ਪੰਚ ਮਨਾਏ, ਪੰਚ ਰੁਸਾਏ ॥ ਪੰਚ ਵਸਾਏ, ਪੰਚ ਗਵਾਏ ॥

0
1008

ਪੰਚ ਮਨਾਏ, ਪੰਚ ਰੁਸਾਏ ॥ ਪੰਚ ਵਸਾਏ, ਪੰਚ ਗਵਾਏ ॥

ਰਣਜੀਤ ਸਿੰਘ (ਲੁਧਿਆਣਾ)-95015-10003,79865-42061

ਆਓ, ਹੁਣ ਸੰਜੀਦਗੀ ਨਾਲ ਆਪਣੇ ਆਪ ਨੂੰ ਅਸਲੀਅਤ ਨਜ਼ਰ ਆਏਗੀ ਤੇ ਸਾਨੂੰ ਗੁਰਬਾਣੀ ਨਾਲ ਕਿੰਨਾ ਕੁ ਪਿਆਰ ਹੈ। ਇਸ ਲੇਖ ਲਿਖਣ ਦਾ ਕੇਵਲ ਇਕ ਹੀ ਮਨੋਰਥ ਹੈ ਕਿ ਕਿਸੇ ਵੀ ਤਰੀਕੇ ਨਾਲ ਬਾਣੀ ਦੀ ਰੋਸ਼ਨੀ ਵਿਚ ਸਾਡੇ ਅੰਦਰ ਇਹ ਜਾਗਰਿਤੀ ਆ ਜਾਏ ਕਿ ਗੁਰਮਤ ਸਿਧਾਂਤ (ਫਿਲਾਸਫੀ) ਸਾਨੂੰ ਇਹ ਮਾਰਗ ਦਰਸ਼ਨ ਕਰਦੀ ਹੈ ਕਿ ਸਿੱਖ ਨੇ ਗੁਰਬਾਣੀ ਦਾ ਪਾਠ, ਬਾਣੀ ਸਮਝ ਕੇ ਪੜ੍ਹਨੀ ਹੈ ਜੇ ਆਪ ਕੋਈ ਅਨਪੜ ਹੈ ਤਾਂ ਕਿਸੇ ਤੋਂ ਸੁਨਣੀ ਹੈ, ਪਰ ਅਜੋਕੇ ਵਕਤ , ਅੱਜ ਦਾ ਸਿਖ , ਇਸ ਜ਼ਿੰਮੇਵਾਰੀ ਨੂੰ ਉੱਕਾ ਹੀ ਭੁਲਾਈ ਬੈਠਾ ਹੈ।  ਕੇਵਲ ਰਸਮ ਪੂਰੀ ਕਰਨ ਲਈ ਤੇ ਅਖੌਤੀ ਧਰਮੀ ਬਣਨ ਦਾ ਸਰਟੀਫਿਕੇਟ ਲੈਣ ਲਈ ਪੈਸੇ ਦੇ ਕੇ ਇਸ ਦੀ ਪੂਰਤੀ ਪਾਠੀ ਕਰਦਾ ਹੈ ਜਦੋਂ ਕਿ ਗੁਰਬਾਣੀ ਦੇ ਬਚਨ ਹਨ, ‘‘ਜਿਸ ਕੇ ਜੀਅ ਪਰਾਣ ਹਹਿ, ਕਿਉ ਸਾਹਿਬੁ ਮਨਹੁ ਵਿਸਾਰੀਐ  ?॥ ਆਪਣ ਹਥੀ ਆਪਣਾ, ਆਪੇ ਹੀ ਕਾਜੁ ਸਵਾਰੀਐ ॥’’ (ਮ : ੧/੪੭੪)

ਅਰਥ:- ਹੇ ਭਾਈ  !  ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀ ਚਾਹੀਦਾ। ਜਿਤਨਾ ਚਿਰ ਤੱਕ ਇਹ ਜਿੰਦ ਤੇ ਪਰਾਣ ਮਿਲੇ ਹੋਏ ਹਨ ਓਨਾ ਚਿਰ ਉੱਦਮ ਕਰ ਕੇ ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ ਇਹ ਮਨੁੱਖਾ ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ)।              

ਜੀਵਨ ਸਫਲ ਕਰਨਾ ਕਿਵੇਂ ਹੈ :-

‘‘ਪ੍ਰਭ ਕੀ ਉਸਤਤਿ; ਕਰਹੁ ਸੰਤ ਮੀਤ  ! ॥ ਸਾਵਧਾਨ ਏਕਾਗਰ ਚੀਤ ॥’’ (ਮ : ੫/੨੯੫)

‘ਪ੍ਰਭੂ ਦੀ ਉਸਤਤਿ’ ਕੇਵਲ ਕੋਈ ਆਪਣੇ ਜੀਵਨ ਦੇ ਜਾਂ ਪਰਿਵਾਰ ਦੇ ਖਾਸ ਦਿਹਾੜੇ (ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਆਦਿ) ਦਿਹਾੜੇ ’ਤੇ ਹੀ ਪ੍ਰਭੂ ਦੀ ਉਸਤਤਿ ਕਰਾਉਣੀ ਹੈ, ਉਹ ਵੀ ਪੈਸੇ ਦੇ ਬਲਬੁੱਤੇ ’ਤੇ ਪਰ ਸਾਡੇ ਗੁਰੂ ਤਾਂ ਇਹ ਸੰਦੇਸ਼ ਦੇ ਰਹੇ ਹਨ, ‘‘ਪ੍ਰਭ ਕੀ ਉਸਤਤਿ; ਕਰਹੁ ਦਿਨੁ ਰਾਤਿ ॥ ਤਿਸਹਿ ਧਿਆਵਹੁ, ਸਾਸਿ ਗਿਰਾਸਿ ॥’’ (ਮ : ੫/੨੮੦) ਭਾਵ ਹਰ ਰੋਜ਼ ਦਿਨ ਰਾਤ ਸਾਨੂੰ ਆਪਣਾ ਗੁਰੂ ਕਿਰਤ ਕਰਦਿਆਂ ਚੇਤੇ ਰਹੇ, ਨਾ ਕਿ ਅਸੀਂ ਕਿਸੇ ਖਾਸ-ਖਾਸ ਦਿਹਾੜੇ ਤੱਕ ਸੀਮਤ ਰਹੀਏ।

ਗੁਰਮਤਿ ਦੀ ਰਹਿਣੀ ਸਿੱਖ ਨੂੰ ਇਹ ਹਿਦਾਇਤ ਕਰਦੀ ਹੈ ਕਿ ਸਿੱਖ ਦਾ ਹਮੇਸ਼ਾ ਹੀ ਬਾਣੀ ਦਾ ਸਹਜਿ ਪਾਠ ਚੱਲਦਾ ਰਹੇ ਅਤੇ ਸਿੱਖ ਨੇ ਇਹ ਨੇਮ ਖੁੱਦ ਨਿਭਾਉਣਾ ਹੈ। ਗੁਰਬਾਣੀ ਸਮਝ ਕੇ ਪੜ੍ਹੀ ਜਾਏ, ਪੜ੍ਹ ਕੇ ਬੁੱਝਣ ਦੀ ਕੋਸ਼ਸ਼ ਕਰਨੀ, ਜੀਵਨ ਦੇ ਕਿਰਦਾਰ ਵਿਚ ਬਾਣੀ ਦੇ ਉਪਦੇਸ਼ਾਂ ਨੂੰ, ਗੁਣਾਂ ਨੂੰ, ਕਮਾਉਣਾ ਤਾਂ ਕਿ ਗੁਣਾਂ ਦੀ ਖੁਸ਼ਬੋ ਸਿੱਖ ਦੇ ਜੀਵਨ ਵਿੱਚੋਂ ਆਵੇ।  ਜਿੱਥੇ ਆਪ ਸਿੱਖ ਨੇ ਇਹਨਾਂ ਗੁਣਾਂ ਦੀ ਖੁਸ਼ਬੂ ਨੂੰ ਮਾਨਣਾ ਹੈ, ਉੱਥੇ ਸਮਾਜ ਨੂੰ ਵੀ ਸੁਗੰਧਿਤ ਕਰਨਾ ਹੈ, ਪਰ ਅਫਸੋਸ  !  ਅੱਜ ਬਹੁਤਾਤ ਪਰਿਵਾਰਾਂ ਵਿੱਚੋਂ (ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ ਹੋਇਆ ਹੈ) ਇਹ ਖੁਸ਼ਬੂ ਉਹਨਾਂ ਵਿੱਚੋਂ ਨਹੀਂ ਆ ਰਹੀ। ਇਹ ਲਿਖਣਾ ਵੀ ਗ਼ਲਤ ਨਹੀ ਹੋਵੇਗਾ ਕਿ ਸਿੱਖੀ ਤਨ ਦੀ ਹੀ ਬਣ ਕੇ ਰਹਿ ਗਈ ਹੈ ਸਿਧਾਂਤ ਅਲੋਪ ਹੀ ਹੋ ਗਿਆ ਹੈ।  ਪਰਿਵਾਰਾਂ ਦੇ ਕਿਰਦਾਰ ਵਿੱਚੋਂ ਕੁਝ ਵਿਰਲੇ ਹੀ ਹਨ, ਜੋ ਇਹਨਾਂ ’ਤੇ ਪਹਿਰਾ ਦੇ ਰਹੇ ਹਨ, ਜਿਵੇਂ ਸਿਰਲੇਖ ਹੈ ‘ਪੰਚ’ ਜਾਂ ‘ਪੰਜ’ ਇਸ ਸ਼ਬਦ ਦੀ ਸਾਡੇ ਮਨੁੱਖਾ ਜੀਵਨ ਵਿੱਚ ਕੀ ਮਹੱਤਤਾ ਹੈ, ਇਹ ਵਿਚਾਰ ਇਸ ਲੇਖ ਰਾਹੀਂ ਆਪ ਸੰਗਤਾਂ ਨਾਲ ਸਾਂਝੇ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਸ਼ ਕੀਤੀ ਜਾ ਰਹੀ ਹੈ ਤਾਂ ਕਿ ਸਾਡੀ ਜ਼ਿੰਦਗੀ ਵਿੱਚ ਕੁਝ ਬਦਲਾਅ ਆ ਜਾਏ, ਅਸੀਂ ਬਾਣੀ ਪੜ੍ਹਣ ਤੇ ਸਮਝਣ ਦਾ ਯਤਨ ਸ਼ੁਰੂ ਕਰ ਦੇਈਏ । ਵਿਸ਼ੇ ਦੇ ਅੰਤਰੀਵ ਭਾਵ ਨੂੰ ਸਮਝਣ ਲਈ ਗੁਰਬਾਣੀ ਦੇ ਕੁਝ ਕੁ ਪ੍ਰਮਾਣ ਲਿਖੇ ਹਨ ਤਾਂ ਕਿ ਸਾਡੇ ਅੰਦਰ ਹੋਰ ਜਾਗਰਿਤੀ ਆ ਜਾਏ। ਅੱਜ ਅਸੀਂ ਬਾਣੀ ਪੜ੍ਹਨ ਤੱਕ ਹੀ ਸੀਮਤ ਹਾਂ, ਜੋ ਆਮ ਜਿਹਾ ਰਿਵਾਜ ਬਣ ਗਿਆ ਹੈ, ਪਰ ਗੁਰੂ ਜੀ ਨੇ ਸਿੱਖ ਨੂੰ ਕੇਵਲ ਬਾਣੀ ਪੜ੍ਹਣ ਤੱਕ ਹੀ ਸੀਮਤ ਨਹੀਂ ਰੱਖਿਆ; ਜਿਵੇਂ ਕਿ

‘‘ਪਾਠੁ ਪੜੈ, ਨਾ ਬੂਝਈ; ਭੇਖੀ ਭਰਮਿ ਭੁਲਾਇ ॥ ਗੁਰਮਤੀ ਹਰਿ ਸਦਾ ਪਾਇਆ; ਰਸਨਾ ਹਰਿ ਰਸੁ ਸਮਾਇ ॥’’ (ਮ : ੩/੬੬)

ਅਰਥ :- ਅਗਰ ਗੁਰੂ ਦਾ ਸਿੱਖ ਕੇਵਲ ਬਾਣੀ ਪੜ੍ਹਨ ਤੱਕ ਹੀ ਸੀਮਤ ਹੈ ਤਾਂ ਉਹ ਕੇਵਲ ਬਾਹਰਲੇ ਧਾਰਮਿਕ ਭੇਖ ਵਿੱਚ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਹੈ, ਨਿਰੇ ਧਾਰਮਿਕ ਭੇਖਾਂ ਨਾਲ ਸਗੋਂ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ। ਗੁਰੂ ਦੀ ਮੱਤ ਅਨੁਸਾਰ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ ਭਾਵ ਆਤਮਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਤੇ ਮਨੁੱਖ ਦੀ ਜੀਭ ’ਤੇ ਪਰਮਾਤਮਾ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ।

ਮਨੁੱਖ ਬੁੱਝਦਾ ਕਿਉਂ ਨਹੀਂ-ਗੁਰੂ ਸਾਹਿਬ ਜੀ ਇਸ ਦਾ ਕਾਰਨ ਵੀ ਦੱਸ ਰਹੇ ਹਨ, ‘‘ਦੂਜੈ ਭਾਇ ਪੜੈ; ਨਹੀ ਬੂਝੈ ॥ ਤ੍ਰਿਬਿਧਿ ਮਾਇਆ ਕਾਰਣਿ, ਲੂਝੈ ॥ ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ; ਗੁਰ ਸਬਦੀ ਮੁਕਤਿ ਕਰਾਵਣਿਆ ॥’’ (ਮ : ੩/੧੨੭)

ਅਰਥ :- ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਫਸਿਆ ਹੋਇਆ ਹੈ, ਉਹ (ਜੇ ਧਾਰਮਿਕ ਪੁਸਤਕਾਂ) ਪੜ੍ਹਦਾ (ਭੀ) ਹੈ ਤਾਂ ਉਹਨਾਂ ਦੇ ਮਕਸਦ ਨੂੰ ਸਮਝਦਾ ਨਹੀਂ, ਉਹ ਧਾਰਮਿਕ ਪੁਸਤਕਾਂ ਪੜ੍ਹਦਾ ਹੋਇਆ ਭੀ ਤ੍ਰਿਗੁਣੀ ਮਾਇਆ ਦੀ ਖਾਤਰ (ਅੰਦਰੇ ਅੰਦਰ) ਕੁੜ੍ਹਦਾ ਰਹਿੰਦਾ ਹੈ ਤ੍ਰਿਗੁਣੀ ਮਾਇਆ ਦੇ ਮੋਹ ਦੇ ਬੰਧਨ ਗੁਰੂ ਦੇ ਸਿਧਾਂਤ ਵਿਚ ਜੁੜਿਆਂ ਹੀ ਟੁੱਟਦੇ ਹਨ। ਗੁਰ ਦੇ ਸਬਦ ਵਿਚ ਜੁੜ ਕੇ ਹੀ (ਪਰਮਾਤਮਾ ਜੀਵ ਨੂੰ) ਮਾਇਆ ਦੇ ਬੰਧਨਾਂ ਤੋਂ ਖਲਾਸੀ ਦਿਲਵਾਉਂਦਾ ਹੈ, ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ ॥’’ (ਮ : ੧/੧੪੮)

ਅਰਥ :- (ਪੁਸਤਕਾਂ) ਪੜ੍ਹਨ ਨਾਲ (ਭੀ ਉਸ ਦਾ) ਭੇਤ ਨਹੀ ਪੈਂਦਾ। ਮਤਿ ਉੱਚੀ ਹੋਣ ਦੇ ਨਾਲ ਹੀ ਇਹ ਰਾਜ ਸਮਝ ਆਉਂਦਾ ਹੈ (ਕਿ ਉਹ ਬੇਅੰਤ ਹੈ)।

ਪੰਜ/ਪੰਚ ਤੱਤ ਹੀ ਸਾਡੀ ਕਾਇਆਂ ਦੇ ਬਣਨ ਦਾ ਆਧਾਰ ਹਨ। ਅਕਾਲ ਪੁਰਖ ਨੇ ਪੰਜਾਂ ਤੱਤਾਂ ਰਾਹੀਂ ਇਸ ਸਾਰੀ ਕਾਇਨਾਤ ਦੀ ਸਿਰਜਣਾ ਕੀਤੀ ਹੈ :-

‘‘ਹਰਿ ਆਪੇ ਪੰਚ ਤਤੁ ਬਿਸਥਾਰਾ; ਵਿਚਿ ਧਾਤੂ ਪੰਚ ਆਪਿ ਪਾਵੈ ॥’’ (ਮ : ੪/੭੨੦)

‘‘ਇਹੁ ਮਨੁ; ਪੰਚ ਤਤ ਕੋ ਜੀਉ ॥’’ (ਭਗਤ ਕਬੀਰ/੩੪੨)

‘‘ਇਹੁ ਮਨੁ; ਪੰਚ ਤਤੁ ਤੇ ਜਨਮਾ ॥’’ (ਮ : ੧/੪੧੫)

‘‘ਪੰਚ ਤਤੁ ਕਰਿ ਤੁਧੁ ਸਿ੍ਰਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ॥’’ (ਮ : ੪/੭੩੬)

‘‘ਪੰਚ ਤਤੁ ਮਿਲਿ ਕਾਇਆ ਕੀਨ੍ੀ; ਤਤੁ ਕਹਾ ਤੇ ਕੀਨੁ ਰੇ  ?॥ ਕਰਮ ਬਧ ਤੁਮ ਜੀਉ ਕਹਤ ਹੌ; ਕਰਮਹਿ ਕਿਨਿ ਜੀਉ ਦੀਨੁ ਰੇ  ?॥’’ (ਭਗਤ ਕਬੀਰ/੮੭੦)

‘‘ਪੰਚ ਤਤੁ ਮਿਲਿ; ਕਾਇਆ ਕੀਨੀ ॥ ਤਿਸ ਮਹਿ; ਰਾਮ ਰਤਨੁ ਲੈ ਚੀਨੀ ॥’’ (ਮ : ੧/੧੦੩੦)

‘‘ਪੰਚ ਤਤੁ ਮਿਲਿ; ਇਹੁ ਤਨੁ ਕੀਆ ॥ ਆਤਮ ਰਾਮ ਪਾਏ; ਸੁਖੁ ਥੀਆ ॥’’ (ਮ : ੧/੧੦੩੯)

’’ਪੰਚ ਤਤੁ ਮਿਲਿ; ਦੇਹੀ ਕਾ ਆਕਾਰਾ ॥ ਘਟਿ ਵਧਿ; ਕੋ ਕਰੈ ਬੀਚਾਰਾ  ?॥’’ (ਮ : ੩/੧੧੨੮)

‘‘ਪਾਂਚ ਤਤ ਕੋ ਤਨੁ ਰਚਿਓ; ਜਾਨਹੁ ਚਤੁਰ ਸੁਜਾਨ ॥ ਜਿਹ ਤੇ ਉਪਜਿਓ ਨਾਨਕਾ  ! ਲੀਨ ਤਾਹਿ ਮੈ ਮਾਨੁ ॥’’ (ਮ : ੯/੧੪੨੭)

ਪੰਜ ਤਤ (ਜਲ, ਅਗਨ, ਮਿੱਟੀ, ਵਾਯੂ ਤੇ ਅਕਾਸ਼) ਸਾਡੇ ਅੰਦਰ ਹਨ । ਪੰਜ ਹੀ ਸਾਡੇ ਅੰਦਰ ਪ੍ਰਮੁੱਖ ਵਿਕਾਰ (ਐਬ/ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਹਨ।

‘‘ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ; ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ; ਕੋਇ ਨ ਸੁਣੈ ਪੂਕਾਰਾ ॥ ਅੰਧਾ ਜਗਤੁ, ਅੰਧੁ ਵਰਤਾਰਾ; ਬਾਝੁ ਗੁਰੂ ਗੁਬਾਰਾ ॥’’ (ਮ : ੩/੬੦੦)

ਅਰਥ :- ਹੇ ਭਾਈ  ! ਇਸ ਸਰੀਰ ਵਿਚ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਪੰਜ ਚੋਰ ਵੱਸਦੇ ਹਨ। (ਇਹ ਮਨੁੱਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ ਧਨ ਲੁਟਦੇ ਰਹਿੰਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਹ ਸਮਝਦੇ ਨਹੀਂ। (ਜਦੋਂ ਸਭ ਕੁਝ ਲੁਟਾ ਕੇ ਉਹ ਦੁਖੀ ਹੁੰਦੇ ਹਨ ਤਾਂ) ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ)। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜਗਤ ਅੰਨਿਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ। ਗੁਰੂ ਤੋਂ ਖੁੰਝ ਕੇ (ਇਸ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਨੇਰਾ ਹੋਇਆ ਰਹਿੰਦਾ ਹੈ।

ਸਿੱਖ ਪੰਥ ਦੇ ਵਿਦਵਾਨ ਤੁਲਨਾਤਮਿਕ ਅਧਿਐਨ ਰੱਖਣ ਵਾਲੀ ਬੁੱਧੀ ਦੇ ਮਾਲਕ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਿਹਨਤ ਕਰ ਕੇ ਮਹਾਨ ਕੋਸ਼ ਦੀ ਰਚਨਾ ਵਿਚ ਅਲੱਗ-ਅਲੱਗ ਪਰਿਪੇਖ ਵਿਚ ਇਨ੍ਹਾਂ ਦੋ ਸ਼ਬਦਾਂ (ਪੰਜ/ਪੰਚ) ਬਾਰੇ ਜੋ ਜਾਣਕਾਰੀ ਦਿੱਤੀ ਹੈ, ਉਨ੍ਹਾਂ ਦੀ ਗਿਣਤੀ ਤਕਰੀਬਨ ੧੮੨ ਦੀ ਬਣਦੀ ਹੈ ਭਾਵੇਂ ਗੁਰਬਾਣੀ ਸਿੱਖ ਧਰਮ, ਰਾਜਨੀਤੀ ਵਿਚ, ਇਸਲਾਮ ਧਰਮ ਵਿਚ, ਹਿੰਦੂ ਧਰਮ ਵਿਚ, ਜੋ ਸ਼ਬਦ ਪੰਜ ਜਾਂ ਪੰਚ ਨਾਲ ਸਬੰਧਿਤ ਹਨ, ਜ਼ਿਕਰ ਕੀਤਾ ਗਿਆ ਹੈ।

ਇਨ੍ਹਾ ਪੰਜਾਂ ਤੱਤਾਂ ਦੇ ਪੰਜ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਹਨ, ਜੋ ਜੀਵ ਨੂੰ ਲੈਣ ਦੀ ਹਿਦਾਇਤ ਪੰਚਮ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ (ਜੋ ਇਸ ਵਿਸ਼ੇ ਦਾ ਸਿਰਲੇਖ ਵੀ ਹੈ) ਕਹਿ ਰਹੇ ਹਨ, ਪੰਜਾਂ ਗੁਣਾਂ ਨੂੰ ਮਨਾਉਣਾ ਹੈ, ਪੰਜਾਂ ਕਮਾਦਿਕਾਂ ਨੂੰ ਰੁਸਾਉਣਾ ਹੈ, ਪੰਜਾਂ ਗੁਣਾਂ ਦੀ ਰਹਿਤ ਰੱਖ ਕੇ ਜੀਵਨ ਬਸਰ ਕਰਨਾ ਹੈ।  ਗੁਰੂ ਦਾ ਸਿੱਖ, ਜੋ ਗੁਰੂ ਦੀ ਅਗਵਾਈ ਵਿਚ ਤੁਰਦਾ ਹੈ, ਉਹ ਪੰਜਾਂ ਕਮਾਦਿਕ-ਵੈਰੀਆਂ ਨੂੰ ਗਵਾ ਦੇਂਦਾ ਹੈ।

ਦੂਜਾ ਰਸਤਾ ਹੈ ਮਨਮੁਖ ਦਾ, ਜੋ ਇਨ੍ਹਾਂ ਪੰਜ ਐਬਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵਿਚ ਫਸ ਕੇ ਆਪਣੇ ਅੰਦਰ ਵਸਾ ਲੈਂਦਾ ਹੈ ਅਤੇ ਇਸ ਦੇ ਅੰਦਰੋਂ ਪੰਜਾਂ ਤੱਤਾਂ ਵਾਲੇ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਖਤਮ ਹੋ ਜਾਂਦੇ ਹਨ ਕਿਉਂਕਿ ਪੰਜਾਂ ਤੱਤਾਂ ਦੀ ਰਹਿਤ ਜੀਵਨ ਵਿਚ ਨਾ ਹੋਣ ਕਰ ਕੇ ਅੰਦਰ ਇਹ ਦੈਵੀ ਗੁਣ ਜੀਵਨ ਵਿਚ ਪੈਦਾ ਨਹੀਂ ਹੁੰਦੇ ਤੇ ਜੀਵਨ ਅਜਾਈਂ ਚਲਾ ਜਾਂਦਾ ਹੈ।

‘‘ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ; ਨਿਤ ਧੰਧਾ ਕਰਤ ਵਿਹਾਏ ॥ ਚਰਣ, ਕਰ, ਦੇਖਤ, ਸੁਣਿ ਥਕੇ; ਦਿਹ ਮੁਕੇ ਨੇੜੈ ਆਏ ॥ ਸਚਾ ਨਾਮੁ ਨ ਲਗੋ ਮੀਠਾ; ਜਿਤੁ ਨਾਮਿ, ਨਵ ਨਿਧਿ ਪਾਏ ॥’’ (ਮ : ੩/੫੫੦)

ਮੂਰਖ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ ਤੇ ਸਦਾ ਧੰਧਾ (ਗੁਰੂ ਸਾਹਿਬ ਉਸ ਜੀਵਨ ਸ਼ੈਲੀ ਨੂੰ ਧੰਧਾ ਕਹਿੰਦੇ ਹਨ) ਜੋ ਗੁਰੂ ਦੀ ਮੱਤ, ਗੁਰੂ ਦੇ ਉਪਦੇਸ਼ ’ਤੇ ਅਧਾਰਿਤ ਨਹੀਂ।  ਆਪਣੀ ਮਰਜ਼ੀ ਦੇ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਹੈ ਜਾਂ ਬਤੀਤ ਕਰਦਿਆਂ ਉਮਰ ਗੁਜਰਦੀ ਹੈ। ਪੈਰ, ਹੱਥ (ਚੱਲ-ਚੱਲ ਕੇ), ਅੱਖਾਂ (ਵੇਖ-ਵੇਖ ਕੇ) ਤੇ ਕੰਨ (ਸੁਣ ਸੁਣ ਕੇ) ਥੱਕ ਗਏ ਹਨ, ਉਮਰ ਦੇ ਦਿਨ ਮੁੱਕ ਗਏ ਹਨ (ਮਰਨ ਦੇ ਦਿਨ ਨੇੜੇ ਆ ਗਏ ਹਨ) ਜਿਸ ਨਾਮ ਭਾਵ ਜਿਨ੍ਹਾਂ ਆਤਮਕ ਗੁਣਾਂ ਕਰ ਕੇ (ਆਤਮਕ ਖਜ਼ਾਨੇ) ਨੌਂ ਨਿਧੀਆਂ ਲੱਭ ਪੈਣ, ਉਹ ਸੱਚਾ ਨਾਮ (ਮੂਰਖ ਨੂੰ) ਪਿਆਰਾ ਨਹੀਂ ਲੱਗਦਾ, ਲੱਗੇ ਭੀ ਕਿਵੇਂ ? ਕਿਉਂਕਿ ਇਹ ਸ਼ੁੱਭ ਕਾਰਜ ਤਾਂ ਕੀਤਾ ਨਹੀਂ, ‘‘ਜੀਵਤੁ ਮਰੈ, ਮਰੈ ਫੁਨਿ ਜੀਵੈ; ਤਾਂ ਮੋਖੰਤਰੁ ਪਾਏ ॥’’ (ਮ : ੩/੫੫੦)

(ਸੰਸਾਰ ਵਿਚ) ਵਰਤਦਾ ਹੋਇਆ (ਸੰਸਾਰ ਵੱਲੋਂ) ਮੁਰਦਾ ਹੋ ਜਾਵੇ (ਭਾਵ ਜਗਤ ਦੇ ਮੋਹ ਦੀ ਪਕੜ, ਅਪਣੱਤ ਖਤਮ ਕਰਨਾ, ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ (ਭਾਵ ਗੁਰ ਉਪਦੇਸ਼ ਕਮਾਉਂਦਿਆਂ ਹੋਇਆ ਜੀਵਨ ਜੀਵੇ) ਤਾਂ ਹੀ ਮੁਕਤੀ (ਭਾਵ ਵਿਕਾਰਾਂ/ਐਬਾਂ) ਦਾ ਭੇਦ ਲੱਭਦਾ ਹੈ।

ਤਰਾਸਦੀ ਅੱਜ ਦੇ ਅਜੋਕੇ ਸਿੱਖ ਦੀ ਇਹ ਬਣੀ ਹੋਈ ਹੈ ਕਿ ਬਾਣੀ ਪੜ੍ਹਨਾ, ਸਮਝਣਾ ਤੇ ਵੀਚਾਰਨਾ ਅਤੇ ਇਸ ਦੇ ਅਨੁਸਾਰ ਜੀਵਨ ਜੀਉਣਾ, ਇਹ ਬਿਲਕੁਲ ਭੁੱਲ ਹੀ ਗਿਆ ਹੈ ਜਦ ਕਿ ਗੁਰੂ ਸਾਹਿਬ ਤਾਂ ਇਸ ਦੇ ਜੀਵਨ ਨੂੰ ਨੇਕ ਬਣਾਉਣ ਲਈ ਇਹ ਉਪਦੇਸ਼ ਦੇ ਰਹੇ ਹਨ, ‘‘ਮੈ ਸਤਿਗੁਰ ਸੇਤੀ ਪਿਰਹੜੀ; ਕਿਉ ਗੁਰ ਬਿਨੁ ਜੀਵਾ  ? ਮਾਉ  !॥ ਮੈ ਗੁਰਬਾਣੀ ਆਧਾਰੁ ਹੈ;  ਗੁਰਬਾਣੀ ਲਾਗਿ ਰਹਾਉ ॥’’ (ਮ : ੪/੭੫੯)

 ਭਾਵ ਹੇ ਮਾਂ !  ਮੇਰਾ ਆਪਣੇ ਗੁਰੂ ਨਾਲ ਡੂੰਘਾ ਪਿਆਰ ਹੈ। ਗੁਰੂ ਤੋਂ ਬਿਨਾਂ ਮੈਂ ਕਿਵੇ ਜੀ ਸਕਦਾ ਹਾਂ ? ਗੁਰੂ ਦੀ ਬਾਣੀ ਮੇਰਾ ਸਹਾਰਾ ਹੈ। ਗੁਰੂ ਦੀ ਬਾਣੀ ਵਿਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ।

ਅਗਰ ਅਜੋਕਾ ਸਿੱਖ ਆਪ ਬਾਣੀ ਪੜ੍ਹਨ, ਸਮਝਣ ਦੀ ਜ਼ਿੰਮੇਵਾਰੀ ਸਮਝਦਾ ਤਾਂ ਇਸ ਨੂੰ ਆਪਣੇ ਗੁਰੂ ਦਾ ਇਹ ਫੁਰਮਾਨ ਸਦਾ ਚੇਤੇ ਰਹਿੰਦਾ ਤਾਂ ਅੱਜ ਜੋ ਇਸ ਨੇ ਆਪਣਾ ਜੀਵਨ ਆਧਾਰ ਬਣਾਇਆ ਹੈ, ਇਹ ਨਾ ਹੁੰਦਾ; ਜਿਵੇਂ ਕਿ

‘‘ਪਾਖੰਡ ਪਾਖੰਡ ਕਰਿ ਕਰਿ ਭਰਮੇ; ਲੋਭੁ ਪਾਖੰਡੁ ਜਗਿ ਬੁਰਿਆਰੇ ॥ ਹਲਤਿ ਪਲਤਿ ਦੁਖਦਾਈ ਹੋਵਹਿ; ਜਮਕਾਲੁ ਖੜਾ ਸਿਰਿ ਮਾਰੇ ॥੪॥ ਕਲਰੁ ਖੇਤੁ ਲੈ ਕੂੜੁ ਜਮਾਇਆ; ਸਭ ਕੂੜੈ ਕੇ ਖਲਵਾਰੇ ॥ ਸਾਕਤ ਨਰ ਸਭਿ ਭੂਖ ਭੁਖਾਨੇ; ਦਰਿ ਠਾਢੇ ਜਮ ਜੰਦਾਰੇ ॥੬॥ ਮਨਮੁਖ ਕਰਜੁ ਚੜਿਆ ਬਿਖੁ ਭਾਰੀ; ਉਤਰੈ ਸਬਦੁ ਵੀਚਾਰੇ ॥ ਜਿਤਨੇ ਕਰਜ, ਕਰਜ ਕੇ ਮੰਗੀਏ; ਕਰਿ ਸੇਵਕ ਪਗਿ ਲਗਿ ਵਾਰੇ ॥੭॥’’ (ਮ : ੪/੯੮੧)

ਭਾਵ ਹੇ ਭਾਈ  ! ਮਾਇਆ ਬਟੋਰਨ ਲਈ ਅਨੇਕਾਂ ਧਾਰਮਿਕ ਦਿਖਾਵੇ ਸਦਾ ਕਰ-ਕਰ ਕੇ (ਜੀਵ) ਭਟਕਦੇ ਫਿਰਦੇ ਹਨ। ਇਹ ਲੋਭ ਤੇ ਇਹ ਧਾਰਮਿਕ ਵਿਖਾਵਾ, ਜਗਤ ਵਿਚ ਬੜੇ ਭੈੜੇ ਵੈਰੀ ਹਨ। ਇਸ ਲੋਕ ਵਿਚ ਅਤੇ ਪਰਲੋਕ ਵਿਚ (ਭਾਵ ਸੰਸਾਰਿਕ ਜੀਵਨ ਅਤੇ ਆਤਮਕ ਜੀਵਨ ਵਿਚ) ਇਹ ਸਦਾ ਦੁਖਦਾਈ ਹੁੰਦੇ ਹਨ। ਇਹਨਾਂ ਦੇ ਕਾਰਨ ਜਮਕਾਲ (ਵਿਕਾਰ) ਜੀਵਾਂ ਦੇ ਸਿਰ ਉੱਤੇ ਖਲੋਤਾ ਹੋਇਆ (ਸਭਨਾਂ ਨੂੰ) ਆਤਮਕ ਮੌਤ ਮਾਰੀ ਜਾਂਦਾ ਹੈ॥੪॥

ਹੇ ਭਾਈ ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ ਖੇਤ ਕੱਲਰ ਹੈ (ਜਿਸ ਵਿਚ ਨਾਮ ਬੀਜ ਭਾਵ ਆਤਮਕ ਗੁਣ ਨਹੀਂ ਉਗ ਸਕਦਾ)। ਸਾਕਤ (ਉਸ ਵਿਚ ਨਾਸ਼ਵੰਤ ਪਦਾਰਥਾਂ ਦਾ ਮੋਹ ਹੀ ਬੀਜਦੇ ਰਹਿੰਦੇ ਹਨ) ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਰਹਿੰਦੇ ਹਨ (ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ ਤੇ ਬਲੀ ਜਮਰਾਜ ਦੇ ਦਰ ’ਤੇ ਖਲੋਤੇ ਰਹਿੰਦੇ ਹਨ (ਜਮਾਂ ਭਾਵ ਵਿਕਾਰਾਂ ਦੇ ਵੱਸ ਪਏ ਰਹਿੰਦੇ ਹਨ)॥੬॥

ਹੇ ਭਾਈ  ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉੱਤੇ ਆਤਮਕ ਮੌਤ ਲਿਆਉਣ ਵਾਲਾ (ਵਿਕਾਰਾਂ ਦਾ ਕਰਜਾ) ਚੜ੍ਹਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਭਾਵ ਗੁਰੂ ਉਪਦੇਸ਼ ਨੂੰ ਮਨ ਵਿਚ ਵਸਾਇਆਂ ਹੀ ਕਰਜਾ ਉਤਰਦਾ ਹੈ (ਜਦੋਂ ਮਨੁੱਖ ਗੁਰੂ ਦੀ ਸ਼ਰਨ ਵਿਚ ਆਉਂਦਾ ਹੈ) ਕਰਜਾ ਮੰਗਣ ਵਾਲੇ ਇਹਨਾਂ ਸਾਰੇ ਹੀ ਜਮਦੂਤਾਂ (ਵਿਕਾਰਾਂ) ਨੂੰ (ਗੁਰੂ ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ) ਸੇਵਕ ਬਣਾ ਕੇ ਉਹਨਾਂ ਦੀ ਚਰਨੀਂ ਲਗਾ ਕੇ ਰੋਕ ਦਿੱਤਾ ਜਾਂਦਾ ਹੈ ਭਾਵ ਵਿਕਾਰਾਂ ਵਾਲੀ ਬਿਰਤੀ ਆਤਮਕ ਗੁਣਾਂ ਨੂੰ ਖ਼ਤਮ ਨਹੀਂ ਕਰ ਸਕਦੀ ॥੭॥

ਗੁਰਬਾਣੀ ਦਾ ਹਰ ਉਪਦੇਸ਼ ਇਹੀ ਸੰਕੇਤ ਦਿੰਦਾ ਹੈ ਕਿ ਹੇ ਭਾਈ  !  ਗੁਰੂ ਦੀ ਸਿਖਿਆ ਆਪ ਜੀ ਨੂੰ ਚੇਤੇ ਰਹੇ ਤਾਂ ਜੋ ਅੰਧਿਆਰ ਜੀਵਨ ਵਿੱਚ ਕੁਝ ਉਜਾਲਾ ਹੋ ਸਕੇ।

( ੧)  ਆਉ, ਹੁਣ ਵੀਚਾਰ ਕਰੀਏ ਪੰਜਾਂ ਤੱਤਾਂ ਦੇ ਗੁਣਾਂ ਦੀ-

(ੳ)   ਪ੍ਰਿਥਵੀ ਦਾ ਗੰਧ

(ਅ)   ਜਲ ਦਾ ਰਸ

(ੲ)   ਪਵਨ ਦਾ ਸਪਰਸ

(ਸ)   ਅਗਨੀ ਦਾ ਰੂਪ

(ਹ)   ਅਕਾਸ਼ ਦਾ ਸ਼ਬਦ

(੨)   ਪੰਜਾਂ ਤੱਤਾ ਦੀ ਰਹਿਤ – 

(ੳ)   ਪ੍ਰਿਥਵੀ ਦੀ ਰਹਿਤ –  ਧੀਰਜ ਧਾਰਨਾ, ਸਭ ਨੂੰ ਨਿਵਾਸ ਦੇਣਾ।

(ਅ)   ਪਵਨ ਦੀ ਰਹਿਤ –   ਸਭ ਨੂੰ ਸਮਾਨ ਸਪਰਸ ਕਰਨਾ ਅਰ ਜੀਵਨ ਦੇਣਾ।

(ੲ)   ਜਲ ਦੀ ਰਹਿਤ –     ਸਭ ਨੂੰ ਸ਼ੁੱਧ ਅਤੇ ਸ਼ਾਂਤ ਕਰਨਾ।

(ਸ)   ਅਗਨੀ ਦੀ ਰਹਿਤ –  ਰੁਖਾ ਮਿੱਸਾ, ਤਰ ਖੁਸ਼ਕ, ਆਦਿ ਜੈਸਾ ਮਿਲੇ ਖਾ ਕੇ ਪ੍ਰਸ਼ੰਨ ਰਹਿਣਾ ਅਤੇ ਸਭ ਨੂੰ ਪ੍ਰਕਾਸ਼ ਦੇਣਾ।

(ਹ)   ਅਕਾਸ਼ ਦੀ ਰਹਿਤ –  ਅਸੰਗ ਰਹਿਣਾ, ਸਮਦ੍ਰਿਸ਼ਟਤਾ ਤੇ ਉੱਚੀ ਸੋਚ ਹੋਵੇ ।

‘‘ਪੰਚ ਮਨਾਏ; ਪੰਚ ਰੁਸਾਏ ॥ ਪੰਚ ਵਸਾਏ; ਪੰਚ ਗਵਾਏ ॥’’ (ਮ : ੫/੪੩੦)

ਮੰਨਾਏ ਕਿਹੜੇ –     ਸੱਤ, ਸੰਤੋਖ, ਦਇਆ, ਧਰਮ, ਧੀਰਜ ।

ਰੁਸਾਏ ਕਿਹੜੇ –     ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ।

ਵਸਾਏ ਕਿਹੜੇ –     ਜਿਹੜੇ ਮੰਨਾਏ, ਉਹੀ ਵਸਾ ਲਏ ।

ਗਵਾਏ ਕਿਹੜੇ –     ਪੰਜ ਐਬ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ)।

ਇਹ ਅਵਸਥਾ ‘‘ਪੰਚ ਮਨਾਏ; ਪੰਚ ਰੁਸਾਏ ॥ ਪੰਚ ਵਸਾਏ; ਪੰਚ ਗਵਾਏ॥’’ ਕਦੋਂ ਪ੍ਰਾਪਤ ਹੋਣੀ ਹੈ, ਜਦੋ ‘ਜਪੁ’ ਜੀ ਸਾਹਿਬ ਦਾ ਇਹ ਪਾਵਨ ਉਪਦੇਸ਼ ਨਿਤ ਦੇ ਜੀਵਨ ਵਿਚ ਪੜ੍ਹਨ ਤੇ ਅਮਲ ਵਿਚ ਆਵੇਗਾ ।

‘‘ਸੁਣਿਆ, ਮੰਨਿਆ; ਮਨਿ ਕੀਤਾ ਭਾਉ ॥’’ (ਜਪੁ) ਭਾਵ ਜਦੋਂ ਅਸੀਂ ਅੰਤਰ ਆਤਮੇ ਗੁਰੂ ਦੇ ਉਪਦੇਸ਼ ਨੂੰ ਸੁਣਾਗੇ। (ਬਾਹਰਲੇ ਕੰਨਾਂ ਦੇ ਸੁਣਨ ਤੱਕ ਸੀਮਤ ਨਹੀਂ ਹੋਣਾ) ਭਾਵ ਸਾਡੇ ਅੰਦਰ ਗੁਰੂ ਦੇ ਉਪਦੇਸ਼ ਲਈ ਪਿਆਰ ਹੋਵੇ।

ਜਦੋ ਤੱਕ ਹੇ ਸਿਖਾ  !  ਇਹ ਦੱਸੇ ਹੋਏ ਪੰਜ ਗੁਣ (ਭਾਵ ਗੁਰ ਉਪਦੇਸ਼ ਸੁਣਨ ਤੇ ਕਮਾਉਣ ਵੱਲ ਧਿਆਨ ਨਹੀਂ ਦਿੰਦਾ, ਤੂੰ ਵਿਕਾਰਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਅਗਰ ਤੂੰ ਬਾਣੀ ਪੜ੍ਹੀ ਜਾ ਰਿਹਾ ਹੈਂ ਤੇ ਬਦਲੇ ’ਚ ਇਹ ਸਮਝ ਰਿਹਾ ਹੈਂ ਕਿ ਮੈ ਬਾਣੀ ਪੜ੍ਹ ਕੇ ਗੁਰੂ ਨੂੰ ਰਿਝਾ ਰਿਹਾ ਹਾਂ ਤਾਂ ਇਹ ਤੇਰੀ ਆਪਣੀ ਹੀ ਮਨਮਤਿ ਤਾਂ ਹੋ ਸਕਦੀ ਹੈ, ਗੁਰੂ ਦੀ ਮਤਿ ਨਹੀਂ ਹੋ ਸਕਦੀ, ਇਸ ਲਈ ਇਹ ਫੈਸਲਾ ਤੈਂ ਕਰਨਾ ਹੈ ਕਿ ਤੂੰ ਸਵੈ ਪੜਚੋਲ ਕਰਨਾ ਹੈ ਜਾਂ ਨਹੀਂ।  ਅਗਰ ਕਰਦਾ ਹੈਂ ਤਾਂ ਗੁਰੂ ਵੀ ਹਾਮੀ ਭਰਦਾ ਹੈ, ‘‘ਬੰਦੇ  ! ਖੋਜੁ ਦਿਲ, ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥’’ (ਭਗਤ ਕਬੀਰ/੭੨੭)

ਕਿੰਨਿਆਂ ਨੇ ਗੁਰੂ ਦੀ ਬਾਣੀ (ਉਪਦੇਸ਼) ਨੂੰ ਅੰਤਰ ਆਤਮੇ ਸੁਣਿਆ ਹੈ ?  ਅੰਤਰ ਆਤਮੇ ਮੰਨ ਕੇ ਜੀਵਨ ਵਿਚ ਧਾਰਿਆ ਹੈ  ? ਭਾਵ ਹੇ ਸਿਖਾ  ! ਅਗਰ ਜ਼ਿੰਦਗੀ ਦੇ ਕਰਮ ਗੁਰੂ ਆਸ਼ੇ ਅਨੁਸਾਰ ਹੋਣ ਤਾਂ ਹੀ ਪੰਚ ਪਰਵਾਨ ਪਦ ਦੇ ਮਾਲਕ ਹੋਏ ਹਨ ਭਾਵ ਗੁਰੂ ਦਰ ’ਤੇ ਕਬੂਲ ਹੋ ਜਾਂਦੇ ਹਨ, ਸਨਮਾਨਿਤ ਕੀਤੇ ਜਾਂਦੇ ਹਨ।

ਹੇ ਸਿਖਾ  ! ਤੇਰੀ ਜ਼ਿੰਦਗੀ ਉੱਤੇ ਗੁਰੂ ਨੇ ਕ੍ਰਿਪਾ ਕਰ ਕੇ ਤੈਨੂੰ ਪਹਿਲਾਂ ਪੰਜ ਬਾਣੀਆਂ ਦਿੱਤੀਆਂ ਤਾਂ ਕਿ ਜ਼ਿੰਦਗੀ ਪੰਜ ਕਕਾਰਾਂ ਦੀ ਰਹਿਤ ਰੱਖ ਸਕੇ ਅਤੇ ਪੰਜਾਂ ਕਕਾਰਾਂ ਦੀ ਰਹਿਤ ਵਿਚ ਰਹਿ ਕੇ ਜੀਵਨ ਐਬਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਕਾਬੂ ਰੱਖਦਿਆਂ ਹੋਇਆਂ ਗੁਰੂ ਦੀ ਬਾਣੀ (ਉਪਦੇਸ਼) ਨੂੰ ਕਮਾ ਕੇ ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ਦਾ ਧਾਰਨੀ ਬਣਿਆ ਰਹੇਂ ਪਰ ਇਹ ਉਦੋ ਤੱਕ ਹੀ ਸੰਭਵ ਹੈ ਜਦੋਂ ਤਕ, ‘‘ਜੇ ਜਾਣਾ ਲੜੁ ਛਿਜਣਾ; ਪੀਡੀ ਪਾਈਂ ਗੰਢਿ ॥ ਤੈ ਜੇਵਡੁ ਮੈ ਨਾਹਿ ਕੋ; ਸਭੁ ਜਗੁ ਡਿਠਾ ਹੰਢਿ ॥’’ (ਭਗਤ ਫਰੀਦ/੧੩੭੮)

ਪਦ ਅਰਥ =ਲੜ-ਪੱਲਾ।, ਛਿਜਨਾ-ਟੁਟ ਜਾਣਾ।, ਪੀਡੀ-ਪੱਕੀ।, ਤੈ ਜੇਵਡੁ-ਤੇਰੇ ਜੇਡਾ।, ਹੰਢਿ-ਫਿਰ ਕੇ, ਘੁੰਮ ਕੇ।

ਹੇ ਪਤੀ ਪ੍ਰਭੂ !  ਜੇ ਮੈਨੂੰ ਸਮਝ ਹੋਵੇ ਕਿ (ਇਸ ਪੋਟਲੀ ਜੀਵਨਸ਼ੈਲੀ ਦੇ ਕਾਰਨ) ਤੇਰਾ ਫੜਿਆ ਹੋਇਆ ਪੱਲਾ ਛਿੱਜ ਜਾਂਦਾ ਹੈ (ਭਾਵ ਤੇਰੇ ਨਾਲੋਂ ਵਿੱਥ ਪੈ ਜਾਂਦੀ ਹੈ, ਆਤਮਿਕ ਤੌਰ ’ਤੇ ਮੇਰੀ ਤੇਰੇ ਨਾਲ ਸਾਂਝ ਨਹੀਂ ਬਣ ਪਾ ਰਹੀ ਤਾਂ ਮੈ (ਤੇਰੇ ਪੱਲੇ ਨਾਲ ਹੀ) ਪੱਕੀ ਗੰਢ ਪਾਵਾਂ ਭਾਵ ਕੇਵਲ ਤੇ ਕੇਵਲ ਹੇ ਗੁਰੂ  ! ਤੇਰੀ ਬਾਣੀ ਤੇ ਭਰੋਸਾ ਪਰਤੀਤ ਬਣਾ ਕੇ ਜੀਵਨ ਜੀਊਣ ਦੀ ਜਾਂਚ ਸਿਖਾਂ। ਮੈ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ ਸਾਥੀ ਮੈਨੂੰ ਹੋਰ ਕੋਈ ਨਹੀਂ ਲੱਭਾ ਕਿਉਕਿ ਉਹ ਹੀ ਇਕ ਦਾਤਾ ਹੈ, ਜਿਹੜਾ ‘‘ਨਾਨਕ  ! ਨਿਰਗੁਣਿ ਗੁਣੁ ਕਰੇ, ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ, ਜਿ ਤਿਸੁ ਗੁਣੁ ਕੋਇ ਕਰੇ ॥’’ (ਜਪੁ)

ਹੇ ਸਿੱਖਾ ! ਇਹ ਤੇਰੀ ਜ਼ਿੰਦਗੀ ਦੀ ਮੰਜ਼ਲ ਹੈ, ਤੂੰ ਆਪਣੇ ਗੁਰੂ ਦੇ ਪਿਆਰੇ ਹੋਣ ਦਾ ਮਾਣ ਪ੍ਰਾਪਤ ਕਰਨ ਦੇ ਆਹਰ ਵਿਚ ਲਗਿਆ ਰਹਿ ਸਕਦਾ ਹੈਂ, ਇਹ ਪੰਜ ਪਿਆਰਿਆਂ ਦੀ ਮੰਜ਼ਲ ਦਾ ਰਾਜ ਤੇ ਪੰਜਾਂ ਸਿੱਖਾਂ ਦੇ ਜੀਵਨ ਵਿਚ ਰਹੱਸ ਹੈ, ਅਗਰ ਇਸ ਤਰ੍ਹਾਂ ਪੰਜਾਂ ਦੀ ਰਹਿਤ ਅਧੀਨ ਤੂੰ ਆਪਣੀ ਜ਼ਿੰਦਗੀ ਦਾ ਲਕਸ਼ ਬਣਾਈ ਰਖੇਂਗਾ ਤਾਂ ਗੁਰੂ ਫਿਰ ਤੈਨੂੰ ਦੁਬਾਰਾ ਮਰਨ ਜੀਵਨ ਦੇ ਗੇੜ ਵਿਚ ਨਹੀਂ ਪੈਣ ਦੇਵੇਗਾ।  ਗੁਰੂ ਜੀ ਇਸ ਗੱਲ ਦੀ ਹਾਮੀ ਭਰਦੇ ਹਨ, ‘‘ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥  ਕਹੈ ਕਬੀਰ, ਨਿਰੰਜਨ ਧਿਆਵਉ ॥ ਤਿਤੁ ਘਰਿ ਜਾਉ, ਜਿ ਬਹੁਰਿ ਨ ਆਵਉ ॥’’ (ਭਗਤ ਕਬੀਰ/੩੨੭)

ਪਦ ਅਰਥ=ਅਪੁ-ਜਲ।, ਤੇਜ-ਅੱਗ।, ਬਾਇ-ਹਵਾ।, ਐਸੀ-ਇਹੋ ਜੇਹੀ।, ਰਹਤ-ਰਹਿਣੀ, ਜਿੰਦਗੀ ਗੁਜਾਰਨ ਦਾ ਤਰੀਕਾ।, ਰਹਉ-ਮੈ ਰਹਿੰਦਾ ਹਾਂ।, ਹਰਿ ਪਾਸਾ-ਹਰੀ ਦੇ ਪਾਸ, ਪ੍ਰਭੂ ਦੇ ਚਰਨਾ ਵਿਚ ਭਾਵ ਪ੍ਰਭੂ ਦੇ ਆਤਮਕ ਗੁਣ ਕਮਾ ਰਿਹਾ ਹਾ।, ਧਿਆਵਉ-ਮੈ ਸਿਮਰ ਰਿਹਾ ਹਾਂ।, ਤਿਤ ਘਰਿ-ਉਸ ਘਰ ਵਿਚ।, ਜਾਉ-ਮੈ ਚਲਾ ਗਿਆ ਹਾਂ, ਅਪੜ ਗਿਆ ਹਾਂ।, ਜਿ-ਕਿ ਭਾਵ ਜਿੱਥੋਂ।, ਨ ਆਵਉ-ਨਹੀ ਆਵਾਗਾਂ, ਆਉਣਾ ਨਹੀਂ ਪਵੇਗਾ।

ਕਬੀਰ ਸਾਹਿਬ ਦਾ ਪਾਵਨ ਉਪਦੇਸ਼, ਜੋ ਉਨ੍ਹਾਂ ਆਪਣੇ ਜੀਵਨ ਵਿਚ ਕਮਾਇਆ ਹੈ, ਸਾਨੂੰ ਵੀ ਜੀਵਨ ਦਾ ਢੰਗ ਦੱਸ ਗਏ ਹਨ, ਇਹ ਕੁਦਰਤ ਦੇ ਪੰਜੇ ਤੱਤ ਭਾਵੇਂ ਸੁਭਾਅ ਜਾਂ ਵਿਰਸੇ ਵਜੋਂ ਆਪਸ ਵਿਚ ਸਵੈ ਵਿਰੋਧੀ ਹਨ, ਅੱਗ-ਦਾ ਹਵਾ ਨਾਲ ਮੇਲ ਨਹੀਂ, ਪਾਣੀ ਦਾ ਅੱਗ ਨਾਲ, ਮਿੱਟੀ ਦਾ ਪਾਣੀ ਨਾਲ ਮੇਲ ਨਹੀਂ ਪਰ ਫਿਰ ਵੀ ਕਾਦਰ ਨੇ ਇਨ੍ਹਾਂ ਵਿਪਰੀਤ ਸੁਭਾਅ ਵਾਲੇ ਤੱਤਾਂ ਨੂੰ ਕਿਸੇ ਖਾਸ ਅਨੁਪਾਤ ਵਿਚ ਕਾਇਆਂ ਅੰਦਰ ਬਿਰਜਮਾਨ ਕੀਤਾ ਹੈ।

ਅਰਥ : ਪ੍ਰਭੂ ਚਰਨਾਂ ਵਿਚ ਜੁੜ ਕੇ ਮੈ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ, ਜਿਵੇ ਪਾਣੀ, ਅੱਗ, ਹਵਾ, ਧਰਤੀ ਤੇ ਆਕਾਸ਼ (ਭਾਵ ਇਹਨਾਂ ਤੱਤਾਂ ਦੇ ਸ਼ੀਤਲਤਾ (ਆਤਮਕ ਸ਼ਾਂਤੀ ਸ਼ੁੱਭ ਗੁਣਾਂ) ਵਾਂਗ ਮੈ ਭੀ ਗੁਣ ਧਾਰਨ ਕੀਤੇ ਹਨ) ਕਬੀਰ ਸਾਹਿਬ ਫ਼ੁਰਮਾ ਰਹੇ ਹਨ ਕਿ ਮੈ ਮਾਇਆ ਤੋਂ ਰਹਿਤ ਨਿਰਲੇਪ ਪ੍ਰਭੂ ਨੂੰ ਸਿਮਰ ਰਿਹਾ ਹਾਂ ( ਉਸ ਨੂੰ ਹਰ ਵੇਲੇ ਚੇਤੇ ਕਰਦਾ ਰਹਿੰਦਾ ਹਾਂ), ਉਸ ਘਰ (ਸਹਿਜ ਅਵਸਥਾ ਵਿਚ) ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉੱਥੋਂ) ਆਉਣਾ ਨਹੀਂ ਪਏਗਾ ।

    ਹੇ ਗੁਰੂ ਦੇ ਪਿਆਰ ਵਾਲੇ ਸਿੱਖਾ !  ਇਹ ਹੈ ਸਾਡੀ ਸਾਰਿਆਂ ਦੀ ਮੰਜ਼ਲ, ਮੰਜ਼ਲ ’ਤੇ ਚਲਣ ਦਾ ਰਸਤਾ।

ਪੰਜਾਂ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਦੀ ਰਹਿਤ, ਪੰਜਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ’ਤੇ ਕਾਬੂ ਪੰਜੇ ਹੀ ਜ਼ਿੰਦਗੀ ਵਿਚ ਕਾਂਇਆਂ ਰੂਪੀ ਨਗਰ ਵਿਚ ਵਸਾਉਣਾ, ਪੰਜਾਂ ਬਾਣੀਆਂ ਦੇ ਉਪਦੇਸ਼ ਕਮਾ ਕੇ ਸਾਰੇ ਪੰਜਾਂ ਕਕਾਰਾਂ ਦੀ ਰਹਿਤ ’ਤੇ ਪਹਿਰਾ ਦੇਣਾ ਹੀ ‘‘ਪੰਚ ਪਰਵਾਣ; ਪੰਚ ਪਰਧਾਨੁ ॥’’ (ਜਪੁ) ਪਦ ਲਾਇਕ ਜੀਵਨ ਬਣਾਇਆ ਜਾ ਸਕਦਾ ਹੈ।

ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜ਼ਿੰਮੇਵਾਰ ਸਿੱਖ ਬਣ ਕੇ ਆਓ, ਸਾਰੇ ਹੰਭਲਾ ਮਾਰੀਏ ਤਾਂ ਕਿ ਗੁਰੂ ਸਾਹਿਬਾਨ ਦੇ ਪਾਵਨ ਉਪਦੇਸ਼ ਨੂੰ ਹਰੇਕ ਸਿੱਖ ਦੇ ਹਿਰਦੇ ਘਰ ਵਿਚ ਉਜਲ ਕਰ ਸਕੀਏ ।