪੂਰਾ ਦਿਮਾਗ਼ ਮੱਲ ਲੈਣਾ ਹੈ।

ਗੁਰਬਾਣੀ ਵਿਚ ਵੀ ਸਪਸ਼ਟ ਕੀਤਾ ਗਿਆ ਹੈ ਕਿ ਮੂਰਖਾਂ ਨਾਲ ਉਲਝਣਾ ਨਹੀਂ ਚਾਹੀਦਾ ਕਿਉਂਕਿ ਉਨ੍ਹਾਂ ਨੇ ਤੁਹਾਨੂੰ ਪਹਿਲਾਂ ਆਪਣੇ ਪੱਧਰ ਉੱਤੇ ਲਿਆ ਕੇ ਡੇਗਣਾ ਹੁੰਦਾ ਹੈ ਤੇ ਫੇਰ ਮੂਰਖਤਾ ਵਿਚ ਪੀ. ਐੱਚ. ਡੀ. ਡਿਗਰੀ ਹਾਸਲ ਹੋਣ ਸਦਕਾ ਤੁਹਾਨੂੰ ਹਰਾ ਲੈਣਾ ਹੁੰਦਾ ਹੈ। ਇਸੇ ਲਈ ‘‘ਮੂਰਖੈ ਨਾਲਿ ਨ ਲੁਝੀਐ ॥’’ (ਮ: ੧/੪੭੩) ਨਿੰਦਾ ਕਰਨ ਵਾਲਿਆਂ ਨਾਲ ਮਾੜਾ ਹੀ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਅੰਦਰੋਂ ਫਟਕਾਰ ਹੀ ਪੈਂਦੀ ਰਹਿੰਦੀ ਹੈ ਤੇ ਉਨ੍ਹਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। ਉਹ ਸਦਾ ਉਹੀ ਕਰਤੂਤਾਂ ਕਰਦੇ ਹਨ ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸੁਪਨੇ ਵਿਚ ਵੀ ਸੁਖ ਨਹੀਂ ਮਾਣਦੇ ਤੇ ਚਿੰਤਾ ਉਨ੍ਹਾਂ ਨੂੰ ਸਾੜਦੀ ਰਹਿੰਦੀ ਹੈ: ‘‘ਸੁਪਨੈ ਸੁਖੁ ਨ ਦੇਖਨੀ; ਬਹੁ ਚਿੰਤਾ ਪਰਜਾਲੇ ॥’’ (ਮ: ੩/੩੦)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਜਿਹੇ ਅਹੰਕਾਰੀਆਂ ਨੂੰ ਫਿਟਕਾਰ ਪਾਈ ਗਈ ਹੈ ਤੇ ਮੰਦਭਾਗਾ ਜੀਵ ਕਿਹਾ ਗਿਆ ਹੈ ਜਿਸ ਦਾ ਦੁਨੀਆ ਵਿਚ ਕੋਈ ਮੁੱਲ ਨਹੀਂ ਪੈਂਦਾ। ਗੁਰੂ ਸਾਹਿਬ ਅਨੁਸਾਰ ਪ੍ਰਮਾਤਮਾ ਨੂੰ ਉਹੀ ਜੀਵ ਚੰਗਾ ਲਗਦਾ ਹੈ ਜੋ ਨਿੰਦਾ ਕਰਨ ਤੋਂ ਬਚੇ ਤੇ ਪ੍ਰਮਾਤਮਾ ਦੇ ਰੰਗ ਵਿਚ ਰੰਗਿਆ ਰਹੇ। ਅਜਿਹਾ ਮਨੁੱਖ ਸਾਰੇ ਜਗਤ ਵਿਚ ਚਾਨਣ ਮੁਨਾਰਾ ਬਣਦਾ ਹੈ।

ਨਿੰਦਕ ਸਿਰਫ਼ ਸਾਡੇ ਕੱਪੜੇ ਝਾੜਦਾ ਤੇ ਧੋਂਦਾ ਹੈ ਤਾਂ ਜੋ ਅਸੀਂ ਹੋਰ ਨਿਖਰ ਜਾਈਏ। ਉਹ ਸਾਡੀ ਰੌਸ਼ਨੀ ਵਿੱਚੋਂ ਕੁੱਝ ਚਾਨਣ ਉਧਾਰੇ ਲੈਣ ਦਾ ਯਤਨ ਕਰ ਰਿਹਾ ਹੁੰਦਾ ਹੈ ਜਿਵੇਂ ਸੂਰਜ ਦੀ ਰੌਸ਼ਨੀ ਨਾਲ ਹੀ ਨਿੱਕੇ ਮੋਟੇ ਗ੍ਰਹਿ ਰੌਸ਼ਨ ਹੋ ਜਾਂਦੇ ਹਨ।

ਹੁਣ ਇਨ੍ਹਾਂ ਸਾਰੀਆਂ ਗੱਲਾਂ ਦੇ ਨਿਚੋੜ ਵੱਲ ਧਿਆਨ ਦੇਈਏ :-

(1). ਜੋ ਸਾਡੀਆਂ ਪ੍ਰਾਪਤੀਆਂ ਸਦਕਾ ਸਾਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਪਹਿਲਾਂ ਹੀ ਸਾਡੇ ਤੋਂ ਕਾਫ਼ੀ ਨੀਵਾਂ ਹੈ। ਇਸੇ ਲਈ ਉਸ ਨੂੰ ਸਾਨੂੰ ਹੇਠਾਂ ਖਿੱਚਣ ਦੀ ਲੋੜ ਪਈ ਹੈ।

(2). ਜ਼ਿੰਦਗੀ ਬਹੁਤ ਛੋਟੀ ਹੈ। ਇਸ ਲਈ ਕਿਸੇ ਫਜ਼ੂਲ ਬੰਦੇ ਲਈ ਵਕਤ ਬਰਬਾਦ ਕਰਨ ਨਾਲੋਂ ਆਪਣੀਆਂ ਹੋਰ ਪ੍ਰਾਪਤੀਆਂ ਹਾਸਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਜਾਂ ਪਹਿਲਾਂ ਵਾਲੀਆਂ ਹਾਸਲ ਪ੍ਰਾਪਤੀਆਂ ਨੂੰ ਰੱਜ ਕੇ ਮਾਣ ਲੈਣਾ ਚਾਹੀਦਾ ਹੈ ਜਿਸ ਸਦਕਾ ਦੂਜੇ ਨੂੰ ਪੀੜ ਹੋ ਰਹੀ ਹੈ।

(3). ਜ਼ਿੰਦਗੀ ਵਿਚ ਕੁੱਝ ਵੀ ਸਦੀਵੀ ਨਹੀਂ ਹੈ ਤੇ ਨਾ ਹੀ ਸਭ ਕੁੱਝ ਸੌਖਿਆਂ ਹਰ ਕਿਸੇ ਨੂੰ ਹਾਸਲ ਹੁੰਦਾ ਹੈ। ਇਸੇ ਲਈ ਜੋ ਕੁੱਝ ਹਾਸਲ ਕੀਤਾ ਜਾ ਸਕਿਆ ਹੈ, ਉਸੇ ਨਾਲ ਸੰਤੁਸ਼ਟ ਹੋ ਕੇ ਆਨੰਦ ਮਾਣਿਆ ਜਾ ਸਕਦਾ ਹੈ।

(4). ਜ਼ਰੂਰੀ ਨਹੀਂ ਕਿ ਲਿਮੋਸੀਨ ਜਾਂ ਹਵਾਈ ਜਹਾਜ਼ ਰੱਖਣ ਵਾਲੇ ਹਮੇਸ਼ਾ ਖ਼ੁਸ਼ ਹੀ ਰਹਿੰਦੇ ਹੋਣ। ਉਹ ਵੀ ਬਥੇਰੇ ਝਮੇਲਿਆਂ ਸਦਕਾ ਨੀਂਦਰ ਗੁਆ ਕੇ ਦਵਾਈਆਂ ਦਾ ਢੇਰ ਖਾ ਰਹੇ ਹੁੰਦੇ ਹਨ ਅਤੇ ਪਰਿਵਾਰਕ ਝਗੜਿਆਂ ਵਿਚ ਉਲਝੇ ਹੁੰਦੇ ਹਨ।

(5). ਆਪਣੇ ਜਾਂ ਆਪਣੇ ਮਾਪਿਆਂ ਤੋਂ ਸਿਵਾ ਕੋਈ ਵਿਰਲਾ ਹੀ ਸੱਚੇ ਦਿਲੋਂ ਦੂਜੇ ਦੀ ਤਾਰੀਫ਼ ਕਰਦਾ ਹੈ। ਜਿਹੜਾ ਵੀ ਕੋਈ ਤਾਰੀਫ਼ ਕਰੇ, ਉਸ ਦਾ ਕੋਈ ਨਾ ਕੋਈ ਮਕਸਦ ਜ਼ਰੂਰ ਹੁੰਦਾ ਹੈ। ਇਹ ਮਕਸਦ ਉਸ ਦੇ ਆਪਣੇ ਵੀ ਤੁਹਾਡੇ ਵਰਗੇ ਹਾਲਾਤ ਹੀ ਹੋ ਸਕਦੇ ਹਨ, ਜਿਸ ਸਦਕਾ ਤੁਸੀਂ ਉਸ ਦੇ ਦਿਲ ਤੱਕ ਪਹੁੰਚ ਗਏ ਹੋ, ਇਹ ਮਕਸਦ ਉਸ ਦਾ ਦੁਖ ਘਟਾਉਣ ਜਾਂ ਵੰਡਾਉਣ ਦਾ ਕਾਰਨ ਬਣਨਾ ਹੋ ਸਕਦਾ ਹੈ, ਇਕ ਮਕਸਦ ਉਸ ਦੀ ਤਮੰਨਾ ਤੁਹਾਡੇ ਵਰਗੀ ਹੋਣ ਦੀ ਚਾਅ ਹੋ ਸਕਦਾ ਹੈ, ਜਾਂ ਫੇਰ ਤੁਹਾਡੇ ਨਾਲ ਦੋਸਤੀ ਗੰਢ ਕੇ ਦੂਜਾ ਇਨਸਾਨ ਖ਼ੁਸ਼ੀ ਮਹਿਸੂਸ ਕਰਦਾ ਹੈ ਤੇ ਆਪਣਾ ਆਪ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਉਹ ਤੁਹਾਡੀ ਤਾਰੀਫ਼ ਕਰਨ ਦੇ ਨਾਲੋ ਨਾਲ ਤੁਹਾਡੇ ਕੀਮਤੀ ਪਲ ਚੁਰਾ ਕੇ ਆਪਣੇ ਉੱਤੇ ਖੁਸ਼ਬੋ ਤਰੌਂਕੀ (ਛਿੜਕਾਅ) ਮਹਿਸੂਸ ਕਰਦਾ ਹੈ।

ਗੱਲ ਜੋ ਵੀ ਹੋਵੇ, ਨਿਬੜਦੀ ਏਥੇ ਹੀ ਹੈ ਕਿ ਭੰਡਣ ਜਾਂ ਨਿੰਦਣ ਵਾਲੇ ਲੋਕਾਂ ਦੀ ਕੋਈ ਆਪਣੀ ਪ੍ਰਾਪਤੀ ਨਹੀਂ ਹੁੰਦੀ ਤੇ ਨਾ ਹੀ ਲੋਕ ਉਨ੍ਹਾਂ ਨੂੰ ਬਹੁਤਾ ਸਮਾਂ ਯਾਦ ਰੱਖਦੇ ਹਨ ਕਿਉਂਕਿ ਬਦਬੂ ਬਹੁਤੀ ਦੇਰ ਝੱਲਣੀ ਔਖੀ ਹੁੰਦੀ ਹੈ। ਇਸੇ ਲਈ ਲੋਕ ਛੇਤੀ ਕਿਨਾਰਾ ਕਰ ਜਾਂਦੇ ਹਨ। ਜਿਹੜੇ ਨਿੰਦਕ ਨਾਲ ਡਟੇ ਰਹਿਣ, ਉਹ ਆਪ ਵੀ ਗੰਦਗੀ ਦਾ ਭਰਿਆ ਟਰੱਕ ਹੁੰਦੇ ਹਨ।

ਸੋ, ਨਿੰਦਾ ਸੁਣਦੇ ਸਾਰ ਝੂਰਨ ਦੀ ਬਜਾਏ ਪ੍ਰਸੰਨ ਹੋਣਾ ਸਿੱਖੀਏ ਕਿਉਂਕਿ ਉਹੀ ਦਿਨ ਹੈ ਜਿਸ ਦਿਨ ਅਸੀਂ ਕੁੱਝ ਪ੍ਰਾਪਤ ਕਰਕੇ ਦੂਜੇ ਨੂੰ ਪਿਛਾਂਹ ਛੱਡ ਆਏ ਹੁੰਦੇ ਹਾਂ।ਕਬੀਰ ਜੀ ਵੀ ਨਿੰਦਕ ਪ੍ਰਤੀ ਕੁੱਝ ਅਜਿਹਾ ਵੀ ਨਜ਼ਰੀਆ ਰੱਖਦੇ ਲਿਖਦੇ ਹਨ: ‘‘ਨਿੰਦਉ, ਨਿੰਦਉ, ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ਨਿੰਦਾ ਬਾਪੁ, ਨਿੰਦਾ ਮਹਤਾਰੀ (ਮਾਤਾ)॥’’ (ਭਗਤ ਕਬੀਰ/੩੩੯)

ਅੰਤ ਵਿਚ ਬਾਬਾ ਬੁੱਲੇ ਸ਼ਾਹ ਨਾਲ ਜੁੜੀ ਇਕ ਦੰਤ ਕਥਾ ਬਾਰੇ ਜ਼ਿਕਰ ਕਰਨਾ ਚਾਹਾਂਗੀ। 

ਬਾਬਾ ਬੁੱਲੇ ਸ਼ਾਹ ਕੋਲ ਇਕ ਦਿਨ ਇਕ ਬੰਦਾ ਪਹੁੰਚਿਆ ਤੇ ਕਹਿਣ ਲੱਗਿਆ, ‘‘ਮੈਂ ਤੁਹਾਨੂੰ ਇਕ ਜ਼ਰੂਰੀ ਗੱਲ ਦੱਸਣੀ ਹੈ। ਤੁਹਾਡੇ ਬਾਰੇ ਇਕ ਬੰਦਾ ਗ਼ਲਤ ਬੋਲਰਿਹਾ ਹੈ।’’ ਬਾਬਾ ਬੁੱਲੇ ਸ਼ਾਹ ਨੇ ਕਿਹਾ, ‘‘ਭਗਤਾ ! ਕੁੱਝ ਦੱਸਣ ਤੋਂ ਪਹਿਲਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ।

‘‘ਪਹਿਲਾ– ਕੀ ਤੂੰ ਸਮਝਦਾ ਹੈਂ ਕਿ ਜੋ ਕੁੱਝ ਉਹ ਮੇਰੇ ਬਾਰੇ ਬੋਲ ਰਿਹਾ ਹੈ ਉਹ ਸੱਚ ਹੈ ? ਜੇ ਤੇਰੇ ਹਿਸਾਬ ਨਾਲ ਸੱਚ ਹੈ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ। ਜੇ ਤੇਰੇ ਹਿਸਾਬ ਨਾਲ ਝੂਠ ਹੈ ਤਾਂ ਫਿਰ ਝੂਠ ਅਗਾਂਹ ਫੈਲਾਉਣ ਦੀ ਕੋਈ ਲੋੜ ਨਹੀਂ।

‘‘ਦੂਜਾ ਕੀ ਤੂੰ ਸਮਝਦਾ ਹੈਂ ਕਿ ਕਿਸੇ ਵੱਲੋਂ ਬੋਲੇ ਗ਼ਲਤ ਸ਼ਬਦ ਮੈਨੂੰ ਸੁਣਾ ਕੇ ਮੇਰਾ ਕੁੱਝ ਸੰਵਾਰਿਆ ਜਾ ਸਕਦਾ ਹੈ ? ਜੇ ਤੂੰ ਪਹਿਲਾਂ ਹੀ ਉਸ ਨੂੰ ਕੂੜ ਪ੍ਰਚਾਰ ਮੰਨ ਕੇ ਆਇਆ ਹੈਂ ਤੇ ਮੇਰਾ ਉਸ ਨਾਲ ਕੁੱਝ ਨਹੀਂ ਸੰਵਰਦਾ ਤਾਂ ਮੇਰਾ ਵਕਤ ਜ਼ਾਇਆ ਕਰਨ ਦੀ ਕੀ ਲੋੜ ਹੈ ?

‘‘ਤੀਜਾ : ਸਿਆਣੇ ਕਹਿ ਗਏ ਹਨ ਕਿ ਸੁਣੀ ਸੁਣਾਈ ਗੱਲ ਉੱਤੇ ਵਿਸ਼ਵਾਸ ਨਹੀਂ ਕਰੀਦਾ। ਨਿੰਦਕ ਸਾਡੇ ਕੱਪੜੇ ਝਾੜ ਰਿਹਾ ਹੁੰਦਾ ਹੈ ਜੋ ਜ਼ਰੂਰੀ ਹੁੰਦਾ ਹੈ। ਹੁਣਦੱਸ, ਜੇ ਤੂੰ ਨਿੰਦਕ ਨਾਲ ਸਹਿਮਤ ਹੈਂ ਤਾਂ ਉਸੇ ਨਾਲ ਜੁੜਿਆ ਰਹਿ ! ਜੇ ਤੂੰ ਉਸ ਤੋਂ ਇਨਕਾਰੀ ਹੈਂ ਤਾਂ ਮੇਰੀ ਪ੍ਰਭੂ ਨਾਲ ਜੁੜੀ ਬਿਰਤੀ ਵਿਚ ਖ਼ਲਲ ਪਾਉਣ ਤੋਂ ਵੱਧ ਕੁੱਝ ਨਹੀਂ ਕਰੇਂਗਾ ! ਇਸੇ ਲਈ ਉਹ ਗੰਦਗੀ ਉੱਥੇ ਹੀ ਛੰਡ ਆਉਣੀ ਬਿਹਤਰ ਹੈ।’’

            ਗੱਲ ਏਥੇ ਨਿਬੜਦੀ ਹੈ- ‘‘ਜੋ ਕਿਛੁ ਹੋਆ, ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ, ਕਰਣੈ ਜੋਗੁ ॥’’ (ਮ: ੫/੧੭੬)

‘ਜਥੇਦਾਰ ਜੰਜਾਲ ਮੁਕਤ ਦਿਨ’

0

‘ਜਥੇਦਾਰ ਜੰਜਾਲ ਮੁਕਤ ਦਿਨ’

ਕੁਲਵੰਤ ਸਿੰਘ ਢੇਸੀ

ਗੁਰੂ ਪਿਆਰੇ ਖਾਲਸਾ ਜੀ

ਦਾਸ ਦੀ ਤੁੱਛ ਬੁੱਧੀ ਅਨੁਸਾਰ ਬੇਹਿਸਾਬ ਕੁੜੀਆਂ ਮਾਰਨ ਵਾਲੇ ਸਿੱਖਾਂ ਨੂੰ ਇੱਕ ਅਰਦਾਸ ਦਿਨ ਵੀ ਮਨਾਉਣਾ ਚਾਹੀਦਾ ਹੈ ਤਾਂ ਕਿ ਇਸ ਗੰਭੀਰ ਗੁਨਾਹ ਤੋਂ ਤੋਬਾ ਕਰਨ ਲਈ ਅਰਦਾਸ ਕੀਤੀ ਜਾਵੇ ਅਤੇ ਇਸ ਦੇ ਨਾਲ ਨਾਲ ਨਸ਼ਾ ਜਾਗਰੂਕ ਦਿਨ, ਸਿਆਸਤਦਾਨ ਸੁਰਤ ਸੰਭਾਲ ਦਿਨ ਅਤੇ ‘ਜਥੇਦਾਰ ਜੰਜਾਲ ਮੁਕਤ ਦਿਨ‘ ਵਰਗੇ ਦਿਨ ਮਨਾ ਕੇ ਵਿਆਪਕ ਚਣੌਤੀਆਂ ਨੂੰ ਸਨਮੁਖ ਹੋਣਾ ਚਾਹੀਦਾ ਹੈ।
ਆਪ ਗੁਰਸਿੱਖਾਂ ਦਾ ਦਾਸ ‘ਕੁਲਵੰਤ ਸਿੰਘ ਢੇਸੀ’

ਸਿੱਖ ਕੌਮ ਪ੍ਰਫੁੱਲਤ ਨਾ ਹੋਣ ਦੇ ਮੂਲ ਕਾਰਨ

0

ਸਿੱਖ ਕੌਮ ਪ੍ਰਫੁੱਲਤ ਨਾ ਹੋਣ ਦੇ ਮੂਲ ਕਾਰਨ

ਗਿਆਨੀ ਅਵਤਾਰ ਸਿੰਘ

ਟੀ .ਵੀ ਐਂਕਰ ਬਨਾਮ ਸਾਡੇ ਆਗੂ

ਇਸ ਪ੍ਰੋਗਰਾਮ (ਵਿਸ਼ੇ) ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਉਨ੍ਹਾਂ ਗੁਪਤ ਭਾਵਨਾਵਾਂ ਨੂੰ ਉਜਾਗਰ ਕਰਨਾ ਹੈ ਜਿਨ੍ਹਾਂ ਤੋਂ ਸਿੱਖ ਸਮਾਜ ਦਾ ਇਕ ਸਾਧਾਰਨ ਪਾਠਕ ਅਨਜਾਣ ਰਹਿੰਦਾ ਹੈ। ਮੇਰੇ ਨਾਲ ਅੱਜ ਸਟੂਡੀਓ ’ਚ ਸਿੱਖ ਸਮਾਜ ਨਾਲ ਸੰਬੰਧਤ ਮੁਖ ਮਹਿਮਾਨ ਹਨ ‘ਰਾਜਨੀਤਿਕ ਆਗੂ, ਤਰਕਵਾਦੀ, ਸ਼੍ਰੀ ਸ਼੍ਰੀ 108 ਸੰਤ ਜੀ, ਗਿਆਨੀ, ਪੁਜਾਰੀ, ਲੇਖਕ, ਗੁਰਦੁਆਰਾ ਪ੍ਰਬੰਧਕ, ਜਾਗਰੂਕ, ਜਥੇਦਾਰ ਸਾਹਿਬ ਅਤੇ ਸੰਪਾਦਕ ਸਾਹਿਬ ਜੀ’, ਜਿਨ੍ਹਾਂ ਤੋਂ ਵਾਰੀ-2 ਮੈਂ ਇੱਕ ਸਾਧਾਰਨ ਪਾਠਕ ਦੇ ਰੂਪ ’ਚ ਸਵਾਲ ਪੁੱਛਾਂਗਾ। ਇਨ੍ਹਾਂ ਸੱਜਣਾਂ ਅੱਗੇ ਬੇਨਤੀ ਹੈ ਕਿ ਜਵਾਬ ਸਰਲ, ਸਪਸ਼ਟ ਅਤੇ ਸੀਮਤ ਸ਼ਬਦਾਂ ਰਾਹੀਂ ਦਿੱਤਾ ਜਾਵੇ।

ਸਭ ਤੋਂ ਪਹਿਲਾਂ ਧਾਰਮਿਕ ਰਾਜਨੀਤਿਕ ਆਗੂ ਤੋਂ ਚਰਚਾ ਆਰੰਭ ਕਰਾਂਗਾ:

ਟੀ. ਵੀ. ਐਂਕਰ: ਰਾਜਨੀਤਿਕ ਆਗੂ ਜੀ! ਪੰਜਾਬ ਸੂਬਾ ਬਣਨ ਤੋਂ ਅੱਜ ਤੱਕ ਸਭ ਤੋਂ ਵੱਧ ਤੁਹਾਡੀ ਪਾਰਟੀ ਦੀ ਸਰਕਾਰ ਰਹੀ ਹੈ। ਕੀ ਕਾਰਨ ਹੈ ਕਿ ਅੱਜ ਪੰਜਾਬ ’ਚ 75% ਤੋਂ ਵੱਧ ਬੱਚੇ ਨਸ਼ਾ ਕਰਦੇ ਹਨ, ਭਰੁਣ ਹੱਤਿਆ ਸਭ ਤੋਂ ਵੱਧ ਪੰਜਾਬ ’ਚ ਹੈ, ਬਿ੍ਰਧ ਮਾਤਾ ਪਿਤਾ ਆਸ਼੍ਰਮਾਂ ’ਚ ਬੈਠੇ ਹਨ, ਕਿਸਾਨ ਕਰਜੇ ਕਾਰਨ ਆਤਮ ਹੱਤਿਆ ਕਰ ਰਹੇ ਹਨ, ਜੰਮਦੀਆਂ ਬੱਚੀਆਂ ਨੂੰ ਹੀ ਅਨਾਥ ਆਸ਼੍ਰਮਾਂ ਦੇ ਪਘੂੰਣਿਆਂ ’ਚ ਸੁੱਟਣ ਦੀਆਂ ਘਟਨਾਵਾਂ ਕੇਵਲ ਉਸ ਧਰਤੀ ’ਤੇ ਹੋ ਰਹੀਆਂ ਹਨ ਜਿੱਥੋਂ ਕਦੀਂ ਗੁਰੂ ਜੀ ਨੇ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲ ਸ਼ੁਰੂ ਕੀਤੀ ਸੀ?

ਰਾਜਨੀਤਿਕ: ਦਰਅਸਲ, ਪੰਜਾਬ ਇਕ ਸੀਮਾਵਰਤੀ ਸੂਬਾ ਹੈ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਨਸ਼ਾ; ਤਸਕਰਾਂ ਰਾਹੀਂ ਪੰਜਾਬ ’ਚ ਆ ਰਿਹਾ ਹੈ।

ਟੀ. ਵੀ. ਐਂਕਰ: ਰਾਜਸਥਾਨ, ਗੁਜਰਾਤ ਆਦਿ ਵੀ ਸੀਮਾਵਰਤੀ ਸੂਬੇ ਹਨ। ਨਸ਼ਾ ਤਸਕਰੀ ’ਚ ਤੁਹਾਡੇ ਕਈ ਵਜ਼ੀਰਾਂ ਦੇ ਨਾਮ ਆ ਚੁੱਕੇ ਹਨ? ਤੁਸੀਂ ਸਖ਼ਤ ਕਦਮ ਕਿਉਂ ਨਹੀਂ ਪੁੱਟ ਰਹੇ?

ਰਾਜਨੀਤਿਕ: ਸਾਡੇ ’ਤੇ ਝੂਠੇ ਆਰੋਪ ਲਗਾਉਣ ’ਚ ਕਾਂਗਰਸ ਪਾਰਟੀ ਦਾ ਹੱਥ ਹੈ, ਉਹ ਸਿੱਖਾਂ ਨੂੰ ਆਜ਼ਾਦ ਨਹੀਂ ਵੇਖਣਾ ਚਾਹੁੰਦੀ।

ਟੀ. ਵੀ. ਐਂਕਰ: ਪਰ, ਇਹ ਗੱਲਾਂ ਤਾਂ ਅਸੀਂ ਰੋਜ਼ਾਨਾ ਸੁਣਦੇ ਹਾਂ, ਤੁਹਾਡੇ ’ਤੇ ਇਹ ਵੀ ਆਰੋਪ ਹਨ ਕਿ ਤੁਸੀਂ ਰੇਤ, ਟ੍ਰਾਂਸਪੋਰਟ, ਕੇਵਲ ਆਪਰੇਟ੍ਰ, ਸ਼ਰਾਬ, ਸਮਾਰਟ ਸਿਟੀ ਦੇ ਨਾਮ ’ਤੇ ਯੋਗ ਮਹਿੰਗੀਆਂ ਥਾਵਾਂ ’ਤੇ ਆਪਣਾ ਕਬਜਾ ਕੀਤਾ ਹੋਇਆ ਹੈ। ਆਰੋਪ ਤਾਂ ਇੱਥੋਂ ਤੱਕ ਵੀ ਹੈ ਕਿ ਦਰਬਾਰ ਸਾਹਿਬ ਤੋਂ ਲਾਈਵ ਤੁਹਾਡੇ ਟੀ. ਵੀ. ਚੈਨਲ ਰਾਹੀਂ ਹੀ ਹੋ ਰਿਹਾ ਹੈ ?

ਰਾਜਨੀਤਿਕ: ਇਹ ਸਭ ਮਨਘੜਤ ਅਤੇ ਝੂਠੀ ਅਫ਼ਵਾਹ ਕਾਂਗਰਸ ਨੇ ਫੈਲਾਈ ਹੈ।

ਟੀ. ਵੀ. ਐਂਕਰ: ਕੀ ਕਾਰਨ ਹੈ ਕਿ ਤੁਹਾਨੂੰ ਮੁਖ ਮੰਤ੍ਰੀ ਦੀ ਕੁਰਸੀ ਦੇ ਨਾਲ-2 ਸ਼੍ਰੋਮਣੀ ਕਮੇਟੀ ਨੂੰ ਆਪਣੇ ਅਧੀਨ ਰੱਖਣਾ ਪੈਂਦਾ ਹੈ? ਜਦ ਕਿ ਤੁਹਾਡੀ ਪਾਰਟੀ ਤੋਂ ਬਿਨਾ ਕਾਂਗਰਸ ਪਾਰਟੀ; ਸ਼ੋ੍ਰਮਣੀ ਕਮੇਟੀ ’ਤੇ ਕਾਬਜ ਹੋਣ ਤੋਂ ਬਿਨਾ ਹੀ 5 ਜਾਂ 10 ਸਾਲ ਰਾਜ ਕਰ ਜਾਂਦੀ ਹੈ ?

ਰਾਜਨੀਤਿਕ: ਸਾਡੀ ਪਾਰਟੀ ਤੇ ਸ਼ੋਮਣੀ ਕਮੇਟੀ ਦੀ ਹੋਂਦ ਸਿੱਖ ਧਰਮ ਦੇ ਪ੍ਰਬੰਧਕ ਢਾਂਚੇ ਨੂੰ ਬਣਾਈ ਰੱਖਣ ਲਈ ਹੋਈ ਸੀ।

ਟੀ. ਵੀ. ਐਂਕਰ: ਤੁਸੀਂ ਇੱਕ ਤਰਫ਼ ਭਾਰਤੀ ਚੋਣ ਕਮੀਸ਼ਨ ਸਾਹਮਣੇ ਆਪਣੀ ਪਾਰਟੀ ਨੂੰ ਧਰਮਨਿਰਪੇਖ ਪਾਰਟੀ ਦੱਸ ਰਹੇ ਹੋ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਰਹੇ ਹੋ? ਕੀ ਇਹ ਤੁਹਾਡੀ; ਭਾਈਵਾਲ ਪਾਰਟੀ ਨੂੰ ਛੱਡੀਆਂ ਸੀਟਾਂ ਕਾਰਨ ਉੱਥੋਂ ਆਪਣੇ ਬੰਦੇ ਸ਼੍ਰੋਮਣੀ ਕਮੇਟੀ ’ਚ ਭੇਜਣ ਵਾਲੀ ਰਣਨੀਤੀ ਦਾ ਭਾਗ ਤਾਂ ਨਹੀਂ? ਤਾਂ ਜੋ ਵਿਰੋਧ ਖੜ੍ਹਾ ਨਾ ਹੋ ਸਕੇ ਕਿਉਂਕਿ ਕਈ ਸ਼੍ਰੋਮਣੀ ਕਮੇਟੀ ਮੈਂਬਰ ਬਾਅਦ ’ਚ ਪੰਜਾਬ ਸਰਕਾਰ ’ਚ ਮੰਤਰੀ ਵੀ ਬਣੇ ਹਨ?

ਰਾਜਨੀਤਿਕ: ਇਹ ਸਭ ਕਾਂਗਰਸ ਦੀ; ਸਿੱਖਾਂ ਦੀ ਏਕਤਾ ਨੂੰ ਤੋੜਨ ਦੀ ਚਾਲ ਹੈ, ਜਿਸ ’ਚ ਅਸੀਂ ਸਫ਼ਲ ਨਹੀਂ ਹੋਣ ਦੇਵਾਂਗੇ।

ਟੀ. ਵੀ. ਐਂਕਰ: ਬਰਨਾਲਾ ਸਾਹਿਬ; ਆਪ ਰਾਜਪਾਲ ਬਣੇ ਰਹੇ, ਆਪਣੀ ਪਤਨੀ ਨੂੰ ਇਕ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਤਾਂ ਜੋ ਕਦੀਂ ਰਾਜਪਾਲ ਪਦ ਨਾ ਮਿਲਿਆ ਤਾਂ ਮੁੜ ਪੰਜਾਬ ਦੀ ਰਾਜਨੀਤੀ ’ਚ ਆਧਾਰ ਕਾਇਮ ਕੀਤਾ ਜਾ ਸਕੇ। ਕੀ ਤੁਹਾਡੀ ਇਹ ਰਣਨੀਤੀ ਤਾਂ ਨਹੀਂ ਕਿ ਸੱਤਾ ਤੋਂ ਬਾਹਰ ਹੋਣ ’ਤੇ ਸ਼੍ਰੋਮਣੀ ਕਮੇਟੀ (ਸਿੱਖ ਭਾਵਨਾਵਾਂ) ਦੀ ਮਦਦ ਨਾਲ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ?

ਰਾਜਨੀਤਿਕ: ਨਹੀਂ, ਇਹ ਸਾਡਾ ਮਕਸਦ ਨਹੀਂ ਹੈ। ਜਦ ਤੱਕ ਗੁਰੂ ਨੇ ਸਾਨੂੰ ਸੇਵਾ ਬਖ਼ਸ਼ੀ ਹੈ ਅਸੀਂ ‘ਰਾਜ ਨਹੀਂ, ਸੇਵਾ’ ਕਰਦੇ ਰਹਾਂਗੇ।

(ਨੋਟ: ਅੱਗੇ ਵਾਰਤਾਲਾਪ ਤਰਕਸ਼ੀਲ ਨਾਲ)

ਟੀ. ਵੀ. ਐਂਕਰ: ਤਰਕਸ਼ੀਲ ਜੀ! ਰਾਜਨੀਤਿਕਾਂ ਵਾਂਗ ਗੋਲ ਮੋਲ ਜਵਾਬ ਦੇਣ ਦੀ ਬਜਾਏ ਇਹ ਦੱਸੋ, ਕਿ ਤੁਸੀਂ ਆਸਥਾ ਭਾਵਨਾਵਾਂ ਵਾਲਿਆਂ (ਰੱਬੀ ਭਗਤਾਂ) ਦਾ ਵਿਰੋਧ ਕਿਉਂ ਕਰਦੇ ਹੋ?

ਤਰਕਸ਼ੀਲ: ਧਾਰਮਿਕ ਆਗੂਆਂ ਨੇ ਸਮਾਜ ਨੂੰ ਆਸਥਾ ਦੇ ਨਾਮ ’ਤੇ ਮੂਰਖ ਬਣਾਇਆ ਹੋਇਆ ਹੈ ਤਾਂ ਜੋ ਇਹ ਇਨ੍ਹਾਂ ਵਿਰੁਧ ਆਵਾਜ਼ ਨਾ ਉਠਾ ਸਕਣ। ਧਾਰਮਿਕ ਆਦਮੀ ਹੀ ਸਭ ਤੋਂ ਵੱਧ ਸਮਾਜ ’ਚ ਲੜਾਈਆਂ, ਦੁਰਾਚਾਰ ਕਰਵਾਉਂਦੇ ਹਨ ਅਤੇ ਦੋਸ਼ੀ ਰੱਬ ਨੂੰ ਬਣਾ ਕੇ ਆਪ ਸਮਾਜ ਦੀਆਂ ਨਜ਼ਰਾਂ ’ਚ ਨਿਰਦੋਸ਼ ਬਣ ਜਾਂਦੇ ਹਨ। ਕਰਮਕਾਂਡ ਹੀ ਇਨ੍ਹਾਂ ਧਰਮੀਆਂ ਦਾ ਆਧਾਰ ਹੈ। ਇਸ ਲਈ ਅਸੀਂ ਕਿਸੇ ਰੱਬ ਨੂੰ ਨਹੀਂ ਮੰਨਦੇ।

ਟੀ. ਵੀ. ਐਂਕਰ: ਮਾਫ਼ ਕਰਨਾ, ਸਿੱਖ ਸਮਾਜ ਨੇ ਧਰਮ ਰਾਹੀਂ ਹੀ ਅਨੇਕਾਂ ਕ੍ਰਾਂਤੀਕਾਰੀ ਲਹਿਰਾਂ ਨੂੰ ਜਨਮ ਦਿੱਤਾ ਹੈ। ਇਹ ਵੀ ਸੱਚ ਹੈ ਕਿ ਕਰਮਕਾਂਡੀਆਂ ਨੇ ਅਸਲੀ ਧਰਮ (ਸੱਚ) ਨੂੰ ਬਦਨਾਮ ਕੀਤਾ ਹੈ ਪਰ ਜੇ ਜਾਗਰੂਕਾਂ ਵਾਂਗ ਕੇਵਲ ਗੁਣਾਂ ਨੂੰ ਹੀ ਰੱਬ ਮੰਨ ਲਿਆ ਜਾਵੇ ਤਾਂ ਤੁਸੀਂ ਅਜਿਹੇ ਰੱਬ ਦੇ ਪੂਜਾਰੀ ਬਣ ਸਕਦੇ ਹੋ?

ਤਰਕਸ਼ੀਲ: ਹਾਂ, ਅਸੀਂ ਅਜਿਹੇ ਰੱਬ ਦੇ ਪੂਜਾਰੀ ਬਣਨ ਨੂੰ ਤਿਆਰ ਹਾਂ।

(ਨੋਟ: ਅੱਗੇ ਵਾਰਤਾਲਾਪ ਸ਼੍ਰੀ ਸ਼੍ਰੀ 108 ਸੰਤ ਜੀ ਨਾਲ)

ਟੀ. ਵੀ. ਐਂਕਰ: ਸੰਤ ਜੀ! ਤੁਹਾਡੇ ’ਤੇ ਆਰੋਪ ਲਗਾਇਆ ਜਾਂਦਾ ਹੈ ਕਿ ਤੁਸੀਂ ਸਮਾਜ ਨੂੰ ਸੁਚੇਤ ਨਹੀਂ ਕਰ ਰਹੇ। ਭਾਵ ਕੁਦਰਤੀ ਮੌਸਮ ਦੇ ਪ੍ਰਭਾਵ ਕਾਰਨ ਅਗਰ ਕਿਸੇ ਦੀ ਮੱਝ ਇਕ ਦਿਨ ਦੁਧ ਨਹੀਂ ਦਿੰਦੀ ਤਾਂ ਤੁਸੀਂ ਉਸ ਨੂੰ ਯੋਗ ਸਲਾਹ ਦੇਣ ਦੀ ਬਜਾਏ ਪਾਣੀ ਦੇ ਛਿੱਟੇ ਮਾਰਨ ਲਈ ਪ੍ਰੇਰਦੇ ਹੋ। ਕੀ ਇਹ ਧਰਮ (ਸੱਚ) ਦਾ ਅਪਮਾਨ ਨਹੀਂ ?

ਸੰਤ ਜੀ: ਸ਼ਰਧਾ ’ਚ ਬਹੁਤ ਵੱਡੀ ਤਾਕਤ ਹੁੰਦੀ ਹੈ। ਸ਼ਰਧਾ ਨਾਲ ਇਕ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਨੇਕਾਂ ਦੁਖ ਕੱਟੇ ਜਾਂਦੇ ਹਨ।

ਟੀ. ਵੀ. ਐਂਕਰ: ਪਰ, ਸੁਖਮਨੀ ਸਾਹਿਬ ਦੇ ਅਰਥ ਕਰਨ ਵੱਲ ਵੀ ਪ੍ਰੇਰੋ। ਗੁਰਬਾਣੀ ਨੂੰ ਸਮਝਣ ਲਈ ਅਗਰ ਕੋਈ ਭਾਸ਼ਾਈ ਨਿਯਮ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਤੁਸੀਂ ਉਸ ਦਾ ਵਿਰੋਧ ਕਿਉਂ ਕਰਦੇ ਹੋ?

ਸੰਤ ਜੀ: ਭਾਸ਼ਾਈ ਨਿਯਮ (ਵਿਆਕਰਨ) ਪਹਿਲਾਂ ਬਣੀ ਕਿ ਬਾਣੀ ?

ਟੀ. ਵੀ. ਐਂਕਰ: ਇਹ ਤਾਂ ਸਵਾਲ ਬੜਾ ਟੇਡਾ ਲਗਦਾ ਹੈ ਕਿਉਂਕਿ ਕਿਸੇ ਗੁਰੂ, ਮਹਾਂਪੁਰਖ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਇਹ ਤਾਂ ਜ਼ਰੂਰੀ ਹੈ ਕਿ ਉਸ ਬੋਲੀ ਨੂੰ ਸਮਝਿਆ ਜਾਵੇ। ਇਹੀ ਹੈ ਵਿਆਕਰਨ (ਭਾਸ਼ਾਈ ਨਿਯਮ)। ਗੁਰਬਾਣੀ ’ਚ ਵੇਖੋ, ‘ਨਾਨਕ’ ਸ਼ਬਦ ਇਉਂ ਤਿੰਨ (ਨਾਨਕਿ, ਨਾਨਕ, ਨਾਨਕੁ) ਰੂਪਾਂ ’ਚ ਮਿਲਦਾ ਹੈ:‘‘ਸਤਿ ਸਤਿ ਸਤਿ ‘ਨਾਨਕਿ’ ਕਹਿਆ, ਅਪਨੈ ਹਿਰਦੈ ਦੇਖੁ ਸਮਾਲੇ॥ (ਮ: ੫, ੩੮੧), ਹੁਕਮਿ ਰਜਾਈ ਚਲਣਾ, ‘ਨਾਨਕ’! ਲਿਖਿਆ ਨਾਲਿ॥ (ਮ:੧, ੧) ਅਤੇ‘ਨਾਨਕੁ ਨੀਚੁ’ ਕਹੈ ਵੀਚਾਰੁ॥’’ (ਮ:੧, ੪)

ਸੰਤ ਜੀ: ਇਨ੍ਹਾਂ ਵਿਦਵਾਨਾਂ ਨੇ ਗੁਰਬਾਣੀ ’ਚ ਬਿੰਦੀਆਂ ਲਗਾ ਕੇ ਦੱਸ ਦਿੱਤਾ ਕਿ ਅਸੀਂ ਗੁਰੂ ਨਾਲੋਂ ਜਿਆਦਾ ਸਿਆਣੇ ਹਾਂ।

ਟੀ. ਵੀ. ਐਂਕਰ: ਪਰ, ਇਸ ਬਾਰੇ ਇਹ ਆਖਦੇ ਹਨ ਕਿ ਬਾਣੀ ’ਚੋਂ ਹੀ ਇਹ ਸੇਧ ਮਿਲਦੀ ਹੈ। ਜਿਵੇਂ ਕਿ ‘ਰਾਗੁ ਸਿਰੀਰਾਗੁ ਮਹਲਾ ‘ਪਹਿਲਾ’ ੧ ਘਰੁ ੧ ॥ ਪੰਨਾ ੧੪॥’ ਜਾਂ ‘ਗੂਜਰੀ ਮਹਲਾ ੩ ‘ਤੀਜਾ’ ॥ ਪੰਨਾ ੬੬੪॥’ ’ਚ ‘ਪਹਿਲਾ ਅਤੇ ਤੀਜਾ’ ਸ਼ਬਦ ਨਾਲ ‘੧ ਜਾਂ ੩’ ਅੱਖਰ ਵਧੀਕ ਲੱਗਣ ਉਪਰੰਤ ਵੀ ‘ਪਹਿਲਾ ਜਾਂ ਤੀਜਾ’ਸ਼ਬਦ ਇੱਕ ਵਾਰੀ ਹੀ ਪੜ੍ਹਿਆ ਜਾਂਦਾ ਹੈ ਅਤੇ ਹਰ ਥਾਂ ‘੧ ਜਾਂ ੩’ ਨੂੰ ‘ਪਹਿਲਾ ਜਾਂ ਤੀਜਾ’ ਪੜ੍ਹਨ ਦਾ ਸੰਕੇਤ ਵੀ ਮਿਲਦਾ ਹੈ। ਫਿਰ ਗੁਰਬਾਣੀ ’ਚ ਲੱਗੀ ਇੱਕ ਜਗ੍ਹਾ ਬਿੰਦੀ ਨੂੰ ਦੂਸਰੇ; ਉਨ੍ਹਾਂ ਸਮਾਨ ਅਰਥਾਂ ਵਾਲੇ ਸ਼ਬਦਾਂ ’ਚ ਕਿਉਂ ਨਹੀਂ ਪੜ੍ਹਿਆ ਜਾ ਸਕਦਾ ਜਿੱਥੇ ਬਿੰਦੀ ਨਹੀਂ ਲਿਖੀ ਗਈ? ਜਿਵੇਂ ਕਿ ‘‘ਕਿਸੁ ਨੇੜੈ; ਕਿਸੁ ਆਖਾਂ, ਦੂਰੇ॥’’ (ਮ: ੧, ੧੦੪੨) ਪੰਕਤੀ ’ਚ ‘ਆਖਾਂ’ ਸ਼ਬਦ ਤੋਂ ਸੇਧ ਲੈ ਕੇ ਅਗਲੇ ਸ਼ਬਦ ’ਚ ‘ਆਖਾ’ਨੂੰ ‘ਆਖਾਂ’ ਕਿਉਂ ਨਹੀਂ ਪੜ੍ਹ ਸਕਦੇ? ‘‘ਆਖਾ; ਜੀਵਾ, ਵਿਸਰੈ ਮਰਿ ਜਾਉ॥’’ (ਮ:੧, ੯) ਤੁਸੀਂ ਵੀ ਤਾਂ ‘ਰਾਹੁ’ ਨੂੰ ‘ਰਾਹੋ’, ‘ਵਿਆਹੁ’ ਨੂੰ ‘ਵਿਆਹੋ’ ,‘ਇਹੁ’ ਨੂੰ ‘ਇਹੋ’, ‘ਪਾਤਿਸਾਹੁ’ ਨੂੰ ‘ਪਾਤਿਸਾਹੋ’ ਆਦਿ ਪੜ੍ਹਾ ਰਹੇ ਹੋ?

ਸੰਤ ਜੀ: ਅਗਰ ਇਹ ਪੜ੍ਹਨੇ ਨਹੀਂ, ਫਿਰ ਇਹ ਔਕੁੜ ਕਿਉਂ ਲੱਗੇ ਹਨ ?

ਟੀ. ਵੀ. ਐਂਕਰ: ਇਹ ਆਖਦੇ ਹਨ ਕਿ ਇਹ ਇੱਕ ਵਚਨ ਪੁਲਿੰਗ ਸ਼ਬਦ ਹੋਣ ਦਾ ਪ੍ਰਤੀਕ ਹੈ ਅਤੇ ਸ਼ਬਦ ਦੇ ਅਰਥ ਕਰਨ ’ਚ ਮਦਦ ਕਰਦਾ ਹੈ ਨਾ ਕਿ ਉਚਾਰਨ ਦਾ ਭਾਗ। ਅਗਰ ਔਕੁੜ ਉਚਾਰਨ ਦਾ ਭਾਗ ਜ਼ਰੂਰੀ ਹੁੰਦਾ ਤਾਂ ਇਹ ਸ਼ਬਦ ਕਿਵੇਂ ਪੜ੍ਹੇ ਜਾਣਗੇ ‘ਅਨਦਿਨੁੋ, ਬਿਬੇਕੁੋ’ ਆਦਿ।

ਸੰਤ ਜੀ: ਜੋ ਮਹਾਂਪੁਰਖਾਂ ਨੇ ਸਾਨੂੰ ਦੱਸਿਆ ਸੀ, ਅਸੀਂ ਉਸ ’ਤੇ ਹੀ ਪਹਿਰਾ ਦੇ ਰਹੇ ਹਾਂ, ਦੇਂਦੇ ਰਹਾਂਗੇ।

(ਨੋਟ: ਅੱਗੇ ਵਾਰਤਾਲਾਪ ਪੁਜਾਰੀ ਨਾਲ)

ਟੀ. ਵੀ. ਐਂਕਰ: ਪੁਜਾਰੀ ਜੀ! ਤੁਹਾਡੇ ’ਤੇ ਆਰੋਪ ਹੈ ਕਿ ਤੁਸੀਂ ਗੁਰੂ ਜੀ ਦੇ ਵਜ਼ੀਰ ਹੋ ਭਾਵ ਰਾਜੇ (ਗੁਰੂ) ਦਾ ਸੁਨੇਹਾ ਜਨਤਾ (ਭਗਤਾਂ) ਤੱਕ ਤਰੁਟੀ ਰਹਿਤ ਪਹੁੰਚਾਉਣ ਵਾਲੀ ਕੜੀ ਹੋ। ਇਸ ਕੰਮ ਨੂੰ ਕਰਨ ਦੀ ਬਜਾਏ ਤੁਸੀਂ ਮਨਮਤਿ ਫੈਲਾ ਰਹੇ ਹੋ, ਸਪੀਕਰਾਂ ਦੀ ਆਵਾਜ਼ ਧੀਮੀ ਵੀ ਨਹੀਂ ਕਰਦੇ?

ਪੁਜਾਰੀ: ਸੰਗਤਾਂ ਵੱਲੋਂ ਮਿਲੇ ਦਾਨ ਨੂੰ ਪ੍ਰਬੰਧਕ ਪੂਰੇ ਸ਼ਹਿਰ ’ਚ ਸੁਣਾਉਣਾ ਚਾਹੁੰਦੇ ਹਨ ਤਾਂ ਜੋ ਵਧੀਕ ਦਾਨੀ ਹੋਰ ਅੱਗੇ ਆਉਣ। ਪ੍ਰਬੰਧਕ ਵੀ ਆਪਣੀ ਮਹਿਮਾ ਕਰਵਾਉਣ ’ਚ ਘੱਟ ਨਹੀਂ।

(ਨੋਟ: ਅੱਗੇ ਵਾਰਤਾਲਾਪ ਪ੍ਰਬੰਧਕਾਂ ਨਾਲ)

ਟੀ. ਵੀ. ਐਂਕਰ: ਪ੍ਰਬੰਧਕ ਜੀ! ਨਵਾਬ ਕਪੂਰ ਸਿੰਘ ਜੀ ਨੇ ਵੀ ਨਵਾਬੀ ਲੈਣ ਤੋਂ ਮਨ੍ਹਾ ਇਸ ਲਈ ਕਰ ਦਿੱਤਾ ਸੀ ਤਾਂ ਜੋ ਘੋੜਿਆਂ ਦੀ ਲਿੱਦ ਚੁੱਕਣ ਵਾਲੀ ਸੇਵਾ ਹੱਥੋਂ ਨਾ ਚਲੀ ਜਾਵੇ ਪਰ ਤੁਸੀਂ ਤਾਂ ਆਪਣਾ ਹੱਕ ਗੁਰਦੁਆਰਿਆਂ ’ਤੇ ਇਉਂ ਜਤਾ ਰਹੇ ਹੋ ਜਿਵੇਂ ਕਿ ਗੁਰੂ ਜੀ ਨੇ ਤੁਹਾਡੇ ਹੀ ਪਰਿਵਾਰ ਨੂੰ ਇਹ ਸੇਵਾ ਸੌਂਪੀ ਹੋਵੇ?

ਪ੍ਰਬੰਧਕ: ਸੰਗਤਾਂ ਸਾਡੀ ਸੇਵਾ ਤੋਂ ਖੁਸ਼ ਹਨ।

ਟੀ. ਵੀ. ਐਂਕਰ: ਸੰਗਤਾਂ ਦੀ ਚੁਪ ਦਾ ਕਾਰਨ; ਖੁਸ਼ ਨਹੀਂ ਹੁੰਦਾ। ਫਿਰ ਕੇਸ ਅਦਾਲਤਾਂ ਤੱਕ ਕਿਉਂ ਜਾ ਰਹੇ ਹਨ ਅਤੇ ਪੱਗਾਂ ਕਿਉਂ ਲੱਥਦੀਆਂ ਹਨ?

ਪ੍ਰਬੰਧਕ: ਵਿਰੋਧੀ ਧਿਰ ਗੋਲਕ ਦਾ ਪੈਸਾ ਖਾਣਾ ਚਾਹੁੰਦੀ ਹੈ।

ਟੀ. ਵੀ. ਐਂਕਰ: ਤੁਹਾਡੇ ’ਤੇ ਵੀ ਸ਼ਰਾਬ ਪੀਣ / ਪੀਲਾਉਣ ਦੇ ਕਈ ਆਰੋਪ ਲੱਗੇ ਹੋਏ ਹਨ ਅਤੇ ਡੁਹਾਡੇ ਆਪਣੇ ਬੱਚੇ ਵੀ ਪਤਿਤ ਹਨ ਤੇ ਨਸ਼ਾ ਕਰਦੇ ਹਨ?

ਪ੍ਰਬੰਧਕ: ਇਹ ਆਰੋਪ ਸਭ ਝੂਠੇ ਹਨ।

ਟੀ. ਵੀ. ਐਂਕਰ: ਤੁਹਾਡੇ ’ਤੇ ਇਹ ਵੀ ਆਰੋਪ ਹੈ ਕਿ ਚੰਗੇ ਗੁਰਮਤਿ ਦੇ ਵਿਆਖਿਆਕਾਰਾਂ ਦੀ ਬਜਾਏ ਤੁਸੀਂ ਨਿਰੋਲ ਕੀਰਤਨ ਕਰਨ ਜਾਂ ਨਾਮਵਰ ਰਾਗੀ ਸੰਤਾਂ ਨੂੰ ਬੁਲਾਉਣ ਲਈ ਹੀ ਤਰਜੀਹ ਦੇ ਰਹੇ ਹੋ ਤਾਂ ਜੋ ਨਿਰਵਿਵਾਦ ਵੱਧ ਗੋਲਕ ਨਿਕਲੇ?

ਪ੍ਰਬੰਧਕ: ਜੋ, ਸਾਡੀਆਂ ਤਰੁਟੀਆਂ ਨੂੰ ਉਜਾਗਰ ਕਰਕੇ ਵਿਰੋਧੀ ਧਿਰ ਨੂੰ ਲਾਭ ਪਹੁੰਚਾਏਗਾ, ਉਨ੍ਹਾਂ ਪ੍ਰਚਾਰਕਾਂ ਨੂੰ ਕਿਹੜਾ ਪ੍ਰਬੰਧਕ ਬੁਲਾਵਾ ਭੇਜੇਗਾ?

ਟੀ. ਵੀ. ਐਂਕਰ: ਪਰ, ਅਸਲੀਅਤ ਨੂੰ ਬਿਆਨ ਕਰਨਾ ਹੀ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ?

ਪ੍ਰਬੰਧਕ: ਸੰਗਤਾਂ ਨੂੰ ਵੀ ਇਹ ਪਸੰਦ ਨਹੀਂ ਹੈ।

(ਨੋਟ: ਅੱਗੇ ਵਾਰਤਾਲਾਪ ਸੰਪਾਦਕ ਸਾਹਿਬ ਨਾਲ)

ਟੀ. ਵੀ. ਐਂਕਰ: ਸੰਪਾਦਕ ਜੀ! ਤੁਹਾਡੇ ’ਤੇ ਆਰੋਪ ਹੈ ਕਿ ਤੁਸੀਂ ਮੀਡੀਆ ਅਤੇ ਚੈਰੀਟੇਬਲ ਟ੍ਰਸਟ ਰਾਹੀਂ ਸਰਕਾਰ ਤੋਂ ਡਬਲ ਫਾਇਦਾ ਲੈਣ ਲਈ ਹੀ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ, ਨਾ ਕਿ ਸਿੱਖ ਸਮਾਜ ਦੇ ਭਲੇ ਲਈ? ਕੀ ਇਹ ਸਭ ਕੁਝ ਕਿਸੇ ਰਾਜਨੀਤਿਕ ਲੀਡਰ ਦੀ ਮਦਦ ਨਾਲ ਹੋ ਰਿਹਾ ਹੈ?

ਸੰਪਾਦਕ: ਅਸੀਂ ‘‘ਸਚੁ ਸੁਣਾਇਸੀ ਸਚ ਕੀ ਬੇਲਾ॥’’ (ਮ: ੧, ੭੨੩) ’ਤੇ ਪਹਿਰਾ ਦਿੰਦਿਆਂ ਸਭ ਪਾਰਟੀਆਂ ਵਿਰੁਧ ਬਰਾਬਰ ਲੇਖ ਲਿਖਦੇ ਆਏ ਹਾਂ।

ਟੀ. ਵੀ. ਐਂਕਰ: ਪਰ, ਸੰਨ 2004-5 ’ਚ ਤੁਸੀਂ ਚਿੱਠੀਆਂ ਭੇਜ ਕੇ ਚੰਡੀਗੜ੍ਹ, ਦਿੱਲੀ, ਕਲਕੱਤਾ ਆਦਿ ਸਥਾਨਾਂ ’ਤੇ ਦਫਤਰ ਖੋਲਣ ਲਈ ਪਾਠਕਾਂ ਪਾਸੋ 4 ਕ੍ਰੋੜ ਦੀ ਮੰਗ ਕੀਤੀ ਸੀ, ਜਿਨ੍ਹਾਂ ਪਾਠਕਾਂ ’ਚ ਇਕ ਮੈਂ ਵੀ ਹਾਂ। ਤੁਹਾਨੂੰ 16 ਕ੍ਰੋੜ ਫੋਨ ਰਾਹੀਂ ਮਸ਼ੀਨਾਂ ਖਰੀਦ ਕੇ ਦੇਣ ਲਈ ਕਿਸੇ ਨੇ ਪੇਸਕਸ਼ ਕੀਤੀ ਸੀ? ਕੀ ਉਹ ਪੰਜਾਬ ਦਾ ਕੋਈ ਕਾਂਗਰਸ ਲੀਡਰ ਹੈ?

ਸੰਪਾਦਕ: ਇਹ ਸੱਚ ਹੈ ਕਿ ਅਸੀਂ ਪੈਸਿਆਂ ਲਈ ਪੇਸਕਸ਼ ਪਾਠਕਾਂ ਅੱਗੇ ਕੀਤੀ ਸੀ/ਕਰ ਰਹੇ ਹਾਂ ਅਤੇ ਸਾਨੂੰ ਕਿਸੇ ਗੁਪਤ ਬੰਦੇ ਨੇ ਮਸ਼ੀਨਾਂ ਵੀ ਲੈ ਕੇ ਦਿੱਤੀਆਂ ਹਨ ਪਰ ਉਸ ਬੰਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਕਿ ਉਹ ਕੋਣ ਹੈ।

ਟੀ. ਵੀ. ਐਂਕਰ: ਇਹ ‘ਉੱਚਾ ਦਰ’ ਟ੍ਰਸਟ ਦਾ ਕਾਨੂੰਨੀ ਹੱਕਦਾਰ ਕੌਣ ਹੈ?

ਸੰਪਾਦਕ: ਸਾਰੇ ਫੈਸਲੇ ਲੈਣ ਦਾ ਅਧਿਕਾਰ ਟ੍ਰਸਟੀਆਂ ਕੋਲ ਹੈ।

ਟੀ. ਵੀ. ਐਂਕਰ: ਫੈਸਲੇ ਲੈਣ ਦਾ ਅਧਿਕਾਰ ਅਸਥਾਈ ਹੁੰਦਾ ਹੈ ਜਿਵੇਂ ਕਿ ਇਕ ਟ੍ਰਸਟੀ, ਜਿਸ ਦਾ ਪਿੱਛੇ ਜਿਹੇ ਆਕਾਲ ਚਲਾਣਾ ਹੋ ਗਿਆ, ਨੇ 50 ਲੱਖ ਆਪਣੀ ਜਮੀਨ ਵੇਚ ਕੇ ਦਿੱਤਾ ਸੀ। ਹੁਣ ਉਸ ਦੀ ਜਗ੍ਹਾ ਟ੍ਰਸਟੀ ਕੌਣ ਹੈ?

ਸੰਪਾਦਕ: ਉਸ ਦੇ ਨਾਮ ’ਤੇ ਕੋਈ ਨੀਂਹ ਪੱਥਰ ਜਾਂ ਯਾਦਗਰ ਬਣਾਈ ਜਾਵੇਗੀ।

ਟੀ. ਵੀ. ਐਂਕਰ: ਜਿਸ ਬਾਬੇ (ਗੁਰੂ) ਦੇ ਨਾਮ ’ਤੇ ਇਹ ਸਭ ਕੁਝ ਹੋ ਰਿਹਾ ਹੈ ਕੀ ਤੁਸੀਂ ਉਸ ਨੂੰ ਗੁਰੂ ਮੰਨਦੇ ਹੋ?

ਸੰਪਾਦਕ: ਬਾਬੇ ਨੇ ਕਦੇ ਬਾਣੀ ’ਚ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਹਰ ਥਾਂ ‘ਧੁਰ ਕੀ ਬਾਣੀ’ ਨੂੰ ਹੀ ਗੁਰੂ ਕਿਹਾ ਹੈ ਜਿਵੇਂ ਕਿ ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ (ਮ: ੧, ੯੪੩), ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ॥’’ (ਮ:੩, ੫੧੫) ਜਾਂ ‘‘ਬਾਣੀ ਗੁਰੂ; ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ; ਸਾਰੇ॥’’

ਟੀ. ਵੀ. ਐਂਕਰ: ਇਸ ਸ਼ਬਦ ਦੇ ਅੱਗੇ ਇਉਂ ਵੀ ਲਿਖਿਆ ਹੈ ‘‘ਗੁਰੁ; ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ॥’’ (ਮ:੪/੯੮੨) ਭਾਵ ਗੁਰੂ ਹੀ ਜਿਸ ਬਾਣੀ ਨੂੰ ਆਖ ਰਿਹਾ ਹੈ ਉਹੀ ਬਾਣੀ ਅਗਾਂਹ ਜਾ ਕੇ ਤੁਹਾਡਾ ਗੁਰੂ ਬਣੇਗੀ।

ਸੰਪਾਦਕ: ਜਪੁ ਜੀ ਸਾਹਿਬ ’ਚ ਬਾਬਾ ਜੀ ਇਉਂ ਕਹਿ ਰਹੇ ਹਨ ਕਿ ‘‘ਗੁਰਾ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥’’ (ਮ:੧/੨) ਦੱਸੋ, ਬਾਬੇ ਦਾ ਗੁਰੂ ਇੱਥੇ ਕਿਹੜਾ ਹੈ?

ਟੀ. ਵੀ. ਐਂਕਰ: ਸੰਪਾਦਕ ਜੀ! ਗੁਰਬਾਣੀ; ਗੁਰੂ ਜੀ ਨੇ ਸਾਡੇ ਲਈ ਲਿਖੀ ਹੈ ਜਾਂ ਆਪਣੇ ਲਈ? ਮੂਲ ਮੰਤ੍ਰ ਦੀ ਸਮਾਪਤੀ ‘ਗੁਰ ਪ੍ਰਸਾਦਿ’ ਸ਼ਬਦ ਨਾਲ ਹੁੰਦੀ ਹੈ ਜਿਸ ਦੇ ਅਰਥ ਵਿਆਕਣ ਅਨੁਸਾਰ (1). ਗੁਰੂ ਦੀ ਕ੍ਰਿਪਾ ਨਾਲ (ਰਾਹੀਂ ਜਾਂ ਦੁਆਰਾ) ‘ੴ’ ਮਿਲਦਾ ਹੈ। (2). ਗੁਰੂ ਦੀ ਕ੍ਰਿਪਾ ਵਿੱਚ ‘ੴ’ ਵੱਸਦਾ ਹੈ। (3). ਗੁਰੂ ਦੀ ਕ੍ਰਿਪਾ ਨੇ ‘ੴ’ ਨੂੰ ਮਿਲਾਉਣਾ ਹੈ ਜਾਂ (4) ਗੁਰੂ ਦੀ ਕ੍ਰਿਪਾ ਤੋਂ ‘ੴ’ ਦੀ ਪ੍ਰਾਪਤੀ ਹੁੰਦੀ ਹੈ। ਕੀ ਇੱਥੇ ਇਕ ਸ਼ਕਤੀ ‘ੴ’ਰੂਪ ’ਚ ਅਤੇ ਦੂਸਰੀ ਸ਼ਕਤੀ ‘ਗੁਰੂ’ ਰੂਪ ’ਚ ਪ੍ਰਗਟ ਨਹੀਂ ਹੋ ਰਹੀ?

ਸੰਪਾਦਕ: ਮੈ ਕਿਸੇ ਵਿਆਕਰਨ ਨਿਯਮ ਨੂੰ ਨਹੀਂ ਮੰਨਦਾ।

ਟੀ. ਵੀ. ਐਂਕਰ: ਜਦ ਤੁਸੀਂ ਪਹਿਲੇ ਪਾਤਿਸ਼ਾਹ ਨੂੰ ਗੁਰੂ ਨਹੀਂ ਮੰਨਦੇ ਤਾਂ ਦੂਸਰੇ, ਤੀਸਰੇ, ਨੌਵੇਂ, ਦਸਵੇਂ ਗੁਰੂ ਬਾਰੇ ਤੁਹਾਡੇ ਕੀ ਵੀਚਾਰ ਹਨ?

ਸੰਪਾਦਕ: ਦੂਸਰੇ ਪਾਤਿਸ਼ਾਹ ਨੂੰ ਗੁਰੂ ਦੀ ਪਦਵੀ ਬਾਬੇ ਨਾਨਕ ਦੇ ਚਲਾਣੇ ਤੋਂ ਉਪਰੰਤ ਬਾਬਾ ਬੁੱਢਾ, ਭਾਈ ਗੁਰਦਾਸ ਆਦਿ ਸਿੱਖਾਂ ਨੇ ਦਿੱਤੀ ਸੀ ਜੋ ਕਿ ਬਾਬੇ ਨਾਨਕ ਦੇ ਸਿਧਾਂਤ ਦੇ ਵਿਪ੍ਰੀਤ ਸੀ।

ਟੀ. ਵੀ. ਐਂਕਰ: ਪਰ ਗੁਰਬਾਣੀ ਤਾਂ ਆਖਦੀ ਹੈ ‘‘ਸਹਿ ਟਿਕਾ ਦਿਤੋਸੁ ਜੀਵਦੈ ॥ (ਬਲਵੰਡ ਸਤਾ, ੯੬੬) ਭਾਵ ਗੁਰੂ ਨਾਨਕ ਦੇਵ ਜੀ ਨੇ ਜੀਂਵਦਿਆਂ ਹੀ ਬਾਬਾ ਲਹਿਣਾ ਜੀ ਨੂੰ ਗੁਰੂ ਦੀ ਪਦਵੀ ਬਖ਼ਸ਼ਸ਼ ਕੀਤੀ ਸੀ।

ਸੰਪਾਦਕ: ਗੁਰਬਾਣੀ ਦੇ ਅਰਥ ਵਿਦਿਵਾਨਾਂ ਨੇ ਆਪਣੀ ਸੋਚ ਅਨੁਸਾਰ ਕਰ ਲਏ ਹਨ।

(ਨੋਟ: ਅੱਗੇ ਵਾਰਤਾਲਾਪ ਲੇਖਕ ਨਾਲ)

ਟੀ. ਵੀ. ਐਂਕਰ: ਲੇਖਕ ਜੀ! ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਗੁਣਾਂ ਕਾਰਨ; ਮਨੁੱਖ ਜਾਂ ਰੱਬ ਵਿੱਚੋਂ ਕਿਸ ਦੇ ਨਜ਼ਦੀਕ ਵੇਖਦੇ ਹੋ?

ਲੇਖਕ: ਰੱਬ ਦੇ, ਕਿਉਂਕਿ ਗੁਰਬਾਣੀ ਫ਼ੁਰਮਾਨ ਹੈ ‘‘ਗੁਰੁ ਪਰਮੇਸਰੁ ਏਕੋ ਜਾਣੁ॥(ਮ:੫/੮੬੪), ਪਾਰਬ੍ਰਹਮ ਗੁਰ ਨਾਹੀ ਭੇਦ॥ (ਮ:੫,੧੧੪੨), ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ॥ (ਮ:੧, ੬੧)

ਟੀ. ਵੀ. ਐਂਕਰ: ਮੈਡੀਕਲ ਸਾਇੰਸ ਅਨੁਸਾਰ ਕੋਈ ਵੀ ਮਨੁੱਖ ਆਪਣੀ ਬੁਧੀ ਦਾ 8% ਭਾਗ ਵੀ ਇਸਤੇਮਾਲ ਨਹੀਂ ਕਰ ਸਕਿਆ ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬੁਧੀ ਦਾ 100% ਭਾਵ ਇਸਤੇਮਾਲ ਕੀਤਾ ਹੈ? ਕੀ ਇਹ ਠੀਕ ਹੈ ?

ਲੇਖਕ: ਹਾਂ।

ਟੀ. ਵੀ. ਐਂਕਰ: ਫਿਰ ਤੁਸੀਂ ਵੱਧ ਤੋਂ ਵੱਧ 8% ਬੁਧੀ ਨੂੰ ਇਸਤੇਮਾਲ ਕਰਨ ਵਾਲੇ ਕਿਸ ਆਧਾਰ ’ਤੇ ਕਹਿ ਦਿੰਦੇ ਹੋ ਕਿ ਮੰਦਰ ਨਹੀਂ ਘੁੰਮ ਸਕਦਾ, ਪਾਣੀ ਨਾਲ ਕਬੀਰ ਜੀ ਦੀ ਜੰਜੀਰ ਨਹੀਂ ਟੁੱਟ ਸਕਦੀ, ਮਰੀ ਹੋਈ ਗਾਂ ਜਿਉਂਦੀ ਨਹੀਂ ਹੋ ਸਕਦੀ, ਉਪਰੋਂ ਆਉਂਦਾ ਪੱਥਰ ਹੱਥ ਨਾਲ ਨਹੀਂ ਰੁਕ ਸਕਦਾ, ਸਵਾ ਲੱਖ ਨਾਲ ਇਕੱਲਾ ਨਹੀਂ ਲੜ ਸਕਦਾ ਆਦਿ।

ਲੇਖਕ: ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਰਾਜਾ ਔਰੰਗਜੇਬ ਨੇ ਆਪਣੀ ਜਾਨ ਬਚਾਉਣ ਲਈ ਤਿੰਨ ਸ਼ਰਤਾਂ ਰੱਖੀਆਂ ਸਨ (1). ਮੁਸਲਮਾਨ ਬਣ ਜਾਉ। (2). ਕਰਾਮਾਤ ਵਿਖਾਉ। ਅਤੇ (3). ਮੌਤ ਪ੍ਰਵਾਨ ਕਰੋ। ਗੁਰੂ ਜੀ ਨੇ ਜਵਾਬ ’ਚ ਕਿਹਾ ਸੀ ਕਰਾਮਾਤ ਵਿਖਾਉਣੀ ਕਾਇਰਤਾ ਦਾ ਨਾਮ ਹੈ ਭਾਵ ਰੱਬੀ ਵਿਧਾਨ ਤੋਂ ਵਿਪ੍ਰੀਤ ਹੈ। ਮੁਸਲਮਾਨ ਤਾਂ ਬਣਾ ਜੇ ਮੌਤ ਨਾ ਆਵੇ ਇਸ ਲਈ ਮੌਤ ਪ੍ਰਵਾਨ ਹੈ।

ਟੀ. ਵੀ. ਐਂਕਰ: ਤੁਹਾਡੇ ਅਨੁਸਾਰ ਕਰਾਮਾਤ ਕੇਵਲ ਰੱਬੀ ਨਿਯਮ ਦੀ ਉਲੰਘਣਾ ਦਾ ਨਾਮ ਹੈ ਪਰ ਗੁਰਬਾਣੀ ਕਹਿ ਰਹੀ ਹੈ ਕਿ ‘‘ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ॥ ਨਾਨਕ! ਸਾ ਕਰਮਾਤਿ, ਸਾਹਿਬ ਤੁਠੈ ਜੋ ਮਿਲੈ॥ (ਮ:੨/੪੭੫) ਭਾਵ ਕੋਈ ਵੀ ਵਿਅਕਤੀ ਆਪਣੇ ਆਪ ਕੋਈ ਸ਼ਕਤੀ ਪ੍ਰਾਪਤ ਨਹੀਂ ਕਰ ਸਕਦਾ ਪਰ ਰੱਬੀ ਮਾਲਕ ਦੀ ਪ੍ਰਸੰਨਤਾ ਨਾਲ ਜੋ ਕੁਦਰਤ ’ਚ ਅਸਚਰਜ ਨਜ਼ਾਰਾ ਪੈਦਾ ਹੁੰਦਾ ਹੈ ਉਸ ਨੂੰ ਦੁਨਿਆਵੀ ਲੋਕ ਕਰਾਮਾਤ ਆਖਦੇ ਹਨ। ਇਸ ਤਰ੍ਹਾਂ ਦੀ ਰੱਬੀ ਬਖ਼ਸ਼ਸ਼ ’ਚ ਪ੍ਰਮਾਤਮਾ ਦੇ ਨਿਯਮ ਦੀ ਉਲੰਘਣਾ ਕਿੱਥੋਂ ਆ ਗਈ? ਤੁਸੀਂ ਕਿਸੇ ਨਾ ਕਿਸੇ ਰੂਪ ’ਚ ਦੁਨਿਆਵੀ ਪ੍ਰਭਾਵ ਅਧੀਨ ਹੀ ਵਿਦਵਤਾ ਵਿਖਾ ਰਹੇ ਹੋ, ਕੰਮ ਕਰ ਰਹੇ ਹੋ। ਜਿਸ ਬਾਰੇ ਗੁਰਬਾਣੀ ਫ਼ੁਰਮਾਨ ਹੈ ‘‘ਫਰੀਦਾ! ਦੁਨੀ ਵਜਾਈ ਵਜਦੀ, ਤੂੰ ਭੀ ਵਜਹਿ ਨਾਲਿ॥’’ (ਮ: ੫, ੧੩੮੩) ਬੇਸ਼ੱਕ ਉਹ ਕਾਂਗਰਸ ਦੇ ਪ੍ਰਭਾਵ ਵਾਲੀ ਵਿਚਾਰਧਾਰਾ ਹੋਵੇ ਜਾਂ ਆਰ. ਐਸ.ਐਸ ਦੇ ਪ੍ਰਭਾਵ ਵਾਲੀ।

ਲੇਖਕ: ਕੁਝ ਲੇਖਕ ਦੀਆਂ ਆਰਥਿਕ ਮਜਬੂਰੀਆਂ ਵੀ ਹੁੰਦੀਆਂ ਹਨ।

(ਨੋਟ: ਅੱਗੇ ਵਾਰਤਾਲਾਪ ਜਾਗਰੂਕ ਨਾਲ)

ਟੀ. ਵੀ. ਐਂਕਰ: ਜਾਗਰੂਕ ਜੀ! ਪ੍ਰਮਾਤਮਾ; ਸਰਵ ਵਿਆਪਕ ਕਿਸ ਰੂਪ ’ਚ ਹੈ ਭਾਵ ਜੋਤ ਰੂਪ ’ਚ ਹੈ, ਗੁਣਾਂ ਰੂਪ ’ਚ ਹੈ ਜਾਂ ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ ਅਤੇ ਆਕਾਸ) ਰੂਪ ’ਚ ਹੈ।

ਜਾਗਰੂਕ: ਜੋਤ ਰੂਪ ’ਚ ਰੱਬ ਹੁੰਦਾ ਤਾਂ ਦੁਰਾਚਾਰੀ ’ਚ ਬੈਠ ਕੇ ਰੱਬ; ਕੁਕਰਮ ਕਿਉਂ ਕਰਵਾਉਂਦਾ? ਗੁਣਾਂ ਭਰਪੂਰ ਹਿਰਦੇ ’ਚ ਹੀ ਰੱਬ ਦਾ ਵਾਸਾ ਹੋ ਸਕਦਾ ਹੈ। ਗੁਣ ਵੀ ਕਿਸੇ ਪੰਜ ਤੱਤ ਰੂਪ ਸਰੀਰ ’ਚ ਹੀ ਧਾਰਨ ਕੀਤੇ ਜਾ ਸਕਦੇ ਹਨ।

ਟੀ. ਵੀ. ਐਂਕਰ: ਤੁਹਾਡੇ ਅਨੁਸਾਰ ਰੱਬ; ਜੋਤ ਰੂਪ ’ਚ ਸਰਬ ਵਿਆਪਕ ਨਹੀਂ ਪਰ ਗੁਰਬਾਣੀ ਫ਼ੁਰਮਾਨ ਹੈ ‘‘ਸਭ ਮਹਿ ਜੋਤਿ, ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ॥ (ਮ:੧ / ੧੩) ਫਿਰ ਤਾਂ ਤੁਹਾਡੇ ਅਨੁਸਾਰ ਨਿਰਗੁਣ ਜੀਵ ’ਚ ਰੱਬ ਦਾ ਵਾਸਾ ਵੀ ਨਹੀਂ?

ਜਾਗਰੂਕ: ਨਹੀਂ, ਵਿਗਿਆਨ ਵੀ ਕਿਸੇ ਐਸੀ ਸ਼ਕਤੀ ਨੂੰ ਨਹੀਂ ਮੰਨਦੀ।

ਟੀ. ਵੀ. ਐਂਕਰ: ਵਿਗਿਆਨ ਤਾਂ ਰੱਬ ਦੀ ਹੋਂਦ ਨੂੰ ਵੀ ਨਹੀਂ ਮੰਨਦਾ। ਤੁਸੀਂ ਤਰਕਸ਼ੀਲਾਂ ਵਾਂਗ ਕਿਉਂ ਨਹੀਂ ਕਹਿ ਦਿੰਦੇ ਕਿ ਰੱਬ; ਕੇਵਲ ਗੁਣ ਹੀ ਹਨ, ਨਾ ਕਿ ਕੋਈ ਸ਼ਕਤੀ? ਜਦ ਗੁਣ ਹੀ ਰੱਬ ਹਨ ਤਾਂ ਉਨ੍ਹਾਂ ’ਤੇ ਚੱਲਣਾ ਜਾਂ ਨਾ ਚੱਲਣਾ ਮਨੁੱਖ ਦੇ ਹੱਥ ’ਚ ਹੈ ਭਾਵ ਜਿਵੇਂ ਕਿਸੇ ਦੇਸ਼ ਨੇ ਕਾਨੂੰਨ ਬਣਾ ਦਿੱਤਾ, ਹੁਣ ਉਸ ਦੀ ਪਾਲਣਾ ਕਰਨੀ ਜਾਂ ਨਾ ਕਰਨੀ ਜਨਤਾ ਦੇ ਹੱਥ ਵਿੱਚ ਹੈ। ਕੀ ਗੁਣ ਰੂਪ ਰੱਬ ਜਾਂ ਗੁਰੂ; ਬਖ਼ਸ਼ਸ਼ ਕਰਕੇ ਕਿਸੇ ਨੂੰ ਚੰਗੇ ਪਾਸੇ ਚਲਣ ਲਾਇਕ ਬਣਾਉਂਦਾ ਹੈ?

ਜਾਗਰੂਕ: ਬਿਲਕੁਲ ਨਹੀਂ।

ਟੀ. ਵੀ. ਐਂਕਰ: ਜਦ ਰੱਬ ਜਾਂ ਗੁਰੂ ਕੋਈ ਬਖ਼ਸ਼ਸ਼ ਹੀ ਨਹੀਂ ਕਰਦੇ ਤਾਂ ਫਿਰ ਇਨ੍ਹਾਂ ਅੱਗੇ ਅਰਦਾਸ ਕਰਨ ਦਾ ਕੀ ਫਾਇਦਾ ਹੈ?

ਜਾਗਰੂਕ: ਅਸੀਂ ਤਾਂ ਅਰਦਾਸ ਕਰਨ ਦਾ ਪਹਿਲਾਂ ਤੋਂ ਹੀ ਵਿਰੋਧ ਕਰਦੇ ਹਾਂ।

ਟੀ. ਵੀ. ਐਂਕਰ: ਅਰਦਾਸ ਦਾ ਸਿੱਧਾ ਵਿਰੋਧ; ਉਕਤ ਭਾਵਨਾ ਰਾਹੀਂ ਕਿਉਂ ਨਹੀਂ ਕਰਦੇ? ਤੁਸੀਂ ਤਾਂ ਇਹ ਕਹਿੰਦੇ ਹੋ ਕਿ ਇਸ ਅਰਦਾਸ ਦੀ ਔਹ ਪਉੜੀ ਉੱਥੇ ਲਿਖੀ ਹੈ ਆਹ ਪਉੜੀ ਇੱਥੇ ਲਿਖੀ ਹੈ?

ਜਾਗਰੂਕ: ਸਿੱਖ ਇਤਿਹਾਸ ਬਹੁਤਾ ਅਨਮਤਾਂ ਦੇ ਵਿਦਵਾਨਾਂ ਰਾਹੀਂ ਲਿਖਿਆ ਗਿਆ ਹੈ।

ਟੀ. ਵੀ. ਐਂਕਰ: ਇਸ ਦਾ ਫੈਸਲਾ ਕੌਣ ਕਰੇਗਾ ਕਿ ਕਿੰਨ੍ਹਾਂ ਇਤਿਹਾਸ ਸਹੀ ਤੇ ਕਿੰਨ੍ਹਾਂ ਗ਼ਲਤ ਹੈ? ਕੌਮ ਵੱਲੋਂ ਬਣਾਈ ਮਰਯਾਦਾ ਤੁਸੀਂ ਮੰਨਦੇ ਨਹੀਂ? ਤੁਹਾਡੇ ਅਨੁਸਾਰ ਮਰਯਾਦਾ ’ਚ ਕੀ ਕੀ ਬਦਲਾਵ ਹੋਣਾ ਚਾਹੀਦਾ ਹੈ?

ਜਾਗਰੂਕ: ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀਆਂ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕੀਤਾ ਜਾਵੇ। ਅਰਦਾਸ; ਹਿੰਦੂ ਆਰਤੀ ਹੈ ਇਸ ਨੂੰ ਬੰਦ ਕੀਤਾ ਜਾਵੇ, ਸੰਪੂਰਨ ਗੁਰਬਾਣੀ ਹੀ ਨਿਤਨੇਮ ਹੈ, ਨਾ ਕਿ ਪੰਜ ਜਾਂ ਸੱਤ ਬਾਣੀਆਂ।

ਟੀ. ਵੀ. ਐਂਕਰ: ਗੁਰੂ ਨਾਨਕ ਦੇਵ ਜੀ ਨੇ ਇਕ ਸ਼ਬਦ ‘ਸੋ ਦਰੁ ਤੇਰਾ ਕੇਹਾ…॥’ ਤਿੰਨ ਵਾਰ ਗੁਰਬਾਣੀ ’ਚ ਦਰਜ ਕੀਤਾ ਹੈ। ਕੀ ਇਸ ਤੋਂ ਸਪਸ਼ਟ ਨਹੀਂ ਹੁੰਦਾ ਕਿ ਕੁਝ ਖਾਸ ਬਾਣੀਆਂ ਦਾ ਨਿਤਨੇਮ; ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪ੍ਰਚੱਲਤ ਹੈ? ਕਿਸੇ ਫ਼ਿਲਾਸਫ਼ੀ (ਸਿਧਾਂਤ) ’ਤੇ ਪਹਿਰਾ ਦੇਣ ਵਾਲੇ ਮਰਜੀਵੜਿਆਂ ਦੇ ਜੀਵਨ ਤੋਂ ਪ੍ਰਭਾਵਤ ਹੋਣ ਲਈ ਅਰਦਾਸ ਕਰਨਾ; ਕੀ ਗ਼ਲਤ ਹੈ? ਜਿਸ ਬਾਰੇ ਗੁਰਬਾਣੀ ਇਉਂ ਫ਼ੁਰਮਾ ਰਹੀ ਹੈ ‘‘ਜੋ ਦੀਸੈ ਗੁਰਸਿਖੜਾ, ਤਿਸੁ ਨਿਵਿ ਨਿਵਿ ਲਾਗਉ, ਪਾਇ ਜੀਉ॥ (ਮ:੧ / ੭੬੩) ਅਤੇ ਕਬੀਰ! ਸੁਪਨੈ ਹੂ ਬਰੜਾਇ ਕੈ, ਜਿਹ ਮੁਖਿ ਨਿਕਸੈ ਰਾਮੁ॥ ਤਾ ਕੇ ਪਗ ਕੀ ਪਾਨਹੀ, ਮੇਰੇ ਤਨ ਕੋ ਚਾਮੁ॥’’ (ਭ. ਕਬੀਰ/ ੧੩੬੭)ਭਾਵ ਸੁਪਨੇ ’ਚ ਵੀ ਜੇ ਕੋਈ ਰੱਬ ਨੂੰ ਯਾਦ ਕਰਦਾ ਹੈ ਉਸ ਦੀ ਜੁੱਤੀ ਲਈ ਮੈਂ ਆਪਣਾ ਸਰੀਰ ਦੇਣ ਨੂੰ ਤਿਆਰ ਹਾਂ। ਭੱਟਾਂ ਦੀ ਬਾਣੀ, ਸੱਤਾ-ਬਲਵੰਡ ਦੀ ਬਾਣੀ ਸਮੇਤ ਪੰਜਵੇਂ ਪਾਤਿਸ਼ਾਹ ਜੀ ਇਉਂ ਫ਼ੁਰਮਾ ਰਹੇ ਹਨ ‘‘ਸਭ ਤੇ ਵਡਾ ਸਤਿਗੁਰੁ ਨਾਨਕੁ, ਜਿਨਿ ਕਲ ਰਾਖੀ ਮੇਰੀ॥’’ (ਮ:੫ / ੭੫੦)

ਤੁਸੀਂ ਆਖਦੇ ਹੋ ਕਿ ਗੁਰਬਾਣੀ ਦੇ ਬਾਹਰੋਂ ਨਿਤਨੇਮ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਭਗਤ ਬਾਣੀ ਬਾਹਰੋਂ ਇਕੱਤਰ ਕੀਤੀ ਗਈ, ਪੰਜਵੇਂ ਪਾਤਿਸ਼ਾਹ ਜੀ ਦੇ ਸਮੇਂ ਭੱਟ ਬਾਣੀ ਬਾਹਰੋਂ ਇਕੱਤਰ ਕੀਤੀ ਗਈ ਪਰ ਕੀ ਕਾਰਨ ਹੈ ਕਿ ਅੱਜ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੋਂ ਚੰਗੀ ਰਚਨਾ ਦੀ ਪਰਖ ਕਰਨ ਵਾਲੀ ਬਿਬੇਕਤਾ ਖ਼ਤਮ ਹੀ ਨਹੀਂ ਹੋਈ ਹੈ ਬਲਕਿ ਰੱਜ ਕੇ ਉਸ ਦੇ ਵਿਰੋਧ ’ਚ ਆਵਾਜ਼ ਵੀ ਬੁਲੰਦ ਕਰ ਰਹੇ ਹਾਂ ਅਤੇ ਇਹ ਵੀ ਆਖਦੇ ਹਾਂ ਕਿ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ; ਬਾਹਰਾ ਜੀਉ॥’’ (ਮ:੫ / ੯੭)

ਜਾਗਰੂਕ: ਜੇ ਇਸ ਤਰ੍ਹਾਂ ਬਾਹਰਲੀਆਂ ਰਚਨਾਵਾਂ ਨੂੰ ਪਾਠ ’ਚ ਸਾਮਲ ਕੀਤਾ ਜਾਣ ਲੱਗਾ ਤਾਂ ਇਸ ਦਾ ਵਿਸਥਾਰ ਬਹੁਤ ਹੋ ਜਾਵੇਗਾ।

ਟੀ. ਵੀ. ਐਂਕਰ: ਜਿਆਦਾ ਵਿਆਪਕ ਵਿਸਥਾਰ ਨਾਲ ਗੁਰੂ ਦੀ ਪਦਵੀ ਦਾ ਦਾਇਰਾ ਵਧਦਾ ਹੈ ਜਾਂ ਘਟਦਾ ਹੈ? ਇਕ ਆਖਰੀ ਸਵਾਲ ਹੋਰ ਪੁੱਛਣਾ ਚਾਹੁੰਦਾ ਹਾਂ ਕਿ ਮੇਰੀ ਸੋਚ ਅਨੁਸਾਰ ਮਨ ਦੀ ਸ਼ਾਂਤੀ ਹੀ ਧਰਮ ਹੈ ਅਤੇ ਮੈਂ ਕਿਸੇ ਇਕਾਂਤ ’ਚ ਅੱਖਾਂ ਬੰਦ ਕਰਕੇ, ਨਿਰਾਕਾਰ ਦੀ ਅਸੀਮ ਸ਼ਕਤੀ ਦਾ ਧਿਆਨ ਧਰਦਿਆਂ ਰੱਬੀ ਅਸੀਮ ਸ਼ਕਤੀ ਦੇ ਮੁਕਾਬਲੇ ਆਪਣੀ ਤੁਛ ਸ਼ਕਤੀ ‘‘ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥’’ ਨੂੰ ਅਨੁਭਵ ਕਰਦਾ ਹੋਇਆ ਅਤੇ ਰੱਬੀ ਡਰ-ਅਦਬ ’ਚ ‘‘ਭੈ ਬਿਨੁ; ਭਗਤਿ ਨ ਹੋਵਈ, ਨਾਮਿ ਨ ਲਗੈ ਪਿਆਰੁ॥ (ਮ:੩ / ੭੮੮), ਭੈ ਬਿਨੁ; ਭਗਤਿ ਨ ਹੋਈ ਕਬ ਹੀ, ਭੈ ਭਾਇ ਭਗਤਿ ਸਵਾਰੀ॥ (ਮ:੩ / ੯੧੧), ਭੈ ਬਿਨੁ; ਭਰਮੁ ਨ ਕਟੀਐ, ਨਾਮਿ ਨ ਲਗੈ ਪਿਆਰੁ॥’’ (ਮ:੧ / ੧੨੮੮) ਰਾਹੀਂ ਮਨ ਦੀਆਂ ਵਾਸ਼ਨਾਵਾਂ ਨੂੰ ਕੁਝ ਸਮੇਂ ਲਈ ਕਾਬੂ ਕਰਨ ’ਚ ਸਫਲ ਹੋ ਜਾਂਦਾ ਹਾਂ ਪਰ ਤੁਸੀਂ ਇਸ ਸਿਮਰਨ ਦਾ ਵਿਰੋਧ ਕਿਉਂ ਕਰਦੇ ਹੋ?

ਜਾਗਰੂਕ: ਗੁਰੂ ਜੀ ਨੇ ਅੱਖਾਂ ਬੰਦ ਕਰਨ ਨੂੰ ਪਾਖੰਡ ਦੱਸਿਆ ਹੈ ਅਤੇ ਇਹ ਕ੍ਰਿਆ; ਗ੍ਰਿਹਸਤੀ ਤੋਂ ਭਗੌੜੇ ਬੰਦੇ ਦੀ ਨਿਸ਼ਾਨੀ ਹੈ ‘‘ਅਖੀ ਤ ਮੀਟਹਿ; ਨਾਕ ਪਕੜਹਿ, ਠਗਣ ਕਉ ਸੰਸਾਰੁ॥’’ (ਮ:੧ / ੬੬੨)

ਟੀ. ਵੀ. ਐਂਕਰ: ਪਰ, ਮੈਂ ਤਾਂ ਗ੍ਰਿਹਸਤੀ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾ ਰਿਹਾ ਹਾਂ ਅਤੇ ਇਉਂ ਕਰਨ ਨਾਲ ਮੈਨੂੰ ਸ਼ਾਂਤੀ ਵੀ ਮਿਲ ਰਹੀ ਹੈ। ਗੁਰੂ ਫ਼ੁਰਮਾਨ ਵੀ ਹੈ ਕਿ ‘‘ਨਾਨਕ! ਸੇ ਅਖੜੀਆਂ ਬਿਅੰਨਿ, ਜਿਨੀ ਡਿਸੰਦੋ ਮਾ ਪਿਰੀ॥ (ਮ:੫ / ੫੭੭) ਭਾਵ ਅਨੁਭਵੀ ਅੱਖਾਂ ਹੋਰ ਹੁੰਦੀਆਂ ਹਨ ਜਿਸ ਨਾਲ ਮੇਰਾ ਪਤੀ (ਮਾਲਕ) ਮਹਿਸੂਸ ਹੁੰਦਾ ਹੈ। (ਪਰ ਕੇਵਲ ਤਰਕ ਨਾਲ ਇਹ ਆਨੰਦ ਨਹੀਂ ਮਾਣਿਆ ਜਾ ਸਕਦਾ ਕਿਉਂਕਿ ਇਹ ਗੂੰਗੇ ਦੀ ਖਾਧੀ ਮਿਠਾਈ ਵਾਂਗ ਹੈ ‘‘ਜਿਨਿ ਇਹ ਚਾਖੀ; ਸੋਈ ਜਾਣੈ, ਗੂੰਗੇ ਕੀ ਮਿਠਿਆਈ॥ ਮ:੪ / ੬੦੮)

ਜਾਗਰੂਕ: ਸਾਨੂੰ ਜੋ ਸਮਝ ਆਈ ਤੁਹਾਨੂੰ ਕਹਿ ਦਿੱਤਾ ਹੈ ਇਹ ਅਨੁਭਵ ਪਾਖੰਡ ਹੈ।

(ਨੋਟ: ਅੱਗੇ ਵਾਰਤਾਲਾਪ ਜਥੇਦਾਰ ਸਾਹਿਬ ਨਾਲ)

ਟੀ. ਵੀ. ਐਂਕਰ: ਸਿੰਘ ਸਾਹਿਬ ਜੀਓ! ਮੈ ਦਿਲੋਂ ਤੁਹਾਡੀ ਪਦਵੀ ਦਾ ਬਹੁਤ ਸਤਿਕਾਰ ਕਰਦਾ ਹਾਂ ਪਰ ਕੇਵਲ ਮੇਰੇ ਸਤਿਕਾਰ ਕਰਨ ਨਾਲ ਆਮ ਸਿੱਖ ਦੇ ਮਨ ਦੇ ਸਵਾਲ ਖ਼ਤਮ ਨਹੀਂ ਹੁੰਦੇ, ਇਸ ਲਈ ਸਵਾਲ ਪੁੱਛਣ ਲਈ ਮਾਫ਼ੀ ਚਾਹਾਂਗਾ। ਤੁਸੀਂ ਸਭ ਦੇ ਵੀਚਾਰ ਸੁਣੇ ਤੁਹਾਡੇ ਉਪਰ ਵੀ ਇਹ ਆਰੋਪ ਲਗਾਏ ਜਾਂਦੇ ਹਨ ਕਿ ਤੁਸੀਂ ਕੇਵਲ ਉਸ ਪਾਰਟੀ ਦੇ ਪ੍ਰਤੀਨਿਧ ਦੇ ਰੂਪ ’ਚ ਵਿਚਰ ਰਹੇ ਹੋ ਜੋ ਕੇਵਲ ਪਰਿਵਾਰਕ ਪਾਰਟੀ ਤੱਕ ਸਿਮਟ ਕੇ ਰਹਿ ਗਈ ਹੈ ਜਦਕਿ ਤੁਹਾਨੂੰ ਸਮੂਹ ਸਿੱਖ ਸਮਾਜ ਦੇ ਜਥੇਦਾਰ ਦੇ ਪ੍ਰਤੀਨਿਧ ਦੇ ਰੂਪ ’ਚ ਵਿਚਰਨਾ ਚਾਹੀਦਾ ਹੈ।

ਜਥੇਦਾਰ ਸਾਹਿਬ: ਇਸ ਪਾਰਟੀ ਨੂੰ ਵੋਟ (ਸ਼ਕਤੀ) ਵੀ ਸਿੱਖਾਂ ਨੇ ਹੀ ਦਿੱਤੀ ਹੈ ਫਿਰ ਇਹ ਕਹਿਣਾ ਕਿ ਮੈਂ ਉਨ੍ਹਾਂ ਦੇ ਅਧੀਨ ਹਾਂ, ਉਚਿਤ ਨਹੀਂ।

ਟੀ. ਵੀ. ਐਂਕਰ: ਅਗਰ ਕੋਈ ਪਿਤਾ; ਪੁੱਤਰਾਂ ਦੀ ਏਕਤਾ ਨੂੰ ਬਣਾਏ ਰੱਖਣ ਲਈ ਅਸਫਲ ਰਹਿੰਦਾ ਹੈ ਤਾਂ ਅਲੱਗ-2 ਕਰਨ ’ਚ ਕੀ ਹਰਜ ਹੈ?

ਜਥੇਦਾਰ ਸਾਹਿਬ: ਪਾਕਿਸਤਾਨ ਅਤੇ ਹਿੰਦੁਸਤਾਨ ਅਲੱਗ-2 ਹੋ ਗਏ ਦੁਬਾਰਾ ਕੁਝ ਸ਼ਕਤੀਆਂ ਨੇ ਇਕ ਨਹੀਂ ਹੋਣ ਦਿੱਤੇ।

ਟੀ. ਵੀ. ਐਂਕਰ: ਅੰਗਰੇਜ਼ ਵੀ ਸ਼ਕਤੀ ਨਾਲ ਭਾਰਤੀਆਂ ਨੂੰ ਇਕੱਠੇ ਨਹੀਂ ਰੱਖ ਸਕੇ। ਕੀ ਦੇਸ਼ ਅਤੇ ਵਿਦੇਸ਼ ਦੇ ਸਿੱਖਾਂ ’ਚ ਏਕਤਾ ਬਣਾਏ ਰੱਖਣ ਲਈ ਜ਼ਰੂਰੀ ਨਹੀਂ ਕਿ ਕੁਝ ਸ਼ਕਤੀ; ਆਪਣੇ ਫੈਸਲੇ ਆਪਣੇ ਦੇਸ਼ਾਂ ’ਚ ਨਿਪਟਾਉਣ ਲਈ, ਉਨ੍ਹਾਂ ਨੂੰ ਦੇ ਦਿੱਤੀ ਜਾਵੇ?

ਜਥੇਦਾਰ ਸਾਹਿਬ: ਇਉਂ ਕਰਨ ਨਾਲ ਵਿਵਾਦ ਵਧੇਗਾ ਅਤੇ ਮਰਯਾਦਾ (ਏਕਤਾ) ਟੁੱਟੇਗੀ।

ਟੀ. ਵੀ. ਐਂਕਰ: ਵਰਤਮਾਨ ’ਚ ਵੀ ਸਭ ਤਖ਼ਤਾਂ ਦੀ ਇੱਕ ਮਰਯਾਦਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਮਰਯਾਦਾ ਦੇ ਉਲਟ ਹੁਣ ਵੀ ਹੋ ਰਿਹਾ ਹੈ?

ਜਥੇਦਾਰ ਸਾਹਿਬ: ਇਹ ਬਹੁਤ ਮੰਦਭਾਗਾ ਹੈ।

ਟੀ. ਵੀ. ਐਂਕਰ: ਤੁਸੀਂ ਜਲਦੀ ਜਾਣਾ ਸੀ ਇਸ ਲਈ ਆਖ਼ਰੀ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕਿਨ੍ਹਾਂ ਚੰਗਾ ਹੁੰਦਾ ਜੋ ਵਿਦਵਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ-2 ਦਸਮ ਗ੍ਰੰਥ ਦੇ ਪ੍ਰਕਾਸ਼ ਕਰਨ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਨੇੜੇ ਰੱਖਿਆ ਜਾਂਦਾ ਅਤੇ ਹੋਰ ਵਿਸ਼ਿਆਂ ’ਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਗ਼ਲਤ ਪ੍ਰਚਾਰ ਦੇ ਪ੍ਰਭਾਵ ਦਾ ਅਸਰ ਵੀ ਆਮ ਸਿੱਖ ਸਮਾਜ ’ਤੇ ਘੱਟ ਪੈਣਾ ਸੀ। ਵਿਵਾਦਿਤ ਮੁੱਦਿਆਂ ’ਤੇ ਹੋ ਰਹੀ ਦੇਰੀ ਵੀ ਉਨ੍ਹਾਂ ਨੂੰ ਫਾਇਦਾ ਪਹੁੰਚਾ ਰਹੀ ਹੈ।

ਜਥੇਦਾਰ ਸਾਹਿਬ: ਇਹ ਠੀਕ ਹੈ ਕਿ ਕੁਝ ਮੱਦਿਆਂ ’ਤੇ ਦੇਰੀ ਕੌਮ ਲਈ ਨੁਕਸਾਨ-ਦੇਹ ਹੈ ਪਰ ਅਜੋਕੇ ਹਾਲਾਤਾਂ ਨਾਲ ਨਿਪਟਣਾ ਪੰਥ ਦਰਦੀਆਂ ਲਈ ਵੱਡੀ ਚਨੌਤੀ ਹੈ।

ਟੀ. ਵੀ. ਐਂਕਰ: ਤੁਹਾਡਾ ਅੱਜ ਦੋ ਡੇਰਿਆਂ ਦੀ ਪੱਗ ਬੰਨ੍ਹਾਈ ’ਚ ਵੀ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ ਇਸ ਲਈ ਮੈਂ ਤੁਹਾਡਾ ਸਮਾ ਬਰਬਾਦ ਨਹੀਂ ਕਰਨਾ ਚਾਹੁੰਦਾ। ਇਸ ਵੀਚਾਰ ਚਰਚਾ ’ਚ ਭਾਗ ਲੈਣ ਲਈ ਤੁਹਾਡਾ ਬਹੁਤ-2 ਧੰਨਵਾਦ।

(ਨੋਟ: ਅੱਗੇ ਵਾਰਤਾਲਾਪ ਗਿਆਨੀ ਜੀ ਨਾਲ)

ਟੀ. ਵੀ. ਐਂਕਰ: ਗਿਆਨੀ ਜੀ! ਅੰਤ ’ਚ ਮੈਂ ਤੁਹਾਡੇ ਪਾਸੋਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਸਭ ਦੇ ਵੀਚਾਰ ਸੁਣੇ ਤੁਹਾਨੂੰ ਕੀ ਲਗਦਾ ਹੈ ਕਿ ਕਮੀਆਂ ਕਿੱਥੇ-2 ਹਨ?

ਗਿਆਨੀ ਜੀ: ਸਿੱਖ ਧਰਮ ਇਕ ਗ੍ਰਿਹਸਤੀ ਧਰਮ ਹੈ। ਵਧਦੀ ਮਹਿੰਗਾਈ, ਸਮੇਂ ਅਨੁਸਾਰ ਚੱਲਣ ਦੀ ਤਮੰਨਾ ਅਤੇ ਹੰਕਾਰੀ ਬ੍ਰਿਤੀ ਨੇ ਸਭ ’ਤੇ ਦੁਸ਼ ਪ੍ਰਭਾਵ ਪਾਇਆ ਹੋਇਆ ਹੈ। ਇਕ ਗੋਲਕ ਨੂੰ ਲੜਾਈ ਦੀ ਜੜ੍ਹ ਦੱਸ ਰਿਹਾ ਹੈ ਪਰ ਆਪ; ਆਪਣੇ ਨਿਜੀ ਅਕਾਉਂਟ ਨੰਬਰ ਬਾਰ-2 ਵਿਖਾ ਰਿਹਾ ਹੈ। ਇੱਕ ਦਸਮ ਗ੍ਰੰਥ ਨੂੰ ਮੂਲੋਂ ਹੀ ਰੱਦ ਕਰ ਰਿਹਾ ਹੈ ਦੂਸਰਾ ਇਸ ਦਾ ਪ੍ਰਕਾਸ਼; ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਾਉਣ ਨੂੰ ਹੀ ਉੱਤਮ ਸੇਵਾ ਸਮਝ ਰਿਹਾ ਹੈ। ਇਸ ਦੋੜ ਭੱਜ ’ਚ ਗੁਰੂ ਸਿਧਾਂਤ ’ਤੇ ਪਹਿਰਾ ਦੇਣਾ ਅਤੇ ਕੌਮੀ ਏਕਤਾ ਵਾਲੀ ਮਰਯਾਦਾ ਦੇ ਦਾਇਰੇ ’ਚ ਰਹਿ ਕੇ ਚੱਲਣਾ ਇਨ੍ਹਾਂ ਲਈ ਮੁਸਕਿਲ ਹੋਇਆ ਪਿਆ ਹੈ। ਗੁਰਮਤਿ ਅਨੁਸਾਰ ਤਰਕ ਕੇਵਲ ਪੰਜੇ ਗਿਆਨ ਇੰਦ੍ਰਿਆਂ ਰਾਹੀਂ ਪਕੜ ’ਚ ਆਉਣ ਵਾਲੇ ਵਿਸ਼ਿਆਂ ’ਤੇ ਹੀ ਹੋ ਸਕਦਾ ਹੈ ਪਰ ਇਹ ਲੋਕ ਅਦ੍ਰਿਸ਼ ਵਿਸ਼ਿਆਂ ’ਤੇ ਵੀ ਤਰਕ ਕਰ ਰਹੇ ਹਨ। (ਭਾਵ ਇਹ ਤਰਕ ਹੋ ਸਕਦਾ ਹੈ ਕਿ ਪੱਥਰ ਦੀ ਮੂਰਤੀ ਅਤੇ ਸ਼ਹੀਦਾਂ ਦੀਆਂ ਕਬਰਾਂ; ਪੱਥਰ ਰੂਪ ’ਚ ਇਕ ਸਮਾਨ ਹਨ ਪਰ ਮਰਨ ਤੋਂ ਬਾਅਦ ਜੂਨ (ਆਤਮਾ) ਹੁੰਦੀ ਹੈ ਜਾਂ ਨਹੀਂ, ਬਖ਼ਸ਼ਸ਼ ਹੁੰਦੀ ਹੈ ਜਾਂ ਨਹੀਂ, ਇਨ੍ਹਾਂ ਅਦਿ੍ਰਸ਼ ਵਿਸ਼ਿਆਂ ’ਤੇ ਸ਼ਰਧਾ ਰੱਖਣਾ ਹੀ ਆਸਥਾ ਹੈ, ਨਾ ਰੱਖਣਾ ਨਾਸਤਿਕ ਹੈ। ਇਹ ਲੋਕ ਤਰਕਵਾਦ ਵਾਂਗ ਨਾਸਤਿਕ ਵੀ ਨਹੀਂ ਅਖਵਾਉਂਦੇ ਅਤੇ ਇਨ੍ਹਾਂ ’ਤੇ ਆਸਥਾ ਵੀ ਨਹੀਂ ਰੱਖਦੇ।)

ਕੋਈ ਵੀ ਮਰਯਾਦਾ ਜਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖ ਕੇ ਕਿਸੇ ਕੌਮੀ ਫ਼ਿਲਾਸਫ਼ੀ ਦਾ ਸੀਮਤ ਸ਼ਬਦਾਂ ’ਚ ਬਣਾਇਆ ਗਿਆ ਖਾਕਾ ਹੁੰਦਾ ਹੈ। ਇਹ ਵੀ ਸੱਚ ਹੈ ਕਿ ਜਮੀਨੀ ਹਾਲਾਤ ਸਮੇਂ-2 ਅਨੁਸਾਰ ਬਦਲਦੇ ਰਹਿੰਦੇ ਹਨ ਜਿਸ ਕਾਰਨ ਕੌਮ ਦੇ ਬੁਧੀਜੀਵੀ ਵਰਗ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਭ ਨੂੰ ਸਾਥ ਲੈ ਕੇ ਉਚਿਤ ਸਮੇਂ ਯੋਗ ਨਿਰਦੇਸ ਕੌਮ ਨੂੰ ਦੇਣ। ਕੁਝ ਪੰਥ ਦਰਦੀ ਭਾਵਨਾ ਵਾਲਿਆਂ ਨੇ ਕੁਝ ਸੰਸਥਾਵਾਂ; ਕੌਮ ਅਤੇ ਸਮਾਜ ਦੀ ਭਲਾਈ ਲਈ ਖੜ੍ਹੀਆਂ ਕੀਤੀਆਂ (ਬਣਾਈਆਂ) ਸਨ, ਉਨ੍ਹਾਂ ਲਈ ਯੋਗ ਵਿਅਕਤੀ ਨਾ ਮਿਲਣ ਕਾਰਨ ਅਯੋਗ ਵਿਅਕਤੀਆਂ ਨੇ ਕਬਜੇ ਕਰ ਲਏ ਹਨ ਜੋ ਕਬਜਾ ਕਰਨ ’ਚ ਪਿੱਛੇ ਰਹਿ ਗਏ ਉਨ੍ਹਾਂ ਨੇ ਦੂਸਰਿਆਂ ਦੀਆਂ ਤਰੁਟੀਆਂ ਨੂੰ ਆਧਾਰ ਬਣਾ ਕੇ ਕੁਝ ਨਵਾਂ ਕਰਨ ਦੀ ਠਾਣ ਲਈ ਪਰ ਯੋਗਤਾ ਉਨ੍ਹਾਂ ਵਿੱਚ ਵੀ; ਉਹ ਨਹੀਂ, ਜਿਸ ਦੀ ਉਹ ਗੱਲ ਕਰਦੇ ਹਨ। ਕੇਵਲ ਦੁਨਿਆਵੀ ਪੱਧਰ ਦੀਆਂ ਪ੍ਰਭਾਵਤ ਕਰਨ ਵਾਲੀਆਂ ਗੱਲਾਂ ਕਰਨ ਦੀ ਇਨ੍ਹਾਂ ’ਚ ਕਲਾ ਹੈ। ਚੰਗੇ ਜੀਵਨ ਵਾਲੇ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਸੱਜਣਾਂ ਦਾ ਕਿਵੇਂ ਇਹ ਲੋਕ; ਹੰਕਾਰੀ ਬਿ੍ਰਤੀ ਨਾਲ ਸਟੇਜਾਂ ’ਤੇ ਮਜਾਕ ਉਡਾਉਂਦੇ ਹਨ। ਵੇਖ ਕੇ ਲੱਗਦਾ ਨਹੀਂ, ਕਿ ਇਹ ਇਕ ਕੌਮੀ ਮੰਚ ਤਿਆਰ ਕਰਵਾਉਣ ’ਚ ਆਪਣੀ ਬਣਦੀ ਭੁਮਿਕਾ ਨਿਭਾਉਣਗੇ। ਆਮ ਬੰਦੇ ਨੂੰ ਸਮਝ ਨਾ ਹੋਣ ਕਾਰਨ ਇਹ ਲੋਕ ਆਪਣੇ ਜਾਲ ’ਚ ਫਸਾਉਣ ’ਚ ਸਫਲ ਹੋ ਜਾਂਦੇ ਹਨ। ਪੰਥਕ ਅਖਵਾਉਣ ਵਾਲਿਆਂ ਕੋਲ ਆਪਣੀ ਕੁਰਸੀ ਬਚਾਉਣ ਤੋਂ ਇਲਾਵਾ ਕੌਮ (ਸਮਾਜ) ਨੂੰ ਦੇਣ ਲਈ ਕੁਝ ਵੀ ਨਹੀਂ। ਸਾਡੀ ਫੁਟ ਦਾ ਅਸਲ ਫਾਇਦਾ ਰਾਜਨੀਤਿਕ ਲੋਕ ਉਠਾ ਰਹੇ ਹਨ।

ਟੀ. ਵੀ. ਐਂਕਰ: ਗਿਆਨੀ ਜੀ! ਅੰਤ ਵਿੱਚ ਸਾਡੇ ਪਾਠਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

ਗਿਆਨੀ ਜੀ: ਗੁਰਮਤਿ ਪ੍ਰਤੀ ਪ੍ਰੇਮ ਭਾਵਨਾ ਰੱਖਣ ਵਾਲੇ ਤਮਾਮ ਸੱਜਣਾਂ ਨੂੰ ਮੇਰੀ ਬੇਨਤੀ ਹੈ ਕਿ ਗੁਰਬਾਣੀ ਨੂੰ ਪੁਰਾਤਨ ਲਿਖਤ ਰਾਹੀਂ ਸਮਝ-ਵੀਚਾਰ ਕੇ ਆਪਣੇ ਆਸ ਪਾਸ ਪ੍ਰਚਾਰ ਕਰਨ ਅਤੇ ਕਰਵਾਉਣ। ਗ਼ਲਤ ਹੋ ਰਹੇ ਪ੍ਰਚਾਰ ਦੇ ਦੌਰਾਨ ਹੀ ਸਵਾਲ-ਜਵਾਬ ਕਰਨ ਵਾਲੀ ਬ੍ਰਿਤੀ; ਸੰਗਤ ’ਚ ਪੈਦਾ ਕੀਤੀ ਜਾਵੇ। ਅਯੋਗ ਬੰਦਿਆਂ ਦਾ ਪ੍ਰਭਾਵ ਘਟਾਉਣ ਲਈ ਯੋਗ ਬੰਦਿਆਂ ਨਾਲ ਮਿਲ ਕੇ ਚੱਲਣਾ ਜ਼ਰੂਰੀ ਹੈ। ਉਸ ਥਾਂ ’ਤੇ ਗੁਰਬਾਣੀ ਸਿਧਾਂਤ ਲਾਗੂ ਕਰਵਾਉਣਾ ਸਮੇਂ ਦੀ ਮੁੱਖ ਮੰਗ ਹੈ ਜਿੱਥੇ ਗ਼ਲਤ ਪ੍ਰਚਾਰ ਹੋ ਰਿਹਾ ਹੈ। ਗੁਰੂ ਸਿਧਾਂਤ ਦੀ ਸਹੀ ਜਾਣਕਾਰੀ ਲਈ ਗੁਰਮਤਿ ਦੇ ਸਹੀ ਅਸੂਲਾਂ ਵਾਲਾ ਸਾਹਿਤ, ਮੈਗਜ਼ੀਨ ਅਤੇ ਕੋਰਸ ਮੰਗਵਾ ਕੇ ਪਾਠੀਆਂ ਅਤੇ ਪੜ੍ਹਣ ’ਚ ਰੁਚੀ ਰੱਖਣ ਵਾਲੇ ਸੱਜਣਾਂ ’ਚ ਵੰਡਣੇ ਚਾਹੀਦੇ ਹਨ, ਆਦਿ।

ਟੀ. ਵੀ. ਐਂਕਰ: ਅੰਤ ਵਿੱਚ ਮੈਂ ਸਾਡੇ ਤਮਾਮ ਮਹਿਮਾਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਸੁਹਿਰਦ ਪਾਠਕ ‘ਗੁਰੂ ਸਿਧਾਂਤ’ ਅਤੇ‘ਜ਼ਮੀਨੀ ਹਾਲਾਤਾਂ’ ਨੂੰ ਕੁਝ ਸਮਝਣਗੇ।

ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਦੱਸ ਕੇ ਕੀਤੀ ਜਾ ਰਹੀ ਹੈ ਧਰਮ ਦੀ ਦੁਰਵਰਤੋਂ

0

ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਦੱਸ ਕੇ ਕੀਤੀ ਜਾ ਰਹੀ ਹੈ ਧਰਮ ਦੀ ਦੁਰਵਰਤੋਂ

ਕਿਰਪਾਲ ਸਿੰਘ (ਬਠਿੰਡਾ)-9855480797

ਸੁਆਰਥੀ ਆਗੂ ਜਿਨ੍ਹਾਂ ਨੇ ਰਾਜਗੱਦੀਆਂ ਪ੍ਰਾਪਤ ਕਰਨ ਲਈ ਧਰਮ ਨੂੰ ਘੋੜਾ ਬਣਾਇਆ ਹੋਇਆ ਹੈ। ਉਨ੍ਹਾਂ ਨੇ ਬਹੁਤ ਜੋਰ ਸ਼ੋਰ ਨਾਲ ਪ੍ਰਚਾਰਿਆ ਹੈ ਕਿ ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਹੈ। ਇਸ ਦੇ ਹੱਕ ਵਿੱਚ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਣੀਆਂ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ, ਗੁਰੂ ਗੋਬਿੰਦ ਸਿੰਘ ਜੀ ਦੇ ਜ਼ਬਰਦਸਤੀ ਮੂੰਹ ਵਿੱਚ ਪਾਈਆਂ ਜਾ ਰਹੀਆਂ ਇਹ ਪੰਕਤੀਆਂ ‘ਰਾਜ ਬਿਨਾਂ ਨਹਿ ਧਰਮ ਚਲੈ ਹੈਂ; ਧਰਮ ਬਿਨਾ ਸਭ ਦਲੈ ਮਲੈ ਹੈਂ’ ਅਤੇ ਸਮੁੱਚੇ ਪੰਥ ਵੱਲੋਂ ਰੋਜ਼ਾਨਾ ਅਰਦਾਸ ਦੇ ਅਖੀਰ ਵਿੱਚ ‘ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ’ ਦੋਹਰਾ ਪੜ੍ਹਿਆ ਜਾਣਾ ਦੱਸਦੇ ਹਨ। ਇਨ੍ਹਾਂ ਥੋਥੀਆਂ ਦਲੀਲਾਂ ਦਾ ਇਤਨਾ ਜਿਆਦਾ ਪ੍ਰਚਾਰ ਹੋਇਆ ਹੈ ਅਤੇ ਹੋ ਰਿਹਾ ਹੈ ਕਿ ਅੱਜ ਕੋਈ ਵੀ ਸਿੱਖ ਇਨ੍ਹਾਂ ਦਲੀਲਾਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਰੱਖਦਾ; ਬਾਵਯੂਦ ਇਸ ਦੇ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਪੜ੍ਹਨ ਵਾਲੇ ਬਹੁਤ ਸਾਰੇ ਸਿੱਖ ਇਹ ਜਾਣਦੇ ਹਨ ਕਿ ਸਿੱਖ ਧਰਮ ਦਾ ਜਿਨ੍ਹਾਂ ਨੁਕਸਾਨ ਧਰਮ ਨੂੰ ਘੋੜਾ ਬਣਾਉਣ ਵਾਲੀ ਰਾਜਨੀਤੀ ਕਰਨ ਵਾਲੇ ਸਿੱਖਾਂ ਨੇ ਕੀਤਾ ਹੈ ਇਤਨਾ ਹੋਰ ਕਿਸੇ ਨੇ ਨਹੀਂ ਕੀਤਾ ਅਤੇ ਨਾ ਹੀ ਕੋਈ ਕਰ ਸਕਦੇ ਹਨ। ਗੁਰਬਾਣੀ ਵਿੱਚ ਕਿਧਰੇ ਨਹੀਂ ਲਿਖਿਆ ਕਿ ਧਰਮ ਚਲਾਉਣ ਲਈ ਰਾਜ ਸਤਾ ਦੀ ਲੋੜ ਹੈ। ਗੁਰਬਾਣੀ ਵਿੱਚ ਇਹ ਤਾਂ ਲਿਖਅਿਾ ਹੈ: ‘ਰਾਜੁ ਨ ਚਾਹਉ, ਮੁਕਤਿ ਨ ਚਾਹਉ, ਮਨਿ ਪ੍ਰੀਤਿ ਚਰਨ ਕਮਲਾਰੇ॥’ (ਮ: 5, ਪੰਨਾ 534) ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ੳਮਪ; ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ।

ਅਖੌਤੀ ਧਰਮੀ ਆਗੂਆਂ ਅਤੇ ਰਾਜਿਆਂ ਨੂੰ ੳਨ੍ਹਾਂ ਦਾ ਅਸਲੀ ਧਰਮ ਸਮਝਾਉਂਦਿਆਂ ਵੀ ਬਚਨ ਕੀਤੇ ਹਨ: ‘ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥’ (ਮ: 1, ਪੰਨਾ 1240) ਹੇ ਨਾਨਕ! (ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਆਤਮਕ ਜੀਵਨ ਵਿਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ) ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ-ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿੱਦਵਤਾ ਪਵਿਤ੍ਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ, ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ। ਰਾਜੇ ਵਾਸਤੇ ਇਨਸਾਫ਼ੳਮਪ; ਚੁਲੀ ਹੈ। ਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ; (ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ।

ਰਾਜ ਕੈਸਾ ਹੋਣਾ ਚਾਹੀਦਾ ਹੈ ਇਸ ਦਾ ਵਰਨਣ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ: ‘ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥1॥ (ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ); ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥

ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥ ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥

ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥2॥ ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥

ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥3॥2॥’(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ। ਚਮਿਆਰ ਰਵਿਦਾਸ ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ਆਖਦਾ ਹੈ-ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ ॥੩॥੨॥ (ਭਗਤ ਰਵਿਦਾਸ ਜੀ, ਪੰਨਾ 345)

ਭਗਤ ਰਵਿਦਾਸ ਜੀ ਨੇ ਬੇਸ਼ੱਕ ਇਸ ਸ਼ਬਦ ਵਿੱਚ ਉਸ ਆਤਮਿਕ ਮੰਡਲ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ ਜਿੱਥੇ ਉਹ ਰਹਿਣਾ ਚਾਹੁੰਦੇ ਹਨ ਪਰ ਕਿਉਂਕਿ ਸਿੱਖ ਧਰਮ ਕੇਵਲ ਸਵਰਗ, ਬੈਕੁੰਠ, ਬਹਿਸਤ ਵਿੱਚ ਹੂਰਾਂ ਪਰੀਆਂ ਅਤੇ ਹੋਰ ਸੁੱਖ ਸਹੂਲਤਾਂ ਮਿਲਣ ਦੇ ਲਾਰੇ ਨਹੀਂ ਲਾਉਂਦਾ ਸਗੋਂ ਲੋਕ ਪ੍ਰਲੋਕ ਨੂੰ ਜੋੜ ਕੇ ਜੀਵਨ ਜਿਊਣ ਦੀ ਜਾਂਚ ਸਿੱਖਾਉਂਦਾ ਹੈ। ਸਿੱਖ ਲਈ ਸਿਰਫ ਉਹ ਹੀ ਬੈਕੁੰਠ ਹੈ ਜਿਥੇ ਅਕਾਲ ਪੁਰਖ ਦਾ ਜਸ ਰੂਪੀ ਕੀਰਤਨ ਹੁੰਦਾ ਹੋਵੇ:‘ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥ ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥2॥’ (ਮ: 5, ਪੰਨਾ 749)। ‘ਅਠਸਠਿ ਤੀਰਥ ਜਹ ਸਾਧ ਪਗ ਧਰਹਿ॥ ਤਹ ਬੈਕੁੰਠੁ ਜਹ ਨਾਮੁ ਉਚਰਹਿ॥ ਸਰਬ ਅਨੰਦ ਜਬ ਦਰਸਨੁ ਪਾਈਐ॥ ਰਾਮ ਗੁਣਾ ਨਿਤ ਨਿਤ ਹਰਿ ਗਾਈਐ॥’ (ਮ: 5, ਪੰਨਾ 890)

ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣਾਂ, ਅਕਾਲ ਤਖ਼ਤ ਦੀ ਉਸਾਰੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੇ ਸੁਮੇਲ ਨੂੰ ਦੋ ਧਾਰੀ ਖੰਡੇ ਵਿੱਚ ਤਬਦੀਲ ਕਰਨ ਦਾ ਕਦਾਚਿਤ ਇਹ ਭਾਵ ਨਹੀਂ ਹੈ ਕਿ ਉਨ੍ਹਾਂ ਨੇ ਸਤਾ ਪ੍ਰਾਪਤੀ ਲਈ ਝੂਠ ਤੁਫਾਨ ਅਤੇ ਸਿਧਾਂਤਹੀਣ ਗੰਦੀ ਰਾਜਨੀਤੀ ਨੂੰ ਧਰਮ ਨਾਲ ਰਲਗੱਡ ਕਰ ਦਿੱਤਾ ਸੀ ਸਗੋਂ ਇਹ ਤਾਂ ਭਗਤੀ ਅਤੇ ਸ਼ਕਤੀ ਦਾ ਸੁਮੇਲ ਸਨ। ਭਗਤੀ ਤੇ ਸ਼ਕਤੀ ਦਾ ਸੁਮੇਲ ਸਿਰਫ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੀ ਨਹੀ ਸੀ ਕੀਤਾ ਸਗੋਂ ਇਸ ਦਾ ਮੁੱਢ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਬੰਨ੍ਹ ਦਿੱਤਾ ਸੀ। ਇਸਲਾਮ ਧਰਮ ਦੇ ਮੌਲਾਣਿਆਂ ਤੋਂ ਅਸ਼ੀਰਵਾਦ ਲੈ ਕੇ ਹਿੰਦੁਸਤਾਨ ’ਤੇ ਚੜ੍ਹਾਈ ਕਰਨ ਵਾਲੇ ਅਤੇ ਜਿੱਤਾਂ ਪ੍ਰਾਪਤ ਕਰਨ ਉਪ੍ਰੰਤ ਲੁੱਟ ਦੇ ਮਾਲ ਵਿੱਚੋਂ ਉਨ੍ਹਾਂ ਅੱਗੇ ਕੁਝ ਭੇਟਾਵਾਂ ਰੱਖ ਕੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥” (722); “ਰਾਜੇ ਸੀਹ ਮੁਕਦਮ ਕੁਤੇ॥” (1288) ਕਹਿਣਾ ਅਤੇ ਧਰਮ ਤੋਂ ਗਿਰ ਚੁੱਕੇ ਅਖੌਤੀ ਧਾਰਮਿਕ ਆਗੂਆਂ ਨੂੰ“ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥” (662) ਕਹਿਣਾ ਭਗਤੀ ਅਤੇ ਸ਼ਕਤੀ ਦੇ ਇਕੱਠੇ ਹੋਣ ਦੇ ਹੀ ਸੂਚਕ ਹਨ। ਮੌਕੇ ਦੇ ਬਾਦਸ਼ਾਹ ਅਤੇ ਸਮਾਜ ਵਿੱਚ ਅਥਾਹ ਸ਼ਕਤੀ ਹਾਸਲ ਕਰੀ ਬੈਠੇ ਧਾਰਮਿਕ ਆਗੂਆਂ ਨੂੰ ਇਸ ਤਰ੍ਹਾਂ ਦੇ ਚੁਣੌਤੀ ਭਰੇ ਸ਼ਬਦ ਸਿਰਫ ਗੁਰੂ ਨਾਨਕ ਜੀ ਵਰਗਾ ਸੂਰਮਾ ਹੀ ਕਹਿ ਸਕਦਾ ਹੈ ਜਿਸ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਨੂੰ ਆਪਣਾ ਅਦਰਸ਼ ਬਣਾਇਆ ਹੋਵੇ। ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਣਾ, ਅਕਾਲ ਤਖ਼ਤ ਦੀ ਉਸਾਰੀ ਕਰਨੀ ਅਤੇ ਮਜ਼ਲੂਮਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਮੌਕੇ ਦੀ ਬਾਦਸ਼ਾਹਤ ਨਾਲ ਸਿੱਧੀ ਹਥਿਆਰਬੰਦ ਟੱਕਰ ਲੈਣੀ, ਗੁਰੂ ਅਰਜੁਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲੋਂ ਸਰੀਰਕ ਤਸੀਹਿਆਂ ਦੀ ਬਿਨਾਂ ਪ੍ਰਵਾਹ ਕੀਤਿਆਂ ਸ਼ਹੀਦੀਆਂ ਦੇਣਾਂ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਰਬੰਸ ਕੁਰਬਾਨ ਕਰ ਦੇਣਾਂ, ਗੁਰੂ ਸਾਹਿਬ ਜੀ ਵੱਲੋਂ ਸੀਸ ਮੰਗੇ ਜਾਣ ’ਤੇ ਪੰਜ ਪਿਆਰਿਆਂ ਵੱਲੋਂ ਤੁਰੰਤ ਸੀਸ ਭੇਟ ਕਰਨ ਲਈ ਹਾਜ਼ਰ ਹੋਣਾ, ਛੋਟੀ ਉਮਰੇ ਹੀ ਚਾਰੇ ਸਾਹਿਬਜ਼ਾਦਿਆਂ ਨੇ ਬੇਮਿਸਾਲੀ ਸ਼ਹਾਦਤਾਂ ਦੇਣੀਆਂ, ਭਾਈ ਮਤੀ ਦਾਸ ਜੀ ਵੱਲੋਂ ਆਰੇ ਨਾਲ ਚੀਰੇ ਜਾਣਾ, ਭਾਈ ਦਿਆਲਾ ਜੀ ਵੱਲੋਂ ਦੇਗੇ ਵਿੱਚ ਉਬਾਲੇ ਜਾਣਾ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਨਾਲ ਸਾੜੇ ਜਾਣਾ, ਭਾਈ ਮਨੀ ਸਿੰਘ ਜੀ ਵੱਲੋਂ ਬੰਦ ਬੰਦ ਕਟਵਾ ਕੇ ਸ਼ਹੀਦੀ ਦੇਣੀ, ਬਾਬਾ ਬੰਦਾ ਸਿੰਘ ਬਹਾਦੁਰ ਜੀ ਵੱਲੋਂ ਗਰਮ ਜਮੂੰਰਾਂ ਨਾਲ ਮਾਸ ਤੁੜਵਾਉਣਾ ਅਤੇ ਆਪਣੇ ਚਾਰ ਸਾਲ ਦੇ ਬੱਚੇ ਦਾ ਕਾਲਜਾ ਮੂੰਹ ਵਿੱਚ ਪਵਾ ਕੇ ਵੀ ਨਾ ਡੋਲਣਾਂ, ਭਾਈ ਤਾਰੂ ਸਿੰਘ ਜੀ ਵੱਲੋਂ ਕੇਸ ਕਟਾਉਣ ਦੀ ਥਾਂ ਖੋਪੜੀ ਉਤਰਵਾ ਲੈਣਾ, ਭਾਈ ਸੁਬੇਗ ਸਿੰਘ ਸਹਿਬਾਜ਼ ਸਿੰਘ ਵੱਲੋਂ ਚਰਖੜੀਆਂ ’ਤੇ ਚੜ੍ਹ ਕੇ ਸ਼ਹੀਦੀਆਂ ਦੇਣੀਆਂ, ਬਾਬਾ ਜੈ ਸਿੰਘ ਖਲਕਟ ਵੱਲੋਂ ਪੁੱਠੀ ਖੱਲ ਉਤਰਵਾ ਕੇ ਸ਼ਹੀਦੀ ਦੇਣੀ ਆਦਿਕ ਅਨੇਕਾਂ ਹੋਰ ਹੈਰਾਨੀ ਭਰੇ ਕਾਰਨਾਮੇ; ਜਿਨ੍ਹਾਂ ਨੂੰ ਦੁਸ਼ਮਣ ਵੀ ਵੇਖ ਕੇ ਦੰਗ ਹੋਏ ਬਿਨਾਂ ਨਹੀਂ ਰਹਿ ਸਕਦੇ ਇਹ ਸਿਰਫ ਐਸੇ ਸੂਰਮੇ ਯੋਧੇ ਹੀ ਕਰ ਸਕਦੇ ਹਨ ਜਿਨ੍ਹਾਂ ਨੇ ਭਗਤੀ ਅਤੇ ਸ਼ਕਤੀ ਦੇ ਸੁਮੇਲ ਹੋਣ ਦੇ ਸਿਧਾਂਤ ਨੂੰ ਆਪਣਾ ਜੀਵਨ ਆਦਰਸ਼ ਬਣਾਇਆ ਹੋਵੇ ਨਾ ਕਿ ਅੱਜ ਦੇ ਅਖੌਤੀ ਅਕਾਲੀ ਆਗੂ ਜਿਹੜੇ ਧਰਮ ਤੇ ਰਾਜਨੀਤੀ ਇਕੱਠੀ ਹੋਣ ਦਾ ਫੋਕਾ ਦਾਅਵਾ ਕਰਕੇ ਧਰਮ ਦਾ ਬੇਹਿਸਾਬਾ ਨੁਕਸਾਨ ਕਰ ਰਹੇ ਹਨ।

‘ਰਾਜ ਬਿਨਾਂ ਨਹਿ ਧਰਮ ਚਲੈ ਹੈਂ; ਧਰਮ ਬਿਨਾ ਸਭ ਦਲੈ ਮਲੈ ਹੈਂ’ ਸਬੰਧੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਤੁਕ ਕਿਸੇ ਵੀ ਗੁਰੂ ਸਾਹਿਬ ਜੀ ਦੀ ਉਚਾਰੀ ਹੋਈ ਨਹੀਂ ਹੈ ਬਲਕਿ ਕਿਸੇ ਕਵੀ ਦੀ ਲਿਖੀ ਹੋਈ ਹੈ ਜਿਸ ਨੂੰ ਗਲਤ ਤੌਰ ’ਤੇ ਗੁਰੂ ਸਾਹਿਬ ਜੀ ਦੀ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ। ਇਸ ਤੁਕ ਦੀ ਸਾਰਥਿਕਤਾ ਨੂੰ ਜੇ ਸਿੱਖ ਇਤਿਹਾਸ ਨਾਲ ਮੇਲ ਕੇ ਪੜਤਾਲਿਆ ਜਾਵੇ ਤਾਂ ਇਹ ਪੂਰੀ ਤਰ੍ਹਾਂ ਗਲਤ ਸਾਬਤ ਹੁੰਦੀ ਹੈ। ਦਸ ਗੁਰੂ ਸਾਹਿਬਾਨ ਦਾ 1469 ਤੋਂ 1708 ਈ: ਤੱਕ 239 ਸਾਲ ਦਾ ਸੰਸਾਰਕ ਜੀਵਨ ਜਿਸ ਦੌਰਾਨ ਸਿੱਖ ਸਿਧਾਂਤਾਂ ਦੀ ਘਾੜਤ ਘੜੀ ਗਈ ਅਤੇ ਸਿੱਖਾਂ ਦੀ ਹਰ ਪੱਖੋਂ ਪਰਖ ਪੜਾਤਲ ਵਿੱਚ ਪੂਰੇ ਉਤਰਨ ’ਤੇ ਖ਼ਾਲਸਾ ਪੰਥ ਦੀ ਸਾਜਨਾ ਅਤੇ ਦੇਹਧਾਰੀ ਗੁਰੂ ਪ੍ਰੰਪਰਾ ਦਾ ਅੰਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਗਈ ਅਤੇ 1708 ਤੋਂ ਲੈ ਕੇ 1800 ਈ: ਤੱਕ ਦੇ 92 ਸਾਲ ਜਿਸ ਸਮੇਂ ਖ਼ਾਲਸੇ ਨੇ ਧਰਮ ਅਤੇ ਸ਼ਕਤੀ ਦੇ ਸੁਮੇਲ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਸਿੱਖ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਨਿਮਾਣਿਆਂ, ਨਿਤਾਣਿਆਂ ਨੂੰ ਇਨਸਾਫ ਅਤੇ ਉਨਾਂ ਦੇ ਮਨੁੱਖੀ ਅਧਿਕਾਰ ਬਹਾਲ ਕਰਨ ਲਈ ਘਰ ਘਾਟ ਛੱਡ ਕੇ ਜੰਗਲਾਂ ਵਿੱਚ ਰਹਿਣਾ ਪ੍ਰਵਾਨ ਕੀਤਾ ਪਰ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ। ਅਸਲ ਵਿੱਚ ਸਿੱਖ ਧਰਮ ਦਾ ਇਹੋ ਸੁਨਹਿਰੀ ਕਾਲ ਹੈ ਜਿਸ ’ਤੇ ਸਿੱਖ ਮਾਣ ਕਰ ਸਕਦੇ ਹਨ ਪਰ ਚੇਤੇ ਰੱਖਣ ਵਾਲੇ ਗੱਲ ਹੈ ਕਿ ਇਸ ਸਾਰੇ ਸਮੇਂ ਦੌਰਾਣ ਸਿੱਖਾਂ ਦਾ ਆਪਣਾ ਰਾਜ ਹੋਣਾ ਤਾਂ ਇੱਕ ਪਾਸੇ ਰਿਹਾ 92 ਸਾਲ ਤੱਕ ਤਾਂ ਆਪਣੇ ਘਰ ਘਾਟ ਵੀ ਨਹੀਂ ਸਨ ਪਰ ਸਿੱਖਾਂ ਦੀਆਂ ਇਸ ਸਮੇਂ ਦੌਰਾਨ ਘਾਲੀਆਂ ਘਾਲਨਾਵਾਂ ਸਦਕਾ ਵਿਸਾਖੀ ਵਾਲੇ ਦਿਨ 12 ਅਪ੍ਰੈਲ 1801 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਾਜ਼ਪੋਸ਼ੀ ਹੋਈ ਅਤੇ 1839 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਘਰੇਲੂ ਪਾਟੋਧਾੜ ਅਤੇ ਡੋਗਰਿਆਂ ਅਤੇ ਬ੍ਰਾਹਮਣਾਂ ਦੀ ਗਦਾਰੀ ਕਾਰਣ ਸਿੱਖ ਜਰਨੈਲਾਂ ਨੂੰ ਪਿੱਛੇ ਧੱਕਣਾ ਅਤੇ ਸਿਧਾਂਤਾਂ ਵਿੱਚ ਆਈ ਕਮਜੋਰੀ ਕਾਰਣ ਅੰਤ 1849 ਵਿੱਚ ਸਿੱਖ ਰਾਜ ਦਾ ਖਾਤਮਾ ਹੋ ਗਿਆ। ਇਸ 48 ਸਾਲ ਦੇ ਸਿੱਖ ਰਾਜ ਦੌਰਾਨ ਬੇਸ਼ੱਕ ਕੁਝ ਚੰਗੇ ਪੱਖ ਵੀ ਸਾਹਮਣੇ ਆਏ; ਸੁਆਰਥੀ ਬ੍ਰਾਹਮਣ ਅਤੇ ਡੋਗਰੇ ਸਿੱਖੀ ਭੇਸ ਧਾਰਨ ਕਰਕੇ ਸਿੱਖ ਧਰਮ ਵਿੱਚ ਸ਼ਾਮਲ ਹੋਣ ਕਰਕੇ ਗਿਣਤੀ ਪੱਖੋਂ ਸਿੱਖਾਂ ਦੀ ਜਨਸੰਖਿਆ ਵਿੱਚ ਵੀ ਕਾਫੀ ਵਾਧਾ ਹੋਇਆ ਪਰ ਇਨ੍ਹਾਂ ਵਿੱਚੋਂ ਤੇਜਾ ਸਿੰਘ ਲਾਲ ਸਿੰਘ ਵਰਗਿਆਂ ਦੀ ਗਦਾਰੀ ਕਾਰਣ ਜਿੱਥੇ ਸਿੱਖ ਰਾਜ ਦਾ ਬਹੁਤ ਛੇਤੀ ਅੰਤ ਹੋ ਗਿਆ ਉਥੇ ਸਿੱਖਾਂ ਵਿੱਚ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਵਿੱਚ ਰਾਜਸਤਾ ਦਾ ਸੁੱਖ ਭੋਗਣ ਕਾਰਣ ਸਿਧਾਂਤਕ ਅਤੇ ਆਚਰਣ ਪੱਖੋਂ ਵੱਡੀਆਂ ਗਿਰਾਵਟਾਂ ਆਈਆਂ ਜਿਨ੍ਹਾਂ ਵਿੱਚੋਂ ‘ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।’ ਸਿਧਾਂਤ ’ਤੇ ਪਹਿਰਾ ਦੇਣ ਦੀ ਬਜਾਏ ਮਹਾਂਰਾਜੇ ਦੇ ਮੋਰਾਂ ਨਾਚੀ ਨਾਲ ਅਨੈਤਿਕ ਸਬੰਧ ਹੋਣੇ, ਇੱਕ ਰਾਣੀ ਦੇ ਹੁੰਦਿਆਂ ਬਹੁਤੇ ਵਿਆਹ ਕਰਨੇ ਜਿਨ੍ਹਾਂ ਵਿੱਚੋਂ ਕਈਆਂ ਦੇ ਵਿਆਹ ਹਿੰਦੂ ਰੀਤਾਂ ਰਿਵਾਜਾਂ ਅਨੁਸਾਰ ਹੋਏੇ, ਮਹਾਂਰਾਜੇ ਦੀ ਮੌਤ ਉਪ੍ਰੰਤ ਕੁਝ ਰਾਣੀਆਂ ਵੱਲੋਂ ਸਤੀ ਹੋ ਕੇ ਸਿੱਖ ਸਿਧਾਂਤਾਂ ਦਾ ਮਖੌਲ ਉਡਾਉਣਾ, ਸਿੱਖ ਫੌਜੀਆਂ ਵੱਲੋਂ ਸ਼ਰਾਬ ਦੀ ਵਰਤੋਂ ਕਰਨੀ ਅਤੇ ਸਿੱਖ ਧਰਮ ਵਿੱਚ ਬਿਪ੍ਰਨ ਕੀਆਂ ਰੀਤਾਂ ਪ੍ਰਚੱਲਤ ਹੋਣੀਆਂ ਆਦਿਕ ਪ੍ਰਮੁੱਖ ਹਨ। ਸੋ ਇਸ ਸਿੱਖ ਰਾਜ ਦੌਰਾਨ ਬੇਸ਼ੱਕ ਗਿਣਤੀ ਪੱਖੋਂ ਸਿੱਖਾਂ ਦੀ ਅਬਾਦੀ ਵਿੱਚ ਵਾਧਾ ਹੋਇਆ ਪਰ ਸਿੱਖ ਸਿਧਾਂਤਾਂ ਵਿੱਚ ਵੱਡੀ ਗਿਰਾਵਟ ਵੀ ਇਸੇ ਸਮੇ ਦੌਰਾਨ ਹੋਈ।

1849 ਤੋਂ ਦੇਸ਼ ਦੀ ਅਜਾਦੀ ਭਾਵ 1947 ਤੱਕ 98 ਸਾਲ ਤੱਕ ਸਿੱਖਾਂ ਕੋਲ ਆਪਣਾ ਰਾਜ ਨਹੀਂ ਸੀ, ਗੁਰਦੁਆਰਿਆਂ ’ਤੇ ਵੀ ਨਰੈਣੂ ਵਰਗੇ ਮਹੰਤ ਕਾਬਜ਼ ਸਨ ਜਿਨ੍ਹਾਂ ਨੂੰ ਅੰਗਰੇਜ ਸਰਕਾਰ ਦੀ ਪੂਰੀ ਪੂਰੀ ਸ੍ਰਪਰਸਤੀ ਹਾਸਲ ਸੀ, ਇਸ ਲਈ ਗੁਰਦੁਆਰਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਹੋਣ ਦੀ ਬਜਾਏ ਮਨਮਤਿ ਜੋਰਾਂ ’ਤੇ ਸੀ ਇੱਥੋਂ ਤੱਕ ਕਿ ਕਈ ਗੁਰਦੁਆਰੇ ਤਾਂ ਵਿਕਾਰਾਂ ਅਤੇ ਅਯਾਸ਼ੀ ਦੇ ਅੱਡਿਆਂ ਵਿੱਚ ਤਬਦੀਲ ਹੋ ਚੁੱਕੇ ਸਨ। ਬਿਨਾਂ ਹੀ ਰਾਜ ਅਤੇ ਰਾਜ ਸਤਾ ਦੇ ਸਮਰਥਨ ਤੋਂ ਸਿੱਖਾਂ ਨੇ ਫਿਰ ਹੰਭਲੇ ਮਾਰਨੇ ਸ਼ੁਰੂ ਕੀਤੇ। ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਆਦਿਕ ਅਨੇਕਾਂ ਲਹਿਰਾਂ ਨੇ ਜਨਮ ਲਿਆ ਜਿਸ ਦੌਰਾਨ ਸਿੰਘਾਂ ਨੇ ਅਠਾਰਵੀਂ ਸਦੀ ਵਿੱਚ ਦਿੱਤੀਆਂ ਕੁਰਬਾਨੀਆਂ ਦੀ ਯਾਦ ਤਾਜਾ ਕਰਦਿਆਂ ਸੈਂਕੜੇ ਸ਼ਹੀਦੀਆਂ ਦਿੱਤੀਆਂ, ਪੁਲਿਸ ਦੀਆਂ ਡਾਂਗਾਂ ਖਾਧੀਆਂ, ਜੇਲ੍ਹਾਂ ਵਿੱਚ ਬੇਅੰਤ ਤਸੀਹੇ ਝੱਲ੍ਹੇ ਪਰ ਉਨ੍ਹਾਂ ਦਾ ਧਾਰਮਿਕ ਜ਼ਜ਼ਬਾ ਠੰਡਾ ਨਾ ਹੋਇਆ। ਇਨ੍ਹਾਂ ਕੁਰਬਾਨੀਆਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ ਅਤੇ ਦੇਸ਼ ਨੂੰ ਅਜਾਦੀ ਹਾਸਲ ਹੋਈ। ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਸਿੱਖ ਸਿਧਾਂਤਾਂ ਵਿੱਚ ਆਈ ਗਿਰਾਵਟ ਕਾਰਨ ਸਿੱਖੀ ਦੇ ਹੋਏ ਨੁਕਸਾਨ ਦੀ ਕਾਫੀ ਹੱਦ ਤੱਕ ਪੂਰਤੀ ਇਸ ਸਮੇਂ ਦੌਰਾਨ ਹੋਈ।

ਦੇਸ਼ ਦੀ ਅਜਾਦੀ ਤੋਂ ਪਿੱਛੋਂ ਖਾਸ ਕਰਕੇ ਪੰਜਾਬੀ ਸੂਬੇ ਦੀ ਪ੍ਰਾਪਤੀ ਉਪ੍ਰੰਤ ਸਿੱਖ ਰਾਜਨੀਤਕਾਂ ਆਗੂਆਂ ਨੂੰ ਰਾਜਸਤਾ ਦਾ ਸੁੱਖ ਮਾਨਣ ਦੇ ਮੌਕੇ ਮਿਲਣ ਕਾਰਣ ਸਿੱਖੀ ਦਾ ਫਿਰ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਸ ਸਮੇਂ ਵਿੱਚੋਂ ਵੀ 1997 ਤੋਂ ਹੁਣ ਤੱਕ ਦਾ ਸਮਾਂ ਜਿਸ ਨੂੰ ਬਾਦਲ ਕਾਲ ਕਿਹਾ ਜਾਂਦਾ ਹੈ ਇਸ ਵਿੱਚ ਤਾਂ ਸੁਆਰਥੀ ਹਿੱਤਾਂ ਕਾਰਣ ਧਰਮ ਨੂੰ ਜਿਸ ਤਰ੍ਹਾਂ ਰਾਜਨੀਤੀ ਦੇ ਪੈਰਾਂ ਹੇਠ ਮੋਧਲਿਆ ਜਾ ਰਿਹਾ ਹੈ ਇਸ ਦਾ ਬਿਆਨ ਕਰਨ ਦੀ ਬਹੁਤੀ ਲੋੜ ਨਹੀਂ ਰਹੀ ਕਿਉਂਕਿ ‘ਸਿੱਖ ਧਰਮ ਅਤੇ ਰਾਜਨੀਤੀ’ ਇਕੱਠੀ ਹੋਣ ਦਾ ਚਿਹਰਾ ਮੋਹਰਾ ਅਤੇ ਸਿੱਖ ਸਿਧਾਂਤਾਂ ਦੀ ਹੋ ਰਹੀ ਅਣਦੇਖੀ ਦਾ ਦਰਦ ਹੁਣ ਹਰ ਸਿੱਖ ਆਪਣੇ ਦਿਲ ਵਿੱਚ ਮਹਿਸੂਸ ਕਰ ਰਿਹਾ ਹੈ। ਪਰ ਵਿਰਲਿਆਂ ਨੂੰ ਛੱਡ ਕੇ ਬਹੁ ਗਿਣਤੀ ਸਿੱਖ ਇਸ ਵਿਰੁੱਧ ਜ਼ਬਾਨ ਖੋਲਣ ਤੋਂ ਵੀ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਹਨ। ‘ਸਿੱਖ ਧਰਮ ਅਤੇ ਰਾਜਨੀਤੀ’ ਨਾਪਾਕ ਗੱਠਜੋੜ ਵਿਰੁਧ ਜੇ ਕੋਈ ਵਿਰਲਾ ਮਨੁੱਖ ਬੋਲਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਉਸ ਦੀ ‘ਮੇਲੇ ਵਿੱਚ ਚੱਕੀਰਾਹੇ ਦੀ ਕੋਈ ਨਹੀਂ ਪੁੱਛਦਾ’ ਅਖਾਣ ਵਾਂਗ ਰਾਜਨੀਤੀ ਦੇ ਪ੍ਰਭਾਵ ਕਾਰਣ ਕਿਧਰੇ ਸੁਣਵਾਈ ਨਹੀਂ ਹੁੰਦੀ।

ਅਸਲ ਵਿੱਚ ਧਰਮ ਹੈ ਹੀ ਹੈ ਸੱਚ ’ਤੇ ਪਹਿਰਾ ਦੇਣਾ, ਇੱਥੋਂ ਤੱਕ ਕਿ ਧਰਮ ਦੀ ਖਾਤਰ ਸ਼ਹੀਦੀਆਂ ਤੱਕ ਦੇਣਾ; ਜਿਸ ਤਰ੍ਹਾਂ ਕਿ ਸਿੱਖ ਇਤਿਹਾਸ ਵਿੱਚ ਇੱਕ ਨਹੀਂ ਬਲਕਿ ਹਜਾਰਾਂ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਦਾ ਵਰਨਣ ਉਪਰ ਕੀਤਾ ਗਿਆ ਹੈ ਪਰ ਰਾਜਨੀਤੀ ਦਾ ਭਾਵ ਹੈ ਸਤਾ ਲਈ ਹਰ ਸਿਧਾਂਤ ਨੂੰ ਛਿੱਕੇ ਟੰਗ ਕੇ ਹਰ ਤਰ੍ਹਾਂ ਦੇ ਝੂਠ ਫਰੇਬ ਕਰਨ ਤੋਂ ਵੀ ਗੁਰੇਜ ਨਾ ਕਰਨਾ। ਗੁਰੂ ਤੇਗ ਬਹਾਦੁਰ ਸਾਹਿਬ ਜੀ ਵਾਂਗ ਦੂਸਰਿਆਂ ਲਈ ਕੁਰਬਾਨੀ ਕਰਨੀ ਤਾਂ ਬਹੁਤ ਹੀ ਦੂਰ ਦੀ ਗੱਲ ਹੈ ਆਪਣੇ ਸਕੇ ਬਾਪ ਅਤੇ ਭਰਾਵਾਂ ਤੱਕ ਨੂੰ ਵੀ ਕਤਲ ਕਰਨ ਤੋਂ ਗੁਰੇਜ ਨਾ ਕਰਨਾ ਜਿਵੇਂ ਕਿ ਔਰੰਗਜ਼ੇਬ ਨੇ ਕੀਤਾ ਸੀ। ਧਰਮੀ ਨੂੰ ਭਗਤ ਅਤੇ ਸਤਾ ਤੇ ਪਦਾਰਥਾਂ ਦੇ ਭੁੱਖੇ ਮਨੁੱਖ ਨੂੰ ਸੰਸਾਰੀ ਦਾ ਨਾਮ ਦੇ ਕੇ ਗੁਰੂ ਸਾਹਿਬ ਜੀ ਨੇ ਬਚਨ ਉਚਾਰਣ ਕੀਤੇ: ‘ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥’ (ਮ: 1, ਪੰਨਾ 145) ਜੋ ਧਰਮ ਅਤੇ ਸਿਰਾਂ ਦੀ ਗਿਣਤੀ ਵਾਲੇ ਗਣਤੰਤਰ ਵਿੱਚ ਰਾਜਨੀਤੀ ਦੇ ਇਕੱਠੇ ਹੋਣ ਦੀ ਪੂਰੀ ਤਰ੍ਹਾਂ ਕਾਟ ਕਰਦੇ ਹਨ ਕਿਉਂਕਿ ਸਿਆਸੀ ਮਨੁੱਖ ਦੀ ਜ਼ਮੀਰ ਇੰਨੀ ਮਰ ਚੁੱਕੀ ਹੁੰਦੀ ਹੈ ਕਿ ਉਹ ਕਦੀ ਵੀ ਸੱਚ ਬੋਲਣ ਦੀ ਜੁਰ੍ਹਤ ਕਰ ਹੀ ਨਹੀਂ ਸਕਦਾ। ਮੌਜੂਦਾ ਸਿੱਖ ਰਾਜਨੀਤੀ ਵਿੱਚ ਇਸ ਗਿਰਾਵਟ ਨੂੰ ਪ੍ਰਤੱਖ ਤੌਰ ’ਤੇ ਵੇਖਿਆ ਜਾ ਸਕਦਾ ਹੈ। ਜਦੋਂ ਅਕਾਲੀ ਸਤਾ ਤੋਂ ਬਾਹਰ ਹੁੰਦੇ ਹਨ ਉਸ ਸਮੇਂ ਇਹ ਸਿੱਖ ਮੁੱਦੇ ਬੜੇ ਜੋਰ ਸ਼ੋਰ ਨਾਲ ਉਠਾਉਂਦੇ ਹਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਖੇਤਰ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ ਪੰਜਾਬ ਨੂੰ ਦੇਣ ਦੀ ਗੱਲ ਕਰਦੇ ਹਨ; ਸੰਵਿਧਾਨ ਦੀ ਧਾਰਾ 25 ਨੂੰ ਸਾੜ ਕੇ ਇਹ ਰੋਸ ਪ੍ਰਗਟ ਕਰਦੇ ਹਨ ਕਿ ਸਿੱਖ ਵੱਖਰੀ ਕੌਮ ਹੈ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ; 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜਾ ਦੇਣ ਦੀ ਆਵਾਜ਼ ਉਠਾਈ ਜਾਂਦੀ ਹੈ। ਪਰ ਜਦੋਂ ਹੀ ਸੱਤਾ ਦੀ ਕੁਰਸੀ ਪ੍ਰਾਪਤ ਹੋ ਜਾਂਦੀ ਹੈ ਤਾਂ ਇਨ੍ਹਾਂ ਸਾਰਿਆਂ ਮਸਲਿਆਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਸਿੱਖਾਂ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰਨ ’ਤੇ ਤੁਲੀ ਆਰਐੱਸਐੱਸ ਨੂੰ ਅਕਾਲ ਤਖ਼ਤ ਸਮੇਤ ਸ਼੍ਰੋਮਣੀ ਸਿੱਖ ਸੰਸਥਾਵਾਂ ’ਤੇ ਅਸਿੱਧੇ ਤੌਰ ’ਤੇ ਕਾਬਜ਼ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸਿੱਖ ਧਰਮ ਵਿੱਚ ਫੈਲ ਚੁੱਕੀਆਂ ਬਿਪ੍ਰਨ ਕੀਆਂ ਰੀਤਾਂ ਤੋਂ ਸੁਚੇਤ ਕਰਨ ਵਾਲੇ ਗੁਰਸਿੱਖਾਂ ਨੂੰ ਪੰਥ ਵਿੱਚੋਂ ਛੇਕਿਆ ਜਾ ਰਿਹਾ ਹੈ ਜਦੋਂ ਕਿ ਬਿਪ੍ਰਨ ਕੀਆਂ ਰੀਤਾਂ ਅਪਨਾਉਣ ਅਤੇ ਪ੍ਰਚਾਰਨ ਵਾਲੇ ਸੰਤ ਸਮਾਜ ਨੂੰ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਸਿੱਖਾਂ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਪਹਿਲਾਂ ਸੋਧ ਦੇ ਨਾਮ ’ਤੇ ਵਿਗਾੜਿਆ ਗਿਆ ਅਤੇ ਹੁਣ ਸਿੱਖ ਵਿਦਵਾਨਾਂ ਵੱਲੋਂ ਸਾਰੀਆਂ ਅਪੀਲਾਂ ਦਲੀਲਾਂ ਅਣਸੁਣੀਆਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪਾਉਣ ਦੀ ਤਿਆਰੀ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱੱਚ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸ ਕੇ ਸਿੱਖ ਧਰਮ ਨੂੰ ਬੁੱਧ ਮੱਤ ਤੇ ਜੈਨ ਮੱਤ ਵਾਂਗ ਨਿਗਲਣ ਲਈ ਹਮੇਸ਼ਾਂ ਯੋਜਨਾਵਾਂ ਘੜ ਰਹੀ ਆਰਐੱਸ ਦਾ ਜਨਤਕ ਤੌਰ ’ਤੇ ਵਿਰੋਧ ਕਰ ਰਹੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਹਿਬ ਜਿਸ ਨੂੰ ਕੁਝ ਹੀ ਸਮਾਂ ਪਹਿਲਾਂ ਸਤਿਕਾਰਯੋਗ ਸਿੰਘ ਸਾਹਿਬ ਕਰਕੇ ਸੰਬੋਧਨ ਕੀਤਾ ਜਾ ਰਿਹਾ ਸੀ ਨੂੰ ਜ਼ਲੀਲ ਕਰਨ ਲਈ ਉਸ ਦੀ ਸਕਿਊਰਟੀ ਵਾਪਸ ਲੈ ਲਈ ਗਈ ਹੈ ਅਤੇ ਉਸ ’ਤੇ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਾਂ ਸਿੱਧਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਲਈ ਇਸ਼ਾਰੇ ਦਿੱਤੇ ਜਾ ਰਹੇ ਹਨ। ਇਹ ਪੂਰੀ ਸੰਭਾਵਨਾ ਹੈ ਕਿ ਜੇ ਗਿਆਨੀ ਨੰਦਗੜ੍ਹ ਜੀ ਇਹ ਇਸ਼ਾਰੇ ਨਾ ਸਮਝੇ ਤਾਂ ਉਸ ਨੂੰ ਕਿਸੇ ਵੀ ਸਮੇਂ ਭਾਈ ਰਣਜੀਤ ਸਿੰਘ, ਪ੍ਰੋ: ਮਨਜੀਤ ਸਿੰਘ, ਗਿਆਨੀ ਪੂਰਨ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਾਂਗ ਬੇਇੱਜਤ ਕਰਕੇ ਅਹੁਦੇ ਤੋਂ ਫਾਰਗ ਕੀਤਾ ਜਾ ਸਕਦਾ ਹੈ। ਇਹ ਸਾਡੀ ਕੈਸੀ ਧਰਮ ਤੇ ਰਾਜਨੀਤੀ ਇਕੱਠੀ ਹੈ ਕਿ ਜਦੋਂ ਤੱਕ ਧਾਰਮਿਕ ਆਗੂ ਅਤੇ ਕਹੇ ਜਾਂਦੇ ਸਰਬ ਉੱਚ ਸਿੰਘ ਸਾਹਿਬਾਨ ਜੀ ਰਾਜਨੀਤਕਾਂ ਦੀ ਲੱਤ ਹੇਠਾਂ ਦੀ ਲੰਘ ਕੇ ਉਨ੍ਹਾਂ ਦੀ ਇੱਛਾ ਅਨੁਸਾਰ ਫੈਸਲੇ ਲੈਣਾਂ ਪ੍ਰਵਾਨ ਕਰਦੇ ਰਹਿਣ ਉਸ ਸਮੇਂ ਤੱਕ ਤਾਂ ਇਨ੍ਹਾਂ ਦਾ ਹਰ ਜਾਇਜ਼ ਨਜ਼ਾਇਜ਼ ਫੈਸਲਾ ਇਨ੍ਹਾਂ ਲਈ ਇਲਾਹੀ ਹੁਕਮ ਹੈ ਜਿਸ ਨੂੰ ਮੰਨਣਾ ਹਰ ਸਿੱਖ ਲਈ ਲਾਜ਼ਮੀ ਹੈ। ਉਸ ਸਮੇਂ ਤੱਕ ਇਹ ਜਥੇਦਾਰ ਲਾਲ ਬੱਤੀਆਂ, ਸਕਿਊਰਟੀ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮਾਨਣ ਦੇ ਹੱਕਦਾਰ ਹਨ ਪਰ ਜਦੋਂ ਕੋਈ ਜ਼ਮੀਰ ਦੀ ਆਵਾਜ਼ ਸੁਣ ਕੇ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਸੇ ਸਮੇਂ ਅਚਾਨਕ ਸਕਿਊਰਟੀ ਵਪਸ ਲੈ ਲਈ ਜਾਂਦੀ ਹੈ ਅਤੇ ਅਸਤੀਫਾ ਦੇਣ ਜਾਂ ਨਤੀਜਾ ਭੁਗਤਣ ਦਾ ਅਲਾਰਮ ਖੜਕਾ ਦਿੱਤਾ ਜਾਂਦਾ ਹੈ। ਸਿਆਸੀ ਆਗੂ ਸਿਰਫ ਅਕਾਲ ਤਖ਼ਤ ਦੇ ਹੁਕਮਨਾਮੇ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਸਿਧਾਂਤਾਂ ਦੀ ਸ਼ਰੇਆਮ ਉਲੰਘਣਾਂ ਕਰਦੇ ਹਨ। ਮਿਸਾਲ ਦੇ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਾਲਪੁਰਖ ਨੂੰ ਛੱਡ ਕੇ ਹੋਰ ਕਿਸੇ ਦੀ ਪੂਜਾ ਅਤੇ ਮੜ੍ਹੀਆਂ ਮਸਾਣਾਂ ਵਿੱਚ ਜਾਣਾ ਵਿਵਰਜਿਤ ਹੈ : ‘ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥’ (ਮ: 1, ਪੰਨਾ 634)। ਦੇਵੀ ਦੇਵਤਿਆਂ ਦੀ ਪੂਜਾ ਵਿਵਰਜਿਤ ਹੈ: ‘ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥’ (ਮ: 1, ਪੰਨਾ 637)। ਦੇਹਧਾਰੀ ਮਨੁਖਾਂ ’ਤੇ ਟੇਕ ਰੱਖਣ ਦੀ ਮਨਾਹੀ ਹੈ: ‘ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥ ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥’ (ਗਉੜੀ ਸੁਖਮਨੀ ਮ: 5, ਪੰਨਾ 281)। ਅਣਮੱਤੀਆਂ ਦੇ ਧਾਰਮਿਕ ਚਿੰਨ੍ਹ- ਮੱਥੇ ’ਤੇ ਤਿਲਕ ਲਾਉਣ ਅਤੇ ਮਾਲਾ ਫੇਰਨ ਦੀ ਮਨਾਹੀ ਹੈ: ‘ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥’ (ਭਗਤ ਕਬੀਰ ਜੀ ਪੰਨਾ 1158)। ਹਵਨ ਅਤੇ ਤੀਰਥ ਇਸ਼ਨਾਨ ਕਰਕੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਦੀ ਮਨਾਹੀ ਹੈ ਕਿਉਂਕਿ ਇਨ੍ਹਾਂ ਨਾਲ ਹਊਮੈ ਅਤੇ ਵਿਕਾਰ ਵਧਦੇ ਹਨ: ‘ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ॥’ (ਮ: 5, ਪੰਨਾ 214)। ਪਰ ਇਸ ਦੇ ਬਾਵਯੂਦ ਸਿੱਖਾਂ ਦਾ ਧਰਮ ਅਤੇ ਰਾਜਨੀਤੀ ਇਕੱਠੀ ਦੱਸਣ ਵਾਲੇ ਸਿੱਖ ਆਗੂ ਕੁਝ ਵੋਟਾਂ ਦੀ ਖਾਤਰ ਹਰ ਮੜੀ ਮਸਾਣ, ਮਜ਼ਾਰ ਅਤੇ ਸ਼ਬਦ ਗੁਰੂ ਦੇ ਸਿਧਾਂਤ ਦੇ ਸਿੱਧੇ ਵਿਰੋਧ ਵਿੱਚ ਖੜ੍ਹੇ ਦੇਹਧਾਰੀ ਗੁਰੂਡੰਮਾਂ ਦੇ ਡੇਰਿਆਂ ’ਤੇ ਨਤਮਸਤਕ ਹੋ ਕੇ ਬੜੀ ਬੇਸ਼ਰਮੀ ਨਾਲ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਜਿਨੀ ਸ਼ਾਂਤੀ ਉਨ੍ਹਾਂ ਨੂੰ ਇਸ ਸਥਾਨ ਦੇ ਦਰਸ਼ਨ ਕਰਕੇ ਮਿਲਦੀ ਹੈ ਉਹ ਹੋਰ ਕਿਤੋਂ ਨਹੀਂ ਮਿਲਦੀ! ਮੱਥੇ ’ਤੇ ਟਿੱਕੇ ਲਾ ਕੇ ਹਵਨ ਕਰਦੇ ਅਤੇ ਮਾਤਾ ਦੀਆਂ ਭੇਟਾਵਾਂ ਗਾਉਂਦੇ ਵਿਖਾਈ ਦਿੰਦੇ ਹਨ। ਰਾਜਨੀਤੀ ਨੇ ਸਾਡੇ ਧਾਰਮਿਕ ਆਗੂਆਂ ਦੀ ਜ਼ਮੀਰ ਤਾਂ ਖਤਮ ਕੀਤੀ ਹੀ ਹੈ ਧਾਰਮਿਕ ਆਗੂਆਂ ਦੀ ਜ਼ਮੀਰ ਵੀ ਇਨੀ ਗੁਲਾਮੀ ਵਿੱਚ ਲੈ ਆਂਦੀ ਹੈ ਕਿ ਇਨ੍ਹਾਂ ਆਗੂਆਂ ਨੂੰ ਗੁਰਮਤਿ ਸਮਝਾਉਣ ਦੀ ਜੁਰ੍ਹਤ ਤਾਂ ਕੀ ਕਰਨੀ ਸੀ ਸਗੋਂ ਅਕਾਲ ਤਖ਼ਤ ਦੇ ਜਥੇਦਾਰ ਉਨ੍ਹਾਂ ਦੇ ਗੁਰਮਤਿ ਵਿਰੋਧੀ ਕਾਰਨਾਮਿਆਂ ’ਤੇ ਮੋਹਰ ਲਾਉਂਦੇ ਹੋਏ ਕਹਿ ਦਿੰਦੇ ਹਨ ਕਿ ਸਿਆਸੀ ਆਗੂਆਂ ਨੇ ਤਾਂ ਹਰ ਥਾਂ ਜਾਣਾ ਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ ਕੋਈ ਆਦੇਸ਼ ਨਹੀਂ ਦਿੱਤਾ ਜਾ ਸਕਦਾ। ਕੀ ਸਿੱਖਾਂ ਦੀ ਇਹੀ ਧਰਮ ਤੇ ਰਾਜਨੀਤੀ ਇਕੱਠੀ ਹੈ ਜਿਹੜੀ ਉਨ੍ਹਾਂ ਦੇ ਸਿਰਮੌਰ ਆਗੂਆਂ ਨੂੰ ਧਰਮ ਵਿਰੋਧੀ ਕਾਰਜ ਕਰਨ ਦਾ ਲਾਇਸੰਸ ਪ੍ਰਦਾਨ ਕਰਦੀ ਹੈ?

ਹੋਰ ਸਿਤਮ ਦੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਮੌਜੂਦਾ ਸ੍ਰਪਰਸਤ ਅਤੇ ਮੁੱਖ ਮੰਤਰੀ ਨੇ 1982 ਵਿੱਚ ਸੰਵਿਧਾਨ ਦੀ ਧਾਰਾ 25 ਨੂੰ ਸਾੜ ਕੇ ਸਿੱਖ ਇੱਕ ਵੱਖਰੀ ਕੌਮ ਦੀ ਮੰਗ ਕੀਤੀ। ਉਸ ਉਪ੍ਰੰਤ ਉਹ ਤਿੰਨ ਵਾਰ ਮੁੱਖ ਮੰਤਰੀ ਬਣੇ ਅਤੇ ਹੁਣ ਵੀ ਹਨ ਪਰ ਸਿੱਖ ਵੱਖਰੀ ਕੌਮ ਸਬੰਧੀ ਪੁੱਛੇ ਗਏ ਸਵਾਲਾਂ ਪ੍ਰਤੀ ਪੂਰੀ ਤਰ੍ਹਾਂ ਅਪਰਾਧਕ ਕਿਸਮ ਦਾ ਮੌਨ ਧਾਰਨ ਕਰੀ ਰੱਖਿਆ ਅਤੇ ਨਾ ਹੀ ਧਾਰਾ 25 ਦੀ ਸੋਧ ਲਈ ਕੋਈ ਯਤਨ ਕੀਤਾ। ਪਿਛਲੀਆਂ ਚੋਣਾਂ ਮੌਕੇ ਤਾਂ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੰਵਿਧਾਨ ਦੀ ਧਾਰਾ 25 ਸਾੜਨ ਦੇ ਉਹ ਹੱਕ ਵਿੱਚ ਨਹੀਂ ਸਨ ਪਰ ਪਾਰਟੀ ਦਾ ਹੁਕਮ ਮੰਨਣ ਕਾਰਣ ਉਨ੍ਹਾਂ ਨੂੰ ਇਹ ਗਲਤੀ ਕਰਨੀ ਪਈ ਸੀ। ਕਾਰਣ ਇੱਕੋ ਸੀ ਕਿ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਸੀ ਜਿਹੜੀ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਲਈ ਕਿਸੇ ਵੀ ਕੀਮਤ ’ਤੇ ਤਿਆਰ ਨਹੀਂ ਹੈ। ਪਰ ਹੁਣ ਕਿਉਂਕਿ ਹਰਿਆਣਾ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਚੌਟਾਲਾ ਦੇ ਲੋਕ ਦਲ ਨੂੰ ਹਮਾਇਤ ਦਿੱਤੇ ਜਾਣ ਸਦਕਾ ਭਾਜਪਾ ਨਾਲ ਵਿਗੜੇ ਸਬੰਧਾਂ ਕਾਰਣ ਜਦੋਂ ਅਕਾਲੀ-ਭਾਜਪਾ ਗੱਠਜੋੜ ਟੁੱਟਣ ਵੱਲ ਵਧ ਰਿਹਾ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਫਿਰ ਸਿੱਖ ਵੱਖਰੀ ਕੌਮ ਦਾ ਰਾਗ ਅਲਾਪ ਕੇ ਜਿੱਥੇ ਸਿੱਖਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ; ਜਿਨ੍ਹਾਂ ਦੇ ਸਹਿਯੋਗ ਨਾਲ ਉਹ ਭਾਜਪਾ ਨੂੰ ਠਿੱਬੀ ਲਾਉਣ ਦੀ ਸੋਚ ਰਿਹਾ ਹੈ। ਸਿੱਖ ਕਦੋਂ ਤੱਕ ਇਸ ਤਰ੍ਹਾਂ ਦੇ ਮੌਕਾ ਪ੍ਰਸਤ ਬਿਆਨਾਂ ਤੋਂ ਗੁੰਮਰਾਹ ਹੁੰਦੇ ਰਹਿਣਗੇ ਅਤੇ ਧਰਮ ਦੀ ਰਾਜਨੀਤੀ ਲਈ ਹੋ ਰਹੀ ਬੇਅਦਬੀ ਅਤੇ ਨੁਕਸਾਨ ਨੂੰ ਚੁੱਪ ਚਾਪ ਸਹਿਣ ਕਰਦੇ ਰਹਿਣਗੇ? ਕੀ ਸਿੱਖ ਇਸ ਦੋਗਲੇ ਕਿਸਮ ਦੇ ਆਗੂ ਨੂੰ ਪੁੱਛਣ ਦੀ ਜੁਰ੍ਹਤ ਕਰਨਗੇ ਕਿ ਜੇ ਤੁਸੀਂ ਸਿੱਖ ਧਰਮ ਨੂੰ ਵੱਖਰਾ ਧਰਮ ਮੰਨਦੇ ਹੋ ਤਾਂ 32 ਸਾਲ ਤੱਕ ਇਸ ਅਹਿਮ ਮੰਗ ਸਬੰਧੀ ਚੁੱਪ ਕਿਉਂ ਧਾਰੀ ਰੱਖੀ? 1982 ਵਿੱਚ ਕੀਤੀ ਇਸੇ ਮੰਗ ਨੂੰ ਆਪਣੀ ਗਲਤੀ ਸਵੀਕਾਰਣ ਦੇ ਬਾਵਯੂਦ ਹੁਣ ਦੂਸਰੀ ਵਾਰ ਇਹ ਗਲਤੀ ਕਿਸ ਮਜਬੂਰੀ ਵਿੱਚ ਕਰ ਰਹੇ ਹੋ ? ਅਤੇ ਜੇ ਕਰ ਕੱਲ੍ਹ ਨੂੰ ਤੁਹਾਡੇ ਭਾਜਪਾ ਨਾਲ ਸਬੰਧ ਫਿਰ ਸੁਧਰ ਗਏ ਤਾਂ ਕੀ ਤੁਸੀਂ ਅੱਜ ਦੇ ਇਸ ਬਿਆਨ ਦੀ ਫਿਰ ਗਲਤੀ ਸਵੀਕਾਰ ਕਰਕੇ ਮੁਆਫੀ ਮੰਗੋਗੇ?

ਰਾਜਨੀਤਕ ਤਾਕਤ ਤੇ ਹਥਿਆਰ ਕਿਵੇਂ ਦਿਮਾਗ਼ ਉੱਤੇ ਅਸਰ ਪਾਉਂਦੇ ਹਨ ?

0

ਰਾਜਨੀਤਕ ਤਾਕਤ ਤੇ ਹਥਿਆਰ ਕਿਵੇਂ ਦਿਮਾਗ਼ ਉੱਤੇ ਅਸਰ ਪਾਉਂਦੇ ਹਨ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਇੱਕੋ ਗਰੁੱਪ ਦੇ ਬੰਦਿਆਂ ਵਿੱਚੋਂ ਜਦੋਂ ਕੋਈ ਇਕ ਬਾਕੀਆਂ ਨਾਲੋਂ ਉੱਚੀ ਪਦਵੀ ਉੱਤੇ ਪਹੁੰਚ ਜਾਂਦਾ ਹੈ ਤਾਂ ਉਸ ਦੇ ਵਿਹਾਰ ਵਿਚ ਇਕਦਮ ਤਬਦੀਲੀ ਦਿਸਣ ਲੱਗ ਪੈਂਦੀ ਹੈ। ਕਈ ਵਾਰ ਅਜਿਹੇ ਬੰਦੇ ਨੂੰ ਆਪ ਪਤਾ ਹੀ ਨਹੀਂ ਲਗਦਾ ਕਿ ਉਸ ਦੇ ਵਿਹਾਰ ਵਿਚ ਕੋਈ ਤਬਦੀਲੀ ਆ ਚੁੱਕੀ ਹੈ।

ਸਟੈਨਫੋਰਡ ਦੇ ਸਾਈਕੋਲੋਜਿਸਟ ਜੇਮਜ਼ ਗਰੌਸ ਤੇ ਹਾਰਵਾਰਡ ਯੂਨੀਵਰਸਿਟੀ ਦੀ ਪੂਰੀ ਟੀਮ ਨੇ ਅਜਿਹੇ ਮਾਮਲਿਆਂ ਵਿਚ ਲੰਮੇ ਸਮੇਂ ਤੱਕ ਖੋਜ ਕਰ ਕੇ ਇਹ ਤੱਥ ਸਾਰਿਆਂ ਦੇ ਸਾਹਮਣੇ ਰੱਖੇ ਹਨ :-

ਆਮ ਹੀ ਸੋਚਿਆ ਜਾਂਦਾ ਹੈ ਕਿ ਤਾਕਤ ਵਾਲੀ ਪੋਸਟ ਹਾਸਲ ਕਰਨ ਵਾਲਿਆਂ ਨੂੰ ਵੱਧ ਤਣਾਓ ਸਹੇੜਨਾ ਪੈਂਦਾ ਹੈ। ਖੋਜ ਰਾਹੀਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਵੱਧ ਦੀ ਥਾਂ ਅਜਿਹਾ ਰੁਤਬਾ ਹਾਸਲ ਕਰਨ ਵਾਲਿਆਂ ਦੇ ਸਰੀਰ ਅੰਦਰ ਤਣਾਓ ਦੇ ਹਾਰਮੋਨ ਘੱਟ ਹੋ ਜਾਂਦੇ ਹਨ। ਨਾ ਸਿਰਫ਼ ਤਣਾਓ ਬਲਕਿ ਘਬਰਾਹਟ ਵੀ ਕਾਫ਼ੀ ਘੱਟ ਹੁੰਦੀ ਹੈ।

ਵਾਈਟਹਾਲ ਸਟੱਡੀ ਜੋ ਕਿ ਰੌਬਰਟ ਸਪੌਲਸਕੀ ਨੇ ਬਰਿਟਿਸ਼ ਸਿਵਲ ਸਰਵਿਸਿਸ ਵਿਚਲੇ ਉੱਚ ਅਧਿਕਾਰੀਆਂ ਦੇ ਲਹੂ ਦੇ ਸੈਂਪਲ ਲੈ ਕੇ ਕੀਤੀ, ਵਿਚ ਵੀ ਸਪਸ਼ਟ ਹੋਇਆ ਕਿ ਜਿੰਨੀ ਵੱਧ ਤਾਕਤਵਰ ਪੋਜ਼ੀਸ਼ਨ ਹਾਸਲ ਕਰੀ ਬੈਠੇ ਅਫ਼ਸਰ ਸਨ, ਓਨਾ ਹੀ ਉਨ੍ਹਾਂ ਨੇ ਘੱਟ ਤਣਾਓ ਸਹੇੜਿਆ ਸੀ ਤੇ ਉਨ੍ਹਾਂ ਦੀ ਬੀਮਾਰੀ ਨੂੰ ਝੱਲਣ ਦੀ ਸਮਰਥਾ ਵੀ ਵੱਧ ਸੀ।

ਸਪਸ਼ਟ ਹੋ ਗਿਆ ਕਿ ਕੈਂਸਰ ਤਕ ਵਰਗੀ ਬੀਮਾਰੀ ਸਹੇੜ ਲੈਣ ਬਾਅਦ ਵੀ ਤਾਕਤਵਰ ਲੋਕਾਂ ਵਿਚ ਬਚਣ ਦੇ ਆਸਾਰ ਬਾਕੀਆਂ ਨਾਲੋਂ ਕਾਫ਼ੀ ਵੱਧ ਹੰੁਦੇ ਹਨ। ਬਿਲਕੁਲ ਇੰਜ ਹੀ ਸ਼ੱਕਰ ਰੋਗ ਜਾਂ ਬਲੱਡ ਪ੍ਰੈੱਸ਼ਰ ਵਰਗੀਆਂ ਬੀਮਾਰੀਆਂ ਦੇ ਮਾੜੇ ਅਸਰਾਂ ਤੋਂ ਅਜਿਹੇ ਲੋਕ ਕਾਫੀ ਦੇਰ ਤਕ ਬਚੇ ਰਹਿੰਦੇ ਹਨ ਤੇ ਬਾਕੀਆਂ ਦੇ ਮੁਕਾਬਲੇ ਲੰਮੀ ਉਮਰ ਭੋਗਦੇ ਹਨ।

ਸਟੈਨਫੋਰਡ ਯੂਨੀਵਰਸਿਟੀ ਵਿਚ ਹੋਈ ਖੋਜ ਰਾਹੀਂ ਇਹ ਗੱਲ ਸਾਹਮਣੇ ਆਈ ਕਿ ਜਿੰਨੇ ਉੱਚੀ ਪਦਵੀ ਉੱਤੇ ਬੈਠੇ ਲੋਕ ਹਨ, ਉਨ੍ਹਾਂ ਦੇ ਦਿਮਾਗ਼ ਇਹ ਸੁਣੇਹਾ ਫੜ ਲੈਂਦੇ ਹਨ ਕਿ ਸਭ ਕੁੱਝ ਉਨ੍ਹਾਂ ਦੇ ਕੰਟਰੋਲ ਵਿਚ ਹੈ। ਇਹ ਬਿਲਕੁਲ ਉਸੇ ਤਰ੍ਹਾਂ ਦੀ ਖੇਡ ਹੁੰਦੀ ਹੈ ਜਿਵੇਂ ਪਾਸਾ ਸੁੱਟਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਵੇਂ 6 ਲਿਆਉਣੇ ਨੇ ਤੇ ਕਿਵੇਂ ਲੋੜ ਪੈਣ ਉੱਤੇ ਦੋ !

ਦਿਮਾਗ਼ ਅੰਦਰ ਉਪਜ ਚੁੱਕੀ ਅਜਿਹੀ ਸੋਚ ਬਹੁਤ ਸਾਰੇ ਗ਼ਲਤ ਫ਼ੈਸਲੇ ਲੈਣ ਉੱਤੇ ਮਜਬੂਰ ਕਰ ਦਿੰਦੀ ਹੈ ਤੇ ਕਈ ਵਾਰ ਅਜਿਹੇ ਫ਼ੈਸਲਿਆਂ ਉੱਤੇ ਦੁਨੀਆ ਦਾ ਇਤਿਹਾਸ ਤੱਕ ਬਦਲ ਜਾਂਦਾ ਹੈ।

ਇਸ ਤਰ੍ਹਾਂ ਦੀ ਸੋਚ ਹਾਵੀ ਹੋਣ ਨਾਲ ਸਰੀਰ ਅੰਦਰ ਹਉਮੈ ਉਪਜ ਪੈਂਦੀ ਹੈ, ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਤੇ ਬੰਦਾ, ਬਾਕੀਆਂ ਨੂੰ ਆਪਣੇ ਤੋਂ ਹੀਣ ਸਮਝਣ ਉੱਤੇ ਮਜਬੂਰ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸੋਚ ਹੀ ਆਚੇਤ ਮਨ ਰਾਹੀਂ ਸਾਹਮਣੇ ਬੈਠੇ ਇਨਸਾਨ ਨੂੰ ਆਪਣੇ ਤੋਂ ਨੀਵਾਂ ਮੰਨ ਕੇ ਉਸ ਨਾਲ ਬੋਲ ਚਾਲ ਵੇਲੇ ਖੁਰਦਰੇ ਜਾਂ ਰੁੱਖੇ ਬੋਲ ਬੋਲਣ ਉੱਤੇ ਮਜਬੂਰ ਕਰ ਦਿੰਦੀ ਹੈ।

ਨੌਰਥ ਵੈਸਟਰਨ ਯੂਨੀਵਰਸਿਟੀ ਵਿਖੇ ਹੋਈ ਖੋਜ ਰਾਹੀਂ ਇਹ ਪਤਾ ਲੱਗਿਆ ਕਿ ਜਿੰਨੀ ਉੱਚੀ ਪਦਵੀ ਉੱਤੇ ਕੋਈ ਪਹੁੰਚ ਜਾਏ, ਓਨੀ ਹੀ ਉਸ ਦੀ ਹਉਮੈ ਵਧਦੀ ਜਾਂਦੀ ਹੈ। ਇਸੇ ਲਈ ਜੋ ਵੀ ਜਣਾ ਉਸ ਹਉਮੈ ਨੂੰ ਪੱਠੇ ਪਾ ਦੇਵੇ, ਉਸ ਨੂੰ ਬੰਦਾ ਆਪਣਾ ਕਰੀਬੀ ਮੰਨ ਕੇ ਆਪਣੇ ਨਾਲ ਰੱਖਣ ਲੱਗ ਪੈਂਦਾ ਹੈ। ਇਸ ਤਰ੍ਹਾਂ ਦੇ ਚੇਲਿਆਂ ਦੀ ਭੀੜ ਵਿਚ ਜਿਹੜਾ ਫਸ ਜਾਵੇ, ਉਹ ਹੌਲੀ-ਹੌਲੀ ਚਾਪਲੂਸਾਂ ਦੀ ਲੇਸਨੁਮਾ ਗੱਲਬਾਤ ਵਿਚ ਅੜ ਕੇ ਗ਼ਲਤ ਫ਼ੈਸਲੇ ਲੈਣ ਲੱਗ ਪੈਂਦਾ ਹੈ ਤੇ ਆਪਣੇ ਆਪ ਨੂੰ ਰੱਬ ਮੰਨਣ ਲੱਗ ਪੈਂਦਾ ਹੈ।

ਮਨੋਵਿਗਿਆਨੀ ਗੈਲਿਨਸਕੀ ਨੇ ਆਪਣੀ ਪੂਰੀ ਟੀਮ ਨਾਲ ਅਨੇਕ ਉੱਚੇ ਅਹੁਦਿਆਂ ਉੱਤੇ ਬੈਠੇ ਅਧਿਕਾਰੀਆਂ ਉੱਤੇ ਅਧਿਐਨ ਕਰਨ ਬਾਅਦ ਇਹ ਤੱਥ ਕੱਢੇ ਕਿ ਲੋੜਵੰਦਾਂ ਵੱਲੋਂ ਕੱਢੇ ਹਾੜਿਆਂ ਨਾਲ ਇਹ ਛੇਤੀ ਪਸੀਜਦੇ ਨਹੀਂ ਤੇ ਇਸੇ ਲਈ ਕਈ ਵਾਰ ਹੱਦੋਂ ਵੱਧ ਕਠੋਰ ਫ਼ੈਸਲੇ ਲੈ ਕੇ ਗ਼ਰੀਬਾਂ ਉੱਤੇ ਅੱਤਿਆਚਾਰ ਵੀ ਕਰ ਜਾਂਦੇ ਹਨ।

ਖੋਜੀ ਦੇਬੋਰਾ ਨੇ ਆਪਣੇ ਅੰਕੜਿਆਂ ਰਾਹੀਂ ਸਾਬਤ ਕੀਤਾ ਹੈ ਕਿ ਬਹੁਤ ਸਾਰੇ ਤਾਕਤਵਰ ਲੋਕ ਆਪਣੇ ਗ਼ਲਤ ਫ਼ੈਸਲਿਆਂ ਨੂੰ ਸੋਧਣ ਤੇ ਆਪਣੀ ਗ਼ਲਤੀ ਮੰਨਣ ਦੀ ਬਜਾਏ ਲੋਕਾਂ ਦੀ ਤਕਲੀਫ਼ ਸਮਝੇ ਬਗ਼ੈਰ ਜ਼ੋਰ ਜਬਰ ਨਾਲ ਆਪਣੀ ਗੱਲ ਮੰਨਵਾਉਣ ਨੂੰ ਉਦੋਂ ਤਕ ਤਰਜੀਹ ਦਿੰਦੇ ਹਨ ਜਦ ਤਕ ਕਿ ਉਨ੍ਹਾਂ ਦੀ ਤਾਕਤ ਉਨ੍ਹਾਂ ਹੱਥੋਂ ਖੁਸ ਨਾ ਜਾਏ। ਯਾਨੀ ਆਪਣੀ ਹਾਰ ਮੰਨਣ ਵਿਚ ਉਨ੍ਹਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਆਪਣੀ ਗ਼ਲਤ ਗੱਲ ਮੰਨਵਾਉਣ ਲਈ ਤਾਕਤਵਰ ਲੋਕ ਵਿਰੋਧੀ ਸੁਰ ਦਾ ਕਤਲ ਤੱਕ ਕਰ ਜਾਂਦੇ ਹਨ। ਅਜਿਹਾ ਕਰਨ ਲਈ ਉਨ੍ਹਾਂ ਦਾ ਮਨ ਉਨ੍ਹਾਂ ਨੂੰ ਇਸ ਹਦ ਤਕ ਉਕਸਾਉਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਹੋਸ਼ ਨਹੀਂ ਰਹਿੰਦੀ ਤੇ ਨਾ ਹੀ ਸਹੀ ਗ਼ਲਤ ਦੀ। ਉਸ ਸਮੇਂ ਬਸ ਇੱਕੋ ਧੁਨ ਹੁੰਦੀ ਹੈ ਕਿ ਮੈਂ ਲੋਕਾਂ ਵਿਚ ਆਪਣੀ ਹੇਠੀ ਨਹੀਂ ਕਰਵਾਉਣੀ।

ਸੇਰੇਨਾ ਚੈਨ ਨੇ ਦੱਸਿਆ ਕਿ ਉਸ ਦੀ ਖੋਜ ਅਧੀਨ 37 ਫੀਸਦੀ ਅਮਰੀਕਨ ਕਾਮੇ (54 ਮਿਲੀਅਨ ਬੰਦੇ) ਇਸ ਗ਼ੱਲ ਦੀ ਹਮਾਇਤ ਭਰਦੇ ਸਨ ਕਿ ਉਨ੍ਹਾਂ ਦਾ ਅਫ਼ਸਰ ਉਨ੍ਹਾਂ ਦੀ ਬੇਇਜ਼ਤੀ ਕਰਦਾ ਹੈ ਤੇ ਚਮਚਿਆਂ ਦੀ ਭੀੜ ਵਿਚ ਘਿਰਿਆ ਕਾਮਿਆਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਦਾ ਹੈ।

ਕੁੱਝ ਕਾਮੇ ਮੰਨੇ ਕਿ ਉਨ੍ਹਾਂ ਦਾ ਅਫ਼ਸਰ ਜਦੋਂ ਜ਼ਿਆਦਾ ਕੰਮ ਲੈਣਾ ਹੋਵੇ ਤਾਂ ਉਨ੍ਹਾਂ ਨਾਲ ਚੰਗਾ ਵਿਹਾਰ ਕਰਨ ਲੱਗ ਪੈਂਦਾ ਹੈ ਪਰ ਜਦੋਂ ਕਿਸੇ ਨਾਲ ਜ਼ਿੱਦ ਵਿਚ ਫਸ ਜਾਵੇ ਤਾਂ ਉਸ ਅਫ਼ਸਰ ਤੋਂ ਭੈੜਾ ਹੋਰ ਕੋਈ ਨਹੀਂ ਹੁੰਦਾ।

ਸੰਨ 2011 ਵਿਚ ਨੀਦਰਲੈਂਡ ਦੀ ਟਿਲਬਰਗ ਯੂਨੀਵਰਸਿਟੀ ਵਿਚ 1561 ਉੱਚ ਅਧਿਕਾਰੀਆਂ ਦੀ ਜ਼ਿੰਦਗੀ ਬਾਰੇ ਪ੍ਰੋਫਾਰਮੇ ਭਰੇ ਗਏ ਤਾਂ ਪਤਾ ਲੱਗਿਆ ਕਿ 86 ਫੀਸਦੀ ਔਰਤਾਂ ਤੇ ਮਰਦ ਆਪਣੇ ਵਿਆਹੁਤਾ ਜੀਵਨ ਤੋਂ ਬਾਹਰ ਸਰੀਰਕ ਸੰਬੰਧ ਰੱਖ ਰਹੇ ਸਨ।

ਲਗਭਗ ਸਾਰੀਆਂ ਹੀ ਖੋਜਾਂ ਵਿਚ ਇਕ ਗੱਲ ਸਾਂਝੀ ਸੀ ਕਿ ਇਹ ਤੱਥ 100 ਫੀਸਦੀ ਉੱਚ ਅਧਿਕਾਰੀਆਂ ਉੱਤੇ ਲਾਗੂ ਨਹੀਂ ਹੁੰਦੇ ਤੇ ਕੁੱਝ ਗਿਣੇ ਚੁਣੇ ਅਫ਼ਸਰ ਜਾਂ ਲੀਡਰ ਲੋਕ-ਪੱਖੀ ਵੀ ਹੁੰਦੇ ਹਨ। ਇਸ ਤੋਂ ਇਲਾਵਾ ਲੰਮੇ ਸਮੇਂ ਤਕ ਇੱਕੋ ਤਾਕਤਵਰ ਸੀਟ ਉੱਤੇ ਬੈਠਾ ਬੰਦਾ ਹੌਲੀ-ਹੌਲੀ ਆਪਣੇ ਤੋਂ ਹੇਠਲਿਆਂ ਨੂੰ ਆਪਣਾ ਗੁਲਾਮ ਮੰਨਣ ਲੱਗ ਪੈਂਦਾ ਹੈ। ਜਿਹੜਾ ਬੰਦੂਕਾਂ ਜਾਂ ਅਸਲੇ ਦੇ ਸਿਰ ਉੱਤੇ ਤਾਕਤ ਹਾਸਲ ਕਰ ਰਿਹਾ ਹੋਵੇ, ਉਸ ਦੀ ਮੌਤ ਵੀ ਅਸਲੇ ਨਾਲ ਜਾਂ ਲੋਕ ਵਿਦਰੋਹ ਨਾਲ ਹੁੰਦੀ ਹੈ।

ਜਿੱਥੋਂ ਤਕ ਹਥਿਆਰਾਂ ਦਾ ਸਵਾਲ ਹੈ, ਵੱਖੋ-ਵੱਖ ਮੁਲਕਾਂ ਵਿਚਲੇ ਅੰਕੜੇ ਦੱਸਦੇ ਹਨ ਕਿ ਜਿਸ ਥਾਂ ਉੱਤੇ ਅਸਲਾ ਵੱਧ ਹੈ, ਉੱਥੇ ਲਗਭਗ ਸੱਤ ਗੁਣਾ ਵੱਧ ਲੁੱਟ ਖਸੁੱਟ ਤੇ ਕਤਲ ਵਰਗੇ ਸੰਗੀਨ ਜੁਰਮ ਹੁੰਦੇ ਹਨ।

ਅਮਰੀਕਨ ਜਰਨਲ ਔਫ ਪ੍ਰਵੈਂਟਿਵ ਮੈਡੀਸਨ ਵਿਚ ਛਪੀ ਖੋਜ ਵੀ ਸਪਸ਼ਟ ਕਰ ਰਹੀ ਹੈ ਕਿ ਘਰ ਵਿਚ ਅਸਲਾ ਪਏ ਹੋਣ ਨਾਲ ਖ਼ੁਦਕੁਸ਼ੀ ਜਾਂ ਕਤਲ ਦੇ ਮਾਮਲੇ 8 ਤੋਂ 9 ਫੀਸਦੀ ਵੱਧ ਹੋ ਜਾਂਦੇ ਹਨ। ਜੇ ਅਸਲਾ ਘਰੋਂ ਬਾਹਰ ਲਿਜਾਇਆ ਜਾ ਰਿਹਾ ਹੋਵੇ ਤਾਂ ਉਸ ਦੀ ਵਰਤੋਂ ਕਰਨ ਨੂੰ ਮਨ ਉਕਸਾਉਂਦਾ ਰਹਿੰਦਾ ਹੈ। ਸਚੇਤ ਮਨ ਅਜਿਹਾ ਕਰਨ ਤੋਂ ਰੋਕਦਾ ਹੈ, ਪਰ ਸ਼ਰਾਬ ਦੇ ਅਸਰ ਹੇਠ ਸਚੇਤ ਮਨ ਵੱਲੋਂ ਆਉਂਦੇ ਸੁਣੇਹੇ ਦੱਬੇ ਜਾਣ ਉੱਤੇ ਹਲਕੀ ਭੜਕਾਹਟ ਉੱਤੇ ਵੀ ਖ਼ੁਦਕੁਸ਼ੀ ਜਾਂ ਕਤਲ ਤੱਕ ਕਰਨਾ ਅਜਿਹੇ ਬੰਦੇ ਲਈ ਮਾਮੂਲੀ ਗੱਲ ਬਣ ਜਾਂਦੀ ਹੈ।

ਹੁਣ ਗੱਲ ਕਰੀਏ ਕਿ ਤਿੰਨੋ ਗੱਲਾਂ ਇਕੱਠੇ ਹੋ ਜਾਣ ਉੱਤੇ ਇਨਸਾਨੀ ਦਿਮਾਗ਼ ਉੱਤੇ ਕੀ ਕਹਿਰ ਢਹਿੰਦਾ ਹੈ। ਤਾਕਤ ਦੇ ਨਸ਼ੇ ਵਿਚ ਅੰਨ੍ਹਾ ਹੋਇਆ ਇਨਸਾਨ ਜੇ ਹੱਥ ਵਿਚ ਅਸਲਾ ਲੈ ਕੇ ਫਿਰ ਰਿਹਾ ਹੋਵੇ ਤੇ ਨਾਲ ਸ਼ਰਾਬ ਜਾਂ ਨਸ਼ੇ ਦਾ ਸੇਵਨ ਵੀ ਕਰ ਲਵੇ ਤਾਂ ਸਚੇਤ ਮਨ ਵੱਲੋਂ ਆਉਂਦੇ ਸੁਣੇਹੇ ਉੱਕਾ ਹੀ ਬੰਦ ਹੋ ਜਾਂਦੇ ਹਨ। ਅਜਿਹਾ ਇਨਸਾਨ ਤੁਰਦਾ ਫਿਰਦਾ ਬਾਰੂਦ ਹੁੰਦਾ ਹੈ ਜਿਹੜਾ ਹਲਕੀ ਜਿਹੀ ਚਿੰਗਾਰੀ ਨਾਲ ਹੀ ਫਟ ਜਾਂਦਾ ਹੈ। ਇਸ ਤਰ੍ਹਾਂ ਦੇ ਬਾਰੂਦ ਸਾਹਮਣੇ ਕੋਈ ਰਿਸ਼ਤਾ-ਮਾਂ, ਭੈਣ, ਪਿਓ, ਭਰਾ, ਰਿਸ਼ਤੇਦਾਰ, ਆਂਢੀ-ਗੁਆਂਢੀ, ਪੁਲੀਸ, ਕਾਨੂੰਨ, ਮਾਇਨੇ ਨਹੀਂ ਰੱਖਦੇ ਕਿਉਂਕਿ ਸੋਚਣ ਸਮਝਣ ਦੀ ਸਮਰਥਾ ਖ਼ਤਮ ਹੋ ਚੁੱਕੀ ਹੁੰਦੀ ਹੈ। ਏਸੇ ਲਈ ਕਈ ਵਾਰ ਹਥਿਆਰ ਫੜੀ ਦੋ ਬੰਦਿਆਂ ਦੇ ਝਗੜਨ ਸਮੇਂ ਕੋਈ ਰਾਹਗੀਰ, ਜੋ ਸਮਝਾਉਣ ਆਇਆ ਹੋਵੇ ਤੇ ਲੜਾਈ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਅਜਿਹੇ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਗੋਲੀ ਖਾ ਕੇ ਮਰ ਜਾਂਦਾ ਹੈ ਕਿਉਂਕਿ ਉਸ ਸਮੇਂ ਦੋਵਾਂ ਨੂੰ ਇਹ ਤੀਜਾ ਵਿਚ ਆ ਕੇ ਫਸਿਆ ਉਨ੍ਹਾਂ ਦੀ ਹਉਮੈ ਨੂੰ ਢਾਅ ਲਾ ਰਿਹਾ ਮਹਿਸੂਸ ਹੁੰਦਾ ਹੈ।

ਵਿਆਹਾਂ ਦੇ ਸਮਾਗਮਾਂ ਉੱਤੇ, ਸਿਆਸਤਦਾਨਾਂ ਦੀਆਂ ਰੈਲੀਆਂ ਵਿਚ, ਜਾਇਦਾਦਾਂ ਦੇ ਝਗੜਿਆਂ ਵਿਚ, ਜਾਂ ਅਜਿਹੇ ਹੀ ਕਿਸੇ ਹੋਰ ਥਾਂ ਜਿੱਥੇ ਤਾਕਤ ਦਾ ਨਸ਼ਾ ਹੋਵੇ, ਅਸਲਾ ਹੋਵੇ ਤੇ ਨਾਲ ਸ਼ਰਾਬ ਦੀ ਵਰਤੋਂ ਵੀ ਹੋਵੇ, ਨਿੱਕੀ ਮੋਟੀ ਕਹਾ-ਸੁਣੀ ਉੱਤੇ ਗੋਲੀ ਚਲਣੀ ਲਾਜ਼ਮੀ ਹੈ ਤੇ ਕਿਸੇ ਨਾ ਕਿਸੇ ਬੇਕਸੂਰੇ ਦੀ ਮੌਤ ਵੀ।

ਇਸੇ ਲਈ ਵਿਕਸਿਤ ਦੇਸਾਂ ਵਿਚ ਹੋਈਆਂ ਕੋਈ ਵੀ ਖੋਜਾਂ ਹਥਿਆਰਾਂ ਨੂੰ ਪ੍ਰੋਤਸਾਹਿਤ ਨਹੀਂ ਕਰਦੀਆਂ। ਪਰ, ਤਾਕਤ ਦੇ ਨਸ਼ੇ ਵਿਚ ਅੰਨ੍ਹੇ ਹੋਏ ਅਧਿਕਾਰੀ ਇਨ੍ਹਾਂ ਖੋਜਾਂ ਦੀ ਪਰਵਾਹ ਨਹੀਂ ਕਰਦੇ ਤੇ ਨਾ ਹੀ ਇਤਿਹਾਸ ਵਿਚ ਝਾਕਦੇ ਹਨ। ਉਨ੍ਹਾਂ ਲਈ ਉਨ੍ਹਾਂ ਦਾ ਅੱਜ, ਤਾਕਤ ਦਾ ਨਸ਼ਾ ਤੇ ਚਮਚਿਆਂ ਦੀ ਭੀੜ ਹੀ ਰੱਬ ਬਣਾਉਣ ਲਈ ਬਥੇਰੀ ਹੁੰਦੀ ਹੈ, ਜਿੱਥੇ ਮੌਤ ਦਾ ਭੈਅ ਖ਼ਤਮ ਹੋ ਜਾਂਦਾ ਹੈ।

ਇਤਿਹਾਸ ਗਵਾਹ ਹੈ ਕਿ ਜਿੰਨੀ ਵਾਰ ਅਜਿਹੇ ਹਾਕਮਾਂ ਦਾ ਭਰਵਾਂ ਵਿਰੋਧ ਹੋਇਆ ਹੈ ਜਾਂ ਕਤਲ ਹੋਇਆ ਹੈ, ਉਸ ਸਮੇਂ ਮੌਤ ਨੂੰ ਸਾਹਮਣੇ ਵੇਖ ਉਹ ਰੋਂਦੇ ਤੇ ਗਿੜਗਿੜਾਉਂਦੇ ਵੇਖੇ ਗਏ ਹਨ ਕਿਉਂਕਿ ਉਸ ਸਮੇਂ ਅਕਲ ਤੋਂ ਪਰਦਾ ਪਰ੍ਹਾਂ ਹੋ ਜਾਂਦਾ ਹੈ ਤੇ ਹਉਮੈ ਕਿਧਰੇ ਉੱਡ ਪੁੱਡ ਜਾਂਦੀ ਹੈ।

ਬਹੁਤ ਸਾਰੇ ਤਾਕਤਵਰ ਅਧਿਕਾਰੀ ਜਦੋਂ ਅਹੁਦੇ ਤੋਂ ਮੁਕਤ ਕੀਤੇ ਜਾਂਦੇ ਹਨ ਤਾਂ ਉਸ ਤੋਂ ਬਾਅਦ ਬਹੁਤੀ ਦੇਰ ਜੀਅ ਨਹੀਂ ਸਕਦੇ ਕਿਉਂਕਿ ਸਰੀਰ ਅੰਦਰ ਬੀਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਜਾਂਦੀ ਹੈ ਤੇ ਬੀਮਾਰੀਆਂ ਦੇ ਮਾੜੇ ਅਸਰ ਵੀ ਦਿਸਣ ਲੱਗ ਪੈਂਦੇ ਹਨ।

ਇਨ੍ਹਾਂ ਵਿੱਚੋਂ ਸਿਰਫ਼ ਸਿਆਸਤਦਾਨ ਕੁਰਸੀ ਖੁੱਸਣ ਉੱਤੇ ਢਹਿੰਦੀ ਕਲਾ ਵਿਚ ਸੌਖਿਆਂ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਦੇ ਪੱਕੇ ਚਮਚੇ ਉਨ੍ਹਾਂ ਦੇ ਦੁਆਲੇ ਘੁੰਮਦੀ ਹਉਮੈ ਦੀ ਚਮਕ ਵਿੱਚੋਂ ਰੌਸ਼ਨੀ ਭਾਲਦੇ ਚਿਪਕੇ ਰਹਿੰਦੇ ਹਨ, ਕੀ ਪਤਾ ਕਦੋਂ ਦੁਬਾਰਾ ਕੁਰਸੀ ਮਿਲ ਜਾਵੇ  !

ਖੈਰ ! ਖੋਜਾਂ ਜੋ ਵੀ ਤੱਥ ਸਾਹਮਣੇ ਲਿਆ ਰੱਖਣ, ਅਖ਼ੀਰ ਸਭ ਤੋਂ ਵੱਧ ਮਾਰ ਸਹਿੰਦਾ ਹੈ ਆਮ ਬੰਦਾ ਜੋ ਤਾਕਤਵਰ ਥੱਲੇ ਪਿਸਦਾ ਪਿਸਦਾ ਰੋਜ਼ੀ ਰੋਟੀ ਦੇ ਜੁਗਾੜ ਵਿਚ ਕਿਸੇ ਭਟਕੀ ਗੋਲੀ ਦਾ ਸ਼ਿਕਾਰ ਹੋ ਕੇ ਆਪ ਤਾਂ ਚਿੰਤਾ-ਮੁਕਤ ਹੋ ਜਾਂਦਾ ਹੈ ਪਰ ਪਿੱਛੇ ਛੱਡੇ ਆਪਣੇ ਟੱਬਰ ਨੂੰ ਮੁਥਾਜ ਕਰ ਜਾਂਦਾ ਹੈ।

ਨਾ ਕਿਸੇ ਮਨੋਵਿਗਿਆਨੀ ਜਾਂ ਖੋਜੀ ਦੇ ਤੱਥਾਂ ਨੂੰ ਹੀ ਵੇਖ ਕੇ ਕਿਸੇ ਨੇ ਅਸਲੇ ਦੀ ਵਰਤੋਂ ਘਟਾਉਣੀ ਹੈ, ਨਾ ਮੇਰੇ ਦੱਸਣ ਜਾਂ ਸਮਝਾਉਣ ਉੱਤੇ, ਪਰ ਸਟੀਫਨ ਕਿੰਗ ਦਾ ਕਿਹਾ ਸ਼ਾਇਦ ਕਿਸੇ ਉੱਤੇ ਅਸਰ ਕਰ ਜਾਏ, ਜਿਸ ਕਿਹਾ ਸੀ-ਕਿੰਨੇ ਬੇਕਸੂਰ ਲੋਕਾਂ ਦੇ ਮਾਰੇ ਜਾਣ ਦੀ ਉਡੀਕ ਕਰਾਂਗੇ ਜਦੋਂ ਕਾਨੂੰਨ ਜਾਗ ਕੇ ਇਨ੍ਹਾਂ ਖ਼ਤਰਨਾਕ ਖਿਡੌਣਿਆਂ ਉੱਤੇ ਰੋਕ ਲਾਏਗਾ ?

ਬੇਨਜ਼ੀਰ ਭੁੱਟੋ ਨੇ ਵੀ ਕਿਹਾ ਸੀ-ਮਿਲਟਰੀ ਡਿਕਟੇਟਰਸ਼ਿਪ ਬੰਦੂਕ ਦੇ ਸਿਰ ਉੱਤੇ ਪਨਪਦੀ ਹੈ। ਇਸੇ ਲਈ ਇਸ ਹੇਠ ਕਾਨੂੰਨ ਦੱਬਿਆ ਜਾਂਦਾ ਹੈ ਤੇ ਫਿਰ ਜਨਮ ਹੁੰਦਾ ਹੈ ਤਾਕਤ ਦੇ ਅੰਨ੍ਹੇ ਲੋਕਾਂ ਦਾ, ਜੋ ਹਥਿਆਰਾਂ ਦੀ ਸੰਘਣੀ ਛਾਂ ਹੇਠ ਜ਼ੁਲਮ, ਜਬਰ ਤੇ ਅਸਹਿਣਸ਼ੀਲਤਾ ਨੂੰ ਜਨਮ ਦਿੰਦੇ ਹਨ।

ਅਮਰੀਕਾ ਵਰਗਾ ਮੁਲਕ ਵੀ ਮੰਨ ਚੁੱਕਿਆ ਹੈ ਕਿ ਹਥਿਆਰਾਂ ਸਦਕਾ ਉੱਥੇ ਜੁਰਮ 26 ਫੀਸਦੀ ਵੱਧ ਚੁੱਕਿਆ ਹੈ ਤੇ ਕਾਰਨ ਹੈ ਕਿ ਗਰੀਬ ਤਬਕਾ ਹਿੰਮਤ ਨਹੀਂ ਵਿਖਾਉਂਦਾ, ਡਰ ਕੇ ਦੁਬਕ ਜਾਂਦਾ ਹੈ; ਮੱਧ ਵਰਗ ਆਪੋ ਆਪਣੇ ਕੰਮਾਂ ਵਿਚ ਮਸਤ ਹੈ ਤੇ ਉਸ ਕੋਲ ਇਸ ਵਾਸਤੇ ਫੁਰਸਤ ਹੀ ਨਹੀਂ ਹੈ। ਇਸੇ ਲਈ ਗਿਣਤੀ ਦੇ ਅਮੀਰ, ਤਾਕਤਵਰ ਤੇ ਸ਼ੌਕੀਨ ਲੋਕ ਹਥਿਆਰਾਂ ਨੂੰ ਜ਼ਰੂਰਤ ਮੰਨ ਕੇ ਆਪਣੀ ਚੌਧਰ ਜਮਾਉਣ ਲਈ ਬਾਕੀਆਂ ਉੱਤੇ ਹਕੂਮਤ ਕਰੀ ਜਾਂਦੇ ਹਨ।

ਹੁਣ ਫ਼ੈਸਲਾ ਲੋਕਾਂ ਹੱਥ ਹੈ ਕਿ ਉਨ੍ਹਾਂ ਹਿਟਲਰ ਤੇ ਬਗਦਾਦੀ ਦੀ ਪੌਦ ਵਧਾਉਣੀ ਹੈ ਕਿ ਬੁੱਧ, ਨਾਨਕ ਜਾਂ ਈਸਾ ਮਸੀਹ ਵਰਗੇ ਮਹਾਂਪੁਰਖਾਂ ਦੀ ਸੋਚ ਅਗਾਂਹ ਤੋਰਨੀ ਹੈ !

ਵੱਖ-ਵੱਖ ਕੈਲੰਡਰਾਂ ਦੀ ਸਮੱਸਿਆ

0

ਵੱਖ-ਵੱਖ ਕੈਲੰਡਰਾਂ ਦੀ ਸਮੱਸਿਆ 

ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਮਾਨਸਿਕਤਾ `ਚ ਘਰ ਕਰ ਚੁੱਕੀਆਂ ਇਹ ਦੋ ਵੱਖ-ਵੱਖ ਕੈਲੰਡਰਾਂ ਦੀਆਂ ਤਾਰੀਖ਼ਾਂ, 23 ਪੋਹ ਅਤੇ ਪੋਹ ਸੁਦੀ 7 ਭਾਵੇਂ ਅੱਜ ਤੋਂ 350 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। 1666 ਈ: ਤੋਂ ਪਿਛੋਂ ਇਹ 1685, 1704 ਅਤੇ 1742 ਈ: ਨੂੰ ਇਕੱਠੀਆਂ ਆਈਆਂ ਸਨ। ਹਰ ਸਾਲ ਦੋਵਾਂ ਤਾਰੀਖ਼ਾਂ ਦਾ ਇਕੱਠੇ ਨਾ ਆਉਣ ਦਾ ਕਾਰਨ ਇਹ ਹੈ ਕਿ ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰ ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖ਼ਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਬਣਦੀ ਜਾਂ ਰਹੀ ਹੈ। ਇਹ ਚੁਣੌਤੀ, ਕਿਸੇ ਹੋਰ ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰੀਏ। 

ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾਂ ਤਾਂ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਵਿਦਵਾਨ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਪਹਿਲਾਂ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚਲਤ ਹੈ। ਹਿੰਦੂ ਧਰਮ ਵਿਚ ਚੰਦਰ-ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚਲਿਤ ਹੈ ਅਤੇ ਸਿਖ ਧਰਮ ਵਿਚ ਚੰਦਰ-ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਗਰੈਗੋਰੀਅਨ ਕੈਲੰਡਰ ਜਿਸ ਨੂੰ ਸੀ: ਈ: ਕੈਲੰਡਰ  ਵੀ ਕਹਿੰਦੇ ਹਨ, ਪ੍ਰਚਲਿਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀਂ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ। 

ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.2422 ਦਿਨਾਂ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ ਕਿਹਾ ਜਾਂਦਾ ਹੈ। ਧਰਤੀ ਉਪਰ ਰੁਤਾਂ ਇਸ ਮੁਤਾਬਕ ਬਦਲਦੀਆਂ ਹਨ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ। ਇਸ ਦਾ ਇਕ ਚੱਕਰ 29.53 ਦਿਨਾਂ ਵਿੱਚ ਪੂਰਾ ਹੁੰਦਾ ਹੈ। ਚੰਦ ਦੇ ਸਾਲ ਵਿੱਚ 12 ਮਹੀਨੇ ਹੁੰਦੇ ਹਨ। ਇਸ ਮੁਤਾਬਕ ਚੰਦ ਦੇ ਇਕ ਸਾਲ ਵਿਚ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਬਣਦੇ ਹਨ। ਚੰਦ ਦਾ ਇਕ ਸਾਲ ਰੁੱਤੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ਉਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾ।  ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ 2016 ਈ: ਵਿਚ 16 ਜਨਵਰੀ ਆਇਆ ਸੀ ਅਤੇ ਹੁਣ 2017 ਵਿੱਚ 5 ਜਨਵਰੀ ਨੂੰ। ਇਸ ਤੋਂ ਅਗਲਾ ਦਿਹਾੜਾ ਇਸੇ ਸਾਲ 25 ਦਸੰਬਰ (2017 ਈ:) ਨੂੰ ਆਵੇਗਾ। ਇਸ ਹਿਸਾਬ ਨਾਲ ਤਾਂ ਉਸ ਤੋਂ ਅਗਲਾ ਦਿਹਾੜਾ 14 ਦਸੰਬਰ 2018 ਈ: ਨੂੰ ਆਉਣਾ ਚਾਹੀਦਾ ਹੈ ਪਰ ਅਜੇਹਾ ਨਹੀਂ ਹੋਵੇਗਾ। ਹੁਣ ਇਹ ਦਿਹਾੜਾ 29 ਪੋਹ/13 ਜਨਵਰੀ 2019 ਈ: ਦਿਨ ਐਤਵਾਰ ਨੂੰ ਆਵੇਗਾ। ਅਜੇਹਾ ਕਿਉਂ ?

ਜਿਵੇਂ ਕਿ ਉਪਰ ਪੜ੍ਹ ਚੁੱਕੇ ਹਾਂ ਕਿ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਜਦੋਂ ਚੰਦ ਦਾ ਸਾਲ, ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ।  2018 ਈ: ਵਿਚ ਚੰਦ ਦੇ ਕੈਲੰਡਰ ਵਿੱਚ ਜੇਠ ਦਾ ਮਹੀਨਾ ਦੋ ਵਾਰੀ ਆਵੇਗਾ।  19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ।  ਇਹ ਤੇਰਵੇਂ ਮਹੀਨੇ ਜਿਸ ਨੂੰ ਮਲਮਾਸ ਜਾਂ ਲੌਂਦ ਦੇ ਮਹੀਨੇ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹਨਾਂ ਮਹੀਨਿਆਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਹਨਾਂ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਨਤੀਜੇ ਵੱਜੋਂ,  ਮਲਮਾਸ ਤੋਂ ਪਿਛੋਂ ਆਉਣ ਵਾਲੇ ਗੁਰ ਪੁਰਬ ਪਿਛਲੇ ਸਾਲ ਨਾਲੋਂ 18/19 ਦਿਨ ਪਛੜ ਜਾਂਦੇ ਹਨ।  2018 ਈ: ਵਿਚ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/84 ਦਿਨ ਹੋਣਗੇ। ਚੰਦ ਦਾ ਸਾਲ ਜੋ ਆਮ ਤੌਰ ਤੇ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ, ਇਸ ਸਾਲ 18/19 ਦਿਨ ਵੱਡਾ ਹੋਵੇਗਾ। ਇਸ ਕਾਰਨ ਜਿਹੜਾ ਦਿਹਾੜਾ 14 ਦਸੰਬਰ 2018 ਈ: ਨੂੰ ਆਉਣਾ ਚਾਹੀਦਾ ਸੀ ਹੁਣ ਉਹ 2019 ਵਿਚ 13 ਜਨਵਰੀ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰ ਪੁਰਬ 11 ਦਿਨ ਪਹਿਲਾਂ ਭਾਵ 2 ਜਨਵਰੀ 2020 ਈ: ਨੂੰ ਆਵੇਗਾ। ਇਹ ਹੈ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਸਮੱਸਿਆ। ਹੁਣ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਰੱਖਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਅਪਨਾ ਲਿਆ ਜਾਵੇ ?

ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਸੀ। ਜਦੋਂ ਇਸੇ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ 1666 ਈ: ਲਿਖੀ ਗਈ ਸੀ। ਯਾਦ ਰਹੇ ਸਾਡੇ ਦੇਸ਼ ਵਿੱਚ ਇਹ ਕੈਲੰਡਰ ਗੋਰਿਆਂ ਦੇ ਆਉਣ ਨਾਲ ਹੀ ਆਇਆ ਸੀ। 1666 ਈ: ਤੋਂ ਪਿਛੋਂ 1685 ਅਤੇ 1704 ਈ: ਵਿੱਚ ਇਹ ਤਿੰਨੇ ਤਾਰੀਖ਼ਾਂ ਇਕੱਠੀਆਂ ਆਈਆਂ ਸਨ। ਪਰ ਹੁਣ ਮੁੜ ਇਹ ਤਿੰਨੇ ਤਾਰੀਖ਼ਾਂ ਹਜ਼ਾਰਾਂ ਸਾਲ ਇਕੱਠੀਆਂ ਨਹੀਂ ਆਉਣਗੀਆਂ ਕਿਉਂਕਿ ਇੰਗਲੈਂਡ ਵਾਲਿਆਂ ਨੇ 1752 ਈ: `ਚ 3 ਸਤੰਬਰ ਨੂੰ (11 ਦਿਨ ਵਧਾਉਣ ਉਪਰੰਤ) 14 ਸਤੰਬਰ ਮੰਨ ਕੇ ਜੂਲੀਅਨ ਨੂੰ ਗਰੈਗੋਰੀਅਨ ਬਣਾ ਦਿੱਤਾ ਗਿਆ ਸੀ। 1753 ਈ: ਵਿੱਚ 23 ਪੋਹ 2 ਜਨਵਰੀ ਨੂੰ ਆਈ ਸੀ। ਫਰਜ਼ ਕਰੋ ਕਿ ਅਗਰ ਇੰਗਲੈਂਡ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ ਅਕਤੂਬਰ 1582 ਈ: ਵਿੱਚ ਹੀ ਮਾਨਤਾ ਦੇ ਦਿੰਦਾ ਤਾਂ ਇਹ ਤਾਰੀਖ ਗਰੈਗੋਰੀਅਨ ਕੈਲੰਡਰ ਵਿੱਚ ਲਿਖੀ ਜਾਣੀ ਸੀ, ਜੋ 1 ਜਨਵਰੀ 1667 ਈ: ਬਣਦੀ ।  ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ ?  ਨਹੀ ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ `ਚੋਂ ਨਿਕਲ ਜਾਂਦੇ ਹਾਂ ਅਤੇ ਇਹ ਤਾਰੀਖ ਵੀ ਸਭ ਨੂੰ ਯਾਦ ਹੋ ਜਾਵੇਗੀ। ਸਾਡਾ ਇਹ ਨਫ਼ਾ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।

ਹੁਣ ਜਦੋਂ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666 ਤੋਂ 1751 ਤਾਈਂ 23 ਪੋਹ 22 ਦਸੰਬਰ (ਜੂਲੀਅਨ) ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫਰਕ ਕਾਰਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1753 ਈ: ਵਿਚ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਰੁੱਤੀ ਕੈਲੰਡਰ ਦੀ ਲੰਬਾਈ ਵਿਚ ਅੰਤਰ।  1964 ਈ: ਤੋਂ ਪਹਿਲਾਂ ਸਾਰੇ ਭਾਰਤ ਵਿਚ ਸੂਰਜੀ ਸਿਧਾਂਤ ਤੇ ਅਧਾਰਿਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365.2587 ਦਿਨ ਸੀ। ਇਹ ਲੰਬਾਈ ਰੁੱਤੀ ਸਾਲ ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਨ੍ਹਾਂ ਦੋਵਾਂ ਵਿੱਚ 60 ਸਾਲਾਂ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਇਸ ਵਿਚ ਸੋਧ ਕਰਨ ਉਪਰੰਤ ਦ੍ਰਿਕਗਿਣਤ ਸਿਧਾਂਤ ਮੁਤਾਬਕ ਬਿਕ੍ਰਮੀ ਕੈਲੰਡਰ ਹੋਂਦ ਵਿਚ ਆਇਆ, ਜਿਸ ਦੀ ਲੰਬਾਈ 365. 2563 ਦਿਨ ਮੰਨੀ ਗਈ ਹੈ। ਸਾਲ ਦੀ ਇਹ ਲੰਬਾਈ ਵੀ ਰੁੱਤੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਇਸ ਕਾਰਨ ਰੁੱਤੀ ਸਾਲ ਨਾਲੋਂ 72 ਸਾਲਾਂ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ।

ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵੱਧਦਾ ਹੀ ਰਹੇਗਾ ਤਾਂ ਸੂਰਜੀ ਬਿਕ੍ਰਮੀ ਸਾਲ ਦੀ ਲੰਬਾਈ, ਜੋ ਦ੍ਰਿਕਗਿਣਤ ਸਿਧਾਂਤ ਅਨੁਸਾਰ 365.2563 ਦਿਨ ਹੈ, ਨੂੰ ਰੁੱਤੀ ਸਾਲ ਦੀ ਲੰਬਾਈ ਦੇ ਬਰਾਬਰ ਭਾਵ 365.2425 ਦਿਨ ਅਤੇ ਵਦੀ-ਸਦੀ ਦੀ ਥਾਂ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਗਿਆ ਤਾਂ ਜੋ ਹਰ ਸਾਲ ਇਹ ਦਿਹਾੜਾ, 11 ਦਿਨ ਪਹਿਲਾਂ ਜਾਂ 18/19 ਦਿਨ ਪਿਛੋਂ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਦਾ ਲਾਭ ਇਹ ਹੋਇਆ ਕਿ ਹਰ ਸਾਲ ਜਦੋਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਭਾਵ  23 ਪੋਹ ਆਵੇਗੀ ਤਾਂ ਗਰੈਗੋਰੀਅਨ ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 2003 ਈ: ਵਿਚ ਇਸ ਕੈਲੰਡਰ ਨੂੰ ਮਾਨਤਾ ਵੀ ਦੇ ਦਿੱਤੀ, ਪਰ ਅਚਾਨਕ ਹੀ ਬਿਨਾਂ ਕਿਸੇ ਕਾਰਨ ਦੇ 2010 ਈ: ਵਿੱਚ 23 ਪੋਹ ਨੂੰ ਰੱਦ ਕਰਕੇ, ਮੁੜ ਪੋਹ ਸੁਦੀ 7 ਨੂੰ ਮੁਖ ਰੱਖ ਲਿਆ ਗਿਆ।  2017 ਈ: ਵਿੱਚ ਜਦੋਂ ਅਸੀਂ 350 ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋਵਾਂਗੇ ਤਾਂ ਇਸ ਸਾਲ ਪੋਹ ਸੁਦੀ 7, ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਮੁਤਾਬਕ  23 ਪੋਹ/5 ਜਨਵਰੀ ਨੂੰ ਹੀ ਆ ਗਈ ਹੈ। ਕਿੰਨਾ ਚੰਗਾ ਹੋਵੇ ਕਿ ਅਸੀਂ ਹਰ ਸਾਲ ੨੩ ਪੋਹ (ਨਾਨਕਸ਼ਾਹੀ) ਨੂੰ ਹੀ ਇਹ ਗੁਰ ਪੁਰਬ ਮਨਾਇਆ ਕਰੀਏ ਤਾਂ ਕਿ ਈਸਾਈ ਜਗਤ ਦੀ ਕ੍ਰਿਸਮਿਸ ਵਾਂਗ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਵੀ, ਸਾਰੇ ਜਗਤ ਨੂੰ ਯਾਦ ਹੋ ਜਾਵੇ।

ਸਿੱਖ ਬੜੇ ਸਮਝਦਾਰ ਹੋ ਗਏ ਨੇ

0

ਸਿੱਖ ਬੜੇ ਸਮਝਦਾਰ ਹੋ ਗਏ ਨੇ

ਇਕਵਾਕ ਸਿੰਘ ਪੱਟੀ-98150-24920

ਸਿੱਖ, ਭਾਵ ਸਿੱਖਣਾ। ਗੁਰੂ ਕਾਲ ਦੌਰਾਨ ਜਿਸ ਕਿਸੇ ਨੇ ਵੀ ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਿਆ, ਉਹ ਹੋਰ ਸਮਝਣ ਲਈ ਤਿਆਰ ਹੋ ਗਿਆ, ਹੋਰ ਸਿੱਖਣ ਲਈ ਤਿਆਰ ਹੋ ਗਿਆ ਅਤੇ ਗੁਰੂ ਨਾਨਕ ਵਿਚਾਰਧਾਰਾ ਦੇ ਪਾਂਧੀਆਂ ਨੂੰ ਸਿੱਖ ਕਿਹਾ ਜਾਣ ਲੱਗ ਪਿਆ ਅਤੇ ਇਸ ਤਰ੍ਹਾਂ ਗੁਰੂ ਵਾਕ ‘‘ਜਾਨਉ ਨਹੀ; ਭਾਵੈ ਕਵਨ ਬਾਤਾ ॥ ਮਨ  ! ਖੋਜਿ ਮਾਰਗੁ ॥੧॥ ਰਹਾਉ ॥’’ (ਮ: ੫/੭੧) ਦੇ ਸਿਧਾਂਤ ਰਾਹੀਂ ਰੋਜ਼ਾਨਾ ਹੀ ‘‘ਬੰਦੇ  ! ਖੋਜੁ ਦਿਲ ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥’’ (ਭਗਤ ਕਬੀਰ/੭੨੭) ਵਾਲੀ ਗੁਰਮਤਿ ਪ੍ਰੰਪਰਾ ਨੂੰ ਸਿੱਖਣ ਵਾਲੇ ਸਿੱਖ, ਆਪਣੇ ਜੀਵਣ ਢੰਗ ਨੂੰ ਸੁਖਾਲਾ ਅਤੇ ਅਨੰਦਮਈ ਕਰਦੇ ਗਏ। ਸਮਾਂ ਜਾਂਦਿਆਂ ਇਸ ਨਵੀਂ ਨਰੋਈ ਵਿਚਾਰਧਾਰਾ ਨੂੰ ਅਪਨਾਉਣ/ਮੰਨਣ ਵਾਲੇ ਇਹਨਾਂ ਸਿੱਖਿਆਰਥੀਆਂ/ਸਿੱਖਾਂ ਦੇ ਇਸ ਕਾਫਲੇ ਨੂੰ ‘ਸਿੱਖ ਧਰਮ’ ਵੱਜੋਂ ਮਾਨਤਾ ਮਿਲਣੀ ਸ਼ੁਰੂ ਹੋ ਗਈ। ਇਸ ਦੇ ਬਾਵਜੂਦ ਆਪਣੇ ਸੱਚ ਦੇ ਧਰਮ ਵਿੱਚ ਪੱਕਿਆਂ ਰਹਿੰਦੇ ਹੋਏ ‘‘ਗੁਰਮੁਖ ਗਾਡੀ ਰਾਹੁ ਚਲੰਦਾ ॥’’ (ਭਾਈ ਗੁਰਦਾਸ ਜੀ/ਵਾਰ ੪੦ ਪਉੜੀ ੧੧) ਦੇ ਪਾਂਧੀਆਂ ਨੇ ਅਜਿਹਾ ਇਤਿਹਾਸ ਸਿਰਜਿਆ ਜਿਸ ਦਾ ਬਦਲ ਕੁੱਲ ਦੁਨੀਆਂ ਨੂੰ ਨਾ ਮਿਲਿਆ ਨਾ ਮਿਲ ਸਕੇਗਾ। ਗੁਰਬਾਣੀ ਤੋਂ ਕੁਰਬਾਨੀ, ਭਗਤੀ-ਸ਼ਕਤੀ, ਮੀਰੀ-ਪੀਰੀ ਦੇ ਸਿਧਾਂਤਾਂ ਨੂੰ ਜਿੰਦਗੀ ਦਾ ਅਧਾਰ ਬਣਾ ਕੇ ਚੱਲਣ ਵਾਲੇ ਇਹਨਾਂ ਮਰਜੀਵੜੇ ਸਿੱਖਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ, ਜੋ ਦੁਨੀਆਂ ਦੇ ਇਤਿਹਾਸ ਤੋਂ ਕਿਤੇ ਵੱਖਰੇ ਸਨ। ਸਬਰ, ਦ੍ਰਿੜ੍ਹਤਾ, ਕੁਰਬਾਨੀ, ਮਨੁੱਖੀ ਹੱਕਾਂ, ਇਨਸਾਫ਼ ਕੀ ਹਰ ਕਸਵੱਟੀ ’ਤੇ ਖਰਾ ਉੱਤਰਿਆ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਵਾਲਾ ਹਰ ਸਿੱਖ, ਭਾਵੇਂ ਕਿ ਉਹ ਕਿਸੇ ਹੋਰ ਦੂਜੇ ਮਜ਼ਹਬ/ਧਰਮ, ਜ਼ਾਤ/ਬਿਰਾਦਰੀ ਨਾਲ ਸੰਬੰਧ ਰੱਖਦਾ ਸੀ, ਪਰ ਮਨੁੱਖੀ ਹੱਕਾਂ ਲਈ ਜੂਝ ਕੇ ਲੜਿਆ ਅਤੇ ਮਰਿਆ ਗੁਰੂ ਦਾ ਸਿੱਖ। ਹਮੇਸ਼ਾਂ ਚੜ੍ਹਦੀ ਕਲਾ ਵਿੱਚ ਵਿਚਰਿਆ, ਰਾਜ ਤੱਕ ਸਥਾਪਤ ਕੀਤਾ, ਆਪਣੀ ਕਰੰਸੀ (ਆਪਣੇ ਸਿੱਕੇ) ਤੱਕ ਚਲਾ ਦਿੱਤੇ, ਹਰ ਮੈਦਾਨ ਫਤਿਹ ਕੀਤਾ। ਹਰ ਫੈਸਲਾ ਬੜੇ ਹੀ ਸੁਚੱਜੇ ਢੰਗ ਅਤੇ ਗੰਭੀਰਤਾ ਨਾਲ, ਬੜੀ ਹੀ ਸੰਵੇਦਨਸ਼ੀਲ਼ਤਾ ਅਤੇ ਦੂਰਅੰਦੇਸ਼ੀ ਨਾਲ ਕਰਦੇ ਰਹੇ, ਕਿਉਂਕਿ ਹਰ ਫੈਸਲਾ ਗੁਰੂ ਗ੍ਰੰਥ ਅਤੇ ਪੰਥ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਰਿਹਾ ਸੀ। ਸੱਚ-ਮੁੱਚ ਬਹੁਤ ਹੀ ਸਮਝਦਾਰ ਸਨ ‘ਸਾਡੇ ਬਜ਼ੁਰਗ ਸਿੱਖ’।

ਮੁਆਫ ਕਰਨਾ, ਮੈਂ ਵਿਸ਼ੇ ਤੋਂ ਬਾਹਰ ਹੋ ਗਿਆ ਕਿਉਂਕਿ ਇਸ ਲੇਖ ਦਾ ਸਿਰਲੇਖ ਉਹਨਾਂ ਸਿੱਖਾਂ ਵਾਸਤੇ ਨਹੀਂ, ਜਿਨ੍ਹਾਂ ਦਾ ਸੰਖੇਪ ਜ਼ਿਕਰ ਉੱਪਰ ਕਰ ਆਇਆ ਹਾਂ, ਇਸ ਲੇਖ ਦਾ ਸੰਬੰਧ ਪੂਰਣ ਤੌਰ ਤੇ ਅੱਜ ਦੇ ਸਿੱਖਾਂ ਨਾਲ ਹੈ, ਸੋ ਆਉ ! ਅੱਜ ਦੇ ਸਿੱਖਾਂ ਦੀ ਸਮਝਦਾਰੀ/ਸਿਆਣਪ ਦਾ ਨਮੂਨਾ ਦੇਖਦੇ ਹਾਂ:

ਹੁਣ ਸਿੱਖ, ਨਾਨਕ ਵਿਚਾਰਧਾਰਾ ਤੇ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਦੀ ਬਜਾਇ ਜ਼ਾਤ-ਪਾਤ ਅਧਾਰਿਤ ਬਣੇ ਸੰਗਮਰਮਰ ਦੇ ਗੁਰਦੁਆਰਿਆਂ ਨੂੰ ਵਧੇਰੇ ਮਾਨਤਾ ਦਿੰਦੇ ਹਨ।

ਹੁਣ ਸਿੱਖ, ਕਾਹਲੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਤੋਂ ਬਾਅਦ, ਜੋਤ ਨੂੰ ਮੱਥਾ ਟੇਕਣ ਲਈ ਬੜੀ ਹੀ ਸ਼ਿੱਦਤ ਅਤੇ ਸਬਰ ਨਾਲ ਇੰਤਜ਼ਾਰ ਕਰਦੇ ਵੇਖੇ ਜਾ ਸਕਦੇ ਹਨ।

ਹੁਣ ਸਿੱਖ, ਤਖਤੀ ’ਤੇ ਲਿਖਿਆ ਹੋਇਆ ਹੁਕਮਨਾਮਾ ਤੇ ਉਸ ਦਾ ਮਤਲਬ, ਕੜਾਵ ਪ੍ਰਸਾਦਿ ਲੈਣ ਵਾਲੇ ਕਾਉਂਟਰ ਤੱਕ ਪੁੱਜਦਿਆਂ ਹੀ ਭੁੱਲ ਜਾਂਦੇ ਹਨ, ਪਰ ਨਿਸ਼ਾਨ ਸਾਹਿਬ ’ਤੇ ਜਾ ਕੇ ਨੱਕ/ਸਿਰ ਰਗੜਨਾ ਕਦੇ ਨਹੀਂ ਭੁੱਲਦੇ।

ਹੁਣ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਗੁਰਮਤਿ/ਪੰਜਾਬੀ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਸਾਹਿਤ ਦੀ ਲੋੜ ਨਹੀਂ ਰਹੀ। ਹਿੰਦੀ/ਅੰਗਰੇਜੀ ਸਾਹਿਤ ਅਤੇ ਬੱਚਿਆਂ ਨਾਲ ਹਿੰਦੀ ਅ੍ਰੰਗੇਜੀ ਵਿੱਚ ਗੱਲਾਂ ਕਰਨੀਆਂ ਅਤੇ ਆਪਣੇ ਆਪ ਨੂੰ ਅਗਾਂਹਵਧੂ ਅਤੇ ਪੜ੍ਹੇ-ਲਿਖੇ ਸਿੱਖ ਸਾਬਤ ਕਰਨਾ ਪਸੰਦ ਕਰਦੇ ਹਨ।

ਹੁਣ ਸਿੱਖਾਂ ਨੂੰ ਰੋਜ਼ਾਨਾ ਨਿਤਨੇਮ ਦੀ ਲੋੜ ਉੱਕਾ ਹੀ ਨਹੀਂ ਰਹੀ, ਕਿਉਂਕਿ ਹਰ ਘਰ/ਦੁਕਾਨ ਵਿੱਚ ਡੇਢ-ਦੋ ਫੁੱਟ ਦਾ ਮੰਦਰਨੁਮਾ ਗੁਰਦੁਆਰਾ ਕੰਧਾਂ ’ਤੇ ਟੰਗ ਲਿਆ ਹੈ, ਜਿਸ ਵਿੱਚ ਗੁਰੂਆਂ ਦੀਆਂ ਕਾਲਪਨਿਕ ਫੋਟੋਆਂ ਸਮੇਤ ਅਨਮਤੀ ਫੋਟੋਆਂ ’ਤੇ ਧੂਫ/ਬੱਤੀ, ਜਗਮਗ ਕਰਦੇ ਬਿਜਲਈ ਲਾਟੂ, ਅਗਰਬੱਤੀ, ਗੋਲਕ ਆਦਿ ਦੀ ਪੂਜਾ ਕਰਨ ਨਾਲ ਹੀ ਕੁਝ ਕੁ ਮਾਨਸਿਕ ਸ਼ਾਤੀ ਪ੍ਰਾਪਤ ਕਰਨ ਦੀ ਤਾਂਘ ਰਹਿੰਦੀ ਹੈ।

ਹੁਣ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਕਿਤੇ ਬੇਅਦਬੀ ਦੀ ਖਬਰ ਸੁਣ ਲੈਣਾ ਤਾਂ ਬਰਦਾਸ਼ਤ ਨਹੀਂ ਕਰਦੇ, ਪਰ ਉਸੇ ਵੇਲੇ ਇਹ ਖ਼ਬਰ ਸਾਰੀਆਂ ਸੋਸ਼ਲਾਂ ਸਾਈਟਾ/ਵੱਟਸਐਪ ’ਤੇ ਪਾ ਕੇ ਸੱਚੇ ਸਿੱਖ ਹੋਣ ਦਾ ਫ਼ਰਜ਼ ਅਦਾ ਕਰ ਦਿੰਦੇ ਹਨ, ਇਸ ਤੋਂ ਅਗਾਂਹ ਸਭ ਕੁਝ ਪਹਿਲਾਂ ਵਰਗਾ ਬਣ ਜਾਂਦਾ ਹੈ।

ਹੁਣ ਸਿੱਖ, ਅੰਮ੍ਰਿਤ (ਪ੍ਰਚੱਲਿਤ ਸ਼ਬਦ) ਅਸਲ ‘ਪਾਹੁਲ’ ਲੈਣ ਤੋਂ ਬਾਅਦ ਆਪਣੀ ਸੁਵਿਧਾ ਅਨੁਸਾਰ ਗਾਤਰੇ ਦੀ ਥਾਂ ਜਨੇਊ ਦੀ ਇੱਕ ਕਿਸਮ ਵਰਗੀ ਡੋਰੀ/ਧਾਗਾ ਪਾ ਕੇ, ਉਸ ਵਿੱਚ ਇੱਕ ਤੋਂ ਤਿੰਨ ਇੰਚ ਤੱਕ ਦੀ ਕ੍ਰਿਪਾਨ ਪਾ ਲੈਂਦੇ ਹਨ, ਜਿਸ ਕਾਰਨ ਜ਼ਮੀਰ ਉੱਥੇ ਹੀ ਖੜ੍ਹਾ ਹੈ।

ਹੁਣ ਸਿੱਖ, ਬੱਚੇ/ਬੱਚੀ ਦਾ ਅਨੰਦ ਕਾਰਜ ਕਰਨ ਤੋਂ ਪਹਿਲਾਂ ਜ਼ਾਤ/ਪਾਤ, ਸਾਹਾ ਕਢਵਾਉਣਾ, ਬਾਅਦ ਵਿੱਚ ਜੈ-ਮਾਲਾ, ਅਖੌਤੀ ਸੱਭਿਆਚਾਰ ਗਰੁੱਪ, ਸ਼ਰਾਬ-ਸ਼ਬਾਬ ਅਤੇ ਸਾਰੀਆਂ ਅਨਮਤੀ ਰਸਮਾਂ ਮੰਗਣੀ ਤੋਂ ਲੈ ਕੇ ਵਿਆਹ ਤੋਂ ਬਾਅਦ ਨਿਆਣਾ ਜੰਮਣ ਤੱਕ ਕਰਦੇ ਹਨ, ਪਰ ਅਨੰਦ ਕਾਰਜ ਵੇਲੇ ‘ਲਾਵਾਂ’ ਵਾਲੀ ਰਸਮ 15-20 ਮਿੰਟ ਵਿੱਚ ਮੁਕਾਉਣਾ ਉਚਿਤ ਸਮਝਦੇ ਹਨ, ਕਿਉਂਕਿ ਬਾਕੀ ਸਮਾਂ ਬਹੁਤ ਕੀਮਤੀ ਹੈ।

ਹੁਣ ਸਿੱਖ, ਗੁਰੂ ਘਰਾਂ ਵਿੱਚ ਰੱਜ ਕੇ ਸੇਵਾ ਕਰਦੇ ਹਨ ਪਰ ਮਾਤਾ/ਪਿਤਾ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ। ਘਰ ਦਾ ਮਹੌਲ ਖੁਸ਼ਨੁਮਾ ਨਹੀਂ ਕਰ ਪਾਉਂਦੇ ਤਾਂ ਜੋ ਗੁਰੂ ਚਰਨ ਪਾ ਸਕਣ।

ਹੁਣ ਸਿੱਖ, ਬਰਦਾਸ਼ਤ ਨਹੀਂ ਕਰਦੇ ਕਿ ਕੋਈ ਟੋਪੀ/ਜ਼ੁਰਾਬਾਂ ਪਾ ਕੇ ਗੁਰੂ ਘਰ ਆਵੇ ਪਰ ਆਪਣੇ ਘਰਾਂ ਵਿੱਚ ਨਿਆਣੇ ਪਤਿਤ ਅਤੇ ਨਸ਼ਿਆਂ ਦੇ ਆਦੀ ਬਣਾ ਲਏ ਹਨ (ਸ਼ਰਾਬ ਤਾਂ ਬਹੁਤੇ ਘਰਾਂ ਵਿੱਚ ਆਮ ਗੱਲ ਹੈ, ਜੇ ਨਹੀਂ ਵੀ ਤਾਂ ਖੁਸ਼ੀ ਗਮੀ ਦੇ ਮੌਕੇ ’ਤੇ ਐਂਟਰੀ ਮਾਰ ਹੀ ਲੈਂਦੀ ਹੈ)।

ਹੁਣ ਸਿੱਖ, ਇਸ ਵੱਲ ਧਿਆਨ ਨਹੀਂ ਦਿੰਦੇ ਕਿ ਨਿੱਤਨੇਮ ਦੀਆਂ ਬਾਣੀਆਂ ਦਾ ਸ੍ਰੋਤ ਕੀ ਹੈ ? ਧਿਆਨ ਨਹੀਂ ਦਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਹਨ, ਕਿਹੜੀ ਸਿੱਖਿਆ ਕਿੱਥੇ ਲਿਖੀ ਹੈ, ਪਰ ਇੰਨ੍ਹਾਂ ਗਿਆਨ ਜ਼ਰੂਰ ਹੈ ਕਿ ਸੰਕਟ ਮੋਚਨ ਗੁਟਕੇ ਵਿੱਚਲੇ ਫਲਾਣੇ ਸ਼ਬਦ ਨਾਲ ਫਲਾਣੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਜਾਂ ਮਾਇਆ ਪ੍ਰਾਪਤ ਹੁੰਦੀ ਹੈ, ਰੱਟੇ ਲਗਾ ਰੱਖੇ ਹਨ।

ਹੁਣ ਸਿੱਖ, ਸਹਿਜ ਪਾਠ ਦੀ ਥਾਂ ਅਖੰਡ ਪਾਠ ਕਰਦੇ ਹਨ, ਜੇ ਨਾ ਵੀ ਕਰਨ ਤਾਂ ਉਹ ‘ਆਪ ਨਿਰੰਜਣ ਨੀਰਿ ਨਰਾਇਣ’ ਵਾਲੇ ਸ਼ਬਦ ਨੂੰ 17 ਵਾਰ ਪੜ੍ਹ ਲੈਂਦੇ ਹਨ। ਜਾਂ ਕਿਸੇ ਅਖੌਤੀ ਟਕਸਾਲ/ਟਰੱਸਟ ਦੇ ਅਖੌਤੀ ਮਹਾਂਪੁਰਸ਼ਾਂ ਦੇ ਕਹੇ ਕਿਸੇ ਖਾਸ ਬਾਣੀ ਦਾ ਰਟਨ ਕਰ ਲੈਂਦੇ ਹਨ, ਕਿਉਂਕਿ ਇਸ ਨਸੀਹਤ ਨਾਲ ਅਖੰਡਪਾਠ ਜਿੰਨਾਂ ਮਹਾਤਮ ਮਿਲਦਾ, ਗਰੰਟੀ ਦਿੱਤੀ ਜਾਂਦੀ ਹੈ।

ਹੁਣ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਕਿਸੇ ਡੇਰੇ ਦੇ ਸਾਧ ਵੱਲੋਂ ਦੱਸੀ ਮਰਯਾਦਾ/ਪ੍ਰੰਪਰਾ ਨੂੰ ਵੱਧ ਤਵੱਜੋ ਦਿੰਦੇ ਹਨ, ਕਿਉਂਕਿ ਡੇਰੇ ਦੇ ਬਾਬਾ ਜੀ ਦਾ ਜੀਵਣ ਬੜਾ ਉੱਚਾ-ਸੁੱਚਾ ਦੱਸਿਆ ਹੁੰਦਾ ਹੈ।

ਹੁਣ ਸਿੱਖ ਜਿਆਦਾ ਸਮਝਦਾਰ ਨੇ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲਨ ਦੀ ਜਾਚ ਆ ਗਈ ਹੈ, ਉਹਨਾਂ ਦੀ ਮਰਜ਼ੀ ਹੀ ਗੁਰੂ ਦੀ ਮਰਜ਼ੀ ਹੈ, ਕਿਉਂਕਿ ਉਹ ਜੋ ਕੁੱਝ ਵੀ ਕਰਦੇ ਹਨ, ਪ੍ਰਮਾਤਮਾ ਆਪ ਹੀ ਉਹਨਾਂ ਕੋਲੋਂ ਕਰਵਾ ਰਿਹਾ ਹੈ, ਇਹ ਉਹਨਾਂ ਪਾਸ ਮਜਬੂਰ ਦਲੀਲ ਹੈ। ਹੁਣ ਬਹੁਤ ਸਮਝਦਾਰ ਹੋ ਗਏ ਹਨ ਸਿੱਖ.. ਖੈਰ ! ਬਾਕੀ ਫਿਰ ਕਦੇ ਸਹੀ.. 

ਰੂਹਾਨੀਅਤ ਤੋਂ ਸੱਖਣੇ ਸਿੱਖ ਮਨੋਵਿਗਿਆਨਕ ਜਾਲ ਵਿਚ ਫਸ ਰਹੇ ਹਨ

0

ਰੂਹਾਨੀਅਤ ਤੋਂ ਸੱਖਣੇ ਸਿੱਖ ਮਨੋਵਿਗਿਆਨਕ ਜਾਲ ਵਿਚ ਫਸ ਰਹੇ ਹਨ 

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ)- 98554-01843

ਸਿੱਖ ਦਾ ਅਸਲ ਅਰਥ ਹੈ: ‘ਸੱਚ ਲਈ ਤਤਪਰ’ ਅਤੇ ਜਦੋਂ ਸਿੱਖ ਗੁਰਬਾਣੀ ਤੇ ਵਿਰਸੇ ਦੀ ਰੋਸ਼ਨੀ ਵਿਚ ‘ਸੱਚ ਉੱਪਰ ਦ੍ਰਿੜ’ ਹੋ ਜਾਂਦਾ ਹੈ ਤਾਂ ਹੀ ਉਹ ਸਿੰਘ ਸਬਦ ਦੇ ਅਸਲ ਅਰਥਾਂ ਦੇ ਮੇਚ ਦਾ ਬਣ ਜਾਂਦਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜਗਤ ਵਿਚ ਪ੍ਰਗਟ ਹੋਏ ਤਾਂ ਉਸ ਸਮੇਂ ਸੱਚ ਰੂਪੀ ਚੰਦ੍ਰਮਾ ਚੜ੍ਹਿਆ ਹੋਣ ਦੇ ਬਾਵਜੂਦ ਵੀ ਝੂਠ/ਕੂੜ ਰੂਪੀ ਮੱਸਿਆ ਹੋਣ ਕਾਰਨ ਦਿਸ ਨਹੀਂ ਸੀ ਰਿਹਾ ਭਾਵ ਕਿ ਸੱਚ ਤਾਂ ਹਮੇਸ਼ਾਂ ਹੀ ਬੁਲੰਦ ਰਹਿੰਦਾ ਹੈ, ਉਹ ਕਿਸੇ ਨੂੰ ਝੂਠ/ਕੂੜ ਦੇ ਪਰਦੇ ਕਾਰਨ ਨਾ ਦਿਖੇ ਤਾਂ ਇਕ ਵੱਖਰੀ ਗੱਲ ਹੈ। ਗੁਰਬਾਣੀ ਦਾ ਸਾਰਾ ਤੱਤ ਕੂੜ/ਝੂਠ ਦੀ ਪਾਲ/ਪਰਦਾ/ਕੰਧ ਤੋੜ ਕੇ ਸਦੀਵੀ ਸੱਚ ਦੇ ਸਨਮੁੱਖ ਹੋ ਕੇ ਸਚਿਆਰਾ ਹੋਣਾ ਹੈ। ਸਚਿਆਰਾ ਹੋਣਾ ਜਰੂਰੀ ਹੈ, ਕਿਸੇ ਨੂੰ ਦਿਸੇ ਜਾਂ ਨਾ; ਇਹ ਬਾਅਦ ਦੀ ਗੱਲ ਹੈ। ਜੋਤ ਸਰੂਪ ਮਨ ਦਾ ਆਖਰੀ ਨਿਸ਼ਾਨਾ ਆਪਣੇ ਮੂਲ ਨੂੰ ਪਛਾਣਨਾ ਹੈ ਬਾਕੀ ਦੂਜੇ-ਤੀਜੇ ਨਿਸ਼ਾਨੇ ਮੂਲ ਨਿਸ਼ਾਨੇ ਲਈ ਸਹਾਇਕ ਤਾਂ ਹੋ ਸਕਦੇ ਹਨ ਪਰ ਆਖਰੀ ਨਹੀਂ। ਦੂਜੇ-ਤੀਜੇ ਨਿਸ਼ਾਨਿਆਂ ਲਈ ਜੂਝਣਾ ਵੀ ਜਰੂਰੀ ਹੈ ਪਰ ਮੂਲ ਨਿਸ਼ਾਨੇ ਨੂੰ ਕਤਈ ਕੁਰਬਾਨ ਨਹੀਂ ਕੀਤਾ ਜਾ ਸਕਦਾ। ਅਸਲ ਗੱਲ ਤਾਂ ਇਹ ਹੈ ਕਿ ਮੂਲ ਨਿਸ਼ਾਨੇ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਜੇ ਚੱਲਿਆ ਜਾਵੇਗਾ ਤਾਂ ਦੂਜੇ-ਤੀਜੇ ਨਿਸ਼ਾਨੇ ਸੁੱਤੇ ਸਿੱਧ ਦੀ ਸਰ ਹੋ ਜਾਣਗੇ। ਉਹੀ ਸਰੀਰ ਇਸ ਜੱਗ ਵਿਚ ਸਫਲ ਹੋਏ ਹਨ, ਜਿਹਨਾਂ ਦੀ ਕਹਿਣੀ-ਕਰਣੀ ਇੱਕ ਤੇ ਸੇਵਾ-ਸਿਮਰਨ ਵਿਚ ਸਮਤੋਲਤਾ ਰਹੀ।

ਵਰਤਮਾਨ ਸਮੇਂ ਵਿਚ ਗੁਰਬਾਣੀ ਤੇ ਵਿਰਸੇ ਦੇ ਵਖਿਆਣ ਲਈ ਉਧਾਰੀਆਂ ਲਈਆਂ ਹੋਈਆਂ ਵਿਆਖਿਆ ਪ੍ਰਣਾਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਿੱਖਾਂ ਦੀ ਆਪਣੀ ਵਿਆਖਿਆ ਪ੍ਰਣਾਲੀ ਅਜੇ ਐਨੀ ਜ਼ਿਆਦਾ ਵਿਗਸੀ ਨਹੀਂ ਜਾਂ ਯਤਨ ਘੱਟ ਹੋ ਰਹੇ ਹਨ। ਜਦੋਂ ਅਸੀਂ ਹਰ ਗੱਲ ਜਾਂ ਸਮੱਸਿਆ ਆਦਿ ਨੂੰ ਬਿਗਾਨਿਆ ਦੀਆਂ ਅੱਖਾਂ ਜਾਂ ਨਜ਼ਰੀਏ ਰਾਹੀਂ ਦੇਖਦੇ ਹਾਂ ਤਾਂ ਉਸ ਨਜ਼ਰੀਏ ਦਾ ਪ੍ਰਭਾਵ ਪੈਣਾ ਸੁਭਾਵਿਕ ਹੈ ਪਰ ਜਿਹਨਾਂ ਅੱਖਾਂ ਰਾਹੀਂ ਮਾ-ਪਿਰੀ ਨੇ ਦਿਸਣਾ ਹੈ ਉਹ ਤਾਂ ਗੁਰੂ ਸਾਹਿਬ ਕਹਿੰਦੇ ਕਿ ਅੱਖਾਂ ਹੀ ਹੋਰ ਹਨ। ਕੀ ਅਸੀਂ ਉਹ ਅੱਖਾਂ ਪ੍ਰਾਪਤ ਕਰਨ ਲਈ ਕੋਈ ਯਤਨ ਕਰਦੇ ਹਾਂ ਜਾਂ ਐਵੇਂ ਹੀ ਬਿਗਾਨੀ ਸ਼ਹਿ ਨਾਲ ਅਣਭੋਲ ਹੀ ਗੁਰੂ ਨੂੰ ਪਿੱਠ ਦੇਈ ਜਾ ਰਹੇ ਹਾਂ ? ਮੌਜੂਦਾ ਤੇ ਪ੍ਰਚਲਿਤ ਵਿਆਖਿਆ ਪ੍ਰਣਾਲੀਆਂ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਨੂੰ ਇੱਕ ਵੱਖਰਾ ਮਾਰਗ ਦੱਸਦੀਆਂ ਹਨ ਪਰ ਇਹ ਕਿਸੇ ਤੋਂ ਵੱਖਰਾ ਨਹੀਂ ਸਗੋਂ ਵਿਲੱਖਣ ਹੈ। ਕੀ ਵਿਲੱਖਣ ਸਬਦ ਦੀ ਜਗ੍ਹਾ ਵੱਖਰਾ ਸਬਦ ਵਰਤ ਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਨਾਲ ਇਨਸਾਫ਼ ਕਰ ਰਹੇ ਹਾਂ ? ਗੁਰੂ ਦਾ ਤਾਂ ਖਾਲਸਾ-ਪੰਥ ਹੈ ਪਰ ਕੀ ਪੰਥ ਦੀ ਜਗ੍ਹਾ ਕੌਮ ਜਾਂ ਨੇਸ਼ਨ ਸਬਦ, ਖਾਲਸਾ-ਪੰਥ ਸਬਦ ਦੀ ਵਰਤੋਂ ਖਾਲਸਾ-ਪੰਥ ਨੂੰ ਸੀਮਤ ਤਾਂ ਨਹੀਂ ਕਰ ਰਹੀ ? ਸਿੱਖ ਤਾਂ ਕਿਸੇ ਜੰਗ ਵਿਚ ਕਿਸੇ ਇਕ ਧਿਰ ਵਿਚ ਹੁੰਦਿਆਂ ਵੀ ਕਿਸੇ ਇਕ ਧਿਰ ਵੱਲ ਨਹੀਂ; ਜਿਵੇ ਭਾਈ ਘਨੱਈਆ ਜੀ ਵੀ ਸਿੱਖ ਅਤੇ ਜਿਨ੍ਹਾਂ ਨੂੰ ਭਾਈ ਘਨੱਈਆ ਜੀ ਜਲ ਛਕਾ ਰਹੇ ਅਤੇ ਮੱਲ੍ਹਮ-ਪੱਟੀ ਕਰ ਰਹੇ ਹਨ, ਉਨ੍ਹਾਂ ਨੂੰ ਫੱਟ ਮਾਰਨ ਵਾਲੇ ਵੀ ਸਿੱਖ। ਹੈ ਦੁਨੀਆਂ ਦੇ ਇਤਿਹਾਸ ਵਿਚ ਐਸੀ ਵਿਲੱਖਣ ਮਿਸਾਲ ? ਹੈ ਭਾਵੇਂ ਇਹ ਤੀਸਰ ਪੰਥ ਹੀ ਪਰ ਤੀਸਰ ਤਾਂ ਹੀ ਬਣਦਾ ਹੈ ਜੇਕਰ ਉਸ ਵਿਚ ਅੱਵਲ ਤੇ ਦੋਮ ਸ਼ਾਮਲ ਹੋਣ। ਅੱਵਲ ਤੇ ਦੋਮ ਭਾਵ ਇੱਕ ਤੇ ਦੋ ਦੇ ਜੋੜ ਤੋਂ ਹੀ ਤਿੰਨ ਬਣਦਾ ਹੈ।

ਸਿੱਖੀ ਤਾਂ ਖੋਤੇ ਅਤੇ ਚੰਚਲ ਮਨ ਨੂੰ ਸਾਧ ਕੇ ਸੁੰਦਰ ਤੇ ਪਿਆਰਾ ਮਨ ਬਣਾ ਕੇ ਉਸ ਮੁਤਾਬਕ ਸਰੀਰੀ ਜਾਂ ਬਾਹਰੀ ਪਰਬੰਧ ਚਲਾਉਣ ਦੀ ਗੱਲ ਕਰਦੀ ਹੈ ਪਰ ਅੱਜ ਅਸੀਂ ਤਾਂ ਖੋਤੇ ਅਤੇ ਚੰਚਲ ਮਨ ਨੂੰ ਸਾਧੇ ਬਗੈਰ ਹੀ ਸਰੀਰੀ ਜਾਂ ਬਾਹਰੀ ਲੋੜਾਂ ਮੁਤਾਬਕ ਪਹਿਲਾਂ ਨਿਸ਼ਾਨੇ ਮਿੱਥ ਕੇ ਉਸ ਮੁਤਾਬਕ ਮਨ ਨੂੰ ਚਲਾਉਣ ਦੇ ਕੁਰਾਹ ਪੈ ਗਏ ਹਾਂ। ਚਾਹੀਦਾ ਤਾਂ ਇਹ ਸੀ ਕਿ ਰੂਹਾਨੀ ਵਿਕਾਸ ਤੋਂ ਬਾਅਦ ਸੀਮਤ ਹੋਈਆਂ ਲੋੜਾਂ ਮੁਤਾਬਕ ਸਰੀਰੀ ਜਾਂ ਬਾਹਰੀ ਨਿਸ਼ਾਨੇ ਮਿੱਥੇ ਜਾਂਦੇ ਪਰ ਇਸ ਵਿਗਾੜ ਨਾਲ ਹੀ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਅਤੇ ਹੁਣ ਸਮਾਂ ਪਾ ਕੇ ਉਸ ਵਿਗਾੜ ਨੂੰ ਸੁਧਾਰਨ ਦੀ ਬਜਾਇ ਉਸ ਵਿਗਾੜ ਕਾਰਨ ਪੈਦਾ ਹੋਈਆਂ ਅਤੇ ਦਿਨੋਂ-ਦਿਨ ਵੱਧ ਰਹੀਆਂ ਸਮੱਸਿਆਵਾਂ ਦੇ ਮਨੋਵਿਗਿਆਨਕ ਜਾਲ ਵਿਚ ਹੋਰ-ਹੋਰ ਜ਼ਿਆਦਾ ਫਸਦੇ ਜਾ ਰਹੇ ਹਾਂ। ਜਿਉਂ-ਜਿਉਂ ਨਿਕਲਣ ਦਾ ਯਤਨ ਕਰਦੇ ਹਾਂ ਤਾਂ ਹੋਰ ਧੱਸ ਰਹੇ ਹਾਂ। ਅਜਿਹਾ ਕਿਉਂ ਹੈ ? ਕਿਉਂਕਿ ਇਕ ਤਾਂ ਸਿੱਖ ਦੀ ‘ਸੱਚ ਲਈ ਤਤਪਰ’ ਵਾਲੀ ਪਰਿਭਾਸ਼ਾ ਤੋਂ ਮੁਨਕਰ ਹੋ ਕੇ ਸਿੱਖ ਦਾ ਭਾਵ ਕੇਵਲ ਸਿੱਖਣਾ ਅਧੀਨ ਹੋ ਕੇ ਸਾਰੀ ਦੁਨੀਆਂ ਦੀ ਸਰੀਰੀ/ਬਾਹਰੀ ਜਾਣਕਾਰੀ ਇਕੱਠੀ ਕਰ ਲਈ ਪਰ ਸੱਚ ਤੋਂ ਵਿਰਵੇ ਰਹਿ ਗਏ। ਇਸ ਤੋਂ ਇਹ ਭਾਵ ਨਹੀਂ ਕਿ ਸੰਸਾਰੀ ਜਾਣਕਾਰੀ ਇਕੱਠੀ ਕਰਨੀ ਠੀਕ ਜਾਂ ਜਰੂਰੀ ਨਹੀਂ ਪਰ ਉਸ ਤੋਂ ਪਹਿਲਾਂ ਜਰੂਰੀ ਹੈ ਕਿ ਜਾਣਕਾਰੀ ਦੀ ਇਕੱਤਰਤਾ ਗੁਰੂ ਸਿਧਾਂਤ ਤੇ ਵਿਰਸੇ ਦੀ ਰੋਸ਼ਨੀ ਵਿਚ ਸੱਚ ਜਾਣਨ ਲਈ, ਮਨ ਸਾਧਣ ਲਈ ਕੀਤੀ ਜਾਵੇ ਤਾਂ ਹੀ ਉਹ ਸੰਸਾਰੀ ਜਾਣਕਾਰੀ ਗਿਆਨ ਦਾ ਰੂਪ ਲੈ ਸਕੇਗੀ। ਦੂਜਾ ਇਹ ਕਿ ਸਿੰਘ ਦੀ ਪਰਿਭਾਸ਼ਾ ਸੱਚ ਉੱਪਰ ਦ੍ਰਿੜ੍ਹਤਾ ਨੂੰ ਛੱਡ ਕੇ ਕੇਵਲ ਸ਼ੇਰ ਵਾਲੀ ਅਪਣਾ ਲਈ ਅਤੇ ਉਸ ਮੁਤਾਬਕ ਹੀ ਆਪਣਾ ਸੁਭਾੳੇ ਬਣਾਉਣ ਦੀ ਪ੍ਰੇਰਨਾ ਲੈ ਲਈ ਕਿ ਸਭ ਮੇਰੇ ਅਧੀਨ, ਮੈਂ ਸਭ ਦਾ ਰਾਜਾ, ਸਾਰੇ ਮੇਰੀ ਪਰਜਾ, ਜਿਸ ਨੂੰ ਮਰਜ਼ੀ ਖਾ ਲਵਾਂ, ਮਾਰ ਦਿਆਂ, ਦੂਜਿਆਂ ਲਈ ਉਹੀ ਨਿਯਮ ਜੋ ਮੈਂ ਕਹਾਂ, ਪਰ ਉਹ ਨਿਯਮ ਮੇਰੇ ਉੱਪਰ ਲਾਗੂ ਨਹੀਂ ਆਦਿ-ਆਦਿ। ਅਤੇ ਨਾਲ ਹੀ ਸੱਚ ਉੱਪਰ ਦ੍ਰਿੜ੍ਹ ਤਾਂ ਕੀ ਹੋਣਾ ਸੀ, ਸੱਚ ਲਈ ਤਾਂ ਤਤਪਰਤਾ ਵੀ ਗਵਾਚ ਗਈ, ਖੇਡ ਉਲਟੀ ਚੱਲ ਪਈ ਝੂਠ/ਕੂੜ ਦਾ ਬੋਲਬਾਲਾ ਹੋ ਗਿਆ, ਕੂੜ/ਝੂਠ ਲਈ ਗੁਰੂ-ਸਿਧਾਂਤ ਦਾ ਘਾਣ, ਪਵਿੱਤਰ ਪਰੰਪਰਾਵਾਂ ਤੇ ਵਿਰਸੇ ਦੀ ਅਣਦੇਖੀ ਕੀਤੀ ਜਾਣ ਕਰਕੇ ਸਿੱਖ ਅਤੇ ਕੂੜ ਦੀ ਕੰਧ ਦੇ ਓਹਲੇ ਖੜ੍ਹੇ ਆਮ ਮਨੁੱਖ ਵਿਚ ਕੋਈ ਫ਼ਰਕ ਹੀ ਨਾ ਰਿਹਾ ਤੇ ਸਰੀਰੀ/ਬਾਹਰੀ ਵੱਖਰਤਾ ਤਾਂ ਹੈ ਪਰ ਵਿਲੱਖਣਤਾ ਗਵਾਚ ਗਈ।

ਕੀ ਸਿੱਖ ‘ਸੱਚ ਲਈ ਤੱਤਪਰ’ ਅਤੇ ‘ਸਿੰਘ ਸੱਚ ਉੱਪਰ ਦ੍ਰਿੜ੍ਹ’ ਤੋਂ ਅੱਗੇ ਵੀ ਕੁਝ ਹੈ ? ਕੀ ਸੱਚ ਤੋਂ ਉੱਪਰ ਵੀ ਕੋਈ ਸ਼ੈ ਹੈ ? ਉੱਤਰ ਹੈ ਕਿ ਹਾਂ, ਗੁਰੂ ਸਾਹਿਬ ਨੇ ਕਿਹਾ ਕਿ ਸੱਚ ਤੋਂ ਉਰੇ-ਉਰੇ ਹੈ ਸਭ ਕੁਝ ਅਤੇ ਸੱਚ ਤੋਂ ਉੱਪਰ ਹੈ: ‘ਸੱਚਾ ਆਚਰਣ’ ਅਤੇ ‘ਸੱਚ ਤੱਕ ਤਾਂ ਸਿੱਖ ਤੇ ਸਿੰਘ’ ਹਨ ਪਰ ਉਸ ਤੋਂ ਉੱਪਰ ਹੈ ‘ਖਾਲਸਾ’, ਜਿਸ ਦਾ ਆਚਰਣ ਸੱਚਾ ਹੈ ਅਤੇ ਉਹ ਆਚਰਣ ਸੱਚ ਤੋਂ ਵੀ ਉੱਚਾ ਹੈ। ਸੱਚੇ ਆਚਰਣ ਨੂੰ ਇਤਨੀ ਜ਼ਿਆਦਾ ਵਡਿਆਈ ਬਖ਼ਸ਼ੀ ਹੈ, ਸਤਿਗੁਰੂ ਪਾਤਸ਼ਾਹ ਨੇ ਅਤੇ ਤਾਂ ਹੀ ਤਾਂ ਸਮਝ ਆਉਂਦੀ ਹੈ ਦਸਮ ਪਿਤਾ ਵਲੋਂ ਅਕਾਲ ਪੁਰਖ ਵਾਂਗ ਖਾਲਸੇ ਦੀ ਮਹਿਮਾ ਕਰਨ ਦੀ ਗੱਲ ਕਿ ‘ਖਾਲਸਾ ਮੇਰਾ ਪੂਰਾ ਸਤਿਗੁਰੂ’ ਹੈ। ਅਤੇ ਅਜਿਹੇ ਖਾਲਸਿਆਂ ਦਾ ਇਕੱਠ ਹੀ ‘ਸਰਬੱਤ ਖਾਲਸਾ’ ਅਖਵਾ ਸਕਦਾ ਹੈ। ਵੱਡੀ ਭੀੜ ਸਰਬੱਤ ਖਾਲਸਾ ਨਹੀਂ ਕਹੀ ਜਾ ਸਕਦੀ। ਖਾਲਸਾ ਗੁਣਾਂ ਕਰਕੇ ਹੈ, ਗਿਣਤੀ ਕਰਕੇ ਨਹੀਂ। ਕੀ ਅਸੀਂ ਅੱਜ ਖਾਲਸਾ ਕਹਾਉਣ ਦੇ ਹੱਕਦਾਰ ਹਾਂ ? ਅਸੀਂ ਤਾਂ ਅਜੇ ਸਿੱਖੀ/ਸੱਚ ਦੇ ਪਹਿਲੇ ਪੜਾਅ ਵਿਚ ਹੀ ਪੈਰ ਨਹੀਂ ਧਰਿਆ ਅਤੇ ਦਾਵਾ ਸਾਡਾ ਸੱਚ ਤੋਂ ਵੀ ਉੱਪਰ ਦੀ ਬਖਸ਼ਸ਼ ‘ਸੱਚੇ ਆਚਰਣ’ ਦਾ ਹੈ। 

ਕਿਸੇ ਦੀ ਵੀ ਜਵਾਬਦੇਹੀ ਕਿਸ ਪ੍ਰਤੀ ਹੋਵੇ ? ਚੱਲਦੇ ਪ੍ਰਬੰਧਾਂ ਵਿਚ ਤਾਂ ਦੋ ਹੀ ਤਰੀਕੇ ਹਨ, ਪਹਿਲਾ ਕਿ ਇਕ ਮੁੱਖੀ ਬਾਕੀ ਸਾਰੇ ਅਧੀਨ, ਜਿਵੇਂ ਕਿ ਕੋਈ ਤਾਨਾਸ਼ਾਹ ਜਾਂ ਨਿਰੰਕੁਸ਼ ਰਾਜਾ ਤੇ ਉਸ ਦੀ ਪਰਜਾ, ਜੇ ਰਾਜਾ ਚੰਗਾ ਤਾਂ ਪਰਜਾ ਸੁਖੀ ਅਤੇ ਜੇਕਰ ਰਾਜਾ ਮਾੜਾ ਤਾਂ ਪਰਜਾ ਦੁਖੀ। ਦੂਜੀ ਹੈ: ‘ਪੌੜ੍ਹੀ ਵਿਵਸਥਾ’, ਜਿਸ ਮੁਤਾਬਕ ਹੇਠਲੇ ਆਪਣੇ ਤੋਂ ਉੱਪਰਲੇ ਅਤੇ ਉੱਪਰਲਾ ਆਪਣੇ ਤੋਂ ਉੱਪਰਲੇ ਪ੍ਰਤੀ ਜਵਾਬਦੇਹ ਅਤੇ ਸਭ ਤੋਂ ਉੱਪਰਲਾ ਫਿਰ ਨਿਰੰਕੁਸ਼ ਭਾਵੇਂ ਉਹ ਹੇਠਲਿਆਂ ਤੋਂ ਹੀ ਤਾਕਤ ਲੈਂਦਾ ਹੈ ਪਰ ਸਮਾਂ ਪੈਣ ’ਤੇ ਸਭ ਭਿ੍ਰਸ਼ਟ ਹੋ ਜਾਂਦੇ ਹਨ ਕਿਉਂਕਿ ਉਹਨਾਂ ਦੀ ਆਚਰਣ ਉਸਾਰੀ ਦਾ ਕੋਈ ਪ੍ਰਬੰਧ ਨਹੀਂ। ਗੁਰੂ ਨਾਨਕ ਦੇ ਘਰ ਵਿਚ ਜਵਾਬਦੇਹੀ ਦਾ ਵਿਲੱਖਣ ਸਿਧਾਂਤ ਹੈ ਕਿ ਮਨ ਨੂੰ ਨਿਰੰਕੁਸ਼ ਨਾ ਛੱਡਿਆ ਜਾਵੇ ਇਸ ਉੱਪਰ ਅੰਕਸ ਜ਼ਰੂਰ ਹੋਵੇ, ਗੁਰੂ ਦੇ ਗਿਆਨ ਦਾ, ਸੱਚ ਦਾ, ਸੱਚੇ ਆਚਰਣ ਦਾ ਤਾਂ ਕਿ ਉਸ ਦੀ ਜਵਾਬਦੇਹੀ ਕਿਸੇ ਮਨੁੱਖ ਪ੍ਰਤੀ ਨਾ ਹੋ ਕੇ ਆਪਣੇ ਸਾਧੇ ਹੋਏ ਮਨ ਪ੍ਰਤੀ ਹੋਵੇ, ਗੁਰੂ-ਸਿਧਾਂਤ ਪ੍ਰਤੀ ਹੋਵੇ, ਸੁਭ-ਗੁਣਾਂ ਪ੍ਰਤੀ ਹੋਵੇ, ਆਪਣੇ ਵਿਰਸੇ ਤੇ ਆਪਣੀ ਜ਼ਮੀਰ ਪ੍ਰਤੀ ਹੋਵੇ। ਕਿਉਂ ਨਹੀਂ ਅਸੀ ਜ਼ਮੀਰ ਪ੍ਰਤੀ ਜਵਾਬਦੇਹ ਹੁੰਦੇ। ਬਾਹਰੀ ਰੂਪ ਵਿਚ ਜਵਾਬਦੇਹੀ ਦੇ ਬੜੇ ਢੰਗ/ਸੰਦ ਘੜ੍ਹੇ ਗਏ ਪਰ ਸੁਰਤ/ਮਤ/ਮਨ/ਬੁੱਧ ਨੂੰ ਘੜ੍ਹਣ ਵਾਲੀ ਟਕਸਾਲ ਖੁਸ ਗਈ ਸਾਥੋਂ, ਤਾਂ ਹੀ ਤਾਂ ਨਿਰੰਕੁਸ਼ ਮਨ ਪਿੱਛੇ ਲੱਗ ਕੇ ਕਦੇ ਕਿਤੇ, ਕਦੀ ਕਿਤੇ ਟੱਕਰਾਂ ਮਾਰਦੇ ਦੁਹਾਗਣਾਂ ਵਾਂਗ ਫਿਰ ਰਹੇ ਹਾਂ।

‘ਸਿੱਖ, ਸਿੰਘ ਤੇ ਖਾਲਸਾ’ ਪਦਵੀਆਂ ਗੁਰੂ ਦੀ ਬਖਸ਼ਸ਼ ਨਾਲ ਪ੍ਰਾਪਤ ਹੁੰਦੀਆਂ ਹਨ ਅਤੇ ਬਖਸ਼ਸ਼ਾਂ ਲੈਣ ਲਈ ਭਾਂਡਾ ਖਾਲੀ ਹੋਣਾ ਜ਼ਰੂਰੀ ਹੈ ਪਰ ਸਾਡੇ ਭਾਂਡੇ ਤਾਂ ਪਹਿਲਾਂ ਹੀ ਡੁੱਲ-ਡੱਲ ਕਰਦੇ ਪਏ ਹਨ ਸਾਡੀਆਂ ਪਾਖੰਡਬਾਜ਼ੀਆਂ ਨਾਲ, ਸਾਡੀਆਂ ਆਮ ਮਨੁੱਖਾਂ ਤੋਂ ਵੀ ਹੇਠਲੇ ਪੱਧਰ ਦੀਆਂ ਆਚਰਣਹੀਣਤਾਵਾਂ ਨਾਲ, ਸਾਡੀ ਦੁਨਿਆਵੀ/ਸਰੀਰੀ ਜਾਣਕਾਰੀ ਵਿਚੋਂ ਉਪਜੀ ਹਊਮੈ ਨਾਲ, ਸਾਡੀ ਪਸ਼ੂ-ਬਿਰਤੀ ਆਦਿ-ਆਦਿ ਨਾਲ। ਪਹਿਲਾਂ ਇਹਨਾਂ ਸਾਰੀਆਂ ਸ਼ੈਆਂ ਨਾਲ ਭਰੇ ਭਾਂਡੇ ਖਾਲੀ ਕਰਕੇ, ਸੇਵਾ-ਸਿਮਰਨ ਨਾਲ ਮਾਂਜ ਕੇ, ਗੁਰੂ ਅੱਗੇ ਨਿਮਰਤਾ, ਤਿਆਗ ਦੇ ਘਰ ਵਿਚ ਆ ਕੇ ਨਿਰਇੱਛਤ ਨੀਤ ਨਾਲ ਕੀਤੀ ਅਰਦਾਸ ਨਾਲ ਬਖਸ਼ਸ਼ਾਂ ਪਰਾਪਤ ਹੋ ਸਕਦੀਆਂ ਹਨ ਕਿਉਂਕਿ ਸਤਿਗੁਰੂ ਤਾਂ ਕੋਟ-ਪੈਂਡਾ ਅੱਗੇ ਆ ਕੇ ਸਾਨੂੰ ਆਪਣੀ ਚਰਨ-ਸ਼ਰਨ ਵਿਚ ਥਾਂ ਦੇ ਦਿੰਦਾ ਹੈ ਬਸ਼ਰਤੇ ਕਿ ਅਸੀਂ ਕੇਵਲ ਇਕ ਪੈਂਡਾ ਤਾਂ ਚੱਲੀਏ।

ਗੁਰਮਤਿ ਅਕੈਡਮੀ ਬੜੂ ਸਾਹਿਬ ਦਾ ਹਿੰਦੂਕਰਨ ਕਰਨ ਦਾ ਯਤਨ

0

ਗੁਰਮਤਿ ਅਕੈਡਮੀ ਬੜੂ ਸਾਹਿਬ ਦਾ ਹਿੰਦੂਕਰਨ ਕਰਨ ਦਾ ਯਤਨ

ਗੁਰਮਤਿ ਵਿਦਿਆ ਨਾਲ ਸਬੰਧਿਤ ਬੜੂ ਸਾਹਿਬ ਅਕੈਡਮੀ ਵਲੋਂ ਨਵਰਾਤਰਿਆਂ (ਕਰਮਕਾਂਡ) ਦਾ ਵਿਰੋਧ ਕਰਨ ਦੀ ਬਜਾਏ ਨਵਰਾਤਰਿਆਂ ਲਈ ਬੱਚਿਆਂ ਨੂੰ ਆਪ ਹੀ ਉਤਸ਼ਾਹਿਤ ਕਰਨਾ ਮੰਦਭਾਗੀ ਘਟਨਾ ਹੈ। ਇਸ ਤਰਾਂ ਦੀਆਂ ਮਨਮਤੀ ਰਿਵਾਇਤਾਂ ਜਦ ਸਾਡੀਆਂ ਹੀ ਪੰਥਕ ਅਖਵਾਉਂਦੀਆਂ ਜਥੇਬੰਦੀਆਂ ਕਰਨਗੀਆਂ ਤਾਂ ਇਹ ਸਮਝ ਵਿਚ ਕੁਤਾਹੀ ਨਹੀਂ ਹੋਣੀ ਚਾਹੀਦੀ ਕਿ ਇਸ ਦੇ ਪਿਛੋਕੜ ਵਿਚ ਕੌਣ ਕਾਰਜਸ਼ੀਲ ਹੈ। ਕੀ ਇਹ ਸਭ ਕੁਝ ਵੀ ਆਉਣ ਵਾਲੇ ਪੰਜਾਬ ਚੁਣਾਵ ਨੂੰ ਧਿਆਨ ਵਿਚ ਰੱਖ ਕੇ ਹੋ ਰਿਹਾ ਹੈ।

ਗਿਆਨੀ ਅਵਤਾਰ ਸਿੰਘ (ਸਤੰਬਰ  2016)

ਪੰਜਾਬ ਵਿਚ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੀ ਨਿਰਾਦਰੀ

0

ਪੰਜਾਬ ਵਿਚ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੀ ਨਿਰਾਦਰੀ

ਗੁਰਬਚਨ ਸਿੰਘ ਭੁੱਲਰ

ਪੰਜਾਬ ਕਲਾ ਪ੍ਰੀਸ਼ਦ ਦੀਆਂ ਤਿੰਨ-ਸਾਲਾ ਪਦਵੀਆਂ ਲਈ ਪੰਜਾਬ ਸਰਕਾਰ ਵਲੋਂ ਚੁਣੇ ਗਏ ਨਾਂਵਾਂ ਨੂੰ ਲੈ ਕੇ ਬਹਿਸ ਛਿੜ ਪਈ ਹੈ। ਖਾਸ ਕਰ ਕੇ ਬੀਬੀ ਸਤਵਿੰਦਰ ਸੱਤੀ ਦੇ ਨਾਂ ਨੂੰ ਲੈ ਕੇ ਲੋਕ ਹੈਰਾਨ ਹਨ। ਕਈ ਵੱਡੇ ਲੇਖਕਾਂ ਨੇ ਇਸ ਨਾਂ ਦੀ ਨੁਕਤਾਚੀਨੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਪਦਵੀ ਉੱਤੇ ਕੋਈ ਮੰਨਿਆ ਹੋਇਆ ਸਾਹਿਤਕਾਰ ਹੀ ਹੋਣਾ ਚਾਹੀਦਾ ਹੈ। ਇਸ ਸੰਬੰਧ ਵਿਚ ਡਾ. ਮਹਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਵਿਰਕ, ਕਰਤਾਰ ਸਿੰਘ ਦੁੱਗਲ, ਦਲੀਪਕੌਰ ਟਿਵਾਣਾ ਜਿਹੇ ਪਹਿਲਾਂ ਰਹਿ ਚੁਕੇ ਮੁਖੀਆਂ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ। ਮੈਂ ਇਸ ਸਾਰੇ ਮਾਮਲੇ ਵਿਚ ਬੀਬੀ ਸੱਤੀ ਦਾ ਕੋਈ ਦੋਸ ਨਹੀਂ ਮੰਨਦਾ। ਬਹੁਤ ਸਾਰੇ ਬਸ-ਡਰਾਈਵਰ ਅਜਿਹੇ ਮਿਲ ਜਾਣਗੇ ਜੋ ਹਵਾਈ ਜਹਾਜ਼ ਦੇ ਪਾਈਲਟ ਲੱਗਣ ਵਾਸਤੇ ਬੇਝਿਜਕ ਹਾਮੀ ਭਰ ਦੇਣਗੇ। ਇਸ ਬੇਨੇਮੇ ਤੇ ਬੇਅਸੂਲੇ ਜ਼ਮਾਨੇ ਵਿਚ ਅਜਿਹੀ ‘ਤਰੱਕੀ’ ਕੌਣ ਨਹੀਂ ਚਾਹੁੰਦਾ ! ਮੈਂ ਸੱਤੀ ਦੇ ਇਸ ਬਿਆਨ ਨਾਲ ਸਹਿਮਤ ਹਾਂ ਕਿ ‘ਮੈਂ ਆਪਣਾ ਸਰਬੋਤਮ ਦੇਣ ਦੀ ਕੋਸ਼ਿਸ਼ ਕਰਾਂਗੀ ਤੇ ਆਲੋਚਕਾਂ ਨੂੰ ਮੇਰੀ ਸਖ਼ਤ ਮਿਹਨਤ ਹੀ ਜਵਾਬ ਦੇਵੇਗੀ।’

ਇੱਥੇ ਇਹ ਚਿਤਾਰਨਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਪਹਿਲੀਆਂ ਸਰਕਾਰਾਂ ਵੀ ਕਈ ਵਾਰ ਆਪਣੇ ਕਿਸੇ ਮਨਚਾਹੇ ਬੰਦੇ ਨੂੰ ਸਾਹਿਤਕ-ਸਭਿਆਚਾਰਕ ਪਦਵੀ ਉੱਤੇ ਲਾਉਂਦੀਆਂ ਰਹੀਆਂ ਹਨ ਪਰ ਉਹ ਇਹ ਧਿਆਨ ਜ਼ਰੂਰ ਰਖਦੀਆਂ ਸਨ ਕਿ ਬੰਦਾ ਭਾਵੇਂ ਆਪਣਾ ਹੋਵੇ ਪਰ ਉਸ ਦੀ ਕਲਮੀ ਦੇਣ ਏਨੀ ਕੁ ਜ਼ਰੂਰ ਹੋਵੇ ਕਿ ਇਸ ਪਖੋਂ ਕੋਈ ਉਸ ਵੱਲ ਉਂਗਲ ਨਾ ਕਰ ਸਕੇ। ਸਰਦਾਰ ਅੰਜੁਮ ਇਕ ਅਜਿਹੀ ਮਿਸਾਲ ਹੈ। ਪਰ ਹੁਣ ਵਾਲ਼ੇ ਵਿਚਾਰਧਾਰਕ ਢਾਂਚੇ ਵਿਚ ਜਮਹੂਰੀ ਰਾਜਿਆਂ ਦੀ ਸੋਚ ਇਹ ਹੈ ਕਿ ਅਸੀਂ ਜਿਸ ਗੂੰਗੇ ਦੇ ਸਿਰ ਉੱਤੇ ਹੱਥ ਰੱਖ ਦੇਵਾਂਗੇ, ਉਹ ਮੰਤਰ-ਸ਼ਲੋਕ ਉਚਾਰਨ ਲੱਗ ਪਵੇਗਾ ! ਇਸ ਸੰਬੰਧ ਵਿਚ ਕੇਂਦਰ ਸਰਕਾਰ ਦੀਆਂ ਅਨਗਿਣਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਥੇ ਸਿਰਫ਼ ਸੱਤਾ ਨਾਲ ਉਮੀਦਵਾਰ ਦੀ ਨੇੜਤਾ ਨੂੰ ਇਕੋ-ਇਕ ਨਿਰਣਈ ਜੋਗਤਾ ਸਮਝਿਆ ਗਿਆ ਹੈ, ਸਾਹਿਤਕ-ਸਭਿਆਚਾਰਕ ਦੇਣ ਵਾਧੂ-ਬੇਲੋੜੀ ਚੀਜ਼ ਬਣ ਕੇ ਰਹਿ ਗਈ ਹੈ। ਮਿਸਾਲ ਵਜੋਂ ਜਦੋਂ ਫ਼ਿਲਮ ਤੇ ਟੈਲੀਵਿਯਨ ਇੰਸਟੀਚਿਊਟ ਦਾ ਮੁਖੀ ਸਿਰਫ਼ ‘ਭਗਤ’ ਹੋਣ ਕਰਕੇ ਤੀਜੀ ਕੋਟੀ ਦਾ ਠੁੱਸ ਐਕਟਰ ਗਜੇਂਦਰ ਚੌਹਾਨ ਲਾਇਆ ਗਿਆ ਸੀ, ਸੰਬੰਧਿਤ ਖੇਤਰਾਂ ਦੇ ਲੋਕਾਂ ਨੇ ਅਜਿਹਾ ਹੀ ਵਿਰੋਧ ਕੀਤਾ ਸੀ ਤੇ ਚੌਹਾਨ ਨੇ ਸੱਤੀ ਵਾਲ਼ਾ ਹੀ ਬਿਆਨ ਦਿੱਤਾ ਸੀ।

ਪਰ ਇਥੇ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਕਾਂਗਰਸੀਆਂ ਤੇ ਖਾਸ ਕਰ ਕੇ ਕਮਿਊਨਿਸਟਾਂ ਦੀ ਸਾਹਿਤ-ਸਭਿਆਚਾਰ ਨਾਲ ਵਾਹ ਦੀ ਸ਼ਾਨਦਾਰ ਪ੍ਰੰਪਰਾ ਰਹੀ ਹੈ। ਆਪਣੀਆਂ ਸਫ਼ਾਂ ਵਿਚ ਸਦਾ ਹੀ ਬੇਮਿਸਾਲ ਕਲਮਾਂ ਵਾਲ਼ੇ ਸ਼ਾਮਲ ਰਹੇ ਹੋਣ ਦਾ ਉਹਨਾਂ ਨੂੰ ਵਾਜਬ ਮਾਣ ਰਿਹਾ ਹੈ। ਗਾਂਧੀ-ਨਹਿਰੂ ਤੋਂ ਤੁਰੀ ਕਾਂਗਰਸ ਦੀ ਸ਼ਬਦੀ ਪ੍ਰੰਪਰਾ ਅੱਜ ਵੀ ਸ਼ਸੀ ਥਰੂਰ ਤੇ ਸਲਮਾਨ ਖ਼ੁਰਸ਼ੀਦ ਜਿਹਿਆਂ ਦੀਆਂ ਕਲਮਾਂ ਰਾਹੀਂ ਉਜਾਗਰ ਹੁੰਦੀ ਰਹਿੰਦੀ ਹੈ। ਕਮਿਊਨਿਸਟਾਂ ਦਾ ਤਾਂ ਸਾਹਿਤ-ਸਭਿਆਚਾਰ ਨਾਲ ਅਜਿਹਾ ਅਟੁੱਟ ਤੇ ਸੰਘਣਾ ਨਾਤਾ ਰਿਹਾ ਹੈ ਤੇ ਸਿਆਸੀ ਨਿਵਾਣ ਦੇ ਬਾਵਜੂਦ ਅੱਜ ਵੀ ਕਾਇਮ ਹੈ ਕਿ ਦੇਸ ਦੀ ਹਰ ਭਾਸ਼ਾ ਦੇ ਪ੍ਰਮੁੱਖ ਨਾਂ ਇਸ ਲਹਿਰ ਦਾ ਮਾਣ ਬਣਦੇ ਰਹੇ ਹਨ। ਸਾਹਿਤ, ਭਾਸ਼ਾ, ਨਾਟਕ ਤੇ ਫ਼ਿਲਮਾਂ ਜਿਹੇ ਖੇਤਰਾਂ ਦੇ ਕੌਮਾਤਰੀ ਪ੍ਰਸਿੱਧੀ ਵਾਲ਼ੇ ਨਾਂ ਖੱਬੀ ਲਹਿਰ ਨਾਲ ਜੁੜਦੇ ਰਹੇ ਹਨ ਤੇ ਉਹਨੇ ਪੈਦਾ ਵੀ ਕੀਤੇ ਹਨ। ਜੇ ਅਜੋਕੇ ਪੰਜਾਬੀ ਸਾਹਿਤ ਦੀ ਗੱਲ ਹੀ ਕਰੀਏ, ਗੁਰਬਖ਼ਸ਼ ਸਿੰਘ, ਹੀਰਾ ਸਿੰਘ ਦਰਦ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ ਤੇ ਸੰਤੋਖ ਸਿੰਘ ਧੀਰ ਤੋਂ ਲੈ ਕੇ ਅਨੇਕਾਂ ਨਾਂ ਗਿਣਵਾਏ ਜਾ ਸਕਦੇ ਹਨ ਜਿਨ੍ਹਾਂ ਦੀ ਸਾਹਿਤਕ ਹੈਸੀਅਤ ਉੱਤੇ ਕਿਸੇ ਵਿਚਾਰਧਾਰਕ ਵਿਰੋਧੀ ਲਈ ਵੀ ਕਿੰਤੂ-ਪ੍ਰੰਤੂ ਕਰਨਾ ਸੰਭਵ ਨਹੀਂ।

ਇਹਦੇ ਉਲਟ ਕੇਂਦਰ ਤੇ ਪੰਜਾਬ ਦੀਆਂ ਵਰਤਮਾਨ ਸਰਕਾਰਾਂ ਦੇ ਭਾਂਡੇ ਬਿਲਕੁਲ ਖਾਲੀ ਹਨ। ਏਨਾ ਹੀ ਨਹੀਂ, ਉਹਨਾਂ ਦੀ ਸੋਚ ਵਿਚ ਸਾਹਿਤ-ਸਭਿਆਚਾਰ ਵਾਸਤੇ ਅਜੀਬ ਕਿਸਮ ਦਾ ਤ੍ਰਿਸਕਾਰ ਹੈ। ਇਨਾਮ-ਵਾਪਸੀ ਤੋਂ ਮਗਰੋਂ ਅਸਹਿਣਸ਼ੀਲਤਾ ਬਾਰੇ ਟੀ ਵੀ ਬਹਿਸਾਂ ਵਿਚ ਹਿੱਸਾ ਲੈਣ ਦਾ ਸਬੱਬ ਬਣਨ ਸਮੇਂ ਇਕ ਵਾਰ ਇਕ ਚੈਨਲ ਦੇ ਉਡੀਕ-ਕਮਰੇ ਵਿਚ ਬੈਠਿਆਂ ਮੈਂ ਆਪਣੇ ਨਾਲ ਕਾਫ਼ੀ ਖੁੱਲ੍ਹ ਗਏ ਇਕ ਭਗਵੇਂ ਬੁਲਾਰੇ ਨਾਲ ਗੱਲਾਂ ਕਰ ਰਿਹਾ ਸੀ। ਮੈਂ ਨੈਸ਼ਨਲ ਬੁਕ ਟਰੱਸਟ ਦੇ ਮੁਖੀ ਲਾਏ ਗਏ ਆਰ. ਐਸ. ਐਸ. ਦੇ ਬਲਦੇਵ ਭਾਈ ਦੇ ਹਵਾਲੇ ਨਾਲ ਕਿਹਾ ਕਿ ਅਸਾਹਿਤਕ ਬੰਦਾ ਅਜਿਹੀ ਅਹਿਮ ਸਾਹਿਤਕ ਪਦਵੀ ਉੱਤੇ ਲਾਉਣ ਦੀ ਥਾਂ ਤੁਸੀਂ ਲਾ ਤਾਂ ਕੋਈ ਭਗਵਾਂ ਹੀ ਲੈਂਦੇ ਪਰ ਘੱਟੋ-ਘੱਟ ਮਾੜਾ-ਮੋਟਾ ਲੇਖਕ ਤਾਂ ਹੁੰਦਾ। ਉਹ ਮੁਸਕਰਾ ਕੇ ਕਹਿੰਦਾ, ‘ਲਿਆਈਏ ਕਿਥੋਂ ?’ ਬਿਲਕੁਲ ਇਹੋ ਗੱਲ ਅਕਾਲੀ ਸਰਕਾਰ ਉੱਤੇ ਢੁਕਦੀ ਹੈ। ਮੈਂ ਨਹੀਂ ਸਮਝਦਾ, ਸਾਡੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕਿਸੇ ਹੋਰ ਮੰਤਰੀ ਜਾਂ ਜਥੇਦਾਰ ਨੇ ਕਦੀ ਕੋਈ ਸਾਹਿਤਕ ਪੁਸਤਕ ਖੋਲ੍ਹਣ ਦੀ ਲੋੜ ਸਮਝੀ ਹੋਵੇਗੀ। ਬਠਿੰਡੇ ਦੇ ਕਬੱਡੀ ਕੱਪਾਂ ਵੇਲ਼ੇ ਤੁਸੀਂ ਬਾਦਲ ਪਿਓ-ਪੁੱਤਰ ਨੂੰ ਮੁਹਰਲੇ ਸੋਫ਼ੇ ਉੱਤੇ ਇਕੱਠੇ ਬੈਠ ਕੇ ਕੈਟਰੀਨਾ ਕੈਫ਼ ਤੇ ਕਰੀਨਾ ਕਪੂਰ ਦੀ ‘ਕਲਾ’ ਮਾਣਦਿਆਂ ਤਾਂ ਦੇਖਿਆ ਹੋਵੇਗਾ ਪਰ ਕੀ ਕਦੀ ਕਿਸੇ ਨਾਟਕ, ਕਵੀ ਦਰਬਾਰ, ਕਹਾਣੀ ਦਰਬਾਰ ਜਾਂ ਭਾਸ਼ਾਈ-ਸਾਹਿਤਕ ਗੋਸ਼ਟੀ ਨੂੰ ਗਹੁ ਨਾਲ ਸੁਣਦਿਆਂ ਦੇਖਿਆ ਹੈ ?

ਪੰਜਾਬੀ ਦੇ ਨਾਅਰੇ ਨਾਲ ਬਣੇ ਸੂਬੇ ਵਿਚ ਪੰਜਾਬੀ ਦੇ ਸਭ ਤੋਂ ਵੱਡੇ ਮੁਦਈ ਹੋਣ ਦੇ ਝੂਠੇ ਨੌਟੰਕੀਬਾਜ਼ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਬਣੀ ਹੈ, ਪੰਜਾਬੀ ਭਾਸ਼ਾ ਤੇ ਸਾਹਿਤ ਦਾ ਘੋਰ ਅਪਮਾਨ ਤੇ ਬੇਹੱਦ ਨੁਕਸਾਨ ਹੋਇਆ ਹੈ। ਇਹ ਵੀਹ ਸਾਲ ਪਹਿਲਾਂ ਦੀ ਅਕਾਲੀ ਸਰਕਾਰ ਹੀ ਸੀ ਜਿਸ ਨੇ ਪੰਜਾਬ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਦਾ ਤੋਤਾ ਸਿੰਘੀ ਫ਼ੈਸਲਾ ਲਿਆ ਸੀ। ਏਨਾ ਹੀ ਨਹੀਂ, ਪੰਜਾਬੀ ਪਿਆਰਿਆਂ ਦੇ ਨੱਕ ਉੱਤੇ ਮੁੱਕਾ ਮਾਰਨ ਵਾਸਤੇ ਅਤੇ ਪੰਜਾਬੀ ਨੂੰ ਰਾਜਭਾਸ਼ਾ ਬਣਾਉਣ ਦਾ ਅਕਾਲੀਆਂ ਤੇ ਕਾਂਗਰਸੀਆਂ ਲਈ ਲਾਅਨਤੀ ਫ਼ੈਸਲਾ ਲੈ ਕੇ ਮਾਂ-ਬੋਲੀ ਦੇ ਇਤਿਹਾਸ ਵਿਚ ਅਮਰ ਹੋਏ ਲਛਮਣ ਸਿੰਘ ਗਿੱਲ ਤੋਂ ਸਿਆਸੀ ਬਦਲਾ ਲੈਣ ਵਾਸਤੇ ਅਕਾਲੀ ਸਰਕਾਰ ਨੇ ਇਸ ਫ਼ੈਸਲੇ ਦਾ ਐਲਾਨ ਵੀ ਉਹਦੇ ਪਿੰਡ ਚੂਹੜਚੱਕ ਉਹਦੇ ਸਿਵੇ ਉੱਤੇ ਖਲੋ ਕੇ ਕੀਤਾ ਸੀ। ਕੀ ਸੰਗਤ ਦਰਸ਼ਨ ਦੇ ਨਾਂ ਉੱਤੇ ਸਾਰੇ ਪੰਜਾਬ ਦੇ ਹਰਾਸੇ-ਨਿਰਾਸੇ ਧੌਲ-ਦਾੜ੍ਹੀਏ ਬਜ਼ੁਰਗਾਂ, ਮਾਈਆਂ ਤੇ ਵਿਧਵਾਵਾਂ ਦੇ ਜੁੜੇ ਹੋਏ ਅਪਮਾਣਿਤ ਹੱਥਾਂ ਵਿਚ, ਅਸੂਲਨ ਬੈਂਕ ਜਾਂ ਡਾਕ ਰਾਹੀਂ ਉਹਨਾਂ ਦੇ ਘਰ ਪਹੁੰਚਣਾ ਚਾਹੀਦਾ ਚੈੱਕ, ਨਿੱਜੀ ਭੀਖ ਵਾਂਗ ਸੁੱਟਣ ਵਾਲ਼ੇ ਮੁੱਖ ਮੰਤਰੀ ਜੀ ਦੱਸਣਗੇ ਕਿ ਵੀਹ ਸਾਲ ਪਹਿਲਾਂ ਸੈਂਕੜੇ ਪੰਜਾਬੀ ਲੇਖਕਾਂ ਸਾਹਮਣੇ ਚੰਡੀਗੜ੍ਹ ਦੇ ਇਕ ਹਾਲ ਵਿਚ ਕੀਤਾ ਮੋਹਾਲੀ ਵਿਚ ਦਫ਼ਤਰੀ ਪਲਾਟ ਦੇਣ ਦਾ ਇਕਰਾਰ ਅੱਜ ਤੱਕ ਪੂਰਾ ਕਿਉਂ ਨਹੀਂ ਕੀਤਾ ? ਕੀ ਉਹ ਦੱਸਣਗੇ ਕਿ ਬੀਬੀ ਉਪਿੰਦਰਜੀਤ ਕੌਰ ਦੇ ਮੰਤਰੀ ਕਾਲ ਵਿਚ ਕੇਂਦਰੀ ਲੇਖਕ ਸਭਾਵਾਂ ਅਤੇ ਲੁਧਿਆਣਾ ਅਕਾਦਮੀ ਲਈ ਐਲਾਨੀ ਗਈ ਮਾਇਆ ਅੱਜ ਤੱਕ ਕਿਉਂ ਨਹੀਂ ਦਿੱਤੀ ਗਈ ? ਹੋਰ ਤਾਂ ਹੋਰ, 2010 ਵਿਚ ਲੇਖਕਾਂ ਦੇ ਨੁਮਾਇੰਦਿਆਂ ਨਾਲ ਇਕ ਬੈਠਕ ਵਿਚ ਬਾਦਲ ਸਾਹਿਬ ਨੇ ਮਾਇਆ ਦੇਣ ਦਾ ਜੋ ਇਕਰਾਰ ਆਪਣੇ ਮੂੰਹੋਂ ਕੀਤਾ ਸੀ, ਉਹ ਵੀ ਪੂਰਾ ਕਿਉਂ ਨਹੀਂ ਹੋਇਆ ?

ਪੰਜਾਬ ਵਿਚ ਪੰਜਾਬੀ ਮਾਂ ਨੂੰ ਪੈ ਰਹੇ ਧੌਲ-ਧੱਫਿਆਂ ਦੀ ਸਭ ਤੋਂ ਵਧੀਆ ਮਿਸਾਲ ਭਾਸ਼ਾ ਵਿਭਾਗ ਦੀ ਘੁਮਿਆਰ-ਵਿਹੜੇ ਵਾਲ਼ੀ ਦੁਰਦਸ਼ਾ ਹੈ। ਚਾਹੀਦਾ ਇਹ ਸੀ ਕਿ ਜੇ ਕੋਈ ਪੰਜਾਬੀ ਪਿਆਰਾ ਪਟਿਆਲੇ ਦੇ ਵੀਹ ਵੀਹ ਕੋਹ ਦੂਰੋਂ ਲੰਘ ਰਿਹਾ ਹੋਵੇ, ਉਹਦੀ ਮੁਹਾਰ ਭਾਸ਼ਾ ਵਿਭਾਗ ਵਿਚ ਹੋ ਕੇ ਜਾਣ ਲਈ ਆਪਮੁਹਾਰੇ ਇਧਰ ਮੁੜ ਜਾਵੇ। ਹਾਲਤ ਇਹ ਹੈ ਕਿ ਸ਼ੇਰਾਂਵਾਲਾ ਗੇਟ ਕੋਲੋਂ ਲੰਘਦੇ ਲੇਖਕ ਦਾ ਮਨ ਵੀ ਉਥੇ ਜਾਣ ਨੂੰ ਨਹੀਂ ਕਰਦਾ ਕਿਉਂਕਿ ‘ਲਗਤਾ ਨਹੀਂ ਹੈ ਜੀਅ ਮੇਰਾ ਉਜੜੇ ਦਿਆਰ ਮੇਂ !’ ਭਾਸ਼ਾ ਵਿਭਾਗ ਦਹਾਕਿਆਂ ਤੋਂ ਨਿਵਾਣ ਵੱਲ ਤਿਲ੍ਹਕਦਾ ਆਖ਼ਰ ਉਜਾੜੇ ਤੱਕ ਪਹੁੰਚ ਗਿਆ ਹੈ। ਸਾਲਾਂ ਤੋਂ ਸੇਵਾਮੁਕਤ ਹੁੰਦੇ ਮੁਲਾਜ਼ਮ ਦੀ ਥਾਂ ਨਵਾਂ ਨਾ ਰੱਖੇਜਾਣ ਕਰਕੇ ਕਰਮਚਾਰੀਆਂ ਦੀ ਗਿਣਤੀ ਅੱਧੀ ਵੀ ਨਹੀਂ ਰਹੀ। ਪੈਸਾ ਨਾ ਮਿਲਣ ਕਰਕੇ ਕੋਈ ਕੰਮ ਨਹੀਂ ਹੋ ਰਿਹਾ। ਬਚੇ-ਖੁਚੇ ਮੁਲਾਜ਼ਮਾਂ ਦੀ ‘ਡਿਊਟੀ’ ਵਿਹਲ ਦੇ ਅਕੇਵੇਂ ਦੀਆਂ ਉਬਾਸੀਆਂ ਲੈਣਾ ਰਹਿ ਗਈ ਹੈ। ਵਿਭਾਗ ਦੇ ਜ਼ਿਲਾ ਦਫ਼ਤਰ ਵੀ ਸੇਵਾਮੁਕਤੀ ਕਾਰਨ ਖਾਲੀ ਹੋਈਆਂ ਥਾਂਵਾਂ ਨਾ ਭਰੇ ਜਾਣ ਕਰਕੇ ਜਾਂ ਬੰਦ ਹੋ ਗਏ ਹਨ ਜਾਂ ਉਜੜੇ ਪਏ ਹਨ। ਕਈ ਦਫ਼ਤਰ ਖੋਲ੍ਹਣ ਦੀ ਕਿਰਪਾ ਬਾਕੀ ਬਚੇ ਸੇਵਾਦਾਰ ਜਾਂ ਸਫ਼ਾਈ-ਸੇਵਕ ਕਰਦੇ ਹਨ।

ਜੇ ਪੰਜਾਬੀ ਬੋਲੀ ਤੇ ਸਾਹਿਤ-ਸਭਿਆਚਾਰ ਸਰਕਾਰ ਦੀ ਕਿਸੇ ਗਿਣਤੀ ਮਿਣਤੀ ਵਿਚ ਹੁੰਦੇ, ਪੰਜਾਬੀ ਸੂਬੇ ਦੀ ਪੰਜਾਹਵੀਂ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ ਜਾਣੀ ਚਾਹੀਦੀ ਸੀ। ਪਰ ਹਾਲਤ ਇਹ ਹੈ ਕਿ ਭਾਸ਼ਾ ਵਿਭਾਗ ਦੀ ਡਾਇਰੈਕਟਰ ਬੀਬੀ ਦਾ ਕਹਿਣਾ ਹੈ ਕਿ ਉਹਨੂੰ ਵਰ੍ਹੇਗੰਢ ਬਾਰੇ ਕੋਈ ਸਰਕਾਰੀ ਇਤਲਾਹ ਨਹੀਂ ਕਿ ਇਹ ਦਿਨ ਮਨਾਉਣਾ ਹੈ ਕਿ ਨਹੀਂ ਤੇ ਜੇ ਮਨਾਉਣਾ ਹੈ ਤਾਂ ਕਿਸ ਰੂਪ ਵਿਚ ਮਨਾਉਣਾ ਹੈ। ਉਹਦਾ ਰੋਣਾ ਹੈ ਕਿ ਉਸ ਕੋਲ ਕਿਸੇ ਸਮਾਗਮ ਲਈ ਫੁੱਟੀ ਕੌਡੀ ਵੀ ਨਹੀਂ ਹੈ ਅਤੇ 17 ਅਗਸਤ ਨੂੰ ਰਾਜ-ਪੱਧਰੀ ਸੰਸਕਿ੍ਰਤ ਦਿਵਸ ਦਾ ਹਜ਼ਾਰਾਂ ਰੁਪਏ ਦਾ ਖ਼ਰਚ ਉਹਨੇ ਆਪਣੀ ਜੇਬ ਵਿਚੋਂ ਕੀਤਾ ਹੈ ਤੇ 14 ਸਤੰਬਰ ਦਾ ਹਿੰਦੀ ਦਿਵਸ ਮਨਾਉਣ ਬਾਰੇ ਆਪਣੀ ਖਾਲੀ ਨਿੱਜੀ ਜੇਬ ਵੱਲ ਦੇਖ ਕੇ ਝੂਰ ਰਹੀ ਹੈ।

ਪੰਜਾਬ ਦੀਆਂ ਲਾਇਬਰੇਰੀਆਂ ਦੀ ਦੁਰਦਸ਼ਾ ਸਰਕਾਰ ਦੇ ਰਵਈਏ ਦੀ ਇਕ ਹੋਰ ਗਵਾਹੀ ਹੈ। ਜ਼ਿਲਾ, ਪਬਲਿਕ ਤੇ ਕਾਲਜੀ ਲਾਇਬਰੇਰੀਅਨਾਂ ਦੀਆਂ 96 ਵਿਚੋਂ 73 ਅਤੇ ਰੀਸਟੋਰਰਾਂ ਦੀਆਂ 72 ਵਿਚੋਂ 47 ਥਾਂਵਾਂ ਖਾਲੀ ਪਈਆਂ ਹਨ। ਸਰਕਾਰੀ ਕਾਲਜਾਂ ਦੇ ਲਾਇਬਰੇਰੀਅਂਨਾਂ ਦੀਆਂ 48 ਵਿਚੋਂ 34 ਥਾਂਵਾਂ ਖਾਲੀ ਹਨ ਅਤੇ 19 ਵਿਚ ਤਾਂ ਰੀਸਟੋਰਰ ਵੀ ਨਾ ਹੋਣ ਕਰਕੇ ਦਰਜਾ ਚਾਰ ਕਰਮਚਾਰੀ ਮੋਰਚਾ ਸੰਭਾਲਦੇ ਹਨ। ਹੁਣ ਸਰਕਾਰ ਨੇ ਇਹ ਮਸਲਾ ਹੱਲ ਕਰਨ ਦਾ ਵਧੀਆ ਨਵਾਂ ਤਰੀਕਾ ਸੋਚਿਆ ਹੈ ਅਤੇ ਮਲੇਰਕੋਟਲਾ, ਅਮਰਗੜ੍ਹ ਤੇ ਜਲਾਲਾਬਾਦ ਵਿਚ ਨਵੇਂ ਖੋਲ੍ਹੇ ਕਾਲਜਾਂ ਵਿਚ ਲਾਇਬਰੇਰੀਅਨ ਦੀ ਆਸਾਮੀ ਦਾ ਝੰਜਟ ਹੀ ਮੁਕਾ ਦਿੱਤਾ ਹੈ। 14 ਜ਼ਿਲਾ ਲਾਇਬਰੇਰੀਆਂ ਵਿਚੋਂ ਵੀ 10 ਵਿਚ ਲਾਇਬਰੇਰੀਅਨ ਨਹੀਂ ਹਨ।

ਸਭਿਆਚਾਰਕ ਖੇਤਰ ਦੀ ਇਕ ਮਿਸਾਲ ਦਿੱਤੇ ਬਿਨਾਂ ਸਾਡੀ ਗੱਲ ਪੂਰੀ ਨਹੀਂ ਹੋਣੀ। ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅਹਿਮਦਾਬਾਦ ਜਿਹੀ ਪ੍ਰਮਾਣਿਕ ਸੰਸਥਾ ਦੇ ਖੋਜਾਰਥੀਆਂ ਨੇ ਅਪ੍ਰੈਲ 2015 ਤੋਂ ਮਈ 2016 ਤੱਕ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚੋਂ 18-25 ਉਮਰ-ਜੁੱਟ ਵਿਚ 136 ਮੁੰਡਿਆਂ ਤੇ 64 ਕੁੜੀਆਂ ਨੂੰ ਆਪਣੀ ਆਪਣੀ ਪਸੰਦ ਦੇ ਪੰਜਾਹ ਪੰਜਾਬੀ ਗੀਤਾਂ ਦੀ ਪੈੱਨਡਰਾਈਵ ਦੇਣ ਵਾਸਤੇ ਕਿਹਾ। ਇਉਂ ਮਿਲੇ 2, 000 ਗੀਤਾਂ ਵਿਚੋਂ 1, 200 ਵਿਚ ਨਸ਼ਿਆਂ ਤੇ ਹਿੰਸਾ ਦਾ ਜ਼ਿਕਰ ਸੀ। 60 ਫ਼ੀਸਦੀ ਵਿਦਿਆਰਥੀ ਨਸ਼ਿਆਂ ਤੇ ਹਿੰਸਾ ਦੀ ਉਸਤਤ ਵਾਲੇ ਤੇ ਔਰਤ ਦੀ ਕਾਮੁਕ ਪੇਸ਼ਕਾਰੀ ਵਾਲ਼ੇ ਗੀਤ ਅਤੇ ਉਹਨਾਂ ਨਾਲ ਉਤੇਜਿਤ ਕਰਨ ਵਾਲੀ ਵੀਡੀਓਗ੍ਰਾਫ਼ੀ ਮਾਣਦੇ ਸਨ। ਸਾਰੇ ਵੇਰਵੇ ਨੂੰ ਘੋਖ ਕੇ ਉਹਨਾਂ ਵਿਚੋਂ ਹਰ ਵਿਦਿਆਰਥੀ ਦੀ ਔਰਤਾਂ, ਨਸ਼ਿਆਂ ਤੇ ਹਿੰਸਾ ਬਾਰੇ ਸੋਚ ਪੂਰੀ ਤਰ੍ਹਾਂ ਵਿਗਿਆਨਕ ਢੰਗ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਨਸ਼ਿਆਂ ਵਿਚ ਕੁੜੀਆਂ ਤੇ ਮੁੰਡਿਆਂ ਦੀ ਰੁਚੀ ਬਰਾਬਰ ਦੀ ਸੀ, ਹਿੰਸਾ ਦੀ ਰੁਚੀ ਕੁੜੀਆਂ ਵਿਚੋਂਗ਼ੈਰਹਾਜ਼ਰ ਸੀ ਅਤੇ ਹੈਰਾਨੀ ਦੀ ਗੱਲ, ਔਰਤ ਵੱਲ ਨਾਂਹਪੱਖੀ ਨਜ਼ਰੀਆ ਦੋਵਾਂ ਦਾ ਸਾਂਝਾ ਸੀ। ਇਹ ਹੈ ਉਹ ਸਭਿਆਚਾਰ, ਜੋ ਬਾਦਲ ਸਰਕਾਰ ਦੇ ਨੱਕ ਹੇਠ ਗੱਭਰੂਆਂ ਤੇ ਮੁਟਿਆਰਾਂ ਨੂੰ ਪਰੋਸਿਆ ਜਾ ਰਿਹਾ ਹੈ।

ਅਖ਼ਬਾਰਾਂ ਵਿਚ ਪੂਰੇ ਪੰਨੇ ਜਿੱਡੇ ਏਕੇ ਨਾਲ ਸੁਖਬੀਰ ਸਿੰਘ ਬਾਦਲ ਦੀ ਮੁਸਕਰਾਉਂਦੀ ਤਸਵੀਰ ਵਾਲ਼ੇ ਵੱਖ ਵੱਖ ਖੇਤਰਾਂ ਵਿਚ ਪੰਜਾਬ ਨੂੰ ਭਾਰਤ ਦਾ ਨੰਬਰ ਇਕ ਸੂਬਾ ਐਲਾਨਦੇ ਹੋਏ ਇਸ਼ਤਿਹਾਰ ਛਪਦੇ ਰਹਿੰਦੇ ਹਨ। ਪਤਾ ਨਹੀਂ ਕਿਉਂ ਬਾਦਲ ਅਕਾਲੀ ਦਲ ਦੇ ਪ੍ਰਧਾਨ ਸ਼੍ਰੀਮਾਨ ਉਪ ਮੁੱਖ ਮੰਤਰੀ ਜੀ ਅਤੇ ਉਹਦੇ ਸਲਾਹਕਾਰਾਂ ਨੂੰ ਉਸ ਪ੍ਰਾਪਤੀ ਦਾ ਇਸ਼ਤਿਹਾਰ ਦੇਣਾ ਕਿਉਂ ਨਹੀਂ ਸੁੱਝਿਆ ਜਿਸ ਪੱਖੋਂ ਪੰਜਾਬ ਭਾਰਤ ਦਾ ਹੀ ਨੰਬਰ ਇਕ ਨਹੀਂ ਸਗੋਂ ਦੁਨੀਆ ਦਾ ਇਕੋ-ਇਕ ਖਿੱਤਾ ਹੈ। ਪੂਰੀ ਦੁਨੀਆ ਵਿਚ ਸਿਰਫ਼ ਪੰਜਾਬ ਹੀ ਹੈ ਜਿਥੋਂ ਦੇ ਸਕੂਲਾਂ ਵਿਚ ਮਾਂ-ਬੋਲੀ ਬੋਲਣ ਦੀ ਕਾਨੂੰਨਨ ਮਨਾਹੀ ਹੈ ਅਤੇ ਪੰਜਾਬੀ ਬੋਲਣ ਵਾਲ਼ੇ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਹੁਣ ਪੰਜਾਬੀ-ਵਿਰੋਧੀ ਸਾਜ਼ਿਸ਼ੀਏ ਇਸ ਤੋਂ ਅੱਗੇ ਵਧ ਕੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ‘ਚੰਗੀ ਪੜ੍ਹਾਈ ਦੇ ਹਿਤ ਵਿਚ’ ਉਹਨਾਂ ਨਾਲ ਪੰਜਾਬੀ ਨਾ ਬੋਲਣ ਦਾ ਹੁਕਮ ਭੇਜਦੇ ਹਨ। ਇਉਂ ਅਕਾਲੀ ਸਰਕਾਰ ਦੀ ਸਹਿਮਤੀ ਨਾਲ ਪੰਜਾਬ ਦੇ ਸਕੂਲਾਂ ਤੋਂ ਮਗਰੋਂ ਘਰਾਂ ਵਿਚੋਂ ਵੀ ਪੰਜਾਬੀ ਨੂੰ ਬੇਦਖ਼ਲ ਕੀਤਾ ਜਾ ਰਿਹਾ ਹੈ।

ਸਵੈਹਿਤ ਨੂੰ ਲਾਂਭੇ ਛੱਡ ਕੇ (ਹੋਰ ਅਨੇਕ ਲੇਖਕਾਂ ਦੇ ਸੰਗ ਸੰਗ) ਨਿਰੋਲ ਲੋਕਹਿਤ ਵਿਚ ਛੇ ਦਹਾਕਿਆਂ ਦੇ ਕਲਮੀ ਸਮਰਪਨ ਸਦਕਾ ਮੇਰਾ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਬਾਰੇ ਕੁਝ ਕਹਿਣ ਦਾ ਹੱਕ ਵੀ ਹੈ ਤੇ ਕੁਝ ਦਾਅਵਾ ਵੀ। ਇਸ ਹੱਕ ਤੇ ਦਾਅਵੇ ਦੇ ਨਾਤੇ ਪੰਜਾਬੀ ਲੇਖਕਾਂ ਨੂੰ ਮੇਰੀ ਸਲਾਹ ਹੈ ਕਿ ਪੰਜਾਬੀ-ਪੰਜਾਬੀ ਦਾ ਰੋਣਾ-ਪਿੱਟਣਾ ਬਹੁਤ ਹੋ ਗਿਆ ! ਹੁਣ ਅਸੀਂ ਇਹ ਵੈਣ ਤੇ ਕੀਰਨੇ ਪਾਉਣੇ ਛੱਡੀਏ ਅਤੇ ਭਾਸ਼ਾ ਵਿਭਾਗ ਵਿਚ ਪੰਜਾਬੀ ਲਈ ਮਰਗ ਦਾ ਪਾਠ ਕਰਵਾ ਕੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੋਂ ਮੁੱਖ ਸ਼ਰਧਾਂਜਲੀ ਭੇਟ ਕਰਵਾ ਦੇਈਏ ! ਇਸੇ ਹੱਕ ਤੇ ਦਾਅਵੇ ਦੇ ਨਾਤੇ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੀਆਂ ਫੋਕੀਆਂ ਤੇ ਬਕਬਕੀਆਂ ਟਾਹਰਾਂ ਮਾਰਦੇ ਰਹਿਣ ਵਾਲ਼ੇ ਪੰਜਾਬ ਸਰਕਾਰ ਦੇ ਚੌਧਰੀਆਂ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਉਹ ਸਾਹਿਤਕ ਕਿਤਾਬਾਂ ਨੂੰ ਹੱਥ ਨਾ ਲਾਉਣ ਦੀ ਆਪਣੀ ਸਹੁੰ ਜੀਅ-ਸਦਕੇ ਪਾਲਦੇ ਰਹਿਣ ਪਰ ਇਕ ਵਾਰ ਗੁਰਬਾਣੀ ਜ਼ਰੂਰ ਸਰਵਣ ਕਰਨ। ਮੇਰੇ ਬਾਬਾ ਜੀ ਨੇ ਪੰਜ ਸਦੀਆਂ ਪਹਿਲਾਂ ਹੀ ਤੁਹਾਡੇ ਵਾਲ਼ੇ ਪੰਜਾਬ ਦੀ ਕਿੰਨੀ ਸੰਪੂਰਨ ਤਸਵੀਰ ਪੇਸ਼ ਕਰ ਦਿੱਤੀ ਸੀ: ‘‘ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ  ! ਕੂੜੁ ਰਹਿਆ ਭਰਪੂਰਿ ॥’’ (ਆਸਾ ਕੀ ਵਾਰ, ਮ: ੧/੪੭੨)

(bhullargs@gmail.com ; koz+1142502364)

Most Viewed Posts