ੴ ਸਤਿ ਗੁਰ ਪ੍ਰਸਾਦਿ; ਸੰਯੁਕਤ ਸ਼ਬਦਾਂ ਦੇ ਪਦ-ਛੇਦ, ਉਚਾਰਨ ਤੇ ਅਰਥਾਂ ਸਬੰਧੀ ਵੀਚਾਰ

0
2581

ੴ ਸਤਿ ਗੁਰ ਪ੍ਰਸਾਦਿ;  ਸੰਯੁਕਤ ਸ਼ਬਦਾਂ ਦੇ ਪਦ-ਛੇਦ, ਉਚਾਰਨ ਤੇ ਅਰਥਾਂ ਸਬੰਧੀ ਵੀਚਾਰ

ਕਿਰਪਾਲ ਸਿੰਘ (ਬਠਿੰਡਾ)-98554-80797

 ‘ਗੁਰ ਪ੍ਰਸਾਦਿ’ ਮੂਲ ਮੰਤਰ ਦਾ ਅੰਤਲਾ ਅਤੇ ਮਹੱਤਵ ਪੂਰਨ ‘ਪਦ’ ਹੈ। ਗੁਰਮਤਿ ਅੰਦਰ ਇਸ ਦਾ ਬਹੁਤ ਹੀ ਵਿਸ਼ੇਸ਼ ਸਥਾਨ ਹੈ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਸਮੇਂ ਇਕ ਗੱਲ ਸਾਹਮਣੇ ਆਉਂਦੀ ਹੈ ਕਿ ਗੁਰਬਾਣੀ ਵਿੱਚ ਗੁਰ ਪ੍ਰਸਾਦਿ, ਗੁਰ ਪਰਸਾਦਿ, ਗੁਰ ਪ੍ਰਸਾਦੀ, ਗੁਰ ਪਰਸਾਦੀ, ਗੁਰ ਪਰਸਾਦ, ਗੁਰੁ ਪਰਸਾਦੁ, ਛੇ ਰੂਪਾਂ ਵਿੱਚ ਤਕਰੀਬਨ ਨੌ ਸੌ ਤੋਂ ਵੱਧ ਵਾਰੀ ਵਰਤਿਆ ਗਿਆ ਹੈ। ਇਕੱਲੇ ਮੂਲ ਮੰਤਰ ਦਾ ਪਾਠ ਪੂਰਨ ਜਾਂ ਸੰਖੇਪ ਰੂਪ ਵਿੱਚ 568 ਵਾਰੀ ਆਇਆ ਹੈ ਜਿਸ ਵਿੱਚ ਅਖੀਰਲਾ ਪਦ ‘ਗੁਰਪ੍ਰਸਾਦਿ’ ਵਰਤਿਆ ਗਿਆ ਹੈ; ਜਿਸ ਦਾ ਵੇਰਵਾ ਇਸ ਤਰ੍ਹਾਂ ਹੈ:-

  1. ਸੰਪੂਰਨ ਰੂਪ ਵਿੱਚ: 33 ਵਾਰ  ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
  2. ਸੰਖੇਪ ਰੂਪ ਵਿੱਚ:  9 ਵਾਰ    ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
  3. ਹੋਰ ਸੰਖੇਪ ਰੂਪ ਵਿੱਚ: 2 ਵਾਰ  ੴ ਸਤਿਨਾਮੁ ਗੁਰਪ੍ਰਸਾਦਿ ॥
  4. ਸਭ ਤੋਂ ਛੋਟੇ ਰੂਪ ਵਿੱਚ: 524 ਵਾਰ ੴ ਸਤਿ ਗੁਰ ਪ੍ਰਸਾਦਿ ॥

ਮੂਲ ਮੰਤਰ ਦੇ ਉਪ੍ਰੋਕਤ ਚਾਰੇ ਸਰੂਪਾਂ ਨੂੰ ਧਿਆਨ ਨਾਲ ਵੇਖਣ ਤੋਂ ਪਤਾ ਲਗਦਾ ਹੈ ਕਿ ਸਾਰੇ ਤਰ੍ਹਾਂ ਦੇ ਮੂਲ ਮੰਤਰਾਂ ਦੇ ਸ਼ੁਰੂ ਵਿੱਚ ‘ੴ ਸਤਿ’ ਅਤੇ ਅਖੀਰ ਵਿੱਚ ‘ਗੁਰ ਪ੍ਰਸਾਦਿ]’ ਆਉਂਦਾ ਹੈ। ਇਸ ਤਰ੍ਹਾਂ ਸਾਰੇ ਹੀ ਸਰੂਪਾਂ ਵਿੱਚ ਇੱਕਸਾਰਤਾ ਨਜ਼ਰ ਆਉਂਦੀ ਹੈ। ਪਰ ਅੱਜ ਕੱਲ੍ਹ ਛਾਪੇ ਵਾਲੀਆਂ ਪਦ-ਛੇਦ ਬੀੜਾਂ ਵਿੱਚ ‘ੴ ਸਤਿਗੁਰ ਪ੍ਰਸਾਦਿ ॥’ ਪਾਠ ਛਪਿਆ ਹੋਇਆ ਹੈ ਅਤੇ ਬਹੁਤਾਤ ਪਾਠੀਆਂ ਵੱਲੋਂ ਇਸ ਢੰਗ ਨਾਲ ਹੀ ਪਾਠ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਮੂਲ ਮੰਤਰ ਦੇ ਪਹਿਲੇ ਤਿੰਨ ਸਰੂਪਾਂ ਨਾਲੋਂ ਚੌਥੇ ਸਰੂਪ ਦੇ ਪਾਠ ਦੀ ਲਿਖਤੀ ਰੂਪ ਅਤੇ ਉਚਾਰਣ ਸਮੇਂ ਭਿੰਨਤਾ ਨਜ਼ਰ ਆਉਂਦੀ ਹੈ; ਜਿਹੜੀ ਕਿ ਨਹੀਂ ਆਉਣੀ ਚਾਹੀਦੀ।

ੴ , ਸਤਿ, ਗੁਰ ਪ੍ਰਸਾਦਿ ॥ ਦੇ ਤਿੰਨੇ ਪਦਾਂ ਦੇ ਵੱਖ ਵੱਖ ਅਰਥ ਕੀਤਿਆਂ ਇਉਂ ਬਣਦੇ ਹਨ:

= ਉਹ ਅਕਾਲ ਪੁਰਖ਼ ਜੋ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਪੈਦਾ ਕਰਦਾ ਹੈ (ਓਅੰਕਾਰਿ, ਸਭ ਸ੍ਰਿਸਟਿ ਉਪਾਈ ॥ ਮਾਰੂ ਸੋਲਹੇ, ਮਃ ੩/ ਪੰਨਾ ੧੦੬੧), ਰਿਜ਼ਕ ਦੇ ਕੇ ਸੰਭਾਲ ਕਰਦਾ ਹੈ (ਸਿਸਟਿ ਉਪਾਈ ਸਭ ਤੁਧੁ; ਆਪੇ ਰਿਜਕੁ ਸੰਬਾਹਿਆ ॥ ਸਿਰੀਰਾਗੁ–ਵਾਰ, ਮਃ ੪/ ਪੰਨਾ ੮੫), ਅੰਤ ਸਮੇਂ ਸੰਘਾਰ ਕਰਨ ਵਾਲੀ ਹਸਤੀ ਹੈ (ਜੀਆ ਮਾਰਿ, ਜੀਵਾਲੇ ਸੋਈ;   ਅਵਰੁ ਨ ਕੋਈ ਰਖੈ ॥ ਮਾਝ–ਵਾਰ, ਮਃ ੧/ ੧੫੦), ਆਪਣੀ ਪੈਦਾ ਕੀਤੀ ਸਾਰੀ ਸ੍ਰਿਸ਼ਟੀ ਵਿੱਚ ਇੱਕ-ਰਸ ਵਿਆਪਕ ਹੈ (ਆਪੇਘਟਿ ਘਟਿ ਰਹਿਆ ਬਿਆਪਿ ॥ ਰਾਮਕਲੀ, ਮਃ ੫/ ਪੰਨਾ ੮੯੦); ਉਹ ਵਾਹਦ ਇੱਕ ਹੈ: (ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ, ਭਾਈ ! ਏਕੋ ਹੈ ॥੧॥ ਰਹਾਉ ॥ਆਸਾ, ਮਃ ੧/ ਪੰਨਾ ੩੫੦)

ਸਤਿ = ਉਸ ਹਸਤੀ ਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ: (ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ;   ਨਾਨਕ ! ਹੋਸੀ ਭੀ ਸਚੁ ॥੧॥ ਜਪੁ (ਮਃ ੧) /ਪੰਨਾ ੧)

ਗੁਰ ਪ੍ਰਸਾਦਿ: ਐਸੇ ਅਕਾਲ ਪੁਰਖ਼ ਦੀ ਪ੍ਰਾਪਤੀ ਭਾਵ ਉਸ ਨਾਲ ਜਾਣ ਪਛਾਣ ਕਰਕੇ ਉਸ ਨਾਲ ਇਕਮਿਕਤਾ ਗੁਰੂ ਦੀ ਕ੍ਰਿਪਾ ਨਾਲ ਹੀ ਹੋ ਸਕਦੀ ਹੈ (ਗੁਰ ਕ੍ਰਿਪਾਲਿ, ਕ੍ਰਿਪਾ ਕਿੰਚਤ ਗੁਰਿ ਕੀਨੀ;   ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥ ਗਉੜੀ, ਮਃ ੪/ ਪੰਨਾ ੧੭੦) ਭਾਵ ਕ੍ਰਿਪਾ ਦੇ ਸੋਮੇ ਗੁਰੂ ਨੇ ਜਦੋਂ ਥੋੜੀਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ–ਪ੍ਰਭੂ ਮੈਨੂੰ ਆ ਮਿਲਿਆ। ਜਥਾ (ਗੁਰੁ ਪਰਸਾਦੁ ਕਰੇ, ਨਾਮੁ ਦੇਵੈ;   ਨਾਮੇ, ਨਾਮਿ ਸਮਾਵਣਿਆ ॥੨॥ ਮਾਝ, ਮਃ ੪/ ਪੰਨਾ੧੩੦)

ਪ੍ਰਚਲਤ ਪਾਠ ‘ੴ ਸਤਿਗੁਰ ਪ੍ਰਸਾਦਿ ॥’ ਦੇ ਅਖੀਰਲੇ ਦੋ ਪਦਾਂ ਦੇ ਅਰਥ ਬਣਨਗੇ ‘ ੴ ’ ਸਤਿਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ। ਇਸ ਤਰ੍ਹਾਂ ਇਸ ਸਰੂਪ ਵਿੱਚੋਂ ਅਕਾਲ ਪੁਰਖ ਦੇ ‘ਸਤਿ’ ਹੋਣ ਦਾ ਭਾਵ ਸਦੀਵੀ ਹੋਂਦ ਵਾਲਾ ਗੁਣ ਵਰਨਣ ਨਹੀਂ ਹੋ ਸਕਿਆ ਪਰ ਸਤਿ ਨੂੰ ਗੁਰ ਨਾਲ ਜੁੜਤ ਪਾਠ ‘ਸਤਿਗੁਰ’ ਕਰਨ ਨਾਲ ਅਰਥਾਂ ਵਿੱਚ ਕੋਈ ਵਿਸ਼ੇਸ਼ ਅੰਤਰ ਨਹੀਂ ਪਿਆ ਕਿਉਂਕਿ ‘ਗੁਰ’ ਅਤੇ ‘ਸਤਿਗੁਰ’ ਦੇ ਇੱਕੋ ਹੀ ਅਰਥ ਨਿਕਲਦੇ ਹਨ। ਜੇ ਕਰ ਅਸੀਂ ਆਪਣੀ ਮੱਤ ਵਰਤਦੇ ਹੋਏ ਇਹ ਦੱਸਣ ਦਾ ਯਤਨ ਕਰਾਂਗੇ ਕਿ ਸਤਿਗੁਰ ਦੇ ਅਰਥ ਹੋਏ ‘ਸੱਚਾ ਗੁਰੂ’ ਇਸ ਲਈ ‘ਗੁਰ ਪ੍ਰਸਾਦਿ’ ਨਾਲੋਂ ‘ਸਤਿਗੁਰ ਪ੍ਰਸਾਦ’ ਪਾਠ ਜਿਆਦਾ ਢੁਕਵਾਂ ਹੈ ਤਾਂ ਅਸੀਂ ਇਹ ਕਹਿ ਕੇ ਵੱਡੀ ਅਵੱਗਿਆ ਕਰ ਰਹੇ ਹੋਵਾਂਗੇ ਕਿਉਂਕਿ ਇਸ ਦਾ ਭਾਵ ਇਹ ਨਿਕਲੇਗਾ ਕਿ ਮੂਲ ਮੰਤਰ ਦੇ ਪਹਿਲੇ ਤਿੰਨ ਸਰੂਪਾਂ ਵਿੱਚ 46 ਵਾਰ ਵਰਤਿਆ ਗਿਆ ਸ਼ਬਦ ‘ਗੁਰਪ੍ਰਸਾਦਿ’ ਅਤੇ ਗੁਰਬਾਣੀ ਵਿੱਚ ਹੋਰ ਥਾਵਾਂ ’ਤੇ 330 ਤੋਂ ਵੱਧ ਵਾਰੀ ਵਰਤੇ ਗਏ ਸ਼ਬਦ ‘ਗੁਰ ਪ੍ਰਸਾਦਿ’ ‘ਗੁਰ ਪਰਸਾਦਿ’ ‘ਗੁਰ ਪ੍ਰਸਾਦੀ’ ‘ਗੁਰ ਪਰਸਾਦੀ’ ਅਤੇ ‘ਗੁਰ ਪਰਸਾਦ’ ‘ਗੁਰੁ ਪਰਸਾਦੁ’ ਵਿੱਚ ਅਸੀਂ ਕੋਈ ਊਣਤਾਈ ਵੇਖ ਰਹੇ ਹਾਂ। ਗੁਰਬਾਣੀ ਵਿੱਚ ਉਪ੍ਰੋਕਤ ਜਿਹੜੇ ਸ਼ਬਦ ਗੁਰੂ ਸਾਹਿਬਾਨ ਜੀ ਨੇ ਵਾਰ ਵਾਰ ਖ਼ੁਦ ਵਰਤੇ ਹਨ ਉਨ੍ਹਾਂ ਵਿੱਚ ਕੋਈ ਊਣਤਾਈ ਵੇਖਣਾਂ ਜਾਂ ਸੋਚਣਾਂ ਹੀ ਸਾਡੇ ਲਈ ਮਨਮੁਖਤਾਈ ਹੋਵੇਗੀ। ਗੁਰਬਾਣੀ ਵਿੱਚ ਵੱਖ ਵੱਖ ਰੂਪਾਂ ਵਿੱਚ ਅਨੇਕਾਂ ਵਾਰੀ ਵਰਤੇ ਗਏ ਪਦ ‘ਗੁਰਪ੍ਰਸਾਦਿ’ ਅਤੇ ‘ਗੁਰਪਰਸਾਦਿ’ ਵਿੱਚੋਂ ਵੰਨਗੀ ਮਾਤਰ ਕੁਝ ਕੁ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ:-

  1. (ੳ) ਗੁਰ ਪ੍ਰਸਾਦਿ, ਅੰਤਰਿ ਲਿਵ ਲਾਗੈ ॥੩॥ (ਸਿਰੀਰਾਗੁ, ਭਗਤ ਕਬੀਰ / ਪੰਨਾ ੯੨)

   (ਅ) ਇਹ ਮਤਿ, ਗੁਰ ਪ੍ਰਸਾਦਿ, ਮਨਿ ਧਾਰਉ ॥ (ਮਾਝ, ਮਃ ੫ / ਪੰਨਾ ੧੦੪)

(ੲ) ਗੁਰ ਪ੍ਰਸਾਦਿ, ਨਾਨਕ ! ਇਹੁ ਜਾਨੁ ॥੭॥ (ਗਉੜੀ ਸੁਖਮਨੀ, ਮਃ ੫/ ਪੰਨਾ ੨੯੪)

  1. (ੳ) ਗੁਰ ਪਰਸਾਦਿ, ਪਰਮ ਪਦੁ ਪਾਇਆ;   ਸੂਕੇ ਕਾਸਟ ਹਰਿਆ ॥੧॥ ਰਹਾਉ ॥ (ਗੂਜਰੀ, ਮਃ ੫/ਪੰਨਾ ੧੦)

(ਅ) ਗੁਰ ਪਰਸਾਦਿ, ਵਸੈ ਮਨਿ ਆਇ ॥ (ਆਸਾ, ਮਃ ੧/ ਪੰਨਾ ੩੪੯)

(ੲ) ਗੁਰ ਪਰਸਾਦਿ ਭਏ ਜਨ ਮੁਕਤੇ;   ਹਰਿ ਹਰਿ ਨਾਮੁ ਅਰਾਧਿਆ ॥੩॥ (ਆਸਾ, ਮਃ ੫/ ਪੰਨਾ ੩੮੩)

  1. (ੳ) ਗੁਰ ਪ੍ਰਸਾਦੀ ਬੂਝੀਐ;   ਏਕ ਹਰਿ ਕੈ ਰੰਗਿ ॥੧॥ ਰਹਾਉ ॥ (ਆਸਾ, ਮਃ ੫/ ਪੰਨਾ ੪੦੫)

(ਅ) ਆਦਿ ਅੰਤੇ ਮਧਿ ਸੋਈ;   ਗੁਰ ਪ੍ਰਸਾਦੀ ਜਾਨਿਆ ॥ (ਆਸਾ, ਮਃ ੫/ ਪੰਨਾ ੪੫੮)

(ੲ) ਗੁਰ ਪ੍ਰਸਾਦੀ ਪ੍ਰਭੁ ਧਿਆਇਆ;   ਗਈ ਸੰਕਾ ਤੂਟਿ ॥ ਗੂਜਰੀ, ਮਃ ੫/ ਪੰਨਾ ੫੦੧)

  1. (ੳ) ਗੁਰ ਪਰਸਾਦੀ ਬੁਝੀਐ;   ਤਾ ਪਾਏ ਮੋਖ ਦੁਆਰੁ ॥ ਸਿਰੀਰਾਗੁ, ਮਃ ੩/ਪੰਨਾ ੩੬)

   (ਅ) ਗੁਰ ਪਰਸਾਦੀ ਜਿਨੀ ਬੁਝਿਆ;   ਤਿਨਿ ਪਾਇਆ ਮੋਖ ਦੁਆਰੁ ॥ {ਸਿਰੀਰਾਗੁ–ਵਾਰ (ਮਃ ੪)/ਪੰਨਾ ੯੦}

   (ੲ) ਗੁਰ ਪਰਸਾਦੀ, ਜਿਨੀ ਅੰਤਰਿ ਪਾਇਆ;   ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥ (ਮਾਝ, ਮਃ ੫/ਪੰਨਾ ੧੦੨)

  1. ਭ੍ਰਮ ਭੈ ਛੂਟੇ, ਗੁਰ ਪਰਸਾਦ ॥ (ਰਾਮਕਲੀ, ਮਃ ੫/ ਪੰਨਾ ੯੧੫)
  2. ਗੁਰੁ ਪਰਸਾਦੁ ਕਰੇ, ਨਾਮੁ ਦੇਵੈ;   ਨਾਮੇ, ਨਾਮਿ ਸਮਾਵਣਿਆ ॥੨॥ (ਮਾਝ, ਮਃ ੪/ ਪੰਨਾ੧੩੦)

ਮੂਲ ਮੰਤਰ ਸਮੇਤ ਉਪ੍ਰੋਕਤ ਪਹਿਲੇ 5 ਨੰਬਰ ਦੀਆਂ ਤੁਕਾਂ ਵਿੱਚ ਆਏ ਪਦ ‘ਗੁਰਪ੍ਰਸਾਦਿ, ਗੁਰਪਰਸਾਦਿ, ਗੁਰਪ੍ਰਸਾਦੀ ਅਤੇ ਗੁਰਪ੍ਰਸਾਦੀ, ਗੁਰ ਪਰਸਾਦ, ਸਾਰਿਆਂ ਦੇ ਅਰਥ ਗੁਰਬਾਣੀ ਵਿਆਕਰਣ ਅਨੁਸਾਰ (ਗੁਰੁ ਸ਼ਬਦ ਪਿੱਛੋਂ ਲੁਪਤ ਰੂਪ ਵਿੱਚ ਸਬੰਧਕ ‘ਦੀ’ ਆਉਣ ਕਰਕੇ ‘ਰੁ’ ਦੀ ਔਂਕੜ ਲੱਥ ਗਈ ਅਤੇ ‘ਪ੍ਰਸਾਦਿ’ ਦੇ ‘ਦ’ ਨੂੰ ਲੱਗੀ ਸਿਹਾਰੀ ‘ਕਰਣ ਕਾਰਕ’ ਦੇ ਅਰਥ ਭਾਵ ਕ੍ਰਿਪਾ ਦੁਆਰਾ’ ਹੋਣ ਕਰਕੇ) ‘ਗੁਰੂ ਦੀ ਕ੍ਰਿਪਾ ਦੁਆਰਾ’ ਹੀ ਵਧੇਰੇ ਢੁਕਵੇਂ ਹਨ। ਪੂਰਾ ਰ ਜਾਂ ਪ ਦੇ ਪੈਰ ’ਚ ਅੱਧਾ ਰ ਅਤੇ ‘ਦ’ ਦੀ ਸਿਹਾਰੀ ਨੂੰ ਬਿਹਾਰੀ ਵਿੱਚ ਕੇਵਲ ਕਾਵਿ ਤੋਲ ਪੂਰਾ ਕਰਨ ਲਈ ਹੀ ਬਦਲਿਆ ਗਿਆ ਹੈ ਇਸ ਨਾਲ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਪੰਥ ਦੇ ਮਹਾਨ ਵਿਦਵਾਨ ਅਤੇ ਗੁਰਬਾਣੀ ਦੇ ਵਿਆਖਿਆਕਾਰ ਪ੍ਰੋ: ਸਾਹਿਬ ਸਿੰਘ ਡੀ.ਲਿਟ., ਭਾਈ ਯੋਧ ਸਿੰਘ ਜੀ, ਭਾਈ ਵੀਰ ਸਿੰਘ ਜੀ, ਟੀਕਾਕਾਰ ਸ: ਮਨਮੋਹਨ ਸਿੰਘ ਜੀ, ਫਰੀਦਕੋਟੀ ਟੀਕੇ ਦੇ ਵਿਦਵਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਸ਼ਬਦਾਰਥ ਪੋਥੀਆਂ ਦੇ ਵਿਦਵਾਨਾਂ ਨੇ ਇਹੀ ਅਰਥ ਕੀਤੇ ਹਨ।

ਨੰਬਰ 6 ਵਾਲੀ ਤੁਕ ਵਿੱਚ ‘ਗੁਰੁ ਪਰਸਾਦੁ ਕਰੇ’ ਦੇ ਅਰਥ ਹਨ: (ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇਨਾਮ ਵਿਚ ਹੀ ਮਸਤ ਰਹਿੰਦਾ ਹੈ ।

ਪਰ ਕੁਝ ਵਿਦਵਾਨ ‘ਗੁਰ’ ਅਤੇ ‘ਪ੍ਰਸਾਦਿ’ ਪਦ ਨੂੰ ਵੱਖਰੇ ਕਰ ਕੇ ਨਿਰੰਕਾਰ ਦੇ ਵੱਖੋ ਵੱਖਰੇ ਲੱਛਣ ਮੰਨਦੇ ਹਨ। ਉਨ੍ਹਾਂ ਅਨੁਸਾਰ ਮੂਲ ਮੰਤਰ ਦਾ ਹਰ ਪਦ ਨਿਰੰਕਾਰ ਦੇ ਕਿਸੇ ਗੁਣ ਦਾ ਬੋਧ ਕਰਵਾਉਂਦਾ ਹੈ। ਉਹ ਇਥੇ ‘ਗੁਰ’ ਦਾ ਅਰਥ ‘ਵੱਡਾ’ ਅਤੇ ‘ਪ੍ਰਸਾਦਿ’ ਦਾ ਅਰਥ ‘ਦਿਆਲੂ/ਕ੍ਰਿਪਾਲੂ’ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਮੰਤਰ ਅਤੇ ਮੰਤਰ ਦੇ ਜਾਪ ਵਿੱਚ ਹਮੇਸ਼ਾਂ ਹੀ ਉਸ ਦੇ ਗੁਣ ਉਚਾਰੇ ਜਾਂਦੇ ਹਨ; ਜਿਸ ਦੀ ਪੂਜਾ ਜਾਂ ਅਰਾਧਨਾ ਕੀਤੀ ਜਾਵੇ। ਉਨ੍ਹਾਂ ਵਿਦਵਾਨਾਂ ਅਨੁਸਾਰ ਕਿਸੇ ਮੰਤਰ ਵਿੱਚ ਜਾਪ ਦੇ ਨਾਲ ਉਸ ਦੀ ਵਿਧੀ ਦਾ ਵਰਨਣ ਨਹੀਂ ਹੁੰਦਾ, ਜਿਵੇਂ ਇਹ ਕਹਿਣਾ ਕਿ ਅਜਿਹੇ ਗੁਣਾਂ ਵਾਲਾ ‘ਨਿਰੰਕਾਰ’ ਗੁਰੂ ਦੀ ਕ੍ਰਿਪਾ ਦੁਆਰਾ ਮਿਲਦਾ ਹੈ। ਇਨ੍ਹਾਂ ਵਿਦਵਾਨਾਂ ਵੱਲੋਂ ਕੀਤੇ ਅਰਥ ਨਾ ਤਾਂ ਗੁਰਬਾਣੀ ਵਿਆਕਰਣਿਕ ਨਿਯਮਾਂ ਅਨੁਸਾਰ ਹੀ ਢੁਕਵੇਂ ਹਨ ਅਤੇ ਨਾ ਹੀ ਗੁਰਬਾਣੀ ਵਿੱਚ ਹੋਰ ਥਾਂਈ ਆਏ ਇਨ੍ਹਾਂ ਹੀ ਸ਼ਬਦਾਂ (ਗੁਰ ਪ੍ਰਸਾਦਿ, ਗੁਰ ਪਰਸਾਦਿ,) ਦੇ ਅਰਥ ਕਰਦੇ ਸਮੇਂ ‘ਗੁਰ’ ਦਾ ਅਰਥ ‘ਵੱਡਾ’ ਅਤੇ ‘ਪ੍ਰਸਾਦਿ’ ਦਾ ਅਰਥ ‘ਦਿਆਲੂ/ਕ੍ਰਿਪਾਲੂ’ ਕੀਤੇ ਜਾ ਸਕਦੇ ਹਨ। ਇਸ ਲਈ ਬਹੁ ਗਿਣਤੀ ਵਿਦਵਾਨ ਪਹਿਲੇ ਅਰਥਾਂ ਨਾਲ ਹੀ ਸਹਿਮਤ ਹਨ। ਪਰ ਮੰਨ ਲਵੋ ਕਿ ਜੇ ਉਨ੍ਹਾਂ ਲੋਕਾਂ ਦੀ ਗੱਲ ਹੀ ਮੰਨ ਲਈ ਜਾਵੇ ਜਿਹੜੇ ਗੁਰਬਾਣੀ ਵਿਆਕਰਣ ਨੂੰ ਨਹੀਂ ਮੰਨਦੇ ਅਤੇ ਵਿਆਕਰਣ ਤੋਂ ਸੁਤੰਤਰ ਹੋ ਕੇ ਇਕੋ ਸ਼ਬਦ ਦੇ ਕਈ ਕਈ ਅਰਥ ਕਰਕੇ ਖ਼ੁਸ਼ ਹੁੰਦੇ ਹਨ ਤਾਂ ਵੀ ‘ਸਤਿ’ ਨੂੰ ‘ਗੁਰ’ ਨਾਲ ਜੋੜਿਆ ਹੀ ਨਹੀਂ ਜਾ ਸਕਦਾ ਕਿਉਂਕਿ ‘ਸਤਿਗੁਰ’ ਦੇ ਅਰਥ ‘ਵੱਡਾ’ ਨਹੀਂ ਕੀਤੇ ਜਾ ਸਕਦੇ ਇਸ ਲਈ ਇਨ੍ਹਾਂ ਪਦਾਂ ਨੂੰ ਵੱਖ ਵੱਖ ਰੱਖ ਕੇ ਪਾਠ ਕਰਨਾ ਹੀ ਵੱਧ ਯੋਗ ਹੋਵੇਗਾ। ਇਸ ਲਈ ਸੰਖੇਪ ਰੂਪ ਵਾਲੇ ਮੂਲ ਮੰਤਰ ਜੋ ਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 524 ਵਾਰ ਆਉਂਦਾ ਹੈ ਦਾ ਉਚਾਰਣ ਅਤੇ ਲਿਖਤ ਵਿੱਚ ਪਾਠ ‘ੴ ਸਤਿ ਗੁਰਪ੍ਰਸਾਦਿ ॥’ ਕੀਤਾ ਜਾਵੇ ਤਾਂ ਜਿਆਦਾ ਬਿਹਤਰ ਹੋਵੇਗਾ ਕਿਉਂਕਿ ਇਸ ਨਾਲ ਗੁਰਬਾਣੀ ਵਿੱਚ ਵਰਤੇ ਗਏ ਮੂਲ ਮੰਤਰ ਦੇ ਸਾਰੇ ਤਰ੍ਹਾਂ ਦੇ ਸਰੂਪਾਂ ਵਿੱਚ ਇਕਸਾਰਤਾ ਹੋ ਜਾਵੇਗੀ।

ਇਹ ਦੱਸਣਯੋਗ ਹੈ ਕਿ ਇਸੇ ਤਰ੍ਹਾਂ ਦਾ ਲੇਖ ਮੇਰੇ ਵੱਲੋਂ 10-11 ਸਾਲ ਪਹਿਲਾਂ ਵੀ ਲਿਖਿਆ ਗਿਆ ਸੀ ਜੋ ਸੇਵਾ ਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਜਿਲ੍ਹਾ ਬਠਿੰਡਾ ਵੱਲੋਂ ਪ੍ਰਕਾਸ਼ਤ ਮਾਸਕ ਪੱਤਰ “ਸੇਵਾ ਜੋਤੀ” ਦੇ ਫਰਵਰੀ 2005 ਦੇ ਅੰਕ ਵਿੱਚ ਛਪਿਆ ਸੀ। ਉਸੇ ਮਹੀਨੇ ਜਾਂ ਉਸ ਤੋਂ ਇੱਕ ਮਹੀਨਾ ਅੱਗੇ ਪਿੱਛੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ ਜਿਲ੍ਹਾ ਰੋਪੜ ਦੇ ਮਾਸਕ ਪੱਤਰ “ਮਿਸ਼ਨਰੀ ਸੇਧਾਂ” ਵਿੱਚ ਵੀ ਛਪਿਆ ਸੀ। ਉਸ ਸਮੇਂ ਕਈ ਪਾਠਕਾਂ ਨੇ ਫੋਨ ਕਰਕੇ ਲੇਖ ਵਿੱਚ ‘ੴ ਸਤਿ ਗੁਰਪ੍ਰਸਾਦਿ ॥’ ਦੇ ਸੁਝਾਏ ਗਏ ਪਦ-ਛੇਦ ਅਤੇ ਉਚਾਰਣ ਨਾਲ ਸਹਿਮਤੀ ਜਤਾਈ ਸੀ। ਸ਼ਾਇਦ ਇਸ ਲੇਖ ਤੋਂ ਪਹਿਲਾਂ ਅਤੇ ਪਿੱਛੋਂ ਵੀ ਹੋਰ ਕਈ ਵਿਦਵਾਨਾਂ ਨੇ ਇਸੇ ਤਰ੍ਹਾਂ ਦੇ ਸੁਝਾਉ ਦਿੱਤੇ ਹੋਣਗੇ। ਹੋਰ ਖੁਸ਼ੀ ਹੋਈ ਜਦੋਂ ਗੁਰਬਾਣੀ ਨੂੰ ਅਸਾਨ ਤਰੀਕੇ ਨਾਲ ਸਮਝਣ ਲਈ ਚਲਾਈ ਜਾ ਰਹੀ ਵੈੱਬਸਾਈਟ ‘ਗੁਰਪਰਸਾਦਡਾਟਕਾਮ’ (http://gurparsad.com) ਦੇ ਲੋਗੋ ਵਿੱਚ ‘ੴ ਸਤਿਗੁਰ ਪ੍ਰਸਾਦਿ ॥’ ਦੀ ਥਾਂ ‘ੴ ਸਤਿ ਗੁਰ ਪ੍ਰਸਾਦਿ ॥’ ਦੀ ਫੋਟੋ ਲਾਈ ਹੋਈ ਹੈ ਅਤੇ ਇਸ ਦੇ ਸੂਝਵਾਨ ਸੰਪਾਦਕ ਗਿਆਨੀ ਅਵਤਾਰ ਸਿੰਘ ਵਲੋਂ ਲਿਖੇ ਲੇਖ ‘ਗੁਰ ਪ੍ਰਸਾਦਿ ਨਾਲ ਕੀਤਾ ਜਾ ਰਿਹਾ ਅਨਿਆ’ ਸਿਰਲੇਖ ਹੇਠ ਲਿਖੇ ਲੇਖ ਵਿੱਚ ਵੀ ਇਸੇ ਸਰੂਪ ਦੀ ਪ੍ਰੋੜਤਾ ਕੀਤੀ ਗਈ ਹੈ। ਪਿਛਲੇ ਸਾਲ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਸਵੇਰੇ ਸ਼ਾਮ ਦੇ ਸਮੇਂ ਲਗਾਤਾਰ ਪ੍ਰਸਾਰਤ ਕੀਤੇ ਜਾ ਰਹੇ ਗੁਰੂ ਗ੍ਰੰਥ ਸਾਹਿਬ ਦੇ ਦੋ ਸੰਥਿਆ ਪਾਠ; ਜਿਨ੍ਹਾਂ ਵਿੱਚੋਂ ਇੱਕ ਗਿਆਨੀ ਜਗਤਾਰ ਸਿੰਘ ਜੀ ਜਾਚਕ ਦੀ ਅਵਾਜ਼ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੰਸਚਟੀਚੂਟ ਮੈਲਬੌਰਨ ਆਸਟ੍ਰੇਲੀਆ ਅਤੇ ਦੂਸਰਾ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਦੀ ਅਵਾਜ਼ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ ਰੀਕਾਰਡ ਕਰਵਾਇਆ ਗਿਆ ਹੈ। ਇਨ੍ਹਾਂ ਦੋਵਾਂ ਹੀ ਪਾਠਾਂ ਦੌਰਾਨ ਜੋ ਪਾਠ ਉਚਾਰਣ ਦੇ ਨਾਲ ਨਾਲ ਲਿਖਤੀ ਰੂਪ ਵਿੱਚ ਪ੍ਰਦ੍ਰਸ਼ਿਤ ਕੀਤਾ ਜਾ ਰਿਹਾ ਹੈ ਉਹ ਇਸ ਲੇਖ ਵਿੱਚ ਦਿੱਤੇ ਗਏ ਸੁਝਾਉ ਨਾਲ ਬਿਲਕੁਲ ਮੇਲ ਖਾਂਦਾ ਹੈ। ਸਗੋਂ ਇਨ੍ਹਾਂ ਵਿੱਚ ਤਾਂ ਤਿੰਨੇ ਪਦਾਂ ਨੂੰ ਵੱਖ ਵੱਖ ਪੜ੍ਹਨ ਦੇ ਸੰਕੇਤ ਦੇਣ ਲਈ ਇਸ ਤਰ੍ਹਾਂ ਬਿਸ੍ਰਾਮ ਵੀ ਲਗਾਏ ਗਏ ਹਨ – ‘ੴ , ਸਤਿ, ਗੁਰਪ੍ਰਸਾਦਿ ॥’ ਤਾ ਕਿ ਸਰੋਤਿਆਂ ਨੂੰ ਇਸ ਗੱਲ ਦਾ ਕੋਈ ਭੁਲੇਖਾ ਹੀ ਨਾ ਰਹੇ ਤੇ ਬਿਲਕੁਲ ਸਪਸ਼ਟ ਹੋ ਜਾਵੇ ਕਿ ‘ਗੁਰ’ ਨੂੰ ‘ਸਤਿ’ ਨਾਲ ਜੋੜ ਕੇ ‘ਸਤਿਗੁਰ’ ਨਹੀਂ ਪੜ੍ਹਨਾ ਸਗੋਂ ‘ਪ੍ਰਸਾਦਿ’ ਨਾਲ ਜੋੜ ਕੇ ‘ਗੁਰ ਪ੍ਰਸਾਦਿ’ ਹੀ ਪੜ੍ਹਨਾ ਹੈ। ‘ਗੁਰਪਰਸਾਦਡਾਟਕਾਮ’ (http://gurparsad.com) ਦੇ ਵਿਦਵਾਨ ਲੇਖਕਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਇੰਸਚਟੀਚੂਟ ਮੈਲਬੌਰਨ ਆਸਟ੍ਰੇਲੀਆ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ ਕੀਤੇ ਉੱਦਮ ਤੋਂ ਉਤਸ਼ਾਹਿਤ ਹੋ ਕੇ ਹੀ ਮੈਂ ਇਹ ਲੇਖ ਮਾਮੂਲੀ ਵਾਧੇ ਨਾਲ ਦੁਬਾਰਾ ਇਸ ਕਾਰਣ ਲਿਖਿਆ ਹੈ ਤਾ ਕਿ ਪੰਥ ਦੇ ਸਾਰੇ ਵਿਦਵਾਨ ਅਤੇ ਸ਼੍ਰੋਮਣੀ ਕਮੇਟੀ ਇਸ ’ਤੇ ਖੁੱਲ੍ਹੀ ਵੀਚਾਰ ਕਰਕੇ ਸਭ ਤੋਂ ਸੰਖੇਪ ਰੂਪ ਵਾਲੇ ਮੂਲ ਮੰਤਰ ਜੋ ਸਭ ਤੋਂ ਵੱਧ ਭਾਵ 524 ਵਾਰ ਆਇਆ ਹੈ ਦੇ ਪਦ ਛੇਦ ਵਿੱਚ ਸੋਧ ਕਰਕੇ ਮੂਲ ਮੰਤਰ ਦੇ ਬਾਕੀ ਦੇ ਸਰੂਪਾਂ ਨਾਲ ਸਮਾਨਤਾ ਅਤੇ ਇਕਸਾਰਤਾ ਲਿਆਉਣ ਦਾ ਯਤਨ ਕਰਨ ਦੀ ਕੜੀ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਛਾਪੀਆਂ ਜਾ ਰਹੀਆਂ ਪਦ-ਛੇਦ ਬੀੜਾਂ, ਸੰਥਿਆ ਪੋਥੀਆਂ, ਸ਼ਬਦਾਰਥ ਪੋਥੀਆਂ ਅਤੇ ਗੁਟਕਿਆਂ ਵਿੱਚ ਵੀ ਛਪਾਈ ਇਸੇ ਢੰਗ ਨਾਲ ਭਾਵ ‘ੴ ਸਤਿ ਗੁਰ ਪ੍ਰਸਾਦਿ ॥’ ਅਨੁਸਾਰ ਕਰਨ ਦਾ ਯਤਨ ਅਰੰਭਿਆ ਜਾ ਸਕੇ ਜੀ। ਇਹ ਖ਼ਿਆਲ ਰੱਖਿਆ ਜਾਵੇ ਕਿ ਇਸ ਸੁਧਾਈ ਨੂੰ ਗੁਰਬਾਣੀ ਵਿੱਚ ਸੋਧ ਦਾ ਨਾਮ ਨਾ ਦਿੱਤਾ ਜਾਵੇ ਸਗੋਂ ਪਦ-ਛੇਦ ਬੀੜਾਂ ਛਾਪਣ ਸਮੇਂ ਜਾਣੇ ਅਣਜਾਣੇ ਛਪਾਈ ਵਿੱਚ ਰਹੀ ਊਣਤਾਈ ਦੀ ਸੁਧਾਈ ਮੰਨਿਆ ਜਾਵੇ।