ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥

0
1127

ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਸ੍ਰੀ ਗੁਰੂ ਤੇਗ਼ ਬਹਾਦਰ ਜੀ, ਹਿੰਦ ਦੀ ਚਾਦਰ, ਵੱਲੋਂ ਉਚਾਰੀਆਂ ਇਹ ਤੁਕਾਂ ਮਨੋਵਿਗਿਆਨੀਆਂ ਵੱਲੋਂ ਕੀਤੀਆਂ ਜਾ ਰਹੀਆਂ ਉੱਚ ਕੋਟੀ ਦੀਆਂ ਖੋਜਾਂ ਨੂੰ ਮਾਤ ਪਾਉਂਦੀ ਹੈ।

ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਜਿਹੜਾ ਮਨੁੱਖ ਸੁੱਖ, ਦੁੱਖ ਵੇਲੇ ਡੋਲਦਾ ਨਹੀਂ ਤੇ ਜਿਸ ਉੱਤੇ ਲੋਭ, ਮੋਹ, ਅਹੰਕਾਰ ਜ਼ੋਰ ਨਾ ਪਾ ਸਕਣ ਅਤੇ ਜਿਹੜਾ ਜਣਾ ਆਪਣੀ ਉਸਤਤਿ ਅਤੇ ਨਿੰਦਿਆ ਵੇਲੇ ਸਹਿਜ ਰਹਿ ਸਕਦਾ ਹੋਵੇ, ਉਹੀ ਪ੍ਰਮਾਤਮਾ ਦਾ ਰੂਪ ਹੁੰਦਾ ਹੈ।

ਅਜਿਹੇ ਮਨੁੱਖ ਨੂੰ ਵੈਰੀ ਤੇ ਮਿੱਤਰ ਇੱਕੋ ਜਿਹੇ ਜਾਪਦੇ ਹਨ ਤੇ ਉਹ ਦੁਨਿਆਵੀ ਮਾਇਆ ਮੋਹ ਤੋਂ ਖਲਾਸੀ ਪਾ ਚੁੱਕਿਆ ਹੁੰਦਾ ਹੈ। ਸਭ ਤੋਂ ਉੱਤਮ ਤੇ ਦੇਹ ਨਿਰੋਗਤਾ ਵਾਲੀ ਗੱਲ ਇਹ ਹੈ ਕਿ ਜਿਹੜਾ ਮਨੁੱਖ ਕਿਸੇ ਨੂੰ ਡਰਾਵੇ ਨਹੀਂ ਦਿੰਦਾ ਤੇ ਨਾ ਹੀ ਕਿਸੇ ਦੇ ਡਰਾਉਣ ਤੋਂ ਘਬਰਾਉਂਦਾ ਹੈ, ਉਹੀ ਆਤਮਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ।

ਅਜਿਹੀ ਉੱਚੀ ਅਵਸਥਾ ਵਿਚ ਜਾਣਾ ਔਖਾ ਜ਼ਰੂਰ ਹੈ ਪਰ ਅਸੰਭਵ ਨਹੀਂ ਕਿਉਂਕਿ ਇਤਿਹਾਸ ਵਿਚ ਅਤਿ ਦੇ ਘਿਨਾਉਣੇ ਜ਼ੁਲਮ ਸਹਿਣ ਬਾਅਦ ਵੀ ਕਿਸੇ ਵੱਲੋਂ ਸੀਅ ਤੱਕ ਨਾ ਕਰਨਾ ਇਸੇ ਉੱਚੇ ਸੁੱਚੇ ਰੂਪ ਵਿਚ ਪਹੁੰਚਣ ਬਾਰੇ ਸਪਸ਼ਟ ਕਰਦਾ ਹੈ।

ਇਸ ਹਾਲਤ ਨੂੰ ਵਿਗਿਆਨਿਕ ਪੱਖੋਂ ਸਮਝਣ ਲਈ ਕੁਦਰਤ ਦੀ ਕਾਰੀਗਰੀ ਦੀ ਮਿਸਾਲ ਦੇਣੀ ਪਵੇਗੀ।

ਡਰ ਅਸਰ ਕਿਵੇਂ ਪਾਉਂਦਾ ਹੈ :-

ਕਿਸੇ ਭੈਅ ਤਹਿਤ ਦਿਮਾਗ਼ ਅੰਦਰ ਤੇਜ਼ੀ ਨਾਲ ਸੁਣੇਹੇ ਜਾਂਦੇ ਹਨ ਜਿਸ ਨਾਲ ਢੇਰਾਂ ਦੇ ਢੇਰ ਕੈਮੀਕਲ ਨਿਕਲਦੇ ਹਨ, ਜਿਨ੍ਹਾਂ ਨਾਲ ਸਾਹ ਦਾ ਤੇਜ਼ ਹੋਣਾ, ਦਿਲ ਦੀ ਧੜਕਨ ਤੇਜ਼ ਹੋਣੀ, ਪੱਠਿਆਂ ਦਾ ਖਿੱਚਿਆ ਜਾਣਾ, ਗਲ਼ਾ ਸੁੱਕਣਾ, ਆਦਿ ਅਨੇਕ ਚੀਜ਼ਾਂ ਇਕ ਦਮ ਸਰੀਰ ਅੰਦਰ ਹੁੰਦੀਆਂ ਹਨ। ਇਨ੍ਹਾਂ ਨਾਲ ਹੀ ਵੱਖੋ-ਵੱਖਰੇ ਅੰਗਾਂ ਵੱਲ ਜਾਂਦਾ ਲਹੂ ਘਟਾ ਕੇ ਪੱਠਿਆਂ ਵੱਲ ਭੇਜ ਦਿੱਤਾ ਜਾਂਦਾ ਹੈ।

ਸਾਰੇ ਸਰੀਰ ਨੂੰ ਅਜਿਹੀ ਹਾਲਤ ਵਿਚ ਲਿਜਾਉਣ ਵਾਸਤੇ 100 ਬਿਲੀਅਨ ਦਿਮਾਗ਼ ਵਿਚਲੇ ਸੈੱਲ ਹਰਕਤ ਵਿਚ ਆਉਂਦੇ ਹਨ। ਦਿਮਾਗ਼ ਵਿਚਲੇ ਕੁੱਝ ਹਿੱਸੇ ਲੋੜੋਂ ਵੱਧ ਹਰਕਤ ਕਰਦੇ ਹਨ; ਜਿਵੇਂ, ਥੈਲਮਸ, ਸੈਂਸਰੀ ਕੌਰਟੈਕਸ, ਹਿੱਪੋਕੈਪਸ, ਅਮਿਗਡਲਾ ਤੇ ਹਾਈਪੋਥੈਲਮਸ।

ਇਨ੍ਹਾਂ ਹਿੱਸਿਆਂ ਵਿੱਚੋਂ ਲਗਾਤਾਰ ਨਿਕਲਦੇ ਸੁਣੇਹੇ ਦਿਮਾਗ਼ ਅਤੇ ਸਰੀਰ ਨੂੰ ਛੇਤੀ ਨਾਰਮਲ ਨਹੀਂ ਹੋਣ ਦਿੰਦੇ। ਜਿਨ੍ਹਾਂ ਨੂੰ ਡਰ ਦੀ ਬੀਮਾਰੀ ਹੋ ਜਾਵੇ, ਉਨ੍ਹਾਂ ਨੂੰ ਦਵਾਈਆਂ ਦੇ ਕੇ ਦਿਮਾਗ਼ ਦੇ ਇਨ੍ਹਾਂ ਹਿੱਸਿਆਂ ਨੂੰ ਸ਼ਾਂਤ ਕਰਨਾ ਪੈਂਦਾ ਹੈ ਤਾਂ ਜੋ ਬਲੱਡ ਪ੍ਰੈੱਸ਼ਰ, ਘਬਰਾਹਟ, ਹੱਥ ਪੈਰ ਕੰਬਣੇ ਆਦਿ ਰੋਕੇ ਜਾ ਸਕਣ।  ਕਾਫ਼ੀ ਮਰੀਜ਼ ਸ਼ਾਂਤ ਕਰਨ ਵਾਲੀਆਂ ਦਵਾਈਆਂ ਵੀ ਖਾਣ ਦੇ ਆਦੀ ਬਣ ਜਾਂਦੇ ਹਨ ਤੇ ਉਨ੍ਹਾਂ ਦੀ ਖ਼ੁਰਾਕ ਵਧਾ ਕੇ, ਨਸ਼ਾ ਕਰਨ ਲੱਗ ਪੈਂਦੇ ਹਨ।

ਦਿਮਾਗ਼ ਵਿਚਲੇ ਅਨੇਕ ਨਿਊਰੋਟਰਾਂਸਮੀਟਰ, ਹਾਰਮੋਨ ਤੇ ਬਾਇਓ ਕੈਮੀਕਲ ਤੱਤ ਜੇ ਵਾਰ-ਵਾਰ ਨਿਕਲਦੇ ਰਹਿਣ ਤਾਂ ਕਈ ਵਾਰ ਬੰਦਾ ਮਾਨਸਿਕ ਰੋਗੀ ਬਣ ਜਾਂਦਾ ਹੈ ਜਾਂ ਉਸ ਦੀ ਸ਼ਖ਼ਸੀਅਤ ਵਿਚ ਹੀ ਬਦਲਾਓ ਆ ਜਾਂਦਾ ਹੈ। ਜੇ ਕੋਈ ਜਣਾ ਵਾਰ-ਵਾਰ ਡਰ ਜਾਣ ਵਾਲੀ ਹਾਲਤ ਉੱਤੇ ਕਾਬੂ ਪਾ ਲਵੇ (ਅਜਿਹਾ ਚੂਹਿਆਂ ਉੱਤੇ ਕੀਤੀ ਖੋਜ ਰਾਹੀਂ ਸਾਹਮਣੇ ਆਇਆ) ਤਾਂ ਸੈਰੈਬਰਲ ਹਿੱਸੇ ਵਿਚ ਮਚ ਰਹੀ ਤਰਥੱਲੀ ਹੌਲੀ-ਹੌਲੀ ਘਟਣ ਲੱਗ ਪੈਂਦੀ ਹੈ ਤੇ ਉਹ ਇਕ ਸੋਚ ਉੱਤੇ ਆ ਕੇ ਟਿਕ ਜਾਂਦੀ ਹੈ, ਜਿੱਥੇ ਭੈ ਮਹਿਸੂਸ ਹੋਣਾ ਘਟਣ ਲੱਗ ਪੈਂਦਾ ਹੈ; ਜਿਵੇਂ ਹੀ ਡਰ ਲੱਗਣਾ ਘਟੇ ਤੇ ਹਾਲਾਤ ਨਾਲ ਸਮਝੌਤਾ ਕਰਨ ਵਾਲੀ ਸੋਚ ਉਪਜੇ, ਸਰੀਰਕ ਪੀੜ ਘੱਟ ਮਹਿਸੂਸ ਹੋਣ ਲੱਗ ਪੈਂਦੀ ਹੈ। ਪੱਠੇ ਜਿਵੇਂ ਲਗਵਾ ਮਾਰੇ ਜਾਣ ਵਾਂਗ ਢਿੱਲੇ ਪੈ ਜਾਂਦੇ ਹਨ ਤੇ ਬੰਦਾ ਸਹਿਜ ਭਾਵ ਤਿੱਖੀ ਪੀੜ ਵੀ ਜਰ ਜਾਂਦਾ ਹੈ।

ਲਗਭਗ ਸੌ ਸਾਲ ਪਹਿਲਾਂ ਲੈਤੌਰਨਿਊ ਨੇ ਆਪਣੀ ਸ਼ੁਰੂਆਤੀ ਖੋਜ ਵਿਚ ਸਪਸ਼ਟ ਕੀਤਾ ਸੀ ਕਿ ਜਜ਼ਬਾਤ ਜੇ ਕਾਬੂ ਕਰ ਲਏ ਜਾਣ ਤਾਂ ਉਹ ਬੰਦੇ ਨੂੰ ਸਖ਼ਤ ਜਾਨ ਬਣਾ ਦਿੰਦੇ ਹਨ।

ਲਗਾਤਾਰ ਹੋਈਆਂ ਖੋਜਾਂ ਵਿਚ ਦਿਮਾਗ਼ ਦੇ ਵੱਖੋ-ਵੱਖਰੇ ਹਿੱਸਿਆਂ ਵਿਚਲੀ ਹਲਚਲ ਰਿਕਾਰਡ ਕਰਨ ਦੇ ਨਾਲੋ ਨਾਲ ਲਹੂ ਦੇ ਟੈਸਟ ਵੀ ਕੀਤੇ ਗਏ। ਇਨ੍ਹਾਂ ਰਾਹੀਂ ਪਤਾ ਲੱਗਿਆ ਕਿ ਡਰ ਮਹਿਸੂਸ ਹੁੰਦੇ ਸਾਰ ਮਾਨਸਿਕ ਯਾਨੀ ਦਿਮਾਗੀ, ਸਰੀਰਕ ਤੇ ਵਿਵਹਾਰਕ ਅਸਰ ਦਿਸਦੇ ਹਨ। ਥੈਲਮਸ ਪੱਧਰ ਉੱਤੇ, ਜਿੱਥੋਂ ਸਾਰੇ ਸਰੀਰ ਨੂੰ ਸੁਣੇਹਾ ਵਾਪਸ ਦਿਮਾਗ਼ ਵੱਲੋਂ ਪਹੁੰਚਣਾ ਹੁੰਦਾ ਹੈ। ਉੱਥੋਂ ਹੀ ਡਰ ਨੂੰ ਕਿਸ ਹੱਦ ਤੱਕ ਜਾਂ ਪੀੜ ਨੂੰ ਕਿਸ ਹੱਦ ਤੱਕ ਸਹਿਣਾ ਹੈ, ਫ਼ੈਸਲਾ ਕੀਤਾ ਜਾਂਦਾ ਹੈ।

ਚੂਹਿਆਂ ਨੂੰ ਵਾਰ-ਵਾਰ ਡਰਾਉਣ ਉੱਤੇ ਵੀ ਅਜਿਹਾ ਹੀ ਕੁੱਝ ਵੇਖਣ ਵਿਚ ਆਇਆ ਕਿ ਉਹ ਹੌਲੀ-ਹੌਲੀ ਘੱਟ ਡਰਨ ਲੱਗ ਪਏ ਸਨ ਤੇ ਅਖ਼ੀਰ ਤਿੱਖੀ ਅਵਾਜ਼ ਉੱਤੇ ਵੀ ਹਲਕੀ ਅੱਖ ਖੋਲ੍ਹ ਕੇ ਵੇਖ ਕੇ ਸਹਿਜ ਹੋ ਜਾਂਦੇ ਸਨ। ਅਜਿਹੀ ਹੀ ਸਥਿਤੀ ਬੰਦਿਆਂ ਵਿਚ ਹੁੰਦੀ ਹੈ। ਜਦੋਂ ਦੁਖ ਦੀ ਚਰਮ ਸੀਮਾ ਹੋਵੇ ਤਾਂ ਪੀੜ ਮਹਿਸੂਸ ਹੋਣੀ ਬੰਦ ਹੋ ਜਾਂਦੀ ਹੈ ਤੇ ਬੰਦਾ ਖ਼ੁਦਕੁਸ਼ੀ ਕਰਨ ਲੱਗਿਆਂ ਦੋ ਪਲ ਵੀ ਨਹੀਂ ਸੋਚਦਾ।

ਦੁੱਖ ਜਾਂ ਪੀੜ ਨੂੰ ਮਹਿਸੂਸ ਕਰਨ ਦੀ ਸਮਰੱਥਾ ਹਰ ਕਿਸੇ ਦੀ ਵੱਖ ਹੁੰਦੀ ਹੈ। ਕੋਈ ਉਂਗਲ ਕੱਟੇ ਜਾਣ ਉੱਤੇ ਵੀ ਸਹਿਜ ਰਹਿੰਦਾ ਹੈ ਤੇ ਕੋਈ ਝਰੀਟ ਆਉਣ ਉੱਤੇ ਵੀ ਤੂਫ਼ਾਨ ਖੜ੍ਹਾ ਕਰ ਦਿੰਦਾ ਹੈ।

ਅਜਿਹਾ ਹੀ ਡਰ ਨਾਲ ਹੁੰਦਾ ਹੈ। ਹੌਲੀ-ਹੌਲੀ ਆਪਣੇ ਅੰਦਰੋਂ ਡਰ ਦੀ ਭਾਵਨਾ ਘਟਾਉਣ ਨਾਲ, ਦਿਮਾਗ਼ ਅਤੇ ਸਰੀਰ ਦੀ ਸਹਿਜ ਅਵਸਥਾ ਆ ਜਾਂਦੀ ਹੈ। ਇਸ ਹਾਲਤ ਵਿਚ ਜਦੋਂ ਜੰਬੂਰਾਂ ਨਾਲ ਮਾਸ ਪੁੱਟਿਆ ਜਾ ਰਿਹਾ ਹੋਵੇ ਤਾਂ ਉੱਚ ਅਵਸਥਾ ਵਿਚ ਪਹੁੰਚਿਆ ਬੰਦਾ ਇਕਾਗਰ ਚਿੱਤ ਹੋ ਕੇ ਸਹਿਜ ਭਾਵ ਨਾਲ ਟਿਕਿਆ ਰਹਿ ਸਕਦਾ ਹੈ। ਪੀੜ ਮਹਿਸੂਸ ਹੀ ਨਹੀਂ ਕਰਦਾ।

ਇਸ ਨੂੰ ‘ਫੀਅਰ ਹੈਬੀਚੁਏਸ਼ਨ’ ਕਿਹਾ ਜਾਂਦਾ ਹੈ, ਜਿੱਥੇ ਜਾਨਵਰ ਵੀ ਹੌਲੀ-ਹੌਲੀ ਡਰ ਛੱਡ ਦਿੰਦੇ ਹਨ। ਜਦੋਂ ਮੌਤ ਦਾ ਭੈ ਛੱਡਿਆ ਜਾਵੇ ਤਾਂ ਹਿਰਨੀ ਵੀ ਆਪਣੇ ਬੱਚੇ ਨੂੰ ਬਚਾਉਣ ਲਈ ਸ਼ੇਰਾਂ ਨਾਲ ਭਿੜ ਜਾਂਦੀ ਹੈ।

ਜਦੋਂ ਮੌਤ ਸਾਹਮਣੇ ਦਿਸਦੀ ਹੋਵੇ ਤਾਂ ਕਈ ਵਾਰ ‘ਪੈੱਸਿਵ ਕੋਪਿੰਗ ਸਟਰੈਟਜੀ’ ਅਧੀਨ ਆਪਣੇ ਅੰਦਰਲੀ ਸਾਰੀ ਤਾਕਤ ਬਟੋਰ ਕੇ ਮਰੋ ਜਾਂ ਮਾਰੋ ਵਰਗੀ ਸੋਚ ਨਾਲ ਦਿਮਾਗ਼ ਦੇ ਕੁੱਝ ਜੋੜ ਤੇ ਉਨ੍ਹਾਂ ਵਿਚਲੇ ਰਿਐਕਸ਼ਨ ਤਬਦੀਲ ਕੀਤੇ ਜਾ ਸਕਦੇ ਹਨ।

ਕੁੱਝ ਅਜਿਹਾ ਹੀ ਸਾਰਾਗੜ੍ਹੀ ਵਿਚਲੇ ਸ਼ਹੀਦਾਂ ਨਾਲ ਵਾਪਰਿਆ ਹੋਵੇਗਾ।

ਕਿਸੇ ਹੋਰ ਨੂੰ ਭੈ-ਭੀਤ ਕਰਨ ਨਾਲ ਕੀ ਹੁੰਦਾ ਹੈ  ?

ਕੁੱਝ ਲੋਕ ਡਰਾਵਨੇ ਸੀਰੀਅਲ ਜਾਂ ਫਿਲਮਾਂ ਵੇਖ ਕੇ ਮਜ਼ਾ ਲੈਂਦੇ ਹਨ।  ਡਾ. ਮਾਰਗੀ ਰੌਬਰਟ ਮੌਰਿਸ ਯੂਨੀਵਰਸਿਟੀ ਵਿਖੇ ਪੜ੍ਹਾਉਂਦੀ ਹੈ ਤੇ ਡਰ ਉੱਤੇ ਕੀਤੀਆਂ ਖੋਜਾਂ ਦੀ ਸਪੈਸ਼ਲਿਸਟ ਹੈ। ਕਿਸੇ ਨੂੰ ਡਰਾਉਣ ਧਮਕਾਉਣ ਜਾਂ ਆਪ ਉੱਚੀ ਛਾਲ ਮਾਰਨ ਲੱਗਿਆਂ ਸਰੀਰ ਅੰਦਰ ਡੋਪਾਮੀਨ ਨਿਕਲ ਪੈਂਦੀ ਹੈ ਤੇ ਅਜਿਹਾ ਕਰਨ ਵਾਲੇ ਨੂੰ ਮਜ਼ਾ ਆਉਣ ਲੱਗ ਪੈਂਦਾ ਹੈ।

ਜਦੋਂ ਕਿਸੇ ਹੋਰ ਨੂੰ ਡਰਾਉਣਾ ਜਾਂ ਮਾਰਨਾ ਹੋਵੇ ਤਾਂ ਮਾਰਨ ਵਾਲੇ ਜਾਂ ਡਰਾਉਣ ਵਾਲੇ ਦੇ ਦਿਮਾਗ਼ ਅੰਦਰ ਵੀ ਓਨੀ ਹੀ ਤਰਥੱਲੀ ਮਚਦੀ ਹੈ ਜਿੰਨੀ ਡਰ ਜਾਂ ਮਰ ਜਾਣ ਵਾਲੇ ਅੰਦਰ ਹੁੰਦੀ ਹੈ। ‘ਸੋਸ਼ਲ, ਕੌਗਨਿਟਿਵ ਐਂਡ ਅਫੈਕਟਿਵ’ ਜਰਨਲ ਵਿਚ ਛਪੀ ਨਵੀਂ ਖੋਜ ਰਾਹੀਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਕਈ ਵਾਰ ਤਾਂ ਡਰਾਉਣ, ਧਮਕਾਉਣ ਜਾਂ ਮਾਰਨ ਵਾਲੇ ਦਾ ਦਿਮਾਗ਼ ਤੇ ਸਰੀਰ ਸਗੋਂ ਵੱਧ ਤਣਾਓ ਅਧੀਨ ਹੁੰਦਾ ਹੈ ਤੇ ਲਗਾਤਾਰ ਏਨਾ ਤਣਾਓ ਸਹੇੜਨ ਨਾਲ ਮਾਨਸਿਕ ਤੇ ਸਰੀਰਕ ਰੋਗ ਤੱਕ ਲਾ ਲੈਂਦਾ ਹੈ। ਮੋਨਾਸ਼ ਯੂਨੀਵਰਸਿਟੀ ਮੈਲਬੋਰਨ ਵਿਖੇ 48 ਅਜਿਹੇ ਬੰਦਿਆਂ ਦੇ ਐਮ. ਆਰ. ਆਈ. ਮੈਪਿੰਗ ਤੇ ਵੀਡੀਓ ਰਿਕਾਰਡਿੰਗ ਨਾਲ ਕੀਤੀ ਗਈ ਖੋਜ ਵਿਚ ਟੈਂਪੋਰੋਪੈਰਾਈਟਲ ਜੋੜ ਵਿਚ ਲੋੜੋਂ ਵੱਧ ਹਰਕਤ ਦਿਸੀ। ਇਸ ਤੋਂ ਇਲਾਵਾ ਫਰੰਟਲ ਕੌਰਟੈਕਸ ਦੇ ਪਾਸੇ ਉੱਤੇ ਵੀ ਬਹੁਤ ਸਾਰੇ ਸੁਣੇਹੇ ਜਾਂਦੇ ਦਿਸੇ। ਫਿਊਸੀਫਾਰਮ ਗਾਇਰਸ ਵਿਚ ਵੀ ਲੋੜੋਂ ਵੱਧ ਲਹੂ ਜਾਂਦਾ ਦਿਸਿਆ। ਇਕ ਦਮ ਡਰਾਉਣ ਜਾਂ ਮਾਰਨ ਲੱਗਿਆਂ ਦਿਮਾਗ਼ ਦੇ ਲਿੰਗੁਅਲ ਗਾਇਰਸ ਵਿਚ ਵੀ ਤਰਥੱਲੀ ਮਚੀ ਦਿਸੀ।

ਇਨ੍ਹਾਂ ਸਾਰਿਆਂ ਵਿਚ ਹੀ ਕੁੱਝ ਨਾ ਕੁੱਝ ਮਨੋ ਰੋਗ ਲੱਭੇ ਤੇ ਕੁੱਝ ਤਾਂ ਸਾਈਕੋਪੈਥ ਵੀ ਸਨ। ਕੁੱਝ ਤਣਾਓ ਅਧੀਨ ਤੇ ਕੁੱਝ ਪਛਤਾਵੇ ਦੇ ਅਸਰ ਅਧੀਨ ਬਲੱਡ ਪ੍ਰੈੱਸ਼ਰ, ਨੀਂਦਰ ਦੇ ਰੋਗ, ਸਿਰ ਪੀੜ, ਇਕ ਦਮ ਭੜਕ ਜਾਣ, ਆਦਿ ਵਰਗੇ ਲੱਛਣ ਲਈ ਬੈਠੇ ਸਨ। ਇਨ੍ਹਾਂ ਵਿਚ ਹਾਰਟ ਅਟੈਕ ਹੋਣ ਦਾ ਖ਼ਤਰਾ ਵੱਧ ਚੁੱਕਿਆ ਸੀ।

ਅਖ਼ੀਰ ਨਤੀਜਾ ਇਹ ਕੱਢਿਆ ਗਿਆ ਕਿ ਡਰਨ ਵਾਲੇ ਤੇ ਡਰਾਉਣ ਵਾਲੇ, ਦੋਨਾਂ ਦੇ ਸਰੀਰਾਂ ਅਤੇ ਦਿਮਾਗ਼ ਦਾ ਨਾਸ ਵੱਜ ਜਾਂਦਾ ਹੈ। ਇਸੇ ਲਈ ਭੈ ਤੋਂ ਮੁਕਤੀ ਪਾਉਣ ਲਈ ਆਪਣੇ ਆਪ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ, ਜਿਸ ਲਈ ਭਗਤੀ, ‘ਆਰਟ ਆਫ ਲਿਵਿੰਗ’ ਜਾਂ ਯੋਗ ਆਦਿ ਦੀ ਮਦਦ ਲਈ ਜਾ ਸਕਦੀ ਹੈ।

ਏਨੀ ਡੂੰਘੀ ਖੋਜ ਤੋਂ ਬਾਅਦ ਜੋ ਨਿਚੋੜ ਕੱਢਿਆ ਗਿਆ, ਉਹ ਸਿਰਫ਼ ਇਕ ਤੁੱਕ ਰਾਹੀਂ ਗੁਰੂ ਸਾਹਿਬ ਨੇ ਬਿਨਾਂ ਐਮ. ਆਰ. ਆਈ. ਤੇ ਲਹੂ ਦੇ ਟੈਸਟਾਂ ਤੋਂ, ਸਿਰਫ਼ ਉੱਚੀ ਸੁੱਚੀ ਸੋਚ ਤੇ ਜ਼ਿੰਦਗੀ ਦੇ ਨਿਚੋੜ ਰਾਹੀਂ ਸਮਝਾ ਦਿੱਤਾ। ਨਾ ਡਰੋ ਤੇ ਨਾ ਹੀ ਕਿਸੇ ਨੂੰ ਡਰਾਓ !

ਜੇ ਹਾਲੇ ਵੀ ਕੋਈ ਭੈ ਨੂੰ ਤਿਆਗਣ ਜਾਂ ਕਿਸੇ ਹੋਰ ਨੂੰ ਡਰਾਉਣਾ ਛੱਡਣ ਨੂੰ ਤਿਆਰ ਨਹੀਂ, ਤਾਂ ਰੱਬ ਰਾਖਾ, ਪਰ ਇਨ੍ਹਾਂ ਤੁੱਕਾਂ ਨੂੰ ਅਜ਼ਮਾ ਕੇ ਅਤੇ ਆਪਣੇ ਉੱਤੇ ਲਾਗੂ ਕਰ ਕੇ ਇਕ ਵਾਰ ਵੇਖਣਾ ਜ਼ਰੂਰ।

ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥

ਕਹੁ ਨਾਨਕ  !  ਸੁਨਿ ਰੇ ਮਨਾ  ! ਗਿਆਨੀ ਤਾਹਿ ਬਖਾਨਿ ॥ (ਮ: ੯/੧੪੨੭)