ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 6,7,8)

0
483

(ਭਾਗ-6) (ੳ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ‘ਕੈ’ ਅੱਖਰ ਤੋਂ ਉਪਰੰਤ ‘ਸਮ’ ਸ਼ਬਦ (ਅੰਤ ਮੁਕਤਾ) ਦਰਜ ਕੀਤਾ ਹੋਇਆ ਮਿਲਦਾ ਹੈ, ਜਿਸ ਦਾ ਅਰਥ ਹੈ ‘ਬਰਾਬਰ, ਸਮਾਨ, ਤੁਲ’। ਉਪਰੋਕਤ ‘ਕੈ’ (ਸੰਬੰਧਕ) ਅੱਖਰ ਨਾਲ ਸਬੰਧਤ ਕੀਤੀ ਗਈ ਤਮਾਮ ਵੀਚਾਰ ਵਿੱਚ ਇਹ ਵਿਸ਼ਾ ਪ੍ਰਧਾਨ ਰਿਹਾ ਕਿ ‘ਕੈ’ ਅੱਖਰ ਤੋਂ ਬਾਅਦ ‘ਸਮ’ ਸ਼ਬਦ ਦੀ ਬਣਤਰ ‘ਸਮਿ’ ਜਾਂ ‘ਸਮੈ’ ਹੋਣੀ ਚਾਹੀਦੀ ਸੀ, ਜੋ ਕਿ ਇਨ੍ਹਾਂ ਪੰਕਤੀਆਂ ਵਿੱਚ ਨਹੀਂ ਮਿਲਦੀ ਭਾਵ ਇਹ ਲਿਖਤ ਗੁਰਬਾਣੀ ਦੀ ਬਾਕੀ ਲਿਖਤ ਤੋਂ ਵਿਪ੍ਰੀਤ ਜਾਪਦੀ ਹੈ।

ਦਰਅਸਲ, ਅਜਿਹਾ ਨਹੀਂ ਹੈ ਕਿਉਂਕਿ ਗੁਰਬਾਣੀ ਲਿਖਤ ਅਨੁਸਾਰ ‘ਸੰਮਿ’ ਸ਼ਬਦ ਕੇਵਲ ਇੱਕ ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਸੌਂ ਕੇ’ (ਭਾਵ ਕਿਰਿਆ ਵਿਸ਼ੇਸ਼ਣ); ਜਿਵੇਂ: ‘‘ਫਰੀਦਾ! ਚਾਰਿ (ਪਹਿਰ ਸਮਾਂ, ਦਿਨ) ਗਵਾਇਆ ਹੰਢਿ (ਭਟਕ) ਕੈ, ਚਾਰਿ ਗਵਾਇਆ ਸੰਮਿ (ਸਉਂ ਕੇ)॥’’ (ਭਗਤ ਫਰੀਦ/੧੩੭੯)

‘ਸਮੈ’ ਸ਼ਬਦ ਗੁਰਬਾਣੀ ਅਨੁਸਾਰ 2 ਵਾਰ ‘ਵੇਲੇ’ ਦੇ ਅਰਥਾਂ ਵਿੱਚ ਆਇਆ ਹੈ; ਜਿਵੇਂ: ‘‘ਮੇਘ ‘ਸਮੈ’ (ਬੱਦਲ, ਵਰਖਾ ਸਮੇਂ) ਮੋਰ ਨਿਰਤਿਕਾਰ॥’’ (ਮ: ੫/੧੧੮੦) (ਅਤੇ) ‘‘ਏਕ ‘ਸਮੈ’ ਮੋ ਕਉ ਗਹਿ ਬਾਂਧੈ, ਤਉ ਫੁਨਿ ਮੋ ਪੈ ਜਬਾਬੁ ਨ ਹੋਇ॥’’ (ਭਗਤ ਨਾਮਦੇਵ/੧੨੫੩)

‘ਸਮੈ’ ਸ਼ਬਦ ਇੱਕ ਵਾਰ ਉਪਰੋਕਤ ਆਏ ‘ਸੰਮਿ’ ਸ਼ਬਦ ਵਾਙ ‘ਸੌਣ’ ਦੇ ਅਰਥਾਂ ਵਿੱਚ ਵੀ ਦਰਜ ਹੈ; ਜਿਵੇਂ: ‘‘ਹੁਕਮੋ ਸੇਵੇ ਹੁਕਮੁ ਅਰਾਧੇ, ਹੁਕਮੇ ਸਮੈ ਸਮਾਏ॥’’ (ਮ: ੪/੧੪੨੩) ਭਾਵ ਰੱਬੀ ਹੁਕਮ ਅਨੁਸਾਰ ਹੀ ਸੌਂਦਾ ਹੈ, ਨੀਂਦ ਵਿੱਚ ਲੀਨ ਹੁੰਦਾ ਹੈ।

ਸੋ, ‘ਸਮ’ (ਅੰਤ ਮੁਕਤਾ) ਸ਼ਬਦ (‘ਬਰਾਬਰ, ਸਮਾਨ, ਤੁਲ’ ਦੇ ਅਰਥਾਂ ਲਈ) ਗੁਰਬਾਣੀ ਵਿੱਚ 53 ਵਾਰ ਦਰਜ ਕੀਤਾ ਹੋਇਆ ਮਿਲਦਾ ਹੈ ਜਿਸ ਨੂੰ ਕੇਵਲ 5 ਵਾਰ ‘ਕੈ’ ਸ਼ਬਦ ਨਾਲ ਲਿਖਣ ਕਾਰਨ, ਬਾਕੀ ਲਿਖਤ ਵਾਙ ‘ਸਮੈ’ ਜਾਂ ‘ਸਮਿ’ ਨਹੀਂ ਲਿਖਿਆ ਜਾ ਸਕਦਾ, ਜਿਨ੍ਹਾਂ ਦੇ ਅਰਥ ਹੀ ਕੁਝ ਹੋਰ ਬਣ ਜਾਂਦੇ ਹਨ ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ ਗੁਰਬਾਣੀ ਦੀਆਂ ਉਨ੍ਹਾਂ 5 ਪੰਕਤੀਆਂ ਵਿੱਚ ‘ਜਾ ਕੈ ਸਮ’ ਸ਼ਬਦ ਬਣਤਰ ਹੀ ਵਿਆਕਰਣ ਅਨੁਸਾਰ ਢੁੱਕਵੀਂ ਹੈ; ਜਿਵੇਂ:

‘‘ਜਾ ਕੈ, ਦੁਖੁ ਸੁਖੁ ‘ਸਮ’ ਕਰਿ ਜਾਪੈ ॥’’ (ਮ: ੫/੧੮੬) (ਜਾ ਕੈ ਸਮ)

‘‘ਉਸਤਤਿ ਨਿੰਦਾ ਏ, ‘ਸਮ ਜਾ ਕੈ’, ਲੋਭੁ ਮੋਹੁ ਫੁਨਿ ਤੈਸਾ ॥’’ (ਮ: ੯/੨੨੦) (ਜਾ ਕੈ ਸਮ)

‘‘ਅਉਰ ਧਰਮ, ‘ਤਾ ਕੈ ਸਮ’ ਨਾਹਨਿ; ਇਹ ਬਿਧਿ ਬੇਦੁ ਬਤਾਵੈ ॥’’ (ਮ: ੯/੬੩੨) (ਤਾ ਕੈ ਸਮ)

‘‘ਸਮ ਸੁਪਨੈ ਕੈ’, ਇਹੁ ਜਗੁ ਜਾਨੁ ॥’’ (ਮ: ੯/੧੧੮੭) (ਸੁਪਨੈ ਕੈ ਸਮ)

‘‘ਰਾਮ ਨਾਮੁ ਉਰ ਮੈ ਗਹਿਓ; ‘ਜਾ ਕੈ ਸਮ’, ਨਹੀ ਕੋਇ ॥’’ (ਮ: ੯/੧੪੨੯) (ਜਾ ਕੈ ਸਮ)

(ਭਾਗ-6) (ਅ)

ਪਾਠਕ ਜਨ, ਆਪ ਵੀਚਾਰ ਕੇ ਤਸੱਲੀ ਕਰਨ ਕਿ ਹੇਠਾਂ ਦਿੱਤੀਆਂ ਜਾ ਰਹੀਆਂ ਕੁਲ 9 ਪੰਕਤੀਆਂ ਵਿੱਚ ‘ਮਨ, ਰਿਦ, ਮਦ (ਨਸ਼ਾ) ਅਤੇ ਗਿ੍ਰਹ (ਘਰ)’ ਸ਼ਬਦਾਂ ਦੀ ਬਣਤਰ ‘ਮਨਿ ਜਾਂ ਮਨੈ, ਰਿਦਿ ਜਾਂ ਰਿਦੈ, ਮਦਿ ਜਾਂ ਮਦੈ ਅਤੇ ਗਿ੍ਰਹਿ ਜਾਂ ਗਿ੍ਰਹੈ’ ਕਿਉਂ ਨਹੀਂ ਦਰਜ ਕੀਤੀ ਗਈ? ਕੀ ਇਸ ਦਾ ਕਾਰਨ ਇਨ੍ਹਾਂ ਤਮਾਮ ਸ਼ਬਦਾਂ ਤੋਂ ਉਪਰੰਤ ਆਏ ਸ਼ਬਦ ‘ਮਾਹਿ, ਅੰਤਰਿ, ਮਹਿ ਜਾਂ ਮੈ’ ਤਾਂ ਨਹੀਂ? ਜਿਨ੍ਹਾਂ ਦਾ ਅਰਥ ਸੰਬੰਧਕ ‘ਵਿੱਚ’ ਹੈ; ਜਿਵੇਂ:

ਜਿਨ ਕੈ, ਰਾਮੁ ਵਸੈ; ‘ਮਨ ਮਾਹਿ’ ॥ (ਜਪੁ , ਮ: ੧/੮) (ਜਿਨ ਕੈ ਮਨ ਮਾਹਿ)

ਬ੍ਰਹਮ ਗਿਆਨੀ ਕੈ, ਸਗਲ ‘ਮਨ ਮਾਹਿ’ ॥ (ਮ: ੫/੨੭੩) (ਬ੍ਰਹਮ ਗਿਆਨੀ ਕੈ ਮਨ ਮਾਹਿ)

ਜਾ ਕੈ, ਹਰਿ ਵਸਿਆ ‘ਮਨ ਮਾਹੀ’ ॥ (ਮ: ੫/੧੯੩) (ਜਾ ਕੈ ਮਨ ਮਾਹੀ)

ਜਾ ਕੈ, ਨਾਮੁ ਬਸੈ ‘ਮਨ ਮਾਹੀ’ ॥ (ਮ: ੫/੮੯੧) (ਜਾ ਕੈ ਮਨ ਮਾਹੀ)

ਜਾ ਕੈ, ਰਾਮੁ ਬਸੈ ‘ਮਨ ਮਾਹੀ’ ॥ (ਮ: ੫/੮੯੯) (ਜਾ ਕੈ ਮਨ ਮਾਹੀ)

ਜਨ ਕੈ ‘ਰਿਦ ਅੰਤਰਿ’ ਪ੍ਰਭੁ ਸੁਆਮੀ, ਜਨ ਹਰਿ ਹਰਿ ਨਾਮੁ ਭਜਥਈ ॥’’ (ਮ: ੪/੧੩੨੦) (ਜਨ ਕੈ ਰਿਦ ਅੰਤਰਿ)

ਜੋਬਨੁ ਧਨੁ ਪ੍ਰਭਤਾ (ਤਾਕਤ) ਕੈ ਮਦ ਮੈ; ਅਹਿਨਿਸਿ ਰਹੈ ਦਿਵਾਨਾ ॥ (ਮ: ੯/੬੮੫) (ਪ੍ਰਭਤਾ ਕੈ ਮਦ ਮੈ (ਮਹਿ)

ਜਾ ਕੈ ਗ੍ਰਿਹ ਮਹਿ, ਸਗਲ ਨਿਧਾਨ ॥ (ਮ: ੫/੧੧੫੨) (ਜਾ ਕੈ ਗ੍ਰਿਹ ਮਹਿ)

ਅਭਿਆਗਤ ਏਹ ਨ ਆਖੀਅਹਿ; ਜਿਨ ਕੈ ਮਨ ਮਹਿ ਭਰਮੁ ॥ (ਮ: ੩/੧੪੧੩) (ਜਿਨ ਕੈ ਮਨ ਮਹਿ)

(ਭਾਗ-6) (ੲ)

ਗੁਰਬਾਣੀ ਲਿਖਤ ਅਨੁਸਾਰ ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਜੋ ਇੱਕ ਵਚਨ ਨਾਂਵ ਸ਼ਬਦ, ਆਪਣੇ ਨਾਲ ਸੰਬੰਧਕ ਸ਼ਬਦ ਦੇ ਆਇਆਂ ਆਪਣਾ ਰੂਪ ਬਹੁ ਵਚਨ ਵਾਲਾ ਬਣਾ ਲੈਂਦਾ ਹੈ, ਉਹ ਸ਼ਬਦ ਗੁਪਤ ਰੂਪ ਵਿੱਚ ਭੀ ਸੰਬੰਧਕ ਅਰਥ ਜ਼ਰੂਰ ਦਿੰਦਾ ਹੈ; ਜਿਵੇਂ ਕਿ ‘ਭਉ’ (ਇੱਕ ਵਚਨ) ਸ਼ਬਦ ਦਾ ਅਰਥ ਹੈ ‘ਡਰ’ (ਭਾਵ ਰੱਬੀ ਡਰ), ਜਿਸ ਦਾ ਬਹੁ ਵਚਨ ਰੂਪ ਹੈ ‘ਭੈ’ (ਭਾਵ ਦੁਨਿਆਵੀ ਡਰ), ਪਰ ‘ਭਉ’ (ਇੱਕ ਵਚਨ) ਸ਼ਬਦ ਨਾਲ ਸੰਬੰਧਕ ਸ਼ਬਦ ਆਇਆਂ ਸ਼ਬਦ ਬਣਤਰ ‘ਭੈ’ (ਬਹੁ ਵਚਨ) ਬਣ ਜਾਣ ਦੇ ਬਾਵਜੂਦ ਭੀ ਅਰਥ ਇੱਕ ਵਚਨ ਦੇ ਹੀ ਦੇਂਦਾ ਹੈ ਜਿਵੇਂ ‘‘ਭੈ ਬਿਨੁ, ਕੋਇ ਨ ਲੰਘਸਿ ਪਾਰਿ ॥ (ਮ: ੧/੧੫੧), ਬਿਨੁ ਭੈ, ਭਗਤੀ; ਤਰਨੁ ਕੈਸੇ ॥’’ (ਮ: ੫/੮੨੯) ਆਦਿ। ਇਨ੍ਹਾਂ ਪੰਕਤੀਆਂ ਵਿੱਚ ਗੱਲ ਤਾਂ ਰੱਬੀ ਡਰ (ਇੱਕ ਵਚਨ) ਦੀ ਚੱਲ ਰਹੀ ਹੈ ਪਰ ‘ਭੈ’ ਰੂਪ ਬਹੁ ਵਚਨ ਵਾਲਾ ਹੈ ਕਿਉਂਕਿ ਇਹ ਸ਼ਬਦ ਬਣਤਰ ਸੰਬੰਧਕ ਸ਼ਬਦ ‘ਬਿਨੁ’ ਨੇ ਬਦਲੀ ਹੈ। ਇਸ ਹੀ ਨਿਯਮ ਦੇ ਅਧੀਨ ‘ਭੈ’ ਸ਼ਬਦ, ਗੁਰਬਾਣੀ ਵਿੱਚ ਗੁਪਤ ਸੰਬੰਧਕ ਅਰਥ ਭੀ ਇਉਂ ਦੇਂਦਾ ਹੈ ‘‘ਭੈ ਤੇਰੈ, ਡਰੁ ਅਗਲਾ; ਖਪਿ ਖਪਿ ਛਿਜੈ ਦੇਹ ॥’’ (ਮ:੧/੧੬) ਭਾਵ ਹੇ ਪ੍ਰਭੂ! ਤੇਰੇ ਡਰ ਕਾਰਨ (ਤੈਥੋਂ ਦੂਰੀ ਬਣਾਇਆਂ) ਸੰਸਾਰਕ ਡਰ (ਚਿੰਤਾ) ਬਹੁਤ ਵਿਆਪਦਾ ਹੈ, ਜਿਸ ਕਾਰਨ ਸਰੀਰ ਹੀ ਕਮਜ਼ੋਰ ਹੁੰਦਾ ਰਹਿੰਦਾ ਹੈ। ਇਸ ‘ਭੈ’ ਨੇ ਸੰਬੰਧਕ ਅਰਥ ‘ਡਰ ਕਾਰਨ’ ਕੱਢੇ ਹਨ।

‘ਜੀਉ’ ਸ਼ਬਦ ਗੁਰਬਾਣੀ ਵਿੱਚ ਇੱਕ ਵਚਨ ਹੈ ਜਿਸ ਦਾ ਅਰਥ ਹੈ ‘ਜਿੰਦ’ (ਇੱਕ ਵਚਨ) ‘‘ਹਰਿ, ਜੀਉ (ਜਿੰਦ, ਸਰੀਰ) ਗੁਫਾ ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥’’ (ਮ: ੩/੯੨੨) ਪਰ ‘ਜੀਉ’ ਸ਼ਬਦ ਨਾਲ ਸੰਬੰਧਕ ਸ਼ਬਦ ਆਇਆਂ ‘ਜੀਅ’ (ਬਹੁ ਵਚਨ) ਰੂਪ ਬਣ ਜਾਂਦਾ ਹੈ; ਜਿਵੇਂ: ‘‘ਜੀਅ’’ ਕੀ ਬਿਰਥਾ ਹੋਇ; ਸੁ, ਗੁਰ ਪਹਿ ਅਰਦਾਸਿ ਕਰਿ ॥’’ (ਮ: ੫/੫੧੯)

ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ‘ਜੀਅ’ ਸ਼ਬਦ, ਆਪਣੇ ਵਿੱਚੋਂ ਗੁਪਤ ਸੰਬੰਧਕ ਅਰਥ ਵੀ ਕੱਢੇਗਾ, ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ 4 ਪੰਕਤੀਆਂ ਵਿੱਚ ਇਹ ਨਿਯਮ ਸਪੱਸ਼ਟ ਹੋ ਜਾਂਦਾ ਹੈ :

‘‘ਕਾਲੁ ਕੰਟਕੁ ਲੋਭੁ ਮੋਹੁ ਨਾਸੈ, ‘ਜੀਅ ਜਾ ਕੈ’ ਪ੍ਰਭੁ ਬਸੈ ॥’’ (ਮ: ੫/੨੪੯) (‘ਜਾ ਕੈ ਜੀਅ’ ਭਾਵ ਜਿਸ ਦੇ ਹਿਰਦੇ ਵਿੱਚ)

‘‘ਜਾ ਕੈ ਜੀਅ’’, ਜੈਸੀ ਬੁਧਿ ਹੋਈ ॥’’ (ਭਗਤ ਕਬੀਰ/੩੪੩) (‘ਜਾ ਕੈ ਜੀਅ’ ਭਾਵ ਜਿਸ ਦੇ ਹਿਰਦੇ ਵਿੱਚ)

‘‘ਨਿਮਖ ਨ ਬਿਸਰੈ ‘ਜੀਅ ਭਗਤਨ ਕੈ’; ਆਠ ਪਹਰ ਮਨ ਤਾ ਕਉ ਜਾਪਿ ॥’’ (ਮ: ੫/੯੦੦) (‘ਭਗਤਨ ਕੈ ਜੀਅ’ ਭਾਵ ਭਗਤਾਂ ਦੇ ਹਿਰਦੇ ਵਿੱਚੋਂ)

‘‘ਹਰਿ ਹਰਿ ਨਾਮੁ ਬਸਿਓ; ‘ਜੀਅ ਤਾ ਕੈ’ ॥’’ (ਮ: ੫/੧੦੦੪) (‘ਤਾ ਕੈ ਜੀਅ’ ਭਾਵ ਉਸ ਦੇ ਹਿਰਦੇ ਵਿੱਚ)

(ਭਾਗ-7)

ਗੁਰਬਾਣੀ ਲਿਖਤ ਅਨੁਸਾਰ ‘ਕੈ’ ਅੱਖਰ ਕੇਵਲ ਇੱਕ ਵਾਰ ‘ਕਈ’ (ਅਨਿਸਚਿਤ ਪੜਨਾਂਵ ਜਾਂ ਬਹੁ ਵਚਨ ਪੜਨਾਂਵ) ਦੇ ਅਰਥਾਂ ਲਈ ਵੀ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ:

‘‘ਕਰਮ ਵਧਹਿ, ‘ਕੈ’ ਲੋਅ ਖਪਿ ਮਰੀਜਈ ॥’’ (ਮ: ੧/੧੨੮੫) (ਕਈ ਲੋਕ) ਭਾਵ ਲੋਕਾਂ (ਜਾਂ ਧਰਤੀਆਂ) ਦੇ ਕਰਮਕਾਂਡ ਵੀ ਇੱਥੇ ਵਧ ਜਾਣ ਤਾਂ ਵੀ ਖਪ ਕੇ ਹੀ ਮਰ ਜਾਈਦਾ ਹੈ।

(ਭਾਗ-8)

ਜਿਹੜੇ ਗੁਰਮੁਖ ਸੱਜਣ ਉਪਰੋਕਤ ‘ਕੈ’ ਸ਼ਬਦ ਨਾਲ ਸੰਬੰਧਤ ਤਮਾਮ ਨਿਯਮਾਂਵਲੀ (ਵਿਆਕਰਣ) ਬਾਰੇ ਨਹੀਂ ਜਾਣਦੇ ਉਹੀ ਗੁਰਸਿੱਖ ਪਿਆਰੇ ਹੇਠਾਂ ਦਿੱਤੀ ਜਾ ਰਹੀ ਪੰਕਤੀ ਦੇ ਅਰਥ ਕਰਨ ਲੱਗਿਆਂ ਦੁਬਿਧਾ ਵਿੱਚ ਰਹਿੰਦੇ ਹਨ।

‘‘ਕੰਧਿ ਕੁਹਾੜਾ ਸਿਰਿ ਘੜਾ; ਵਣਿ ਕੈ ਸਰੁ ਲੋਹਾਰੁ ॥ ਫਰੀਦਾ! ਹਉ ਲੋੜੀ ਸਹੁ ਆਪਣਾ; ਤੂ ਲੋੜਹਿ ਅੰਗਿਆਰ ॥’’ (ਭਗਤ ਫਰੀਦ/੧੩੮੦)

(ਨੋਟ: ਇਸ ਪੰਕਤੀ ਵਿੱਚ ਦਰਜ ਸ਼ਬਦ ‘ਕੈ’ ਤਾਂ ਹੀ ਆਪਣੇ ਤੋਂ ਅਗਲੇ ਅਤੇ ਪਿਛਲੇ ਸ਼ਬਦਾਂ ਤੋਂ ਅਲੱਗ ਹੋ ਸਕਦਾ ਹੈ (ਜਿਵੇਂ ਕਿ ਗੁਰਬਾਣੀ ਵਿੱਚ ਪਦ ਛੇਦ ਕੀਤਾ ਹੋਇਆ ਹੈ) ਜੇਕਰ ਉਪਰੋਕਤ ਵੀਚਾਰੇ ਗਏ ਤਮਾਮ ਨਿਯਮਾਂ ਵਿੱਚੋਂ ਕਿਸੇ ਇੱਕ ਨਿਯਮ ਨਾਲ ਵੀ ਮੇਲ ਖਾਂਦਾ ਹੋਵੇ। ਇਸ ਪੰਕਤੀ ਵਿੱਚ ‘ਕੈ’ ਸ਼ਬਦ ਨੂੰ ਪਦ ਛੇਦ ਕਰਕੇ ਅਲੱਗ ਲਿਖਣ ਨਾਲ ਹੇਠਾਂ ਦਿੱਤੇ ਜਾ ਰਹੇ ਪ੍ਰਸ਼ਨ ਖੜੇ ਹੋ ਰਹੇ ਹਨ:

(1). ਅਗਰ ‘ਕੈ’ ਦਾ ਅਰਥ ‘ਦੇ’ (ਸੰਬੰਧਕ) ਹੈ ਤਾਂ ‘ਵਣਿ’ (ਜੰਗਲ ਵਿੱਚ, ਅਧਿਕਰਣ ਕਾਰਕ) ਦੀ ਅੰਤ ਸਿਹਾਰੀ ਕਿਉਂ ਨਹੀਂ ਹਟੀ ?

(2). ਅਗਰ ‘ਕੈ’ ਯੋਜਕ ਹੈ, ਜਿਸ ਦਾ ਅਰਥ ‘ਜਾਂ’ ਲਿਆ ਜਾ ਸਕਦਾ ਹੈ ਤਾਂ ‘ਸਰੁ’ (ਸਰੋਵਰ) ਸ਼ਬਦ ਨੂੰ ਔਕੁੜ ਕਿਉਂ ਹੈ? ਭਾਵ ‘ਵਣਿ’ ਵਾਙ ‘ਸਰਿ’ ਕਿਉਂ ਨਹੀਂ ?

(3). ਅਗਰ ‘ਕੈ’ (ਕਈ, ਭਾਵ ਬਹੁ ਵਚਨ) ਪੜਨਾਂਵ ਹੈ ਤਾਂ ਵੀ ‘ਸਰੁ’ ਨੂੰ ਔਕੁੜ ਨਹੀਂ ਹੋਣੀ ਚਾਹੀਦੀ।

(4). ਅਗਰ ‘ਕੈ’ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਤਾਂ ਇਸ ਸ਼ਬਦ ਵਿੱਚ ‘ਕਿਰਿਆ’ ਕਿੱਥੇ ਹੈ, ਜਿਸ ਦਾ ਇਹ ‘ਵਿਸ਼ੇਸ਼ਣ’ ਹੈ ?

(5). ਅਗਰ ‘ਕੈ’ ਪ੍ਰਸ਼ਨ-ਵਾਚਕ ਪੜਨਾਂਵ ਹੈ ਤਾਂ ਇਹ ਅੰਤ ਸਿਹਾਰੀ ਵਾਲੇ ਕਿਸੇ (ਨਾਂਵ ਜਾਂ ਸੰਬੰਧਕ) ਸ਼ਬਦ ਨਾਲ ਲੱਗੇਗਾ, ਨਾ ਕਿ ਅੰਤ ਔਕੁੜ ਵਾਲੇ ‘ਸਰੁ’ ਸ਼ਬਦ ਨਾਲ, ਜਿਸ ਨੂੰ ‘ਕੈ ਵਣਿ’ ਨਾਲ ਜੋੜ ਕੇ ‘ਕਿਹੜੇ ਵਣ ਵਿੱਚ? ’ ਅਰਥ ਕਰਨੇ ਮੂਲੋਂ ਹੀ ਗ਼ਲਤ ਹਨ, ਆਦਿ।

ਫਰੀਦਕੋਟ ਸਟੀਕ, ਨਰੋਤਰ, ਗਿਆਨੀ ਬਿਸ਼ਨ ਸਿੰਘ, ਪੰਡਿਤ ਨਰੈਣ ਸਿੰਘ ਆਦਿ ਸੱਜਣਾਂ ਨੇ ‘ਵਣਿ ਕੈ ਸਰੁ’ ਸ਼ਬਦਾਂ ਦੇ ‘ਜੰਗਲ ਦੇ ਸਿਰ ਪਰ’ ਅਰਥ ਕੀਤੇ ਹਨ, ਜੋ ਕਿ ਵਿਆਕਰਣ ਨਿਯਮਾਂ ਅਨੁਸਾਰ ‘ਸਰੁ’ ਵਿੱਚੋਂ ‘ਉੱਤੇ ਜਾਂ ਪਰ’ ਅਰਥ ਅਤੇ ‘ਵਣਿ’ ਵਿੱਚੋਂ ‘ਦੇ’ ਰੂਪ ਵਿੱਚ ਅਰਥ ਨਹੀਂ ਲਏ ਜਾ ਸਕਦੇ।

ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ‘ਵਣਿ ਕੈਸਰੁ’ ਪਦ ਛੇਦ ਕਰਕੇ ਅਰਥ ਕੀਤੇ ਹਨ ਕਿ ‘ਜੰਗਲ ਵਿੱਚ ਲੁਹਾਰ ਕੈਸਰੁ (ਬਾਦਸ਼ਾਹ) ਬਣਿਆ ਫਿਰਦਾ ਹੈ।’

ਸ਼ਬਦਾਰਥ ਵਾਲੇ ਸੱਜਣਾਂ ਨੇ ਅਰਥ ਕੀਤੇ ਹਨ ਕਿ ‘ਲੁਹਾਰ ਕਿੱਧਰ ਨੂੰ ਜਾ ਰਿਹਾ ਹੈ? ਭਾਵ ਸਰੋਵਰ ਨੂੰ ਜਾਂ ਬਨ ਨੂੰ?’ ‘ਵਣਿ’ ਸ਼ਬਦ ਵਿੱਚੋਂ ‘ਬਨ ਨੂੰ’ ਅਰਥ ਨਹੀਂ ਲਏ ਜਾ ਸਕਦੇ, ‘ਵਣ ਵਿੱਚ’ ਹੀ ਬਣ ਸਕਦੇ ਹਨ ਜਦਕਿ ‘ਸਰੁ’ ਵਿੱਚੋਂ ‘ਨੂੰ’ ਅਰਥ ਕੱਢਿਆ ਜਾ ਸਕਦਾ ਹੈ।

ਗਿਆਨੀ ਹਰਬੰਸ ਸਿੰਘ ਜੀ ਨੇ ਨਿਰਣੈ ਇਉਂ ਕੀਤਾ ਕਿ ‘ਵਣਿ ਕੈ ਸਰੁ’ ਭਾਵ ‘ਵਣੀ ਦੇ ਸਰੋਵਰ ਨੂੰ’, ਇਨ੍ਹਾਂ ਅਰਥਾਂ ਵਿੱਚ ‘ਵਣਿ’ ਨੂੰ ਇਸਤ੍ਰੀ ਲਿੰਗ ਮੰਨ ਕੇ ‘ਵਣੀ’ ਕਿਹਾ ਗਿਆ ਹੈ ਤਾਂ ਜੋ ਸੰਬੰਧਕ ‘ਕੈ’ ਦੇ ਅਰਥ ਲਏ ਜਾਣ, ਪਰ ਜੰਗਲ ਵਿੱਚ ਛੋਟੀ ‘ਬੰਨੀ’ ਹੁੰਦੀ ਹੈ ਨਾ ਕਿ ‘ਵਣੀ’। ਇਸ ਲਈ ਇਨ੍ਹਾਂ ਨੇ ਗੰਭੀਰ ਸ਼ਬਦਾਰਥਾਂ ’ਤੇ ਹਮੇਸ਼ਾ ਪ੍ਰਚੱਲਤ ਨੂੰ ਅਪਣਾ ਕੇ ਪ੍ਰਿੰ. ਸਾਹਿਬ ਸਿੰਘ ਨੂੰ ਕੱਟਣ ਦਾ ਹੀ ਯਤਨ ਕੀਤਾ ਹੈ ਜਦਕਿ ਇਨ੍ਹਾਂ ਗੁਰਬਾਣੀ ਵਿਆਕਣ ਵੀ ਲਿਖੀ ਹੈ।)

ਸੋ, ਗੁਰਬਾਣੀ ਲਿਖਤ ਅਨੁਸਾਰ ‘ਵਣਿ ਕੈ ਸਰੁ’ ਸ਼ਬਦਾਂ ਵਿੱਚੋਂ ‘ਕੈ’ ਅੱਖਰ ਕਿਸੇ ਇੱਕ (ਅਗੇਤਰ ਜਾਂ ਪਿਛੇਤਰ) ਸ਼ਬਦ ਨਾਲ ਜ਼ਰੂਰ ਮਿਲੇਗਾ, ਜਿਸ ਨੂੰ ਪਦ ਛੇਦ ਨਹੀਂ ਕੀਤਾ ਜਾ ਸਕਦਾ। ਇਸ ਪਾਸੇ ਕੇਵਲ ਸਾਹਿਬ ਸਿੰਘ ਜੀ ਨੇ ਹੀ ਧਿਆਨ ਕਰਵਾਇਆ ਸੀ, ਜੋ ਕਿ ਉਚਿਤ ਵੀ ਸੀ।