ਮਨ ਦੇ ਅੰਦਰ ਦੀ ਤਬਦੀਲੀ ਹੀ ਸਮਾਜ ਵਿਚ ਤਬਦੀਲੀ ਲਿਆਵੇਗੀ

0
435

ਮਨ ਦੇ ਅੰਦਰ ਦੀ ਤਬਦੀਲੀ ਹੀ ਸਮਾਜ ਵਿਚ ਤਬਦੀਲੀ ਲਿਆਵੇਗੀ

ਸ. ਭੁਪਿੰਦਰ ਸਿੰਘ, ਬੰਬਈ-098214-21054

‘‘ਸਤਿਗੁਰੁ ਸੇਵਹਿ, ਸੇ ਜਨ ਨਿਰਮਲ ਪਵਿਤਾ॥ ਮਨ ਸਿਉ ਮਨੁ ਮਿਲਾਇ, ਸਭੁ ਜਗੁ ਜੀਤਾ॥ ਇਨ ਬਿਧਿ ਕੁਸਲੁ ਤੇਰੈ, ਮੇਰੇ ਮੀਤਾ॥’’ (ਮ:੩/੨੩੧)

ਅਜੋਕੇ ਯੁੱਗ ਵਿਚ ਲੋਗ ਕੁਝ ਅਜਿਹੇ ਮੁੱਦਿਆਂ ਵਿਚ ਉਲਝੇ ਹੋਏ ਹਨ ਜਿਹੜੇ ਨਾ ਸਿਰਫ਼ ਵਿਅਕਤੀ ਨੂੰ ਬਲਕਿ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੇ ਹਨ। ਇਸ ਸੰਕਟ ਨੂੰ ਹੱਲ ਕਰਨ ਲਈ ਤੇ ਵਿਸ਼ਵ ਵਿਚ ਇਕਸੁਰਤਾ ਲਿਆਉਣ ਲਈ, ਲੋਕਾਂ ਨੂੰ ਬਦਲਣ ਦੀ ਜ਼ਰੂਰਤ ਹੈ। ਇਹ ਸਿਰਫ਼ ਤਾਂ ਹੀ ਹੋ ਸਕਦਾ ਹੈ ਜੇ ਸਾਰੇ ਲੋਕ ਸਾਰੇ ਸਮਾਜ ਦੇ ਭਲੇ ਦੀ ਕਾਮਨਾ ਕਰਨ।

ਅੱਜ ਦੇ ਸਮੇਂ ਦੀ ਮੁੱਖ ਲ਼ੋੜ ਇਹ ਹੈ ਕਿ ਚੰਗੀ ਸਿੱਖਿਆ ਨੂੰ ਹਰ ਪੱਧਰ ’ਤੇ ਇੱਕਠਾ ਕੀਤਾ ਜਾਵੇ ਜੋ ਸਮਾਜ ਨੂੰ ਸਾਕਾਰਾਤਮਕ ਜੀਵਨ ਜਿਉਣ ਲਈ ਇੱਕ ਯੋਗ ਧਰਾਤਲ ਪ੍ਰਦਾਨ ਕਰਕੇ ਉਹਨਾਂ ਵਿੱਚ ਨੈਤਿਕ ਤੇ ਸਦਾਚਾਰਕ ਕੀਮਤਾਂ ਦੀ ਸਿਰਜਣਾ ਕਰੇ। ਜਿਹਨਾਂ ਦੇ ਪ੍ਰਕਾਸ਼ ਵਿੱਚ ਜਾਗਰੂਕ ਲੋਕ ਨਾਕਾਰਾਤਮਕ ਗੁਣਾਂ, ਜਿਵੇਂ ਕਿ ਭਿ੍ਰਸ਼ਟਾਚਾਰ, ਰਿਸ਼ਵਤਖੋਰੀ ਅਤੇ ਕੁਨਬਾਪ੍ਰਸਤੀ ਨੂੰ ਸਮਾਜ ਵਿੱਚੋਂ ਬਾਹਰ ਕੱਢਣ ਲਈ ਯੋਗਦਾਨ ਪਾ ਸਕਦੇ ਹਨ। ਅਜਿਹੇ ਪ੍ਰਕਾਸ਼ਵਾਨ ਰਵੱਈਏ ਵਾਲੇ ਲੋਕ ਸਮਾਜਿਕ ਤੌਰ ’ਤੇ ਗ਼ਰੀਬ ਲੋਕਾਂ ਦਾ ਵਿਸ਼ਵਾਸ ਵਧਾ ਸਕਦੇ ਹਨ ਤੇ ਉਹਨਾਂ ਨੂੰ ਆਦਰ ਦੀ ਜ਼ਿੰਦਗੀ ਜਿਉਣ ਲਈ ਉਤਸਾਹਿਤ ਕਰ ਸਕਦੇ ਹਨ। ਮਨ ਦੇ ਅੰਦਰ ਦਾ ਇਹ ਗਿਆਨ ਇੱਕ ਤੋਂ ਬਾਅਦ ਦੂਜੇ ਤੱਕ ਵਿਚਰਦਾ ਹੋਇਆ ਇਕ ਉਚ ਤੇ ਆਦਰਕ ਸਮਾਜ ਦੀ ਸਿਰਜਦਾ ਕਰਨ ਵਿੱਚ ਆਪਣੀ ਭੂਮੀਕਾ ਨਿਭਾ ਸਕਦਾ ਹੈ। ਇਸ ਲਈ ਅਜਿਹੇ ਸਮਾਜ ਦਾ ਨਿਰਮਾਣ ਕਰਨ ਲਈ ਕੁੱਝ ਸਿਧਾਂਤਾਂ ਨੂੰ ਅਪਣਾਉਣਾ ਜ਼ਰੂਰੀ ਹੈ ਜਿਹਨਾਂ ਦਾ ਵਰਣਨ ਇਸ ਪ੍ਰਕਾਰ ਹੈ:-

ਸਾਧਾਰਨ ਰਹਿਣ ਸਹਿਣ ਤੇ ਉੱਚੀ ਸੋਚ

‘‘ਮਤਿ ਹੋਦੀ, ਹੋਇ ਇਆਣਾ॥ ਤਾਣ ਹੋਦੇ, ਹੋਇ ਨਿਤਾਣਾ॥ ਅਣਹੋਦੇ, ਆਪੁ ਵੰਡਾਏ॥ ਕੋ ਐਸਾ, ਭਗਤੁ ਸਦਾਏ॥ (ਭਗਤ ਫਰੀਦ/੧੩੮੪)

ਜਿਸ ਸੰਸਾਰ ਵਿਚ ਅਸੀਂ ਅੱਜ ਰਹਿੰਦੇ ਹਾਂ ਉਹ ਅੱਜ ਇਹਨਾਂ ਜ਼ਿਆਦਾ ਫੈਸ਼ਨ ਪ੍ਰਸਤ ਹੈ ਕਿ ਹਰ ਕੋਈ, ਭਾਂਵੇ ਉਹ ਗ਼ਰੀਬ ਹੈ ਜਾਂ ਅਮੀਰ, ਆਪਣੇ ਨਾਮ ਤੇ ਬਿਆਨ ਦੇਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਸਾਨੂੰ ਸਾਡੇ ਬਜ਼ੁਰਗਾਂ ਨੇ ਸਾਧਾਰਨ ਜ਼ਿੰਦਗੀ ਜਿਉਣ ਤੇ ਹੋਰਨਾਂ ਨੂੰ ਵੀ ਸਾਦਗੀ ਵਿਚ ਰਹਿਣ ਦੀ ਸਿਖਿਆ ਦਿੱਤੀ ਸੀ। ਪੂਰਬ ਤੇ ਪੱਛਮ ਦੇ ਭੂਤਕਾਲ ਵਿੱਚ ਦੇਖੀਏ ਤਾਂ ਉੱਥੋਂ ਦੀਆਂ ਕਈ ਸੱਭਿਅਤਾਵਾਂ ਵਿੱਚ ਸਾਧਾਰਣ ਜੀਵਣ ਬਸਰ ਕਰਨ ਦਾ ਤਰੀਕਾ ਸੀ। ਕੁਦਰਤ ਤੇ ਉਸ ਦੇ ਚੱਕਰਾਂ ਦੇ ਮੁਤਾਬਿਕ ਰਹਿਣ ਦਾ ਲੋਕਾਂ ਦਾ ਸੁਭਾੳੇ ਸੀ ਤੇ ਧਰਤੀ ਤੋਂ ਸਿਰਫ਼ ਉਨ੍ਹਾਂ ਕੁਝ ਹੀ ਲੈਂਦੇ ਸਨ, ਜਿੰਨਾ ਆਹਾਰ ਲਈ ਬਿਲਕੁਲ ਜ਼ਰੂਰੀ ਹੁੰਦਾ ਸੀ।

ਇਸ ਤੋਂ ਪਹਿਲਾਂ ਕਿ ਅਸੀਂ ਸਾਧਾਰਨ ਰਹਿਣ ਸਹਿਣ ਦੇ ਗਿਆਨ ਬਾਰੇ ਡੁੰਘਾਈ ਵਿਚ ਪੜਚੋਲ ਕਰੀਏ ਸਾਨੂੰ ਉਸ ਕਾਰਨ ਨੂੰ, ਜਿਹੜਾ ਸਾਧਾਰਨ ਜ਼ਿੰਦਗੀ ਜਿਉਣ ਵਿਚ ਵਿਘਨ ਪਾਉਂਦਾ ਹੈ, ਪ੍ਰਭਾਸ਼ਿਤ ਕਰਨਾ ਬਿਲਕੁਲ ਉਚਿੱਤ ਹੋਵੇਗਾ। ਉਹ ਕਾਰਨ ਮੁੱਖ ਤੌਰ ’ਤੇ ‘ਬਰਬਾਦ ਕਰਨਾ’ ਹੈ। ਜਿਹੜੀ ਚੀਜ਼ ਜ਼ਰੂਰਤ ਤੋਂ ਵੱਧ ਹੋਵੇ ਉਸ ਨੂੰ ਆਮ ਤੌਰ ’ਤੇ ਫ਼ਾਲਤੂ ਕਿਹਾ ਜਾਂਦਾ ਹੈ। ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਅਸੀਂ ਸਾਦਗੀ ਵਿਚੋਂ ਸੰਤੋਖ, ਨਿਮਰਤਾ ਤੇ ਆਤਮ ਵਿਸ਼ਵਾਸ ਦਾ ਅਸਲੀ ਮਤਲਬ ਸਮਝਣਾ ਹੈ। ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਜਿਹੜੀਆਂ ਫ਼ਾਲਤੂ ਚੀਜ਼ਾਂ ਸਾਡੇ ਕੋਲ ਹਨ, ਕੀ ਉੇਹ ਸਾਡੀ ਕਿਸੇ ਜ਼ਰੂਰਤ ਨੂੰ ਪੂਰਾ ਕਰਨ ਦੇ ਸਮਰੱਥ ਹਨ ਤੇ ਸਾਡੀ ਸ਼ਾਂਤੀ ਅਤੇ ਖੁਸ਼ੀ ਵਿਚ ਕੋਈ ਵਾਧਾ ਕਰ ਰਹੀਆਂ ਹਨ ਜਾਂ ਫਿਰ ਇਹ ਸਿਰਫ਼ ਲਾਲਚ ਹੀ ਹੈ? ਜ਼ਰੂਰਤ ਤੋਂ ਵੱਧ ਕੋਈ ਵੀ ਚੀਜ਼ ਯਕੀਨੀ ਤੌਰ ’ਤੇ ਸਾਡੀ ਜ਼ਿੰਦਗੀ ਲਈ ਫ਼ਾਇਦੇਮੰਦ ਨਹੀਂ ਹੁੰਦੀ। ਇਸ ਲਈ ਆਪਣੀ ਜ਼ਰੂਰਤ, ਮੁਤਾਬਕ ਹੀ ਪਦਾਰਥ ਇਕੱਠਾ ਕਰਨ ਦੀ ਰੁਚੀ ਜੇਕਰ ਮਨੁੱਖ ਵਿੱਚ ਪੈਦਾ ਹੋ ਜਾਵੇ ਤਾਂ ਉਸ ਦਾ ਜੀਵਣ ਆਪਣੇ ਆਪ ਸਾਧਰਨ ਹੋ ਜਾਵੇਗਾ ਅਤੇ ਸਾਧਾਰਨ ਜੀਵਨ ਵਿੱਚੋਂ ਹੀ ਉਚ ਨੈਤਿਕ ਕੀਮਤਾਂ ਦੀ ਸਿਰਜਣਾ ਹੋ ਸਕਦੀ ਹੈ ਅਤੇ ਇੱਕ ਤੰਦਰੁਸਤ ਅਤੇ ਨਰੋਏ ਸਮਾਜ ਦੀ ਆਧਾਰਸ਼ਿਲਾ ਘੜੀ ਜਾ ਸਕਦੀ ਹੈ।

ਆਪਣੇ ਲਈ ਇਮਾਨਦਾਰ ਹੋਵੋ

‘‘ਬੰਦੇ! ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ॥’’ (ਭਗਤ ਕਬੀਰ/੭੨੭)

ਕਈੇ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਇਕ ਰਵਾਇਤੀ ਦੁਕਾਨ ਦੇ ਨਕਦੀ ਕਾਊਂਟਰ ਦੇ ਪਿੱਛੇ ਇਕ ਬੋਰਡ ’ਤੇ ਲਿਖੇ ਅੱਖਰਾਂ ਨੇ ਮੇਰਾ ਧਿਆਨ ਖਿੱਚਿਆ, ਜੋ ਇੰਜ ਸੀ, ‘ਇਮਾਨਦਾਰੀ ਇਕ ਵਧੀਆ ਨੀਤੀ ਹੈ’! ਕੀ ਇਹ ਸਤਰ ਇਸ ਪੀੜੀ ਦੇ ਲੋਕਾਂ ਲਈ ਕੋਈ ਮਤਲਬ ਰੱਖਦੀ ਹੈ? ਅੱਜ ਇਮਾਨਦਾਰ ਬਨਣਾ ਔਖਾ ਕਿਉਂ ਹੋ ਰਿਹਾ ਹੈ? ਕੀ ਇਹ ਲਾਲਚ, ਡਰ ਜਾਂ ਹਉਮੈ ਹੈ, ਜਾਂ ਫਿਰ ਸੌਖੀ ਜ਼ਿੰਦਗੀ ਬਿਤਾਣ ਦੀ ਇੱਛਾ ਸਾਨੂੰ ਇਮਾਨਦਾਰ ਬਨਣ ਤੋਂ ਰੋਕਦੀ ਹੈ?

ਨੌਜਵਾਨ ਬੱਚੇ ਅਪਣੇ ਦਿਲ ਦੀ ਗੱਲ ਸਾਫ਼ ਸਾਫ਼ ਕਰਨ ਤੋਂ ਕਦੀ ਨਹੀਂ ਡਰਦੇ। ਅਸੀਂ ਉਹਨਾਂ ਦੇ ਭੋਲੇਪਣ ਤੋਂ ਪ੍ਰਭਾਵਿਤ ਹੁੰਦੇ ਹਾਂ ਕਿਉਂਕਿ ਇਹ ਉਹਨਾਂ ਦੇ ਅੰਦਰ ਦੀ ਸ਼ੁੱਧਤਾ ਦੀ ਅਵਾਜ਼ ਹੁੰਦੀ ਹੈ, ਜੋ ਅਸੀਂ ਸਾਰੇ ਚਾਹੁੰਦੇ ਹਾਂ। ਅਸਲ ਵਿਚ ‘ਇਮਾਨਦਾਰੀ’, ਸਾਡਾ ਇਕ ਅੰਦਰੂਣੀ ਗੁਣ ਹੈ। ਸਾਡੇ ਵਿਚੋਂ ਕਈਆਂ ਨੇ ਇਸ ਦੀ ਬਾਹਰੀ ਖੋਜ ਵਿਚ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਪ੍ਰੰਤੂ ਅੰਤ ਵਿਚ ਪਤਾ ਲੱਗਿਆ ਕਿ ਇਹ ਸਾਡੇ ਅੰਦਰ ਹੀ ਵਿਦਮਾਨ ਹੈ। ਅਸੀਂ ਆਪਣੀ ਬੌਧਿਕ ਸਮਰੱਥਾ ਕਾਰਨ ਪੈਦਾ ਹੋਈ ਸਮਝ ਨਾਲ ਜ਼ਿੰਦਗੀ ਦੀ ਯਾਤਰਾ ਵਿੱਚ ਇਹ ਗੁਣ ਗੁਆ ਦਿੱਤਾ ਸੀ।

ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੋਇਆਂ ਆਪਣੀ ਵਫਾਦਾਰੀ ਬਨਾਈ ਰੱਖਣ ਲਈ, ਸਾਨੂੰ ਪਹਿਲਾਂ ਅਪਣੇ ਆਪ ਨਾਲ ਇਮਾਨਦਾਰ ਹੋਣਾ ਜ਼ਰੂਰੀ ਹੈ। ‘ਇਮਾਨਦਾਰੀ’ ਮੁੱਖ ਤੌਰ ’ਤੇ ਆਪਣੀਆਂ ਤਾਕਤਾਂ ਅਤੇ ਕਮਜ਼ੋਰੀਆਂ ਸਵੀਕਾਰ ਕਰਨਾ ਹੈ। ਫਿਰ ਅਸੀਂ ਆਪਣੇ ਆਪ ਅੰਦਰ ਯਕੀਨ ਤੇ ਭਰੋਸਾ ਬਣਾ ਸਕਦੇ ਹਾਂ ਤੇ ਚੰਗੇ (ਗੁਣ ਵਾਲੇ) ਰਿਸ਼ਤੇ ਦਾ ਵਿਕਾਸ ਕਰ ਸਕਦੇ ਹਾਂ। ਦੂਜਿਆਂ ਨਾਲ਼ ‘ਇਮਾਨਦਾਰੀ’, ਉਨ੍ਹਾਂ ਦੀ ਇੱਜਤ ਦਾ ਪ੍ਰਗਟਾਵਾ ਹੈ। ਇਹ, ਲੋਕਾਂ ਨੂੰ ਸਾਡੇ ਵਿਚ ਯਕੀਨ ਕਰਨ ਵਿਚ ਮਦਦ ਕਰਦਾ ਹੈ ਤੇ ਇਹ ਜ਼ਿੰਦਗੀ ਦਾ ਸੱਭ ਤੋਂ ਵੱਡਾ ਇਨਾਮ ਹੈ।

ਦਿਆਲੂ ਬਨਣਾ ਸਿਖੋ

‘‘ਵਿਦਿਆ ਵੀਚਾਰੀ ਤਾਂ, ਪਰਉਪਕਾਰੀ॥’’ (ਮ:੧/੩੫੬)

ਅਸੀਂ ਆਪਣੇ ਲਈ ਤਾਂ ਕਈ ਕਾਮਨਾਵਾਂ ਰੱਖਦੇ ਹਾਂ ਪਰ ਦੂਜਿਆਂ ਲਈ ਸ਼ੁਭ ਕਾਮਨਾਵਾਂ ਰੱਖਣ ਦੀ ਪ੍ਰਵਾਹ ਨਹੀਂ ਕਰਦੇ, ਕਿਉਂਕਿ ਅਸੀਂ ਇਸ ਦੀ ਜ਼ਰੂਰਤ ਹੀ ਨਹੀਂ ਸਮਝਦੇ। ਕੋਈ ਇਹ ਨਹੀਂ ਜਾਣਦਾ ਕਿ ਦੂਜਿਆਂ ਲਈ ਸ਼ੁਭ ਕਾਮਨਾਵਾਂ ਸਾਡੇ ਆਪਣੇ ਲਈ ਵੀ ਕੋਈ ਚਮਤਕਾਰ ਕਰ ਸਕਦੀਆਂ ਹਨ। ਸ਼ੁਭ ਕਾਮਨਾਵਾਂ ਵਿਟਾਮਿਨ ਦੇ ਟੀਕਿਆਂ ਦੀ ਤਰ੍ਹਾਂ ਹੁੰਦੀਆਂ ਹਨ ਜਿਹੜੇ ਇਕ ਦਮ ਸਾਡੇ ਸਰੀਰ ਵਿਚ ਤਾਕਤ ਦਾ ਸੰਚਾਰ ਕਰਦੀਆਂ ਹਨ, ਮਾਹੌਲ ਵਿਚ ਸ਼ੁੱਧ ਵਿਚਾਰਾਂ ਦੀਆਂ ਤਰੰਗਾਂ ਪੈਦਾ ਕਰਦੀਆਂ ਹਨ ਅਤੇ ਖੁਸ਼ੀ ਵੀ ਪ੍ਰਦਾਨ ਕਰਦੀਆਂ ਹਨ।

ਸਾਨੂੰ ਹਰ ਇਕ ਲਈ ਦਿਆਲਤਾ ਦਿਖਾਉਣੀ ਚਾਹੀਦੀ ਹੈ। ਦਇਆ ਦੀ ਸ਼ਕਤੀ ਨਾਲ ਇਕ ਇਨਸਾਨ ਸਾਰੀ ਦੁਨੀਆਂ ਦੀ ਸੇਵਾ ਕਿਤੇ ਵੀ ਬੈਠਾ ਕਰ ਸਕਦਾ ਹੈ। ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ‘ਸਾਡੀਆਂ ਭਾਵਨਾਵਾਂ ਸਾਡੇ ਵਿਚਾਰਾਂ ਤੋਂ ਬਣਦੀਆਂ ਹਨ ਤੇ ਸਾਡੇ ਵਿਚਾਰ ਸਾਡੇ ਵਿਹਾਰ ਨੂੰ ਪੱਕਾ ਕਰਦੇ ਹਨ।’ ਇਸ ਤਰ੍ਹਾਂ ਜਦੋਂ ਅਸੀਂ ਹਰ ਇਕ ਨੂੰ, ਬਿਨਾਂ ਕਿਸੇ ਸਵਾਰਥ ਦੇ, ਪਿਆਰ ਨਾਲ ਬੁਲਾਉਂਦੇ ਹਾਂ, ਇਹ ਇਕ ਦਿਆਲਤਾ ਦਾ ਕੰਮ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਦੁੱਖਾਂ ਵਿਚ ਘਿਰੇ ਹੁੰਦੇ ਹਨ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਤੇ ਸ਼ੁੱਭ ਭਾਵਨਾਵਾਂ ਭੇਜਣਾ ਇਕ ਦਿਆਲਤਾ ਤੇ ਨਿਮਰਤਾ ਦਾ ਕੰਮ ਹੈ ਅਤੇ ਜਿਹੜੇ ਸਾਡੀ ਬੇਇੱਜ਼ਤੀ ਕਰਦੇ ਹਨ ਉਹਨਾਂ ਨੂੰ ਵੀ ਆਸ਼ੀਰਵਾਦ ਦੇਣਾ ਤੇ ਉੱਪਰ ਚੁੱਕਣਾ, ਤਨਾਵ ਭਰੇ ਹਾਲਾਤਾਂ ਵਿੱਚ ਵੀ ਸਥਿਰ ਰਹਿਣਾ, ਕਿਸੇ ਪ੍ਰਤੀ ਇਮਾਨਦਾਰੀ ਨਾਲ ਕੀਤੇ ਕਾਰਜ ਦੇ ਇਵਜ਼ (ਬਦਲੇ) ਵਿੱਚ ਉਸ ਦੀ ਪ੍ਰਸ਼ੰਸਾ ਦੀ ਆਸ ਨਾ ਰੱਖਣਾ ਅਤੇ ਬਿਨਾਂ ਕਿਸੇ ਭੇਦ-ਭਾਵ ਦੇ ਦੂਜਿਆ ਨੂੰ ਸਹਿਯੋਗ ਦੇਣਾ, ਨਿਮਰਤਾ ਦਾ ਵੱਡਾ ਗੁਣ ਵੀ ਹੈ ਅਤੇ ਇਕ ਚੰਗੇ ਤੇ ਸੁਹਿਰਦ ਇਨਸਾਨ ਦੀ ਨਿਸ਼ਾਨੀ ਵੀ।

ਪਿਆਰ ਦੀ ਭਾਸ਼ਾ ਬੋਲੋ

‘‘ਜਿਤੁ ਬੋਲਿਐ ਪਤਿ ਪਾਈਐ, ਸੋ ਬੋਲਿਆ ਪਰਵਾਣੁ॥ ਫਿਕਾ ਬੋਲਿ ਵਿਗੁਚਣਾ, ਸੁਣਿ ਮੂਰਖ ਮਨ ਅਜਾਣ॥’’ (ਮ:੧/੧੫)

ਵਿਗਿਆਨ ਨੇ ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਸੁੱਖ ਵਧਾ ਦਿੱਤੇ ਹਨ ਪਰ ਕੁੱਝ ਸਾਧਾਰਨ, ਪਰ ਫਿਰ ਵੀ ਖੁਸ਼ੀਆਂ ਪ੍ਰਦਾਨ ਕਰਨ ਵਾਲੇ ਪਲ, ਸਾਡੇ ਕੋਲੋਂ ਖੋਹ ਲਏ ਹਨ ਉਨ੍ਹਾਂ ਵਿੱਚੋਂ ਆਹਮਣੇ ਸਾਹਮਣੇ ਬੈਠ ਕੇ ਗੱਲ ਕਰਨ ਦੀ ਖ਼ੁਸ਼ੀ ਇਕ ਹੈ। ਅਸੀਂ ਆਧੁਨਿਕ ਤਕਨਾਲੋਜੀ ਦੇ ਸੰਦਾਂ ਦੇ ਨਾਲ ਸੰਚਾਰ ਕਰਨ ਦੇ ਤਰੀਕਿਆਂ ਦੇ ਏਨੇ ਆਦੀ ਹੋ ਗਏ ਹਾਂ ਕਿ ਇਕ ਦੂਜੇ ਨਾਲ ਦਿਲਾਂ ਦੀ ਸਾਂਝ ਪਾਉਣਾ ਤੇ ਭਾਵਨਾਵਾਂ ਦਾ ਅਦਾਨ-ਪ੍ਰਦਾਨ ਕਰਨਾ ਵੀ ਭੁੱਲ ਗਏ ਹਾਂ। ਅੱਜ ਦੇ ਨੌਜਵਾਨ ਕਿਸੇ ਵੀ ਕਿਸਮ ਦੇ ਸਿੱਧੇ ਸੰਚਾਰ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਦੂਜੇ ਵਿਅਕਤੀਆਂ ਤੋਂ ਠੇਸ ਪਹੁੰਚਣ ਜਾਂ ਨੀਵੇ ਹੋਣ ਦਾ ਡਰ ਹੁੰਦਾ ਹੈ।

‘ਸੱਚਾ ਸੰਚਾਰ’ ਕੇਵਲ ਛਤਰੀ ਨਹੀਂ ਹੁੰਦਾ ਬਲਕਿ ਦੂਜੇ ਵਿਅਕਤੀ ਦੀ ਰੂਹ ਨੂੰ ਛੂਹ ਸਕਦਾ ਹੈ ਤੇ ਉਸ ਨੂੰ ਪਿਆਰ ਅਤੇ ਖੁਸ਼ੀ ਨਾਲ ਭਰ ਸਕਦਾ ਹੈ। ਜੇ ਅਸੀਂ ਗੱਲਬਾਤ ਤੋਂ ਦੂਰ ਭੱਜਦੇ ਰਹੇ ਤਾਂ ਅਜਿਹਾ (ਸੱਚਾ) ਸੰਚਾਰ ਸੰਭਵ ਨਹੀਂ ਹੈ। ਸਿਹਤਮੰਦ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਸਾਨੂੰ ਕਿਸੇ ਨਾਲ ਸੰਚਾਰ ਦੇ ਦੌਰਾਨ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਵਿਹਾਰ ਕਰ ਰਹੇ ਹਾਂ। ਜਿਸ ਵਿਅਕਤੀ ਨਾਲ ਅਸੀਂ ਗੱਲ-ਬਾਤ ਕਰ ਰਹੇ ਹਾਂ ਜੇ ਉਸ ਨੂੰ ਅਸੀਂ ਇੱਜ਼ਤ ਨਹੀਂ ਦੇ ਰਹੇ ਤਾਂ ਅਣਜਾਣੇ ਵਿੱਚ ਸਾਡੇ ਸਰੀਰ ਦੀ ਭਾਸ਼ਾ (ਹਰਕਤ) ਤੋਂ ਇਸ ਦਾ ਪਤਾ ਲੱਗ ਜਾਏਗਾ ਤੇ ਗੱਲਬਾਤ ਫ਼ਾਇਦੇਮੰਦ ਨਹੀਂ ਹੋਵੇਗੀ। ਆਪਣੀ ਯੋਗਤਾ ਅਨੁਸਾਰ, ਇਸ ਨੂੰ ਰੋਕਣ ਲਈ ਭਾਵ ਸਿਹਤਮੰਦ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ, ਜੋ ਵੀਚਾਰ ਰੁਕਾਵਟਾਂ ਪਾਉਂਦੇ ਹਨ, ਉਹਨਾਂ ਵਿਸ਼ਵਾਸਾਂ ਅਤੇ ਰਵੱਈਆਂ ਨੂੰ ਚੁਨੌਤੀ ਦੇਣੀ ਚਾਹੀਦੀ ਹੈ।

ਇਕ ਸੂਝਵਾਨ ਰੂਹ, ਦਿਲ ਦੀ ਗਹਿਰਾਈ ਤੋਂ ਪਿਆਰ ਨਾਲ ਸੰਪਰਕ ਕਰਦੀ ਹੈ ਤੇ ਦੂਜਿਆਂ ਨੂੰ ਉਪਰ ਚੁੱਕਣ ਵਾਲੇ ਸ਼ਬਦ ਬੋਲਦੀ ਹੈ। ਇਸ ਲਈ ਸਾਨੂੰ ਹੁਣ ਨਵੀਂ ਸਾਕਾਰਾਤਮਕ ਤੇ ਬੇਸ਼ਰਤ ਪਿਆਰ ਯਾਤ੍ਰਾ ਸ਼ੁਰੂ ਕਰਨੀ ਚਾਹੀਦੀ ਹੈ।

ਕਮਜ਼ੋਰ ਦੀ ਨਿਖੇਧੀ ਨਹੀਂ ਸਹਾਇਤਾ ਕਰੋ

ਸਾਨੂੰ ਬਚਪਨ ਤੋਂ ਹੀਂ ਦੁਜਿਆਂ ਨਾਲ ਨਿਮਰਤਾ ਵਾਲਾ ਵਿਵਹਾਰ ਕਰਨਾ ਸਿਖਾਇਆ ਜਾਂਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਪ੍ਰਤੀ ਚੰਗੀ ਭਾਵਨਾ ਰੱਖਣ ਤਾਂ ਸਾਡਾ ਵਿਵਹਾਰ ਵੀ ਉਹਨਾਂ ਨਾਲ ਚੰਗਾ ਹੋਣਾ ਚਾਹੀਦਾ ਹੈ। ਇਕ ਚੰਗਾ ਵਿਅਕਤੀ ਹਮੇਸ਼ਾ ਹੀ ਪਿਆਰ ਤੇ ਕਦਰ ਜਿੱਤਦਾ ਹੈ।

ਪਰ ਜੇ ਚੰਗਾ ਵਿਵਹਾਰ ਇਕ ਢੋਂਗ ਹੈ ਤਾਂ ਇਹ ਸਾਡੀਆਂ ਅਸਲੀ ਭਾਵਨਾਵਾਂ ਨੂੰ ਢੱਕਣ ਲਈ ਇਕ ਨਕਾਬ ਹੀ ਸਿੱਧ ਹੋਵੇਗਾ ਜੋ ਸਾਡੇ ਲਈ ਕਿਸੇ ਪ੍ਰਕਾਰ ਦੀ ਸਦਭਾਵਨਾ ਨਹੀਂ ਬਣਾ ਸਕੇਗਾ। ਇਸ ਲਈ ਆਪਣੇ ਅੰਦਰ ਦੂਜਿਆਂ ਪ੍ਰਤੀ ਚੰਗੀਆਂ ਭਾਵਨਾਵਾਂ ਨੂੰ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਜੇ ਸਾਡੀਆਂ ਭਾਵਨਾਵਾਂ ਪਵਿੱਤਰ ਹੋਣਗੀਆਂ ਤਾਂ ਚੰਗਾ ਵਿਵਹਾਰ ਆਪਣੇ ਆਪ ਹੀ ਆ ਜਾਂਦਾ ਹੈ। ਸਾਨੂੰ ਦੂਸਰੇ ਪ੍ਰਤੀ ਚੰਗਾ ਬਣਨ ਲਈ ਕੋਈ ਜ਼ਬਰਦਸਤੀ ਕਰਨ ਦੀ ਲੋੜ ਨਹੀਂ ਹੋਵੇਗੀ।

ਅਸੀਂ ਆਮ ਤੌਰ ’ਤੇ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰਾਂ ਪ੍ਰਤੀ ਪਿਆਰ ਦੀ ਭਾਵਨਾ ਰੱਖਦੇ ਹਾਂ ਪਰ ਇਹਨਾਂ ਤੋਂ ਇਲਾਵਾ ਹੋਰਨਾਂ ਲਈ ਇਸ ਤਰਾਂ ਦਾ ਵਿਵਹਾਰ ਨਹੀ ਕਰਦੇ। ਉਦਾਹਰਣ ਲਈ ਜਦੋਂ ਕੋਈ ਸਾਡਾ ਪਿਆਰਾ ਕੋਈ ਗ਼ਲਤੀ ਕਰਦਾ ਹੈ ਤਾਂ ਅਸੀਂ ਉਸ ਦੀ ਗ਼ਲਤੀ ਨੂੰ ਮੁਆਫ਼ ਕਰਕੇ, ਉਸ ਨੂੰ ਸੁਧਾਰ ਦਾ ਇੱਕ ਮੌਕਾ ਹੋਰ ਦੇ ਦਿੰਦੇ ਹਾਂ ਜਦਕਿ ਅਜਿਹੀ ਗ਼ਲਤੀ ਕਿਸੇ ਹੋਰ ਵਿਅਕਤੀ ਕੋਲੋਂ ਹੋ ਜਾਵੇ ਤਾਂ ਸਾਡਾ ਉਸ ਪ੍ਰਤੀ ਅਜਿਹਾ ਵਿਵਹਾਰ ਨਹੀਂ ਹੁੰਦਾ। ਸਾਨੂੰ ਸਾਰਿਆਂ ਪ੍ਰਤੀ ਪਿਆਰ ਤੇ ਸੁਹਿਰਦ ਭਰਪੂਰ ਭਾਵਨਾਵਾਂ ਰੱਖਣੀਆਂ ਚਾਹੀਦੀਆਂ ਹਨ ਅਤੇ ਗ਼ਲਤੀ ਕਰਨ ਵਾਲੇ ਮਨੁੱਖ ਦੀ ਅੰਦਰੂਨੀ ਮਾਨਸਿਕਤਾ ਨੂੰ ਸਮਝਦੇ ਹੋਏ, ਉਸ ਦੇ ਪਿਛੋਕੜ ਕਾਰਨਾਂ ਨੂੰ ਲੱਭ ਕੇ, ਉਹਨਾਂ ਦਾ ਸੁਯੋਗ ਤਰੀਕੇ ਨਾਲ ਹੱਲ ਲੱਭਣਾ ਚਾਹੀਦਾ ਹੈ। ਅਜਿਹਾ ਕਰਦੇ ਸਮੇਂ ਉਹਨਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਜੇ ਅਸੀਂ ਹਰ ਵਿਅਕਤੀ ਪ੍ਰਤੀ, ਨਿਮਰਤਾ ਨਾਲ ਪੇਸ਼ ਆਉਣ ਦੀ ਆਦਤ ਬਣਾ ਲਈਏ ਤਾਂ ਨਾਂ ਸਿਰਫ਼ ਸਾਡੀਆਂ ਹੀ ਭਾਵਨਾਵਾਂ ਸਾਰਿਆਂ ਪ੍ਰਤੀ ਪਵਿੱਤਰ ਹੋਣਗੀਆਂ ਬਲਕਿ ਉਨ੍ਹਾਂ ਤਮਾਮ ਕਮਜ਼ੋਰ ਆਤਮਾਵਾਂ ਨੂੰ ਵੀ, ਜਿਨ੍ਹਾਂ ਨੂੰ ਸਾਰਿਆਂ ਨੇ ਨਕਾਰਿਆ ਹੋਇਆ ਹੈ, ਆਪਣੀਆਂ ਕਮਜ਼ੋਰੀਆਂ ਤੋਂ ਉੱਪਰ ਉਠ ਕੇ ਸਹੀ ਜੀਵਨ ਬਸ਼ਰ ਕਰਨ ਦਾ ਮੌਕਾ ਮਿਲੇਗਾ। ਇੰਝ ਅਸੀਂ ਉਹਨਾਂ ਦੇ ਸੱਚੇ ਮਦਦਗਾਰ ਬਣ ਸਕਦੇ ਹਾਂ।

ਮਾਫ਼ ਕਰਨਾ ਤੇ ਅੱਗੇ ਵੱਧਣਾ ਸਿੱਖਣਾ

‘‘ਖਿਮਾ ਗਹੀ ਬ੍ਰਤੁ ਸੀਲ ਸੰਤੋਖੰ॥ ਰੋਗੁ ਨ ਬਿਆਪੈ, ਨਾ ਜਮ ਦੋਖੰ॥’’ (ਮ:੧/੨੨੩)

ਸਾਰੀਆਂ ਸਭਿਆਤਾਵਾਂ ਤੇ ਪਰੰਪਰਾਵਾਂ ਦੇ ਲੋਕ ਪਿਆਰ ਅਤੇ ਮੁਆਫ਼ੀ ਨੂੰ ਮਾਨਵਤਾ ਦੇ ਖ਼ਾਸ ਗੁਣ ਸਮਝਦੇ ਹਨ, ਪਰ ਕੀ ਮਾਫ਼ ਕਰਨਾ ਉਤਨਾ ਹੀ ਸੌਖਾ ਹੈ ਜਿੰਨਾ ਕਹਿਣਾ?। ਦੂਜਿਆਂ ਨੂੰ ਮਾਫ਼ ਕਰਨ ਦੀ ਯੋਗਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੇ ਆਪ ਨਾਲ ਕਿੰਨੇ ਇਮਾਨਦਾਰ ਹਾਂ। ਅਸੀਂ ਸਾਰੇ ਹੀ ਕੋਈ ਨਾ ਕੋਈ ਗ਼ਲਤੀ ਕਰਦੇ ਹਾਂ। ਜਦ ਹੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੱਥੇ ਗ਼ਲਤੀ ਕਰ ਰਹੇ ਹਾਂ, ਅਸੀਂ ਤੁਰੰਤ ਉੱਥੇ ਸੁਧਾਰਵਾਦੀ ਤਰੀਕਾ ਲੱਭਦੇ ਹਾਂ ਪਰ ਜੇਕਰ ਇਸ ਤਰੀਕੇ ਨੂੰ ਕਾਮਯਾਬੀ ਵਿੱਚ ਬਦਲਣਾ ਹੈ ਤਾਂ ਸਾਨੂੰ ਦੂਸਰਿਆਂ ਦੀ ਗ਼ਲਤੀ ਨੂੰ ਵੀ ਮਾਫ਼ ਕਰਨਾ ਪਏਗਾ। ਅਸੀਂ ਦੂਜਿਆਂ ਨੂੰ ਹਰ ਵਾਰ ਦੋਸ਼ੀ (ਨਿੰਦਾ) ਅਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਪ੍ਰਤੀ ਇੱਛਾ-ਸ਼ਕਤੀ ਬਣਾਉਣ ਦੀ ਬਜਾਏ, ਬਹਾਨੇ ਨਹੀਂ ਬਣਾ ਸਕਦੇ।

ਮਾਫ਼ ਕਰਨ ਨਾਲ ਅਨਿਆਏ ਤੋਂ ਹੋਣ ਵਾਲਾ ਡਰ, ਦੂਰ ਹੋ ਜਾਂਦਾ ਹੈ। ਜੇਕਰ ਅਸੀਂ ਮਾਫ਼ ਕਰਨਾ ਨਹੀਂ ਸਿੱਖਦੇ ਤਾਂ ਪਛੁਤਾਵਾ ਸਾਡੇ ਅੰਦਰ ਜ਼ਹਿਰ ਘੋਲਦਾ ਰਹਿੰਦਾ ਹੈ। ਮਾਫ਼ ਕਰਨ ਦਾ ਮਤਲਬ ਚੰਗਿਆਈ ਵੱਲ ਅੱਗੇ ਵੱਧਣਾ ਹੈ। ਸਾਡੀ ਮੁਆਫ਼ੀ ਦੂਜਿਆ ਨੂੰ ਹੈਰਾਨ ਪ੍ਰੇਸ਼ਾਨ ਕਰ ਸਕਦੀ ਹੈ ਉਹ ਸਾਨੂੰ ਸਿੱਧਾ-ਸਾਦਾ ਇਨਸਾਨ ਸਮਝ ਸਕਦੇ ਹਨ ਪਰ ਅੰਤ ਵਿੱਚ ਉਹ ਸਾਡੀ ਇਸ ਦਿਆਲਤਾ ਦੀ ਸਲਾਹਣਾ ਕਰਨਗੇ। ਸਾਨੂੰ ਆਪਣੇ ਆਪ ਨੂੰ ਵੀ ਮਾਫ਼ ਕਰਨਾ, ਸਿੱਖਣਾ ਚਾਹੀਦਾ ਹੈ ਭਾਵ ਅਸੀਂ ਇਹ ਗ਼ਲਤੀ ਬਾਰ-ਬਾਰ ਨਾ ਕਰੀਏ ਤੇ ਨਾ ਹੀ ਆਪਣੇ ਆਪ ਨੂੰ ਬਚਾਉਣ ਲਈ ਬਹਾਨੇ ਘੜੀਏ। ਜਿਹੜਾ ਵਿਅਕਤੀ ਦੂਜਿਆਂ ਪ੍ਰਤੀ ਕਠੋਰ ਹੋ ਜਾਂਦਾ ਹੈ ਉਹ ਪ੍ਰਮਾਤਮਾ ਦੇ ਪਿਆਰ ਅਤੇ ਮੁਆਫ਼ੀ ਨੂੰ ਮਹਿਸੂਸ ਨਹੀਂ ਕਰ ਸਕਦਾ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਮਾਫ਼ ਕਰੇ ਤਾਂ ਸਾਨੂੰ ਦੂਜਿਆਂ ਨੂੰ ਮਾਫ਼ ਕਰਨ ਬਾਰੇ ਪਹਿਲ ਕਰਨੀ ਪਵੇਗੀ।

ਸਾਰਿਆਂ ਲਈ ਭਲਾਈ ਸੋਚੋ

‘‘ਮਨ ਤਨ ਅੰਤਰਿ ਪ੍ਰਭੁ ਆਹੀ॥ ਹਰਿ ਗੁਨ ਗਾਵਤ ਪਰਉਪਕਾਰ ਨਿਤ, ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ॥’’ (ਮ:੫/੮੨੪)

ਅਸੀਂ ਉਸ ਯੁੱਗ ਵਿੱਚ ਰਹਿ ਰਹੇ ਹਾਂ ਜਿਹੜਾ ਆਪਣੀ ਪੀੜ੍ਹੀ ਦੀ ਸਿਆਣਪ ਤੇ ਪ੍ਰਭਾਵਸ਼ਾਲੀ ਹੋਣ ’ਤੇ ਮਾਣ ਕਰਦਾ ਹੈ। ਸੂਚਨਾ ਤਕਨਾਲੋਜੀ ਦੇ ਦੋਰ ਵਿੱਚ ਮਨੁੱਖ ਤਰੱਕੀਆਂ ਦੇ ਸਿਖਰ ’ਤੇ ਤਾਂ ਪਹੁੰਚ ਚੁੱਕਾ ਹੈ ਪਰ ਉਸ ਦੀ ਅੰਦਰੂਨੀ ਸ਼ਾਂਤੀ ਕਿੱਧਰੇ ਗੁਆਚ ਹੀ ਗਈ ਹੈ। ਪਦਾਰਥਾਂ ਅਤੇ ਸਿਆਣਪਾਂ ਦੀ ਬਹੁਤਾਤ ਵਿੱਚ ਸ਼ਾਂਤੀ ਸਾਡੇ ਤੋਂ ਦੂਰ ਚਲੀ ਗਈ ਹੈ। ਇਸ ਲਈ ਵਿਸ਼ਵ ਪੱਧਰ ’ਤੇ ਇਕਸੁਰਤਾ ਅਤੇ ਮਾਨਸਿਕ ਤੇ ਆਤਮਿਕ ਸ਼ਾਂਤੀ ਪਾਉਣ ਲਈ ਸਾਨੂੰ ਇਹ ਗੱਲ ਸਮਝਦੀ ਜ਼ਰੂਰੀ ਹੈ ਕਿ ਸ਼ਾਂਤੀ ਇੱਕ ਮਿਸ਼ਰਤ ਵਰਤਾਰਾ ਹੈ ਜਿਸ ਦੀ ਪ੍ਰਾਪਤੀ ਦੂਜਿਆ ਦੀ ਭਲਾਈ ਕਰਨ ਤੋਂ ਬਗ਼ੈਰ ਨਹੀਂ ਹੋ ਸਕਦੀ। ਇਸ ਲਈ ਦੂਜਿਆ ਪ੍ਰਤੀ ਕੀਤੇ ਸਾਡੇ ਸਕਾਰਾਤਮਕ ਕੰਮ ਹੀ ਸਦੀਵੀ ਸ਼ਾਂਤੀ ਕਾਇਮ ਕਰ ਸਕਦੇ ਹਨ। ਜੋ ਸਾਡੇ ਲਈ ਬ੍ਰਹਮ ਗਿਆਨ, ਰੂਹਾਨੀ ਕੋਸ਼ਿਸ਼ ਤੇ ਮਨ ਦੀ ਸ਼ਾਂਤੀ ਦੀ ਪ੍ਰਾਪਤੀ ਲਈ ਰਸਤਾ ਖੋਲਦੇ ਹਨ। ਇਸ ਤੋਂ ਇਲਾਵਾ ਸਾਨੂੰ ਆਪਣੇ ਵਿੱਚ ਸਹਿਜਤਾ ਲਿਆਉਂਦੇ ਹੋਏ ਸ਼ਾਂਤ ਰਹਿਣ ਦਾ ਭਾਵ ਸਥਿਰ ਕਰਨਾ ਚਾਹੀਦਾ ਹੈ ਇਸ ਤੋਂ ਬਿਨਾਂ ਅਸੀਂ ਸ਼ਾਂਤੀ ਪੂਰਨ ਇਨਸਾਨ ਨਹੀਂ ਬਣ ਸਕਦੇ। ਆਪਣੇ ਆਲੇ-ਦੁਆਲੇ ਦੀ ਦੁਨੀਆਂ, ਜੋ ਕੁਦਰਤੀ ਤੌਰ ’ਤੇ ਸ਼ਾਂਤ ਹੋਵੇ, ਦੇਖਣ ਲਈ ਆਪਣੇ ਆਪ ਨੂੰ ਸ਼ਾਂਤ ਰੱਖੋ।

ਦੂਜਿਆਂ ਨੂੰ ਪਿਆਰ ਕਰਨ ਲਈ ਆਪਣੇ ਆਪ ਨਾਲ ਪਿਆਰ ਕਰੋ

ਅਸੀਂ ਸਾਰੇ ਆਪਣੇ ਪਸੰਦ ਅਤੇ ਨਾ ਪਸੰਦ ਦੇ ਇੱਕ ਸੈੱਟ, ਜਿਹੜਾ ਬਚਪਨ ਤੋਂ ਸਾਡੀ ਸ਼ਖ਼ਸੀਅਤ ਨੂੰ ਬਚਾਉਂਦਾ ਹੈ, ਨਾਲ ਪੈਦਾ ਹੁੰਦੇ ਹਾਂ। ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿ ਦੂਜਿਆਂ ਲਈ ਨਾ ਪਸੰਦ ਦੀ ਭਾਵਨਾ ਸਾਡੀ ਜਿੰਦਗੀ ਦੇ ਟਕਰਾ ਦਾ ਬਹੁਤ ਵੱਡਾ ਕਾਰਨ ਹੈ। ਇੱਕ ਕਹਾਵਤ ਹੈ ਕਿ ‘ਜਿਹੜੇ ਵਿਅਕਤੀ ਨੂੰ ਅਸੀਂ ਨਾ ਪਸੰਦ ਕਰਦੇ ਹਾਂ ਉਹ ਹੀ ਜ਼ਿਆਦਾ ਯਾਦ ਆਉਂਦਾ ਹੈ।’ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਦੂਜਿਆਂ ਦੇ ਨੁਕਸ ਅਤੇ ਗ਼ਲਤੀਆਂ ਬਾਰੇ ਹੀ ਸੋਚਦੇ ਰਹਿੰਦੇ ਹਨ। ਅਸੀਂ ਇਸ ਨਿਰਾਰਥਕ ਕੰਮ ਲਈ ਆਪਣਾ ਸਮਾਂ ਕਿਉਂ ਬਰਬਾਦ ਕਰਦੇ ਹਾਂ? ਸਾਨੂੰ ਲੋਕਾਂ ਪ੍ਰਤੀ ਆਪਣਾ ਨਜ਼ਰੀਆ ਨਕਾਰਾਤਮਕ ਤੋਂ ਸਕਾਰਾਤਮਕ ਵਿਚ ਬਦਲਣਾ ਚਾਹੀਦਾ ਹੈ।

ਜਦੋਂ ਅਸੀਂ ਆਪਣੇ ਅੰਦਰੋਂ ਅਸੰਤੁਸ਼ਟ ਹੁੰਦੇ ਹਾਂ ਤਾਂ ਅਸੀਂ ਹਰ ਇੱਕ ਚੀਜ਼ ਅਤੇ ਇਨਸਾਨ ਪ੍ਰਤੀ ਅਸਤੁੰਸ਼ਟ ਹੋਵਾਂਗੇ। ਸਾਨੂੰ ਇਸ ਅਸੰਤੁਸ਼ਟੀ ਦਾ ਅਸਲੀ ਕਾਰਨ ਨਹੀਂ ਪਤਾ। ਇਹ ਆਧੁਨਿਕ ਦੌਰ ਦੇ ਮਨੋਵਿਗਿਆਨੀਆਂ ਦਾ ਇੱਕ ਸਿੱਧ ਕੀਤਾ ਹੋਇਆ ਤੱਥ ਹੈ ਕਿ ਲੋਕ ਜਿਹਨਾਂ ਨਾਲ ਰਹਿੰਦੇ ਹਨ ਉਹਨਾਂ ਨਾਲ ਹੀ ਜ਼ਿਆਦਾ ਨਾ ਖੁਸ਼ ਹੁੰਦੇ ਹਨ, ਜਿਸ ਦਾ ਮਤਲਬ ਇਹ ਹੋਇਆ ਕਿ ਉਹ ਆਪਣੇ ਆਪ ਨੂੰ ਵੀ ਪਸੰਦ ਨਹੀਂ ਕਰਦੇ। ਇਸ ਲਈ ਜੇ ਅਸੀਂ ਆਪਣੇ ਅੰਦਰੋਂ ਸਕਾਰਾਤਮਕ ਨਹੀਂ, ਤਾਂ ਹੋਰਨਾਂ ਬਾਰੇ ਕਿਸ ਆਧਾਰ ’ਤੇ ਸਕਾਰਾਤਮਕ ਹੋ ਸਕਦੇ ਹਾਂ? ਇਸ ਲਈ ਇਸ ਸਮੱਸਿਆ ਵਿੱਚੋਂ ਬਾਹਰ ਨਿਕਲਣ ਦਾ ਇੱਕ ਹੀ ਰਸਤਾ ਹੈ, ਕਿ ਅਸੀਂ ਆਪਣੇ ਅੰਦਰ ਸਕਾਰਾਤਮਕ ਝਾਤੀ ਨੂੰ ਯਕੀਨੀ ਬਣਾਈਏ।

ਕੁਦਰਤੀ ਢਾਂਚੇ ਨਾਲ ਇਕਸੁਰਤਾ ਵਿੱਚ ਰਹਿਣਾ:-

‘‘ਮਨੁ ਤਨੁ ਅਰਪੀ ਆਪੁ ਗਵਾਈ; ਚਲਾ, ਸਤਿਗੁਰ ਭਾਏ॥’’ (ਮ:੩/੬੮)

ਅਸੀਂ ਇੱਕ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਹਰ ਕੋਈ ਸਿੱਧਾ (ਸਾਫ਼ ਦਿਲ) ਹੋਣ ਦਾ ਪ੍ਰਗਟਾਵਾ ਕਰਦਾ ਹੈ, ਪਰ ਇਨਸਾਨ ਨੂੰ ਇੱਕ ਸਪੀਸ਼ੀਜ਼ (ਸੂਰਤ, ਸ਼ਕਲ) ਦੇ ਤੌਰ ਤੇ ਮਿਥਿਆ (ਪਰਖਿਆ) ਨਹੀਂ ਜਾ ਸਕਦਾ। ਭਾਵੇਂ ਇਨਸਾਨ, ਜੋ ਕਿ ਮਾਨਸਿਕ ਤੌਰ ’ਤੇ ਬਹੁਤ ਹੀ ਜ਼ਿਆਦਾ ਵਿਕਸਿਤ ਮੰਨਿਆ ਜਾਂਦਾ ਹੈ ਅਤੇ ਧਰਤੀ ਉੱਤੇ ਜੀਵਿਤ ਫਾਰਮ ਦੀ ਸਪੀਸ਼ੀਜ਼ (ਵਰਗ) ਦੀ ਉੱਤਪਤੀ ਵੀ ਕਰਦਾ ਹੈ, ਫਿਰ ਵੀ ਇੱਕ ਅਲੱਗ ਹੀ ਸ਼੍ਰੇਣੀ ਹੈ। ਸਾਡੀ ਅਕਲ ਸਾਡਾ ਵੱਖਰਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ। ਪਰ ਕਈ ਸਾਲਾਂ ਦੀ ਡੂੰਘੀ ਖੋਜ ਦੁਆਰਾ ਇਹ ਪਤਾ ਲੱਗਦਾ ਹੈ ਕਿ ਇਨਸਾਨੀ ਯਾਤਰਾ ਦੇ ਦੌਰਾਨ ਦੂਜੇ ਮਨੁੱਖਾਂ ਨਾਲ ਚਰਚਾ (ਤਨਾਵ) ਕਰਨ ਨਾਲ, ਮਨੁੱਖੀ ਅਕਲ ਦੀ ਸ਼ੁੱਧਤਾ ਤੇ ਅਸਲੀ ਸ਼ਕਤੀ ਹੌਲੀ-ਹੌਲੀ ਘੱਟਦੀ ਹੈ। ਇਹ ਹੌਲੀ ਬਰਬਾਦੀ, ਕਮਜ਼ੋਰੀ ਜਾਂ ਕਾਮ, ਕ੍ਰੋਧ, ਲੋਭ ਅਤੇ ਹਉਮੈ ਦੇ ਰੂਪ ਵਿੱਚ ਮਾਰੂ ਬੁਰਾਈਆਂ ਨੂੰ ਜਨਮ ਦਿੰਦੀ ਹੈ। ਉਹ ਹੀ ਅਕਲ, ਜਿਹੜੀ ਸਾਨੂੰ ਬ੍ਰਹਮ ਜੀਵ ਦੀ ਸਥਿਤੀ ਤੱਕ ਪਹੁੰਚਾਉਂਦੀ ਹੈ, ਦਾ ਗ਼ਲਤ ਪ੍ਰਯੋਗ ਸਾਨੂੰ ਧਰਤੀ ਉੱਤੇ ਸਭ ਤੋਂ ਜ਼ਿਆਦਾ ਡਰਾਉਣੇ, ਭਿਆਨਕ ਤੇ ਵਿਨਾਸ਼ਕਾਰੀ ਜੀਵ ਵਿੱਚ ਬਦਲ ਸਕਦੀ ਹੈ।

ਇਸ ਲਈ ਮਨੁੱਖੀ ਅਕਲ ਦੇ ਇਸ ਪੁੰਜ ਦੇ ਪਤਨ ਦਾ ਕੀ ਹੱਲ ਹੈ? ਇਹ ਹੈ, ਮਨੁੱਖੀ ਸੁਭਾਅ ਦਾ ਇਲਾਜ, ਜਿਸ ਦੇ ਬਗ਼ੈਰ ਇਕਸੁਰਤਾ ਨਹੀਂ ਹੋ ਸਕਦੀ। ਸਾਡੇ ਸਾਰਿਆਂ ਵਿੱਚ ਚੰਗਿਆਈ ਦਾ ਬੀਜ ਅਤੇ ਚੰਗੇ ਇਨਸਾਨ ਬਨਣ ਦੇ ਗੁਣ ਮੌਜੂਦ ਹਨ ਜੋ ਕਿ ਕੁਦਰਤ ਦੇ ਢਾਂਚੇ ਮੁਤਾਬਿਕ ਜੀਵਨ ਜਿਊਣ ਲਈ ਸਹੀ ਆਧਾਰ ਪੇਸ਼ ਕਰਦੇ ਹਨ। ਸੋ, ਜ਼ਰੂਰਤ ਹੈ ਇਹਨਾ ਸਦਗੁਣਾਂ ਦੀ ਪਛਾਣ ਕਰਨ ਦੀ ਤਾਂ ਜੋ ਅਸੀਂ ਸ਼ਾਂਤਮਈ, ਪਵਿੱਤਰ ਤੇ ਅਨੰਦਮਈ ਜੀਵਨ ਵਿੱਚ ਵਾਪਸ ਆ ਕੇ ਇਕ ਵਿਸ਼ਵ-ਵਿਆਪੀ ਇਕਸੁਰਤਾ ਦਾ ਢਾਂਚਾ ਬਹਾਲ ਕਰ ਸਕੀਏ। ਇਹ ਸਾਰੇ ਗੁਣ ਸਕਾਰਾਤਮਕ ਸੁਭਾਅ ਨਾਲ ਹੀ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਵੀ ਤਾਕਤ ਪ੍ਰਦਾਨ ਕਰਨਗੇ। ਇਸ ਲਈ ਆਉਂ ਅਸੀਂ ਸਾਰੇ ਅੱਜ ਹੀ Good Wishes Bank ਵਿੱਚ ਆਪਣਾ ਇੱਕ ਬੱਚਤ ਖਾਤਾ ਖੁਲਵਾਈਏ ਤੇ ਰੋਜ਼ ਸ਼ੁੱਭ ਕਾਮਨਾਵਾਂ ਨੂੰ ਜਮ੍ਹਾਂ ਕਰੀਏ ਤਾਂ ਕਿ ਸਾਡਾ ਭਵਿੱਖ ਉੱਜਲ, ਸ਼ਾਂਤੀ ਪੂਰਵਕ ਤੇ ਖੁਸ਼ਹਾਲ ਬਣ ਜਾਵੇ।