ਚਮਤਕਾਰੀ ਚਕੰਦਰ

0
566

ਚਮਤਕਾਰੀ ਚਕੰਦਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਅਫ਼ਰੀਕਾ, ਏਸ਼ੀਆ ਤੇ ਯੂਰਪ ਦੇ ਇਲਾਕੇ ਵਿਚ ਪੱਥਰਯੁਗ ਸਮੇਂ ਤੋਂ ਹੀ ਚਕੰਦਰ ਉੱਗਦਾ ਰਿਹਾ ਹੈ। ਨੇਪੋਲੀਅਨ ਨੇ ਪਹਿਲੀ ਵਾਰ ਚਕੰਦਰ ਨੂੰ ਖੰਡ ਦੀ ਤਰ੍ਹਾਂ ਵਰਤਣਾ ਸ਼ੁਰੂ ਕੀਤਾ।

ਹਕੀਕਤ ਵੀ ਇਹੀ ਹੈ, ਜਿੰਨੀਆਂ ਵੀ ਕਿਸਮਾਂ ਦੀਆਂ ਸਬਜ਼ੀਆਂ ਹਨ, ਉਨ੍ਹਾਂ ਸਾਰੀਆਂ ਵਿੱਚੋਂ ਸਭ ਤੋਂ ਵੱਧ ਖੰਡ ਦੀ ਮਾਤਰਾ ਚਕੰਦਰ ਵਿਚ ਹੀ ਹੈ।  ਇਸ ਵਿਚ ਕਾਰਬੋਹਾਈਡਰੇਟ ਵੀ ਕਾਫ਼ੀ ਭਰਿਆ ਪਿਆ ਹੈ।

ਇਸ ਦੇ ਨਾਲ-ਨਾਲ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਬੀ ਤੇ ਫੋਲੇਟ ਵੀ ਹੈ। ਇਸੇ ਲਈ ਚਕੰਦਰ ਪੱਠਿਆਂ, ਨਸਾਂ, ਹੱਡੀਆਂ, ਜਿਗਰ, ਗੁਰਦੇ ਤੇ ਪੈਨਕਰੀਆਜ਼ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਭਰੂਣ ਦੇ ਦਿਮਾਗ਼ ਲਈ ਵੀ ਲਾਹੇਵੰਦ ਹੈ।

ਚਕੰਦਰ ਵਿਚ ਬੀਟੇਨ ਭਰਿਆ ਪਿਆ ਹੈ, ਜੋ ਸੈੱਲਾਂ, ਪ੍ਰੋਟੀਨ ਤੇ ਐਨਜ਼ਾਈਮ ਰਸਾਂ ਨੂੰ ਤਰੋਤਾਜ਼ਾ ਰੱਖਦਾ ਹੈ, ਵੱਖੋ-ਵੱਖ ਅੰਗਾਂ ਦੇ ਕੰਮ ਕਾਰ ਸਹੀ ਕਰਦਾ ਹੈ ਤੇ ਲਹੂ ਦੀਆਂ ਨਾੜੀਆਂ ਦੀ ਰਵਾਨੀ ਵੀ ਠੀਕ ਕਰਦਾ ਹੈ।  ਬੀਮਾਰੀ ਕਰਨ ਵਾਲੇ ਤੱਤਾਂ ਨੂੰ ਖ਼ਤਮ ਕਰਨ ਵਿਚ ਵੀ ਮਦਦ ਕਰਦਾ ਹੈ।

ਦੁਨੀਆ ’ਚ ਚੋਟੀ ਦੇ ਸਿਹਤਮੰਦ ਖਾਣਿਆਂ ਵਿਚ ਚਕੰਦਰ ਦਾ ਨਾਂ ਸਿਰਫ਼ ਬੀਟੇਨ ਸਦਕਾ ਹੀ ਸ਼ਾਮਲ ਕੀਤਾ ਗਿਆ ਹੈ। ਦਿਲ ਨੂੰ ਸਿਹਤਮੰਦ ਰੱਖਣ ਤੇ ਕੈਂਸਰ ਦੇ ਸੈੱਲਾਂ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿਚ ਇਸ ਦੇ ਫ਼ਾਇਦੇ ਵੇਖੇ ਜਾ ਚੁੱਕੇ ਹਨ।

ਭਾਵੇਂ ਚਕੰਦਰ ਵਿਚ ਸ਼ੱਕਰ ਦੀ ਮਾਤਰਾ ਬਹੁਤ ਜ਼ਿਆਦਾ ਹੈ, ਫਿਰ ਵੀ ਸ਼ੱਕਰ ਰੋਗੀਆਂ ਨੂੰ ਹਫ਼ਤੇ ਵਿਚ ਦੋ ਜਾਂ ਤਿੰਨ ਵਾਰ ਇਕ ਚਕੰਦਰ ਜ਼ਰੂਰ ਖਾ ਲੈਣਾ ਚਾਹੀਦਾ ਹੈ ਤਾਂ ਜੋ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਤੋਂ ਫ਼ਾਇਦਾ ਲਿਆ ਜਾ ਸਕੇ।

  1. ਬਲੱਡ ਪ੍ਰੈੱਸ਼ਰ ਘਟਾਉਣ ਵਿਚ ਰੋਲ :-

ਲੰਡਨ ਦੇ ਕੁਈਨ ਮੈਰੀ ਯੂਨੀਵਰਸਿਟੀ ਵਿਚ ਬਰਿਟਿਸ਼ ਹਾਰਟ ਫਾਊਂਡੇਸ਼ਨ ਵੱਲੋਂ ਡਾ. ਸ਼ੈਨਨ ਦੀ ਟੀਮ ਨੇ ਖੋਜ ਆਰੰਭੀ। ਇਸ ਵਿਚ ਉਨ੍ਹਾਂ ਖੁਲਾਸਾ ਕੀਤਾ ਕਿ ਰੋਜ਼ ਇਕ ਗਿਲਾਸ ਚਕੰਦਰ ਦਾ ਰਸ ਪੀਣ ਨਾਲ ਵਧੇ ਹੋਏ ਬਲੱਡ ਪ੍ਰੈੱਸ਼ਰ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਇਹ ਖੋਜ ਜਦੋਂ ਜਰਨਲ ਆਫ ਹਾਈਪਰਟੈਨਸ਼ਨ ਵਿਚ ਛਪੀ ਤਾਂ ਸਭ ਦੇ ਕੰਨ ਖੜ੍ਹੇ ਹੋ ਗਏ। ਖੋਜ ਜ਼ਬਰਦਸਤ ਤੱਥਾਂ ਉੱਤੇ ਆਧਾਰਿਤ ਸੀ। ਕੋਈ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ ਸੀ।

64 ਮਰੀਜ਼ ਜੋ 18 ਤੋਂ 85 ਸਾਲਾਂ ਦੇ ਸਨ, ਇਸ ਖੋਜ ਵਿਚ ਸ਼ਾਮਲ ਕੀਤੇ ਗਏ। ਇਨ੍ਹਾਂ ਵਿੱਚੋਂ ਅੱਧੇ ਬਲੱਡ ਪ੍ਰੈੱਸ਼ਰ ਘਟਾਉਣ ਦੀਆਂ ਦਵਾਈਆਂ ਖਾ ਰਹੇ ਸਨ ਪਰ ਫਿਰ ਵੀ ਉਨ੍ਹਾਂ ਦਾ ਬਹੁਤ ਜ਼ਿਆਦਾ ਵਧਿਆ ਹੋਇਆ ਬਲੱਡ ਪ੍ਰੈੱਸ਼ਰ ਨਾਰਮਲ ਨਹੀਂ ਹੋ ਰਿਹਾ ਸੀ । ਬਾਕੀ ਦੇ ਅੱਧਿਆਂ ਦਾ ਬਲੱਡ ਪ੍ਰੈੱਸ਼ਰ ਵੱਧ ਸੀ ਪਰ ਹਾਲੇ ਉਨ੍ਹਾਂ ਨੇ ਕੋਈ ਦਵਾਈ ਖਾਣੀ ਸ਼ੁਰੂ ਨਹੀਂ ਕੀਤੀ ਸੀ ।

ਇਨ੍ਹਾਂ ਸਾਰਿਆਂ ਨੂੰ ਬਿਨਾਂ ਕੁੱਝ ਦੱਸਿਆਂ ਰਲ਼ਾ ਮਿਲ਼ਾ ਕੇ ਅੱਧੋ ਅੱਧ ਗਰੁੱਪਾਂ ਵਿਚ ਵੰਡ ਦਿੱਤਾ ਗਿਆ ਤੇ ਇਕ ਗਰੁੱਪ ਨੂੰ ਰੋਜ਼ 250 ਮਿਲੀਲਿਟਰ ਚਕੰਦਰ ਦਾ ਰਸ ਪੀਣ ਲਈ ਦਿੱਤਾ ਗਿਆ। ਦੂਜੇ ਗਰੁੱਪ ਨੂੰ ਉਸੇ ਤਰ੍ਹਾਂ ਦੇ ਰੰਗ ਦਾ ਕੋਈ ਹੋਰ ਜੂਸ ਪੀਣ ਲਈ ਦਿੱਤਾ ਗਿਆ। ਨਾ ਮਰੀਜ਼ਾਂ ਨੂੰ ਤੇ ਨਾ ਹੀ ਡਾਕਟਰਾਂ ਨੂੰ ਇਹ ਪਤਾ ਸੀ ਕਿ ਕੌਣ ਕਿਹੜਾ ਜੂਸ ਪੀ ਰਿਹਾ ਹੈ। ਸਿਰਫ਼ ਜੂਸ ਵੰਡਣ ਵਾਲੇ ਚਾਰ ਬੰਦਿਆਂ ਨੇ ਹੀ ਇਸ ਦਾ ਲੁਕਵਾਂ ਰਿਕਾਰਡ ਰੱਖਿਆ।

ਚਾਰ ਹਫ਼ਤੇ ਰੋਜ਼ ਜੂਸ ਪਿਆਇਆ ਗਿਆ। ਜੂਸ ਪਿਲਾਉਣ ਤੋਂ ਦੋ ਹਫ਼ਤੇ ਪਹਿਲਾਂ ਤੋਂ ਲੈ ਕੇ ਦੋ ਹਫ਼ਤੇ ਬਾਅਦ ਤੱਕ ਰੋਜ਼ ਸਾਰਿਆਂ ਦਾ ਬਲੱਡ ਪ੍ਰੈੱਸ਼ਰ ਰਿਕਾਰਡ ਕੀਤਾ ਗਿਆ। ਯਾਨੀ ਪੂਰੇ 8 ਹਫ਼ਤੇ ਬਲੱਡ ਪ੍ਰੈੱਸ਼ਰ ਦਾ ਰਿਕਾਰਡ ਰੱਖਿਆ ਗਿਆ। ਜਿਹੜੇ ਚਾਰ ਹਫ਼ਤੇ ਚਕੰਦਰ ਦਾ ਜੂਸ ਦਿੱਤਾ ਗਿਆ ਸੀ, ਉਨ੍ਹਾਂ ਵਿੱਚੋਂ ਜਿੰਨੇ ਜਣਿਆਂ ਨੇ ਉਹ ਜੂਸ ਪੀਤਾ ਸੀ, ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਅੱਠ ਮਿਲੀਮੀਟਰ ਉੱਪਰਲਾ ਤੇ ਚਾਰ ਮਿਲੀਮੀਟਰ ਹੇਠਲਾ ਘੱਟ ਚੁੱਕਿਆ ਸੀ ਤੇ ਸਾਰਿਆਂ ਦਾ ਹੀ ਬਲੱਡ ਪ੍ਰੈੱਸ਼ਰ ਨਾਰਮਲ ਹੋ ਚੁੱਕਿਆ ਸੀ। ਜੂਸ ਪੀਣਾ ਬੰਦ ਕਰਨ ਬਾਅਦ ਤੋਂ ਦੋ ਹਫ਼ਤਿਆਂ ਦੇ ਅੰਦਰ-ਅੰਦਰ ਸਭ ਦਾ ਬਲੱਡ ਪ੍ਰੈੱਸ਼ਰ ਵਾਪਸ ਵਧਣ ਲੱਗ ਗਿਆ।

ਇਹ ਪਹਿਲੀ ਅਜਿਹੀ ਖੋਜ ਹੈ ਜਿਸ ਵਿਚ ਚਕੰਦਰ ਵਿਚਲੇ ਨਾਈਟਰੇਟ, ਜੋ ਕਿ ਸਰੀਰ ਅੰਦਰ ਨਾਈਟਰਿਕ ਆਕਸਾਈਡ ਵਿਚ ਤਬਦੀਲ ਹੋ ਜਾਂਦੇ ਹਨ, ਦੇ ਵਿਗਿਆਨਿਕ ਤਰੀਕੇ ਰਾਹੀਂ ਤੱਥ ਸਾਬਤ ਕੀਤੇ ਗਏ ਕਿ ਕੁਦਰਤੀ ਤਰੀਕੇ ਨਾਲ ਵੀ ਬਲੱਡ ਪ੍ਰੈੱਸ਼ਰ ਕਾਬੂ ਕੀਤਾ ਜਾ ਸਕਦਾ ਹੈ ਤੇ ਇਹ ਅਸਰ ਚਕੰਦਰ ਖਾਣਾ ਬੰਦ ਕਰਨ ਤੋਂ ਦੋ ਹਫ਼ਤੇ ਬਾਅਦ ਤੱਕ ਵੀ ਵੇਖਿਆ ਜਾ ਸਕਦਾ ਹੈ।

ਇਸ ਅਸਰ ਦੇ ਨਾਲੋ ਨਾਲ ਨਸਾਂ ਦਾ ਅਕੜਾਓ ਵੀ 10 ਫੀਸਦੀ ਘਟਿਆ ਦਿਸਿਆ ਤੇ ਦਿਲ ਦੀਆਂ ਨਸਾਂ ਖੁੱਲ੍ਹ ਵੀ ਗਈਆਂ ਜਿਸ ਨਾਲ ਐਨਜਾਈਨਾ ਦੀ ਪੀੜ ਵੀ ਘਟੀ ਹੋਈ ਮਿਲੀ।

ਜਿਨ੍ਹਾਂ ਨੇ ਚਕੰਦਰ ਦਾ ਰਸ ਨਹੀਂ ਪੀਤਾ ਸੀ, ਉਨ੍ਹਾਂ ਦੇ ਸਰੀਰ ਅੰਦਰ ਕੋਈ ਵੀ ਅਜਿਹਾ ਅਸਰ ਨਹੀਂ ਦਿਸਿਆ।

ਇਸ ਖੋਜ ਨੇ ਸਾਬਤ ਕਰ ਦਿੱਤਾ ਕਿ ਕੁਦਰਤੀ ਖਾਣੇ ਵੀ ਕਈ ਵਾਰ ਦਵਾਈਆਂ ਜਿੰਨਾ ਹੀ ਅਸਰ ਵਿਖਾ ਦਿੰਦੇ ਹਨ, ਬਸ਼ਰਤੇ ਕਿ ਇਨ੍ਹਾਂ ਨੂੰ ਸਿਆਣੇ ਡਾਕਟਰ ਦੀ ਸਲਾਹ ਨਾਲ ਲਿਆ ਜਾਵੇ।

  1. ਥਕਾਵਟ ਦੂਰ ਕਰਨ ਵਿਚ :-

ਕਸਰਤ ਕਰਨ ਤੋਂ ਪਹਿਲਾਂ 88 ਲੋਕਾਂ ਨੂੰ ਚਕੰਦਰ ਦਾ ਰਸ ਪਿਆਇਆ ਗਿਆ। ਇਹ ਵੇਖਣ ਵਿਚ ਆਇਆ ਕਿ ਇਸ ਵਿਚਲੀ ਸ਼ੱਕਰ ਦੀ ਮਾਤਰਾ ਤੇ ਨਾਈਟਰੇਟ ਸਦਕਾ 88 ਜਣਿਆਂ ਨੇ ਪਹਿਲਾਂ ਨਾਲੋਂ 16 ਫੀਸਦੀ ਵੱਧ ਕਸਰਤ ਕੀਤੀ।

ਨਾਈਟਰੇਟ ਤੋਂ ਨਾਈਟਰਿਕ ਆਕਸਾਈਡ ਵਿਚ ਤਬਦੀਲ ਹੁੰਦੇ ਸਾਰ ਸਰੀਰ ਘੱਟ ਆਕਸੀਜਨ ਦੀ ਮੰਗ ਕਰਦਾ ਹੈ ਤੇ ਬਿਨਾਂ ਥਕਾਵਟ ਵਾਧੂ ਕਸਰਤ ਕੀਤੀ ਜਾ ਸਕਦੀ ਹੈ। ਪੱਠਿਆਂ ਨੂੰ ਲੋੜੀਂਦਾ ਲਹੂ ਤੇ ਸ਼ੱਕਰ ਦੀ ਮਾਤਰਾ ਮਿਲਦੇ ਸਾਰ ਸਰੀਰ ਵਿਚ ਸਫੂਰਤੀ ਵੱਧ ਜਾਂਦੀ ਹੈ।

ਖਿਡਾਰੀਆਂ ਨੂੰ ਚਕੰਦਰ ਦਾ ਰਸ ਪਿਆ ਕੇ ਕੀਤੇ ਟੈਸਟਾਂ ਰਾਹੀਂ ਪਤਾ ਲੱਗਿਆ ਕਿ ਚਕੰਦਰ ਪੱਠਿਆਂ ਨੂੰ ਐਡੀਨੋਸੀਨ ਟਰਾਈਫੌਸਫੇਟ ਜ਼ਿਆਦਾ ਵਰਤਣ ਨਹੀਂ ਦਿੰਦਾ, ਜਿਸ ਕਰ ਕੇ ਪੱਠਿਆਂ ਵਿਚ ਜ਼ਿਆਦਾ ਸਮੇਂ ਤਕ ਚੁਸਤੀ ਬਰਕਰਾਰ ਰਹਿੰਦੀ ਹੈ। ਇੰਜ ਹਰ 5 ਕਿਲੋਮੀਟਰ ਦੀ ਦੌੜ ਵਿਚ 41 ਸਕਿੰਟ ਤੱਕ ਦਾ ਫ਼ਰਕ ਪਿਆ ਦੇਖਿਆ ਗਿਆ।

ਕੈਨਸਾਸ ਸਟੇਟ ਯੂਨੀਵਰਸਿਟੀ ਵਿਚਲੀ ਖੋਜ ਰਾਹੀਂ ਵੀ ਸਪਸ਼ਟ ਹੋਇਆ ਕਿ ਚਕੰਦਰ ਦੇ ਰਸ ਨਾਲ ਲੱਤਾਂ ਤੇ ਬਾਹਵਾਂ ਦੇ ਪੱਠਿਆਂ ਦੀਆਂ ਨਾੜੀਆਂ ਖੁੱਲ੍ਹਣ ਸਦਕਾ ਵਾਧੂ ਕਸਰਤ ਬਿਨਾਂ ਥਕੇਵੇਂ ਦੇ ਕੀਤੀ ਜਾ ਸਕੀ।

  1. ਬੀਮਾਰੀ ਨਾਲ ਲੜਨ ਦੀ ਤਾਕਤ :-

ਚਕੰਦਰ ਵਿਚ ਸਰੀਰ ਦੇ ਸੈੱਲ, ਰਸ, ਪ੍ਰੋਟੀਨ ਆਦਿ ਨੂੰ ਟੁੱਟ ਫੁੱਟ ਤੋਂ ਬਚਾਉਣ ਤੇ ਬੀਮਾਰੀ ਨਾਲ ਲੜਨ ਦੀ ਤਾਕਤ ਵਧਾਉਣ ਦੀ ਸਮਰਥਾ ਹੈ। ਇਸੇ ਲਈ ਕਰੌਨਿਕ ਬੀਮਾਰੀਆਂ ਤੋਂ ਬਚਾਉਣ ਲਈ ਚਕੰਦਰ ਲਾਹੇਵੰਦ ਹੈ।

  1. ਕੈਂਸਰ ਵਾਸਤੇ :-

ਚਕੰਦਰ ਵਿਚਲੇ ਤੱਤ, ਖ਼ਾਸ ਕਰ ਕੇ ਜਿਸ ਨਾਲ ਇਸ ਦਾ ਗੂੜਾ ਲਾਲ ਰੰਗ ਬਣਦਾ ਹੈ, ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਹੁਣ ਤੱਕ ਪੈਨਕਰੀਆਜ਼, ਛਾਤੀ ਤੇ ਗਦੂਦ ਦੇ ਕੈਂਸਰਾਂ ਉੱਤੇ ਖੋਜ ਕੀਤੀ ਗਈ ਹੈ। ਇਹ ਖੋਜ ਜਾਨਵਰਾਂ ਉੱਤੇ ਕੀਤੀ ਗਈ ਹੈ ਤੇ ਇਸ ਦੇ ਬੜੇ ਵਧੀਆ ਨਤੀਜੇ ਸਾਹਮਣੇ ਆ ਚੁੱਕੇ ਹਨ। ਕੈਂਸਰ ਦੇ ਸੈੱਲ ਖ਼ਤਮ ਤਾਂ ਨਹੀਂ ਹੋਏ ਪਰ ਉਨ੍ਹਾਂ ਦੇ ਫੈਲਣ ਦੀ ਸਪੀਡ ਕਾਫ਼ੀ ਘਟੀ ਹੋਈ ਲੱਭੀ।

ਹਾਰਵਾਰਡ ਯੂਨੀਵਰਸਿਟੀ ਵਾਸ਼ਿੰਗਟਨ ਵਿਚ ਫੇਫੜੇ ਤੇ ਚਮੜੀ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਚਕੰਦਰ ਦੇ ਰਸ ਨਾਲ ਖੋਜਾਂ ਹਾਲੇ ਜਾਰੀ ਹਨ। ਲਹੂ ਦੇ ਕੈਂਸਰ ਦੇ ਮਰੀਜ਼ਾਂ ਨੂੰ ਚਕੰਦਰ ਤੇ ਗਾਜਰ ਦਾ ਰਸ ਮਿਲਾ ਕੇ ਪੀਣ ਲਈ ਦਿੱਤਾ ਜਾ ਚੁੱਕਿਆ ਹੈ ਤੇ ਵਧੀਆ ਅਸਰ ਵੇਖਣ ਨੂੰ ਮਿਲੇ ਹਨ।

ਫਰਾਂਸੀਸੀ ਖੋਜ ਪੱਤਰ ਰਾਹੀਂ ਵੀ ਖੁਲਾਸਾ ਹੋਇਆ ਹੈ ਕਿ ਕੈਂਸਰ ਦੇ ਸੈੱਲਾਂ ਨੂੰ ਫੈਲਣ ਤੋਂ ਰੋਕਣ ਵਿਚ ਚਕੰਦਰ ਅਸਰਦਾਰ ਹੈ।

  1. ਫਾਈਬਰ ਭਰਪੂਰ :-

ਫਾਈਬਰ ਦੇ ਨਾਲ-ਨਾਲ, ਵਿਟਾਮਿਨ ਸੀ, ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਬੀ ਤੇ ਫੋਲੇਟ ਵੀ ਚਕੰਦਰ ਵਿਚ ਭਰਿਆ ਪਿਆ ਹੈ। ਇਹ ਸਾਰੇ ਹੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਬਖ਼ਸ਼ਦੇ ਹਨ ਤੇ ਅੰਗਾਂ ਨੂੰ ਸਿਹਤਮੰਦ ਰੱਖਦੇ ਹਨ।

  1. ਬੀਟਾਲਿਨ :-

ਚਕੰਦਰ ਵਿਚਲੀ ਬੀਟਾਲਿਨ ਸਰੀਰ ਅੰਦਰਲੀ ਟੁੱਟ-ਫੁੱਟ ਨੂੰ ਸਾਫ਼ ਕਰ ਕੇ ਸਰੀਰ ਵਿੱਚੋਂ ਬਾਹਰ ਕੱਢ ਦਿੰਦੀ ਹੈ। ਇਕ ਤਰੀਕੇ ਸਰੀਰ ਨੂੰ ਅੰਦਰੋਂ ਧੋ ਕੇ ਸਾਫ਼ ਕਰ ਦਿੰਦੀ ਹੈ।

  1. ਚਕੰਦਰ ਉੱਪਰਲੇ ਪੱਤੇ :-

ਚਕੰਦਰ ਦੇ ਸਿਰੇ ਉੱਪਰੋਂ ਨਿਕਲ ਰਹੇ ਪੱਤੇ ਜੇ ਸੁੱਟੇ ਜਾ ਰਹੇ ਹਨ ਤਾਂ ਸਮਝੋ ਕਿ ਅੱਧੀ ਤੋਂ ਵੱਧ ਬੇਸ਼ਕੀਮਤੀ ਕੁਦਰਤੀ ਦਵਾਈ ਅਜਾਈਂ ਸੁੱਟ ਦਿੱਤੀ ਗਈ ਕਿਉਂਕਿ ਇਹ ਸਭ ਤੋਂ ਵੱਧ ਸਰੀਰ ਨੂੰ ਸਿਹਤਮੰਦ ਰੱਖਣ ਵਾਲਾ ਹਿੱਸਾ ਹੈ। ਇਸ ਵਿਚ ਪ੍ਰੋਟੀਨ, ਫਾਸਫੋਰਸ, ਜ਼ਿੰਕ, ਫਾਈਬਰ, ਵਿਟਾਮਿਨ ਬੀ-6, ਮੈਗਨੀਸ਼ੀਅਮ, ਪੋਟਾਸ਼ੀਅਮ, ਕੌਪਰ, ਮੈਂਗਨੀਜ਼, ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ ਤੇ ਲੋਹ ਕਣ ਭਰੇ ਪਏ ਹਨ।

ਸ਼ਾਇਦ ਹੈਰਾਨੀ ਹੋਵੇ ਪਰ ਹੈ ਸੱਚ ਕਿ ਪਾਲਕ ਨਾਲੋਂ ਵੀ ਵੱਧ ਲੋਹ ਕਣ, ਚਕੰਦਰ ਉੱਪਰਲੇ ਪੱਤਿਆਂ ਵਿਚ ਹੈ।

ਇਨ੍ਹਾਂ ਪੱਤਿਆਂ ਨੂੰ ਰੈਗੂਲਰ ਤੌਰ ਉੱਤੇ ਖਾਂਦੇ ਰਹਿਣ ਨਾਲ :-

(ੳ). ਹੱਡੀਆਂ ਮਜ਼ਬੂਤ ਰੱਖੀਆਂ ਜਾ ਸਕਦੀਆਂ ਹਨ।

(ਅ). ਓਸਟੀਓਪੋਰੋਸਿਸ ਤੋਂ ਬਚਾਓ ਹੋ ਸਕਦਾ ਹੈ।

(ੲ). ਐਲਜ਼ੀਮਰ ਬੀਮਾਰੀ ਵਿਚ ਯਾਦਾਸ਼ਤ ਕੁੱਝ ਜ਼ਿਆਦਾ ਦੇਰ ਤੱਕ ਟਿਕੀ ਰਹਿ ਸਕਦੀ ਹੈ।

(ਸ). ਚਿੱਟੇ ਸੈੱਲ ਤਗੜੇ ਕਰਨ ਤੇ ਐਂਟੀਬਾਡੀਜ਼ ਬਣਾਉਣ ਵਿਚ ਮਦਦ ਮਿਲਦੀ ਹੈ।

ਰੂਸ ਵਿਚ ਚਕੰਦਰ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਤੇ ਲਗਭਗ ਹਰ ਸਲਾਦ ਵਿਚ ਕੱਦੂਕਸ ਕੀਤਾ ਚਕੰਦਰ ਜਾਂ ਇਸ ਦੇ ਪੱਤਿਆਂ ਦੀ ਵਰਤੋਂ ਹੋ ਰਹੀ ਹੈ।  ਮੀਟ, ਸੂਪ, ਆਦਿ ਵਿਚ ਵੀ ਇਹ ਵਰਤਿਆ ਜਾ ਰਿਹਾ ਹੈ ਤੇ ਸਬਜ਼ੀਆਂ ਵਿਚ ਰੰਗ ਵਧਾਉਣ ਲਈ ਵੀ !

ਰੂਸੀ ਕਹਾਣੀਆਂ ਵਿਚ ਤਾਂ ਇਹ ਵੀ ਦਰਸਾਇਆ ਜਾਂਦਾ ਹੈ ਕਿ ਜੇ ਲੜਕਾ ਅਤੇ ਲੜਕੀ ਇੱਕੋ ਚਕੰਦਰ ਖਾ ਲੈਣ ਤਾਂ ਉਨ੍ਹਾਂ ਦਾ ਆਪਸ ਵਿਚ ਪਿਆਰ ਪੈ ਜਾਂਦਾ ਹੈ। ਇਸ ਦਾ ਮਕਸਦ ਸਿਰਫ਼ ਇਹ ਦੱਸਣਾ ਹੈ ਕਿ ਚਕੰਦਰ ਬੜੀ ਮੁੱਲਵਾਨ ਸਬਜ਼ੀ ਹੈ ਤੇ ਧਰਤੀ ਕੋਲ ਇਸ ਤੋਂ ਵਧੀਆ ਕੋਈ ਹੋਰ ਦੂਜੀ ਮਿਸਾਲ ਨਹੀਂ ਹੈ।

ਕਿਸਮਾਂ :-

ਚਕੰਦਰ ਦੀਆਂ ਕਈ ਕਿਸਮਾਂ ਹਨ :- ਚਿਓਗੀਆ, ਫਾਰਮਾਨੋਵਾ, ਸੁਨਿਹਰੀ, ਡੈਟਰਾਇਟ ਗਾੜੀ ਲਾਲ, ਹਰੀ ਪੱਤੀ ਲੁਜ਼, ਚਿੱਟੀ, ਆਦਿ। ਵੱਖੋ-ਵੱਖਰੇ ਰੰਗਾਂ, ਚਿਤਕਬਰੇ, ਆਕਾਰ ਤੇ ਲੰਬਾਈ ਦੇ ਆਧਾਰ ਉੱਤੇ ਵੱਖ ਨਾਂ ਰੱਖ ਦਿੱਤੇ ਗਏ ਹਨ।

  1. ਵਿਟਾਮਿਨ ਕੇ ਹੋਣ ਸਦਕਾ ਚਕੰਦਰ ਲਹੂ ਵਗਣ ਤੋਂ ਵੀ ਰੋਕ ਦਿੰਦੀ ਹੈ।
  2. ਇਕ ਖੋਜ ਵਿਚ ਇਕ ਹਫ਼ਤਾ ਬਲੱਡ ਪ੍ਰੈੱਸ਼ਰ ਦੇ ਉਨ੍ਹਾਂ ਮਰੀਜ਼ਾਂ ਨੂੰ ਚਕੰਦਰ ਦਾ ਰਸ ਪਿਲਾਇਆ ਗਿਆ ਜਿਨ੍ਹਾਂ ਦਾ ਦਿਲ ਫੇਲ੍ਹ ਹੋਣ ਦੇ ਨੇੜੇ ਸੀ। ਚਕੰਦਰ ਵਿਚਲੇ ਨਾਈਟਰੇਟ ਨਾਲ ਇੱਕੋ ਹਫ਼ਤੇ ਵਿਚ ਹੀ ਦਿਲ ਦੇ ਕੰਮ ਕਾਰ ਵਿਚ ਫ਼ਰਕ ਪਿਆ ਦਿਸਿਆ।
  3. ਅਮਰੀਕਾ ਵਿਚ ਇਕ ਹੋਰ ਖੋਜ ਵਿਚ ਹਾਰਟ ਅਟੈਕ ਦੇ ਖ਼ਤਰੇ ਵਾਲੇ ਉਨ੍ਹਾਂ ਮਰੀਜ਼ਾਂ ਨੂੰ ਚਕੰਦਰ ਦਾ ਰਸ ਪਿਆਇਆ ਗਿਆ, ਜਿਨ੍ਹਾਂ ਦੀਆਂ ਦਿਲ ਦੀਆਂ ਨਾੜੀਆਂ ਬਹੁਤ ਭੀੜੀਆਂ ਹੋ ਚੁੱਕੀਆਂ ਸਨ। ਉਨ੍ਹਾਂ ਦੇ ਦਿਲ ਦੇ ਕੰਮ ਕਾਰ ਵਿਚ ਵੀ 10 ਦਿਨਾਂ ਦੇ ਅੰਦਰ-ਅੰਦਰ ਫ਼ਰਕ ਪਿਆ ਦਿਸਿਆ, ਕਿਉਂਕਿ ਦਿਲ ਦੇ ਪੱਠਿਆਂ ਵੱਲ ਲਹੂ ਵੱਧ ਜਾਣ ਲੱਗ ਪਿਆ। ਇਨ੍ਹਾਂ ਸਭ ਨੂੰ ਨਾਲੋ ਨਾਲ ਐਲੋਪੈਥਿਕ ਦਵਾਈਆਂ ਵੀ ਪਹਿਲਾਂ ਤੋਂ ਹੀ ਖੁਆਈਆਂ ਜਾ ਰਹੀਆਂ ਸਨ।
  4. ਚੀਨ ਵਿਚ ਲਹੂ ਦੀ ਕਮੀ ਪੂਰੀ ਕਰਨ ਲਈ ਸਦੀਆਂ ਤੋਂ ਉਨ੍ਹਾਂ ਦੀਆਂ ਦਵਾਈਆਂ ਵਿਚ ਚਕੰਦਰ ਵਰਤੀ ਜਾ ਰਹੀ ਹੈ।
  5. ਜਿਗਰ ਤੇ ਅੰਤੜੀਆਂ ਲਈ ਵਧੀਆ :- ਇਹ ਅਸਰ ਕੈਲਸ਼ੀਅਮ, ਬੀਟੇਨ, ਵਿਟਾਮਿਨ ਬੀ, ਲੋਹ ਕਣ ਤੇ ਐਂਟੀਆਕਸੀਡੈਂਟ ਸਦਕਾ ਹੈ। ਇਸੇ ਲਈ ਜਿਗਰ ਵਾਸਤੇ ਚਕੰਦਰ ਨੰਬਰ ਵਨ ਮੰਨ ਲਿਆ ਗਿਆ ਹੈ। ਸਿਰਫ਼ 70 ਮਿਲੀਲਿਟਰ ਚਕੰਦਰ ਦੇ ਰਸ ਨੂੰ ਖੇਡ ਤੋਂ ਦੋ ਘੰਟੇ ਪਹਿਲਾਂ ਪਿਆ ਕੇ ਅਜਿਹਾ ਅਸਰ ਵੇਖਿਆ ਜਾ ਚੁੱਕਿਆ ਹੈ।
  6. ਇਹ ਇੱਕੋ ਇਕ ਸਬਜ਼ੀ ਹੈ ਜਿਸ ਦੀ ਵਰਤੋਂ ਨਾਲ ‘ਪੈਰੀਫਿਰਲ ਆਰਟਰੀ ਬੀਮਾਰੀ’ (ਲੱਤਾਂ ਦੀਆਂ ਨਸਾਂ ਦੇ ਰੋਕੇ) ਵਿਚ ਆਰਾਮ ਹੁੰਦਾ ਵੇਖਿਆ ਗਿਆ ਹੈ।
  7. ਇਰੈਕਟਾਈਲ ਡਿਸਫੰਕਸ਼ਨ :- ਵਿਆਗਰਾ ਦੀ ਗੋਲੀ ਜਿੰਨਾ ਅਸਰ ਤਾਂ ਇਕੱਲਾ ਚਕੰਦਰ ਦਾ ਰਸ ਹੀ ਕਰ ਦਿੰਦਾ ਹੈ। ਸੋ ਜਿਸਮਾਨੀ ਸੰਬੰਧਾਂ ਦੀਆਂ ਮੁਸ਼ਕਲਾਂ ਦਾ ਹੱਲ ਕੁਦਰਤ ਨੇ ਮੁਫ਼ਤੋ-ਮੁਫ਼ਤ ਕਰ ਦਿੱਤਾ ਹੋਇਆ ਹੈ।
  8. ਗੁਰਦਿਆਂ ਲਈ :- ਈਜਿਪਟ ਦੀ ਇਕ ਖੋਜ ਵਿਚ ਗੁਰਦਿਆਂ ਦੀ ਸੋਜ਼ਿਸ਼ ਵਿਚ ਵੀ ਚਕੰਦਰ ਅਸਰਦਾਰ ਸਾਬਤ ਹੋਇਆ ਹੈ।
  9. ਦਿਮਾਗ਼ ਲਈ :- ਜੇ ਦਿਮਾਗ਼ ਜ਼ਿਆਦਾ ਦੇਰ ਤੱਕ ਚੁਸਤ, ਦਰੁਸਤ ਤੇ ਤੰਦਰੁਸਤ ਰੱਖਣਾ ਹੋਵੇ ਤਾਂ ਚਕੰਦਰ ਦਾ ਰਸ ਰੋਜ਼ ਪੀ ਲੈਣਾ ਚਾਹੀਦਾ ਹੈ। ਇਸ ਵਿਚਲੇ ਨਾਈਟਰੇਟ ਨਾ ਸਿਰਫ਼ ਯਾਦਾਸ਼ਤ ਤੇਜ਼ ਕਰਦੇ ਹਨ, ਬਲਕਿ ਸੈੱਲਾਂ ਨੂੰ ਵੀ ਰਵਾਂ ਕਰ ਕੇ ਸੁਣੇਹੇ ਤੇਜ਼ ਕਰ ਦਿੰਦੇ ਹਨ। ਯਾਨੀ 80 ਸਾਲਾਂ ਦੇ ਦਿਮਾਗ਼ ਵਿਚ ਵੀ 18 ਸਾਲਾਂ ਦੀ ਉਮਰ ਦੇ ਦਿਮਾਗ਼ ਵਾਂਗ ਲਹੂ ਦੀ ਰਵਾਨੀ ਵੇਖੀ ਜਾ ਸਕਦੀ ਹੈ।
  10. ਸ਼ੱਕਰ ਰੋਗ ਲਈ :- ਹਾਲਾਂਕਿ ਚਕੰਦਰ ਵਿਚ ਕੁਦਰਤੀ ਮਿੱਠਾ ਬਥੇਰਾ ਹੈ, ਫਿਰ ਵੀ ਹਫ਼ਤੇ ਵਿਚ ਦੋ ਵਾਰ ਚਕੰਦਰ ਤੇ ਉਸ ਦੇ ਪੱਤੇ ਖਾਂਦੇ ਰਹਿਣ ਨਾਲ (ਸ਼ੱਕਰ ਰੋਗੀਆਂ ਦੀ) ਪੋਸਟ ਪੈਰੈਂਡੀਅਲ ਸ਼ੱਕਰ ਦੀ ਮਾਤਰਾ ਖੋਜ ਵਿਚਲੇ 141 ਮਰੀਜ਼ਾਂ ਵਿਚ ਘੱਟ ਹੋਈ ਵੇਖੀ ਜਾ ਚੁੱਕੀ ਹੈ। ਇਹ ਖੋਜ ਇੰਗਲੈਂਡ ਵਿਚ ਕੀਤੀ ਗਈ ਸੀ।
  11. ਹਾਜ਼ਮੇ ਲਈ : ਹਾਜ਼ਮਾ ਠੀਕ ਕਰਨ ਲਈ ਚਕੰਦਰ ਬਹੁਤ ਲਾਹੇਵੰਦ ਹੈ। ਕਬਜ਼ ਤੇ ਅਫਾਰਾ ਵੀ ਠੀਕ ਕਰਦਾ ਹੈ।
  12. ਕੋਲੈਸਟਰੋਲ ਲਈ :- ਚੂਹਿਆਂ ਉੱਤੇ ਕੀਤੀ ਖੋਜ ਵਿਚ ਸਪਸ਼ਟ ਹੋਇਆ ਕਿ ਚਕੰਦਰ ਖਾਣ ਨਾਲ ਮਾੜਾ ਕੋਲੈਸਟਰੋਲ ਘੱਟ ਹੋ ਜਾਂਦਾ ਹੈ ਕਿਉਂਕਿ ਚਕੰਦਰ ਵਿਚ ਕੋਲੈਸਟਰੋਲ ਬਿਲਕੁਲ ਨਹੀਂ ਹੈ ਤੇ ਇਹ ਅਸਰ ਫਾਈਬਰ ਸਦਕਾ ਹੈ।
  13. ਗਰਭਵਤੀ ਔਰਤਾਂ ਲਈ :- ਚਕੰਦਰ ਵਿਚਲੇ ਫੋਲੇਟ ਸਦਕਾ ਭਰੂਣ ਦੀ ਰੀੜ੍ਹ ਦੀ ਹੱਡੀ ਤੰਦਰੁਸਤ ਰਹਿੰਦੀ ਹੈ। ਗਰਭਵਤੀ ਔਰਤਾਂ ਵੀ ਹਫਤੇ ਵਿਚ ਦੋ ਵਾਰ ਚਕੰਦਰ ਖਾ ਸਕਦੀਆਂ ਹਨ।
  14. ਸੈਕਸ ਹਾਰਮੋਨ :- ਚਕੰਦਰ ਵਿਚਲੇ ਬੋਰੋਨ ਸਦਕਾ ਇਹ ਜਿਸਮਾਨੀ ਤਾਂਘ ਵਧਾਉਂਦਾ ਹੈ। ਰੋਮ ਵਿਚ ਸਦੀਆਂ ਪਹਿਲਾਂ ਤੋਂ ਇਸ ਦੀ ਵਰਤੋਂ ਖੜਸੁੱਕ ਬੰਦਿਆਂ ਲਈ ਕੀਤੀ ਜਾਂਦੀ ਰਹੀ ਹੈ। ਬੀਟੇਨ ਦਿਮਾਗ਼ ਵਿਚਲੀ ਘਬਰਾਹਟ ਘਟਾਉਂਦੀ ਹੈ ਤੇ ਟਰਿਪਟੋਫ਼ੈਨ ਮਨ ਨੂੰ ਖੁਸ਼ੀ ਨਾਲ ਭਰ ਦਿੰਦੀ ਹੈ। ਇਸੇ ਲਈ ਜਿਸਮਾਨੀ ਕਮਜ਼ੋਰੀ ਲਈ ਚਕੰਦਰ ਬਿਹਤਰੀਨ ਮੰਨਿਆ ਗਿਆ ਹੈ।
  15. ਚਿੱਟਾ ਮੋਤੀਆ :- ਵਧਦੀ ਉਮਰ ਨਾਲ ਹੁੰਦੀ ਮੈਕੂਲਰ ਡੀਜੈਨਰੇਸ਼ਨ (ਘਟਦੀ ਨਜ਼ਰ), ਪਰਦੇ ਦਾ ਸੁੰਗੜਨਾ ਤੇ ਚਿੱਟੇ ਮੋਤੀਏ ਵਿਚ ਵੀ ਚਕੰਦਰ ਵਿਚਲੇ ਕੈਰੋਟੀਨਾਇਡ ਸਦਕਾ ਫ਼ਰਕ ਪਿਆ ਵੇਖਿਆ ਗਿਆ ਹੈ।
  16. ਦੰਦਾਂ ਲਈ :- ਚਕੰਦਰ ਕੈਲਸ਼ੀਅਮ ਭਰਪੂਰ ਹੋਣ ਸਦਕਾ ਦੰਦਾਂ ਵਿਚ ਖੋੜਾਂ ਘਟਾ ਕੇ ਉਨ੍ਹਾਂ ਨੂੰ ਮਜ਼ਬੂਤੀ ਦਿੰਦਾ ਹੈ।
  17. ਭਾਰ ਘਟਾਉਣਾ :- ਫਾਈਬਰ ਭਰਪੂਰ ਹੋਣ ਕਾਰਨ ਇਹ ਅਸਰ ਵੀ ਵੇਖਿਆ ਗਿਆ ਹੈ।
  18. ਉਮਰ ਲੰਮੀ ਕਰਨ ਵਿਚ :- ਚਕੰਦਰ ਉੱਪਰਲੇ ਪੱਤਿਆਂ ਵਿਚ ਵਿਟਾਮਿਨ ਏ, ਕੈਰੋਟੀਨਾਇਡ ਤੇ ਲਿਊਟੀਨ ਝੁਰੜੀਆਂ ਠੀਕ ਕਰਦੇ ਹਨ ਤੇ ਸੈੱਲਾਂ ਦੀ ਟੁੱਟ ਫੁੱਟ ਘਟਾ ਕੇ ਉਮਰ ਲੰਮੀ ਕਰਦੇ ਹਨ। ਵਿਟਾਮਿਨ ਏ ਸਦਕਾ ਝੁਰੜੀਆਂ ਪੈਂਦੀਆਂ ਵੀ ਲੇਟ ਹਨ।
  19. ਹੱਡੀਆਂ ਲਈ :- ਨਾਈਟਰੇਟ ਤੇ ਸਿਲੀਕਾ ਸਦਕਾ ਹੱਡੀਆਂ ਖੁਰਨ ਤੋਂ ਬਚੀਆਂ ਰਹਿੰਦੀਆਂ ਹਨ। ਸਿਲੀਕਾ ਕੈਲਸ਼ੀਅਮ ਨੂੰ ਹੱਡੀਆਂ ਵਿਚ ਜੰਮਣ ਵਿਚ ਮਦਦ ਕਰਦੀ ਹੈ। ਬੀਟੇਨ ਹੋਮੋਸਿਸਟੀਨ ਵੀ ਘਟਾਉਂਦੀ ਹੈ ਜਿਸ ਨਾਲ ਹੱਡੀਆਂ ਖੁਰਨ ਤੋਂ ਬਚ ਜਾਂਦੀਆਂ ਹਨ।

ਕਿਹੜਾ ਚਕੰਦਰ ਵਰਤੀਏ :-

ਛੋਟੀ, ਗੂੜੀ ਲਾਲ, ਤਾਜ਼ਾ, ਪੱਤੇ ਮੁਰਝਾਏ ਨਾ ਹੋਣ, ਬਾਹਰ ਧੱਬੇ ਨਾ ਹੋਣ ਤੇ ਨਾ ਹੀ ਢਿੱਲੀ ਪੈ ਚੁੱਕੀ ਹੋਵੇ। ਜੜ੍ਹ ਨਾਲ ਹੀ ਹੋਣੀ ਚਾਹੀਦੀ ਹੈ। ਜੇ ਚਕੰਦਰ ਆਕਾਰ ਵਿਚ ਵੱਡਾ ਹੈ ਤੇ ਵਾਲ ਹਨ ਤਾਂ ਨਹੀਂ ਵਰਤਣਾ ਚਾਹੀਦਾ। ਦੋ ਇੰਚ ਮਾਪ ਦਾ ਠੀਕ ਰਹਿੰਦਾ ਹੈ। ਕੱਟਣ ਉੱਤੇ ਵਿਚਕਾਰਲਾ ਹਿੱਸਾ ਕੱਚਾ ਹੋਣਾ ਚਾਹੀਦਾ ਹੈ, ਜੋ ਨਰਮ ਤੇ ਮਿੱਠਾ ਹੁੰਦਾ ਹੈ। ਦੋ ਇੰਚ ਲੰਮੇ ਪੱਤੇ ਨਾਲ ਹੀ ਹੋਣੇ ਜ਼ਰੂਰੀ ਹਨ। ਖਰੀਦਣ ਤੋਂ ਦੋ ਦਿਨਾਂ ਦੇ ਅੰਦਰ ਚਕੰਦਰ ਵਰਤ ਲੈਣਾ ਚਾਹੀਦਾ ਹੈ। ਪਕਾ ਕੇ ਰੱਖਿਆ ਚਕੰਦਰ ਇਕ ਹਫ਼ਤੇ ਤੱਕ ਫਰਿੱਜ ਵਿਚ ਰੱਖਿਆ ਜਾ ਸਕਦਾ ਹੈ।

ਕਿੰਨਾ ਖਾਈਏ :-

ਹਰ ਕਿੱਲੋ ਚਕੰਦਰ ਵਿਚ ਲਗਭਗ 6.4 ਤੋਂ 12.8 ਮਿਲੀਗ੍ਰਾਮ ਨਾਈਟਰੇਟ ਹੁੰਦਾ ਹੈ। ਇਕ ਛੋਟਾ ਕੱਪ ਯਾਨੀ 136 ਗ੍ਰਾਮ ਚਕੰਦਰ ਰੋਜ਼ ਲਿਆ ਜਾ ਸਕਦਾ ਹੈ, ਪਰ ਜੜ੍ਹਾਂ ਤੇ ਪੱਤਿਆਂ ਸਮੇਤ।  ਜੇ ਜੂਸ ਪੀਣਾ ਹੈ ਤਾਂ 200 ਤੋਂ 250 ਮਿਲੀਲਿਟਰ ਰੋਜ਼ ਲਿਆ ਜਾ ਸਕਦਾ ਹੈ।

ਸ਼ੱਕਰ ਰੋਗੀ ਹਫ਼ਤੇ ਵਿਚ ਦੋ ਵਾਰ ਛੋਟਾ ਚਕੰਦਰ ਪੱਤਿਆਂ ਤੇ ਜੜ੍ਹਾਂ ਸਮੇਤ ਖਾ ਸਕਦੇ ਹਨ, ਪਰ ਜੂਸ ਨਾ ਹੀ ਲੈਣ ਤਾਂ ਬਿਹਤਰ ਹੈ।

ਇਤਿਹਾਸਕ ਤੱਥ :-

  1. ਈਸਾ ਮਸੀਹ ਤੋਂ 2000 ਸਾਲ ਪਹਿਲਾਂ ਤੋਂ ਚਕੰਦਰ ਬੀਜਿਆ ਜਾ ਰਿਹਾ ਹੈ।
  2. ਹਾਲੇ ਤੱਕ ਦੀ ਸਭ ਤੋਂ ਵੱਡੀ ਚਕੰਦਰ 70 ਕਿੱਲੋ ਦੀ ਸੀ।
  3. ਚਕੰਦਰ ਨੂੰ ਪਾਣੀ ਵਿਚ ਉਬਾਲ ਕੇ ਰੋਜ਼ ਰਾਤ ਸਿਰ ਵਿਚ ਝੱਸਣ ਨਾਲ ਸਿਕਰੀ ਠੀਕ ਹੋ ਜਾਂਦੀ ਹੈ।
  4. ਬੁੱਲਾਂ ਉੱਤੇ ਰੋਜ਼ ਤਾਜ਼ਾ ਰਸ ਮਲਣ ਨਾਲ ਬੁੱਲ ਕੁਦਰਤੀ ਗੁਲਾਬੀ ਭਾਅ ਮਾਰਨ ਲੱਗ ਪੈਂਦੇ ਹਨ।
  5. ਜ਼ਿਆਦਾ ਚਕੰਦਰ ਖਾਣ ਨਾਲ ਪਿਸ਼ਾਬ ਲਾਲ ਰੰਗ ਦਾ ਹੋ ਸਕਦਾ ਹੈ।
  6. ਵਾਲ ਰੰਗੇ ਜਾ ਸਕਦੇ ਹਨ। ਇੱਕ ਕੱਪ ਚਕੰਦਰ ਦਾ ਰਸ, ਅੱਧਾ ਕੱਪ ਗੁਲਾਬ ਜਲ ਤੇ ਅੱਧਾ ਕੱਪ ਕਾਲੀ ਚਾਹ ਦਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਵਾਲਾਂ ਦੀਆਂ ਜੜ੍ਹਾਂ ਵਿਚ ਝਸ ਕੇ 10 ਮਿੰਟ ਰਹਿਣ ਦਿੱਤਾ ਜਾਵੇ ਤਾਂ ਚਾਹ ਵਿਚਲੇ ਟੈਨਿਨ ਵਾਲਾਂ ਨੂੰ ਲਿਸ਼ਕਾ ਵੀ ਦਿੰਦੇ ਹਨ।

ਚਿਹਰੇ ਉਤੇ ਕੁਦਰਤੀ ਗੁਲਾਬੀ ਰੰਗਤ ਲਿਆਉਣ ਦੇ ਨੁਸਖ਼ੇ :-

  1. ਕੋਸੇ ਪਾਣੀ ਨਾਲ ਮੂੰਹ ਧੋਣ ਬਾਅਦ ਚੰਗੀ ਤਰ੍ਹਾਂ ਪੂੰਝ ਕੇ ਕੱਦੂਕਸ ਕੀਤੇ ਤਾਜ਼ਾ ਚਕੰਦਰ ਦੇ ਰਸ ਨੂੰ ਰੂੰ ਨਾਲ ਮੂੰਹ ਉੱਤੇ ਲਾਓ (ਅੱਖਾਂ ਤੇ ਦੰਦਾਂ ਤੋਂ ਬਚਾ ਕੇ)। ਪੰਜ ਮਿੰਟਾਂ ਬਾਅਦ ਇਕ ਵਾਰ ਫੇਰ ਰੂੰ ਨਾਲ ਦੁਬਾਰਾ ਸਾਰੇ ਚਿਹਰੇ ਉੱਤੇ ਲਾਓ। ਬਿਨ੍ਹਾਂ ਪੂੰਝਿਆਂ ਜਾਂ ਹੱਥ ਲਾਇਆਂ 15 ਤੋਂ 20 ਮਿੰਟ ਤੱਕ ਸੁੱਕਣ ਦਿਓ ਤੇ ਫੇਰ ਕੋਸੇ ਪਾਣੀ ਵਿਚ ਰੂੰ ਨੂੰ ਡੁਬੋ ਕੇ ਹੌਲੀ-ਹੌਲੀ ਮੂੰਹ ਸਾਫ਼ ਕਰ ਲਓ। ਮਹੀਨੇ ਵਿਚ ਦੋ ਵਾਰ ਵਰਤੋ।

ਲਓ ਜੀ ਹੋ ਗਈ ਕੁਦਰਤੀ ਗੁਲਾਬੀ ਭਾਅ  ! ਚੇਤੇ ਰਹੇ ਕਿ 20 ਮਿੰਟਾਂ ਤੋਂ ਵੱਧ ਬਿਲਕੁਲ ਨਹੀਂ ਰੱਖਣਾ !

  1. ਦੋ ਚਮਚ ਚਕੰਦਰ ਦਾ ਜੂਸ ਲੈ ਕੇ ਉਸ ਵਿਚ ਦੋ ਚਮਚ ਵੇਸਣ, ਇਕ ਚਮਚ ਦਹੀਂ ਤੇ ਇਕ ਚਮਚ ਨਿੰਬੂ ਮਿਲਾ ਦਿਓ। ਫੇਰ 15 ਮਿੰਟ ਮੂੰਹ ਉੱਤੇ ਲਾ ਕੇ ਰੱਖੋ ਤੇ ਕੋਸੇ ਪਾਣੀ ਨਾਲ ਧੋ ਲਵੋ। ਮਹੀਨੇ ਵਿਚ ਦੋ ਵਾਰ ਵਰਤੋ। ਚਾਰ-ਪੰਜ ਵਾਰ ਲਾਉਣ ਬਾਅਦ ਆਪਣੇ ਮੂੰਹ ਉੱਪਰਲੀ ਰੌਣਕ ਆਪ ਹੀ ਵੇਖ ਸਕਦੇ ਹੋ।

ਮਾੜੇ ਅਸਰ :-

  1. ਓਗਜ਼ਾਲੇਟ ਵੱਧ ਹੋਣ ਸਦਕਾ ਗੁਰਦੇ ਦੀ ਪੱਥਰੀ ਹੋ ਸਕਦੀ ਹੈ।
  2. ਲੋੜੋਂ ਵੱਧ ਚਕੰਦਰ ਖਾਣ ਨਾਲ ਦਿਲ ਦੀ ਧੜਕਨ ਵੱਧ ਸਕਦੀ ਹੈ ਤੇ ਉਲਟੀਆਂ, ਟੱਟੀਆਂ ਲੱਗ ਸਕਦੀਆਂ ਹਨ।
  3. ਵਾਰਫੈਰਿਨ ਦਵਾਈ ਖਾਣ ਵਾਲੇ ਮਰੀਜ਼ ਚਕੰਦਰ ਧਿਆਨ ਨਾਲ ਖਾਣ ਕਿਉਂਕਿ ਇਸ ਵਿਚ ਵਿਟਾਮਿਨ-ਕੇ ਹੈ।

ਸਾਰ :-

ਇਕੱਲੇ ਚਕੰਦਰ ਵਿਚ ਹੀ ਕੁਦਰਤ ਨੇ ਕਮਾਲ ਕੀਤਾ ਪਿਆ ਹੈ। ਇਹੋ ਜਿਹੀਆਂ ਅਨੇਕ ਸਬਜ਼ੀਆਂ ਤੇ ਅਣਗਿਣਤ ਫਲ਼ ਹਨ ਜਿਹੜੇ ਸਾਨੂੰ ਰੋਜ਼ ਵਰਤਣੇ ਚਾਹੀਦੇ ਹਨ ਤਾਂ ਜੋ ਸਰੀਰ ਤੰਦਰੁਸਤ ਰੱਖਿਆ ਜਾ ਸਕੇ।

ਹਾਲੇ ਵੀ ਵੇਲਾ ਹੈ !  ਫਾਸਟ ਫੂਡਜ਼ ਤੋਂ ਤੌਬਾ ਕਰ ਕੇ, ਕੁਦਰਤੀ ਸੰਤੁਲਿਤ ਖ਼ੁਰਾਕ ਦੀ ਵਰਤੋਂ ਵਧਾ ਕੇ, ਸਿਹਤਮੰਦ ਜ਼ਿੰਦਗੀ ਜੀਅ ਕੇ ਉਮਰ ਲੰਮੀ ਕਰ ਲਈਏ !