ਗਰਭ ਅਤੇ ਸ਼ੱਕਰ ਰੋਗ

0
342

ਗਰਭ ਅਤੇ ਸ਼ੱਕਰ ਰੋਗ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਾਂ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਾਂ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।

ਕਿਸੇ ਵੀ ਆਮ ਬੰਦੇ ਵਿਚ ਦੋ ਖਾਣਿਆਂ ਵਿਚਕਾਰ ਜਾਂ ਨੀਂਦਰ ਦੌਰਾਨ ਲਹੂ ਵਿਚ ਸ਼ੱਕਰ ਦੀ ਮਾਤਰਾ ਘਟਦੀ ਨਹੀਂ, ਪਰ ਗਰਭ ਠਹਿਰਦੇ ਸਾਰ ਭਰੂਣ ਮਾਂ ਦੇ ਸਰੀਰ ਅੰਦਰੋਂ ਗਲੂਕੋਜ਼ ਖਿੱਚ ਕੇ ਪਲਾਸੈਂਟਾ ਵਿਚ ਜਮਾਂ ਕਰਨ ਲੱਗ ਪੈਂਦਾ ਹੈ ਤਾਂ ਜੋ ਉਸ ਦੇ ਵਧਣ ਫੁੱਲਣ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ। ਜੇ ਮਾਂ ਬਿਲਕੁਲ ਭੁੱਖੀ ਵੀ ਹੋਵੇ, ਤਾਂ ਵੀ ਭਰੂਣ ਆਪਣੀ ਪੂਰੀ ਖ਼ੁਰਾਕ ਮਾਂ ਦੇ ਲਹੂ ਵਿੱਚੋਂ ਖਿੱਚ ਲੈਂਦਾ ਹੈ। ਜਿਵੇਂ-ਜਿਵੇਂ ਗਰਭ ਦੇ ਮਹੀਨੇ ਵਧਦੇ ਹਨ, ਭਰੂਣ ਦੀ ਖ਼ੁਰਾਕ ਵਧਦੀ ਜਾਂਦੀ ਹੈ ਤੇ ਉਹ ਵੱਧ ਗਲੂਕੋਜ਼ ਖਿੱਚਣ ਲੱਗ ਪੈਂਦਾ ਹੈ ਜਿਸ ਨਾਲ ਮਾਂ ਦੀ ਸਰੀਰ ਦੀ ਸ਼ਕਰ ਦੀ ਮਾਤਰਾ ਹੋਰ ਘੱਟ ਜਾਂਦੀ ਹੈ। ਅੱਠਵੇਂ ਮਹੀਨੇ ਦੇ ਗਰਭ ਦੌਰਾਨ ਆਮ ਹਾਲਤ ਨਾਲੋਂ 24 ਘੰਟਿਆਂ ਦੀ ਸਰੀਰ ਵਿੱਚੋਂ ਨਿਕਲਦੀ ਇਨਸੂਲਿਨ ਦੀ ਮਾਤਰਾ 50 ਫੀਸਦੀ ਵੱਧ ਹੋ ਜਾਂਦੀ ਹੈ।

ਲਗਭਗ 3 ਤੋਂ 10 ਫੀਸਦੀ ਗਰਭਵਤੀ ਔਰਤਾਂ ਦੇ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਨੂੰ ਨਾਰਮਲ ਰੱਖਣ ਦੇ ਚੱਕਰ ਵਿਚ ਕੁੱਝ ਨਾ ਕੁੱਝ ਗੜਬੜ ਹੋ ਜਾਂਦੀ ਹੈ। ਇਸ ਨੂੰ ‘ਗਲੂਕੋਜ਼ ਇਨਟੌਲਰੈਂਸ’ ਕਹਿੰਦੇ ਹਨ। ਅਜਿਹੀ ਗਲੂਕੋਜ਼ ਦੀ ਗੜਬੜੀ ਹੀ ਗਰਭ ਦੌਰਾਨ ਸ਼ੱਕਰ ਦੀ ਵਕਤੀ ਬਿਮਾਰੀ ਸ਼ੁਰੂ ਕਰ ਦਿੰਦੀ ਹੈ ਜੋ ਬੱਚਾ ਜੰਮਣ ਤੋਂ ਤਿੰਨ ਸਾਲ ਦੇ ਵਿਚ-ਵਿਚ ਠੀਕ ਵੀ ਹੋ ਜਾਂਦੀ ਹੈ।

ਜਿਨ੍ਹਾਂ ਔਰਤਾਂ ਨੂੰ ਗਰਭ ਠਹਿਰਨ ਤੋਂ ਪਹਿਲਾਂ ਦਾ ਸ਼ੱਕਰ ਰੋਗ ਹੋਵੇ, ਇਹੋ ਜਿਹੀਆਂ ਔਰਤਾਂ ਨੂੰ ਵਾਧੂ ਖ਼ਿਆਲ ਰੱਖਣ ਦੀ ਲੋੜ ਹੈ। ਖੋਜਾਂ ਰਾਹੀਂ ਇਹ ਸਾਬਤ ਹੋ ਚੁੱਕਿਆ ਹੈ ਕਿ ਛਾਤੀ ਦਾ ਦੁੱਧ ਪਿਆਉਂਦੇ ਰਹਿਣ ਨਾਲ ਸ਼ੱਕਰ ਰੋਗ ਉੱਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ। ਕੁੱਝ ਖੋਜਾਂ ਨੇ ਇਹ ਸਾਬਤ ਕੀਤਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੋਵੇ, ਉਨ੍ਹਾਂ ਵਿਚ 40 ਸਾਲਾਂ ਦੀ ਉਮਰ ਪੂਰੀ ਕਰਨ ਬਾਅਦ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਆਮ ਔਰਤਾਂ ਨਾਲੋਂ 27 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਵੱਧ ਹੁੰਦੀ ਹੈ। ਗੋਰੀਆਂ ਔਰਤਾਂ ਨਾਲੋਂ ਕਾਲੇ ਰੰਗ ਵਾਲੀਆਂ ਔਰਤਾਂ ਵਿਚ ਇਹ ਖ਼ਤਰਾ ਵੱਧ ਹੁੰਦਾ ਹੈ।

ਇਹ ਵੀ ਪੱਕੀ ਗੱਲ ਹੈ ਕਿ ਵਾਧੂ ਦਵਾਈਆਂ ਖਾਣ ਵਾਲੀਆਂ ਗਰਭਵਤੀ ਔਰਤਾਂ ਆਪਣਾ ਨੁਕਸਾਨ ਹੀ ਕਰਦੀਆਂ ਹਨ। ਵਕਤ ਤੋਂ ਪਹਿਲਾਂ ਬੱਚੇ ਦੇ ਜਨਮ ਨੂੰ ਰੋਕਣ ਵਾਸਤੇ ਜਿਹੜੀ 17 ਐਲਫਾ ਹਾਈਡਰੌਕਸੀ ਪਰੋਜੈਸਟਰੋਨ ਦਵਾਈ ਵਰਤੀ ਜਾਂਦੀ ਹੈ, ਉਸ ਨਾਲ ਗਰਭ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।

ਭਾਰਤੀ, ਚੀਨੀ ਅਤੇ ਅਮਰੀਕਾ ਦੇ ਮੂਲ ਨਿਵਾਸੀਆਂ ਵਿਚਲੀਆਂ ਗਰਭਵਤੀ ਔਰਤਾਂ ਵਿਚ ਗਰਭ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ (5 ਤੋਂ 15 ਫੀਸਦੀ) ਵੱਧ ਹੁੰਦਾ ਹੈ । ਇਨ੍ਹਾਂ ਵਿੱਚੋਂ ਅੱਗੋਂ 68 ਫੀਸਦੀ ਨੂੰ ਦੂਜੀ ਵਾਰ ਗਰਭਵਤੀ ਹੋਣ ਉੱਤੇ ਸ਼ੱਕਰ ਰੋਗ ਫਿਰ ਹੋ ਜਾਂਦਾ ਹੈ। ਅੱਗੋਂ ਇਨ੍ਹਾਂ ਵਿੱਚੋਂ ਇਕ ਤਿਹਾਈ ਨੂੰ ਬੱਚਾ ਜੰਮਣ ਦੇ ਪੰਜ ਸਾਲ ਦੇ ਅੰਦਰ-ਅੰਦਰ ਸ਼ੱਕਰ ਰੋਗ ਹੋਣ ਦਾ ਖ਼ਤਰਾ ਸ਼ੁਰੂ ਹੋ ਜਾਂਦਾ ਹੈ ਜੋ ਉਮਰ ਭਰ ਦਾ ਰੋਗ ਬਣ ਜਾਂਦਾ ਹੈ। ਜੇ ਇਲਾਜ ਸਹੀ ਨਾ ਕੀਤਾ ਜਾਵੇ ਤਾਂ ਵਧੀ ਹੋਈ ਸ਼ੱਕਰ ਦੀ ਮਾਤਰਾ ਭਰੂਣ ਉੱਤੇ ਬਹੁਤ ਮਾੜੇ ਅਸਰ ਪਾ ਦਿੰਦੀ ਹੈ; ਜਿਵੇਂ ਕਿ :-

*              ਪਲਾਸੈਂਟਾ ਰਾਹੀਂ ਵਾਧੂ ਸ਼ੱਕਰ ਜਦੋਂ ਭਰੂਣ ਅੰਦਰ ਲੰਘੇ ਤਾਂ ਉਸ ਦਾ ਸਰੀਰ ਲੋੜੋਂ ਵੱਧ ਇਲਸੂਲਿਨ ਬਣਾਉਣ ਲੱਗ ਪੈਂਦਾ ਹੈ। ਭਰੂਣ ਅੰਦਰ ਉਹੀ ਮਿੱਠਾ ਥਿੰਦੇ ਦੇ ਰੂਪ ਵਿਚ ਜਮਾਂ ਹੋਣ ਲੱਗ ਪੈਂਦਾ ਹੈ ਜਿਸ ਕਰ ਕੇ ਉਸ ਦਾ ਭਾਰ ਨਾਰਮਲ ਨਾਲੋਂ ਵੱਧ ਹੋ ਜਾਂਦਾ ਹੈ।

*              ਵਾਧੂ ਭਾਰ ਕਰ ਕੇ ਭਰੂਣ ਨੂੰ ਜਨਮ ਸਮੇਂ ਜ਼ਿਆਦਾ ਸੱਟਾਂ ਲੱਗ ਸਕਦੀਆਂ ਹਨ ਜਾਂ ਦਿਮਾਗ਼ ਅੰਦਰ ਲਹੂ ਚੱਲ ਸਕਦਾ ਹੈ ਜਾਂ ਆਕਸੀਜਨ ਦੀ ਕਮੀ ਨਾਲ ਜੂਝਣਾ ਪੈ ਸਕਦਾ ਹੈ।

*              ਜੰਮਣ ਬਾਅਦ ਬੱਚੇ ਵਿਚ ਸ਼ੱਕਰ ਦੀ ਕਮੀ ਤੇ ਮਿਨਰਲ ਤੱਤਾਂ ਦੀ ਕਮੀ ਹੋ ਸਕਦੀ ਹੈ।

*              ਪੀਲੀਆ ਹੋ ਸਕਦਾ ਹੈ।

*              ਵਕਤ ਤੋਂ ਪਹਿਲਾਂ ਬੱਚਾ ਪੈਦਾ ਹੋ ਸਕਦਾ ਹੈ।

*              ਸਾਹ ਦੀ ਤਕਲੀਫ਼ ਹੋ ਸਕਦੀ ਹੈ।

*              ਵੱਡੇ ਹੋਣ ਉੱਤੇ ਬੱਚਾ ਮੋਟਾਪੇ ਜਾਂ ਸ਼ੱਕਰ ਰੋਗ ਦਾ ਸ਼ਿਕਾਰ ਹੋ ਸਕਦਾ ਹੈ।

ਜੱਚਾ ਨੂੰ ਖ਼ਤਰੇ :-

*              ਵੱਡਾ ਅਪਰੇਸ਼ਨ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਹੋ ਜਾਂਦਾ ਹੈ।

*              ਬੱਚਾ ਢਿੱਡ ਅੰਦਰ ਹੀ ਮਰ ਸਕਦਾ ਹੈ।

*              ਬਲੱਡ ਪ੍ਰੈੱਸ਼ਰ ਦਾ ਰੋਗ ਹੋ ਸਕਦਾ ਹੈ।

*              ਬੱਚਾ ਜੰਮਣ ਤੋਂ ਕੁੱਝ ਸਾਲ ਬਾਅਦ ਮਾਂ ਨੂੰ ਸ਼ੱਕਰ ਰੋਗ ਹੋ ਸਕਦਾ ਹੈ।

ਇਨ੍ਹਾਂ ਤੋਂ ਬਚਣ ਲਈ :-

  1. ਖ਼ੁਰਾਕ :- ਖ਼ੁਰਾਕ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਕਾਰਬੋਹਾਈਡਰੇਟ ਘੱਟ ਅਤੇ ਗੁੜ, ਖੰਡ, ਸ਼ੱਕਰ, ਸ਼ਹਿਦ ਆਦਿ ਬਿਲਕੁਲ ਨਾ ਬਰਾਬਰ ਵਰਤਣਾ।
  2. ਕਸਰਤ :- ਰੋਜ਼ 30 ਮਿੰਟ ਤੇਜ਼ ਤੁਰਨਾ ਜ਼ਰੂਰੀ ਹੈ। ਜੇ ਭਰੂਣ ਨੂੰ ਕੋਈ ਖ਼ਤਰਾ ਹੋਵੇ ਤਾਂ 30 ਮਿੰਟ ਹੌਲ਼ੀ ਤੁਰਨਾ ਜਾਂ ਤੈਰਨਾ ਜਾਰੀ ਰੱਖਿਆ ਜਾ ਸਕਦਾ ਹੈ।
  3. ਲਹੂ ਦਾ ਟੈਸਟ :- ਰੋਜ਼ ਇੱਕ ਵਾਰ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਜ਼ਰੂਰ ਚੈੱਕ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਵਧੀ ਹੋਈ ਸ਼ੱਕਰ ਦੀ ਮਾਤਰਾ ਤੁਰੰਤ ਠੀਕ ਕੀਤੀ ਜਾ ਸਕੇ ਤੇ ਭਰੂਣ ਉੱਤੇ ਕੋਈ ਮਾੜਾ ਅਸਰ ਨਾ ਪਵੇ।
  4. ਬਲੱਡ ਪ੍ਰੈੱਸ਼ਰ ਹਫ਼ਤੇ ਵਿਚ ਇਕ ਵਾਰ ਜ਼ਰੂਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।
  5. ਅਲਟਰਾਸਾਊਂਡ ਰਾਹੀਂ ਬੱਚੇ ਦੇ ਵਧਣ ਫੁੱਲਣ ਬਾਰੇ ਰੈਗੂਲਰ ਪਤਾ ਲਾਉਂਦੇ ਰਹਿਣਾ ਚਾਹੀਦਾ ਹੈ।

ਕਦੋਂ ਇਕਦਮ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ :-

*              ਬੁਖ਼ਾਰ ਹੋ ਜਾਏ ਜਾਂ ਰੋਟੀ ਨਾ ਖਾਧੀ ਜਾ ਰਹੀ ਹੋਵੇ

*              ਵਧੀ ਹੋਈ ਸ਼ੱਕਰ ਦੀ ਮਾਤਰਾ ਸਦਕਾ ਤਿੱਖੀ ਸਿਰ ਪੀੜ ਹੋਣ ਲੱਗ ਪਵੇ, ਧਿਆਨ ਨਾ ਲਾਇਆ ਜਾ ਸਕੇ, ਪਿਆਸ ਵਧ ਜਾਵੇ, ਨਜ਼ਰ ਘਟ ਜਾਵੇ ਜਾਂ ਭਾਰ ਘਟਣ ਲੱਗ ਪਵੇ।

*              ਸ਼ੱਕਰ ਦੀ ਮਾਤਰਾ ਘਟਣ ਦੇ ਲੱਛਣ ਦਿੱਸਣ ਲੱਗ ਪੈਣ, ਯਾਨੀ ਘਬਰਾਹਟ, ਪੂਰੀ ਗੱਲ ਸਮਝ ਨਾ ਆ ਰਹੀ ਹੋਵੇ, ਚੱਕਰ ਆਉਣੇ, ਭੁੱਖ ਵਧਣੀ, ਸਿਰ ਪੀੜ, ਧੜਕਣ ਵਧਣੀ, ਹੱਥ ਪੈਰ ਕੰਬਣੇ, ਚਿਹਰਾ ਪੀਲਾ ਪੈ ਜਾਣਾ, ਪਸੀਨਾ ਆਉਣਾ, ਕਮਜ਼ੋਰੀ ਮਹਿਸੂਸ ਹੋਣੀ, ਆਦਿ।

ਖੋਜਾਂ ਰਾਹੀਂ ਸਾਬਤ ਹੋਏ ਤੱਥ :-

*              ਗਰਭ ਠਹਿਰਨ ਤੋਂ ਪਹਿਲਾਂ ਵਾਧੂ ਕੋਲੈਸਟਰੋਲ ਤੇ ਅੰਡੇ ਖਾਣ ਨਾਲ ਗਰਭ ਠਹਿਰਨ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।

*              ਜੇ ਮਹਾਵਾਰੀ 9 ਤੋਂ 11 ਸਾਲ ਦੀ ਉਮਰ ਵਿਚ ਆਉਣੀ ਸ਼ੁਰੂ ਹੋਈ ਹੋਵੇ ਤਾਂ ਵੀ ਗਰਭ ਠਹਿਰਨ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਜਿਹੜੀਆਂ ਗਰਭਵਤੀ ਔਰਤਾਂ ਨੂੰ ਸ਼ੱਕਰ ਰੋਗ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ, ਉਹ ਹਨ :-

*              ਬਹੁਤ ਜ਼ਿਆਦਾ ਮੋਟਾਪਾ।

*              ਪਿਛਲੇ ਗਰਭ ਦੌਰਾਨ ਵੀ ਸ਼ੱਕਰ ਰੋਗ ਹੋਇਆ ਹੋਵੇ।

*              ਟੱਬਰ ਵਿਚ ਕਿਸੇ ਨੂੰ ਪਹਿਲਾਂ ਸ਼ੱਕਰ ਰੋਗ ਹੋਵੇ।

*              ਪੋਲੀਮਿਸਰਿਕ ਅੰਡਕੋਸ਼ ਦਾ ਰੋਗ ਪਹਿਲਾਂ ਹੋਵੇ।

*              ਪਿਸ਼ਾਬ ਵਿਚ ਸ਼ੂਗਰ ਆ ਰਹੀ ਹੋਵੇ।

ਜਿਨ੍ਹਾਂ ਔਰਤਾਂ ਨੂੰ ਜ਼ਿਆਦਾ ਖ਼ਤਰਾ ਨਹੀਂ ਹੁੰਦਾ, ਉਹ ਹਨ :-

*              25 ਸਾਲ ਤੋਂ ਘੱਟ ਦੀ ਉਮਰ।

*              ਗਰਭ ਠਹਿਰਨ ਤੋਂ ਪਹਿਲਾਂ ਨਾਰਮਲ ਭਾਰ ਹੋਣਾ।

*              ਘਰ ਵਿਚ ਕਿਸੇ ਨੂੰ ਸ਼ੱਕਰ ਰੋਗ ਦਾ ਨਾ ਹੋਣਾ।

*              ਪਹਿਲਾਂ ਕਦੇ ਲਹੂ ਵਿਚ ਸ਼ੱਕਰ ਦੀ ਮਾਤਰਾ ਨਾ ਵਧੀ ਹੋਣੀ।

*              ਪਹਿਲਾਂ ਗਰਭਪਾਤ ਨਾ ਹੋਇਆ ਹੋਣਾ।

ਵਿਸ਼ਵ ਪੱਧਰ ਉੱਤੇ ਸ਼ੱਕਰ ਰੋਗ ਦੀਆਂ ਸ਼ਿਕਾਰ ਗਰਭਵਤੀ ਔਰਤਾਂ ਲਈ ਜਾਰੀ ਹੋਈਆਂ ਹਦਾਇਤਾਂ :-

*              ਗਰਭ ਠਹਿਰਨ ਦਾ ਪਤਾ ਲੱਗਦੇ ਸਾਰ ਐਚ. ਬੀ. ਏ. ਇਕ. ਸੀ ਟੈਸਟ ਕਰਵਾਉਣਾ ਲਾਜ਼ਮੀ ਹੈ।

*              ਨਿਰਣੇ ਪੇਟ ਸ਼ੱਕਰ ਦੀ ਮਾਤਰਾ 126 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਜਾਂ ਵੱਧ ਤੇ ਰੈਂਡਮ (ਕੁੱਝ ਖਾਧੇ ਬਾਅਦ) ਮਾਤਰਾ 200 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਜਾਂ ਵਧ ਅਤੇ ਐਚ. ਬੀ. ਏ. ਇਕ. ਸੀ. 6.5 ਫੀਸਦੀ ਜਾਂ ਵੱਧ ਦਾ ਮਤਲਬ ਹੈ ਕਿ ਮਾਂ ਨੂੰ ਸ਼ੱਕਰ ਰੋਗ ਗਰਭ ਠਹਿਰਨ ਤੋਂ ਪਹਿਲਾਂ ਹੀ ਹੈ। ਜੇ ਨਿਰਣੇ ਪੇਟ ਸ਼ੱਕਰ ਦੀ ਮਾਤਰਾ 92 ਤੋਂ 125 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਹੈ ਤਾਂ ਇਸ ਦਾ ਮਤਲਬ ਹੈ ਕਿ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੈ।

*              ਜੇ ਨਿਰਣੇ ਪੇਟ ਸ਼ੱਕਰ ਦੀ ਮਾਤਰਾ 126 ਮਿਲੀਗ੍ਰਾਮ ਆ ਚੁੱਕੀ ਹੈ ਤਾਂ ਓ. ਜੀ. ਟੀ. ਟੀ. ਟੈਸਟ (ਖਾਣਾ ਖਾਣ ਬਾਅਦ ਗਲੂਕੋਜ਼ ਖੁਆ ਕੇ ਕੀਤਾ ਟੈਸਟ) ਕਰਨਾ ਜ਼ਰੂਰੀ ਹੁੰਦਾ ਹੈ।

*              ਜੇ 24 ਤੋਂ 28 ਹਫ਼ਤਿਆਂ ਦੇ ਗਰਭ ਦੌਰਾਨ ਓ. ਜੀ. ਟੀ. ਟੀ. ਟੈਸਟ 153 ਤੋਂ 199 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸ਼ੱਕਰ ਰੋਗ ਗਰਭ ਦੌਰਾਨ ਹੋਇਆ ਹੈ। ਜੇ 200 ਤੋਂ ਉੱਤੇ ਰਿਪੋਰਟ ਹੈ ਤਾਂ ਮਤਲਬ ਸ਼ੱਕਰ ਰੋਗ ਦੀਆਂ ਜੜ੍ਹਾਂ ਪੁਰਾਣੀਆਂ ਹਨ।

*              ਗਰਭ ਦੌਰਾਨ ਹੋਏ ਸ਼ੱਕਰ ਰੋਗ ਦਾ ਪਹਿਲਾ ਇਲਾਜ ਕਸਰਤ ਅਤੇ ਸੰਤੁਲਿਤ (ਬਿਨਾਂ ਮਿੱਠੇ ਵਾਲੀ) ਖ਼ੁਰਾਕ ਹੀ ਹੈ। ਜੇ ਇਨ੍ਹਾਂ ਨਾਲ ਕਾਬੂ ਵਿਚ ਨਾ ਆਵੇ ਤਾਂ ਦਵਾਈਆਂ ਲੈਣੀਆਂ ਪੈਂਦੀਆਂ ਹਨ।

*              ਗਰਭ ਦੌਰਾਨ ਹੋਏ ਸ਼ੱਕਰ ਰੋਗ ਵਾਲੀ ਹਰ ਔਰਤ ਨੂੰ ਬੱਚਾ ਜੰਮਣ ਤੋਂ ਡੇਢ ਮਹੀਨੇ ਬਾਅਦ, ਦੁਬਾਰਾ ਓ. ਜੀ. ਟੀ. ਟੀ. ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਦੀ ਵਧੀ ਹੋਈ ਸ਼ੂਗਰ ਠੀਕ ਹੋ ਚੁੱਕੀ ਹੈ ਜਾਂ ਨਹੀਂ।

*              ਅਗਲੀ ਵਾਰ ਗਰਭ ਠਹਿਰਨ ਤੋਂ ਪਹਿਲਾਂ ਹਰ ਹਾਲ ਸ਼ੱਕਰ ਰੋਗ ਦੇ ਸਾਰੇ ਟੈਸਟ ਹੋਣੇ ਜ਼ਰੂਰੀ ਹਨ।

*              ਹਰ ਸ਼ੱਕਰ ਰੋਗੀ ਗਰਭਵਤੀ ਦੇ ਅੱਖ ਵਿਚਲੀ ਪਰਤ (ਰੈਟੀਨਾ) ਦਾ ਟੈਸਟ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ! ਜੇ ਹੋਇਆ ਹੈ ਤਾਂ ਹਰ ਹਾਲ ਉਸੇ ਵੇਲੇ ਇਲਾਜ ਕਰਵਾਉਣ ਦੀ ਲੋੜ ਹੈ।

*              ਜੇ ਗਰਭ ਹਾਲੇ ਨਹੀਂ ਠਹਿਰਿਆ ਤਾਂ ਹਰ ਸ਼ੱਕਰ ਰੋਗੀ ਔਰਤ ਦੇ ਅੱਖ ਦਾ ਮੁਆਇਨਾ ਕਰਨਾ ਜ਼ਰੂਰੀ ਹੈ ਤਾਂ ਜੋ ਰੈਟੀਨਾ ਪਰਤ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਗਰਭ ਠਹਿਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕੇ।

ਖ਼ੁਰਾਕ :-

  1. ਗਰਭ ਦੌਰਾਨ ਹੋਈਆਂ ਸ਼ੱਕਰ ਰੋਗੀ ਔਰਤਾਂ ਨੂੰ ਇੱਕੋ ਵੇਲੇ ਰੱਜ ਕੇ ਨਹੀਂ ਖਾਣਾ ਚਾਹੀਦਾ। ਇਸ ਦੀ ਬਜਾਏ ਦਿਨ ਵਿਚ ਛੇ ਵਾਰ ਥੋੜ੍ਹਾ-ਥੋੜ੍ਹਾ ਵੰਡ ਕੇ ਖਾ ਲੈਣਾ ਚਾਹੀਦਾ ਹੈ; ਜਿਵੇਂ ਕਿ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦੇ ਖਾਣੇ ਵਿਚਕਾਰ ਤਿੰਨ ਵਾਰ ਹੋਰ ਵੀ ਹਲਕੇ ਖਾਣੇ ਸ਼ਾਮਲ ਹਨ।
  2. ਕਾਰਬੋਹਾਈਡਰੇਟ ਦੀ ਮਾਤਰਾ ਵੱਧੋ ਵੱਧ 50 ਫੀਸਦੀ, ਥਿੰਦਾ 25 ਫੀਸਦੀ ਤੇ ਪ੍ਰੋਟੀਨ ਵੀ 25 ਫੀਸਦੀ ਹੋਣੇ ਚਾਹੀਦੇ ਹਨ।
  3. ਜੇ ਕਾਰਬੋਹਾਈਡਰੇਟ ਦੀ ਮਾਤਰਾ 35 ਤੋਂ 40 ਫੀਸਦੀ ਰੱਖ ਲਈ ਜਾਵੇ ਤਾਂ ਜੱਚਾ ਤੇ ਬੱਚਾ ਵੱਧ ਸਿਹਤਮੰਦ ਰਹਿੰਦੇ ਹਨ।
  4. ਕਾਰਬੋਹਾਈਡਰੇਟ ਲਈ ਛਾਣਬੂਰੇ ਵਾਲਾ ਆਟਾ, ਦਾਲਾਂ, ਆਲੂ, ਸ਼ਕਰਕੰਦੀ ਲੈਣੀਆਂ ਚਾਹੀਦੀਆਂ ਹਨ।
  5. ਰੋਜ਼ਾਨਾ ਛੇ ਹਫ਼ਤਿਆਂ ਲਈ ਕੈਲਸ਼ੀਅਮ (1000 ਮਿਲੀਗ੍ਰਾਮ) ਤੇ ਵਿਟਾਮਿਨ ਡੀ 50,000 ਯੂਨਿਟ ਸਿਰਫ਼ ਦੋ ਖ਼ੁਰਾਕਾਂ ਛੇ ਹਫ਼ਤਿਆਂ ਦੇ ਫਰਕ ਨਾਲ ਲੈਣ ਨਾਲ ਸ਼ੱਕਰ ਰੋਗ ਵਿਚ ਫ਼ਾਇਦਾ ਹੁੰਦਾ ਵੇਖਿਆ ਗਿਆ ਹੈ। ਇੰਜ ਨਿਰਣੇ ਕਾਲਜੇ ਸ਼ੱਕਰ ਦੀ ਮਾਤਰਾ ਘੱਟ ਹੋਈ ਲੱਭੀ ਗਈ ਹੈ।

ਓ. ਜੀ. ਟੀ. ਟੀ. ਟੈਸਟ :-

ਇਹ ਟੈਸਟ ਕਰਨ ਤੋਂ ਪਹਿਲਾਂ ਗਰਭਵਤੀ ਔਰਤ ਨੂੰ ਤਿੰਨ ਦਿਨ ਰੱਜ ਕੇ ਕਾਰਬੋਹਾਈਡਰੇਟ ਲੈਣੇ ਚਾਹੀਦੇ ਹਨ। ਫੇਰ ਸ਼ਾਮ ਨੂੰ ਰੋਟੀ ਖਾਣ ਬਾਅਦ 8 ਤੋਂ 14 ਘੰਟੇ ਬਿਨਾਂ ਕੁੱਝ ਖਾਧੇ ਪੀਤੇ, ਸੁੱਤੇ ਉੱਠਦੇ ਸਾਰ ਟੈਸਟ ਕਰਵਾਉਣਾ ਚਾਹੀਦਾ ਹੈ।

ਨਿਰਣੇ ਕਾਲਜੇ ਲਹੂ ਵਿਚ 95 ਮਿਲੀਗ੍ਰਾਮ ਸ਼ੂਗਰ, ਫੇਰ ਗਲੂਕੋਜ਼ ਖਾਣ ਦੇ ਇਕ ਘੰਟੇ ਬਾਅਦ 180, ਦੋ ਘੰਟੇ ਬਾਅਦ 155 ਤੇ ਤਿੰਨ ਘੰਟੇ ਬਾਅਦ 140 ਦਾ ਮਤਲਬ ਹੈ ਕਿ ਔਰਤ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋ ਚੁੱਕਿਆ ਹੈ। ਜੇ ਤੁਰੰਤ ਇਲਾਜ ਨਾ ਸ਼ੁਰੂ ਕੀਤਾ ਜਾਏ (ਮਿੱਠਾ ਬੰਦ ਅਤੇ ਕਸਰਤ ਸ਼ੁਰੂ) ਤਾਂ ਭਰੂਣ ਵਾਧੂ ਭਾਰ ਵਾਲਾ ਵੀ ਹੋ ਸਕਦਾ ਹੈ, ਸੁੱਜ ਸਕਦਾ ਹੈ ਤੇ ਉਸ ਦੀ ਮੌਤ ਵੀ ਹੋ ਸਕਦੀ ਹੈ।

ਗਰਭ ਠਹਿਰਨ ਤੋਂ ਪਹਿਲਾਂ ਦੇ ਸ਼ੱਕਰ ਰੋਗ ਬਾਰੇ ਕਿਵੇਂ ਪਤਾ ਲਾਇਆ ਜਾਵੇ ?

ਆਮ ਤੌਰ ਉੱਤੇ ਕਈ ਮਾਵਾਂ ਗਰਭ ਠਹਿਰਨ ਤੋਂ ਪਹਿਲਾਂ ਕੋਈ ਟੈਸਟ ਕਰਵਾਉਂਦੀਆਂ ਹੀ ਨਹੀਂ ਤੇ ਕਈ ਵਾਰ ਇਹ ਲੱਭਣ ਵਿਚ ਦਿੱਕਤ ਆਉਂਦੀ ਹੈ ਕਿ ਮਾਂ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੈ ਜਾਂ ਪਹਿਲਾਂ ਤੋਂ ਹੀ ਸੀ।

ਅਮਰੀਕਨ ਡਾਇਆਬੀਟੀਜ਼ ਐਸੋਸੀਏਸ਼ਨ ਵੱਲੋਂ ਕੁੱਝ ਟੈਸਟ ਨਿਰਧਾਰਤ ਕੀਤੇ ਗਏ ਹਨ ਜਿਨ੍ਹਾਂ ਦੇ ਆਧਾਰ ਉੱਤੇ ਜੱਚਾ ਨੂੰ ਗਰਭ ਠਹਿਰਨ ਤੋਂ ਪਹਿਲਾਂ ਦੇ ਸ਼ੱਕਰ ਰੋਗ ਨਾਲ ਪੀੜਤ ਮੰਨ ਲਿਆ ਜਾਂਦਾ ਹੈ। ਇਹ ਹਨ :-

  1. ਐਚ. ਬੀ. ਏ. ਇਕ. ਸੀ = 6.5 ਫੀਸਦੀ ਜਾਂ ਵੱਧ
  2. ਅੱਠ ਘੰਟੇ ਦੇ ਨਿਰਣੇ ਪੇਟ ਬਾਅਦ ਦੀ ਲਹੂ ਵਿਚਲੀ ਸ਼ੱਕਰ ਦੀ ਮਾਤਰਾ 126 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਵੱਧ।
  3. ਜੱਚਾ ਨੂੰ 75 ਗ੍ਰਾਮ ਗਲੂਕੋਜ਼ ਖੁਆ ਕੇ ਦੋ ਘੰਟਿਆਂ ਬਾਅਦ ਓ. ਜੀ. ਟੀ. ਟੀ. ਟੈਸਟ ਵਿਚਲੀ ਲਹੂ ਦੀ ਮਾਤਰਾ 200 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਜਾਂ ਵੱਧ ਹੋਵੇ।
  4. ਦਿਨ ਵਿਚ ਕਿਸੇ ਵੇਲੇ ਦੀ ਸ਼ੱਕਰ ਦੀ ਮਾਤਰਾ (ਰੈਂਡਮ) 200 ਮਿਲੀਗ੍ਰਾਮ ਜਾਂ ਇਸ ਤੋਂ ਵੱਧ ਹੋਵੇ ਅਤੇ ਜੱਚਾ ਨੂੰ ਲੋੜੋਂ ਵੱਧ ਭੁੱਖ ਤੇ ਪਿਆਸ ਲੱਗ ਰਹੀ ਹੋਵੇ। ਪੱਕਾ ਕਰਨ ਲਈ ਇਹ ਸਾਰੇ ਟੈਸਟ ਇਕ ਤੋਂ ਵੱਧ ਵਾਰ ਜ਼ਰੂਰੀ ਕਰ ਲੈਣੇ ਚਾਹੀਦੇ ਹਨ।

ਇਲਾਜ :-

               ਮੈਟਫਾਰਮਿਨ ਗੋਲੀਆਂ ਜਾਂ ਇਨਸੂਲਿਨ ਦੇ ਟੀਕੇ ਸਿਰਫ਼ ਸਪੈਸ਼ਲਿਸਟ ਡਾਕਟਰ ਦੀ ਦੇਖ-ਰੇਖ ਹੇਠਾਂ ਹੀ ਸ਼ੁਰੂ ਕਰਨੇ ਚਾਹੀਦੇ ਹਨ, ਪਰ ਇਲਾਜ ਨਾ ਕਰਵਾਉਣ ਉੱਤੇ ਜੱਚਾ ਤੇ ਬੱਚਾ, ਦੋਨਾਂ ਲਈ ਹੀ ਖ਼ਤਰਨਾਕ ਸਿੱਟੇ ਨਿਕਲ ਸਕਦੇ ਹਨ।