ਜ਼ਿੰਦਗੀ ਦੀ ਰਫ਼ਤਾਰ (ਕਵਿਤਾ)

0
320

  ਜ਼ਿੰਦਗੀ ਦੀ ਰਫ਼ਤਾਰ 

                                                         – ਗੁਰਪ੍ਰੀਤ ਸਿੰਘ, ਯੂ.ਐੱਸ.ਏ 

ਕੀ ਸੁਣਾਵਾਂ ਮੈ, ਦੋ ਆਰ ਦੀਆਂ |

ਇਸ਼ਕ ਵਾਲੀਆਂ ਗੱਲਾਂ ਨੇ ਹੁਣ, ਪਾਰ ਦੀਆਂ  | |

ਗੀਤਾਂ ਦੇ ਸਨ ਮੌਸਮ, ਪੈਲਾਂ ਬਹਾਰ ਦੀਆਂ |

ਗਲੀ ਗਲੀ ਸਨ ਹੁੰਦੀਆਂ, ਗੱਲਾਂ ਪਿਆਰ ਦੀਆਂ  | |

ਚੋਹੀਂ ਪਾਸੀਂ ਸਨ ਧੂੰਮਾਂ, ਇੱਜ਼ਤ ਤੇ ਸਤਿਕਾਰ ਦੀਆਂ |

ਕੌਣ ਕਰਦਾ ਸੀ ਗੱਲਾਂ ਕਦੀ, ਜਿੱਤ ਤੇ ਹਾਰ ਦੀਆਂ  | |

ਨਕਦ ਉਧਾਰ ਨਾ ਕੋਈ, ਗੱਲਾਂ ਸਨ ਇਤਬਾਰ ਦੀਆਂ |

ਨਾ ਉਸ ਦੇ ਇਨਕਾਰ ਦੀਆਂ, ਨਾ ਤੇਰੇ ਮੇਰੇ ਤਕਰਾਰ ਦੀਆਂ  | | 

ਕੀਡ਼ੀਆਂ ਸਨ ਪੀਢੀਆਂ, ਮਹਿਕਣ ਤੰਦਾਂ ਇਕਰਾਰ ਦੀਆਂ |

ਕਰੇ ਕੌਣ ਯਕੀਨ, ਗੱਲਾਂ ਸਨ ਇਸੇ ਗੁਲਜ਼ਾਰ ਦੀਆਂ   | | 

ਦਿਲ ਦੀਆਂ ਕੋਠੜੀਆਂ ਹੁਣ, ਬਣੀਆਂ ਨੇ ਗਾਰ ਦੀਆਂ |

ਜਿਹਦੇ ਲੱਗਣ ਦਾਅ, ਹੱਕ ਸਭਨਾਂ ਦੇ ਮਾਰ ਦੀਆਂ  | |

ਸਵਾਹ ਨੂੰ ਸੋਨਾ ਦੱਸ ਵੇਚਦੇ, ਖਾਂਦੇ ਸੋਹਾਂ ਕਰਤਾਰ ਦੀਆਂ |

ਪ੍ਰਦੇਸਾਂ ਦੀਆਂ ਨਹੀਂ, ਗੱਲਾਂ ਨੇ ਇਸੇ ਬਜ਼ਾਰ ਦੀਆਂ  | |

ਅਸਲ ਗੱਲਾਂ ਤੇ ਨੇ, ਜ਼ਿੰਦਗੀ ਦੀ ਰਫ਼ਤਾਰ ਦੀਆਂ |

ਹੋਵਣ ਸ਼ਾਇਦ ਇਹ ਵੀ, ਗੁੱਝੀਆਂ ਚਾਲਾਂ ਸਰਕਾਰ ਦੀਆਂ  | |

ਤੂੰ ਵਸਦਾ ਏ ਤਾਂ, ਵਸਦਾ ਰਹਿ ” ਪ੍ਰੀਤ”

ਡਾਰੋਂ ਖੁੰਝੀਆਂ ਹੀ ਜਾਨਣ, ਕਦਰਾਂ ਯਾਰ ਦੀਆਂ  | |