ਕੇਤੇ ਮੰਡਲ ਦੇਸ ॥

0
718

ਕੇਤੇ ਮੰਡਲ ਦੇਸ ॥

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ, ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- 99155-15436

ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਉਸ ਸਮੇਂ ਤੋਂ ਹੀ ਉਸ ਦੇ ਮਨ ਵਿੱਚ ਸੂਰਜ, ਚੰਦ ਅਤੇ ਤਾਰਿਆਂ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਹੁੰਦੀ ਰਹੀ ਹੈ। ਸੰਸਾਰ ਦੇ ਕੁੱਝ ਸੋਝੀ ਰੱਖਣ ਵਾਲੇ ਮਨੁੱਖਾਂ ਨੇ ਅਕਾਸ਼ ਦੇ ਚਾਰ ਚੁਫੇਰੇ ਨਜ਼ਰ ਮਾਰ ਕੇ ਇਸ ਬਾਰੇ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜੋ ਕੁੱਝ ਲੋਕਾਈ ਨੂੰ ਦੱਸਿਆ ਉਹ ਕੇਵਲ ਕਾਲਪਨਿਕ ਘੋੜੇ ਦੀ ਨਿਆਂਈ ਹੀ ਸੀ। ਸਨਾਤਨੀ ਗ੍ਰੰਥਾਂ ਵਿੱਚ ਤਿੰਨ ਲੋਕਾਂ ਦਾ ਹੀ ਜਿਕਰ ਮਿਲਦਾ ਹੈ: ‘ਮਾਤ ਲੋਕ, ਪਾਤਾਲ ਲੋਕ ਅਤੇ ਅਕਾਸ਼ ਲੋਕ’। ਇਸ ਤੋਂ ਅੱਗੇ ਉਹ ਵੀ ਸੋਚਣ ਤੋਂ ਅਸਮਰਥ ਰਹੇ ਹਨ। ਇਸਲਾਮ ਨੇ ਇਸ ਤੋਂ ਅੱਗੇ ਜਾਣ ਦੀ ਕੁੱਝ ਕੋਸ਼ਿਸ਼ ਜਰੂਰ ਕੀਤੀ ਹੈ ਪਰ ਉਹ ਵੀ ਸੱਤ ਅਕਾਸ਼ ਤੇ ਸੱਤ ਪਾਤਾਲ ਤੋਂ ਅੱਗੇ ਉਡਾਰੀ ਨਹੀਂ ਮਾਰ ਸਕੇ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਰੱਬੀ ਗਿਆਨ ਅੱਗੇ ਅੱਜ ਸਾਰੀ ਦੁਨੀਆਂ ਦੇ ਵਿਗਿਆਨੀਆਂ ਦਾ ਸਿਰ ਝੁਕਦਾ ਹੈ, ਉਹ ਬ੍ਰਹਮੰਡ ਦੇ ਬਾਰੇ ਆਪਣੇ ਗਿਆਨ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ, ਮਾਨੋ ਕੁੱਜੇ ਵਿੱਚ ਸਮੁੰਦਰ ਹੀ ਬੰਦ ਕੀਤਾ ਹੋਵੇ। ਜਪੁ ਜੀ ਸਾਹਿਬ ਦੀ ਬਾਣੀ ਵਿੱਚ ਹੀ ਆਪ ਦਾ ਫੁਰਮਾਨ ਹੈ: ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥’’, ਇਸ ਤੋਂ ਵੀ ਅਗਾਂਹ ਵਧਦਿਆਂ ਫੁਰਮਾਇਆ ਕਿ ‘‘ਲੇਖਾ ਹੋਇ ਤ ਲਿਖੀਐ, ਲੇਖੈ ਹੋਇ ਵਿਣਾਸੁ ॥’’ (ਜਪੁ) ਭਾਵ ਕੁਦਰਤ ਬੇਸ਼ੁਮਾਰ ਹੈ

ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਗਿਣਤੀ ਦੇ ਹਿੰਦਸੇ ਤਾਂ ਮੁੱਕ ਜਾਂਦੇ ਹਨ ਪਰ ਬ੍ਰਹਮੰਡਾਂ, ਖੰਡਾਂ, ਗ੍ਰਹਿਹਾਂ ਅਤੇ ਤਾਰਿਆਂ ਦਾ ਕੋਈ ਅੰਤ ਹੀ ਨਹੀਂ। ਆਪ ਜੀ ਦਾ ਫੁਰਮਾਨ ਹੈ: ‘‘ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ ॥’’ (ਜਪੁ)  ਅਤੇ

‘‘ਖੰਡ ਪਤਾਲ ਅਸੰਖ; ਮੈ ਗਣਤ ਨ ਹੋਈ ॥’’ (ਮ: ੧/੧੨੮੩)

ਅਤੇ

‘‘ਅਨਿਕ ਸੂਰ ਸਸੀਅਰ ਨਖਿਆਤਿ ॥’’ (ਮ: ੫/੧੨੩੬)

ਅਕਾਲ ਪੁਰਖ ਦੀ ਰਚਨਾ ਲੇਖੇ ਤੋਂ ਬਾਹਰ ਹੈ। ਇਹਨਾਂ ਗ੍ਰਹਿਹਾਂ ਦੀ ਚਾਲ ਕਿੰਨੀ ਹੈ ਤੇ ਅਕਾਰ ਕਿੰਨਾ ਹੈ ਅਤੇ ਆਪਸੀ ਦੂਰੀ ਕਿੰਨੀ ਹੈ, ਇਸ ਬਾਰੇ ਵੀ ਕੋਈ ਗਿਣਤੀ ਮਿਣਤੀ ਦੇ ਅੱਖਰ ਨਹੀਂ ਹਨ।

ਇਹ ਸਾਰੇ ਗ੍ਰਹਿ ਆਪਣੇ ਗ੍ਰਹਿ ਪੱਥ ’ਤੇ ਨਿਸ਼ਚਿਤ ਚਾਲ ਅਤੇ ਸਮੇਂ ਨਾਲ ਚੱਲ ਰਹੇ ਹਨ। ਪ੍ਰਮਾਤਮਾ ਆਪ ਹੀ ਇਹਨਾਂ ਨੂੰ ਕੰਟਰੋਲ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਆਸਾ ਕੀ ਵਾਰ ਵਿੱਚ ਸਪਸ਼ਟ ਕਰ ਦਿੱਤਾ ਸੀ: ‘‘ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ, ਨ ਅੰਤੁ ॥’’ (ਮ: ੧/੪੬੪)

ਜਦੋਂ ਪ੍ਰਸਿਧ ਵਿਗਿਆਨੀ ਗੈਲੀਲੀਓ ਨੇ ਇਹ ਗੱਲ ਕਹੀ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਉਸ ਨੂੰ ਉਸ ਸਮੇਂ ਦੇ ਧਾਰਮਿਕ ਪੁਜਾਰੀਆਂ ਨੇ ਕੈਦ ਕਰਕੇ ਤਸੀਹੇ ਦਿੱਤੇ ਸਨ ਕਿਉਂ ਕਿ ਉਸ ਦੇ ਵਿਚਾਰ ਬਾਈਬਲ ਤੋਂ ਉਲਟ ਸਨ ਪਰ ਗੁਰੂ ਨਾਨਕ ਦੇਵ ਜੀ ਉਸ ਤੋਂ ਵੀ ਪਹਿਲਾਂ ਇਸ ਸਚਾਈ ਨੂੰ ਲੋਕਾਂ ਦੇ ਸਾਹਮਣੇ ਰੱਖ ਚੁੱਕੇ ਸਨ। ਇਹ ਵੀ ਸਚਾਈ ਹੈ ਕਿ ਜੇ ਇਹਨਾਂ ਗ੍ਰਹਿਹਾਂ ਦੀ ਚਾਲ ਵਿੱਚ ਮਾਮੂਲੀ ਜਿਹਾ ਵੀ ਫਰਕ ਪੈ ਜਾਵੇ ਤਾਂ ਦੁਨੀਆਂ ਵਿੱਚ ਪਰਲੋ ਆ ਸਕਦੀ ਹੈ।

ਅੱਜ ਵਿਗਿਆਨੀ ਵੀ ਬ੍ਰਹਿਮੰਡ ਨੂੰ ਹੱਦ ਬੰਨੇ ਤੋਂ ਬਿਨਾਂ ਅਤੇ ਗਿਣਤੀ ਤੋਂ ਬਾਹਰ ਮੰਨਦੇ ਹਨ। ਪ੍ਰਸਿੱਧ ਤਾਰਾ ਵਿਗਿਆਨੀ ਮੁਨਤੀਜ ਨੇ ਆਪਣੇ 1957 ਦੇ ਖੋਜ ਪੱਤਰ ਵਿੱਚ ਲਿਖਿਆ ਸੀ ਕਿ ਇਹ ਜਾਣੋ ਕਿ ਬ੍ਰਹਿਮੰਡਾਂ ਦਾ ਕਿਸੇ ਪਾਸੇ ਵੀ ਕੋਈ ਹੱਦ ਬੰਨਾ ਨਹੀਂ ਹੈ, ਜੇ ਹੁੰਦਾ ਤਾਂ ਇਸ ਦੀ ਕਿਸੇ ਪਾਸੇ ਕੋਈ ਹੱਦ ਜਰੂਰ ਹੁੰਦੀ।

ਹੁਣ ਤੱਕ ਦੀ ਹੋਈ ਖੋਜ ਇਹੀ ਦੱਸਦੀ ਹੈ ਕਿ ਸਾਡੀ ਧਰਤੀ 12, 683 ਕਿਲੋਮੀਟਰ ਵਿਆਸ ਵਾਲੀ ਆਪਣੇ ਤੋਂ 3, 33, 500 (ਤਿੰਨ ਲੱਖ ਤੇਤੀ ਹਜ਼ਾਰ ਪੰਜ ਸੌ) ਗੁਣਾ ਵੱਡੇ ਸੂਰਜ ਦੇ ਗਿਰਦ 29.6 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਆਪਣੇ ਤੋਂ 15 ਕਰੋੜ ਕਿਲੋ ਮੀਟਰ ਦੂਰ ਸੂਰਜ ਦੇ ਦੁਆਲੇ ਘੁੰਮ ਰਹੀ ਹੈ। ਸੂਰਜ ਵਿੱਚ ਕਿੰਨੀ ਸ਼ਕਤੀ ਹੈ ਇਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੂਰਜ ਤੋਂ ਨਿੱਕਲੀ ਇੱਕ ਚੰਗਿਆੜੀ ਵੀ ਸੈਂਕੜੇ ਧਰਤੀਆਂ ਭਸਮ ਕਰਨ ਦੀ ਸਮਰੱਥਾ ਰੱਖਦੀ ਹੈ। ਇੱਕ ਸੈਕਿੰਡ ਵਿੱਚ ਸੂਰਜ ਵੱਲੋਂ ਛੱਡੀ ਹੋਈ ਊਰਜਾ ਏਨੀ ਹੈ ਜਿੰਨੀ ਕਿ ਮਨੁੱਖ ਹੁਣ ਤੱਕ ਸੂਰਜ ਦੀ ਊਰਜਾ ਨੂੰ ਵਰਤ ਚੁੱਕਾ ਹੈ। ਸੂਰਜ ਵੱਲੋਂ ਛੱਡੀ ਹੋਈ ਊਰਜਾ ਦਾ ਕੇਵਲ ਦੋ ਸੌ ਕਰੋੜਵਾਂ ਹਿੱਸਾ ਹੀ ਧਰਤੀ ’ਤੇ ਪਹੁੰਚਦਾ ਹੈ।

ਸੂਰਜ ਦਾ ਆਕਾਰ ਕੁੱਲ ਗ੍ਰਹਿਹਾਂ ਦੇ ਅਕਾਰ ਦਾ ਲਗਭੱਗ ਸੌਵਾਂ (99.87ਵਾਂ) ਹਿੱਸਾ ਹੈ। ਸੂਰਜ ਦੇ ਭਾਰ ਵਿੱਚ ਪ੍ਰਤੀ ਸੈਕਿੰਡ 40 ਲੱਖ ਟਨ ਦੀ ਕਮੀ ਹੋ ਰਹੀ ਹੈ ਤੇ ਇਸ ਹਿਸਾਬ ਨਾਲ ਇਹ ਸੂਰਜ ਅੱਠ ਅਰਬ ਸਾਲ ਹੋਰ ਜਿਉਂਦਾ ਰਹਿ ਸਕੇਗਾ। ਸੋ ਵਿਗਿਆਨੀਆਂ ਦਾ ਇਹ ਵਿਚਾਰ ਹੈ ਕਿ ਸਾਰੇ ਗ੍ਰਹਿ ਤੇ ਬ੍ਰਹਿਮੰਡ ਲਗਾਤਾਰ ਘਟਦੇ ਜਾ ਰਹੇ ਹਨ। ਗੁਰਬਾਣੀ ਦਾ ਗਿਆਨ ਇਸ ਬਾਰੇ ਅੱਜ ਤੋਂ 500 ਸਾਲ ਪਹਿਲਾਂ ਹੀ ਇਸ ਸਚਾਈ ਨੂੰ ਪ੍ਰਗਟ ਕਰ ਚੁੱਕਾ ਹੈ: ‘‘ਘਟੰਤ ਰੂਪੰ, ਘਟੰਤ ਦੀਪੰ; ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥ (ਮ: ੫/੧੩੫੪)

ਪਿਛਲੇ ਦੋ ਦਹਾਕਿਆਂ ਤੱਕ ਵਿਗਿਆਨੀਆਂ ਨੇ ਕੇਵਲ ਨੌਂ ਗ੍ਰਿਹਾਂ ਦੀ ਖੋਜ ਕੀਤੀ ਹੈ ਅਤੇ ਇਹ ਵੀ ਸਾਬਤ ਕੀਤਾ ਹੈ ਕਿ ਨੌਵਾਂ ਗਿਹ ਪਲੂਟੋ, ਜੋ ਸੂਰਜ ਤੋਂ ਪੰਜ ਅਰਬ ਬਾਰ੍ਹਾਂ ਕਰੋੜ ਕਿਲੋ ਮੀਟਰ ਦੂਰ ਹੈ ਅਤੇ ਸੂਰਜ ਦੀ ਰੋਸ਼ਨੀ ਉਸ ਗ੍ਰਹਿ ਤੱਕ ਪਹੁੰਚਣ ਨੂੰ ਪੰਜ ਘੰਟੇ ਲੱਗਦੇ ਹਨ ਜਦ ਕਿ ਧਰਤੀ ਤੇ ਸੂਰਜ ਦੀ ਰੋਸ਼ਨੀ ਨੂੰ ਪਹੁੰਚਣ ਲਈ 8 ਮਿੰਟ ਵੀਹ ਸੈਕਿੰਡ ਦਾ ਸਮਾਂ ਲੱਗਦਾ ਹੈ ਤੇ ਰੋਸ਼ਨੀ 3 ਲੱਖ ਕਿਲੋ ਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਚੱਲਦੀ ਹੈ। ਇੱਕ ਸਾਲ ਵਿੱਚ ਰੋਸ਼ਨੀ ਦੁਆਰਾ ਤਹਿ ਕੀਤੀ ਦੂਰੀ ਨੂੰ ਇੱਕ ਪ੍ਰਕਾਸ਼ ਸਾਲ ਕਹਿੰਦੇ ਹਨ। ਇਸ ਤਰ੍ਹਾਂ ਇੱਕ ਪ੍ਰਕਾਸ਼ ਸਾਲ 120 ਖਰਬ ਕਿਲੋ ਮੀਟਰ ਦੇ ਬਰਾਬਰ ਹੈ।

ਜਿਸ ਬ੍ਰਹਿਮੰਡ ਦਾ ਸੂਰਜ ਮੰਡਲ ਇੱਕ ਨਿਗੂਨਾ ਜਿਹਾ ਹਿੱਸਾ ਹੈ ਉਸ ਵਿੱਚ ਲਗਭੱਗ ਇੱਕ ਖਰਬ ਹੋਰ ਸੂਰਜ ਮੰਡਲ ਹਨ। ਇਹਨਾਂ ਵਿੱਚ ਕਈ ਸਾਡੇ ਸੂਰਜ ਮੰਡਲ ਤੋਂ ਵੀ ਵੱਡੇ ਹਨ। ਇਸ ਬ੍ਰਹਿਮੰਡ ਦੀ ਲੰਬਾਈ ਏਨੀ ਵੱਡੀ ਹੈ ਕਿ ਇੱਕ ਸਿਰੇ ’ਤੇ ਚਮਕਨ ਵਾਲੇ ਤਾਰੇ ਦੀ ਰੋਸ਼ਨੀ ਦੂਜੇ ਸਿਰੇ ਤੇ ਚਮਕਣ ਵਾਲੇ ਤਾਰੇ ਤੱਕ ਪਹੁੰਚਣ ਲਈ 90 ਹਜ਼ਾਰ ਰੋਸ਼ਨੀ ਸਾਲ ਲੱਗ ਜਾਂਦੇ ਹਨ। ਇਹ ਗੱਲ ਕੇਵਲ ਇੱਕ ਬ੍ਰਹਿਮੰਡ ਦੀ ਹੈ ਜਿਸ ਦਾ ਸਾਡਾ ਸੂਰਜ ਇੱਕ ਨਿਗੂਣਾ ਜਿਹਾ ਭਾਗ ਹੈ।

ਏਨੇ ਵੱਡੇ ਬ੍ਰਹਿਮੰਡ ਵਿੱਚ ਕੇਵਲ ਅਸੀਂ ਹੀ ਸਮਝਦਾਰ ਜੀਵ ਨਹੀਂ ਹੋ ਸਕਦੇ। ਅਸਲੀਅਤ ਇਹ ਹੈ ਕਿ ਧਰਤੀ ਨਾਲ ਮਿਲਦੇ ਜੁਲਦੇ ਢਾਈ ਖਰਬ ਹੋਰ ਗ੍ਰਹਿ ਵੀ ਹਨ ਜਿਨ੍ਹਾਂ ’ਤੇ ਸਾਡੇ ਵਰਗੇ ਸਭਯਕ ਜੀਵ ਹੋ ਸਕਦੇ ਹਨ। ਸਾਡੀ ਆਪਣੀ ਅਕਾਸ਼ ਗੰਗਾ ਵਿੱਚ ਹੀ ਢਾਈ ਖਰਬ ਸਿਤਾਰੇ ਹਨ। ਪੁਲਾੜ ਵਿਗਿਆਨੀ ਡੋਲੇ ਦਾ ਵਿਸ਼ਵਾਸ ਹੈ ਕਿ ਇੰਨ੍ਹਾਂ ਵਿੱਚ 64 ਕਰੋੜ ਸੂਰਜ ਵਰਗੇ ਸਿਤਾਰੇ ਹਨ ਜਿਨ੍ਹਾਂ ਦੀਆਂ ਸਾਡੇ ਵਰਗੀਆਂ ਹੋਰ ਧਰਤੀਆਂ ਹਨ। ਕਾਰਲ ਸਾਗਨ ਅਨੁਸਾਰ ਇੰਨ੍ਹਾਂ ਵਿੱਚੋਂ ਘੱਟੋ ਘੱਟ 10 ਲੱਖ ਅਜਿਹੀਆਂ ਧਰਤੀਆਂ ਹਨ ਜਿੰਨ੍ਹਾਂ ’ਤੇ ਸਾਡੇ ਵਰਗਾ ਜੀਵਨ ਹੋ ਸਕਦਾ ਹੈ।

ਇਹ ਵਰਣਨ ਕੇਵਲ ਇਕੱਲੀ ਸਾਡੀ ਅਕਾਸ਼ ਗੰਗਾ ਦਾ ਹੈ। ਪੂਰੇ ਬ੍ਰਹਿਮੰਡ ਵਿੱਚ 15 ਕਰੋੜ ਅਕਾਸ਼ ਗੰਗਾ ਹਨ ਜੇ ਇਕੱਲੀ ਸਾਡੀ ਅਕਾਸ਼ ਗੰਗਾ ਵਿੱਚ 10 ਲੱਖ ਧਰਤੀਆਂ ਹਨ ਤਾਂ ਪੂਰੇ ਬ੍ਰਹਿਮੰਡ ਵਿੱਚ ਇਹਨਾਂ ਦੀ ਗਿਣਤੀ 15 ਕਰੋੜ 10 ਲੱਖ ਬਣਦੀ ਹੈ, ਪਰ ਇਹ ਖੋਜ ਅਜੇ ਵੀ ਅਧੂਰੀ ਹੈ। ਅਕਾਲ ਪੁਰਖ ਦੀ ਕਾਇਨਾਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਤਾਂ ਫਰਮਾਉਂਦੇ ਹਨ:

‘‘ਏਹੁ ਅੰਤੁ, ਨ ਜਾਣੈ ਕੋਇ ॥ ਬਹੁਤਾ ਕਹੀਐ, ਬਹੁਤਾ ਹੋਇ ॥’’ (ਜਪੁ)

ਅਤੇ

‘‘ਧਰਤੀ ਹੋਰੁ, ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ, ਤਲੈ, ਕਵਣੁ ਜੋਰੁ ?॥’’ (ਜਪੁ)

ਇਸ ਸਾਰੇ ਪਸਾਰੇ ਨੂੰ ਪ੍ਰਮਾਤਮਾ ਅੱਖ ਦੇ ਫੋਰ ਵਿੱਚ ਜਿੱਥੇ ਘੜਨ ਦੀ ਸਮਰੱਥਾ ਰੱਖਦਾ ਹੈ ਉੱਥੇ ਭਸਮ ਵੀ ਕਰ ਸਕਦਾ ਹੈ:

‘‘ਹਰਨ ਭਰਨ, ਜਾ ਕਾ ਨੇਤ੍ਰ ਫੋਰੁ ॥ ਤਿਸ ਕਾ ਮੰਤ੍ਰੁ, ਨ ਜਾਨੈ ਹੋਰੁ ॥’’ (ਗਉੜੀ ਸੁਖਮਨੀ /ਮ: ੫/੨੮੪)

ਅਤੇ

‘‘ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥’’ (ਜਪੁ)

ਇਹ ਸਾਰਾ ਵਰਤਾਰਾ ਦੋ ਸ਼ਕਤੀਆਂ ਰਾਹੀਂ ਹੀ ਹੁੰਦਾ ਹੈ ਤੇ ਉਹ ਹਨ ਆਕਰਸ਼ਨ ਤੇ ਅਪਕਰਸ਼ਨ।

ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥

ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥ (ਚੌਪਈ)

7 ਅਗਸਤ ਸੰਨ 2000 ਨੂੰ ਸੰਸਾਰ ਭਰ ਦੇ ਤਾਰਾ ਵਿਗਿਆਨੀਆਂ ਦੀ ਇੱਕ ਕਾਨਫਰੰਸ ਮਾਨਚੈਸਟਰ ਵਿੱਚ ਹੋਈ ਸੀ। ਅਗਲੇ ਹੀ ਦਿਨ 8 ਅਗਸਤ ਨੂੰ ਇੰਗਲੈਂਡ ਦੀ ਪ੍ਰਸਿੱਧ ਅਖਬਾਰ ‘ਇੰਡੀਪੈਂਡੈਂਟ’ ਵਿੱਚ ਅੱਠ ਕਾਲਮਾਂ ਦੀ ਇੱਕ ਖਬਰ ਛਪੀ ਜਿਸ ਦਾ ਸਿਰਲੇਖ ਸੀ: 10 ਹੋਰ ਗ੍ਰਹਿ ਲੱਭੇ ਹਨ, ਲੱਖਾਂ ਹੋਰ ਲੱਭਣਗੇ। ਇਸ ਲੇਖ ਵਿੱਚ ਅਖਬਾਰ ਦੇ ਸਾਇੰਸ ਐਡੀਟਰ ਨੇ ਲਿਖਿਆ ਸੀ ਕਿ ਕੁੱਝ ਦਹਾਕੇ ਪਹਿਲਾਂ ਸਾਇੰਸਦਾਨ ਇਹੀ ਸਮਝਦੇ ਸਨ ਕਿ ਇਸ ਬ੍ਰਹਿਮੰਡ ਵਿੱਚ ਸਾਡੀ ਧਰਤੀ ਸਮੇਤ ਨੌਂ ਗ੍ਰਹਿ ਹਨ ਪਰ ਪਿਛਲੇ ਕੁੱਝ ਸਾਲਾਂ ਤੋਂ ਵਿਗਿਆਨੀਆਂ ਨੂੰ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਸੂਰਜ ਉਹੀ ਇੱਕ ਨਹੀਂ ਜੋ ਸਾਨੂੰ ਦਿਖਾਈ ਦਿੰਦਾ ਹੈ ਸਗੋਂ ਹੋਰ ਗ੍ਰਹਿਹਾਂ ਦਾ ਵੀ ਆਪਣਾ ਸੂਰਜ ਹੈ ਜੋ ਉਹਨਾਂ ਗ੍ਰਿਹਾਂ ਨੂੰ ਰੋਸ਼ਨੀ ਦਿੰਦਾ ਹੈ ਅਤੇ ਸਾਡੀ ਧਰਤੀ ਨਾਲੋਂ ਕਈ ਗੁਣਾਂ ਵੱਡੇ ਗ੍ਰਹਿਹਾਂ ਦੀ ਗਿਣਤੀ ਕਰੋੜਾਂ ਤੇ ਅਰਬਾਂ ਵਿੱਚ ਹੈ ਅਤੇ ਇੱਕ ਦੂਜੇ ਤੋਂ ਅਰਬਾਂ ਖਰਬਾਂ ਮੀਲਾਂ ਦੇ ਫਾਸਲੇ ’ਤੇ ਹਨ।

ਅਮਰੀਕ ਖਗੋਲ ਵਿਗਿਆਨੀਆਂ ਦੇ ਸਮੂੰਹ ਨੇ ਧਰਤੀ ’ਤੇ ਸਭ ਤੋਂ ਵੱਧ ਦੂਰੀ ਵਾਲੀ ਅਕਾਸ਼ ਗੰਗਾ ਦੀ ਖੋਜ ਕੀਤੀ ਹੈ ਜਿਸ ਦੀ ਧਰਤੀ ਤੋਂ ਦੂਰੀ 13 ਅਰਬ ਪ੍ਰਕਾਸ਼ ਸਾਲ ਹੈ। ਡਾ. ਤਿਲਵੀ ਅਨੁਸਾਰ ਅਜਿਹੀਆਂ ਲੱਖਾਂ ਅਕਾਸ਼ ਗੰਗਾ ਮੌਜੂਦ ਹਨ। ਇਹਨਾਂ ਖੋਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਅਕਾਸ਼ ਗੰਗਾ ਵਿੱਚ ਹਰ ਸਾਲ 300 ਤੋਂ ਵੀ ਵੱਧ ਨਵੇਂ ਸੂਰਜ ਹਰ ਸਾਲ ਬਣ ਰਹੇ ਹਨ। ਹੁਣ ਸਵਾਲ ਹੈ ਕਿ ਕੀ ਇਹ ਪਸਾਰਾ ਕੇਵਲ ਇੱਕ ਵਾਰ ਹੀ ਹੋਇਆ ਹੈ? ਨਹੀਂ, ਗੁਰਬਾਣੀ ਦਾ ਫੁਰਮਾਨ ਹੈ: ‘‘ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥’’ (ਗਉੜੀ ਸੁਖਮਨੀ /ਮ: ੫/੨੭੬)

ਅਸਲ ਵਿੱਚ ਮਾਨਚੈਸਟਰ ਵਿੱਚ ਇਕੱਠੇ ਹੋਏ ਵਿਗਿਆਨੀਆਂ ਨੇ ਗੁਰਬਾਣੀ ਦੇ ਅੱਖਰ ਅੱਖਰ ਨੂੰ ਸਹੀ ਸਾਬਤ ਕਰ ਵਿਖਾਇਆ ਹੈ ਅਤੇ ਪੁਰਾਤਨ ਧਰਮਾਂ ਦੇ ਸਾਰੇ ਦਾਅਵਿਆਂ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਹੈ। ਇਹਨਾਂ ਵਿਗਿਆਨੀਆਂ ਵਿੱਚ ਭਾਵੇਂ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਨਹੀਂ ਸੀ ਪਰ ਲੱਗਦਾ ਹੈ ਕਿ ਸਾਰੇ ਵਿਗਿਆਨੀ ਗੁਰੂ ਨਾਨਕ ਦਾ ਪਾਣੀ ਭਰਨ ਵਾਲੇ ਹੀ ਸਨ ਅਤੇ ਜਿੰਨ੍ਹਾਂ ਦਾ ਜੀਵਨ ਨਿਸ਼ਾਨਾ ਗੁਰੂ ਨਾਨਕ ਦੇਵ ਜੀ ਦੇ ਕਥਨਾ ਨੂੰ ਆਪਣੀ ਖੋਜ ਦੁਆਰਾ ਸਹੀ ਸਾਬਤ ਕਰਨਾ ਹੀ ਹੋਵੇ। ਸਾਇੰਸਦਾਨਾਂ ਦਾ ਇਹ ਕਥਨ ਵੀ ਬਹੁਤ ਮਹਾਨਤਾ ਰੱਖਦਾ ਹੈ ਕਿ ਸਾਡੀ ਧਰਤੀ ਇਸ ਸਮੁੱਚੇ ਬ੍ਰਹਿਮੰਡ ਵਿੱਚ ਇੱਕ ਰੇਤ ਦੇ ਕਿਣਕੇ ਦੀ ਨਿਆਈਂ ਹੈ। ਜੇ ਪ੍ਰਮਾਤਮਾ ਦੀ ਕਾਇਨਾਤ ਵਿੱਚ ਧਰਤੀ ਰੇਤ ਦੇ ਕਿਨਕੇ ਦੀ ਨਿਆਈਂ ਹੈ ਤਾਂ ਉਸ ਦੀ ਕਾਇਨਾਤ ਵਿੱਚ ਮਨੁੱਖ ਦੀ ਕੀ ਪਾਇਆਂ ਹੈ? ਕੀ ਮਨੁੱਖ ਸੱਚ ਮੁੱਚ ਹੀ ਪ੍ਰਮਾਤਮਾ ਦੀ ਹਸਤੀ ਅੱਗੇ ਏਨਾ ਛੋਟਾ ਜੀਵ ਹੈ ਜਿਵੇਂ ਸਮੁੰਦਰ ਦੇ ਸਾਹਮਣੇ ਪਾਣੀ ਦੀ ਬੂੰਦ। ਹੈਰਾਨੀ ਹੁੰਦੀ ਹੈ ਕਿ 84 ਲੱਖ ਜੂਨਾਂ ਦਾ ਸਰਦਾਰ ਕਹਾਉਣ ਵਾਲਾ ਮਨੁੱਖ ਜੇ ਪ੍ਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਏਨਾ ਨਿਗੂਣਾ ਹੈ ਤਾਂ ਫਿਰ ਕਿਸ ਗੱਲ ਦਾ ਮਨੁੱਖ ਹੰਕਾਰ ਕਰਦਾ ਹੈ? ਪਰ ਇਹ ਵੀ ਸਚਾਈ ਹੈ ਕਿ ਜੇ ਮਨੁੱਖ ਆਪਣਾ ਆਪ ਮਿਟਾ ਕੇ ਪ੍ਰਭੂ ਦੇ ਹੁਕਮ ਵਿੱਚ ਚੱਲ ਪਵੇ ਤਾਂ ਉਸ ਵਿੱਚ ਤੇ ਪ੍ਰਮਾਤਮਾ ਵਿੱਚ ਭੇਦ ਖਤਮ ਹੋ ਜਾਵੇਗਾ: ‘‘ਆਪੁ ਗਵਾਈਐ, ਤਾ ਸਹੁ ਪਾਈਐ; ਅਉਰੁ ਕੈਸੀ ਚਤੁਰਾਈ ॥’’ (ਮ: ੧/੭੨੨)

ਜੇ ਮਨੁੱਖ ਨੂੰ ਦੂਰ ਦ੍ਰਿਸ਼ਟੀ ਵਾਲੇ ਮਹਾਨ ਪੈਗੰਬਰ ਗੁਰੂ ਨਾਨਕ ਦੇਵ ਜੀ ਦੀ ਗੱਲ ਦੀ ਸਮਝ ਨਹੀਂ ਆਈ ਤਾਂ ਉਹ ਜੇਕਰ ਸਾਇੰਸਦਾਨਾਂ ਦੀ ਗੱਲ ਹੀ ਸਮਝ ਲਵੇ ਕਿ ਉਸ ਦੀ ਹਸਤੀ ਰੇਤ ਦੇ ਕਿਣਕੇ ਤੋਂ ਵੱਧ ਕੁੱਝ ਵੀ ਨਹੀਂ ਤਾਂ ਫਿਰ ਉਹ ਆਪਣੀ ਹਉਮੈ ਤੇ ਹੰਕਾਰ ਤਿਆਗ ਕੇ ਆਪਣੇ ਜੀਵਨ ਨੂੰ ਸਫਲ ਕਰਕੇ ਹੋਰਨਾਂ ਦਾ ਜੀਵਨ ਸਫਲ ਕਰਨ ਦੇ ਯੋਗ ਬਣ ਸਕਦਾ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣ ਵਾਲਾ ਹੀ ਰੇਤ ਦਾ ਕਿਨਕਾ ਐਟਮ (ਪ੍ਰਮਾਣੂ) ਦਾ ਰੂਪ ਧਾਰਨ ਕਰਕੇ ਅਥਾਹ ਸ਼ਕਤੀ ਦਾ ਮਾਲਕ ਬਣ ਸਕਦਾ ਹੈ, ਵਰਨਾ ਹੁਕਮ ਨਾ ਮੰਨਣ ਵਾਲਾ ਰੇਤ ਦੇ ਕਿਨਕਿਆਂ ਦਾ ਢੇਰ ਬਣ ਕੇ ਵੀ ਕਿਸੇ ਕੰਮ ਦਾ ਨਹੀਂ ਰਹਿੰਦਾ।