ਪ੍ਰਸ਼ਨ-ਉੱਤਰ (ਭਾਗ 1)

1
165

ਪ੍ਰਸ਼ਨਉੱਤਰ (ਭਾਗ 1)

ਪ੍ਰਸ਼ਨ : ਬਹੁਤ ਸਾਰੇ ਪਾਠੀ ਸੰਖੇਪ ਰੂਪ ’ਚ ਲਿਖੇ ਮੰਗਲਾ ਚਰਨ ਦਾ ਉਚਾਰਨ ‘‘  ਸਤਿਗੁਰ ਪ੍ਰਸਾਦਿ ’’ ਕਰਦੇ ਹਨ ਅਤੇ ਕੁਝ ਹੋਰ ਇਸ ਨੂੰ ਪਦਛੇਦ ਕਰਕੇ ‘‘  ਸਤਿ ਗੁਰ ਪ੍ਰਸਾਦਿ ’’  ਉਚਾਰਦੇ ਹਨ। ਇਨ੍ਹਾਂ ਦੋਵਾਂ ’ਚ ਕਿਹੜਾ ਉਚਾਰਨ ਕੀਤੇ ਜਾਣਾ ਵੱਧ ਢੁੱਕਵਾਂ ਹੈ ?

ਉੱਤਰ : ਗੁਰਬਾਣੀ ਦਾ ਉਚਾਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਸੇਧ ਲੈ ਕੇ ਅਰਥਾਂ ਮੁਤਾਬਕ ਕੀਤਾ ਜਾਵੇ ਤਾਂ ਓਹੀ ਢੁਕਵਾਂ ਹੋਵੇਗਾ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ’ਚ ਮੂਲ ਮੰਤਰ ਜਾਂ ਮੰਗਲਾਚਰਨ; ਚਾਰ ਵੱਖ ਵੱਖ ਰੂਪਾਂ ’ਚ ਦਰਜ ਹੈ; ਜਿਵੇਂ ਕਿ

(1). ਸੰਪੂਰਨ ਰੂਪ ’ਚ ‘‘ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ’’ ਗੁਰਬਾਣੀ ਵਿੱਚ ਇਹ ਰੂਪ 33 ਵਾਰ ਦਰਜ ਹੈ।

(2) ‘‘ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ’’ ਭਾਵ ਸੰਪੂਰਨ ਮੂਲ ਮੰਤਰ ’ਚੋਂ ‘‘ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ’’ ਇਹ 6 ਸ਼ਬਦ ਘਟਾ ਕੇ ਮੂਲ ਮੰਤਰ ਸੰਖੇਪ ਕੀਤਾ ਗਿਆ ਹੈ। ਗੁਰਬਾਣੀ ਵਿੱਚ ਇਹ ਰੂਪ 9 ਵਾਰ ਦਰਜ ਹੈ।

(3) ‘‘ ਸਤਿ ਨਾਮੁ ਗੁਰ ਪ੍ਰਸਾਦਿ ’’ ਇਸ ਰੂਪ ’ਚ 6 ਦੀ ਬਜਾਏ 8 ਸ਼ਬਦ ‘‘ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ’’ ਘਟਾ ਕੇ ਹੋਰ ਸੰਖੇਪ ਕਰ ਦਿੱਤਾ ਹੈ। ਗੁਰਬਾਣੀ ਵਿੱਚ ਇਹ ਰੂਪ 2 ਵਾਰ ਦਰਜ ਹੈ।

(4) ‘‘ ਸਤਿ ਗੁਰ ਪ੍ਰਸਾਦਿ ’’ ਗੁਰਬਾਣੀ ਵਿੱਚ ਇਹ ਰੂਪ 524 ਵਾਰ ਹੈ ਤੇ ਸਭ ਤੋਂ ਸੰਖੇਪ ਰੂਪ ਦਾ ਮੰਗਲਾਚਰਨ ਹੈ। ਇਸ ਵਾਰ ‘ਸਤਿ ਨਾਮੁ’ ਸ਼ਬਦਾਂ ਵਿੱਚੋਂ ‘ਨਾਮੁ’ ਨੂੰ ਹਟਾ ਦਿੱਤਾ। ਚਾਰੇ ਰੂਪਾਂ ਨੂੰ ਧਿਆਨ ਨਾਲ ਵੇਖਿਆਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸ਼ੁਰੂ ’ਚ ਹਰ ਵਾਰ ‘ ਤੋਂ ਬਾਅਦ ‘ਸਤਿ’ ਹੀ ਆਉਂਦਾ ਹੈ, ਜਿਸ ਦਾ ਭਾਵ ਹੈ ਕਿ ਜੋ ਜਗਤ ਨੂੰ ਪੈਦਾ ਕਰਨ ਵਾਲ਼ਾ, ਸਭ ਨੂੰ ਰਿਜ਼ਕ ਦੇਣ ਵਾਲ਼ਾ, ਸਭ ਨੂੰ ਨਾਸ਼ ਕਰਨ ਵਾਲ਼ਾ ਤੇ ਹਰ ਥਾਂ ਇੱਕ ਰਸ ਵਿਆਪਕ ਹੈ, ਉਹ ਪ੍ਰਮਾਤਮਾ ਸਦੀਵੀ ਹੋਂਦ ਵਾਲਾ ਹੈ। ਮੂਲ ਮੰਤਰ ਦੇ ਅੰਤ ’ਚ ਸ਼ਬਦ ਹੈ ‘ਗੁਰ ਪ੍ਰਸਾਦਿ’ ਜਿਸ ਦਾ ਭਾਵ ਹੈ ਕਿ ਐਸੇ ਗੁਣਾਂ ਵਾਲਾ ਪ੍ਰਮਾਤਮਾ; ਗੁਰੂ ਦੀ ਕ੍ਰਿਪਾ ਦੁਆਰਾ (ਮਿਲਦਾ ਹੈ)।

ਉਕਤ ਪਹਿਲੇ ਤਿੰਨ ਰੂਪਾਂ ’ਚ ਤਾਂ ‘ੴ’ ਨਾਲ਼ ‘ਸਤਿ’ ਜੋੜ ਕੇ ਇਹ ਗੱਲ ਸਹੀ ਢੁੱਕਦੀ ਹੈ, ਪਰ ਸਭ ਤੋਂ ਸੰਖੇਪ ਤੇ ਸਭ ਤੋਂ ਵੱਧ ਵਾਰੀ ਆਏ ਮੰਗਲਾਚਰਨ ’ਚ ਪਦ ਛੇਦ ਕਰਨ ਵੇਲੇ ਜਾਣੇ ਅਣਜਾਣੇ ‘ਗੁਰ ਪ੍ਰਸਾਦਿ’ ਨਾਲੋਂ ‘ਗੁਰ’ ਅਲੱਗ ਕਰ ਕੇ ‘ਸਤਿ’ ਨਾਲ ਜੋੜ ਦਿੱਤਾ, ਜੋ ਕਿ ਪਹਿਲਾਂ 44 ਵਾਰ ‘ਸਤਿ’ ਨਾਲ਼ ਸੀ।  ਇਸ ਤਰ੍ਹਾਂ ਕਰਨ ਨਾਲ ‘ਗੁਰ’ ਅਤੇ ‘ਸਤਿਗੁਰ’ ਸ਼ਬਦਾਂ ਦੇ ਅਰਥਾਂ ’ਚ ਤਾਂ ਬਹੁਤਾ ਅੰਤਰ ਨਹੀਂ ਪਿਆ ਇਹ ਸਮ ਅਰਥੀ ਸ਼ਬਦ ਹੀ ਹਨ; ਪਰ ਮੂਲ ਮੰਤਰ ’ਚ ‘ੴ’ ਨੂੰ ‘ਸਦੀਵੀ ਸਥਿਰ’ ਸਾਬਤ ਕਰਦੇ ਸ਼ਬਦ ‘ਸਤਿ’ ਦੀ ਘਾਟ ਮਹਿਸੂਸ ਹੁੰਦੀ ਹੈ। ਇਸ ਲਈ ਸਭ ਤੋਂ ਸੰਖੇਪ ਮੰਗਲਾਚਰਨ ਦਾ ਸਹੀ ਉਚਾਰਨ ਹੋਣਾ ਚਾਹੀਦਾ ਸੀ ‘‘ ਸਤਿ ਗੁਰ ਪ੍ਰਸਾਦਿ ’’

ਗੁਰਬਾਣੀ ਵਿਆਕਰਨ ਦੇ ਤੌਰ ’ਤੇ ਵੇਖੀਏ ਤਾਂ ਗੁਰਬਾਣੀ ’ਚ ਹਰ ਵਾਰ ਆਏ ਸ਼ਬਦ ‘ਗੁਰ ਪ੍ਰਸਾਦਿ’ ਨੂੰ ਵੀ ਪਦ ਛੇਦ ਕਰਕੇ ‘‘ ਸਤਿ ਗੁਰ ਪ੍ਰਸਾਦਿ ’’ ਲਿਖਿਆ ਜਾਣਾ ਚਾਹੀਦਾ ਹੈ ਕਿਉਂਕਿ ਵਿਆਕਰਨ ਅਨੁਸਾਰ ਕਿਸੇ ਸ਼ਬਦ ਦੇ ਕਾਰਕੀ ਅਰਥ ਦਾ, ਦੇ, ਦੀ, ਰਾਹੀਂ, ਦੁਆਰਾ ਆਦਿਕ ਕੇਵਲ ਉਸੇ ਬਣਤਰ ’ਚੋਂ ਨਿਕਲਦੇ ਹਨ ਜਦੋਂ ਇਸ ਦਾ ਅੰਤਲਾ ਅੱਖਰ ਮੁਕਤਾ ਜਾਂ ਸਿਹਰੀ ਸਹਿਤ ਹੋਵੇ; ਜਿਵੇਂ ਕਿ ‘ਗੁਰ ਪ੍ਰਸਾਦਿ’ ਵਿੱਚ ‘ਰ’ ਅੱਖਰ ਮੁਰਤਾ ਹੈ।

ਸੰਖੇਪ ਰੂਪ ’ਚ ਸਭ ਤੋਂ ਵੱਧ ਵਾਰ ਦਰਜ ਹੋਣ ਕਰਕੇ ਅਤੇ ਚਿਰਾਂ ਤੋਂ ਪਾਠੀ ਇਸ (ਸਤਿਗੁਰ ਪ੍ਰਸਾਦਿ) ਨੂੰ ਵੇਖ ਕੇ ਇਸੇ ਤਰ੍ਹਾਂ ਉਚਾਰਨ ਕਰਦੇ ਰਹੇ ਅਤੇ ਸੰਗਤ ਸੁਣਦੀ ਆ ਰਹੀ ਹੈ, ਇਸ ਲਈ ਸਭ ਦੀ ਜ਼ਬਾਨ ’ਤੇ ‘‘ ਸਤਿਗੁਰ ਪ੍ਰਸਾਦਿ ’’  ਉਚਾਰਨ ਚੜ੍ਹ ਗਿਆ ਹੈ ਤੇ ਜੇ ਕੋਈ ਚਾਹ ਕੇ ਵੀ ਇਸ ਦਾ ਪਾਠ ‘‘ ਸਤਿ ਗੁਰ ਪ੍ਰਸਾਦਿ ’’ ਕਰਨਾ ਚਾਹੇ ਤਾਂ ਕਈ ਵਾਰ ਪਹਿਲਾਂ ਤੋਂ ਬਣੀ ਰਵਾਨਗੀ ’ਚ ‘‘ ਸਤਿਗੁਰ ਪ੍ਰਸਾਦਿ ’’ ਪਾਠ ਹੀ ਕਰ ਜਾਂਦਾ ਹੈ। ਪਦ ਛੇਦ ਕਰਦੇ ਸਮੇਂ ਕੇਵਲ ਇੱਥੇ ਹੀ ਉਕਾਈ ਨਹੀਂ ਰਹੀ ਬਲਕਿ ਹੋਰ ਵੀ ਕਈ ਥਾਂ ਇਸੇ ਤਰ੍ਹਾਂ ਹੋਇਆ ਹੈ। ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਵਿਦਵਾਨਾਂ ਦਾ ਪੈਨਲ ਬਣਾ ਕੇ ਹੋਈਆ ਇਨ੍ਹਾਂ ਸੁਭਾਵਕ ਮਨੁੱਖੀ ਗਲਤੀਆਂ ਨੂੰ ਸੁਧਾਰ ਲਿਆ ਜਾਵੇ।

ਪ੍ਰਸ਼ਨ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮੇਂ ਦੀ ਇਕਾਈ ਲਈ ਆਏ ਸ਼ਬਦ ‘ਘੜੀ’ ਦਾ ਕੀ ਅਰਥ ਹੈ ? ਕੀ ਸਾਨੂੰ ਇਸ ਦੀ ਮੂਲ ਇਕਾਈ ਬਾਰੇ ਪੱਕੀ ਜਾਣਕਾਰੀ ਮਿਲ ਸਕਦੀ ਹੈ ?

ਉੱਤਰ: ਸਮਾਂ ਮਿਣਨ ਦੇ ਭਾਰਤੀ ਤਰੀਕੇ ਅਨੁਸਾਰ 1 ਦਿਨ (ਦਿਨ+ਰਾਤ) ਵਿੱਚ 8 ਪਹਿਰ ਅਤੇ 60 ਘੜੀਆਂ ਹੁੰਦੀਆਂ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਵੀ ਬਚਨ ਹਨ ‘‘ਆਠ ਹੀ ਪਹਰ, ਸਾਠਿ ਘਰੀ ਮੈ; ਜਉ ਏਕ ਘਰੀ ਸਾਧ ਸਮਾਗਮੁ ਕਰੈ, ਨਿਜ ਘਰ ਜਾਤ ਹੈ 310’’ (ਭਾਈ ਗੁਰਦਾਸ ਜੀ/ਕਬਿੱਤ 310) ਇਸ ਗਣਿਤ ਮੁਤਾਬਕ ਇੱਕ ਪਹਿਰ ਦੀ ਔਸਤ ਲੰਬਾਈ ਬਣੀ 7.5 ਘੜੀਆਂ ਜਾਂ 3 ਘੰਟੇ ਜਾਂ 180 ਮਿੰਟ। ਜੇਕਰ 180 ਮਿੰਟਾਂ ਨੂੰ ਸਾਢੇ ਸੱਤ (7.5) ਪਹਿਰਾਂ ਉੱਤੇ ਵੰਡ ਲਈਏ ਤਾਂ ਇਕ ਘੜੀ ਦੀ ਔਸਤਨ ਲੰਬਾਈ ਬਣਦੀ ਹੈ : 24 ਮਿੰਟ।

ਧਿਆਨ ਰਹੇ ਕਿ ਗਰਮੀਆਂ ’ਚ ਦਿਨ ਵੱਡੇ ਤੇ ਰਾਤਾਂ ਛੋਟੀਆਂ ਹੁੰਦੀਆਂ ਹਨ, ਇਸ ਲਈ ਘੜੀ ਦਾ ਉਕਤ ਸਮਾਂ ਵੀ ਵਧਦਾ-ਘਟਦਾ ਰਹਿੰਦਾ ਹੈ; ਜਿਵੇਂ ਕਿ

ਦਿਨ ਦੇ 4 ਪਹਿਰਾਂ ਦਾ ਸਮਾਂ; ਸਵੇਰੇ ਸੂਰਜ ਚੜ੍ਹਨ ਤੋਂ ਸ਼ਾਮ ਨੂੰ ਸੂਰਜ ਛਿਪਣ ਤੱਕ ਹੁੰਦਾ ਹੈ ਤੇ ਰਾਤ ਦੇ 4 ਪਹਿਰਾਂ ਦਾ ਸਮਾਂ; ਸੂਰਜ ਛਿਪਣ ਤੋਂ ਅਗਲੇ ਦਿਨ ਸਵੇਰੇ ਸੂਰਜ ਚੜ੍ਹਨ ਤੱਕ ਹੁੰਦਾ ਹੈ, ਜੋ ਹਰ ਦਿਨ ਬਦਲਦਾ ਰਹਿੰਦਾ ਹੈ। ਗਰਮੀ ਦੇ ਦਿਨ 14 ਘੰਟਿਆਂ ਤੋਂ ਵੀ ਕੁਝ ਮਿੰਟ ਵਧ ਜਾਂਦੇ ਹਨ ਅਤੇ ਰਾਤਾਂ 10 ਘੰਟਿਆਂ ਤੋਂ ਵੀ ਕੁਝ ਮਿੰਟ ਘਟ ਜਾਂਦੀਆਂ ਹਨ। ਹੁਣ ਜੂਨ ਮਹੀਨੇ ਨੂੰ ਲਈਏ ਤਾਂ ਹਰ ਦਿਨ 14 ਘੰਟਿਆਂ ਦਾ ਹੈ ਭਾਵ 4 ਪਹਿਰ= 14 ਘੰਟੇ; ਇਉਂ 1 ਪਹਿਰ= 3 ਘੰਟੇ 30 ਮਿੰਟ (ਜਾਂ 210 ਮਿੰਟ) ਬਣ ਗਿਆ। ਇਨ੍ਹਾਂ 210 ਮਿੰਟਾਂ ਨੂੰ ਜੇਕਰ 7.5 (ਇੱਕ ਪਹਿਰ ਦੀਆਂ ਘੜੀਆਂ) ’ਤੇ ਵੰਡੀਏ ਤਾਂ ਇੱਕ ਘੜੀ ਦਾ ਸਮਾਂ ਹੋਇਆ 28 ਮਿੰਟ। ਰਾਤ ਦੇ 4 ਪਹਿਰਾਂ ’ਚ 10 ਘੰਟੇ ਰਹਿ ਗਏ, ਜਿਸ ਮੁਤਾਬਕ ਇੱਕ ਪਹਿਰ ਦਾ ਸਮਾਂ ਬਣਿਆ 2 ਘੰਟੇ 30 ਮਿੰਟ (ਜਾਂ 150 ਮਿੰਟ), ਇਨ੍ਹਾਂ 150 ਮਿੰਟਾਂ ਨੂੰ 7.5 ’ਤੇ ਵੰਡੀਏ ਤਾਂ ਇੱਕ ਘੜੀ ਦਾ ਸਮਾਂ ਬਣਿਆ 20 ਮਿੰਟ ਯਾਨੀ ਜੂਨ ਮਹੀਨੇ ’ਚ ਦਿਨ ਦੇ ਸਮੇਂ ਹਰ ਘੜੀ; 28 ਮਿੰਟ ਦੀ ਅਤੇ ਇੱਕ ਪਹਿਰ; ਸਾਢੇ ਤਿੰਨ ਘੰਟਿਆਂ ਦਾ ਅਤੇ ਰਾਤ ਦੇ ਸਮੇਂ ਹਰ ਘੜੀ 20 ਮਿੰਟ ਦੀ ਤੇ ਇੱਕ ਪਹਿਰ; ਢਾਈ ਘੰਟਿਆਂ ਦਾ ਬਣਦਾ ਹੈ। ਇਸ ਦੇ ਬਿਲਕੁਲ ਉਲ਼ਟ; ਸਰਦੀਆਂ (ਦਸੰਬਰ ਜਨਵਰੀ) ’ਚ ਦਿਨ ਬਹੁਤ ਛੋਟੇ ਅਤੇ ਰਾਤਾਂ ਬਹੁਤ ਲੰਬੀਆਂ ਹੁੰਦੀਆਂ ਹਨ, ਜਿਸ ਕਾਰਨ ਦਿਨ ਸਮੇਂ ਦੇ ਪਹਿਰ ਤੇ ਘੜੀਆਂ ਛੋਟੀਆਂ ਹੋਣਗੀਆਂ ਅਤੇ ਰਾਤ ਸਮੇਂ ਦੀਆਂ ਘੜੀਆਂ ਤੇ ਪਹਿਰ;  ਵੱਡੇ ਹੋਣਗੇ।

ਪ੍ਰਸ਼ਨ : ਅਰਦਾਸ ਕਰ ਰਿਹਾ ਅਰਦਾਸੀਆ ਸਿੰਘ, ਜਿਸ ਸਮੇਂ ਇਹ ਸ਼ਬਦ ਬੋਲੇ ‘ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ;  ਆਪ ਜੀ ਭੋਗ ਲਾਓ’ ਕੀ ਉਸੇ ਸਮੇਂ ਕੜਾਹ ਪ੍ਰਸ਼ਾਦ ਨੂੰ ਕਿਰਪਾਨ ਭੇਂਟ ਕਰਨੀ ਜ਼ਰੂਰੀ ਹੈ ?

ਉੱਤਰ : ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ‘ਆਪ ਜੀ ਭੋਗ ਲਾਵੋ ਜਾਂ ਆਪ ਜੀ ਨੂੰ ਭੋਗ ਲੱਗੇ’ ਸ਼ਬਦ ਬੋਲੇ ਜਾਣਾ ਹੀ ਗ਼ਲਤ ਹੈ ਕਿਉਂਕਿ ਭੋਗ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਲਾਏ ਜਾਂਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ। ਸਹੀ ਸ਼ਬਦ ਇਹ ਹੋਣੇ ਚਾਹੀਦੇ ਹਨ ‘ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਪ੍ਰਵਾਨ ਹੋਵੇ ਅਤੇ ਪ੍ਰਵਾਨ ਹੋਇਆ ਪ੍ਰਸ਼ਾਦ; ਸਾਧ ਸੰਗਤ ’ਚ ਵਰਤਾਉਣ ਦੀ ਆਗਿਆ ਬਖ਼ਸ਼ੋ ਜੀ’।

ਦੂਸਰੀ ਗੱਲ ਕਿਰਪਾਨ ਕਿਸ ਸਮੇਂ ਭੇਟ ਕੀਤੀ ਜਾਵੇ ਇਸ ਸੰਬੰਧੀ ਸਿੱਖ ਰਹਿਤ ਮਰਯਾਦਾ ’ਚ ‘ਕੜਾਹ ਪ੍ਰਸ਼ਾਦ’ ਸਿਰਲੇਖ ਹੇਠ ਮਦ (ਅ) ਦੀਆਂ ਅੰਤਲੀਆਂ ਲਾਈਨਾਂ ਇਸ ਤਰ੍ਹਾਂ ਹਨ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਉੱਚੀ ਆਵਾਜ਼ ’ਚ ਸੁਣਾ ਕੇ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਇਕ ਅੰਤਲੀ ਪਉੜੀ ਦਾ ਪਾਠ ਕਰਕੇ ਅਰਦਾਸਾ ਸੋਧਿਆ ਜਾਵੇ ਤੇ ਪ੍ਰਵਾਨਗੀ ਲਈ ਕਿਰਪਾਨ ਭੇਟ ਹੋਵੇ’।

ਸੋ ਮਰਿਆਦਾ ਵਿੱਚ ਕਿਧਰੇ ਨਹੀਂ ਲਿਖਿਆ ਕਿ ਕਿਰਪਾਨ ਉਸੇ ਸਮੇਂ ਭੇਟ ਕੀਤੀ ਜਾਵੇ ਜਿਸ ਸਮੇਂ ਅਰਦਾਸੀਏ ਦੇ ਮੂਹੋਂ ਇਹ ਸ਼ਬਦ ਬੋਲੇ ਜਾਣ ‘ਆਪ ਜੀ ਭੋਗ ਲਾਵੋ’ ਜਾਂ ‘ਪ੍ਰਵਾਨਗੀ ਬਖ਼ਸ਼ੋ ਜੀ’। ਇਸ ਲਈ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ਸੁਣਨ ਉਪਰੰਤ ਕਿਰਪਾਨ ਭੇਟ ਕਰਨੀ ਚਾਹੀਦੀ ਹੈ। ਕਾਰਨ ਇਹ ਹੈ ਕਿ ਸਿੱਖ ਹਰ ਕਾਰਜ ਦੀ ਅਰੰਭਤਾ ਤੋਂ ਪਹਿਲਾਂ ਅਰਦਾਸ ਕਰਕੇ ਹੁਕਮਨਾਮਾ ਸੁਣਦਾ ਹੈ; ਉਸ ਤੋਂ ਬਾਅਦ ਕਾਰਜ ਦੀ ਅਰੰਭਤਾ ਕੀਤੀ ਜਾਂਦੀ ਹੈ। ਜਿਵੇਂ ਕਿ ਲੜਕੇ ਲੜਕੀ ਦੇ ਅਨੰਦ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ ਫਿਰ ਹੁਕਮਨਾਮਾ ਲੈ ਕੇ ਤਾਬਿਆ ਬੈਠਾ ਗ੍ਰੰਥੀ ਸਿੰਘ ਲੜਕੀ ਦੇ ਪਿਤਾ ਨੂੰ ਆਖਦਾ ਹੈ ਕਿ ਲੜਕੇ ਦਾ ਪੱਲਾ ਲੜਕੀ ਹੱਥ ਫੜਾਵੇ। ਉਸ ਤੋਂ ਬਾਅਦ ਹੀ ਲਾਵਾਂ ਦਾ ਪਾਠ ਭਾਵ ਅਨੰਦ ਕਾਰਜ ਦੀ ਮਰਿਆਦਾ ਨਿਭਾਉਣੀ ਸ਼ੁਰੂ ਕੀਤੀ ਜਾਂਦੀ ਹੈ, ਨਾ ਕਿ ਉਸੇ ਸਮੇਂ ਇਹ ਸਾਰੇ ਕਾਰਜ ਆਰੰਭ ਹੋ ਜਾਂਦੇ ਹਨ ਜਦੋਂ ਅਰਦਾਸੀਆ ਸਿੰਘ ਅਰਦਾਸ ’ਚ ਬੋਲਦਾ ਹੈ ਕਿ ‘ਅਨੰਦ ਕਾਰਜ ਦੀ ਮਰਿਆਦਾ ਨਿਭਾਉਣ ਦੀ ਆਗਿਆ ਬਖ਼ਸ਼ੀ ਜਾਵੇ ਜੀ’।

ਦੂਸਰੀ ਮਿਸਾਲ ਹੈ ਕਿ ਕਿਸੇ ਬਿਲਡਿੰਗ ਦੀ ਉਸਾਰੀ ਅਰੰਭ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਅਰਦਾਸ ਕਰਕੇ ਹੁਕਮਨਾਮਾ ਲਿਆ ਜਾਂਦਾ ਹੈ। ਹੁਕਮਨਾਮਾ ਸੁਣਨ ਉਪਰੰਤ ਬਾਹਰ ਜਾ ਕੇ ਬਿਲਡਿੰਗ ਦੀ ਉਸਾਰੀ ਲਈ ਪੰਜ ਸਿੰਘ ਨੀਂਹ ਵਿੱਚ ਪੱਥਰ ਜਾਂ ਪੰਜ ਇੱਟਾਂ ਦੀ ਚਿਣਾਈ ਕਰਦੇ ਹਨ, ਜਿਸ ਤੋਂ ਬਾਅਦ ਰਾਜ ਮਿਸਤਰੀ ਚਿਣਾਈ ਸ਼ੁਰੂ ਕਰਦਾ ਹੈ। ਇੱਥੇ ਵੀ ਪੰਜ ਸਿੰਘ ਜਾਂ ਰਾਜ ਮਿਸਤਰੀ ਉਸੇ ਸਮੇਂ ਨੀਂਹ ਦੀ ਚਿਣਾਈ ਸ਼ੁਰੂ ਨਹੀਂ ਕਰ ਦਿੰਦੇ, ਜਿਸ ਸਮੇਂ ਅਰਦਾਸੀਏ ਸਿੰਘ ਦੇ ਮੂਹੋਂ ਨੀਂਹ ਰੱਖੇ ਜਾਣ ਦੇ ਸ਼ਬਦ ਬੋਲੇ ਗਏ ਹੋਣ।

ਠੀਕ ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਵੀ ਕਿਰਪਾਨ ਭੇਟ ਉਸੇ ਸਮੇਂ ਨਹੀਂ ਕਰਨੀ ਬਣਦੀ ਹੈ, ਜਦ ਅਰਦਾਸੀਏ ਸਿੰਘ ਦੇ ਮੂਹੋਂ ‘ਆਪ ਜੀ ਭੋਗ ਲਾਵੋ ਜਾਂ ਪ੍ਰਵਾਨਗੀ ਦੇ ਸ਼ਬਦ ਬੋਲੇ ਜਾਣ’ ਬਲਕਿ ਬਿਹਤਰ ਤਾਂ ਇਹੀ ਹੋਵੇਗਾ ਹੁਕਮਨਾਮਾ ਸੁਣਨ ਉਪਰੰਤ ਹੀ ਪ੍ਰਵਾਨਗੀ ਲਈ ਕਿਰਪਾਨ ਭੇਟ ਕੀਤੀ ਜਾਵੇ।

ਪ੍ਰਸ਼ਨ : ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ‘ਮੀਣੇ, ਮਸੰਦ, ਧੀਰ ਮੱਲੀਏ, ਰਾਮਰਾਈਏ, ਨੜੀਮਾਰ, ਕੁੜੀਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖ਼ਾਹੀਆ ਹੋ ਜਾਂਦਾ ਹੈ।’ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ ?

ਉੱਤਰ : ਮੀਣੇ = ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨਕੋਸ਼ ’ਚ ਮੀਣੇ ਦਾ ਅਰਥ ਹੈ ‘ਕਪਟੀ’, ਜੋ ਮਨ ਦੇ ਛਲ ਨੂੰ ਪ੍ਰਗਟ ਨਾ ਹੋਣ ਦੇਵੇ। ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਇਹ ਉਪਾਧੀ ਦਿੱਤੀ ਸੀ ਕਿਉਂਕਿ ਗੁਰਗੱਦੀ ਹਥਿਆਉਣ ਲਈ ਉਹ ਸਦਾ ਕਪਟ ਵਿਹਾਰ ਕਰਦੇ ਰਹੇ। ਪ੍ਰਿਥੀ ਚੰਦ ਨੂੰ ਗੁਰੂ ਮੰਨਣ ਵਾਲੇ ਸਿੱਖ ਵੀ ਮੀਣੇ ਅਖਵਾਉਂਦੇ ਹਨ, ਨਾ ਕਿ ਕੇਵਲ ਪ੍ਰਿਥੀ ਚੰਦ ਦੀ ਵੰਸਜ਼ ਦੇ ਲੋਕ ਹੀ।

ਮਸੰਦ: ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਪਾਸਾਰ ਅਤੇ ਗੁਰੂ ਦਾ ਦਸਵੰਧ; ਸੰਗਤਾਂ ਪਾਸੋਂ ਇਕੱਤਰ ਕਰਕੇ ਗੁਰੂ ਘਰ ਪਹੁੰਚਾਉਣ ਲਈ ‘ਮਸੰਦ’ ਥਾਪੇ ਸਨ। ਸ਼ੁਰੂ ਵਿੱਚ ਇਨ੍ਹਾਂ ਦਾ ਪ੍ਰਚਾਰ ’ਚ ਵਿਸ਼ੇਸ਼ ਸਥਾਨ ਰਿਹਾ, ਜਿਸ ਕਾਰਨ ਇਨ੍ਹਾਂ ਦਾ ਚੰਗਾ ਮਾਣ ਸਤਿਕਾਰ ਹੁੰਦਾ ਸੀ, ਪਰ ਸਮਾਂ ਪਾ ਕੇ ਸੰਗਤਾਂ ਦੀ ਦਸਵੰਧ ਭੇਟਾ; ਖਾਣ ਦੀ ਇਨ੍ਹਾਂ ਨੂੰ ਆਦਤ ਪੈਣ ਕਾਰਨ ਆਚਰਨ ਵਿੱਚ ਬਹੁਤ ਗਿਰਾਵਟ ਆ ਗਈ, ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਆਚਰਨਹੀਨ ਮਸੰਦਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ। ਪ੍ਰਚਲਿਤ ਕਥਾਵਾਂ ਅਨੁਸਾਰ ਨਾ ਸੁਧਰਨ ਵਾਲੇ ਮਸੰਦਾਂ ਨੂੰ ਗੁਰੂ ਜੀ ਵੱਲੋਂ ਤੇਲ ਦੇ ਗਰਮ ਕੜਾਹੇ ਵਿੱਚ ਸੁੱਟ ਕੇ ਸਾੜਿਆ ਗਿਆ। ਅੱਜ ਵੀ ਗੁਰੂ ਦੀ ਗੋਲਕ ਦਾ ਦੁਰਪ੍ਰਯੋਗ ਕਰਨ  ਵਾਲ਼ਿਆਂ ਨੂੰ ਅਤੇ ਮਨਮਤਿ ਦਾ ਪ੍ਰਚਾਰ ਕਰਨ ਵਾਲ਼ੇ ਸਿੱਖਾਂ ਨੂੰ ਮਸੰਦਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ।

ਧੀਰਮੱਲੀਏ : ਧੀਰਮੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ, ਬਾਬਾ ਗੁਰਦਿੱਤਾ ਜੀ ਦਾ ਪੁੱਤਰ, 7ਵੇਂ ਗੁਰੂ ਹਰਿਰਾਇ ਸਾਹਿਬ ਜੀ ਦਾ ਵੱਡਾ ਭਰਾ, 8ਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਤਾਇਆ ਅਤੇ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਤੀਜਾ ਲੱਗਦਾ ਸੀ। ਬਾਬਾ ਪ੍ਰਿਥੀ ਚੰਦ ਦੀ ਤਰ੍ਹਾਂ ਇਸ ਨੇ ਵੀ ਗੁਰਗੱਦੀ ਹਥਿਆਉਣ ਲਈ ਪਹਿਲਾਂ ਗੁਰੂ ਹਰਿਰਾਇ ਸਾਹਿਬ ਜੀ ਦਾ ਵਿਰੋਧ ਕੀਤਾ। ਅਸਫਲ ਰਹਿਣ ਪਿੱਛੋਂ ਗੁਰੂ ਹਰਿਕ੍ਰਿਸ਼ਨ ਜੀ ਦੇ ਵਿਰੋਧ ’ਚ ਬਾਬਾ ਰਾਮਰਾਇ ਦੀ ਮਦਦ ਕੀਤੀ ਅਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਖ਼ਤ ਵਿਰੋਧ ਕਰਦਿਆਂ ਉਨ੍ਹਾਂ ’ਤੇ ਗੋਲ਼ੀ ਚਲਾਈ, ਜਿਸ ਦੀ ਮਾਰ ਤੋਂ ਗੁਰੂ ਤੇਗ ਬਹਾਦਰ ਜੀ ਵਾਲ਼ ਵਾਲ਼ ਬਚੇ। ਅੱਜ ਕੱਲ੍ਹ ਇਸੇ ਦੀ ਬੰਸ ਦੇ ਸੋਢੀ ਕਰਤਾਰਪੁਰ ਵਿਖੇ ਹਨ। ਜੋ ਰਾਮਰਾਇ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਆਪਣੇ ਮਤਲਬ ਲਈ ਗੁਰੂ ਗ੍ਰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਦੀ ਟੇਕ ਲੈਂਦੇ ਹਨ।           

ਰਾਮਰਾਈਏ : ਬਾਬਾ ਰਾਮਰਾਇ; ਗੁਰੂ ਹਰਿਰਾਇ ਸਾਹਿਬ ਜੀ ਦੇ ਵੱਡੇ ਪੁੱਤਰ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਸਨ। ਔਰੰਗਜ਼ੇਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ’ਚ ਮੁਸਲਮਾਨਾਂ ਵਿਰੁਧ ਲਿਖਿਆ ਹੈ, ਜਿਸ ਕਾਰਨ ਔਰੰਗਜ਼ੇਬ ਨੇ ਗੁਰੂ ਹਰਿਰਾਇ ਜੀ ਨੂੰ ਦਿੱਲੀ ਬੁਲਾਇਆ। ਗੁਰੂ ਜੀ ਨੇ ਬਾਬਾ ਰਾਮਰਾਇ ਜੀ ਨੂੰ ਆਪਣੀ ਥਾਂ ਭੇਜਿਆ। ਜਦ ਔਰੰਗਜ਼ੇਬ ਨੇ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ‘‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਆਰ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ’’ (ਆਸਾ ਕੀ ਵਾਰ 1/466) ਲਿਖ ਕੇ ਮੁਸਲਮਾਨਾਂ ਦੀ ਤੌਹੀਨ ਕੀਤੀ ਹੈ ਤਾਂ ਰਾਮਰਾਇ ਨੇ ਆਪਣਾ ਪ੍ਰਭਾਵ ਬਣਾਏ ਰੱਖਣ ਲਈ ਕਿਹਾ ਕਿ ਮੁਸਲਮਾਨ ਸ਼ਬਦ ਦੀ ਥਾਂ ਸ਼ਬਦ ਬੇਈਮਾਨ ਹੈ। ਲਿਖਾਰੀ ਦੀ ਗਲਤੀ ਨਾਲ ਸ਼ਬਦ ਮੁਸਲਮਾਨ ਲਿਖਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਬਦਲਣ ਦੇ ਦੋਸ਼ ਕਾਰਨ ਗੁਰੂ ਹਰਿਰਾਇ ਸਾਹਿਬ; ਬਾਬਾ ਰਾਮਰਾਇ ਨਾਲ ਸਖ਼ਤ ਨਾਰਾਜ਼ ਹੋ ਗਏ ਤੇ ਉਨ੍ਹਾਂ ਨੂੰ ਮੂੰਹ ਨਾ ਦਿਖਾਉਣ ਲਈ ਕਿਹਾ। ਸੋ ਬਾਬਾ ਰਾਮਰਾਇ ਪੰਜਾਬ ਆਉਣ ਦੀ ਥਾਂ ਉੱਤਰਾਖੰਡ ਵੱਲ ਚਲੇ ਗਏ, ਜਿੱਥੇ ਔਰੰਗਜ਼ੇਬ ਨੇ ਉਨ੍ਹਾਂ ਨੂੰ ਰਹਿਣ ਲਈ ਇਕ ਪਿੰਡ ਦੀ ਜਾਗੀਰ ਦੇ ਦਿੱਤੀ। ਰਾਮਰਾਇ ਨੇ ਉੱਥੇ ਆਪਣਾ ਦੇਹਰਾ ਬਣਾਇਆ, ਜਿਸ ਕਾਰਨ ਉਸ ਕਸਬੇ ਦਾ ਨਾਮ ਦੇਹਰਾਦੂਨ ਮਸ਼ਹੂਰ ਹੋਇਆ। ਗੁਰੂ ਹਰਿਰਾਇ ਜੀ ਨੇ ਆਪਣੇ ਛੋਟੇ ਪੁੱਤਰ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪੀ ਤਾਂ ਰਾਮਰਾਇ ਨੇ ਵਿਰੋਧ ਕਰਦਿਆਂ ਔਰੰਗਜ਼ੇਬ ਅੱਗੇ ਆਪਣਾ ਹੱਕ ਪੇਸ਼ ਕੀਤਾ ਪਰ ਸਫਲ ਨਾ ਹੋ ਸਕਿਆ। ਰਾਮਰਾਇ ਦੇ ਚੇਲਿਆਂ ਨੂੰ ਰਾਮਰਾਈਏ ਦਾ ਖਿਤਾਬ ਦਿੱਤਾ ਗਿਆ ਹੈ।

ਨੜੀਮਾਰ : ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨਕੋਸ਼ ਅਨੁਸਾਰ ਨੜੀਮਾਰ ਦਾ ਅਰਥ ਹੈ ‘ਹੁੱਕੇ ਦੀ ਨੜੀ ਵਜਾਉਣ ਵਾਲਾ/ ਹੁੱਕਾ ਪੀਣ ਵਾਲਾ’।

ਕੁੜੀਮਾਰ : ਕੁੜੀ ਮਾਰਨ ਵਾਲਾ। ਪੁਰਾਣੇ ਸਮੇਂ ਵਿੱਚ ਲੋਕ ਕੁੜੀ ਨੂੰ ਮਾਰ ਦਿੰਦੇ ਸਨ ਤਾਂ ਕਿ ਖਰਚੇ ਤੋਂ ਬਚੇ ਰਹਿਣ ਤੇ ਕਿਸੇ ਨੂੰ ਆਪਣਾ ਦਾਮਾਦ ਨਾ ਬਣਾਉਣਾ ਪਵੇ।

ਸਿਰਗੁੰਮ :  ਜੈਨੀਆਂ ਵਾਙ ਜਿਸ ਨੇ ਆਪਣੇ ਸਿਰ ਦੇ ਵਾਲ਼ ਪੁਟਵਾ ਲਏ ਜਾਂ ਸਿਰ ਮੁਨਾ ਕੇ ਰੋਡਾ ਘੋਡਾ ਬਣ ਗਿਆ। ਅਸਲ ਵਿੱਚ ਸਿੰਘਮਤ ’ਚ ਸਿਰਗੁੰਮ ਉਹ ਹੈ, ਜਿਸ ਨੇ ਅੰਮ੍ਰਿਤ ਛਕਣ ਤੋਂ ਬਾਅਦ ਸਿਰ ਮੁਨਵਾ ਲਿਆ।

ਪ੍ਰਸ਼ਨ : ਸੰਗਤ ’ਚ ਕਥਾ ਕੌਣ ਕਰ ਸਕਦਾ ਹੈ ਅਤੇ ਕਿਸ ਗ੍ਰੰਥ ਜਾਂ ਪੁਸਤਕ ’ਚੋਂ ਕੀਤੀ ਜਾਣੀ ਚਾਹੀਦੀ ਹੈ।

ਉੱਤਰ : ਸਿੱਖ ਰਹਿਤ ਮਰਯਾਦਾ ਅਨੁਸਾਰ (ੳ) ਸੰਗਤ ਵਿਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ।

(ਅ) ਕਥਾ ਦਾ ਮਨੋਰਥ ਗੁਰਮਤਿ ਦ੍ਰਿੜ੍ਹਾਉਣਾ ਹੀ ਹੋਵੇ।

(ੲ) ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨੁਕੂਲ ਹੋਣ) ਦੀ ਹੋ ਸਕਦੀ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ।

ਪ੍ਰਸ਼ਨ : ਸਿੱਖ ਰਹਿਤ ਮਰਯਾਦਾ ਮੁਤਾਬਕ ਗੁਰਦੁਆਰੇ ’ਚ ਸੰਗਤ ਦਾ ਪ੍ਰੋਗਰਾਮ ਕਿਵੇਂ ਦਾ ਹੋਣਾ ਚਾਹੀਦਾ ਹੈ।

ਉੱਤਰ : ਗੁਰਦੁਆਰੇ ਵਿਚ ਸੰਗਤ ਦਾ ਪ੍ਰੋਗਰਾਮ ਸਿਰਲੇਖ ਹੇਠ ਇਸ ਤਰ੍ਹਾਂ ਲਿਖਿਆ ਹੈ, ‘ਗੁਰਦੁਆਰੇ ਵਿਚ ਸੰਗਤ ਦਾ ਪ੍ਰੋਗਰਾਮ ਆਮ ਤੌਰ ’ਤੇ ਇਉਂ ਹੁੰਦਾ ਹੈ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਕੀਰਤਨ, ਕਥਾ, ਵਖਿਆਨ, ਅਨੰਦ ਸਾਹਿਬ, ਅਰਦਾਸ, ਫ਼ਤਹ, ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ਹੁਕਮ’।

1 COMMENT

Comments are closed.