Jap (Pori No. 3)

0
1223

ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥ ਗਾਵੈ ਕੋ, ਦਾਤਿ ਜਾਣੈ ਨੀਸਾਣੁ॥

ਗਾਵੈ ਕੋ, ਗੁਣ ਵਡਿਆਈਆ ਚਾਰ॥ ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥

ਗਾਵੈ ਕੋ, ਸਾਜਿ ਕਰੇ, ਤਨੁ ਖੇਹ॥ ਗਾਵੈ ਕੋ, ਜੀਅ ਲੈ, ਫਿਰਿ ਦੇਹ॥

ਗਾਵੈ ਕੋ, ਜਾਪੈ ਦਿਸੈ ਦੂਰਿ॥ ਗਾਵੈ ਕੋ, ਵੇਖੈ ਹਾਦਰਾ ਹਦੂਰਿ॥

ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥

ਦੇਦਾ ਦੇ; ਲੈਦੇ, ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥

ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥੩॥ (ਜਪੁ)

ਉਚਾਰਨ ਸੇਧ: ਨੀਸ਼ਾਣ, ਵਡਿਆਈਆਂ, ਕੋਟੀਂ, ਦੇਂਦਾ, ਲੈਂਦੇ, ਪਾਹਿਂ, ਜੁਗਾਂ, ਖਾਹਿਂ, ਰਾਹ, ਵੇਪਰਵਾਹ।

ਪਦ ਅਰਥ: ਗਾਵੈ-ਗਾਉਂਦਾ ਹੈ (ਇੱਕ ਵਚਨ, ਵਰਤਮਾਨ ਕਿਰਿਆ)।, ਕੋ- ਕੋਈ (ਭਾਵ ਕੋਈ-ਕੋਈ, ਅਨਿਸ਼ਚਿਤ ਪੜਨਾਂਵ)।, ਕਿਸੈ-ਕਿਸੇ ਦੇ ਕੋਲ਼ (ਭਾਵ ਕਿਸੇ-ਕਿਸੇ ਦੇ ਕੋਲ਼, ਅਨਿਸ਼ਚਿਤ ਪੜਨਾਂਵ)।, ਤਾਣੁ-ਬਲ, ਸ਼ਕਤੀ (ਭਾਵ-ਵਾਚਕ ਨਾਂਵ, ਇੱਕ ਵਚਨ)।, ਜਾਣੈ ਜਾਣਦਾ ਹੈ (ਕਿਰਿਆ, ਇੱਕ ਵਚਨ)।, ਨੀਸਾਣੁ (ਬਖ਼ਸ਼ਸ਼ ਦਾ) ਚਿੰਨ੍ਹ, ਨਿਸ਼ਾਨ, ਸੰਕੇਤ, ਪ੍ਰਤੀਕ (ਭਾਵ-ਵਾਚਕ ਨਾਂਵ, ਇੱਕ ਵਚਨ)।, ਚਾਰ-ਬੜੇ ਸੁੰਦਰ (ਬਹੁ ਵਚਨ ਵਿਸ਼ੇਸ਼ਣ)।, ਵਿਖਮੁ ਵੀਚਾਰੁ-ਕਠਿਨ ਵੀਚਾਰ, ਮੁਸ਼ਕਲ ਵੀਚਾਰ (ਵਿਖਮੁ- ਵਿਸ਼ੇਸ਼ਣ ਤੇ ਵੀਚਾਰੁ-ਭਾਵ-ਵਾਚਕ, ਇੱਕ ਵਚਨ ਨਾਂਵ)।, ਸਾਜਿ-ਬਣਾ ਕੇ (ਕਿਰਿਆ ਵਿਸ਼ੇਸ਼ਣ)।, ਖੇਹ- ਮਿੱਟੀ (ਇਸਤ੍ਰੀ ਲਿੰਗ, ਨਾਂਵ)।, ਜੀਅ-ਜਿੰਦਾਂ, ਰੂਹਾਂ, ਜੀਵਾਤਮਾਵਾਂ (ਬਹੁ ਵਚਨ, ਇਸਤ੍ਰੀ ਲਿੰਗ ਨਾਂਵ)।, ਫਿਰਿ-ਦੁਬਾਰਾ, ਮੁੜ ਕੇ, ਇੱਕ ਵਾਰੀ ਹੋਰ ਜਾਂ ਬਾਅਦ ਵਿੱਚ (ਕਾਲ ਵਾਚਕ ਕਿਰਿਆ ਵਿਸ਼ੇਸ਼ਣ)।, ਦੇਹ-ਦੇਂਦਾ ਹੈ (ਇੱਕ ਵਚਨ ਕਿਰਿਆ)।, ਦੂਰਿ-ਵਿਥ ਨਾਲ਼, ਅਛੋਹ, ਅਲੱਗ, ਪਹੁੰਚ ਤੋਂ ਪਰੇ (ਸਥਾਨ ਵਾਚਕ ਕਿਰਿਆ ਵਿਸ਼ੇਸ਼ਣ)।, ਹਾਦਰਾ ਹਦੂਰਿ-ਅੰਗ-ਸੰਗ, ਵਿਆਪਕ (ਸਥਾਨ ਵਾਚਕ ਕਿਰਿਆ ਵਿਸ਼ੇਸ਼ਣ)।, ਤੋਟਿ-ਘਾਟ (ਮਿਣਤੀ ਜਾਂ ਤੋਲ ਵਾਚਕ ਕਿਰਿਆ ਵਿਸ਼ੇਸ਼ਣ)।, ਕੋਟੀ ਕੋਟਿ ਕੋਟਿ-ਕ੍ਰੋੜਾਂ ਨੇ ਹੀ ਕਰੋੜਾਂ ਵਾਰ (ਗਿਣਤੀ ਭਾਵ ਸੰਖਿਅਕ ਵਾਚਕ ਕਿਰਿਆ ਵਿਸ਼ੇਸ਼ਣ), ਦੇਦਾ -ਦੇਣ ਵਾਲ਼ਾ, ਦਾਤਾਰ (ਕਰਤਰੀ-ਵਾਚਕ ਕਿਰਦੰਤ, ਇੱਕ ਵਚਨ)।, ਦੇ- ਦੇ ਰਿਹਾ ਹੈ (ਵਰਤਮਾਨ ਕਿਰਿਆ, ਇੱਕ ਵਚਨ)।, ਲੈਦੇ-ਲੈਣ ਵਾਲ਼ੇ, ਮੰਗਤੇ (ਕਰਤਰੀ-ਵਾਚਕ ਕਿਰਦੰਤ, ਬਹੁ ਵਚਨ)।, ਥਕਿ ਪਾਹਿ-ਹਾਰ ਜਾਂਦੇ ਹਨ, ਜੀਵਨ ਸਮਾਪਤ ਕਰ ਲੈਂਦੇ ਹਨ (ਬਹੁ ਵਚਨ ਕਿਰਿਆ)।, ਜੁਗਾ ਜੁਗੰਤਰਿ-ਜੁਗਾਂ ਜੁਗ ਅੰਤਰਿ (ਵਿੱਚ), ਸਦੀਆਂ ਤੋਂ, ਆਦਿ ਕਾਲ ਤੋਂ (ਕਾਲ ਵਾਚਕ, ਕਿਰਿਆ ਵਿਸ਼ੇਸ਼ਣ)।, ਖਾਹੀ ਖਾਹਿ-ਕੇਵਲ ਖਾਂਦੇ ਜਾ ਰਹੇ ਹਨ (ਬਹੁ ਵਚਨ, ਕਿਰਿਆ)।, ਹੁਕਮੀ-ਹੁਕਮ ਦਾ ਮਾਲਕ (ਖ਼ਾਸ ਨਾਂਵ, ਇੱਕ ਵਚਨ)।, ਹੁਕਮਿ-ਹੁਕਮ ਰਾਹੀਂ (ਕਰਣ ਕਾਰਕ ਜਾਂ) ਹੁਕਮ ਵਿੱਚ (ਅਧਿਕਰਣ ਕਾਰਕ)।, ਰਾਹੁ-(ਜਗਤ ਕਾਰ-ਵਿਹਾਰ ਰੂਪ) ਰਸਤਾ (ਮਾਰਗ) ਭਾਵ ਸੰਸਾਰਕ ਕੰਮ-ਕਾਜ ਦੀ ਗਤੀ (ਇੱਕ ਵਚਨ ਪੁਲਿੰਗ ਨਾਂਵ)।, ਨਾਨਕ-ਹੇ ਨਾਨਕ ! (ਸੰਬੋਧਨ)।, ਵਿਗਸੈ-ਖਿੜਦਾ (ਖੁਸ਼) ਰਹਿੰਦਾ ਹੈ (ਵਰਤਮਾਨ ਇੱਕ ਵਚਨ ਕਿਰਿਆ)।, ਵੇਪਰਵਾਹੁ ਅਚਿੰਤ ਪ੍ਰਭੂ (ਇੱਕ ਵਚਨ ਪੁਲਿੰਗ ਨਾਂਵ)।

(ਨੋਟ: ‘ਜਪੁ’ ਬਾਣੀ ਦੀ ਇਸ ਤੀਸਰੀ ਪਉੜੀ ’ਚ ‘ਕੋ’ (ਭਾਵ ਕੋਈ ਵਿਰਲਾ) ਸ਼ਬਦ ਨੂੰ ਆਧਾਰ ਬਣਾ ਕੇ ਰੱਬੀ ਹੋਂਦ ਉੱਤੇ ਵਿਸ਼ਵਾਸ ’ਚ ਅੰਤਰ (ਵਖਰੇਵਾਂ) ਵਿਖਾਇਆ ਗਿਆ ਹੈ; ਜਿਵੇਂ ਕਿ

(1). ਕੋਈ ਮਨੁੱਖ ਆਪਣੇ ਨਿਜ ਸਰੀਰਕ ਬਲ ਨੂੰ ਕਰਤਾਰ ਦੀ ਦਾਤ ਮੰਨ ਕੇ ਉਸ ਨੂੰ ਸਰਬ ਸ਼ਕਤੀਮਾਨ ਹੋਣ ਦਾ ਨਾਮ ਦਿੰਦਾ ਹੈ: ‘‘ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥’’

(2). ਕੋਈ ਮਨੁੱਖ ਆਪਣੀ ਸੁਪਤਨੀ, ਸਪੁੱਤਰ, ਪਿਤਾ, ਮਾਤਾ, ਸੰਪਤੀ, ਆਦਿ ਨੂੰ ਰੱਬੀ ਦਾਤ ਦਾ ਸੰਕੇਤ ਮੰਨ ਕੇ ਉਸ ਉੱਤੇ ਵਿਸ਼ਵਾਸ ਬਣਾਉਂਦਾ ਹੈ: ‘‘ਗਾਵੈ ਕੋ, ਦਾਤਿ ਜਾਣੈ ਨੀਸਾਣੁ॥’’

(3). ਕੋਈ ਮਨੁੱਖ ਸਮਾਜਿਕ ਸਦਾਚਾਰ ਬਿਉਹਾਰ ਨੂੰ ਰੱਬੀ ਸੁੰਦਰਤਾ ਵਾਲ਼ੇ ਗੁਣ ਜਾਂ ਮਾਣ-ਸਨਮਾਨ ਮੰਨ ਕੇ ਕਰਤਾਰ ਨੂੰ ਯਾਦ ਕਰਦਾ ਹੈ: ‘‘ਗਾਵੈ ਕੋ, ਗੁਣ ਵਡਿਆਈਆ ਚਾਰ॥’’

(4). ਕੋਈ ਮਨੁੱਖ ਕਰਤਾਰ ਦੀ ਕੁਦਰਤ ਬਾਰੇ ਵਿਦਵਤਾ ਭਰਪੂਰ ਕਠਿਨ ਗਿਆਨ-ਵਿਚਾਰ ਨੂੰ ਮੁੱਖ ਰੱਖ ਕੇ ਉਸ ਦੀ ਯਾਦ ਨਾਲ਼ ਜੁੜਿਆ ਹੋਇਆ ਹੈ: ‘‘ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥’’

(5). ਕੋਈ ਸਮਝਦਾ ਹੈ ਕਿ ਕਰਤਾਰ ਸਰੀਰ ਬਣਾ ਕੇ ਫਿਰ ਨਾਸ ਕਰ ਦਿੰਦਾ ਹੈ: ‘‘ਗਾਵੈ ਕੋ, ਸਾਜਿ ਕਰੇ, ਤਨੁ ਖੇਹ॥’’

(6). ਕਿਸੇ ਦਾ ਵਿਸ਼ਵਾਸ ਹੈ ਕਿ ਸਰੀਰਕ ਸ਼ਕਤੀ (ਜੀਵਾਤਮਾ) ਨੂੰ ਕੱਢ ਕੇ ਦੂਸਰੇ ਸਰੀਰਾਂ ਵਿੱਚ ਪਾ ਦਿੰਦਾ ਹੈ ਭਾਵ ਆਵਾਗਮਣ ਉਸ ਦੀ ਖੇਡ ਹੈ: ‘‘ਗਾਵੈ ਕੋ, ਜੀਅ ਲੈ, ਫਿਰਿ ਦੇਹ॥’’

(7). ਕੋਈ ਸਮਝਦਾ ਹੈ ਕਿ ਕਰਤਾਰ; ਜੀਵ-ਜੰਤਾਂ ਤੋਂ ਭਿੰਨ (ਅਲੱਗ) ਬੈਠਾ ਹੈ: ‘‘ਗਾਵੈ ਕੋ, ਜਾਪੈ ਦਿਸੈ ਦੂਰਿ॥’’

(8). ਕੋਈ ਸਮਝਦਾ ਹੈ ਕਿ ਉਹ ਜੀਵ-ਜੰਤਾਂ ’ਚ ਵਿਆਪਕ (ਅੰਗ-ਸੰਗ, ਰਮਿਆ ਹੋਇਆ) ਹੈ: ‘‘ਗਾਵੈ ਕੋ, ਵੇਖੈ ਹਾਦਰਾ ਹਦੂਰਿ॥’’, ਆਦਿ ਉਦਾਹਰਨਾਂ ਉਪਰੰਤ ਇਹੀ ਕਹਿਣਾ ਬਣਦਾ ਹੈ ਕਿ ਸਿਰਜਣਹਾਰ ਦੀ ਸ਼ਕਤੀ ਬਾਰੇ ਬਣੇ ਅਜਿਹੇ ਮਨੁੱਖਾ-ਵਿਸ਼ਵਾਸ ਵੀ ਅਣਗਿਣਤ ਹਨ, ਜਿਨ੍ਹਾਂ ਬਾਰੇ ‘‘ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥’’ ਕਹਿਣਾ ਹੀ ਮੁਨਾਸਬ ਹੈ, ਜਿਨ੍ਹਾਂ ਨੂੰ ਆਦਿ ਕਾਲ ਤੋਂ ਰੱਬੀ ਦਾਤਾਂ ਮਿਲਦੀਆਂ ਆ ਰਹੀਆਂ ਹਨ, ਜੋ ਉਨ੍ਹਾਂ ਨੂੰ ਭੋਗਦੇ-ਭੋਗਦੇ ਆਪਣਾ ਜੀਵਨ ਪੈਂਡਾ (ਸਫ਼ਰ) ਸਮਾਪਤ ਕਰ ਜਾਂਦੇ ਹਨ: ‘‘ਦੇਦਾ ਦੇ; ਲੈਦੇ, ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥’’

ਪਉੜੀ ਦਾ ‘ਸਾਰ’; ਕਰਤਾਰ ਦੀ ਵਿਸ਼ਾਲਤਾ ਨਾਲ਼ ਜੁੜਨ ਦਾ ਭਿੰਨ ਭਿੰਨ ਮਨੁੱਖਾ ਦ੍ਰਿਸ਼ਟੀਕੋਣ ਹੈ, ਜਿਸ ਦੇ ਅਖੀਰ ’ਚ ਪਿਛਲੀ ਪਉੜੀ (ਨੰਬਰ 2) ਦਾ ਵਿਸ਼ਾ, ਕਿ ਭਿੰਨ ਭਿੰਨ ਦ੍ਰਿਸ਼ਟੀਕੋਣ ਵਾਲ਼ੇ ਰਸਤੇ ਵੀ ‘ਹੁਕਮੀ ਦਾ ਹੁਕਮੁ’ ਹੀ ਹਨ: ‘‘ਹੁਕਮੀ ਹੁਕਮੁ, ਚਲਾਏ ਰਾਹੁ॥’’, ਜਿਸ ਕਾਰਨ ਤਮਾਮ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਵੀ ਉਹ ਸਦਾ ਖਿੜਾਓ ਵਿੱਚ ਰਹਿੰਦਾ ਹੈ: ‘‘ਨਾਨਕ ! ਵਿਗਸੈ ਵੇਪਰਵਾਹੁ॥੩॥’’, ਆਦਿ ਵਚਨਾਂ ਨਾਲ਼ ਪਉੜੀ (ਵਿਸ਼ੇ) ਨੂੰ ਸੰਮੇਟਿਆ ਗਿਆ।

ਵਿਆਕਰਨ ਨਿਯਮ: ਉਕਤ ਪਉੜੀ ’ਚ ‘ਗਾਵੈ’ (ਇੱਕ ਵਚਨ ਕਿਰਿਆ) ਅਤੇ ‘ਕੋ’ (ਇੱਕ ਵਚਨ, ਅਨਿਸ਼ਚਿਤ ਪੜਨਾਂਵ) ਦਾ ਸੁਮੇਲ ਹੋਣਾ ਸੁਭਾਵਕ ਹੈ। ਗੁਰਬਾਣੀ ਲਿਖਤ ’ਚ ‘ਗਾਵੈ’ ਭਾਵ ‘ਗਾਉਂਦਾ ਹੈ’ (208 ਵਾਰ) ਅਤੇ ‘ਗਾਵਹਿ’ ਭਾਵ ਗਾਉਂਦੇ ਹਨ (128 ਵਾਰ) ਬਹੁ ਵਚਨ ਵਰਤਮਾਨ ਕਿਰਿਆਵਾਂ ਹਨ; ਜਿਵੇਂ ਕਿ

‘ਗਾਵਹਿ’ ਤੁਹਨੋ, ਪਉਣੁ ਪਾਣੀ ਬੈਸੰਤਰੁ; ‘ਗਾਵੈ’ ਰਾਜਾ-ਧਰਮੁ, ਦੁਆਰੇ ॥’’ (ਜਪੁ), ਆਦਿ।

ਗੁਰਬਾਣੀ ’ਚ ‘ਕੋ’ (ਭਾਵ ਕੋਈ ਵਿਰਲਾ) ਸੰਖੇਪ ਰੂਪ 1040 ਵਾਰ ਦਰਜ ਹੈ, ਜਿਸ ਦੇ ਮੁਕੰਮਲ ਸਰੂਪ ‘ਕੋਈ’ (595 ਵਾਰ) ਤੇ ‘ਕੋੳੂ’ (104 ਵਾਰ) ਵੀ ਦਰਜ ਹਨ; ਜਿਵੇਂ ਕਿ

‘ਕੋਈ’ ਰਖਿ ਨ ਸਕਈ; ਦੂਜਾ ‘ਕੋ’ ਨ ਦਿਖਾਇ ॥ (ਮ: ੫/੪੩)

ਥਥਾ, ਥਿਰੁ ਕੋਊ ਨਹੀ; ਕਾਇ ਪਸਾਰਹੁ ਪਾਵ ? ॥ (ਮ: ੫/੨੫੭)

ਕਬ ‘ਕੋਊ’ ਮੇਲੈ ਪੰਚ ਸਤ ਗਾਇਣ; ਕਬ ‘ਕੋ’ ਰਾਗ ਧੁਨਿ ਉਠਾਵੈ ॥ (ਮ: ੪/੩੬੮), ਆਦਿ। ਧਿਆਨ ਰਹੇ ਕਿ ਗੁਰਬਾਣੀ ਲਿਖਤ ਮੁਤਾਬਕ ‘ਕੋ’ ਦਾ ਅਰਥ ‘ਦਾ’ (ਸੰਬੰਧਕੀ) ਵੀ ਹੈ; ਜਿਵੇਂ ਕਿ ‘‘ਜਨ ਨਾਨਕ  ! ਕੋਟਨ ਮੈ ‘ਕੋਊ’; ਭਜਨੁ ਰਾਮ ‘ਕੋ’ (ਦਾ) ਪਾਵੈ ॥’’ ਮ: ੯/੨੧੯)

ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥ ਗਾਵੈ ਕੋ, ਦਾਤਿ ਜਾਣੈ ਨੀਸਾਣੁ॥

‘ਤਾਣੁ’- ਇਸ ਸ਼ਬਦ ਦੇ ਅੰਤ ’ਚ ਲੱਗਿਆ ਔਂਕੜ ਇਕ ਵਚਨ ਪੁਲਿੰਗ ਨਾਉਂ ਦਾ ਸੂਚਿਕ ਹੈ, ਜਿਸ ਦਾ ਅਰਥ ਹੈ: ‘ਬਲ, ਤਾਕਤ, ਸਹਾਰਾ, ਆਸਰਾ’, ਆਦਿ। ਗੁਰਬਾਣੀ ’ਚ ਮੌਜੂਦਗੀ 53 ਵਾਰ ਹੈ; ਜਿਵੇਂ ਕਿ:

ਸਾਹਿਬੁ, ਨਿਤਾਣਿਆ ਕਾ ‘ਤਾਣੁ’॥ (ਮ:੫/੭੦)

ਸਤਿਗੁਰਿ+ਮੀਤਿ (ਨੇ, ਪ੍ਰਭੂ) ਮਿਲਾਇਆ, (ਹੁਣ) ਮੈ (ਮੈਨੂੰ) ਸਦਾ ਸਦਾ ਤੇਰਾ ‘ਤਾਣੁ’॥ (ਮ:੪/੭੫੯)

ਤੂ ਭਗਤਾ ਕੈ ਵਸਿ (’ਚ), ਭਗਤਾ ‘ਤਾਣੁ’ ਤੇਰਾ ॥ (ਮ: ੫/੯੬੨), ਆਦਿ।

(ਨੋਟ: (1). ਗੁਰਬਾਣੀ ’ਚ ‘ਤਾਣੁ’ ਸ਼ਬਦ ਇੱਕ ਵਾਰ ਤਾਣੇ-ਪੇਟੇ ਦੇ ਅਰਥਾਂ ’ਚ ਵੀ ਮਿਲਦਾ ਹੈ; ਜਿਵੇਂ: ਨਾਨਕ ! ਕੂੜੈ+ਕਤਿਐ, ਕੂੜਾ ਤਣੀਐ ‘ਤਾਣੁ’॥ (ਮ:੧/੭੯੦)

(2). ‘ਤਾਣੁ’ ਸ਼ਬਦ ਹਮੇਸ਼ਾਂ ਇੱਕ ਵਚਨ ਹੁੰਦਾ ਹੈ, ਜਿਸ ਕਾਰਨ ਗੁਰਬਾਣੀ ਲਿਖਤ ਮੁਤਾਬਕ ਅੰਤ ਔਂਕੜ ਜ਼ਰੂਰੀ ਹੈ ਪਰ ਇੱਕ ਵਾਰ (ਬਾਬਾ ਫਰੀਦ ਜੀ ਦੀ ਬਾਣੀ ’ਚ) ‘ਤਾਣ’ (ਅੰਤ ਮੁਕਤਾ) ਵੀ ਮਿਲਦਾ ਹੈ; ਜਿਵੇਂ

‘‘ਮਤਿ ਹੋਦੀ; ਹੋਇ ਇਆਣਾ ॥ ‘ਤਾਣ’ ਹੋਦੇ; ਹੋਇ ਨਿਤਾਣਾ ॥ ਅਣਹੋਦੇ (ਨਾ-ਮਾਤਰ ਹੁੰਦਿਆਂ ਭੀ); ਆਪੁ ਵੰਡਾਏ (ਕੁਝ ਦਾਨ ਕਰੇ)॥ ਕੋ ਐਸਾ ਭਗਤੁ; ਸਦਾਏ ॥’’ ੧੩੮੪)

‘ਕਿਸੈ’– ਇਸ ਸ਼ਬਦ ਦਾ ਮੂਲ ਸਰੋਤ ਸਰੂਪ ‘ਕਿਸੁ’ (ਪ੍ਰਸ਼ਨ ਵਾਚਕ) ਹੈ, ਜੋ ਗੁਰਬਾਣੀ ’ਚ 115 ਵਾਰ ਦਰਜ ਹੈ; ਜਿਵੇਂ

ਸਭੁ ਉਪਾਏ ਆਪੇ ਵੇਖੈ; ‘ਕਿਸੁ’ ਨੇੜੈ ? ‘ਕਿਸੁ’ ਦੂਰਿ ?॥ (ਮ: ੩/੩੮)

‘ਕਿਸੁ’ ਜਾਚਉ? ਨਾਹੀ ਕੋ ਥਾਉ ॥ (ਮ: ੧/੧੫੩)

‘ਕਿਸੁ’ ਪੂਛਉ ? ‘ਕਿਸੁ’ ਲਾਗਉ ਪਾਇ ?॥ (ਮ: ੧/੨੨੧), ਆਦਿ।

ਜਦ ‘ਕਿਸੁ’ ਸ਼ਬਦ ਵਿੱਚੋਂ ਸੰਬੰਧਕ (‘ਦਾ, ਦੇ, ਦੀ, ਉੱਤੇ, ਨੂੰ’, ਆਦਿ) ਲੁਪਤ ਅਰਥ ਲੈਣੇ ਪੈਣ ਤਾਂ ਸ਼ਬਦ ਬਣਤਰ ‘ਕਿਸੁ’ ਤੋਂ ‘ਕਿਸੈ’ ਬਣ ਜਾਂਦੀ ਹੈ, ਜੋ ਗੁਰਬਾਣੀ ’ਚ 101 ਵਾਰ ਦਰਜ ਹੈ; ਜਿਵੇਂ

ਨਦਰੀ ‘ਕਿਸੈ’ (ਦੇ) ਨ ਆਵਊ, ਨਾ ਕਿਛੁ ਪੀਆ, ਨ ਖਾਉ॥ (ਮ:੧/੧੪)

ਪੈ, ਕੋਇ ਨ; ‘ਕਿਸੈ’ ਰਞਾਣਦਾ॥ (ਮ:੫/੭੪) ਭਾਵ (ਹੁਣ ਕੋਈ ਵੀ ਕਾਮਾਦਿਕ ਪਿੱਛੇ) ਪੈ ਕੇ ‘ਕਿਸੇ ਨੂੰ’ ਦੁਖੀ ਨਹੀਂ ਕਰਦਾ।

ਜਾ ਜਮਿ (ਨੇ) ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ ! ‘ਕਿਸੈ’ (ਨੂੰ) ਨ ਮਿਲਿਆ ਭੇਤੁ (ਪਤਾ)॥ (ਮ:੧/੭੫)

(ਰੱਬੀ ਮਿਹਰ) ‘ਕਿਸੈ’ (ਉੱਤੇ) ਥੋੜੀ, ‘ਕਿਸੈ’ (ਉੱਤੇ) ਹੈ ਘਣੇਰੀ॥ (ਮ:੩/੧੧੯)

‘ਕਿਸੈ’ ਦੂਰਿ ਜਨਾਵਤ, ‘ਕਿਸੈ’ ਬੁਝਾਵਤ ਨੇਰਾ॥ (ਮ:੫/੨੬੯) ਭਾਵ ਮਾਲਕ, ਆਪਣੀ ਹੋਂਦ-ਹਸਤੀ ‘ਕਿਸੇ ਨੂੰ’ ਨੇੜੇ (ਅੰਗ-ਸੰਗ) ਅਨੁਭਵ ਕਰਵਾ ਦਿੰਦਾ ਹੈ ਤੇ ‘ਕਿਸੇ ਨੂੰ’ ਦੂਰ। ਇਸ ਨਿਯਮ ਦੀ ਸੋਝੀ, ਕਿ ਸੰਬੰਧਕੀ ਚਿੰਨ੍ਹ ਦਰਜ ਹੋਣ ਉਪਰੰਤ ‘ਕਿਸੁ’ ਦਾ ਸਰੂਪ ‘ਕਿਸੈ’ ਕਿਵੇਂ ਬਣ ਜਾਂਦਾ ਹੈ? ਇਸ ਤੁਕ ਤੋਂ ਹੁੰਦੀ ਹੈ: ‘‘ਸੰਤ ਕਾ ਦੋਖੀ, ‘ਕਿਸੈ ਕਾ’ ਨਹੀ ਮਿਤੁ॥’’ (ਮ:੫/੨੮੦)

ਦਾਤਿ ਨੀਸਾਣੁ– ਗੁਰਬਾਣੀ ’ਚ ਇਹ ਦੋਵੇਂ ਸੰਯੁਕਤ ਸ਼ਬਦ ਕੇਵਲ ਇੱਕ ਵਾਰ ਹੀ ਇਸੇ ‘ਜਪੁ’ ਤੁਕ ’ਚ ਦਰਜ ਹਨ। ‘ਦਾਤਿ’ ਸ਼ਬਦ ਦੀ ਅੰਤ ਸਿਹਾਰੀ ਇਸ ਦੀ ਮੂਲਕ ਹੈ, ਜੋ ਗੁਰਬਾਣੀ ਦੇ ਕਿਸੇ ਕਾਰਕੀ ਨਿਯਮ ਨੂੰ ਨਹੀਂ ਦਰਸਾਉਂਦੀ ਬਲਕਿ ਅਨ੍ਯ ਭਾਸ਼ਾ ’ਚੋਂ ਆਏ ਤਤਸਮ ਸ਼ਬਦ ਨੂੰ ਬਿਆਨ ਕਰਦੀ ਹੈ, ਜਿੱਥੇ ਇਸ ਦਾ ਉਚਾਰਨ ਹੁੰਦਾ ਹੈ। ਸੰਸਿਤ ’ਚ ‘ਦਾਤਿ:’ ਭਾਵ ‘ਦਾਤਿਹ’ ਹੈ ਅਤੇ ‘ਦਾਤ੍ਰਿ’ ਦਾ ਅਰਥ ‘ਦਾਤਾ, ਖੁੱਲ੍ਹ ਦਿਲਾ’ ਹੈ। ਗੁਰਬਾਣੀ ’ਚ ‘ਦਾਤਿ’ ਸ਼ਬਦ 81 ਵਾਰ ਦਰਜ ਹੈ, ਜਿਸ ਵਿੱਚੋਂ ਇੱਕ ਵਾਰ ‘ਦਾਤਾ, ਦਾਨੀ’ ਪ੍ਰਥਾਇ ਵੀ ਦਿੰਦਾ ਹੈ; ਜਿਵੇਂ

ਮਾਣਸ ਦਾਤਿ (ਦਾਤਾ, ਦਾਤ੍ਰਿ) ਨ ਹੋਵਈ; ਤੂ ਦਾਤਾ ਸਾਰਾ (ਭਾਵ ਸਰਬੋਤਮ)॥ (ਮ: ੧/੧੦੦੯)

(ਨੋਟ: (1). ਗੁਰਬਾਣੀ ’ਚ ਇੱਕ ਵਾਰ ‘ਦਾਤ’ ਦਾ ਅਰਥ ਹੈ: ‘ਦਾਤਰੇ’; ਜਿਵੇਂ ਕਿ ਪੱਕੀ ਹੋਈ ਫ਼ਸਲ ਕੱਟਣ ਲਈ ਮਨੁੱਖ: ‘‘ਲੈ ਲੈ ਦਾਤ ਪਹੁਤਿਆ; ਲਾਵੇ (ਵਾਢੇ) ਕਰਿ ਤਈਆਰੁ ॥’’ (ਮ: ੫/੪੩)

(2). ‘ਦਾਤਿ’ ਦਾ ਬਹੁ ਵਚਨ ਰੂਪ ‘ਦਾਤੀ’ ਭਾਵ ਦਾਤਾਂ, ਵੀ ਗੁਰਬਾਣੀ ’ਚ ਹੇਠਲੀਆਂ ਤੁਕਾਂ ’ਚ ਦਰਜ ਹੈ:

ਤਾ ਮੁਖੁ ਹੋਵੈ ਉਜਲਾ; ਲਖ ‘ਦਾਤੀ’ ਇਕ ਦਾਤਿ (ਰੱਬੀ ਸਿਫ਼ਤ ਰੂਪ ਦਾਤ ਲੱਖਾਂ ਦਾਤਾਂ ’ਚੋਂ ਸ੍ਰੇਸ਼ਟ)॥ (ਮ: ੧/੧੬)

‘ਦਾਤੀ’ ਸਾਹਿਬ ਸੰਦੀਆ (ਦਾਤਾਂ ਮਾਲਕ ਦੀਆਂ); ਕਿਆ (ਜ਼ੋਰ) ਚਲੈ ਤਿਸੁ ਨਾਲਿ ?॥ (ਮ: ੧/੮੩)

ਜੇਵਡੁ ਸਾਹਿਬੁ, ਤੇਵਡ ‘ਦਾਤੀ’ (ਦਾਤਾਂ); ਦੇ ਦੇ ਕਰੇ ਰਜਾਈ ॥ (ਮ: ੧/੧੪੭)

ਹਰਿ ਜੀਉ  ! ਤੇਰੀ ‘ਦਾਤੀ’ ਰਾਜਾ (ਤੇਰੀਆਂ ਦਾਤਾਂ ਨਾਲ਼ ਰੱਜਦਾ ਹਾਂ)॥ (ਮ: ੫/੬੦੮)

ਸਾਚੇ ਸਾਹਿਬ (ਦੇ) ਤੋਟਿ ਨ ‘ਦਾਤੀ’ (ਦਾਤਾਂ ਵਿੱਚ); ਸਗਲੀ ਤਿਨਹਿ ਉਪਾਈ ਹੇ ॥ (ਮ: ੧/੧੦੨੫)

‘ਦਾਤੀ’ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ॥ (ਬਾਬਾ ਫਰੀਦ/੧੩੮੪), ਧਿਆਨ ਰਹੇ ਕਿ ਇਨ੍ਹਾਂ ਤਮਾਮ ਤੁਕਾਂ ’ਚ ‘ਦਾਤੀ’ ਦਾ ਉਚਾਰਨ ‘ਦਾਤੀਂ’ ਹੈ, ਜਿਸ ਦੀ ਸੇਧ ਇੱਥੋਂ ਮਿਲਦੀ ਹੈ: ‘‘ਨ ਭੀਜੈ ‘ਦਾਤਂੀ’ (ਦਾਤਾਂ ਦੁਆਰਾ) ਕੀਤੈ ਪੁੰਨਿ ॥’’ ਮ: ੧/੧੨੩੭)

ਸੋ ‘‘ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥ ਗਾਵੈ ਕੋ, ਦਾਤਿ ਜਾਣੈ ਨੀਸਾਣੁ॥’’ ਭਾਵ (ਕਰਤਾਰ ਦੀ ਵਿਸ਼ਾਲ ਕੁਦਰਤ ਵਿੱਚੋਂ) ਜਿਸ ਕਿਸੇ ਪਾਸ ਤਾਕਤ ਹੁੰਦੀ ਹੈ ਉਹ, (ਰੱਬੀ) ਸ਼ਕਤੀ ਨੂੰ (ਮੁੱਖ ਰੱਖ ਕੇ ਮਾਲਕ ਦੇ ਗੁਣ) ਗਾਉਂਦਾ ਹੈ ਤੇ ਕੋਈ (ਉਸ ਵੱਲੋਂ ਮਿਲੀ) ਦਾਤ ਦੇ ਚਿੰਨ੍ਹ ਨੂੰ ਵੇਖ ਕੇ ਰੱਬੀ ਹਸਤੀ (ਹੋਂਦ) ਨੂੰ ਸਵੀਕਾਰਦਾ ਹੈ।

(ਨੋਟ: ਗੁਰਬਾਣੀ ਵਿੱਚ ‘ਨੂੰ’ ਸ਼ਬਦ ਦਰਜ ਨਹੀਂ, ਇਸ ਲਈ ਅੰਤ ਔਂਕੜ ਵਾਲੇ ਇੱਕ ਵਚਨ ਪੁਲਿੰਗ ਨਾਂਵ, ਕਰਮ ਕਾਰਕ ਸ਼ਬਦਾਂ ਵਿੱਚੋਂ ‘ਨੂੰ’ ਮਿਲ ਜਾਂਦਾ ਹੈ, ਪਰ ਪੰਕਤੀ ਵਿੱਚੋਂ ‘ਨੂੰ’ ਸ਼ਬਦ ਕਿਸ ਸ਼ਬਦ ਤੋਂ ਉਪਰੰਤ ਲਗਾਉਣਾ ਹੈ, ਬਾਰੇ ਆਸਾਨ ਜਾਣਕਾਰੀ ਇਹ ਹੈ ਕਿ ਉਸ ਵਾਕ ’ਚ ਪਹਿਲਾਂ ਤੋਂ ਦਰਜ ‘ਕਿਰਿਆ’ ਸ਼ਬਦ ਨਾਲ ‘ਕੀ’ ਜਾਂ ‘ਕਿਸ ਨੂੰ’ ਲਗਾ ਕੇ ਪ੍ਰਸ਼ਨ ਪੈਦਾ ਕੀਤਾ ਜਾਵੇ ਅਤੇ ਜੋ ਉੱਤਰ ਮਿਲੇ ਉਸ ਸ਼ਬਦ ਵਿੱਚੋਂ ‘ਨੂੰ’ ਅਰਥ ਕੱਢ ਲਿਆ ਜਾਂਦਾ ਹੈ; ਜਿਵੇਂ ਕਿ

(ੳ). ‘‘ਨਾਨਕ  ! ‘ਗੁਰੁ’ ਸਾਲਾਹੀ ਆਪਣਾ, ਜਿਦੂ ਪਾਈ ‘ਪ੍ਰਭੁ’ ਸੋਇ॥’’ (ਮ:੩/੩੭) (ਕਿਸ ਨੂੰ ਸਾਲਾਹੀ (ਸਲਾਹਾਂ) ? ਉੱਤਰ-‘ਗੁਰੁ ਨੂੰ’, ਕਿਸ ਨੂੰ ਪਾਈ (ਪਾਵਾਂ) ? ਉੱਤਰ ‘ਪ੍ਰਭੁ ਨੂੰ’, ਇਸ ਲਈ ‘ਗੁਰੁ’ ਤੇ ‘ਪ੍ਰਭੁ’ ਕਰਮ ਕਾਰਕ ਹਨ, ਜਿਨ੍ਹਾਂ ਵਿੱਚੋਂ ਲੁਪਤ ‘ਨੂੰ’ ਮਿਲਦਾ ਹੈ।

(ਅ). ‘‘ਜਾ ਦੇਖਾ ‘ਪ੍ਰਭੁ’ ਆਪਣਾ, ਪ੍ਰਭਿ+ਦੇਖਿਐ (ਨਾਲ਼), ਦੁਖੁ ਜਾਇ॥’’ (ਮ:੪/੩੯) (ਕਿਸ ਨੂੰ ਦੇਖਾਂ ? ਉੱਤਰ- ‘ਆਪਣੇ ਪ੍ਰਭੁ ਨੂੰ’।)

(ੲ). ‘‘ਕਰਿ ਮਿੰਨਤਿ ਕਰਿ ਜੋਦੜੀ, ਮੈ ਪ੍ਰਭੁ ਮਿਲਣੈ ਕਾ ਚਾਉ॥’’ (ਮ:੪/੪੧) (ਕਿਸ ਨੂੰ ‘ਮਿਲਣੈ ਕਾ ਚਾਉ’ ? ਉੱਤਰ ‘ਪ੍ਰਭੁ ਨੂੰ’, ਆਦਿ, ਇਸੇ ਤਰ੍ਹਾਂ ‘ਜਪੁ’ ਤੁਕਾਂ ’ਚੋਂ ‘ਤਾਣੁ, ਨਿਸਾਣੁ’ ਸ਼ਬਦਾਂ ਦੇ ਅੰਤ ਔਂਕੜ ’ਚੋਂ ‘ਨੂੰ’ ਕਰਮ ਕਾਰਕ ਚਿੰਨ੍ਹ ਲਿਆ ਗਿਆ।)

ਗਾਵੈ ਕੋ, ਗੁਣ ਵਡਿਆਈਆ ਚਾਰ॥ ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥

ਚਾਰ– ਇਹ ਸ਼ਬਦ ਸੰਖਿਅਕ ‘ਚਾਰਿ’ (4) ਨਹੀਂ ਬਲਕਿ ਵਿਸ਼ੇਸ਼ਣ ‘ਚਾਰ’ ਹੈ, ਜਿਸ ਦਾ ਅਰਥ ਹੈ: ‘ਸੁੰਦਰ’ ਅਤੇ ਗੁਰਬਾਣੀ ਵਿੱਚ 15 ਵਾਰ ਦਰਜ ਹੈ; ਜਿਵੇਂ

ਚਾਰ ਬਿਚਾਰ, ਬਿਨਸਿਓ ਸਭ ਦੂਆ॥ (ਮ: ੫/੨੫੪) (ਭਾਵ ਸੁੰਦਰ ਵੀਚਾਰ ਬਣ ਗਏ ਕਿਉਂਕਿ ਰੱਬ ਤੋਂ ਬਿਨਾਂ ਦੂਜਾ ਮੋਹ ਖ਼ਤਮ ਹੋ ਗਿਆ।)

ਪੜਹਿ ਗੁਣਹਿ, ਤਿਨ੍ ‘ਚਾਰ’ ਵੀਚਾਰ (ਉਨ੍ਹਾਂ ਦੇ ਸੁੰਦਰ ਵੀਚਾਰ)॥ (ਮ:੧/੪੭੦)

ਕੋਟਿ ਪਵਿਤ੍ਰ , ਜਪਤ ਨਾਮ ‘ਚਾਰ’ (ਸੁੰਦਰ ਭਾਵ ਉੱਜਲ ਨਾਮ ਜਪਦਿਆਂ)॥ (ਮ:੫/੧੧੫੬)

ਮਜਨੁ ਝੂਠਾ ਚੰਡਾਲ ਕਾ, ਫੋਕਟ ‘ਚਾਰ’ (ਸੁੰਦਰ) ਸੀਂਗਾਰ॥ (ਮ:੧/੧੩੪੩), ਆਦਿ, ਜਦਕਿ ਸੰਖਿਅਕ ‘ਚਾਰਿ’ (ਅੰਤ ਸਿਹਾਰੀ) ਸ਼ਬਦ 108 ਵਾਰ ਦਰਜ ਹੈ, ਜਿਸ ਦਾ ਅਰਥ ਹੈ: ਗਿਣਤੀ ਦੇ 4 (ਚਾਰ); ਜਿਵੇਂ

ਮਤੀ ਮਰਣੁ ਵਿਸਾਰਿਆ, ਖੁਸੀ ਕੀਤੀ ਦਿਨ ‘ਚਾਰਿ’॥ (ਮ:੧/੧੫)

ਜਿਨੀ ਪੁਰਖੀ ਸਤਗੁਰੁ ਨ ਸੇਵਿਓ, ਸੇ ਦੁਖੀਏ ਜੁਗ ‘ਚਾਰਿ’॥ (ਮ:੩/੩੪)

ਵਿਣੁ ਰਾਸੀ ਵਾਪਾਰੀਆ, ਤਕੇ ਕੁੰਡਾ ‘ਚਾਰਿ’॥ (ਮ:੧/੫੬), ਆਦਿ।

ਵਿਦਿਆ ਵਿਖਮੁ ਵੀਚਾਰੁ- ਇਸ ਤੁਕ ’ਚ ‘ਵਿਖਮੁ ਵੀਚਾਰੁ’ ਸੰਯੁਕਤ ਸ਼ਬਦ ਹਨ ਭਾਵ ‘ਵੀਚਾਰੁ’ ਦਾ ਵਿਸ਼ੇਸ਼ਣ ‘ਵਿਖਮੁ’ ਹੈ ਅਤੇ ‘ਵਿਦਿਆ’ (ਗਿਆਨ) ਦੇ ਸਮਾਨੰਤਰ ਅਰਥਾਂ ’ਚ ਹਨ। ਗੁਰਬਾਣੀ ਵਿੱਚ ਹੋਰ ਕਿਤੇ ਵੀ ਦੁਬਾਰਾ ‘ਵਿਖਮੁ ਵੀਚਾਰੁ’ ਸੰਯੁਕਤ ਸ਼ਬਦ ਦਰਜ ਨਹੀਂ, ਪਰ ਦੋ ਵਾਰ ‘ਬਿਖਮੁ ਬੀਚਾਰੁ’ ਦਾ ਸੁਮੇਲ ਜ਼ਰੂਰ ਹੈ, ਜੋ ਕੁਦਰਤ ਦੀ ਵਿਸ਼ਾਲਤਾ ਵੱਲ ਸੰਕੇਤ ਕਰਦੇ ਹਨ; ਜਿਵੇਂ ਕਿ

ਜਾ ਕੇ ਜੀਅ ਜੰਤ, ਧਨੁ ਮਾਲੁ ॥ ਨਾਨਕ  ! ਆਖਣੁ ‘ਬਿਖਮੁ ਬੀਚਾਰੁ’ ॥ (ਮ: ੧/੧੫੧)

ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ; ਆਖਣੁ ‘ਬਿਖਮੁ ਬੀਚਾਰੀ’ ॥ (ਮ: ੩/੯੧੧)

(ਨੋਟ: ਗੁਰਬਾਣੀ ’ਚ ‘ਵਿਖਮੁ’ ਸ਼ਬਦ ਕੇਵਲ ਇੱਕ ਵਾਰ ‘ਜਪੁ’ ਤੁਕ ’ਚ ਹੀ ਦਰਜ ਹੈ ਜਦਕਿ ‘ਬਿਖਮੁ’ 33 ਵਾਰ ਹੈ, ਇਸ ਲਈ ‘ਬਿਖਮੁ’ ਦੀ ਬਜਾਇ ‘ਜਪੁ’ ’ਚ ‘ਵਿਖਮੁ’ ਦਰਜ ਕਰਨ ਦਾ ਮਤਲਬ ਕੇਵਲ ਇਹੀ ਹੋ ਸਕਦਾ ਹੈ ਕਿ ‘‘ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥’’ ਤੁਕ ’ਚ ‘ਵੀਚਾਰੁ’ ਤੇ ‘ਵਿਦਿਆ’ ਸ਼ਬਦ ਵੀ ‘ਵ’ ਅੱਖਰ ਨਾਲ ਹੀ ਆਰੰਭ ਹੁੰਦੇ ਹਨ।)

ਸੋ, ‘‘ਗਾਵੈ ਕੋ, ਗੁਣ ਵਡਿਆਈਆ ਚਾਰ॥ ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥’’ ਭਾਵ ਕੋਈ (ਸਮਾਜਿਕ ਸਦਾਚਾਰ) ਗੁਣ ਤੇ ਵਡਿਆਈਆਂ ਨੂੰ (ਰੱਬੀ ਦਾਤ ਮੰਨ ਕੇ, ਪ੍ਰਭੂ ਨੂੰ) ਗਾਉਂਦਾ ਹੈ ਤੇ ਕੋਈ (ਕੁਦਰਤ ਦੇ ਵਿਸ਼ਾਲ) ਵਿਦਿਆ ਰੂਪ ਕਠਨ ਵੀਚਾਰ ਨੂੰ (ਧਿਆਨ ’ਚ ਰੱਖ ਕੇ ਰੱਬੀ ਸ਼ਕਤੀ ਨੂੰ) ਗਾਉਂਦਾ ਹੈ, ਸਵੀਕਾਰਦਾ ਹੈ।

ਗਾਵੈ ਕੋ, ਸਾਜਿ ਕਰੇ, ਤਨੁ ਖੇਹ॥ ਗਾਵੈ ਕੋ, ਜੀਅ ਲੈ, ਫਿਰਿ ਦੇਹ॥

ਉਕਤ ਤੁਕ ‘‘ਗਾਵੈ ਕੋ, ਸਾਜਿ ਕਰੇ, ਤਨੁ ਖੇਹ॥ ਗਾਵੈ ਕੋ, ਜੀਅ ਲੈ, ਫਿਰਿ ਦੇਹ॥’’ ’ਚ ‘‘ਸਾਜਿ ਕਰੇ, ਤਨੁ ਖੇਹ/ਜੀਅ ਲੈ, ਫਿਰਿ ਦੇਹ॥’’ ਭਾਵ ਸੂਖਮ ‘ਜੀਅ’ ਅਤੇ ਸਥੂਲ ‘ਤਨੁ’ ਨੂੰ ਸਮਾਨੰਤਰ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ ਸਥੂਲ (ਤਨੁ) ਨੂੰ ‘ਖੇਹ’ (ਮਿੱਟੀ) ਕੀਤਾ ਗਿਆ: ‘‘ਫਰੀਦਾ  ! ਗੋਰ ਨਿਮਾਣੀ ਸਡੁ ਕਰੇ (ਹਾਕ ਮਾਰੇ, ਕਿ); ਨਿਘਰਿਆ ਘਰਿ ਆਉ ॥’’ (੧੩੮੨) ਜਦਕਿ ‘ਅਬਿਨਾਸ਼ੀ ਆਤਮਾ’ ਭਾਵ ‘ਜੀਅ’ (ਸੂਖਮ) ਨੂੰ ਇੱਕ ਸਰੀਰ ਵਿਚੋਂ ਕੱਢ ਕੇ ਦੁਬਾਰਾ ਕਿਸੇ ਹੋਰ ਸਥੂਲ ਸਰੀਰ ਵਿੱਚ ਪਾਉਣ ਦਾ ਸੰਕੇਤ ਦਰਜ ਹੈ: ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮ: ੩/੬੫੧) ਵਾਲ਼ਾ ਪੈਂਡਾ ਅਖ਼ਤਿਆਰ ਕੀਤਾ ਗਿਆ।

‘ਸਾਜਿ ਕਰੇ’-ਇਨ੍ਹਾਂ ਸੰਯੁਕਤ ਸ਼ਬਦਾਂ ’ਚੋਂ ‘ਸਾਜਿ’ (ਕਿਰਿਆ ਵਿਸ਼ੇਸ਼ਣ) ਅਤੇ ‘ਕਰੇ’ (ਕਿਰਿਆ) ਹੈ ਭਾਵ ‘ਬਣਾ ਕੇ ਧਰਨਾ’ ਜਾਂ ‘ਸਿਰਜ ਕੇ ਵਿਖਾਉਣਾ’ ।

ਗੁਰਬਾਣੀ ਲਿਖਤ ਮੁਤਾਬਕ ਕਿਸੇ ਕਿਰਿਆ ਵਿਸ਼ੇਸ਼ਣ ਸ਼ਬਦ ਦੀ ਅੰਤਮ ਸਿਹਾਰੀ ’ਚੋਂ ‘ਕੇ’ ਲੁਪਤ ਅਰਥ ਮਿਲਦੇ ਹਨ, ਪਰ ਜਦ ਇਸ ਲੁਪਤ ‘ਕੇ’ ਨੂੰ (ਕਾਵਿ ਤੋਲ ਨੂੰ ਮੁੱਖ ਰੱਖਦਿਆਂ) ਕਿਰਿਆ ਵਿਸ਼ੇਸ਼ਣ ਦੇ ਸਮਾਨੰਤਰ ਹੀ ਦਰਜ ਕਰਨਾ ਹੋਵੇ ਤਾਂ ‘ਸਾਜਿ ਕੈ’ ਲਿਖਤ ਬਣ ਜਾਂਦੀ ਹੈ; ਜਿਵੇਂ

ਆਪੇ ਕੁਦਰਤਿ ‘ਸਾਜਿ ਕੈ’; ਆਪੇ ਕਰੇ ਬੀਚਾਰੁ ॥ (ਮ: ੧/੧੪੩)

ਭਾਣੈ (’ਚ), ਮਿਟੀ ‘ਸਾਜਿ ਕੈ’; ਭਾਣੈ (’ਚ), ਜੋਤਿ ਧਰੇਇ ॥ (ਮ: ੫/੯੬੩)

‘ਤਨੁ ਖੇਹ’– ਇਨ੍ਹਾਂ ਦੋਵੇਂ ਸ਼ਬਦਾਂ ’ਚੋਂ ‘ਤਨੁ’ (ਅੰਤ ਔਂਕੜ) ਇੱਕ ਵਚਨ ਪੁਲਿੰਗ ਨਾਂਵ ਹੈ ਜਦਕਿ ‘ਖੇਹ’ (ਅੰਤ ਮੁਕਤਾ) ਇਸਤ੍ਰੀ ਲਿੰਗ ਨਾਂਵ। ਦੋਵੇਂ ਸੰਯੁਕਤ ਸ਼ਬਦ 5 ਵਾਰ ਦਰਜ ਹਨ, ਜਿਨ੍ਹਾਂ ਰਾਹੀਂ ‘ਸਥੂਲ ਤਨੁ’ ਦੀ ਮੰਜ਼ਲ ਪੰਜ ਤੱਤ ਭਾਵ ਮਿੱਟੀ ਹੋਣਾ ਦਰਸਾਇਆ ਗਿਆ ਹੈ; ਜਿਵੇਂ:

ਬਿਨੁ ਗੁਣ ਕਾਮਿ ਨ ਆਵਈ, ਢਹਿ ਢੇਰੀ ‘ਤਨੁ ਖੇਹ’॥ (ਮ:੧/੨੦)

ਸੋ ਸਾਂਈ ਜੈਂ ਵਿਸਰੈ, ਨਾਨਕ  ! ਸੋ ‘ਤਨੁ ਖੇਹ’॥ (ਮ:੫/੭੦੭)

ਜੇ ਸਉ ਵਰਿ੍ਆ ਜੀਵਣਾ, ਭੀ ‘ਤਨੁ’ ਹੋਸੀ ‘ਖੇਹ’॥ (ਬਾਬਾ ਫਰੀਦ/੧੩੮੦), ਆਦਿ।

‘ਜੀਅ ਲੈ’-ਇਸ ਤੁਕ ’ਚ ਦਰਜ ਸ਼ਬਦ ‘ਜੀਅ’ ਬਹੁ ਵਚਨ ਹੈ, ਜਿਸ ਦਾ ਅਰਥ ਹੈ: ‘ਜਿੰਦਾਂ, ਰੂਹਾਂ, ਆਤਮਾਵਾਂ, ਜੀਵਾਤਮਾਵਾਂ, ਪ੍ਰਾਣ’ ਆਦਿ, ਕਿਉਂਕਿ ਪਹਿਲੀ ਤੁਕ ’ਚ ‘ਤਨੁ ਖੇਹ’ ਭਾਵ ਬਾਹਰੀ ਸਰੀਰ ਬਾਰੇ ਵਿਚਾਰ ਉਪਰੰਤ ‘ਜੀਅ’ ਦਾ ਅਰਥ ‘ਸਰੀਰ’ ਨਹੀਂ ਰਹਿ ਜਾਂਦਾ; ਜਿਵੇਂ ਕਿ ਗੁਰਬਾਣੀ ’ਚ ਹੋਰ ਜਗ੍ਹਾ ਮਿਲਦਾ ਵੀ ਹੈ:

ਸਭਿ ‘ਜੀਅ’ (ਜੀਵ) ਤੁਮਾਰੇ ਜੀ ! ਤੂੰ ‘ਜੀਆ’ ਕਾ ਦਾਤਾਰਾ ॥ (ਮ: ੪/੧੦)

‘ਜੀਅ’ ਦਾ ਅਰਥ ਇੱਕ ਵਚਨ ‘ਜਿੰਦ’ (ਇੱਕ ਵਚਨ) ਕਿਉਂ ਨਹੀਂ ਹੋ ਸਕਦਾ, ਇਹ ਵੀ ਵਿਚਾਰ ਦਾ ਵਿਸ਼ਾ ਹੈ। ਗੁਰਬਾਣੀ ਲਿਖਤ ਮੁਤਾਬਕ ‘ਜੀਉ’ ਦਾ ਅਰਥ ਹੈ: ‘ਜਿੰਦ’ (ਇੱਕ ਵਚਨ); ਜਿਵੇਂ ਕਿ

‘‘ਸੁੰਞੀ ਦੇਹ ਡਰਾਵਣੀ; ਜਾ ‘ਜੀਉ’ ਵਿਚਹੁ ਜਾਇ ॥’’ (ਮ: ੧/੧੯), ਆਦਿ, ਪਰ ਜਦ ‘ਜੀਉ’ (ਇੱਕ ਵਚਨ) ਨਾਲ਼ ਸੰਬੰਧਕੀ ਚਿੰਨ੍ਹ (ਕਾ, ਕੇ, ਕੈ, ਕੀ) ਦਰਜ ਹੋਵੇ ਤਾਂ ‘ਜੀਉ’ ਦਾ ਸਰੂਪ ‘ਜੀਅ’ ਬਣ ਜਾਂਦਾ ਹੈ। ਧਿਆਨ ਰਹੇ ਕਿ ‘ਜੀਉ’ ਤੋਂ ਸੰਬੰਧਕੀ ਚਿੰਨ੍ਹ ਕਾਰਨ ਬਣਿਆ ‘ਜੀਅ’ ਵੀ ਸਦਾ ਇੱਕ ਵਚਨ, ਇਸਤ੍ਰੀ ਲਿੰਗ ਹੀ ਰਹੇਗਾ; ਜਿਵੇਂ ਕਿ ਹੇਠਲੀਆਂ ਤੁਕਾਂ ’ਚ ‘ਜੀਅ ਕੀ, ਜੀਅ ਕੇ, ਜੀਅ ਕਾ, ਜੀਅ ਕੈ’ ਦੀਆਂ ਦੋ-ਦੋ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ

ਸਤਿਗੁਰ ਕੇ ‘ਜੀਅ ਕੀ’ ਸਾਰ ((ਦਿਲ, ਜਿੰਦ ਦੀ ਸਮਝ) ਨ ਜਾਪੈ; ਕਿ ਪੂਰੈ ਸਤਿਗੁਰ (ਨੂੰ) ਭਾਵੈ ॥ (ਮ: ੪/੩੧੭)

‘ਜੀਅ ਕੀ’ ਬਿਰਥਾ (ਦਿਲ ਦੀ ਪੀੜਾ) ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥ (ਮ: ੫/੫੧੯)

ਕੇਤੇ ਬੰਧਨ ‘ਜੀਅ ਕੇ’ (ਜਿੰਦ ਦੇ); ਗੁਰਮੁਖਿ ਮੋਖ ਦੁਆਰ ॥ (ਮ: ੧/੬੨)

ਇਹੁ ਕੁਟੰਬੁ ਸਭੁ ‘ਜੀਅ ਕੇ’ (ਜਿੰਦ ਦੇ) ਬੰਧਨ, ਭਾਈ  ! ਭਰਮਿ ਭੁਲਾ ਸੈਂਸਾਰਾ ॥ (ਮ: ੩/੬੦੨)

ਸਤਿਗੁਰੁ ਦਾਤਾ ‘ਜੀਅ ਕਾ’ (ਰੂਹ ਦਾ); ਸਭਸੈ ਦੇਇ ਅਧਾਰੁ ॥ (ਮ: ੫/੫੨)

ਏਹੁ ਜਨੇਊ ‘ਜੀਅ ਕਾ’; ਹਈ, ਤ ਪਾਡੇ  ! ਘਤੁ ॥ (ਮ: ੧/੪੭੧)

ਗੁਰ ਕਾ ਬਚਨੁ; ‘ਜੀਅ ਕੈ’ ਸਾਥ ॥ (ਮ: ੫/੧੭੭)

ਮਨ ਚਿੰਦੇ ਸਗਲੇ ਫਲ ਪਾਵਹੁ; ‘ਜੀਅ ਕੈ’ ਸੰਗਿ ਸਹਾਈ ॥ (ਮ: ੫/੬੨੩), ਆਦਿ, ਪਰ ਜਦ ‘ਜੀਅ’ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਨਾ ਹੋਵੇ ਤਾਂ ਜ਼ਿਆਦਾਤਰ ਅਰਥ ‘ਸਥੂਲ ਸਰੀਰ’ ਹੀ ਬਣਦੇ ਹਨ; ਜਿਵੇਂ ਕਿ

ਹੁਕਮੀ ਹੋਵਨਿ ‘ਜੀਅ’ (ਜੀਵ); ਹੁਕਮਿ ਮਿਲੈ ਵਡਿਆਈ ॥ (ਜਪੁ)

‘ਜੀਅ’ ਜਾਤਿ (ਜੀਵ-ਜੰਤ); ਰੰਗਾ, ਕੇ ਨਾਵ ॥ (ਜਪੁ)

‘ਜੀਅ’ ਜੰਤ ਸਭਿ; ਤੇਰਾ ਖੇਲੁ ॥ (ਮ: ੪/੧੧)

ਕਾਹੇ ‘ਜੀਅ’ (ਹੇ ਜੀਵ) ! ਕਰਹਿ ਚਤੁਰਾਈ ? ॥ (ਮ: ੧/੨੫), ਆਦਿ, ਪਰ ‘ਜਪੁ’ ਬਾਣੀ ਦੀ ਵਿਚਾਰ ਅਧੀਨ ਤੁਕ ’ਚ ਪਹਿਲਾਂ ‘ਤਨੁ ਖੇਹ’ (ਸਥੂਲ ਸਰੀਰ) ਆਉਣ ਕਾਰਨ ਅਗਲੀ ਤੁਕ ’ਚ ‘ਜੀਅ’ ਦਾ ਅਰਥ ‘ਜਿੰਦਾਂ’ (ਬਹੁ ਵਚਨ, ਸੂਖਮ ਸਰੀਰ) ਕਰਨਾ ਦਰੁਸਤ ਹੋਵੇਗਾ ਕਿਉਂਕਿ ਬਿਨਾਂ ਕਿਸੇ ਸੰਬੰਧਕੀ ਜਾਂ ਸੰਬੋਧਨ ਦੇ, ‘ਜੀਅ’ ਸ਼ਬਦ ਇੱਕ ਵਚਨ ਨਹੀਂ, ਬਹੁ ਵਚਨ ਹੁੰਦਾ ਹੈ; ਜਿਵੇਂ ਕਿ ਉਕਤ ਵਿਚਾਰਿਆ ਗਿਆ ਹੈ।

‘ਲੈ’– ਇਹ ਸ਼ਬਦ ਗੁਰਬਾਣੀ ’ਚ 231 ਵਾਰ ਤੇ ਦੋ ਰੂਪਾਂ (ਕਿਰਿਆ ਤੇ ਕਿਰਿਆ ਵਿਸ਼ੇਸ਼ਣ) ’ਚ ਦਰਜ ਹੈ। ‘ਕਿਰਿਆ’ ਰੂਪ ’ਚ ਇਸ ਦੀ ਮਦਦ ਇੱਕ ਹੋਰ ਕਿਰਿਆਵਾਚੀ ਸ਼ਬਦ ਕਰਦਾ ਹੈ, ਜੋ ਇਸ ਤੋਂ ਅਗੇਤਰ ਤੇ ਅੰਤ ਸਿਹਾਰੀ ਹੁੰਦਾ ਹੈ ਭਾਵ ਕਿਰਿਆ ਰੂਪ ’ਚ ਤਦ ਦੋ ਸੰਯੁਕਤ ਸ਼ਬਦ ਹੁੰਦੇ ਹਨ; ਜਿਵੇਂ

ਰੰਗੁ ‘ਮਾਣਿ ਲੈ’ ਪਿਆਰਿਆ ! ਜਾ ਜੋਬਨੁ ਨਉ ਹੁਲਾ ॥ (ਮ: ੧/੨੩)

ਹੋਇ ਕਿਰਸਾਣੁ ਈਮਾਨੁ ‘ਜੰਮਾਇ ਲੈ’, ਭਿਸਤੁ ਦੋਜਕੁ ਮੂੜੇ  ! ਏਵ ਜਾਣੀ ॥ (ਮ: ੧/੨੪)

ਮਨ ਮੇਰੇ ! ਅਨਦਿਨੁ ਜਾਗੁ, ਹਰਿ ਚੇਤਿ ॥ ਆਪਣੀ ਖੇਤੀ ‘ਰਖਿ ਲੈ’ ਕੂੰਜ ਪੜੈਗੀ ਖੇਤਿ ॥ (ਮ: ੩/੩੪)

ਮਨ ਮੇਰੇ ! ਗੁਰ ਕੀ ‘ਮੰਨਿ ਲੈ’ ਰਜਾਇ ॥ (ਮ: ੩/੩੭), ਆਦਿ ਤਮਾਮ ਪੰਕਤੀਆਂ ’ਚ ਤਰਤੀਬ ਵਾਰ ‘ਮਾਣਿ, ਜੰਮਾਇ, ਰਖਿ, ਮੰਨਿ’ (ਕਿਰਿਆ ਵਾਚੀ) ਸ਼ਬਦਾਂ ਨੇ ‘ਲੈ’ (ਕਿਰਿਆ ਵਾਚੀ) ਸ਼ਬਦ ਨੂੰ ਆਪਣੇ ਨਾਲ਼ ਜੋੜ ਲਿਆ। ਇਸ ਨਿਯਮ ਮੁਤਾਬਕ ‘ਲੈ’ (ਕਿਰਿਆ) ਦੀ ਪਹਿਚਾਣ ਇਹ ਹੁੰਦੀ ਹੈ:

(1). ਇਨਾਂ ਵਾਕਾਂ ’ਚ ਇੱਕ ਸੰਬੋਧਨ ਸ਼ਬਦ ਜ਼ਰੂਰ ਹੋਵੇਗਾ; ਜਿਵੇਂ ਕਿ ‘ਹੇ ਪਿਆਰਿਆ !, ਹੇ ਮੂੜੇ (ਮੂਰਖ) !, ਹੇ ਮਨ ਮੇਰੇ !’, ਆਦਿ।

(2). ਵਾਕ ਦੇ ਅਰਥ ਕਰਦਿਆਂ ‘ਤੂੰ’ ਸ਼ਬਦ ਦੀ ਵਰਤੋਂ ਜ਼ਰੂਰ ਹੋਵੇਗੀ; ਜਿਵੇਂ ਕਿ ‘ਤੂੰ ਮਾਣ ਲੈ, ਤੂੰ ਜੰਮਾਇ ਲੈ, ਤੂੰ ਰਖ ਲੈ, ਤੂੰ ਮੰਨ ਲੈ’, ਆਦਿ।

(3). ਇਹ ਤਮਾਮ ਵਾਕ ਹੁਕਮੀ ਭਵਿੱਖ ਕਾਲ, ਇੱਕ ਵਚਨ ਕਿਰਿਆ ਨਾਲ ਸੰਬੰਧਿਤ ਹੁੰਦੇ ਹਨ ਭਾਵ ਅਜਿਹੀ ਕਿਰਿਆ ਰਾਹੀਂ ਦਿੱਤਾ ਜਾ ਰਿਹਾ ਉਪਦੇਸ਼ ਅਜੇ ਕਰਨਾ ਹੁੰਦਾ ਹੈ, ਨਾ ਕਿ ਕਰ ਰਿਹਾ ਹੁੰਦਾ ਹੈ (ਵਰਤਮਾਨ) ਜਾਂ ਹੋ ਚੁੱਕਾ ਹੁੰਦਾ ਹੈ (ਭੂਤ ਕਾਲ)।

ਦੂਸਰਾ ‘ਲੈ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਹੁੰਦਾ ਹੈ, ਜੋ ‘ਲੈ ਕੇ’ ਦੇ ਅਰਥ ਦਿੰਦਾ ਹੈ ਕਿਉਂਕਿ ਵਾਕ ਵਿੱਚ ਮੁਕੰਮਲ ਕਿਰਿਆਵਾਚੀ ਸ਼ਬਦ ਵੱਖਰਾ ਹੁੰਦਾ ਹੈ; ਜਿਵੇਂ

ਕੇਤੇ, ‘ਲੈ ਲੈ’ (ਕੇ) ਮੁਕਰੁ ਪਾਹਿ॥ (ਜਪੁ)

ਅਮੁਲ ਆਵਹਿ, ਅਮੁਲ ‘ਲੈ’ (ਕੇ) ਜਾਹਿ॥ (ਜਪੁ)

ਹਰਿ ਜਸੁ ਵਖਰੁ ‘ਲੈ’ (ਕੇ) ਚਲਹੁ, ਸਹੁ ਦੇਖੈ ਪਤੀਆਇ ॥ (ਮ: ੧/੨੨)

ਜਨੁ ਨਾਨਕੁ ਜੀਵੈ ਨਾਮੁ ‘ਲੈ’ (ਕੇ), ਹਰਿ ਦੇਵਹੁ ਸਹਜਿ ਸੁਭਾਇ ॥ (ਮ: ੩/੨੬)

ਨਾਮੁ ਰਤਨੁ ‘ਲੈ’ (ਕੇ) ਗੁਝਾ ਰਖਿਆ ॥ (ਮ: ੫/੧੩੦), ਆਦਿ ਤਮਾਮ ਪੰਕਤੀਆਂ ’ਚ ਤਰਤੀਬ ਵਾਰ ‘ਮੁਕਰੁ ਪਾਹਿ, ਜਾਹਿ, ਚਲਹੁ, ਜੀਵੈ, ਰਖਿਆ’; ਮੁਕੰਮਲ ਕਿਰਿਆਵਾਚੀ ਸ਼ਬਦ ਹਨ, ਜਿਸ ਕਾਰਨ ‘ਲੈ’ ਨੇ ‘ਲੈ ਕੇ’ (ਕਿਰਿਆ ਵਿਸ਼ੇਸ਼ਣ) ਅਰਥ ਦਿੱਤੇ।

‘ਲੈ’ ਕਿਰਿਆ ਵਿਸ਼ੇਸ਼ਣ ਤੇ ‘ਲੈ’ ਸੰਯੁਕਤ ਕਿਰਿਆਵਾਚੀ ’ਚ ਇੱਕ ਅੰਤਰ ਇਹ ਵੀ ਹੁੰਦਾ ਹੈ ਕਿ ਕਿਰਿਆ ਵਿਸ਼ੇਸ਼ਣ ਦੌਰਾਨ ਇਹ ਮੂਲ ਕਿਰਿਆ ਤੋਂ ਪਹਿਲਾਂ ਦਰਜ ਹੁੰਦਾ ਹੈ ਜਦਕਿ ‘ਕਿਰਿਆ’ ਦੌਰਾਨ ਸੰਯੁਕਤ ਕਿਰਿਆ ਤੋਂ ਬਾਅਦ।

‘ਫਿਰਿ’– ਇਹ ਸ਼ਬਦ ‘ਕਾਲ-ਵਾਚਕ ਕਿਰਿਆ ਵਿਸ਼ੇਸ਼ਣ’ ਹੈ, ਜੋ ਗੁਰਬਾਣੀ ’ਚ 434 ਵਾਰ ਦਰਜ ਹੈ। ਇਸ ਵਾਕ ਨੂੰ ਵੀਚਾਰੋ: ‘ਰਾਮ ਬਾਜ਼ਾਰ ਗਿਆ ਫਿਰ ਆਏਗਾ’ ਭਾਵ ‘ਫਿਰ’ ਸ਼ਬਦ ਦੋ ਵਾਕਾਂ ਨੂੰ ਜੋੜਨ ਦੇ ਨਾਲ਼ ਨਾਲ਼ ਸਮੇਂ ਨੂੰ ਵੀ ਨਿਰਧਾਰਤ (ਨਿਸ਼ਚਿਤ) ਕਰਦਾ ਹੈ, ਇਸ ਲਈ ਹੀ ‘ਕਾਲ ਵਾਚਕ ਕਿਰਿਆ ਵਿਸ਼ੇਸ਼ਣ’ ਮੰਨਿਆ ਗਿਆ। ਇਸ ਦਾ ਅਰਥ ਹੈ: ਦੁਬਾਰਾ, ਮੁੜ ਕੇ, ਬਾਅਦ ਵਿੱਚ, ਇੱਕ ਵਾਰੀ ਹੋਰ, ਆਦਿ।

ਤਮਾਮ ਸੰਬੰਧਕੀ ਤੇ ਕਿਰਿਆ ਵਿਸ਼ੇਸ਼ਣ ਸ਼ਬਦਾਂ (ਨਾਲਿ, ਵਿਚਿ, ਅੰਦਰਿ, ਅੰਤਰਿ, ਸਾਥਿ, ਉਪਰਿ, ਨੇੜਿ, ਦੂਰਿ, ਹੇਠਿ, ਹਦੂਰਿ, ਤੋਟਿ, ਘਾਟਿ, ਇਤਿਆਦਿਕ) ਵਾਙ ‘ਫਿਰਿ’ ਸ਼ਬਦ ਨੂੰ ਵੀ ਗੁਰਬਾਣੀ ਲਿਖਤ ਮੁਤਾਬਕ ਹਮੇਸ਼ਾਂ ਅੰਤ ਸਿਹਾਰੀ ਆਉਂਦੀ ਹੈ।

ਧਿਆਨ ਰਹੇ ਕਿ ‘ਫਿਰਿ’ ਸ਼ਬਦ ਦੇ ਕੀਤੇ ਗਏ ਅਰਥ: ‘ਮੁੜ ਕੇ ਜਾਂ ਬਾਅਦ ਵਿੱਚ’; ਦੌਰਾਨ ‘ਕੇ’ ਅਤੇ ‘ਵਿੱਚ’ ਚਿੰਨ੍ਹ ਕੋਈ ਕਾਰਕੀ ਸੰਕੇਤ ਨਹੀਂ, ਜਿਨ੍ਹਾਂ ਨੂੰ ਅੰਤ ਸਿਹਾਰੀ ਵਿੱਚੋਂ ਲਿਆ ਮੰਨ ਲਿਆ ਜਾਏ ਬਲਕਿ ਇਹ ‘ਫਿਰ’ (ਅੰਤ ਮੁਕਤਾ) ਸ਼ਬਦ ਦੇ ਆਪਣੇ ਹੀ ਅਰਥ ਹੁੰਦੇ ਹਨ।

‘ਦੇਹ’– ਇਹ ਸ਼ਬਦ ਗੁਰਬਾਣੀ ’ਚ ਸਰੀਰ (ਨਾਂਵ) ਅਤੇ ਦੇਣਾ (ਕਿਰਿਆ) ਦੇ ਸੰਬੰਧ ’ਚ ਦਰਜ ਹੈ; ਜਿਵੇਂ ਕਿ ਸਰੀਰ ਲਈ:

ਭਰੀਐ, ਹਥੁ ਪੈਰੁ ਤਨੁ ‘ਦੇਹ’॥ (ਜਪੁ)

ਜਬ ਲਗੁ ਜੋਬਨਿ ਸਾਸੁ ਹੈ, ਤਬ ਲਗੁ ਇਹੁ ਤਨੁ ‘ਦੇਹ’॥ (ਮ:੧/੨੦)

ਸਭੁ ਜਗੁ ਕਾਜਲ ਕੋਠੜੀ, ਤਨੁ ਮਨੁ ‘ਦੇਹ’ ਸੁਆਹਿ॥ (ਮ:੧/੬੪)

ਆਸਾ ਬੰਧੀ ਮੂਰਖ ‘ਦੇਹ’॥ (ਮ:੫/੧੭੮), ਆਦਿ; ਪਰ ਕਿਰਿਆ ਰੂਪ ’ਚ ਇਉਂ ਦਰਜ ਹੈ:

ਬਾਬਾ ! ਸਚੜਾ ਮੇਲੁ ਨ ਚੁਕਈ, ਪ੍ਰੀਤਮ ਕੀਆ ‘ਦੇਹ’ ਅਸੀਸਾ ਹੇ॥ (ਮ:੧/੫੮੨) (‘ਦੇਹ’ ਭਾਵ ਦੇਵੋ)

ਉਧਰੁ ‘ਦੇਹ’ ਅੰਧ ਕੂਪ ਤੇ, ਲਾਵਹੁ ਅਪੁਨੀ ਚਰਣੀ॥ (ਮ:੫/੭੦੨) (‘ਉਧਰ ਦੇਹ’ ਭਾਵ ਕੱਢ ਲੇਵੋ)

ਜਉ ਗੁਰਦੇਉ (ਜਦ ਗੁਰੂ ਪ੍ਰਸੰਨ), ਤ ਅੰਮ੍ਰਿਤ ‘ਦੇਹ’॥ (ਭਗਤ ਨਾਮਦੇਵ/੧੧੬੬) (‘ਦੇਹ’ ਭਾਵ ਦੇਂਦਾ ਹੈ), ਆਦਿ।

ਸੋ, ‘‘ਗਾਵੈ ਕੋ, ਸਾਜਿ ਕਰੇ, ਤਨੁ ਖੇਹ॥ ਗਾਵੈ ਕੋ, ਜੀਅ ਲੈ, ਫਿਰਿ ਦੇਹ॥’’ ਭਾਵ ਕੋਈ (ਕੁਦਰਤ ਦੇ ਰਚੇਤਾ ਨੂੰ ਇਸ ਆਧਾਰ ’ਤੇ ਯਾਦ ਕਰਦਾ ਹੈ ਕਿ ਉਹ ਤਮਾਮ) ਸਰੀਰ ਬਣਾ ਕੇ (ਮੁੜ, ਫਿਰ) ਮਿੱਟੀ ਕਰ ਦਿੰਦਾ ਹੈ ਤੇ ਕੋਈ (ਉਸ ਦੇ ਗੁਣ ਇਉਂ ਸਮਝ ਕੇ) ਗਾਉਂਦਾ ਹੈ ਕਿ (ਉਹ ਤਮਾਮ ਸਰੀਰਾਂ ਵਿੱਚੋਂ) ਜਿੰਦਾਂ ਕੱਢ ਕੇ (ਲੈ ਕੇ, ਹੋਰਾਂ ਸਰੀਰਾਂ ਨੂੰ) ਮੁੜ ਦੇ ਦਿੰਦਾ ਹੈ ਭਾਵ ਆਵਾਗਮਣ ਰੂਪ ਖੇਲ ਨੂੰ ਨਿਰੰਤਰ ਜਾਰੀ ਰੱਖਦਾ ਹੈ।

ਗਾਵੈ ਕੋ, ਜਾਪੈ ਦਿਸੈ ਦੂਰਿ॥ ਗਾਵੈ ਕੋ, ਵੇਖੈ ਹਾਦਰਾ ਹਦੂਰਿ॥

ਇਸ ਪੰਕਤੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ਦੁਆਰਾ ਰਚੀ ਗਈ ਇਸ ਪਉੜੀ (ਵਿਸ਼ੇ) ’ਚ ਕੇਵਲ ਗੁਰਮਤਿ ਅਨੁਸਾਰੀ ਭਾਵਨਾ ਵਿਅਕਤ ਨਹੀਂ ਕੀਤੀ ਜਾ ਰਹੀ ਬਲਕਿ ਆਸਤਿਕ ਸਮਾਜਿਕ ਦ੍ਰਿਸ਼ਟੀਕੋਣ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਜਿਸ ਨਾਲ਼ ਸਹਿਮਤੀ ਜਾਂ ਅਸਹਿਮਤੀ ਪਉੜੀ ਵਿਸ਼ੇ ਦੀ ਸਮਾਪਤੀ ’ਚ ਦਰਜ ਹੋਵੇਗੀ।

(ਨੋਟ: ਇਬਰਾਨੀਆਂ ਦੇ ਰੱਬੀ ਨਿਵਾਸ ਸਥਾਨ ਬਾਰੇ ਇਸਲਾਮੀ ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਪੈਗ਼ੰਬਰ ਪ੍ਰਗਟ ਹੋਣ ਤੋਂ 12 ਸਾਲ ਬਾਅਦ ਮੁਹੰਮਦ ਸਾਹਿਬ ‘ਮਿਅਰਾਜ’ (ਆਸਮਾਨੀ ਸਫ਼ਰ) ਲਈ ਜਬਰਾਈਲ ਫ਼ਰਿਸ਼ਤੇ ਦੁਆਰਾ ਲਿਆਂਦੇ ਗਏ ਬੁਰਾਕ (ਪੰਖਧਾਰੀ ਚਿੱਟਾ ਜੀਵ, ਜਿਸ ਦਾ ਕੱਦ ਖੱਚਰ ਜਾਂ ਗਧੇ ਵਰਗਾ ਤੇ ਨੌਂਹ ਸ਼ੇਰ ਵਰਗੇ) ਉੱਤੇ ਸਵਾਰ ਹੋ ਕੇ ਸੱਤ ਆਸਮਾਨ ਵੱਲ ਗਏ, ਜਿਨ੍ਹਾਂ ਦੇ ਬੂਹੇ ਖੁਲ੍ਹਦੇ ਗਏ (ਪਹਿਲਾ ਅਸਮਾਨ ਧੂੰਏਂ ਦਾ, ਦੂਜਾ ਬੱਦਲ (ਪਾਣੀ) ਦਾ, ਜਿੱਥੇ ਈਸਾ ਮਸੀਹ ਤੇ ਯਹੀਆ ਪੈਗ਼ੰਬਰ ਜੀ ਮਿਲੇ, ਤੀਜਾ ਲੋਹੇ ਦਾ, ਜਿੱਥੇ ਇਬਰਾਹੀਮ ਦੇ ਪੜੋਤੇ ਯੂਸਫ਼ ਮਿਲੇ, ਚੌਥਾ ਪਿੱਤਲ ਦਾ, ਜਿੱਥੇ ਅਦਰੀਸ਼ (ਹਨਕ) ਜੀ ਮਿਲੇ, ਪੰਜਵਾਂ ਚਾਂਦੀ ਦਾ, ਜਿੱਥੇ ‘ਮੂਸਾ’ ਜੀ ਦੇ ਵੱਡੇ ਭਰਾ ਹਾਰੂਨ (ਹਾਰੂੰ) ਮਿਲੇ, ਛੇਵਾਂ ਸੋਨੇ ਦਾ, ਜਿੱਥੇ ਮੂਸਾ ਜੀ ਮਿਲੇ, ਸੱਤਵਾਂ ਪੁਖਰਾਜ (ਨੌ ਰਤਨਾਂ ’ਚੋਂ ਇੱਕ ਰਤਨ) ਦਾ, ਜਿੱਥੇ ਇਬਰਾਹੀਮ ਜੀ ਮਿਲੇ), ਇੱਥੇ ਮੁਹੰਮਦ ਸਾਹਿਬ ਜੀ ਨੂੰ ਤਿੰਨ ਪਿਆਲੇ (ਸ਼ਰਾਬ, ਦੁੱਧ ਤੇ ਸ਼ਹਿਦ) ਦਿੱਤੇ ਗਏ, ਜਿਨ੍ਹਾਂ ’ਚੋਂ ਉਨ੍ਹਾਂ ਦੁੱਧ ਪੀਤਾ। ਇਸ ਤੋਂ ਅਗਾਂਹ ਰੱਬੀ ਤਖ਼ਤ ਪਾਸ ਪਹੁੰਚੇ, ਜਿੱਥੇ ਦੋ ਵਾਰ ਖ਼ੁਦਾ ਨੇ ਕਿਹਾ: ‘ਮੁਹੰਮਦ  ! ਹੋਰ ਨੇੜੇ ਆ’ । ਤਦ ਮੁਹੰਮਦ ਸਾਹਿਬ ਤੇ ਖ਼ੁਦਾ ਦੀ ਦੂਰੀ ਕੇਵਲ 2 ਕਮਾਨ (5 ਕੁ ਫੁੱਟ) ਸੀ ਜਦਕਿ ਗੁਰਬਾਣੀ ਰੱਬ ਨੂੰ ਸਰਬ ਵਿਆਪਕ ਮੰਨਦੀ ਹੈ: ‘‘ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ  ! ਹਰਿ ਏਕੋ ਪੁਰਖੁ ਸਮਾਣਾ ॥’’ ਮ:੪/੧੧)

ਗਾਵੈ ਕੋ, ਜਾਪੈ ਦਿਸੈ ਦੂਰਿ॥– ਇਸ ਪੰਕਤੀ ’ਚ ‘ਜਾਪੈ’ ਵਾਙ ਹੀ ‘ਦਿਸੈ’ ਸ਼ਬਦ ਵੀ ਇਕ ਵਚਨ ਕਿਰਿਆ ਹੈ, ਨਾ ਕਿ ਨਾਉਂ। ਇਹ ਸ਼ਬਦ ਗੁਰਬਾਣੀ ’ਚ 32 ਵਾਰ ਦਰਜ ਹੈ; ਜਿਵੇਂ ਕਿ

ਇਕੋ ‘ਦਿਸੈ’ ਸਜਣੋ, ਇਕੋ ਭਾਈ ਮੀਤੁ॥ (ਮ:੫/੪੪)

ਅਦਿਸਟੁ ‘ਦਿਸੈ’, ਤਾ ਕਹਿਆ ਜਾਇ॥ (ਮ:੧/੨੨੨)

ਨਾਨਕ ਕਾ ਪਾਤਿਸਾਹੁ, ‘ਦਿਸੈ’ ਜਾਹਰਾ (ਅੰਗ-ਸੰਗ)॥ (ਮ:੫/੩੯੭), ਆਦਿ।

‘ਦੂਰਿ’– ਇਹ (ਸਥਾਨ ਵਾਚਕ ਕਿਰਿਆ ਵਿਸ਼ੇਸ਼ਣ) ਸ਼ਬਦ ਗੁਰਬਾਣੀ ’ਚ 155 ਵਾਰ ਦਰਜ ਹੈ, ਜਿਸ ਦਾ ਪ੍ਰਯੋਗ ‘ਨੇੜਿ’ ਦੇ ਵਿਪਰੀਤ ਵਧੇਰੇ ਕੀਤਾ ਗਿਆ ਹੈ; ਜਿਵੇਂ ਕਿ

(ੳ). ਕਰਮੀ ਆਪੋ ਆਪਣੀ, ਕੇ ਨੇੜੈ, ਕੇ ਦੂਰਿ॥ (ਜਪੁ)

(ਅ). ਸਭੁ ਉਪਾਏ, ਆਪੇ ਵੇਖੈ, ਕਿਸੁ ਨੇੜੈ, ਕਿਸੁ ਦੂਰਿ॥ (ਮ:੩/੩੮) ਭਾਵ ਜਦ ਸਾਰੇ ਉਸ ਨੇ ਬਣਾਏ ਹਨ ਤਾਂ ਫਿਰ ਕਿਸ ਨੂੰ ਉਸ ਦੇ ਨੇੜੇ ਜਾਂ ਦੂਰ ਕਹੀਏ? ਭਾਵ ਸਾਰੇ ਹੀ ਉਸ ਦੇ ਨੇੜੇ ਹਨ ਕਿਉਂਕਿ ਉਹ ਕਣ-ਕਣ ’ਚ ਵਿਆਪਕ ਹੈ: ‘‘ਕਹਿ ਰਵਿਦਾਸ  ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥’’ (ਭਗਤ ਰਵਿਦਾਸ/੬੫੮)

(ੲ). ਗੁਰ ਸਭਾ ਏਵ ਨ ਪਾਈਐ, ਨਾ ਨੇੜੈ, ਨਾ ਦੂਰਿ॥ (ਮ:੩/੮੪), ਆਦਿ।

(ਨੋਟ: (1). ਗੁਰਬਾਣੀ ਲਿਖਤ ਮੁਤਾਬਕ ‘ਦੂਰਿ’ ਸ਼ਬਦ ਦੇ ਅੰਤ ’ਚ ਲੱਗੀ ਸਿਹਾਰੀ ਕਿਸੇ ਸੰਬੰਧਕੀ ਚਿੰਨ੍ਹ ਦਰਜ ਹੋਣ ਉਪਰੰਤ ਹਟ ਜਾਂਦੀ ਹੈ; ਜਿਵੇਂ ਕਿ: ਰੂਪ ਹੀਨ ਬੁਧਿ ਬਲ ਹੀਨੀ, ਮੋਹਿ ਪਰਦੇਸਨਿ ‘ਦੂਰ ਤੇ’ ਆਈ॥ (ਮ:੫/੨੦੪)

ਉਚਰਤ ਗੁਨ ਗੋਪਾਲ ਜਸੁ, ‘ਦੂਰ ਤੇ’ ਜਮੁ ਭਾਗੈ॥ (ਮ:੫/੮੧੭), ਆਦਿ।

(2). ਗੁਰਬਾਣੀ ਲਿਖਤ ਮੁਤਾਬਕ, ਜਿਨ੍ਹਾਂ ਸ਼ਬਦਾਰਥਾਂ ਦਾ ‘ਦ’ ਅੱਖਰ ਭਾਵਾਰਥਾਂ ਦੌਰਾਨ ‘ਜ’ ਨਾਲ ਬਦਲੇ, ਉਹ ਜ਼ਿਆਦਾਤਰ ਅਰਬੀ ਭਾਸ਼ਾ ਦੇ ਹੁੰਦੇ ਹਨ; ਜਿਵੇਂ ‘ਨਦਰਿ-ਨਜ਼ਰ, ਕਾਗਦ-ਕਾਗਜ਼, ਹਾਦਰਾ ਹਦੂਰਿ- ਹਾਜ਼ਰਾ ਹਜ਼ੂਰ, ਆਦਿ ਅਤੇ ਜਿਨ੍ਹਾਂ ਦਾ ‘ਸਤ’ ਸੰਯੁਕਤ ਅੱਖਰ ‘ਥ’ ’ਚ ਬਲਦੇ ਉਹ ਸੰਸਿਤ ਦੇ; ਜਿਵੇਂ ‘ਹਸ੍ਤ-ਹੱਥ, ਹਸਤੀ-ਹਾਥੀ, ਵਸਤੁ-ਵਥ, ਅਸਤਿ-ਆਥਿ (ਭਾਵ ‘ਹੈ’)’, ਆਦਿ।)

ਸੋ, ‘‘ਗਾਵੈ ਕੋ, ਜਾਪੈ ਦਿਸੈ ਦੂਰਿ॥ ਗਾਵੈ ਕੋ, ਵੇਖੈ ਹਾਦਰਾ ਹਦੂਰਿ॥’’ ਭਾਵ ਕੋਈ (ਅੱਲ੍ਹਾ ਨੂੰ) ਦੂਰ ਵੇਖਦਾ, ਮਹਿਸੂਸ ਕਰਦਾ ਹੈ ਤੇ ਉਸ ਦੇ ਗੁਣ ਗਾਉਂਦਾ ਹੈ ਅਤੇ ਕੋਈ ਉਸ ਨੂੰ ਅੰਗ-ਸੰਗ (ਨੇੜੇ ਤੋਂ ਨੇੜੇ) ਅਨੁਭਵ ਕਰਦਾ ਹੈ ਤੇ ਗੁਣ ਗਾਉਂਦਾ ਹੈ।

(ਨੋਟ: ਉਕਤ ਕੀਤੀ ਗਈ ਤਮਾਮ ਵਿਚਾਰ ’ਚ ਮਾਤਰ 8 ਪ੍ਰਕਾਰ ਦੀ ਮਾਨਸਿਕਤਾ ਨੂੰ ਰੂਪਮਾਨ ਕੀਤਾ ਗਿਆ ਹੈ; ਜਿਵੇਂ ਕਿ

(1). ਕੋਈ ਰੱਬੀ ਸ਼ਕਤੀ ਨੂੰ ਵੇਖ ਕੇ ਗਾਉਂਦਾ ਹੈ: ‘‘ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥’’

(2). ਕੋਈ ਮਿਲੀ ‘ਦਾਤ ਦੇ ਚਿੰਨ੍ਹ’ ਨੂੰ ਵੇਖ ਕੇ ਗਾਉਂਦਾ ਹੈ: ‘‘ਗਾਵੈ ਕੋ, ਦਾਤਿ ਜਾਣੈ ਨੀਸਾਣੁ॥’’

(3). ਕੋਈ ‘ਸੁੰਦਰ ਗੁਣਾਂ’ ਨੂੰ ਵੇਖ ਕੇ ਗਾਉਂਦਾ ਹੈ: ‘‘ਗਾਵੈ ਕੋ, ਗੁਣ ਵਡਿਆਈਆ ਚਾਰ॥’’

(4). ਕੋਈ ‘ਕਠਨ ਵਿਦਿਆ’ ਰਾਹੀਂ ਗਾਉਂਦਾ ਹੈ: ‘‘ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥’’

(5). ਕੋਈ ‘ਸਰੀਰ ਨੂੰ ਨਾਸ ਕਰਨ ਵਾਲੀ ਸ਼ਕਤੀ ਸਮਝ ਕੇ’ ਗਾਉਂਦਾ ਹੈ: ‘‘ਗਾਵੈ ਕੋ, ਸਾਜਿ ਕਰੇ, ਤਨੁ ਖੇਹ॥’’

(6). ਕੋਈ ‘ਜਿੰਦਾਂ ਨੂੰ ਪੁਰਾਣੇ (ਬਿਰਧ) ਸਰੀਰਾਂ ਵਿੱਚੋਂ ਕੱਢ ਕੇ ਹੋਰਾਂ (ਬੱਚਿਆਂ) ’ਚ ਪਾਉਣ ਵਾਲੀ ਪ੍ਰਮੁੱਖ ਸ਼ਕਤੀ ਸਮਝ ਕੇ’ ਗਾਉਂਦਾ ਹੈ: ‘‘ਗਾਵੈ ਕੋ, ਜੀਅ ਲੈ, ਫਿਰਿ ਦੇਹ॥’’

(7). ਕੋਈ ‘ਦੂਰ ਬੈਠਾ ਸਮਝ ਕੇ’ ਗਾਉਂਦਾ ਹੈ: ‘‘ਗਾਵੈ ਕੋ, ਜਾਪੈ ਦਿਸੈ ਦੂਰਿ॥’’

(8). ਕੋਈ ‘ਅੰਗ-ਸੰਗ ਅਨੁਭਵ ਕਰਕੇ’ ਗਾਉਂਦਾ ਹੈ: ‘‘ਗਾਵੈ ਕੋ, ਵੇਖੈ ਹਾਦਰਾ ਹਦੂਰਿ॥’’, ਪਰ ਕੀ ਇਤਨਾ ਮਾਤਰ ਵਰਣਨ ਕਰਨ ਨਾਲ਼ ਕੁਦਰਤ ਦੀ ਵਿਸ਼ਾਲਤਾ ਮੁਕੰਮਲ ਹੋ ਗਈ? ਨਹੀਂ, ਇਸੇ ਲਈ ਵਿਸ਼ੇ ਨੂੰ ਸੰਖੇਪਤਾ ਦੇਣ ਲਈ ਅਗਲੀ ਦਿਸ਼ਾ (ਅਸੀਮਤਾ) ਵੱਲ ਵਧਿਆ ਗਿਆ ਹੈ।)

ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥

ਉਕਤ ਕੀਤੀ ਗਈ ਵਿਚਾਰ ਕਿ ਰੱਬੀ ਸ਼ਕਤੀ ਨਾਲ਼ ਜੁੜਨ ਦੇ ਭਿੰਨ-ਭਿੰਨ ਤਰੀਕੇ ਅਪਣਾਏ ਗਏ ਹਨ, ਮੁਤਾਬਕ ਵਿਸ਼ਾਲ ਕੁਦਰਤ ’ਚ ਗਾਉਣ ਵਾਲ਼ੇ ਵੀ ਵਿਸ਼ਾਲ ਹਨ, ਜਿਨ੍ਹਾਂ ਦੀ ਗਿਣਤੀ ਕਰਦਿਆਂ ਕਈ ਗ੍ਰੰਥ ਲਿਖੇ ਜਾ ਸਕਦੇ ਹਨ, ਪਰ ‘ਜਪੁ’ ਦੀ ਹਰ ਪਉੜੀ ਦੀ ਸਮਾਪਤੀ ’ਚ ਵਿਸ਼ੇ ਨੂੰ ਅਸੀਮ-ਅਸੀਮ ਬਿਆਨਿਆ ਤੇ ਸੰਕੋਚਿਆ ਗਿਆ ਹੈ, ਇਸ ਲਈ ਸੰਬੰਧਿਤ ਤੁਕ ‘‘ਕਥਨਾ ਕਥੀ…..ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥’’, ਉਪਰੰਤ ਵੀ ‘‘…. ਨ ਆਵੈ ਤੋਟਿ॥’’ ਰਾਹੀਂ ਉਕਤ 8 ਮਿਸਾਲਾਂ ਦੇਣ ਵਾਲ਼ੇ ਤਰੀਕੇ ਨੂੰ ਸਮੇਟਿਆ ਗਿਆ ਕਿਉਂਕਿ ਕਰਤਾਰ ਦੇ ਵਡੱਪਣ ਦੇ ਮੁਕਾਬਲੇ ਮਨੁੱਖਾ ਬੁੱਧੀ ਹਜ਼ਾਰਾਂ ਹੋਰ ਉਦਾਹਰਨਾਂ ਵੀ ਦੇ ਦੇਵੇ ਤਾਂ ਵੀ ਤੁੱਛ ਹਨ।

ਗੁਰਬਾਣੀ ਲਿਖਤ ਮੁਤਾਬਕ ‘ਕਥਿ’ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਆਖ ਕੇ, ਬੋਲ ਕੇ, ਬਿਆਨ ਕਰਕੇ’, ਪਰ ‘ਕਥਿ ਕਥਿ’ ਤਦ ਵਰਤਿਆ ਜਾਂਦਾ ਹੈ ਜਦ ਕਈ ਵਾਰ ਬੋਲ ਕੇ ਵੀ ਵਿਸ਼ਾ ਸੰਪੂਰਨ ਨਾ ਹੋ ਰਿਹਾ ਹੋਵੇ; ਜਿਵੇਂ

ਬ੍ਰਹਮੈ (ਨੇ), ਕਥਿ ਕਥਿ (ਕੇ); ਅੰਤੁ ਨ ਪਾਇਆ ॥ (ਭਗਤ ਕਬੀਰ/੩੨੭)

ਗਿਆਨ ਵਿਹੂਣਾ; ਕਥਿ ਕਥਿ (ਕੇ) ਲੂਝੈ (ਦੁਖੀ ਹੁੰਦਾ)॥ (ਮ: ੧/੪੬੬)

ਸਭ ਕਥਿ ਕਥਿ (ਕੇ) ਰਹੀ; ਲੁਕਾਈ ॥ (ਭਗਤ ਕਬੀਰ/੬੫੫)

ਕਿਆ ਹਉ ਕਥੀ ? ਕਥੇ ਕਥਿ (ਕੇ) ਦੇਖਾ; ਮੈ (ਮੈਥੋਂ) ਅਕਥੁ, ਨ ਕਥਨਾ ਜਾਈ ॥ (ਮ: ੧/੭੯੫)

ਕਥਿ ਕਥਿ (ਕੇ) ਬਾਦੁ ਕਰੇ; ਦੁਖੁ ਹੋਈ ॥ (ਮ: ੧/੮੩੧)

ਮਾਨੁਖੁ ਕਥੈ, ਕਥਿ (ਕੇ) ਲੋਕ ਸੁਨਾਵੈ; (ਪਰ) ਜੋ ਬੋਲੈ, ਸੋ ਨ ਬੀਚਾਰੇ ॥ (ਮ: ੪/੯੮੧)

ਨਾਮ ਵਿਹੂਣਾ; ਕਥਿ ਕਥਿ (ਕੇ) ਲੂਝੈ ॥ (ਮ: ੩/੧੦੪੪)

ਕਿਆ ਹਮ ਕਥਹ ? ਕਿਛੁ ਕਥਿ (ਕੇ) ਨਹੀ ਜਾਣਹ; ਪ੍ਰਭ ਭਾਵੈ, ਤਿਵੈ ਬੁੋਲਾਨ (ਬੁਲਾਨ)॥ (ਮ: ੫/੧੨੦੩), ਆਦਿ।

ਕੋਟੀ ਕੋਟਿ ਕੋਟਿ-ਇਹ ਤਿੰਨੇ ਸ਼ਬਦ ਸੰਖਿਆ ਵਾਚਕ ਹਨ, ਜਿਨ੍ਹਾਂ ਦਾ ਅਰਥ ਹੈ: ‘ਕਰੋੜਾਂ ਨੇ ਕਰੋੜਾਂ ਹੀ ਵਾਰ’। ਗੁਰਬਾਣੀ ਲਿਖਤ ਮੁਤਾਬਕ ‘ਕੋਟੁ’ (22 ਵਾਰ) ਦਾ ਅਰਥ ਹੈ: ‘ਕਿਲ੍ਹਾ’, ‘ਕੋਟ’ ਦਾ ਅਰਥ ਹੈ: ‘ਕਈ ਕਿਲ੍ਹੇ’ ਅਤੇ ‘ਕੋਟਿ’ (319 ਵਾਰ) ਦੀ ਵਰਤੋਂ ਸੰਖਿਅਕ ਸ਼ਬਦਾਂ (‘ਦੁਇ, ਤੀਨਿ, ਚਾਰਿ, ਆਦਿ) ਵਾਙ ਹੀ ਅੰਤ ਸਿਹਾਰੀ ਸਮੇਤ ਕੀਤੀ ਗਈ ਹੈ: ‘ਕਰੋੜ’, ਪਰ ‘ਕੋਟਿ’ ਤੋਂ ‘ਕੋਟੀ’ (9 ਵਾਰ) ਬਣਤਰ ਕੇਵਲ ਕਾਵਿ ਤੋਲ ਦਾ ਪ੍ਰਭਾਵ ਹੈ ਜਦਕਿ ਅਰਥ ਓਹੀ ਹਨ: ‘ਕਰੋੜ’।

ਹਰਿ ਕਾ ਮੰਦਰੁ ਆਖੀਐ; ਕਾਇਆ ‘ਕੋਟੁ’ ਗੜੁ ॥ (ਮ: ੩/੯੫੨)               (ਕੋਟੁ-ਕਿਲ੍ਹਾ)

ਜਿਨਿ ਗੜ ‘ਕੋਟ’ ਕੀਏ ਕੰਚਨ ਕੇ; ਛੋਡਿ ਗਇਆ ਸੋ ਰਾਵਨੁ ॥ (ਭਗਤ ਕਬੀਰ/੧੧੦੪)        (ਕੋਟ-ਕਿਲ੍ਹੇ)

‘ਕੋਟਿ’ ਜਨਮ ਭਰਮਹਿ; ਬਹੁ ਜੂਨਾ ॥੧॥ ਰਹਾਉ ॥ (ਮ: ੫/੧੯੫)               (ਕੋਟਿ-ਕਰੋੜ)

ਬਿਨੁ ਸਤਿਗੁਰ ਹਰਿ ਨਾਮੁ ਨ ਲਭਈ; ਲਖ ‘ਕੋਟੀ’ ਕਰਮ ਕਮਾਉ ॥ (ਮ: ੪/੪੦)           (ਕੋਟੀ-ਕਰੋੜ)

ਜਿਹਵਾ ਏਕ, ਹੋਇ ਲਖ ‘ਕੋਟੀ’; ਲਖ ਕੋਟੀ, ‘ਕੋਟਿ’ ਧਿਆਵੈਗੋ ॥੧॥ ਰਹਾਉ ॥ (ਮ: ੪/੧੩੦੯), ਆਦਿ, ਇਸ ਲਈ ‘ਕੋਟਿ’ (ਸੰਖਿਆ ਵਾਚਕ), ‘ਕੋਟੁ’ (ਇੱਕ ਵਚਨ ਪੁਲਿੰਗ) ਤੇ ‘ਕੋਟ’ (ਬਹੁ ਵਚਨ) ਦੇ ਅੰਤਰ ਨੂੰ ਸਮਝਣਾ ਅਤਿ ਜ਼ਰੂਰੀ ਹੈ।

ਸੋ, ‘‘ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥’’ ਭਾਵ ਰੱਬੀ ਵਿਸ਼ਾਲਤਾ ਨੂੰ ਕਰੋੜਾਂ ਨੇ ਕਰੋੜਾਂ ਵਾਰ (ਭਿੰਨ ਭਿੰਨ ਦ੍ਰਿਸ਼ਟੀਕੋਣ ਤੋਂ) ਬਿਆਨ ਕੀਤਾ (ਜਿਨ੍ਹਾਂ ਦੀ ਗਿਣਤੀ ਕਰਦਿਆਂ) ਕੋਈ ਘਾਟ ਨਹੀਂ ਆਉਂਦੀ (ਭਾਵ ਜਿੱਥੇ ਅਕਾਲ ਪੁਰਖ ਵਿਸ਼ਾਲ ਹੈ ਉੱਥੇ ਉਸ ਉੱਤੇ ਸ਼ਰਧਾ ਰੱਖਣ ਵਾਲ਼ੇ ਵੀ ਅਣਗਿਣਤ ਹਨ)।

ਦੇਦਾ ਦੇ; ਲੈਦੇ, ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥

ਗੁਰਬਾਣੀ ’ਚ ‘ਦੇ’ ਸ਼ਬਦ 208 ਵਾਰ ਤੇ ‘ਦੈ’ 34 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ‘ਦੈ’ ਸ਼ਬਦ ਦੀ ਵਰਤੋਂ ਤਦ ਹੁੰਦੀ ਹੈ ਜਦ:

(1). ਇਸ ਤੋਂ ਅਗਲਾ ਸ਼ਬਦ ਇੱਕ ਵਚਨ ਪੁਲਿੰਗ ਹੋਵੇ ਤੇ ਉਸ ਨੂੰ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਹੋਣ।

(2). ਇਹ ਸ਼ਬਦ ਸੰਬੰਧਕੀ ਹੈ ਜੋ ਆਪਣੇ ਤੋਂ ਪਹਿਲੇ ਸ਼ਬਦ ਨੂੰ ਅੰਤ ਮੁਕਤਾ ਕਰ ਦਿੰਦਾ ਹੈ ਜਾਂ ਉਸ ਦਾ ਸਰੂਪ ਆਪਣੇ ਵਾਙ ਅੰਤ ਦੁਲਾਵਾਂ ’ਚ ਤਬਦੀਲ ਕਰ ਲੈਂਦਾ ਹੈ; ਜਿਵੇਂ

‘ਤਿਸ ਦੈ ਚਾਨਣਿ’; ਸਭ ਮਹਿ ਚਾਨਣੁ ਹੋਇ ॥ (ਮ: ੧/੧੩)

ਸੋ ਸੂਰਾ, ਪਰਧਾਨੁ ਸੋ; ‘ਮਸਤਕਿ ਜਿਸ ਦੈ’, ਭਾਗੁ ਜੀਉ ॥ (ਮ: ੫/੧੩੨) (ਜਿਸ ਦੈ ਮਸਤਕਿ)

‘ਸਚੈ ਦੈ ਦੀਬਾਣਿ’; ਕੂੜਿ, ਨ ਜਾਈਐ ॥ (ਮ: ੧/੧੪੬)

‘ਓਸ ਦੈ ਆਖਿਐ’, ਕੋਈ ਨ ਲਗੈ; ਨਿਤ ਓਜਾੜੀ ਪੂਕਾਰੇ ਖਲਾ ॥ (ਮ: ੪/੩੦੮)

ਤਿਸੈ ਸਰੇਵਹੁ ਪ੍ਰਾਣੀਹੋ  ! ਜਿਸ ਦੈ ਨਾਉ ਪਲੈ ॥ (ਮ: ੫/੩੨੦) (ਭਾਵ ‘ਜਿਸ ਦੈ ਪਲੈ’ ਨਾਉ॥)

ਕਿਆ ਹੋਵੈ ‘ਕਿਸੈ ਹੀ ਦੈ ਕੀਤੈ’(ਨਾਲ਼) ? ਜਾਂ ਧੁਰਿ ਕਿਰਤੁ ਓਸ ਦਾ, ਏਹੋ ਜੇਹਾ ਪਇਆ ॥ (ਮ: ੪/੬੫੩) (ਕਿਸੈ ਦੈ ਕੀਤੈ)

‘ਤਿਸ ਦੈ ਦਿਤੈ’ ਨਾਨਕਾ  ! ਤੇਹੋ ਜੇਹਾ ਧਰਮੁ ॥ (ਮ: ੩/੯੪੯)

‘ਹਿਰਦੈ ਜਿਸ ਦੈ’, ਸਚੁ ਹੈ; ਤਨੁ ਮਨੁ ਭੀ ਸਚਾ ਹੋਇ ॥ (ਮ: ੩/੧੦੮੯) (ਜਿਸ ਦੈ ਹਿਰਦੈ)

ਹੋਨਿ ‘ਨਜੀਕਿ ਖੁਦਾਇ ਦੈ’; ਭੇਤੁ ਨ ਕਿਸੈ ਦੇਨਿ ॥ (ਬਾਬਾ ਫਰੀਦ/੧੩੮੪) (ਖੁਦਾਇ ਦੈ ਨਜੀਕਿ)

ਸਜਣੁ ਸਚਾ ਪਾਤਿਸਾਹੁ; ‘ਸਿਰਿ ਸਾਹਾਂ ਦੈ’ ਸਾਹੁ ॥ (ਮ: ੫/੧੪੨੬) (ਭਾਵ ‘ਸਾਹਾਂ ਦੈ ਸਿਰਿ’ ਸਾਹੁ॥), ਆਦਿ, ਪਰ ਗੁਰਬਾਣੀ ’ਚ ‘ਦੇ’ ਸ਼ਬਦ ਸੰਬੰਧਕੀ ਨਹੀਂ ਅਤੇ ਇਹ ਦੋ ਅਰਥਾਂ ਲਈ ਵਰਤਿਆ ਜਾਂਦਾ ਹੈ:

(1). ‘ਦੇ’ ਦਾ ਅਰਥ ਹੈ: ‘ਦੇ ਕੇ’ (ਕਿਰਿਆ ਵਿਸ਼ੇਸ਼ਣ):

ਨਾਨਕ  ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ‘ਦੇ’ (ਦੇ ਕੇ)॥ (ਜਪੁ)

‘ਦੇ’ (ਦੇ ਕੇ) ਸਾਬੂਣੁ; ਲਈਐ ਓਹੁ ਧੋਇ ॥ (ਜਪੁ)

ਜੀਉ ਪਿੰਡੁ; ‘ਦੇ’ (ਦੇ ਕੇ) ਸਾਜਿਆ ॥ (ਮ: ੧/੭੨), ਆਦਿ।

(2). ‘ਦੇ’ ਦਾ ਅਰਥ ਹੈ: ‘ਦੇਂਦਾ ਹੈ’ (ਇੱਕ ਵਚਨ ਕਿਰਿਆ):

ਪਹਿਲਾ ਧਰਤੀ ਸਾਧਿ ਕੈ; ਸਚੁ ਨਾਮੁ ‘ਦੇ’ (ਦੇਂਦਾ ਹੈ) ਦਾਣੁ (ਬੀਜ, ਬੀ)॥ (ਮ: ੧/੧੯)

ਨਾਨਕ  ! ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ‘ਦੇ’ (ਦੇਂਦਾ ਹੈ) ਵਡਿਆਈ ॥ (ਮ: ੩/੩੨)

ਚਹੁ ਵਰਨਾ ਕਉ; ‘ਦੇ’ (ਦੇਂਦਾ ਹੈ) ਉਪਦੇਸੁ ॥ (ਮ: ੫/੨੭੪), ਆਦਿ।

ਜੁਗਾ ਜੁਗੰਤਰਿ– ਇਨ੍ਹਾਂ ਸੰਯੁਕਤ ਸ਼ਬਦ ’ਚ ‘ਜੁਗਾ’ ਦਾ ਉਚਾਰਨ ‘ਜੁਗਾਂ’ ਦਰੁਸਤ ਹੋਵੇਗਾ ਕਿਉਂਕਿ ਪੁਲਿੰਗ ਬਹੁ ਵਚਨ ਨਾਲ਼ ਸੰਬੰਧਕੀ ਚਿੰਨ੍ਹ ਦਰਜ ਹੋਣ ਉਪਰੰਤ ਨਾਸਿਕੀ ਧੁਨੀ ਬਣ ਜਾਂਦੀ ਹੈ। ਇਨ੍ਹਾਂ ’ਚ ਸੰਬੰਧਕੀ ਚਿੰਨ੍ਹ ‘ਅੰਤਰਿ’ ਹੈ ਭਾਵ ‘ਜੁਗਾਂ-ਜੁਗ ਅੰਤਰਿ’ (ਵਿੱਚ)।

‘ਜਪੁ’ ਦੀ ਵਿਚਾਰ ਅਧੀਨ ਪੰਕਤੀ ’ਚ ‘ਜੁਗਾ ਜੁਗੰਤਰਿ’ ਤੋਂ ਪਦਾਰਥਾਂ ਦੇ ਭੋਗ, ਪ੍ਰਸੰਗ ਚੱਲ ਰਿਹਾ ਹੈ, ਪਰ ਗੁਰਬਾਣੀ ’ਚ ‘ਜੁਗਾ ਜੁਗੰਤਰਿ’ ਇੱਕ ਵਾਰ ਹੋਰ ਵੀ ਦਰਜ ਹੈ, ਜਿੱਥੇ ਆਦਿ ਕਾਲ ਤੋਂ ਗੁਰਮੁਖ ਸੱਜਣ, ਹਰੀ ਰਸ ਨੂੰ ਮਾਣਦੇ ਦਰਸਾਏ ਗਏ ਹਨ; ਜਿਵੇਂ

ਗੁਰਮੁਖਿ ਹੋਵਹਿ, ਤਾ ਹਰਿ ਰਸੁ ਪੀਵਹਿ; ‘ਜੁਗਾ ਜੁਗੰਤਰਿ’ ਖਾਹਿ ਪਇਆ ॥ (ਮ: ੩/੪੩੫)

ਖਾਹੀ ਖਾਹਿ– ਇਨ੍ਹਾਂ ਸੰਯੁਕਤ ਸ਼ਬਦਾਂ ’ਚ ਅਗਰ ਪਹਿਲੇ ਸ਼ਬਦ ’ਤੇ ਕਾਵਿ ਤੋਲ ਦਾ ਪ੍ਰਭਾਵ ਨਾ ਹੁੰਦਾ ਤਾਂ ਸ਼ਬਦ ਬਣਤਰ ‘ਖਾਹਿ ਖਾਹਿ’ ਹੋਣੀ ਸੀ; ਜਿਵੇਂ ਹੇਠਲੀਆਂ ਤੁਕਾਂ ’ਚ ‘ਭਖਿ ਖਾਹਿ’, ਅਖਾਧਿ ਖਾਹਿ, ਢੂੰਡਿ ਖਾਹਿ’ (ਅੰਤ ਸਿਹਾਰੀ) ਦਰਜ ਹਨ:

ਸੰਖ ਮਲੇਛ; ਮਲੁ ‘ਭਖਿ ਖਾਹਿ’ ॥ (ਜਪੁ)

ਪਰ ਧਨ, ਪਰ ਤਨ, ਪਰ ਤੀ ਨਿੰਦਾ; ‘ਅਖਾਧਿ ਖਾਹਿ’ ਹਰਕਾਇਆ ॥ (ਮ: ੫/੪੦੨)

ਇਸ ਘਰ ਮਹਿ ਹੈ; ਸੁ, ਤੂ ‘ਢੂੰਢਿ ਖਾਹਿ’ ॥ (ਭਗਤ ਕਬੀਰ/੧੧੯੬), ਆਦਿ।

ਸੋ, ‘‘ਦੇਦਾ ਦੇ; ਲੈਦੇ, ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥’’– ਭਾਵ (ਸ੍ਰਿਸ਼ਟੀ ਨੂੰ ਪਾਲਣਹਾਰ) ਦਾਤਾਰ ਦੇ ਰਿਹਾ ਹੈ (ਦਾਤਾਂ) ਲੈਣ ਵਾਲ਼ੇ (ਜੀਵ) ਹਾਰ ਜਾਂਦੇ ਹਨ (ਜੀਵਨ ਸਮਾਪਤ ਕਰ ਲੈਂਦੇ ਹਨ) ਆਦਿ ਕਾਲ ਤੋਂ (ਇਨ੍ਹਾਂ ਦਾਤਾਂ ਨੂੰ) ਭੋਗਦੇ ਆ ਰਹੇ ਹਨ।

ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥੩॥ (ਜਪੁ)

ਗੁਰਬਾਣੀ ਲਿਖਤ ’ਚ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਔਂਕੜ ਆਉਂਦੀ ਹੈ; ਜਿਵੇਂ ਕਿ ਉਕਤ ਪੰਕਤੀ ’ਚ ਦਰਜ ਸ਼ਬਦ ਹਨ: ‘ਹੁਕਮੁ, ਰਾਹੁ ਤੇ ਵੇਪਰਵਾਹੁ’, ਇਸ ਲਈ ਜਦ ‘ਹੁਕਮੁ’ ਦਾ ਅੰਤ ਔਂਕੜ ਉਚਾਰਨ ਦਾ ਹਿੱਸਾ ਨਹੀਂ ਹੈ, ਕੇਵਲ ਇੱਕ ਵਚਨ ਅਰਥਾਂ ਵੱਲ ਸੰਕੇਤ ਦਿੰਦਾ ਹੈ ਤਾਂ ਤੇ ‘ਰਾਹੁ ਤੇ ਵੇਪਰਵਾਹੁ’ ਦਾ ਅੰਤ ਔਂਕੜ ਵੀ ਉਚਾਰਨਾ ਨਹੀਂ ਚਾਹੀਦਾ ਕਿਉਂਕਿ ਨਿਯਮ ਏਕ ਹੀ ਹੈ। ਗੁਰਬਾਣੀ ’ਚ ਇਹ ਨਿਯਮ ‘ਹੁਕਮੁ’ (234 ਵਾਰ), ‘ਰਾਹੁ’ (16 ਵਾਰ) ਤੇ ‘ਵੇਪਰਵਾਹੁ’ (28 ਵਾਰ) ਜਾਂ ‘ਬੇਪਰਵਾਹੁ’ (2 ਵਾਰ) ’ਤੇ ਮੁਕੰਮਲ ਲਾਗੂ ਹੁੰਦਾ ਹੈ; ਜਿਵੇਂ ਕਿ

ਧਰਮ ਰਾਇ ਨੋ ‘ਹੁਕਮੁ’ ਹੈ; ਬਹਿ (ਕੇ) ਸਚਾ ‘ਧਰਮੁ’ ਬੀਚਾਰਿ ॥ (ਮ: ੩/੩੮)

ਨਾਨਕੁ ਆਖੈ ‘ਰਾਹੁ ਏਹੁ’; ਹੋਰਿ ਗਲਾਂ ਸੈਤਾਨੁ ॥ (ਮ: ੧/੧੨੪੫)

ਤੂ ‘ਵੇਪਰਵਾਹੁ ਅਥਾਹੁ’ ਹੈ; ਅਤੁਲੁ, ਕਿਉ ਤੁਲੀਐ ? ॥ (ਮ: ੪/੩੦੪)

‘ਬੇਪਰਵਾਹੁ’ ਰਹਤ ਹੈ ਸੁਆਮੀ; ਇਕ ਨਾਮ ਕੈ ਆਧਾਰਾ ॥ (ਮ: ੫/੮੮੪), ਆਦਿ ਅਤੇ ਜਦ ਇਹੀ ਸ਼ਬਦ ਬਹੁ ਵਚਨ ਹੋਣ ਤਾਂ ਅੰਤ ਮੁਕਤੇ ਹੋ ਜਾਂਦੇ ਹਨ; ਜਿਵੇਂ

‘ਹੁਕਮ’ ਕੀਏ ਮਨਿ ਭਾਵਦੇ; ‘ਰਾਹਿ+ਭੀੜੈ’ (’ਚ) ਅਗੈ ਜਾਵਣਾ ॥ (ਮ: ੧/੪੭੦)

‘ਰਾਹ ਦੋਵੈ’, ਇਕੁ ਜਾਣੈ; ਸੋਈ ਸਿਝਸੀ (ਉਹੀ ਕਾਮਯਾਬ ਹੁੰਦਾ)॥ (ਮ: ੧/੧੪੨)

ਦੂਜੈ (ਪਹਿਰ, ਦਿਨ ਚੜ੍ਹੇ) ‘ਬਹੁਤੇ ਰਾਹ’, ਮਨ ਕੀਆ ਮਤੀ ਖਿੰਡੀਆ॥ (ਮ:੧/੧੪੫)

ਓਇ ‘ਵੇਪਰਵਾਹ’ ਨ ਬੋਲਨੀ; ਹਉ ਮਲਿ ਮਲਿ (ਕੇ) ਧੋਵਾ, ਤਿਨ ਪਾਇ ॥ (ਮ: ੪/੪੧), ਆਦਿ। ਧਿਆਨ ਰਹੇ ਕਿ ਕਾਰਕੀ ਰੂਪ ’ਚ ਵੀ ‘ਹੁਕਮਿ’ ਤੇ ‘ਰਾਹਿ’ ਸਮਾਨੰਤਰ ਨਿਯਮਾਂ ਵਿੱਚ ਦਰਜ ਹੁੰਦੇ ਹਨ; ਜਿਵੇਂ

‘ਹੁਕਮਿ+ਮੰਨਿਐ’ (ਹੁਕਮ ਮੰਨਣ ਨਾਲ਼) ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥ (ਮ: ੧/੪੭੧)

ਅੰਧੇ ਕੈ ‘ਰਾਹਿ+ਦਸਿਐ’ (ਰਾਹ ਦੱਸਣ ਨਾਲ਼); ਅੰਧਾ ਹੋਇ, ਸੁ ਜਾਇ ॥ (ਮ: ੨/੯੫੪), ਆਦਿ, ਇਸ ਲਈ ਗੁਰਬਾਣੀ ’ਚ ਅੰਤ ਔਂਕੜ ਵਾਲ਼ੇ ਤਮਾਮ ਇੱਕ ਵਚਨ ਪੁਲਿੰਗ ਸ਼ਬਦ, ਬੇਸ਼ੱਕ ਉਹ ਅੰਤ ‘ਹੁ’ ਹੀ ਹੋਣ, ਦਾ ਔਂਕੜ ਉਚਾਰਨ ਦਾ ਭਾਗ ਨਹੀਂ ਹੁੰਦਾ; ਜਿਵੇਂ ਕਿ ‘ਵੀਆਹੁ (6 ਵਾਰ), ਪਾਤਿਸਾਹੁ (28 ਵਾਰ), ਸਾਹੁ (56 ਵਾਰ), ਰਾਹੁ (16 ਵਾਰ), ਵੇਪਰਵਾਹੁ (28 ਵਾਰ), ਅਸਗਾਹੁ (4 ਵਾਰ), ਵੇਸਾਹੁ (13 ਵਾਰ)’ ਆਦਿ ਦਾ ਉਚਾਰਨ ‘ਵੀਆਹੋ, ਪਾਤਿਸਾਹੋ, ਸਾਹੋ, ਰਾਹੋ, ਵੇਪਰਵਾਹੋ, ਅਸਗਾਹੋ, ਵੇਸਾਹੋ’ ਦਰੁਸਤ ਨਹੀਂ ਬਲਕਿ ‘ਵੀਆਹ, ਪਾਤਿਸਾਹ, ਸਾਹ, ਰਾਹ, ਵੇਪਰਵਾਹ, ਅਸਗਾਹ, ਵੇਸਾਹ’ ਹੀ ਠੀਕ ਮੰਨਿਆ ਜਾ ਸਕਦਾ ਹੈ।

‘ਨਾਨਕ’– ਇਹ ਸ਼ਬਦ ਗੁਰਬਾਣੀ ’ਚ ਕੁਲ 5130 ਵਾਰ (ਨਾਨਕ-4446, ਨਾਨਕਿ-23, ਨਾਨਕੁ-531, ਨਾਨਕਹ-1, ਨਾਨਕਾ-127, ਨਾਨਕੈ-1 ਅਤੇ ਨਾਨਕੋ-1) ਦਰਜ ਹੈ ਅਤੇ ‘ਨਾਨਕ’ (ਅੰਤ ਮੁਕਤਾ ਹੋਣ) ਦੇ ਦੋ ਕਾਰਨ ਹੁੰਦੇ ਹਨ:

(1) ਇਸ ਸ਼ਬਦ ਨਾਲ ਕੋਈ ਸੰਬੰਧਕ ਸ਼ਬਦ ਆਇਆ ਹੋਵੇਗਾ; ਜਿਵੇਂ

‘ਨਾਨਕ ਕਾ’ ਪ੍ਰਭੁ ਅਪਰ ਅਪਾਰਾ ॥ (ਮ: ੫/੧੮੪)

‘ਨਾਨਕ ਕਾ’ ਪ੍ਰਭੁ ਸੋਇ; ਜਿਸ ਕਾ ਸਭੁ ਕੋਇ ॥ (ਮ: ੫/੩੯੮)

‘ਨਾਨਕ ਕੀ’ ਪ੍ਰਭ  ! ਬੇਨਤੀ; ਅਪਨੀ ਭਗਤੀ ਲਾਇ॥ (ਮ:੫/੨੮੯)

‘ਨਾਨਕ ਕੇ’ ਪ੍ਰਭ ਪ੍ਰਾਨ ਅਧਾਰ ॥ (ਮ: ੫/੧੯੮), ਆਦਿ।

(2) ‘ਨਾਨਕ’ ਸੰਬੋਧਨ ਰੂਪ ’ਚ ਹੋਵੇਗਾ; ਜਿਵੇਂ ਕਿ ਸੰਬੰਧਿਤ ਪੰਕਤੀ ’ਚ ਦਰਜ ਹੈ: ‘‘ਨਾਨਕ ! ਵਿਗਸੈ ਵੇਪਰਵਾਹੁ॥’’ ਇਸ ਦਾ ਅਰਥ ਬਣੇਗਾ ‘ਹੇ ਨਾਨਕ !’।

ਸੋ, ‘‘ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥੩॥’’ ਭਾਵ ਹੇ ਨਾਨਕ  ! ਸਪਸ਼ਟ ਕਰ ਕਿ ਰਜ਼ਾ ਦੇ ਮਾਲਕ ਦਾ ਹੁਕਮ ਹੀ ਜਗਤ ਦੀ ਕਾਰ-ਵਿਹਾਰ ਚਲਾ ਰਿਹਾ ਹੈ (ਜਿਸ ਵਿੱਚ ਗ਼ਲਤ ਕੁਝ ਵੀ ਨਹੀਂ ਹੋ ਰਿਹਾ ਇਸੇ ਕਰਕੇ ਉਹ ਮਾਲਕ ਸਦਾ) ਨਿਸ਼ਚਿੰਤ ਤੇ ਪ੍ਰਸੰਨ ਚਿਤ (ਅਨੰਦਿਤ) ਰਹਿੰਦਾ ਹੈ।

(ਨੋਟ: (1) ਗੁਰਬਾਣੀ ’ਚ ਇੱਕ ਵਾਰ ‘ਰਾਹੁ’ ਦੀ ਔਂਕੜ; ਕਾਵਿ ਰੂਪ ਕਾਰਨ ਦੁਲੈਂਕੜ ਵਿੱਚੋਂ ਆਈ ਹੈ, ਜਿਸ ਨੂੰ ਥੋੜ੍ਹਾ ਦੁਲੈਂਕੜ ਵੱਲ ਉਚਾਰਨਾ ਜ਼ਰੂਰੀ ਹੈ ਕਿਉਂਕਿ ਇਹ ਸ਼ਬਦ ‘ਰਾਹੂ-ਕੇਤੂ’ ਹੈ; ਜਿਵੇਂ

‘‘ਜੇ ਦੇਹੈ (ਸਰੀਰ ਨੂੰ) ਦੁਖੁ ਲਾਈਐ; ਪਾਪ ਗਰਹ ਦੁਇ ‘ਰਾਹੁ’ (ਥੋੜ੍ਹਾ ‘ਰਾਹੂ’ ਵਾਙ) ॥’’ (ਮ: ੧/੧੪੨)

(2). ਜੋ ਗੁਰਬਾਣੀ ’ਚ ਕਿਰਿਆਵਾਚੀ ਸ਼ਬਦ ਅੰਤ ਔਂਕੜ (ਹੁ) ਹੁੰਦੇ ਹਨ, ਉਨ੍ਹਾਂ ਦਾ ਅੰਤ ਔਂਕੜ ਉਚਾਰਨਾ ਜ਼ਰੂਰੀ ਹੈ ਕਿਉਂਕਿ ਉਹ ਦੂਜਾ ਪੁਰਖ ਬਹੁ ਵਚਨ ਨਾਲ਼ ਸੰਬੰਧਿਤ ਹੁੰਦੇ ਹਨ; ਜਿਵੇਂ ਕਿ ‘ਗਾਵਹੁ (ਗਾਵੋ), ਜਾਵਹੁ (ਜਾਵੋ), ਪੀਵਹੁ (ਪੀਵੋ), ਧਿਆਵਹੁ (ਧਿਆਵੋ), ਰਹਹੁ (ਰਹੋ)’ ਆਦਿ।)

(3). ‘ਵਿਗਸੈ ਵੇਪਰਵਾਹੁ’ ਸ਼ਬਦ ਵਰਤਮਾਨ ਦੇ ਪ੍ਰਤੀਕ ਹਨ, ਜੋ ਸਦੀਵੀ (ਕਿਆਮਤ ਤੱਕ) ਵਰਤਮਾਨ ਹੀ ਬਣੇ ਰਹਿਣਗੇ।)

(4). ਇਸ ਪਉੜੀ ਦੇ ਅੰਤ ’ਚ ਅੰਕ ੩; ‘ਜਪੁ’ ਬਾਣੀ ਦੀ ਤੀਸਰੀ ਪਉੜੀ ਦੀ ਸਮਾਪਤੀ ਦਾ ਸੰਕੇਤ ਹੈ।)