ਜਤੁ ਪਾਹਾਰਾ; ਧੀਰਜੁ ਸੁਨਿਆਰੁ ॥ ਅਹਰਣਿ ਮਤਿ; ਵੇਦੁ ਹਥੀਆਰੁ ॥
ਭਉ ਖਲਾ; ਅਗਨਿ ਤਪ ਤਾਉ ॥ ਭਾਂਡਾ ਭਾਉ; ਅੰਮ੍ਰਿਤੁ, ਤਿਤੁ ਢਾਲਿ ॥
ਘੜੀਐ ਸਬਦੁ; ਸਚੀ ਟਕਸਾਲ ॥ ਜਿਨ ਕਉ, ਨਦਰਿ ਕਰਮੁ; ਤਿਨ ਕਾਰ ॥
ਨਾਨਕ ! ਨਦਰੀ ਨਦਰਿ ਨਿਹਾਲ ॥੩੮॥
ਉਚਾਰਨ ਸੇਧ: ਖੱਲਾ।
ਪਦ ਅਰਥ: ਜਤੁ- ਉੱਚਾ ਕਿਰਦਾਰ ਜਾਂ ਨਿਰਮਲ ਚਰਿਤਰ (ਇੱਕ ਵਚਨ ਪੁਲਿੰਗ ਨਾਂਵ)।, ਪਾਹਾਰਾ-ਪ੍ਰਹਾਰ (ਚੋਟ) ਕਰਨ ਦੀ ਜਗ੍ਹਾ, ਸੁਨਿਆਰ ਜਾਂ ਲੁਹਾਰ ਦਾ ਕਾਰਖ਼ਾਨਾ, ਭੱਠੀ, ਦੁਕਾਨ ਆਦਿ (ਨਾਂਵ)।, ਧੀਰਜੁ-ਸਬਰ, ਤਸੱਲੀ, ਹੌਂਸਲਾ (ਭਾਵ ਵਾਚਕ ਨਾਂਵ)।, ਅਹਰਣਿ-ਅਹਿਰਣ; ਲੋਹੇ ਦਾ ਭਾਰੀ ਤੇ ਚੌਰਸ ਟੁਕੜਾ, ਜਿਸ ’ਤੇ ਕੋਈ ਸਖ਼ਤ ਵਸਤੂ ਰੱਖ ਕੇ ਘਣ ਜਾਂ ਹਥੌੜੇ ਨਾਲ ਸੱਟ ਮਾਰੀ ਜਾਂਦੀ ਹੈ (ਇਸਤ੍ਰੀ ਲਿੰਗ ਨਾਂਵ)।, ਮਤਿ-ਮਮਤਾ ਜਾਂ ਅਹੰਕਾਰ (ਇਸਤ੍ਰੀ ਲਿੰਗ ਨਾਂਵ)।, ਵੇਦੁ- (ਗੁਰੂ) ਗਿਆਨ (ਇੱਕ ਵਚਨ ਪੁਲਿੰਗ ਨਾਂਵ)।, ਹਥੀਆਰੁ-ਘਣ, ਹਥੌੜਾ, ਗੰਡਾਸਾ ਆਦਿ, ਜਿਸ ਵਿੱਚ ਲੱਕੜੀ ਜਾਂ ਲੋਹੇ ਦਾ ਦਸਤਾ (ਮੁੱਠਾ) ਪਾਇਆ ਜਾਂਦਾ ਹੈ (ਨਾਂਵ)।, ਭਉ-ਡਰ, ਭੈ, ਅਦਬ-ਸਤਿਕਾਰ (ਨਾਂਵ)।, ਖਲਾ-ਪਾਣੀ ਵਾਲ਼ੀ ਮਸ਼ਕ, ਚਮੜੇ ਦਾ ਥੈਲਾ, ਧੌਂਕਣੀ, ਜਾਨਵਰ ਦੀ ਖੱਲ, ਜਿਸ ਦੀ ਸਿਲਾਈ ਕਰਨ ਉਪਰੰਤ ਹਵਾ ਭਰ ਕੇ ਦਰਿਆ ਪਾਰ ਕੀਤਾ ਜਾਂਦਾ ਹੈ ਜਾਂ ਭੱਠੀ ’ਚ ਤਾਅ (ਸੇਕ, ਆਂਚ) ਦਿੱਤਾ ਜਾਂਦਾ ਹੈ (ਇੱਕ ਵਚਨ ਇਸਤ੍ਰੀ ਲਿੰਗ ਨਾਂਵ; ਨੋਟ: ਕਿਸੇ ਪਸ਼ੂ ਦੇ ਸਰੀਰ ਦੀ ਖੱਲ ਇੱਕ ਵਚਨ ਹੈ ਤੇ ਭੱਠੀ ਸਾਮ੍ਹਣੇ ਉਲ਼ਟੀ ਰੱਖ ਕੇ ਸਿਲੀ ਹੋਈ ਖੱਲ ਦੇ ਪੈਰਾਂ ਨੂੰ ਦਬਾਅ ਕੇ ਮੂੰਹ ਰਾਹੀਂ ਹਵਾ ਭੱਠੀ ਵੱਲ ਕੱਢੀ ਜਾਂਦੀ ਹੈ।), ਤਪ ਤਾਉ-ਤਪ ਦਾ ਤਾਅ, ਮਿਹਨਤ ਦੀ ਕਮਾਈ, ਸ਼੍ਰਮ ਖੰਡ ਵਾਲ਼ਾ ਸੰਘਰਸ਼ (‘ਤਪ’ ਸੰਬੰਧ ਕਾਰਕ ‘ਤਾਉ’ ਨਾਂਵ)।, ਭਾਂਡਾ-ਬਰਤਨ, ਕੁਠਾਲੀ, ਜਿਸ ਵਿੱਚ ਸੁਨਿਆਰ ‘ਸੋਨਾ’ ਪਿਘਲ਼ਾਉਂਦਾ ਹੈ (ਨਾਂਵ)।, ਭਾਉ-ਪ੍ਰੇਮ, ਨਰਮ-ਦਿਲ, ਕੋਮਲ ਸੁਭਾਅ, ਮੋਮ-ਦਿਲ ‘‘ਮੁਸਲਮਾਣੁ; ਮੋਮ ਦਿਲਿ ਹੋਵੈ ॥’’ (ਮ: ੫/੧੦੮੪) (ਨਾਂਵ)।, ਅੰਮ੍ਰਿਤੁ-ਅਮਰ ਕਰ ਦੇਣ ਵਾਲ਼ੀ ਨਾਮ ਸ਼ਕਤੀ (ਨਾਂਵ)।, ਤਿਤੁ- ਉਸ (ਕੋਮਲ ਹਿਰਦੇ-ਭਾਂਡੇ) ਵਿੱਚ (ਅਧਿਕਰਣ ਕਾਰਕ, ਅਨ੍ਯ ਪੁਰਖ, ਇੱਕ ਵਚਨ ਪੜਨਾਂਵ)।, ਢਾਲਿ- ਪਿਘਲ਼ਾਓ, ਪਘਰਾਓ, ਤਰਲ ਕਰੋ (ਹੁਕਮੀ ਭਵਿੱਖ ਕਾਲ ਕਿਰਿਆ), ਘੜੀਐ- ਪਿਘਲ਼ਾਇਆ ਜਾ ਸਕਦਾ ਹੈ (ਕਿਰਿਆ)।, ਸਬਦੁ-ਧਰਮੀ ਜੀਵਨ, ਕਿਰਦਾਰ, ਮਨ ਦਾ ‘ਸੰਕਲਪ’ ਘੜਿਆ ਜਾਂਦਾ ਹੈ ਭਾਵ ਮਨ ਦਾ ‘ਵਿਕਲਪ’ ਮਰ ਜਾਂਦਾ ਹੈ: ‘‘ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ‘ਸਬਦੁ’ (ਕਿਰਦਾਰ), ਸਚੈ (‘ਰੱਬ’ ਨੇ) ਸਵਾਰਿਆ ॥’’ (ਮ: ੩/੯੧੭)।, ਸਚੀ ਟਕਸਾਲ-ਉਕਤ ਬਿਆਨ ਕੀਤੀ ਗਈ ‘ਅਡੋਲ ਜ਼ਮੀਰ’ ਜਾਂ ‘ਨਿਰਮਲ ਅੰਤਹਿਕਰਣ’ (‘ਸਚੀ’ ਵਿਸ਼ੇਸ਼ਣ ਤੇ ‘ਟਕਸਾਲ’ ਇਸਤ੍ਰੀ ਲਿੰਗ ਦਾ ਅੱਖਰੀ ਅਰਥ ਹੈ: ‘ਸਿੱਕੇ ਢਾਲਣ ਵਾਲ਼ੀ ਥਾਂ’, ਇਸ ਲਈ ‘ਅਡੋਲ ਜ਼ਮੀਰ’ ਜਾਂ ‘ਨਿਰਮਲ ਅੰਤਹਿਕਰਣ’ ਵੀ ਕਿਸੇ ਸਥਾਨ ਨਾਲ ਸੰਬੰਧਿਤ ਹੈ)।, ਜਿਨ ਕਉ-ਜਿਨ੍ਹਾਂ ਨੂੰ, ਜਿਨ੍ਹਾਂ ਲਈ (ਸੰਪਰਦਾਨ ਕਾਰਕ, ਬਹੁ ਵਚਨ ਪੜਨਾਂਵ)।, ਨਦਰਿ ਕਰਮੁ-(‘ਰੱਬ’ ਦੀ ਦਿਆਲੂ) ਦ੍ਰਿਸ਼ਟੀ ਵਾਲ਼ਾ ਪ੍ਰਸਾਦ ਜਾਂ ਮਿਹਰ (‘ਨਦਰਿ’-ਇਸਤ੍ਰੀ ਲਿੰਗ ਨਾਂਵ ਤੇ ‘ਕਰਮੁ’ ਪੁਲਿੰਗ ਨਾਂਵ)।, ਕਾਰ-ਕਮਾਈ, ਘਾਲਣਾ (ਇਸਤ੍ਰੀ ਲਿੰਗ ਨਾਂਵ)।, ਨਦਰੀ-ਦਿਆਲੂ ਦ੍ਰਿਸ਼ਟੀ ਦਾ ਸਰੋਤ ‘ਰੱਬ’ (ਨਾਂਵ)।, ਨਿਹਾਲ-ਖ਼ੁਸ਼ਹਾਲ, ਮਾਲਾਮਾਲ (ਵਿਸ਼ੇਸ਼ਣ)।
((ਨੋਟ : ‘ਜਪੁ’ ਪਉੜੀ 34 ਤੋਂ 37 ਦੌਰਾਨ ਰੂਹਾਨੀਅਤ ਪੜਾਅ ਦੀ ਵਿਆਖਿਆ ਪੂਰੀ ਹੋ ਚੁੱਕੀ ਹੈ ਤੇ ਇਸ 38ਵੀਂ ਪਉੜੀ, ਜੋ ਕਿ ‘ਜਪੁ’ ਦੀ ਅੰਤਮ ਪਉੜੀ ਵੀ ਹੈ, ਵਿੱਚ ਮਨੁੱਖਾ ਜੀਵਨ ਦੀ ਘਾੜਤ ਲਈ ‘ਸੋਨੇ’ ਨੂੰ ਮਿਸਾਲ ਵਜੋਂ ਵਰਤਿਆ ਗਿਆ ਹੈ ਕਿਉਂਕਿ ਮਨੁੱਖੀ ਭਟਕਣਾ ਵਾਙ ਅਸ਼ੁੱਧ ਸੋਨਾ ਵੀ ਗਰਮ ਕੁਠਾਲੀ ’ਚ ਪਾਇਆ ਉਛਲਦਾ-ਕੁੱਦਦਾ ਹੈ, ਜੋ ਪੂਰਨ ਸ਼ੁੱਧਤਾ ਉਪਰੰਤ ਹੀ ਸ਼ਾਂਤ ਹੁੰਦਾ ਹੈ; ਪਾਵਨ ਬਚਨ ਹਨ, ‘‘ਜਿਉ ਕਨਿਕੋ (ਸੋਨਾ) ਕੋਠਾਰੀ ਚੜਿਓ; ਕਬਰੋ ਹੋਤ ਫਿਰੋ (ਕਮਲ਼ਾ ਹੋਇਆ ਫਿਰਦਾ)॥ ਜਬ ਤੇ ਸੁਧ ਭਏ ਹੈ ਬਾਰਹਿ (12 ਵੰਨੀਂ ਦਾ); ਤਬ ਤੇ ਥਾਨ ਥਿਰੋ (ਸ਼ਾਂਤੀ ਮਿਲੀ) ॥’’ ਮਹਲਾ ੫/੧੨੦੩)
ਇਸ ਪਉੜੀ ਦੇ ਵਿਸ਼ੇ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰ ਹੈ ਕਿ ਜਿਵੇਂ ‘ਸੋਨੇ’ ਦੀ ਘਾੜਤ ਲਈ ‘ਪਾਹਾਰਾ, ਸੁਨਿਆਰੁ, ਅਹਰਣਿ, ਹਥੀਆਰੁ, ਖਲਾ, ਅਗਨਿ, ਭਾਂਡਾ (ਕੁਠਾਲੀ)’ ਆਦਿ ਵਸਤੂਆਂ ਅਤਿ ਜ਼ਰੂਰੀ ਹਨ, ਉਸੇ ਤਰ੍ਹਾਂ ‘ਅੰਤਹਿਕਰਣ’ (‘‘ਸੁਰਤਿ, ਮਤਿ, ਮਨਿ, ਬੁਧਿ’’) ਦੀ ਘਾੜਤ ਲਈ ‘ਜਤੁ’ (ਸੰਜਮ), ‘ਧੀਰਜੁ’ (ਸਬਰ), ‘ਮਤਿ’ (ਮਮਤਾ), ‘ਵੇਦੁ’ (ਗੁਰੂ ਗਿਆਨ), ‘ਭਉ’ (ਰੱਬੀ ਡਰ-ਅਦਬ), ‘ਤਪ ਤਾਉ’ (ਮਸ਼ੱਕਤ, ਸੰਘਰਸ਼, ਹਿੰਮਤ), ‘ਭਾਉ’ (ਪ੍ਰੇਮ ਭਾਵਨਾ) ਆਦਿ ਹਥਿਆਰ ਵੀ ਲਾਜਮੀ ਹਨ, ਇਸ ਲਈ ਇਨ੍ਹਾਂ ਹਥਿਆਰਾਂ ਤੇ ਉਕਤ ਵਸਤੂਆਂ ਦੀ ਸੰਯੁਕਤ ਕਿਰਿਆ ਰਾਹੀਂ ਨਿਵੇਕਲੀ ਯੁਕਤੀ ਨੂੰ ਰੂਪਮਾਨ ਕੀਤਾ ਗਿਆ ਹੈ।
ਉਕਤ ‘ਸ਼ਸਤਰਾਂ’ ਤੇ ‘ਵਸਤੂਆਂ’ ਦਾ ਸੁਮੇਲ ਬੜਾ ਲਾਜਵਾਬ ਹੈ; ਜਿਵੇਂ ਕਿ: ‘ਜਤੁ’ ਤੇ ‘ਪਾਹਾਰਾ’ ਸੰਜਮ ਹੈ, ਸਥਿਰਤਾ ਹੈ, ‘ਧੀਰਜੁ’ ਤੇ (ਅਥਾਹ ਧਨ-ਦੌਲਤ ਦਾ ਮਾਲਕ) ‘ਸੁਨਿਆਰੁ’ ਸਬਰ ਦਾ ਸੰਕੇਤ ਹੈ, ‘ਅਹਰਣਿ’ ਤੇ ‘ਮਤਿ’ ਦੀ ਅਡੋਲਤਾ ਜ਼ਰੂਰੀ ਹੈ, ਚੋਟ ਮਾਰਨ ਵਾਲ਼ਾ ਹਥੌੜਾ (ਹਥਿਆਰੁ) ਅਗਰ ਕਿਸੇ ਵਸਤੂ ’ਤੇ ਨਾ ਲੱਗੇ ਤਾਂ ਉਹ ਵਾਰ ਅਜਾਈਂ ਚਲਾ ਜਾਂਦਾ ਹੈ ਤੇ ਗੁਰੂ ਗਿਆਨ (ਵੇਦੁ) ਦਾ ਤੀਰ ਅਜਾਈਂ ਗਿਆ ਵੀ ਬੰਦੇ ਲਈ ਗੁਣਕਾਰੀ ਨਹੀਂ: ‘‘ਅੰਧੇ ਏਕ ਨ ਲਾਗਈ; ਜਿਉ ਬਾਂਸੁ ਬਜਾਈਐ ਫੂਕ ॥’’ (ਭਗਤ ਕਬੀਰ/੧੩੭੨), ਰੱਬੀ ਡਰ (ਭਉ) ਤੇ ਮੂਏ ਪਸ਼ੂ ਦੀ ਖੱਲ (ਖਲਾ) ਮੌਤ ਦਾ ਦ੍ਰਿਸ਼ਟਾਂਤ ਬੇਮਿਸਾਲ ਸੁਮੇਲ ਹੈ, ਅੱਗ (ਅਗਨਿ) ਤੇ ਮਿਹਨਤ (ਤਪ ਤਾਉ) ਦਾ ਪਸੀਨਾ ਬਰਾਬਰ ਵਗਦਾ ਹੈ, ਸੋਨੇ ਲਈ ਕੁਠਾਲੀ (ਭਾਂਡਾ) ਤੇ ਹਿਰਦੇ ਲਈ ਪ੍ਰੇਮ (ਭਾਉ) ਢੁੱਕਵੀਂ ਉਦਾਹਰਣ ਹੈ, ਆਦਿ।)
‘‘ਜਤੁ ਪਾਹਾਰਾ; ਧੀਰਜੁ ਸੁਨਿਆਰੁ ॥ ਅਹਰਣਿ ਮਤਿ; ਵੇਦੁ ਹਥੀਆਰੁ ॥’’-ਇਸ ਪੰਕਤੀ ’ਚ ਦਰਜ ‘ਜਤੁ’ ਸ਼ਬਦ ਗੁਰਬਾਣੀ ’ਚ 22 ਵਾਰ ਦਰਜ ਹੈ ਤੇ ਇਸ ਦਾ ਅਰਥ ਹੈ: ‘ਸੰਜਮ ਜਾਂ ਉੱਚਾ ਆਚਰਣ’, ਇਸ ਦੀ ਬੁਨਿਆਦ ਮਨ ਦੀ ਸਥਿਰਤਾ, ਸ਼ਾਂਤੀ ਜਾਂ ਅਡੋਲਤਾ ’ਤੇ ਖੜੀ ਹੁੰਦੀ ਹੈ; ਜਿਵੇਂ: ‘‘ਘੋੜਾ ਕੀਤੋ ‘ਸਹਜ’ ਦਾ, ‘ਜਤੁ’ ਕੀਓ ਪਲਾਣੁ (ਕਾਠੀ)॥’’ (ਬਲਵੰਡ ਸਤਾ/੯੬੮) ਭਾਵ ਅਡੋਲਤਾ ਰੂਪ ਘੋੜੇ ’ਤੇ ਕਾਠੀ ‘ਸੰਜਮ’ ਪਾਈ ਹੈ ਜਾਂ ਪਾਈ ਜਾ ਸਕਦੀ ਹੈ।
‘ਪਾਹਾਰਾ’-ਇਹ ਸ਼ਬਦ ਗੁਰਬਾਣੀ ’ਚ ਸੰਬੰਧਿਤ ਪੰਕਤੀ ਤੋਂ ਇਲਾਵਾ ਇੱਕ ਵਾਰ ਹੋਰ ਦਰਜ ਹੈ ਤੇ ਇਸ ਦਾ ਰੂਪਾਂਤ੍ਰਿਤ (ਬਦਲਿਆ) ਰੂਪ ‘ਪਹਾਰਾ’ ਵੀ 2 ਵਾਰ ਦਰਜ ਹੈ, ਜਿਨ੍ਹਾਂ ਦਾ ਅਰਥ ਹੈ: ‘ਸੰਸਾਰ ਵਿੱਚ’; ਜਿਵੇਂ:
(1). ‘‘ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥ ਪ੍ਰਗਟ ‘ਪਹਾਰਾ’ (ਸੰਸਾਰ ’ਚ) ਜਾਪਦਾ; ਸਭਿ ਲੋਕ ਸੁਣੰਦੇ ॥’’ (ਮ: ੪/੩੦੬)
(2). ‘‘ਜਿਸੁ ਨਾਮੁ ਰਿਦੈ; ਤਿਸੁ (ਨੂੰ ਲੱਗਦਾ ਕਿ ਰੱਬ) ਪ੍ਰਗਟਿ ‘ਪਹਾਰਾ’ (ਸੰਸਾਰ ’ਚ) ॥’’ (ਮ: ੫/੧੧੫੬)
(3). ‘‘ਨਿੰਦਾ ਕਹਾ ਕਰਹੁ ? ਸੰਸਾਰਾ ! ॥ ਨਿੰਦਕ ਕਾ (ਭੇਤ) ਪਰਗਟਿ ‘ਪਾਹਾਰਾ’ (ਸੰਸਾਰ ’ਚ ਹੋ ਜਾਂਦਾ) ॥’’ (ਭਗਤ ਰਵਿਦਾਸ/੮੭੫)
ਉਕਤ ਵਿਚਾਰ ਤੋਂ ਸਪੱਸ਼ਟ ਹੈ ਕਿ ‘ਪਾਹਾਰਾ’ ਸ਼ਬਦ ਦਾ ਅਰਥ ‘ਪ੍ਰਹਾਰ ਕਰਨ ਵਾਲ਼ੀ ਜਗ੍ਹਾਂ ਜਾਂ ਦੁਕਾਨ’ ਕੇਵਲ ਸੰਬੰਧਿਤ ਪੰਕਤੀ ’ਚ ਹੀ ਦਰੁਸਤ ਜਾਪਦਾ ਹੈ ਕਿਉਂਕਿ ਪਉੜੀ ਤਰਤੀਬ ਅਨੁਸਾਰ ਵਿਸ਼ਾ ‘ਸੁਨਿਆਰੁ’ ਬਾਬਤ ਚੱਲ ਰਿਹਾ ਹੈ, ਨਾ ਕਿ ਸੰਸਾਰ ਦੇ ਸੰਬੰਧ ’ਚ।
‘ਅਹਰਣਿ’-ਇਹ ਸ਼ਬਦ ਵੀ ਸੰਬੰਧਿਤ ਪੰਕਤੀ ਤੋਂ ਇਲਾਵਾ ਕੇਵਲ ਇੱਕ ਵਾਰ ਹੋਰ ਦਰਜ ਹੈ; ਜਿਵੇਂ:
‘‘ਹਸਤੀ ਸਿਰਿ ਜਿਉ ਅੰਕਸੁ ਹੈ; ‘ਅਹਰਣਿ’ ਜਿਉ ਸਿਰੁ ਦੇਇ ॥’’ (ਮ: ੩/੬੪੭)
‘ਵੇਦੁ’-ਇਹ ਸ਼ਬਦ ਗੁਰਬਾਣੀ ’ਚ 9 ਵਾਰ ਦਰਜ ਹੈ, ਜਿਸ ਦਾ 8 ਵਾਰ ਅਰਥ: ‘ਹਿੰਦੂ ਧਾਰਮਿਕ ਗ੍ਰੰਥ ਵੇਦ’ ਨਾਲ ਸੰਬੰਧਿਤ ਹੈ; ਜਿਵੇਂ:
‘ਵੇਦੁ’ ਪੜਹਿ; ਹਰਿ ਰਸੁ ਨਹੀ ਆਇਆ ॥ (ਮ: ੩/੧੨੮)
ਬਾਣੀ ਬ੍ਰਹਮਾ ‘ਵੇਦੁ’ ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥ (ਮ: ੪/੭੭੩)
ਸਾਮ ‘ਵੇਦੁ’; ਰਿਗੁ, ਜੁਜਰੁ, ਅਥਰਬਣੁ ॥ ਬ੍ਰਹਮੇ ਮੁਖਿ, ਮਾਇਆ ਹੈ ਤ੍ਰੈ ਗੁਣ ॥ (ਮ: ੧/੧੦੩੮) ਆਦਿ, ਪਰ ਕੇਵਲ ਸੰਬੰਧਿਤ ਪੰਕਤੀ ’ਚ ਦਰਜ ‘ਵੇਦੁ’ ਦਾ ਅਰਥ: ‘ਗੁਰੂ ਗਿਆਨ’ ਹੈ।
ਜਤੁ ਪਾਹਾਰਾ, ਧੀਰਜੁ ਸੁਨਿਆਰੁ॥ ਅਹਰਣਿ ਮਤਿ, ਵੇਦੁ ਹਥੀਆਰੁ॥
ਭਾਵ- ਆਦਰਸ਼ ਕਿਰਦਾਰ ਦੁਕਾਨ ਹੋਵੇ, ਜਿਸ ’ਚ ਬੈਠਾ ਸਬਰ; ਸੁਨਿਆਰਾ ਹੋਵੇ, ਅਹਿਰਣ (ਵਾਙ ਸਥਿਰ ਭਾਵ ਤਰਕਹੀਣ) ਮਤਿ ਹੋਵੇ ਤਾਂ ਗੁਰੂ ਗਿਆਨ ਰੂਪ ਹਥੌੜਾ (ਉਸ ਸਥਿਰ ਮਤਿ ਨੂੰ) ਵਿੰਨ੍ਹ ਸਕਦਾ ਹੈ ਭਾਵ ਅਡੋਲ ਮਤ ’ਤੇ ਸ਼ਬਦ-ਹਥੋੜੇ ਦੀ ਚੋਟ (ਰਗੜ) ਨਾਲ਼ ਸਬਰ-ਸੰਤੋਖ ਜਨਮ ਲੈਂਦਾ ਹੈ, ਜੋ ਬਾਹਰ ਆਦਰਸ਼ ਜੀਵਨ ਪੇਸ਼ ਕਰਦਾ ਹੈ।
(ਨੋਟ : ਤਰਕਵਿਤਰਕ ਸੋਚ ਨੂੰ ਗੁਰੂ ਸ਼ਬਦ-ਤੀਰ ਛੇਦ ਨਹੀਂ ਸਕਦਾ, ਜਿਸ ਕਾਰਨ ਕਠੋਰਤਾ ਬਣੀ ਰਹਿੰਦੀ ਹੈ। ਕਬੀਰ ਜੀ ਅਨੁਸਾਰ ‘‘ਬਾਨਾਰਸਿ ਕੇ ਠਗ ॥’’ (੪੭੬) ਕਿੰਤੂ-ਪਰੰਤੂ ’ਚ ਮਾਹਰ ਸਨ, ਜਿਨ੍ਹਾਂ ਬਾਰੇ ‘‘ਅੰਧੇ ਏਕ ਨ ਲਾਗਈ; ਜਿਉ ਬਾਂਸੁ ਬਜਾਈਐ ਫੂਕ ॥’’ (ਭਗਤ ਕਬੀਰ/੧੩੭੨) ਵਚਨ ਉਚਾਰੇ ਗਏ ਹਨ।
ਅਜਿਹੇ ਹਾਲਾਤਾਂ ’ਚ ਸੱਚਾ ਗੁਰੂ ਕੀ ਕਰੇ ? ਇਸ ਦਾ ਜਵਾਬ ਹੈ, ‘ਅਹਿਰਣ ਵਾਙ ਸਥਿਰ ਮਤਿ’ ਹੋਵੇ ਤਾਂ ਸ਼ਬਦ ਤੀਰ ਵਿੰਨ੍ਹ ਸਕਦਾ ਹੈ, ‘‘ਕਬੀਰ ! ਸਾਚਾ ਸਤਿਗੁਰੁ ਮੈ ਮਿਲਿਆ; ਸਬਦ ਜੁ ਬਾਹਿਆ ਏਕੁ॥ ਲਾਗਤ ਹੀ ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ॥’’ ੧੩੭੨)
‘‘ਭਉ ਖਲਾ; ਅਗਨਿ ਤਪ ਤਾਉ ॥ ਭਾਂਡਾ ਭਾਉ; ਅੰਮ੍ਰਿਤੁ, ਤਿਤੁ ਢਾਲਿ ॥’’-ਇਸ ਪੰਕਤੀ ’ਚ ਦਰਜ ‘ਖਲਾ’ ਸ਼ਬਦ; ਗੁਰਬਾਣੀ ’ਚ ਦੁਬਾਰਾ 2 ਵਾਰ ਕੇਵਲ ਗੁਰੂ ਰਾਮਦਾਸ ਜੀ ਨੇ ਹੀ ਦਰਜ ਕੀਤਾ ਹੈ, ਜਿਨ੍ਹਾਂ ਦਾ ਅਰਥ, ਪਸ਼ੂ ਦੀ ਚਮੜੀ ਨਹੀਂ ਬਲਕਿ: ‘ਮੂਰਖ’ (ਨਾਂਵ) ਤੇ ‘ਖੜ੍ਹਾ’ (ਕਿਰਿਆ) ਹੈ; ਜਿਵੇਂ:
(1). ਜੋਰਾ (ਔਰਤਾਂ) ਦਾ ਆਖਿਆ ਪੁਰਖ ਕਮਾਵਦੇ; ਸੇ ਅਪਵਿਤ ਅਮੇਧ ‘ਖਲਾ’ (ਬੁੱਧਿ ਰਹਿਤ ਮੂਰਖ) ॥ (ਮ: ੪/੩੦੪)
(2). ਓਸ ਦੈ ਆਖਿਐ, ਕੋਈ ਨ ਲਗੈ; ਨਿਤ ਓਜਾੜੀ ਪੂਕਾਰੇ ‘ਖਲਾ’ (ਖੜ੍ਹਾ)॥ (ਮ: ੪/੩੦੮)
ਉਕਤ ਕੀਤੀ ਗਈ ਵਿਚਾਰ ਉਪਰੰਤ ਗੁਰਬਾਣੀ ’ਚ ‘ਖਲਾ’ ਸ਼ਬਦ ਦਾ ਅਰਥ, ਸੰਬੰਧਿਤ ਪੰਕਤੀ ਤੋਂ ਇਲਾਵਾ ਦੂਸਰੀ ਜਗ੍ਹਾ ਪਸ਼ੂ ਦੀ ਚਮੜੀ ਜਾਂ ‘ਖੱਲ’ ਨਹੀਂ ਮਿਲਦਾ।
‘ਅੰਮ੍ਰਿਤੁ’-ਇਹ ਸ਼ਬਦ ਗੁਰਬਾਣੀ ’ਚ ਕਾਵਿ ਤੋਲ ਜਾਂ ਵਿਆਕਰਨ ਨਿਯਮਾਂ ਨੂੰ ਮੁੱਖ ਰੱਖਦਿਆਂ 10 ਰੂਪਾਂ ’ਚ ਕੁੱਲ 760 ਵਾਰ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ ਕਿ: ‘ਅੰਮ੍ਰਿਤੁ’ (351 ਵਾਰ), ‘ਅਮਰਤੁ’ (1 ਵਾਰ), ‘ਅੰਮ੍ਰਿਤ’ (382 ਵਾਰ), ‘ਅੰਮ੍ਰਿਤੰ’ (1 ਵਾਰ), ‘ਅੰਮ੍ਰਿਤਿ’ (17 ਵਾਰ), ‘ਅੰਮ੍ਰਿਤਹ’ (1 ਵਾਰ), ‘ਅੰਮ੍ਰਿਤਾ’ (4 ਵਾਰ), ‘ਅੰਮ੍ਰਿਤੁੋ’ (1 ਵਾਰ), ‘ਅੰਮ੍ਰਿਤੋ’ (1 ਵਾਰ) ਅਤੇ ‘ਅੰਮ੍ਰੇਤ’ (1 ਵਾਰ); ਇਨ੍ਹਾਂ ਸ਼ਬਦਾਂ ਦਾ ਆਮ ਤੌਰ ’ਤੇ ਅਰਥ ਹੈ: ‘ਅਮਰ ਕਰ ਦੇਣਾ ਵਾਲ਼ਾ ਰੱਬੀ ਨਾਮ’ ਪਰ 6 ਵਾਰ ‘ਅੰਮ੍ਰਿਤ’ ਦਾ ਅਰਥ ਹੈ: 36 ਪ੍ਰਕਾਰ ਦੇ ਭੋਜਨ; ਜਿਵੇਂ:
‘ਛਤੀਹ ਅੰਮ੍ਰਿਤ’ ਭਾਉ ਏਕੁ; ਜਾ ਕਉ ਨਦਰਿ ਕਰੇਇ ॥ (ਮ: ੧/੧੬)
ਜਿਹ ਪ੍ਰਸਾਦਿ; ‘ਛਤੀਹ ਅੰਮ੍ਰਿਤ’ ਖਾਹਿ ॥ (ਮ: ੫/੨੬੯)
‘ਛਤੀਹ ਅੰਮ੍ਰਿਤ’ ਪਰਕਾਰ ਕਰਹਿ; ਬਹੁ ਮੈਲੁ ਵਧਾਈ ॥ (ਮ: ੪/੧੨੪੬) ਆਦਿ ਅਤੇ ਇੱਕ ਵਾਰ ‘ਅੰਮ੍ਰਿਤ’ ਦਾ ਅਰਥ ਹੈ: ‘ਦੁੱਧ’, ਜਿਸ ਨੂੰ ਭੋਜਨ ਦਾ ਭਾਗ ਹੀ ਮੰਨਿਆ ਜਾ ਸਕਦਾ ਹੈ; ਜਿਵੇਂ
ਸੁੋਇਨ ਕਟੋਰੀ; ਅੰਮ੍ਰਿਤ (ਦੁੱਧ ਨਾਲ) ਭਰੀ ॥ ਲੈ (ਕੇ) ਨਾਮੈ (ਨੇ), ਹਰਿ ਆਗੈ ਧਰੀ ॥ (ਭਗਤ ਨਾਮਦੇਵ/੧੧੬੩) ਆਦਿ।
‘ਤਿਤੁ’- ਇਹ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ ਸ਼ਬਦ ਹਮੇਸਾਂ ਅੰਤ ਔਂਕੜ ‘ਤੁ’ ਹੁੰਦਾ ਹੈ ਤੇ ਅਰਥ ਹੈ: ‘ਇਸ ਵਿੱਚ’ ਜਾਂ ‘ਇਸ ਉੱਤੇ’ (ਅਧਿਕਰਣ ਕਾਰਕ); ਜਿਵੇਂ 138 ਵਾਰ:
‘ਤਿਤੁ ਸਰਵਰੜੈ’ (ਉਸ ‘ਭਿਅੰਕਰ ਸਰੋਵਰ’ ਵਿੱਚ) ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥ (ਮ: ੧/੧੨)
‘ਤਿਤੁ ਘਰਿ’ (ਉਸ ‘ਘਰ’ ਵਿੱਚ) ਗਾਵਹੁ ਸੋਹਿਲਾ; ਸਿਵਰਿਹੁ ਸਿਰਜਣਹਾਰੋ ॥ (ਮ: ੧/੧੨)
ਸਰਬ ਕਲਿਆਣਾ ‘ਤਿਤੁ ਦਿਨਿ’ (ਉਸ ‘ਦਿਨ’ ਵਿੱਚ); ਹਰਿ ਪਰਸੀ ਗੁਰ ਕੇ ਪਾਉ ॥ (ਮ: ੫/੧੩੭)
ਗੁਰੁ ਸਾਗਰੋ, ਰਤਨਾਗਰੁ; ‘ਤਿਤੁ’ (ਉਸ ‘ਗੁਰੂ’ ਵਿੱਚ) ਰਤਨ ਘਣੇਰੇ ਰਾਮ ॥ (ਮ: ੧/੪੩੬)
ਪਾਪੀ ਸਿਉ ਤਨੁ ਗਡਿਆ; ਥੁਕਾ ਪਈਆ ‘ਤਿਤੁ’ (ਉਸ ‘ਮੂੰਹ’ ਉੱਤੇ)॥ (ਮ: ੧/੪੭੩) ਆਦਿ।
ਭਉ ਖਲਾ; ਅਗਨਿ ਤਪ ਤਾਉ॥ ਭਾਂਡਾ ਭਾਉ; ਅੰਮ੍ਰਿਤੁ, ਤਿਤੁ ਢਾਲਿ॥ ਉਚਾਰਨ : ਖੱਲਾ।
ਭਾਵ- ਰੱਬੀ ਡਰ-ਅਦਬ ਧੌਂਕਣੀ ਹੋਵੇ, ਹੱਕ ਹਲਾਲ (ਮਸ਼ੱਕਤ) ਅੱਗ ਹੋਵੇ, ਪ੍ਰੇਮ ਭਾਵਨਾ ਕੁਠਾਲੀ ਹੋਵੇ, (ਗੁਣਾਂ ਦੇ) ਇਸ (ਸੰਗ੍ਰਹਿ) ਵਿੱਚ ਅਮਰ ਕਰ ਦੇਣ ਵਾਲ਼ੇ ਰੱਬੀ ਨਾਮ ਨੂੰ ਤਰਲ ਕਰ (ਪਿਘਲ਼ਾ, ਇੱਕ-ਮਿੱਕ ਕਰ, ਨਿਰੰਤਰ ਜਪ ਕਿਉਂਕਿ ‘‘ਏਤੁ ਰਾਹਿ ਪਤਿ ਪਵੜੀਆ; ਚੜੀਐ ਹੋਇ ਇਕੀਸ ॥’’ ਭਾਵ ਰੱਬੀ ਡਰ; ਹੱਕ ਪਰਾਇਆ ਮਾਰਨ ਤੋਂ ਜੀਵਨ ਨੂੰ ਮੋੜ ਕੇ ਮਿਹਨਤ (ਹੱਕ ਹਲਾਲ) ਕਰਨ ਲਈ ਮਜਬੂਰ ਕਰਦਾ ਹੈ, ਅਜਿਹੀ ਕਮਾਈ ਉਪਰੰਤ ਪਰਉਪਕਾਰਤਾ ਕਰ ਪਿਆਰ ਫੈਲਦਾ ਹੈ, ਪਰ ਜੀਵਨ ਦੀ ਅਜਿਹੀ ਬੁਨਿਆਦ, ਰੱਬੀ ਅੰਮ੍ਰਿਤ-ਨਾਮ ਨੂੰ ਜਪਣ ਨਾਲ਼ ਬੱਝਦੀ ਹੈ)।
‘‘ਘੜੀਐ ਸਬਦੁ; ਸਚੀ ਟਕਸਾਲ ॥’’-ਗੁਰਬਾਣੀ ’ਚ ‘ਟਕਸਾਲ’ (2 ਵਾਰ), ‘ਟਕਸਾਲੀ’ (1 ਵਾਰ), ‘ਟਕਸਾਲਾ’ (1 ਵਾਰ)’ ਸ਼ਬਦ ਗੁਰੂ ਨਾਨਕ ਸਾਹਿਬ ਤੇ ਗੁਰੂ ਰਾਮਦਾਸ ਜੀ ਦੁਆਰਾ ਦਰਜ ਕੀਤੇ ਗਏ ਹਨ, ਜਿਨ੍ਹਾਂ ਦਾ ਅਰਥ ਹੈ: ‘ਸਿੱਕੇ ਢਾਲਣ ਵਾਲ਼ੀ ਥਾਂ’; ਜਿਵੇਂ
(1). ਹਰਿ ਗੁਰਮੁਖਿ; ਘੜਿ ‘ਟਕਸਾਲ’ ॥ ਹਰਿ ਹੋ, ਹੋ! ਕਿਰਪਾਲ ॥ (ਮ: ੪/੧੨੯੬)
(2). ਸਗਲ ਭਵਣ ਕੀ ਮੂਰਤਿ ਏਕਾ; ਮੁਖਿ ਤੇਰੈ ‘ਟਕਸਾਲਾ’ ॥ (ਮ: ੧/੫੯੬)
(3). ਗੁਰਮੁਖਿ ਸੇਵਾ, ਘਾਲ ਜਿਨਿ ਘਾਲੀ ॥ ਤਿਸੁ ਘੜੀਐ ਸਬਦੁ; ‘ਸਚੀ ਟਕਸਾਲੀ’ ॥ (ਮ: ੪/੧੧੩੪) ਭਾਵ ਜਿਸ ਨੇ ਗੁਰ ਦੁਆਰਾ ਦੱਸੀ ਸੇਵਾ ਘਾਲਣਾ ਕੀਤੀ ਉਸ ਦਾ ਕਿਰਦਾਰ (‘ਸਬਦੁ’) ਸੱਚੀ ਟਕਸਾਲ ਵਿੱਚ ਘੜਿਆ ਜਾਂਦਾ ਹੈ।
ਉਕਤ ਨੰਬਰ 3 ’ਤੇ ਦਰਜ, ਗੁਰੂ ਰਾਮਦਾਸ ਜੀ ਦੀ ਦੁਆਰਾ ਉਚਾਰਨ ਕੀਤੀ ਗਈ ਪੰਕਤੀ ‘ਜਪੁ’ ਪਉੜੀ ਨੰਬਰ 38 ਵੀਂ ’ਚ ਦਰਜ ‘ਸਚੀ ਟਕਸਾਲ’ ਦੇ ਅਰਥਾਂ ਨੂੰ ਸਪਸ਼ਟ ਕਰ ਦੇਂਦੀ ਹੈ।
ਘੜੀਐ ਸਬਦੁ, ਸਚੀ ਟਕਸਾਲ॥
ਭਾਵ- (ਉਕਤ ਬਿਆਨੇ ਗਏ ‘ਜਤੁ, ਧੀਰਜੁ, ਮਤਿ, ਵੇਦੁ, ਭਉ, ਤਪ-ਤਾਉ, ਭਾਉ, ਅੰਮ੍ਰਿਤੁ’, ਆਦਿ ਪੈਲ਼ੀ ਉਗਣ ਵਾਲ਼ੀ) ਸੱਚੀ ਟਕਸਾਲ (ਮਨੁੱਖਾ ਦੇਹੀ) ਹੈ, ਜਿੱਥੇ ‘ਸਬਦੁ’ (ਇਨਸਾਨੀਅਤ ਬੋਲ) ਘੜਿਆ ਜਾਂਦਾ ਹੈ (ਭਾਵ ਮਨ ਦਾ ਵਿਕਲਪ, ਦੁਬਿਧਾ, ਸੰਦੇਹ ਮਰ ਜਾਂਦਾ ਹੈ, ‘‘ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ‘ਸਬਦੁ’ (ਵਚਨ), ਸਚੈ (ਨੇ) ਸਵਾਰਿਆ ॥’’ ਰਾਮਕਲੀ ਅਨੰਦ/ਮ: ੩/੯੧੭)
‘‘ਜਿਨ ਕਉ, ਨਦਰਿ ਕਰਮੁ; ਤਿਨ ਕਾਰ ॥ ਨਾਨਕ ! ਨਦਰੀ ਨਦਰਿ ਨਿਹਾਲ ॥’’-ਪਉੜੀ (ਜਾਂ ਵਿਸ਼ੇ) ਦੀ ਸਮਾਪਤੀ ਉਕਤ ਜੀਵਨ ਘਾੜਤ ਲਈ ਮਨੁੱਖਾ ਸੋਚ ਦੇ ਸੰਘਰਸ਼ ਨੂੰ ਮਹੱਤਵ ਨਹੀਂ ਦਿੰਦੀ ਕਿਉਂਕਿ ਗੁਰਮਤਿ ‘‘ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥’’ (ਜਪੁ) ਨੂੰ ਆਧਾਰ ਮੰਨਦੀ ਹੈ ਭਾਵ ‘‘ਸਭੁ ਕਿਛੁ ਕਰਤੇ ਹਥਿ; ਕਾਰਣੁ (ਵਸੀਲਾ) ਜੋ ਕਰੈ ॥’’ (ਮ: ੫/੫੨੩) ਭਾਵ ਮਨੁੱਖ ਦਾ ਸੰਘਰਸ਼ ਇੱਕ ਵਸੀਲਾ ਹੈ, ਜਿਸ ਦੇ ਪਿਛੋਕੜ ’ਚ ਕੋਈ ਹੋਰ (ਭਾਵ ‘ਰੱਬ’) ਸ਼ਕਤੀ ਕਾਰਜਸ਼ੀਲ ਹੈ।
ਜਿਨ ਕਉ, ਨਦਰਿ ਕਰਮੁ; ਤਿਨ ਕਾਰ॥ ਨਾਨਕ! ਨਦਰੀ ਨਦਰਿ ਨਿਹਾਲ॥ ੩੮॥
ਭਾਵ- ਹੇ ਨਾਨਕ ! ਜਿਨ੍ਹਾਂ ਲਈ (ਰੱਬ ਦਿਆਲੂ) ਦ੍ਰਿਸ਼ਟੀ ਵਾਲ਼ਾ ਪ੍ਰਸਾਦ (ਬਖ਼ਸ਼ਸ਼) ਕਰਦਾ ਹੈ, ਉਹੀ ਮਿਹਰਬਾਨ ਦੀ ਮਿਹਰ ਦ੍ਰਿਸ਼ਟੀ ਨਾਲ਼ (ਅਜਿਹੀ) ਕਾਰ-ਵਿਹਾਰ ਕਰ (ਉਕਤ ਟੀਚੇ ਨੂੰ ਸਰ/ਫ਼ਤਿਹ ਕਰ) ਪ੍ਰਸੰਨ ਹੁੰਦੇ ਹਨ।
(ਨੋਟ : ਗੁਰਬਾਣੀ ’ਚ ਕਿਸੇ ਇੱਕ ਵਿਸ਼ੇ ਦੇ ਦੋ ਪੱਖਾਂ (ਨਕਾਰਾਤਮਕ ਤੇ ਸਕਾਰਾਤਮਕ) ਦੁਆਰਾ ਕੀਤੀ ਜਾਂਦੀ ਵਿਆਖਿਆ ਦਾ ਤੱਤ-ਸਾਰ, ਹਰ ਸ਼ਬਦ ਦੀ ਸਮਾਪਤੀ ’ਚ ਰੱਬੀ ਮਿਹਰ ’ਤੇ ਨਿਰਭਰ ਹੁੰਦਾ, ਦਰਸਾਇਆ ਜਾਂਦਾ ਹੈ ਭਾਵ ਨਕਾਰਾਤਮਕ ਤੇ ਸਕਾਰਾਤਮਕ ਗੁਣ ਪੈਦਾ ਕਰਨਾ, ਰੱਬੀ ਖੇਡ ਹੈ, ਜਿੱਥੇ ਖੇਲ ਦੇ ਮਾਲਕ ਦੀ ਮਿਹਰ ਹੀ ਜੀਵਨ ਦੇ ਬਦਲਾਅ ਲਈ ਅਹਿਮ ਹੁੰਦੀ ਹੈ, ਇਹ ਬਦਲਾਅ ਸ਼ਕਤੀ, ਕਿਸੇ ਜੀਵ ਪਾਸ ਨਹੀਂ, ਇਸ ਵਿਚਾਰ ਦੀ ਪੁਸ਼ਟੀ ਇਹ ਗੁਰੂ ਵਚਨ ਕਰਦੇ ਹਨ, ‘‘ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ, ਨ ਕੋਇ ॥੩੩॥’’ (ਜਪੁ)
ਅਜਿਹੀ ਭਾਵਨਾ ਹੀ ਉਕਤ ਸ਼ਬਦ ਦੀ ਅੰਤਮ ਪੰਕਤੀ ਅਤੇ ‘ਜਪੁ’ ਵਿਸ਼ੇ ਦੀ ਅੰਤਮ ਪਉੜੀ ‘‘ਜਿਨ ਕਉ, ਨਦਰਿ ਕਰਮੁ; ਤਿਨ ਕਾਰ॥ ਨਾਨਕ! ਨਦਰੀ ਨਦਰਿ ਨਿਹਾਲ॥ ੩੮॥’’ ’ਚ ਦਰਜ ਹੈ ਭਾਵ ‘ਰੂਹਾਨੀਅਤ ਸਫ਼ਰ’ ਰੱਬੀ ਮਿਹਰ ਉੱਤੇ ਨਿਰਭਰ ਕਰਦਾ ਹੈ, ਨਾ ਕਿ ਨਿੱਜ ਘਾਲਣਾ ਦੁਆਰਾ ਕਿਉਂਕਿ ਬਖ਼ਸ਼ਸ਼ ਵਿਹੂਣੇ ‘‘ਹੋਰਿ ਕੇਤੇ ਗਾਵਨਿ’’ ਦੇ ਬਾਵਜੂਦ ਵੀ ਅਨੰਦਿਤ ਜੀਵਨ ਨਹੀਂ ਬਤੀਤ ਕਰ ਸਕਦੇ।)