ਜਪੁ ਪਉੜੀ 25 ਤੋਂ 33
ਬਹੁਤਾ ਕਰਮੁ, ਲਿਖਿਆ ਨਾ ਜਾਇ॥ ਵਡਾ ਦਾਤਾ, ਤਿਲੁ ਨ ਤਮਾਇ॥ ਉਚਾਰਨ : ਵੱਡਾ ।
(ਹਰ ਜੀਵ ਉੱਤੇ ਦਾਤਾਰ ਮਾਲਕ ਦਾ) ਅਪਾਰ ਪ੍ਰਸਾਦ (ਬੇਅੰਤ ਫ਼ਜ਼ਲ, ਮਿਹਰ ਹੈ, ਜੋ ਪੂਰਨ ਤੌਰ ’ਤੇ) ਲਿਖਿਆ ਨਹੀਂ ਜਾ ਸਕਦਾ। (ਅਣਮੰਗਿਆਂ ਦਿੱਤੀਆਂ ਜਾ ਰਹੀਆਂ ਇਨ੍ਹਾਂ ਦਾਤਾਂ ਬਦਲੇ ਉਸ ਨੂੰ) ਤਿਲ ਮਾਤਰ ਤਮਾ (ਲਾਲਚ) ਨਹੀਂ, ਇਸ ਲਈ ਉਹ ਵੱਡਾ ਦਾਤਾਰ ਅਖਵਾਉਂਦਾ ਹੈ (ਭਾਵ ਕੋਈ ਉਸ ਨੂੰ ਯਾਦ ਕਰੇ ਜਾਂ ਨਾ, ‘‘ਜੇ, ਸਭਿ ਮਿਲਿ ਕੈ, ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥’’ (ਜਪੁ) ਦਾਤ ਮਿਲਦੀ ਰਹਿਣੀ ਹੈ ਕਿਉਂਕਿ ਆਪਣੀ ਉਸਤਤ ਸੁਣਨ ਨਾਲ਼ੋਂ ਵੱਧ ਕੁਦਰਤ ਦਾ ਵਿਕਾਸ ਜ਼ਰੂਰੀ ਹੈ, ਜਿਸ ਨੂੰ ਗੁਰਮਤਿ ਰੱਬੀ ਖੇਡ ਬਿਆਨ ਕਰਦੀ ਹੈ ਤੇ ਇਹ ਖੇਡ ਨਿਰੰਤਰ ਖੇਲਣਾ ਉਸ ਦਾ ਮੁੱਢਲਾ ਫ਼ਰਜ਼ ਹੈ।)
ਕੇਤੇ ਮੰਗਹਿ, ਜੋਧ ਅਪਾਰ॥ ਕੇਤਿਆ, ਗਣਤ ਨਹੀਂ ਵੀਚਾਰੁ॥ ਕੇਤੇ, ਖਪਿ ਤੁਟਹਿ ਵੇਕਾਰ॥ ਉਚਾਰਨ : ਮੰਗਹਿਂ, ਕੇਤਿਆਂ, ਨਹੀਂ, ਤੁਟਹਿਂ।
ਕਿੰਨੇ ਯੋਧੇ (ਰਾਜੇ; ‘ਵਡਾ ਦਾਤਾ’ ਪਾਸੋਂ ਹੋਰ ਵਧੀਕ ਦਾਤਾਂ) ਮੰਗਦੇ ਰਹਿੰਦੇ ਹਨ, ਅਨੇਕਾਂ (ਹੋਰ ਮੰਗਤਿਆਂ) ਦੀ ਗਿਣਤੀ ਦਾ ਅੰਦਾਜ਼ਾ ਨਹੀਂ (ਪਰ ‘‘ਦਾਤਿ ਪਿਆਰੀ; ਵਿਸਰਿਆ ਦਾਤਾਰਾ ॥’’ (ਮਹਲਾ ੫, ਪੰਨਾ ੬੭੬) ਮਨੁੱਖਾ ਕਮਜ਼ੋਰੀ ਕਾਰਨ) ਕਿੰਨੇ ਹੀ ਵਿਕਾਰਾਂ (ਕੇਵਲ ਦਾਤ ਦੇ ਲਾਲਚ) ’ਚ ਖਪ-ਖਪ ਕੇ ਮਰ ਗਏ।
(ਨੋਟ : ਦਾਤ ਮਿਲਣ ਉਪਰੰਤ ਜੇ ਦਿਲੋਂ ਸ਼ੁਕਰਾਨਾ ਨਾ ਬੋਲਿਆ ਜਾਏ ਤਾਂ ਉਸ ਦਾ ਕਾਰਨ (1). ਉਹ ਦਾਤ ਅਣਮੰਗਿਆਂ ਮਿਲੀ ਸੀ। (2). ਦਾਤਾਰ ਦੀ ਸਮਝ ਨਹੀਂ, ਜਿਸ ਕਾਰਨ ਉਹ ਦਾਤ ਵਿਕਾਰ ਬਣ ਗਈ।)
ਕੇਤੇ, ਲੈ ਲੈ ਮੁਕਰਿ ਪਾਹਿ॥ ਕੇਤੇ ਮੂਰਖ, ਖਾਹੀ ਖਾਹਿ॥ ਉਚਾਰਨ : ਪਾਹਿਂ, ਖਾਹਿਂ।
ਕਿੰਨੇ ਲੋਕ (ਦਾਤਾਂ) ਲੈ-ਲੈ ਕੇ ਮੁਕਰ ਜਾਂਦੇ ਹਨ (ਭਾਵ ‘‘ਜਿਸ ਦਾ ਦਿਤਾ ਖਾਵਣਾ; ਤਿਸੁ ਕਹੀਐ ਸਾਬਾਸਿ ॥’’ ਮ: ੧, ਪੰਨਾ ੪੭੪) ਵਚਨ ਨਹੀਂ ਉਚਾਰਦੇ, ਅਜਿਹੇ) ਅਣਗਿਣਤ ਮੂਰਖ (ਜੋ ‘‘ਦੇਨਹਾਰੁ ਪ੍ਰਭ ਛੋਡਿ ਕੈ; ਲਾਗਹਿ ਆਨ ਸੁਆਇ (ਹੋਰ ਸੁਆਦ ’ਚ)॥’’ ਮਹਲਾ ੫, ਪੰਨਾ ੨੬੮) ਕੇਵਲ ਦਾਤਾਂ ਹੀ ਭੋਗਦੇ ਰਹਿੰਦੇ ਹਨ।
ਕੇਤਿਆ; ਦੂਖ ਭੂਖ ਸਦ ਮਾਰ॥ ਏਹਿ ਭਿ, ਦਾਤਿ ਤੇਰੀ; ਦਾਤਾਰ ! ॥ ਉਚਾਰਨ : ਕੇਤਿਆਂ, ਏਹ।
ਕਈਆਂ ਨੂੰ ਦੁੱਖ, ਭੁੱਖ (ਹੀ) ਸਦਾ ਮਾਰਦੀ ਹੈ (ਭਾਵੇਂ ਕਿ) ਹੇ ਦਾਤਾਰ ਮਾਲਕ ! (ਬਾਕੀ ਦਾਤਾਂ ਵਾਙ) ਇਹ ਵੀ ਤੇਰੀ ਹੀ ਇੱਕ ਦਾਤ ਹੈ (ਭਾਵ ਤੇਰੇ ਹੁਕਮ ’ਚ ਹੀ ‘ਦੂਖ ਭੂਖ’ ਮਿਲਦੇ ਹਨ, ‘‘ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥’’ ਜਪੁ)।
(ਨੋਟ : ਗੁਰਬਾਣੀ ’ਚ ‘‘ਦੁਖ ਭੰਜਨੁ ਤੇਰਾ ਨਾਮੁ ਜੀ; ਦੁਖ ਭੰਜਨੁ ਤੇਰਾ ਨਾਮੁ ॥’’ (ਮ: ੫, ਪੰਨਾ ੨੧੮) ਦਾ ਮਤਲਬ ਦੁੱਖ-ਤਕਲੀਫ਼ ਨੂੰ ਨਾ ਮਹਿਸੂਸ ਹੋਣ ਦੇਣਾ ਹੈ; ਜਿਵੇਂ ਕਿ ‘‘ਜੋ ਨਰੁ, ਦੁਖ ਮੈ; ਦੁਖੁ ਨਹੀ ਮਾਨੈ ॥’’ (ਮ: ੯, ਪੰਨਾ ੬੩੩) ਕਿਉਂਕਿ ਸਰੀਰਕ ਦੁੱਖ ਅਵੱਸ਼ ਆਉਣੇ ਹਨ, ‘‘ਨਾਨਕ ! ਬੋਲਣੁ ਝਖਣਾ; ਦੁਖ ਛਡਿ, ਮੰਗੀਅਹਿ ਸੁਖ ॥ (ਕਿਉਂਕਿ) ਸੁਖੁ ਦੁਖੁ ਦੁਇ, ਦਰਿ ਕਪੜੇ; ਪਹਿਰਹਿ ਜਾਇ ਮਨੁਖ ॥(ਇਸ ਲਈ) ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮ: ੧, ਪੰਨਾ ੧੪੯) ਪਰ ਅੱਜ ਸਰੀਰਕ ਕਸ਼ਟ ਰਹਿਤ ਜੀਵਨ ਜਿਊਣ ਲਈ ‘ਦੁੱਖ ਭੰਜਨੀ, ਸੁਖਮਨੀ, ਚੌਪਈ’ ਪਾਠ ਨੂੰ ਆਧਾਰ ਮੰਨਿਆ ਜਾਂਦਾ ਹੈ। ਅਜਿਹੀ ਸੋਚ ਡਰ ਕਾਰਨ ਕਿਸੇ ਸਮਾਜਿਕ ਸੰਘਰਸ਼ ’ਚ ਖੜ੍ਹੀ ਨਹੀਂ ਰਹਿ ਸਕਦੀ, ਜਦ ਕਿ ਗੁਰਬਾਣੀ ਮਨੁੱਖਾ ਜੀਵਨ ਨੂੰ ਜਗਤ ਖੇਡ ’ਚ ਸਾਹਸੀ ਜ਼ਿੰਦਗੀ ਵਜੋਂ ਤਿਆਰ ਕਰਨਾ ਚਾਹੁੰਦੀ ਹੈ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ (ਮ: ੧, ਪੰਨਾ ੧੪੧੨)
ਸੋ, ‘‘ਦੂਖ ਭੂਖ ਸਦ ਮਾਰ’’ ਦੀ ਜਣਨੀ ‘‘ਕੂੜੈ ਪਾਲਿ’ ਦਾ ਇਲਾਜ ‘‘ਹੁਕਮਿ ਰਜਾਈ ਚਲਣਾ.. ॥’’ ਨਾਲ਼ ਹੀ ਸੰਭਵ ਹੈ ਭਾਵ ਬੰਦੇ ਨੂੰ ਦੁੱਖ-ਸੁੱਖ ਆਉਣਗੇ ਇਨ੍ਹਾਂ ਤੋਂ ਬਚੇ ਨਾ ਬਲਕਿ ਇਨ੍ਹਾਂ ਨਾਲ਼ ਲੜਨ ਲਈ ਸਾਹਸ ਜੁਟਾਏ।)
ਬੰਦਿ ਖਲਾਸੀ; ਭਾਣੈ ਹੋਇ॥ ਹੋਰੁ; ਆਖਿ ਨ ਸਕੈ, ਕੋਇ॥
(ਦੂਖ ਭੂਖ ਸਦ ਮਾਰ॥) ਬੰਧਨ ਤੋਂ ਮੁਕਤੀ (ਰੱਬੀ) ਰਜ਼ਾ ’ਚ (ਚੱਲ ਰਿਹਾ ਹਾਂ, ਨੂੰ ਸਵੀਕਾਰਨ ਨਾਲ਼) ਹੁੰਦੀ ਹੈ। ਕੋਈ ਵੀ ਬੰਦਾ ਹੋਰ ਤਰੀਕਾ ਨਹੀਂ ਦੱਸ ਸਕਦਾ।
ਜੇ ਕੋ ਖਾਇਕੁ; ਆਖਣਿ ਪਾਇ॥ ਓਹੁ ਜਾਣੈ; ਜੇਤੀਆ ਮੁਹਿ ਖਾਇ॥ ਉਚਾਰਨ : ਓਹ, ਜੇਤੀਆਂ, ਮੁੰਹ।
ਅਗਰ ਕੋਈ ਮੂਰਖ (ਮੂੰਹ+ਰੱਖ ਭਾਵ ਹਰ ਰੱਬੀ ਦਾਤ ਬਦਲੇ ਆਪਣਾ ਮੂੰਹ ਸਮਾਜ ’ਚ ਰੱਖਣ ਵਾਲ਼ਾ, ਇਸ ਮਾਰ ਤੋਂ ਬਚਣ ਲਈ ਹੋਰ ਤਰੀਕਾ) ਦੱਸਣ ਦਾ ਯਤਨ ਕਰੇ (ਤਾਂ ਉਹ ਕਾਰਗਰ ਨਹੀਂ। ਮਿਸਾਲ ਵਜੋਂ ‘‘ਦੂਖ–ਭੂਖ ਸਦ ਮਾਰ’’ ਦੀਆਂ) ਜਿੰਨੀਆਂ ਚੋਟਾਂ (ਉਹ) ਆਪਣੇ ਮੂੰਹ ’ਤੇ ਸਹਾਰਦਾ ਹੈ ? (ਆਪਣੇ ਪਾਠਕਾਂ ਤੋਂ ਜ਼ਿਆਦਾ) ਉਹ ਆਪ ਹੀ ਜਾਣਦਾ ਹੈ (ਭਾਵ ਮਨਮਤੀ ਆਧਾਰ ਕਾਰਨ ਉਹ ਆਪਣੇ ਜੀਵਨ ਨੂੰ ਵਧੇਰੇ ਦੁਖਦਾਈ ਬਣਾਉਂਦਾ ਜਾਂਦਾ ਹੈ, ‘‘ਖਸਮੈ ਕਰੇ ਬਰਾਬਰੀ; ਫਿਰਿ ਗੈਰਤਿ (ਸ਼ਰਮਿੰਦਗੀ) ਅੰਦਰਿ ਪਾਇ ॥ ਵਜਹੁ (ਮੁਨਾਫ਼ਾ) ਗਵਾਏ ਅਗਲਾ (ਬਹੁਤਾ); ਮੁਹੇ ਮੁਹਿ ਪਾਣਾ ਖਾਇ ॥’’ ਮ: ੧, ਪੰਨਾ ੪੭੪)।
ਆਪੇ ਜਾਣੈ; ਆਪੇ ਦੇਇ॥ ਆਖਹਿ; ਸਿ ਭਿ, ਕੇਈ ਕੇਇ॥ ਉਚਾਰਨ : ਆਖਹਿਂ।
(ਜਗਤ ’ਚ) ਕਈ ਰੱਬੀ ਆਸ਼ਕ ਵੀ ਹਨ, (ਜੋ ਫ਼ਖ਼ਰ ਨਾਲ਼) ਇਹ ਵੀ ਆਖਦੇ ਹਨ ਕਿ (ਦਾਤਾਰ ਪਿਤਾ ਸਾਡੀ ਲੋੜ ਨੂੰ) ਆਪ ਹੀ ਜਾਣਦਾ ਹੈ ਤੇ ਉਸੇ ਅਨੁਸਾਰ ਆਪ ਹੀ ਦੇ ਦਿੰਦਾ ਹੈ (ਭਾਵ ਸਾਨੂੰ ਸਮਾਜਿਕ ਮੰਗ ਰੱਖਣ ਦੀ ਲੋੜ ਨਹੀਂ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ॥ ਹੁਰਮਤਿ (ਇੱਜ਼ਤ) ਤਿਸ ਨੋ ਅਗਲੀ (ਬਹੁਤੀ); ਓਹੁ ਵਜਹੁ ਭਿ ਦੂਣਾ ਖਾਇ ॥’’ ਮ: ੧, ਪੰਨਾ ੪੭੪)।
ਜਿਸ ਨੋ ਬਖਸੇ; ਸਿਫਤਿ ਸਾਲਾਹ॥ ਨਾਨਕ ! ਪਾਤਿਸਾਹੀ ਪਾਤਿਸਾਹੁ॥ ੨੫॥ ਉਚਾਰਨ : ਬਖ਼ਸ਼ੇ, ਪਾਤਿਸ਼ਾਹੀਂ, ਪਾਤਿਸ਼ਾਹ।
ਹੇ ਨਾਨਕ ! (ਸੰਸਾਰਕ ਦਾਤਾਂ ਤੋਂ ਇਲਾਵਾ) ਜਿਸ ਬੰਦੇ ਨੂੰ (ਰੱਬ, ਆਪਣੀ) ਹੋਂਦ ਦਾ ਅਹਿਸਾਸ ਕਰਵਾਉਂਦਾ ਹੈ (ਸ਼ਲਾਘਾ ਕਰਵਾਉਣ ਵਾਲ਼ੀ ਸਰਬੋਤਮ ਦਾਤ ਦੇਂਦਾ ਹੈ) ਉਹ ਦੁਨਿਆਵੀ ਪਾਤਿਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ (ਭਾਵ ਉਹ ‘‘ਆਪੇ ਜਾਣੈ; ਆਪੇ ਦੇਇ॥’’ ਬੋਲਣਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ‘‘ਦੂਖ–ਭੂਖ ਸਦ ਮਾਰ’’ ਨਹੀਂ ਪੈਂਦੀ)।
(ਨੋਟ : ਉਕਤ ੨੫ਵੀਂ ਪਉੜੀ ਦਾ ਸਾਰ : ਸਿਰਜਣਹਾਰ ਲੋੜ ਮੁਤਾਬਕ ਸਭ ਦਾਤਾਂ ਦਿੰਦਾ ਰਹਿੰਦਾ ਹੈ, ਇਸ ਬਾਰੇ ਚਿੰਤਤ ਹੋਣ ਦੀ ਲੋੜ ਨਹੀਂ। ਸ਼ੁਕਰਾਨਾ ਕਰਨ ਨਾਲ਼ ਜੀਵਨ ਸੁਖਦਾਈ ਬਣਿਆ ਰਹਿੰਦਾ ਹੈ। ਸਭ ਦਾਤਾਂ ’ਚੋਂ ਸਿਰਮੌਰ ਦਾਤ ਉਸ ਦੀ ਸਿਫ਼ਤ-ਸਲਾਹ ਕਰਵਾਉਣ ਵਾਲ਼ੀ ਦਾਤ ਹੈ, ਜਿਸ ਨੂੰ ਪ੍ਰਾਪਤ ਕਰ ਬੰਦਾ ਰੱਬੀ ਸੇਵਕ (ਦੁਨਿਆਵੀ ਬਾਦਸ਼ਾਹ) ਬਣ ਜਾਂਦਾ ਹੈ।
ਇਸ ਪਉੜੀ ’ਚ ਜੋ ਜੀਵਾਂ ਲਈ ਦਾਤ ਹੈ, ਅਗਲੀ ੨੬ਵੀਂ ਪਉੜੀ ’ਚ ਉਹ ਮਾਲਕ ਦਾ ਸੁਭਾਅ ਹੈ, ਗੁਣ ਹਨ।)
ਅਮੁਲ ਗੁਣ, ਅਮੁਲ ਵਾਪਾਰ॥ ਅਮੁਲ ਵਾਪਾਰੀਏ, ਅਮੁਲ ਭੰਡਾਰ॥ ਉਚਾਰਨ : ਅ+ਮੁਲ।
(ਮਾਲਕ ਦੇ) ਗੁਣ ਬਹੁ ਕੀਮਤੀ ਹਨ (ਜੋ ‘‘ਕੰਚਨ ਸਿਉ (ਸੋਨੇ ਨਾਲ਼); ਪਾਈਐ ਨਹੀਂ ਤੋਲਿ (ਕੇ) ॥’’ ਭਗਤ ਕਬੀਰ, ਪੰਨਾ ੩੨੭), ਬਹੁਮੁੱਲੇ ਗੁਣਾਂ ਦਾ) ਵਣਜ-ਵਪਾਰ (ਬਾਕੀ ਵਪਾਰ ਦੇ ਮੁਕਾਬਲੇ) ਬਹੁ ਕੀਮਤੀ (ਲਾਭਕਾਰੀ) ਹੈ, ਇਹ ਵਪਾਰੀ ਅਮੋਲਕ ਕਿਰਦਾਰ ਵਾਲ਼ੇ ਹੁੰਦੇ ਹਨ (ਭਾਵ ਵਿਕਾਉ ਨਹੀਂ ਕਿਉਂਕਿ ਉਨ੍ਹਾਂ ਪਾਸ) ਕੀਮਤੀ ਖ਼ਜ਼ਾਨੇ (ਮਤਿ ਵਿਚਿ; ਰਤਨ ਜਵਾਹਰ ਮਾਣਿਕ..॥) ਪ੍ਰਤੱਖ ਦਿਸਦੇ ਹਨ।
ਅਮੁਲ ਆਵਹਿ, ਅਮੁਲ ਲੈ ਜਾਹਿ॥ ਅਮੁਲ ਭਾਇ, ਅਮੁਲਾ ਸਮਾਹਿ॥ ਉਚਾਰਨ : ਅ+ਮੁਲ, ਆਵਹਿਂ, ਜਾਹਿਂ, ਸਮਾਹਿਂ।
(ਇਨ੍ਹਾਂ) ਕੀਮਤੀ (ਗੁਣਾਂ ਦੇ ਵਪਾਰੀ, ਸੰਸਾਰ ’ਚ) ਆਉਂਦੇ ਹਨ ਤੇ ਬਹੁਮੁੱਲਾ ਵਪਾਰ (ਇਕੱਠਾ ਕਰ) ਲੈ ਜਾਂਦੇ ਹਨ। ਅਮੋਲਕ ਪ੍ਰੇਮ ਕਾਰਨ ਅਮੋਲਕ ਗੁਣਾਂ ਦੇ ਸਰੋਤ (‘‘ਭਾਖਿਆ ਭਾਉ ਅਪਾਰੁ ॥’’ ਦੇ ਮਾਲਕ) ’ਚ ਲੀਨ ਹੋ ਜਾਂਦੇ ਹਨ (ਜਿਵੇਂ ਨਦੀਆਂ ਤੇ ਨਾਲੇ; ਪਾਣੀ ਦੋ ਸਰੋਤ (ਸਮੁੰਦਰ) ’ਚ ਅਭੇਦ ਹੋ ਜਾਂਦੇ ਹਨ, ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ.. ॥’’ ਜਪੁ)।
(ਨੋਟ: ਉਕਤ ਦੋਵੇਂ ਤੁਕਾਂ ’ਚ 8 ਵਾਰ ਆਇਆ ‘ਅਮੁਲ’ (ਅੰਤ ਮੁਕਤ) ਬਹੁ ਵਚਨ ਵਿਸ਼ੇਸ਼ਣ ਹੈ ਪਰ ਅਗਾਂਹ 9 ਵਾਰ ‘ਅਮੁਲੁ’ (ਅੰਤ ਔਂਕੜ) ਇੱਕ ਵਚਨ ਹੈ। ਅਜਿਹੀ ਬਦਲਵੀਂ ਬਣਤਰ ਦਾ ਕਾਰਨ ਇਨ੍ਹਾਂ ਨਾਲ਼ ਦਰਜ ਬਹੁ ਵਚਨ ਨਾਂਵ (ਅਮੁਲ ‘ਗੁਣ’) ਜਾਂ ਇੱਕ ਵਚਨ ਨਾਂਵ (ਅਮੁਲੁ ‘ਧਰਮੁ’) ਅਤੇ ਬਹੁ ਵਚਨ ਕਿਰਿਆ (ਅਮੁਲ ‘ਆਵਹਿ’) ਦਾ ਹੋਣਾ ਹੁੰਦਾ ਹੈ।)
ਅਮੁਲੁ ਧਰਮੁ, ਅਮੁਲੁ ਦੀਬਾਣੁ॥ ਅਮੁਲੁ ਤੁਲੁ, ਅਮੁਲੁ ਪਰਵਾਣੁ॥ ਉਚਾਰਨ : ਅਮੁੱਲ।
(ਰੱਬੀ) ਨਿਯਮ-ਕਨੂੰਨ ਵਿਕਦਾ ਨਹੀਂ (ਕਿਉਂਕਿ) ਰੱਬੀ ਕਚਹਿਰੀ ਅਮੋਲਕ ਹੈ, ਜਿੱਥੇ ਬਹੁਮੁੱਲੀ ਤਰਾਜ਼ੂ (ਕਿਰਦਾਰ ਦੀ ਪਰਖ-ਕਸੌਟੀ) ਤੇ ਅਮੁੱਲ ਵੱਟਾ (ਜੱਜ/ਨਿਆਂਧੀਸ਼) ਹੈ (ਭਾਵ ਜੋ ਹੱਥ ਕਰੇਗਾ ਓਹੀ ਭਰੇਗਾ, ਦੋਸ਼ੀ ਬਦਲੇ ਨਿਰਦੋਸ਼ ਸਜ਼ਾ ਨਹੀਂ ਭੁਗਤਦਾ, ‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ, ਕਿਸੈ ਥਾਇ ॥’’ ਮਹਲਾ ੫, ਪੰਨਾ ੪੦੬)।
ਅਮੁਲ ਬਖਸੀਸ, ਅਮੁਲੁ ਨੀਸਾਣੁ॥ ਅਮੁਲੁ ਕਰਮੁ, ਅਮੁਲੁ ਫੁਰਮਾਣੁ॥ ਉਚਾਰਨ : ਅਮੁੱਲ, ਬਖ਼ਸ਼ੀਸ਼, ਨੀਸ਼ਾਣ, ਫ਼ੁਰਮਾਣ।
(ਰੱਬੀ) ਮਿਹਰ (ਦਾਤ) ਮੁੱਲ ਨਹੀਂ ਖ਼ਰੀਦੀ ਜਾ ਸਕਦੀ, ਇਸ ਦੀ ਛਾਪ ਅਮਿੱਟ ਹੈ (ਕਿਉਂਕਿ) ਅਮੋਲਕ ਪ੍ਰਸਾਦ (ਫ਼ਜ਼ਲ, ਬਖ਼ਸ਼ਸ਼) ਕਰਨ ਵਾਲ਼ਾ (ਰੱਬੀ) ਹੁਕਮ ਅਮੋੜ ਹੈ (ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥ ਸੋ ਦਰੁ, ਮ: ੧, ਪੰਨਾ ੧੩)।
ਅਮੁਲੋ ਅਮੁਲੁ, ਆਖਿਆ ਨ ਜਾਇ॥ ਆਖਿ ਆਖਿ ਰਹੇ, ਲਿਵ ਲਾਇ॥ ਉਚਾਰਨ : ਅਮੁੱਲੋ ਅਮੁੱਲ।
(ਉਕਤ ਵੇਰਵਿਆਂ ਤੋਂ ਇਲਾਵਾ ਰੱਬੀ ਖ਼ਜ਼ਾਨੇ ’ਚ ਹੋਰ ਵੀ ਬੜਾ ਕੁੱਝ) ਅਮੋਲਕ ਹੀ ਅਮੋਲਕ ਹੈ (ਜਿਸ ਬਾਰੇ ਬਹੁਤਾ) ਅਨੁਮਾਨ ਲਗਾਉਣਾ ਅਸੰਭਵ ਹੈ। ਇਕਾਗਰਤਾ ਲਾ ਕੇ (ਭਗਤ, ਇਹ ਗੁਣ) ਬਿਆਨ ਕਰ-ਕਰ ਕੇ ਹਟ ਗਏ (ਭਾਵ ਗਿਣਤੀ ਕਰਨੀ ਛੱਡ ਦਿੱਤੀ)।
ਆਖਹਿ; ਵੇਦ ਪਾਠ ਪੁਰਾਣ॥ ਆਖਹਿ ਪੜੇ, ਕਰਹਿ ਵਖਿਆਣ॥ ਉਚਾਰਨ : ਆਖਹਿਂ, ਪੜ੍ਹੇ, ਕਰਹਿਂ।
(ਇਹ ਵਿਚਾਰ) 4 ਵੇਦ, 18 ਪੁਰਾਣਾਂ ਦੇ ਪਾਠ (ਅਧਿਆਇ) ਵੀ ਆਖਦੇ ਹਨ; ਪੜ੍ਹੇ ਲਿਖੇ ਵਿਦਵਾਨ ਵਰਣਨ ਕਰਦੇ ਹਨ, ਆਖਦੇ ਹਨ।
ਆਖਹਿ ਬਰਮੇ, ਆਖਹਿ ਇੰਦ॥ ਆਖਹਿ ਗੋਪੀ ਤੈ ਗੋਵਿੰਦ॥ ਉਚਾਰਨ : ਆਖਹਿਂ, ਬਰ੍ਹਮੇ।
ਕਈ ਬ੍ਰਹਮੇ, ਕਈ ਇੰਦਰ, ਅਨੇਕਾਂ ਗੋਪੀਆਂ ਅਤੇ ਕਈ ਕ੍ਰਿਸ਼ਨ (ਇਤਿਆਦਿਕ ਵੀ) ਆਖਦੇ ਹਨ।
ਆਖਹਿ ਈਸਰ, ਆਖਹਿ ਸਿਧ॥ ਆਖਹਿ ਕੇਤੇ, ਕੀਤੇ ਬੁਧ॥ ਉਚਾਰਨ : ਆਖਹਿਂ, ਈਸ਼ਰ।
(ਕਰਤਾਰ ਦੁਆਰਾ) ਬਣਾਏ ਗਏ ਕਿੰਨੇ ਹੀ ਬੋਧੀ, ਕਿੰਨੇ ਸ਼ਿਵ, ਕਿੰਨੇ ਸਿੱਧ-ਯੋਗੀ (ਆਦਿ) ਆਖਦੇ ਹਨ।
ਆਖਹਿ ਦਾਨਵ, ਆਖਹਿ ਦੇਵ॥ ਆਖਹਿ ਸੁਰਿ–ਨਰ, ਮੁਨਿ ਜਨ ਸੇਵ॥ ਉਚਾਰਨ : ਆਖਹਿਂ।
ਬੇਅੰਤ ਰਾਖਸ਼ (ਦੈਂਤ), ਦੇਵਤੇ, ਸ੍ਰੇਸ਼ਟ ਮਨੁੱਖ, ਰਿਸ਼ੀ ਮੁਨੀ, ਭਗਤ ਜਨ (ਆਦਿ ਵੀ ਇਹ ਵਿਚਾਰ) ਆਖਦੇ ਹਨ।
ਕੇਤੇ ਆਖਹਿ, ਆਖਣਿ ਪਾਹਿ॥ ਕੇਤੇ ਕਹਿ ਕਹਿ, ਉਠਿ ਉਠਿ ਜਾਹਿ॥ ਉਚਾਰਨ : ਆਖਹਿਂ, ਪਾਹਿਂ, ਜਾਹਿਂ।
(ਉਕਤ ਹਵਾਲਿਆਂ ਤੋਂ ਇਲਾਵਾ ਰੱਬੀ ਗੁਣਾਂ ਬਾਰੇ) ਕਿੰਨੇ (ਹੁਣ) ਆਖਦੇ ਹਨ ? ਕਿੰਨੇ ਆਖਣ ’ਚ ਚਾਹਵਾਨ ਹਨ (ਭਾਵ ਅਜੇ ਸਚਾਈ ਨੂੰ ਸਮਝਣ ਵੱਲ ਵਧ ਰਹੇ ਹਨ) ਤੇ ਕਿੰਨੇ ਆਖ ਆਖ ਕੇ (ਸੰਸਾਰ ਤੋਂ) ਚਲੇ ਜਾਂਦੇ ਹਨ।
ਏਤੇ ਕੀਤੇ, ਹੋਰਿ ਕਰੇਹਿ॥ ਤਾ, ਆਖਿ ਨ ਸਕਹਿ; ਕੇਈ ਕੇਇ॥ ਉਚਾਰਨ : ਕਰੇਹਿਂ, ਤਾਂ, ਸਕਹਿਂ।
(ਪਰ ਹੇ ਦਾਤਾਰ ਮਾਲਕ ! ਤੈਂ ਆਪਣੇ ਭਗਤ ਹੁਣ ਤੱਕ) ਇੰਨੇ ਪੈਦਾ ਕੀਤੇ ਸਨ ਤੇ ਇੰਨੇ (ਹੀ ਅਗਾਂਹ) ਹੋਰ ਪੈਦਾ ਕਰ ਦੇਵੇਂ ਤਾਂ ਵੀ (ਤੇਰੇ ਸਮੂਹ ਗੁਣਾਂ ਨੂੰ) ਕਈ-ਕਈ ਮਿਲ ਕੇ ਵੀ ਨਹੀਂ ਆਖ ਸਕਦੇ (ਕਿਉਂਕਿ)।
ਜੇਵਡੁ ਭਾਵੈ, ਤੇਵਡੁ ਹੋਇ॥ ਨਾਨਕ ! ਜਾਣੈ ਸਾਚਾ ਸੋਇ॥
ਹੇ ਨਾਨਕ ! (ਅਕਾਲ ਪੁਰਖ ਨੂੰ) ਜਿੰਨਾ ਵੱਡਾ (ਆਰਜ਼ੀ) ਵਿਸਥਾਰ (ਕੁਦਰਤ) ਪਸੰਦ ਹੈ, ਓਨਾ ਵੱਡਾ ਹੋ ਜਾਂਦਾ ਹੈ (ਆਪਣੇ ਸਾਰੇ ਗੁਣਾਂ ਨੂੰ ਕੇਵਲ) ਉਹ ਸਦੀਵੀ ਹੋਂਦ ਵਾਲ਼ਾ, ਆਪ ਹੀ ਜਾਣਦਾ ਹੈ।
ਜੇ, ਕੋ ਆਖੈ ਬੋਲੁਵਿਗਾੜੁ॥ ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ॥ ੨੬॥ ਉਚਾਰਨ : ਤਾਂ, ਗਾਵਾਰਾਂ।
ਅਗਰ ਕੋਈ ਬੜਬੋਲਾ (ਹੋਛਾ, ਸਮੂਹ ਰੱਬੀ ਜਾਣਕਾਰੀ ਦਾ ਦਾਹਵਾ) ਕਰਦਾ ਹੈ ਤਾਂ ਉਸ ਨੂੰ ਮੂਰਖਾਂ ਤੋਂ ਵੀ ਵੱਡਾ ਮੂਰਖ ਲਿਖਣਾ/ਮੰਨਣਾ ਚਾਹੀਦਾ ਹੈ (ਕਿਉਂਕਿ ‘‘ਪਿਤਾ ਕਾ ਜਨਮੁ, ਕਿ ਜਾਨੈ ਪੂਤੁ ? ॥’’ ਮਹਲਾ ੫, ਪੰਨਾ ੨੮੪)
(ਨੋਟ : ਉਕਤ ੨੬ਵੀਂ ਪਉੜੀ ਦਾ ਸਾਰ : ਰੱਬੀ ਸੁਭਾਅ, ਜਿਸ ਵਿੱਚ ਉਸ ਦੇ ਗੁਣ, ਉਸ ਦਾ ਇਨਸਾਫ਼, ਉਸ ਦਾ ਹੁਕਮ ਹੈ; ਜੀਵਾਂ ਲਈ ਹਿਤਕਾਰੀ ਹੈ। ਪਦਾਰਥਾਂ ਬਦਲੇ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਮਰਿਆਦਾ ਦਾ ਪਾਲਣ ਕਰਨ ਅਣਗਿਣਤ ਭਗਤ ਸਮਾਜ ’ਚ ਆਉਂਦੇ ਹਨ। ਆਦਰਸ਼ਮਈ ਜੀਵਨ ਬਣਾ ਇੱਥੋਂ ਇੱਜ਼ਤ-ਮਾਣ ਨਾਲ਼ ਜਾਂਦੇ ਹਨ, ਇਹ ਸਚਾਈ ਹਰ ਧਰਮ ਦੇ ਅਨੁਯਾਈ ਕਹਿੰਦੇ ਹਨ।)
ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ॥ ਉਚਾਰਨ : ਸੰਮ੍ਹਾਲੇਂ।
(ਹੇ ਨਿਰਾਕਾਰ ਦਾਤਾਰ ਮਾਲਕ ! ਤੇਰਾ) ਉਹ ਨਿਵਾਸ ਦੁਆਰ ਅਤੇ ਨਿਵਾਸ ਸਥਾਨ ਕਿਹੋ ਜਿਹਾ (ਅਦਭੁਤ, ਅਲੌਕਿਕ) ਹੈ ! ਜਿਸ ਵਿੱਚ ਬੈਠ ਕੇ ਤੂੰ (ਸਭ ਜੀਵਾਂ ਦੀ) ਸੰਭਾਲ਼ (ਦੇਖ-ਭਾਲ਼, ਪਰਵਰਿਸ਼) ਕਰਦਾ ਹੈਂ !
ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ॥ ਉਚਾਰਨ : ਅਸੰਖਾਂ।
(‘‘ਸੋ ਦਰੁ, ਸੋ ਘਰੁ’’ ਦੀ ਵਿਆਖਿਆ: ਉਸ ਅਦਭੁਤ ਦਰ-ਘਰ ’ਚ) ਅਣਗਿਣਤ ਕਿਸਮ ਦੇ ਅਨੰਦਮਈ ਸੰਗੀਤ-ਧੁਨਿ ਵੱਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਜਾਉਣ ਵਾਲ਼ੇ (ਅਨੁਭਵੀ) ਭਗਤ-ਜਨ ਬੇਅੰਤ ਹਨ (ਭਾਵ ਸਰਬ ਵਿਆਪਕ ਅਕਾਲ ਪੁਰਖ ਨਾਲ਼ ਅਭੇਦ ਹੋਏ ਕਿੰਨੇ ਭਗਤ-ਜਨ ਸੰਗੀਤਮਈ ਧੁਨੀ ਦੇ ਪ੍ਰਭਾਵ ਵਾਙ ਮਸਤੀ ’ਚ ਹਨ)।
ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ॥ ਉਚਾਰਨ : ਸਿਉਂ, ਕਹੀਅਨ੍।
ਰਾਗਣੀਆਂ ਸਮੇਤ ਕਿੰਨੇ ਰਾਗ ਦੱਸੇ ਜਾਂਦੇ ਹਨ, (ਜਿਨ੍ਹਾਂ ਰਾਹੀਂ, ਰੱਬੀ ਗੁਣ) ਗਾਉਣ ਵਾਲ਼ੇ ਕਿੰਨੇ ਸੇਵਕ ਹਨ।
ਗਾਵਹਿ ਤੁਹ ਨੋ, ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ॥ ਉਚਾਰਨ : ਗਾਵਹਿਂ।
ਹਵਾ, ਪਾਣੀ, ਅੱਗ ਆਦਿਕ ਤੱਤ ਤੈਨੂੰ ਗਾਉਂਦੇ ਹਨ (ਭਾਵ ਤੇਰੇ ਨਿਯਮ ’ਚ ਚੱਲ ਰਹੇ ਹਨ) ਤੇਰੇ ਬੂਹੇ ’ਤੇ (ਆਗਿਆਕਾਰ ਬਣ ਕੇ ਖੜ੍ਹੋਤਾ) ਧਰਮਰਾਜ ਵੀ ਤੈਨੂੰ ਗਾਉਂਦਾ ਹੈ।
ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ, ਧਰਮੁ ਵੀਚਾਰੇ॥ ਉਚਾਰਨ : ਗਾਵਹਿਂ, ਜਾਣਹਿਂ।
ਚਿਤ੍ਰ ਗੁਪਤ (ਜੋ, ਜੀਵਾਂ ਦੁਆਰਾ ਕੀਤੇ ਜਾਂਦੇ ਕਰਮ) ਲਿਖਣਾ ਜਾਣਦੇ (ਮੰਨੇ ਗਏ) ਹਨ, ਉਹ ਵੀ ਤੈਨੂੰ ਗਾਉਂਦੇ ਹਨ, ਜਿਨ੍ਹਾਂ ਦੁਆਰਾ ਲਿਖ-ਲਿਖ ਕੇ (ਸੰਭਾਲ਼ਿਆ ਗਿਆ ਰਿਕਾਰਡ) ਧਰਮਰਾਜ ਵਿਚਾਰਦਾ (ਮੰਨਿਆ ਜਾਂਦਾ) ਹੈ।
ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇ॥ ਉਚਾਰਨ : ਗਾਵਹਿਂ, ਈਸ਼ਰ, ਬਰ੍ਹਮਾ।
ਸ਼ਿਵ, ਬ੍ਰਹਮਾ, ਦੇਵੀਆਂ ਆਦਿ ਵੀ ਤੈਨੂੰ ਗਾਉਂਦੇ ਹਨ, ਜੋ ਤੇਰੇ ਦੁਆਰਾ ਪ੍ਰਭਾਵਸ਼ਾਲੀ ਬਣਾਏ ਸਦਾ ਸ਼ੋਭਦੇ ਹਨ (ਭਾਵ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩, ਪੰਨਾ ੪੨੩) ਸੋਚ ਵੀ ਤੇਰੇ ਦੁਆਰਾ ਦਿੱਤੀ ਪ੍ਰੇਰਨਾ ਹੈ)।
(ਨੋਟ : ਗੁਰਬਾਣੀ ਲਿਖਤ ’ਚ ਕਿਰਿਆਵਾਚੀ ਸ਼ਬਦ, ਜੋ ਅੰਤ ‘ਨਿ’ ਹੋਣ, ਉਹ ਅਨ੍ਯ ਪੁਰਖ ਬਹੁ ਵਚਨ ਹੁੰਦੇ ਹਨ; ਜਿਵੇਂ ਕਿ ‘‘ਸੋਹਨਿ ਸਦਾ ਸਵਾਰੇ॥’’ ’ਚ ‘ਸੋਹਨਿ’ ਦਾ ਅਰਥ ਹੈ : ‘ਸ਼ੋਭਦੇ ਹਨ’, ‘ਗਾਵਨਿ’ ਦਾ ਅਰਥ ਹੈ : ‘ਗਾਉਂਦੇ ਹਨ’, ਪਰ ਅੰਤ ‘ਣਿ’ ਵਾਲ਼ੇ ਸ਼ਬਦ ਕਿਰਿਆਵਾਚੀ ਨਹੀਂ, ਕਿਰਦੰਤ ਹੁੰਦੇ ਹਨ ਤੇ ਇਨ੍ਹਾਂ ’ਤੇ ਸਾਰੇ ਨਿਯਮ ‘ਨਾਂਵ’ ਸ਼ਬਦਾਂ ਵਾਲ਼ੇ ਹੀ ਲਾਗੂ ਹੁੰਦੇ ਹਨ; ਜਿਵੇਂ ਕਿ ‘ਮਨਿ’ (ਨਾਂਵ) ਦਾ ਅਰਥ ਹੈ : ‘ਮਨ ਵਿੱਚ’, ਇਸੇ ਤਰ੍ਹਾਂ ਕਿਰਦੰਤ ‘ਆਖਣਿ, ਮੰਗਣਿ, ਦੇਣਿ, ਜੀਵਣਿ, ਮਰਣਿ’ ਦੇ ਤਰਤੀਬਵਾਰ ਅਰਥ ਹਨ : ‘ਆਖਣ ਵਿੱਚ, ਮੰਗਣ ’ਚ, ਦੇਣ ’ਚ, ਜੀਵਣ ਵਿੱਚ, ਮਰਨ ’ਚ’। ਵਧੇਰੇ ਜਾਣਕਾਰੀ ਲਈ ਅਗਾਂਹ ੩੩ਵੀਂ ਪਉੜੀ ’ਚ ਕੀਤੇ ਜਾਣ ਵਾਲ਼ੇ ਅਰਥ ਵੇਖੇ ਜਾ ਸਕਦੇ ਹਨ।)
ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ, ਦਰਿ ਨਾਲੇ॥ ਉਚਾਰਨ : ਗਾਵਹਿਂ, ਇੰਦਾਸਣ, ਦੇਵਤਿਆਂ।
(ਤੇਰੇ ਅਦਭੁਤ) ਦਰ ਤੋਂ (ਮਿਲੀ ਪ੍ਰੇਰਨਾ ਨਾਲ਼) ਦੇਵਤਿਆਂ ਸਮੇਤ ਅਨੇਕਾਂ ਇੰਦ੍ਰ, ਆਪਣੇ ਸਿੰਘਾਸਣ ਉੱਤੇ ਬੈਠੇ, ਤੈਨੂੰ ਗਾਉਂਦੇ ਹਨ।
(ਨੋਟ : ਉਕਤ ਕਾਲਪਨਿਕ ਦੇਵਤੇ, ਜਿਨ੍ਹਾਂ ਨੂੰ ਰੱਬੀ ਗੁਣ ਗਾਉਂਦੇ ਵਿਖਾਇਆ ਗਿਆ ਹੈ, ਦੀ ਮਿਸਾਲ ਦੇਣ ਦਾ ਮਕਸਦ ਇਨ੍ਹਾਂ ਤੋਂ ਪ੍ਰਭਾਵਤ ਸਮਾਜ ਨੂੰ ਅਸਲ ਮਾਲਕ (ਰੱਬ) ਦੀ ਵਿਸ਼ਾਲਤਾ ਨਾਲ਼ ਜੋੜਨਾ ਹੈ, ਨਾ ਕਿ ਇਹ ਦੇਵਤੇ ਵਾਕਿਆ ਈ ਰੱਬੀ ਗੁਣ ਗਾਉਂਦੇ ਹਨ। ਇਨ੍ਹਾਂ ਦੇ ਪੈਰੋਕਾਰਾਂ ਮੁਤਾਬਕ ਇਹ ਰੱਬ ਹਨ ਫਿਰ ਇਹ ਕਿਸ ਨੂੰ ਗਾਉਣਗੇ ? ਗੁਰਮਤਿ ਵੀ ਇਨ੍ਹਾਂ ਨੂੰ ਕੋਈ ਖ਼ਾਸ ਮਹੱਤਵ ਨਹੀਂ ਦਿੰਦੀ; ਜਿਵੇਂ ਕਿ ‘‘ਇੰਦ੍ਰ ਇੰਦ੍ਰਾਸਣਿ ਬੈਠੇ, ਜਮ ਕਾ ਭਉ ਪਾਵਹਿ॥’’ (ਮਹਲਾ ੩, ਪੰਨਾ ੧੦੪੯) ਭਾਵ ਅਖੌਤੀ ਸਵਰਗ ’ਚ ਵੀ ਸ਼ਾਂਤੀ ਨਹੀਂ, ‘‘ਦੇਵੀ, ਦੇਵਾ; ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ॥’’ (ਮਹਲਾ ੩, ਪੰਨਾ ੧੨੯) ਭਾਵ ਮਾਇਆਵੀ ਸੋਚ (ਸੁਆਰਥ) ਨੇ ਹੀ ਦੇਵੀ-ਦੇਵਤਿਆਂ ਨੂੰ ਵਜੂਦ ’ਚ ਲਿਆਂਦਾ ਹੈ।
ਰੱਬੀ ਰਜ਼ਾ ਵਿੱਚ ਕੇਵਲ ਚੱਲਣਾ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਫ਼ਲਸਫ਼ਾ ਹੈ ਜਦ ਕਿ ਰੱਬੀ ਵਜੂਦ ਨੂੰ ਸਵੀਕਾਰ ਕੇ ਉਸ ਦੇ ਹੁਕਮ (ਡਰ-ਅਦਬ) ਵਿੱਚ ਚੱਲਣਾ, ਗੁਰਮਤਿ ਅਨੁਸਾਰੀ ਰੱਬੀ ਆਸ਼ਕ ਦੇ ਚਿੰਨ੍ਹ ਹਨ, ਇਸ ਲਈ ‘‘ਖੰਡ, ਮੰਡਲ, ਵਰਭੰਡਾ..॥’’ ਵਾਙ ‘‘ਈਸਰੁ, ਬਰਮਾ, ਦੇਵੀ॥’’ ਵੀ ਰੱਬੀ ਵਜੂਦ ਨੂੰ ਸਵੀਕਾਰ ਕੇ ਉਸ ਦੇ ਡਰ-ਅਦਬ ’ਚ ਰਹਿ ਕੇ ਨਹੀਂ ਗਾਉਂਦੇ, ਨਹੀਂ ਚਲਦੇ, ਇਸ ਲਈ ਉਕਤ ਚਾਰੇ ਤੁਕਾਂ ’ਚ ‘ਗਾਵਹਿ’ ਤੋਂ ਭਾਵ ਕੇਵਲ ‘ਹੁਕਮ ਵਿੱਚ ਚੱਲਦੇ ਹਨ’ (ਇਨ੍ਹਾਂ ਨੂੰ ਰੱਬੀ ਵਜੂਦ ਦੀ ਕੋਈ ਸਮਝ ਨਹੀਂ ਤਾਂ ਜੋ ਉਸ ਦੇ ਡਰ-ਅਦਬ ’ਚ ਚੱਲਣ) ਸਮਝਣਾ ਯੋਗ ਹੈ ।)
ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ॥ ਉਚਾਰਨ : ਗਾਵਹਿਂ, ਗਾਵਨ੍।
(ਹੇ ਦਾਤਾਰ ਪਿਤਾ !) ਯੋਗ ਸਾਧਨਾ ਰਾਹੀਂ ਬਣੇ ਪੂਰਨ ਯੋਗੀ ਤੇ ਮਨ ਨੂੰ ਕਾਬੂ ਰੱਖਣ ਵਾਲ਼ੇ ਸਾਧ-ਜਨ, ਸਮਾਧੀ ਰਾਹੀਂ ਵਿਚਾਰ-ਵਿਚਾਰ ਕੇ ਤੈਨੂੰ ਗਾਉਂਦੇ ਹਨ।
ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ॥ ਉਚਾਰਨ : ਗਾਵਨ੍, ਗਾਵਹਿਂ।
ਉੱਚੇ ਆਚਰਨ ਵਾਲ਼ੇ, ਉਦਾਰਵਾਦੀ ਭਾਵ ਦਾਨੀ, ਸਬਰ ਸੰਤੋਖਵਾਨ ਤੇ ਤਕੜੇ ਸੂਰਵੀਰ ਤੈਨੂੰ ਗਾਉਂਦੇ ਹਨ।
ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ॥ ਉਚਾਰਨ : ਗਾਵਨ੍, ਪੜ੍ਹਨ, ਵੇਦਾਂ, ਨਾਲ਼ੇ।
ਪੰਡਿਤ ਤੇ ਮਹਾਂ ਰਿਸ਼ੀ, ਜੋ ਸਦਾ ਤੋਂ ਵੇਦਾਂ ਰਾਹੀਂ ਵਿੱਦਿਆ ਪੜ੍ਹਦੇ ਆ ਰਹੇ ਹਨ, ਉਹ ਵੀ ਤੈਨੂੰ ਗਾਉਂਦੇ ਹਨ (ਭਾਵ ਕੇਵਲ ਤੇਰੇ ਹੁਕਮ ’ਚ ਚਲਦੇ ਹਨ, ਨਾ ਕਿ ਤੇਰੇ ਡਰ-ਅਦਬ ਨੂੰ ਸਵੀਕਾਰਨ ਦੀ ਉਨ੍ਹਾਂ ਪਾਸ ਸੋਝੀ ਹੈ)।
(ਨੋਟ : ਗੁਰਬਾਣੀ ’ਚੋਂ ਕੇਵਲ ਭਗਤ ਬਾਣੀ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਉਚਾਰੀ ਗਈ ਹੈ, ਨੂੰ ਭਿੰਨ ਕਰ ਕੇ ਵੇਖਣ ਨਾਲ਼ ਸਚਾਈ ਸਾਹਮਣੇ ਆਏਗੀ ਕਿ ਸਰਬ ਵਿਆਪਕ ਰੱਬ ਦੀ ਵਿਆਖਿਆ ਕਿੰਨੀ ਕੁ ਕੀਤੀ ਗਈ ਹੈ ਭਾਵ ਰੱਬੀ ਵਜੂਦ ਨੂੰ ਵਧੇਰੇ ਨਿਖਾਰ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਉਪਰੰਤ ਮਿਲਿਆ ਹੈ, ਇਸ ਲਈ ਵੇਦ ਪਾਠੀਆਂ ਦੁਆਰਾ ‘ਨਿਰਾਕਾਰ’ ਨੂੰ ਅਗਰ ਗਾਉਣਾ ਹੁੰਦਾ ਤਾਂ ਉਹ ਪੱਥਰ (ਆਕਾਰ) ਪੂਜ ਕਿਉਂ ਹੁੰਦੇ ? ਪੰਡਿਤਾਂ ਦੁਆਰਾ ਉਕਤ ‘ਗਾਵਨਿ’ ਤੋਂ ਭਾਵ ਕੇਵਲ ਹੁਕਮ ’ਚ (ਖੰਡ, ਮੰਡਲ ਵਾਙ) ਚੱਲਦੇ ਹਨ, ਹੀ ਗੁਰਮਤਿ ਅਨੁਸਾਰੀ ਹੈ।)
ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ, ਮਛ, ਪਇਆਲੇ॥ ਉਚਾਰਨ : ਗਾਵਹਿਂ, ਮੋਹਣੀਆਂ।
ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਦੀਆਂ ਸੁੰਦਰੀਆਂ, ਜੋ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾਉਂਦੀਆਂ ਹਨ (ਭਾਵ ਤੇਰੇ ਹੁਕਮ ’ਚ ਚਲਦੀਆਂ ਹਨ)।
ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ॥ ਉਚਾਰਨ : ਗਾਵਨ੍, ਨਾਲ਼ੇ ।
ਤੇਰੇ ਦੁਆਰਾ ਪੈਦਾ ਕੀਤੇ ਗਏ 68 ਤੀਰਥਾਂ ਸਮੇਤ 14 ਰਤਨ ਤੈਨੂੰ ਗਾਉਂਦੇ ਹਨ (ਭਾਵ 68 ਤੀਰਥ ਸਮੇਤ ਮੰਨ ਜਾਂਦੇ 14 ਰਤਨ ਤੇਰੇ ਹੁਕਮ ’ਚ ਬਣੇ)।
ਗਾਵਹਿ ਜੋਧ ਮਹਾ ਬਲ ਸੂਰਾ; ਗਾਵਹਿ ਖਾਣੀ ਚਾਰੇ॥ ਉਚਾਰਨ : ਗਾਵਹਿਂ, ਮਹਾਂ ਬਲ।
ਮਹਾਂ ਬਲੀ ਯੋਧੇ, ਸੂਰਮੇ ਤੈਨੂੰ ਗਾਉਂਦੇ ਹਨ, ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਤੈਨੂੰ ਗਾਉਂਦੀਆਂ ਹਨ (ਭਾਵ ਤੇਰੀ ਰਜ਼ਾ ’ਚ ਵਿਕਾਸ ਕਰਦੀਆਂ ਹਨ)।
ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ॥ ਉਚਾਰਨ : ਗਾਵਹਿਂ।
ਖੰਡ (ਛੋਟਾ ਟੁਕੜਾ ਭਾਵ ਪ੍ਰਿਥਵੀ), ਮੰਡਲ (ਸੂਰਜ ਪਰਵਾਰ) ਤੇ ਬ੍ਰਹਿਮੰਡ (ਅਨੇਕਾਂ ਸੂਰਜਾਂ ਦਾ ਸੰਗ੍ਰਹਿ, ਜੋ ਅਦਭੁਤ ਸਹਾਰੇ ਭਾਵ 26.8% ਡਾਰਕ ਮੈਟਰ ਰਾਹੀਂ ਗੁਰੁਤਾਕਰਸ਼ਨ ਪੈਦਾ ਕਰ) ਤੇਰੇ ਦੁਆਰਾ ਟਿਕਾਏ ਹੋਏ ਹਨ, ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ’ਚ ਹਨ)।
ਸੇਈ ਤੁਧੁ ਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ, ਰਸਾਲੇ !॥ ਉਚਾਰਨ : ਗਾਵਹਿਂ, ਰੱਤੇ, ਭਾਵਨ੍।
ਹੇ ਅਨੰਦਮਈ ਜੀਵਨ ਦੇ ਸ੍ਰੋਤ (ਰਸ+ਆਲਯ, ਅਨੰਦ ਦੇ ਘਰ ! ਅਸਲ ’ਚ) ਉਹੀ ਤੁਹਾਨੂੰ ਗਾਉਂਦੇ ਹਨ (ਭਾਵ ਉਨ੍ਹਾਂ ਦਾ ਗਾਉਣਾ ਹੀ ਸਫਲ ਹੈ) ਜੋ ਭਗਤ-ਜਨ ਤੇਰੇ ਪ੍ਰੇਮ ਰੰਗ ’ਚ ਰੰਗੇ (ਭਾਵ ਤੇਰੀ ਹੋਂਦ ਨੂੰ ਸਵੀਕਾਰ ਕੇ ਤੇਰੇ ਡਰ-ਅਦਬ ’ਚ ਵਿਚਰਦੇ) ਤੁਹਾਨੂੰ ਪਸੰਦ ਆ ਜਾਂਦੇ ਹਨ।
(ਨੋਟ : ਇਸ ਤੁਕ ਤੋਂ ਸਪਸ਼ਟ ਹੈ ਕਿ ਇਸ ਪਉੜੀ ’ਚ ‘‘ਗਾਵਨਿ ਤੁਧ ਨੋ ਪਵਣੁ ਪਾਣੀ ਬੈਸੰਤਰੁ’’ ਤੋਂ ਲੈ ਕੇ ‘‘ਗਾਵਨਿ ਤੁਧ ਨੋ ਖੰਡ ਮੰਡਲ ਬ੍ਰਹਮੰਡਾ’’ ਤੱਕ ਗਾਉਂਦੇ ਵਿਖਾਏ ਗਏ ‘ਪਵਣੁ ਪਾਣੀ ਬੈਸੰਤਰੁ, ਰਾਜਾ ਧਰਮੁ, ਚਿਤੁ ਗੁਪਤੁ, ਈਸਰੁ, ਬ੍ਰਹਮਾ, ਦੇਵੀ, ਇੰਦ੍ਰ ਇੰਦ੍ਰਾਸਣਿ ਬੈਠੇ, ਦੇਵਤਿਆ.. ਨਾਲੇ ॥, ਸਿਧ, ਸਾਧ, ਜਤੀ, ਸਤੀ, ਸੰਤੋਖੀ, ਵੀਰ ਕਰਾਰੇ, ਪੰਡਿਤ, ਰਖੀਸੁਰ, ਮੋਹਣੀਆ ਮਨੁ ਮੋਹਨਿ, ਰਤਨ, ਅਠਸਠਿ ਤੀਰਥ, ਜੋਧ ਮਹਾਬਲ ਸੂਰਾ, ਖਾਣੀ ਚਾਰੇ ॥, ਖੰਡ, ਮੰਡਲ, ਬ੍ਰਹਮੰਡਾ’, ਆਦਿ ਦੇ ਗਾਉਣ (ਗਾਵਹਿ ਤੁਧ ਨੋ) ਨਾਲ਼ ਰੱਬ ਸੰਤੁਸ਼ਟ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਨੂੰ ਰੱਬ ਦੇ ਵਜੂਦ ਦੀ ਸਮਝ ਨਹੀਂ, ਜਿਸ ਦੇ ਪ੍ਰੇਮ ਰੰਗ ਵਿੱਚ ਭਿੱਜਣਾ ਸੀ ਤਾਂ ਜੋ ਉਹ ਤਰੁਠਦਾ, ਇਸ ਲਈ ਇਨ੍ਹਾਂ ਦੁਆਰਾ ‘ਗਾਵਹਿ’ ਦਾ ਮਤਲਬ ਕੇਵਲ ‘ਹੁਕਮ ਵਿੱਚ ਚੱਲਣਾ’ (ਹੁਕਮੀ ਹੋਵਨਿ ਆਕਾਰ) ਦਰੁਸਤ ਹੈ।
ਅਗਲੀ ਤੁਕ ‘‘ਹੋਰਿ ਕੇਤੇ ਗਾਵਨਿ’’ ਵੀ ‘‘ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ॥’’ ਕੜੀ ਨਾਲ਼ ਮਿਲਾ ਕੇ ਵਿਚਾਰਨ ਯੋਗ ਹੈ ਭਾਵੇਂ ਕਿ ਇਨ੍ਹਾਂ ਵਿਚਕਾਰ ‘‘ਸੇਈ ਤੁਧੁ ਨੋ ਗਾਵਹਿ, ਜੋ ਤੁਧੁ ਭਾਵਨਿ’’ ਤੁਕ ਦਰਜ ਹੈ ।)
ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ?॥ ਉਚਾਰਨ : ਗਾਵਨ੍, ਆਵਨ੍।
(ਹੇ ਅਨੰਦ ਦੇ ਸਰੋਤ ਮਾਲਕ ! ਇੰਨੇ ਕੁ ਵੇਰਵਿਆਂ ਤੋਂ ਇਲਾਵਾ) ਹੋਰ ਕਿੰਨੇ ਤੈਨੂੰ ਗਾਉਂਦੇ ਹਨ, ਉਹ ਮੇਰੇ ਧਿਆਨ ’ਚ ਨਹੀਂ ਆਉਂਦੇ (ਕਿਉਂਕਿ ਤੇਰੀ ਵਿਸ਼ਾਲਤਾ ਨੂੰ) ਨਿਮਾਣਾ ਜਿਹਾ ਨਾਨਕ ਕਿੰਨਾ ਕੁ ਖੋਲ੍ਹ ਸਕਦਾ ਹੈ ? (ਜੇਤੀ ਪ੍ਰਭੂ ਜਨਾਈ, ਰਸਨਾ ਤੇਤ ਭਨੀ॥ ਅਨਜਾਨਤ ਜੋ ਸੇਵੈ, ਤੇਤੀ ਨਹ ਜਾਇ ਗਨੀ॥ (ਮਹਲਾ ੫, ਪੰਨਾ ੪੫੬) ਭਾਵ ਜਿੰਨੀ ਕੁ ਮਾਲਕ ਨੇ ਸੋਝੀ ਬਖ਼ਸ਼ੀ, ਬਿਆਨ ਕਰ ਦਿੱਤੀ; ਜੋ ਸਮਝ ਤੋਂ ਬਾਹਰ ਹੈ, ਉਹ ਨਹੀਂ ਦੱਸੀ ਜਾ ਸਕਦੀ।)
ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ॥
(ਉਕਤ ਸਾਰਾ ਸੰਸਾਰ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ’’ (ਮ: ੫, ਪੰਨਾ ੧੨੦੪) ਦੇ ਮੁਕਾਬਲੇ) ਸੋਈ ਸੋਈ (ਯਕੀਨਨ ਉਹੀ-ਉਹੀ) ਸਦਾ ਸੱਚਾ ਤੇ ਸਥਾਈ ਮਾਲਕ ਹੈ। ਇੱਕ ਉਸ ਦੀ ਪ੍ਰਭੁਤਾ (ਬਜ਼ੁਰਗੀ, ਉਪਮਾ) ਸਥਿਰ ਹੈ (ਭਾਵ ਸਥਾਈ ਨਾਲ਼ ਜੁੜਨ ਵਾਲ਼ਾ ਵੀ ਸਥਾਈ ਬਣ ਜਾਂਦਾ ਹੈ, ਵਾਰ-ਵਾਰ ਜੰਮਦਾ-ਮਰਦਾ ਨਹੀਂ, ‘‘ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ (ਨਾਸ਼ਵਾਨ)॥ ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ (ਸਥਿਰ)॥’’ (ਮ: ੫, ਪੰਨਾ ੧੨੦੪)।
ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ॥
ਜਿਨਿ (ਜਿਸ ਕਰਤਾਰ ਨੇ ਆਰਜ਼ੀ) ਰਚਨਾ ਰਚਾਈ (ਕੁਦਰਤ ਸਾਜੀ, ਉਹ) ਹੈ ਭੀ (ਹੁਣ ਵੀ ਹੈ, ਕੁਦਰਤ ਨਾਸ਼ ਹੋਣ ’ਤੇ) ਭੀ ਹੋਸੀ (ਰਹੇਗਾ ਵੀ ਕਿਉਂਕਿ ਉਹ) ਨ ਜਾਇ (ਜੰਮਦਾ ਨਹੀਂ), ਨ ਜਾਸੀ (ਨਾ ਮਰੇਗਾ)।
ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ॥ ਉਚਾਰਨ : ਰੰਗੀਂ-ਰੰਗੀਂ, ਭਾਂਤੀ।
ਜਿਸ (ਕਰਤਾਰ) ਨੇ ਰੰਗਾਂ-ਰੰਗਾਂ ਦੀ, ਭਾਂਤ-ਭਾਂਤ ਦੀ, ਕਈ ਕਿਸਮ ਦੀ ਬਣਾ ਬਣਾ ਕੇ ਮਾਇਆ ਪੈਦਾ ਕੀਤੀ।
ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ, ਤਿਸ ਦੀ ਵਡਿਆਈ॥
ਜਿਵੇਂ ਉਸ ਦੀ ਮਰਜ਼ੀ ਹੈ, ਆਪਣੀ (ਨਾਸ਼ਵਾਨ) ਰਚਨਾ ਨੂੰ ਪੈਦਾ ਕਰ-ਕਰ ਕੇ ਇਸ ਦੀ ਸੰਭਾਲ਼ ਕਰਦਾ ਹੈ।
ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ॥
ਜੋ ਉਸ ਨੂੰ ਮਨਜ਼ੂਰ ਹੈ, ਉਹੀ (ਜਗਤ ’ਚ) ਕਰਸੀ (ਕਰੇਗਾ, ਇਸ ਬਾਰੇ ਕੋਈ) ਸੁਝਾਅ ਨਹੀਂ ਦਿੱਤਾ ਜਾ ਸਕਦਾ।
ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ ! ਰਹਣੁ ਰਜਾਈ॥ ੨੭॥ ਉਚਾਰਨ : ਪਾਤਿਸ਼ਾਹ, ਸ਼ਾਹਾਂ, ਰਜ਼ਾਈ।
ਹੇ ਨਾਨਕ ! ਉਹ ਬਾਦਸ਼ਾਹ; ਸੰਸਾਰਕ ਹੁਕਮਰਾਨਾਂ ਦਾ ਵੀ ਮਾਲਕ ਹੈ (ਭਾਵ ਸਾਡੇ ਸ਼ਾਸਕਾਂ ਸਮੇਤ ਅਸੀਂ ਵੀ ਉਸ ਦੇ ਹੁਕਮ ’ਚ ਬੱਧੇ ਹੋਏ ਹਾਂ, ਤਾਂ ਤੇ ਅਸੀਂ ਉਸ ਦੀ) ਰਜ਼ਾ ’ਚ ਹਾਂ, ਨੂੰ ਸਮਝਣਾ ਚਾਹੀਦਾ ਹੈ (ਇਹੀ ਉਸ ਦਾ ਪਿਆਰ ਤੇ ਸੱਚੀ ਭਗਤੀ ਹੈ)।
(ਨੋਟ : ਉਕਤ ੨੭ਵੀਂ ਪਉੜੀ ਦਾ ਸਾਰ : ਇੱਕ ਜਗਤ ਰਚੇਤਾ ਸਦੀਵੀ ਹੋਂਦ ਵਾਲ਼ਾ ਹੈ, ਜਿਸ ਨੇ ਇਹ ਨਾਸ਼ਵਾਨ ਜਗਤ ਰਚਨਾ ਕੀਤੀ ਹੈ, ਇਹ ਸਾਰੀ ਉਸ ਦੇ ਹੁਕਮ ’ਚ ਵਿਚਰਦੀ ਹੈ, ਪਰ ਸਿਰਜਣਹਾਰ ਕੇਵਲ ਉਸੇ ’ਤੇ ਪ੍ਰਸੰਨ ਹੁੰਦਾ ਹੈ ਜੋ ਉਸ ਦੀ ਰਜ਼ਾ ’ਚ ਵਿਚਰਦਿਆਂ ਉਸ ਦੇ ਡਰ-ਅਦਬ ਭਾਵ ਉਸ ਦੀ ਬਜ਼ੁਰਗੀ ਨੂੰ ਸਵੀਕਾਰਦਾ ਹੈ। ਅਗਲੀਆਂ 4 ਪਉੜੀਆਂ ’ਚ ਯੋਗ ਮਤ ਨੂੰ ਅਸਫਲ ਜੀਵਨ ਸਿੱਧ ਕੀਤਾ ਗਿਆ ਹੈ।)
ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ॥ ਉਚਾਰਨ : ਮੁੰਦਾਂ, ਸ਼੍ਰਮ, ਝੋਲ਼ੀ, ਕਰਹਿਂ।
(ਹੇ ਯੋਗੀ ! ਆਪਣੀ ਸ਼ਕਲ ’ਤੇ) ਸਬਰ ਨੂੰ (ਕੰਨੀਂ) ਮੁੰਦ੍ਰਾਂ, ਮਿਹਨਤ-ਮਜ਼ਦੂਰੀ (ਸ਼੍ਰਮ) ਨੂੰ ਪਤੁ ਤੇ ਝੋਲ਼ੀ (ਚਿੱਪੀ ਤੇ ਬਗਲੀ), ਰੱਬੀ ਯਾਦ ਨੂੰ ਆਪਣੇ ਉੱਤੇ ਸੁਆਹ ਮਲ਼ਨਾ ਕਰੇਂ (ਭਾਵ ਰੱਬ ਨੇ ਤੈਨੂੰ ਬੁਲਾਉਣਾ ਹੈ ਇਹ ਯਾਦ ਹੀ ਸੁਆਹ ਹੋਵੇ)।
ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ॥ ਉਚਾਰਨ : ਕਾਇਆਂ ।
ਖਿੰਥਾ (ਫਟੇ ਹੋਏ ਕਮੀਜ਼) ਨੂੰ ਕਾਲੁ (ਮੌਤ ਨੇੜੇ ਦਾ ਪ੍ਰਤੀਕ), ਕੁਆਰੀ ਕਾਇਆ (ਮਾਯਾ ਤੋਂ ਮੁਕਤ ਦੇਹ) ਨੂੰ ਯੋਗ ਯੁਕਤੀ (ਮਰਿਆਦਾ), (ਰੱਬ ਬਖ਼ਸ਼ਸ਼ ’ਤੇ) ਪਰਤੀਤਿ (ਸ਼ਰਧਾ ਨੂੰ ਆਪਣਾ ਭਰੋਸੇਯੋਗ ਕਰਾਮਾਤੀ) ਡੰਡਾ ਬਣਾ।
ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ, ਜਗੁ ਜੀਤੁ॥
ਸਗਲ ਜਮਾਤੀ (ਸਭ ਦੇ ਪਿਆਰ) ਨੂੰ ‘ਆਈ ਪੰਥੀ’ (ਯੋਗੀਆਂ ਦੇ 12 ਸੰਪਰਦਾਇਆਂ/ਕਬੀਲਿਆਂ ’ਚੋਂ ਸ੍ਰੇਸ਼ਟ ਫ਼ਿਰਕਾ ਮੰਨ, ਪਰ ਪਹਿਲਾਂ) ਆਪਣੇ ਮਨ ਨੂੰ ਜਿੱਤਣ ਨਾਲ਼ ਇਹ ਜਗਤ ਪਿਆਰ ਮਿਲੇਗਾ (ਭਾਵ ਸਭ ਨੂੰ ਉੱਚਾ ਕਬੀਲਾ ‘ਆਈ ਪੰਥੀ’ ਮੰਨਣ ਨਾਲ ਸਮਾਜਿਕ ਦਿਲ ਜਿੱਤਿਆ ਜਾ ਸਕਦਾ ਹੈ)।
ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੨੮॥
ਤਿਸੈ (ਉਸ ਨਾਥ-ਖ਼ਸਮ) ਨੂੰ ਆਦੇਸੁ ਆਦੇਸੁ (ਨਮਸਕਾਰ-ਨਮਸਕਾਰ ਕਰ; ਜੋ) ਆਦਿ (ਸ੍ਰਿਸ਼ਟੀ ਦਾ ਮੁੱਢ/ਮੂਲ/ਜੜ੍ਹ) ਹੈ, ਅਨੀਲੁ (ਦਾਗ਼ ਰਹਿਤ, ਉੱਜਲ) ਹੈ, ਅਨਾਦਿ (ਆਪ ਮੁੱਢ/ਸੀਮਾ ਰਹਿਤ) ਹੈ, ਅਨਾਹਤਿ (ਅਬਿਨਾਸ਼ੀ ਹੋਣ ਕਾਰਨ) ਏਕੋ ਵੇਸੁ (ਇੱਕ ਸਮਾਨ ਸਤਿ ਸਰੂਪ) ‘ਜੁਗੁ ਜੁਗੁ’ (ਹਰ ਸਮੇਂ) ਹੈ।
(ਨੋਟ : ਜੂਨ ਅਧੀਨ ਵਿਚਰਨ ਵਾਲ਼ੀ ਹਰ ਸੰਸਾਰਕ ਵਸਤੂ ਛੋਟੀ, ਵੱਡੀ, ਫਿਰ ਛੋਟੀ ਹੁੰਦੀ ਹੈ, ਪਰ ਅਕਾਲ ਪੁਰਖ ਅਜੂਨੀ ਨੂੰ ‘‘ਜੁਗੁ ਜੁਗੁ ਏਕੋ ਵੇਸੁ॥’’ ਜਾਂ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ ਕਿਹਾ ਗਿਆ ਹੈ।
ਇਨ੍ਹਾਂ ਚਾਰੇ ਪਉੜੀਆਂ ’ਚ ‘ਯੋਗੀ’ ਨੂੰ ਸੰਬੋਧਨ ਕਰਨ ਦਾ ਕਾਰਨ ‘‘ਧਿਆਨ ਕੀ ਕਰਹਿ ਬਿਭੂਤਿ॥’’ ਤੁਕ ’ਚ ‘ਕਰਹਿ’ ਸ਼ਬਦ (ਮੱਧਮ ਪੁਰਖ, ਇੱਕ ਵਚਨ, ਕਿਰਿਆ) ਦਾ ਹੋਣਾ ਹੈ, ਜੋ ਲਿਖਤ ਮੁਤਾਬਕ ਹੇ ਯੋਗੀ ! ਜੇ ‘ਤੂੰ ਕਰੇਂ’ ਅਰਥ ਦਿੰਦਾ ਹੈ।)
ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ॥ ਉਚਾਰਨ : ਵਾਜਹਿਂ।
(ਹੇ ਯੋਗੀ ! ਰੱਬੀ) ਸਮਝ ਨੂੰ ‘ਭੁਗਤਿ’ (ਚੂਰਮਾ/ਖ਼ੁਰਾਕ ਕਰ, ਇਸ ਦੀ) ‘ਭੰਡਾਰਣਿ’ (ਖ਼ੁਰਾਕ ਵੰਡਣ ਵਾਲ਼ੀ) ਹਮਦਰਦੀ ਬਣਾ, ਹਰ ਹਿਰਦੇ ’ਚ (ਰੱਬੀ ਮੌਜੂਦਗੀ ਨੂੰ ਦਰਸਾਉਂਦੀ) ਜੀਵਨ ਰੌ (ਆਵਾਜ਼-ਧੁਨਿ) ਤੇਰੇ ਸਿੰਙੀ-ਨਾਦ ਵਜਦੇ ਹੋਣ (ਭਾਵ ਬਾਹਰੀ ਨਾਦ ਵਜਾਉਣ ਦੀ ਬਜਾਇ ਰੱਬੀ ਰੌ-ਧੁਨਿ ਸੁਣ, ਜੋ ਸਰਬ ਵਿਆਪਕ ਰੱਬੀ ਵਜੂਦ ਦਾ ਪ੍ਰਤੀਕ ਹੈ। ਯੋਗ ਜੁਗਤਿ ਮੁਤਾਬਕ ਖਾਣਾ ਵਰਤਾਉਂਦੇ ਸਮੇਂ ਗਲ ’ਚ ਪਾਈ ਨਾਦੀ ਧੁਨ ਵਜਾਈ ਜਾਂਦੀ ਹੈ)।
ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ॥
(ਖ਼ੁਦਾ) ਆਪ ਹੀ (ਸੱਚਾ) ਨਾਥ ਹੈ, ਜਿਸ ਦੀ (ਮਰਯਾਦਾ ’ਚ) ਸਾਰੀ ਰਚਨਾ ਵਿੰਨ੍ਹੀ (ਪਰੋਈ) ਹੋਈ ਹੈ। ਰਿਧਿ ਸਿਧਿ (ਕਰਾਮਾਤੀ ਸ਼ਕਤੀਆਂ, ਰੱਬੀ ਭਾਣੇ ’ਚ ਰੱਖਣ ਦੀ ਬਜਾਇ ਅਹੰਕਰ ਪੈਦਾ ਕਰਦੀਆਂ ਹਨ, ਜੋ) ਹੋਰ ਸੁਆਦ (ਦੂਜੈ ਭਾਇ) ਹੈ।
(ਨੋਟ : ਯੋਗ ਮਤ ਦੀਆਂ 18 ਕਰਾਮਾਤੀ ਸ਼ਕਤੀਆਂ ਹਨ :
(1). ਅਣਿਮਾ- ਨਾ-ਮਾਤ੍ਰ (ਬਹੁਤ ਛੋਟਾ) ਸਰੀਰ ਬਣਾ ਲੈਣਾ।
(2). ਮਹਿਮਾ-ਬਹੁਤ ਵੱਡਾ ਸਰੀਰ (ਆਕਾਰ) ਕਰ ਲੈਣਾ।
(3). ਗਰਿਮਾ- ਬਹੁਤ ਭਾਰੀ ਹੋਣਾ।
(4). ਲਘਿਮਾ- ਬਹੁਤ ਹਲਕਾ ਹੋਣਾ।
(5). ਪ੍ਰਾਪਤਿ- ਮਨ-ਚਾਹਤ ਵਸਤੂ ਪਾਉਣਾ।
(6). ਪ੍ਰਾਕਾਮ੍ਯ- ਸਭ ਦੇ ਮਨ ਦੀ ਜਾਣ ਲੈਣਾ।
(7). ਈਸ਼ਿਤ-ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ।
(8). ਵਸ਼ਿਤਾ- ਸਭ ਨੂੰ ਕਾਬੂ ਕਰ ਲੈਣਾ।
(9). ਅਨੂਰਮਿ- ਭੁੱਖ-ਤ੍ਰੇਹ ਨਾ ਲੱਗਣਾ।
(10). ਦੂਰ ਸ਼੍ਰਵਣ- ਦੂਰ ਦੀਆਂ ਗੱਲਾਂ ਸੁਣ ਲੈਣੀਆਂ।
(11). ਦੂਰ ਦਰਸ਼ਨ-ਦੂਰ ਦੇ ਕੌਤਕ ਵੇਖਣੇ।
(12). ਮਨੋਵੇਗ- ਮਨ ਦੀ ਰਫ਼ਤਾਰ ਵਾਙ ਚੱਲਣਾ।
(13). ਕਾਮ ਰੂਪ- ਇੱਛਾ ਅਨੁਸਾਰ ਸਰੀਰਕ ਬਣਤਰ ਬਦਲ ਲੈਣੀ।
(14). ਪਰ ਕਾਯ ਪ੍ਰਵੇਸ਼- ਦੂਸਰਿਆਂ ਦੇ ਸਰੀਰ ’ਚ ਵੜਨਾ।
(15). ਸ੍ਵਛੰਦ ਮ੍ਰਿਤਯੁ- ਜਦ ਚਾਹੇ, ਮਰ ਜਾਣਾ।
(16). ਸੁਰ ਕ੍ਰੀੜਾ- ਦੇਵਤਿਆਂ ਨਾਲ਼ ਮਿਲ ਕੇ ਭੋਗ-ਬਿਲਾਸ ਕਰਨਾ (ਰੰਗ-ਰਲ਼ੀਆਂ ਮਨਾਉਣੀਆਂ)।
(17). ਸੰਕਲਪ ਸਿੱਧੀ- ਜੋ ਸੋਚਿਆ, ਉਹੀ ਪਾ ਲੈਣਾ।
(18). ਅਪ੍ਰਤਿਹਤ ਗਤਿ- ਕਿਸੇ ਵੀ ਜਗ੍ਹਾ ਪਹੁੰਚਣ ’ਚ ਵਿਘਨ ਨਾ ਪੈਣਾ।
ਉਕਤ ਰਿਧੀਆਂ-ਸਿੱਧੀਆਂ, ਜੋ ਯੋਗ-ਧਰਮ ਦਾ ਆਧਾਰ ਹਨ, ਇਨ੍ਹਾਂ ’ਚ ਰੱਬ ਪ੍ਰਤੀ ਲਗਨ ਤੇ ਭੁੱਲਾਂ ਬਖ਼ਸ਼ਾਉਣ ਲਈ ਉਸ ਅੱਗੇ ਬੇਨਤੀ ਕਰਨ ਬਾਰੇ ਨਾਸਮਝੀ ਪ੍ਰਤੱਖ ਜ਼ਾਹਰ ਹੁੰਦੀ ਹੈ, ਜਿਸ ਨਾਲ਼ ਨਿਮਰਤਾ, ਪਿਆਰ, ਹਮਦਰਦੀ, ਇਨਸਾਫ਼, ਹੱਕ ਹਲਾਲ ਆਦਿ ਗੁਣ ਪੈਦਾ ਹੁੰਦੇ ਹਨ ਸਗੋਂ ਇਸ ਤੋਂ ਵਿਪਰੀਤ ਅਹੰਕਾਰ ਦੀ ਨੁਮਾਇਸ਼ ਤੇ ਕਰਾਮਾਤੀ ਸ਼ਕਤੀਆਂ ਨੂੰ ਨਿੱਜੀ ਹਿਤਾਂ ਦੀ ਪੂਰਤੀ ਲਈ ਸਿਰਮੌਰ ਮੰਨ ਲਿਆ ਗਿਆ। ਇਨ੍ਹਾਂ ਦੇ ਸੁਰਤ ਵਿਕਾਸ ਲਈ ਗੁਰੂ ਜੀ ਨੇ ਰੱਬੀ ਸਰੂਪ ’ਤੇ ਭਰੋਸਾ (ਮੁੰਦਾ ਸੰਤੋਖੁ), ਹੱਥੀਂ ਕਿਰਤ (ਸਰਮੁ ਪਤੁ ਝੋਲੀ), ਪਰਉਪਕਾਰਤਾ (ਦਇਆ ਭੰਡਾਰਣਿ), ਆਪਸੀ ਪਿਆਰ (ਆਈ ਪੰਥੀ ਸਗਲ ਜਮਾਤੀ), ਮੌਤ ਦਾ ਡਰ (ਖਿੰਥਾ ਕਾਲੁ), ਰਿਧੀਆਂ-ਸਿਧੀਆਂ ਨਾਲ਼ ਪਏ ਕੁਰਾਹੇ ਨੂੰ ਸਿੱਧ ਕਰਨ ਲਈ ਮਾਯਾ ਤੋਂ ਨਿਰਮੋਹ (ਕੁਆਰੀ ਕਾਇਆ ਜੁਗਤਿ), ਕਾਲਪਨਿਕ ਦੇਵਤਿਆਂ ਦੀ ਬਜਾਇ ਰੱਬੀ ਹੁਕਮ ’ਚ ਹੁੰਦੀ ਜਗਤ ਰਚਨਾ (ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ, ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ॥, ਨਾਨਕ ! ਸਚੇ ਕੀ, ਸਾਚੀ ਕਾਰ॥), ਰੱਬੀ ਵਿਸ਼ਵਾਸ (ਡੰਡਾ ਪਰਤੀਤਿ), ਧਿਆਨ ਸਾਧਨਾ (ਧਿਆਨ ਕੀ ਕਰਹਿ ਬਿਭੂਤਿ॥), ਰੱਬੀ ਵਜੂਦ ਨੂੰ ਯਕੀਨਨ ਬਣਾਉਣ ਲਈ ਸਰਬ ਵਿਆਪਕਤਾ ਪੱਖੋਂ ‘‘ਘਟਿ ਘਟਿ ਵਾਜਹਿ ਨਾਦ॥’’ ਦੀ ਮਿਸਾਲ ਨਾਲ਼ ਵਾਰ-ਵਾਰ ‘‘ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥’’ ਨਮਸਕਾਰ ਕਰਵਾਈ ਗਈ ਤਾਂ ਜੋ ਮਨ ਨੂੰ ਕਾਬੂ ਕਰ ਸਮਾਜ ’ਚ ਆਦਰਸ਼ਮਈ ਜੀਵਨ ਪੇਸ਼ ਕਰ ਸਕਣ, ਜਿਸ ਨੂੰ ‘‘ਮਨਿ ਜੀਤੈ ਜਗੁ ਜੀਤੁ ॥’’ ਕਿਹਾ ਗਿਆ।)
ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ॥ ਉਚਾਰਨ : ਚਲਾਵਹਿਂ, ਆਵਹਿਂ।
ਦੋਵੇਂ ਸੰਜੋਗੁ (ਟੱਬਰ ’ਚ ਮਿਲਣਾ) ਤੇ ਵਿਜੋਗੁ (ਪਰਵਾਰਿਕ ਵਿਛੋੜਾ, ਜਗਤ ਦਾ) ਕੰਮ ਕਾਰ ਚਲਾਉਂਦੇ ਹਨ (ਸਮਾਜਿਕ ਵਿਕਾਸ ਕਰਦੇ ਹਨ, ਪਿਛਲੇ ਨਸੀਬ) ਲੇਖੇ (ਅਨੁਸਾਰ) ਭਾਗ ਆਵਹਿ (ਇੱਥੇ ਗੁਣ ਪ੍ਰਫੁਲਿਤ ਹੁੰਦੇ ਹਨ ਭਾਵ ਗੁਰੂ ਰਾਹੀਂ ਰੱਬੀ ਬੰਦਗੀ ਹੁੰਦੀ ਹੈ)।
ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥੨੯॥
ਤਿਸੈ (ਉਸ ਨਾਥ-ਖ਼ਸਮ) ਨੂੰ ਆਦੇਸੁ ਆਦੇਸੁ (ਨਮਸਕਾਰ-ਨਮਸਕਾਰ ਕਰ; ਜੋ) ਆਦਿ (ਸ੍ਰਿਸ਼ਟੀ ਦਾ ਮੁੱਢ/ਮੂਲ/ਜੜ੍ਹ) ਹੈ, ਅਨੀਲੁ (ਦਾਗ਼ ਰਹਿਤ, ਉੱਜਲ) ਹੈ, ਅਨਾਦਿ (ਆਪ ਮੁੱਢ/ਸੀਮਾ ਰਹਿਤ) ਹੈ, ਅਨਾਹਤਿ (ਅਬਿਨਾਸ਼ੀ ਹੋਣ ਕਾਰਨ) ਏਕੋ ਵੇਸੁ (ਇੱਕ ਸਮਾਨ ਸਤਿ ਸਰੂਪ) ‘ਜੁਗੁ ਜੁਗੁ’ (ਹਰ ਸਮੇਂ) ਹੈ।
ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥ ਉਚਾਰਨ : ਤਿੰਨ।
(ਹਿੰਦੂ ਮਿੱਥ ਅਨੁਸਾਰ ਜਗਤ ਰਚੇਤਾ) ਇੱਕ ਔਰਤ ਹੈ, ਜੋ ਕਿਸੇ ਯੁਗਤੀ ਨਾਲ਼ (ਭਾਵ ਬਿਨਾਂ ਮਰਦ ਤੋਂ) ਪ੍ਰਸੂਤ ਹੋਈ (ਜਣੇਪਾ ਕੀਤਾ, ਜਿਸ ਦੇ) ਤਿੰਨ ਪੁੱਤਰ (ਬ੍ਰਹਮਾ, ਵਿਸ਼ਨੂੰ, ਸ਼ਿਵ; ਹਿੰਦੂ ਸਮਾਜ ਨੇ) ਮੰਨੇ ਗਏ।
(ਨੋਟ : ਬਾਇਬਲ ਤੇ ਕੁਰਾਨ ਮੁਤਾਬਕ ਜਗਤ ਰਚੇਤਾ ‘ਬਾਬਾ ਆਦਮ’ ਹੈ, ਜਿਸ ਦੀ ਉਮਰ 930 ਸਾਲ ਮੰਨੀ ਗਈ। ਇਸ ਦੀ ਸ਼ਕਲ, ਖ਼ੁਦਾ ਨੇ ਮਿੱਟੀ ਤੋਂ ਆਪਣੇ ਵਰਗੀ ਬਣਾਈ ਅਤੇ ਸੁੱਤੇ ਪਏ ਦੀ ਇੱਕ ਪਸਲੀ ਕੱਢ ਕੇ ਇਸ ਨੂੰ ‘ਹਵਾ’ (ਨਾਂ ਦੀ ਪਤਨੀ) ਦਿੱਤੀ । ਇਹ ਦੋਵੇਂ ਭਿਸ਼ਤ (ਸਵਰਗ) ’ਚੋਂ ਖ਼ੁਦਾ ਵੱਲੋਂ ਮਨ੍ਹਾ ਕੀਤੇ ਫਲ਼ ਖਾਣ ਕਾਰਨ ਧਰਤੀ ’ਤੇ ਸੁੱਟੇ ਗਏ। ਗੁਰ ਵਾਕ ਹੈ, ‘‘ਬਾਬਾ ਆਦਮ ਕਉ; ਕਿਛੁ ਨਦਰਿ ਦਿਖਾਈ ॥ ਉਨਿ ਭੀ; ਭਿਸਤਿ ਘਨੇਰੀ ਪਾਈ ॥’’ (ਭਗਤ ਕਬੀਰ, ਪੰਨਾ ੧੧੬੧) ਬਾਬਾ ਆਦਮ ਸ਼੍ਰੀ ਲੰਕਾ ’ਚ ਤੇ ਬੀਬੀ ‘ਹਵਾ’ ਅਰਬ ’ਚ ਜੱਦਾਹ ਪਾਸ ਡਿੱਗੀ, ਜਿਨ੍ਹਾਂ ਨੂੰ 100 ਸਾਲ ਬਾਅਦ ਜਬਰਾਇਲ ਫ਼ਰਿਸ਼ਤੇ ਨੇ ਮਿਲਾਇਆ, ਜੋ ਖ਼ੁਦਾ ਪਾਸੋਂ ਸੁਨੇਹਾ ਲੈ ਕੇ ਪੈਗ਼ੰਬਰ ਨੂੰ ਦਿੰਦਾ, ਮੰਨਿਆ ਗਿਆ।
ਭਾਵੇਂ ਕਿ ਪਹਿਲਾ ਮਾਨਵ ਆਰੀਅਨ ‘ਏਕਾ ਮਾਈ’ (ਔਰਤ) ਨੂੰ ਮੰਨਦੇ ਹਨ ਤੇ ਇਸਲਾਮ ਅਨੁਸਾਰ ‘ਬਾਬਾ ਆਦਮ’ (ਮਰਦ) ਹੈ, ਪਰ ਫਿਰ ਵੀ ਇਨ੍ਹਾਂ ਦੋਵੇਂ ਰਵਾਇਤੀ ਧਰਮਾਂ ’ਚ ਬਹੁਤ ਕੁਝ ਸਾਂਝਾ ਹੈ, ਜਿਨ੍ਹਾਂ ਦੇ ਕੇਵਲ ਨਾਂ ਹੀ ਬਦਲੇ ਗਏ ਹਨ; ਜਿਵੇਂ ਕਿ
(1). ਭਾਰਤ ਤੇ ਸ਼੍ਰੀ ਲੰਕਾ ਵਿਚਕਾਰ ਬਣਿਆ ਕਾਲਪਨਿਕ ਪੁਲ਼, ਇਸਲਾਮ ਮੁਤਾਬਕ ਬਾਬਾ ਆਦਮ ਜੀ ਨੇ ਅਤੇ ਹਿੰਦੂ ਮਤ ਅਨੁਸਾਰ ਰਾਮ ਚੰਦਰ ਜੀ ਨੇ ਬਣਾਇਆ ਹੈ।
(2). ਹਿੰਦੂ ਦਾ ‘ਸ਼ਿਵ’ ਨਾਸ਼ ਕਰਨ ਵਾਲ਼ਾ ਦੇਵਤਾ ਹੈ ਅਤੇ ਇਸਲਾਮ ’ਚ ਇਹ ਕੰਮ ‘ਇਸਰਾਫ਼ੀਲ’ ਤੇ ‘ਇਜ਼ਰਾਈਲ’ (ਅਜ਼ਰਾਈਲ/ਮਲਕਲ ਮਉਤ) ਫ਼ਰਿਸ਼ਤੇ ਕਰਦੇ ਹਨ। ਗੁਰੂ ਵਾਕ ਹਨ, ‘ਮਲਕਲ ਮਉਤ’ ਜਾਂ ਆਵਸੀ; ਸਭ ਦਰਵਾਜੇ ਭੰਨਿ ॥ (ਬਾਬਾ ਫਰੀਦ, ਪੰਨਾ ੧੩੮੩), ‘ਅਜਰਾਈਲੁ ਫਰੇਸਤਾ’; ਤਿਲ ਪੀੜੇ ਘਾਣੀ ॥ (ਮ: ੪, ਪੰਨਾ ੩੧੫), ਆਦਿ।
(3). ਹਿੰਦੂ ਦਾ ‘ਵਿਸ਼ਨੂੰ’ ਰਿਜ਼ਕ ਦੇਂਦਾ ਅਤੇ ‘ਇੰਦਰ’ ਵਰਖਾ (ਬਾਰਸ਼) ਕਰਦਾ ਹੈ ਪਰ ਇਸਲਾਮ ’ਚ ਇਹ ਦੋਵੇਂ ਕੰਮ ‘ਮੀਕਾਇਲ ਫ਼ਰਿਸ਼ਤਾ’ ਕਰਦਾ ਹੈ।
(4). ਹਿੰਦੂ ਦੇ ‘ਚਿਤਰ-ਗੁਪਤ’, ਜੀਵਾਂ ਦੇ ਚੰਗੇ-ਮੰਦੇ ਲੇਖ ਲਿਖਦੇ ਹਨ ਪਰ ਇਸਲਾਮ ’ਚ ਇਹ ਕੰਮ ‘ਕਿਰਾਮਨ-ਕਾਤਿਬੀਨ’ ਫ਼ਰਿਸ਼ਤੇ ਕਰਦੇ ਹਨ।
(5). ਮਹਾਂਭਾਰਤ ’ਚ ਆਰੀਅਨ ਦਾ ‘ਮਨੁ’ ਹੀ ਇਸਲਾਮ ਦਾ ‘ਨੂਹ’ ਹੈ, ਜਿਸ ਦੀ ਉਮਰ 900 ਸਾਲ ਮੰਨੀ ਗਈ।
(6). ਹਿੰਦੂ ਦਾ ‘ਸਵਰਗ’ ਹੀ ਇਸਲਾਮ ’ਚ ‘ਭਿਸ਼ਤ’ (ਬਹਿਸ਼ਤ) ਹੈ, ਆਦਿ।)
ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ॥
(‘ਏਕਾ ਮਾਈ’ ਦੇ ਤਿੰਨੇ ਪੁੱਤਰਾਂ ’ਚੋਂ) ਇੱਕ ਜੀਵਾਂ ਨੂੰ ਪੈਦਾ ਕਰਨ ਵਾਲ਼ਾ (ਬ੍ਰਹਮਾ/ਸੰਸਾਰੀ), ਇੱਕ ਖ਼ੁਰਾਕ ਦੇਣ ਵਾਲ਼ਾ (ਵਿਸ਼ਨੂੰ/ਭੰਡਾਰੀ) ਤੇ ਇੱਕ (ਜੀਵਾਂ ਨੂੰ ਮਾਰਨ ਵਾਲ਼ਾ ਸ਼ਿਵ) ਕਚਹਿਰੀ ਲਾਉਂਦਾ (ਮੰਨਿਆ ਗਿਆ) ਹੈ।
ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ॥ ਉਚਾਰਨ : ਫ਼ੁਰਮਾਣ।
(ਸੱਚ ਇਹ ਹੈ ਕਿ) ਜਿਵੇਂ ਉਸ (ਅਦ੍ਰਿਸ਼ ਮਾਲਕ) ਨੂੰ ਪਸੰਦ ਹੈ, ਜਿਵੇਂ ਉਸ ਦੀ ਰਜ਼ਾ ਹੈ; ਉਸੇ ਤਰ੍ਹਾਂ ਹੀ (ਉਹ ਕੁਦਰਤ ਨੂੰ) ਚਲਾਉਂਦਾ ਹੈ।
ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ॥ ਉਚਾਰਨ : ਓਹ, ਓਨ੍ਹਾਂ, ਏਹ।
ਉਹ (ਮਾਲਕ, ਨੇੜੇ ਰਹਿ ਕੇ ਜੀਵਾਂ ਦੀ ਹਰ ਹਰਕਤ) ਵਾਚਦਾ ਹੈ (ਫਿਰ ਵੀ) ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ, ਇਹ ਵੱਡਾ ਚਮਤਕਾਰ ਹੈ।
ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੩੦॥
ਤਿਸੈ (ਉਸ ਨਾਥ-ਖ਼ਸਮ) ਨੂੰ ਆਦੇਸੁ ਆਦੇਸੁ (ਨਮਸਕਾਰ-ਨਮਸਕਾਰ ਕਰ; ਜੋ) ਆਦਿ (ਸ੍ਰਿਸ਼ਟੀ ਦਾ ਮੁੱਢ/ਮੂਲ/ਜੜ੍ਹ) ਹੈ, ਅਨੀਲੁ (ਦਾਗ਼ ਰਹਿਤ, ਉੱਜਲ) ਹੈ, ਅਨਾਦਿ (ਆਪ ਮੁੱਢ/ਸੀਮਾ ਰਹਿਤ) ਹੈ, ਅਨਾਹਤਿ (ਅਬਿਨਾਸ਼ੀ ਹੋਣ ਕਾਰਨ) ਏਕੋ ਵੇਸੁ (ਇੱਕ ਸਮਾਨ ਸਤਿ ਸਰੂਪ) ‘ਜੁਗੁ ਜੁਗੁ’ (ਹਰ ਸਮੇਂ) ਹੈ।
ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ, ਸੁ ਏਕਾ ਵਾਰ॥
ਲੋਇ ਲੋਇ (ਹਰ ਭਵਨ ਭਾਵ ਅਕਾਸ਼, ਮਾਤ ਤੇ ਪਤਾਲ) ਵਿੱਚ ਭੰਡਾਰ ਆਸਣੁ (ਰੱਬੀ ਦਾਤਾਂ ਭਰਪੂਰ ਹਨ, ਇੱਥੇ) ਜੋ ਕੁਝ ਪਾਉਣਾ ਸੀ ਉਹ ਇੱਕ ਵਾਰ ਹੀ ਪਾ ਦਿੱਤਾ ਗਿਆ।
(ਨੋਟ : ਜੀਵ ਰਚਨਾ ਦੀ ਸ਼ੁਰੂਆਤ ਪਾਣੀ ਤੋਂ ਹੋਈ, ‘‘ਪਹਿਲਾ ਪਾਣੀ ਜੀਉ ਹੈ..॥ (ਮ: ੧, ਪੰਨਾ ੪੭੨), ਜਲ ਤੇ ਤ੍ਰਿਭਵਣੁ ਸਾਜਿਆ..॥’’ (ਮ: ੧, ਪੰਨਾ ੧੯) ਜਲ ਜੀਵ ਉਪਰੰਤ ਸੁੱਕੀ ਜ਼ਮੀਨ ’ਤੇ ਅਤੇ ਬਾਅਦ ’ਚ ਆਕਾਸ਼ ’ਚ ਉੱਡਣ ਵਾਲ਼ੀ ਨਸਲ ਵਜੂਦ ’ਚ ਆਈ। ਜਲ ਜੀਵ ਪੈਦਾ ਹੋਣ ਤੋਂ ਪਹਿਲਾ ਕਾਈ (ਖ਼ੁਰਾਕ) ਮੌਜੂਦ ਸੀ, ਧਰਤੀ ’ਤੇ ਨਸਲ ਪੈਦਾ ਹੋਣ ਤੋਂ ਪਹਿਲਾਂ ਬਾਰਸ਼ ਰਾਹੀਂ ਘਾਹ (ਖ਼ੁਰਾਕ) ਮੌਜੂਦ ਸੀ ਭਾਵ ਖ਼ੁਰਾਕ ਪਹਿਲਾਂ ਅਤੇ ਜੀਵ ਬਾਅਦ ’ਚ ਪੈਦਾ ਹੁੰਦੇ ਗਏ, ‘‘ਪਹਿਲੋ ਦੇ ; ਤੈਂ ਰਿਜਕੁ ਸਮਾਹਾ (ਪਹੁੰਚਾਇਆ)॥ ਪਿਛੋ ਦੇ ; ਤੈਂ ਜੰਤੁ ਉਪਾਹਾ (ਪੈਦਾ ਕੀਤਾ)॥’’ (ਮਹਲਾ ੫, ਪੰਨਾ ੧੩੦) ਇਉਂ ਕੁਦਰਤ ਦੇ ਵਿਕਾਸ ਲਈ ਖ਼ੁਰਾਕ ਦੇ ਭੰਡਾਰੇ ਇੱਕ ਵਾਰ (ਪਹਿਲਾਂ) ਹੀ ਭਰ ਦਿੱਤੇ ਗਏ,‘‘ਜੋ ਕਿਛੁ ਪਾਇਆ, ਸੁ ਏਕਾ ਵਾਰ॥’’, ਜੋ ਜੀਵ ਦੀ ਪੈਦਾਇਸ਼ ਤੋਂ ਨਸੀਬ ਬਣ ਕੇ ਨਾਲ਼ ਚਲੇ ਆ ਰਹੇ ਹਨ, ‘‘ਨਾਨਕ ! ਲਿਖਿਆ ਨਾਲਿ॥ ੧॥’’)
ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ! ਸਚੇ ਕੀ, ਸਾਚੀ ਕਾਰ॥
ਹੇ ਨਾਨਕ ! (ਜੀਵ) ਪੈਦਾ ਕਰ-ਕਰ ਕੇ ਜਗਤ ਰਚੇਤਾ (ਆਪ ਇਨ੍ਹਾਂ ਨੂੰ) ਸੰਭਾਲ਼ਦਾ ਹੈ, ਸੱਚੇ ਮਾਲਕ ਦੀ ਇਹ ਸੱਚੀ (ਨਿਰਵਿਘਨ) ਜਗਤ ਕਾਰ ਚਲਦੀ ਆ ਰਹੀ ਹੈ।
ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੩੧॥
ਤਿਸੈ (ਉਸ ਨਾਥ-ਖ਼ਸਮ) ਨੂੰ ਆਦੇਸੁ ਆਦੇਸੁ (ਨਮਸਕਾਰ-ਨਮਸਕਾਰ ਕਰ; ਜੋ) ਆਦਿ (ਸ੍ਰਿਸ਼ਟੀ ਦਾ ਮੁੱਢ/ਮੂਲ/ਜੜ੍ਹ) ਹੈ, ਅਨੀਲੁ (ਦਾਗ਼ ਰਹਿਤ, ਉੱਜਲ) ਹੈ, ਅਨਾਦਿ (ਆਪ ਮੁੱਢ/ਸੀਮਾ ਰਹਿਤ) ਹੈ, ਅਨਾਹਤਿ (ਅਬਿਨਾਸ਼ੀ ਹੋਣ ਕਾਰਨ) ਏਕੋ ਵੇਸੁ (ਇੱਕ ਸਮਾਨ ਸਤਿ ਸਰੂਪ) ‘ਜੁਗੁ ਜੁਗੁ’ (ਹਰ ਸਮੇਂ) ਹੈ।
(ਨੋਟ-(ੳ). ਯੋਗ ਮਤ; ਸਨਾਤਨ ਮਤ ਦਾ ਹੀ ਭਾਗ ਹੋਣ ਕਾਰਨ ਉਕਤ ਚਾਰੇ ਪਉੜੀਆਂ ’ਚ ‘ਮੁੰਦਾ, ਝੋਲੀ, ਬਿਭੂਤਿ, ਖਿੰਥਾ, ਡੰਡਾ’ ਸ਼ਬਦਾਂ ’ਚ ‘ਏਕਾ ਮਾਈ’ ਤੇ ਤਿੰਨ ਚੇਲਿਆਂ (ਬ੍ਰਹਮਾ, ਵਿਸ਼ਨੂੰ, ਸ਼ਿਵ) ਨੂੰ ਸ਼ਾਮਲ ਕਰ ਕੇ ਵੀ ਕੇਵਲ ਯੋਤ ਮੱਤ ਨਾਲ਼ ਸੰਵਾਦ ਚੱਲ ਰਿਹਾ ਹੈ, ਨਾ ਕਿ ਸਨਾਤਨ ਮੱਤ ਨਾਲ਼ ਕਿਉਂਕਿ ਚਾਰੇ ਪਉੜੀਆਂ ਦੀ ਸਮਾਪਤੀ ‘‘ਆਦੇਸੁ, ਤਿਸੈ ਆਦੇਸੁ॥’’ ਨਾਲ਼ ਹੋਈ ਹੈ, ਜੋ ਯੋਗ ਮੱਤ ਦੇ ਸ਼ਬਦ ਹਨ।
(ਅ). ਅਗਲੀ ੩੨ਵੀਂ ਪਉੜੀ ਨੂੰ ਵਿਚਾਰਨ ਤੋਂ ਪਹਿਲਾਂ ‘ਜਪੁ’ ਬਾਣੀ ’ਚ ਵਿਸ਼ਿਆਂ ਨੂੰ ਸੰਕੋਚਣ ਦਾ ਢੰਗ ਸਮਝਣਾ ਜ਼ਰੂਰੀ ਹੈ; ਜਿਵੇਂ ਕਿ
(1). (ਪਉੜੀ ਨੰਬਰ ੧) ਤੀਰਥ ਇਸ਼ਨਾਨ, ਮੌਨ ਵਰਤ, ਭੋਜਨ ਦਾ ਤਿਆਗ ਵਰਗੇ ਅਣਗਿਣਤ ਕਰਮਕਾਂਡਾਂ ਨੂੰ ਦਰਜ ਕਰਨ ਦੀ ਬਜਾਇ ਸੰਖੇਪ ’ਚ ‘‘ਸਹਸ ਸਿਆਣਪਾ ਲਖ ਹੋਹਿ..॥’’ ਕਹਿ ਕੇ ਬੰਦ ਕਰਨਾ।
(2). (ਪਉੜੀ ਨੰਬਰ ੩) ‘‘ਗਾਵੈ ਕੋ’’ ਵਿਸ਼ਾਲ ਵਿਸ਼ੇ ਨੂੰ ਮਾਤਰ 8 ਕੁ ਮਿਸਾਲਾਂ ‘‘ਹੋਵੈ ਕਿਸੈ ਤਾਣੁ ॥, ਦਾਤਿ ਜਾਣੈ ਨੀਸਾਣੁ ॥, ਗੁਣ ਵਡਿਆਈਆ ਚਾਰ ॥, ਵਿਦਿਆ ਵਿਖਮੁ ਵੀਚਾਰੁ ॥, ਸਾਜਿ ਕਰੇ ਤਨੁ ਖੇਹ ॥, ਜੀਅ ਲੈ ਫਿਰਿ ਦੇਹ ॥, ਜਾਪੈ ਦਿਸੈ ਦੂਰਿ ॥, ਵੇਖੈ ਹਾਦਰਾ ਹਦੂਰਿ ॥’’ ਰਾਹੀਂ ਸੰਖੇਪਦਿਆਂ ‘‘ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥’’ ਕਹਿ ਕੇ ਬੰਦ ਕਰਨਾ।
(3). (ਪਉੜੀ ੫) ‘ਗੁਰੂ’ ਬਨਾਮ ‘ਨਾਦੰ, ਵੇਦੰ, ਈਸਰੁ, ਗੋਰਖੁ, ਬਰਮਾ, ਪਾਰਬਤੀ’, ਇਤਿਆਦਿਕ 33 ਕਰੋੜ ਦਾ ਜ਼ਿਕਰ ਕਰਨ ਦੀ ਬਜਾਇ ਸੰਖੇਪ ’ਚ ‘ਗੁਰੂ’ ਨੂੰ ਪ੍ਰਮੁੱਖਤਾ ਦਿੰਦਿਆਂ ‘‘ਗੁਰਾ ! ਇਕ ਦੇਹਿ ਬੁਝਾਈ॥’’ ਕਹਿ ਕੇ ਪ੍ਰਸੰਗ ਬੰਦ ਕਰਨਾ।
(4). (ਪਉੜੀ ਨੰਬਰ ੭) 40 ਯੁੱਗਾਂ ਤੱਕ ਲੰਮੀ ਉਮਰ ਭੋਗਣ ਦੇ ਹਵਾਲੇ ਉਪਰੰਤ ਵੀ ਅਕਲ ਦੇਣ ਵਾਲ਼ਾ ‘‘ਤੇਹਾ ਕੋਇ ਨ ਸੁਝਈ॥’’ ਕਹਿ ਕੇ ਲੰਮੀ ਉਮਰ ਦੀ ਮਿਸਾਲ ਨੂੰ 40 ਯੁੱਗਾਂ ਤੱਕ ਸੰਕੋਚਣਾ।
(5). (ਪਉੜੀ ਨੰਬਰ ੧੬, ੧੭, ੧੮, ੧੯) ਕੁਦਰਤ ਨੂੰ ‘ਅਸੰਖ’ ਬਿਆਨ ਕਰ ਕੇ ਵੀ ‘‘ਕੁਦਰਤਿ ਕਵਣ ? ਕਹਾ ਵੀਚਾਰੁ॥’’ ਕਹਿ ਵਿਸ਼ਾ ਸਮੇਟਣਾ।
(6). (ਪਉੜੀ ਨੰਬਰ ੨੨, ੨੪) ਕੁਦਰਤ ਬਾਰੇ ‘‘ਲੇਖਾ ਹੋਇ, ਤ ਲਿਖੀਐ..॥’’ ਜਾਂ ‘‘ਜੇਵਡੁ ਆਪਿ, ਜਾਣੈ ਆਪਿ ਆਪਿ॥’’ ਸ਼ਬਦ ਕਹਿ ਵਿਸ਼ਾ ਸੰਕੋਚਣਾ।
(7). (ਪਉੜੀ ਨੰਬਰ ੨੬) ਰੱਬੀ ਗੁਣ ਨੂੰ ‘‘ਅਮੁਲੋ ਅਮੁਲੁ, ਆਖਿਆ ਨ ਜਾਇ॥’’ ਕਹਿ ਪਉੜੀ ਵਿਸ਼ਾ ਸੰਕੋਚਣਾ।
(8). (ਪਉੜੀ ਨੰਬਰ ੨੭) ‘‘ਗਾਵਹਿ ਖੰਡ ਮੰਡਲ ਵਰਭੰਡਾ..॥’’ ਬਿਆਨ ਕਰ ਕੇ ਵੀ ‘‘ਹੋਰਿ ਕੇਤੇ ਗਾਵਨਿ..॥’’ ਕਹਿਣਾ, ਆਦਿ ਤੋਂ ਜਾਪਦਾ ਹੈ ਕਿ ‘ਜਪੁ’ ਬਾਣੀ ’ਚ ‘ਰੱਬ, ਗੁਰੂ ਤੇ ਕੁਦਰਤ’ ਬਾਰੇ ਬਹੁ ਪੱਖੀ ਵਿਸ਼ਿਆਂ ਨੂੰ ਕੇਵਲ ਮਿਸਾਲ ਵਜੋਂ ਹੀ ਵਿਚਾਰਿਆ ਗਿਆ ਹੈ, ਇਸੇ ਕਾਰਨ ਗੁਰਮਤਿ ਦੀ ਗਹੁ ਨਾਲ਼ ਘੋਖ ਕਰਨ ਵਾਲ਼ੇ ‘ਜਪੁ’ ਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਾਰ ਮੰਨਦੇ ਹਨ।
ਪਿਛਲੀਆਂ ੩੧ ਪਉੜੀਆਂ ਦੀ ਸੰਖੇਪਤਾ ਨੂੰ ਇਸ ੩੨ਵੀਂ ਪਉੜੀ ’ਚ ਹੋਰ ਵੀ (ਭਾਵ ਗੁਰੂ ਤੇ ਕੁਦਰਤ ਨੂੰ ਵੀ ਕੇਵਲ ਰੱਬੀ ਰੂਪ ਮੰਨ ਕੇ) ਸੰਕੋਚਿਆ ਗਿਆ ਹੈ ਕਿਉਂਕਿ ਇਸ ਤੋਂ ਅਗਾਂਹ (੩੩ਵੀਂ ਪਉੜੀ ’ਚ) ਇੱਕ ਹੋਰ ਤੱਥ ਨੂੰ ਸੰਕੋਚਿਆ ਜਾਣਾ ਹੈ।)
ਇਕ ਦੂ ਜੀਭੌ, ਲਖ ਹੋਹਿ; ਲਖ ਹੋਵਹਿ, ਲਖ ਵੀਸ॥ ਉਚਾਰਨ : ਦੂੰ, ਜੀਭੌਂ, ਹੋਹਿਂ, ਹੋਵਹਿਂ।
ਇੱਕ (ਜੀਭ) ਤੋਂ ਅਗਰ ਲੱਖ ਜੀਭਾਂ ਹੋ ਜਾਣ ਤੇ ਲੱਖ ਤੋਂ 20 ਲੱਖ ਵੀ ਹੋ ਜਾਣ।
ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ॥ ਉਚਾਰਨ : ਆਖੀਅਹਿਂ, ਜਗਦੀਸ਼।
(ਫਿਰ ਹਰ ਇੱਕ-ਇੱਕ ਜੀਭ ਨਾਲ਼) ਲੱਖ-ਲੱਖ ਵਾਰ ਇੱਕੋ ਇੱਕ ਜਗਤ ਦੇ ਮਾਲਕ ਦਾ ਨਾਮ (ਨਾਮਣਾ, ਵਡੱਪਣ, ਪ੍ਰਭੁਤਾ) ਬਿਆਨ ਕਰੀਏ (ਤਾਂ ਵੀ ‘‘ਸਿਰਿ ਭਾਰੁ ਹੋਇ ॥’’ ਭਾਵ ਉਸ ਨੂੰ ਘੱਟ ਆਂਕਣਾ ਹੈ।)
ਏਤੁ ਰਾਹਿ, ਪਤਿ ਪਵੜੀਆ; ਚੜੀਐ, ਹੋਇ ਇਕੀਸ॥ ਉਚਾਰਨ : ਰਾਹ, ਪਵੜੀਆਂ।
ਪਤੀ ਮਿਲਾਪ ਵੱਲ ਲੈ ਜਾਣ ਵਾਲ਼ੇ ਇਸ (ਉਤਾਂਹ) ਰਸਤੇ ’ਚ ਇਕੀਸ (ਅਭੇਦ/ਇੱਕ ਰੂਪ) ਹੋ ਕੇ ਹੀ ਟੀਚਾ ਫ਼ਤਿਹ ਕੀਤਾ ਜਾ ਸਕਦਾ ਹੈ (ਨਾ ਕਿ ਰੱਬੀ ਸਮਝ ਨੂੰ ਗਿਣ-ਮਿਣ ਕੇ)।
ਸੁਣਿ, ਗਲਾ ਆਕਾਸ ਕੀ; ਕੀਟਾ ਆਈ ਰੀਸ॥ ਉਚਾਰਨ : ਗੱਲਾਂ, ਆਕਾਸ਼, ਕੀਟਾਂ।
(ਕਿਉਂਕਿ ਅਜਿਹੀ ਗਿਣਤੀ ਇਉਂ ਹੁੰਦੀ ਹੈ; ਜਿਵੇਂ ਧਰਤੀ ’ਤੇ ਰੀਂਗਣ ਵਾਲ਼ੇ) ਕੀੜਿਆਂ ਨੂੰ ਪੁਲਾੜ ਦੀਆਂ ਗੱਲਾਂ ਸੁਣ ਕੇ (ਮਨ ’ਚ, ਉਤਾਂਹ ਚੜ੍ਹਨ ਦਾ) ਉਤਸ਼ਾਹ ਪੈਦਾ ਹੋ ਜਾਵੇ (ਪਰ ਉਹ ਪੰਖ ਵਿਹੂਣੇ ਖ਼ਿਆਲੀ ਮੰਜ਼ਲ ਨੂੰ ਸਰ ਨਹੀਂ ਕਰ ਸਕਦੇ ।)
(ਨੋਟ : ਉਕਤ ਪੰਕਤੀ ਗਿਣਤੀ-ਮਿਣਤੀ ਦੀ ਪਾਠ ਲੜੀ ਨੂੰ ਮੂਲੋਂ ਹੀ ਰੱਦ ਕਰਦੀ ਹੈ, ਜਿਸ ਦਾ ਅਸੀਂ ਉਤੇਜਿਤ ਹੋ ਕੇ ਪ੍ਰਚਾਰ ਕਰਦੇ ਆ ਰਹੇ ਹਾਂ, ਤਾਂ ਤੇ ‘‘ਵਢੀਅਹਿ ਹਥ ਦਲਾਲ ਕੇ..॥’’ (ਮਹਲਾ ੧, ਪੰਨਾ ੪੭੨) ਚਿਤਾਵਨੀ ਵੀ ਕੇਵਲ ਬ੍ਰਾਹਮਣ ਬਾਰੇ ਨਹੀਂ ਕਹੀ ਜਾ ਸਕਦੀ।)
ਨਾਨਕ ! ਨਦਰੀ ਪਾਈਐ; ਕੂੜੀ ਕੂੜੈ ਠੀਸ॥ ੩੨॥
(ਪਰ) ਹੇ ਨਾਨਕ ! (ਰੱਬੀ ਮਿਹਰ) ਦ੍ਰਿਸ਼ਟੀ ਨਾਲ਼ (ਹੀ ਇਹ ਰੁਤਬਾ) ਪਾਇਆ ਜਾ ਸਕਦਾ ਹੈ (ਗਿਣਤੀ-ਮਿਣਤੀ ਦਾ ਢੌਂਗ ਕਰ ਬਖ਼ਸ਼ਸ਼ ਤੋਂ ਸੱਖਣੇ ਹੋਏ) ਝੂਠੇ ਬੰਦੇ ਦੀ (ਕੋਰੀ ‘ਕੀਟਾ ਆਈ ਰੀਸ’ ਵਾਙ ਕਲਪਨਾ ਹੀ ਹੈ ਕਿ ਟੀਚਾ ਫ਼ਤਿਹ ਕਰਾਂਗਾ) ਝੂਠ ਹੈ, ਗੱਪ ਹੈ।
(ਨੋਟ : ‘ਜਪੁ’ ਬਾਣੀ ਦਾ ਤੱਤ-ਸਾਰ ਘੋਖਣ ਲਈ ਇਸ ਦੀਆਂ 38 ਪਉੜੀਆਂ ਨੂੰ ਤਿੰਨ ਭਾਗਾਂ ’ਚ ਵੰਡ ਲੈਣਾ ਸਹੀ ਹੋਵੇਗਾ :
(1). ਪਹਿਲੇ ਪੜਾਅ ’ਚ (ਪਹਿਲੀਆਂ 15 ਪਉੜੀਆਂ ’ਚ) ‘ਗੁਰੂ’ ਪਦ ਨੂੰ ਸਿਰਮੌਰਤਾ ਦੇਣਾ।
(2). ਦੂਜੇ ਪੜਾਅ ’ਚ (15 ਤੋਂ 33 ਪਉੜੀਆਂ ’ਚ) ਰੱਬੀ ਸੰਵਾਦ ਨੂੰ ਮਹੱਤਤਾ ਦੇਣਾ।
(3). ਤੀਜੇ ਪੜਾਅ ’ਚ (34 ਤੋਂ 37 ਪਉੜੀਆਂ ’ਚ) ਰੂਹਾਨੀਅਤ ਨੂੰ ਪੰਜ ਅਵਸਥਾਵਾਂ ’ਚ ਵੰਡਣਾ।
ਉਕਤ ਵੰਡ ਮੁਤਾਬਕ ਅਗਾਂਹ ੩੩ਵੀਂ ਪਉੜੀ; ਨੰਬਰ 2 ਪੜਾਅ ਦੀ ਅੰਤਮ ਪਉੜੀ ਹੈ, ਜੋ ਪਹਿਲੇ ਅਤੇ ਦੂਜੇ ਪੜਾਅ ’ਚ ਵਿਚਾਰੇ ਗਏ ਵਿਸ਼ਿਆਂ ਨੂੰ ਅਨੋਖੇ ਤਰੀਕੇ ਨਾਲ਼ ਪੇਸ਼ ਕਰਦੀ ਹੈ, ਤਾਂ ਜੋ ਸਾਫ਼ ਹੋ ਜਾਵੇ ਕਿ ਕੁਦਰਤ (ਮਨੁੱਖੀ ਸੁਭਾਅ) ਵਾਕਿਆ ਈ (ਹੀ) ਇੱਕ ਰੱਬੀ ਖੇਡ ਹੈ। ਜਿਸ ਤਰ੍ਹਾਂ ਪਿਛਾਂਹ ਕੀਤੀ ਗਈ ਵਿਚਾਰ ’ਚ ‘ਸੁਣਿਐ’ ਨੂੰ ‘ਗਿਆਨਖੰਡ’ ਨਾਲ਼ ਅਤੇ ‘ਮੰਨੈ’ ਨੂੰ ‘ਸਰਮਖੰਡ’ ਨਾਲ਼ ਮਿਲਾਣ ਕੀਤਾ ਗਿਆ ਸੀ, ਉਸੇ ਤਰ੍ਹਾਂ ਅਗਲੀ ੩੩ਵੀਂ ਪਉੜੀ ਦਾ ਨਜ਼ਰੀਆ ਤੇ ‘ਸਚਖੰਡਿ’ ਸਮਾਨੰਤਰ ਹਨ, ਜਿੱਥੋਂ ਸਭ ਕੁਝ ਰੱਬੀ ਦ੍ਰਿਸ਼ਟੀ ਤੋਂ ਵੇਖਿਆ ਜਾਣਾ ਹੈ।
‘ਜਪੁ’ ਦੀ ਪਹਿਲੀ ਪਉੜੀ ’ਚ ‘‘ਚੁਪੈ, ਚੁਪ ਨ ਹੋਵਈ॥’’ ਅਨੁਸਾਰ ਘੱਟ ਜਾਂ ਵੱਧ ਬੋਲਣਾ ਅਤੇ ਚੌਥੀ ਪਉੜੀ ‘‘ਆਖਹਿ, ਮੰਗਹਿ, ਦੇਹਿ ਦੇਇ॥’’ ਮੁਤਾਬਕ ਰੱਬੀ ਦਰੋਂ ਮੰਗਣਾ ਤੇ ਲੈ ਕੇ ਫਿਰ ਹੋਰ ਨੂੰ ਦੇਣਾ; ਇਸ ਮਨੁੱਖੀ ਸੋਚ ਦੇ ਪਿਛੋਕੜ ’ਚ ਰੱਬੀ ਪ੍ਰੇਰਨਾ ਕਾਰਜਸ਼ੀਲ ਹੈ; ਜਿਵੇਂ ਕਿ)
ਆਖਣਿ ਜੋਰੁ, ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ, ਦੇਣਿ ਨ ਜੋਰੁ॥ ਉਚਾਰਨ : ਜ਼ੋਰ।
ਜਿਆਦਾ ਬੋਲਣ ਵਿੱਚ ਜਾਂ ਮੌਨ ਧਾਰਨ ’ਚ ਮਨੁੱਖੀ ਤਾਕਤ ਕੰਮ ਨਹੀਂ ਕਰਦੀ ਭਾਵ ਇਹ ਪ੍ਰੇਰਨਾ ਅਲੌਕਿਕ ਸ਼ਕਤੀ ਦਿੰਦੀ ਹੈ, ਮਾਲਕ ਦੇ ਦਰ ਤੋਂ ਕੁੱਝ) ਮੰਗਣ ਵਿੱਚ (ਜਾਂ ਪ੍ਰਾਪਤ ਹੋਈ ਦਾਤ ’ਚੋਂ ਕਿਸੇ ਹੋਰ ਨੂੰ ਕੁਝ) ਦੇਣ ਵਿੱਚ ਮਨੁੱਖਾ ਸ਼ਕਤੀ ਕਾਰਜਸ਼ੀਲ ਨਹੀਂ।
(ਨੋਟ : ੭ਵੀਂ ਪਉੜੀ ‘‘ਜੇ, ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਇ॥….ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ॥’’ ’ਚ ਵਡੇਰੀ ਉਮਰ ਤੇ ਸਥਾਈ ਰਾਜ ਸਥਾਪਤ ਕਰਨ ਵੱਲ ਸੰਕੇਤ ਹੈ, ਪਰ)
ਜੋਰੁ ਨ ਜੀਵਣਿ, ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ, ਮਨਿ ਸੋਰੁ॥ ਉਚਾਰਨ : ਜ਼ੋਰ, ਸ਼ੋਰ।
ਲੰਮੀ ਉਮਰ ਭੋਗਣ ਵਿੱਚ ਜਾਂ ਛੇਤੀ ਮਰਨ ’ਚ (ਮਨੁੱਖ ਪਾਸ) ਕੋਈ ਸਮਰੱਥਾ ਨਹੀਂ। ਸਥਾਈ ਰਾਜ ਸਥਾਪਤ ਕਰਨ ਵਿੱਚ, ਧਨ-ਪਦਾਰਥ ਜੋੜਨ ਵਿੱਚ ਮਨੁੱਖ ਦਾ ਵੱਸ ਨਹੀਂ (ਜਿਨ੍ਹਾਂ ਰਾਹੀਂ) ਮਨ ਵਿੱਚ (ਹੰਕਾਰੀ ਫੁਰਨਿਆਂ ਦਾ) ਸ਼ੋਰ-ਸ਼ਰਾਬਾ ਹੁੰਦਾ ਹੈ (ਭਾਵ ਸਭ ਉਤਾਰ-ਚੜ੍ਹਾਉ ਮਾਲਕ ਦੀ ਖੇਡ ਹੈ)।
(ਨੋਟ : ੧੩ਵੀਂ ਪਉੜੀ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ॥’’ ਰਾਹੀਂ ਉੱਚੀ ਹੁੰਦੀ ਸੁਰਤ ਤੇ ਮਨੋਂ ਸੁਚੇਤ ਹੋ ਕੇ ਸੰਸਾਰ ਸਮੁੰਦਰ ਪਾਰ ਕਰੀਦਾ ਹੈ, ਪਰ)
ਜੋਰੁ ਨ ਸੁਰਤੀ, ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ, ਛੁਟੈ ਸੰਸਾਰੁ॥ ਉਚਾਰਨ : ਜ਼ੋਰ।
ਗਿਆਨ ਦੁਆਰਾ ਵਿਚਾਰ-ਵਿਚਾਰ ਕੇ ਉੱਚਾ ਧਿਆਨ ਜੋੜਨ ਵਿੱਚ ਅਤੇ ਚੰਗੀ ਰਹਿਣੀ ਵਿੱਚ ਮਨੁੱਖ ਦਾ ਵੱਸ ਨਹੀਂ (ਭਾਵੇਂ ਕਿ ਇਨ੍ਹਾਂ ਰਾਹੀਂ ਹੀ) ਸੰਸਾਰਕ ਬੰਧਨ ਟੁੱਟਦਾ ਹੈ।
(ਨੋਟ : ਇਸ ੩੩ਵੀਂ ਪਉੜੀ ’ਚ ਵਰਣਨ ਕੀਤੀ ਜਾ ਰਹੀ ਰੂਹਾਨੀਅਤ ਅਵਸਥਾ; ਅਗਾਂਹ ‘ਸਚਖੰਡਿ’ ਵਾਲ਼ੀ ੩੮ਵੀਂ ਪਉੜੀ ‘‘ਸਚਖੰਡਿ, ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ, ਨਦਰਿ ਨਿਹਾਲ॥’’ ਵਾਲ਼ੀ ਹੈ। ਇਸ ਪੜਾਅ ’ਚ ‘ਅਦਭੁਤ ਰੱਬੀ ਦ੍ਰਿਸ਼’; ਉਸ ਦੀ ਮਿਹਰ ਤੋਂ ਬਿਨਾਂ ਮਹਿਸੂਸ ਹੋਣੇ ਅਸੰਭਵ ਹੈ।
ਉਕਤ ਦੂਜੇ ਪੜਾਅ (15 ਤੋਂ 33 ਪਉੜੀਆਂ) ’ਚ, ਰੱਬੀ ਸੰਵਾਦ ਦੌਰਾਨ ਰੱਬੀ ਦ੍ਰਿਸ਼ਟੀ ਤੋਂ ਕੋਈ ਮੂਰਖ ਜਾਂ ਸਿਆਣਾ ਨਹੀਂ ਆਦਿ ਮਿਸਾਲਾਂ ਉਪਰੰਤ ਇਹ ਪਉੜੀ ਵੀ ‘ਜਪੁ’ ਦੀ ਨਿਰੰਤਰ ਚਲਦੀ ਆ ਰਹੀ ਲਿਖਤ ਮੁਤਾਬਕ ਇਉਂ ਸੰਕੋਚੀ ਗਈ।)
ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ॥ ਨਾਨਕ ! ਉਤਮੁ ਨੀਚੁ ਨ ਕੋਇ॥ ੩੩॥ ਉਚਾਰਨ : ਜ਼ੋਰ।
ਜਿਸ (ਮਾਲਕ) ਦੇ ਅਧਿਕਾਰ ਵਿੱਚ (ਗੁਰਮੁਖ/ਮਨਮੁਖ, ਸੰਜੋਗੁ/ਵਿਜੋਗੁ ਰੂਪ) ਸਮਰੱਥਾ ਹੈ, ਉਹੀ (ਜਗਤ ਖੇਡ) ਬਣਾ ਕੇ (ਇਸ ਨੂੰ) ਵਾਚ ਰਿਹਾ ਹੈ, ਸੰਭਾਲ਼ ਰਿਹਾ ਹੈ। ਹੇ ਨਾਨਕ ! (ਆਖ ਕਿ ਇੱਥੇ ਆਪਣੇ ਆਪ) ਕੋਈ ਉੱਚਾ-ਨੀਵਾਂ ਕਿਰਦਾਰ ਨਹੀਂ ਬਣ ਸਕਦਾ।
http://gurparsad.com/jap-pori-no-1-to-3-part-1/
http://gurparsad.com/jap-pori-no-4-to-15-part-2/
http://gurparsad.com/jap-pori-no-16-to-24-part-3/
http://gurparsad.com/jap-pori-no-34-to-last-slok-and-method-of-use-to-nanak-shabad-part-5/