ਕਬਿੱਤ ਨੰਬਰ 19 (ਭਾਈ ਗੁਰਦਾਸ ਜੀ)

0
352

ਕਬਿੱਤ ਨੰਬਰ 19 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ ਮੋਬਾਈਲ: 70158-21162

ਗੁਰਮੁਖਿ ਸੁਖ ਫਲ ਅਤਿ ਅਸਚਰਜ ਮੈ, ਹੇਰਤ ਹਿਰਾਨੇ ਆਨ ਧਿਆਨ ਬਿਸਰਾਨੇ ਹੈ ।

ਗੁਰਮੁਖਿ ਸੁਖ ਫਲ ਗੰਧ ਰਸ ਬਿਸਮ ਹੁਇ, ਅਨਰਸ ਬਾਸਨਾ ਬਿਲਾਸ ਨ ਹਿਤਾਨੇ ਹੈ ।

ਗੁਰਮੁਖਿ ਸੁਖ ਫਲ ਅਦਭੁਤ ਅਸਥਾਨ, ਮ੍ਰਿਤ ਮੰਡਲ ਅਸਥਲ ਨ ਲੁਭਾਨੇ ਹੈ ।

ਗੁਰਮੁਖਿ ਸੁਖ ਫਲ ਸੰਗਤਿ ਮਿਲਾਪ ਦੇਖ, ਆਨ ਗਿਆਨ ਧਿਆਨ ਸਭ ਨਿਰਸ ਕਰਿ ਜਾਨੇ ਹੈ ॥੧੯॥

ਸ਼ਬਦ ਅਰਥ: ਸੁਖ ਫਲ=ਸੁੱਖ ਦੇਣ ਵਾਲਾ।, ਬਿਸਰਾਨੇ=ਵਿਸਾਰ ਦੇਣਾ।, ਬਿਸਮ=ਅਸਚਰਜ।, ਅਨਰਸ=ਹੋਰ ਹੋਰ ਰਸ।, ਬਾਸਨਾ=ਸੁਗੰਧੀ।, ਹਿਤਾਨੇ=ਹਿਤ ਹੋਣਾ।, ਨਿਰਸ=ਰੁਚੀ ਨਾ ਹੋਣਾ।

ਅਰਥ: ਭਾਈ ਗੁਰਦਾਸ ਜੀ ਗੁਰਮੁਖ ਦੀ ਸੰਗਤ ਬਾਰੇ ਜ਼ਿਕਰ ਕਰਦੇ ਹਨ ਕਿ ਉਹ ਘੜੀ ਬੜੀ ਹੀ ਹੈਰਾਨ ਕਰਨ ਵਾਲੀ ਸੁੱਖ ਦਾਤੀ ਹੁੰਦੀ ਹੈ।  ਗੁਰਮੁਖ ਦੀ ਸੰਗਤ ਕਰਨ ਨਾਲ ਸਭ ਤੋਂ ਅਸਚਰਜ ਗੱਲ ਇਹ ਹੁੰਦੀ ਹੈ ਕਿ ਮਨੁੱਖ ਦਾ ਧਿਆਨ ਵਿਕਾਰਾਂ ਵੱਲੋਂ ਹਟ ਕੇ ਪ੍ਰਭੂ ਭਗਤੀ ਵੱਲ ਹੋ ਜਾਂਦਾ ਹੈ। ਗੁਰਮੁਖ ਦੀ ਸੰਗਤ ਵਿੱਚ ਮਨੁੱਖ ਹੋਰ-ਹੋਰ ਰਸਾਂ ਕਸਾਂ ਵਿੱਚ ਨਹੀਂ ਪੈਂਦਾ ਅਤੇ ਇੱਕੋ ਨਾਮ ਰਸ ਵਿੱਚ ਗੜੂੰਦ ਹੋ ਕੇ ਵਿਸਮਾਦੀ ਅਵਸਥਾ ਵਿੱਚ ਆ ਜਾਂਦਾ ਹੈ।  ਗੁਰਮੁਖ ਦੀ ਸੰਗਤ ਮਨੁੱਖ ਨੂੰ ਇੱਕ ਐਸੇ ਪੜਾਅ ’ਚ ਪਹੁੰਚਾ ਦੇਂਦੀ ਹੈ ਜਿੱਥੇ ਉਹ ਇਸ ਜਗਤ (ਮ੍ਰਿਤ ਮੰਡਲ) ਤੋਂ ਉਪਰਾਮ ਹੋ ਜਾਂਦਾ ਹੈ।  ਮਨੁੱਖ ਫਿਰ ਦੁਨੀਆਂ ਦੇ ਹੋਰ ਕਿਸੇ ਕਿਸਮ ਦੇ ਗਿਆਨ ਵਿੱਚ ਰੁਚੀ ਨਹੀਂ ਰੱਖਦਾ ਤੇ ਉਸ ਨੂੰ ਸਮਝ ਆ ਜਾਂਦੀ ਹੈ ਕਿ ਗੁਰਮੁਖਾਂ ਦੀ ਸੰਗਤ ਹੀ ਅਸਲ ’ਚ ਸੁਖ ਫਲ ਦਾਤੀ ਹੈ।

ਗੁਰਬਾਣੀ ਵਿੱਚ ਗੁਰਮੁਖ, ਗੁਰੂ ਨੂੰ ਵੀ ਕਿਹਾ ਗਿਆ ਹੈ, ਸੰਤ ਨੂੰ ਵੀ ਕਿਹਾ ਗਿਆ ਹੈ ਅਤੇ ਗੁਰੂ ਅਨੁਸਾਰੀ ਜੀਵਨ ਜੀਣ ਵਾਲੇ ਮਨੁੱਖ ਨੂੰ ਵੀ ਕਿਹਾ ਗਿਆ ਹੈ। ਗੁਰੂ ਅਨੁਸਾਰੀ ਜੀਵਨ ਜੀਣ ਵਾਲੇ ਨੂੰ ਗੁਰਸਿੱਖ ਵੀ ਕਿਹਾ ਗਿਆ ਹੈ।  ਗੁਰੂ ਦੇ ਸਨਮੁਖ ਜਾਂ ਸ਼ਰਨ ਵਿੱਚ ਰਹਿਣ ਵਾਲੇ ਸਿੱਖ ਨੂੰ ਵੀ ਗੁਰਮੁਖ ਆਖਿਆ ਜਾਂਦਾ ਹੈ, ਇਸ ਤੋਂ ਸਪਸ਼ਟ ਹੈ ਕਿ ‘ਗੁਰੂ, ਸੰਤ, ਗੁਰਸਿੱਖ, ਗੁਰਮਖਿ’ ਇੱਕ ਪਦ ਹੈ, ਰੁਤਬਾ ਹੈ, ਜਿਸ ’ਤੇ ਪਹੁੰਚਿਆਂ ਸਰੀਰਕ ਭਿੰਨਤਾ ਹੀ ਅਲੋਪ ਹੋ ਜਾਂਦੀ ਹੈ, ਪਰ ਇਸ ਰੁਤਬੇ ਲਈ ਮੁੱਢਲੀ ਸ਼ਰਤ ਇਹ ਹੈ ਕਿ ਸਿੱਖ ਤਨੋਂ ਮਨੋਂ ਗੁਰੂ ਦੀ ਸ਼ਰਨ ਵਿੱਚ ਹੋਵੇ, ‘‘ਜੇ ਕੋ ਸਿਖੁ, ਗੁਰੂ ਸੇਤੀ ਸਨਮੁਖੁ ਹੋਵ॥ ਹੋਵੈ ਤਾ ਸਨਮੁਖੁ ਸਿਖੁ ਕੋਈ, ਜੀਅਹੁ ਰਹੈ ਗੁਰ ਨਾਲ॥ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ॥ ਆਪੁ ਛਡਿ, ਸਦਾ ਰਹੈ ਪਰਣੈ; ਗੁਰ ਬਿਨ ਅਵਰੁ ਨ ਜਾਣੈ ਕੋਏ। ਕਹੈ ਨਾਨਕੁ ਸੁਣਹੁ ਸੰਤਹੁ  ! ਸੋ ਸਿਖੁ ਸਨਮੁਖੁ ਹੋਏ॥’’ (ਮ:੩/ਅੰਕ ੯੧੯)  ਗੁਰੂ ਜਾਂ ਗੁਰਮੁਖ (ਗੁਰੂ) ਦੀ ਸੰਗਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ। ਉਹ ਸਭ ਫਲ ਦਾਤੀ ਹੈ। ਗੁਰਬਾਣੀ ਫ਼ੁਰਮਾਨ ਹੈ, ‘‘ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ  !॥  ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥ (ਮ:੫/ਅੰਕ ੮੦੯) ਸੁਖਮਨੀ ਸਾਹਿਬ ਵਿੱਚ ਸਾਧੂ, ਸਾਧ ਜਾਂ ਗੁਰਮੁਖ ਦੀ ਸੰਗਤ ਦਾ ਫਲ਼ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ; ਜਿਵੇਂ ਕਿ ‘‘ਸਾਧ ਕੈ ਸੰਗਿ, ਸਦਾ ਪਰਫੁਲੈ॥’’ ਵਿਕਾਰਾਂ ਵਾਸਤੇ ‘‘ਸਾਧ ਕੈ ਸੰਗਿ, ਆਵਹਿ ਬਸਿ ਪੰਚਾ॥’’ (ਮ:੫/ਅੰਕ ੨੯੧)  ਨਾਮ ਰਸ ਦੀ ਪ੍ਰਾਪਤੀ ਵਾਸਤੇ ‘‘ਸਾਧ ਸੰਗਿ ਅੰਮ੍ਰਿਤ ਰਸੁ ਭੁੰਚਾ॥’’ (ਉਹੀ ਅੰਕ) ਗੁਰਮੁਖ ਦੀ ਸੰਗਤ ਕਰਨ ਨਾਲ ਮਨੁੱਖ ਦੁਨੀਆ ਦੇ ਮਾਇਆ ਵਾਦੀ ਖ਼ਿਆਲਾਂ ਤੋਂ ਰੁਚੀ ਹਟਾ ਕੇ, ਉੱਚਾ ਆਚਰਨ ਬਣਾ ਕੇ ਭਾਵ ਆਪਣੇ ਅੰਦਰ ਸ਼ੁਭ ਗੁਣ ਭਰ ਕੇ ਇੱਕ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦਾ ਹੈ। ਗੁਰੂ ਦੀ ਸੰਗਤ ਇੰਨੀ ਪਵਿੱਤਰ ਹੈ ਕਿ ਇਸ ਦੀ ਰਾਹੀਂ ਸਿੱਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਤੀ ਪ੍ਰੇਮ ਪੈਦਾ ਹੋ ਜਾਂਦਾ ਹੈ। ‘‘ਮਹਾ ਪਵਿਤ੍ਰ, ਸਾਧ ਕਾ ਸੰਗੁ॥ ਜਿਸੁ ਭੇਟਤ, ਲਾਗੈ ਪ੍ਰਭ ਰੰਗੁ॥’’ (ਮ:੫/ਅੰਕ ੩੯੨) ਗੁਰੂ ਦੀ ਸੰਗਤ ਕਰਨ ’ਤੇ ਹੀ ਸਿੱਖ ਨੂੰ ਇਹ ਸੋਝੀ ਹੁੰਦੀ ਹੈ ਕਿ ਗੁਰੂ ਦੇ ਗਿਆਨ ਤੋਂ ਬਿਨਾਂ ਹੋਰ ਕੋਈ ਗਿਆਨ ਫਲ਼ਦਾਇਕ ਨਹੀਂ। ਇਸ ਕਰ ਕੇ ਸਿੱਖ ਹੋਰ ਕਿਸੇ ਦੀ ਸੰਗਤ ਨਹੀਂ ਕਰਨਾ ਚਾਹੁੰਦਾ, ‘‘ਸਤਿਗੁਰੁ ਹੈ ਗਿਆਨੁ, ਸਤਿਗੁਰੁ ਹੈ ਪੂਜਾ॥ ਸਤਿਗੁਰੁ ਸੇਵੀ, ਅਵਰੁ ਨ ਦੂਜਾ॥’’ (ਮ:੪/ਅੰਕ ੧੦੬੯)