ਨਾਸਤਕ-ਆਸਤਕ

0
698

ਨਾਸਤਕ-ਆਸਤਕ

ਭਾਈ ਦੀਦਾਰ ਸਿੰਘ, ਗੁਰਮਤਿ ਪ੍ਰਚਾਰ ਸਭਾ ਪਟਿਆਲੇ ਵਾਲੇ

ਆਮ ਬੋਲ-ਚਾਲ ਦੇ ਸ਼ਬਦਾਂ ’ਚ ਪ੍ਰਭੂ ਦੀ ਹੋਂਦ ਨੂੰ ਨਾ ਮੰਨਣ ਵਾਲੇ ਨੂੰ ਨਾਸਤਕ ਅਤੇ ਪ੍ਰਭੂ ਦੀ ਹੋਂਦ ਮੰਨਣ ਵਾਲੇ ਨੂੰ ਆਸਤਕ ਕਿਹਾ ਜਾਂਦਾ ਹੈ।

   ਪ੍ਰਭੂ ਜੀ ਦੀ ਹੋਂਦ ਨੂੰ ਸਹੀ ਅਰਥਾਂ ਵਿੱਚ ਮੰਨਣ ਵਾਲੇ ਮਨੁੱਖ ਦੀ ਬੋਲ-ਬਾਣੀ, ਕਾਰ-ਵਿਹਾਰ ਅਤੇ ਲੈਣ-ਦੇਣ ਇੱਕ ਨਾਸਤਕ ਨਾਲੋਂ ਵੱਖਰਾ ਤੇ ਚੰਗਾ ਹੁੰਦਾ ਹੈ।

    ਜੇ ਪ੍ਰਭੂ ਨੂੰ ਮੰਨਣ ਵਾਲਾ ਇੱਕ ਨਾਸਤਕ ਦੀ ਤਰ੍ਹਾਂ ਝੂਠ ਬੋਲ-ਬੋਲ ਕੇ ਆਪਣੇ ਕਾਰ ਵਿਹਾਰ ਰਾਹੀਂ ਧਨ ਕਮਾਉਂਦਾ ਹੈ ਜਾਂ ਰਿਸ਼ਵਤ (ਵੱਢੀ) ਲੈ ਕੇ ਕੰਮ ਕਰਦਾ ਹੈ ਜਾਂ ਗੱਲਾਂ ਵਧਾ-ਚੜ੍ਹਾ ਕੇ ਦਸਦਾ ਹੋਇਆ ਆਪਣਾ ਮਤਲਬ ਸਿੱਧਾ ਕਰਨ ਦੇ ਯਤਨ ਵਿੱਚ ਲੱਗਾ ਰਹਿੰਦਾ ਹੈ ਤਾਂ ਦੱਸੋ ਉਸ ਆਸਤਕ ਅਤੇ ਇੱਕ ਨਾਸਤਕ ਵਿੱਚ ਕੀ ਫ਼ਰਕ ਹੋਇਆ?

    ਇਸੇ ਲਈ ਸਿਆਣੇ ਕਹਿੰਦੇ ਹਨ ਕਿ ਇਹ ਕਹਿ ਦੇਣਾ ਕਾਫ਼ੀ ਨਹੀਂ ਕਿ ਅਸੀਂ ਪ੍ਰਭੂ ਨੂੰ ਮੰਨਦੇ ਹਾਂ, ਸਗੋਂ ਜਦ ਤੱਕ ਇੱਕ ਆਸਤਕ ਦੇ ਵਤੀਰੇ ਰਾਹੀਂ ਉਸ ਦੀ ਜੀਵਨ ਸ਼ੈਲੀ ਵਿੱਚ ਪ੍ਰਭੂ ਦੀ ਹੋਂਦ ਦਾ ਅਹਿਸਾਸ ਪ੍ਰਗਟ ਨਹੀਂ ਹੁੰਦਾ, ਤਦ ਤਕ ਉਹ ਸਹੀ ਅਰਥਾਂ ਵਿੱਚ ਆਸਤਕ ਨਹੀਂ ਕਿਹਾ ਜਾ ਸਕਦਾ।

      ਇਸ ਤਰ੍ਹਾਂ ਇੱਕ ਸੱਚੇ ਆਸਤਕ ਦੇ ਵਤੀਰੇ ਤੋਂ ਜਿੱਥੇ ਪ੍ਰਭੂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਉੱਥੇ ਇਸ ਅਹਿਸਾਸ ਦੇ ਨਾਲ ਨਾਲ ਉਸ ਦੇ ਚੰਗੇ ਵਤੀਰੇ ਨਾਲ ਹੋਰ ਜੀਵਨ ਵੀ ਬਦਲਦੇ ਹਨ ਅਤੇ ਸਮਾਜ ਦਾ ਵੀ ਸੁਧਾਰ ਹੁੰਦਾ ਹੈ।

    ਜੇ ਇੱਕ ਆਸਤਕ ਦੀ ਆਸਤਕਤਾ ਉਸ ਦੇ ਅਮਲਾਂ ਰਾਹੀਂ ਪ੍ਰਗਟ ਨਹੀਂ ਹੁੰਦੀ ਤਾਂ ਉਹ ਪਾਖੰਡ ਹੈ। ਕਿਉਂਕਿ ਅਮਲ ਵਿੱਚ ਨਾ ਲਿਆਉਣ ਵਾਲੀ ਆਸਤਕਤਾ ਕੱਚੇ ਈਮਾਨ ਵਾਲਿਆਂ (ਧਰਮੀ ਜੀਵਨ ਜੀਉਣ ਦੇ ਭੁਲੇਖੇ ਵਿੱਚ ਵਿਚਰਦੇ ਮਨੁਖ) ਨੂੰ ਕਈ ਵਾਰ ਨਾਸਤਕ ਵੀ ਬਣਾ ਦੇਂਦੀ ਹੈ।

    ਇਉਂ ਦਿਖਾਵੇ ਦਾ ਆਸਤਕ (ਪਾਖੰਡੀ) ਜਿੱਥੇ ਆਪਣੇ ਆਪ ਨਾਲ ਧੋਖਾ ਕਰਕੇ ਕੀਮਤੀ ਮਨੁੱਖਾ ਜਨਮ ਬਰਬਾਦ ਕਰ ਰਿਹਾ ਹੁੰਦਾ ਹੈ ਉੱਥੇ ਆਪਣੇ ਦਿਖਾਵੇ ਵਾਲੇ ਗਲਤ ਵਤੀਰੇ ਕਾਰਨ ਹੋਰਨਾਂ ਨੂੰ ਨਾਸਤਕ ਬਣਾਉਣ ਦਾ ਦੋਸ਼ (ਪਾਪ) ਵੀ ਸਹੇੜਦਾ ਹੈ।

    ਸਿੱਖ ਧਰਮ ਵਿੱਚ ਦਿਖਾਵੇ ਦੇ ਧਰਮੀ (ਆਸਤਕ) ਨੂੰ ਜਿੱਥੇ ਪਾਖੰਡੀ ਕਿਹਾ ਗਿਆ ਹੈ ਉੱਥੇ ਧਰਮੀ ਜੀਵਨ ਨਾ ਜੀਉਣ ਵਾਲੇ ਮਨੁੱਖ ਦਾ ਕੋਈ ਵੀ ਮੁੱਲ ਨਹੀਂ। ਮਹਾਰਾਜ ਇਸੇ ਲਈ ਆਪ ਕਹਿ ਰਹੇ ਹਨ:-

‘ਰਹਿਣੀ ਰਹੈ ਸੋਈ ਸਿੱਘ ਮੇਰਾ।’ (ਰਹਿਤਨਾਮਾ)

    ਯਾਦ ਰਹੇ-ਧਰਮੀ ਜੀਵਨ ਜੀਉਣ ਵਾਲੇ ਨੂੰ ਹੀ ਰਹਿਣੀ ਵਿੱਚ ਰਹਿਣ ਵਾਲਾ ਕਿਹਾ ਗਿਆ ਹੈ ਅਤੇ ਅਸਲ ਵਿੱਚ ਉਹੋ ਹੀ ਸਿੱਖ ਹੈ।

ਧਰਮ ਕੀ ਹੈ ?

            ਜੀਵਨ ਜੀਉਣ ਦੇ ਸਭ ਤੋਂ ਚੰਗੇ ਤਰੀਕੇ ਨੂੰ ਧਰਮ ਕਿਹਾ ਜਾਂਦਾ ਹੈ। ਇੱਕ ਧਰਮੀ ਦਾ ਮਨੋਰਥ ਕੁਝ ਪ੍ਰਾਪਤ ਕਰਨਾ ਨਹੀਂ ਹੁੰਦਾ, ਸਗੋਂ ਕੁਝ ਬਣਨਾ ਹੁੰਦਾ ਹੈ। ਧਰਮੀ ਮਨੁੱਖ ਸਵਰਗ ਜਾਂ ਸੁੱਖਾਂ ਦੀ ਲਾਲਸਾ ਨਹੀਂ ਰੱਖਦਾ ਅਤੇ ਨਾ ਹੀ ਜ਼ਿੰਦਗੀ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦਾ ਹੈ। ਸਗੋਂ ਉਹ ਆਪਣੇ ਜੀਵਨ ਨੂੰ ਇਸ ਤਰ੍ਹਾਂ ਢਾਲਦਾ ਹੈ ਕਿ ਉਸ ਦੇ ਜੀਵਨ ਵਿੱਚੋਂ, ਉਸ ਦੀ ਬੋਲ-ਬਾਣੀ ਅਤੇ ਉਸ ਦੀ ਰਹਿਣੀ ਬਹਿਣੀ ਵਿੱਚੋਂ ਪ੍ਰਭੂ ਦੇ ਗੁਣਾਂ ਵਾਲੀ ਝਲਕ ਦਿੱਸੇ।

     ਪ੍ਰਭੂ ਦੇ ਗੁਣਾਂ ਦੀ ਝਲਕ, ਪ੍ਰਭੂ ਦੇ ਦਰਸ਼ਨ, ਪ੍ਰਭੂ ਦੇ ਮਿਲਾਪ ਦੇ ਸਾਧਨ ਬਾਰੇ ਗੁਰੂ ਜੀ ਆਪ ਕਹਿੰਦੇ ਹਨ:-

‘‘ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ॥’’ (ਤ੍ਵ ਪ੍ਰਸਾਦਿ ਸਵੱਯੇ)

     ਪ੍ਰਭੂ ਨਾਲ ਪਿਆਰ ਤਾਂ ਹੀ ਹੋ ਸਕਦਾ ਹੈ ਜੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਏ, ਉਸ ਦਾ ਨਾਮ ਜਪਿਆ ਜਾਏ ਭਾਵ ਮਨ-ਚਿਤ ਵਿੱਚ ਵਸਾਇਆ ਜਾਵੇ।

ਨਾਮ ਜਪਣਾ

ਸਿੱਖੀ ਵਿੱਚ ਨਾਮ ਜਪਣ ਤੋਂ ਭਾਵ ਪ੍ਰਭੂ ਦੀ ਹਾਜ਼ਰੀ ਮਹਿਸੂਸ ਕਰਨ ਅਤੇ ਬਾਰ-ਬਾਰ ਅਭਿਆਸ ਕਰਨਾ ਹੁੰਦਾ ਹੈ।

    ਰੱਬ ਦਾ ਸਰੂਪ ਜੋ ਗੁਰੂ ਸਾਹਿਬਾਂ ਦੇ ਸ਼ਬਦ ਦੁਆਰਾ ਅਨੁਭਵ ਹੁੰਦਾ ਹੈ ਉਸ ਵਿੱਚ ਧਿਆਨ ਜੋੜਨਾ ਤੇ ਬਾਰ-ਬਾਰ ਜੋੜਨਾ ਨਾਮ ਜਪਣਾ ਹੈ।

     ਯਾਦ ਰਹੇ-ਪ੍ਰਭੂ ਦੀ ਯਾਦ ਵਾਲਾ ਜੀਵਨ ਜਾਂ ਨਾਮ ਜਪਣ ਵਾਲਾ ਜੀਵਨ ਕੇਵਲ ਜਜ਼ਬਾਤੀ ਨਹੀਂ ਜਾਂ ਤਿਆਗ ਵਾਲਾ ਜਾਂ ਕੇਵਲ ਸੰਤਗਿਰੀ ਵਾਲਾ ਜੀਵਨ ਨਹੀਂ ਸਗੋਂ ਸੱਚੇ ਗੁਰੂ ਦੇ ਮਿਲਾਪ ਰਾਹੀਂ ਸਹੀ ਜੀਵਨ ਜਾਚ ਜਦ ਆ ਜਾਂਦੀ ਹੈ ਤਾਂ ਹੱਸਦਿਆਂ-ਖੇਡਦਿਆਂ, ਖਾਂਦਿਆਂ-ਪਹਿਨਦਿਆਂ (ਭਾਵ ਸੰਸਾਰ ਦੇ ਸਾਰੇ ਕਾਰ-ਵਿਹਾਰ ਸਹੀ ਤਰੀਕੇ ਨਾਲ ਕਰਦਿਆਂ) ਮਾਇਆ ਆਦਿ ਵਿਕਾਰਾਂ ਤੋਂ ਬਚ ਕੇ ਜੀਵਨ ਜੀਣਾ ਹੈ। ਮਹਾਰਾਜ ਦਾ ਆਪਣਾ ਫੁਰਮਾਨ ਇਸ ਤਰ੍ਹਾਂ ਹੈ:-

‘‘ਨਾਨਕ ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥’’ (ਮ: ੫/੫੨੨)

    ਚੰਗੀ ਜੀਵਨ ਜਾਚ ਨਾਲ ਹੀ ਨਾਮ ਜਪਣ ਦੀ ਜੁਗਤੀ ਭਾਵ ਸਿਮਰਨ ਹੁੰਦਾ ਹੈ, ਭਗਤੀ ਹੁੰਦੀ ਹੈ ਅਤੇ ਚੰਗੀ ਜੀਵਨ ਜਾਚ ਚੰਗੇ ਗੁਣਾਂ ਨੂੰ ਧਾਰਨ ਕੀਤੇ ਬਗੈਰ ਆ ਹੀ ਨਹੀਂ ਸਕਦੀ। ਕਿਉਂਕਿ ਸਾਹਿਬ ਆਪ ਕਹਿ ਗਏ ਹਨ:-

‘‘ਵਿਣੁ ਗੁਣ ਕੀਤੇ, ਭਗਤਿ ਨ ਹੋਇ॥’’ (ਜਪੁ)

    ਸੋ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਜੀ ਨੇ ਚੰਗੇ ਗੁਣਾਂ ਵਾਲੇ ਜੀਵਨ ਜਾਂ ਉੱਨਤੀ ਵਾਲੇ ਜੀਵਨ ਦੀ ਨੀਂਹ ਉੱਚੇ ਆਚਰਣ ਉੱਤੇ ਰੱਖੀ ਹੈ ਨਾ ਕਿ ਜੰਤਰਾਂ-ਮੰਤਰਾਂ ਜਾਂ ਕਰਾਮਾਤਾਂ-ਸ਼ਕਤੀਆਂ ਉੱਤੇ। ਕਿਸੇ ਔਕੜ ਵੇਲੇ ਮਨੁੱਖ ਦਾ ਆਪਣਾ ਬਣਿਆ-ਬਣਾਇਆ ਉੱਚਾ ਆਚਰਣ ਹੀ ਕੰਮ ਆ ਸਕਦਾ ਹੈ-ਹੋਰ ਕੁੱਝ ਨਹੀਂ। ਕਿਵੇਂ?

    ਸਾਡੀ ਜ਼ਿੰਦਗੀ ਇੱਕ ਤੇਜ਼ ਘੋੜ-ਦੌੜ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਇੱਕ ਦੌੜਦੇ ਘੋੜੇ ਦੇ ਸਵਾਰ ਨੂੰ ਅਚਾਨਕ ਅੱਗੇ ਦਿਸ ਪਈ ਡੂੰਘੀ ਖੱਡ ਨੂੰ ਪਾਰ ਕਰਨ ਲਈ ਸੱਜੇ ਜਾਂ ਖੱਬੇ ਪਾਸਿਓਂ ਮੋੜ ਕੇ ਲੰਘਣ ਦਾ ਫ਼ੈਸਲਾ ਬਹੁਤ ਛੇਤੀ ਕਰਨਾ ਪੈਂਦਾ ਹੈ, ਕੁੱਝ ਇਸੇ ਤਰ੍ਹਾਂ ਮਨੁੱਖ ਨੂੰ ਆਪਣੇ ਜੀਵਨ ਵਿੱਚ ਅਚਾਨਕ ਆ ਪਏ ਮਾੜੇ ਕੰਮਾਂ ਤੋਂ ਬਚਣ ਲਈ ਜਾਂ ਕਿਸੀ ਅਚਾਨਕ ਆ ਪਈ ਬਿਪਤਾ ਨੂੰ ਟਾਲਣ ਲਈ ਬਹੁਤ ਛੇਤੀ ਫ਼ੈਸਲਾ ਕਰਨਾ ਪੈਂਦਾ ਹੈ।

     ਜਦ ਕਦੀ ਕਿਸੀ ਪਰਾਈ ਸੁੰਦਰ ਇਸਤਰੀ/ਮਰਦ ਨੂੰ ਵੇਖ ਕੇ ਬੁਰੇ ਖਿਆਲ ਪੈਦਾ ਹੋ ਪੈਣ ਜਾਂ ਜਦ ਕਦੀ ਆਪਣੀ ਨਿਰਾਦਰੀ ਹੁੰਦੀ ਵੇਖ ਕੇ ਗੁੱਸਾ ਚੰਡਾਲ ਦਾ ਰੂਪ ਧਾਰਨ ਕਰਨ ਲੱਗ ਪਏ ਤਾਂ ਉਸ ਵੇਲੇ ਧਾਰਮਿਕ ਪੁਸਤਕਾਂ ਦੇ ਮਸਲੇ ਨਹੀਂ ਯਾਦ ਆ ਸਕਦੇ। ਉਸ ਵੇਲੇ ਇਹ ਨਹੀਂ ਸੁਝਦਾ ਕਿ ਇਸ ਸਮੇਂ ਲਈ ਗੁਰੂ ਸਾਹਿਬ ਦਾ ਕੀ ਉਪਦੇਸ਼ ਹੈ?

            ਉਸ ਵੇਲੇ ਤਾਂ ਫੈਸਲਾ ਮਿੰਟਾਂ ਸਕਿੰਟਾਂ ਵਿੱਚ ‘ਹਾਂ’ ਜਾਂ ‘ਨਾਂਹ’ ਕਰਨਾ ਹੁੰਦਾ ਹੈ। ਇਹੋ ਜਿਹੇ ਸਮੇਂ ਠੀਕ ਰਸਤਾ ਤਾਂ ਹੀ ਅਪਨਾਇਆ ਜਾ ਸਕਦਾ ਹੈ ਜੇਕਰ ਸਾਡੇ ਅੰਦਰ ਉੱਚੇ ਆਚਰਣ ਦੀ ਪਕਿਆਈ ਹੋ ਚੁੱਕੀ ਹੋਵੇਗੀ।

  ਅਸੀਂ ਇਖਲਾਕ ਤੋਂ ਡਿਗਣੋਂ ਤਦ ਹੀ ਬਚ ਸਕਾਂਗੇ ਅਤੇ ਮੌਕੇ ਦੀ ਸੰਭਾਲ ਤਦ ਹੀ ਠੀਕ ਹੋ ਸਕੇਗੀ ਜੇਕਰ ਸਾਡੇ ਸੁਭਾਅ ਵਿੱਚ ਉੱਚੇ ਆਚਰਣ ਦੀ ਪ੍ਰਪੱਕਤਾ ਆ ਚੁੱਕੀ ਹੋਵੇਗੀ।

   ਉੱਚੇ ਆਚਰਣ ਦੀ ਉਸਾਰੀ ਨਾਂਹ ਹੋਣ ਕਰਕੇ ਹੀ ਮਿਥਿਹਾਸ ਵਿੱਚ ਵਰਨਣ ਕੀਤੇ ਬੜੇ-ਬੜੇ ਰਿਸ਼ੀ ਮੁਨੀ ਤੇ ਭਗਤ ਲੋਕ ਸਮਾਂ ਪੈਣ ਤੇ ਡੋਲ ਗਏ ਅਤੇ ਆਚਰਨਕ ਤੌਰ ਤੇ ਉੱਚੀ ਆਤਮਕ ਅਵਸਥਾ ਤੋਂ ਹੇਠਾਂ ਡਿੱਗ ਪਏ।

  ਸਾਡੇ ਗੁਰੂ ਸਾਹਿਬਾਨ ਨੇ ਇਸ ਬੜੀ ਵੱਡੀ ਘਾਟ ਨੂੰ ਮਹਿਸੂਸ ਕਰਦਿਆਂ ਦਸ ਜਾਮੇ ਧਾਰਨ ਕੀਤੇ ਅਤੇ ਲਗਭਗ 239 ਸਾਲ ਲਗਾਤਾਰ ਆਪਣੇ ਸਿੱਖਾਂ ਨਾਲ ਰਹਿ ਕੇ ਉਨ੍ਹਾਂ ਦੇ ਆਚਰਣ ਦੀ ਉਸਾਰੀ ਸਾਰੇ ਪੱਖਾਂ ਤੋਂ ਕਰਦੇ ਰਹੇ ਤੇ ਉਨ੍ਹਾਂ ਵਿੱਚ ਗੁਣਾਂ ਦਾ ਸੰਚਾਰ ਕਰਨ ਦਾ ਭਰਪੂਰ ਜਤਨ ਕਰਦੇ ਰਹੇ।

     ਇਹ ਵੀ ਯਾਦ ਰੱਖੀਏ। ਉੱਚਾ ਆਚਰਣ ਇਕੱਲਿਆਂ ਆਪ ਨਹੀਂ ਬਣਦਾ। ਇਹ ਪਹਿਲਾਂ ਲਿਖਿਆ ਜਾ ਚੁੱਕਾ ਹੈ ਕਿ ਉੱਚੇ ਆਚਰਣ ਵਾਲਾ ਜੀਵਨ ਜਾਂ ਜੀਵਨ ਦੀ ਸਭ ਤੋਂ ਚੰਗੀ ਜਾਚ ਨੂੰ ਹੀ ‘ਧਰਮ’ ਕਿਹਾ ਗਿਆ ਹੈ।

   ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇੱਕ ਆਦਰਸ਼ਕ ਨਮੂਨੇ ਦੀ ਜ਼ਿੰਦਗੀ ਬਣਾਉਣ ਦੇ ਢੰਗ ਦਾ ਦੂਜਾ ਨਾਂ ‘ਧਰਮ’ ਹੈ।

ਆਦਰਸ਼ਕ ਨਮੁਨੇ ਦੀ ਜ਼ਿੰਦਗੀ

     ਇੱਕ ਆਦਰਸ਼ਕ ਨਮੂਨੇ ਦੀ ਜ਼ਿੰਦਗੀ ਬਣਾਉਣ ਲਈ ਇੱਕ Model (ਨਮੂਨਾ) ਸਾਹਮਣੇ ਰੱਖਣਾ ਪੈਂਦਾ ਹੈ।

    ਜਿਨ੍ਹਾਂ ਲੋਕਾਂ ਨੇ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜੀਵਨ ਆਪਣੇ ਸਾਹਮਣੇ ਨਮੂਨਾ ਰੱਖਿਆ, ਉਹ ਉਸ ਨਮੂਨੇ ਅਨੁਸਾਰ ਆਪਣਾ ਜੀਵਨ ਢਾਲਣ ਲੱਗ ਪਏ ਹਨ ਅਤੇ ਉਹ ਮੁਸਲਮਾਨ ਅਖਵਾਏ।

     ਜਿਸ ਤਰ੍ਹਾਂ ਹਜ਼ਰਤ ਈਸਾ ਜੀ ਜਾਂ ਮਹਾਤਮਾ ਬੁੱਧ ਨੂੰ ਸਾਹਮਣੇ ਰੱਖ ਕੇ ਜਿਨ੍ਹਾਂ ਨੇ ਆਪਣਾ ਜੀਵਨ ਢਾਲਿਆ, ਉਹ ਈਸਾਈ ਜਾਂ ਬੋਧੀ ਕਹਿਲਾਉਂਦੇ ਹਨ।

    ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਨੂੰ ਆਪਣੀ ਜ਼ਿੰਦਗੀ ਦਾ ਨਮੂਨਾ ਬਣਾਇਆ ਉਹ ਸਿੱਖ ਅਖਵਾਉਂਦੇ ਹਨ।

    ਸੋ ਸਾਨੂੰ ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨਿਰਾ ਇਹ ਕਹਿ ਦੇਣਾ ਕਿ ਅਸੀਂ ਸਿੱਖ ਹਾਂ, ਜਾਂ ਅਸੀਂ ਗੁਰੂ ਸਾਹਿਬ ਨੂੰ ਮੰਨਣ ਵਾਲੇ ਹਾਂ, ਕਾਫ਼ੀ ਨਹੀਂ ਹੈ।

    ਸਾਨੂੰ ਗੁਰੂ ਸਾਹਿਬ ਦੇ ਦਰਸਾਏ, ਅਪਣਾਏ ਅਤੇ ਪ੍ਰਚਾਰੇ ਹੋਏ ਜੀਵਨ ਦੇ ਢੰਗ ਨੂੰ ਤਨੋ-ਮਨੋ ਅਪਨਾਉਣਾ ਪਵੇਗਾ। ਤਾਂ ਹੀ ਸਹੀ ਅਰਥਾਂ ਵਿੱਚ ਸਿੱਖ ਅਖਵਾ ਸਕਾਂਗੇ।

     ਜਿਸ ਮਨੁੱਖ ਉੱਤੇ ਗੁਰੂ ਦੀ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ, ਉਸ ਨੂੰ ਗੁਰੂ ਆਪਣੇ ਰੂਪ ਉੱਤੇ ਢਾਲਦਾ ਹੈ। ਉਸ ਦੇ ਅੰਦਰ ਗੁਰੂ ਆਪਣੀ ਸਖਸ਼ੀਅਤ ਰੂਪਮਾਨ ਕਰਕੇ ਉਸ ਦੀ ਸਾਧਾਰਣ ਸ਼ਕਤੀ ਅਤੇ ਸ਼ੁਭ ਗੁਣਾਂ ਵਿੱਚ ਬਹੁਤ ਵਾਧਾ ਕਰ ਦਿੰਦਾ ਹੈ।

      ਇਸ ਤਰ੍ਹਾਂ ਵਧਾਏ ਹੋਏ ਗੁਣਾਂ ਵਾਲੇ ਅਤੇ ਆਪਣੇ ਅਨੁਸਾਰ ਢਾਲੇ ਹੋਏ ਸਿੱਖ ਦੀ ਆਤਮਕ ਸ਼ਕਤੀ ਨੂੰ ਹੋਰ ਵਧਾਉਣ ਲਈ ਗੁਰੂ ਉਨ੍ਹਾਂ ਵਰਗੇ ਹੋਰ ਸਿੱਖਾਂ ਨੂੰ ਜਥੇਬੰਦ ਕਰਕੇ ਉਸ ਵਿੱਚ ਆਪਣਾ ਆਪ ਪ੍ਰਵੇਸ਼ ਕਰ ਦਿੰਦਾ ਹੈ। ਪਰ ਇਸ ਲਈ ਸ਼ਰਤ ਇਹ ਹੈ ਕਿ ਸਿੱਖ ਆਪਣੇ ਆਪ ਨੂੰ ਪੂਰਨ ਤੌਰ ਤੇ ਗੁਰੂ ਦੇ ਹਵਾਲੇ ਕਰ ਦੇਵੇ। ਸਿੱਖ ਆਪਣੀ ਮੱਤ ਦਾ ਤਿਆਗ ਕਰਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰੇ।

‘‘ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੈ ਕਾਰਜ ਰਾਸਿ॥’’ (ਸੁਖਮਨੀ, ਮ:੫/੨੮੬) ਦਾ ਭਾਵ ਵੀ ਕੁੱਝ ਇਸੇ ਤਰ੍ਹਾਂ ਦਾ ਹੈ।

    ਸੋ, ਗੁਰੂ ਦੀ ਮਤ ਨੂੰ ਧਾਰਨ ਕਰਨ ਲਈ ਜਾਂ ਗੁਰ ਉਪਦੇਸ਼ਾਂ ਨੂੰ ਤਨੋ-ਮਨੋ ਅਪਨਾਉਣ ਲਈ ਸੰਗਤ ਦੀ ਬੜੀ ਲੋੜ ਹੈ।

    ‘ਇੱਕ-ਇੱਕ ਤੇ ਦੋ ਗਿਆਰਾਂ’ ਅਤੇ ‘ਜਮਾਤ ਵਿੱਚ ਕਰਾਮਾਤ’ ਨੂੰ ਲੋਕੀ ਮੰਨਦੇ ਹੀ ਆਏ ਹਨ। ਜਿਹੜਾ ਕੰਮ ਇੱਕ-ਇੱਕ ਕਰਕੇ ਜਾਂ ਵੱਖ-ਵੱਖ ਹੋ ਕੇ ਹਜ਼ਾਰਾਂ ਨਹੀਂ ਕਰ ਸਕਦੇ ਉਹ ਕੰਮ ਥੋੜ੍ਹੇ ਜਿਹੇ ਮਨੁੱਖ ਜਥੇਬੰਦ ਹੋ ਕੇ ਬਹੁਤ ਛੇਤੀ ਕਰ ਲੈਂਦੇ ਹਨ।

    ਸਿੱਖ ਧਰਮ ਅਮਲ ਵਿੱਚ ਲਿਆਉਣ ਵਾਲਾ ਧਰਮ ਹੈ। ਇਸ ਵਿੱਚ ਮਨੁੱਖ ਦਾ ਸਭ ਤੋਂ ਵੱਡਾ ਤੇ ਜ਼ਰੂਰੀ ਕੰਮ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨਾ ਅਤੇ ਸੇਵਾ ਕਰਨਾ ਹੈ। ਪ੍ਰਭੂ ਦੀ ਸਿਫ਼ਤ-ਸਾਲਾਹ (ਸਿਮਰਨ) ਦਾ ਭਾਵ ਪ੍ਰਭੂ ਨੂੰ ਹਰ ਸਮੇਂ ਹਰ ਥਾਂ ਹਾਜ਼ਰ-ਨਾਜ਼ਰ ਸਮਝਣਾ ਤੇ ਉਸ ਦੇ ਗੁਣ ਗਾਉਣੇ ਹੁੰਦਾ ਹੈ।

‘‘ਜੈਸਾ ਸੇਵੈ, ਤੈਸਾ ਹੋਇ॥’’ (੨੨੩) ਦੇ ਮਹਾਂਵਾਕ ਅਨੁਸਾਰ ਜੀਵ ਦੀ ਸੁਰਤੀ ਉੱਚੀ ਉੱਠਦੀ ਹੈ। ਕਿਉਂਕਿ ਸਾਰੇ ਗੁਣਾਂ ਦੇ ਮਾਲਕ ਪ੍ਰਭੂ ਦੇ ਗੁਣ ਬਾਰ ਬਾਰ ਗਾਉਣ ਨਾਲ ਉਹ ਗੁਣ ਮਨੁੱਖ ਦੇ ਆਪਣੇ ਅੰਦਰ ਆ ਜਾਂਦੇ ਹਨ ਤੇ ਜੀਵ ਦੀ ਆਤਮਕ ਅਵਸਥਾ ਦਿਨ-ਦਿਨ ਉੱਪਰ ਉੱਠਦੀ-ਉੱਠਦੀ ਪ੍ਰਭੂ ਨਾਲ ਇਕ-ਮਿਕ ਹੋ ਜਾਂਦੀ ਹੈ। ਇਸ ਤਰ੍ਹਾਂ ਨਾਲ ਦੀ ਨਾਲ ਉਸ ਵਿੱਚ ਮਨੁੱਖ ਮਾਤਰ ਲਈ ਹਮਦਰਦੀ ਪਿਆਰ ਤੇ ਸੇਵਾ ਦਾ ਚਾਅ ਵੀ ਬਣਿਆ ਰਹਿੰਦਾ ਹੈ। ਪਰ ਇਹ ਸਭ ਕੁਝ ਇੱਕਲਿਆਂ ਔਖਾ ਤੇ ਦੇਰ ਨਾਲ ਹੁੰਦਾ ਹੈ। ਜਿਸ ਕਰਕੇ ਮਹਾਰਾਜ ਨੇ ਥਾਂ-ਥਾਂ ਸੰਗਤਾਂ ਕਾਇਮ ਕੀਤੀਆਂ ਸਨ। ਇਨ੍ਹਾਂ ਸੰਗਤਾਂ ਦੇ ਜੁੜਨ (ਇਕੱਠੇ ਹੋਣ) ਦੀ ਥਾਂ ਨੂੰ ਗੁਰਦੁਆਰਾ ਕਿਹਾ ਗਿਆ ਹੈ।

   ਸੰਗਤ ਵਿੱਚ ਜੁੜ ਕੇ ਕੀਰਤਨ, ਕਥਾ ਵੀਚਾਰ ਰਾਹੀਂ ਇਹ ਅਭਿਆਸ (ਸਿਮਰਨ ਤੇ ਸੇਵਾ ਦਾ) ਛੇਤੀ ਪੱਕਦਾ ਹੈ ਤੇ ਤਰੱਕੀ ਛੇਤੀ ਹੁੰਦੀ ਹੈ। ਇਸੇ ਕਰਕੇ ਸਿੱਖਾਂ ਵਿੱਚ ਸੰਗਤ ਕਰਨੀ ਜਾਂ ਗੁਰਦੁਆਰੇ ਜਾਣਾ ਬਹੁਤ ਜ਼ਰੂਰੀ ਮੰਨਿਆ ਗਿਆ ਹੈ।

ਗੁਰਦੁਆਰਾ ਤੇ ਮੰਦਿਰ

   ਇਹ ਠੀਕ ਹੈ ਕਿ ਢਹਿੰਦੀ ਕਲਾ ਵਾਲੇ ਵਾਤਾਵਰਣ ਦਾ ਪ੍ਰਭਾਵ ਸਾਡੇ ਗੁਰਦੁਆਰਿਆਂ ਉੱਤੇ ਵੀ ਆ ਗਿਆ ਹੈ। ਜਿਸ ਕਰਕੇ ਕਈ ਵਾਰ ਸਾਡੇ ਗੁਰਦੁਆਰੇ ਦਾ ਦਿ੍ਰਸ਼, ਮੰਦਰ ਦੇ ਦਿ੍ਰਸ਼ ਨਾਲ, ਮਿਲਦਾ ਜੁਲਦਾ ਜਾਪਣ ਲੱਗ ਪੈਂਦਾ ਹੈ। ਇਹ ਹਾਲਤ ਉਦੋਂ ਜਾਪਦੀ ਹੈ ਜਦ ਗੁਰਦੁਆਰਿਆਂ ਦੇ ਗ੍ਰੰਥੀ ਜਾਂ ਪ੍ਰਬੰਧਕ ਸੋਝੀਵਾਨ ਨਾ ਹੋਣ।

   ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਮੰਦਰ ਕੇਵਲ ਇੱਕ ਪੂਜਾ ਦਾ ਸਥਾਨ ਹੈ ਜਦ ਕਿ ਗੁਰਦੁਆਰਾ ਇੱਕ ਵੀਚਾਰ ਦਾ ਅਸਥਾਨ ਹੈ। ਗੁਰਦੁਆਰੇ ਵਿੱਚ ਗੁਰੂ ਉਪਦੇਸ਼ਾਂ ਨੂੰ ਪੜ੍ਹਨਾ-ਸੁਣਨਾ, ਵੀਚਾਰਨ ਤੇ ਮੰਨਣ ਲਈ ਪ੍ਰੇਰਨਾ ਆਪ ਲੈਣ ਤੇ ਸੰਗਤ ਨੂੰ ਦਿੱਤੀ ਜਾਂਦੀ ਹੈ। ਪਰ ਵੀਚਾਰ-ਹੀਨ ਗ੍ਰੰਥੀ ਜਾਂ ਪ੍ਰਬੰਧਕ ਗੁਰਦੁਆਰੇ ਨੂੰ ਸ਼ੀਘਰ (ਤੁਰੰਤ) ਹੀ ਮੰਦਰ ਵਿੱਚ ਬਦਲ ਦੇਂਦੇ ਹਨ।

ਗੁਰ ਭਗਤੀ

    ਗੁਰੂ ਕੀ ਭਗਤੀ, ਗੁਰੂ ਦੇ ਬਚਨਾਂ ਨੂੰ ਪੜ੍ਹ ਸੁਣ ਕੇ ਵੀਚਾਰਨ ਅਤੇ ਉਸ ਅਨੁਸਾਰ ਜੀਵਨ ਬਤੀਤ ਕਰਨ ਵਿੱਚ ਹੈ।

    ਸਿੱਖ ਲਈ ਗੁਰੂ ਗ੍ਰੰਥ ਸਾਹਿਬ ਸਹੀ ਅਰਥਾਂ ਵਿੱਚ ਉਸ ਵੇਲੇ ਗੁਰੂ ਹੋਣਗੇ ਜਦ ਸਿੱਖ ਉਸ ਵਿੱਚ ਦੱਸੀ ਹੋਈ ਸਿਖਿਆ ਨੂੰ ਅਪਣਾ ਲੈਂਦਾ ਹੈ। ਸਹੀ ਅਰਥਾਂ ਵਿੱਚ ਗੁਰੂ ਜਸ ਕਰਨ ਦਾ ਮਤਲਬ ਗੁਰੂ ਦੀ ਆਗਿਆ ਪਾਲਣ ਵਿੱਚ ਹੈ।

    ਦੇਹਧਾਰੀ ਗੁਰੂ ਦੀ ਕੇਵਲ ਦੇਹ, ਗੁਰੂ ਨਹੀਂ ਹੁੰਦੀ ਸਗੋਂ ਉਸ ਦਾ ਦੱਸਿਆ ਹੋਇਆ ਉਪਦੇਸ਼ ਗੁਰੂ ਹੁੰਦਾ ਹੈ।

    ਸੋ, ਉਪਦੇਸ਼ (ਸ਼ਬਦ) ਗੁਰੂ ਦਾ ਮਤਲਬ, ਸ਼ਬਦ ਅਤੇ ਸ਼ਬਦ ਦਾ ਭਾਵ ਹੈ ‘ਗੁਰੂ’।

ਬੇਲੋੜੇ ਕਰਮਕਾਂਡ             

ਗੁਰੂ ਕਲਗੀਧਰ ਪਾਤਸ਼ਾਹ ਨੇ ਸਿੱਖ ਧਰਮ ਦੇ ਅਸੂਲ ਬੜੇ ਸਿੱਧੇ-ਸਾਦੇ ਅਤੇ ਸੌਖੇ ਤਰੀਕੇ ਨਾਲ ਸਮਝਾਏ ਸਨ। ਪਰ ਕਈ ਗ੍ਰੰਥੀ ਪੁਜਾਰੀ ਬਣ ਕੇ ਆਪਣੀ ਪੇਟ ਪੂਜਾ ਲਈ ਕਈ ਭੁਲੇਖੇ ਤੇ ਬੇਲੋੜੀਆਂ ਰਸਮਾਂ ਬਣਾ ਗਏ ਹਨ ਤੇ ਬਣਾ ਰਹੇ ਹਨ, ਜਿਵੇਂ:-

            (ੳ). ਗੁਰੂ ਗਰੰਥ ਸਾਹਿਬ ਹੇਠਾਂ ਜਲ ਰੱਖ ਕੇ ਅੰਮਿ੍ਰਤ ਬਣਾ ਲੈਣ ਦਾ ਪਰਪੰਚ ਕਰਨਾ।

            (ਅ). ਬਿਜਲੀ ਦੀ ਤੇਜ਼ ਰੌਸ਼ਨੀ ਦੇ ਹੁੰਦਿਆਂ ਵੀ ਘਿਉ ਦੇ ਦੀਵੇ ਅਥਵਾ ਜੋਤ ਜਗਾਉਣੀ।

            (ੲ). ਨਿਸ਼ਾਨ ਸਾਹਿਬ ਕੋਲ ਦੀਵੇ ਆਦਿ ਜਗਾ ਕੇ ਪੂਜਾ ਕਰਨੀ।

            (ਸ). ਗੁਰੂ ਗਰੰਥ ਸਾਹਿਬ ਦਾ ਪਾਠ ਸਮਝਣ ਤੇ ਵੀਚਾਰਨ ਦੀ ਥਾਂ ਪਾਠ ਕੀਤੇ ਬਗੈਰ ਰੁਮਾਲਾ ਚੁੱਕ ਕੇ ਦਰਸ਼ਨ ਕਰ ਲੈਣਾ, ਜਾਂ ਵਰਕਿਆਂ ਉੱਪਰ ਹੱਥ ਫੇਰ ਕੇ ਆਪਣੀਆਂ ਅੱਖਾਂ ਉੱਤੇ ਲਗਾ ਲੈਣਾ, ਮੱਥੇ ਉੱਤੇ ਲਾ ਲੈਣਾ।

            (ਹ). ਮੰਜੀ ਸਾਹਿਬ ਜਾਂ ਪੀਹੜਾ ਸਾਹਿਬ ਨੂੰ ਮੁੱਠੀ ਚਾਪੀ ਕਰਨੀ।

            (ਕ). ਗੁਰੂ ਸਾਹਿਬਾਂ ਦੀਆਂ ਬਨਾਉਟੀ ਅਤੇ ਮਨੋ-ਕਲਪਿਤ ਤਸਵੀਰਾਂ ਨੂੰ ਸਿਹਰੇ ਪਾਉਣੇ, ਧੂਪ ਧੁਖਾਉਣੀ ਆਦਿ।

ਹੋਰ ਬਹੁਤ ਸਾਰੀਆਂ ਗੁਰਮਤਿ ਵਿਰੋਧੀ ਰਸਮਾਂ ਹਿੰਦੂ ਸਮਾਜ ਦੀ ਸਭਿਅਤਾ ਤੋਂ ਸਾਡੇ ਵਿੱਚ ਆ ਗਈਆਂ ਹਨ। ਇਨ੍ਹਾਂ ਨੂੰ ਪੁਜਾਰੀ ਲੋਕਾਂ ਨੇ ਆਪਣੀ ਮਾਨਤਾ ਬਣਾਈ ਰੱਖਣ ਕਾਰਨ ਹੋਰ ਅਨੇਕਾਂ ਕਰਮ ਕਾਂਡ ਸ਼ੁਰੂ ਕਰਵਾ ਦਿੱਤੇ ਹਨ, ਜਿਸ ਨਾਲ ਕੌਮ ਦੀ ਬਹੁ-ਗਿਣਤੀ ਜਿੱਥੇ ਨਿਸ਼ਾਨੇ ਤੋਂ ਉਖੜੀ ਜਾ ਰਹੀ ਹੈ, ਉੱਥੇ ਸਿੱਖ ਧਰਮ ਦੇ ਉੱਚੇ ਫ਼ਲਸਫ਼ੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਵਿਸ਼ਵਾਸ, ਭਰੋਸਾ ਤੇ ਅਕਲ

ਧਰਮ ਵਿੱਚ ਵਿਸ਼ਵਾਸ ਅਤੇ ਭਰੋਸੇ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਇਸ ਦੇ ਨਾਲ ਅਕਲ ਦੀ ਵਰਤੋਂ ਕਰਨ ਨਾਲ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ।

   ਜੇ ਮਨੁੱਖ ਅਕਲ ਦੀ ਵਰਤੋਂ ਨਹੀਂ ਕਰਦਾ ਉਹ ਕਈ ਵਾਰ ਮਨੁੱਖਤਾ ਦੀ ਪੱਧਰ ਤੋਂ ਵੀ ਨੀਵਾਂ ਡਿੱਗ ਪੈਂਦਾ ਹੈ।

   ਅਕਲ ਤੋਂ ਬਗੈਰ ਧਰਮ ਬਹੁਤੀ ਦੇਰ ਚੱਲ ਵੀ ਨਹੀਂ ਸਕਦਾ ਗੁਰੂ ਦੀ ਮਤ ਅਨੁਸਾਰੀ ਹੋਣਾ ਹੀ ਅਕਲਮੰਦ ਹੋਣ ਦੀ ਨਿਸ਼ਾਨੀ ਹੈ। ਇਸੇ ਕਰਕੇ ਮਹਾਰਾਜ ਜੀ ਆਪ ਕਹਿ ਗਏ ਹਨ:

‘‘ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਐ ਮਾਨੁ॥’’ (੧੨੪੫)

   ਸੋ ਗੁਰੂ ਉਪਦੇਸ਼ਾਂ (ਗੁਰਬਾਣੀ) ਨੂੰ ਪੜ੍ਹਨ-ਵੀਚਾਰਨ ਤੇ ਸਮਝਣ ਦੀ ਬਹੁਤ ਲੋੜ ਹੈ।

ਧਰਮ ਪ੍ਰਚਾਰ ਦਾ ਮਤਲਬ

   ਧਰਮ ਪ੍ਰਚਾਰ ਦਾ ਭਾਵ ਕੇਵਲ ਇਹ ਹੀ ਨਹੀਂ ਕਿ ਮਨੁੱਖ ਦੀ ਸ਼ਕਲ ਸੂਰਤ ਅਤੇ ਦਿਖ ਬਦਲ ਦਿੱਤੀ ਜਾਏ ਜਾਂ ਉਸ ਦਾ ਨਾਂ ਤਬਦੀਲ ਹੋ ਜਾਏ। ਮਨੁੱਖ ਨੂੰ ਸਹੀ ਅਰਥਾਂ ਵਿੱਚ ਮਨੁੱਖਤਾ ਦਾ ਅਹਿਸਾਸ ਕਰਾਉਣਾ, ਸਹੀ ਅਰਥਾਂ ਵਿੱਚ ਧਰਮ ਪ੍ਰਚਾਰ ਹੈ।

   ਸਿੱਖੀ, ਪ੍ਰਚਾਰ ਦਾ ਭਾਵ ਸਿੱਖੀ ਸ਼ਕਲ ਸੂਰਤ ਵਾਲੇ ਬੰਦਿਆਂ ਦਾ ਵਾਧਾ ਕਰਨਾ ਹੀ ਨਹੀਂ ਹੁੰਦਾ ਸਗੋਂ ਸਿੱਖੀ ਸ਼ਕਲ ਸੂਰਤ ਰਾਹੀਂ ਸਿੱਖੀ ਜੀਵਨ ਜਾਚ ਅਪਨਾ ਕੇ ਗੁਣਾਂ ਦਾ ਫੈਲਾਉਣਾ ਹੁੰਦਾ ਹੈ। ਸਿੱਖੀ ਗੁਣਾਂ ਦਾ ਦੂਜਾ ਨਾਂ ਉੱਚੇ ਗੁਣਾਂ ਵਾਲਾ ਮਨੁੱਖ ਹੈ।

   ਜੇ ਇੱਕ ਹਿੰਦੂ ਜਾਂ ਇੱਕ ਮੁਸਲਮਾਨ ਸਿੱਖੀ ਸ਼ਕਲ ਧਾਰਨ ਕਰ ਲਵੇ ਤਾਂ ਇਹ ਕੋਈ ਖੁਸ਼ੀ ਦੀ ਵੱਡੀ ਗੱਲ ਨਹੀਂ ਹੋਣੀ ਚਾਹੀਦੀ। ਕਿਉਂਕਿ ਜਦ ਤੱਕ ਉਸ ਦੇ ਅੰਦਰ ਸਿੱਖੀ ਗੁਣ ਨਹੀਂ ਵਸਦੇ ਜਾਂ ਜਦ ਤੱਕ ਉਸ ਦੇ ਅਮਲ ਵਿੱਚ ਤਬਦੀਲੀ ਨਹੀਂ ਆਉਂਦੀ ਤਦ ਤੱਕ ਸਹੀ ਅਰਥਾਂ ਵਿੱਚ ਪ੍ਰਚਾਰ ਨਹੀਂ ਹੋਇਆ ਸਮਝਿਆ ਜਾਣਾ ਚਾਹੀਦਾ। ਧਰਮ ਪ੍ਰਚਾਰ ਦਾ ਮੰਤਵ ਮਨੁੱਖ ਮਾਤਰ ਦਾ ਸੁਧਾਰ ਹੁੰਦਾ ਹੈ।

ਸੋ, ਸਿੱਖੀ ਸਰੂਪ ਧਾਰਨ ਕਰਨ ਉਪਰੰਤ ਜੇ ਉਹ ਮਨੁੱਖ ਅੱਗੇ ਨਾਲੋਂ ਘੱਟ ਬੇਈਮਾਨ, ਘਟ ਕਾਮੀ ਅਤੇ ਅੱਗੇ ਨਾਲੋਂ ਘੱਟ ਝੂਠ ਬੋਲਣ ਵਾਲਾ ਬਣ ਜਾਵੇ ਤਾਂ ਸਮਝੋ ਸਾਡੇ ਕੀਤੇ ਧਰਮ ਪ੍ਰਚਾਰ ਦਾ ਕੁੱਝ ਸਾਰਥਕ ਨਤੀਜਾ ਨਿਕਲਿਆ ਹੈ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਸ ਮਨੁੱਖ ਨੇ ਸਿੱਖੀ ਸਰੂਪ ਧਾਰਨ ਕੀਤਾ ਜਾਂ ਨਾਂਹ ਕੀਤਾ, ਇਸ ਵਿੱਚ ਕੋਈ ਖਾਸ ਫ਼ਰਕ ਨਹੀਂ।

  ਇੱਕ ਉਹ ਸਮਾਂ ਸੀ ਜਦ ਸਾਡੇ ਕੌਮੀ ਗੁਣ ਹਰ ਇੱਕ ਸਿੱਖ ਦੇ ਰਗ-ਰਗ ਵਿੱਚ ਸਮਾਏ ਹੋਏ ਸਨ। ਜਿਸ ਦਾ ਸਦਕਾ ਸਿੱਖਾਂ ਦੇ ਵੈਰੀ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਵਰਗੇ, ਜੋ ਸਿੱਖ ਨੂੰ ਸਗ (ਕੁੱਤਾ) ਲਿਖਦਾ ਹੈ, ਇਤਿਹਾਸ ਲਿਖਣ ਸਮੇਂ ਸਿੱਖਾਂ ਦੀਆਂ ਸਿਫ਼ਤਾਂ ਕਰਨੋਂ ਨਾ ਰਹਿ ਸਕਿਆ।

  ਉਹ ਲਿਖਦਾ ਹੈ ਕਿ ਇੱਕ ਵਾਰ ਸਿੱਖਾਂ ਨੇ ਮੁਗਲਾਂ ਦੇ ਕੈਂਪ ਉੱਤੇ ਹਮਲਾ ਕੀਤਾ। ਜਦ ਉਹ ਕੈਂਪ ਦੇ ਨੇੜੇ ਪੁੱਜੇ ਤਾਂ ਸਿੱਖਾਂ ਨੂੰ ਪਤਾ ਲੱਗਾ ਕਿ ਉਹ ਕੈਂਪ ਮੁਗਲਾਂ ਦਾ ਨਹੀਂ ਸਗੋਂ ਮੁਗਲਾਂ ਦੀਆਂ ਬੇਗ਼ਮਾਂ ਦਾ ਹੈ। ਉਸੇ ਵੇਲੇ ਸਿੱਖਾਂ ਨੇ ਕਿਰਪਾਨਾਂ ਮਿਆਨਾਂ ਵਿੱਚ ਪਾ ਲਈਆਂ ਤੇ ਘੋੜੇ ਵਾਪਿਸ ਲੈ ਤੁਰੇ। ਕਾਜ਼ੀ ਨੂਰ ਮੁਹੰਮਦ ਲਿਖਦਾ ਹੈ:-

  ‘‘ਸ਼ਾਬਾਸ਼ ਉਹ ਸਗਾਂ (ਕੁੱਤਿਆਂ) ਦੀ ਕੌਮ ਨੂੰ, ਜੋ ਦੁਸ਼ਮਨ ਦੀ ਮਾਂ-ਬੇਟੀ ਨੂੰ ਵੀ ਆਪਣੀ ਮਾਂ-ਬੇਟੀ ਸਮਝਦੇ ਹਨ।’’

  ਜਦ ਸਿੰਘਾਂ ਨੇ ਨਾਦਰ ਸ਼ਾਹ ਨੂੰ ਲੁਟਿਆ ਤਾਂ ਉਹ ਪੰਜਾਬ ਦੇ ਨਵਾਬ (ਗਵਰਨਰ) ਜ਼ਕਰੀਆ ਖਾਨ ਤੋਂ ਲੁੱਟਣ ਵਾਲਿਆਂ ਬਾਰੇ ਜਾਣਕਾਰੀ ਲੈਂਦਾ ਹੈ। ਉਸ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿੱਖਾਂ ਦੇ ਸਖਤ ਵਿਰੋਧੀ, ਨਵਾਬ ਜ਼ਕਰੀਆ ਖਾਨ ਜੋ ਸਿੱਖਾਂ ਦੇ ਉੱਚੇ ਆਚਰਣ ਦੀ ਸਿਫਤ ਕਰਦਾ ਹੈ; ਉਹ ਵੀ ਕਮਾਲ ਦੀ ਹੈ। ਉਸ ਨੇ ਨਾਦਰ ਨੂੰ ਦੱਸਿਆ ਕਿ ਜੇ ਸਿੱਖ ਕਈ ਦਿਨਾਂ ਦੇ ਭੁੱਖੇ ਹੋਣ ਤੇ ਫਿਰ ਉਨ੍ਹਾਂ ਨੂੰ ਖਾਣ ਲਈ ਕੁੱਝ ਮਿਲ ਜਾਏ ਤਾਂ ਉੱਚੀ ਆਵਾਜ਼ ਨਾਲ ਕਹਿੰਦੇ ਹਨ ‘‘ਹੈ ਕੋਈ ਭੁੱਖਾ?’’

ਦੇਤ ਆਵਾਜ਼ ਭੁੱਖਾ ਕੋਈ, ਆਓ ! ਦੇਗ਼ ਤਿਆਰ ਗੁਰ ਹੋਈ। (ਰਹਿਤਨਾਮਾ)

ਨਾਦਰਸ਼ਾਹ ਨੇ ਪੁੱਛਿਆ ਕਿ ਜੇ ਆਵਾਜ਼ ਸੁਣ ਕੇ ਕੋਈ ਦੁਸ਼ਮਣ ਆ ਜਾਏ ਤਾਂ ਫਿਰ ਕੀ ਕਰਦੇ ਹਨ?

 ਜ਼ਕਰੀਆ ਖਾਨ ਨੇ ਕਿਹਾ ਕਿ ਦੋਸਤ ਸਮਝ ਕੇ ਉਸ ਨੂੰ ਛਕਾ ਦੇਂਦੇ ਹਨ:-

ਓਸ ਸਮੇਂ ਬੈਰੀ ਕਿਨ ਆਵੈ, ਪਰਮ ਮੀਤ ਸਮ ਤਾਹਿ ਛਕਾਵੈਂ। (ਰਹਿਤਨਾਮਾ)

ਨਾਦਰ ਸ਼ਾਹ ਨੇ ਹੈਰਾਨ ਹੋ ਕੇ ਪੁੱਛਿਆ,‘‘ਫਿਰ ਆਪ ਕੀ ਕਰਦੇ ਹਨ ?’’

ਜ਼ਕਰੀਆ ਨੇ ਕਿਹਾ:-

ਬਚੇ ਤਾਂ ਆਪ ਖਾ ਲੈਂ ਹੈਂ, ਨਹੀਂ ਤੋਂ ਲੰਗਰ ਮਸਤ ਬਤੇ ਹੈਂ। (ਰਹਿਤਨਾਮਾ)

 ਇਸ ਤਰ੍ਹਾਂ ਨਾਦਰਸ਼ਾਹ ਤੇ ਜ਼ਕਰੀਆ ਖਾਨ ਦੇ ਕਈ ਸਵਾਲ-ਜਵਾਬ ਇਤਿਹਾਸਕਾਰਾਂ ਨੇ ਲਿਖੇ ਹਨ, ਜਿਨ੍ਹਾਂ ਵਿੱਚ ਸਿੱਖਾਂ ਦੇ ਅਨੇਕਾਂ ਗੁਣ ਦਰਸਾਏ ਗਏ ਹਨ।

 ਜੰਗ ਦੇ ਅਤਿ ਬਿਖੜੇ ਅਤੇ ਔਖੇ ਜ਼ਮਾਨੇ ਵਿੱਚ ਜਦ ਪੱਤਾ-ਪੱਤਾ ਸਿੱਖਾਂ ਦਾ ਵੈਰੀ ਸੀ, ਸਿੱਖਾਂ ਨੂੰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ, ਉਸ ਬਿਖੜੇ ਸਮੇਂ, ਘਰ ਤੇ ਘਾਟ ਦੀ ਅਣਹੋਂਦ ਹੁੰਦਿਆਂ ਵੀ ਸਿੱਖਾਂ ਨੇ ਆਪਣੇ ਆਚਰਨ ਨੂੰ ਡਿੱਗਣ ਨਹੀਂ ਦਿੱਤਾ। ਪਰ ਅੱਜ! ਸਭ ਸੁੱਖ-ਆਰਾਮ ਤੇ ਸਭ ਸਹੂਲਤਾਂ ਦੇ ਹੁੰਦਿਆਂ ਹੋਇਆਂ ਵੀ ਅਸੀਂ ਸਿੱਖ ਅਖਵਾਉਣ ਵਾਲੇ; ਆਪਣੇ ਅਤੇ ਆਪਣੇ ਆਲੇ-ਦੁਆਲੇ ਦੇ ਸਿੱਖ ਅਖਵਾਉਣ ਵਾਲਿਆਂ ਵੱਲ ਝਾਤ ਮਾਰੀਏ ਤੇ ਦੇਖੀਏ ਅੱਜ ਅਸੀਂ ਕਿੱਥੇ ਖੜ੍ਹੇ ਹਾਂ?

    ਦਰਅਸਲ, ਉਸ ਵੇਲੇ ਦੇ ਸਿੱਖਾਂ ਨੂੰ ਆਪਣੇ ਗੁਰੂ ਦਾ ਇਹ ਫੁਰਮਾਨ ਚੇਤੇ ਸੀ !    ‘‘ਹਮ ਲੇ ਜਾਨੋ ਪੰਥ ਉਚੇਰੇ ।’’

   ਜੇ ਇਹ ਗੁਰੂ ਜੀ ਦਾ ਹੁਕਮ ਅੱਜ ਸਾਨੂੰ ਵੀ ਯਾਦ ਹੋਵੇ ਜਾਂ ਯਾਦ ਕਰਾਇਆ ਜਾਏ ਤਾਂ ਹੋ ਸਕਦਾ ਹੈ ਕਿ ਸਾਡੇ ਜੀਵਨ ਦੀ ਪੱਧਰ ਵੀ ਉੱਚੀ ਹੋਵੇ। ਸਾਡੀ ਰਹਿਣੀ-ਬਹਿਣੀ, ਬੋਲ-ਚਾਲ, ਲੈਣ-ਦੇਣ ਤੇ ਕਾਰ-ਵਿਹਾਰ ਹੋਰਨਾਂ ਨਾਲੋਂ ਚੰਗਾ ਉਚੇਰਾ ਤੇ ਪਰਉਪਕਾਰੀ ਹੋਵੇ।

   ਇਸ ਤਰ੍ਹਾਂ ਹੋਣ ਨਾਲ ਜਿੱਥੇ ਸਾਡੀ ਸੰਸਾਰਕ ਅਤੇ ਆਤਮਕ ਅਵਸਥਾ ਉੱਚੀ ਹੋਵੇਗੀ, ਉੱਥੇ ਸਹੀ ਅਰਥਾਂ ਵਿੱਚ ਅਸੀਂ ਗੁਰੂ ਕੇ ਸਿੱਖ ਅਖਵਾਉਣ ਜੋਗੇ ਹੋ ਸਕਾਂਗੇ ਤੇ ਦੂਜਿਆਂ ਦੀਆਂ ਨਜ਼ਰਾਂ ਵਿੱਚ ਉਸੇ ਤਰ੍ਹਾਂ ਸਤਿਕਾਰੇ ਜਾਵਾਂਗੇ ਜਿਸ ਤਰ੍ਹਾਂ ਪੁਰਾਤਨ ਸਮੇਂ ਦੇ ਸਿੱਖ ਸਤਿਕਾਰੇ ਜਾਂਦੇ ਸੀ। ਪਰ ਗੁਰੂ ਦਾ ਉਪਰਲਾ ਉਦੇਸ਼ ਸਾਨੂੰ ਕੌਣ ਯਾਦ ਕਰਾਏ ? ਸਾਨੂੰ ਕੌਣ ਯਾਦ ਕਰਾਏ ਕਿ ਖਾਲਸਾ ਕਿਸ ਮੰਤਵ ਲਈ ਸਾਜਿਆ ਗਿਆ ਸੀ? ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਸਾਡੇ ਧਰਮ ਪ੍ਰਚਾਰ ਵਿੱਚ ਬਹੁਤ ਘਾਟ ਹੋ ਗਈ ਹੈ। ਜੋ ਥੋੜਾ ਬਹੁਤ ਪ੍ਰਚਾਰ ਹੁੰਦਾ ਵੀ ਹੈ ਉਹ ਜਿੱਥੇ ‘‘ਰੋਟੀਆ ਕਾਰਣਿ, ਪੂਰਹਿ ਤਾਲ ॥’’ (ਮ: ੧/੪੬੫) ਵਾਲੀ ਗੱਲ ਹੈ ਉੱਥੇ ਪ੍ਰਚਾਰ ਵਿੱਚ ਨੀਵੀਂ ਅਕਲ ਅਤੇ ਘੱਟ ਯੋਗਤਾ ਕੰਮ ਕਰ ਰਹੀ ਹੈ।

  ਜੋ ਮਨੁੱਖ ਹੋਰ ਕੁਝ ਨਹੀਂ ਕਰ ਸਕਦਾ, ਜੇ ਕੁੱਝ ਅੱਖਰ ਸਟੇਜ ਤੇ ਬੋਲਣਾ ਜਾਣਦਾ ਹੈ, ਪ੍ਰਚਾਰਕ ਬਣ ਜਾਂਦਾ ਹੈ। ਨਾ ਗੁਰਬਾਣੀ ਦਾ ਸ਼ੁੱਧ ਉਚਾਰਨ (ਅਰਥ ਅਤੇ ਭਾਵ ਅਰਥ ਸਮਝਣੇ ਤਾਂ ਦੂਰ ਦੀ ਗੱਲ ਹੈ) ਨ ਇਤਿਹਾਸ ਦੀ ਸੁਚੱਜੀ ਜਾਣਕਾਰੀ, ਨ ਕੋਈ ਟਰੇਨਿੰਗ ਤੇ ਨਾ ਹੀ ਅਮਲੀ ਜੀਵਨ।

  ਦੱਸੋ, ਇਹੋ ਜਿਹੇ ਪ੍ਰਚਾਰਕ ਜਾਂ ਗ੍ਰੰਥੀ ਜਾਂ ਪਾਠੀ ਕੌਮ ਦਾ ਕੀ ਸੰਵਾਰ ਸਕਦੇ ਹਨ ਤੇ ਕੀ ਸੰਵਾਰ ਰਹੇ ਹਨ? ਨਤੀਜਾ ਸਾਡੇ ਸਾਹਮਣੇ ਹੈ। ਕੁੱਝ ਉਂਗਲਾਂ ਤੇ ਗਿਣੇ ਜਾਣ ਵਾਲੇ ਪ੍ਰਚਾਰਕਾਂ ਅਤੇ ਸਿੱਖਾਂ ਨੂੰ ਛੱਡ ਕੇ, ਕਿਹੜਾ ਸਿੱਖ ਘਰਾਨਾ ਹੈ ਜਿੱਥੇ ਜਨਮ ਤੋਂ ਲੈ ਕੇ ਮਰਨ ਤੱਕ ਦੇ ਰਸਮ ਰੀਤਾਂ ਵਿੱਚ ਬਿਪਰਨ ਕੀ (ਬ੍ਰਾਹਮਣਾਂ ਵਾਲੀ) ਰੀਤ ਦਾ ਪ੍ਰਭਾਵ ਨਹੀਂ ਹੁੰਦਾ ?

ਸਿੱਖ ਨੌਜਵਾਨ, ਸਿੱਖੀ ਤੋਂ ਦੂਰ ਜਾਣ ਲਈ ਅਣਭੋਲ ਹੀ ਮਜਬੂਰ ਹੋ ਜਾਂਦੇ ਹਨ, ਜਦ ਉਨ੍ਹਾਂ ਨੂੰ ਬਚਪਨ ਤੋਂ ਧਾਰਮਿਕ ਜੀਵਨ ਜੀਉਣ ਦੀ ਜਾਚ, ਨ ਘਰ ਵਿੱਚ ਤੇ ਨਾ ਸਕੂਲ-ਕਾਲਜਾਂ ਵਿੱਚ ਸਿਖਾਈ ਜਾਂਦੀ ਹੈ। ਧਰਮ ਦੀ ਜੋ ਥੋੜੀ-ਬਹੁਤ ਗੱਲ ਉਹ ਵੇਖਦੇ ਸੁਣਦੇ ਹਨ; ਉਹ ਵੀ ਉਪਰੋਂ-ਉਪਰੋਂ ਦਿਖਾਵੇ ਵਾਲੀ ਗੱਲ ਜ਼ਿਆਦਾ ਵੇਖਦੇ ਸੁਣਦੇ ਹਨ, ਅਸਲੀਅਤ ਤੇ ਅਮਲ ਵਾਲੀ ਜ਼ਿੰਦਗੀ ਜਦ ਉਹ ਧਾਰਮਿਕ / ਰਾਜਨੀਤਿਕ ਆਗੂਆਂ ਆਦਿਕ ਵਿੱਚ ਨਹੀਂ ਦੇਖਦੇ ਜਾਂ ਬਹੁਤ ਘੱਟ ਵੇਖਦੇ ਹਨ ਤਾਂ ਉਹ ਧਰਮ ਨੂੰ ਹੀ ਵਹਿਮ ਤੇ ਪਾਖੰਡ ਸਮਝਣ ਲੱਗ ਜਾਂਦੇ ਹਨ। ਗੁਰੂ ਆਸ਼ੇ ਅਨੁਸਾਰੀ ਅਮਲੀ ਅਤੇ ਅਸਲੀ ਜੀਵਨ ਜੀਉਣ ਵਾਲਿਆਂ ਦੀ ਘਾਟ ਹੋਣ ਕਰਕੇ ਉਨ੍ਹਾਂ ਦਾ ਮਨ ਧਰਮ ਵੱਲੋਂ ਉਪਰਾਮ ਹੋ ਜਾਂਦਾ ਹੈ।

  ਧਾਰਮਿਕ ਸਟੱਡੀ ਉਹ ਆਪ ਤਾਂ ਕਰਦੇ ਨਹੀਂ, ਗੁਰੂ ਦੀਆਂ ਗੱਲਾਂ, ਜੋ ਕਿ ਗੁਰੂ ਦੀ ਬਾਣੀ ਵਿੱਚ ਦਰਜ ਹਨ, ਉਹ ਆਪ ਪੜ੍ਹਦੇ ਨਹੀਂ, ਕੇਵਲ ਸੁਣੀਆਂ-ਸੁਣਾਈਆਂ ਉੱਤੇ ਆਪਣੇ ਵਿਚਾਰ ਬਣਾ ਕੇ ਗੁਰੂ ਤੋਂ ਦੂਰ ਹੋ ਜਾਂਦੇ ਹਨ ਤੇ ਹੋ ਰਹੇ ਹਨ।

  ਮੁਕਦੀ ਗੱਲ ! ਜੇ ਅਸੀਂ ਸਹੀ ਅਰਥਾਂ ਵਿੱਚ ਆਸਤਕ ਹਾਂ ਅਤੇ ਚਾਹੁੰਦੇ ਹਾਂ ਕਿ ਅਸੀਂ ਸਿੱਖ ਅਖਵਾਉਣ ਵਾਲੇ ਆਪਣੀ ਪਹਿਲੇ ਵਰਗੀ ਕੌਮੀ ਸ਼ਾਨ ਨੂੰ ਉੱਚੇ ਮਰਾਤਬੇ (ਦਰਜੇ) ਤੱਕ ਪਹੁੰਚਾਈਏ ਤਾਂ ਸਾਡਾ ਸਭ ਪੜ੍ਹੇ ਲਿਖੇ ਵੀਰਾਂ-ਭੈਣਾਂ ਦਾ ਫਰਜ਼ ਹੈ ਕਿ ਅਸੀਂ ਗੁਰੂ ਮਿਸ਼ਨ ਨੂੰ ਪਹਿਲਾਂ ਆਪ ਸਮਝੀਏ।

  ਗੁਰੂ ਮਿਸ਼ਨ, ਗੁਰੂ ਦੇ ਉਪਦੇਸ਼ਾਂ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ। ਅਸੀਂ ਘਰ ਬੈਠੇ ਹੀ ਥੋੜੇ ਜਿਹੇ ਪੈਸੇ ਖਰਚ ਕਰਕੇ ਸਿੱਖ ਧਰਮ ਦੇ ਮੁੱਢਲੇ ਅਤੇ ਜ਼ਰੂਰੀ ਸਿਧਾਂਤ ਪੜ੍ਹ ਕੇ ਸਮਝ ਸਕਦੇ ਹਾਂ।

  ਗੁਰਬਾਣੀ ਦੇ ਸ਼ਬਦਾਂ ਦੇ ਸੰਖੇਪ-ਸਰਲ ਅਰਥ, ਗੁਰ ਇਤਿਹਾਸ ਤੇ ਸਿੱਖ ਰਹਿਤ ਮਰਯਾਦਾ ਸੰਬੰਧੀ ਛੋਟੇ-ਛੋਟੇ ਟ੍ਰੈਕਟ, ਨਾਮ-ਮਾਤਰ ਲਾਗਤ ਮੁੱਲ ਨਾਲ ਮਿਲ ਸਕਦੇ ਹਨ। ਜਿਨ੍ਹਾਂ ਨੂੰ ਘਰ ਬੈਠ ਕੇ ਬੜੀ ਆਸਾਨੀ ਨਾਲ ਸਿੱਖ ਵਿਚਾਰਧਾਰਾ ਨੂੰ ਜਿੱਥੇ ਆਪ ਸਮਝਿਆ ਜਾ ਸਕਦਾ ਹੈ ਉੱਥੇ ਆਪਣੇ ਪਰਿਵਾਰ ਦੇ ਛੋਟੇ-ਵੱਡਿਆਂ ਨੂੰ ਵੀ ਸਮਝਾਇਆ ਜਾ ਸਕਦਾ ਹੈ।

  ਧਰਮ ਪ੍ਰਚਾਰ ਦਾ ਕੰਮ ਨਿਰੋਲ ਰੁਜ਼ਗਾਰੀ ਲੋਕਾਂ ਦੇ ਹਵਾਲੇ ਕਰ ਦੇਣ ਨਾਲ ਕਦੀ ਵੀ ਧਰਮ ਪ੍ਰਚਾਰ ਨਹੀਂ ਹੋ ਸਕਦਾ। ਨਾਂਹ ਹੀ ਹੋ ਸਕੇਗਾ। ਜਦ ਤੱਕ ਧਰਮੀ ਜੀਵਨ ਜੀਉਣ ਦੀ ਜਾਚ ਅਸੀਂ ਆਪ ਨਹੀਂ ਸਿੱਖਾਂਗੇ, ਆਪਣੇ ਬੱਚੇ ਬੱਚੀਆਂ ਨੂੰ ਨਹੀਂ ਸਿਖਾਵਾਂਗੇ ਤਦ ਤੱਕ ਗੱਲ ਨਹੀਂ ਬਣੇਗੀ।

  ਸੋ ਆਓ ! ਆਸਤਕ ਅਖਵਾਉਣ ਵਾਲਿਓ! ਗੁਰੂ ਕੇ ਸਿੱਖ ਅਖਵਾਉਣ ਵਾਲਿਓ! ਆਓ, ਅੱਜ ਅਸੀਂ ਆਪੋ ਆਪਣੀ ਥਾਂ ਗੁਰੂ ਦੇ ਮਿਸ਼ਨ ਨੂੰ ਸਮਝਣ ਲਈ ਯੋਗ ਉਪਰਾਲਾ ਕਰੀਏ।

ਸਭ ਮੰਨਦੇ ਹਨ:

   ਕਿ ਬੱਚੇ ਕੌਮ ਦਾ ਵੱਡਮੁੱਲਾ ਧਨ ਹਨ ਅਤੇ ਅੱਜ ਦੇ ਬੱਚੇ ਕੱਲ੍ਹ ਦੇ ਬਾਪ ਹੋਣਗੇ। ਇਸ ਲਈ ਇਨ੍ਹਾਂ ਦੀ ਸੇਵਾ ਸੰਭਾਲ ਵੱਲ ਉਚੇਚਾ ਧਿਆਨ ਕਰਦਿਆਂ ਇਨ੍ਹਾਂ ਨੂੰ ਆਪਣੇ ਸਿੱਖ ਧਰਮ ਦੀ ਮੁੱਢਲੀ ਜ਼ਰੂਰੀ ਜਾਣਕਾਰੀ ਦੇਣੀ-ਦਿਵਾਉਣੀ ਜ਼ਰੂਰੀ ਬਣਦੀ ਹੈ:-

(1). ਮਾਤਾ-ਪਿਤਾ ਨੂੰ ਗੁਰਬਾਣੀ ਦਾ ਪਾਠ ਆਪ ਸਹਿਜ ਨਾਲ, ਅਰਥ ਭਾਵਾਂ ਵੱਲ ਧਿਆਨ ਕਰਕੇ ਕਰਨ ਦੀ ਜਿੱਥੇ ਆਦਤ ਪਾਉਣੀ ਚਾਹੀਦੀ ਹੈ, ਉੱਥੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੰਜਾਬੀ ਅਤੇ ਗੁਰਬਾਣੀ ਦਾ ਪਾਠ ਸਿਖਾਉਣਾ ਚਾਹੀਦਾ ਹੈ।

(2). ਕੇਸ ਗੁਰੂ ਦੀ ਮੋਹਰ ਹਨ। ਇਸ ਲਈ ਨੰਗੇ ਕੇਸੀਂ ਫਿਰਨਾ ਜਾਂ ਨੰਗੇ ਕੇਸੀਂ ਜੰਗਲ-ਪਾਣੀ ਜਾਣਾ ਆਦਿਕ, ਜਿੱਥੇ ਗੁਰੂ ਦੀ ਮੋਹਰ ਦੀ ਨਿਰਾਦਰੀ ਹੈ, ਉੱਥੇ ਸਾਡੀ ਸੋਚ ਦੀ ਲਾਪ੍ਰਵਾਹੀ ਅਤੇ ਢਿਲਪੁਣੇ ਦੀ ਨਿਸ਼ਾਨੀ ਹੈ। ਇਸ ਲਈ ਕਿਸੇ ਵੀ ਸਿੱਖ ਵੀਰ ਭੈਣ ਨੂੰ ਨੰਗੇ ਸਿਰ ਨਹੀਂ ਫਿਰਨਾ ਚਾਹੀਦਾ।

(3). ਆਪਣੇ ਬੱਚਿਆਂ ਨੂੰ 8-9 ਸਾਲ ਦੀ ਉਮਰ ਵਿੱਚ ਹੀ ਦਸਤਾਰ ਸਜਾਉਣ ਦੀ ਆਦਤ ਪਾਓ। ਇਸ ਤਰ੍ਹਾਂ ਨਾ ਕਰਨ ਵਾਲਿਆਂ ਨੂੰ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੇ ਮੂੰਹ ਤੇ ਦਾੜ੍ਹੀ ਆ ਜਾਂਦੀ ਹੈ ਪਰ ਦਸਤਾਰ ਸਜਾਉਣੀ ਨਹੀਂ ਆਉਂਦੀ। ਇਸ ਤਰ੍ਹਾਂ ਬਿਨਾਂ ਦਸਤਾਰ ਦੇ ਆਦਤ ਪੱਕ ਜਾਣ ਕਾਰਨ ਫਿਰ ਦਸਤਾਰ ਸਜਾਉਣੀ ਔਖੀ ਲਗਦੀ ਹੈ ਤੇ ਵੱਡੀ ਉਮਰ ਤੱਕ ਪਟਕਾ ਹੀ ਬੰਨ੍ਹੀ ਰੱਖਦੇ ਹਨ ਤੇ ਬੜੇ ਕੋਝੇ, ਲਗਦੇ ਹਨ।

(4). ਆਪਣੇ ਨਾਂ ਨਾਲ ‘ਸਿੰਘ’ ਅਤੇ ‘ਕੌਰ’ ਲਿਖਣਾ ਕਦੇ ਵੀ ਨਾ ਭੁੱਲੋ। ਇਹ ਮਾਣ ਭਰਪੂਰ ਸ਼ਬਦਾਵਲੀ, ਬਖਸ਼ਿਸ਼ ਵਜੋਂ ਗੁਰੂ ਪਾਤਸ਼ਾਹ ਵੱਲੋਂ ਸਾਨੂੰ ਮਿਲੀ ਹੋਈ ਹੈ। ਇਸ ਲਈ ਅਨੰਦ-ਕਾਰਜ ਆਦਿਕ ਦੇ ਕਾਰਡਾਂ ਉੱਤੇ ਆਪਣੇ ਬੱਚੇ-ਬੱਚੀਆਂ ਦੇ ਨਾਮ ਨਾਲ ‘ਸਿੰਘ’ ਅਤੇ ‘ਕੌਰ’ ਜ਼ਰੂਰ ਲਿਖਵਾਓ।

(5). ਸਤਿਗੁਰ ਪਾਤਸ਼ਾਹ ਦੇ ਪਵਿੱਤਰ ਫ਼ੁਰਮਾਨ ਹਨ:

‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ, ਜਾਤਿ ਨ ਹੇ ॥’’ (ਮ: ੧/੩੪੯)

‘‘ਜਾਤਿ ਕਾ ਗਰਬੁ, ਨ ਕਰਿ; ਮੂਰਖ ਗਵਾਰਾ ! ॥’’ (ਮ: ੩/੧੧੨੭)

   ਇਸ ਲਈ ਆਪਣੇ ਨਾਮ ਨਾਲ ਜਾਤ-ਗੋਤ ਕਦੀ ਨਾ ਲਿਖੋ ਅਤੇ ਨਾ ਹੀ ਜਾਤ-ਗੋਤ ਦਾ ਵਿਤਕਰਾ ਪੈਦਾ ਕਰੋ।