ਭਗਤ ਰਵੀਦਾਸ ਜੀ ਅਤੇ ਉਨ੍ਹਾਂ ਦਾ ਜੀਵਨ ਦਰਸ਼ਨ

0
448

ਭਗਤ ਰਵੀਦਾਸ ਜੀ ਅਤੇ ਉਨ੍ਹਾਂ ਦਾ ਜੀਵਨ ਦਰਸ਼ਨ

-ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਭਾਰਤ ਦੀ ਧਰਤੀ ਸੰਤਾਂ-ਮਹਾਤਮਾਂ, ਗੁਰੂਆਂ-ਪੀਰਾਂ, ਰਿਸ਼ੀਆਂ-ਮੁਨੀਆਂ ਅਤੇ ਭਗਤਾਂ-ਪਿਆਰਿਆਂ ਦੀ ਧਰਤੀ ਹੈ। ਸਮੇਂ-ਸਮੇਂ ਇਨ੍ਹਾਂ ਮਹਾਂ ਪੁਰਖਾਂ ਨੇ ਮਨੁੱਖ ਦੀਆਂ ਪਦਾਰਥਵਾਦੀ ਬਿਰਤੀਆਂ ਨੂੰ ਅਧਿਆਤਮਕ ਰੰਗ ਵਿੱਚ ਰੰਗ ਕੇ ਜਿੱਥੇ ਜੀਵਨ ਦੇ ਅਸਲ ਮਨੋਰਥ ਦਾ ਗਿਆਤ ਕਰਵਾਇਆ ਹੈ, ਉੱਥੇ ਇਸ ਮਨੋਰਥ ਦੀ ਸਿੱਧੀ ਹਿੱਤ ਭਗਤੀ (ਨਿਰਮਲ ਪ੍ਰੇਮ ਦੇ ਆਧਾਰਿਤ) ਮਾਰਗ ਨੂੰ ਵੀ ਵਡਿਆਇਆ ਹੈ। ਇਸ ਮਾਰਗ ’ਤੇ ਚੱਲਣ ਵਾਲੇ ਭਗਤਾਂ ਨੇ ਆਪਣੇ ਵਿਸ਼ੇਸ਼ ਵਿਹਾਰ ਅਤੇ ਕਿਰਦਾਰ ਰਾਹੀਂ ਆਪਣੀ ਭਗਤੀ ਦੇ ਨਿਰਾਲੇਪਣ ਨੂੰ ਕਾਇਮ ਰੱਖਿਆ ਹੈ। ਇਸ ਨਿਰਾਲੇਪਣ ਦੀ ਕਾਇਮੀ ਤੋਂ ਬਲਿਹਾਰੇ ਜਾਂਦੇ ਹੋਏ ਤੀਸਰੇ ਨਾਨਕ (ਸ੍ਰੀ ਗੁਰੁ ਅਮਰਦਾਸ) ਜੀ ਲਿਖਦੇ ਹਨ :-

ਭਗਤਾ ਕੀ ਚਾਲ; ਨਿਰਾਲੀ ॥  ਚਾਲਾ ਨਿਰਾਲੀ ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ ॥ 

ਲਬੁ, ਲੋਭੁ, ਅਹੰਕਾਰੁ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ ॥ ਖੰਨਿਅਹੁ ਤਿਖੀ, ਵਾਲਹੁ ਨਿਕੀ; ਏਤੁ ਮਾਰਗਿ ਜਾਣਾ ॥  (ਮ: ੩/੯੧੯)

ਇਸ ਨਿਰਾਲੀ ਚਾਲ ਕਾਰਨ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਘੱਟ ਹੀ ਹੁੰਦਾ ਰਿਹਾ ਹੈ। ਵਿਲੱਖਣਤਾ ਭਰਪੂਰ ਸੋਚ ਤੇ ਲੋਚ (ਨਿਮਰਤਾ) ਰੱਖਣ ਵਾਲੇ ਭਗਤਾਂ ਨੂੰ ਅਜ਼ਮਾਉਣ ਅਤੇ ਸਤਾਉਣ ਲਈ ਦੁਨੀਆਦਾਰਾਂ ਨੇ ਕਈ ਕੋਝੇ ਕਾਰਨਾਮੇ ਵੀ ਕੀਤੇ ਹਨ, ਪਰ ਪ੍ਰਭੂ ਨੇ ਆਪਣੇ ਪਿਆਰੇ ਭਗਤਾਂ ਦੀ ਹਮੇਸ਼ਾ ਹੀ ਰੱਖਿਆ ਕੀਤੀ ਹੈ। ਆਪਣੀ ਸੱਚੀ ਅਤੇ ਸੁੱਚੀ ਭਗਤੀ ਭਾਵਨਾ ਸਦਕਾ ਇਹ ਭਗਤ ਪ੍ਰਮਾਤਮਾ ਵੱਲੋਂ ਹਮੇਸ਼ਾ ਹੀ ਸਤਿਕਾਰੇ ਅਤੇ ਪਿਆਰੇ ਜਾਂਦੇ ਰਹੇ ਹਨ।  ਪ੍ਰਮਾਤਮਾ ਦੀ ਸਤਿਕਾਰਤਾ ਅਤੇ ਪਿਆਰਤਾ ਦੇ ਪਰਮ-ਪਾਤਰ ਬਣਨ ਵਾਲਿਆਂ ਇਨ੍ਹਾਂ ਭਗਤਾਂ ਵਿੱਚ ਹੀ ਸ਼ਾਮਲ ਹਨ : ‘ਭਗਤ/ਗੁਰੂ ਰਵੀਦਾਸ ਜੀ’।

ਸ਼੍ਰੋਮਣੀ ਭਗਤਾਂ ਵਿੱਚ ਸ਼ੁਮਾਰੇ ਜਾਂਦੇ ਰਵੀਦਾਸ ਜੀ ਮਹਾਰਾਜ ਦਾ ਜਨਮ 1376 ਈ. (ਸੰਮਤ 1433) ਵਿੱਚ ਇਕ ਚਰਮਕਾਰੀ ਪਰਿਵਾਰ ਦੇ ਭਾਈ ਸੰਤੋਖ ਦਾਸ ਅਤੇ ਮਾਤਾ ਧੁਰਬਿਨੀਆ ਉਰਫ਼ ਕਰਮੋਂ ਦੇਵੀ ਦੇ ਗ੍ਰਹਿ ਵਿਖੇ ਬ੍ਰਾਹਮਣੀ ਸਭਿਆਚਰ ਦਾ ਧੁਰਾ ਕਰ ਕੇ ਜਾਣੇ ਜਾਂਦੇ ਸ਼ਹਿਰ ਬਨਾਰਸ ਵਿੱਚ ਹੋਇਆ ਭਾਵੇਂ ਭਗਤ ਜੀ ਦੀ ਜਨਮ ਮਿਤੀ ਬਾਬਤ ਵਿਦਿਵਾਨਾਂ ਵਿੱਚ ਇੱਕ ਮਤ ਨਹੀਂ, ਪਰ ਰਵਿਦਾਸੀ ਸੰਪ੍ਰਦਾਇ ਨਾਲ ਸੰਬੰਧਿਤ ਸੰਤ ਕਰਮ ਦਾਸ ਦਾ ਇੱਕ ਦੋਹਰਾ ਉਪਰੋਕਤ ਹਵਾਲੇ ਦੇ ਹੱਕ ਵਿੱਚ ਇੰਜ ਬੋਲਦਾ ਹੈ :-

ਚੌਦਾਂ ਸੈ ਤੇਤੀਸ ਕੀ ਮਾਘ ਸੁਦੀ ਪੰਦ੍ਰਾਸ।  ਦੁਖੀਓ ਕੇ ਕਲਿਆਨ ਹਿੱਤ, ਪ੍ਰਗਟੇ ਸ੍ਰੀ ਰਵਿਦਾਸ।

ਭਗਤ ਜੀ ਦੇ ਪੁਰਖਿਆਂ ਦਾ ਸੰਬੰਧ ਅਜਿਹੇ ਪਰਿਵਾਰ ਨਾਲ ਸੀ ਜਿਸ ਨੂੰ ਸਮਾਜਿਕ ਵਰਣ-ਵੱਖਰੇਵੇਂ ਕਾਰਨ ਨੀਚ ਸਮਝ ਕੇ ਨਫ਼ਰਤ ਕੀਤੀ ਜਾਂਦੀ ਸੀ।  ਇਸ ਦੀ ਪੁਸ਼ਟੀ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕੀਤੀ ਹੈ :-

ਮੇਰੀ ਜਾਤਿ ਕੁਟ ਬਾਂਢਲਾ; ਢੋਰ ਢੋਵੰਤਾ ਨਿਤਹਿ, ਬਾਨਾਰਸੀ ਆਸ ਪਾਸਾ ॥ (ਭਗਤ ਰਵਿਦਾਸ/੧੨੯੩)

ਪਵਿੱਤਰ ਨਦੀ ਕਰ ਕੇ ਪੂਜੀ ਜਾਂਦੀ ਗੰਗਾ ਦੇ ਕਿਨਾਰਿਓਂ ਕਈ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਪ੍ਰਚਲਿਤ ਹੋਈਆਂ, ਇਨ੍ਹਾਂ ਵਿਚਾਰਧਾਰਾਵਾਂ ਵਿੱਚੋਂ ਕੁੱਝ ਕੁ ਤਾਂ ਪੂਰਨ ਰੂਪ ਵਿੱਚ ਮਾਨਵ ਹਿੱਤਕਾਰੀ ਸਾਬਤ ਹੋਈਆਂ ਹਨ ਪਰ ਕੁੱਝ ਕੁ (ਕੱਟੜਵਾਦੀ ਸੁਭਾਅ ਦੀਆਂ) ਵਿਚਾਰਧਾਰਾਵਾਂ (ਜਿਵੇਂ ਕਿ ਜਾਤ-ਪਾਤ ਨਾਲ ਸੰਬੰਧਿਤ) ਨੇ ਸਮਾਜਿਕ ਵਿੱਥਾਂ ਨੂੰ ਵਧਾਉਣ ਵਿੱਚ ਆਪਣਾ ਨਾਂਹ ਪੱਖੀ ਰੋਲ ਅਦਾ ਕੀਤਾ।

ਭਗਤ ਰਵੀਦਾਸ ਜੀ ਦੇ ਜੀਵਨ-ਕਾਲ ਵਿੱਚ ਸਮਾਜ, ਧਾਰਮਿਕ ਖੇਤਰ ਵਿੱਚ ਪੁਜਾਰੀਆਂ ਦੇ ਕਰਮਕਾਂਡ ਤੇ ਕੱਟੜਵਾਦ, ਸਮਾਜਿਕ ਪੱਧਰ ਉੱਤੇ ਵਰਣ-ਵੰਡ ਅਤੇ ਜਾਤ-ਪਾਤ ਦੀ ਮਨੁੱਖੀ ਵੰਡ ਅਤੇ ਰਾਜਨੀਤਿਕ ਅਤੇ ਆਰਥਿਕ ਪੱਖੋਂ ਬਿਗਾਨੀ (ਵਿਦੇਸ਼ੀ) ਹਕੂਮਤ ਹੋਣ ਕਰ ਕੇ ਸੰਤੁਲਿਤ ਨਹੀਂ ਸੀ। ਹਾਲਾਤ ਇਹ ਸੀ ਕਿ ਆਮ-ਜਨਤਾ ਵਿਦੇਸ਼ੀ ਰਾਜ ਦੇ ਡਰ ਅਤੇ ਪੁਜਾਰੀ ਸ਼੍ਰੇਣੀ ਦੀ ਨਫ਼ਰਤ ਕਾਰਨ ਸਾਹ-ਸਤਹੀਣ ਹੋ ਚੁੱਕੀ ਸੀ ਅਤੇ ਮਾਨ-ਸਨਮਾਨ ਵਾਲੀ ਜ਼ਿੰਦਗੀ ਜਿਉਣ ਦੀ ਜਾਚ ਭੁੱਲ ਚੁੱਕੀ ਸੀ। ਜਨਤਾ ਦੇ ਇਸ ਧੂ-ਘਸੀਟ ਵਾਲੇ ਜੀਵਨ ਬਾਰੇ ਬਾਬਾ ਰਵੀਦਾਸ ਜੀ ਲਿਖਦੇ ਹਨ :-

ਜਾਤੀ ਓਛਾ, ਪਾਤੀ ਓਛਾ; ਓਛਾ ਜਨਮੁ ਹਮਾਰਾ ॥ (ਭਗਤ ਰਵਿਦਾਸ/੪੮੬)

ਜਿੱਥੋਂ ਤੱਕ ਭਗਤ ਰਵੀਦਾਸ ਜੀ ਦੀ ਫ਼ਿਲਾਸਫ਼ੀ ਦਾ ਸੰਬੰਧ ਹੈ, ਉਸ ਨੂੰ ਪੜ੍ਹ-ਸੁਣ ਕੇ ਕਈ ਹੈਰਾਨੀਜਨਕ ਭਾਵ-ਅਰਥ ਉਪਜਦੇ ਹਨ। ਉਨ੍ਹਾਂ ਦੇ ਸਮਕਾਲੀ ਸ਼ਾਸਕਾਂ ਤੇ ਠਾਕੁਰਾਂ ਦਾ ਸੁਭਾਅ ਨਿਰਦਈ ਅਤੇ ਜ਼ਾਲਮਾਨਾ ਸੀ।  ਪੰਡਿਤਾਂ ਅਤੇ ਮੁਲਾਣਿਆਂ ਦਾ ਵਰਗ ਕਰਮਕਾਡਾਂ ਵਿੱਚ ਬੱਝਿਆ ਹੋਇਆ ਸੀ।  ਜੇਕਰ ਕੋਈ ਨੀਵੀਂ ਜਾਤ ਵਾਲਾ ਵਿਅਕਤੀ ਇਨ੍ਹਾਂ ਦੀ ਹੁਕਮ- ਅਦੂਲੀ ਕਰਦਾ ਸੀ ਤਾਂ ਉਸ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਂਦੇ ਸਨ। ਜਿੱਥੇ ਸ਼ਾਸਕ ਸ਼੍ਰੇਣੀ ਸ਼ਸਤਰਧਾਰੀ ਤੇ ਧੰਨਵਾਨ ਹੋਣ ਕਰ ਕੇ ਅਸੀਮ ਸ਼ਕਤੀ ਦੀ ਮਾਲਿਕ ਸੀ ਉੱਥੇ ਰਵੀਦਾਸ ਜੀ ਕੋਲ਼ ਇਸ ਸ਼ਕਤੀ ਦਾ ਮੁਕਾਬਲਾ ਕਰਨ ਲਈ, ਨਾ ਤਾਂ ਹਾਥੀ ਘੋੜੇ ਸਨ ਅਤੇ ਨਾ ਹੀ ਕੋਈ ਸਿਖਲਾਈ ਯੁਕਤ ਹਥਿਆਰਬੰਦ ਫ਼ੌਜ, ਪਰ ਜਿਸ ਦਲੇਰੀ ਤੇ ਹੌਸਲੇ ਵਾਲੇ ਢੰਗ ਨਾਲ ਉਹ ਗੁੰਮਰਾਹਕੁੰਨ ਫੋਕੇ ਕਰਮਕਾਂਡਾਂ ਨੂੰ ਨਕਾਰਦੇ ਹਨ ਉਸ ਨੂੰ ਬਹੁਤ ਹੀ ਕਾਬਲੇ-ਤਾਰੀਫ਼ ਅਤੇ ਨਿਵੇਕਲੀ ਪਹੁੰਚ ਵਾਲਾ ਕਿਹਾ ਜਾ ਸਕਦਾ ਹੈ। ਆਪਣੀ ਅਤੇ ਆਪਣੇ ਭਾਈਚਾਰੇ ਦੀ ਇਸ ਤਰਸੀਲੀ ਹਾਲਤ ਨੂੰ ਬਿਆਨ ਕਰਦੇ ਹੋਏ ਭਗਤ ਜੀ ਲਿਖਦੇ ਹਨ :-

ਦਾਰਿਦੁ ਦੇਖਿ, ਸਭ ਕੋ ਹਸੈ; ਐਸੀ ਦਸਾ ਹਮਾਰੀ ॥ (ਭਗਤ ਰਵਿਦਾਸ/੮੫੮)

ਭਗਤ ਰਵੀਦਾਸ ਜੀ ਦੇ ਜੀਵਨ-ਦਰਸ਼ਨ ਦੀ ਇਹ ਵਿਸ਼ੇਸ਼ਤਾ ਹੈ ਕਿ ਆਪਣੇ ਸਮਕਾਲੀ ਸਮਾਜ ਦੇ ਸ਼ਾਸਕ ਵਰਗ ਦੀ ਜ਼ਾਲਮਾਨਾ ਰੁਚੀ ਅਤੇ ਪੂਜਾਰੀ ਸ਼੍ਰੇਣੀ ਦੇ ਹੰਕਾਰੀ ਵਤੀਰੇ ਨੂੰ ਰੱਦ ਕਰਦਿਆਂ, ਨਾ ਤਾਂ ਉਨ੍ਹਾਂ ਨੇ ਕਿਸੇ ਹਿੰਸਾਤਮਕ ਵਿਹਾਰ ਦੀ ਵਕਾਲਤ ਕੀਤੀ ਹੈ ਅਤੇ ਨਾ ਹੀ ਕਿਸੇ ਕੌੜੀ ਭਾਵਨਾ ਵਾਲੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ।  ਆਪਣੀ ਭਗਤੀ-ਭਾਵਨਾ ਅਤੇ ਕਰਮਸ਼ੀਲ-ਵਿਹਾਰ ਨਾਲ ਉਨ੍ਹਾਂ ਨੇ ਆਪਣੇ ਜੀਵਨ ਨੂੰ ਇਨ੍ਹਾਂ ਉੱਚਾ ਤੇ ਸੁੱਚਾ ਬਣਾ ਲਿਆ ਸੀ ਕਿ ਕਈ ਰਾਜੇ-ਰਾਣਿਆਂ ਅਤੇ ਪੁਜਾਰੀਆਂ ਨੂੰ ਉਨ੍ਹਾਂ ਦੇ ਚਰਨਾਂ ਉੱਪਰ ਆਪਣੇ ਸੀਸ ਨੂੰ ਝੁਕਾਉਣਾ ਪਿਆ।  ਇਸ ਗੱਲ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਵਿਚਲੀ ਉਨ੍ਹਾਂ ਦੀ ਹੀ ਬਾਣੀ ਇਸ ਪ੍ਰਕਾਰ ਕਰਦੀ ਹੈ :

ਅਬ ਬਿਪ੍ਰ ਪਰਧਾਨ, ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ, ਰਵਿਦਾਸੁ ਦਾਸਾ ॥ (ਭਗਤ ਰਵਿਦਾਸ/੧੨੯੩)

ਆਪਣੇ ਉਦੇਸ਼ ਦੀ ਪੂਰਤੀ ਲਈ ਪ੍ਰੇਮ-ਪਿਆਰ ਦੀ ਜੁਗਤ ਨੂੰ ਵਰਤਣ ਵਾਲੇ ਬਾਬਾ ਰਵੀਦਾਸ ਜੀ ਮਨੁੱਖਤਾ ਨੂੰ ਇੱਕ ਅਜਿਹੇ ਸ਼ਹਿਰ ਦਾ ਵਾਸੀ ਬਣਾਉਣਾ ਚਾਹੁੰਦੇ ਹਨ, ਜਿਸ ਨੂੰ ਬੇਗ਼ਮਪੁਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸ਼ਹਿਰ ਦੁਨਿਆਵੀ ਫ਼ਿਕਰ-ਫ਼ਾਕਿਆਂ ਤੋਂ ਰਹਿਤ ਹੋਣ ਦੇ ਨਾਲ-ਨਾਲ ਦੁੱਖਾਂ-ਤਕਲੀਫ਼ਾਂ ਅਤੇ ਲੁੱਟ-ਘਸੁੱਟ ਦੇ ਮਨੋਰਥ ਨਾਲ ਲਗਾਏ ਜਾਂਦੇ ਟੈਕਸਾਂ ਤੋਂ ਵੀ ਮੁਕਤ ਹੈ। ਇਸ ਸ਼ਹਿਰ ਦਾ ਜ਼ਿਕਰ ਆਪਣੀ ਹੀ ਬਾਣੀ ਵਿੱਚ ਉਨ੍ਹਾਂ ਇਸ ਤਰ੍ਹਾਂ ਕੀਤਾ :

ਬੇਗਮ ਪੁਰਾ; ਸਹਰ ਕੋ ਨਾਉ ॥  ਦੂਖੁ ਅੰਦੋਹੁ ਨਹੀ; ਤਿਹਿ ਠਾਉ ॥ 

ਨਾਂ ਤਸਵੀਸ, ਖਿਰਾਜੁ ਨ ਮਾਲੁ ॥  ਖਉਫੁ ਨ ਖਤਾ; ਨ ਤਰਸੁ ਜਵਾਲੁ ॥ (ਭਗਤ ਰਵਿਦਾਸ/੩੪੫)

ਭਗਤ ਰਵੀਦਾਸ ਜੀ ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਹਾਮੀ ਹਨ ਅਤੇ ਇੱਕ ਅਜਿਹੇ ਰਾਜ ਦੀ ਕਲਪਨਾ ਕਰਦੇ ਹਨ ਜਿੱਥੇ ਛੋਟੇ-ਵੱਡੇ ਸਾਰੇ ਇੱਕ ਸਮਾਨ ਰਹਿੰਦੇ ਹੋਏ ਲੋੜ ਅਨੁਸਾਰ ਪ੍ਰਸ਼ਾਦੇ-ਪਾਣੀ ਦਾ ਆਨੰਦ ਮਾਣ ਸਕਣ ਅਤੇ ਬਰਾਬਰਤਾ ਦੇ ਅਹਿਸਾਸ ਨਾਲ ਆਪਣਾ ਜੀਵਨ ਬਸਰ ਕਰ ਸਕਣ।

ਭਗਤ ਜੀ ਦਾ ਜਨਮ ਭਾਵੇਂ (ਮੰਨੀ ਜਾਂਦੀ) ਨੀਵੀਂ ਚਮਾਰ ਜਾਤੀ ਵਿੱਚ ਹੋਇਆ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਕਿਤੇ ਰੱਤੀ ਭਰ ਵੀ ਅਫ਼ਸੋਸ ਨਹੀਂ ਹੈ।  ਸਗੋਂ ਉਹ ਤਾਂ ਬੜੇ ਮਾਣ ਨਾਲ ਕਹਿੰਦੇ ਹਨ :-

ਨਾਗਰ ਜਨਾਂ  !  ਮੇਰੀ ਜਾਤਿ ਬਿਖਿਆਤ ਚੰਮਾਰੰ ॥  (ਭਗਤ ਰਵਿਦਾਸ/੧੨੯੩) ਅਜਿਹੀ ਵਿਚਾਰ ਰੱਖਣ ਦੀ ਵਜ੍ਹਾ ਵੀ ਉਨ੍ਹਾਂ ਦੀ ਸਮਵਰਤੀ ਸੋਚ ਦਾ ਹੀ ਹਿੱਸਾ ਹੈ, ਜੋ ਕਹਿੰਦੀ ਹੈ :-

ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੁੋਗਵੈ ਸੋਈ ॥ (ਭਗਤ ਰਵਿਦਾਸ/੬੫੮)

ਮਨੁੱਖੀ-ਜੀਵਨ ਦੀ ਉੱਤਮਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਗਤ ਜੀ ਕਹਿੰਦੇ ਹਨ ਕਿ ਬਹੁ ਮੁੱਲਾ ਹੋਣ ਦੇ ਨਾਲ-ਨਾਲ ਮਨੁੱਖੀ-ਜੀਵਨ ਦੁਰਲੱਭ ਵੀ ਹੈ ਇਸ ਕਰ ਕੇ ਇਸ ਜੀਵਨ ਨੂੰ ਵਿਅਰਥ ਦੇ ਕਾਰਜਾਂ ਵਿੱਚ ਨਹੀਂ ਲਗਾਈ ਰੱਖਣਾ ਚਾਹੀਦਾ ਸਗੋਂ ਇਸ ਨੂੰ ਸਹੀ ਤੇ ਸੁਚੱਜੇ ਢੰਗ ਨਾਲ ਬਤੀਤ ਕਰਨਾ ਚਾਹੀਦਾ ਹੈ, ਉਨ੍ਹਾਂ ਦੇ ਬਚਨ ਹਨ :-

ਦੁਲਭ ਜਨਮੁ ਪੁੰਨ ਫਲ ਪਾਇਓ; ਬਿਰਥਾ ਜਾਤ ਅਬਿਬੇਕੈ ॥ (ਭਗਤ ਰਵਿਦਾਸ/੬੫੮)

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਰਵੀਦਾਸ ਜੀ ਨੂੰ ਰੱਜਵਾਂ ਮਾਣ-ਸਤਿਕਾਰ ਦਿੰਦੇ ਹੋਏ ਉਨ੍ਹਾਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੇ ਹਨ। ਇਨ੍ਹਾਂ ਸ਼ਬਦਾਂ ਵਿੱਚ ਜਿੱਥੇ ਭਗਤ ਜੀ ਨੇ ਆਪਣੇ ਸਮਕਾਲੀ ਸਮਾਜਕ, ਰਾਜਨੀਤਿਕ ਅਤੇ ਧਾਰਮਿਕ ਹਾਲਤਾਂ ਦਾ ਬਾਖ਼ੂਬੀ ਚਿਤਰਣ ਕੀਤਾ ਹੈ ਉੱਥੇ ਸੱਚੀ-ਸੁੱਚੀ ਕਾਰ-ਵਿਹਾਰ ਰਾਹੀਂ ਰੱਬੀ ਨੇੜਤਾ/ਇੱਕਮਿਕਤਾ ਹਾਸਲ ਕਰਨ ਦੀ ਜੁਗਤ (ਪ੍ਰੇਮਾ-ਭਗਤੀ) ਵੀ ਬਿਆਨ ਕੀਤੀ ਹੈ। ਇਸ ਜੁਗਤ ਨੂੰ ਅਪਨਾ ਕੇ ਕੋਈ ਵੀ ਮਨੁੱਖ ਪਰਮ-ਪਿਤਾ ਪਰਮਾਤਮਾ ਦੀਆਂ ਬਖ਼ਸ਼ਸ਼ਾਂ ਦਾ ਪਾਤਰ ਬਣ ਸਕਦਾ ਹੈ ਅਤੇ ਆਪਣੇ ਲੋਕ ਤੇ ਪ੍ਰਲੋਕ ਨੂੰ ਸੰਵਾਰ ਸਕਦਾ ਹੈ।

ਆਓ, ਆਪਾਂ ਵੀ ਅੱਜ ਗੁਰੂ/ਭਗਤ ਰਵੀਦਾਸ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਉਨ੍ਹਾਂ ਦੀ ਪਵਿੱਤਰ ਅਤੇ ਸਰਬ-ਕਲਿਆਣੀ ਕਾਰੀ ਸੋਚ ਦੇ ਭਾਗੀਦਾਰ ਬਣੀਏ ਅਤੇ ਜਾਤ-ਪਾਤ ਰਹਿਤ ਸਮਾਜਕ-ਪ੍ਰਬੰਧ ਦੀ ਉਸਾਰੀ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ।

ਅਮੀਨ !