‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 5)

0
1317

ਪਉੜੀ 34 ਤੋਂ ਅੰਤ ਤੱਕ ਅਤੇ ਨਾਨਕ ਸ਼ਬਦ ਦੀ ਵਰਤੋਂ ਦਾ ਨਿਯਮ

(ਨੋਟ : ਅਗਾਂਹ 4 ਪਉੜੀਆਂ; ਮਨੁੱਖੀ ਰੂਹਾਨੀਅਤ ਦੇ 5 ਪੜਾਅ ਬਿਆਨ ਕਰਦੀਆਂ ਹਨ।  ਪਹਿਲੇ 2 ਪੜਾਅ (ਧਰਮਖੰਡ/ਗਿਆਨਖੰਡ) ਬ੍ਰਹਿਮੰਡ ਰਚਨ ਦਾ ਮਨੋਰਥ; ਰੱਬੀ ਆਸ਼ਕ ਨੂੰ ਸਮਝਾਉਂਦੇ ਹਨ, ਜਿੱਥੇ ਇੱਕ ਧਰਤੀ ਨੂੰ ‘ਧਰਮਸ਼ਾਲ’ ਅਤੇ ਅਨੇਕਾਂ ਧਰਤੀਆਂ ਨੂੰ ‘ਕੇਤੀਆਂ ਕਰਮ ਭੂਮੀ/ਅਣਗਿਣਤ ਧਰਮਸ਼ਾਲਾਂ’ ਭਾਵ ਧਰਮ ਕਮਾਉਣ ਦੀ ਜਗ੍ਹਾ, ਕਿਹਾ ਗਿਆ ਹੈ।

ਨਸਲ ਵਿਕਾਸ ਤੇ ਪਦਾਰਥ ਭੋਗਣ ਕਾਰਨ ਅਨੇਕਾਂ ਜੂਨਾਂ ਲਈ ਜੋ ਮਾਤਰ ਧਰਤੀ ਹੈ, ਰੱਬੀ ਆਸ਼ਕ ਲਈ ਉਹ ‘ਧਰਮਸ਼ਾਲ’ ਹੈ, ਜਿੱਥੇ ਬੈਠ ਕੇ ਜਗਤ ਰਚੇਤਾ ਦੀ ਹੋਂਦ ਨੂੰ ਸਵੀਕਾਰਿਆ ਜਾ ਸਕਦਾ ਹੈ, ਅਜਿਹਾ ਬੋਧ ਕਿਸੇ ਹੋਰ ਜੂਨ ਪਾਸ ਨਹੀਂ ਹੁੰਦਾ।

ਇਨ੍ਹਾਂ ਦੋਵੇਂ (ਧਰਮਖੰਡ/ਗਿਆਨਖੰਡ) ਪੜਾਅ ’ਚ ਭਗਤ ਇਹ ਮਹਿਸੂਸ ਕਰਦਾ ਹੈ ਕਿ ‘ਰਾਤਾਂ, ਰੁਤਾਂ, ਹਵਾ, ਪਾਣੀ, ਅੱਗ, ਸੂਰਜ, ਤਾਰੇ’ ਆਦਿ; ‘ਧਰਮਸ਼ਾਲ/ਕੇਤੀਆ ਕਰਮ ਭੂਮੀ’ ਲਈ ਬਣੇ ਹਨ, ਨਾ ਕਿ ਇਨ੍ਹਾਂ ਲਈ ‘ਧਰਮਸ਼ਾਲ ਜਾਂ ਕੇਤੀਆ ਕਰਮ ਭੂਮੀ’ ਕਿਉਂਕਿ ‘ਰੁਤਾਂ, ਰਾਤਾਂ, ਸੂਰਜ, ਤਾਰਿਆਂ’, ਆਦਿ ’ਤੇ ਬੈਠ ਕੇ ਰੱਬੀ ਹੋਂਦ ਨੂੰ ਸਵੀਕਾਰਨਾ ਅਸੰਭਵ ਹੈ।

ਧਰਮਖੰਡ ਤੇ ਗਿਆਨਖੰਡ ’ਚ ਕੇਵਲ ਇੰਨਾ ਕੁ ਹੀ ਅੰਤਰ ਹੈ ਕਿ ਧਰਮਖੰਡ ਦੀਆਂ ‘ਰਾਤਾਂ, ਰੁੱਤਾਂ, ਪਵਣ, ਪਾਣੀ, ਪਤਾਲ, ਸੁਰਗ, ਕ੍ਰਿਸਨ, ਸ਼ਿਵ, ਇੰਦਰ, ਦੇਵੀਆਂ’ ਆਦਿ ਸੀਮਤ ਹਨ ਪਰ ਗਿਆਨਖੰਡ ’ਚ ਜਾ ਕੇ ‘ਕੇਤੀਆ ਕਰਮ ਭੂਮੀ’ ਦੇ ਰੂਪ ’ਚ ਇਹ ਸਭ ਅਣਗਿਣਤ ਹੋ ਜਾਂਦੇ ਹਨ।)

ਰਾਤੀ, ਰੁਤੀ, ਥਿਤੀ, ਵਾਰ ਪਵਣ, ਪਾਣੀ, ਅਗਨੀ, ਪਾਤਾਲ   ਉਚਾਰਨ : ਰਾਤੀਂ, ਰੁੱਤੀਂ, ਥਿਤੀਂ।

(ਕਰਤਾਰ ਨੇ) ਰਾਤਾਂ, ਰੁੱਤਾਂ, ਥਿੱਤਾਂ, ਦਿਨ, ਹਵਾ, ਪਾਣੀ, ਅੱਗ, ਪਾਤਾਲ ਦਾ ਜੋੜ ਰਚਿਆ।

ਤਿਸੁ ਵਿਚਿ; ਧਰਤੀ ਥਾਪਿ ਰਖੀ, ਧਰਮਸਾਲ  ਉਚਾਰਨ : ਧਰਮਸ਼ਾਲ।

ਇਸ (ਸੰਗ੍ਰਹਿ) ਵਿਚਕਾਰ ਧਰਤੀ ਨੂੰ ਧਰਮਸ਼ਾਲ (ਧਰਮ ਕਮਾਉਣ ਦੀ ਜਗ੍ਹਾ/ਰੱਬ ਨੂੰ ਚੇਤੇ ਕਰਨ ਵਾਲ਼ਾ ਸਥਾਨ) ਬਣਾ ਕੇ ਟਿਕਾਇਆ।

ਤਿਸੁ ਵਿਚਿ; ਜੀਅ ਜੁਗਤਿ, ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ

ਇਸ (ਧਰਤੀ) ਵਿੱਚ ਕਈ ਰੰਗਾਂ ਦੇ ਜੀਵ-ਜੰਤ ਕਈ ਯੁਕਤੀਆਂ (ਅੰਡਜ, ਜੇਰਜ, ਸੇਤਜ, ਉਤਭੁਜ ਆਦਿ) ਨਾਲ਼ ਬਣਾਏ, ਇਨ੍ਹਾਂ ਦੇ ਅਨੇਕਾਂ, ਬੇਸ਼ੁਮਾਰ ਨਾਂ (ਭਾਵ ਨਸਲਾਂ/ਜੂਨਾਂ) ਹਨ।

ਕਰਮੀ ਕਰਮੀ, ਹੋਇ ਵੀਚਾਰੁ ਸਚਾ ਆਪਿ, ਸਚਾ ਦਰਬਾਰੁ     ਉਚਾਰਨ : ਸੱਚਾ।

(ਜੀਵਾਂ ਦੁਆਰਾ) ਕੀਤੇ ਜਾਂਦੇ ਕੰਮਾਂ ਦਾ (ਰੱਬੀ ਦਰ ’ਤੇ) ਲੇਖਾ-ਜੋਖ ਹੁੰਦਾ ਹੈ, (ਨਿਆਂਕਾਰ ਰੱਬ) ਆਪ ਵੀ ਸੱਚਾ ਹੈ ਤੇ ਉਸ ਦਾ ਇਨਸਾਫ਼ ਘਰ ਵੀ ਕੁਤਾਹੀ ਰਹਿਤ ਹੈ, ‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਪਕੜੀਐ, ਕਿਸੈ ਥਾਇ ’’ ਮਹਲਾ ੫, ਪੰਨਾ ੪੦੬)।

ਤਿਥੈ ਸੋਹਨਿ; ਪੰਚ ਪਰਵਾਣੁ ਨਦਰੀ ਕਰਮਿ, ਪਵੈ ਨੀਸਾਣੁ   ਉਚਾਰਨ : ਨੀਸ਼ਾਣ।

ਉੱਥੇ ਕਬੂਲਣਯੋਗ ਪੰਚ-ਜਨ ਹੀ ਸ਼ੋਭਦੇ ਹਨ। ਦਇਆ ਸਰੂਪ ਦੀ ਮਿਹਰ ਨਾਲ਼ (ਉਨ੍ਹਾਂ ਦੇ ਗਲ਼) ਪ੍ਰਵਾਨਗੀ ਚਿੰਨ੍ਹ (ਸਿਰੋਪਾ) ਪੈਂਦਾ ਹੈ।

ਕਚ ਪਕਾਈ, ਓਥੈ ਪਾਇ ਨਾਨਕ  !  ਗਇਆ ਜਾਪੈ ਜਾਇ ੩੪      ਉਚਾਰਨ : ਗਇਆਂ।

ਹੇ ਨਾਨਕ  !  ਉੱਥੇ ਕੱਚੇ ਪੱਕੇ (ਕਿਰਦਾਰ) ਦਾ ਮੁੱਲ ਪੈਂਦਾ ਹੈ (ਅਸਲ ਤੱਥ) ਉੱਥੇ ਜਾਣ ’ਤੇ ਹੀ ਸਮਝਿਆ ਜਾਂਦਾ ਹੈ।

(ਨੋਟ : ਇੱਕ ਬੱਚਾ ਭਾਵੇਂ ਕਿ ਪੜ੍ਹ ਲਿਖ ਕੇ ਸਮਾਜ ’ਚ ਇੱਜ਼ਤ ਪਾ ਲਏ ਪਰ ਪਰਵਾਰ ਲਈ ਉਸ ਦੀ ਵਿਦਿਆ ਦਾ ਅਸਲ ਮੁੱਲ ਨੌਕਰੀ ਮਿਲਣ ਉਪਰੰਤ ਪੈਂਦਾ ਹੈ, ਇਸੇ ਤਰ੍ਹਾਂ ਗੁਰਮੁਖ ਦਾ ਜੀਵਨ ਭਾਵੇਂ ਕਿ ਸਮਾਜਿਕ ਪੱਧਰ ’ਤੇ ਅਨੋਖਾ ਹੁੰਦਾ ਹੈ ਪਰ ਅਸਲ ਮੁੱਲ ਰੱਬੀ ਦਰਗਾਹ ’ਚ ਪ੍ਰਵਾਨਗੀ ਉਪਰੰਤ ਪੈਂਦਾ ਹੈ, ਜਿੱਥੇ ਦੋ ਰਸਤਿਆਂ ‘‘ਜਮਿ ਜਮਿ ਮਰੈ; ਮਰੈ ਫਿਰਿ ਜੰਮੈ ’’ (ਮ: ੫, ਪੰਨਾ ੧੦੨੦) ਅਤੇ ‘‘ਨਦੀਆ ਅਤੈ ਵਾਹ, ਪਵਹਿ ਸਮੁੰਦਿ.. ’’ ਵਾਙ ਲੀਨ ਹੋਣਾ ਹੈ, ਕੋਈ ਇੱਕ ਮਿਲਣਾ ਨਿਸ਼ਚਿਤ ਹੈ। ਇਹੀ ਗਿਆਨ ਧਰਮਖੰਡ ਹੈ।)

ਧਰਮਖੰਡ ਕਾ, ਏਹੋ ਧਰਮੁ ਗਿਆਨਖੰਡ ਕਾ, ਆਖਹੁ ਕਰਮੁ

ਧਰਮਖੰਡ ਦਾ ਫ਼ਰਜ਼ ਇਹੋ (ਜੋ ਉਕਤ ਵਿਚਾਰਿਆ) ਹੈ, ਹੁਣ ਗਿਆਨਖੰਡ ਦਾ ਫ਼ਰਜ਼ ਆਖਹੁ (ਆਖਉਂ) ਆਖਦਾ ਹਾਂ।

ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ     ਉਚਾਰਨ : ਕਾਨ੍, ਮਹੇਸ਼।

(ਗਿਆਨਖੰਡ ’ਚ) ਕਿੰਨੇ ਹੀ (ਪ੍ਰਕਾਰ ਦੀ) ਹਵਾ, ਕਿੰਨੇ ਪਾਣੀ (ਸਮੁੰਦਰ), ਕਿੰਨੀਆਂ ਅਗਨੀਆਂ, ਕਿੰਨੇ ਕ੍ਰਿਸ਼ਨ, ਕਿੰਨੇ ਸ਼ਿਵ, ਇਤਿਆਦਿਕ ਹਨ।

ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ, ਕੇ ਵੇਸ      ਉਚਾਰਨ : ਬਰ੍ਹਮੇ, ਘੜੀਅਹਿਂ।

ਕਿੰਨੇ ਬ੍ਰਹਮਾ-ਕਿਰਦਾਰ ਘੜ੍ਹੇ ਜਾਂਦੇ ਹਨ, ਕਿੰਨੇ ਰੂਪ-ਰੰਗ, ਕਿੰਨੇ ਹੀ ਪਹਿਰਾਵੇ (ਨਸਲਾਂ, ਜੂਨਾਂ) ਹਨ।

ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ     ਉਚਾਰਨ : ਕੇਤੀਆਂ, ਉਪਦੇਸ਼।

ਕਿੰਨੀਆਂ ਧਰਮ ਕਮਾਉਣ ਯੋਗ ਧਰਤੀਆਂ (ਧਰਮਸ਼ਾਲਾਂ ਹਨ, ਜਿਨ੍ਹਾਂ ’ਤੇ) ਕਿੰਨੇ ਸੁਮੇਰ (ਪਰਬਤ) ਹਨ, ਕਿੰਨੇ ਧਰੂ ਭਗਤ (ਤੇ ਉਨ੍ਹਾਂ ਲਈ ਉਪਦੇਸ਼ਕ ਕੇਵਲ 7 ਰਿਸ਼ੀ ਨਹੀਂ ਬਲਕਿ) ਕਿੰਨੇ ਹੀ ਉਪਦੇਸ਼ਕ-ਰਿਸ਼ੀ ਹਨ।

(ਨੋਟ : ਭਾਗਵਤ ਤੇ ਵਿਸਨੁ ਪੁਰਾਣ ’ਚ ਕਥਾ ਹੈ ਕਿ ਜਦ ਰਾਜਾ ਉੱਤਾਨਪਾਦ ਦੀ ਪਹਿਲੀ ਰਾਣੀ ਸੁਨੀਤਿ ਦੇ ਪੁੱਤਰ ਧਰੂ ਭਗਤ ਨੇ ਆਪਣੇ ਪਿਤਾ ਦਾ ਝੁਕਾਅ ਦੂਸਰੀ ਪਤਨੀ ਦੀ ਔਲਾਦ ਵੱਲ ਵੇਖ ਆਪਣਾ ਨਿਰਾਦਰ ਹੁੰਦਾ ਵੇਖਿਆ ਤਾਂ ਉਸ ਦੀ ਮਾਤਾ ਨੇ ਆਪਣੇ ਬੱਚੇ ਨੂੰ ਅਜਿਹੇ ਮਾਲਕ ਦੀ ਬੰਦਗੀ ਕਰਨ ਲਈ ਕਿਹਾ ਜਿਸ ਉਪਰੰਤ ਧਰੂ ਸਦੀਆਂ ਤੱਕ ਰਾਜ ਕਰੇ ਤਾਂ ਉਹ ਮਾਤਾ ਦੇ ਕਹੇ ਮੁਤਾਬਕ ਰੱਬੀ ਭਗਤੀ ਕਰਨ ਲਈ ਰਾਜ ਦਰਬਾਰ ਛੱਡ ਜੰਗਲ਼ ਨੂੰ ਚਲਾ ਗਿਆ, ਜਿੱਥੇ ਬਾਲਕ ਧਰੂ ਨੂੰ 7 ਅਲੱਗ-ਅਲੱਗ ਅੰਮ੍ਰਿਤਮਈ ਵਚਨ ਸੁਣਾਉਣ ਵਾਲ਼ੇ 7 ਰਿਸ਼ੀ ਮਿਲੇ, ਪਰ ਗਿਆਨਖੰਡ ’ਚ ਅਨੇਕਾਂ ਧਰੂ ਤੇ ਅਨੇਕਾਂ ਉਪਦੇਸ਼ਕਾਂ ਦਾ ਜ਼ਿਕਰ ਹੈ।)

ਕੇਤੇ ਇੰਦ, ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ

ਕਿੰਨੇ ਇੰਦ੍ਰ, ਕਿੰਨੇ ਚੰਦ੍ਰਮਾ, ਕਿੰਨੇ ਸੂਰਜ ਤੇ ਕਿੰਨੇ ਤਾਰਿਆਂ ਦੇ ਝੁੰਡ (ਗਲੈਕਸੀਆਂ) ਹਨ।

ਕੇਤੇ ਸਿਧ ਬੁਧ; ਨਾਥ ਕੇਤੇ, ਕੇਤੇ ਦੇਵੀ ਵੇਸ

ਕਿੰਨੇ ਕਰਾਮਾਤਾਂ ਰਾਹੀਂ ਸਫਲ ਹੋਏ ਯੋਗੀ (ਸਿੱਧ), ਕਿੰਨੇ ਬੋਧੀ, ਕਿੰਨੇ ਯੋਗ ਗੁਰੂ (ਨਾਥ), ਕਿੰਨੇ ਦੇਵੀਆਂ ਦੇ ਸਰੂਪ ਹਨ।

ਕੇਤੇ ਦੇਵ ਦਾਨਵ; ਮੁਨਿ ਕੇਤੇ, ਕੇਤੇ ਰਤਨ ਸਮੁੰਦ

ਕਿੰਨੇ ਦੇਵਤੇ, ਕਿੰਨੇ ਰਾਖਸ਼, ਕਿੰਨੇ ਰਿਸ਼ੀ-ਮੁਨੀ, ਅਨੇਕਾਂ ਸਮੁੰਦਰ (ਜਿਨ੍ਹਾਂ ’ਚੋਂ ਨਿਕਲੇ) ਬੇਅੰਤ ਰਤਨ ਹਨ (ਜਿਨ੍ਹਾਂ ਕਾਰਨ ਇਹ ਸਭ ਆਪਸ ’ਚ ਲੜਦੇ-ਝਗੜਦੇ, ਮੰਨੇ ਗਏ)।

ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ     ਉਚਾਰਨ : ਕੇਤੀਆਂ।

(ਜੀਵ ਉਤਪਤੀ ਦੀਆਂ ਕੇਵਲ 4 ਖਾਣੀਆਂ ‘ਅੰਡਜ, ਜੇਰਜ, ਸੇਤਜ, ਉਤਭੁਜ’ ਨਹੀਂ ਬਲਕਿ) ਬੇਅੰਤ ਖਾਣੀਆਂ ਹਨ (ਬੋਲੀ ਦੇ ਵੀ 4 ਪੜਾਅ ‘ਪਰਾ, ਪਸ਼ਿਅੰਤੀ, ਮਧਿਅਮਾ ਤੇ ਵੈਖਰੀ’ ਨਹੀਂ ਬਲਕਿ) ਬੇਅੰਤ ਬਾਣੀਆਂ ਹਨ, ਕਿੰਨੇ ਰਾਜੇ ਪਾਤਿਸ਼ਾਹ (ਖੱਤਰੀ) ਹਨ।

(ਨੋਟ : 4 ਬਾਣੀਆਂ ਦੇ 4 ਪੜਾਅ ਹਨ : ਜਦ ਸ਼ਬਦ ਮੂਲਾਧਾਰ ’ਚ ਹੋਵੇ ‘ਪਰਾ’, ਜਦ ਸ਼ਬਦ ਹਿਰਦੇ ’ਚ ਆ ਜਾਵੇ ‘ਪਸ਼ਿਅੰਤੀ’, ਜਦ ਸ਼ਬਦ ਕੰਠ ’ਚ ਹੋਵੇ ‘ਮਧਿਅਮਾ’ ਅਤੇ ਜਦ ਸ਼ਬਦ ਉਚਾਰਨ ਹੋ ਰਿਹਾ ਹੋਵੇ ‘ਵੈਖਰੀ’।)

ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕਅੰਤੁ ਅੰਤੁ ੩੫    ਉਚਾਰਨ : ਕੇਤੀਆਂ, ਸੁਰਤੀਂ।

ਹੇ ਨਾਨਕ  ! ਆਖ ਕਿ ਕਿੰਨੀਆਂ (ਰੱਬ ਨਾਲ਼ ਜੁੜੀਆਂ) ਸੁਰਤਾਂ ਤੇ ਕਿੰਨੇ ਸੇਵਕ ਹਨ (ਕੁੱਲ ਮਿਲਾ ਕੇ ਕੁਦਰਤ ਦਾ) ਕੋਈ ਅੰਤ ਹੀ ਅੰਤ ਨਹੀਂ।

(ਨੋਟ : ਰੂਹਾਨੀਅਤ ਦੇ ਤੀਜੇ ਪੜਾਅ ‘ਸਰਮਖੰਡ’ ’ਚ ਦਿਮਾਗ਼ੀ ਗਿਆਨ ਨੂੰ ਯਕੀਨ ’ਚ ਬਦਲਣਾ ਹੈ ਭਾਵ ਜੀਵਨ ’ਚ ਕਮਾਉਣਾ ਹੈ, ਮਸ਼ੱਕਤ ਕਰਨੀ ਹੈ,  ਇਸ ਉਪਰੰਤ ਮਨੁੱਖਾ ਜੂਨੀ ’ਚ ਹੁੰਦੀ ਅੰਤਮ ਬਖ਼ਸ਼ਸ਼ ਨੂੰ ‘ਕਰਮਖੰਡ’ ਅਤੇ ਅਕਾਲ ਪੁਰਖ ’ਚ ਅਭੇਦਤਾ ਨੂੰ ‘ਸਚਖੰਡਿ’ ਕਿਹਾ ਗਿਆ ਹੈ।)

ਗਿਆਨਖੰਡ ਮਹਿ, ਗਿਆਨੁ ਪਰਚੰਡੁ ਤਿਥੈ; ਨਾਦ ਬਿਨੋਦ ਕੋਡ ਅਨੰਦੁ

ਗਿਆਨਖੰਡ ’ਚ ਮਾਨਸਿਕ ਗਿਆਨ ਬੜਾ ਤੀਬਰ (ਤੇਜ਼) ਹੋ ਜਾਂਦਾ ਹੈ (ਭਾਵ ਕਰਮਕਾਂਡ ’ਤੇ ਤੁਲਨਾਤਮਿਕ ਤਰਕ-ਸੰਗਤ ਦਲੀਲ ਭਾਰੀ ਪੈਣ ਲੱਗ ਜਾਂਦੀ ਹੈ) ਉਸ ਪੜਾਅ ’ਚ (ਮਨੁੱਖ ਨੂੰ ਇਉਂ ਜਾਪਦਾ ਹੈ; ਜਿਵੇਂ ਅੰਧੇ ਨੂੰ ਅੱਖਾਂ ਮਿਲ ਗਈਆਂ ਹੋਣ ਤੇ ਕੰਨਾਂ ਰਾਹੀਂ ਅਦਭੁਤ) ਨਾਦ ਧੁਨ ਸੁਣਦੀ ਹੈ, (ਅੱਖਾਂ ਰਾਹੀਂ ਅਜੀਬ) ਹੈਰਾਨੀਜਨਕ ਕੌਤਕ ਵੇਖਦਾ ਹੈ (ਜੋ ਨਾਸਮਝੀ ਕਾਰਨ ਪਹਿਲਾਂ ਅਨੁਭਵ ਨਹੀਂ ਹੋ ਰਿਹਾ ਸੀ)।

ਸਰਮਖੰਡ ਕੀ ਬਾਣੀ, ਰੂਪੁ ਤਿਥੈ; ਘਾੜਤਿ ਘੜੀਐ, ਬਹੁਤੁ ਅਨੂਪੁ      ਉਚਾਰਨ : ਸ਼੍ਰਮਖੰਡ ।

(ਧਰਮਖੰਡ ਤੇ ਗਿਆਨਖੰਡ ਦੀ ਸਮਝ ਕਿ ਸਮੂਹ ਕੁਦਰਤ ਇੱਕੋ ਰੱਬੀ ਨਿਯਮ ’ਚ ਬੱਧੀ ਹੈ, ਮੁਤਾਬਕ ਆਪਣਾ ਜੀਵਨ ਅਨੁਸ਼ਾਸਨ ’ਚ ਰੱਖਣ ਲਈ) ਸ਼੍ਰਮਖੰਡ ਦੀ (ਸੰਘਰਸ਼ਮਈ) ਬਣਾਵਟ ਬੜੀ ਲਾਜਵਾਬ ਹੁੰਦੀ ਹੈ ਕਿਉਂਕਿ ਉਸ ਪੜਾਅ ’ਚ ਬੜੀ ਉਪਮਾ ਰਹਿਤ ਘਾੜਤ ਘੜੀ ਜਾਂਦੀ ਹੈ।

ਤਾ ਕੀਆ ਗਲਾ, ਕਥੀਆ ਨਾ ਜਾਹਿ ਜੇ ਕੋ ਕਹੈ, ਪਿਛੈ ਪਛੁਤਾਇ      ਉਚਾਰਨ : ਕੀਆਂ, ਗੱਲਾਂ, ਕਥੀਆਂ, ਜਾਹਿਂ।

ਉਸ (ਤਬਦੀਲੀ) ਦੀਆਂ ਹੈਰਾਨਗੀਆਂ (ਹੈਰਾਨੀਆਂ) ਬਿਆਨ ਨਹੀਂ ਹੋ ਸਕਦੀਆਂ। ਜੇ ਕੋਈ ਬਿਆਨ ਕਰੇ (ਤਾਂ ਬਿਆਨ ਕਰਨ) ਉਪਰੰਤ ਪਛਤਾਉਂਦਾ ਹੈ (ਕਿ ਮੇਰਾ ਪਹਿਲਾ ਕਿਆਸ ਅਧੂਰਾ ਰਿਹਾ, ‘‘ਮੰਨੇ ਕੀ ਗਤਿ; ਕਹੀ ਜਾਇ ਜੇ ਕੋ ਕਹੈ; ਪਿਛੈ ਪਛੁਤਾਇ’’)

ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ

ਓਥੇ (ਸ਼੍ਰਮਖੰਡ ’ਚ) ਸੁਰਤਿ (ਭੂਤਕਾਲ ਦਾ ਖੱਟਾ-ਮਿੱਠਾ ਤਜਰਬਾ), ਮਤਿ (ਮਮਤਾ, ਜਿੱਥੇ ਪਦਾਰਥਾਂ ਨਾਲ਼ ਸਬੰਧ ਬਣਨ/ਅਹੰਕਾਰ) ’ਚ ਤਬਦੀਲੀ ਹੁੰਦੀ ਹੈ ਤੇ ਮਨ ਵਿੱਚ ਬੁੱਧੀ (ਨਵੇਂ ਉਤਪੰਨ ਵਿਚਾਰਾਂ ’ਤੇ ਸ਼ਰਧਾ) ਬਣ ਜਾਂਦੀ ਹੈ।

(ਨੋਟ : ਉਕਤ ਪੰਕਤੀ ’ਚ ਦਰਜ ਸੁਰਤਿ, ਮਤਿ, ਮਨਿ, ਬੁਧਿ; ਦਰਅਸਲ ਅੰਤਹਿਕਰਣ ਇੰਦ੍ਰੀ (ਆਤਮਾ ’ਤੇ ਚੜ੍ਹੀ ਸੰਸਕਾਰ/ਨਸੀਬ ਰੂਪ ਮੈਲ, ‘‘ਜਨਮ ਜਨਮ ਕੀ, ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ’’ (: , ਪੰਨਾ ੬੫੧) ਦੇ ਬਾਹਰੀ ਚਿੰਨ੍ਹ ਹਨ, ਜਿਨ੍ਹਾਂ ਦੀ ਵੰਡ ਇਸ ਪ੍ਰਕਾਰ ਹੈ :

(1). ਸੁਰਤਿ– ਮਨੁੱਖ, ਆਪਣੇ ਪੰਜ ਗਿਆਨ ਇੰਦ੍ਰਿਆਂ (ਨੱਕ, ਕੰਨ, ਜੀਭ, ਅੱਖਾਂ ਤੇ ਚਮੜੀ ਭਾਵ ਤੁਚਾ) ਰਾਹੀਂ ਜੋ ਗਿਆਨ ਪ੍ਰਾਪਤ ਕਰਦਾ ਹੈ ਉਸ ਨੂੰ ਕੈਮਰੇ ਦੁਆਰਾ ਖਿੱਚੀ ਗਈ ਫ਼ੋਟੋ ਵਾਙ ਆਪਣੇ ਤਜਰਬੇ ਜਾਂ ਭੂਤਕਾਲ ਦੇ ਗਿਆਨ-ਬੋਧ ’ਚ ਜਮ੍ਹਾ ਕਰ ਲੈਂਦਾ ਹੈ, ਜਿਸ ਨੂੰ ਸੁਰਤਿ ਕਿਹਾ ਜਾਂਦਾ ਹੈ। ਸੁਰਤਿ ਨੂੰ ‘ਚਿੱਤ’ ਕਹਿਣਾ ਵੀ ਠੀਕ ਹੈ ਕਿਉਂਕਿ ਚਿੱਤ, ਚਿੱਤਰਕਾਰੀ (ਫ਼ੋਟੋਗ੍ਰਾਫ਼ੀ) ਕਰਦਾ ਹੈ, ਇਸ ਤੋਂ ਹੀ ‘ਚੇਤਾ, ਯਾਦ, ਧਿਆਨ’ ਆਦਿ ਸ਼ਬਦ ਹੋਂਦ ’ਚ ਆਏ । ਇਸ ਦੀ ਘਾੜਤ ਦਾ ਮਤਲਬ ਹੈ ਕਿ ਭੂਤਕਾਲ ਦੀਆਂ ਗ਼ਲਤੀਆਂ ਤੋਂ ਸਬਕ ਲੈਂਦੇ ਹੋਏ ਵਰਤਮਾਨ ਨੂੰ ਨਿਖਾਰਨਾ।

(2). ਮਤਿ– ਇਸ ਸ਼ਬਦ ਦਾ ਸ੍ਰੋਤ ਮਮਤਾ ਹੈ, ਜਿਸ ਵਿੱਚ ਪਰਵਾਰਿਕ ਤੇ ਸਮਾਜਿਕ ਲੋੜਾਂ (ਇੱਛਾਵਾਂ) ਜਨਮ ਲੈਂਦੀਆਂ ਹਨ, ਜਿਨ੍ਹਾਂ ਰਾਹੀਂ ਪਦਾਰਥਾਂ ਨਾਲ਼ ਸਬੰਧ ਸਥਾਪਤ ਹੁੰਦਾ ਹੈ, ਇਹੀ ਪਦਾਰਥਿਕ ਸਬੰਧ ਅਹੰਕਾਰ ਨੂੰ ਜਨਮ ਦੇਂਦੇ ਹਨ। ਇਸ ਦੀ ਘਾੜਤ ਦਾ ਮਤਲਬ ਆਪਣੀਆਂ ਇੱਛਾਵਾਂ (ਮਮਤਾ) ਨੂੰ ਸੀਮਤ (ਕਾਬੂ) ਕਰਨਾ ਹੈ।

(3). ਮਨਿ-ਮਨੁੱਖਾ ਜੀਵਨ ਕਈ ਵਿਚਾਰਾਂ ਨੂੰ ਬਣਾਉਂਦਾ ਤੇ ਉਨ੍ਹਾਂ ਦਾ ਠੋਸ ਆਧਾਰ ਨਾ ਹੋਣ ਕਾਰਨ ਢਾਹੁੰਦਾ ਰਹਿੰਦਾ ਹੈ। ਵਿਚਾਰ ਪੈਦਾ ਕਰਨ ਨੂੰ ਇਰਾਦਾ (ਜਾਂ ਸੰਕਲਪ) ਕਿਹਾ ਜਾਂਦਾ ਹੈ ਤੇ ਇਸ ਸੰਕਲਪ ’ਤੇ ਬਣਦਾ ਅਵਿਸ਼ਵਾਸ ਹੀ ਸੰਦੇਹ, ਦੁਬਿਧਾ ਨੂੰ ਜਨਮ ਦੇਂਦਾ ਹੈ, ਜੋ ਵਿਕਲਪ ਅਖਵਾਉਂਦਾ ਹੈ ਭਾਵ ਸੰਕਲਪ ਤੇ ਵਿਕਲਪ ਦਾ ਸੰਗ੍ਰਹਿ ਹੀ ‘ਮਨ’ ਹੈ।  ‘ਮਨ’ ਦੀ ਘਾੜਤ ਦਾ ਮਤਲਬ ਦੁਬਿਧਾ (ਵਿਕਲਪ) ਨੂੰ ਮਾਰਨਾ ਹੈ ਤਾਂ ਜੋ ਇਰਾਦੇ (ਸੰਕਲਪ) ਨੂੰ ਮਜ਼ਬੂਤੀ ਮਿਲੇ ।

(4). ‘ਬੁਧਿ-ਮਨ ਦੇ ਇੱਕ ਭਾਵ ਵਿਕਲਪ ਨੂੰ ਖ਼ਤਮ ਕਰ ਸੰਕਲਪ ’ਚ ਨਵੇਂ ਵਿਚਾਰ ਪੈਦਾ ਕਰਨਾ ਤੇ ਉਨ੍ਹਾਂ ’ਤੇ ਨਿਰੰਤਰ ਵਿਸ਼ਵਾਸ ਬਣਾਏ ਰੱਖਣਾ ਬੁਧਿ ਹੈ। ਬੁਧਿ ਸ਼ਬਦ ਦਾ ਅੱਖਰੀਂ ਅਰਥ ਹੈ ‘ਨਵੇਂ ਵਿਚਾਰ ਪੈਦਾ ਕਰ ਉਨ੍ਹਾਂ ਉੱਤੇ ਨਿਸ਼ਚਾ ਧਾਰਨਾ’।  ਗੁਰਬਾਣੀ ’ਚ ਇਸ ਦੀ ਘਾੜਤ ਮਨਿ ਬੁਧਿ ਸੰਯੁਕਤ ਰੂਪ ਵਿੱਚ ਹੈ ਭਾਵ ‘ਮਨ ਵਿੱਚ ਬੁਧਿ ਦਾ ਪ੍ਰਵੇਸ਼ ਹੋਣਾ’।  ਗੁਰਬਾਣੀ ’ਚ ਕੇਵਲ ਦੋ ਵਾਰ ਹੀ ਮਨਿ ਬੁਧਿ (ਸੰਯੁਕਤ) ਸ਼ਬਦ ਵੇਖਣ ਨੂੰ ਮਿਲਦੇ ਹਨ; ਜਿਵੇਂ ਕਿ ‘‘ਮੰਨੈ; ਸੁਰਤਿ ਹੋਵੈ ਮਨਿ+ਬੁਧਿ ॥੧੩॥’’ (ਜਪੁ) ਅਤੇ ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ॥੩੬॥’’ (ਜਪੁ), ਦੋਵੇਂ ਜਗ੍ਹਾ ਹੀ ‘‘ਤਾ ਕੀਆ ਗਲਾ ਕਥੀਆ ਨਾ ਜਾਹਿ ’’ ਉਪਮਾ ਰਹਿਤ ਰੁਤਬੇ ਨੂੰ ਉਲੀਕਿਆ ਗਿਆ ਹੈ।

ਹਥਲੀ ਪੰਕਤੀ ’ਚ ਸੁਰਤਿ, ਮਤਿ, ਬੁਧਿ ਸ਼ਬਦਾਂ ਦੀ ਅੰਤ ਸਿਹਾਰੀ ਮੂਲਕ ਹੈ ਭਾਵ ਸਬੰਧਿਤ ਭਾਸ਼ਾ ਸੰਸਿਤ ’ਚ ਇਨ੍ਹਾਂ ਦਾ ਉਚਾਰਨ ਹੁੰਦਾ ਹੈ ਪਰ ਮਨਿ ਦੀ ਅੰਤ ਸਿਹਾਰੀ ਮੂਲਕ ਨਹੀਂ ਬਲਕਿ ਅਧਿਕਰਣ ਕਾਰਕ ਹੈ, ਜੋ ਮਨ ਵਿੱਚ ਦੇ ਅਰਥ ਦਿੰਦੀ ਹੈ।

ਗੁਰਬਾਣੀ ’ਚ ਜਦ ਸੁਰਤਿ, ਮਤਿ, ਬੁਧਿ, ਮਨਿ ਸ਼ਬਦ ਅਲੱਗ-ਅਲੱਗ ਹੋਣ ਤਾਂ ਪ੍ਰਸੰਗ ਮੁਤਾਬਕ ਇਨ੍ਹਾਂ ਦੇ ਭਾਵਾਰਥ ਬਦਲ ਜਾਂਦੇ ਹਨ; ਜਿਵੇਂ ਕਿ ਇਨ੍ਹਾਂ ਚਾਰੋਂ ਇੰਦ੍ਰੀਆਂ ਦੇ ਸਰੋਤ ਅੰਤਹਿਕਰਣ ਨੂੰ ਵੀ ਮਨ ਕਿਹਾ ਗਿਆ, ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ ਮਹਲਾ , ਪੰਨਾ ੬੫੧)

ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ ੩੬     ਉਚਾਰਨ : ਸੁਰਾਂ, ਸਿੱਧਾਂ।

 ਓਥੇ (ਸ਼੍ਰਮਖੰਡ ’ਚ) ਸੱਤ ਸੁਰਾਂ (‘ਸਾ, ਰੇ, ਗਾ, ਮਾ, ਪਾ, ਧਾ, ਨੀ’ ਰਾਗਾਂ) ਦੀ ਸੁਧਿ (ਮਸਤੀ) ਤੇ ਸਿਧਾ (ਸਫਲਤਾਵਾਂ) ਵਾਲ਼ੀ ਸੁਧਿ (ਵਿਵੇਕ ਸ਼ਕਤੀ) ਘੜੀ ਜਾਂਦੀ ਹੈ।

(ਨੋਟ : ਉਕਤ ਪੰਕਤੀ, ‘ਸੁਰਾ ਸਿਧਾ ਕੀ ਸੁਧਿ’ ਦੇ ਅਰਥ, ‘ਸਿੱਧਾਂ ਤੇ ਦੇਵਤਿਆਂ ਵਾਲ਼ੀ ਅਕਲ’, ਵੀ ਕੀਤੇ ਜਾਂਦੇ ਹਨ, ਪਰ ਗੁਰਮਤ ਨੇ ਕਿਸੇ ‘ਦੇਵਤਾ ਜਾਂ ਸਿਧ ਅਕਲ’ ਨੂੰ ਇਤਨਾ ਸਮਰੱਥ ਨਹੀਂ ਮੰਨਿਆ ਕਿ ਉਸ ਦੀ ਮਿਸਾਲ ‘ਸਰਮਖੰਡ’ ਵਰਗੀ ਉੱਚੀ ਤੇ ਸੰਘਰਸ਼ਮਈ ਅਵਸਥਾ ’ਚ ਦੇਣ ਦੀ ਜ਼ਰੂਰਤ ਮਹਿਸੂਸ ਹੋਵੇ, ਇਸ ਲਈ ਗੁਰਬਾਣੀ ’ਚੋਂ ‘ਸੁਰਾ’ ਸ਼ਬਦ ਵਿਚਾਰਨਯੋਗ ਹੈ।

ਸੁਰਾ ਸ਼ਬਦ ਹਥਲੀ ਪੰਕਤੀ ਤੋਂ ਇਲਾਵਾ ਗੁਰਬਾਣੀ ’ਚ 3 ਵਾਰ ਹੋਰ ਦਰਜ ਹੈ, ਜਿਨ੍ਹਾਂ ਵਿੱਚੋਂ ਇੱਕ ਵਾਰ ਰਾਗ ਵਿੱਦਿਆ ਦੇ ਉਸਤਾਦ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਅਨੰਦਮਈ ਜੀਵਨ ’ਚ ਰਾਗ-ਧੁਨਿ ਭਾਵ ਸੱਤ ਸੁਰਾਂ ਨੂੰ ਵੀ ਜ਼ਰੂਰੀ ਮੰਨਿਆ ਹੈ ਜਦ ਕਿ 2 ਵਾਰ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਨੇ ਸੁਰਾ ਸ਼ਬਦ ਨੂੰ ‘ਸ਼ਰਾਬ’ ਦੇ ਅਰਥਾਂ ’ਚ ਵਰਤਿਆ ਹੈ; ਜਿਵੇਂ ਕਿ

(1). ਗੁਰੂ ਅਰਜਨ ਸਾਹਿਬ ਜੀ : ‘‘ਪੰਚ ਬਜਿਤ੍ਰ ਕਰੇ ਸੰਤੋਖਾ; ਸਾਤ ਸੁਰਾ ਲੈ ਚਾਲੈ ’’ (ਮਹਲਾ ੫, ਪੰਨਾ ੮੮੫)  ਭਾਵ ਅਸਲ ਰੱਬੀ ਭਗਤ 5 ਗੁਣ (ਸਤ, ਸੰਤੋਖ, ਦਇਆ, ਧਰਮ, ਧੀਰਜ) ਤੇ 7 (ਸਾ, ਰੇ, ਗਾ, ਮਾ, ਪਾ, ਧਾ, ਨੀ) ਸੁਰਾਂ ਨੂੰ ਬਜਿਤ੍ਰ (ਸਾਜ਼/ਵਾਜੇ) ਕਰ ਕੇ ਭਾਵ ਬਣਾ ਕੇ (ਪ੍ਰਭੂ ਚਰਨਾਂ ’ਚ) ਲੀਨ ਹੁੰਦਾ ਹੋਇਆ (ਸਮਾਜ ’ਚ) ਵਿਚਰਦਾ ਹੈ।

(2). ਭਗਤ ਰਵਿਦਾਸ ਜੀ : ਸੁਰਾ ਅਪਵਿਤ੍ਰ ਨਤ ਅਵਰ ਜਲ ਰੇਸੁਰਸਰੀ ਮਿਲਤ ਨਹਿ ਹੋਇ ਆਨੰ (ਭਗਤ ਰਵਿਦਾਸ, ਪੰਨਾ ੧੨੯੩) ਭਾਵ (ਜਿਵੇਂ ਧਾਰਨਾ ਹੈ ਕਿ) ਮਲ਼ੀਨ ਸ਼ਰਾਬ ਸਮੇਤ ਕੋਈ ਹੋਰ ਗੰਦਾ ਪਾਣੀ ਵੀ ਗੰਗਾ ’ਚ ਮਿਲ ਕੇ ਵੱਖਰਾ (ਭਾਵ ਅਸ਼ੁੱਧ) ਨਹੀਂ ਰਹਿੰਦਾ।

(3). ‘‘ਕਬੀਰ  !  ਭਾਂਗ ਮਾਛੁਲੀ ਸੁਰਾ (ਸ਼ਰਾਬ) ਪਾਨਿ; ਜੋ ਜੋ ਪ੍ਰਾਨੀ ਖਾਂਹਿ ਤੀਰਥ ਬਰਤ ਨੇਮ ਕੀਏ; ਤੇ ਸਭੈ ਰਸਾਤਲਿ ਜਾਂਹਿ ’’ (ਭਗਤ ਕਬੀਰ, ਪੰਨਾ ੧੩੭੭)

ਸੋ, ਵਿਚਾਰ ਅਧੀਨ ਜਪੁ ਪੰਕਤੀ ‘‘ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ’’ ’ਚ ਦਰਜ ਸੁਰਾ/ਸਿਧਾ ਸ਼ਬਦਾਂ ਨੂੰ ਅਗਰ ਸਿੱਧਾਂ ਤੇ ਦੇਵਤਿਆਂ ਦੇ ਜੀਵਨ ਨਾਲ਼ ਜੋੜਨ ਦੀ ਬਜਾਏ ਗੁਰੂ ਅਰਜੁਨ ਸਾਹਿਬ ਜੀ ਦੁਆਰਾ ਵਰਤੇ ਸਾਤ ਸੁਰਾ ਲੈ ਚਾਲੈ ਮੰਨ ਲਿਆ ਜਾਵੇ ਤਾਂ ‘ਸਰਮਖੰਡ’ ਵਰਗੀ ਉੱਚਤਮ ਅਵਸਥਾ ’ਚ ‘ਦੇਵਤੇ ਤੇ ਸਿਧਾਂ’ ਦੇ ਜੀਵਨ (ਕਿਰਦਾਰ) ਦੀ ਮਿਸਾਲ ਦੇਣ ਦੀ ਜ਼ਰੂਰਤ ਨਹੀਂ ਰਹੇਗੀ ਕਿਉਂਕਿ ‘ਦੇਵਤੇ ਤੇ ਸਿਧਾਂ’ ਦੇ ਜੀਵਨ ਦਾ ਜ਼ਿਕਰ ‘ਗਿਆਨਖੰਡ’ ’ਚ ਪਹਿਲਾਂ ਵੀ ਹੋ ਚੁੱਕਾ ਹੈ; ਜਿਵੇਂ ਕਿ ‘‘ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ, ਮੁਨਿ ਕੇਤੇ; ਕੇਤੇ ਰਤਨ ਸਮੁੰਦ ’’

ਕੁਝ ਟੀਕਾਕਾਰਾਂ ਨੇ ‘‘ਤਿਥੈ, ਸੀਤੋ ਸੀਤਾ ਮਹਿਮਾ ਮਾਹਿ ਜਿਨ ਕੈ, ਰਾਮੁ ਵਸੈ ਮਨ ਮਾਹਿ ’’ ਪੰਕਤੀਆਂ ਰਾਹੀਂ ਵੀ ਰਾਮਚੰਦ੍ਰ ਤੇ ਮਾਤਾ ਸੀਤਾ (ਦੇਵੀ-ਦੇਵਤਿਆਂ) ਦੀ ਮਿਸਾਲ (ਸਚਖੰਡਿ ’ਚ ਵੀ) ਦੇਣੀ ਉਚਿਤ ਸਮਝੀ ਹੈ ਭਾਵ ‘ਗਿਆਨਖੰਡ’ ਤੋਂ ਲੈ ਕੇ ‘ਸਚਖੰਡਿ’ ਤੱਕ ਨਿਰੰਤਰ ਦੇਵਤਿਆਂ ਦਾ ਵਜੂਦ, ਮਿਸਾਲ ਬਣਦਾ ਗਿਆ, ਜਿਨ੍ਹਾਂ ਬਾਰੇ ਗੁਰੂ ਵਚਨ ਹਨ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (: , ਪੰਨਾ ੪੨੩)

(ਕਾਲਪਨਿਕ) ਦੇਵੀ, ਦੇਵਤਿਆਂ ਨੂੰ ਗੁਰਮਤ ਦਰਖ਼ਤ ਦੀਆਂ ਕੇਵਲ ਟਹਿਣੀਆਂ ਮੰਨਦੀ ਹੈ, ਜਿਨ੍ਹਾਂ ਦੇ ਪ੍ਰਭਾਵ ਹੇਠੋਂ ਮਨੁੱਖੀ ਮਾਨਸਿਕਤਾ ਨੂੰ ਆਜ਼ਾਦ ਕਰ ਕੇ (ਦਰਖ਼ਤ ਦੇ) ਮੂਲ (ਜੜ੍ਹ, ਨਿਰਾਕਾਰ) ਨਾਲ਼ ਜੋੜਨ ਲਈ ਗੁਰੂ ਨਾਨਕ ਸਾਹਿਬ ਜੀ ਨੇ ‘‘ਮੂਲੁ ਛੋਡਿ (ਕੇ), ਡਾਲੀ ਲਗੇ; ਕਿਆ ਪਾਵਹਿ ਛਾਈ  ? ’’ (ਮਹਲਾ ੧, ਪੰਨਾ ੪੨੦) ਵਾਕ ਉਚਾਰਨ ਕੀਤਾ ਤੇ ਸੋ ਦਰੁ ਸ਼ਬਦ ਗੁਰਬਾਣੀ ’ਚ 3 ਵਾਰ ਦਰਜ ਕਰ ਕੇ ਦੋ ਵਾਰ ਨਿਤਨੇਮ ਦਾ ਭਾਗ ਬਣਾਇਆ ਤਾਂ ਜੋ ਇਨ੍ਹਾਂ ਕਾਲਪਨਿਕ ਟਹਿਣੀਆਂ ਨੂੰ ‘ਨਿਰਾਕਾਰ’ ਸ਼ਕਤੀ ਦੇ ਅਧੀਨ ਦਰਸਾਇਆ ਜਾ ਸਕੇ; ਜਿਵੇਂ

ਗਾਵਹਿ, ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ

ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ , ਆਦਿ।

ਗੁਰੂ ਅਰਜੁਨ ਸਾਹਿਬ ਜੀ ਦੇ ਵਚਨ ‘‘ਸਾਤ ਸੁਰਾ ਲੈ ਚਾਲੈ’’ ਵਾਙ ਜਪੁ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਰਾਗਧੁਨਿ ਨੂੰ ਨਾਦ ਸ਼ਬਦ ਰਾਹੀਂ ਮਹੱਤਤਾ ਦੇ ਰਹੇ ਹਨ, ‘‘ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ’’ ਅਤੇ ਗੁਰੂ ਅਮਰਦਾਸ ਜੀ ਰਾਗਧੁਨਿ ਨੂੰ ਪੰਜ ਸਬਦ ਕਹਿੰਦੇ ਹਨ, ‘‘ਵਾਜੇ ਪੰਚ ਸਬਦ, ਤਿਤੁ ਘਰਿ ਸਭਾਗੈ’’ (ਮਹਲਾ ੩/ਅਨੰਦੁ) ਭਾਵ ਗੁਰਬਾਣੀ ’ਚ ਸਬਦੁ ਗੁਰੂ ਅਤੇ ਰਾਗਧੁਨਿ ਦੇ ਸੁਮੇਲ ਨੂੰ ਅਤੀ ਮਹੱਤਵ ਪੂਰਨ ਮੰਨਿਆ ਗਿਆ ਹੈ, ਜੋ ਮਨੁੱਖੀ ਮਾਨਸਿਕਤਾ ਨੂੰ ਸਚਖੰਡਿ ਤੱਕ ਲੈ ਜਾਂਦੇ ਹਨ।, ਇਸ ਲਈ ‘‘ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ’’ ’ਚ ਦਰਜ ਸੁਰਾ ਦਾ ਅਰਥ : ‘ਦੇਵਤੇ’ ਮੰਨਣ ਦੀ ਬਜਾਇ ਰਾਗਧੁਨਿ ਅਤੇ ਸਿਧਾ ਦਾ ਅਰਥ : ‘ਪੁੱਗੇ ਹੋਏ ਯੋਗੀ’ ਕਰਨ ਦੀ ਬਜਾਇ ‘ਸਫਲਤਾਵਾਂ’ ਕਰ ਸੁਧਿ ਦਾ ਅਰਥ ‘ਵਿਵੇਕ ਸ਼ਕਤੀ’ ਕਰਨਾ ਵਧੇਰੇ ਦਰੁਸਤ ਜਾਪਦਾ ਹੈ।

ਪਿੱਛੇ ਕੀਤੀ ਗਈ ਵਿਚਾਰ ਕਿ ਮੰਨੈ ਅਤੇ ਸਰਮਖੰਡ ਦਾ ਪੜਾਅ ਇੱਕ ਹੈ, ਤੋਂ ਇਹ ਵੀ ਸੇਧ ਮਿਲਦੀ ਹੈ ਕਿ ਮੰਨੈ ਵਾਲ਼ੀਆਂ ਚਾਰ ਪਉੜੀਆਂ (12 ਤੋਂ 15) ’ਚ ਕਿਸੇ ‘ਸੁਰ’ (ਦੇਵਤੇ) ਜਾਂ ‘ਸਿਧ’ ਦੀ ਮਿਸਾਲ ਨਹੀਂ ਦਿੱਤੀ ਗਈ, ਤਾਂ ਤੇ ਸਰਮਖੰਡ ’ਚ ‘‘ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ’’ ਦੇ ਅਰਥਾਂ ’ਚ ਵੀ ਦੇਵਤੇ ਜਾਂ ਸਿੱਧ-ਯੋਗੀ ਦਾ ਹਵਾਲਾ ਅਣਉਚਿਤ ਹੀ ਹੋਏਗਾ।)

ਕਰਮਖੰਡ ਕੀ ਬਾਣੀ, ਜੋਰੁ ਤਿਥੈ; ਹੋਰੁ ਕੋਈ ਹੋਰੁ

(ਮਨੁੱਖਾ ਜੂਨੀ ’ਚ ਹੋਈ ਅੰਤਮ ਰੱਬੀ) ਮਿਹਰ ਉਪਰੰਤ ਬਣੀ ਅਵਸਥਾ ਦੀ ਬਣਾਵਟ (ਰੱਬ ਵਾਙ ਅਥਾਹ) ਸ਼ਕਤੀਸ਼ਾਲੀ ਹੁੰਦੀ ਹੈ ਕਿਉਂਕਿ ਉੱਥੇ (ਰੱਬੀ ਯਾਦ ਤੋਂ ਬਿਨਾਂ) ਕੋਈ ਹੋਰ ਫੁਰਨਾ, ਵਾਧੂ ਖ਼ਿਆਲ ਨਹੀਂ ਉਪਜਦਾ।

(ਨੋਟ : ਉਕਤ ਤੁਕ ’ਚ ਦਰਜ ‘ਕਰਮਖੰਡ’ ’ਚੋਂ; ‘ਸ਼ਬਦਾਰਥ’ ਵਿਦਵਾਨਾਂ ਨੇ ‘ਕਰਮ’ ਦਾ ਅਰਥ ‘ਮਿਹਰ’ ਕਰਨ ਦੀ ਬਜਾਇ ‘ਅਮਲ’ ਕੀਤਾ ਹੈ ਭਾਵ ‘ਅਮਲ (ਕਰਣੀ) ਦੇ ਦਰਜੇ ਉੱਤੇ ਪਹੁੰਚ ਕੇ ਪ੍ਰਗਟ ਹੋਣ ਦਾ ਵਸੀਲਾ ਬਲ ਹੈ, ਅਰਥਾਤ ਮਨੁੱਖ ਦੇ ਕੰਮ ਬਲ ਵਾਲੇ ਹੋਣਗੇ।’ (ਸ਼ਬਦਾਰਥ), ਪਰ ਇਹ ਅਰਥ ਹੀ ‘ਸਰਮਖੰਡ’ ਦੇ ਹਨ। ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ਇਸ ਦੇ ਅਰਥ ਨਹੀਂ ਕੀਤੇ ਭਾਵ ਕਰਮਖੰਡ ਹੀ ਰਹਿਣ ਦਿੱਤਾ।  ‘ਕਰਮਖੰਡ’ ਦੇ ਸ਼ਬਦਾਰਥਾਂ ’ਚ ਵਿਦਵਾਨਾਂ ਦਾ ਵਿਚਾਰਕ ਮਤਭੇਦ ਦਾ ਕਾਰਨ ਇਹ ਹੈ ਕਿ ਗੁਰਬਾਣੀ; ਮਨੁੱਖਾ ਜਨਮ ਨੂੰ ਅਰੰਭਤਾ ਤੋਂ ਰੱਬੀ ਬਖ਼ਸ਼ਸ਼ ’ਤੇ ਨਿਰਭਰ ਮੰਨਦੀ ਹੈ, ਜਿਸ ਵਿੱਚ ਪਹਿਲੀਆਂ ਦੋ ਅਵਸਥਾਵਾਂ (ਧਰਮਖੰਡ/ਗਿਆਨਖੰਡ) ਵੀ ਸ਼ਾਮਲ ਹਨ ਭਾਵ ਇਹ ਵੀ ਰੱਬੀ ਮਿਹਰ ਬਿਨਾਂ ਪ੍ਰਾਪਤ ਹੋਣੀਆਂ ਅਸੰਭਵ ਹਨ, ਫਿਰ ਕਰਮਖੰਡ ’ਚ ਵਿਸ਼ੇਸ਼ ਬਖ਼ਸ਼ ਕੀ ?

ਦਰਅਸਲ, ਇੱਕ ਭਿਖਾਰੀ, ਕਿਸੇ ਦੇ ਦਰ ’ਤੋਂ ਰੋਜ਼ਾਨਾ ਭੀਖ ਮੰਗਣ ਆਉਂਦਾ ਹੈ ਤੇ ਘਰ ਦਾ ਮਾਲਕ ਉਸ ਨੂੰ ਕੁਝ ਦੇਂਦਾ ਰਹਿੰਦਾ ਹੈ, ਪਰ ਇੱਕ ਦਿਨ ਮਾਲਕ ਨੇ ਉਸ ਮੰਗਤੇ ਦੀ ਬਾਂਹ ਪਕੜ ਆਪਣੇ ਘਰ ਅੰਦਰ ਹੀ ਬਿਠਾ ਲਿਆ ਤਾਂ ਜੋ ਰੋਜ਼-ਰੋਜ਼ ਮੰਗਦਾ ਨਾ ਫਿਰੇ ਸਗੋਂ ਆਪਣੀ ਇੱਛਾ ਅਨੁਸਾਰ ਲੋੜਾਂ ਪੂਰੀਆਂ ਕਰਦਾ ਰਹੇ।  ਇਸ ਲਈ ‘ਕਰਮਖੰਡ’ ਦਾ ਅਰਥ ‘ਅੰਤਮ ਰੱਬੀ ਮਿਹਰ’ ਦਰੁਸਤ ਜਾਪਦਾ ਹੈ, ਜਿੱਥੋਂ ਸਚਖੰਡਿ ’ਚ ਅਭੇਦ ਹੋਣ ਕਾਰਨ ਮੰਗਣਾ ਬੰਦ ਹੋ ਜਾਂਦਾ ਹੈ।)

ਤਿਥੈ; ਜੋਧ, ਮਹਾ ਬਲ, ਸੂਰ ਤਿਨ ਮਹਿ; ਰਾਮੁ ਰਹਿਆ ਭਰਪੂਰ    ਉਚਾਰਨ : ਮਹਾਂ ਬਲ।

ਉਸ (ਕਰਮਖੰਡ) ਪੜਾਅ ’ਚ (ਰੂਹਾਨੀਅਤ ਫ਼ੌਜੀ, ਵਿਕਾਰਾਂ ਨਾਲ਼ ਲੜਨ ਲਈ) ਮਹਾਂਬਲੀ ਯੋਧੇ, ਅਡੋਲ ਸੂਰਮੇ ਬਣੇ ਹੁੰਦੇ ਹਨ ਕਿਉਂਕਿ ਉਨ੍ਹਾਂ ਅੰਦਰ ‘ਰਾਮੁ’ (ਕਣ-ਕਣ ’ਚ ਵਿਆਪਕ) ਸ਼ਕਤੀ ਉਤੇਜਿਤ ਹੈ, ਪ੍ਰਕਾਸ਼ਮਈ ਹੈ ਭਾਵ ਮਾਮੂਲੀ ਵਿਕਾਰ ਫੁਰਨਾ ਆਉਂਦਿਆਂ ਹੀ ਵਿਖਾਈ ਦੇ ਜਾਂਦਾ ਹੈ।

ਤਿਥੈ; ਸੀਤੋ ਸੀਤਾ, ਮਹਿਮਾ ਮਾਹਿ ਤਾ ਕੇ ਰੂਪ; ਕਥਨੇ ਜਾਹਿ     ਉਚਾਰਨ : ਮਾਹਿਂ, ਜਾਹਿਂ।

ਓਥੇ (ਸਿਲੇ ਹੋਏ ਦੋ ਕੱਪੜੇ ਦੇ ਟੁਕੜਿਆਂ ਵਾਙ ਭਗਤ; ਵਿਆਪਕ ਰਾਮ ਦੀ) ਉਸਤਤ ’ਚ ਪੂਰਨ ਇੱਕ-ਮਿੱਕ ਹੋਏ ਹੁੰਦੇ ਹਨ (ਏਤੁ ਰਾਹਿ, ਪਤਿ ਪਵੜੀਆ; ਚੜੀਐ, ਹੋਇ ਇਕੀਸ), ਉਨ੍ਹਾਂ ਦੇ ਨੂਰ (ਪ੍ਰਕਾਸ਼-ਜਲਾਲ) ਬਿਆਨ ਨਹੀਂ ਕੀਤੇ ਜਾ ਸਕਦੇ।

ਨਾ ਓਹਿ ਮਰਹਿ; ਠਾਗੇ ਜਾਹਿ ਜਿਨ ਕੈ; ਰਾਮੁ ਵਸੈ, ਮਨ ਮਾਹਿ     ਉਚਾਰਨ : ਓਹ, ਮਰਹਿਂ, ਜਾਹਿਂ, ਮਾਹਿਂ।

ਜਿਨ੍ਹਾਂ ਦੇ ਹਿਰਦੇ ’ਚ ਰੱਬ (ਰਾਮੁ) ਵਸਦਾ ਹੈ, ਉਹ ਨਾ (ਆਤਮਕ ਪੱਖੋਂ) ਮਰਦੇ ਹਨ ਤੇ ਨਾ ਹੀ (ਸੁਆਸ ਪੂੰਜੀ ਪੱਖੋਂ) ਲੁੱਟੇ ਜਾਂਦੇ ਹਨ (ਭਾਵ ਉਨ੍ਹਾਂ ਦਾ ਹਰ ਸੁਆਸ ਰੱਬੀ ਉਸਤਤ ਕਰਦਿਆਂ ਬੀਤਦਾ ਹੈ, ਨਾ ਕਿ ਕੋਈ ਸਾਹ ਬੁਰਾ ਸੋਚ ਕੇ ਅਜਾਈਂ ਜਾਂਦਾ ਹੈ)।

ਤਿਥੈ ਭਗਤ ਵਸਹਿ; ਕੇ ਲੋਅ ਕਰਹਿ ਅਨੰਦੁ; ਸਚਾ ਮਨਿ ਸੋਇ      ਉਚਾਰਨ : ਵਸਹਿਂ, ਕਰਹਿਂ, ਸੱਚਾ।

ਉੱਥੇ ਕਈ ਲੋਕਾਂ (ਭਵਨਾਂ) ਦੇ ਰੱਬੀ ਭਗਤ ਵਸਦੇ (ਜਾਪਦੇ) ਹਨ (ਭਾਵ ਆਪਣੇ ਆਪ ਨੂੰ ਇਕੱਲਾ ਪਹੁੰਚਿਆ ਮਹਿਸੂਸ ਕਰ ਅਹੰਕਾਰ ਪੈਦਾ ਨਹੀਂ ਹੋਣ ਦਿੰਦੇ), ਉਸ ਸੱਚੇ (ਰਾਮੁ) ਨੂੰ ਮਨ ’ਚ (ਵਸਾਉਣ ਕਾਰਨ ਸਦਾ) ਅਨੰਦ ਮਾਣਦੇ ਹਨ।

ਸਚਖੰਡਿ, ਵਸੈ ਨਿਰੰਕਾਰੁ ਕਰਿ ਕਰਿ ਵੇਖੈ, ਨਦਰਿ ਨਿਹਾਲ

(ਕਰਮਖੰਡ ਹੀ ਸੋ ਦਰੁ ਹੈ ਅਤੇ ਸਚਖੰਡਿ ਹੀ ਸੋ ਘਰੁ) ‘ਸਚਖੰਡਿ’ (ਭਾਵ ਰੱਬੀ ਘਰ) ’ਚ (ਪਹੁੰਚਿਆਂ) ਆਕਾਰ ਰਹਿਤ (ਅਦ੍ਰਿਸ਼ ਮਾਲਕ ਹੀ ਹਰ ਥਾਂ) ਵਸਦਾ (ਪ੍ਰਤੀਤ ਹੁੰਦਾ ਹੈ ‘‘ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ਨਾਨਕ  ! ਉਤਮੁ ਨੀਚੁ ਕੋਇ ੩੩’’), ਨਿਹਾਲ-ਖਿੜਾਓ ਦ੍ਰਿਸ਼ਟੀ ਵਾਲ਼ਾ (ਆਪਣੀ ਕੁਦਰਤ ਨੂੰ ਭਾਂਤ-ਭਾਂਤ ਦੀ) ਰਚ-ਰਚ ਕੇ ਸੰਭਾਲ਼ਦਾ (ਪ੍ਰਤੀਤ ਹੁੰਦਾ) ਹੈ।

ਤਿਥੈ; ਖੰਡ, ਮੰਡਲ, ਵਰਭੰਡ ਜੇ ਕੋ ਕਥੈ, ਅੰਤ ਅੰਤ

ਓਥੇ ਕਈ ਸੂਰਜ ਪਰਵਾਰ (ਖੰਡ), ਕਈ ਗਲੈਕਸੀਆਂ (ਮੰਡਲ), ਕਈ ਬ੍ਰਹਿਮੰਡ ਰਚੇ (ਮਹਿਸੂਸ ਹੁੰਦੇ) ਹਨ, ਜੇ ਕੋਈ (ਇਨ੍ਹਾਂ ਬਾਰੇ) ਦੱਸੇ ਤਾਂ ਕੋਈ ਅੰਤ ਹੀ ਅੰਤ ਨਹੀਂ (ਭਾਵ ਇਹ ਵਿਸਥਾਰ ਨਾਪਣਾ ਮਨੁੱਖੀ ਸੋਚ ਤੋਂ ਬਾਹਰ ਹੈ ‘‘ਅਸੰਖ ਕਹਹਿ, ਸਿਰਿ ਭਾਰੁ ਹੋਇ’’)।

ਤਿਥੈ; ਲੋਅ ਲੋਅ ਆਕਾਰ ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ

ਉੱਥੇ ਨੂਰ ਹੀ ਨੂਰ ਦਾ ਵਜੂਦ (ਮਹਿਸੂਸ ਹੁੰਦਾ) ਹੈ, ਜਿਵੇਂ-ਜਿਵੇਂ (ਰੱਬੀ) ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਜਗਤ ਦਾ ਕੰਮ-ਕਾਰ ਚਲਦਾ (ਅਨੁਭਵ ਹੁੰਦਾ ਹੈ, ਕਰਿ ਕਰਿ ਵੇਖੈ, ਹੁਕਮੁ ਚਲਾਏ; ਤਿਸੁ ਨਿਸਤਾਰੇ, ਜਾ ਕਉ ਨਦਰਿ ਕਰੇ (ਮਹਲਾ , ਪੰਨਾ ੪੩੩), ਦੁਹਾ ਸਿਰਿਆ (ਆਕਾਰ/ਨਿਰਾਕਾਰ ਦਾ) ਆਪੇ ਖਸਮੁ; ਵੇਖੈ ਕਰਿ ਵਿਉਪਾਇ (ਨਿਰਣਾ) ਮਹਲਾ , ਪੰਨਾ ੧੪੮)

ਵੇਖੈ ਵਿਗਸੈ, ਕਰਿ ਵੀਚਾਰੁ ਨਾਨਕ  !  ਕਥਨਾ ਕਰੜਾ ਸਾਰੁ ੩੭

(‘‘ਜਿਨਿ ਏਹਿ ਲਿਖੇ’’-ਉਸ ਲੇਖੇ ਅਨੁਸਾਰ ਜਗਤ-ਰਚਨਾ ਵਿਚਰਦੀ) ਗਹੁ ਨਾਲ਼ ਵਿਚਾਰ ਕਰ-ਕਰ ਕੇ ਵੇਖਦਾ ਤੇ ਖਿੜਦਾ ਹੈ। ਹੇ ਨਾਨਕ  ! (ਇਸ ਪੜਾਅ ਬਾਰੇ ਹੋਰ ਵਧੀਕ) ਬਿਆਨ ਕਰਨਾ ਲੋਹਾ ਚੱਬਣ ਵਾਙ ਸਖ਼ਤ ਹੈ।

(ਨੋਟ : ‘ਜਪੁ’ ਬਾਣੀ ਦੀ ਇਸ ਅੰਤਮ ੩੮ਵੀਂ ਪਉੜੀ ’ਚ ਮਨੁੱਖਾ ਜੀਵਨ ਦੀ ਘਾੜਤ ਲਈ ‘ਸੋਨੇ’ ਨੂੰ ਮਿਸਾਲ ਵਜੋਂ ਲਿਆ ਗਿਆ ਹੈ ਕਿਉਂਕਿ ਮਨੁੱਖ ਦੀ ਭਟਕਣਾ ਵਾਙ ਅਸ਼ੁੱਧ ਸੋਨਾ ਵੀ ਗਰਮ ਕੁਠਾਲੀ ’ਚ ਪਾਇਆ ਉਛਲਦਾ-ਕੁੱਦਦਾ ਹੈ, ਪਰ ਪੂਰਨ ਸ਼ੁੱਧਤਾ ਉਪਰੰਤ ਸ਼ਾਂਤ ਹੋ ਜਾਂਦਾ ਹੈ, ‘‘ਜਿਉ ਕਨਿਕੋ (ਸੋਨਾ) ਕੋਠਾਰੀ ਚੜਿਓ; ਕਬਰੋ ਹੋਤ ਫਿਰੋ (ਕਮਲ਼ਾ ਹੋਇਆ ਫਿਰਦਾ) ਜਬ ਤੇ ਸੁਧ ਭਏ ਹੈ ਬਾਰਹਿ (12 ਵੰਨੀਂ ਦਾ); ਤਬ ਤੇ ਥਾਨ ਥਿਰੋ (ਸ਼ਾਂਤੀ ਮਿਲੀ) ’’ ਮਹਲਾ ੫, ਪੰਨਾ ੧੨੦੩)

ਜਤੁ ਪਾਹਾਰਾ, ਧੀਰਜੁ ਸੁਨਿਆਰੁ ਅਹਰਣਿ ਮਤਿ, ਵੇਦੁ ਹਥੀਆਰੁ

(ਹੇ ਬੰਦੇ ! ਸ਼ਾਂਤੀ ਲਈ)  !  ਜਤੁ (ਆਦਰਸ਼ ਜੀਵਨ) ਨੂੰ ਪਾਹਾਰਾ (ਹੱਟੀ), ਧੀਰਜੁ (ਚਿੰਤਾ ਮੁਕਤ) ਨੂੰ ਸੁਨਿਆਰੁ; ਵੇਦੁ (ਸ਼ਬਦ-ਗਿਆਨ) ਨੂੰ ਹਥਿਆਰੁ (ਹਥੋੜਾ ਬਣਾ), ਅਹਿਰਣਿ (ਵਾਙ ਟਿਕਾਊ/ਤਰਕਹੀਣ) ਮਤਿ ’ਤੇ ਚੋਟ ਮਾਰ (ਭਾਵ ਟਿਕਾਊ ਮਤ ’ਤੇ ਸ਼ਬਦ-ਚੋਟ ਵੱਜਣ ਨਾਲ਼ ਉੱਚਾ ਇਖ਼ਲਾਕ ਤੇ ਸੰਤੋਖ ਉਪਜਦਾ ਹੈ)।

ਭਉ ਖਲਾ; ਅਗਨਿ ਤਪ ਤਾਉ ਭਾਂਡਾ ਭਾਉ; ਅੰਮ੍ਰਿਤੁ, ਤਿਤੁ ਢਾਲਿ   ਉਚਾਰਨ : ਖੱਲਾ

ਰੱਬੀ ਡਰ-ਅਦਬ ਖਲਾ (ਧੌਂਕਣੀ), ਤਪ ਤਾਉ (ਹੱਥੀਂ ਕਿਰਤ) ਅੱਗ, ਪ੍ਰੇਮ ਰੂਪ ਭਾਂਡਾ (ਕੁਠਾਲੀ), ਇਸ (ਜੀਵਨਸ਼ੈਲੀ) ’ਚ ਅਮਰ ਕਰ ਦੇਣ ਵਾਲ਼ੇ (ਰੱਬੀ) ਨਾਮ ਨੂੰ ਤਰਲ ਕਰ (ਪਿਘਲ਼ਾ, ਇੱਕ-ਮਿੱਕ ਕਰ ਭਾਵ ਰੱਬੀ ਡਰ-ਅਦਬ ’ਚ ਰਹਿੰਦਾ ਸੰਤੋਖ ਤੇ ਉੱਚਾ ਕਿਰਦਾਰ ਹੱਥੀਂ ਕਿਰਤ ਕਰਦਾ ਹੈ ਤੇ ਪਿਆਰ ਸਹਿਤ ਵੰਡ ਛਕਦਾ ਹੈ ਕਿਉਂਕਿ ਉਸ ਹਿਰਦੇ ਵਿੱਚ ਸ਼ਬਦ-ਚੋਟ ਨਾਲ਼ ਰੱਬੀ ਗੁਣ ਤਰਲ ਕੀਤੇ ਗਏ, ਆਪਣੇ ਜੀਵਨ ’ਚ ਇੱਕ-ਮਿੱਕ ਕੀਤੇ ਗਏ ਹਨ।)

ਘੜੀਐ ਸਬਦੁ, ਸਚੀ ਟਕਸਾਲ

ਗੁਰੂ ਸ਼ਬਦ (ਅਜਿਹੀ) ਸੱਚੀ ਟਕਸਾਲ (ਜਿੱਥੇ ਰੁਪਏ ਵਾਙ ਹਿਰਦਾ ਨਵਾਂ ਰੂਪ ਧਾਰੇ) ’ਚ ਹੀ ਘੜਿਆ ਜਾ ਸਕਦਾ ਹੈ।

ਜਿਨ ਕਉ, ਨਦਰਿ ਕਰਮੁ; ਤਿਨ ਕਾਰ ਨਾਨਕ ! ਨਦਰੀ ਨਦਰਿ ਨਿਹਾਲ ੩੮

(ਪਰ) ਹੇ ਨਾਨਕ  !  ਜਿਨ੍ਹਾਂ ਨੂੰ (ਜਿਨ੍ਹਾਂ ਉੱਤੇ, ਰੱਬੀ) ਮਿਹਰ, ਰੱਬੀ ਪ੍ਰਸਾਦ (ਬਖ਼ਸ਼ਸ਼) ਹੈ, ਉਹੀ ਮਿਹਰਬਾਨ ਦੀ ਦਇਆ ਦ੍ਰਿਸ਼ਟੀ ਨਾਲ਼ (ਅਜਿਹੀ) ਕਮਾਈ ਕਰ ਕੇ ਪ੍ਰਸੰਨ ਹੁੰਦੇ ਹਨ।

ਸਲੋਕੁ

(ਨੋਟ : ਜਪੁ ਬਾਣੀ ਦਾ ਅਗੇਤਰ ਸਲੋਕ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ ਰੱਬ ਦੇ ਨਿਰਾਕਾਰ ਸਰੂਪ ਦੀ ਵਿਆਖਿਆ ਕਰਦਾ ਹੈ ਅਤੇ ਜਪੁ ਦਾ ਇਹ ਹਥਲਾ ਪਿਛੇਤਰ ਸਲੋਕ, ਰੱਬ ਦੇ ਸਰਗੁਣ ਸਰੂਪ (ਕੁਦਰਤ) ਨੂੰ ਚਿਤਰਦਾ ਹੈ, ਜਿਸ ਦੇ ਅੰਤ ’ਚ ‘‘ਜਿਨੀ, ਨਾਮੁ ਧਿਆਇਆ; ਗਏ ਮਸਕਤਿ ਘਾਲਿ’’ ਰਾਹੀਂ ਸਫਲ ਜੀਵਨ ਹੁੰਦਾ ਅਤੇ ਬਾਕੀ ਸਭ ਜੂਨਾਂ ਆਪਣਾ ਨਸਲ ਵਿਕਾਸ ਤੇ ਪਦਾਰਥ ਭੋਗਦੀਆਂ (ਦੁੱਖ-ਸੁੱਖ ਸਹਾਰਦੀਆਂ) ਮਰ ਗਈਆਂ, ਦੇ ਸੰਕੇਤ ਨਾਲ਼ ਜਪੁ ਨੂੰ ਸੰਪੂਰਨਤਾ ਦਿੱਤੀ ਗਈ ਹੈ।

‘‘ਪਵਣੁ ਗੁਰੂ, ਪਾਣੀ ਪਿਤਾ..’’ ਤੁਕ ’ਚੋਂ ਗੁਰੂ ਦਾ ਅਰਥ ‘ਰੂਹਾਨੀਅਤ ਉਸਤਾਦ, ਹਨੇਰਾ ਹਟਾਉਣ ਵਾਲ਼ੀ ਰੌਸ਼ਨੀ ਜਾਂ ਵੱਡਾ’ ਕੀਤਾ ਜਾਂਦਾ ਹੈ, ਪਰ ਇਹ ਅਰਥ ਕੇਵਲ ਮਨੁੱਖ ਦੀ ਉਤਪਤੀ ਉਪਰੰਤ ਬਣੀ ਆਸਥਾ ਤੱਕ ਸੀਮਤ ਰਹਿ ਜਾਂਦੇ ਹਨ, ਜੋ ਮਾਤਰ 15000 ਕੁ ਸਾਲ ਪੁਰਾਣਾ ਸਮਾਂ ਹੈ ਜਦ ਕਿ ਬ੍ਰਹਿਮੰਡ ਰਚਨਾ 13.8 ਅਰਬ ਸਾਲ ਪੂਰਵ ਤੋਂ ਸ਼ੁਰੂ ਹੋਈ ਮੰਨੀ ਗਈ ਹੈ। ਅਗਰ ਇਹ ਸਲੋਕ ਕੁਦਰਤ (ਸਰਗੁਣ) ਦੀ ਵਿਆਖਿਆ ਨਾਲ਼ ਸਬੰਧਿਤ ਹੈ ਤਾਂ ਕੇਵਲ ਮਨੁੱਖੀ ਆਸਥਾ ਤੱਕ ਗੁਰੂ ਦੇ ਅਰਥਾਂ ਨੂੰ ਸਮੇਟਣਾ ਅਣਉਚਿਤ ਜਾਪਦਾ ਹੈ।

ਖਗੋਲ (ਤਾਰਾ) ਵਿਗਿਆਨ ਅਨੁਸਾਰ ਕੁਦਰਤ ’ਚ ‘ਗੈਸ’ (ਹਾਈਡਰੋਜਨ+ਆਕਸੀਜਨ ਦੀ ਠੰਡੀ ਹੋਈ ਭਾਫ਼) ਤੋਂ ਪਾਣੀ ਬਣਿਆ, ਪਾਣੀ ਤੋਂ ਜੀਵਾਂ ਦਾ ਵਿਕਾਸ ਹੋਇਆ।  ਗੁਰੂ ਨਾਨਕ ਸਾਹਿਬ, ਇਸ ਸਚਾਈ ਨੂੰ 15ਵੀਂ ਸਦੀ ’ਚ ਹੀ ਇਉਂ ਸਮਝਾਉਂਦੇ ਹਨ, ‘‘ਸਾਚੇ ਤੇ ਪਵਨਾ ਭਇਆ, ਪਵਣੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ’’ (ਮਹਲਾ , ਪੰਨਾ ੧੯)

ਸਾਡਾ ਸੂਰਜ ਪਰਵਾਰ 4.6 ਅਰਬ ਸਾਲ ਪੂਰਵ ਤੇ ਧਰਤੀ 4.55 ਅਰਬ ਸਾਲ ਪੂਰਵ ਹੋਂਦ ’ਚ ਆਈ, ਮੰਨੀ ਗਈ। ਇਸ ਧਰਤੀ ’ਤੇ ਬਣੇ ਮਹਾਂ ਸਾਗਰਾਂ ’ਚ ਸੈੱਲਾਂ ਦਾ ਜਨਮ 1.6 ਅਰਬ ਸਾਲ ਪੂਰਵ ਹੋਇਆ ਹੈ, ਜੋ 51 ਕਰੋੜ ਸਾਲ ਪੂਰਵ ਪਹਿਲੀ ਵਾਰ ਜ਼ਿੰਦਗੀ ਦੇ ਰੂਪ ’ਚ ਪਨਪਿਆ ਤੇ 42 ਕਰੋੜ ਸਾਲ ਪੂਰਵ ਜੀਵਨ (ਬਨਸਪਤੀ ਦੇ ਰੂਪ ’ਚ) ਸਮੁੰਦਰ ’ਚੋਂ ਬਾਹਰ ਧਰਤੀ ’ਤੇ ਆ ਗਿਆ।

ਅਰੰਭਕ ਸਮੇਂ ਭਾਵ 4.55 ਤੋਂ 4.44 ਅਰਬ ਸਾਲ ਪੂਰਵ ਜਦ ਧਰਤੀ ਦਾ ਨਿਰਮਾਣ ਹੋਇਆ ਤਦ ਪ੍ਰਿਥਵੀ ਤੇਜ਼ੀ ਨਾਲ਼ ਘੁੰਮਦੀ ਹੋਣ ਕਾਰਨ ਇੱਕ ਦਿਨ ਮਾਤਰ 7 ਘੰਟੇ ਦਾ ਸੀ।   4.28 ਅਰਬ ਤੋਂ 3.9 ਅਰਬ ਸਾਲ ਪੂਰਵ ਦੌਰਾਨ ਧਰਤੀ ’ਤੇ ਗੈਸਾਂ (ਹਾਈਡਰੋਜਨ+ਆਕਸੀਜਨ) ਨਾਲ਼ ਪਾਣੀ ਵਜੂਦ ’ਚ ਆਇਆ।

38 ਕਰੋੜ ਸਾਲ ਪੂਰਵ ਧਰਤੀ ਨਾਲ਼ ਵੱਡਾ ਪੱਥਰ ਟਕਰਾਇਆ, ਜਿਸ ਨਾਲ਼ ਇਸ ਦਾ ਘੁੰਮਣਾ ਕੁਝ ਹੌਲ਼ੀ ਹੋ ਕੇ ਇੱਕ ਦਿਨ 22 ਘੰਟੇ ਦਾ ਹੋ ਗਿਆ।  35 ਕਰੋੜ ਸਾਲ ਪੂਰਵ ਕੁਝ ਸਮੁੰਦਰੀ ਜੀਵਾਂ ਨੇ ਧਰਤੀ ’ਤੇ ਆਉਣਾ ਸ਼ੁਰੂ ਕੀਤਾ।  23 ਕਰੋੜ ਸਾਲ ਪੂਰਵ ਡਾਇਨਾਸੌਰ ਯੁੱਗ ਸ਼ੁਰੂ ਹੋਇਆ।  20 ਕਰੋੜ ਸਾਲ ਪੂਰਵ ਧਰਤੀ ’ਤੇ ਚੱਲਣ ਵਾਲ਼ੇ ਜੀਵ ਉੱਡਣ ਲੱਗੇ ।  6.5 ਕਰੋੜ ਸਾਲ ਪੂਰਵ ਧਰਤੀ ’ਤੇ ਉਲਕਾ ਪਿੰਡਾਂ (ਟੁੱਟੇ ਹੋਏ ਤਾਰਿਆਂ) ਦਾ ਮੁੜ ਕਹਿਰ ਵਾਪਰਿਆ, ਜਿਸ ਨਾਲ਼ ਲੰਮਾ ਸਮਾਂ ਧਰਤੀ ’ਤੇ ਸੂਰਜ ਦੀ ਰੌਸ਼ਨੀ ਨਾ ਆਉਣ ਕਾਰਨ 25 ਕਿਲੋਗ੍ਰਾਮ ਤੋਂ ਵੱਧ ਭਾਰੀ ਜੀਵਾਂ ਦਾ ਆਕਸੀਜਨ ਦੀ ਕਮੀ ਨਾਲ਼ ਖ਼ਾਤਮਾ ਹੋ ਗਿਆ।

6 ਕਰੋੜ 30 ਲੱਖ ਸਾਲ ਪੂਰਵ ਛੋਟੇ ਥਣਧਾਰੀ ਜੀਵ ਵਜੂਦ ’ਚ ਆਏ।   4.5 ਕਰੋੜ ਤੋਂ 60 ਲੱਖ ਸਾਲ ਪੂਰਵ ਦੌਰਾਨ ਚਿੰਪਾਂਜੀ ਨਸਲ ਬਣੀ, ਜੋ ਅਗਾਂਹ 45 ਲੱਖ ਸਾਲਾਂ ’ਚ ਜੰਗਲੀ ਮਾਨਵ ਬਣੀ ਤੇ 15 ਤੋਂ 14 ਲੱਖ ਸਾਲ ਪੂਰਵ ਇਨ੍ਹਾਂ ਨੇ ਗਰਮੀਆਂ ’ਚ ਲੱਗਦੀ ਅੱਗ ਬੁਝਾਉਣੀ ਸਿੱਖ ਲਈ।   8 ਲੱਖ ਵਰ੍ਹੇ ਤੋਂ 4 ਲੱਖ ਵਰ੍ਹਾ ਪਹਿਲਾਂ ਤੱਕ ਅਜੋਕੇ ਮਨੁੱਖ ਦੇ ਹੱਥ ਤੇ ਦਿਮਾਗ਼ ਤੋਂ ਇਲਾਵਾ ਬਾਕੀ ਦੇ ਸਾਰੇ ਵਿਕਸਤ ਅੰਗਾਂ ਵਾਲ਼ੀ ਪਹਿਲੀ ਮਨੁੱਖੀ ਨਸਲ ‘ਹੋਮੋ ਇਰੈਕਟਸ’ ਨੇ ਅੱਗ ਮਚਾਉਣੀ ਸਿੱਖੀ।  75 ਹਜ਼ਾਰ ਸਾਲ ਪੂਰਵ ਮਨੁੱਖ ਨੇ ਗੁਫ਼ਾ ਦਾ ਨਿਰਮਾਣ ਅਤੇ ਖਾਣਾ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ।  15 ਹਜ਼ਾਰ ਸਾਲ ਪੂਰਵ ਖੇਤੀਬਾੜੀ ਕਰਨ ਦੀ ਆਰੰਭਤਾ ਹੋਈ ਮੰਨੀ ਗਈ, ਇੱਥੋਂ ਹੀ ਸ਼ਾਇਦ ਧਰਮ ਪ੍ਰਤੀ ਕੋਈ ਆਸਥਾ ਪਨਪੀ ਜਾਪਦੀ ਹੈ।

ਆਰੀਅਨ ‘ਸਤਿਯੁੱਗ, ਤ੍ਰੇਤਾ, ਦੁਆਪਰ, ਕਲਿਯੁੱਗ ਦਾ ਵਿਸ਼ਵਾਸ ਮਾਤਰ 5000 ਸਾਲ ਪੂਰਵ ਤੋਂ ਅਰੰਭ ਹੋਇਆ ਹੈ ਭਾਵ 5000 ਸਾਲ ਤੋਂ ਪਹਿਲਾਂ ਇਨ੍ਹਾਂ ਦੀ ਕੋਈ ਵੀ ਧਾਰਮਿਕ ਰਹੁ-ਰੀਤੀ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦੁਆਰਾ ‘‘ਦਿਵਸੁ ਰਾਤਿ ਦੁਇ, ਦਾਈ ਦਾਇਆ’’ ਦੇ ਹਵਾਲੇ ਤੋਂ ਪਹਿਲੀ ਤੁਕ ‘‘ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ’’ ’ਚ ਦਰਜ ਗੁਰੂ ਦਾ ਅਰਥ ਰੂਹਾਨੀਅਤ ਨਾ ਹੋ ਕੇ ਕੁਦਰਤ ਨੂੰ ਬਣਾਉਣ ਬਾਰੇ ਰੱਬੀ ਨੇਮ, ਰਾਜ਼, ਰਹੱਸ ਜਾਂ ਭੇਤ ਵਗ਼ੈਰਾ ਹੋ ਸਕਦਾ ਹੈ।

ਭਾਈ ਕਾਨ੍ਹ ਸਿੰਘ ਜੀ ਨਾਭਾ ਵੀ (ਮਹਾਨ ਕੋਸ਼ ’ਚ) ਗੁਰੁ ਦਾ ਇੱਕ ਅਰਥ, ‘ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)’, ਮੰਨਦੇ ਹਨ।  ‘ਸਿੱਧਾਂਤ ਦੀ ਕੂੰਜੀ’ ਤੋਂ ਭਾਵ ਕੁਦਰਤ ਰਚਣ ਦਾ ਰਾਜ਼, ਰਹੱਸ, ਭੇਤ, ਗੁਰ’ ਵਧੇਰੇ ਸਹੀ ਜਾਪਦਾ ਹੈ।)

ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ    

ਉਚਾਰਨ : ਮਹੱਤ (ਮਹਤੁ ਨੂੰ ਲੱਗਾ ਅੰਤ ਔਂਕੜ ਇੱਕ ਵਚਨ ਦਾ ਸੰਕੇਤ ਨਹੀਂ ਬਲਕਿ ਮਹਤ੍ਵ ਭਾਵ ਮੂਲਕ ਹੈ; ਜਿਵੇਂ ਕਿ ਵਿਸੁ ਦਾ ਔਂਕੜ ਵਿਸ੍ਵ, ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ.. ’’ ਮ: ੩, ਪੰਨਾ ੯੨੨)।

(ਕੁਦਰਤ ਦਾ ਰਾਜ਼) ‘ਗੁਰ’ ਹਵਾ (ਹਾਈਡਰੋਜਨ ਗੈਸ ਹੈ, ਜਿਸ ਨੇ ਗੁਰੁਤਾਕਰਸ਼ਨ (Gravity attraction) ਨਾਲ਼ ਹੀਲੀਅਸ ’ਚ ਤਬਦੀਲ ਹੋ ਕੇ ਪ੍ਰਕਾਸ਼ ਨੂੰ ਜਨਮ ਦਿੱਤਾ ਤੇ ਆਕਸੀਜਨ ਨਾਲ਼ ਮਿਲ ਕੇ ਪਾਣੀ ਬਣਾਇਆ। ਪਾਣੀ ਤੇ ਮਿੱਟੀ ਦੀ ਆਪਸੀ ਗਰਮਾਇਸ਼ ਨੇ ਜ਼ਿੰਦਗੀ ਅਰੰਭ ਕੀਤੀ, ਜਿਸ ਕਰ ਕੇ) ਪਾਣੀ ਜਗਤ ਪਿਤਾ ਅਤੇ ਵੱਡੀ ਮਾਤਾ (ਜਨਮਦਾਤੀ) ਧਰਤੀ (ਮਿੱਟੀ) ਬਣ ਗਈ।

(ਨੋਟ : ਇਕ ਖ਼ਾਲੀ ਬਰਤਨ ’ਚ ਸੁੱਕਾ (ਨਮੀ ਰਹਿਤ) ਘਾਹ-ਫੂਸ ਤੇ ਪਾਣੀ ਭਰਨ ਨਾਲ਼ ਕੁਝ ਦਿਨਾਂ ’ਚ ਛੋਟੇ-ਛੋਟੇ ਜੀਵਾਣੂ ਨਜ਼ਰ ਆਉਣਗੇ, ਜੋ ਕਿ ਪਾਣੀ ਪਿਤਾ ਅਤੇ ਸੁੱਕਾ ਘਾਹ (ਮਿੱਟੀ ਮਾਤਾ) ਹੋਣ ਦੀ ਮਿਸਾਲ ਹਨ। ਹਰ ਜ਼ਿੰਦਗੀ ਦੇ ਕੁੱਲ ਭਾਰ ’ਚ 3 ਹਿੱਸੇ ਪਾਣੀ ਹੁੰਦਾ ਹੈ, ਇਹੀ (1/3) ਅਨੁਪਾਤ ਸੁੱਕੀ ਭੂਮੀ ਅਤੇ ਸਮੁੰਦਰੀ ਜਲ ਦਾ ਵੀ ਹੈ।)

ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ

ਦਿਨ (ਸੂਰਜ/ਪ੍ਰਕਾਸ਼) ਰੂਪ ‘ਦਾਇਆ’ (ਖਿਡਾਵਾ) ਭਾਵ ਖਾਣ ਪੀਣ ਵੱਲ ਪ੍ਰੇਰਦਾ ਹੈ ਤੇ ਰਾਤ ਰੂਪ ਦਾਈ (ਖਿਡਾਵੀ) ਆਰਾਮ ਕਰਵਾਉਣ ਲਈ ਸੁਲਾ ਦੇਂਦੀ ਹੈ, (ਇਨ੍ਹਾਂ ਦੋਵੇਂ ਸਮਿਆਂ ’ਚ) ਸਾਰਾ ਸੰਸਾਰ ਖੇਡਦਾ, ਜੂਝਦਾ ਹੈ, ‘‘ਰੈਣਿ (ਰਾਤ) ਗਵਾਈ ਸੋਇ ਕੈ; ਦਿਵਸੁ ਗਵਾਇਆ ਖਾਇ (ਖਾ ਕੇ) ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ’’ (ਮਹਲਾ ੧, ਪੰਨਾ ੧੫੬)

ਚੰਗਿਆਈਆ ਬੁਰਿਆਈਆ; ਵਾਚੈ ਧਰਮੁ, ਹਦੂਰਿ    ਉਚਾਰਨ : ਚੰਗਿਆਈਆਂ, ਬੁਰਿਆਈਆਂ।

ਜੀਵਾਂ ਦੁਆਰਾ ਕੀਤੇ ਜਾਂਦੇ ਚੰਗੇ ਮੰਦੇ ਕੰਮਾਂ ਨੂੰ (ਕਣ ਕਣ ’ਚ ਵਿਆਪਕ ਰਾਮੁ ਦੇ) ਦਰਬਾਰ ਵਿੱਚ (ਉਸ ਦਾ) ਧਰਮੁ (ਇਨਸਾਫ਼-ਤਰਾਜ਼ੂ ਰੋਜ਼ਾਨਾ) ਪਰਖਦਾ, ਤੋਲਦਾ ਹੈ ਭਾਵ ਸੁਭਾਅ ਘੜਦਾ ਹੈ।

(ਨੋਟ : ਉਕਤ ਪੰਕਤੀ ’ਚ ਦਰਜ ‘ਧਰਮੁ’ ਸ਼ਬਦ ਦੇ ਆਮ ਤੌਰ ’ਤੇ ਅਰਥ ਸਨਾਤਨ ਮੱਤ ਨੂੰ ਆਧਾਰ ਬਣਾ ਕੇ ‘ਧਰਮਰਾਜ’ ਕੀਤੇ ਜਾਂਦੇ ਹਨ, ਪਰ ਗੁਰਬਾਣੀ ਵਿੱਚ ‘ਧਰਮੁ’ ਸ਼ਬਦ 102 ਵਾਰ ਆਇਆ ਹੈ, ਜਿਨ੍ਹਾਂ ’ਚੋਂ ਕੇਵਲ 6 ਵਾਰ ‘ਧਰਮੁ’ ਦੇ ਅਰਥ ‘ਧਰਮਰਾਜ’ ਜਾਂ ‘ਯਮਰਾਜ’ ਤਦ ਹੁੰਦੇ ਹਨ, ਜਦ ‘ਧਰਮੁ’ ਸ਼ਬਦ ਦੇ ਨਾਲ਼ ‘ਚਿਤਰ-ਗੁਪਤ, (ਧਰਮਰਾਜ ਦੇ) ਦੂਤ ਜਾਂ ਰਾਜਾ’ ਸ਼ਬਦ ਵੀ ਮੌਜੂਦ ਹੋਣ; ਜਿਵੇਂ ਕਿ

ਗਾਵਹਿ ਤੁਹ ਨੋ, ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ॥ (ਜਪੁ)

ਗਾਵਹਿ, ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ॥ (ਜਪੁ)

ਗਾਵਨਿ ਤੁਧ ਨੋ, ਪਵਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ॥ (ਸੋ ਦਰੁ, ਮ: ੧, ਪੰਨਾ ੯)

ਗਾਵਨਿ ਤੁਧ ਨੋ, ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ॥ (ਸੋ ਦਰੁ, ਮ: ੧, ਪੰਨਾ ੯)

ਗਾਵਨਿ੍ ਤੁਧ ਨੋ, ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ‘ਧਰਮੁ’ ਵੀਚਾਰੇ ॥ (ਆਸਾ, ਸੋ ਦਰੁ, ਪੰਨਾ ੩੪੭)

ਜੈ ਜੈ ਧਰਮੁ (ਧਰਮਰਾਜ) ਕਰੇ; ਦੂਤ ਭਏ ਪਲਾਇਣ ॥ (ਮ: ੫, ਪੰਨਾ ੪੬੦)

ਧਿਆਨ ਰਹੇ ਕਿ ਗੁਰਬਾਣੀ ’ਚ ਸਨਾਤਨੀ ‘ਧਰਮਰਾਜ’ ਤੇ ‘ਯਮਰਾਜ’ ਲਈ 44 ਵਾਰ ਧਰਮਰਾਇ ਸ਼ਬਦ ਵੀ ਮੌਜੂਦ ਹੈ; ਜਿਵੇਂ ਕਿ

ਤਿਸ ਨੋ ਜੋਹਹਿ; ਦੂਤ ਧਰਮਰਾਇ ॥ (ਮ: ੫, ਪੰਨਾ ੧੯੫)

ਧਰਮਰਾਇ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ॥ (ਮ: ੩, ਪੰਨਾ ੩੮)

ਲੇਖਾ ਧਰਮਰਾਇ ਕੀ ਬਾਕੀ; ਜਪਿ ਹਰਿ ਹਰਿ ਨਾਮੁ ਕਿਰਖੈ ॥ (ਮ: ੪, ਪੰਨਾ ੭੮)

ਧਰਮਰਾਇ ਹੈ ਹਰਿ ਕਾ ਕੀਆ; ਹਰਿ ਜਨ ਸੇਵਕ ਨੇੜਿ ਨ ਆਵੈ ॥ (ਮ: ੪, ਪੰਨਾ ੫੫੫)

ਧਰਮਰਾਇ ਹੈ ਦੇਵਤਾ; ਲੈ ਗਲਾ ਕਰੇ ਦਲਾਲੀ ॥ (ਬਲਵੰਡ ਸਤਾ, ਪੰਨਾ ੯੬੭), ਆਦਿ।

ਸੋ, ਵਿਚਾਰ ਅਧੀਨ ‘‘ਵਾਚੈ ਧਰਮੁ, ਹਦੂਰਿ’’ ਪੰਕਤੀ ’ਚ ਧਰਮੁ ਦਾ ਅਰਥ ਕਾਲਪਨਿਕ ‘ਧਰਮਰਾਜ’ ਕਰਨ ਦੀ ਬਜਾਇ ਰੱਬੀ ‘ਨਿਯਮ ਜਾਂ ਇਨਸਾਫ਼ ਘਰ’ ਵਧੇਰੇ ਗੁਰਮਤਿ ਅਨੁਕੂਲ ਜਾਪਦਾ ਹੈ। 

ਕਿਸੇ ਮੁਲਕ ਦੀ ਸੰਸਦ, ਆਪਣੇ ਕਨੂੰਨ (ਸੰਵਿਧਾਨ) ਨੂੰ ਬਣਾਉਂਦੀ ਹੈ ਤੇ ਉਹੀ ਸੰਵਿਧਾਨ ਆਪਣੀ ਕਸੌਟੀ ’ਤੇ ਕਸੂਰਵਾਰ ਦੇ ਗੁਨਾਹ ਨੂੰ ਲਗਾ ਕੇ ਸਜ਼ਾ ਦਿੰਦਾ ਹੈ, ਨਾ ਕਿ ਕਨੂੰਨ ਬਣਾਉਣ ਵਾਲ਼ੀ ਕੋਈ ਸੰਸਦ, ਅਪਰਾਧੀ ਨੂੰ ਸਜ਼ਾ ਦਿੰਦੀ ਹੈ। ਇਸੇ ਤਰ੍ਹਾਂ ਰੱਬੀ ਇਨਸਾਫ਼ (ਨਿਯਮ) ਹਰ ਦਿਨ ਮਨੁੱਖਾ ਸੋਚ ਦੇ ਹਿਸਾਬ ਕਿਤਾਬ ਨੂੰ ਪਰਖਦਾ ਹੈ ਤੇ ਅਗਾਂਹ ਲਈ ਸੁਭਾਅ ਨਿਸ਼ਚਿਤ ਕਰਦਾ ਹੈ, ਇਹ ਸੁਭਾਅ ਹੀ ਦੁੱਖ-ਸੁੱਖ ਦਿਵਾਉਂਦਾ ਹੈ,  ਇਸ ਨੂੰ ‘‘ਵਾਚੈ ਧਰਮੁ, ਹਦੂਰਿ’’ ਨਾਲ਼ ਮਿਲਾ ਕੇ ਵੇਖਣਾ ਗ਼ਲਤ ਨਹੀਂ ਕਿਹਾ ਜਾ ਸਕਦਾ।)

ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ

ਆਪੋ ਆਪਣੇ ਕੀਤੇ ਗਏ ਕਰਮ ਅਨੁਸਾਰ ਕਈ ਰੱਬ ਨੂੰ ਯਾਦ ਰੱਖਣ ਕਾਰਨ ਉਸ ਦੇ ਨੇੜੇ ਰਹਿੰਦੇ ਹਨ ਤੇ ਕਈ ਉਸ ਨੂੰ ਭੁਲਾ ਦੇਣ ਕਾਰਨ ਦੂਰ ਹੋ ਜਾਂਦੇ ਹਨ (ਭਾਵ ਰੱਬ ਨੂੰ ਯਾਦ ਕਰਨ ਵਾਲ਼ਾ ਅੰਤ ਨੂੰ ਉਸ ਵਿੱਚ ਲੀਨ ਹੋ ਜਾਂਦਾ ਹੈ ਅਤੇ ਰੱਬ ਤੋਂ ਦੂਰ ਰਹਿਣ ਵਾਲ਼ਾ ਅੰਤ ਨੂੰ ‘‘ਜਮਿ ਜਮਿ ਮਰੈ; ਮਰੈ, ਫਿਰਿ ਜੰਮੈ ’’ (ਮਹਲਾ , ਪੰਨਾ ੧੦੨੦) ਪੈਂਡਾ ਅਖ਼ਤਿਆਰ ਕਰ ਲੈਂਦਾ ਹੈ।)

ਜਿਨੀ, ਨਾਮੁ ਧਿਆਇਆ; ਗਏ ਮਸਕਤਿ ਘਾਲਿ      ਉਚਾਰਨ : ਜਿਨ੍ਹੀਂ, ਮਸ਼ੱਕਤ।

(ਗੁਰੂ ਦੀ ਮਿਹਰ ਨਾਲ਼) ਜਿਨ੍ਹਾਂ ਨੇ ਰੱਬ ਦਾ ਨਾਮ ਯਾਦ ਕੀਤਾ, ਉਹ ਆਪਣੇ ਸ਼੍ਰਮ (ਮਸ਼ੱਕਤ) ਨੂੰ ਫਲ਼ਦਾਇਕ ਬਣਾ ਗਏ, ਸੰਸਾਰਕ ਇਮਤਿਹਾਨ ’ਚੋਂ ਪਾਸ ਹੋ ਗਏ, ਧਰਮਸ਼ਾਲ ਦਾ ਨਾਂ ਰੌਸ਼ਨ ਕਰ ਗਏ।

ਨਾਨਕ  !  ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ

ਹੇ ਨਾਨਕ  ! (ਅਜਿਹੀ ਜੀਵਨਸ਼ੈਲੀ ਕਾਰਨ) ਉਨ੍ਹਾਂ ਦੇ ਚਿਹਰੇ ਸਦਾ ਸੁਰਖ਼ਰੂ ਹੋ ਗਏ ਕਿਉਂਕਿ ਉਨ੍ਹਾਂ ਦੀ ਸੰਗਤ ਨਾਲ਼ ਹੋਰ ਵੀ ਲੁਕਾਈ (ਭ੍ਰਮਜਾਲ ’ਚੋਂ) ਮੁਕਤ ਹੋ ਗਈ (ਭਾਵ ਰੱਬ ਦਾ ਨਾਮ ਜਪਣ ਲੱਗ ਗਈ)।

ਜਪੁ ਬਾਣੀ ਨਾਨਕ ਪਦ ਦਾ ਪ੍ਰਯੋਗ ਕਰਨ ਦਾ ਨਿਯਮ

ਜਪੁ ਬਾਣੀ ’ਚ 38 ਪਉੜੀਆਂ ਅਤੇ 2 ਸਲੋਕ (ਇੱਕ ਅਗੇਤਰ ਤੇ ਇੱਕ ਪਿਛੇਤਰ) ਹੈ, ਜਿਨ੍ਹਾਂ ਮੁਤਾਬਕ 40 ਵਾਰ ‘ਨਾਨਕ ਜਾਂ ਨਾਨਕੁ’ ਸ਼ਬਦ ਦਰਜ ਹੋਣਾ ਚਾਹੀਦਾ ਸੀ ਪਰ ਦਰਜ ਕੇਵਲ 30 ਵਾਰ ਹੈ, ਇਨ੍ਹਾਂ ’ਚੋਂ ਹੀ ਦੋ ਪਉੜੀਆਂ ’ਚ 2-2 ਵਾਰ ਹੈ ਅਤੇ 12 ਪਉੜੀਆਂ ’ਚ ‘ਨਾਨਕ ਜਾਂ ਨਾਨਕੁ’ ਸ਼ਬਦ ਦਰਜ ਨਹੀਂ।  ਜਪੁ ਪਉੜੀ ਤਰਤੀਬ ਮੁਤਾਬਕ ਵਿਚਾਰ ਹੇਠਾਂ ਕੀਤੀ ਜਾ ਰਹੀ ਹੈ।

(1). ਜਪੁ ਬਾਣੀ ’ਚ ਦਰਜ ਦੋਵੇਂ ਸਲੋਕਾਂ ’ਚ ‘ਨਾਨਕ’ ਪਦ ਇਉਂ ਦਰਜ ਹੈ :

ਹੈ ਭੀ ਸਚੁ, ਨਾਨਕ  ! ਹੋਸੀ ਭੀ ਸਚੁ ॥੧॥ (ਅਗੇਤਰ ਸਲੋਕ)

ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥ (ਪਿਛੇਤਰ ਸਲੋਕ)

(2). ‘ਜਪੁ’ ਬਾਣੀ ਦੀਆਂ 1 ਤੋਂ 5 ਪਉੜੀਆਂ ’ਚ ਤਰਤੀਬ ਵਾਰ ‘ਨਾਨਕ’ ਪਦ ਇਉਂ ਦਰਜ ਹੈ :

ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ॥੧॥

ਨਾਨਕ  !  ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥

ਨਾਨਕ  !  ਵਿਗਸੈ ਵੇਪਰਵਾਹੁ ॥੩॥

ਨਾਨਕ  !  ਏਵੈ ਜਾਣੀਐ; ਸਭੁ ਆਪੇ ਸਚਿਆਰੁ ॥੪॥

ਨਾਨਕ  !  ਗਾਵੀਐ ਗੁਣੀ ਨਿਧਾਨੁ ॥੫॥

(ਨੋਟ : ਉਕਤ ਪੰਜਵੀਂ ਪਉੜੀ ਦੀ ਸਮਾਪਤੀ ਗੁਰੂ ਨੂੰ ਬੇਨਤੀ (ਸੰਬੋਧਨ) ‘‘ਗੁਰਾ  ! ਇਕ ਦੇਹਿ ਬੁਝਾਈ ’’ ਰੂਪ ’ਚ ਹੋਣ ਕਾਰਨ ‘‘ਨਾਨਕ  ! ਗਾਵੀਐ ਗੁਣੀ ਨਿਧਾਨੁ ’’ ਤੁਕ ੫ਵੀਂ ਪਉੜੀ ਦੇ ਅਰੰਭ ’ਚ ਹੀ ਆ ਗਈ ਅਤੇ ਇਸ ਤੋਂ ਅਗਲੀ 6ਵੀਂ ਪਉੜੀ ਵੀ ‘ਗੁਰੂ’ ਬੇਨਤੀ ‘‘ਗੁਰਾ  ! ਇਕ ਦੇਹਿ ਬੁਝਾਈ ’’ ਨਾਲ਼ ਸਮਾਪਤ ਹੋਣ ਕਾਰਨ ਇੱਥੇ ਛੇਵੀਂ ਪਉੜੀ ’ਚ ‘ਨਾਨਕ’ ਪਦ ਦਰਜ ਨਹੀਂ।)

(3). ਜਪੁ ਬਾਣੀ ਦੀਆਂ 7 ਤੋਂ 11 ਪਉੜੀਆਂ ’ਚ ‘ਨਾਨਕ’ ਪਦ ਇਉਂ ਦਰਜ ਹੈ :

ਨਾਨਕ  ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ਦੇ ॥੭॥

ਨਾਨਕ  ! ਭਗਤਾ ਸਦਾ ਵਿਗਾਸੁ ॥੮॥

ਨਾਨਕ  ! ਭਗਤਾ ਸਦਾ ਵਿਗਾਸੁ ॥੯॥

ਨਾਨਕ  ! ਭਗਤਾ ਸਦਾ ਵਿਗਾਸੁ ॥੧੦॥

ਨਾਨਕ  ! ਭਗਤਾ ਸਦਾ ਵਿਗਾਸੁ ॥੧੧॥

(ਨੋਟ : ਅਗਾਂਹ 4 ਪਉੜੀਆਂ (12 ਤੋਂ 15) ‘ਮੰਨੈ’ ਵਿਸ਼ੇ ਨਾਲ਼ ਸਬੰਧਿਤ ਹੋਣ ਕਾਰਨ ਪਹਿਲੀਆਂ ਤਿੰਨ ’ਚ ‘ਨਾਨਕ’ ਪਦ ਦੇਣ ਦੀ ਬਜਾਇ ਕੇਵਲ ਅੰਤਮ 15 ਵੀਂ ਪਉੜੀ ’ਚ ‘ਨਾਨਕ’ ਪਦ ਇਉਂ ਦਰਜ ਹੈ, ‘‘ਮੰਨੈ, ਨਾਨਕ  ! ਭਵਹਿ ਭਿਖ ੧੫’’

ਧਿਆਨ ਰਹੇ ਕਿ ਇਸ ਤੋਂ ਪਹਿਲਾਂ 4 ਪਉੜੀਆਂ (7 ਤੋਂ 11) ਸੁਣਿਐ ਵਿਸ਼ੇ ਨਾਲ਼ ਸਬੰਧਿਤ ਹੋਣ ਕਾਰਨ (‘ਮੰਨੈ’ ਵਾਙ) ਕੇਵਲ ਅੰਤਮ 11ਵੀਂ ਪਉੜੀ ’ਚ ‘ਨਾਨਕ’ ਪਦ ਦਰਜ ਕਿਉਂ ਨਹੀਂ, ਇਸ ਦਾ ਜਵਾਬ ਹੈ ਕਿ ‘ਸੁਣਿਐ’ ਤੋਂ ਭਾਵ ‘ਸੁਣਨ ਨਾਲ਼’ ਪਰ ਕੀ  ? ਜਵਾਬ ‘ਗੁਰੂ ਨਾਨਕ ਦੀ ਸਿਖਿਆ’, ਇਸ ਲਈ ‘ਨਾਨਕ’ ਸ਼ਬਦ ਹਰ ਪਉੜੀ ’ਚ ਦਰਜ ਕਰਨਾ ਜ਼ਰੂਰੀ ਸਮਝਿਆ ਗਿਆ ਅਤੇ ‘ਮੰਨੈ’ ਵਿੱਚ ਹੁਣ ਇਹ ਸਵਾਲ ਨਾ ਰਿਹਾ ਕਿ ‘ਕੀ ਮੰਨੈ’ ? ਕਿਉਂਕਿ ਜੋ ਪਹਿਲਾਂ ‘ਸੁਣਿਐ’; ਉਹੀ ‘ਮੰਨਣ ਨਾਲ਼’, ਇਸ ਲਈ ਸੰਖੇਪਤਾ ਮਾਤਰ ਕੇਵਲ ਅੰਤਮ 15ਵੀਂ ਪਉੜੀ ’ਚ ਦੀ ‘ਨਾਨਕ’ ਪਦ ਦਰਜ ਕੀਤਾ ਗਿਆ।)

(4). ‘ਜਪੁ’ ਬਾਣੀ ਦੀਆਂ ਅਗਲੀਆਂ 4 ਪਉੜੀਆਂ (16 ਤੋਂ 19) ’ਚ ਪਉੜੀ ਦਾ ਸਮਾਪਤੀ ਵਿਸ਼ਾ ‘‘ਕੁਦਰਤਿ ਕਵਣ  ? ਕਹਾ ਵੀਚਾਰੁ ਵਾਰਿਆ ਜਾਵਾ, ਏਕ ਵਾਰ ਜੋ ਤੁਧੁ ਭਾਵੈ, ਸਾਈ ਭਲੀ ਕਾਰ ਤੂ ਸਦਾ ਸਲਾਮਤਿ ਨਿਰੰਕਾਰ ’’ ਹੋਣ ਕਾਰਨ ‘ਨਾਨਕ’ ਪਦ ਅੰਤਮ ੧੯ਵੀਂ ਪਉੜੀ ’ਚ ਆਉਣਾ ਚਾਹੀਦਾ ਸੀ, ਪਰ ੧੮ਵੀਂ ਪਉੜੀ ਦੀ ਅਰੰਭਤਾ ‘‘ਅਸੰਖ ਮੂਰਖ ਅੰਧ ਘੋਰ’’ ਨਕਾਰਾਤਮਕ ਵਿਸ਼ੇ ਨਾਲ਼ ਹੋਣ ਕਾਰਨ ਮਤਾਂ ਕੋਈ ‘ਨਾਨਕ’ ਅੰਦਰ ਅਹੰਕਾਰ ਦੀ ਬੂ (ਬੋ) ਆਉਂਦੀ ਵੇਖਦਾ, ਇਸ ਲਈ ‘ਨਾਨਕ’ ਪਦ ੧੯ਵੀਂ ਪਉੜੀ ’ਚ ਦੇਣ ਦੀ ਬਜਾਇ ੧੮ਵੀਂ ਪਉੜੀ ’ਚ ਹੀ ਦਰਜ ਕਰ ਦਿੱਤਾ ਗਿਆ; ਜਿਵੇਂ ਕਿ ‘‘ਨਾਨਕੁ ਨੀਚੁ ਕਹੈ ਵੀਚਾਰੁ ੧੮’’ ਅਤੇ 16, 17 ਤੇ 19 ਪਉੜੀਆਂ ‘ਨਾਨਕ’ ਪਦ ਮੁਕਤ ਰੱਖੀਆਂ ਗਈਆਂ।

(5). ਜਪੁ ਬਾਣੀ ਦੀ ੨੦ਵੀਂ ਪਉੜੀ, ਜਿਸ ਦੀ ਅਰੰਭਤਾ ‘‘ਭਰੀਐ; ਹਥੁ, ਪੈਰੁ, ਤਨੁ, ਦੇਹ ’’ ਨਾਲ਼ ਹੁੰਦੀ ਹੈ, ਉਸ ਦੀ ਸਮਾਪਤੀ ’ਚ ‘ਨਾਨਕ’ ਪਦ ਇਉਂ ਦਰਜ ਹੈ, ‘‘ਨਾਨਕ  ! ਹੁਕਮੀ ਆਵਹੁ ਜਾਹੁ ੨੦’’

(6). ਜਪੁ ਬਾਣੀ ਦੀ ੨੧ਵੀਂ ਪਉੜੀ, ਜਿਸ ਦੀ ਅਰੰਭਤਾ ‘‘ਤੀਰਥੁ, ਤਪੁ, ਦਇਆ; ਦਤੁ ਦਾਨੁ ॥’’ ਨਾਲ਼ ਹੁੰਦੀ ਹੈ, ਉਸ ਵਿੱਚ ਨਾਨਕ ਪਦ ਦੋ ਵਾਰ ਦਰਜ ਹੈ, ਇਸ ਦਾ ਕਾਰਨ ਪਉੜੀ ਦੇ ਵਿਚਕਾਰ ‘‘ਇਕ ਦੂ ਇਕੁ ਸਿਆਣਾ ’’ ਰੂਪ ਨਕਾਰਾਤਮਕ ਵਿਸ਼ਾ ਫਿਰ ਸ਼ਾਮਲ ਹੋਣਾ, ‘‘ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ੨੧’’, ਇਸ ਲਈ ਗੁਰੂ ਸਾਹਿਬ ਨੇ ‘ਨਾਨਕ’ ਪਦ ਵਾਧੂ ਦਰਜ ਕਰਨਾ ਉਚਿਤ ਸਮਝਿਆ ਤੇ ਪਉੜੀ ਦੀ ਸਮਾਪਤੀ ’ਚ ਲਿਖਤ ਮੁਤਾਬਕ ਫਿਰ ‘ਨਾਨਕ’ ਪਦ ਦਰਜ ਕੀਤਾ ਗਿਆ, ‘‘ਨਾਨਕ  ! ਜੇ ਕੋ ਆਪੌ ਜਾਣੈ; ਅਗੈ ਗਇਆ ਸੋਹੈ ੨੧’’

(7). ਜਪੁ ਬਾਣੀ ਦੀ ੨੨ਵੀਂ ਪਉੜੀ, ਜਿਸ ਦੀ ਅਰੰਭਤਾ ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ’’ ਨਾਲ਼ ਹੁੰਦੀ ਹੈ, ਦੀ ਸਮਾਪਤੀ ’ਚ ਇਉਂ ਨਾਨਕ ਪਦ ਦਰਜ ਹੈ, ‘‘ਨਾਨਕ  ! ਵਡਾ ਆਖੀਐ; ਆਪੇ ਜਾਣੈ ਆਪੁ ੨੨’’ ਅਤੇ ਅਗਲੀ ੨੩ਵੀਂ ਪਉੜੀ ਦੀ ਅਰੰਭਤ ‘‘ਸਾਲਾਹੀ ਸਾਲਾਹਿ, ਏਤੀ ਸੁਰਤਿ ਪਾਈਆ ’’ ਅਤੇ ੨੪ਵੀਂ ਪਉੜੀ ਦੀ ਅਰੰਭਤਾ ‘‘ਅੰਤੁ ਸਿਫਤੀ, ਕਹਣਿ ਅੰਤੁ ’’ ਨਾਲ਼ ਹੁੰਦੀ ਹੈ, ਇਨ੍ਹਾਂ ਦੋਵੇਂ ਪਉੜੀਆਂ ’ਚ ਰੱਬ ਦੀ ਵਿਸ਼ਾਲਤਾ ਦਾ ਜ਼ਿਕਰ ਹੋਣ ਕਾਰਨ ੨੩ਵੀਂ ਪਉੜੀ ’ਚ ‘ਨਾਨਕ’ ਪਦ ਨਾ ਦੇ ਕੇ ਸਿੱਧਾ ੨੪ਵੀਂ ਪਉੜੀ ਦੀ ਸਮਾਪਤੀ ’ਚ ਇਉਂ ਦਰਜ ਕੀਤਾ ਗਿਆ, ‘‘ਜੇਵਡੁ ਆਪਿ ਜਾਣੈ ਆਪਿ ਆਪਿ ਨਾਨਕ  ! ਨਦਰੀ ਕਰਮੀ ਦਾਤਿ ੨੪’’

(8). ਜਪੁ ਬਾਣੀ ਦੀ ੨੫ਵੀਂ ਪਉੜੀ, ਜਿਸ ਦੀ ਅਰੰਭਤਾ ‘‘ਬਹੁਤਾ ਕਰਮੁ; ਲਿਖਿਆ ਨਾ ਜਾਇ ’’ ਨਾਲ਼ ਹੁੰਦੀ ਹੈ, ਦੀ ਸਮਾਪਤੀ ’ਚ ‘ਨਾਨਕ’ ਪਦ ਇਉਂ ਦਰਜ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’ ਅਤੇ ਅਗਲੀ ੨੬ਵੀਂ ਪਉੜੀ, ਜਿਸ ਦੀ ਅਰੰਭਤਾ, ‘‘ਅਮੁਲ ਗੁਣ ਅਮੁਲ ਵਾਪਾਰ ’’ ਨਾਲ਼ ਹੁੰਦੀ ਹੈ, ਦੀ ਸਮਾਪਤੀ ’ਚ ‘ਨਾਨਕ’ ਪਦ ਇਉਂ ਦਰਜ ਹੈ, ‘‘ਜੇਵਡੁ ਭਾਵੈ ਤੇਵਡੁ ਹੋਇ ਨਾਨਕ  ! ਜਾਣੈ ਸਾਚਾ ਸੋਇ ੨੬

(9). ਜਪੁ ਬਾਣੀ ਦੀ ੨੭ਵੀਂ ਪਉੜੀ, ਜਿਸ ਦੀ ਅਰੰਭਤਾ ‘‘ਸੋ ਦਰੁ ਕੇਹਾ  !  ਸੋ ਘਰੁ ਕੇਹਾ  !’’ ਨਾਲ਼ ਹੁੰਦੀ ਹੈ, ਇਸ ਵਿੱਚ ‘ਨਾਨਕ’ ਪਦ ਦੋ ਵਾਰ ਦਰਜ ਹੈ। ਪਉੜੀ ਦੀ ਸਮਾਪਤੀ ਤੋਂ ਇਲਾਵਾ ਇੱਕ ਵਾਰ ਵਿਚਕਾਰ ਤਦ ‘ਨਾਨਕ’ ਪਦ ਦੇਣਾ ਉਚਿਤ ਸਮਝਿਆ ਗਿਆ, ਜਦ ਗਾਵਹਿ ਵਿਸ਼ੇ ਨੂੰ ਸੰਕੋਚਣਾ ਸੀ; ਜਿਵੇਂ ਕਿ ‘‘ਹੋਰਿ ਕੇਤੇ ਗਾਵਨਿ; ਸੇ ਮੈ ਚਿਤਿ ਆਵਨਿ; ਨਾਨਕੁ ਕਿਆ ਵੀਚਾਰੇ ੨੭’’ ਅਤੇ ਪਉ ਦੀ ਸਮਾਪਤੀ ’ਚ ਮੁੜ ਇਉਂ ਦਰਜ ਹੈ, ‘‘ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ; ਨਾਨਕ  ! ਰਹਣੁ ਰਜਾਈ ੨੭’’

(10). ਜਪੁ ਬਾਣੀ ਦੀਆਂ ਅਗਲੀਆਂ 4 ਪਉੜੀਆਂ (28 ਤੋਂ 31), ਜਿਨ੍ਹਾਂ ਦੀ ਸਮਾਪਤੀ ‘‘ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ’’ ਵਿਸ਼ੇ ਨਾਲ਼ ਹੁੰਦੀ ਹੈ, ਇਨ੍ਹਾਂ ਦੀ ਕੇਵਲ ਅੰਤਮ ੩੧ਵੀਂ ਪਉੜੀ ’ਚ ‘ਨਾਨਕ’ ਪਦ ਇਉਂ ਦਰਜ ਕੀਤਾ ਗਿਆ, ‘‘ਕਰਿ ਕਰਿ ਵੇਖੈ ਸਿਰਜਣਹਾਰੁ ਨਾਨਕ  ! ਸਚੇ ਕੀ ਸਾਚੀ ਕਾਰ ੩੧

(11). ਜਪੁ ਬਾਣੀ ਦੀਆਂ ਅਗਲੀਆਂ 4 ਪਉੜੀਆਂ (32 ਤੋਂ 35) ‘ਨਾਨਕ’ ਪਦ ਨਾਲ਼ ਇਉਂ ਸਮਾਪਤ ਹੁੰਦੀਆਂ ਹਨ :

ਨਾਨਕ  ! ਨਦਰੀ ਪਾਈਐ; ਕੂੜੀ ਕੂੜੈ ਠੀਸ ॥੩੨॥

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ  ! ਉਤਮੁ ਨੀਚੁ ਨ ਕੋਇ ॥੩੩॥

ਕਚ ਪਕਾਈ ਓਥੈ ਪਾਇ ॥ ਨਾਨਕ  ! ਗਇਆ ਜਾਪੈ ਜਾਇ ॥੩੪॥

ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ  ! ਅੰਤੁ ਨ ਅੰਤੁ ॥੩੫॥

(12). ਜਪੁ ਬਾਣੀ ਦੀ ੩੬ਵੀਂ ‘‘ਸਰਮ ਖੰਡ ਕੀ ਬਾਣੀ ਰੂਪੁ ’’ ਵਾਲ਼ੀ ਪਉੜੀ ਅਤੇ ੩੭ਵੀਂ ਕਰਮਖੰਡ ਤੇ ਸਚਖੰਡਿ ਵਾਲ਼ੀ ਪਉੜੀ, ਜਿਨ੍ਹਾਂ ਬਾਰੇ ਵਚਨ ਹਨ ‘‘ਤਾ ਕੀਆ ਗਲਾ; ਕਥੀਆ ਨਾ ਜਾਹਿ ’’, ਇਸ ਲਈ ੩੬ਵੀਂ ਪਉੜੀ ’ਚ ‘ਨਾਨਕ’ ਪਦ ਦਰਜ ਕਰਨ ਦੀ ਬਜਾਇ ਸਿੱਧਾ ੩੭ਵੀਂ ਪਉੜੀ ਦੀ ਸਮਾਪਤੀ ’ਚ ਇਉਂ ਦਰਜ ਕੀਤਾ ਗਿਆ, ‘‘ਵੇਖੈ ਵਿਗਸੈ ਕਰਿ ਵੀਚਾਰੁ ਨਾਨਕ  ! ਕਥਨਾ ਕਰੜਾ ਸਾਰੁ ੩੭’’

(13). ਜਪੁ ਬਾਣੀ ਦੀ ਅੰਤਮ ੩੮ਵੀਂ ਪਉੜੀ, ਜਿਸ ਦੀ ਅਰੰਭਤਾ ‘‘ਜਤੁ ਪਾਹਾਰਾ, ਧੀਰਜੁ ਸੁਨਿਆਰੁ ’’ ਨਾਲ਼ ਹੁੰਦੀ ਹੈ, ਉਸ ਦੀ ਸਮਾਪਤੀ ’ਚ ‘ਨਾਨਕ’ ਮੋਹਰ ਲਗਾ ਕੇ ‘‘ਜਿਨ ਕਉ; ਨਦਰਿ ਕਰਮੁ, ਤਿਨ ਕਾਰ ਨਾਨਕ  ! ਨਦਰੀ ਨਦਰਿ ਨਿਹਾਲ ੩੮’’; ‘ਨਾਨਕ’ 30 ਸ਼ਬਦਾਂ ਨਾਲ਼ ਜਪੁ ਸੰਪੂਰਨ ਕੀਤਾ ਗਿਆ, ਜਿਸ ਵਿੱਚੋਂ 2 ਵਾਰ ਨਾਨਕੁ ਪਦ ਅੰਤ ਔਂਕੜ ਹੈ; ਜਿਵੇਂ ਕਿ

ਨਾਨਕੁ ਨੀਚੁ ਕਹੈ ਵੀਚਾਰੁ ॥੧੮॥

ਹੋਰਿ ਕੇਤੇ ਗਾਵਨਿ; ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥੨੭॥

http://gurparsad.com/jap-pori-no-25-to-33-part-4/

http://gurparsad.com/jap-pori-no-16-to-24-part-3/

http://gurparsad.com/jap-pori-no-4-to-15-part-2/

http://gurparsad.com/jap-pori-no-1-to-3-part-1/