ਗੁਰੂ ਨਾਨਕ ਜੀ ਦੀ ਪੰਜਵੀਂ ਉਦਾਸੀ (ਕਵਿਤਾ)

0
900

ਗੁਰੂ ਨਾਨਕ ਜੀ ਦੀ ਪੰਜਵੀਂ ਉਦਾਸੀ

ਸੁਰਜੀਤ ਗੱਗ

ਚੱਲ ਮਰਦਾਨਿਆ ਘੁੰਮਣ ਚੱਲੀਏ, ਧਰਤੀ ਦਾ ਮੁੱਖ ਚੁੰਮਣ ਚੱਲੀਏ ।
ਛੱਡ ਰਬਾਬ ਤੇ ਫੜ ਲੈ ਕਾਸਾ, ਵੇਖਣ ਚੱਲੀਏ ਜਗਤ ਤਮਾਸ਼ਾ ।
ਕਿਸ ਨੇ ਬੰਨ੍ਹ ਲਈ, ਮਾਰੀ ਗੰਢ, ਕੌਣ ਅਜੇ ਵੀ ਕਰੇ ਪਾਖੰਡ ?
ਕਿਸ ਨੇ ਨਵੀਆਂ ਲੀਹਾਂ ਪਾਈਆਂ, ਕੌਣ ਅਜੇ ਵੀ ਸੰਗ ਕਸਾਈਆਂ ?
ਇਹ ਨੇ ਕੌਣ ਛਲੇਊਆਂ ਵਾਲੇ, ਦਾੜ੍ਹੀਆਂ ਸੰਗ ਜਨੇਊਆਂ ਵਾਲੇ ?
ਪੰਡਤ ਸ਼ੰਖ, ਮੁੱਲਾਣੇ ਬਾਂਗ, ਤੀਜਾ ਕੌਣ ਰਚਾਵੇ ਸਾਂਗ ?
ਹਿੰਦੂ ਨਾ ਮੁਸਲਮਾਨ ਹੈ ਇਹ, ਕਿਸ ਖੋਲ੍ਹੀ ਨਵੀਂ ਦੁਕਾਨ ਹੈ ਇਹ ?
ਸੰਗਮਰਮਰ ਤੇ ਸੋਨਾ ਝਾਲ, ਕਿਹੜਾ ਯੁੱਗ ਇਹ ਕਿਹੜਾ ਕਾਲ ?

ਕਿਹੜੇ ਧਨ ਖਜਾਨਿਓਂ ਆਇਆ, ਕਿੱਥੋਂ ਆ ਗਈ ਏਨੀ ਮਾਇਆ ?
ਲੋਕਾਂ ਦੇ ਜੋ ਲਹੂ ਪੀਂਦਾ ਹੈ, ਕੀ ਬਾਬਰ ਅੱਜ ਵੀ ਜਿਉਂਦਾ ਹੈ ?

ਕੀ ਭੁੱਖਿਆਂ ਢਿੱਡ ਪਾਇਆ ਲੰਗਰ, ਜਿਸ ਨੇ ਵੀ ਇਹ ਲਾਇਆ ਲੰਗਰ ?
ਕਿੱਥਿਓਂ ਚੱਲ ਕੇ ਆਇਆ ਲੰਗਰ, ਇਹ ਕਿਸ ਥਾਂ ਪੁਚਾਇਆ ਲੰਗਰ ?
ਬਣ ਕੇ ਦੋਵੇਂ ਮਸਤ ਕਲੰਦਰ, ਆ ਚੱਲੀਏ ਇਸ ਮੰਦਰ ਅੰਦਰ ।
ਅੰਦਰ ਕਾਹਤੋਂ ਜਾਣ ਨਹੀਂ ਦਿੰਦੇ, ਪੈਰ ਸਰੋਵਰ ਪਾਉਣ ਨਹੀਂ ਦਿੰਦੇ ।
ਕੌਣ ਨੇ ਇਹ ਜੋ ਬਰਛਿਆਂਵਾਲੇ, ਤੌਰ-ਤਰੀਕੇ ਹਰਖਿਆਂ ਵਾਲੇ ।
ਹੋਰ ਵੀ ਤਾਂ ਲੰਘ ਲੋਕ ਰਹੇ ਨੇ, ਸਾਨੂੰ ਹੀ ਕਿਉਂ ਟੋਕ ਰਹੇ ਨੇ ?
ਕੌਣ ਨੇ ਇਹ ਜੋ ਗਾਉਂਦੇ ਪਏ ਨੇ, ਕਿਸ ਨੂੰ ਚੌਰ ਝੁਲਾਉਂਦੇ ਪਏ ਨੇ ?
ਸਾਰੀ ਬਾਣੀ ਕਰ ਲਈ ਕੰਠ, ਮੂਹਰੇ ਧਰਿਆ ਕਿਉਂ ਗਰੰਥ ?
ਇਹ ਤਾਂ ਗੱਲ ਸਮਝ ਵਿੱਚ ਆਵੇ, ਅਨਪੜ੍ਹਾਂ ਤਾਈਂ ਕੋਈ ਪੜ੍ਹ ਸਮਝਾਵੇ ।
ਪਰ ਪੜ੍ਹੇ-ਲਿਖੇ ਖੁਦ ਪੜ੍ਹਦੇ ਕਿਉਂ ਨਹੀਂ, ਪੜ੍ਹਦੇ ਅਮਲ ਫਿਰ ਕਰਦੇ ਕਿਉਂ ਨਹੀਂ ।
ਮੁੜ-ਮੁੜ ਕਿਉਂ ਦੁਹਰਾਇਆ ਜਾਂਦਾ, ਜ਼ੋਰੀਂ ਕੰਨੀਂ ਪਾਇਆ ਜਾਂਦਾ ।
ਇਹ ਕੀ ਵੇਖਾਂ ਘਾਲਾ-ਮਾਲਾ, ਬੀਬੀ ਦਾਹੜੀ ਹੱਥ ‘ਚ ਮਾਲਾ ?
ਅੱਲਾ ਜਾਂ ਕੋਈ ਪੀਰ ਭਲਾ ਹੈ, ਇਹ ਕਿਸ ਦੀ ਤਸਵੀਰ ਭਲਾ ਹੈ ?
ਮਰਦਾਨੇ ਆਖਿਆ ਛੱਡੋ ਜਨਾਬ, ਕਾਹਨੂੰ ਕਰਨੈ ਮੂਡ ਖਰਾਬ ?
ਏਥੇ ਊਤਿਆ ਫਿਰਦਾ ਆਵਾ, ਹਰ ਇੱਕ ਦਾ ਹੈ ਅਪਣਾ ਦਾਅਵਾ ।
ਹਰ ਕੋਈ ਬਣਿਆ ਫਿਰੇ ਮਛੇਰਾ, ਮੈਂ ਨਾਨਕ ਦਾ ਨਾਨਕ ਮੇਰਾ ।
ਕਾਹਨੂੰ ਪਾਉਣ ਨੂੰ ਪੰਗੇ ਫਿਰਦੇ, ਪੈਰ-ਪੈਰ ਔਰੰਗੇ ਫਿਰਦੇ ।
ਜਿਹਨਾਂ ਨੂੰ ਤੇਰੇ ਅਕੀਦੇ ਭਾਅ ਗਏ, ਉਹ ਤਾਂ ਯਾਰ ਸ਼ਹੀਦੀਆਂ ਪਾ ਗਏ ।
ਹੁਣ ਵੀ ਹੋਵੇ ਸੱਚ ਖੁਆਰ, ਕੂੜ-ਝੂਠ ਦੀ ਜੈ-ਜੈ ਕਾਰ ।
ਤੇਰੇ ਨਾਂ ’ਤੇ ਹੋਣ ਵਪਾਰ, ਤੇਰੇ ਨਾਂ ਦੇ ਕਾਰੋਬਾਰ ।
ਨਾਨਕ ਵਿਕਦੇ ਮੁੱਲ ਬਾਜ਼ਾਰ, ਟਕੇ-ਟਕੇ ਨੂੰ ਮਿਲਦੇ ਚਾਰ ।
ਨਾਨਕ ਤੇਰਾ ਲਾਇਆ ਲੰਗਰ, ਹੁਣ ਨਹੀਂ ਜਾਂਦਾ ਖਾਇਆ ਲੰਗਰ ।
ਢਿੱਡਾਂ ਵਿੱਚ ਵੱਧ-ਘੱਟ ਹੀ ਪੈਂਦਾ, ਜਾਂਦਾ ਭਾਂਡੇ ਪਾਇਆ ਲੰਗਰ ।
ਲੁਕਾਉਣ ਲਈ ਕਾਲੀ ਮਾਇਆ ਲੰਗਰ, ਮਿਲ ਕੇ ਭਾਗੋਆਂ ਲਾਇਆ ਲੰਗਰ ।
ਉਹ ਤਾਂ ਬਾਬਾ ਤੂੰ ਹੀ ਸੀ; ਜਿਸ, ਭਾਗੋ ਦਾ ਠੁਕਰਾਇਆ ਲੰਗਰ ।
ਮੁੱਲ ਦੇ ਸੇਵਾਦਾਰਾਂ ਥੀਂ ਹੁਣ, ਜਾਂਦਾ ਏ ਵਰਤਾਇਆ ਲੰਗਰ ।
ਬੀਬੀਆਂ ਦਾਹੜ੍ਹੀਆਂ, ਕਛਹਿਰਿਆਂ ਵਾਲੇ, ਲੰਮੇ ਚੋਲ਼ੇ ਸੁਨਹਿਰਿਆਂ ਵਾਲੇ ।
ਸੋਨੇ ਦੀਆਂ ਕ੍ਰਿਪਾਨਾਂ ਵਾਲੇ, ਇਹ ਨੇ ਸਭ ਦੁਕਾਨਾਂ ਵਾਲੇ ।
ਇਹ ਭਾਗੋ ਹੈ ਹੰਢਿਆ ਹੋਇਆ, ਨਾਨਕ ਬੂਹੇ ਟੰਗਿਆ ਹੋਇਆ ।
ਹਿੰਦੂ ਨੀ, ਨਾ ਮੁਸਲਮਾਨ ਹੈ ਇਹ, ਬਾਜ਼ਾਰ ‘ਚ ਨਵੀਂ ਦੁਕਾਨ ਹੈ ਇਹ ।
ਇਹ ਨੂੰ ਦਿੱਤਾ ਸਿੱਖੀ ਨਾਮ, ਉੱਚੀ ਦੁਕਾਨ, ਫਿੱਕਾ ਪਕਵਾਨ ।
ਸਿੱਖੀ ਸਾਖੀਆਂ ਵਿੱਚ ਹੀ ਰਹਿ ਗਈ, ਇਹ ਵੀ ਰਾਹ ਕਬਰਾਂ ਦੇ ਪੈ ਗਈ ।
ਕਦੇ ਇਹ ਸਿੱਖੀ ਜੋਗ ਹੁੰਦੀ ਸੀ, ਸਿਰਲੱਥਿਆਂ ਦੀ ਫੌਜ ਹੁੰਦੀ ਸੀ ।
ਚਰਖੜੀਆਂ ’ਤੇ ਚੜ੍ਹਦੀ ਸਿੱਖੀ, ਗਰੀਬ-ਮਜਲੂਮ ਲਈ ਖੜ੍ਹਦੀ ਸਿੱਖੀ ।
ਕੁਰਬਾਨੀਆਂ ਦੀ ਮਿਸਾਲ ਹੁੰਦੀ ਸੀ, ਸਿੱਖੀ ਕਦੇ ਖਿਆਲ ਹੁੰਦੀ ਸੀ ।
ਹੁਣ ਸਿੱਖੀ ਪਹਿਰਾਵਾ ਹੋ ਗਈ, ਇਹ ਵੀ ਬਸ ਦਿਖਾਵਾ ਹੋ ਗਈ ।
ਗੋਲ੍ਹਕਾਂ ਖਾਤਰ ਹੋਣ ਲੜਾਈਆਂ, ਚੋਰ ਚੋਰਾਂ ਨੂੰ ਦੇਣ ਵਧਾਈਆਂ ।
ਇਹਨਾਂ ਏਦਾਂ ਈ ਲੜਦੇ ਰਹਿਣਾ, ਛੱਡ ਨਾਨਕ ! ਆਪਾਂ ਕੀ ਲੈਣਾ ?
ਆਪਣਾ ਕੰਮ ਹੈ ਦੇਣਾ ਹੋਕਾ, ਸਾਂਭ ਲਵੇ ਜਿਨ ਸਾਂਭਣਾ ਮੌਕਾ ।
ਇਹ ਜੋ ਚੌਰ ਝੁਲਾਉਂਦੇ ਪਏ ਨੇ, ਉਹ ਜੋ ਬਹਿ ਕੇ ਗਾਉਂਦੇ ਪਏ ਨੇ ।
ਸੇਵਾ-ਸੂਵਾ ਨਾ ਕਾਈ ਏ ਬਾਬਾ !  ਇਹ ਤਾਂ ਸਭ ਤਨਖਾਹੀਏ ਬਾਬਾ !
ਨੰਗੇ ਸਿਰ ਇਸ ਮੰਦਰ ਜਾ ਕੇ, ਬਹਿ ਨਾ ਜਾਵੀਂ ਧੌਣ ਲੁਹਾ ਕੇ ।
ਤਰਕ ਨਾ ਕੋਈ ਦਲੀਲ ਹੀ ਚੱਲਣੀ, ਨਾ ਹੀ ਕੋਈ ਅਪੀਲ ਹੀ ਚੱਲਣੀ ।
ਜਦ ਤੂੰ ਮੱਕੇ ਪੈਰ ਕਰੇ ਸੀ, ਸਮਝਣ ਵਾਲਿਆਂ ਪੈਰ ਫੜੇ ਸੀ ।
ਆਪ ਤਾਂ ਬਾਬੇ ! ਖਾਣ ਨੂੰ ਫਿਰਦਾ, ਮੇਰੇ ਕਾਹਤੋਂ ਪੁਆਉਣ ਨੂੰ ਫਿਰਦਾ ?
ਏਥੇ ਇੰਝ ਦੀ ਆਸ ਨਾ ਰੱਖੀਂ, ਖਾਲੀ ਘੜੇ, ਪਿਆਸ ਨਾ ਰੱਖੀਂ ।
ਨਾਨਕ ਆਖਿਆ ਛੱਡ ਮਰਦਾਨੇ !  ਏਥੋਂ ਚੱਲੀਏ ਚੁੱਕ ਸ਼ਮਿਆਨੇ ।
ਬੇਜ਼ਤੀ ਬਾਹਲੀ ਖਾਸੀ ਹੋ ਗਈ, ਪੰਜਵੀਂ ਅੱਜ ਉਦਾਸੀ ਹੋ ਗਈ ।
ਇਹ ਕੀ ਹੋਇਆ ਹਰ ਗਿਆ ਨਾਨਕ, ਕਿਉਂ ਕਿਨਾਰਾ ਕਰ ਗਿਆ ਨਾਨਕ  ?
ਜਾਂ ਭਾਗੋ ਭਰਮਾ ਕੇ ਲੈ ਗਿਆ ਜਾਂ ਸੱਚ-ਮੁੱਚ ਹੀ ਡਰ ਗਿਆ ਨਾਨਕ  ?