JAP (Pori No.19)

0
567

ਅਸੰਖ ਨਾਵ, ਅਸੰਖ ਥਾਵ ॥ ਅਗੰਮ, ਅਗੰਮ; ਅਸੰਖ ਲੋਅ ॥ ਅਸੰਖ ਕਹਹਿ; ਸਿਰਿ ਭਾਰੁ ਹੋਇ ॥ ਅਖਰੀ ਨਾਮੁ; ਅਖਰੀ ਸਾਲਾਹ ॥ ਅਖਰੀ; ਗਿਆਨੁ ਗੀਤ ਗੁਣ ਗਾਹ ॥ ਅਖਰੀ; ਲਿਖਣੁ ਬੋਲਣੁ ਬਾਣਿ ॥ ਅਖਰਾ; ਸਿਰਿ ਸੰਜੋਗੁ ਵਖਾਣਿ ॥ ਜਿਨਿ, ਏਹਿ ਲਿਖੇ; ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ; ਤਿਵ ਤਿਵ ਪਾਹਿ ॥ ਜੇਤਾ ਕੀਤਾ; ਤੇਤਾ ਨਾਉ ॥ ਵਿਣੁ ਨਾਵੈ; ਨਾਹੀ ਕੋ ਥਾਉ ॥ ਕੁਦਰਤਿ ਕਵਣ; ਕਹਾ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ, ਸਦਾ ਸਲਾਮਤਿ; ਨਿਰੰਕਾਰ ॥੧੯॥ (ਜਪੁ /ਮ: ੧)

ਉਚਾਰਨ ਸੇਧ: ਨਾਂਵ, ਥਾਂਵ, ਕਹਹਿਂ, ਅੱਖਰੀਂ, ਅੱਖਰਾਂ, ਏਹ, ਨਾਹਿਂ, ਫ਼ੁਰਮਾਏ, ਪਾਹਿਂ, ਨਾਉਂ, ਨਾਵੈਂ, ਨਾਹੀਂ, ਥਾਉਂ, ਕਹਾਂ, ਜਾਵਾਂ।

ਪਦ ਅਰਥ: ਅਗੰਮ-ਅਪਹੁੰਚ (ਭਾਵ ਇੰਦ੍ਰਿਆਂ ਦੀ ਪਹੁੰਚ ਤੋਂ ਦੂਰ, ਵਿਸ਼ੇਸ਼ਣ)।, ਲੋਅ (ਤਿੰਨ ਲੋਕ, ਤਿੰਨ ਭਵਨ ਭਾਵ ਵਿਸਥਾਰ, ਬਹੁ ਵਚਨ ਨਾਂਵ)।, ਕਹਹਿ– ਕਹਿੰਦੇ ਹਨ (ਬਹੁ ਵਚਨ ਕਿਰਿਆ)।, ਸਿਰਿ– ਸਿਰ ਉੱਤੇ (ਅਧਿਕਰਣ ਕਾਰਕ)।, ਅਖਰੀ– ਅੱਖਰਾਂ ਦੀ ਰਾਹੀਂ (ਕਰਣ ਕਾਰਕ)।, ਗੀਤ-ਸਿਫ਼ਤ (ਬਹੁ ਵਚਨ ਨਾਂਵ)।, ਗੁਣ ਗਾਹ– ਗੁਣਾਂ ਦੀ ਪਕੜ (ਸਮਝ) ਵਾਲੇ, ਗੁਣਾਂ ਨੂੰ ਸਵੀਕਾਰ (ਗ੍ਰਹਣ) ਕਰਨ ਵਾਲੇ (ਬਹੁ ਵਚਨ ਨਾਂਵ)।, ਬਾਣਿ– ਬਾਣੀ (ਬੋਲੀ, ਇਸਤ੍ਰੀ ਲਿੰਗ ਨਾਂਵ)।, ਅਖਰਾ ਅੱਖਰਾਂ ਦੀ ਰਾਹੀਂ (ਕਰਣ ਕਾਰਕ)।, ਸੰਜੋਗੁ-ਭਾਗਾਂ ਦਾ ਲੇਖ (ਇੱਕ ਵਚਨ ਪੁਲਿੰਗ ਨਾਂਵ)।, ਵਖਾਣਿ-ਵਖਾਣਿਆ (ਬਿਆਨਿਆ) ਜਾਂਦਾ ਹੈ (ਕਿਰਿਆ)।, ਜਿਨਿ– ਜਿਸ (ਪ੍ਰਭੂ) ਨੇ (ਕਰਤਾ ਕਾਰਕ, ਇੱਕ ਵਚਨ ਪੜਨਾਂਵ)।, ਏਹਿ– ਇਹ (ਅੱਖਰ, ਭਾਗਾਂ ਦੇ ਲੇਖ, ਬਹੁ ਵਚਨ ਪੜਨਾਂਵ)।, ਪਾਹਿ-(ਮੱਥੇ ’ਤੇ) ਪੈਂਦੇ ਹਨ, ਲਿਖੇ ਜਾਂਦੇ ਹਨ (ਬਹੁ ਵਚਨ ਕਿਰਿਆ)।, ਜੇਤਾ– ਜਿਤਨਾ (ਮਿਣਤੀ-ਵਾਚਕ ਕਿਰਿਆ ਵਿਸ਼ੇਸ਼ਣ)।, ਤੇਤਾ– ਉਤਨਾ (ਮਿਣਤੀ-ਵਾਚਕ ਕਿਰਿਆ ਵਿਸ਼ੇਸ਼ਣ)।, ਨਾਉ-ਸਰੂਪ, ਸ਼ਕਲ (ਇੱਕ ਵਚਨ ਨਾਂਵ)।, ਵਿਣੁ ਨਾਵੈ– (ਕਰਤਾਰ ਦੀ) ਸ਼ਕਲ ਤੋਂ ਬਿਨਾ।

(ਨੋਟ: ਇਸ 84 ਸ਼ਬਦਾਂ ਵਾਲੀ 19 ਵੀਂ ਅਤੇ ‘ਅਸੰਖ’ ਸ਼ਬਦ ਨਾਲ ਸੰਬੰਧਿਤ ਆਖ਼ਰੀ ਪਉੜੀ ਵਿੱਚ ਪਿਛਲੀਆਂ 2 ਪਉੜੀਆਂ (17 ਤੇ 18) ਦੇ ਵਿਸ਼ੇ ਨੂੰ ਸਮੂਹਿਕ (ਸਾਂਝਾ) ਕਰਕੇ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਪਉੜੀ ਨੰਬਰ 17 ਵਿੱਚ ਪ੍ਰਮਾਤਮਾ ਪ੍ਰਤੀ ਆਸਥਾ ਰੱਖਣ ਵਾਲਿਆਂ ਦਾ ਜ਼ਿਕਰ ਸੀ ਜਦਕਿ ਪਉੜੀ ਨੰਬਰ 18 ਵਿੱਚ ਨਾ-ਆਸਥਾ ਰੱਖਣ ਵਾਲਿਆਂ (ਭਾਵ ਆਸਥਾ ਵਾਲਿਆਂ ਦਾ ਵਿਰੋਧ ਕਰਨ ਵਾਲਿਆਂ) ਦੀ ਮਨੋ ਬ੍ਰਿਤੀ ਨੂੰ ਬਿਆਨ ਕੀਤਾ ਗਿਆ ਸੀ। ਪ੍ਰਮਾਤਮਾ ਪ੍ਰਤੀ ‘ਆਸਥਾ’ ਜਾਂ ‘ਨਾ-ਆਸਥਾ’ ਕੇਵਲ ਮਨੁੱਖਾ ਸੋਚ ਦੀ ਉਪਜ ਹੈ ਜਦਕਿ ਇਹ ਦੋਵੇਂ ਵਰਗ ਪ੍ਰਮਾਤਮਾ ਦਾ ਸਾਂਝਾ ਪਰਵਾਰ ਹੀ ਹਨ, ਜਿਸ ਦਾ ਜ਼ਿਕਰ ਇਸ ਪਉੜੀ ਵਿੱਚ ਦਰਜ ਹੈ।

‘ਅਸੰਖ’ ਸ਼ਬਦ ਗੁਰਬਾਣੀ ਵਿੱਚ 59 ਵਾਰ ਦਰਜ ਹੈ ਅਤੇ ‘ਅਸੰਖਾ’ 5 ਵਾਰ, ਜਿਨ੍ਹਾਂ ਵਿੱਚੋਂ ਪ੍ਰਮਾਤਮਾ ਦੇ ਵਿਸਥਾਰ ਨੂੰ ਬਿਆਨ ਕਰਦਿਆਂ ‘ਅਸੰਖ’ ਸ਼ਬਦ ਦੀ ਵਰਤੋਂ ‘ਗੁਰੂ ਨਾਨਕ ਸਾਹਿਬ ਜੀ’ ਨੇ 19 ਵਾਰ ਕੇਵਲ ‘ਜਪੁ’ ਬਾਣੀ ਵਿੱਚ ਹੀ ਕੀਤੀ ਹੈ। ਸੰਬੰਧਿਤ ਪੰਕਤੀ ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥’’ ’ਚ ਦਰਜ ‘ਅਸੰਖ’ ਸ਼ਬਦ, ਇਨ੍ਹਾਂ ਵਿੱਚੋਂ ਸਭ ਤੋਂ ਅਖ਼ੀਰਲਾ ਹੈ। ਇਨ੍ਹਾਂਤਮਾਮ ਪੰਕਤੀਆਂ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਨੇ (‘ਅਸੰਖ’ ਤੇ ‘ਅਸੰਖਾ’ ਸ਼ਬਦਾਂ ਦੀ ਵਰਤੋਂ) 15 ਵਾਰ, ਗੁਰੂ ਅਮਰਦਾਸ ਜੀ ਨੇ ਕੇਵਲ 2 ਵਾਰ, ਗੁਰੂ ਰਾਮਦਾਸ ਜੀ ਨੇ 8 ਵਾਰ, ਗੁਰੂ ਅਰਜੁਨ ਸਾਹਿਬ ਜੀ ਨੇ 15 ਵਾਰ ਅਤੇ ਭਗਤ ਨਾਮਦੇਵ ਜੀ ਨੇ ਕੇਵਲ ਇੱਕ ਵਾਰ ‘‘ਅਸੰਖ ਕੋਟਿ ਅਨ ਪੂਜਾ ਕਰੀ ॥ ਏਕ ਨ ਪੂਜਸਿ ਨਾਮੈ ਹਰੀ ॥’’ (ਭਗਤ ਨਾਮਦੇਵ/੧੧੬੩) ਕਰਤਾਰ ਦੀ ਕੁਦਰਤ ਦੇ ਸੰਬੰਧ ’ਚ ਦਰਜ ਕੀਤਾ ਹੋਇਆ ਮਿਲਦਾ ਹੈ।)

‘‘ਅਸੰਖ ਨਾਵ, ਅਸੰਖ ਥਾਵ ॥’’– ਇਸ ਪੰਕਤੀ ’ਚ ਦਰਜ ਸ਼ਬਦ ‘ਨਾਂਵ’ ਤੇ ‘ਥਾਂਵ’ ਬਹੁ ਵਚਨ ਪੁਲਿੰਗ ਨਾਂਵ ਹਨ, ਜਿਨ੍ਹਾਂ ਦਾ ਗਿਣਤੀ-ਵਾਚਕ ਵਿਸ਼ੇਸ਼ਣ ਸ਼ਬਦ ‘ਅਸੰਖ’ (ਵੀ ਬਹੁ ਵਚਨ) ਹੈ।

‘ਨਾਂਵ’ ਸ਼ਬਦ ਦਾ ਇੱਕ ਵਚਨ ਪੁਲਿੰਗ ਸ਼ਬਦ ਹੈ ‘ਨਾਉ’ ਅਤੇ ‘ਨਾਮੁ’। ਗੁਰਬਾਣੀ ਵਿੱਚ ‘ਨਾਉ’ ਸ਼ਬਦ 384 ਵਾਰ ਤੇ ‘ਨਾਮੁ’ਸ਼ਬਦ 3357 ਵਾਰ ਦਰਜ ਹੈ। ‘ਨਾਉ’ ਅਤੇ ‘ਨਾਮੁ’ ਸ਼ਬਦ ਦਾ ਅਰਥ ਹੁੰਦਾ ਹੈ ‘ਰੱਬੀ ਵਡਿਆਈ (ਜਸ, ਗੁਣ), ਪ੍ਰਕਾਸ਼ (ਨੂਰ), ਰੱਬੀ ਨਾਮ, ਰੱਬੀ ਵਡੱਪਣ (ਨਾਮਣਾ, ਪ੍ਰਸਿੱਧੀ), ਮੌਜੂਦਗੀ, ਸਰੂਪ, ਕਿਸ਼ਤੀ, ਇਨਸਾਫ਼, ਇਸਨਾਨ ਕਰਨਾ’ ਆਦਿ; ਜਿਵੇਂ:

(1). ‘ਨਾਉ’ ਭਾਵ ‘ਵਡਿਆਈ, ਜਸ, ਗੁਣ’; ਜਿਵੇਂ:

‘‘ਅੰਮ੍ਰਿਤ ਵੇਲਾ, ਸਚੁ ‘ਨਾਉ’; ਵਡਿਆਈ ਵੀਚਾਰੁ ॥’’ (ਜਪੁ /ਮ: ੧)

(2). ‘ਨਾਮੁ’ ਭਾਵ ‘ਪ੍ਰਕਾਸ਼, ਨੂਰ’; ਜਿਵੇਂ:

‘‘ਜਹ; ਮਾਤ, ਪਿਤਾ, ਸੁਤ, ਮੀਤ ਨ ਭਾਈ ॥ ਮਨ ! ਊਹਾ; ‘ਨਾਮੁ’ ਤੇਰੈ ਸੰਗਿ, ਸਹਾਈ ॥’’ (ਮ: ੫/੨੬੪)

(3). ‘ਨਾਮੁ’ ਭਾਵ ‘ਵਡੱਪਣ, ਪ੍ਰਸਿੱਧੀ, ਨਾਮਣਾ’; ਜਿਵੇਂ:

‘‘ਐਸਾ ‘ਨਾਮੁ’ ਨਿਰੰਜਨੁ ਹੋਇ ॥’’ (ਜਪੁ /ਮ: ੧)

‘‘ਸਦਾ ਸਿਫਤਿ ਸਲਾਹ ਤੇਰੀ, ‘ਨਾਮੁ’ ਮਨਿ ਵਸਾਵਏ ॥’’ (ਮ: ੩/੯੧੭) ਭਾਵ ਤੇਰੀ ਸਦਾ ਸਿਫ਼ਤ-ਸਾਲਾਹ ਕੀਤੀ ਤੇਰਾ ਵਡੱਪਣ ਮਨ ਵਿੱਚ ਵਸਾਉਂਦਾ ਹੈ।

‘‘ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋਖੀਵਦੈ ? ॥’’ (ਬਲਵੰਡ ਸਤਾ/੯੬੬) (ਭਾਵ ਜਿਸ ਦੀ ਪ੍ਰਸਿੱਧੀ ਸਰਬ ਸ਼ਕਤੀਮਾਨ ਕਰਤਾਰ ਕਰੇ ਉਸ ਦੇ ਉੱਚੇ ਜੀਵਨ ਨੂੰ ਤੋਲਣ ਲਈ ਕਿਹੜਾ ਬੋਲ (ਸ਼ਬਦ) ਬੋਲਿਆ ਜਾ ਸਕਦਾ ਹੈ?) ਆਦਿ।

(4). ‘ਨਾਉ’ ਭਾਵ ‘ਇਸਨਾਨ ਕਰਨਾ’; ਜਿਵੇਂ:

‘‘ਅੰਤਰਗਤਿ ਤੀਰਥਿ ਮਲਿ ‘ਨਾਉ’ ॥’’ (ਜਪੁ /ਮ: ੧)

(5). ‘ਨਾਉ’ ਭਾਵ ‘ਨਾਮ’; ਜਿਵੇਂ:

‘‘ਊਚੇ ਉਪਰਿ; ਊਚਾ ‘ਨਾਉ’ ॥’’ (ਜਪੁ /ਮ: ੧)

‘‘ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥’’ (ਮ: ੫/੪੮)

‘‘ਸੰਤ ਪ੍ਰਸਾਦਿ, ਜਪੈ ਹਰਿ ਨਾਉ ॥’’ (ਮ: ੫/੧੮੩)

‘‘ਕਲਿ ਤਾਤੀ, ਠਾਂਢਾ ਹਰਿ ਨਾਉ ॥’’ (ਮ: ੫/੨੮੮) ਆਦਿ।

(6). ‘ਨਾਉ’ ਭਾਵ ‘ਕਿਸ਼ਤੀ’; ਜਿਵੇਂ:

‘‘ਅਜਹੁ ਸੁ ‘ਨਾਉ’ ਸਮੁੰਦ੍ਰ ਮਹਿ; ਕਿਆ ਜਾਨਉ ਕਿਆ ਹੋਇ ? ॥’’ (ਭਗਤ ਕਬੀਰ / ੧੩੬੬) ਆਦਿ।

ਗੁਰਬਾਣੀ ਵਿੱਚ ‘ਨਾਉ’ ਅਤੇ ‘ਨਾਮੁ’ ਸ਼ਬਦ ਦਾ ਬਹੁ ਵਚਨ ਰੂਪ ‘ਨਾਵ’ ਹੈ, ਜੋ 27 ਵਾਰ ਦਰਜ ਅਤੇ ਕੇਵਲ 2 ਹੀ ਅਰਥ ਦੇਂਦਾ ਹੈ ‘ਬਹੁ ਵਚਨ ਨਾਮ’ ਅਤੇ ‘ਕਿਸ਼ਤੀ’।

(1). ‘ਨਾਵ’ ਭਾਵ ‘ਬਹੁ ਵਚਨ ਨਾਮ’; ਜੋ ਕੇਵਲ 8 ਵਾਰ ਦਰਜ ਹੈ; ਜਿਵੇਂ :

‘‘ਜੀਅ ਜਾਤਿ ਰੰਗਾ ਕੇ ‘ਨਾਵ’ ॥’’ (ਜਪੁ /ਮ: ੧)

‘‘ਇਕਿ ਆਵਹਿ ਇਕਿ ਜਾਹਿ ਉਠਿ, ਰਖੀਅਹਿ ‘ਨਾਵ’ ਸਲਾਰ ॥’’ (ਮ: ੧/੧੬)

‘‘ਨਾਵ ਜਿਨਾ ਸੁਲਤਾਨ ਖਾਨ, ਹੋਦੇ ਡਿਠੇ ਖੇਹ ॥’’ (ਮ: ੧/੧੬)

‘‘ਸਤਿਗੁਰੁ ਬੋਹਿਥੁ ਹਰਿ ‘ਨਾਵ’ (ਦਾ) ਹੈ, ਕਿਤੁ ਬਿਧਿ ਚੜਿਆ ਜਾਇ ॥’’ (ਮ: ੪/੪੦) (ਇੱਥੇ ‘ਨਾਉ’ (ਇੱਕ ਵਚਨ) ਨਾਲ ਲੁਪਤ ਸੰਬੰਧਕ ਸ਼ਬਦ (ਦਾ) ਆਉਣ ਕਾਰਨ ‘ਨਾਵ’ (ਬਹੁ ਵਚਨ ਵਾਲਾ) ਸਰੂਪ ਬਣਿਆ ਹੈ।)

‘‘ਥਾਵਾ ‘ਨਾਵ’ ਨ ਜਾਣੀਅਹਿ, ‘ਨਾਵਾ’ ਕੇਵਡੁ ਨਾਉ ॥’’ (ਮ: ੧/੫੩)

‘‘ਹਉ ਵਾਰੀ ਹਉ ਵਾਰਣੈ, ਕੁਰਬਾਣੁ ਤੇਰੇ ‘ਨਾਵ’ ਨੋ ॥’’ (ਮ: ੧/੭੧)

‘‘ਬਲਿਹਾਰੀ ਜਾਉ, ਜੇਤੇ ਤੇਰੇ ‘ਨਾਵ’ ਹੈ ॥’’ (ਮ: ੧/੧੧੬੮)

(2). ‘ਨਾਵ’ ਭਾਵ ‘ਕਿਸ਼ਤੀ’; ਜੋ 19 ਵਾਰ ਦਰਜ ਹੈ; ਜਿਵੇਂ :

‘‘ਜਿਉ, ਪਾਖਾਣੁ (ਪੱਥਰ) ‘ਨਾਵ’ ਚੜਿ ਤਰੈ ॥’’ (ਮ: ੫/੨੮੨)

‘‘ਪਾਹਣ ‘ਨਾਵ’ ਨ ਪਾਰਗਿਰਾਮੀ ॥’’ (ਮ: ੫/੭੩੯) (ਭਾਵ ਪੱਥਰ ਦੀ ਨਾਵ ਪਾਰ ਨਹੀਂ ਲੰਘਦੀ।)

‘‘ਭਵ ਸਾਗਰ ‘ਨਾਵ’ ਹਰਿ ਸੇਵਾ, ਜੋ ਚੜੈ ਤਿਸੁ ਤਾਰਗਿ ਰਾਮ ॥’’ (ਮ: ੫/੭੮੧)

‘‘ਹਮ ਪਾਥਰ ਗੁਰੁ ‘ਨਾਵ’, ਬਿਖੁ ਭਵਜਲੁ ਤਾਰੀਐ ਰਾਮ ॥’’ (ਮ: ੪/੧੧੧੪)

‘‘ਕਾਗਰ (ਕਾਗਜ ਦੀ) ‘ਨਾਵ’ ਲੰਘਹਿ ਕਤ ਸਾਗਰੁ, ਬ੍ਰਿਥਾ ਕਥਤ (ਵਿਅਰਥ ਕਹਿੰਦੇ ਹਨ ਕਿ) ਹਮ ਤਰਤੇ (ਤਰਦੇ)॥’’ (ਮ: ੫/੧੨੬੭)

‘‘ਨਦੀ ‘ਨਾਵ’ ਸੰਜੋਗ ਜਿਉ, ਬਹੁਰਿ ਨ ਮਿਲਹੈ ਆਇ ॥’’ (ਭਗਤ ਕਬੀਰ/੧੩੬੮) ਆਦਿ।

‘‘ਅਗੰਮ, ਅਗੰਮ; ਅਸੰਖ ਲੋਅ ॥’’– ਇਸ ਪੰਕਤੀ ’ਚ ਦਰਜ ਸ਼ਬਦ ‘ਅਗੰਮ’ ਦਾ ਅਰਥ ਹੈ ‘ਅਪਹੁੰਚ’ ਭਾਵ ਜਿਸ ਤੱਕ ਪਹੁੰਚ ਨਾ ਹੋ ਸਕੇ, ਜੋ ਗੁਰਬਾਣੀ ਵਿੱਚ ਕੇਵਲ 11 ਵਾਰ ਦਰਜ ਹੈ ਅਤੇ ‘ਅਗੰਮੁ’ (ਅੰਤ ਔਂਕੜ) 20 ਵਾਰ ਦਰਜ ਹੈ, ਜਿਸ ਦਾ ਅਰਥ ਵੀ‘ਅਪਹੁੰਚ’ ਹੀ ਹੈ ਪਰ ‘ਅਗਮ’ ਸ਼ਬਦ 241 ਵਾਰ ਦਰਜ ਹੈ, ਜਿਸ ਦੇ 2 ਅਰਥ ਬਣਦੇ ਹਨ:

(1). ‘ਅਗਮ’ ਭਾਵ ‘ਸ਼ਾਸਤ੍ਰ’; ਜਿਵੇਂ 2 ਵਾਰ ਦਰਜ ਹੈ:

(ੳ). ‘‘ਅਗਮ ਨਿਗਮੁ ਸਤਿਗੁਰੂ ਦਿਖਾਇਆ ॥’’ (ਮ: ੩/੧੦੧੬)

(ਅ). ‘‘ਅਗਮ ਨਿਗਮ ਉਧਰਣ, ਜਰਾ ਜੰਮਿਹਿ ਆਰੋਅਹ ॥’’ (ਭਟ ਸਲੵ /੧੪੦੬) (ਭਾਵ ਹੇ ਗੁਰੂ ਰਾਮਦਾਸ ਜੀ! ਮੇਰੇ ਲਈ ਤਾਂ ਆਪ ਜੀ ਹੀ ਹੋ, ਜਿਸ ਨੇ ਵਰਾਹ ਰੂਪ ਹੋ ਕੇ) ਵੇਦ ਤੇ ਸ਼ਾਸਤ੍ਰ (ਸਮੁੰਦਰ ਵਿੱਚ ਡੁਬਣੋ) ਬਚਾਏ ਕਿਉਂਕਿ ਤੁਸੀਂ ਬੁਢੇਪੇ ਤੇ ਜਮਾ (ਆਤਮਕ ਮੌਤ) ਉੱਤੇ ਸਵਾਰ ਹੋ (ਭਾਵ ਇਨ੍ਹਾਂ ਦਾ ਤੁਹਾਡੇ ’ਤੇ ਕੋਈ ਅਸਰ ਨਹੀਂ ਹੁੰਦਾ ਹੈ।)

(ਨੋਟ: ਉਕਤ ਦੋਵੇਂ ਪੰਕਤੀਆਂ ’ਚ ‘ਅਗਮ’ ਦਾ ਅਰਥ ‘ਸ਼ਾਸਤ੍ਰ’ ਤਾਂ ਬਣਿਆ ਕਿਉਂਕਿ ਇਸ ਦੇ ਸਮਾਨੰਤਰ ਸ਼ਬਦ‘ਨਿਗਮ’ ਭਾਵ ‘ਵੇਦ’ ਹੈ। ‘4 ਵੇਦ’ ਅਤੇ ‘6 ਸ਼ਾਸਤ੍ਰ’ ਹਿੰਦੂ ਮਤ ਨਾਲ ਸੰਬੰਧਿਤ ਪੁਸਤਕਾਂ ਹਨ।)

(2). ‘ਅਗਮ’ ਭਾਵ ‘ਅਪਹੁੰਚ’ ਜਾਂ ‘ਅਚੱਲ’; (ਯਾਦ ਰਹੇ ਕਿ ਇੱਥੇ ‘ਅਗਮ’ ਸ਼ਬਦ ਨਾਲ ‘ਨਿਗਮ’ ਸ਼ਬਦ ਦਰਜ ਹੀ ਨਹੀਂ ਹੋਵੇਗਾ) ਜੋ 239 ਵਾਰ ਦਰਜ ਹੈ; ਜਿਵੇਂ:

‘‘ਗੁਰੁ ਸਮਰਥੁ ਗੁਰੁ ਨਿਰੰਕਾਰੁ, ਗੁਰੁ ਊਚਾ ‘ਅਗਮ’ ਅਪਾਰੁ ॥’’ (ਮ: ੫/੫੨)

‘‘ਅਗਮ ਅਗੋਚਰੁ ਸਾਹਿਬੁ ਮੇਰਾ ॥’’ (ਮ: ੫/੧੦੬) ਆਦਿ।

(ਨੋਟ: ‘ਅਗਮ’ (ਅਪਹੁੰਚ) ਸ਼ਬਦ ਨੂੰ ਹਮੇਸ਼ਾਂ ‘ਅ+ਗਮ’ ਪੜ੍ਹਨ ਲਈ ‘ਅਗੰਮ’ ਉਚਾਰਨ ਅਤਿ ਜ਼ਰੂਰੀ ਹੁੰਦਾ ਹੈ ਕਿਉਂਕਿ ਭਾਸ਼ਾਈ ਨਿਯਮਾਂ ਅਨੁਸਾਰ ‘ਅ+ਟਲ’ ਨੂੰ ‘ਅਟੱਲ’, ‘ਅ+ਚਲ’ ਨੂੰ ‘ਅਚੱਲ’ ਵਾਙ ‘ਅ+ਗਮ’ ਨੂੰ ‘ਅਗੱਮ’ ਨਹੀਂ ਲਿਖਿਆ ਜਾ ਸਕਦਾ।

ਪੰਜਾਬੀ ਭਾਸ਼ਾ ਵਿੱਚ ਕਿਸੇ ਸ਼ਬਦ ਨੂੰ ਅੱਧਕ ਲੱਗਿਆਂ (1). ਉਸ ਤੋਂ ਬਾਅਦ ਵਾਲੇ ਸ਼ਬਦ ਨੂੰ ਡਬਲ ਕਰਦੀ ਹੈ; ਜਿਵੇਂ: ‘ਦਿੱਲੀ’ ਜਾਂ ‘ਦਿਲ੍ਲੀ’।

(2). ਅਗੇਤਰ ਲੱਗੇ ‘ਅ’ ਤੋਂ ਬਾਅਦ ਵਾਲੇ ਅੱਖਰ ਨੂੰ ਅੱਧਕ ਲੱਗਿਆਂ ‘ਅ’ ਨੂੰ ਮੂਲ ਸ਼ਬਦ ਨਾਲੋਂ ਨਿਖੇੜ ਕੇ ‘ਨਾ-ਪੱਖੀ’ ਅਰਥਾਂ ਵਿੱਚ ਬਦਲਦੀ ਹੈ; ਜਿਵੇਂ ‘ਟਲ’ ਭਾਵ ‘ਹਟ ਜਾਣਾ, ਦੂਰ ਹੋਣਾ’ ਅਤੇ ‘ਅਟੱਲ’ ਭਾਵ ‘ਦੂਰ ਨਾ ਹੱਟਣਾ।’ ਆਦਿ।

ਪੰਜਾਬੀ ਵਿੱਚ ‘ਟਿੱਪੀ’ ਨਾਸਿਕੀ ‘ਧੁਨੀ’ ਦੇਂਦੀ ਹੈ; ਜਿਵੇਂ ‘ਕੰਘਾ’ ਭਾਵ ‘ਕਨਘਾ’ ਵਾਙ ਪਰ ਪਵਰਗ (ਪ, ਫ, ਬ, ਭ, ਮ) ਵਾਲੇ ਅੱਖਰਾਂ ਤੋਂ ਪਹਿਲਾਂ ਆਏ ਤਮਾਮ ਅੱਖਰ ਨੂੰ ਲੱਗੀ ‘ਟਿੱਪੀ’ ਨਾਸਿਕੀ ਧੁਨੀ ਦੀ ਬਜਾਏ ਅੱਧੇ ‘ਮ’ ਦੀ ਆਵਾਜ਼ ਦੇਂਦੀ ਹੈ; ਜਿਵੇਂ ‘ਪੰਪ’ ਭਾਵ ‘ਪਮਪ’ ਵਾਙ, ਨਾ ਕਿ ‘ਪਨਪ’, ‘ਖੰਭ’ ਭਾਵ ‘ਖਮਭ’ ਵਾਙ ਆਦਿ।

ਉਕਤ ਕੀਤੀ ਗਈ ਵੀਚਾਰ ਕਿ ‘ਅ’ ਅਗੇਤਰ (ਅੱਧਕ ਦੀ ਮਦਦ ਨਾਲ) ਸ਼ਬਦ ਦੇ ਅਰਥ ਬਦਲ (ਨਾ-ਪੱਖੀ) ਬਣ ਜਾਂਦੇ ਹਨ ਪਰ ਪਵਰਗ ਵਾਲੇ ਅੱਖਰਾਂ ’ਤੋਂ ਪਹਿਲਾਂ ਆਏ ਅੱਖਰਾਂ ਦੀ ‘ਅੱਧਕ’ ਅਗੇਤਰ ‘ਅ’ ਨੂੰ ‘ਨਾ-ਪੱਖੀ’ ਅਰਥਾਂ ਵਿੱਚ ਨਹੀਂ ਬਦਲਦੀ ਬਲਕਿ ‘ਟਿੱਪੀ’ ਬਦਲਦੀ ਹੈ; ਜਿਵੇਂ ‘ਅਗੰਮ’ (ਭਾਵ ਅ+ਗਮ)। ਇਸ ਲਈ ਗੁਰਬਾਣੀ ਵਿੱਚ ਦਰਜ ‘ਅਗਮ’ ਸ਼ਬਦ ਨੂੰ ਅਗਰ ਹਰ ਥਾਂ ‘ਅਗੰਮ’ (ਅਪਹੁੰਚ) ਨਾ ਪੜ੍ਹਿਆ ਗਿਆ ਤਾਂ ‘ਅਗਮ’ (ਸ਼ਾਸਤ੍ਰ) ਅਰਥ ਬਣ ਜਾਵੇਗਾ। ‘ਅਗਮ’ (ਅਪਹੁੰਚ) ਨੂੰ‘ਅਗੰਮ’ (ਅਪਹੁੰਚ) ਉਚਾਰਨ ਦਾ ਸਬੂਤ ਗੁਰਬਾਣੀ ਵਿੱਚੋਂ ਹੀ ‘ਅਗੰਮ’ (11 ਵਾਰ) ਅਤੇ ‘ਅਗੰਮੁ’ (20 ਵਾਰ) ਦੁਆਰਾ ਮਿਲਦਾ ਹੈ; ਜਿਵੇਂ:

‘‘ਤੂੰ ਕਰਤਾ ਪੁਰਖੁ ‘ਅਗੰਮੁ’ ਹੈ; ਆਪਿ ਸ੍ਰਿਸਟਿ ਉਪਾਤੀ ॥’’ (ਮ: ੧/੧੩੮)

‘‘ਤੇਰਾ ਰੂਪੁ ‘ਅਗੰਮੁ’ ਹੈ; ਅਨੂਪੁ ਤੇਰਾ ਦਰਸਾਰਾ ॥’’ (ਮ: ੫/੭੪੬)

‘‘ਸਸੁਰੈ, ਪੇਈਐ, ਕੰਤ ਕੀ; ਕੰਤੁ ‘ਅਗੰਮੁ’ ਅਥਾਹੁ ॥’’ (ਮ: ੧/੧੦੮੮)

‘‘ਊਚ, ਅਥਾਹ; ‘ਅਗੰਮ’, ਅਪਾਰਾ ॥’’ (ਮ: ੫/੧੦੭੨)

‘‘ਜੋ ਗੁਣ ਅਲਖ ‘ਅਗੰਮ’; ਤਿਨਹ ਗੁਣ ਅੰਤੁ ਨ ਜਾਣਉ ॥’’ (ਭਟ ਕੀਰਤ/੧੩੯੫) ਆਦਿ।

‘ਲੋਅ’– ਇਹ ਸ਼ਬਦ ਗੁਰਬਾਣੀ ਵਿੱਚ 22 ਵਾਰ ਦਰਜ ਹੈ ਜਿਸ ਦਾ ਅਰਥ ਹੈ ਤਿੰਨ ਲੋਕ (ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ); ਜਿਵੇਂ:

‘‘ਤੀਨੇ ਲੋਅ ਵਿਆਪਤ ਹੈ, ਅਧਿਕ ਰਹੀ ਲਪਟਾਇ ॥’’ (ਮ: ੩/੬੭)

‘‘ਸਚੇ ਤੇਰੇ ਲੋਅ, ਸਚੇ ਆਕਾਰ ॥’’ (ਮ: ੧/੪੬੩)

‘‘ਨਾਮੇ ਉਧਰੇ, ਸਭਿ ਜਿਤਨੇ ਲੋਅ ॥’’ (ਮ: ੩/੧੧੨੯) ਆਦਿ।

‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥’’- ਇਸ ਪੰਕਤੀ ’ਚ ਦਰਜ ‘ਸਿਰਿ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਸਿਰੁ’ ਹੈ, ਜੋ ਗੁਰਬਾਣੀ ਵਿੱਚ 61 ਵਾਰ ਦਰਜ ਹੈ ; ਜਿਵੇਂ:

‘‘ਜੋ ਸਿਰੁ ਸਾਂਈ ਨਾ ਨਿਵੈ, ਸੋ ‘ਸਿਰੁ’ ਦੀਜੈ ਡਾਰਿ ॥’’ (ਮ: ੨/੮੯)

‘‘ਜਿਸੁ ਹਰਿ ਆਪਿ ਕ੍ਰਿਪਾ ਕਰੇ, ਸੋ ਵੇਚੇ ‘ਸਿਰੁ’ ਗੁਰ ਆਗੈ ॥’’ (ਮ: ੪/੧੬੭)

‘‘ਹਉ ‘ਸਿਰੁ’ ਅਰਪੀ ਤਿਸੁ ਮੀਤ ਪਿਆਰੇ, ਜੋ ਪ੍ਰਭ ਦੇਇ ਸਦੇਸਾ ॥’’ (ਮ: ੫/੨੪੭) ਆਦਿ।

ਪਰ ਜਦ ‘ਸਿਰ ਉੱਪਰ’ ਅਰਥ ਲੈਣੇ ਹੋਣ ਤਾਂ ‘ਸਿਰੁ’ ਸ਼ਬਦ ਤੋਂ ‘ਸਿਰਿ’ ਰੂਪ ਬਣ ਜਾਂਦਾ ਹੈ; ਜਿਵੇਂ 253 ਵਾਰ ਦਰਜ ਹੈ:

‘‘ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ ॥’’ (ਜਪੁ /ਮ: ੧) (ਭਾਵ ਮੂਰਖਾਂ ਦੇ ਸਿਰ ਉੱਪਰ ਮੂਰਖ, ਵੱਡਾ ਮੂਰਖ)

‘‘ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ, ਕਾਹੇ ਮਨ! ਭਉ ਕਰਿਆ ॥’’ (ਮ: ੫/੧੦)

‘‘ਭਾਈ ਰੇ! ਇਉ ਸਿਰਿ ਜਾਣਹੁ ਕਾਲੁ ॥’’ (ਮ: ੧/੫੫)

‘‘ਅਰਧ ਸਰੀਰੁ ਕਟਾਈਐ; ਸਿਰਿ ਕਰਵਤੁ ਧਰਾਇ ॥’’ (ਮ: ੧/੬੨) ਆਦਿ।

ਅਸੰਖ ਨਾਵ, ਅਸੰਖ ਥਾਵ ॥ ਅਗੰਮ, ਅਗੰਮ; ਅਸੰਖ ਲੋਅ ॥ਅਸੰਖ ਕਹਹਿ; ਸਿਰਿ ਭਾਰੁ ਹੋਇ ॥

ਅਰਥ : ਹੇ ਨਿਰਾਕਾਰ  ! (ਤੇਰੇ ਸੰਸਾਰਕ ਜੀਵਾਂ ਦੇ) ਅਸੰਖ ਨਾਂਵ ਹਨ ਤੇ ਅਸੰਖ ਹੀ ਉਨ੍ਹਾਂ ਦੇ ਨਿਵਾਸ ਸਥਾਨ ਹਨ। ਅਣਗਿਣਤ ਲੋਕ (ਭਵਨ) ਹਨ, ਜੋ ਮਨੁੱਖਾਂ ਦੀ ਪਹੁੰਚ (ਬੁੱਧੀ) ਤੋਂ ਬਹੁਤ ਪਰੇ ਹਨ, ਇਨ੍ਹਾਂ ਦੀ ਗਿਣਤੀ ਲਈ, ਜੋ ‘ਅਸੰਖ’ ਸ਼ਬਦ ਵਰਤਦੇ ਹਨ ਉਨ੍ਹਾਂ ਦੇ ਸਿਰ ਉੱਤੇ (ਤੇਰੀ ਵਿਸ਼ਾਲਤਾ ਨੂੰ ਘਟਾਉਣ ਦਾ) ਭਾਰ (ਦੋਸ਼) ਲਗਦਾ ਹੈ (ਭਾਵ ‘ਅਸੰਖ’ ਸ਼ਬਦ ਵੀ ਤੇਰੇ ਵਿਸਥਾਰ ਨੂੰ ਮਾਪਣ ਲਈ ਤੁੱਛ ਹੀ ਹੈ।)

(ਨੋਟ : ਬੇਸ਼ੱਕ ਗਿਣਤੀ ਨੂੰ ਨਾਪਣ ਦਾ ਸਭ ਤੋਂ ਵੱਡਾ ਪੈਮਾਨਾ ‘ਅਸੰਖ’ ਸ਼ਬਦ ਹੀ ਸੀ ਪਰ (1). ਕੁਦਰਤ ਦੇ ਮੁਕਾਬਲੇ ਇਹ (‘ਅਸੰਖ’ ਸ਼ਬਦ) ਵੀ ਤੁੱਛ ਹੀ ਹੈ।

(2). ‘ਅਸੰਖ’ ਇੱਕ ਸ਼ਬਦ (ਅੱਖਰ) ਹੀ ਹੈ, ਜੋ ਨਾਸ਼ਵਾਨ ਹੈ ਭਾਵ ਸਥਾਈ ਨਹੀਂ ; ਜਿਵੇਂ:

(ੳ). ‘‘ਦ੍ਰਿਸਟਿਮਾਨ ‘ਅਖਰ’ ਹੈ ਜੇਤਾ ॥’’ (ਮ: ੫/੨੬੧)

(ਅ). ‘‘ਏ ‘ਅਖਰ’ ਖਿਰਿ ਜਾਹਿਗੇ ; ਓਇ ਅ+ਖਰ (ਨਾਸ਼ ਰਹਿਤ ਮਾਲਕ) ਇਨ ਮਹਿ ਨਾਹਿ ॥’’ (ਭਗਤ ਕਬੀਰ/੩੪੦)

(ੲ). ‘‘ਨਾਨਾ ਖਿਆਨ ਪੁਰਾਨ ਬੇਦ ਬਿਧਿ; ਚਉਤੀਸ ‘ਅਖਰ’ ਮਾਂਹੀ ॥’’ (ਭਗਤ ਰਵਿਦਾਸ/੬੫੮) ਆਦਿ।

(ਗੁਰਬਾਣੀ ਵਿੱਚ ‘ਅੱਖਰ’ ਸ਼ਬਦ ਦੇ 2 ਅਰਥ ਬਣਦੇ ਹਨ (1). ਭਾਸ਼ਾਈ ਅੱਖਰ (2). ਨਾਸ਼ ਰਹਿਤ ਮਾਲਕ; ਜਿਵੇਂ ਉਪਰੋਕਤ ‘ਅ’ ਅਧੀਨ ਪੰਕਤੀ ਵਿੱਚ ਦਰਜ ਹੈ।)

 ਉਕਤ ਵੀਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਕਰਤਾਰ ਦੀ ਕੁਦਰਤ ਨੂੰ ਨਾਪਣ ਲਈ ਅਗਰ ‘ਅਸੰਖ’ ਸ਼ਬਦ ਅਧੂਰਾ ਹੈ ਤਾਂ ਇਸ ਦੀ ਵਰਤੋਂ ਕਿਉਂ ? ਇਸ ਸਵਾਲ ਦਾ ਜਵਾਬ ਗੁਰੂ ਜੀ ਅਗਾਂਹ ਦੇ ਰਹੇ ਹਨ।)

‘‘ਅਖਰੀ ਨਾਮੁ; ਅਖਰੀ ਸਾਲਾਹ ॥’’-ਇਸ ਪੰਕਤੀ ’ਚ ਦਰਜ ‘ਅਖਰੀ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਅਖਰ’ (ਬਹੁ ਵਚਨ) ਹੈ, ਜੋ ਗੁਰਬਾਣੀ ਵਿੱਚ 24 ਵਾਰ ਦਰਜ ਹੈ ਅਤੇ ਇਸ ਦਾ ਇੱਕ ਵਚਨ ਰੂਪ ‘ਅਖਰੁ’ ਹੈ, ਜੋ 15 ਵਾਰ ਦਰਜ ਹੈ; ਜਿਵੇਂ:

‘‘ਕਉਣੁ ਸੁ ‘ਅਖਰੁ’, ਜਿਤੁ ਧਾਵਤੁ ਰਹਤਾ ॥’’ (ਮ: ੫/੧੩੧)

‘‘ਏਹੁ ‘ਅਖਰੁ’ ਤਿਨਿ ਆਖਿਆ, ਜਿਨਿ ਜਗਤੁ ਸਭੁ ਉਪਾਇਆ ॥’’ (ਮ: ੪/੩੦੬)

‘‘ਮੰਦਾ ਕਿਸੈ ਨ ਆਖੀਐ, ਪੜਿ ‘ਅਖਰੁ’ ਏਹੋ ਬੁਝੀਐ ॥’’ (ਮ: ੧/੪੭੩)

‘‘ਏਕੁ ‘ਅਖਰੁ’ ਜੋ ਗੁਰਮੁਖਿ (ਗੁਰੂ ਰਾਹੀਂ) ਜਾਪੈ, ਤਿਸ ਕੀ ਨਿਰਮਲ ਸੋਈ (ਸੋਭਾ)॥’’ (ਮ: ੫/੭੪੭) ਆਦਿ।

ਜਦ ‘ਅਖਰ’ ਸ਼ਬਦ ਵਿੱਚੋਂ ਕਾਰਕੀ ਅਰਥ (ਨਾਲ, ਰਾਹੀਂ, ਦੁਆਰਾ ਆਦਿ) ਲੈਣੇ ਹੋਣ ਤਾਂ ‘ਅਖਰ’ ਦਾ ਰੂਪ ‘ਅਖਰੀ’ ਬਣ ਜਾਂਦਾ ਹੈ, ਜੋ ਗੁਰਬਾਣੀ ਵਿੱਚ 4 ਵਾਰ ਦਰਜ ਹੈ। ਸੰਬੰਧਿਤ ਪਉੜੀ ’ਚ 3 ਵਾਰ ਦਰਜ ਕਰਨ ਤੋਂ ਇਲਾਵਾ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਹੀ ਇਉਂ ਸ਼ਾਮਲ ਕੀਤਾ ਹੈ ‘‘ਅਗਿਆਨੀ ਮਤਿਹੀਣੁ ਹੈ; ਗੁਰ ਬਿਨੁ, ਗਿਆਨੁ ਨ ਹੋਇ ॥ ਗਣਤ ਗਣਾਵੈ ‘ਅਖਰੀ’ , ਅਗਣਤੁ ਸਾਚਾ ਸੋਇ ॥’’ (ਮ: ੧/੯੩੪) ਭਾਵ ਗੁਰੂ ਦੀ ਰਾਹੀਂ ਅਸਲ ਗਿਆਨ ਪ੍ਰਾਪਤ ਕਰਨ ਤੋਂ ਬਿਨਾ, ਮਨੁੱਖ ਅਗਿਆਨੀ ਤੇ ਅਕਲ ਤੋਂ ਸੱਖਣਾ ਹੀ ਰਹਿੰਦਾ ਹੈ ਕਿਉਂਕਿ ਉਹ ਭਾਸ਼ਾਈ ਅੱਖਰਾਂ ਦੀ ਰਾਹੀ ਸੱਚੇ ਮਾਲਕ ਬਾਰੇ ਗਿਣਤੀ ਮਿਣਤੀ ਕਰਕੇ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ ਜਦਕਿ ਉਹ ਸੱਚਾ ਪ੍ਰਭੂ ਅਗਣਤ (ਗਿਣਤੀ-ਮਿਣਤੀ ਤੋਂ ਬਾਹਰ) ਹੈ।

‘‘ਅਖਰੀ; ਗਿਆਨੁ ਗੀਤ ਗੁਣ ਗਾਹ ॥’’– ਇਸ ਪੰਕਤੀ ’ਚ ਦਰਜ ‘ਗੀਤ’ ਬਹੁ ਵਚਨ ਨਾਂਵ ਸ਼ਬਦ ਹੈ, ਜੋ ਗੁਰਬਾਣੀ ਵਿੱਚ 26 ਵਾਰ ਦਰਜ ਹੈ, ਜਿਸ ਦੇ 2 ਹੀ ਅਰਥ ਬਣਦੇ ਹਨ:

(1). ਰੱਬੀ ਜਸ (ਵਡਿਆਈ) ; ਜਿਵੇਂ 12 ਵਾਰ:

‘‘ਪੋਥੀ ‘ਗੀਤ’ ਕਵਿਤ ਕਿਛੁ; ਕਦੇ ਨ ਕਰਨਿ ਧਰਿਆ ॥’’ (ਮ: ੫/੭੦)

‘‘ਮਿਲਿ ਸਹੀਆ ਮੰਗਲੁ ਗਾਵਹੀ; ‘ਗੀਤ’ ਗੋਵਿੰਦ ਅਲਾਇ ॥’’ (ਮ: ੫/੧੩੬)

‘‘ਨਾਨਕ ! ਭਉਜਲੁ ਪਾਰਿ ਪਰੈ; ਜਉ, ਗਾਵੈ ਪ੍ਰਭ ਕੇ ‘ਗੀਤ’ ॥ (ਮ: ੯/੫੩੬)

‘‘ਗਾਵਹੁ; ਰਾਮ ਕੇ ਗੁਣ ‘ਗੀਤ’ ॥’’ (ਮ: ੫/੯੦੧)

(2). ਦੁਨਿਆਵੀ ਗੀਤ; ਜਿਵੇਂ 14 ਵਾਰ:

‘‘ਸਾਕਤ ਗੀਤ ਨਾਦ ਧੁਨਿ ਗਾਵਤ, ਬੋਲਤ ਬੋਲ ਅਜਾਏ (ਵਿਅਰਥ)॥’’ (ਮ: ੫/੮੨੦)

‘‘ਗਾਵਹਿ ਗੀਤ, ਨ ਚੀਨਹਿ ਆਪੁ (ਆਪਣੇ ਆਪ ਨੂੰ ਨਹੀਂ ਪਰਖਦਾ)॥’’ (ਮ: ੧/੯੦੩)

‘‘ਗੀਤ ਨਾਦ ਮੁਖਿ ਰਾਗ ਅਲਾਪੇ, ਮਨਿ ਨਹੀ ਹਰਿ ਹਰਿ ਗਾਵਾ ॥’’ (ਮ: ੫/੧੦੦੩)

‘‘ਹਉਮੈ ਗਾਵਨਿ, ਗਾਵਹਿ ‘ਗੀਤ’ ॥’’ (ਭਗਤ ਕਬੀਰ/੧੧੬੨)

‘‘ਗਿਆਨ ਵਿਹੂਣਾ, ਗਾਵੈ ‘ਗੀਤ’ ॥’’ (ਮ: ੧/੧੨੪੫)

‘‘ਗੀਤ, ਨਾਦ ਹਰਖ (ਖ਼ੁਸ਼ੀ) ਚਤੁਰਾਈ ॥’’ (ਮ: ੧/੧੩੩੧) ਆਦਿ।

‘ਗੁਣ ਗਾਹ’– ਇਹ ਜੁੜਤ ਸ਼ਬਦ ਕੇਵਲ ਇੱਕ ਵਾਰ ਇਸ ਪੰਕਤੀ ’ਚ ਹੀ ਦਰਜ ਹੈ, ਜਿਨ੍ਹਾਂ ਵਿੱਚੋਂ ‘ਗੁਣ’ ਬਹੁ ਵਚਨ ਨਾਂਵ ਸ਼ਬਦ ਹੈ ਜਦਕਿ ‘ਗਾਹ’ ਦਾ ਅਰਥ ਹੈ ‘ਗਾਹੁਣ (ਵਾਕਫ਼) ਵਾਲੇ, ਸਮਝ (ਪਕੜ) ਵਾਲੇ’, ਜੋ ਸੰਬੰਧਿਤ ਪੰਕਤੀ ਤੋਂ ਇਲਾਵਾ ਇੱਕ ਵਾਰ ਹੋਰ‘ਜਪੁ’ ਬਾਣੀ ’ਚ ਹੀ ਗੁਰੂ ਨਾਨਕ ਸਾਹਿਬ ਜੀ ਨੇ ਦਰਜ ਕੀਤਾ ਹੈ; ਜਿਵੇਂ:

‘‘ਸੁਣਿਐ, ਸਰਾ ਗੁਣਾ ਕੇ ਗਾਹ ॥’’ (ਜਪੁ /ਮ: ੧)

ਅਖਰੀ ਨਾਮੁ; ਅਖਰੀ ਸਾਲਾਹ ॥ ਅਖਰੀ; ਗਿਆਨੁ ਗੀਤ ਗੁਣ ਗਾਹ ॥

ਅਰਥ : ਅੱਖਰਾਂ (ਕਿਸੇ ਨਾ ਕਿਸੇ ਸ਼ਬਦ ਦੀ ਮਦਦ) ਨਾਲ਼ ਤੇਰਾ ਨਾਮ ਲਈਦਾ ਹੈ, ਅੱਖਰਾਂ ਨਾਲ਼ ਹੀ ਸਿਫ਼ਤ-ਸਲਾਹ ਕੀਤੀ ਜਾ ਸਕਦੀ ਹੈ। ਅੱਖਰਾਂ ਰਾਹੀਂ ਹੀ ਆਤਮਿਕ ਸੂਝ, ਜੀਵਨ ਅਨੰਦਿਤ ਤੇ ਤੇਰੇ ਗੁਣਾਂ ਤੱਕ ਪਕੜ ਹੁੰਦੀ ਹੈ, ਸਾਂਝ ਬਣਦੀ ਹੈ।

(ਨੋਟ: ਉਪਰੋਕਤ ਸਾਰੀ ਵੀਚਾਰ ਨਿਰਾਕਾਰ ਦੇ ਪ੍ਰਥਾਏ ਸੀ ਜਦਕਿ ਅਗਾਂਹ ਆਕਾਰ ਦੇ ਸੰਬੰਧ ਵਿੱਚ ਵੀਚਾਰ ਦਰਜ ਹੈ; ਜਿਵੇਂ: 

‘‘ਅਖਰੀ; ਲਿਖਣੁ ਬੋਲਣੁ ਬਾਣਿ ॥’’ ਇਸ ਪੰਕਤੀ ’ਚ ਦਰਜ ‘ਬਾਣਿ’ ਸ਼ਬਦ ਗੁਰਬਾਣੀ ਵਿੱਚ 11 ਵਾਰ ਦਰਜ ਹੈ, ਜਿਸ ਦਾ ਅਰਥ ‘ਰੱਬੀ ਬਾਣੀ, ਮਨੁੱਖਾ ਬੋਲੀ (ਆਵਾਜ਼), ਆਦਤ, ਤੀਰ’ ਆਦਿ ਹੈ; ਜਿਵੇਂ:

(1). ‘ਬਾਣਿ’ ਭਾਵ ‘ਤੀਰ ਨੇ’ (ਕਰਤਾ ਕਾਰਕ); ਜਿਵੇਂ 2 ਵਾਰ:

‘‘ਗੁਰ ਕੈ ਬਾਣਿ, ਬਜਰ ਕਲ ਛੇਦੀ; ਪ੍ਰਗਟਿਆ ਪਦੁ ਪਰਗਾਸਾ ॥’’ (ਭਗਤ ਕਬੀਰ / ੩੩੨) (ਭਾਵ ਗੁਰੂ ਦੇ ਸ਼ਬਦ-ਤੀਰ ਨੇ ਕਠੋਰ ਕਲਪਣਾ ਛੇਦ ਦਿੱਤੀ, ਜਿਸ ਕਾਰਨ ਅੰਦਰੂਨੀ ਪ੍ਰਕਾਸ਼ ਪੈਦਾ ਹੋ ਗਿਆ।)

‘‘ਪਾਰਬ੍ਰਹਮ ਪ੍ਰਭ ਭਏ ਦਇਆਲਾ; ਸਿਵ ਕੈ ਬਾਣਿ ਸਿਰੁ ਕਾਟਿਓ ॥’’ (ਮ: ੫/੭੧੪) (ਭਾਵ ਕਲਿਆਣ ਰੂਪ ਪ੍ਰਭੂ ਦੇ ਸ਼ਬਦ ਤੀਰ ਨੇ ਸਿਰ (ਹੰਕਾਰ) ਕੱਟ ਦਿੱਤਾ।)

(2). ‘ਬਾਣਿ’ ਭਾਵ ‘ਆਦਤ ਨਾਲ, ਸੁਭਾਵ ਰਾਹੀਂ’ (ਕਰਨ ਕਾਰਕ); ਜਿਵੇਂ 1 ਵਾਰ:

‘‘ਕਿਆ ਤੂ ਸੋਚਹਿ; ਮਾਣਸ ਬਾਣਿ ॥’’ (ਮ: ੫/੧੧੩੯) (ਭਾਵ ਮਨੁੱਖੀ ਆਦਤ ਰਾਹੀਂ ਕੀ ਸੋਚਦਾ ਹੈ?)

(3). ‘ਬਾਣਿ’ ਭਾਵ ‘ਰੱਬੀ ਬਾਣੀ’; ਜਿਵੇਂ 5 ਵਾਰ:

‘‘ਅਵਗਤਿ (ਰੱਬ ਦੀ) ਬਾਣਿ (ਬਾਣੀ), ਛੋਡਿ ਮਿ੍ਰਤ ਮੰਡਲਿ (ਸੰਸਾਰ ਵਿੱਚ); ਤਉ ਪਾਛੈ ਪਛੁਤਾਣਾ ॥’’ (ਭਗਤ ਬੇਣੀ/੯੩)

‘‘ਹਰਿ ਹਰਿ ਮੇਲਿ ਸਾਧ ਜਨ ਸੰਗਤਿ; ਮੁਖਿ ਬੋਲੀ ਹਰਿ ਹਰਿ ਭਲੀ ਬਾਣਿ (ਉੱਤਮ ਬਾਣੀ)॥’’ (ਮ: ੪/੬੫੧)

‘‘ਬੋਲਹਿ ਅੰਮ੍ਰਿਤ ਬਾਣਿ; ਰਸਨ ਰਸਾਇਆ ਜੀਉ ॥’’ (ਮ: ੧/੬੮੮)

‘‘ਗੁਣ, ਨਾਨਕੁ ਬੋਲੈ; ਭਲੀ ਬਾਣਿ ॥’’ (ਮ: ੧/੧੧੯੦)

‘‘ਨਾਮੁ ਸਮ੍ਾਲਸਿ; ਰੂੜ੍ੀ ਬਾਣਿ (ਸੁੰਦਰ ਬਾਣੀ)॥’’ (ਮ: ੧/੧੨੭੫)

(4). ‘ਬਾਣਿ’ ਭਾਵ ‘ਮਨੁੱਖਾ ਬੋਲੀ, ਆਵਾਜ਼’; ਜਿਵੇਂ ਸੰਬੰਧਿਤ ਪੰਕਤੀ ਤੋਂ ਇਲਾਵਾ 2 ਵਾਰ ਹੋਰ:

‘‘ਹੰ ਭੀ ਵੰਞਾ (ਜਾਵਾਂਗੀ) ਡੁਮਣੀ (ਦੁ-ਚਿੱਤੀ ਕਾਰਨ); ਰੋਵਾ ਝੀਣੀ (ਮੱਧਮ) ਬਾਣਿ (ਬੋਲੀ, ਆਵਾਜ਼ ਵਿੱਚ) ॥’’ (ਮ: ੧/੨੩)

‘‘ਹਰਹਟ ਭੀ ਤੂੰ ਤੂੰ ਕਰਹਿ; ਬੋਲਹਿ ਭਲੀ ਬਾਣਿ (ਮਿੱਠੀ ਬੋਲੀ)॥’’ (ਮ: ੩/੧੪੨੦)

‘‘ਅਖਰਾ; ਸਿਰਿ ਸੰਜੋਗੁ ਵਖਾਣਿ ॥’’-ਇਸ ਪੰਕਤੀ ’ਚ ਦਰਜ ਸ਼ਬਦ ‘ਸਿਰਿ’ (ਗੁਰਬਾਣੀ ’ਚ 253 ਵਾਰ) ਦਾ ਮੂਲ ਸਰੋਤ ਸ਼ਬਦ ‘ਸਿਰੁ’ ਹੈ ਜਿਸ ਦੀ ਉਕਤ ਵੀਚਾਰ ਕੀਤੀ ਜਾ ਚੁੱਕੀ ਹੈ ਅਤੇ ਇਸ ਦਾ ਅਰਥ ਹੈ ਤਮਾਮ ਦੁਨਿਆਵੀ ਜੀਵਾਂ ਦੇ ‘ਸਿਰ ਉੱਤੇ’।

ਵਿਗਿਆਨਕ ਯੁਗ ਦੇ ਪ੍ਰਭਾਵ ਅਧੀਨ ਕੁਝ ਕੁ ਗੁਰਸਿੱਖ ਪ੍ਰਚਾਰਕਾਂ ਰਾਹੀਂ ਜੀਵਾਂ ਦੇ ਮੱਥੇ ’ਤੇ ਲਿਖੇ ਹੋਏ ਲੇਖ ਪ੍ਰਤੀ ਸ਼ੰਕਾ (ਸੰਦੇਹ) ਜਤਾਇਆ ਜਾਂਦਾ ਹੈ ਇਸ ਲਈ ‘ਮਸਤਕਿ ਲੇਖੁ’ ਨੂੰ ਗੁਰਬਾਣੀ ਰਾਹੀਂ ਥੋੜਾ ਵਿਸਥਾਰ ਨਾਲ ਸਮਝਣ ਦੀ ਜ਼ਰੂਰਤ ਹੈ; ਜਿਵੇਂ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਨਿਰਭਉ ਸੋ ; ਸਿਰਿ ਨਾਹੀ ਲੇਖਾ ॥ ਆਪਿ ਅਲੇਖੁ ; ਕੁਦਰਤਿ ਹੈ ਦੇਖਾ ॥ ਆਪਿ ਅਤੀਤੁ, ਅਜੋਨੀ, ਸੰਭਉ; ਨਾਨਕ ! ਗੁਰਮਤਿ ਸੋ ਪਾਇਆ ॥’’ (ਮ: ੧/੧੦੪੨) ਭਾਵ ‘ਜਿਸ ਦੇ ਸਿਰ ਉੱਤੇ ਕੋਈ ਲੇਖ ਨਹੀਂ, ਉਹ ਡਰ ਰਹਿਤ ਹੈ, ਅਤੀਤ (ਨਿਰਲੇਪ) ਹੈ, ਜੂਨਾਂ ਵਿੱਚ ਨਹੀਂ ਆਉਂਦਾ, ਆਪਣੇ ਆਪ ਤੋਂ ਪੈਦਾ ਹੋਇਆ (ਸੰਭਉ) ਹੈ, ਕੁਦਰਤ ਵਿੱਚ ਵਿਆਪਕ ਹੋਣ ਦੇ ਬਾਵਜੂਦ ਵੀ ਆਪ ਅਲੇਖ (ਲੇਖੇ ਤੋਂ ਪਰੇ) ਹੈ, ਪਰ ਗੁਰਮਤ ਰਾਹੀਂ ਹੀ ਉਹ ਮਿਲਦਾ ਹੈ।’

ਇਸ ਵਿਆਖਿਆ ਤੋਂ ਸਪਸ਼ਟ ਹੈ ਕਿ ਜਿਨ੍ਹਾਂ ਵਿੱਚ ਉਕਤ ਗੁਣ ਨਹੀਂ , ਉਨ੍ਹਾਂ ਦੇ ਸਿਰ ’ਤੇ ਲੇਖ ਹੈ, ਜੋ ਕਰਤਾਰ (ਅਲੇਖ) ਨੇ ਲਿਖੇ ਹਨ। ਇਸ ਵੀਚਾਰ ਨੂੰ ਗੁਰੂ ਅਰਜੁਨ ਸਾਹਿਬ ਜੀ ਸਪਸ਼ਟ ਕਰਦੇ ਹਨ : ‘‘ਇਹ ਬੁਧਿ ਪਾਈ ਮੈ ਸਾਧੂ ਕੰਨਹੁ; ਲੇਖੁ ਲਿਖਿਓ ਧੁਰਿ ਮਾਥੈ ॥’’ (ਮ: ੫/੭੧੫) ਭਾਵ ਮੈਨੂੰ ਗੁਰੂ ਜੀ ਪਾਸੋਂ ਇਹ ਸਮਝ ਆਈ ਹੈ ਕਿ (ਜੀਵਾਂ ਦੇ) ਮਾਥੈ (ਮਸਤਕਿ) ਉੱਪਰ ਧੁਰ (ਜਨਮ) ਤੋਂ ਲੇਖ ਲਿਖਿਆ ਹੋਇਆ ਹੈ, ਜੋ ਕੇਵਲ ਇੱਕ ਵਾਰ ’ਚ ਹੀ ਪਾ ਦਿੱਤਾ: ‘‘ਆਸਣੁ, ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ; ਸੁ, ਏਕਾ ਵਾਰ ॥’’ (ਜਪੁ /ਮ: ੧) ਭਾਵ ਕਰਤਾਰ ਦੀਆਂ ਦਾਤਾਂ ਦੇ ਭੰਡਾਰੇ ਹਰ ਜਗ੍ਹਾ ਭਰੇ ਪਏ ਹਨ ਪਰ ਜੀਵਾਂ ਦੇ ਸਿਰ ਦੇ ਲੇਖ (ਭਾਗ) ਅਨੁਸਾਰ ਹਰ ਇੱਕ ਨੂੰ ਜੋ ਕੁਝ (ਚੰਗਾ-ਮਾੜਾ) ਦੇਣਾ ਸੀ ਉਹ ਇੱਕ ਵਾਰ ਹੀ ਬਖ਼ਸ਼ਸ਼ ਕਰ ਦਿੱਤਾ। ਕੁਝ ਕੁ ਹੋਰ ਗੁਰਬਾਣੀ ਪ੍ਰਮਾਣ ਇਸ ਤਰ੍ਹਾਂ ਹਨ:

‘‘ਮਾਥੈ, ਜੋ ਧੁਰਿ ਲਿਖਿਆ; ਸੁ, ਮੇਟਿ ਨ ਸਕੈ ਕੋਇ ॥’’ (ਮ: ੩/੧੪੧੩)

‘‘ਮੇਰੈ ਹਰਿ ਪ੍ਰਭਿ, ਲੇਖੁ ਲਿਖਾਇਆ; ਧੁਰਿ ਮਸਤਕਿ ਪੂਰਾ ॥’’ (ਮ: ੩/੧੬੩)

‘‘ਜੋ ਧੁਰਿ ਲਿਖਿਆ ਲੇਖੁ ਪ੍ਰਭ; ਮੇਟਣਾ ਨ ਜਾਇ ॥’’ (ਮ: ੪/੩੧੫)

‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ ॥’’ (ਮ: ੧/੯੩੭)

‘‘ਨਿਹਚਲੁ ਮਸਤਕਿ ਲੇਖੁ ਲਿਖਿਆ; ਸੋ ਟਲੈ ਨ ਟਲਾਧਾ ॥’’ (ਮ: ੫/੧੧੦੧)

‘‘ਅਚਿੰਤ ਪ੍ਰਭੂ; ਧੁਰਿ ਲਿਖਿਆ ਲੇਖੁ ॥’’ (ਮ: ੫/੧੧੫੭)

‘‘ਹੁਕਮੀ, ਲਿਖੈ ਸਿਰਿ ਲੇਖੁ; ਵਿਣੁ ਕਲਮ ਮਸਵਾਣੀਐ ॥’’ (ਮ: ੧/੧੨੮੦) ਭਾਵ ਹੁਕਮ ਦਾ ਮਾਲਕ (ਕਰਤਾਰ), ਬਿਨਾ ਕਲਮ ਤੇ ਸਿਆਹੀ ਤੋਂ (ਜੀਵਾਂ ਦੇ) ਸਿਰ ਉੱਤੇ ਲੇਖ ਲਿਖਦਾ ਹੈ।

ਪਰ ਇਹ ਰੱਬੀ ਕਲਮ ਜੀਵਾਂ ਦੇ ਕਰਮਾਂ (ਕੰਮ, ਸੋਚ) ਦੇ ਅਧਾਰ ’ਤੇ ਚਲਦੀ ਹੈ, ਜਿਨ੍ਹਾਂ ਕਰਮਾਂ ਬਾਰੇ ਕਰਤਾਰ ਆਪ ਹੀ (ਜੀਵਾਂ ਨੂੰ) ਪ੍ਰੇਰਦਾ ਹੈ, ਤਾਂ ਜੋ ਜੀਵ ਆਕਾਰ ਦਾ ਸਦੀਵੀ ਭਾਗ ਬਣੇ ਰਹਿਣ ਤੇ ਕੁਦਰਤ ਵਿਕਾਸ ਕਰਦੀ ਰਹੇ: ‘‘ਸਭੇ ਸੁਰਤੀ, ਜੋਗ ਸਭਿ; ਸਭੇ ਬੇਦ ਪੁਰਾਣ ॥ ਸਭੇ ਕਰਣੇ, ਤਪ ਸਭਿ; ਸਭੇ ਗੀਤ ਗਿਆਨ ॥ ਸਭੇ ਬੁਧੀ, ਸੁਧਿ ਸਭਿ; ਸਭਿ ਤੀਰਥ, ਸਭਿ ਥਾਨ ॥ ਸਭਿ ਪਾਤਿਸਾਹੀਆ, ਅਮਰ ਸਭਿ; ਸਭਿ ਖੁਸੀਆ, ਸਭਿ ਖਾਨ ॥ ਸਭੇ ਮਾਣਸ, ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ, ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ (ਕਰਮਾਂ ਅਨੁਸਾਰ ਚਲਦੀ ਹੈ (ਰੱਬੀ) ਕਲਮ)॥’’ (ਮ: ੧/੧੨੪੧)

ਮਨੁੱਖਾ ਜੂਨੀ ਉਪਰੋਕਤ ਸਿਲੇਬਸ ਦਾ ਇਮਤਿਹਾਨ ਹੀ ਹੈ, ਜਿਸ ਵਿੱਚੋਂ ਪਾਸ ਹੋਣਾ ਗੁਰੂ ਦੀ ਸ਼ਰਨ, ਮੁੱਢਲੀ (ਅਰੰਭਕ) ਸ਼ਰਤ ਹੈ। ਅਗਰ ਸਭ ਕੁਝ ਮਾਲਕ ਦੇ ਲਿਖੇ ਭਾਣੇ (ਲੇਖ) ਵਿੱਚ ਹੀ ਹੋ ਰਿਹਾ ਹੈ ਤਾਂ ਮਨੁੱਖ ਵਿਸ਼ੇਸ਼ ਕਿਵੇਂ ਬਣੇ, ਸਿਲੇਬਸ ਵਿੱਚੋਂ ਪਾਸ ਕਿਵੇਂ ਹੋਵੇ? ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਸਭ ਤੋਂ ਪਹਿਲਾਂ ਮਨੁੱਖ ਇਹ ਮਹਿਸੂਸ ਕਰੇ ਕਿ ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ॥’’ (ਮ: ੧/੫੯੮) ਭਾਵ ਸਭ ਜੀਵਾਂ ਦੇ ਸਿਰ ਉੱਤੇ ਲੇਖ ਧੁਰ ਤੋਂ ਹੀ ਲਿਖਿਆ ਗਿਆ ਹੈ (ਭਾਵ ‘‘ਹੁਕਮੈ ਅੰਦਰਿ ਸਭੁ ਕੋ.॥’’), ਲੇਖੇ ਤੋਂ ਬਿਨਾ ਕੋਈ ਜੀਵ ਨਹੀਂ (ਭਾਵ ‘‘ਬਾਹਰਿ ਹੁਕਮ ਨ ਕੋਇ ॥’’ (ਜਪੁ /ਮ: ੧) ਭਾਵ ਰੱਬੀ ਹੁਕਮ ਵਿੱਚ ਚਲ ਕੇ ਹੀ ਜੀਵ ਆਪਣਾ ਲੇਖਾ (ਭਾਗ) ਇਕੱਠਾ ਕਰਦੇ ਹਨ, ਨਸੀਬ (ਤਕਦੀਰ) ਬਣਾਉਂਦੇ ਹਨ।, ਫਿਰ ਗੁਰੂ ਰਾਮਦਾਸ ਜੀ ਦਾ ਫ਼ੁਰਮਾ ਰਹੇ ਹਨ ਕਿ ਮਨੁੱਖ ਰੱਬੀ ਹੁਕਮ ਦਾ ਪਾਲਣ ਕਰਨ ਵਾਲਾ ਬਣ ਕੇ ਬੇਨਤੀ ਕਰੇ ਕਿ ‘‘ਸਭੁ ਕੋ ਤੇਰਾ, ਤੂੰ ਸਭਨਾ ਕਾ; ਮੇਰੇ ਕਰਤੇ ! ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥’’ (ਮ: ੪/੭੩੫) ਇਸ ਤਰ੍ਹਾਂ ਕੀਤੀ ਗਈ ਬੇਨਤੀ ਰਾਹੀਂ ‘ਮਸਤਕਿ ਭਾਗ’ ਜਾਗ ਪੈਂਦਾ ਹੈ; ਜਿਵੇਂ ਭਟ ਬਾਬਾ ਮਥੁਰਾ ਜੀ ਫ਼ੁਰਮਾ ਰਹੇ ਹਨ: ‘‘ਜਬ ਲਉ ਨਹੀ ਭਾਗ ਲਿਲਾਰ ਉਦੈ; ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥’’ (ਭਟ ਮਥੁਰਾ/੧੪੦੯) ਭਾਵ ਜਦ ਤੱਕ ਕਿਸਮਤ ਨਹੀਂ ਜਾਗੀ, ਸਿਰ ਦੇ ਲੇਖ ਨਹੀਂ ਉੱਘੜੇ (ਨਿੱਖਰੇ, ਜ਼ਾਹਰ ਹੋਏ, ਖੁਲ੍ਹੇ, ਪਹਿਚਾਨੇ ਗਏ) ਤਦ ਤੱਕ ਬਹੁਤ ਹੀ ਭਟਕਦੇ ਫਿਰਦੇ ਰਹੇ।

ਗੁਰੂ ਤੇਗ ਬਹਾਦਰ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਹੇ ਮਨ ! ਜਿਸ ਮਨੁੱਖ ਨੇ (ਗੁਰੂ ਸ਼ਬਦ ਦੀ ਕਮਾਈ ਰਾਹੀਂ) ਸਾਰੀ ਜ਼ਹਿਰੀਲੀ ਮਾਇਆ ਛੱਡ ਦਿੱਤੀ ਤੇ ਨਿਰਮੋਹ ਹੋ ਗਿਆ ਸਮਝੋ ਉਸ ਦਾ ‘ਮਸਤਕਿ ਭਾਗ’ ਜਾਗ ਗਿਆ : ‘‘ਜਿਹਿ ਬਿਖਿਆ ਸਗਲੀ ਤਜੀ; ਲੀਓ ਭੇਖ ਬੈਰਾਗ ॥ ਕਹੁ ਨਾਨਕ! ਸੁਨੁ ਰੇ ਮਨਾ ! ਤਿਹ ਨਰ ਮਾਥੈ ਭਾਗੁ ॥’’ (ਮ: ੯/੧੪੨੭)

ਪਰ ਜਿਸ ਨਿਗੁਰੇ ਦਾ ਭਾਗ ਨਹੀਂ ਜਾਗਿਆ ਉਹ ਕੇਵਲ ਸਿਰ ਦੇ ਲੇਖ ਅਨੁਸਾਰ ਹੀ ਵਿਚਰ ਰਿਹਾ ਹੈ, ਗੁਰੂ ਨਾਨਕ ਸਾਹਿਬ ਜੀ ਉਸ ਦੀ ਮਨੋ ਬ੍ਰਿਤੀ ਨੂੰ ਇਉਂ ਬਿਆਨ ਕਰ ਰਹੇ ਹਨ: ‘‘ਅਖਰ ਲਿਖੇ ਸੇਈ ਗਾਵਾ; ਅਵਰ ਨ ਜਾਣਾ ਬਾਣੀ ॥’’ (ਮ: ੧/੧੧੭੧)ਭਾਵ ਗੁਰੂ ਸੰਗਤ ਤੋਂ ਬਿਨਾ ਸਿਰ ਦੇ ਲੇਖ ਅਨੁਸਾਰ ਹੀ ਚਲਣਾ ਪੈਂਦਾ ਹੈ ਹੋਰ ਕੋਈ ਬਾਣੀ (ਬਨਾਵਟ, ਤਬਦੀਲੀ) ਨਹੀਂ ਹੋ ਸਕਦੀ ਕਿਉਂਕਿ ਉਕਤ ਸੋਚ ਅਧੀਨ ਜੀਵਨ ਬਸਰ ਕੀਤਿਆਂ ਇਹ ਸੱਚਾਈ ਅਟੱਲ ਹੈ: ‘‘ਲੇਖੁ ਨ ਮਿਟਈ, ਹੇ ਸਖੀ ! ਜੋ ਲਿਖਿਆ ਕਰਤਾਰਿ ॥’’ (ਮ: ੧/੯੩੭)

ਜੀਵਾਂ ਦੇ ਸਿਰ ’ਤੇ ਲੇਖ ਲਿਖ ਕੇ ਕਰਤਾਰ ਨੇ ਕੁਦਰਤ ਦਾ ਵਿਕਾਸ ਕਰਨਾ ਹੈ ਅਤੇ ਗੁਰੂ ਦੀ ਰਾਹੀਂ ਭਗਤ ਨੂੰ ਸ਼ਕਤੀ ਵੀ ਦੇ ਦਿੱਤੀ ਕਿ ਮੇਰੇ ਦੁਆਰਾ ਬਣਾਏ ਬੰਧਨਾਂ ਤੋਂ ਆਜ਼ਾਦ ਹੋ ਸਕਦਾ ਹੈਂ ‘‘ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ ॥ ਏਕ ਸਮੈ ਮੋ ਕਉ ਗਹਿ ਬਾਂਧੈ, ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥’’ (ਭਗਤ ਨਾਮਦੇਵ / ੧੨੫੨) ਭਾਵ ਕੁਦਰਤ ਦਾ ਕਰਤਾ ‘ਕਰਤਾਰ ਜੀ’ਆਖ ਰਹੇ ਹਨ ਕਿ ਮੇਰੇ ਤਮਾਮ ਬਣਾਏ ਬੰਧਨ ਭਗਤ ਤੋੜ ਦੇਂਦਾ ਹੈ ਕਿਉਂਕਿ ਜਦ ਭਗਤ ਮੈਨੂੰ ਆਪਣੇ ਪ੍ਰੇਮ-ਬੰਧਨ ਵਿੱਚ ਬੰਨ੍ਹ ਲੈਂਦਾ ਹੈ ਤਾਂ ਮੈਂ ਉਸ ਨੂੰ ਹੋਰ ਬੰਧਨਾਂ ਵਿੱਚ ਕਿਉਂ ਫਸਾਵਾਂ ? ਇਸ ਦਾ ਮੇਰੇ ਕੋਲ ਕੋਈ ਜਵਾਬ ਨਹੀਂ ।

ਅਖਰੀ; ਲਿਖਣੁ ਬੋਲਣੁ ਬਾਣਿ ॥ ਅਖਰਾ; ਸਿਰਿ ਸੰਜੋਗੁ ਵਖਾਣਿ ॥

ਅਰਥ : ਅੱਖਰਾਂ ਦੁਆਰਾ ਹੀ ਲਿਖਤ (ਭਾਸ਼ਾ), ਬੋਲ-ਚਾਲ ਤੇ ਆਦਤ ਬਣਦੀ ਹੈ, ਅੱਖਰਾਂ ਕਰ ਕੇ ਹੀ (ਜੀਵਾਂ ਦੇ) ਸਿਰ ਉੱਤੇ ਨਸੀਬ ਲਿਖਿਆ, ਦੱਸਿਆ ਜਾਂਦਾ ਹੈ (ਇਸ ਲਈ ਮੈਂ ‘ਅਸੰਖ’ ਸ਼ਬਦ ਦੀ ਵਰਤੋਂ ਕੀਤੀ ਪਰ ਫਿਰ ਵੀ ਸਭ ਕੁਝ ਅੱਖਰਾਂ ’ਚ ਨਹੀਂ; ਜਿਵੇਂ ਕਿ)

(ਪਰ ਇਨ੍ਹਾਂ ਅੱਖਰਾਂ (ਭਾਗਾਂ ਦੇ ਲੇਖ) ਨੂੰ ਜੋ ਗੁਰੂ ਦੀ ਰਾਹੀਂ ਸਮਝ ਲੈਂਦਾ ਹੈ ਤਾਂ ਉਸ ਸਿਰ ਉੱਤੇ ਇਹ ਵਖਾਣਿਆ ਜਾਂਦਾ ਲੇਖ ਨਹੀਂ ਹੁੰਦਾ: ‘‘ਏਨਾ ਅਖਰਾ ਮਹਿ, ਜੋ ਗੁਰਮੁਖਿ ਬੂਝੈ; ਤਿਸੁ ਸਿਰਿ ਲੇਖੁ ਨ ਹੋਈ ॥’’ (ਮ: ੧/੪੩੨) ਭਾਵ ਉਹ ਅਲੇਖ (ਰੱਬ) ਦਾ ਰੂਪ ਹੋ ਜਾਂਦਾ ਹੈ।)

‘‘ਜਿਨਿ, ਏਹਿ ਲਿਖੇ; ਤਿਸੁ ਸਿਰਿ ਨਾਹਿ ॥’’– ਇਸ ਪੰਕਤੀ ’ਚ ਦਰਜ ‘ਜਿਨਿ’ ਸ਼ਬਦ ਇੱਕ ਵਚਨ ਪੜਨਾਂਵ ਹੈ, ਜਿਸ ਦਾ ਬਹੁ ਵਚਨ ਰੂਪ ਹੈ ‘ਜਿਨ’; ਜਿਵੇਂ 523 ਵਾਰ:

‘‘ਹਰਿ ਜਨ ਕੇ ਵਡ ਭਾਗ ਵਡੇਰੇ; ‘ਜਿਨ’, ਹਰਿ ਹਰਿ ਸਰਧਾ ਹਰਿ ਪਿਆਸ ॥’’ (ਮ: ੪/੧੦)

‘‘ਜਿਨ ਤੂੰ ਸੇਵਿਆ ਭਾਉ ਕਰਿ; ਸੇਈ ਪੁਰਖ ਸੁਜਾਨ ॥’’ (ਮ: ੫/੫੨)

‘‘ਤਿਨਾ ਪਿਛੈ ਛੁਟੀਐ ; ‘ਜਿਨ’ ਅੰਦਰਿ ਨਾਮੁ ਨਿਧਾਨੁ ॥’’ (ਮ: ੫/੫੨) ਆਦਿ।

‘ਜਿਨਿ’ (ਇੱਕ ਵਚਨ) ਸ਼ਬਦ ਗੁਰਬਾਣੀ ਵਿੱਚ 713 ਵਾਰ ਦਰਜ ਹੈ; ਜਿਵੇਂ:

‘‘ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥’’ (ਜਪੁ /ਮ: ੧)

‘‘ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥’’ (ਮ: ੧/੧੦)

‘‘ਜਿਨਿ ਏਹੁ ਜਗਤੁ ਉਪਾਇਆ; ਤ੍ਰਿਭਵਣੁ ਕਰਿ ਆਕਾਰੁ ॥’’ (ਮ: ੧/੨੦)

‘‘ਜਿਨਿ ਤੂੰ ਸਾਜਿ ਸਵਾਰਿਆ; ਹਰਿ ਸਿਮਰਿ, ਹੋਇ ਉਧਾਰੁ ॥’’ (ਮ: ੫/੫੧) ਆਦਿ।

‘ਏਹਿ’– ਸ਼ਬਦ ਬਹੁ ਵਚਨ ਪੜਨਾਂਵ ਹੈ, ਜਿਸ ਦਾ ਇੱਕ ਵਚਨ ਰੂਪ ਹੈ ‘ਏਹੁ’; ਜੋ 172 ਵਾਰ ਦਰਜ ਹੈ; ਜਿਵੇਂ:

‘‘ਏਹੁ’’ ਲੇਖਾ; ਲਿਖਿ ਜਾਣੈ ਕੋਇ ॥’’ (ਜਪੁ /ਮ: ੧)

‘‘ਏਹੁ’’ ਅੰਤੁ; ਨ ਜਾਣੈ ਕੋਇ ॥’’ (ਜਪੁ /ਮ: ੧)

‘‘ਬਾਬਾ ! ‘ਏਹੁ’ ਲੇਖਾ; ਲਿਖਿ ਜਾਣੁ ॥’’ (ਮ: ੧/੧੬)

‘‘ਏਹੁ’’ ਜਗੁ ਜਲਤਾ ਦੇਖਿ ਕੈ ; ਭਜਿ ਪਏ ਸਤਿਗੁਰ ਸਰਣਾ ॥’’ (ਮ: ੩/੭੦) ਆਦਿ।

‘ਏਹਿ’ ਬਹੁ ਵਚਨ ਸ਼ਬਦ ਗੁਰਬਾਣੀ ਵਿੱਚ 30 ਵਾਰ ਦਰਜ ਹੈ; ਜਿਵੇਂ:

‘‘ਨਾਨਕ ! ਮੂਰਖ ‘ਏਹਿ’ ਗੁਣ; ਬੋਲੇ ਸਦਾ ਵਿਣਾਸੁ ॥’’ (ਮ: ੧/੧੪੩)

‘‘ਸੂਚੇ ‘ਏਹਿ’ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥’’ (ਮ: ੧/੪੭੨)

‘‘ਏਹਿ’’ ਜੀਅ ਤੇਰੇ; ਤੂ ਕਰਤਾ ਰਾਮ ॥’’ (ਮ: ੫/੫੭੮)

‘‘ਸਤੀਆ ‘ਏਹਿ’ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥’’ (ਮ: ੩/੭੮੭)

‘‘ਧਨ ਪਿਰੁ ‘ਏਹਿ’ ਨ ਆਖੀਅਨਿ; ਬਹਨਿ ਇਕਠੇ ਹੋਇ ॥’’ (ਮ: ੩/੭੮੮) ਆਦਿ।

‘‘ਜਿਵ ਫੁਰਮਾਏ; ਤਿਵ ਤਿਵ ਪਾਹਿ ॥’’– ਇਸ ਪੰਕਤੀ ’ਚ ਦਰਜ ‘ਜਿਵ, ਤਿਵ, ਤਿਵ’ ‘ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣ’ ਸ਼ਬਦ ਹਨ, ਜਿਨ੍ਹਾਂ ਦਾ ਅਰਥ ਹੈ ‘ਜਿਸ ਤਰ੍ਹਾਂ’ ਅਤੇ ‘ਉਸ ਤਰ੍ਹਾਂ’। ‘ਜਿਵ’ (ਭਾਵ ਜਿਸ ਤਰ੍ਹਾਂ) ਸ਼ਬਦ ਗੁਰਬਾਣੀ ਵਿੱਚ 14 ਵਾਰ ਅਤੇ ‘ਤਿਵ’ (ਭਾਵ ਉਸ ਤਰ੍ਹਾਂ) 16 ਵਾਰ ਦਰਜ ਹੈ; ਜਿਵੇਂ:

‘‘ਕਰਿ ਕਰਿ ਵੇਖੈ, ਕੀਤਾ ਆਪਣਾ; ‘ਜਿਵ’, ਤਿਸ ਦੀ ਵਡਿਆਈ ॥’’ (ਜਪੁ /ਮ: ੧)

‘‘ਜਿਵ ਜਿਵ ਹੁਕਮੁ; ‘ਤਿਵੈ ਤਿਵ’ ਕਾਰ ॥’’ (ਜਪੁ /ਮ: ੧)

‘‘ਗੁਰ ਅਮਰਦਾਸ ਕਾਰਣ ਕਰਣ; ‘ਜਿਵ’ ਤੂ ਰਖਹਿ, ‘ਤਿਵ’ ਰਹਉ ॥’’ (ਭਟ ਕੀਰਤ / ੧੩੯੫) ਆਦਿ।

ਜਿਨਿ, ਏਹਿ ਲਿਖੇ; ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ; ਤਿਵ ਤਿਵ ਪਾਹਿ ॥

ਅਰਥ : ਜਿਸ (ਅਕਾਲ ਪੁਰਖ ਲਿਖਾਰੀ) ਨੇ (ਜੀਵਾਂ ਦੇ ਸਿਰ ਉੱਤੇ ਅੱਖਰਾਂ ਨਾਲ਼) ਇਹ ਨਸੀਬ ਲਿਖੇ, ਉਸ ਦੇ ਆਪਣੇ ਸਿਰ ਉੱਤੇ (ਅੱਖਰਾਂ ਰਾਹੀਂ ਲਿਖਿਆ ਹੋਇਆ ਕੋਈ ਨਸੀਬ) ਨਹੀਂ (ਪਰ ਜੀਵਾਂ ਦੇ ਸਿਰ ਉੱਤੇ ਲਿਖੇ ਨਸੀਬ ਅਨੁਸਾਰ) ਜਿਵੇਂ ਜਿਵੇਂ (ਉਸ ਦਾ) ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਹੀ (ਜੀਵ ਕਰਮ ਕਰ ਕੇ, ਆਪਣੇ ਲਿਖੇ ਹੋਏ ਨਸੀਬ) ਪਾਉਂਦੇ ਹਨ, ਭੋਗਦੇ ਹਨ (ਤੇ ਦੁਬਾਰਾ ਨਵੇਂ ਨਸੀਬ ਬਣਾਉਂਦੇ ਤੇ ਲਿਖਵਾਉਂਦੇ ਹਨ)।

‘‘ਜੇਤਾ ਕੀਤਾ; ਤੇਤਾ ਨਾਉ ॥’’ ਇਸ ਪੰਕਤੀ ’ਚ ਦਰਜ ‘ਜੇਤਾ, ਤੇਤਾ’ ‘ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ’ ਸ਼ਬਦ ਹਨ, ਜਿਨ੍ਹਾਂਦਾ ਅਰਥ ਹੈ ‘ਜਿਤਨਾ (ਜਿੰਨਾ), ਉਤਨਾ (ਓਨਾ)’। ‘ਜੇਤਾ’ ਸ਼ਬਦ ਗੁਰਬਾਣੀ ਵਿੱਚ 32 ਵਾਰ ਅਤੇ ‘ਤੇਤਾ’ ਸ਼ਬਦ 16 ਵਾਰ ਦਰਜ ਹੈ; ਜਿਵੇਂ:

‘‘ਜੇਤਾ ਦੇਹਿ ਤੇਤਾ ਹਉ ਖਾਉ ॥’’ (ਮ: ੧/੨੫)

‘‘ਜੇਤਾ ਬੋਲਣੁ ਤੇਤਾ ਗਿਆਨੈ ॥’’ (ਮ: ੫/੨੩੬)

‘‘ਜੇਤਾ ਸੁਨਣਾ ਤੇਤਾ ਨਾਮੁ ॥’’ (ਮ: ੫/੨੩੬)

‘‘ਜੇਤਾ ਪੇਖਨੁ, ਤੇਤਾ ਧਿਆਨੁ ॥’’ (ਮ: ੫/੨੩੬) ਆਦਿ।

‘ਨਾਉ’– ਇਸ ਸ਼ਬਦ ਦੀ ਉਕਤ ਵੀਚਾਰ ਕੀਤੀ ਗਈ ਹੈ, ਜਿਸ ਦਾ ਅਰਥ ਇੱਥੇ ਬਣਦਾ ਹੈ ‘ਸਰੂਪ, ਸ਼ਕਲ, ਹੋਂਦ’ ਆਦਿ।

‘‘ਵਿਣੁ ਨਾਵੈ; ਨਾਹੀ ਕੋ ਥਾਉ ॥’’ ਇਸ ਪੰਕਤੀ ’ਚ ਦਰਜ ਸ਼ਬਦ ‘ਨਾਵੈ’ ਦਾ ਮੂਲ ਸਰੋਤ ਸ਼ਬਦ ‘ਨਾਵ’ (ਬਹੁ ਵਚਨ) ਹੈ, ਜੋ ਇਸ ਪਉੜੀ ਦਾ ਅਰੰਭਕ ਸ਼ਬਦ ਹੈ; ਜਿਵੇਂ: ‘‘ਅਸੰਖ ਨਾਵ..॥’’

‘ਨਾਵ’ ਸ਼ਬਦ ਨਾਲ ਸੰਬੰਧਕ ਸ਼ਬਦ ਆਇਆਂ, ਇਸ ਦਾ ਸਰੂਪ ‘ਨਾਵੈ’ ਬਣ ਜਾਂਦਾ ਹੈ; ਜੋ ਗੁਰਬਾਣੀ ਵਿੱਚ 259 ਵਾਰ ਦਰਜ ਹੈ :

‘‘ਓਹੁ ਧੋਪੈ, ‘ਨਾਵੈ ਕੈ’ ਰੰਗਿ ॥’’ (ਜਪੁ /ਮ: ੧)

‘‘ਨਾਨਕ ! ‘ਨਾਵੈ ਬਾਝੁ’, ਸਨਾਤਿ ॥’’ (ਮ: ੧/੧੦)

‘‘ਮਨਮੁਖ ਨਾਮੁ ਨ ਜਾਣਨੀ; ‘ਵਿਣੁ ਨਾਵੈ’, ਪਤਿ ਜਾਇ ॥’’ (ਮ: ੩/੨੮)

‘‘ਬਿਨੁ ਨਾਵੈ’’ ਠਉਰੁ ਨ ਪਾਇਨੀ ; ਜਮਪੁਰਿ ਦੂਖ ਸਹਾਹਿ ॥’’ (ਮ: ੩/੩੬)

‘‘ਬਿਨੁ ਨਾਵੈ’’ ਦੁਖੁ ਦੇਹੁਰੀ; ਜਿਉ ਕਲਰ ਕੀ ਭੀਤਿ ॥’’ (ਮ: ੧/੫੮)

‘‘ਨਾਨਕ ! ਸਭ ਕਿਛੁ ‘ਨਾਵੈ ਕੈ’ ਵਸਿ ਹੈ; ਪੂਰੈ ਭਾਗਿ, ਕੋ ਪਾਈ ॥’’ (ਮ: ੩/੪੨੬)

‘‘ਸਭ ‘ਨਾਵੈ ਨੋ’ ਲੋਚਦੀ; ਜਿਸੁ ਕ੍ਰਿਪਾ ਕਰੇ, ਸੋ ਪਾਏ ॥’’ (ਮ: ੩/੪੨੭) ਆਦਿ।

(ਨੋਟ: ਉਪਰੋਕਤ ਤਮਾਮ ਪੰਕਤੀਆਂ ’ਚ ਤਰਤੀਬ ਵਾਰ ‘ਕੈ, ਬਾਝੁ (ਬਿਨਾ), ਵਿਣੁ, ਬਿਨੁ, ਕੈ, ਨੋ’ ਆਦਿ ਸੰਬੰਧਕੀ ਸ਼ਬਦ ਆਇਆਂ ਹੀ ‘ਨਾਵ’ ਸ਼ਬਦ ਦਾ ਸਰੂਪ ‘ਨਾਵੈ’ ਬਣਿਆ ਹੈ।)

ਜੇਤਾ ਕੀਤਾ; ਤੇਤਾ ਨਾਉ ॥ ਵਿਣੁ ਨਾਵੈ; ਨਾਹੀ ਕੋ ਥਾਉ ॥

ਅਰਥ : (ਕੁਦਰਤ ਦਾ) ਜਿਤਨਾ ਵਿਕਾਸ (ਪਸਾਰਾ) ਹੈ, ਉਤਨਾ ਹੀ ‘ਅਕਾਲ ਪੁਰਖ’ ਦਾ ਨਾਮ (ਵਜੂਦ) ਹੈ (ਭਾਵ ਉਹ ਕਣ ਕਣ ’ਚ ਮੌਜੂਦ ਹੈ), ਉਸ ਦੇ ਵਜੂਦ (ਹੋਂਦ) ਤੋਂ ਖ਼ਾਲੀ ਕੋਈ ਜਗ੍ਹਾ ਨਹੀਂ।

ਕੁਦਰਤਿ ਕਵਣ  ? ਕਹਾ ਵੀਚਾਰੁ॥ ਵਾਰਿਆ ਨ ਜਾਵਾ, ਏਕ ਵਾਰ॥         

ਅਰਥ : ਹੇ ਨਿਰਾਕਾਰ ਮਾਲਕ  !  (ਤੇਰੇ ਵਿਸ਼ਾਲਤਾ ਅੱਗੇ) ਮੇਰੀ ਕਿੰਨੀ ਕੁ ਕੁਦਰਤਿ (ਸਮਰੱਥਾ ਹੈ ?  ਤਾਂ ਜੋ ਤੇਰੀ ਹੋਂਦ ਬਾਰੇ ਪੂਰਾ) ਅਨੁਮਾਨ ਲਗਾ ਸਕਾਂ, ਭਾਵੇਂ ਮੈਂ ਇੱਕ ਵਾਰ (ਤੇਰੇ ’ਚ) ਵਾਰਿਆ (ਅਭੇਦ ਹੀ) ਕਿਉਂ ਨਾ ਹੋ ਜਾਵਾਂ (ਫਿਰ ਵੀ ਤੇਰਾ ਪੂਰਾ ਅਨੁਮਾਨ ਨਹੀਂ ਲਗਾ ਸਕਦਾ)।

ਜੋ ਤੁਧੁ ਭਾਵੈ; ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ, ਨਿਰੰਕਾਰ॥੧੯॥

ਅਰਥ : ਹੇ ਨਿਰਾਕਾਰ !  ਜੋ ਤੈਨੂੰ ਪਸੰਦ ਹੈ (ਮਿਹਰ ਕਰ) ਉਹੀ ਕਾਰ-ਵਿਹਾਰ (ਮੈਨੂੰ ਵੀ) ਚੰਗਾ ਲੱਗੇ (ਕਿਉਂਕਿ ਮੈਂ ਵਕਤੀ ਮਹਿਮਾਨ ਹਾਂ ਤੇ) ਤੂੰ ਸਦੀਵੀ ਸਥਿਰ ਮਾਲਕ । ੧੯।