ਮਾਇਆ ਮਮਤਾ ਮੋਹਣੀ; ਜਿਨਿ, ਵਿਣੁ ਦੰਤਾ ਜਗੁ ਖਾਇਆ॥

0
1289

ਮਾਇਆ ਮਮਤਾ ਮੋਹਣੀ; ਜਿਨਿ, ਵਿਣੁ ਦੰਤਾ ਜਗੁ ਖਾਇਆ॥

ਰਣਜੀਤ ਸਿੰਘ (ਲੁਧਿਆਣਾ)-95015-10003,79865-42061

ਗੁਰੂ ਸਾਹਿਬ ਨੇ ਮਨੁੱਖ ਮਾਤਰ ਨੂੰ ਕੋਈ ਭੁਲੇਖਾ ਰਹਿਣ ਨੀ ਦਿੱਤਾ ਪਰ ਬਦਕਿਸਮਤੀ ਜਾਂ ਤਰਾਸਦੀ ਅੱਜ ਦੇ ਸਿੱਖ ਦੀ ਇਹ ਹੈ ਕਿ ਇਹ ਦੁਨਿਆਵੀ ਕੰਮ ਤਾਂ ਆਪ ਕਰਨ ਲੱਗ ਪਿਆ ਹੈ ਪਰ ਧਰਮ ਦਾ ਕੰਮ, ਜੋ ਆਪ ਕਰਨਾ ਸੀ ਉਹ ਪੈਸੇ (ਮਾਇਆ ਦੇ ਬਲਬੂਤੇ) ’ਤੇ ਠੇਕੇ ’ਤੇ ਹੋਰਨਾਂ ਤੋਂ ਕਰਾਉਣ ਲੱਗ ਪਿਆ ਹੈ ਕਿਉਂਕਿ ਇਹਨਾਂ ਤੋਂ ਬਿਨਾਂ ਕੁਝ ਦਿੱਤੀ (ਚੰਦ) ਮਾਇਆ ਬਦਲੇ ਗੁਰਸਿੱਖ ਧਰਮੀ ਦੀ ਉਪਾਧੀ (ਸਿਰਪਾਓ) ਪਾ ਕੇ ਨਹੀਂ ਨਿਵਾਜਿਆ ਜਾਂਦਾ ਹੈ । ਹੇ ਸਿੱਖਾ  ! ਤੇਰਾ ਗੁਰੂ ਤੈਨੂੰ ਹਨੇਰੇ ਵਿੱਚ ਨਹੀਂ ਰੱਖਦਾ ਤੂੰ ਆਪ ਹੀ ਸਰੀਰਾਂ ਦੇ ਪਿੱਛੇ ਲੱਗ ਕੇ ਹਨੇਰੇ ਵਿੱਚ ਅਮੋਲਕ ਜੀਵਨ ਨੂੰ ਬਰਬਾਦ ਕਰ ਰਿਹਾ ਹੈਂ । ਗੁਰਬਾਣੀ ਆਪ ਅਰਥਾਂ ਨਾਲ਼ ਸਮਝ ਕੇ ਗੁਰਬਾਣੀ ਪੜ੍ਹੇ ਤਾਂ ਤੇਰੇ ਅੰਦਰੋਂ ਮੋਹ ਦੀ ਨੀਂਦ ਟੁੱਟ ਜਾਵੇ ਤੇ ਆਤਮਕ ਜਾਗ ਆ ਜਾਵੇ । ਮਾਇਆ ਬਾਰੇ ਗੁਰੂ ਸਾਹਿਬ ਦਾ ਫੈਸਲਾ ਹੈ :

ਮਾਇਆ ਕਿਸ ਨੋ ਆਖੀਐ  ? ਕਿਆ ਮਾਇਆ ਕਰਮ ਕਮਾਇ  ?॥

ਦੁਖਿ ਸੁਖਿ ਏਹੁ ਜੀਉ ਬਧੁ ਹੈ, ਹਉਮੈ ਕਰਮ ਕਮਾਇ ॥

ਬਿਨੁ ਸਬਦੈ, ਭਰਮੁ ਨ ਚੂਕਈ, ਨਾ ਵਿਚਹੁ ਹਉਮੈ ਜਾਇ ॥ (ਮ : ੩/੬੭)

ਮਾਇਆ ਹੋਈ ਨਾਗਨੀ, ਜਗਤਿ ਰਹੀ ਲਪਟਾਇ ॥

ਇਸ ਕੀ ਸੇਵਾ ਜੋ ਕਰੇ, ਤਿਸ ਹੀ ਕਉ ਫਿਰਿ ਖਾਇ ॥ (ਮ : ੩/੫੧0), ਆਦਿ।

ਜਗਤ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਸਰਪਣੀ ਆਂਡੇ ਦੇ ਕੇ ਆਪੇ ਹੀ ਆਂਡਿਆਂ ’ਚੋਂ ਨਿਕਲੇ ਆਪਣੇ ਬੱਚੇ ਖਾ ਜਾਂਦੀ ਹੈ, ਇਸ ਕਰ ਕੇ ਮਾਇਆ ਨੂੰ ਨਾਗਣੀ ਦੀ ਸੰਗਿਆ ਦਿੱਤੀ ਗਈ ਹੈ ।

ਮਾਇਆ ਸੱਪਣੀ ਬਣੀ ਹੋਈ ਹੈ (ਹਰੇਕ ਜੀਵ ਨੂੰ) ਚੰਬੜੀ (ਮੁਕਾਂਦੀ ਜਾਂਦੀ) ਹੈ ਭਾਵ ਉਸ ਦੇ ਅੰਦਰੋ ਮਨੁੱਖਤਾ ਵਾਲੇ ਆਤਮਕ ਗੁਣ ਨਹੀਂ ਪੈਦਾ ਹੁੰਦੇ ਤੇ ਮਨੁੱਖਤਾ ਅੰਦਰੋਂ ਖ਼ਤਮ ਹੋ ਜਾਂਦੀ ਹੈ, ‘‘ਮਾਇਆ ਮਮਤਾ ਮੋਹਣੀ, ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮਨਮੁਖ ਖਾਧੇ, ਗੁਰਮੁਖਿ ਉਬਰੇ, ਜਿਨੀ ਸਚਿ ਨਾਮਿ ਚਿਤੁ ਲਾਇਆ ॥’’ (ਮ : ੩/੬੪੪)

ਮਾਇਆ ਦੀ ਅਪਣੱਤ (ਭਾਵ ਇਹ ਖਿਆਲ ਕਿ ਇਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ) ਮਨ ਨੂੰ ਮੋਹਣ ਵਾਲੀ ਹੈ, ਇਸ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ ਸਾਰੇ ਦਾ ਸਾਰਾ ਹੀ ਖਾ ਲਿਆ ਹੈ) ਮਨ ਦੇ ਮੁਰੀਦ ਇਸ ਮਮਤਾ ਵਿੱਚ ਜਕੜੇ ਹੋਏ ਹਨ, ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿੱਚ ਭਾਵ ਗੁਰੂ ਦੇ ਉਪਦੇਸ਼, ਗੁਰਬਾਣੀ ਦੇ ਅਨੁਸਾਰ ਜੀਵਨ ਬਣਾ ਲਿਆ, ਉਹ ਇਸ ਤੋਂ ਬਚ ਗਏ ਹਨ ।

ਕੀ ਅੱਜ ਤੱਕ ਸੰਸਾਰ ਵਿੱਚ ਕੋਈ ਵੀ ਮਨੁੱਖ ਮਾਇਆ ਦੇ ਆਸਰੇ, ਜ਼ਿੰਦਗੀ ਕਾਮਯਾਬ ਕਰ ਕੇ ਗਿਆ ਹੋਵੇ ਤੇ ਕਹਿ ਸਕੇ ਕਿ ਮੇਰੇ ਸਾਰੇ ਕੰਮ ਸਿਰੇ ਚੜ੍ਹ ਗਏ ਹਨ । ਜਗਤ ਗੁਰੂ ਜੀ ਸਾਨੂੰ ਕਹਿੰਦੇ ਹਨ :

ਕਰਿ ਕਰਿ ਥਾਕੇ; ਵਡੇ ਵਡੇਰੇ ॥ ਕਿਨ ਹੀ ਨ ਕੀਏ, ਕਾਜ ਮਾਇਆ ਪੂਰੇ ॥ (ਮ : ੫/੮੮੯)

ਅਗਲੇ ਮੁਏ, ਸਿ ਪਾਛੈ ਪਰੇ ॥ ਜੋ ਉਬਰੇ, ਸੇ ਬੰਧਿ ਲਕੁ ਖਰੇ ॥

ਜਿਹ ਧੰਧੇ ਮਹਿ, ਓਇ ਲਪਟਾਏ ॥ ਉਨ ਤੇ ਦੁਗੁਣ, ਦਿੜੀ ਉਨ ਮਾਏ ॥ (ਮ : ੫/੧੭੮)

ਪਦ ਅਰਥ :- ਆਪਣੇ ਵੱਡੇ ਵਡੇਰੇ।, ਸਿ-ਉਹ ਵੱਡੇ ਵਡੇਰੇ।, ਪਾਛੇ ਪਰੇ-ਭੁੱਲ ਗਏ।, ਉਬਰੇ-ਬਚੇ ਹੋਏ ਹਨ, ਜਿਉਂਦੇ ਹਨ।, ਬੰਧਿ-ਬੰਨ੍ਹ ਕੇ।, ਖਰੇ-ਖਲੋਤੇ ਹੋਏ ਹਨ।, ਉਇ-ਉਹ (ਮਰ ਚੁੱਕੇ, ਵੱਡੇ ਵਡੇਰੇ)।, ਲਪਟਾਏ-ਫਸੇ ਹੋਏ ਹਨ।, ਦੁਗਣ-ਦੂਣੀ। ਦਿੜ੍ਹੀ-ਪੱਕੀ ਕਰ ਕੇ ਬੰਨ੍ਹੀ ਹੋਈ ਹੈ।, ਉਨ-ਉਹਨਾਂ ਨੇ, ਜੋ ਹੁਣ ਜਿਉਂਦੇ ਹਨ।

ਜਿਹੜੇ ਆਪਣੇ ਵੱਡੇ ਵਡੇਰੇ ਮਰ ਚੁੱਕੇ ਹਨ ਉਹ ਭੁੱਲ ਜਾਂਦੇ ਹਨ (ਭਾਵ ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਮਾਇਆ ਇੱਥੇ ਹੀ ਛੱਡ ਜਾਂਦੇ ਹਨ ਜਾਂ ਗਏ ਹਨ) ਜਿਹੜੇ ਹੁਣ ਜਿਉਂਦੇ ਹਨ ਉਹ ਮਾਇਆ ਲਈ ਲੱਕ ਬੰਨ੍ਹ ਕੇ ਖਲੋ ਜਾਂਦੇ ਹਨ। ਜਿਸ ਧੰਧੇ ਵਿੱਚ ਉਹ (ਮਰ ਚੁੱਕੇ ਵੱਡੇ ਵਡੇਰੇ) ਫਸੇ ਹੋਏ ਸਨ ਉਹਨਾਂ ਤੋਂ ਦੂਣੀ ਹੀ ਮਾਇਆ ਦੀ ਪਕੜ ਉਹ (ਜਿਉਂਦੇ ਮਨੁੱਖ ਮਨ ਵਿੱਚ) ਬਣਾ ਲੈਂਦੇ ਹਨ।

ਜਦੋਂ ਜੀਵ ਦੀ ਜੀਵਨ ਮਰਿਆਦਾ ਕੇਵਲ ਮਾਇਆ ਬਿਰਤੀ ਨਾਲ਼ ਬਤੀਤ ਹੁੰਦੀ ਹੈ ਤਾਂ ਗੁਰੂ ਜੀ ਫਿਰ ਦਇਆਲ ਹੋ ਕੇ ਫਿਰ ਸੁਚੇਤ ਕਰਦੇ ਹਨ।

ਮਾਇਆ ਮੋਹਿ; ਹਰਿ ਚੇਤੈ ਨਾਹੀ ॥ ਜਮਪੁਰਿ ਬਧਾ; ਦੁਖ ਸਹਾਹੀ ॥

ਅੰਨਾ ਬੋਲਾ, ਕਿਛੁ ਨਦਰਿ ਨ ਆਵੈ; ਮਨਮੁਖ ਪਾਪਿ ਪਚਾਵਣਿਆ ॥ (ਮ : ੩/੧੧੧)

ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਪ੍ਰਮਾਤਮਾ ਨੂੰ ਚੇਤੇ ਨਹੀਂ ਰੱਖਦਾ, ਉਹ ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿੱਚ (ਆਤਮਕ ਮੌਤ ਦੇ ਕਾਬੂ ਵਿੱਚ ਆਇਆ ਹੋਇਆ) ਦੁੱਖ ਸਹਾਰਦਾ ਹੈ। ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਉਹ ਮਨੁੱਖ, ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਤੋਂ ਅਸਮਰੱਥ ਰਹਿੰਦਾ ਹੈ। ਮਾਇਆ ਤੋਂ ਬਿਨਾਂ ਉਸ ਨੂੰ ਕੁਝ ਦਿਸਦਾ ਹੀ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲ਼ੇ ਬੰਦੇ ਪਾਪ (ਵਿਕਾਰਾਂ ਵਾਲ਼ੇ ਜੀਵਨ) ਵਿੱਚ ਹੀ ਸੜ ਕੇ ਰਹਿੰਦੇ ਹਨ। ਅਜਿਹੇ ਜੀਵਾਂ ਦੀ ਜ਼ਿੰਦਗੀ ਦਾ ਰਸਤਾ ਗੁਰਬਾਣੀ ਦਰਸਾਉਂਦੀ ਹੈ, ‘‘ਹਉ ਸੰਚਉ, ਹਉ ਖਾਟਤਾ; ਸਗਲੀ ਅਵਧ ਬਿਹਾਨੀ ॥ ਰਹਾਉ ॥’’ (ਮ : ੫/੨੪੨)  ਭਾਵ ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ, ਇਹਨਾਂ ਹੀ ਖਿਆਲਾਂ ਵਿੱਚ ਅੰਨ੍ਹੇ ਮਨੁੱਖ ਦੀ ਸਾਰੀ ਹੀ ਉਮਰ ਗੁਜਰ ਜਾਂਦੀ ਹੈ ।

ਜ਼ਿੰਦਗੀ ਦੀ ਅਸਲੀਅਤ ਇਹ ਹੈ, ‘‘ਜਿਉ ਉਲਝਾਇਓ ਬਾਧ ਬੁਧਿ ਕਾ, ਮਰਤਿਆ ਨਹੀ ਬਿਸਰਾਨੀ ॥੪॥ ਭਾਈ ਮੀਤ ਬੰਧਪ ਸਖੇ ਪਾਛੇ; ਤਿਨਹੂ ਕਉ ਸੰਪਾਨੀ ॥੫॥’’ (ਮ : ੫/੨੪੨)

ਭਾਵ (ਮਾਇਆ ਦੇ ਮੋਹ ਵਿੱਚ) ਮਰੀ ਹੋਈ ਮਤ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇਂ ਮਾਇਆ ਦੇ ਮੋਹ ਵਿੱਚ) ਫਸਿਆ ਰਹਿੰਦਾ ਹੈ, ਮਰਨ ਵੇਲ਼ੇ ਵੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ।

ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ ਮਰਨ ਤੋਂ ਪਿੱਛੋਂ ਆਖਰ ਇਨ੍ਹਾਂ ਨੂੰ ਹੀ ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ ਸੌਂਪ ਜਾਂਦਾ ਹੈ।

ਹੇ ਗੁਰੂ ਦੇ ਸਿੱਖਾ !  ਹੁਣ ਤੂੰ ਆਪ ਫੈਸਲਾ ਕਰਨਾ ਹੈ ਕਿ ਤੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜਾਰਨੀ ਹੈ।  ਆਪ ਦਾ ਗੁਰੂ ਤਾਂ ਤੇਰੀ ਜ਼ਿੰਦਗੀ ਸਫਲ ਕਰਨ ਲਈ ਤੇ ਜਨਮਾਂ-ਜਨਮਾਂ ਦੀ ਮਾਇਆ ਦੇ ਮੋਹ ਦੇ ਵਿਕਾਰਾਂ ਵਿੱਚ ਆਈ ਨੀਂਦ ਤੋਂ ਜਗਾਉਣ ਲਈ ਇਹ ਉਪਦੇਸ਼ ਲਿਖ ਕੇ ਦੇ ਗਿਆ ਹੈ ਬਸ਼ਰਤੇ ਤੂੰ ਆਪ (ਖੁਦ) ਰੱਬੀ ਡਰ-ਅਦਬ ਦੇ ਚਰਨ ਨਾਲ ਚੱਲ ਕੇ, ਪਿਆਰ ਦੇ ਹੱਥਾਂ ਨਾਲ਼, ਉੱਚੀ ਸੁਰਤ ਦੀਆਂ ਅੱਖਾਂ (ਭਾਵ ਲੋਇਣ) ਨਾਲ਼ ਗੁਰਬਾਣੀ ਦੇ ਦਰਸ਼ਨ ਕਰ।  ਗੁਰੂ ਸਾਖੀ (ਗਵਾਹ) ਬਣ ਕਹਿ ਰਿਹਾ ਹੈ ਕਿ ਇਸ ਤਰੀਕੇ ਨਾਲ਼ ਤੇਰੀ ਪ੍ਰਮਾਤਮਾ ਨਾਲ਼ ਸਾਂਝ ਬਣ ਜਾਵੇਗੀ, ‘‘ਭੈ ਕੇ ਚਰਣ, ਕਰ ਭਾਵ ਕੇ; ਲੋਇਣ ਸੁਰਤਿ ਕਰੇਇ ॥ ਨਾਨਕੁ ਕਹੈ ਸਿਆਣੀਏ  ! ਇਵ ਕੰਤ ਮਿਲਾਵਾ ਹੋਇ ॥ (ਮ : ੨/੧੩੯), ਬੀਜ ਮੰਤ੍ਰੁ, ਹਰਿ ਕੀਰਤਨੁ ਗਾਉ ॥ ਆਗੈ, ਮਿਲੀ ਨਿਥਾਵੇ ਥਾਉ ॥ ਗੁਰ ਪੂਰੇ ਕੀ ਚਰਣੀ ਲਾਗੁ ॥ ਜਨਮ ਜਨਮ ਕਾ, ਸੋਇਆ ਜਾਗੁ ॥’’ (ਮ : ੫/੮੯੧’’ ਭਾਵ ਹੇ ਭਾਈ  ! ਪ੍ਰਮਾਤਮਾ ਦੀ ਸਿਫਤ ਦਾ ਗੀਤ ਗਾਇਆ ਕਰੋ (ਪ੍ਰਮਾਤਮਾ ਨੂੰ ਵਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ। ਕੀਰਤਨ-ਕੀਰਤੀ ਦੀ ਬਰਕਤ ਨਾਲ ਪਰਲੋਕ ਵਿੱਚ (ਆਤਮਕ ਜੀਵਨ) ਨਿਆਸਰੇ ਜੀਵਨ ਨੂੰ ਆਸਰਾ ਮਿਲ ਜਾਂਦਾ ਹੈ। ਹੇ ਭਾਈ  !  ਪੂਰੇ ਗੁਰੂ ਦੇ ਚਰਨਾਂ ’ਤੇ ਢਹਿ ਪਿਆਂ ਰਿਹਾਂ, ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿੱਚ ਸੁੱਤਾ ਹੋਇਆ, ਜਾਗ ਪਏਂਗਾ।

ਜਿਹੜੇ ਹਿਰਦੇ ਘਰ ’ਚੋਂ (ਮਾਇਆ ਦੇ ਮੋਹ ਦੀ ਨੀਂਦ ਤੋਂ) ਜਾਗਦਾ ਰਹਿੰਦਾ ਹੈ, ਉਹ ਆਪਣੀ ਸਾਬਤ ਵਸਤੂ (ਆਤਮਿਕ ਜੀਵਨ ਦੀ ਪੂੰਜੀ) ਸਾਂਭ ਲੈਂਦਾ ਹੈ, ਪਰ ‘‘ਇਸੁ ਗ੍ਰਿਹ ਮਹਿ, ਕੋਈ ਜਾਗਤੁ ਰਹੈ ॥ ਸਾਬਤੁ ਵਸਤੁ, ਓਹੁ ਅਪਨੀ ਲਹੈ ॥੧॥ ਰਹਾਉ ॥ (ਮ : ੫/੧੮੨), ਗਹੁ ਕਰਿ ਪਕਰੀ, ਨ ਆਈ ਹਾਥਿ ॥ ਪ੍ਰੀਤਿ ਕਰੀ, ਚਾਲੀ ਨਹੀ ਸਾਥਿ ॥ ਕਹੁ ਨਾਨਕ  ! ਜਉ ਤਿਆਗਿ ਦਈ ॥ ਤਬ ਓਹ, ਚਰਣੀ ਆਇ ਪਈ ॥੧॥ ਸੁਣਿ ਸੰਤਹੁ  ! ਨਿਰਮਲ ਬੀਚਾਰ ॥ ਰਾਮ ਨਾਮ ਬਿਨੁ, ਗਤਿ ਨਹੀ ਕਾਈ, ਗੁਰੁ ਪੂਰਾ ਭੇਟਤ ਉਧਾਰ ॥੧॥ ਰਹਾਉ ॥ ਜਬ ਉਸ ਕਉ, ਕੋਈ ਦੇਵੈ ਮਾਨੁ ॥ ਤਬ ਆਪਸ ਊਪਰਿ, ਰਖੈ ਗੁਮਾਨੁ ॥ ਜਬ ਉਸ ਕਉ, ਕੋਈ ਮਨਿ ਪਰਹਰੈ ॥ ਤਬ ਓਹ ਸੇਵਕਿ, ਸੇਵਾ ਕਰੈ ॥੨॥ ਮੁਖਿ ਬੇਰਾਵੈ ਅੰਤਿ ਠਗਾਵੈ ॥ ਇਕਤੁ ਠਉਰ, ਓਹ ਕਹੀ ਨ ਸਮਾਵੈ ॥ ਉਨਿ ਮੋਹੇ ਬਹੁਤੇ ਬ੍ਰਹਮੰਡ ॥ ਰਾਮ ਜਨੀ, ਕੀਨੀ ਖੰਡ ਖੰਡ ॥੩॥ ਜੋ ਮਾਗੈ, ਸੋ ਭੂਖਾ ਰਹੈ ॥ ਇਸੁ ਸੰਗਿ ਰਾਚੈ, ਸੁ ਕਛੂ ਨ ਲਹੈ ॥ ਇਸਹਿ ਤਿਆਗਿ, ਸਤਸੰਗਤਿ ਕਰੈ ॥ ਵਡਭਾਗੀ ਨਾਨਕ  !  ਓਹੁ ਤਰੈ ॥੪॥’’ (ਮ : ੫/੮੯੨)

ਪਦ-ਅਰਥ:- ਗਹੁ ਕਰਿ-ਪੂਰੇ ਧਿਆਨ ਨਾਲ਼।, ਗਤਿ-ਉੱਚੀ ਆਤਮਕ ਅਵਸਥਾ।, ਆਪਸ ਉਪਰਿ-ਆਪਣੇ ਆਪ ਉੱਤੇ।, ਪਰਹਰੈ-ਤਿਆਗ ਦੇਂਦਾ ਹੈ, ਦੂਰ ਕਰ ਦੇਂਦਾ ਹੈ।, ਸੇਵਕਿ-ਦਾਸ ਬਣ ਕੇ॥੨॥, ਮੁਖਿ-ਮੂੰਹ ਨਾਲ਼।,  ਬੇਰਾਵੈ-ਪਰਚਾਂਦੀ ਹੈ।, ਅੰਤਿ-ਆਖਰ ਨੂੰ।, ਠਗਾਵੈ-ਧੋਖਾ ਦਿੰਦੀ ਹੈ।, ਇਕਤੁ ਠਉਰ-ਕਿਸੇ ਇੱਕ ਥਾਂ ਵਿੱਚ।, ਇਸਹਿ-ਇਸ (ਮਾਇਆ ਦੇ ਮੋਹ ਨੂੰ)।

ਹੁਣ ਇਹ ਫੈਸਲਾ ਸਿੱਖਾ ਤੇਰਾ ਆਪਣਾ ਹੈ ਕਿ ਤੂੰ ਬਾਣੀ ਨੂੰ ਆਪ ਅਰਥ ਨਾਲ਼ ਸਮਝ ਕੇ ਪੜ੍ਹਨੀ ਹੈ ਜਾਂ ਪੈਸੇ ਦੇ ਕੇ ਠੇਕੇ ’ਤੇ ਪੜ੍ਹਾਉਣੀ ਹੈ ਤਾਂ ਕਿ ਜੀਵਨ ਜੁਗਤਿ ਤੇਰੀ ਗੁਰੂ ਆਸ਼ੇ ਵਰਗੀ ਬਣ ਆਏ ਤਾਂ ਮਨੁੱਖ ਜਨਮ ਆਪ ਦਾ ਸਫਲ ਹੋ ਸਕੇ। ਗੁਰ ਵਾਕ ਇਹ ਪਾਵਨ ਉਪਦੇਸ਼ ਦੇ ਰਹੇ ਹਨ, ‘‘ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ, ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ (ਮ : ੫/੧੨੧੯), ਮਾਇਆ ਮਮਤਾ ਮੋਹਣੀ; ਜਿਨਿ, ਵਿਣੁ ਦੰਤਾ ਜਗੁ ਖਾਇਆ॥’’