JAP (Pori No. 29)

0
643

ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ॥

ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ, ਸਿਧਿ ਅਵਰਾ ਸਾਦ ॥

ਸੰਜੋਗੁ, ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥

ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੯॥ (ਜਪੁ /ਮ: ੧)

ਉਚਾਰਨ ਸੇਧ: ਵਾਜਹਿਂ, ਚਲਾਵਹਿਂ, ਆਵਹਿਂ।

ਪਦ ਅਰਥ: ਭੁਗਤਿ-ਭੁਕਤਿ, ਭੋਜਨ, ਖ਼ੁਰਾਕ, ਜੰਗਲੀ ਕੰਦ-ਮੂਲ ਨੂੰ ਰਗੜ ਕੇ ਬਣਾਇਆ ਗਿਆ ਚੂਰਮਾ (ਇਸਤ੍ਰੀ ਲਿੰਗ ਨਾਂਵ)।, ਭੰਡਾਰਣਿ- ਭੰਡਾਰਾ ਰੱਖਣ ਜਾਂ ਵਰਤਾਉਣ ਵਾਲੀ, ਵਰਤਾਵੀ (ਇਸਤ੍ਰੀ ਲਿੰਗ ਨਾਂਵ)।, ਘਟਿ-ਘਟਿ- ਹਰ ਇੱਕ ਦੇ ਹਿਰਦੇ ਵਿੱਚ (ਅਧਿਕਰਣ ਕਾਰਕ, ਨਾਂਵ)।, ਨਾਦ- ਸ਼ਬਦ, ਧੁਨੀਆਂ, ਆਵਾਜ਼ਾਂ (ਬਹੁ ਵਚਨ ਨਾਂਵ)।, ਆਪਿ- (ਉਹ ਮਾਲਕ) ਆਪ ਹੀ (ਪੜਨਾਂਵ)।, ਨਾਥੁ- ਖਸਮ, ਮਾਲਕ (ਨਾਂਵ)।, ਨਾਥੀ- ਨੱਥੀ ਹੋਈ, ਵਿੰਨੀ ਹੋਈ, ਕਾਬੂ ਕੀਤੀ ਹੋਈ (ਕਿਰਿਆ)।, ਸਭ- ਸਾਰੀ ਲੁਕਾਈ (ਇਸਤ੍ਰੀ ਲਿੰਗ, ਪੜਨਾਂਵ)।, ਜਾ ਕੀ- ਜਿਸ (‘ਨਾਥੁ’, ਮਾਲਕ) ਦੀ (‘ਜਾ’ ਪੜਨਾਂਵ ਤੇ ‘ਕੀ’ ਸਬੰਧਕੀ)।, ਰਿਧਿ= ਰਿਧੀ, ਸੰਪਦਾ, ਉੱਚੀ ਪਦਵੀ, ਪ੍ਰਤਿਸ਼ਠਾ (ਇਸਤ੍ਰੀ ਲਿੰਗ ਨਾਂਵ)।, ਸਿਧਿ-ਕਰਾਮਾਤੀ ਸ਼ਕਤੀ (ਜੋਗੀਆਂ ਦੇ ਕਬੀਲਿਆਂ ’ਚ ਮੰਨੀਆਂ ਜਾਂਦੀਆਂ ਅੱਠ ਅਲੌਕਿਕ ਸ਼ਕਤੀਆਂ; ਜਿਵੇਂ: (1). ਬਿਲਕੁਲ ਹੀ ਛੋਟਾ ਬਣ ਜਾਣਾ (ਅਣਿਮਾ), (2). ਆਪਣਾ ਭਾਰ ਬਿਲਕੁਲ ਹਲਕਾ ਕਰ ਲੈਣਾ (ਲਘਿਮਾ), (3). ਹਰ ਵਸਤੂ ਪ੍ਰਾਪਤ ਕਰ ਲੈਣੀ (ਪ੍ਰਾਪਤੀ), (4). ਸੁਤੰਤਰ ਸੋਚ ਧਾਰਨ ਕਰ ਲੈਣਾ (ਪ੍ਰਾਕਾਮਯ), (5) ਬਹੁ ਆਕਾਰੀ ਰੂਪ ਧਾਰਨ ਕਰ ਲੈਣਾ (ਮਹਿਮਾ), (6). ਆਦਰਮਈ ਬਣ ਜਾਣਾ (ਇਸ਼ਿੱਤ੍ਰ) (7). ਹੋਰਾਂ ਦੀ ਸੋਚ ਨੂੰ ਆਪਣੇ ਅਧੀਨ ਕਰ ਲੈਣਾ (ਵਸ਼ਿਤ੍ਰ) ਤੇ (8). ਕਾਮ ਇੰਦ੍ਰੀਆਂ ਨੂੰ ਕਾਬੂ ਕਰ ਲੈਣਾ (ਕਾਮਾਵਸਾਇਤਾ)।, ਅਵਰਾ- ਹੋਰ (ਭਾਵ ਅਨੰਦਹੀਣ, ਬੇਰਸਾ, ਅਲਪ ਸੁੱਖ ਆਦਿ ਪੜਨਾਂਵ)।, ਸੰਜੋਗੁ-ਸੁਮੇਲ, ਪਰਵਾਰਿਕ ਇਕੱਠ (ਇੱਕ ਵਚਨ ਨਾਂਵ)।, ਵਿਜੋਗੁ- ਵਿਛੁੜਨਾ (ਸਦੀਵੀ ਪਰਵਾਰਿਕ ਵਿਛੋੜਾ, ਇੱਕ ਵਚਨ ਨਾਂਵ)।, ਦੁਇ- ਦੋਵੇਂ (ਸੰਖਿਅਕ ਸ਼ਬਦ)।, ਕਾਰ- ਜਗਤ ਉਤਪਤੀ ਵਾਲੀ ਨਿਰੰਤਰ ਕਿਰਿਆ (ਇਸਤ੍ਰੀ ਲਿੰਗ ਨਾਂਵ)।, ਚਲਾਵਹਿ- ਚਲਾਉਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਲੇਖੇ- ਕਿਰਤ ਅਨੁਸਾਰ, ਕੀਤੇ ਗਏ ਕਰਮਾਂ ਕਰਕੇ (ਅਧਿਕਰਣ ਕਾਰਕ)।, ਆਵਹਿ- ਆਉਂਦੇ ਹਨ, ਮਿਲਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਭਾਗ-ਨਸੀਬ, ਤਕਦੀਰ, ਸੰਸਕਾਰ (ਬਹੁ ਵਚਨ ਨਾਂਵ)।

(ਨੋਟ: ਪਿਛਲੀ ਪਉੜੀ ਨੰਬਰ 28 ’ਚ ਜੋਗ ਮੱਤ ਨਾਲ ਸਬੰਧਿਤ ਵਿਸ਼ਾ ਚੱਲ ਰਿਹਾ ਸੀ ਜੋ ਨਿਰੰਤਰ 31 ਪਉੜੀ ਤੱਕ ਅਗਾਂਹ ਚੱਲੇਗਾ। )

‘‘ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ॥’’– ਇਸ ਪੰਕਤੀ ’ਚ ਦਰਜ ‘ਭੁਗਤਿ, ਭੰਡਾਰਣਿ, ਨਾਦ’ ਸ਼ਬਦ ਯੋਗ ਮੱਤ ਨਾਲ ਸਬੰਧਿਤ ਹਨ, ਜਿਨ੍ਹਾਂ ਦੇ ਪ੍ਰਥਾਏ ‘ਗੁਰਮਤਿ’ ਦੇ ਸ਼ਬਦ ‘ਗਿਆਨੁ, ਦਇਆ (ਨਿਮਰਤਾ), ਘਟਿ ਘਟਿ’ ਇਸਤੇਮਾਲ ਕੀਤੇ ਗਏ ਹਨ। ਜੋਗੀਆਂ ਦੇ ਇਨ੍ਹਾਂ ਤਿੰਨੇ ਸ਼ਬਦਾਂ ਤੋਂ ਬੋਧ ਹੁੰਦਾ ਹੈ ਕਿ ਇਸ ਪੰਕਤੀ ’ਚ ਸਰੀਰਕ ਤ੍ਰਿਪਤੀ ਲਈ ਤਿਆਰ ਕੀਤੇ ਜਾਂਦੇ ਭੋਜਨ (ਵਿਸ਼ੇ) ਨੂੰ ਆਤਮਿਕ ਖ਼ੁਰਾਕ ਰੂਪ ਵਿਸ਼ੇ ’ਚ ਤਬਦੀਲ ਕੀਤਾ ਗਿਆ ਹੈ।

ਗੁਰਬਾਣੀ ਵਿੱਚ ‘ਭੁਗਤਿ’ ਸ਼ਬਦ 14 ਵਾਰ ਦਰਜ ਹੈ ਜੋ ਕੇਵਲ ਆਤਮਿਕ ਜਾਂ ਸਰੀਰਕ ਤ੍ਰਿਪਤੀ ਬਾਰੇ ਹੀ ਭਾਵਾਰਥ ਦੇਂਦਾ ਹੈ; ਜਿਵੇਂ: ‘‘ਮੁਕਤਿ, ਭੁਗਤਿ, ਜੁਗਤਿ, ਤੇਰੀ ਸੇਵਾ; ਜਿਸੁ ਤੂੰ ਆਪਿ ਕਰਾਇਹਿ ॥’’ (ਮ: ੫/੭੪੯) ਭਾਵ (ਹੇ ਪ੍ਰਭੂ !) ਵਿਕਾਰਾਂ ਤੋਂ ਮੁਕਤੀ, ਆਤਮਿਕ ਖ਼ੁਰਾਕ ਤੇ ਜੀਵਨ ਜਾਚ ਤੇਰੀ ਸੇਵਾ-ਭਗਤੀ ਕੀਤਿਆਂ ਹੀ ਉਸ ਨੂੰ ਪ੍ਰਾਪਤ ਹੁੰਦੀ ਹੈ, ਜਿਸ ਨੂੰ ਤੂੰ ਆਪ ਕਰਨ ਲਈ ਪ੍ਰੇਰਦਾ ਹੈਂ।

‘ਭੰਡਾਰਣਿ’- ਇਹ ਸ਼ਬਦ ਕੇਵਲ ਸਬੰਧਿਤ ਪੰਕਤੀ ’ਚ ਹੀ ਇੱਕ ਵਾਰ ਦਰਜ ਹੈ।

‘ਦਇਆ’- ਇਹ ਸ਼ਬਦ ਇਸ ਪੰਕਤੀ ’ਚ ਕਿਸੇ ਜੀਵ ਹੱਤਿਆ ਨਾਲ ਸਬੰਧਿਤ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜੋਗੀ ਲੋਕ ਕੋਈ ਵੀ ਜੀਵ ਹੱਤਿਆ ਨਹੀਂ ਕਰਦੇ ਪਰ ਆਪਣੀ ਮਨਹੱਠ ਨਾਲ ਪ੍ਰਾਪਤ ਕੀਤੀ ਗਈ ਕਠੋਰਤਾ (ਰਿਧੀਆਂ- ਸਿੱਧੀਆਂ) ਕਾਰਨ ਮਨੁੱਖਾਂ ਨੂੰ ਸਰਾਪ ਵਗ਼ੈਰਾ ਜ਼ਰੂਰ ਦੇ ਦਿੰਦੇ ਹਨ।

ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ॥

ਭਾਗ- (ਹੇ ਯੋਗੀ ! ) ਰੱਬੀ ਗਿਆਨ ਨੂੰ ‘ਭੁਗਤਿ’ (ਚੂਰਮਾ/ਭੋਜਨ) ਬਣਾ, (ਜਿਸ ਨੂੰ) ਵਰਤਾਉਣ ਵਾਲ਼ੀ (ਭੰਡਾਰਣਿ), ਰਹਿਮਦਿਲੀ ਹੋਵੇ, ਹਰ ਇੱਕ ਹਿਰਦੇ ’ਚ ਚੱਲਣ ਵਾਲ਼ੀ (ਤੇ ਰੱਬੀ ਮੌਜੂਦਗੀ ਨੂੰ ਦਰਸਾਉਂਦੀ) ਜੀਵਨ ਰੌ (ਆਵਾਜ਼-ਧੁਨਿ) ਤੇਰੇ ਸਿੰਙੀ-ਨਾਦ ਵਜਦੇ ਹੋਣ (ਭਾਵ ਰੱਬੀ ਗਿਆਨ ਨੂੰ ਖ਼ੁਰਾਕ, ਪਰਉਪਕਾਰੀ ਸੋਚ ’ਚ ਦਇਆ ਹੋਵੇ, ਬਾਹਰੀ ਨਾਦ (ਅਵਾਜ਼) ਦੀ ਬਜਾਇ ਰੱਬੀ ਰੌ-ਧੁਨਿ ਸੁਣ, ਜੋ ਸਰਬ ਵਿਆਪਕ ਹੈ)।

‘‘ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ, ਸਿਧਿ ਅਵਰਾ ਸਾਦ ॥’’-ਇਸ ਪੰਕਤੀ ’ਚ ਦਰਜ ‘ਨਾਥੁ, ਰਿਧਿ, ਸਿਧਿ’ ਸ਼ਬਦ ਜੋਗ ਮੱਤ ਨਾਲ ਸਬੰਧਿਤ ਹੋਣ ਕਾਰਨ ਹੀ ‘ਸਾਦ’ (ਸੁਆਦ, ਆਨੰਦ) ਸ਼ਬਦ ਨੂੰ ਵੀ ਜੋਗ ਮੱਤ ਨਾਲ ਸਬੰਧਿਤ ਹੀ ਮੰਨਣਾ ਪਵੇਗਾ, ਨਾ ਕਿ ‘ਗੁਰਮਤਿ’ ਵਾਲਾ ‘ਸਦੀਵੀ ਅਨੰਦ’।

ਗੁਰੂ ਜੀ ਇਸ ਤੁਕ ਰਾਹੀਂ ਜੋਗੀਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੇ ਹਨ ਕਿ ਜਗਤ ਰਚਨਾ; ਪ੍ਰਮਾਤਮਾ ਦੀ ਇੱਕ ਖੇਡ ਹੈ, ਇਸ ਲਈ ਸਾਨੂੰ ਉਸ ਖੇਡ ਦਾ ਭਾਗ ਬਣਦਿਆਂ ਸਦੀਵੀ ਆਨੰਦ ਪ੍ਰਾਪਤ ਕਰਨਾ ਚਾਹੀਦਾ ਹੈ, ਨਾ ਕਿ ਖੇਡ ਦੇ ਵਿਪ੍ਰੀਤ ਅਲੌਕਿਕ ਸ਼ਕਤੀਆਂ ਦੀ ਟੇਕ ਨਾਲ ਅਲਪ ਸੁੱਖ ’ਚ ਮਸਤ ਹੋ ਕੇ ਆਪਣਾ ਜੀਵਨ ਅਜਾਈਂ ਨਸ਼ਟ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਜੀ ਨੇ ਇਸ ਗੱਲ ਨੂੰ ਸਮਝਾਉਣ ਲਈ ਸ਼ਬਦ ਵੀ ਜੋਗ ਮੱਤ ਨਾਲ ਸਬੰਧਿਤ ਹੀ ਵਰਤੇ ਹਨ, ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਵਿਸ਼ੇ ਦੀ ਸਮਝ ਆ ਜਾਵੇ।

ਗੁਰਬਾਣੀ ਵਿੱਚ ਦਰਜ ‘ਨਾਥੁ’ ਤੇ ‘ਨਾਥੀ’ ਸ਼ਬਦ ਬਾਰੇ ਕੁਝ ਜਾਣਕਾਰੀ ਜ਼ਰੂਰੀ ਹੈ। ‘ਨਾਥੁ’ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ਦੀ ਵਰਤੋਂ 41 ਵਾਰ ਕੀਤੀ ਗਈ ਮਿਲਦੀ ਹੈ, ਜਿਸ ਦਾ ਅਰਥ ਹੈ: ‘ਪ੍ਰਾਣਾਂ ਜਾਂ ਜਿੰਦ ਦਾ ਮਾਲਕ, ਬੇਸਹਾਰਿਆਂ (ਅਨਾਥਾਂ) ਦਾ ਮਾਲਕ, ਜੋਗੀਆਂ ਦਾ ਧਾਰਮਿਕ ਗੁਰੂ ‘ਨਾਥੁ’ ਆਦਿ; ਜਿਵੇਂ:

‘‘ਸੋ ਸਿਮਰਹੁ; ਅਨਾਥ ਕੋ ‘ਨਾਥੁ’ ॥’’ (ਮ: ੫/੧੮੪)

‘‘ਅਵਿਗਤ ‘ਨਾਥੁ’; ਨ ਲਖਿਆ (ਬਿਆਨ ਕੀਤਾ) ਜਾਇ ॥’’ (ਮ: ੧/੪੧੧)

(ਨੋਟ: ‘ਅਵਿਗਤ’ ਸ਼ਬਦ ਦਾ ਅਰਥ ਹੈ: ‘ਅ+ਵਿਗਤ, ਅ+ ਵਿਅਕਤ, ਅ+ ਵਿਅਕਤੀ’ ਭਾਵ ਅਦ੍ਰਿਸ਼ਟ ‘ਨਾਥੁ’)

‘‘ਦੀਨਾ (ਆਤਮਿਕ ਕੰਗਾਲਾਂ ਦਾ) ‘ਨਾਥੁ’, ਜੀਆ ਕਾ ਦਾਤਾ; ਪੂਰੇ ਗੁਰ ਤੇ (ਤੋਂ) ਪਾਏ ॥’’ (ਮ: ੪/੪੪੪)

‘‘ਸੁਣਿ ਬਾਵਰੇ ! ਸੇਵਿ ਠਾਕੁਰੁ, ‘ਨਾਥੁ’ ਪਰਾਣਾ (ਪ੍ਰਾਣਾਂ ਦਾ ਸਹਾਰਾ)॥’’ (ਮ: ੫/੭੭੭)

‘‘ਸੁਰਿ ਨਰ, ਨਾਥਹ ‘ਨਾਥੁ’ ਤੂ; ਨਿਧਾਰਾ ਆਧਾਰੁ ॥’’ (ਮ: ੧/੯੩੪)

‘‘ਜੋਗੀ ਜੰਗਮ ਭੇਖੁ ਨ ਕੋਈ; ਨਾ ਕੋ ‘ਨਾਥੁ’ ਕਹਾਇਦਾ ॥’’ (ਮ: ੧/੧੦੩੫) (ਜੋਗ ਮੱਤ ਨਾਲ ਸਬੰਧਿਤ ਸ਼ਬਦ ‘ਨਾਥੁ’)

‘‘ਆਪਿ ‘ਨਾਥੁ’, ਸਭ (ਸਾਰੀ ਲੁਕਾਈ) ਨਥੀਅਨੁ (ਉਸ ਨੇ ਨੱਥੀ); ਸਭ (ਨੂੰ) ਹੁਕਮਿ (’ਚ) ਚਲਾਈ ॥’’ (ਮ: ੪/੧੨੫੧)

‘‘ਨਾਨਕ ! ਇਕੁ ਸ੍ਰੀਧਰ ‘ਨਾਥੁ’ ; ਜਿ ਟੂਟੇ ਲੇਇ ਸਾਂਠਿ ॥’’ (ਮ: ੫/੧੩੬੩)

(ਨੋਟ: ‘ਸ੍ਰੀਧਰ’ ਦਾ ਅਰਥ ਹੈ: ‘ਸ੍ਰੀ’ (ਲਕਸ਼ਮੀ, ਮਾਇਆ) ਦਾ ‘ਧਰ’ (ਆਸਰਾ, ਸਹਾਰਾ) ਇੱਕ (ਭਾਵ ਕੇਵਲ ਏਕ ਹੀ) ‘ਨਾਥੁ’), ਆਦਿ।

ਗੁਰਬਾਣੀ ਵਿੱਚ ‘ਨਾਥੀ’ ਸ਼ਬਦ ਕੇਵਲ ਇੱਕ ਵਾਰ ਸਬੰਧਿਤ ਪੰਕਤੀ ’ਚ ਹੀ ਦਰਜ ਹੈ ਪਰ ਇੱਕ ਜਗ੍ਹਾ ਹੋਰ ਇਸ ਸ਼ਬਦ ਨੂੰ ‘ਨਥਂੀ’ ਕਰਕੇ ਲਿਖਿਆ ਮਿਲਦਾ ਹੈ, ਜਿਸ ਦਾ ਸਬੰਧਿਤ ਪੰਕਤੀ ਵਾਙ ਸਹੀ ਸਰੂਪ ਪੁਰਾਤਨ ਬੀੜਾਂ ’ਚ ‘ਨਾਥੀ’ ਮਿਲਦਾ ਹੈ: ‘‘ਆਪਿ ‘ਨਾਥੁ’, ‘ਨਥਂੀ’ (‘ਨਾਥੀ’) ਸਭ ਜਾ ਕੀ; ਬਖਸੇ ਮੁਕਤਿ ਕਰਾਇਦਾ ॥’’ (ਮ: ੧/੧੦੩੭)

ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ॥

ਭਾਗ- (ਅਕਾਲ ਪੁਰਖ) ਆਪ ਹੀ ਨਾਥ ਹੈ, ਜਿਸ ਦੀ (ਮਰਯਾਦਾ ’ਚ) ਸਾਰੀ ਰਚਨਾ ਵਿੰਨ੍ਹੀ (ਪਰੋਈ) ਹੋਈ ਹੈ। ਰਿਧੀ ਸਿਧੀ (ਕਰਾਮਾਤੀ ਸ਼ਕਤੀਆਂ, ਮਾਲਕ ਨਾਲ਼ ਜੋੜਨ ਦੀ ਬਜਾਇ ‘ਮੈਂ-ਮੇਰੀ’ ਪੈਦਾ ਕਰ) ਹੋਰ ਸੁਆਦ (ਦੂਜੈ ਭਾਇ) ’ਚ ਲਗਾ ਦਿੰਦੀਆਂ ਹਨ।

(ਨੋਟ : ਯੋਗ ਮਤ ਦੀਆਂ 18 ਕਾਲਪਨਿਕ ਸ਼ਕਤੀਆਂ ਹਨ :

(1). ਅਣਿਮਾ- ਨਾ-ਮਾਤ੍ਰ (ਬਹੁਤ ਛੋਟਾ) ਸਰੀਰ ਬਣਾ ਲੈਣਾ।

(2). ਮਹਿਮਾ-ਬਹੁਤ ਵੱਡਾ ਸਰੀਰ (ਆਕਾਰ) ਬਣਾ ਲੈਣਾ।

(3). ਗਰਿਮਾ- ਬਹੁਤ ਭਾਰੀ ਹੋ ਜਾਣਾ।

(4). ਲਘਿਮਾ- ਬਹੁਤ ਹਲਕਾ ਹੋ ਜਾਣਾ।

(5). ਪ੍ਰਾਪਤਿ- ਮਨ-ਚਾਹਤ ਵਸਤੂ ਪ੍ਰਾਪਤ ਕਰ ਲੈਣੀ।

(6). ਪ੍ਰਾਕਾਮ੍ਯ- ਸਭ ਦੇ ਮਨ ਦੀ ਜਾਣ ਲੈਣਾ।

(7). ਈਸ਼ਿਤ-ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ।

(8). ਵਸ਼ਿਤਾ- ਸਭ ਨੂੰ ਕਾਬੂ ’ਚ ਕਰ ਲੈਣਾ।

(9). ਅਨੂਰਮਿ- ਭੁੱਖ-ਤ੍ਰੇਹ ਨਾ ਲੱਗਣਾ।

(10). ਦੂਰ ਸ਼੍ਰਵਣ- ਦੂਰ ਦੀਆਂ ਗੱਲਾਂ ਸੁਣ ਲੈਣੀਆਂ।

(11). ਦੂਰ ਦਰਸ਼ਨ-ਦੂਰ ਦੇ ਕੌਤਕ ਵੇਖ ਲੈਣੇ।

(12). ਮਨੋਵੇਗ- ਮਨ ਦੀ ਰਫ਼ਤਾਰ ਵਾਙ ਚੱਲਣਾ।

(13). ਕਾਮ ਰੂਪ- ਇੱਛਾ ਅਨੁਸਾਰ ਸਰੀਰਕ ਬਣਤਰ ਬਣਾ ਲੈਣੀ।

(14). ਪਰ ਕਾਯ ਪ੍ਰਵੇਸ਼- ਦੂਸਰਿਆਂ ਦੇ ਸਰੀਰ ’ਚ ਵੜਨਾ।

(15). ਸ੍ਵਛੰਦ ਮ੍ਰਿਤਯੁ- ਜਦ ਚਾਹੇ, ਮਰ ਜਾਣਾ।

(16). ਸੁਰ ਕ੍ਰੀੜਾ- ਦੇਵਤਿਆਂ ਨਾਲ਼ ਮਿਲ ਕੇ ਭੋਗ-ਬਿਲਾਸ ਕਰਨਾ (ਰੰਗ-ਰਲੀਆਂ ਮਨਾਉਣੀਆਂ)।

(17). ਸੰਕਲਪ ਸਿੱਧੀ- ਜੋ ਸੋਚਿਆ, ਉਹ ਪ੍ਰਾਪਤ ਕਰ ਲੈਣਾ।

(18). ਅਪ੍ਰਤਿਹਤ ਗਤਿ- ਕਿਸੇ ਵੀ ਜਗ੍ਹਾ ਪਹੁੰਚਣ ’ਚ ਵਿਘਨ ਨਾ ਪੈਣਾ।)

‘‘ਸੰਜੋਗੁ, ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥’’-ਇਸ ਪੰਕਤੀ ’ਚ ਦਰਜ ‘ਸੰਜੋਗੁ, ਵਿਜੋਗੁ, ਕਾਰ, ਲੇਖੇ, ਭਾਗ’ ਆਦਿ ਸ਼ਬਦ ‘ਗੁਰਮਤਿ’ ਨਾਲ ਸਬੰਧਿਤ ਹਨ, ਨਾ ਕਿ ‘ਜੋਗ ਮੱਤ ਨਾਲ’ ਕਿਉਂਕਿ ਇਸ ਪਉੜੀ ਦੀ ਉਕਤ ਪੰਕਤੀ ਦੀ ਸਮਾਪਤੀ ਤੱਕ ‘ਜੋਗ ਮੱਤ’ ਨਾਲ ਸਬੰਧਿਤ ਸ਼ਬਦਾਂ ਦੀ ਟੇਕ ਲੈ ਕੇ ਸਮਝਾਉਣ ਵਾਲਾ ਵਿਸ਼ਾ ਸਮਾਪਤ ਹੋ ਚੁੱਕਾ ਹੈ ਅਤੇ ਜੋਗੀ ਆਪਣੀ ਵਿਚਾਰਧਾਰਾ ਅਨੁਸਾਰ ‘ਸੰਜੋਗੁ, ਵਿਜੋਗੁ, ਕਾਰ, ਲੇਖੇ, ਭਾਗ’ ਆਦਿ ’ਤੇ ਉੱਕਾ ਹੀ ਯਕੀਨ ਨਹੀਂ ਰੱਖਦੇ।

ਗੁਰਬਾਣੀ ’ਚ ਸਬੰਧਿਤ ਪੰਕਤੀ ਤੋਂ ਇਲਾਵਾ 6 ਵਾਰ ਹੋਰ ਦੋਵੇਂ (‘ਸੰਜੋਗੁ’ ਤੇ ‘ਵਿਜੋਗੁ’) ਜੁੜਤ ਸ਼ਬਦ ਮੌਜ਼ੂਦ ਹਨ, ਜਿਨ੍ਹਾਂ ਰਾਹੀਂ ਇਸ ਸ਼ਬਦ ਦੇ ਇਹ ਭਾਵਾਰਥ ਵੀ ਸਪੱਸ਼ਟ ਹੋ ਜਾਂਦੇ ਹਨ, ਕਿ ਇਹ ਵਿਸ਼ਾ ‘ਗੁਰਮਤਿ’ ਨਾਲ ਹੀ ਸਬੰਧਿਤ ਹੈ; ਜਿਵੇਂ:

‘‘ਸਾਹਾ ‘ਸੰਜੋਗੁ’ ਵੀਆਹੁ ‘ਵਿਜੋਗੁ’ ॥’’ (ਮ: ੧/੧੫੨) (‘ਸਾਹਾ’ ਦਾ ਅਰਥ ਹੈ: ‘ਸੁ’ (ਚੰਗਾ) ਤੇ ਅਹ (ਦਿਨ) ਸ਼ੁਭ ਦਿਨ ਹੋਵੇ ‘ਸੰਜੋਗੁ’ (ਭਾਵ ਸਤਸੰਗ ਦਾ ਮਿਲਾਪ) ਤੇ ‘ਵਿਆਹੁ’ (ਭਾਵ ਪ੍ਰਭੂ ਨਾਲ ਸਬੰਧ) ਹੋਵੇ ‘ਵਿਜੋਗੁ’ (ਭਾਵ ਸੰਸਾਰਕ ਪਦਾਰਥਾਂ ਵੱਲੋਂ ਉਪਰਾਮਤਾ, ਵਿਛੋੜਾ, ਤਿਆਗ।)

‘‘ਵਿਸਮਾਦੁ ‘ਸੰਜੋਗੁ’, ਵਿਸਮਾਦੁ ‘ਵਿਜੋਗੁ’ ॥’’ (ਮ: ੧/੪੬੪) (ਭਾਵ ਅਸਚਰਜ ਪੈਦਾ ਹੁੰਦਾ ਹੈ, ਜਦ ਰੱਬੀ ਮਿਲਾਪ ਤੇ ਮਾਇਆ ਦਾ ਤਿਆਗ ਹੋਵੇ।)

‘‘ਸੰਜੋਗੁ ਵਿਜੋਗੁ ਉਪਾਇਓਨੁ ; ਸ੍ਰਿਸਟੀ ਕਾ ਮੂਲੁ ਰਚਾਇਆ ॥’’ (ਮ: ੩/੫੦੯) (ਭਾਵ ਦੁਨਿਆਵੀ ਪਰਵਾਰਿਕ ਸਬੰਧ ਤੇ ਪਰਵਾਰਿਕ ਵਿਛੋੜਾ ਉਸ ਮਾਲਕ ਨੇ ਬਣਾਇਆ ਹੈ ਤੇ ਇਹੀ ਜਗਤ ਰਚਨਾ ਦਾ ਆਧਾਰ ਬਣ ਗਿਆ।)

‘‘ਸੰਜੋਗੁ ਵਿਜੋਗੁ; ਧੁਰਹੁ (ਰੱਬੀ ਨਿਯਮ ਅਨੁਸਾਰ ‘ਧੂਰੋਂ’) ਹੀ ਹੂਆ ॥’’ (ਮ: ੫/੧੦੦੭)

‘‘ਸੰਜੋਗੁ ਵਿਜੋਗੁ; ਮੇਰੈ ਪ੍ਰਭਿ (ਨੇ) ਕੀਏ ॥’’ (ਮ: ੧/੧੦੩੨)

‘‘ਸੰਜੋਗੁ ਵਿਜੋਗੁ ਕਰਤੈ (ਨੇ) ਲਿਖਿ (ਕੇ) ਪਾਏ; (ਹੁਣ ਇਹ ਰੱਬੀ) ਕਿਰਤੁ ਨ ਚਲੈ ਚਲਾਹਾ ਹੇ ॥’’ (ਮ: ੩/੧੦੫੮)

ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ॥

ਭਾਗ- (ਪਰਵਾਰਿਕ ਜਾਂ ਰੱਬੀ) ਸਬੰਧ ਤੇ (ਪਰਵਾਰਿਕ ਜਾਂ ਰੱਬੀ) ਵਿਛੋੜਾ, ਇਹ ਦੋਵੇਂ (ਜਗਤ ਦਾ) ਕਾਰ ਵਿਹਾਰ ਚਲਾਉਂਦੇ ਹਨ, (ਜੀਵਾਂ ਦੀ ਕਿਰਤ ਜਾਂ ਨਸੀਬ ਭਾਵ) ‘ਲੇਖੇ’ ਅਨੁਸਾਰ (ਅਗਲੇ) ਨਸੀਬ (‘ਭਾਗ’, ਆਪਣੇ ਹਿੱਸੇ) ਆਉਂਦੇ ਹਨ (ਭਾਵ ਰੱਬੀ ਮਿਲਾਪ ਜਾਂ ਜੂਨ ਭਾਵ ਕੋਈ ਪਰਵਾਰਿਕ ਸਬੰਧ ਬਣਦਾ ਹੈ)।

ਸੋ, ‘‘ਸੰਜੋਗੁ, ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥’’ ਭਾਵ (ਹੇ ਜੋਗੀ ! ਪਰਵਾਰਿਕ) ਮਿਲਾਪ ਤੇ ਪਰਵਾਰਿਕ ਵਿਛੋੜਾ ਰੂਪ ਦੋਵੇਂ (ਨਿਯਮ, ਅਸੂਲ ਹੀ ਜਗਤ ਰਚਨਾ ਰੂਪ) ਕਿਰਿਆ ਨੂੰ ਚਲਾਉਂਦੇ ਹਨ, (ਜਿਸ ਕਿਰਿਆ ਵਿੱਚ ਰੱਬੀ ਦਰਗਾਹੋਂ) ਲਿਖੇ ਅਨੁਸਾਰ ਨਸੀਬ ਮਿਲਦੇ ਹਨ (ਭਾਵ ਸਾਡੇ ਹਿੱਸੇ) ਭਾਗ ਆਉਂਦੇ ਹਨ।

‘‘ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’-ਇਸ ਪੰਕਤੀ ਦੀ ਸ਼ਬਦ ਵੀਚਾਰ ਪਿਛਲੀ ਪਉੜੀ ’ਚ ਹੋ ਚੁੱਕੀ ਹੈ, ਕੇਵਲ ਇੱਥੇ ਅਖਰੀਂ ਅਰਥ ਹੀ ਕੀਤੇ ਜਾ ਰਹੇ ਹਨ।

ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥੨੯॥

ਭਾਗ- ਉਸ (ਨਾਥ-ਖ਼ਸਮ) ਨੂੰ ਨਮਸਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ (ਜੜ੍ਹ/ਮੂਲ) ਹੈ, ਦਾਗ਼ ਰਹਿਤ (ਉੱਜਲ) ਹੈ, ਉਹ ਆਪ ਮੁੱਢ (ਸੀਮਾ) ਰਹਿਤ ਅਬਿਨਾਸ਼ੀ ਹੈ ਤੇ ਆਦਿ ਕਾਲ (ਯੁਗਾ-ਯੁਗਾਂਤਰ) ਤੋਂ ਇੱਕ ਸਮਾਨ ਹਸਤੀ ਵਾਲ਼ਾ (ਸਤਿ ਸਰੂਪ) ਹੈ।