ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸ਼ਲਾਘਾਯੋਗ : ਭਾਈ ਪੰਥਪ੍ਰੀਤ ਸਿੰਘ

0
293

ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸ਼ਲਾਘਾਯੋਗ : ਭਾਈ ਪੰਥਪ੍ਰੀਤ ਸਿੰਘ

ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦੀ ਸਲਾਹ ਸ਼ਾਲਾਘਾਯੋਗ ਪਰ ਸਲਾਹ ਦੇਣ ਵਾਲੇ ਇਸ ਸਲਾਹ ਨੂੰ ਆਪਣੀਆਂ ਸੰਪ੍ਰਦਾਵਾਂ ਭੰਗ ਕਰਕੇ ਇੱਕ ਸਿੱਖ ਰਹਿਤ ਮਰਿਯਾਦਾ ਲਾਗੂ ਕਰਨ ਲਈ ਵੀ ਸਹਿਮਤ ਹੋਣ

ਸਿੱਖ ਇਤਿਹਾਸ ਵਿਗਾੜਨ ਦਾ ਮੂਲ ਸਰੋਤ ਸੂਰਜ ਪ੍ਰਕਾਸ਼ ਅਤੇ ਡੇਰੇਦਾਰਾਂ ਵੱਲੋਂ ਸੁਣਾਈਆਂ ਜਾਂਦੀਆਂ ਮਿਥਿਹਾਸਕ ਕਹਾਣੀਆਂ

ਸੰਗਤ ਮੰਡੀ, 2 ਦਸੰਬਰ (ਕਿਰਪਾਲ ਸਿੰਘ): ਦੇਸ਼ ਦੀ ਵੰਡ ਸਦਕਾ ਸਿੱਖ ਕੌਮ ਤੋਂ ਵਿਛੋੜੇ ਗਏ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਸਤਾਨ ਦੋਵਾਂ ਸਰਕਾਰਾਂ ਵੱਲੋਂ ਕੀਤੀ ਗਈ ਸ਼ੁਰੂਆਤ ਸ਼ਲਾਘਾਯੋਗ ਹੈ। ਲਾਂਘੇ ਦੀ ਸ਼ੁਰੂਆਤ, ਵੰਡ ਉਪਰੰਤ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਚੱਲ ਰਹੇ ਟਕਰਾਅ ਅਤੇ ਤਣਾਅ ਪੂਰਬਕ ਮਹੌਲ ਨੂੰ ਘਟਾਉਣ ਅਤੇ ਸ਼ਾਂਤੀ, ਆਪਸੀ ਪਿਆਰ ਤੇ ਸਦਭਾਵਨਾ ਵਾਲੇ ਮਹੌਲ ’ਚ ਤਬਦੀਲ ਕਰਨ ਅਤੇ ਵਪਾਰ ਦੀਆਂ ਸੰਭਾਵਨਾਵਾਂ ਵਧਣ ਕਾਰਨ ਦੋਵਾਂ ਦੇਸ਼ਾਂ ਦੀ ਤਰੱਕੀ ਦੀ ਵੀ ਸ਼ੁਰੂਆਤ ਸਿੱਧ ਹੋਵੇਗੀ। ਇਹ ਸ਼ਬਦ ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਗੁਰਮਤ ਸਮਾਗਮ ਵਿੱਚ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ। ਉਨ੍ਹਾਂ ਕਿਹਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਕਾਰਾਤਮਕ ਪਹੁੰਚ ਅਪਣਾਉਣ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਖਾਸ ਕਰ ਕੇ ਪਾਕਸਤਾਨ ਦੀ ਸਰਕਾਰ ਅਤੇ ਇਸ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਨੇ ਕਰਤਾਰਪੁਰ ਲਾਂਘਾ ਦੇਣ ਲਈ ਪਹਿਲ ਕੀਤੀ ਅਤੇ ਉਦਘਾਟਨੀ ਸਮਾਰੋਹ ਨੂੰ ਸਿਆਸਤ ਤੋਂ ਮੁਕਤ ਰੱਖ ਕੇ ਆਪਸੀ ਪਿਆਰ, ਸਦਭਾਵਨਾ ਅਤੇ ਰੁਹਾਨੀਅਤ ਦਾ ਸੰਦੇਸ਼ ਦਿੱਤਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਰੇ ਅਕਾਲੀ ਦਲਾਂ ਨੂੰ ਭੰਗ ਕਰ ਕੇ ਇੱਕ ਅਕਾਲੀ ਦਲ ਬਣਾਉਣ ਦੀ ਬਾਬਾ ਸੇਵਾ ਸਿੰਘ ਰਾਮਪੁਰ ਖੇੜ੍ਹਾ ਵੱਲੋਂ ਦਿੱਤੀ ਗਈ ਸਲਾਹ ਸ਼ਾਲਾਘਾਯੋਗ ਹੈ ਪਰ ਸਲਾਹ ਦੇਣ ਵਾਲੇ ਇਸ ਸਲਾਹ ਨੂੰ ਆਪਣੀਆਂ ਸੰਪ੍ਰਦਾਵਾਂ ਭੰਗ ਕਰ ਕੇ ਇੱਕ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਲਈ ਵੀ ਸਹਿਮਤ ਹੋਣ ਕਿਉਂਕਿ ਕੌਮ ਵਿੱਚ ਵੰਡੀਆਂ ਪੈਣ ਦਾ ਮੁੱਖ ਕਾਰਨ ਵੱਖ ਵੱਖ ਸੰਪ੍ਰਦਾਵਾਂ ਵੱਲੋਂ ਆਪਣੇ ਡੇਰਿਆਂ ਵਿੱਚ ਲਾਗੂ ਕੀਤੀ ਗਈ ਵੱਖ ਵੱਖ ਰਹਿਤ ਮਰਿਆਦਾ ਹੀ ਹੈ ਜਿਸ ਨੇ ਨਿਤਨੇਮ ਦੀਆਂ ਬਾਣੀਆਂ, ਅੰਮਿ੍ਰਤ ਦੇ ਬਾਟੇ ਅਤੇ ਲੰਗਰ ’ਚ ਜਾਤੀ ਆਧਾਰ ’ਤੇ ਭਾਂਡੇ ਵੰਡ ਕੇ ‘‘ਇਕਾ ਬਾਣੀ, ਇਕੁ ਗੁਰੁ ; ਇਕੋ ਸਬਦੁ ਵੀਚਾਰਿ ॥’’ (ਮ: ੩/੬੪੬) ਅਤੇ ‘‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥  ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥੧॥  ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ! ॥  ਇਸੁ ਗਰਬ ਤੇ ਚਲਹਿ, ਬਹੁਤੁ ਵਿਕਾਰਾ ॥੧॥ ਰਹਾਉ ॥’’  (ਮ: ੩/੧੧੨੮) ਦੇ ਸਿਧਾਂਤ ਤੋਂ ਥਿੜਕਾਅ ਕੇ ਕੌਮ ਨੂੰ ਅਨੇਕਾਂ ਸੰਪ੍ਰਦਾਵਾਂ, ਜਥਿਆਂ ਅਤੇ ਜਾਤਾਂ ਪਾਤਾਂ ਵਿੱਚ ਵੰਡ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਸਿੱਖ ਇਤਿਹਾਸ ਵਿਗਾੜਨ ਦਾ ਮੂਲ ਸਰੋਤ ਵੀ ਗੁਰ ਬਿਲਾਸ ਪਾ: ੬, ਸੂਰਜ ਪ੍ਰਕਾਸ਼, ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈ ਗਈ ਸਿੱਖ ਇਤਿਹਾਸ (ਹਿੰਦੀ) ਅਤੇ ਇਨ੍ਹਾਂ ਦੇ ਆਧਾਰ ’ਤੇ ਡੇਰੇਦਾਰਾਂ ਵੱਲੋਂ ਸੁਣਾਈਆਂ ਜਾਂਦੀਆਂ ਮਿਥਿਹਾਸਕ ਸਾਖੀਆਂ ਹਨ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਬਲਕਰਨ ਸਿੰਘ ਮੌੜ, ਭਾਈ ਉਪਕਾਰ ਸਿੰਘ ਭਿੰਡਰ, ਭਾਈ ਮੱਖਨ ਸਿੰਘ ਰੌਂਤਾ, ਭਾਈ ਜਗਤਾਰ ਸਿੰਘ ਗੰਗਾ, ਭਾਈ ਗੁਰਪ੍ਰੀਤ ਸਿੰਘ ਕਾਲ਼ਾਬੂਲ਼ਾ, ਭਾਈ ਰਣਜੀਤ ਸਿੰਘ ਵਾੜਾ ਦਰਾਕਾ, ਭਾਈ ਅਵਤਾਰ ਸਿੰਘ ਲੋਪੋ, ਭਾਈ ਪਰਗਟ ਸਿੰਘ ਮੁਦਕੀ, ਭਾਈ ਸੁਦਾਗਰ ਸਿੰਘ ਭਦੌੜ, ਭਾਈ ਗੁਰਭਾਗ ਸਿੰਘ ਮਰੂੜ ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

ਇਸੇ ਦੌਰਾਨ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਸੰਸਥਾ ਦਾ ਛਿਮਾਹੀ ਲੇਖਾ ਜੋਖਾ ਸਟੇਜ ਤੋਂ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ। ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਤਕਰੀਬਨ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ। ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਅਲੱਗ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰਮਤਿ ਸੇਵਾ ਲਹਿਰ ਦਾ ਤ੍ਰੈਮਾਸਕ ਪੱਤਰ ‘ਗੁਰਮਤਿ ਬਿਬੇਕ’ ਵੱਡੀ ਗਿਣਤੀ ਵਿੱਚ ਬੁੱਕ ਕੀਤਾ ਗਿਆ, ਜਿਸ ਵਿੱਚ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।