ਨਾਮ ਦਾਨੁ ਗੁਰਿ+ਪੂਰੈ ਦੀਓ; ਮੈ ਏਹੋ ਆਧਾਰੀ ॥

0
29

ਨਾਮ ਦਾਨੁ ਗੁਰਿ+ਪੂਰੈ (ਨੇ) ਦੀਓ; ਮੈ ਏਹੋ ਆਧਾਰੀ

ਪ੍ਰਿੰਸੀਪਲ ਹਰਭਜਨ ਸਿੰਘ ਜੀ

ਆਸਾ ਮਹਲਾ ੫ ॥

ਅੰਤਰਿ ਗਾਵਉ ਬਾਹਰਿ ਗਾਵਉ; ਗਾਵਉ ਜਾਗਿ ਸਵਾਰੀ ॥

ਸੰਗਿ ਚਲਨ ਕਉ ਤੋਸਾ ਦੀਨ੍ਾ; ਗੋਬਿੰਦ ਨਾਮ ਕੇ ਬਿਉਹਾਰੀ ॥੧॥

ਅਵਰ ਬਿਸਾਰੀ ਬਿਸਾਰੀ ॥ ਨਾਮ ਦਾਨੁ ਗੁਰਿ+ਪੂਰੈ (ਨੇ) ਦੀਓ; ਮੈ ਏਹੋ ਆਧਾਰੀ ॥੧॥ ਰਹਾਉ ॥

ਦੂਖਨਿ ਗਾਵਉ ਸੁਖਿ (’ਚ) ਭੀ ਗਾਵਉ; ਮਾਰਗਿ ਪੰਥਿ ਸਮ੍ਾਰੀ ॥

ਨਾਮ ਦ੍ਰਿੜੁ ਗੁਰਿ (ਨੇ) ਮਨ ਮਹਿ ਦੀਆ; ਮੋਰੀ ਤਿਸਾ ਬੁਝਾਰੀ ॥੨॥

ਦਿਨੁ ਭੀ ਗਾਵਉ ਰੈਨੀ ਗਾਵਉ; ਗਾਵਉ ਸਾਸਿ ਸਾਸਿ (ਨਾਲ਼) ਰਸਨਾਰੀ ॥

ਸਤਸੰਗਤਿ ਮਹਿ ਬਿਸਾਸੁ ਹੋਇ; ਹਰਿ ਜੀਵਤ ਮਰਤ ਸੰਗਾਰੀ ॥੩॥

ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ  ! ਪਾਵਉ ਸੰਤ ਰੇਨ ਉਰਿ ਧਾਰੀ ॥

ਸ੍ਰਵਨੀ ਕਥਾ ਨੈਨ ਦਰਸੁ ਪੇਖਉ; ਮਸਤਕੁ ਗੁਰ ਚਰਨਾਰੀ ॥੪॥ (ਮਹਲਾ ੫/੪੦੧)

ਨੋਟ : ਇਸ ਸ਼ਬਦ ਵਿੱਚ ਅੰਤ ‘ਉ’ ਵਾਲ਼ੇ ਸਾਰੇ ਸ਼ਬਦ ਬਿੰਦੀ ਸਹਿਤ ਉਚਾਰਨ ਹੋਣਗੇ; ਜਿਵੇਂ ਕਿ ‘ਗਾਵਉਂ, ਪਾਵਉਂ, ਪੇਖਉਂ’।

ਇਹ ਪਵਿੱਤਰ ਸਬਦ ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਾਗ ਵਿੱਚ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 401 ’ਤੇ ਅੰਕਤ ਹੈ। ਇਸ ਸ਼ਬਦ ਦੁਆਰਾ ਸਤਿਗੁਰੂ ਜੀ ਗੁਰਮਤਿ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ਮੈਂ ਪਰਮਾਤਮਾ ਤੋਂ ਬਿਨਾਂ ਬਾਕੀ ਓਟ; ਉੁੱਕਾ ਹੀ ਭੁਲਾ ਦਿੱਤੀ ਹੈ। ਇਸੇ ਲਈ ਹੁਣ ਮੈਂ ਦਿਨ ਰਾਤ, ਹਰੇਕ ਸੁਆਸ ਦੇ ਨਾਲ, ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹਾਂ। ਗੁਰਬਾਣੀ ਵਿਚ ਇੱਕ ਵਾਰੀ ਨਹੀਂ ਸਗੋਂ ਵਾਰ-ਵਾਰ ਸਤਿਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਵੱਲੋਂ ਇਹ ਉਪਦੇਸ਼ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਕੇਵਲ ਪ੍ਰਭੂ ਦਾ ਨਾਮ ਹੀ ਹਰ ਇਨਸਾਨ ਨੂੰ ਜਪਣਾ ਚਾਹੀਦਾ ਹੈ ਕਿਉਂਕਿ ਬਾਕੀ ਜੋ ਕੁਝ ਵੀ ਹੈ, ਸਭ ਕੁਝ ਉਸੇ ਦਾ ਬਣਾਇਆ ਹੋਇਆ ਹੈ। ਸੋਰਠਿ ਰਾਗ ਵਿਚਲੇ ਇਕ ਸ਼ਬਦ ਦੀ ਪਾਵਨ ਪੰਕਤੀ ਰਾਹੀਂ ਗੁਰੂ ਅਰਜਨ ਸਾਹਿਬ ਜੀ ਫ਼ੁਰਮਾਨ ਕਰਦੇ ਹਨ ‘‘ਹਰਿ ਸਾਚਾ ਸਿਮਰਹੁ; ਭਾਈ ! ਸਾਧ ਸੰਗਿ ਸਦਾ ਸੁਖੁ ਪਾਈਐ; ਹਰਿ ਬਿਸਰਿ ਕਬਹੂ ਜਾਈ ਰਹਾਉ ’’ (ਮਹਲਾ /੬੧੬), ਭਗਤ ਕਬੀਰ ਜੀ ਦੇ ਵੀ ਬਚਨ ਹਨ ‘‘ਕਹਤ ਕਬੀਰ ਸੁਨਹੁ ਰੇ ਪ੍ਰਾਨੀ ! ਛੋਡਹੁ ਮਨ ਕੇ ਭਰਮਾ ਕੇਵਲ ਨਾਮੁ ਜਪਹੁ ਰੇ ਪ੍ਰਾਨੀ ! ਪਰਹੁ ਏਕ ਕੀ ਸਰਨਾਂ ’’ (ਭਗਤ ਕਬੀਰ/੬੯੨), ਗੁਰੂ ਅਰਜਨ ਸਾਹਿਬ ਜੀ ਦੇ ਹੀ ਸੋਰਠ ਰਾਗ ਵਿਚ ਇਸ ਪ੍ਰਥਾਇ ਹੋਰ ਬਚਨ ਹਨ ‘‘ਹਰਿ ਅੰਤਰਜਾਮੀ ਸਭ ਬਿਧਿ ਜਾਣੈ; ਤਾ ਕਿਸੁ ਪਹਿ ਆਖਿ ਸੁਣਾਈਐ ਕਹਣੈ ਕਥਨਿ (ਨਾਲ਼) ਭੀਜੈ ਗੋਬਿੰਦੁ; ਹਰਿ ਭਾਵੈ ਪੈਜ ਰਖਾਈਐ ਅਵਰ ਓਟ ਮੈ ਸਗਲੀ ਦੇਖੀ; ਇਕ ਤੇਰੀ ਓਟ ਰਹਾਈਐ ’’ (ਮਹਲਾ /੬੨੪), ਪਰ ਸਤਿਗੁਰੂ ਜੀ ਇਹ ਵੀ ਸਮਝਾ ਰਹੇ ਹਨ ਕਿ ਇਹ ਨਾਮ ਦੀ ਦਾਤ ਪੂਰੇ ਗੁਰੂ ਪਾਸੋਂ ਹੀ ਪ੍ਰਾਪਤ ਹੁੰਦੀ ਹੈ ਤਾਂ ਹੀ ਹਥਲੇ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿਚ ਗੁਰਦੇਵ ਜੀ ਫ਼ੁਰਮਾ ਰਹੇ ਹਨ ‘‘ਅਵਰ ਬਿਸਾਰੀ ਬਿਸਾਰੀ ਨਾਮ ਦਾਨੁ ਗੁਰਿ+ਪੂਰੈ (ਨੇ) ਦੀਓ; ਮੈ ਏਹੋ ਆਧਾਰੀ ਰਹਾਉ ’’ ਅਰਥ : ਹੇ ਭਾਈ ! ਪ੍ਰਭੂ ਤੋਂ ਬਿਨਾਂ ਕੋਈ ਹੋਰ ਓਟ ਮੈਂ ਉੱਕਾ ਹੀ ਭੁਲਾ ਦਿੱਤੀ ਹੈ। ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਬਖ਼ਸ਼ੀ ਹੈ। ਮੈਂ ਇਸੇ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ। ਇਸ ਵਿਚਾਰਧਾਰਾ ਤੋਂ ਬਾਅਦ ਕਿ (ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਦਿੱਤੀ ਹੈ) ਹੋਰ ਕੋਈ ਵਿਚਾਰ ਆਪਣੇ ਆਪ ਵਿਚ ਅਹਿਮੀਅਤ ਨਹੀਂ ਰੱਖਦੀ। ਇਸ ਵਿਚਾਰਧਾਰਾ ਨੂੰ ਪ੍ਰਵਾਨ ਕਰਦਿਆਂ ਕਿਸੇ ਵੀ ਕਿਸਮ ਦੀ ਝਿਜਕ ਨਹੀਂ ਕਰਨੀ ਚਾਹੀਦੀ ਸਗੋਂ ‘‘ਜੋ ਗੁਰੁ ਕਹੈ; ਸੋਈ ਭਲ ਮਾਨਹੁ’’ (ਮਹਲਾ /੬੬੭) ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀ ਅੱਗੇ ਸੀਸ ਝੁਕਾ ਦੇਣਾ ਚਾਹੀਦਾ ਹੈ। ਨਿਰਾ ਸੀਸ ਝੁਕਾਉਣ ਨਾਲ ਹੀ ਨਹੀਂ ਬਲਕਿ ਗੁਰੂ ਜੀ ਦੀ ਆਗਿਆ ਮੰਨ ਕੇ ਹੀ ਨਾਮ ਦੀ ਦਾਤ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਵਿਚ ਏਹੋ ਜਿਹੀਆਂ ਅਨੇਕਾਂ ਸਾਖੀਆਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਵਿਚ ਗੁਰੂ ਜੀ ਦੀ ਸਿੱਖਿਆ ਨੂੰ ਸੁਣ ਕੇ ਕਈ ਭੁੱਲੇ ਭਟਕੇ ਲੋਕ; ਇਕ ਅਕਾਲ ਪੁਰਖ ਦੇੇ ਲੜ ਲੱਗੇ ਹਨ। ਇਹ ਲੜ ਲੱਗਣਾ ਵਕਤੀ ਤੌਰ ’ਤੇ ਨਹੀਂ ਸੀ ਸਗੋਂ ਅਖੀਰਲੇ ਸਵਾਸਾਂ ਤੱਕ ਵਾਹਿਗੁਰੂ ਨੂੰ ਚੇਤੇ ਰੱਖਿਆ। ਸਤਿਗੁਰੂ ਜੀ ਦੀ ਏਹੋ ਤਾਂ ਵਿਸ਼ੇਸ਼ਤਾ ਰਹੀ ਹੈ ਕਿ ਜੋ ਵੀ ਸ਼ਰਨ ਆਇਆ ਉਸ ਨੂੰ ਗਲ਼ੇ ਨਾਲ ਲਾ ਲਿਆ। ਦਰਅਸਲ ਉਹ ਗੁਰੂ ਹੀ ਕਾਹਦਾ, ਜਿਸ ਵਿਚ ਪਰਾਈ ਤਾਤ (ਈਰਖਾ) ਹੋਵੇ ਤਾਂ ਹੀ ਸਤਿਗੁਰੂ ਜੀ ਪੂਰੇ ਗੁਰੂ ਦੀ ਗੱਲ ਕਰ ਰਹੇ ਹਨ। ਪੂਰੇ ਗੁਰੂ ਬਾਰੇ ਗੁਰੂ ਅਰਜਨ ਸਾਹਿਬ ਜੀ ਫ਼ੁਰਮਾ ਰਹੇ ਹਨ ‘‘ਜਿਸੁ ਮਿਲਿਐ ਮਨਿ (’) ਹੋਇ ਅਨੰਦੁ; ਸੋ ਸਤਿਗੁਰੁ ਕਹੀਐ ’’ (ਮਹਲਾ /੧੬੮), ਪੂਰੇ ਗੁਰੂ ਦੀ ਕਿਰਪਾ ਦਾ ਵਰਣਨ; ਗੁਰੂ ਅਰਜਨ ਸਾਹਿਬ ਜੀ ਦੇ ਵਿਚਾਰ ਅਧੀਨ ਸ਼ਬਦ ਦੇ ਬਾਕੀ ਪਦਿਆਂ ਵਿਚ ਕਰ ਰਹੇ ਹਨ; ਜਿਵੇਂ ਕਿ ਸ਼ਬਦ ਦੇ ਪਹਿਲੇ ਪਦੇ ’ਚ ਬਚਨ ਕੀਤੇ ਹਨ ‘‘ਅੰਤਰਿ ਗਾਵਉ ਬਾਹਰਿ ਗਾਵਉ; ਗਾਵਉ ਜਾਗਿ ਸਵਾਰੀ ਸੰਗਿ ਚਲਨ ਕਉ ਤੋਸਾ ਦੀਨ੍ਾ; ਗੋਬਿੰਦ ਨਾਮ ਕੇ ਬਿਉਹਾਰੀ ’’ ਅਰਥ : ਹੇ ਭਾਈ  ! ਗੁਰੂ ਦੀ ਕ੍ਰਿਪਾ ਸਦਕਾ ਪਰਮਾਤਮਾ ਦੇ ਨਾਮ ਦੇ ਵਣਜਾਰੇ ਸਤਸੰਗੀਆਂ ਨੇ ਆਪਣੇ ਨਾਲ਼ ਰਲ਼ਾਏ ਰੱਖਣ ਲਈ ਮੈਨੂੰ ਪਰਮਾਤਮਾ ਦਾ ਨਾਮ; ਸਫ਼ਰ-ਖਰਚ ਵਜੋਂ ਦਿੱਤਾ ਹੈ। ਹੁਣ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਬਾਹਰ ਦੁਨੀਆਂ ਨਾਲ ਵਰਤਨ-ਵਿਹਾਰ ਕਰਦਾ ਹੋਇਆ ਵੀ ਪਰਮਾਤਮਾ ਦੀ ਸਿਫਤਿ ਸਲਾਹ ਚੇਤੇ ਰੱਖਦਾ ਹਾਂ। ਸੌਣ ਵੇਲੇ ਵੀ ਮੈਂ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹਾਂ। ਸ਼ਬਦ ਦੇ ਦੂਸਰੇ ਅਤੇ ਤੀਸਰੇ ਪਦੇ ਰਾਹੀਂ ਵੀ ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਦੂਖਨਿ (’) ਗਾਵਉ ਸੁਖਿ (’) ਭੀ ਗਾਵਉ; ਮਾਰਗਿ+ਪੰਥਿ (’) ਸਮ੍ਾਰੀ ਨਾਮ ਦ੍ਰਿੜੁ ਗੁਰਿ (ਨੇ) ਮਨ ਮਹਿ ਦੀਆ; ਮੋਰੀ ਤਿਸਾ ਬੁਝਾਰੀ ਦਿਨੁ ਭੀ ਗਾਵਉ; ਰੈਨੀ ਗਾਵਉ; ਗਾਵਉ ਸਾਸਿ ਸਾਸਿ (ਨਾਲ਼) ਰਸਨਾਰੀ ਸਤਸੰਗਤਿ ਮਹਿ ਬਿਸਾਸੁ ਹੋਇ; ਹਰਿ ਜੀਵਤ ਮਰਤ ਸੰਗਾਰੀ ’’ ਅਰਥ : ਹੇ ਭਾਈ  ! ਗੁਰੂ ਨੇ ਮੇਰੇ ਮਨ ਵਿਚ ਪ੍ਰਭੂ-ਨਾਮ ਪ੍ਰਤੀ ਦ੍ਰਿੜ੍ਹਤਾ ਬਣਾ ਦਿੱਤੀ ਹੈ। ਨਾਮ ਨੇ ਮੇਰੀ ਸਾਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ। ਹੁਣ ਮੈਂ ਦੁੱਖ ਵਿਚ ਅਤੇ ਸੁੱਖ ਵਿਚ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ। ਰਸਤੇ ਵਿੱਚ ਤੁਰਦਾ ਹੋਇਆ ਵੀ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸੰਭਾਲੀ ਰੱਖਦਾ ਹਾਂ । ਹੁਣ ਮੈਂ ਦਿਨ ਵੇਲੇ ਵੀ ਅਤੇ ਰਾਤ ਨੂੰ ਵੀ ਯਾਨੀ ਹਰੇਕ ਸੁਆਸ ਦੇ ਨਾਲ, ਆਪਣੀ ਜੀਭ ਨਾਲ; ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹਾਂ। ਹੇ ਭਾਈ ! ਇਹ ਸਾਰੀ ਬਰਕਤ ਸਾਧਸੰਗਤਿ ਦੀ ਹੈ। ਸਾਧਸੰਗਤਿ ਵਿੱਚ ਟਿਕਿਆਂ ਅਨੁਭਵੀ ਬੰਦਿਆਂ ਪਾਸੋਂ ਇਹ ਨਿਸ਼ਚਾ ਹੁੰਦਾ ਹੈ ਕਿ ਪਰਮਾਤਮਾ ਜਿਉਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ।

ਹੁਣ ਅਖੀਰਲੇ ਪਦੇ ਵਿਚ ਸਤਿਗੁਰੂ ਜੀ ਨਿਮਰਤਾ ਸਹਿਤ ਪ੍ਰਭੂ ਅੱਗੇ ਜੋਦੜੀ ਕਰਦੇ ਹੋਏ ਫ਼ੁਰਮਾ ਰਹੇ ਹਨ ‘‘ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ! ਪਾਵਉ ਸੰਤ ਰੇਨ ਉਰਿ ਧਾਰੀ ਸ੍ਰਵਨੀ ਕਥਾ ਨੈਨ ਦਰਸੁ ਪੇਖਉ; ਮਸਤਕੁ ਗੁਰ ਚਰਨਾਰੀ ’’ ਅਰਥ : ਹੇ ਪ੍ਰਭੂ। ਆਪਣੇ ਦਾਸ ਨਾਨਕ ਨੂੰ ਇਹ ਦਾਨ ਦੇਈ ਰੱਖਿਓ ਤਾਂ ਜੋ ਮੈਂ ਤੁਹਾਡੇ ਸੰਤ ਜਨਾਂ ਦੀ ਚਰਨ ਧੂੜ ਪ੍ਰਾਪਤ ਕਰਦਾ ਰਹਾਂ। ਤੁਹਾਡੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ, ਤੁਹਾਡੀ ਸਿਫਤ ਸਲਾਹ ਆਪਣੇ ਕੰਨਾਂ ਨਾਲ ਸੁਣਦਾ ਰਹਾਂ। ਤੁਹਾਡਾ ਦਰਸ਼ਨ-ਦੀਦਾਰ ਆਪਣੀਆਂ ਅੱਖਾਂ ਨਾਲ ਕਰਦਾ ਰਹਾਂ ਤੇ ਆਪਣਾ ਮੱਥਾ ਗੁਰੂ ਦੇ ਚਰਨਾ ਉੱਤੇ ਧਰੀ ਰੱਖਾਂ। ਸੂਹੀ ਰਾਗ ਵਿਚ ਗੁਰੂ ਅਰਜਨ ਸਾਹਿਬ ਜੀ ਦੇ ਇਹ ਅੰਮ੍ਰਿਤਮਈ ਬਚਨ ਹਿਰਦੇ ਨੂੰ ਪ੍ਰਭਾਵ ਕਰਦੇ ਹਨ ‘‘ਦਿਨੁ ਰੈਣਿ ਸਾਸਿ+ਸਾਸਿ (ਨਾਲ਼) ਗੁਣ ਗਾਵਾ; ਜੇ ਸੁਆਮੀ ਤੁਧੁ ਭਾਵਾ ਨਾਮੁ ਤੇਰਾ ਸੁਖੁ ਨਾਨਕੁ ਮਾਗੈ; ਸਾਹਿਬਿ+ਤੁਠੈ (ਨਾਲ਼) ਪਾਵਾ ’’ (ਮਹਲਾ /੭੪੭)