ਜਪੁ ਪਉੜੀ 16 ਤੋਂ 24
ਜਿਹੜਾ ਸਿੱਖ; ਗੁਰੂ ਸਿੱਖਿਆ ਸੁਣ ਕੇ ਅਮਲ ਭੀ ਕਰਦਾ ਹੈ, ਉਹ ਮਾਇਆ ਤੋਂ ਨਿਰਮੋਹ ਹੋ ਜਾਂਦਾ ਹੈ। ਗੁਰੂ ਸਾਹਿਬ; ਉਸ ਨੂੰ ‘ਪੰਚ’ ਮੰਨਦੇ ਹਨ। ਗੁਰਬਾਣੀ ’ਚ ‘ਪੰਚ’ ਅਤੇ ‘ਪਰਪੰਚ’ ਸ਼ਬਦਾਂ ਦੀ ਤੁਲਨਾਤਮਿਕ ਵਿਚਾਰ ਕਰਨ ਨਾਲ਼ ‘ਪੰਚ’ ਦਾ ਅਰਥ ਵਧੇਰੇ ਸਪਸ਼ਟ ਹੁੰਦਾ ਹੈ; ਜਿਵੇਂ ਕਿ
(1). ‘ਪਰਪੰਚ’ ਦਾ ਅਰਥ ਹੈ ‘ਸਮਾਜਿਕ ਖਿਲਾਰਾ, ਸੰਸਾਰ, ਛਲ-ਕਪਟ’; ਜਿਵੇਂ ਕਿ ਬਚਨ ਹਨ :
ਜਹ ਆਪਿ ਰਚਿਓ; ‘ਪਰਪੰਚੁ ਅਕਾਰੁ’॥ (ਮਹਲਾ ੫/੨੯੧)
ਪਪੈ, ਪਾਤਿਸਾਹੁ ਪਰਮੇਸਰੁ; ਵੇਖਣ ਕਉ ‘ਪਰਪੰਚੁ’ (ਸੰਸਾਰ) ਕੀਆ॥ (ਪਟੀ/ਮਹਲਾ ੧/੪੩੩)
ਬਹੁ ‘ਪਰਪੰਚ’ (ਛਲ-ਕਪਟ) ਕਰਿ; ਪਰ ਧਨੁ ਲਿਆਵੈ ॥
ਸੁਤ ਦਾਰਾ ਪਹਿ (ਪੁੱਤਰ-ਇਸਤ੍ਰੀ ’ਤੇ); ਆਨਿ ਲੁਟਾਵੈ ॥ (ਭਗਤ ਕਬੀਰ/੬੫੬)
ਪਪੈ, ਪਾਰਿ ਨ ਪਵਹੀ ਮੂੜੇ !
‘ਪਰਪੰਚਿ’ (ਸੰਸਾਰ ’ਚ) ਤੂੰ ਪਲਚਿ ਰਹਿਆ (ਫਸ ਗਿਆ) ॥ (ਪਟੀ/ਮਹਲਾ ੩/੪੩੫)
(2). ‘ਪੰਚ’ ਦੇ ਅਰਥ ‘ਪਰਪੰਚ’ ਤੋਂ ਬਿਲਕੁਲ ਉਲ਼ਟ ਹਨ; ਜਿਵੇਂ ਕਿ ਬਚਨ ਹਨ, ‘‘ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ‘ਪਰਪੰਚੁ’॥ (ਮਹਲਾ ੫/੨੯੭) ਭਾਵ ਜੋ ਜਗਤ ਫ਼ਰੇਬ ਨੂੰ ਜਾਣ ਗਏ, ਮਾਇਆਵੀ ਖੇਡ ਦੀ ਅਸਲੀਅਤ ਸਮਝ ਗਏ; ਉਹੀ ਤੱਤਵੇਤਾ ਪੰਚ ਜਨ; (ਪਰਪੰਚ-ਸੰਸਾਰ ’ਚ) ਪ੍ਰਧਾਨ ਮੰਨੇ ਗਏ (ਬਾਕੀ ਤਾਂ ਸਾਰੇ ਖ਼ਾਕ ਛਾਣ ਰਹੇ ਹਨ)।
ਅਗਲੀਆਂ 16 ਤੋਂ 31 ਪਉੜੀਆਂ ’ਚ ‘ਪੰਚ-ਜਨ’ ਅਵਸਥਾ ਵਾਲ਼ੇ ‘ੴ’ ਦੇ ਰੂ-ਬਰੂ ਸੰਵਾਦ ਕਰਦੇ ਹਨ, ਉਸ ਦੇ ਗੁਣ ਦਾ ਵਰਣਨ ਕਰਦੇ ਹਨ ਤਾਹੀਓਂ ਇਸ ਬਾਣੀ ਦਾ ਸਿਰਲੇਖ; ‘ਜਪੁ’ ਭਾਵ ਸਿਮਰਨ ਹੈ।
ਪੰਚ ਪਰਵਾਣੁ, ਪੰਚ ਪਰਧਾਨੁ॥ ਪੰਚੇ ਪਾਵਹਿ, ਦਰਗਹ ਮਾਨੁ॥ ਉਚਾਰਨ : ਪਾਵਹਿਂ।
ਪਦ ਅਰਥ : ਪੰਚ- ਪ੍ਰਮਾਤਮਾ ਨਾਲ਼ ਸਾਂਝ ਪਾ ਚੁੱਕੇ ਭਗਤ-ਜਨ, ਗੁਰੂ ਸਿੱਖਿਆ ਅਨੁਸਾਰੀ ਚੱਲਣ ਵਾਲ਼ੇ ਸਿੱਖ। ਪਰਵਾਣੁ- (ਰੱਬ ਦੇ ਦਰ ’ਤੇ) ਕਬੂਲ। ਪਰਧਾਨੁ- (ਸੰਸਾਰ ਵਿੱਚ ਸਾਰਿਆਂ ਲਈ) ਸਤਿਕਾਰਯੋਗ।
ਨੋਟ : ਇਸ ਵਾਕ ’ਚ ‘ਪਰਵਾਣੁ’ ਅਤੇ ‘ਪਰਧਾਨੁ’ ਸ਼ਬਦ ‘ਪੰਚ’ (ਬਹੁ ਵਚਨ ਨਾਂਵ) ਦੇ ਵਿਸ਼ੇਸ਼ਣ ਨਹੀਂ ਹਨ। ਜੇਕਰ ਵਿਸ਼ੇਸ਼ਣ ਹੁੰਦੇ ਤਾਂ ਅਰਥ ਹੁੰਦੇ ‘ਪਰਵਾਣ ਹੋਏ ਪੰਚ-ਜਨ, ਪਰਧਾਨ ਬਣੇ ਪੰਚ-ਜਨ’, ਪਰ ਇੱਥੇ ਅਰਥ ਹਨ, ‘ਪੰਚ-ਜਨ ਪਰਧਾਨ ਹਨ, ਪਰਵਾਣ ਹਨ’ ਯਾਨੀ ‘ਪੰਚ’ ਕਰਤਾ ਕਾਰਨ ਬਹੁ ਵਚਨ ਨਾਂਵ ਹੈ ਅਤੇ ‘ਪਰਵਾਣੁ, ਪਰਧਾਨੁ’ ਕਰਮ ਕਾਰਕ ਇੱਕ ਵਚਨ ਨਾਂਵ। ਗੁਰਬਾਣੀ ਵਿੱਚ ‘ਕਬੂਲੁ, ਪਰਵਾਣੁ, ਧੰਨੁ (ਜਿਸ ਦਾ ਅਰਥ ਹੈ ‘ਧੰਨਤਾਯੋਗ’) ਸ਼ਬਦ; ਸਦਾ ਔਂਕੜ ਅੰਤ ਹੁੰਦੇ ਹਨ।
ਅਰਥ : ਪੰਚ-ਜਨ; (ਰੱਬ ਦੀ) ਦਰਗਹ ’ਚ ਕਬੂਲ ਹੋਏ ਸਤਿਕਾਰਯੋਗ ਹਨ। ਹਰ ਜਗ੍ਹਾ ਸਤਿਕਾਰ ਪਾਉਂਦੇ ਹਨ।
ਵਿਚਾਰ : ਰੱਬ ਦੀ ਦਰਗਾਹ; ਹਰ ਸਰੀਰ ਦੇ ਅੰਦਰ ਹੀ ਹੈ। ਜਦ ਬੰਦਾ; ਚੰਗਾ-ਮਾੜਾ ਸੋਚਦਾ ਹੈ, ਵੈਸਾ ਹੀ ਉਸ ਦਾ ਅਸਰ; ਅੰਤਹਿਕਰਣ ’ਤੇ ਤੁਰੰਤ ਪੈਂਦਾ ਹੈ। ਜਿਸ ਨੂੰ ਪਹਿਲਾਂ ਹੀ ਜਨਮ ਜਨਮ ਦੀ ਮੈਲ਼ ਲੱਗੀ ਹੈ, ‘‘ਜਨਮ ਜਨਮ ਕੀ, ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ॥’’ (ਮਹਲਾ ੩/੬੫੧) ਭਾਵ ਬੁਰਾ ਸੋਚਣ ਨਾਲ਼ ਇਹ ਮੈਲ਼ ਵਧਦੀ ਹੈ ਤੇ ਚੰਗਾ ਸੋਚਣ ਨਾਲ਼ ਘਟਦੀ ਹੈ। ਇਹੀ ਮਾਲਕ ਵੱਲੋਂ ਇਨਸਾਫ਼ ਕਰਨਾ, ਅਖਵਾਉਂਦਾ ਹੈ।
ਪੰਚ-ਜਨਾਂ ਦਾ ਅੰਤਹਿਕਰਣ; ਪਾਰਦਰਸ਼ੀ ਹੋ ਚੁੱਕਾ ਹੁੰਦਾ ਹੈ, ਜਿਸ ਕਾਰਨ ਅੰਦਰਲੀ ਰੱਬੀ ਜੋਤਿ (ਆਤਮ-ਪ੍ਰਕਾਸ਼); ਸੁਰਤਿ ਨੂੰ ਨਵੇਕਲਾ ਅਹਿਸਾਸ ਕਰਾਉਂਦੀ ਹੈ। ਪਹਿਲਾਂ; ਆਤਮ ਪ੍ਰਕਾਸ਼ ਅਤੇ ਸੁਰਤਿ ਵਿਚਕਾਰ ਮਲ਼ੀਨ ਅੰਤਹਿਕਰਣ ਸੀ, ਜਿਸ ਦੀ ਮੱਧਮ ਪਰਛਾਈ ਸੁਰਤਿ ’ਤੇ ਪੈਣ ਕਾਰਨ ਸੁਰਤਿ ਕਮਜ਼ੋਰ ਸੀ, ਜੋ ਮਨ-ਸ਼ਕਤੀ ਅੱਗੇ ਹਾਰ ਜਾਂਦੀ ਸੀ ਭਾਵ ਮਨ ਦੇ ਕਹੇ ਅਨੁਸਾਰ ਚੱਲਦੀ ਸੀ। ਆਤਮ-ਪ੍ਰਕਾਸ਼ ਦਾ ਹੂ-ਬਹੂ ਚਾਨਣ; ਸੁਰਤਿ ’ਤੇ ਪੈਣਾ ਹੀ ‘ੴ’ ’ਚ ਅਭੇਦ ਹੋਣਾ ਹੈ। ਅਭੇਦ ਹੋਏ ਪੰਚ-ਜਨਾਂ ਦੀ ਆਪਣੇ ਮਾਲਕ ਨਾਲ਼ ਗੱਲ-ਬਾਤ ਹੀ ਅਗਲੀਆਂ ਪਉੜੀਆਂ ’ਚ ਦਰਜ ਹੈ ਕਿਉਂਕਿ ਉਨ੍ਹਾਂ ਨੂੰ ਐਸਾ ਅਹਿਸਾਸ ਹੋ ਰਿਹਾ ਹੰਦਾ ਹੈ।
ਪੰਚੇ ਸੋਹਹਿ, ਦਰਿ ਰਾਜਾਨੁ॥ ਪੰਚਾ ਕਾ; ਗੁਰੁ ਏਕੁ, ਧਿਆਨੁ॥ ਉਚਾਰਨ : ਸੋਹਹਿਂ, ਪੰਚਾਂ।
ਪਦ ਅਰਥ : ਪੰਚੇ- ਪੰਚ ਜਨ ਹੀ। ਸੋਹਹਿ- ਸ਼ੋਭਦੇ ਹਨ। ਦਰਿ- ਦਰ ਉੱਤੇ, ਰਾਜ ਦਰਬਾਰ ਵਿੱਚ। ਰਾਜਾਨੁ- ਰਾਜ ਆਨ ਯਾਨੀ ਕਈ ਰਾਜਿਆਂ (ਦੇ)। ਗੁਰੁ ਏਕੁ- ਕੇਵਲ ਗੁਰੂ (ਸਿੱਖਿਆ ਵੱਲ)। ਧਿਆਨੁ- ਲਗਾਅ, ਸੁਰਤਿ ਦਾ ਟਿਕਾਅ।
ਅਰਥ : ਪੰਚ-ਜਨ ਹੀ ਰਾਜੇ-ਮਹਾਰਾਜਿਆਂ ਦੇ ਦਰ ਉੱਤੇ ਸ਼ੋਭਦੇ ਹਨ ਕਿਉਂਕਿ ਪੰਚ ਜਨਾਂ ਦਾ ਧਿਆਨ; ਕੇਵਲ ਗੁਰੂ ਆਸ਼ੇ ਅਨੁਸਾਰ ਹੁੰਦਾ ਹੈ ਯਾਨੀ ਉਹ ਸਮਾਜ ਨੂੰ ਜੋੜਦੇ ਹਨ, ਨਾ ਕਿ ਕਿਸੇ ਲਾਲਸਾ ਅਧੀਨ ਰਾਜ-ਸੱਤਾ ਲਈ ਖ਼ਤਰਾ ਬਣਦੇ ਹਨ।
ਜੇ ਕੋ ਕਹੈ; ਕਰੈ ਵੀਚਾਰੁ॥ ਕਰਤੇ ਕੈ ਕਰਣੈ, ਨਾਹੀ ਸੁਮਾਰੁ॥ ਉਚਾਰਨ : ਨਾਹੀਂ, ਸ਼ੁਮਾਰ।
ਪਦ ਅਰਥ : ਜੇ ਕੋ- ਜੇਕਰ ਕੋਈ। ਕਰਤੇ ਕੈ ਕਰਣੈ- ਕਰਤਾਰ ਦੇ ਵਿਸਥਾਰ ਦਾ, ਸਿਰਜਣਹਾਰ ਦੀ ਕੁਦਰਤ ਦਾ ਭਾਵ ਮਾਲਕ ਦੇ ਪਰਵਾਰ (ਖਿਲਾਰੇ) ਦਾ। ਸੁਮਾਰੁ- ਅੰਤ, ਸੀਮਾ-ਕਿਨਾਰਾ।
ਅਰਥ : (ਪੰਚ-ਜਨ ਨੂੰ ਅਹਿਸਾਸ ਹੁੰਦਾ ਹੈ ਕਿ) ਜੇ ਕੋਈ (ਮਾਲਕ ਦੇ ਪਰਵਾਰ ਬਾਰੇ) ਵਿਚਾਰ ਦਿੰਦਾ ਹੈ, ਦੱਸਦਾ ਹੈ (ਤਾਂ ਕੇਵਲ ਨਾ ਮਾਤਰ ਹੀ ਕਿਉਂਕਿ) ਕਰਤਾਰ ਦੇ ਵਿਸ਼ਾਲ ਵਿਸਥਾਰ ਦਾ ਕੋਈ ਅੰਤ ਨਹੀਂ, ਕੋਈ ਲੇਖਾ ਜੋਖਾ ਨਹੀਂ।
ਧਉਲੁ ਧਰਮੁ, ਦਇਆ ਕਾ ਪੂਤੁ॥ ਸੰਤੋਖੁ, ਥਾਪਿ ਰਖਿਆ, ਜਿਨਿ ਸੂਤਿ॥
ਪਦ ਅਰਥ : ਧਉਲੁ- ਸਫ਼ੈਦ (ਬਲ਼ਦ, ਜਿਸ ਬਾਰੇ ਧਾਰਨਾ ਹੈ ਕਿ ਇਸ ਨੇ ਧਰਤੀ ਨੂੰ ਆਪਣੇ ਸਿੰਗਾਂ ਉੱਤੇ ਚੁੱਕਿਆ ਹੈ ਜਦ ਇਹ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ)। ਧਰਮੁ- ਨਿਯਮ। ਧੌਲ ਧਰਮੁ- (ਰੱਬ ਦਾ) ਨਿਰਮਲ ਨਿਯਮ, ਜਗਤ ਨੂੰ ਰਚਨ ਵਾਲ਼ਾ ਸਿਧਾਂਤ। ਦਇਆ- ਰਹਿਮ, ਕਿਰਪਾ। ਪੂਤੁ- ਪੁੱਤਰ। ਥਾਪਿ- ਥਾਪ ਕੇ, ਟਿਕਾ ਕੇ, ਤਾਣ ਕੇ। ਜਿਨਿ- ਜਿਸ ਨੇ, ਜਿਸ (ਧਰਮ-ਨਿਯਮ) ਨੇ। ਸੂਤਿ- ਮਰਯਾਦਾ ’ਚ, ਅਨੁਸ਼ਾਸਨ ’ਚ ਭਾਵ ਆਪਣੀ ਸ਼ਕਤੀ ਨਾਲ਼।
ਅਰਥ : (ਕਰਤਾਰ ਦੀ) ਦਇਆ-ਦ੍ਰਿਸ਼ਟੀ ਦਾ ਪੁੱਤਰ; (ਜਗਤ ਦਾ ਉਹ) ਨਿਰਮਲ ਸਿਧਾਂਤ ਹੈ, ਜਿਸ ਨੇ ਆਪਣੀ ਅਸੀਮ ਸ਼ਕਤੀ ਨਾਲ਼ (ਬ੍ਰਹਿਮੰਡ ਨੂੰ) ਤਾਣ ਕੇ ਰੱਖਿਆ ਹੈ ਯਾਨੀ ਰੱਬ ਦੀ ਰਹਿਮਦਿਲੀ ਨੇ ਇੱਕ ਅਨੁਸ਼ਾਸਨ ’ਚ ਜਗਤ-ਰਚਨਾ ਬੰਨ੍ਹੀ ਹੋਈ ਹੈ। ਕਰਤਾਰ ਤੋਂ (ਕੁਦਰਤ ਦਾ) ਨਿਯਮ ਪੈਦਾ ਹੋਇਆ, ਇਸ ਲਈ ਉਸ ਨਿਯਮ/ਧਰਮ ਨੂੰ ਪੁੱਤਰ ਕਿਹਾ ਗਿਆ।
ਜੇ ਕੋ ਬੁਝੈ; ਹੋਵੈ ਸਚਿਆਰੁ॥ ਧਵਲੈ ਉਪਰਿ, ਕੇਤਾ ਭਾਰੁ ! !॥
ਪਦ ਅਰਥ : ਸਚਿਆਰੁ-ਸੱਚ ਦਾ ਰੂਪ, ਸੱਚ ਵਰਗਾ ਸਥਿਰ। ਧਵਲੈ ਉਪਰਿ- ਸਫ਼ੈਦ (ਬਲਦ) ਉੱਤੇ। ਕੇਤਾ- ਕਿੰਨਾ (ਅਤੋਲਵਾਂ) ! !
ਅਰਥ : ਜੇ ਕੋਈ (ਇਸ ਸਚਾਈ) ਨੂੰ ਜਾਣ ਲਵੇ ਤਾਂ ਉਹ ਰੱਬ ਵਾਙ ਸਥਿਰ (ਅਡੋਲ ਚਿੱਤ) ਹੋ ਜਾਂਦਾ ਹੈ, ਰੱਬ ’ਚ ਅਭੇਦ ਹੋ ਜਾਂਦਾ ਹੈ (ਨਹੀਂ ਤਾਂ ਇਹ ਮੰਨਣਾ ਕਿ ਬਲ਼ਦ ਨੇ ਧਰਤੀ ਨੂੰ ਚੁੱਕਿਆ ਹੈ ਤਾਂ ਉਸ) ਬਲ਼ਦ ਉੱਤੇ ਕਿੰਨਾ (ਅਤੋਲਵਾਂ) ਭਾਰ ਹੋਵੇਗਾ ! ! (ਕਿਉਂਕਿ)
ਧਰਤੀ; ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰ ਤਲੈ; ਕਵਣੁ ਜੋਰੁ ! !॥
ਪਦ ਅਰਥ : ਹੋਰੁ- (ਇੱਕ ਧਰਤੀ ਹੇਠਾਂ) ਹੋਰ (ਬਲ਼ਦ)। ਪਰੈ- (ਉਸ ਬਲ਼ਦ ਤੋਂ) ਅੱਗੇ ਯਾਨੀ ਹੇਠਾਂ। ਹੋਰੁ ਹੋਰੁ- ਕਈ ਹੋਰ ਹੋਰ (ਬਲ਼ਦ)। ਤਿਸ ਤੇ ਭਾਰ ਤਲੈ- ਉਸ (ਅੰਤਮ ਬਲ਼ਦ) ਦੇ ਭਾਰ ਹੇਠਾਂ। ਕਵਣੁ ਜੋਰੁ- ਕਿਹੜਾ ਸਹਾਰਾ ! !
ਅਰਥ : ਇਸ ਧਰਤੀ (ਹੇਠਾਂ) ਹੋਰ (ਬਲ਼ਦ, ਉਸ ਤੋਂ ਹੇਠਲੀ ਹਰ ਧਰਤੀ) ਹੇਠਾਂ ਇੱਕ ਹੋਰ, ਇੱਕ ਹੋਰ (ਬਲ਼ਦ); ਉਸ (ਅੰਤਮ ਬਲ਼ਦ) ਦੇ ਭਾਰ ਹੇਠਾਂ ਕਿਹੜਾ ਸਹਾਰਾ ਹੈ ?
ਵਿਚਾਰ : ਇਸ ਪਉੜੀ ’ਚ ‘ਪੰਚ ਜਨਾਂ’ ਦੇ ਉੱਚੇ ਖ਼ਿਆਲਾਂ ਦਾ ਜ਼ਿਕਰ ਹੈ। ਫਿਰ ਅਚਾਨਕ ਧਰਤੀ ਨੂੰ ਚੁੱਕੀ ਖੜ੍ਹੇ ਕਾਲਪਨਿਕ ਬਲ਼ਦ ਦਾ ਜ਼ਿਕਰ ਕਿਉਂ ਆ ਗਿਆ, ਇਸ ਨੂੰ ਸਮਝਣਾ ਜ਼ਰੂਰੀ ਹੈ।
ਪੰਚ-ਜਨ ਕੁਦਰਤ ਨੂੰ ਬਣਾਉਣ ਵਾਲ਼ੇ ‘ੴ’ ਨਾਲ਼ ਸੰਵਾਦ ਕਰਦੇ ਹੋਏ ਕਹਿ ਰਹੇ ਹਨ ਕਿ ਤੇਰੇ ਨਿਯਮ-ਪੁੱਤਰ ਨੇ ਪੂਰੇ ਬ੍ਰਹਿਮੰਡ ਨੂੰ ਤਾਣ ਕੇ ਰੱਖਿਆ ਹੈ; ਜਿਵੇਂ ਕਿ ਬਚਨ ਹਨ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼ ’ਚ) ਤਾਰੇ ॥ ਕਿਨਿ ਓਇ ਚੀਤੇ (ਚਿੱਤਰੇ/ਬਣਾਏ); ਚੀਤਨਹਾਰੇ (ਚਿੱਤਰਕਾਰ ਨੇ)॥੧॥ ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ ॥ ਬੂਝੈ, ਬੂਝਨਹਾਰੁ ਸਭਾਗਾ ॥੧॥ ਰਹਾਉ ॥’’ (ਭਗਤ ਕਬੀਰ/੩੨੯)
ਹਿੰਦੂ ਮਿੱਥ ਅਨੁਸਾਰ ਇੱਕ ਬਲ਼ਦ ਨੇ ਧਰਤੀ ਨੂੰ ਆਪਣੇ ਸਿੰਗਾਂ ’ਤੇ ਚੁੱਕਿਆ ਹੈ ਤੇ ਆਪ ਉਹ ਹੇਠਲੀ ਧਰਤੀ ’ਤੇ ਖੜ੍ਹਾ ਹੈ। ਵੇਦਾਂ ਦੇ ਹਵਾਲੇ ਨਾਲ਼ ਧਰਤੀਆਂ ਅਤੇ ਬਲ਼ਦਾਂ ਦੀ ਗਿਣਤੀ ‘ਲੱਖ’ ਹੈ, ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ … ॥੨੨॥’’ ਤਾਂ ਫਿਰ ਇੱਕ ਜਗ੍ਹਾ ਜਾ ਕੇ ਇਹ ‘ਲੱਖ’; ਖ਼ਤਮ ਹੋਣੇ ਹੀ ਹਨ। ਗੁਰੂ ਸਾਹਿਬ ਜੀ ਸਭ ਤੋਂ ਹੇਠਲੇ ਬਲ਼ਦ ਯਾਨੀ ਕਿ 100,000ਵੇਂ ਬਲ਼ਦ ਉੱਤੇ, ਉਪਰਲੀਆਂ 99,999 ਧਰਤੀਆਂ ਅਤੇ ਉਨ੍ਹਾਂ ਦੇ ਬਲ਼ਦਾਂ ਦਾ ਬੇਅੰਤ ਭਾਰ ਸਮਝਾ ਕੇ ਇਸ ਮਨੌਤ ਨੂੰ ਝੂਠੀ ਸਿੱਧ ਕਰ ਰਹੇ ਹਨ।
ਜੀਅ ਜਾਤਿ; ਰੰਗਾ, ਕੇ ਨਾਵ॥ ਸਭਨਾ ਲਿਖਿਆ, ਵੁੜੀ ਕਲਾਮ॥ ਉਚਾਰਨ : ਰੰਗਾਂ।
ਪਦ ਅਰਥ : ਜੀਅ- ਜੀਵ (ਬਹੁ ਵਚਨ)। ਜਾਤਿ- ਜੰਤ। ਕੇ- ਕਈ। ਕੇ ਰੰਗਾ- ਕਈ ਰੰਗਾਂ ਦੇ। ਕੇ ਨਾਵ- ਕਈ ਕਿਸਮਾਂ ਦੇ। ਸਭਨਾ- ਸਾਰਿਆਂ (ਦੀ ਕਿਸਮਤ) ਵਿੱਚ। ਵੁੜੀ ਕਲਾਮ- ਨਿਰੰਤਰ ਚੱਲਦੀ ਕਲਮ ਨਾਲ਼ ਭਾਵ ਪੈਦਾਇਸ਼ ਤੋਂ ਮਰਨ ਤੱਕ ਨਾਲ਼-ਨਾਲ਼ ਹੁੰਦੇ ਹਿਸਾਬ-ਕਿਤਾਬ ਨਾਲ਼।
ਅਰਥ : (ਪੰਚ ਜਨਾਂ ਮੁਤਾਬਕ ‘‘ਕਰਤੇ ਕੈ ਕਰਣੈ’’ ’ਚ) ਕਈ ਰੰਗਾਂ, ਕਈ ਕਿਸਮਾਂ ਦੇ ਜੀਵ-ਜੰਤ ਹਨ (ਉਨ੍ਹਾਂ) ਸਭ (ਦੇ ਨਸੀਬ) ’ਚ (ਰੱਬ ਦੀ ਰਹਿਮਦਿਲੀ ਵਾਲ਼ੀ) ਲਗਾਤਾਰ ਚੱਲਦੀ ਕਲਮ ਨਾਲ਼ ਲੇਖਾ ਲਿਖਿਆ ਹੋਇਆ ਹੈ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ, ਨਹੀ ਕੋਈ ਜੀਉ ॥’’ (ਮਹਲਾ ੧/੫੯੮) ਇਸ ਲੇਖ ਨੂੰ ਹੀ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ‘ਲਿਖਿਆ ਨਾਲਿ’ ਕਿਹਾ ਹੈ ਤੇ 31ਵੀਂ ਪਉੜੀ ’ਚ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ … ॥੩੧॥’’ (ਜਪੁ) ਕਿਹਾ ਹੈ।
ਏਹੁ ਲੇਖਾ, ਲਿਖਿ ਜਾਣੈ ਕੋਇ॥ ਲੇਖਾ ਲਿਖਿਆ, ਕੇਤਾ ਹੋਇ॥ ਉਚਾਰਨ : ਏਹ।
ਪਦ ਅਰਥ : ਏਹੁ ਲੇਖਾ- ਇਹ (ਮਨੁੱਖਤਾ ਦਾ) ਲੇਖ। ਲਿਖਿ ਜਾਣੈ- ਲਿਖਣਾ ਜਾਣਦਾ ਹੈ। ਕੋਇ- ਕੋਈ (ਮਨੁੱਖ)। ਲੇਖਾ ਲਿਖਿਆ- ਲਿਖਿਆ ਹੋਇਆ ਲੇਖ, ਕਲਮਬੰਦ ਕੀਤਾ ਡਾਟਾ। ਕੇਤਾ- ਕਿੰਨਾ (ਵਿਸ਼ਾਲ) ! !
ਅਰਥ : ਇਹ ਨਸੀਬ ਰੂਪ ਲੇਖ ਨੂੰ ਕੋਈ ਵਿਰਲਾ ਹੀ ਲਿਖਣਾ ਜਾਣਦਾ ਹੈ (ਤਾਂ ਕਿ ਮਾਨਵਤਾ ਨੂੰ ਇਸ ਦੀ ਸੋਝੀ ਕਰਾਈ ਜਾ ਸਕੇ; ਓਹੀ ਹੈ ਸੱਚਾ ਗੁਰੂ ਕਿਉਂਕਿ ਅਦ੍ਰਿਸ਼ ਪ੍ਰਭੂ ਦੀ ਰਚਨਾ ਦਾ ਓਹੀ ਭੇਤ ਜਾਣਦਾ ਹੈ)। ਉਝ ਸਾਰੀ ਕੁਦਰਤ ਦਾ ਲੇਖ ਲਿਖਣ ਲੱਗੀਏ ਤਾਂ ਇਹ ਕਿੰਨਾ (ਵਿਸ਼ਾਲ) ਹੋ ਜਾਏਗਾ ਭਾਵ ਲਿਖਿਆ ਨਹੀਂ ਜਾ ਸਕਦਾ (ਕਿਉਂਕਿ)
ਕੇਤਾ ਤਾਣੁ, ਸੁਆਲਿਉ ਰੂਪੁ॥ ਕੇਤੀ ਦਾਤਿ, ਜਾਣੈ ਕਉਣੁ ਕੂਤੁ ?॥
ਪਦ ਅਰਥ : ਕੇਤਾ- ਕਿੰਨਾ (ਵੱਡਾ) ! ! ਤਾਣੁ- (‘ੴ’ ਦਾ) ਬਲ। ਸੁਆਲਿਉ- ਸੁੰਦਰ, ਅਦਭੁਤ। ਕੇਤੀ- ਕਿੰਨੀ (ਵਿਸ਼ਾਲ) ! ! ਕਉਣੁ- ਕੌਣ ?, ਕੂਤੁ- ਅੰਦਾਜ਼ਾ, ਅਨੁਮਾਨ।
ਅਰਥ : (‘ਕਰਤੇ ਕੈ ਕਰਣੈ’ ਦਾ) ਕਿੰਨਾ ਬਲ ਹੈ, ਕਿੰਨਾ ਅਦਭੁਤ ਰੂਪ ਹੈ ! (ਲੇਖੇ ’ਚ ਮਿਲੀ) ਕਿੰਨੀ ਦਾਤ (ਰਸਦ-ਪਾਣੀ ਆਦਿ) ਹੈ ! (ਇਨ੍ਹਾਂ ਸਾਰਿਆਂ ਦਾ) ਕੌਣ ਅਨੁਮਾਨ ਲਗਾ ਸਕਦਾ ਹੈ (ਤਾਂ ਜੋ ਸਭ ਦਾ ਨਸੀਬ-ਲੇਖ ਕਮਲਬੰਦ ਕਰੀਏ) ?
ਕੀਤਾ ਪਸਾਉ, ਏਕੋ ਕਵਾਉ॥ ਤਿਸ ਤੇ, ਹੋਏ ਲਖ ਦਰੀਆਉ॥
ਪਦ ਅਰਥ : ਪਸਾਉ- ਪਸਾਰਾ ਭਾਵ ਕੁਦਰਤ, ਬ੍ਰਹਿਮੰਡ। ਏਕੋ ਕਵਾਉ- ਇੱਕ ਹੁਕਮ ’ਚ, ਇੱਕ ਹੁਕਮ ਨਾਲ਼ (ਨੋਟ : ਇੱਥੇ ‘ਕਵਾਉ’ ਦਾ ਰੂਪ ‘ਕਵਾਇ’ ਹੁੰਦਾ, ਜੇ ਅਗਾਂਹ ‘ਦਰੀਆਉ’ ’ਚ ‘ਉ’ ਨਾ ਹੁੰਦਾ)। ਤਿਸ ਤੇ- ਉਸ (ਜਗਤ-ਖਿਲਾਰੇ) ਤੋਂ ਭਾਵ ਜਗਤ ਵਿੱਚ। ਲਖ ਦਰੀਆਉ- ਜ਼ਿੰਦਗੀ ਦੇ ਲੱਖਾਂ ਦਰਿਆ [ਨੋਟ : ਗੁਰਬਾਣੀ ’ਚ ‘ੴ’ ਨੂੰ ਸਮੁੰਦਰ ਕਿਹਾ ਹੈ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਤੂ ਦਰੀਆਉ ਦਾਨਾ ਬੀਨਾ; ਮੈ ਮਛੁਲੀ ਕੈਸੇ ਅੰਤੁ ਲਹਾ ?॥’’ (ਮਹਲਾ ੧/੨੫) ਇਸ ਸਮੁੰਦਰ-ਸ੍ਰੋਤ ’ਚੋਂ ਹੀ ਰੂਹਾਂ (ਜਿੰਦਾਂ) ਪਾਣੀ ਦੀਆਂ ਬੂੰਦਾਂ ਵਾਙ ਦਰਿਆ ਤੋਂ ਬਾਹਰ ਨਿਕਲੀਆਂ ਤਾਹੀਓਂ ਇੱਥੇ ਰੂਹਾਂ ਨੂੰ ‘ਲਖ ਦਰੀਆਉ’ ਕਿਹਾ ਹੈ। ਇਸ ਤੋਂ ਜਾਪਦਾ ਹੈ ਕਿ ਰੂਹ ਤੇ ਰੱਬ (ਦੀ ਜੋਤਿ); ਇੱਕੋ ਹੀ ਹੈ]।
ਅਰਥ : ੴ ਨੇ ਆਪਣੇ ਇਕੋ ਹੁਕਮ ਨਾਲ਼ ਜਗਤ ਰਚਨਾ ਕਰ ਦਿੱਤੀ ਹੈ। ਫਿਰ ਉਸ ਵਿੱਚ ਲੱਖਾਂ ਜ਼ਿੰਦਗੀਆਂ ਨੇ ਜਨਮ ਲਿਆ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥’’ (ਮਹਲਾ ੧/੧੯) ਅਰਥ : ‘ਆਦਿ ਸਚੁ’ ਤੋਂ ਹਵਾ (ਗੈਸ/ਹਾਈਡ੍ਰੋਜਨ, ਆਕਸੀਜਨ ਆਦਿ) ਬਣੀ। ਹਵਾ ਤੋਂ ਪਾਣੀ ਬਣਿਆ। ਪਾਣੀ ਤੋਂ ਤਿੰਨੇ ਲੋਕ (ਸੁਰਗ, ਮਾਤ, ਪਾਤਾਲ) ਹੋਂਦ ’ਚ ਆਏ। ਇਨ੍ਹਾਂ ਸਾਰਿਆਂ ’ਚ ‘ਸਾਚਾ’ ਹੀ ਭਾਵ ‘ਆਦਿ ਸਚੁ’ ਹੀ ਜੋਤਿ ਰੂਪ ’ਚ ਵਿਰਾਜਮਾਨ ਹੈ।
ਕੁਦਰਤਿ ਕਵਣ ? ਕਹਾ ਵੀਚਾਰੁ॥ ਵਾਰਿਆ ਨ ਜਾਵਾ, ਏਕ ਵਾਰ॥ ਉਚਾਰਨ : ਕਹਾਂ, ਜਾਵਾਂ।
ਪਦ ਅਰਥ : ਕੁਦਰਤ-ਤਾਕਤ, ਪਾਇਆਂ, ਸਮਰੱਥਾ। ਕਵਣ- ਕਿਹੜੀ, ਕਿੰਨੀ ਕੁ। ਕਹਾ- ਮੈਂ ਕਹਾਂ, ਦੱਸਾਂ। ਕਹਾ ਵੀਚਾਰੁ- ਅੰਦਾਜ਼ਾ ਲਾਵਾਂ। ਵਾਰਿਆ- ਕੁਰਬਾਨ ਹੋਣਾ, ਸਦਕੇ ਜਾਣਾ। ਏਕ ਵਾਰ- ਇੱਕ ਵਾਰੀ ਭੀ।
ਅਰਥ : (‘ਕਰਤੇ ਕੈ ਕਰਣੈ’ ਨੂੰ ਕਲਮਬੰਦ ਕਰਨ ਲਈ) ਮੇਰੇ ’ਚ ਕਿਹੜੀ ਸਮਰੱਥਾ ਹੈ ਤਾਂ ਜੋ ਬਹੁਤੀ ਵਿਚਾਰ ਕਰਾਂ (ਯਾਨੀ ਸਾਰਿਆਂ ਦਾ ਨਸੀਬ-ਲੇਖ ਲਿਖਣਾ ਮੇਰੇ ਵੱਸ ’ਚ ਨਹੀਂ। ‘‘ਵਾਰਿਆ ਨ ਜਾਵਾ, ਏਕ ਵਾਰ’’ ਵਾਕ ਮੁਹਾਵਰਾ ਹੈ, ਜਿਸ ਦਾ ਭਾਵ ਹੈ ਕਿ) ਸਾਰਿਆਂ ਦਾ ਲੇਖ ਲਿਖਣ ਬਾਰੇ ਮੇਰੇ ਮਨ ’ਚ ਇੱਕ ਵਾਰ ਭੀ ਖ਼ਿਆਲ ਨਹੀਂ ਉਪਜ ਸਕਦਾ।
ਜੋ ਤੁਧੁ ਭਾਵੈ; ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ, ਨਿਰੰਕਾਰ !॥੧੬॥
ਪਦ ਅਰਥ : ਜੋ- ਜਿਹੜਾ। ਤੁਧੁ- ਤੈਨੂੰ। ਭਾਵੈ- ਪਸੰਦ ਹੈ। ਸਾਈ- ਓਹੀ ਭਾਵ ਵੈਸੀ ਹੀ। ਭਲੀ ਕਾਰ- ਚੰਗੀ ਕਾਰ-ਵਿਹਾਰ। ਸਲਾਮਤਿ- ਸਦਾ ਸਥਿਰ। ਨਿਰੰਕਾਰ- ਹੇ ਨਿਰਾਕਾਰ ਪ੍ਰਭੂ !
ਅਰਥ : ਹੇ ਨਿਰਾਕਾਰ ! ਜੋ (ਜੀਵਨਸ਼ੈਲੀ) ਤੈਨੂੰ ਪਸੰਦ ਹੈ; (ਮਿਹਰ ਕਰ ਕਿ ਮੈਨੂੰ) ਵੈਸੀ ਹੀ ਕਾਰ-ਵਿਹਾਰ ਚੰਗੀ ਲੱਗੇ (ਭਾਵ ਮੈਂ ਉਹ ਕੰਮ ਕਰਾਂ, ਜਿਨ੍ਹਾਂ ਨਾਲ਼ ਤੈਨੂੰ ਪਸੰਦ ਆ ਜਾਵਾਂ ਕਿਉਂਕਿ) ਤੂੰ ਸਦਾ ਸਥਿਰ (ਆਦਿ ਸਚੁ.. ਹੋਸੀ ਭੀ ਸਚੁ॥) ਹੈਂ (ਬਾਕੀ ਲੇਖ ਅਧੀਨ ਪੈਦਾ ਹੋਇਆ ਸਾਰਾ ‘ਕਰਤੇ ਕੈ ਕਰਣੈ’ ਭਾਵ ਜਗਤ; ਧੂੰਏਂ ਦਾ ਗ਼ੁਬਾਰ ਹੈ। ਮੈਂ ਲੇਖ ਤੋਂ ਮੁਕਤ ਹੋ ਕੇ ਤੇਰੇ ਵਾਙ ਸਥਿਰ ਹੋਣਾ ਲੋਚਦਾ ਹਾਂ)।
ਵਿਚਾਰ : ਉਕਤ 16ਵੀਂ ਪਉੜੀ ਦੇ ਅਰੰਭ ’ਚ ਜਿਸ ਕਰਤਾਰ ਦੀ ਦਰਗਾਹ ’ਚ ਪੰਚ-ਜਨ ਮਾਨ-ਸਤਿਕਾਰ ਪਾਉਂਦੇ ਹਨ ‘‘ਪੰਚੇ ਪਾਵਹਿ, ਦਰਗਹ ਮਾਨੁ॥’’ ਉਸ ਮਾਲਕ ਨੇ ਭਾਵੇਂ ਆਪਣੇ ਇੱਕ ਹੁਕਮ ’ਚ ਕੁਦਰਤ ਬਣਾ ਦਿੱਤੀ ‘‘ਕੀਤਾ ਪਸਾਉ, ਏਕੋ ਕਵਾਉ॥’’, ਪਰ ਇਸ ਕੁਦਰਤ/ਖਿਲਾਰੇ ਦਾ ਕੋਈ ਅੰਤ ਨਹੀਂ ‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ॥’’, ਪਉੜੀ ਦੇ ਅੰਤ ’ਚ ਉਸ ਕਰਤਾਰ ਨੂੰ ਹੀ ਸੰਬੋਧਨ ਕਰ ਬੇਨਤੀ ਕੀਤੀ ਹੈ ਕਿ ਹੇ ਨਿਰਾਕਾਰ ! ਕੇਵਲ ਤੂੰ ਹੀ ਸਦੀਵੀ ਸਥਿਰ ਹੈਂ, ‘‘ਤੂ ਸਦਾ ਸਲਾਮਤਿ, ਨਿਰੰਕਾਰ !॥੧੬॥’’ ਬਾਕੀ ਤੇਰੇ ਦੁਆਰਾ ਰਚੀ ਸਾਰੀ ਕੁਦਰਤ ਨਾਸਵਾਨ ਹੈ ਕਿਉਂਕਿ ਸਾਰੇ ਲੇਖੇ ਵਿੱਚ ਹਨ, ਨਸੀਬ ਅਧੀਨ ਹਨ। ਅਗਾਂਹ 17ਵੀਂ, 18ਵੀਂ ਪਉੜੀ ’ਚ ਭੀ ਲੇਖ ਅਧੀਨ ਵਿਚਰਦੇ ਬੰਦਿਆਂ ਦੀ ਗਿਣਤੀ ਨੂੰ ਨਿਰਾਕਾਰ ਨੂੰ ਸੰਬੋਧਨ ਕਰ ਬਿਆਨ ਕੀਤਾ ਹੈ ਅਤੇ ਇਨ੍ਹਾਂ ਚਾਰ ਪਉੜੀਆਂ (16,17,18,19) ’ਚ ਚੱਲਦੇ ਪ੍ਰਸੰਗ ਦੀ ਅੰਤਮ 19ਵੀਂ ਪਉੜੀ ’ਚ ਬਿਆਨ ਕੀਤਾ ਹੈ ਕਿ ਨਿਰਾਕਾਰ ਦੇ ਜ਼ਿੰਮੇ/ਸਿਰ ਕੋਈ ਲੇਖ ਨਹੀਂ, ‘‘ਜਿਨਿ ਏਹਿ (ਨਸੀਬ) ਲਿਖੇ; ਤਿਸੁ ਸਿਰਿ ਨਾਹਿ ..॥੧੯॥’’ (ਜਪੁ), ਇਸ ਲਈ ਉਹ ਸਦੀਵੀ ਸਥਿਰ ਹੈ, ‘‘ਆਦਿ ਸਚੁ… ਹੋਸੀ ਭੀ ਸਚੁ॥੧॥’’
ਅਸੰਖ ਜਪ; ਅਸੰਖ ਭਾਉ॥ ਅਸੰਖ ਪੂਜਾ; ਅਸੰਖ ਤਪ ਤਾਉ॥
ਪਦ ਅਰਥ : ਅਸੰਖ- ਅਗਿਣਤ। ਭਾਉ- ਪਿਆਰ, ਪ੍ਰੇਮ। ਤਪ ਤਾਉ- ਤਪਾਂ ਦਾ ਸੇਕ।
ਨੋਟ : ਸੰਨ 2023 ਦੇ ਅੰਤ ਤੱਕ ਦੁਨੀਆ ਦੀ ਕੁੱਲ ਜਨਸੰਖਿਆ 8 ਅਰਬ 10 ਕਰੋੜ ਹੈ, ਜੋ ਕਿ ਸੰਨ 1500 ’ਚ ਮਾਤਰ 45 ਕਰੋੜ ਸੀ। ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸੰਨ 1469 ’ਚ ਹੋਇਆ ਹੈ, ਇਸ ਲਈ ਇੱਥੇ ‘ਅਸੰਖ’ ਦਾ ਅਰਥ ‘ਇੱਕ ਕਰੋੜ ਅਰਬ’ ਨਹੀਂ ਹੋ ਸਕਦਾ। ‘ਅਸੰਖ’ ਤੋਂ ਭਾਵ ਅਣਗਿਣਤ ਹੈ, ਜੋ ਕਿ ਗਿਣੇ ਹੀ ਨਹੀਂ ਜਾ ਸਕਦੇ। ਚੇਤੇ ਰਹੇ ਕਿ ਜੀਵ ਵਿਗਿਆਨ ਦੁਆਰਾ ਧਰਤੀ ’ਤੇ ਖੋਜੇ ਗਏ ਹੁਣ ਤੱਕ ਸਾਰੇ ਜੀਵ-ਜੰਤੂਆਂ ਦੀ ਕੁੱਲ ਗਿਣਤੀ ਲਗਭਗ 200 ਸੰਖ (20,000,121,091,000,000,000) ਮੰਨੀ ਗਈ ਹੈ।
ਵੈਸੇ 100 ਕ੍ਰੋੜ=1 ਅਰਬ ਹੁੰਦਾ ਹੈ, 100 ਅਰਬ=1 ਖਰਬ, 100 ਖਰਬ=1 ਨੀਲ, 100 ਨੀਲ=1 ਪਦਮ, 100 ਪਦਮ=1 ਸੰਖ (ਯਾਨੀ ਕਿ 1 ਨਾਲ਼ 17 ਬਿੰਦੀਆਂ 100000000000000000 ਜਾਂ ਇੱਕ ਕਰੋੜ ਅਰਬ) ਜਦਕਿ ਇੱਥੇ ‘ਸੰਖ’ ਦੇ ਅਗੇਤਰ ‘ਅ’ (ਅਸੰਖ) ਭੀ ਹੈ, ਜਿਸ ਦਾ ਭਾਵ ਹੈ ਕਿ ਕੋਈ ਗਿਣਤੀ ਨਹੀਂ। ਬੇਸ਼ੁਮਾਰ ਹੀ ਕਹਿ ਸਕਦੇ ਹਾਂ। ਜਿਸ ਨੂੰ ਕਰਤਾਰ ਦੇ ਇੱਕੋ ਹੁਕਮ ਨਾਲ਼ ਪੈਦਾ ਕੀਤਾ ਹੈ, ‘‘ਕੀਤਾ ਪਸਾਉ; ਏਕੋ ਕਵਾਉ ..॥੧੬॥’’, ਇਸੇ ਕੁਦਰਤ-ਵਿਸਥਾਰ ਬਾਰੇ ਅਗਾਂਹ ਕਿਹਾ ਹੈ, ‘‘ਅਸੰਖ ਕਹਹਿ, ਸਿਰਿ ਭਾਰੁ ਹੋਇ॥’’ ਭਾਵ ਜੋ (ਕੁਦਰਤ ਨੂੰ) ਅਸੰਖ ਕਹਿੰਦੇ ਹਨ, ਉਨ੍ਹਾਂ ਦੇ ਭੀ ਸਿਰ ਉੱਤੇ ਭਾਰ/ਦੋਸ਼ ਲੱਗਦਾ ਹੈ ਕਿ ਤੁਸੀਂ ਕੁਦਰਤ ਦੀ ਵਿਸ਼ਾਲਤਾ ਨੂੰ ਛੋਟਾ ਕਰਕੇ ਆਂਕਿਆ ਹੈ। ਭਾਵੇਂ ਕੁਦਰਤ ਅਤੇ ਇਸ ਦਾ ਲੇਖ/ਨਸੀਬ ਵਿਸ਼ਾਲ ਹੈ, ਕਲਮਬੰਦ ਨਹੀਂ ਹੋ ਸਕਦਾ, ਫਿਰ ਭੀ ਸਮਝਾਉਣ ਲਈ ਕੁੱਝ ਤਾਂ ਬਿਆਨ ਕਰਨਾ ਪੈਣਾ ਹੈ :
ਅਰਥ : ਹੇ ਨਿਰਾਕਾਰ ੴ ! (ਤੇਰੇ ‘ਕਰਤੇ ਕੈ ਕਰਣੈ’ ’ਚ) ਬੇਸ਼ੁਮਾਰ ਲੋਕ ਜਪ ਕਰਦੇ ਹਨ। ਬੇਸ਼ੁਮਾਰ ਲੋਕ ਪਾਠ-ਪੂਜਾ ਕਰਦੇ ਹਨ। ਬੇਸ਼ੁਮਾਰ ਲੋਕ ਤਪਾਂ ਦੀ ਤਪਸ਼ ਸਹਾਰਦੇ ਹਨ, (ਜਿਨ੍ਹਾਂ ਅੰਦਰ ਧਰਮ ਪ੍ਰਤੀ) ਬੇਸ਼ੁਮਾਰ ਪਿਆਰ ਹੈ।
ਅਸੰਖ; ਗਰੰਥ ਮੁਖਿ ਵੇਦ ਪਾਠ॥ ਅਸੰਖ ਜੋਗ; ਮਨਿ ਰਹਹਿ ਉਦਾਸ॥ ਉਚਾਰਨ : ਰਹਹਿਂ।
ਪਦ ਅਰਥ : ਮੁਖਿ- ਮੂੰਹ ਨਾਲ਼, ਜ਼ਬਾਨ ਨਾਲ਼। ਵੇਦ ਪਾਠ- ਵੇਦਾਂ ਦੇ ਪਾਠ। ਜੋਗ- ਜੋਗ ਕਮਾਉਣ ਵਾਲ਼ੇ ਭਾਵ ਜੋਗੀ। ਮਨਿ- ਮਨ ਤੋਂ, ਦਿਲੋਂ, ਮਨ ਕਰਕੇ। ਰਹਹਿ- ਰਹਿੰਦੇ ਹਨ। ਉਦਾਸ- ਉਪਰਾਮ, ਸੰਨਿਆਸੀ, ਵਿਰਕਤ।
ਅਰਥ : ਬੇਸ਼ੁਮਾਰ ਮਨੁੱਖ; ਜ਼ਬਾਨ ਨਾਲ਼ ਵੇਦ ਆਦਿ ਗ੍ਰੰਥਾਂ ਦੇ ਪਾਠ ਕਰਦੇ ਹਨ। ਅਣਗਿਣਤ ਜੋਗੀ; ਦਿਲੋਂ (ਗ੍ਰਿਹਸਤੀ ਫ਼ਰਜ਼ਾਂ ਤੋਂ) ਵਿਰਕਤ ਰਹਿੰਦੇ ਹਨ।
ਅਸੰਖ ਭਗਤ, ਗੁਣ ਗਿਆਨ ਵੀਚਾਰ॥ ਅਸੰਖ ਸਤੀ, ਅਸੰਖ ਦਾਤਾਰ॥
ਪਦ ਅਰਥ : ਗੁਣ ਗਿਆਨ- ਗੁਣਾਂ ਦਾ ਗਿਆਨ। ਗੁਣ ਵੀਚਾਰ- ਗੁਣਾਂ ਦੀ ਵਿਚਾਰ। ਸਤੀ- ਬ੍ਰਹਮਚਾਰੀ (ਜੋ ਹੱਥੀਂ ਕਮਾਈ ਕਰਕੇ ਜੀਵਨ ਨਿਰਬਾਹ ਨਹੀਂ ਕਰਦੇ)। ਦਾਤਾਰ- ਦਾਨ ਕਰਨ ਵਾਲ਼ੇ ਲੋਕ।
ਅਰਥ : ਬੇਸ਼ੁਮਾਰ ਭਗਤ; ਗੁਣਾਂ ਭਰਪੂਰ ਗਿਆਨ ਦੀ ਵਿਚਾਰ-ਚਰਚਾ ਕਰਦੇ ਹਨ। ਅਸੰਖ ਬ੍ਰਹਮਚਾਰੀ ਹਨ। ਅਣਗਿਣਤ ਹੀ ਉਨ੍ਹਾਂ ਨੂੰ ਦਾਨ-ਪੁੰਨ ਕਰਨ ਵਾਲ਼ੇ (ਦਾਨੀ) ਹਨ।
ਅਸੰਖ ਸੂਰ, ਮੁਹਿ ਭਖ ਸਾਰ॥ ਅਸੰਖ ਮੋਨਿ, ਲਿਵ ਲਾਇ ਤਾਰ॥ ਉਚਾਰਨ : ਮੁੰਹ।
ਪਦ ਅਰਥ : ਸੂਰ- ਸੂਰਮੇ, ਜੋਧੇ। ਮੁਹਿ- ਮੂੰਹ ਉੱਤੇ ਭਾਵ ਰਣ ਭੂਮੀ ’ਚ ਪਿੱਠ ਨਾ ਵਿਖਾਉਣ ਵਾਲ਼ੇ। ਭਖ- ਖਾਂਦੇ ਹਨ। ਸਾਰ- ਲੋਹੇ (ਸ਼ਸਤਰਾਂ) ਦੇ ਪ੍ਰਹਾਰ। ਮੋਨਿ- ਮੋਨੀ, ਮੌਨਧਾਰੀ। ਤਾਰ- ਇੱਕ ਸਮਾਨ, ਨਿਰੰਤਰ।
ਅਰਥ : ਅਸੰਖ ਜੋਧੇ (ਰਣ ਭੂਮੀ ’ਚ ਬਹਾਦਰੀ ਨਾਲ਼ ਆਪਣੇ) ਮੂੰਹ ਉੱਤੇ ਹਥਿਆਰਾਂ ਦੇ ਪ੍ਰਹਾਰ ਸਹਾਰਦੇ ਹਨ ਯਾਨੀ ਖੱਤਰੀ ਧਰਮ ਦਾ ਪਾਲਣ ਕਰਦੇ ਹਨ। ਬੇਸ਼ੁਮਾਰ ਮੌਨਧਾਰੀ (ਇਕਾਂਤ-ਜੰਗਲ਼ਾਂ ’ਚ) ਨਿਰੰਤਰ ਸਮਾਧੀ ਲਾ ਕੇ ਬੈਠੇ ਹਨ।
ਕੁਦਰਤਿ ਕਵਣ ? ਕਹਾ ਵੀਚਾਰੁ॥ ਵਾਰਿਆ ਨ ਜਾਵਾ, ਏਕ ਵਾਰ॥ ਉਚਾਰਨ : ਕਹਾਂ, ਜਾਵਾਂ।
ਅਰਥ : ਮੇਰੀ ਕੀ ਪਾਇਆਂ ਹੈ (ਕਿ ਤੇਰੇ ਇੱਕੋ ਹੁਕਮ ’ਚ ਪੈਦਾ ਹੋਏ ‘ਕਰਤੇ ਕੈ ਕਰਣੈ’ ਦੀ) ਪੂਰਨ ਵਿਚਾਰ ਕਰ ਸਕਾਂ। ਮੈਂ ਤਾਂ ਇੱਕ ਵਾਰ ਭੀ ਕੁਰਬਾਨ ਨਹੀਂ ਹੋ ਸਕਦਾ ਭਾਵ ਕੁਦਰਤ ਦਾ ਅੰਤ ਪਾਉਣ ਲਈ ਇੱਕ ਵਾਰ ਭੀ ਹਿੰਮਤ ਨਹੀਂ ਜੁਟਾ ਸਕਦਾ।
ਜੋ ਤੁਧੁ ਭਾਵੈ; ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ, ਨਿਰੰਕਾਰ॥੧੭॥
ਅਰਥ : ਹੇ ਨਿਰਾਕਾਰ ! ਜੋ (ਜੀਵਨਸ਼ੈਲੀ) ਤੈਨੂੰ ਪਸੰਦ ਹੈ; (ਮਿਹਰ ਕਰ ਕਿ ਮੈਨੂੰ ਭੀ) ਉਹ ਅਪਣਾਉਣੀ ਦੀ ਜਾਚ ਆ ਜਾਵੇ। ਤੂੰ ਸਦਾ ਸਥਿਰ ਹੈਂ (ਤਾਂ ਕਿ ਮੈਂ ਭੀ ਤੇਰੇ ਵਾਙ ਸਥਿਰ ਹੋ ਜਾਵਾਂ, ਆਵਾਗਵਣ ਮੁਕਤ ਹੋ ਜਾਵਾਂ)।
ਅਸੰਖ ਮੂਰਖ; ਅੰਧ ਘੋਰ॥ ਅਸੰਖ ਚੋਰ ਹਰਾਮਖੋਰ॥ ਅਸੰਖ ਅਮਰ; ਕਰਿ ਜਾਹਿ ਜੋਰ॥
ਉਚਾਰਨ : ਹਰਾਮਖ਼ੋਰ, ਜਾਹਿਂ, ਜ਼ੋਰ।
ਪਦ ਅਰਥ : ਮੂਰਖ-ਮੂੰਹ ਰੱਖ, ਹਰ ਥਾਂ ਆਪਣਾ ਮੂੰਹ ਰੱਖਣ ਵਾਲ਼ਾ, ਆਪਣੀ ਗੱਲ ਨੂੰ ਸਿਰਮੌਰ ਮੰਨਣ ਵਾਲ਼ਾ। ਅੰਧ ਘੋਰ- ਘੁੱਪ-ਹਨ੍ਹੇਰਾ, ਨਿਰੀ ਅਗਿਆਨਤਾ, ਡਰਾਵਣੀ ਕਿਸਮ ਵਾਲ਼ੇ। ਹਰਾਮਖੋਰ- ਪਰਾਇਆ ਹੱਕ ਮਾਰਨ ਵਾਲ਼ੇ। ਅਮਰ- ਹੁਕਮ ਚਲਾਉਣ ਵਾਲ਼ੇ (ਹੁਕਮਰਾਨ, ਤਾਨਾਸ਼ਾਹ ਡਿਕਟੇਟਰ)।
ਅਰਥ : (‘ਕੀਤਾ ਪਸਾਉ’ ’ਚ) ਬੇਸ਼ੁਮਾਰ ਮੂਰਖ; ਡਰਾਵਣੀ ਸ਼ਕਲ ਵਾਲ਼ੇ ਹਨ। ਪਰਾਇਆ ਹੱਕ ਮਾਰਨ ਵਾਲ਼ੇ ਅਸੰਖ ਚੋਰ ਹਨ। ਅਣਗਿਣਤ ਹੁਕਮਰਾਨ; ਜ਼ਬਰਨ (ਤਾਨਾਸ਼ਾਹ ਬਣ ਰਾਜ-ਸੱਤਾ) ਚਲਾਉਂਦੇ ਹਨ।
ਅਸੰਖ ਗਲਵਢ, ਹਤਿਆ ਕਮਾਹਿ॥ ਅਸੰਖ ਪਾਪੀ, ਪਾਪ ਕਰਿ ਜਾਹਿ॥
ਉਚਾਰਨ : ਗਲਵੱਢ, ਕਮਾਹਿਂ, ਜਾਹਿਂ।
ਪਦ ਅਰਥ : ਗਲਵਢ- ਹਤਿਆਰੇ, ਨਿਰਦਈ ਲੋਕ। ਹਤਿਆ- ਕਤਲ, ਖ਼ੂਨ (ਨੋਟ : ਇੱਥੇ ਜੀਵ ਹੱਤਿਆ; ਜਿਵੇਂ ਕਿ ਮੁਰਗੇ ਜਾਂ ਬੱਕਰੇ ਮਾਰਨ ਦਾ ਜ਼ਿਕਰ ਨਹੀਂ ਤਾਂ ਕਿ ਮਾਸਾਹਾਰੀ-ਸਾਕਾਹਾਰੀ ਚਰਚਾ ਛੇੜ ਮੂਲ ਵਿਸ਼ੇ ਤੋਂ ਭਟਕ ਜਾਈਏ। ਇੱਥੇ ਸੱਤਾ ਪ੍ਰਾਪਤੀ ਜਾਂ ਮਾਇਆ ਦੀ ਭੁੱਖ ਕਾਰਨ ਨਿਰਦੋਸ਼ ਲੋਕਾਂ ਨੂੰ ਮਾਰਨ ਵੱਲ ਇਸ਼ਾਰਾ ਹੈ)। ਕਮਾਹਿ- ਕਮਾਉਂਦੇ ਹਨ, ਖੱਟਦੇ ਹਨ। ਕਰਿ-ਕਰ ਕੇ, ਕਮਾ ਕੇ। ਜਾਹਿ- ਜਾਂਦੇ ਹਨ।
ਅਰਥ : ਬੇਸ਼ੁਮਾਰ ਹਤਿਆਰੇ; ਕਮਜ਼ੋਰਾਂ, ਨਿਰਦੋਸ਼ਾਂ ਨੂੰ ਕਤਲ ਕਰ ਪਾਪ ਖੱਟਦੇ ਹਨ। ਐਸੇ ਅਸੰਖ ਪਾਪੀ; ਨਿਰਾ ਪਾਪ ਕਰ-ਕਰ (ਇੱਥੋਂ) ਜਾਂਦੇ ਹਨ ਭਾਵ ਸਾਰੀ ਉਮਰ ਚੰਗਾ ਕੰਮ ਨਹੀਂ ਕਰਦੇ।
ਅਸੰਖ ਕੂੜਿਆਰ, ਕੂੜੇ ਫਿਰਾਹਿ॥ ਅਸੰਖ ਮਲੇਛ, ਮਲੁ ਭਖਿ ਖਾਹਿ॥ ਉਚਾਰਨ : ਫਿਰਾਹਿਂ, ਖਾਹਿਂ।
ਪਦ ਅਰਥ : ਕੂੜਿਆਰ-ਝੂਠ ਬੋਲਣ ਵਾਲ਼ੇ, ਧੋਖਾ ਦੇਣ ਵਾਲ਼ੇ, ਦਗ਼ੇਬਾਜ਼। ਕੂੜੇ- ਝੂਠ ਬੋਲਦੇ, ਧੋਖਾ ਦਿੰਦੇ। ਫਿਰਾਹਿ- ਫਿਰਦੇ ਹਨ। ਮਲੇਛ- ਮੈਲ਼ੀ ਮੱਤ ਵਾਲ਼ੇ, ਛਲ-ਕਪਟੀ। ਮਲੁ- ਮੈਲ਼। ਭਖਿ ਖਾਹਿ- ਹਾਬੜਿਆਂ ਵਾਙ ਖਾਂਦੇ ਹਨ ਭਾਵ ਬਿਨਾਂ ਵਿਚਾਰੇ ਮੰਦੇ ਵਿਚਾਰ ਗ੍ਰਹਿਣ ਕਰਦੇ ਹਨ।
ਅਰਥ : ਬੇਸ਼ੁਮਾਰ ਫ਼ਰੇਬੀ; (ਲੋਕਾਂ ਨੂੰ ਠੱਗਣ ਲਈ) ਨਿਰਾ ਝੂਠ ਬੋਲਦੇ ਰਹਿੰਦੇ ਹਨ। ਅਸੰਖ ਮਲ਼ੀਨ ਬੁਧੀ; ਮੈਲ਼ੇ ਵਿਚਾਰ ਸੁਣ ਕੇ ਉਨ੍ਹਾਂ ’ਤੇ ਅਮਲ ਕਰਦੇ ਹਨ।
ਅਸੰਖ ਨਿੰਦਕ, ਸਿਰਿ ਕਰਹਿ ਭਾਰੁ॥ ਨਾਨਕੁ ਨੀਚੁ, ਕਹੈ ਵੀਚਾਰ॥ ਉਚਾਰਨ : ਕਰਹਿਂ।
ਪਦ ਅਰਥ : ਨਿੰਦਕ- ਹੋਰਾਂ ਦੀ ਪ੍ਰਸਿੱਧੀ ਤੋਂ ਨਾਖੁਸ਼, ਹੋਰਾਂ ਦੇ ਗੁਣ ਘਟਾ ਕੇ ਬਿਆਨ ਕਰਨ ਵਾਲ਼ੇ। ਸਿਰਿ- (ਆਪਣੇ) ਸਿਰ ਉੱਤੇ। ਕਰਹਿ- ਕਰਦੇ ਹਨ, ਪਾ ਲੈਂਦੇ ਹਨ। ਭਾਰੁ- ਨਿੰਦਿਆ ਦਾ ਭਾਰ (ਪਾਪ)। ਨਾਨਕੁ ਨੀਚੁ- ਨਿਮਾਣਾ ਜਿਹਾ ਨਾਨਕ। ਕਹੈ-ਕਹਿੰਦਾ ਹੈ, ਬਿਆਨ ਕਰਦਾ ਹੈ।
ਅਰਥ : ਹੇ ਨਿਰਾਕਾਰ ਪ੍ਰਭੂ ! (ਆਪ ਚੰਗਾ ਬਣਨ ਲਈ) ਅਸੰਖ ਨਿੰਦਕ ਹੋਰਾਂ ਨੂੰ ਨੀਵਾਂ ਵਿਖਾਉਂਦੇ ਵਿਖਾਉਂਦੇ (ਈਰਖਾ ਦਾ) ਭਾਰ ਆਪਣੇ ਸਿਰ ’ਤੇ ਚੁੱਕ ਲੈਂਦੇ ਹਨ। ਨਿਮਾਣਾ ਨਾਨਕ (ਤੇਰੇ ‘ਕਰਤੇ ਕੈ ਕਰਣੈ’ ਬਾਰੇ ਹੋਰ ਕਿੰਨਾ ਕੁ) ਬਿਆਨ ਕਰ ਸਕਦਾ ਹੈ।
ਵਾਰਿਆ ਨ ਜਾਵਾ, ਏਕ ਵਾਰ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ, ਨਿਰੰਕਾਰ !॥ ੧੮॥ ਉਚਾਰਨ : ਜਾਵਾਂ।
ਅਰਥ : ਹੇ ਨਿਰਾਕਾਰ ! ਮੈਂ ਤੈਥੋਂ ਇੱਕ ਵਾਰ ਭੀ ਕੁਰਬਾਨ ਨਹੀਂ ਹੋ ਸਕਦਾ। (ਕਿਰਪਾ ਕਰ) ਜੋ (ਜੀਵਨਸ਼ੈਲੀ) ਤੈਨੂੰ ਪਸੰਦ ਹੈ; (ਮੈਨੂੰ ਭੀ) ਓਹੀ ਕਿਰਤ ਚੰਗੀ ਲੱਗੇ ਭਾਵ ਤੈਨੂੰ ਸੇਵਕ ਭਾਵਨਾ ਪਸੰਦ ਹੈ, ਮਿਹਰ ਕਰ ਮੈ ਭੀ ਭਗਤੀ ਕਰਨ ਲੱਗ ਜਾਵਾਂ। ਕੇਵਲ ਤੂੰ ਹੀ ਸਦੀਵੀ ਸਥਿਰ ਰਹਿਣ ਵਾਲ਼ਾ ਹੈਂ (ਮੈਂ ਭੀ ਤੇਰੇ ਵਾਙ ਸਥਿਰ ਹੋਣਾ ਲੋਚਦਾ ਹਾਂ)।
ਵਿਚਾਰ : ਉਕਤ 17ਵੀਂ ਤੇ 18ਵੀਂ ਪਉੜੀ ’ਚ ਨਿਰਾਕਾਰ ਦੇ ਰੂ-ਬਰੂ ਹੋ ਕੇ ਕਥਨ ਕੀਤੇ ਸਮਾਜਿਕ ਮਨੁੱਖੀ ਵਿਵਹਾਰ ਦਾ ਕਾਰਨ; ਇਨ੍ਹਾਂ ਨੂੰ ਗੁਰਮਤਿ ਅਨੁਸਾਰੀ (ਕਰਮਕਾਂਡੀ) ਜਾਂ ਗੁਰਮਤਿ ਵਿਰੁਧ (ਨਾਸਤਿਕ) ਸਿੱਧ ਕਰਨਾ ਨਹੀਂ ਬਲਕਿ ‘ੴ’ ਦੇ ਇੱਕੋ ਹੁਕਮ ਨਾਲ਼ ਵਜੂਦ ’ਚ ਆਏ ‘ਕਰਤੇ ਕੈ ਕਰਣੈ’ ਦੀ ਵਿਸ਼ਾਲਤਾ ਨੂੰ ਦਰਸਾਉਣਾ ਹੈ ਤਾਂ ਕਿ ਇਨ੍ਹਾਂ ਦਾ ਲੇਖਾ-ਨਸੀਬ ਲਿਖਣਾ ਮਨੁੱਖ ਦੀ ਪਹੁੰਚ ਤੋਂ ਬਹੁਤ ਪਰੇ ਹੈ, ਨੂੰ ਸਪਸ਼ਟ ਕੀਤਾ ਜਾ ਸਕੇ।
ਜੇਕਰ ਉਕਤ ਪੰਕਤੀ ‘‘ਅਸੰਖ ਗਲਵਢ, ਹਤਿਆ ਕਮਾਹਿ॥’’ ਦੀ ਟੇਕ ਲੈ ਕੇ ਆਪਣੇ ਦੁਆਰਾ ਅਪਣਾਈ ਸਾਕਾਹਾਰੀ ਸੋਚ (ਜੋ ਮਾਸ-ਮੀਟ ਖਾਣ ਦੇ ਵਿਰੁੱਧ ਹੈ) ਨੂੰ ਗੁਰਮਤਿ ਅਨੁਸਾਰੀ ਸਿੱਧ ਕਰੀਏ ਤਾਂ ਇੱਥੇ ਬਾਕੀ ਦਿੱਤੀਆਂ ਮਿਸਾਲਾਂ ‘‘ਅਸੰਖ ਤਪ ਤਾਉ ॥, ਅਸੰਖ ਜੋਗ; ਮਨਿ ਰਹਹਿ ਉਦਾਸ ॥, ਅਸੰਖ ਮੋਨਿ; ਲਿਵ ਲਾਇ ਤਾਰ ॥’’ ਆਦਿ ਨੂੰ ਭੀ ਗੁਰਮਤਿ ਅਨੁਸਾਰ ਕਰਮਕਾਂਡ ਕਹਿਣਾ ਪਏਗਾ ਜਦਕਿ ਇੱਥੇ ਵਿਸ਼ਾ; ਕੁਦਰਤ ਦੀ ਵਿਸ਼ਾਲਤਾ ਦਾ ਵਰਣਨ ਕਰਨਾ ਹੈ, ਨਾ ਕਿ ਸਮੂਹ ਸਮਾਜਿਕ ਜੀਵਨ ਨੂੰ ਗੁਰਮਤਿ ਅਨੁਸਾਰੀ ਸਹੀ ਜਾਂ ਗ਼ਲਤ ਪਰਖਣਾ।
ਇਸ 18ਵੀਂ ਪਉੜੀ ’ਚ ਬੁਰੇ ਬੰਦਿਆਂ ਦਾ ਜ਼ਿਕਰ ਕਰਦਿਆਂ ਕਰਦਿਆਂ ਮਤਾਂ ਨਾਨਕ ਅੰਦਰ ਚੰਗਾ ਬਣਨ ਵਾਲ਼ੀ ਅਹੰਕਾਰੀ ਭਾਵਨਾ, ਨਜ਼ਰ ਆਵੇ, ਇਸ ਲਈ ਪਉੜੀ ਦੇ ਅੰਤ ’ਚ ‘‘ਨਾਨਕੁ ਨੀਚੁ, ਕਹੈ ਵੀਚਾਰ॥੧੮॥’’ ਦਰਜ ਕੀਤਾ ਹੈ ਵਰਨਾ ‘ਨਾਨਕ’ ਮੋਹਰ; ਇਨ੍ਹਾਂ ਚਾਰੇ ਪਉੜੀਆਂ (16,17,18,19) ਦੇ ਪ੍ਰਸੰਗ ਦੀ ਸਮਾਪਤੀ ਸਮੇਂ 19ਵੀਂ ਪਉੜੀ ’ਚ ਹੁੰਦਾ; ਜਿਵੇਂ ਕਿ ‘ਮੰਨੈ’ ਦੀਆਂ ਚਾਰੇ ਪਉੜੀਆਂ (12, 13, 14, 15) ’ਚੋਂ ਕੇਵਲ ਅੰਤਮ 15ਵੀਂ ਪਉੜੀ ’ਚ ‘ਨਾਨਕ’ ਦਰਜ ਕੀਤਾ ਹੈ।
ਇਸ 17ਵੀਂ ਤੇ 18ਵੀਂ ਪਉੜੀ ’ਚ ਦਰਸਾਏ ਸਮੂਹ ਸਮਾਜਿਕ ਜੀਵਨ ਦੇ ਦੋਵੇਂ ਪੱਖਾਂ (ਕਰਮਕਾਂਡ ਤੇ ਨਾਸਤਿਕ) ਨੂੰ ਅਗਾਂਹ 19ਵੀਂ ਪਉੜੀ ’ਚ ਇਕੱਠਾ ਕਰ ਸੰਮੇਟਿਆ ਗਿਆ ਹੈ; ਜਿਵੇਂ ਕਿ ‘ਜਪੁ’ ਬਾਣੀ ਦੇ ਸ਼ੁਰੂ ਤੋਂ ਹੀ ਹਰ ਪਉੜੀ ਪ੍ਰਸੰਗ ਨੂੰ ਅਸੀਮ-ਅਸੀਮ ਕਹਿ ਕੇ ਪਉੜੀ-ਵਿਸ਼ੇ ਦੇ ਅੰਤ ’ਚ ਦਰਜ ਹੁੰਦਾ ਆਇਆ ਹੈ। ਇਸ ਪਉੜੀ-ਲਿਖਤ ਤਰਤੀਬ ਨੂੰ ਜਾਣਨ ਤੋਂ ਬਾਅਦ ਹੀ ‘ਜਪੁ’ ਬਾਣੀ ਦੀ 32ਵੀਂ ਪਉੜੀ ‘‘ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ..॥੩੨॥’’ ਦੇ ਅਰਥ ਸਪਸ਼ਟ ਹੋਣੇ ਹਨ।
ਅਸੰਖ ਨਾਵ, ਅਸੰਖ ਥਾਵ॥ ਅਗੰਮ ਅਗੰਮ, ਅਸੰਖ ਲੋਅ॥
ਅਸੰਖ ਕਹਹਿ, ਸਿਰਿ ਭਾਰੁ ਹੋਇ॥ ਉਚਾਰਨ : ਨਾਂਵ, ਥਾਂਵ, ਕਹਹਿਂ।
ਪਦ ਅਰਥ : ਨਾਵ- ਜੀਵ-ਜੰਤੂਆਂ ਦੇ ਨਾਂ ਭਾਵ ਜੂਨਾਂ। ਥਾਵ- ਟਿਕਾਣੇ (ਜਿੱਥੇ ‘ਅਸੰਖ ਨਾਵ’ ਵਾਲ਼ੇ ਜੀਵ ਵੱਸਦੇ ਹਨ)। ਅਗੰਮ ਅਗੰਮ- ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਲੋਅ- ਲੋਕ, ਭਵਨ (ਜਿਵੇਂ ਤਿੰਨ ਲੋਕ ‘ਮਾਤ ਲੋਕ, ਪਾਤਾਲ ਲੋਕ ਤੇ ਸੁਰਗ ਲੋਕ’ ਮੰਨੇ ਗਏ)। ਕਹਹਿ- ਕਹਿੰਦੇ ਹਨ, ਆਖਦੇ ਹਨ। ਸਿਰਿ- ਸਿਰ ਉੱਤੇ ਭਾਵ ਉਸ ਦੇ ਜ਼ਿੰਮੇ/ਹਿੱਸੇ (ਭਾਰ ਆਉਂਦਾ ਹੈ)। ਭਾਰ- ਦੋਸ਼, ਪਾਪ, ਬੋਝ।
ਅਰਥ : (ਕੁਦਰਤ ’ਚ ਵੱਸਦੀਆਂ ਅਸੰਖ ਜੂਨਾਂ ਦੇ) ਬੇਅੰਤ ਨਾਂਵ ਹਨ, ਜੋ ਬੇਅੰਤ ਥਾਵਾਂ ’ਚ ਹਨ। ਬੇਅੰਤ ਲੋਕ ਹਨ (ਯਾਨੀ ਕੇਵਲ 3 ਲੋਕ ਨਹੀਂ; ਇਹ ਸਭ) ਮਨੁੱਖ ਦੀ ਪਕੜ ਤੋਂ ਬਹੁਤ ਪਰੇ ਹਨ। (‘ਕਰਤੇ ਕੈ ਕਰਣੈ’ ਨੂੰ ਪੂਰਾ ਬਿਆਨ ਕਰਨ ਲਈ ਜਿਹੜੇ ਲੋਕ) ‘ਅਸੰਖ’ ਕਹਿੰਦੇ ਹਨ ਤਾਂ ਭੀ ਸਿਰ ’ਤੇ ਪਾਪ ਚੜ੍ਹਦਾ ਹੈ (ਸਵਾਲ : ਫਿਰ ਗੁਰੂ ਸਾਹਿਬ ਨੇ ਆਪ ‘ਅਸੰਖ’ ਸ਼ਬਦ ਕਿਉਂ ਵਰਤਿਆ ਹੈ ? ਜਵਾਬ ਅਗਾਂਹ ਹੈ)
ਅਖਰੀ ਨਾਮੁ, ਅਖਰੀ ਸਾਲਾਹ॥ ਅਖਰੀ; ਗਿਆਨੁ, ਗੀਤ, ਗੁਣ ਗਾਹ॥ ਉਚਾਰਨ : ਅੱਖਰੀਂ।
ਪਦ ਅਰਥ : ਅਖਰੀ- ਅੱਖਰਾਂ ਰਾਹੀਂ ਭਾਵ ਕਿਸੇ ਨਾ ਕਿਸੇ ਸ਼ਬਦ ਨਾਲ਼ ਹੀ (ਨੋਟ : ਅੱਖਰ/ਵਰਣ ਜੁੜ-ਜੁੜ ਕੇ ਇੱਕ ‘ਸ਼ਬਦ’ ਬਣਦਾ ਹੈ)। ਨਾਮ- ਰੱਬ ਦਾ ਨਾਮ। ਸਾਲਾਹ- ਰੱਬ ਦੀ ਸਿਫ਼ਤ ਸਲਾਹ। ਗਿਆਨੁ- ਆਤਮਕ ਸੂਝ। ਗੀਤ- ਗੀਤ-ਸੰਗੀਤ। ਗੁਣ- ਰੱਬ ਦੇ ਗੁਣ। ਗਾਹ- ਪਕੜੇ ਜਾ ਸਕਦੇ ਹਨ ਭਾਵ ਸਮਝ ’ਚ ਆ ਜਾਂਦੇ ਹਨ।
ਅਰਥ : ਅੱਖਰਾਂ ਰਾਹੀਂ ਹੀ (ਕਰਤੇ ਦਾ) ਨਾਮ ਜਪ ਹੁੰਦਾ ਹੈ। ਅੱਖਰਾਂ ਨਾਲ਼ ਹੀ (ਕਰਤਾਰ ਦੀ) ਸਿਫ਼ਤ-ਸਲਾਹ ਹੋ ਸਕਦੀ ਹੈ। ਸ਼ਬਦ ਰਾਹੀਂ ਹੀ ਆਤਮਕ ਸੂਝ ਉਪਜਦੀ ਹੈ। ਅੱਖਰਾਂ ਨਾਲ਼ ਹੀ ਸੰਗੀਤ/ਰਾਗ ਗਾ ਹੁੰਦਾ ਹੈ। ਸ਼ਬਦ ਰਾਹੀਂ ਹੀ (‘ੴ’ ਦੇ) ਗੁਣ ਸਮਝ ’ਚ ਆਉਂਦੇ ਹਨ।
ਅਖਰੀ; ਲਿਖਣੁ, ਬੋਲਣੁ, ਬਾਣਿ॥ ਅਖਰਾ ਸਿਰਿ; ਸੰਜੋਗੁ ਵਖਾਣਿ॥ ਉਚਾਰਨ : ਅੱਖਰੀਂ, ਅੱਖਰਾਂ।
ਪਦ ਅਰਥ : ਲਿਖਣੁ- ਸਾਹਿਤ ਰਚਨਾ (ਵਾਰਤਕ ਜਾਂ ਕਵਿਤਾ), ਲਿਖਤ। ਬੋਲਣੁ- ਬੋਲ-ਚਾਲ, ਗੱਲਬਾਤ। ਬਾਣਿ- ਬਾਣੀ, ਬੋਲੀ, ਭਾਸ਼ਾ। ਅਖਰਾ- ਅੱਖਰਾਂ ਰਾਹੀਂ ਹੀ। ਸਿਰਿ- ਸਿਰ ਉੱਤੇ। ਸੰਜੋਗੁ- ਨਸੀਬ-ਲੇਖ, ਭਾਗ। ਵਖਾਣਿ-ਵਖਾਣਿਆ ਜਾਂਦਾ ਹੈ, ਦੱਸਿਆ ਜਾਂਦਾ ਹੈ।
ਅਰਥ : ਅੱਖਰਾਂ ਨਾਲ਼ ਹੀ ਭਾਸ਼ਾ; ਲਿਖੀ ਤੇ ਬੋਲੀ ਜਾਂਦੀ ਹੈ। ਅੱਖਰਾਂ ਨੂੰ ਹੀ (ਜੀਵ-ਜੰਤੂਆਂ ਦੇ) ਸਿਰ ਉੱਤੇ ਨਸੀਬ ਵਜੋਂ ਲਿਖਿਆ ਹੁੰਦਾ ਹੈ (ਇਸੇ ਕਾਰਨ ਮੈਨੂੰ ‘ਅਸੰਖ’ ਸ਼ਬਦ ਵਰਤਣਾ ਪਿਆ। ਵੈਸੇ ਸਭ ਕੁੱਝ ਅੱਖਰਾਂ ’ਚ ਭੀ ਨਹੀਂ ਹੁੰਦਾ; ਜਿਵੇਂ ਕਿ)
ਜਿਨਿ, ਏਹਿ ਲਿਖੇ; ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ, ਤਿਵ ਤਿਵ ਪਾਹਿ॥
ਉਚਾਰਨ : ਏਹ, ਨਾਹਿਂ, ਫ਼ੁਰਮਾਏ, ਪਾਹਿਂ।
ਪਦ ਅਰਥ : ਜਿਨਿ- ਜਿਸ (ਕਰਤੇ) ਨੇ। ਏਹਿ ਲਿਖੇ- ਇਹ (ਅੱਖਰ ਰੂਪ ਨਸੀਬ; ਸਭ ਦੇ ਜ਼ਿੰਮੇ) ਲਿਖੇ ਹਨ। ਤਿਸੁ- ਉਸ (ਮਾਲਕ) ਦੇ। ਸਿਰਿ- ਸਿਰ ਉੱਤੇ ਭਾਵ ਜ਼ਿੰਮੇ। ਨਾਹਿ- (ਕੋਈ ਲੇਖ/ਨਸੀਬ) ਨਹੀਂ। ਜਿਵ- ਜਿਸ ਤਰ੍ਹਾਂ। ਫੁਰਮਾਏ- (ਕਰਤਾਰ) ਹੁਕਮ ਕਰਦਾ ਹੈ। ਤਿਵ ਤਿਵ- ਉਸੇ ਤਰ੍ਹਾਂ ਹੀ। ਪਾਹਿ- (ਇਹ ਨਸੀਬ-ਲੇਖ; ਜੀਵ-ਜੰਤ) ਪਾਉਂਦੇ ਹਨ, ਭੋਗਦੇ ਹਨ।
ਅਰਥ : ਜਿਸ (‘ੴ’) ਨੇ (ਜੀਵ-ਜੰਤੂਆਂ ਦੇ ਜ਼ਿੰਮੇ ਅੱਖਰਾਂ ਰਾਹੀਂ) ਇਹ ਨਸੀਬ ਲਿਖੇ ਹਨ, ਉਸ ਦੇ ਆਪਣੇ ਸਿਰ ਉੱਤੇ (ਅੱਖਰਾਂ ਨਾਲ਼ ਲਿਖਿਆ ਕੋਈ ਲੇਖ) ਨਹੀਂ ਹੈ ਸਗੋਂ ਜਿਵੇਂ ਜਿਵੇਂ (ਉਸ ਨਸੀਬ ਰਹਿਤ ਦਾ) ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਹੀ (ਜੀਵ-ਜੰਤ; ਆਪਣੇ ਨਸੀਬ) ਪਾਉਂਦੇ ਹਨ, ਭੋਗਦੇ ਹਨ (ਤੇ ਮੁੜ ਚੰਗੇ-ਮੰਦੇ ਕਰਮ ਕਰ ਫਿਰ ਨਸੀਬ ਬਣਾਉਂਦੇ ਤੇ ਲਿਖਵਾਉਂਦੇ ਹਨ)।
ਵਿਚਾਰ : ਉਕਤ ਵਾਕ ਤੋਂ ਸਪਸ਼ਟ ਹੈ ਕਿ ਹਰ ਜੀਵ-ਜੰਤ ਦਾ ਨਸੀਬ, ਜੋ ਉਨ੍ਹਾਂ ਦੁਆਰਾ ਕੀਤੇ ਕੰਮਾਂ ਦਾ ਚੰਗਾ-ਮੰਦਾ ਫਲ਼ ਹੈ; ਮਾਲਕ ਦੀ ਰਜ਼ਾ ਅਨੁਸਾਰ ਲਿਖਿਆ ਹੋਇਆ ਹੈ। ਇਸੇ ਨੂੰ ‘ਜਨਮ ਜਨਮ ਦੀ ਮੈਲ਼’ ਤੇ ‘ਕੂੜਿ ਦੀ ਪਾਲਿ’ ਕਿਹਾ ਹੈ, ਜੋ ਪੈਦਾਇਸ਼ ਤੋਂ ਮਰਨ ਤੱਕ ਬੰਦੇ ਦੇ ‘ਲਿਖਿਆ ਨਾਲਿ’ ਹੁੰਦਾ ਹੈ ਕਿਉਂਕਿ ਜੀਵਨ ਦੀ ਅਰੰਭਤਾ ’ਚ ਇਹ ਨਸੀਬ; ਇੱਕੋ ਵਾਰ ਪਾ ਦਿੱਤਾ, ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ..॥੩੧॥ (ਜਪੁ)
ਜੇਤਾ ਕੀਤਾ, ਤੇਤਾ ਨਾਉ॥ ਵਿਣੁ ਨਾਵੈ, ਨਾਹੀ ਕੋ ਥਾਉ॥
ਉਚਾਰਨ : ਨਾਉਂ, ਨਾਵੈਂ, ਨਾਹੀਂ, ਥਾਉਂ।
ਪਦ ਅਰਥ : ਜੇਤਾ ਕੀਤਾ- ਜਿੰਨਾ (‘ਕਰਤੇ ਕੈ ਕਰਣੈ’ ਰੂਪ) ਪਸਾਰਾ ਸਿਰਜਿਆ ਹੈ। ਤੇਤਾ ਨਾਉ- ਓਨਾ ਹੀ (ਕਰਤੇ/ਕਰਤਾਰ ਦਾ) ਨਾਮਣਾ, ਪ੍ਰਸਿੱਧੀ, ਰੂਪ। ਵਿਣੁ ਨਾਵੈ- ਰੂਪ ਤੋਂ ਬਿਨਾਂ। ਕੋ- ਕੋਈ। ਥਾਉ- ਜਗ੍ਹਾ।
ਅਰਥ : (ਕੁਦਰਤਿ ਦਾ) ਜਿੰਨਾ ਹੀ ਪਸਾਰਾ ਕੀਤਾ ਹੋਇਆ ਹੈ, ਓਨਾ ਹੀ (ਕਰਤਾਰ ਦਾ) ਰੂਪ ਹੈ ਭਾਵ ਉਹ ਕਣ ਕਣ ’ਚ ਰਮਿਆ ਹੈ। ਉਸ ਦੇ ਰੂਪ/ਨਾਮਣੇ ਤੋਂ ਰਹਿਤ ਕੋਈ ਜਗ੍ਹਾ ਨਹੀਂ।
ਕੁਦਰਤਿ ਕਵਣ ? ਕਹਾ ਵੀਚਾਰੁ॥ ਵਾਰਿਆ ਨ ਜਾਵਾ, ਏਕ ਵਾਰ॥ ਉਚਾਰਨ : ਕਹਾਂ, ਜਾਵਾਂ।
ਪਦ ਅਰਥ : ਕੁਦਰਤ- (ਮੇਰੀ) ਤਾਕਤ, ਪਾਇਆਂ, ਸਮਰੱਥਾ। ਕਵਣ- ਕੀ, ਕਿਹੜੀ ਯਾਨੀ ਕਿੰਨੀ ਕੁ। ਕਹਾ- ਦੱਸਾਂ, ਬਿਆਨ ਕਰ ਸਕਾਂ।
ਅਰਥ : ਹੇ ਨਿਰਾਕਾਰ ! ਮੇਰੀ ਕੀ ਤਾਕਤ ਹੈ ਕਿ (ਤੇਰੇ ਇੱਕੋ ਹੁਕਮ ਨਾਲ਼ ਉਪਜੀ ਸਮੂਹ ਕੁਦਰਤ ਦਾ ਪੂਰਾ) ਅਨੁਮਾਨ ਲਗਾ ਸਕਾਂ। ਮੈਂ ਤੈਥੋਂ ਇੱਕ ਵਾਰ ਭੀ ਕੁਰਬਾਨ ਨਹੀਂ ਹੋ ਸਕਦਾ ਭਾਵ ਤੇਰੇ ਦੁਆਰਾ ਰਚੀ ਕੁਦਰਤ ਦਾ, ਤੇਰੇ ਦੁਆਰਾ ਲਿਖੇ ਨਸੀਬ-ਲੇਖ ਦਾ ਯਾਨੀ ਤੇਰੇ ਸਮੂਹ ਗੁਣਾਂ ਦਾ ਅੰਤ ਪਾਉਣ ਲਈ ਮੇਰੇ ਅੰਦਰ ਇੱਕ ਵਾਰ ਭੀ ਖ਼ਿਆਲ ਨਹੀਂ ਉਪਜਦਾ।
ਜੋ ਤੁਧੁ ਭਾਵੈ; ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ, ਨਿਰੰਕਾਰ॥੧੯॥
ਅਰਥ : ਹੇ ਨਿਰਾਕਾਰ ! ਜੋ (ਰਹਿਣੀ-ਬਹਿਣੀ) ਤੈਨੂੰ ਪਸੰਦ ਹੈ; (ਮਿਹਰ ਕਰ ਕਿ ਮੈਨੂੰ ਭੀ) ਵੈਸੀ ਜੀਵਨਸ਼ੈਲੀ ਪਸੰਦ ਆਵੇ ਭਾਵ ਤੇਰੀ ਪਸੰਦ ਵਾਙ ਮੈਂ ਜਿਊਣਾ ਸਿੱਖ ਲਵਾਂ। ਤੂੰ ਸਦਾ ਕਾਇਮ ਰਹਿਣ ਵਾਲ਼ਾ ਹੈਂ (ਮਿਹਰ ਕਰ ਮੈਂ ਭੀ ਤੇਰੇ ਵਾਙ ਸਥਿਰ ਹੋ ਜਾਵਾਂ, ਆਵਾਗਮਣ ਮੁਕਤ ਹੋ ਜਾਵਾਂ)।
ਵਿਚਾਰ : ਸੋ ‘ਏਕੋ ਕਵਾਉ’ ਨਾਲ਼ ਉਪਜਿਆ ਵਿਸ਼ਾਲ ਬ੍ਰਹਿਮੰਡ, ਜਿਸ ਨੂੰ ‘ਕਰਤੇ ਕੈ ਕਰਣੈ’ ਕਿਹਾ ਹੈ, ਉਹ ਕਿਸੇ ਕਾਲਪਨਿਕ ਬਲ਼ਦ ਦੇ ਸਿੰਗਾਂ ’ਤੇ ਨਹੀਂ ਟਿਕਿਆ ਰਹਿ ਸਕਦਾ ਬਲਕਿ ਕਰਤਾਰ ਦੁਆਰਾ ਲਿਖੇ ਨਸੀਬ-ਲੇਖ ’ਚ ਬੱਝਿਆ ਹੋਇਆ ਹੈ। ਪੰਚ ਜਨ; ਇਸ ਨਿਸ਼ਚੇ ਨਾਲ਼ ਸਮਾਜਿਕ ਪਕੜ ਨੂੰ ਢਿੱਲਾ ਕਰਦਿਆਂ ਭਾਵ ਮਾਇਆ ਵੱਲੋਂ ਨਿਰਮੋਹ ਰਹਿ ਕੇ ਕਰਤਾਰ ਦੇ ਗੁਣ ਗਾਉਂਦੇ ਹੋਏ ਦਰਗਾਹ ’ਚ ਪਰਵਾਣ ਹੁੰਦੇ ਹਨ ਤੇ ਜਗਤ ’ਚ ਪਰਧਾਨ ਮੰਨੇ ਜਾਂਦੇ ਹਨ। ਦੁਨੀਆਂ ਐਸੇ ਕਿਰਦਾਰਾਂ ਨੂੰ ਸਦਾ ਸਿਜਦਾ ਕਰਦੀ ਹੈ ਤੇ ਕਰਦੀ ਰਹੇਗੀ।
ਭਰੀਐ; ਹਥੁ, ਪੈਰੁ, ਤਨੁ, ਦੇਹ॥ ਪਾਣੀ ਧੋਤੈ; ਉਤਰਸਿ ਖੇਹ॥
ਪਦ ਅਰਥ : ਭਰੀਐ- (ਅਗਰ) ਭਰ ਜਾਂਦਾ ਹੈ, ਜੇ ਭਰ ਜਾਏ। ਦੇਹ- ਕਾਇਆਂ, ਸਰੀਰ। ਧੋਤੈ-ਧੋਣ ਨਾਲ਼। ਪਾਣੀ ਧੋਤੈ-ਪਾਣੀ ਨਾਲ਼ ਧੋਤਿਆਂ। ਉਤਰਸਿ- ਲਹਿ ਜਾਏਗੀ, ਉਤਰ ਜਾਂਦੀ ਹੈ। ਖੇਹ- ਮਿੱਟੀ।
ਅਰਥ : ਜੇਕਰ ਹੱਥ, ਪੈਰ, ਚਮੜੀ, ਸਰੀਰ ਆਦਿ ਮਿੱਟੀ ਨਾਲ਼ ਗੰਦੇ ਹੋ ਜਾਣ ਤਾਂ ਪਾਣੀ ਨਾਲ਼ ਸਾਫ਼ ਕੀਤਿਆਂ ਮਿੱਟੀ ਲਹਿ ਜਾਂਦੀ ਹੈ।
ਮੂਤਿ ਪਲੀਤੀ ਕਪੜੁ ਹੋਇ॥ ਦੇ ਸਾਬੂਣੁ, ਲਈਐ ਓਹੁ ਧੋਇ॥ ਉਚਾਰਨ : ਓਹ (ਕਪੜੁ)।
ਪਦ ਅਰਥ : ਮੂਤਿ- ਮੂਤਰ ਨਾਲ਼। ਪਲੀਤੀ-ਪਲੀਤ, ਗੰਦਾ। ਦੇ- ਦੇ ਕੇ ਭਾਵ ਲਾ ਕੇ ਜਾਂ ਲਗਾ ਕੇ। ਲਈਐ- ਲਈਦਾ ਹੈ। ਓਹੁ- ਉਹ (ਕੱਪੜਾ)।
ਅਰਥ : ਅਗਰ ਪਿਸ਼ਾਬ (ਦੇ ਗਹਿਰੇ ਦਾਗ਼) ਨਾਲ਼ ਕੱਪੜਾ ਗੰਦਾ ਹੋ ਜਾਏ ਤਾਂ ਸਾਬਣ ਲਾ ਕੇ ਉਹ (ਦਾਗ਼ੀ ਬਸਤਰ) ਧੋ ਲਈਦਾ ਹੈ।
ਭਰੀਐ ਮਤਿ, ਪਾਪਾ ਕੈ ਸੰਗਿ॥ ਓਹ ਧੋਪੈ, ਨਾਵੈ ਕੈ ਰੰਗਿ॥ ਉਚਾਰਨ : ਪਾਪਾਂ, ਓਹ, ਨਾਵੈਂ।
ਪਦ ਅਰਥ : ਪਾਪਾ ਕੈ ਸੰਗਿ- ਪਾਪਾਂ ਦੇ ਨਾਲ਼। ਓਹ- ਉਹ (ਮਤਿ)। ਧੋਪੈ- ਧੋ ਹੁੰਦੀ ਹੈ। ਨਾਵੈ ਕੈ ਰੰਗਿ- (ਪ੍ਰਭੂ) ਨਾਮ ਦੇ ਪ੍ਰੇਮ/ਰੰਗ ਨਾਲ਼ ਭਾਵ ਰੱਬੀ ਪ੍ਰੇਮ ’ਚ ਮਗਨ ਹੋਇਆਂ।
ਅਰਥ : (ਉਸੇ ਤਰ੍ਹਾਂ) ਪਾਪ-ਵਿਕਾਰਾਂ ਦੇ ਨਾਲ਼ ਜੇਕਰ ਮੱਤ ਗੰਦੀ ਹੋ ਜਾਏ ਤਾਂ ਉਹ (ਮਤਿ; ਰੱਬੀ) ਨਾਮ ਦੇ ਪ੍ਰੇਮ/ਰੰਗ ਨਾਲ਼ ਧੋ ਹੁੰਦੀ ਹੈ (ਯਾਨੀ ਰੱਬ ਨਾਲ਼ ਪਿਆਰ ਵਧਾ ਕੇ ਵਿਕਾਰ-ਦ੍ਰਿਸ਼ਟੀ ਮਰਦੀ ਹੈ)।
ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ, ਲਿਖਿ ਲੈ ਜਾਹੁ॥
ਉਚਾਰਨ : ਨਾਹਿਂ। ਜਾਹੁ- ਇਸ ਦਾ ਔਂਕੜ ਅੰਤ; ਥੋੜ੍ਹਾ ਉਚਾਰਨਾ ਹੈ ਕਿਉਂਕਿ ਇਸ ਵਾਕ ’ਚ ਕਿਸੇ ਇੱਕ (ਮਨ, ਭਾਈ, ਪਿਆਰਾ ਜਾਂ ਮਾਂ ਆਦਿ) ਨੂੰ ਸੰਬੋਧਨ ਨਹੀਂ ਕੀਤਾ; ਜਿਵੇਂ ਇਸ ਵਾਕ ’ਚ ਕੀਤਾ ਹੈ, ‘‘ਪ੍ਰਿਅ ! ਪਰਦੇਸਿ (’ਚ) ਨ ਜਾਹੁ; ਵਸਹੁ ਘਰਿ+ਮੋਰੈ (’ਚ)॥’’ (ਮਹਲਾ ੫/੧੦੭੨) ਅਰਥ : (ਕਾਇਆਂ ਆਪਣੇ ਜੀਵਾਤਮਾ ਨੂੰ ਬੇਨਤੀ ਕਰਦੀ ਹੈ ਕਿ) ਹੇ ਪਿਆਰੇ ! ਮੇਰੇ ਸਰੀਰ ’ਚ ਹੀ ਟਿਕਿਆ ਰਹਿ, ਮੈਨੂੰ ਛੱਡ ਕੇ ਵਿਦੇਸ਼ ਨਾ ਜਾਹ ਭਾਵ ਤੇਰੇ ਵਿਛੋੜੇ ਨਾਲ ਮੈ ਮਰ ਜਾਣਾ ਹੈ। ਇੱਥੇ ‘ਜਾਹੁ’ ਦਾ ਉਚਾਰਨ ‘ਜਾਹ’ ਹੈ ਕਿਉਂਕਿ ਇਹ ਕਿਰਿਆ; ਦੂਜਾ ਪੁਰਖ, ਹੁਕਮੀ ਭਵਿਖ ਕਾਲ ਹੈ ਜਦ ਕਿ ਵਿਚਾਰ ਅਧੀਨ ਪੰਕਤੀ ’ਚ ‘ਜਾਹੁ’ ਕਿਰਿਆ; ਤੀਜਾ ਪੁਰਖ (ਅਨ੍ਯ ਪੁਰਖ), ਇੱਕ ਵਚਨ ਹੈ, ਜਿਸ ਦਾ ਅਰਥ ਹੈ ‘ਜਾਏਗਾ, ਜਾਂਦਾ ਹੈ’। ਕਿਸੇ ਵਾਕ ’ਚ ਜੇ ਇੱਕ ਵਚਨ ਨੂੰ ਸੰਬੋਧਨ ਹੋਵੇ ਤਾਂ ‘ਜਾਹੁ’ ਦੀ ਥਾਂ ‘ਜਾਹਿ’ ਭੀ ਹੋ ਸਕਦਾ ਹੈ; ਜੈਸਾ ਕਿ ਇੱਥੇ ‘ਨਾਹਿ’ ਬਣਿਆ ਹੈ, ਜਿਸ ਨਾਲ਼ ਕਾਵਿ ਪਿੰਗਲ ਭੀ ਪੂਰਾ ਹੋ ਗਿਆ।
ਪਦ ਅਰਥ : ਪੁੰਨੀ ਆਖਣੁ – (ਮੱਤ ਦਾ) ਪਾਪ ਰਹਿਤ ਬੋਲ, ਨਿਰਮਲ ਬੋਲ। ਪਾਪੀ ਆਖਣੁ- ਪਾਪ ਭਰਿਆ ਮਲ਼ੀਨ ਬੋਲ, ਮੈਲ਼ੀ (ਮੱਤ) ਹੋਣਾ ਭਾਵ ਮੱਤ ਨੂੰ ਮੈਲ਼ਾ (ਪਾਪੀ) ਜਾਂ ਨਿਰਮਲ (ਪੁੰਨੀ) ਆਂਕਣਾ, ਪਰਖਣਾ, (ਮੱਤ ਬਾਰੇ) ਬੋਲਣਾ, ਗੱਲ ਕਰਨਾ (ਬੜਾ ਮਾਅਨਾ ਰੱਖਦਾ ਹੈ, ਬੇਫ਼ਜ਼ੂਲ/ਬੇਲੋੜਾ ਨਹੀਂ)। ਕਰਿ ਕਰਿ- ਕਰ ਕਰ ਕੇ। ਕਰਣਾ-ਕਾਰਜ, ਕੀਤਾ ਕੰਮ। ਲਿਖਿ ਲੈ- (ਸਿਰ ’ਤੇ) ਲਿਖ ਕੇ, ਲੈ ਕੇ। ਜਾਹੁ- (ਲੈ ਕੇ) ਜਾਏਗਾ, (ਲੈ ਕੇ) ਜਾਂਦਾ ਹੈ।
ਅਰਥ : ਨਿਰਮਲ (ਮੱਤ) ਆਂਕਣਾ ਜਾਂ ਮਲ਼ੀਨ (ਮੱਤ ’ਚੋਂ) ਬੋਲ ਉੱਠਣਾ (ਅਰਥਹੀਣ) ਨਹੀਂ (ਹਿਰਦੇ ਦੀ ਕਾਲ਼ਖ਼ ਜਾਂ ਉਜਲਤਾ ਨੂੰ ਪ੍ਰਗਟਾਉਂਦਾ ਹੈ ਕਿਉਂਕਿ ਇਸੇ ਅਨੁਸਾਰ ਬੰਦਾ ਚੰਗੇ-ਮੰਦੇ) ਕੰਮ ਕਰ ਕਰ ਕੇ (ਉਨ੍ਹਾਂ ਦਾ ਫਲ਼; ਆਪਣੇ ਨਸੀਬ ’ਚ) ਲਿਖ ਕੇ ਲੈ ਜਾਂਦਾ ਹੈ ਯਾਨੀ ਪਾਪ ਮੱਤ ਤੇ ਪਾਪ ਰਹਿਤ ਮੱਤ ਨਾਲ਼ ਭੋਗੀ ਜ਼ਿੰਦਗੀ; ਬੜੇ ਦੀਰਘ ਕਾਲ ਤੱਕ ਦੁਖਦਾਈ (ਜੂਨਾਂ ’ਚ) ਰੱਖਦੀ ਹੈ ਜਾਂ ਸੁਖਦਾਈ (ਪ੍ਰਭੂ ’ਚ ਲੀਨ) ਕਰਾਉਂਦੀ ਹੈ; ਤਾਂ ਤੇ ਪਾਪਾਂ ਵਾਲ਼ੀ ਮੱਤ ਨੂੰ ਜਲਦੀ ਤੋਂ ਜਲਦੀ ਰੱਬੀ ਨਾਮ ’ਚ ਰੰਗ ਕੇ ਧੋ ਲੈਣਾ ਹੀ ਸਹੀ ਹੈ।
ਵਿਚਾਰ : ਜੇਕਰ ਉਕਤ ਤੁਕ ਦੇ ਅਰਥ ਕਰੀਏ ਕਿ ‘ਪਾਪ-ਪੁੰਨ ਕਹਿਣ ਮਾਤਰ ਨਹੀਂ ਬਲਕਿ ਬੰਦਾ ਜੈਸਾ ਕਰਮ ਕਰੇਗਾ ਵੈਸਾ ਫਲ਼ ਆਪਣੇ ਨਾਲ਼ ਲਿਖ ਕੇ ਲੈ ਜਾਏਗਾ’ ਤਾਂ ਜਾਪਦਾ ਹੈ ਕਿ ਸ਼ਾਇਦ ਗੁਰਬਾਣੀ ਪੁੰਨ-ਪਾਪ ਵਾਲ਼ੇ ਭਰਮ ਨੂੰ ਸਹੀ ਮੰਨਦੀ ਹੈ ਜਦ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ ਕਿ ਪ੍ਰਚੀਨ ਧਰਮ ਗ੍ਰੰਥਾਂ ਨੇ ਪੁੰਨ-ਪਾਪ ਹੀ ਵਿਚਾਰਿਆ ਹੈ ਤਾਹੀਓਂ ਸਚਾਈ ਨਾ ਸਮਝ ਸਕੇ, ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ ਨ ਜਾਣੀ ॥’’ (ਅਨੰਦ/ਮਹਲਾ ੩/੯੨੦) ‘ਤਤੈ ਸਾਰ ਨ ਜਾਣੀ’ ਦਾ ਅਰਥ ਹੈ, ‘ਸਚਾਈ ਦੀ ਕਦਰ ਕਰਨੀ ਨਾ ਸਮਝੀ’।
‘ਜਪੁ’ ਬਾਣੀ ਦੀ ਇਸ 20ਵੀਂ ਪਉੜੀ ’ਚ ਮੂਲ ਵਿਸ਼ਾ ਹੈ ਕਿ ਮੈਲ਼ੀ ਮੱਤ; ਹਰੀ ਦੇ ਨਾਮ-ਰੰਗ ਨਾਲ਼ ਧੋ ਹੁੰਦੀ ਹੈ, ਇਸ ਲਈ ਮੈਲ਼ੀ ਮੱਤ ਨੂੰ ‘ਪਾਪੀ’ ਤੇ ਨਾਮ-ਰੰਗ ਨਾਲ਼ ਧੋਤੀ ਮੱਤ ਨੂੰ ‘ਪੁੰਨੀ’ ਕਹਿਣਾ ਸਹੀ ਹੈ। ਇਹੀ ਅਸੂਲ ਸਮਝਾਉਣ ਲਈ ਪਉੜੀ ਦੇ ਅਰੰਭ ’ਚ ਦੋ ਮਿਸਾਲਾਂ ਦਿੱਤੀਆਂ ਹਨ। ਸੋ ਮੈਲ਼ੀ ਮੱਤ ਤੇ ਨਿਰਮਲ ਮੱਤ ਨਾਲ਼ ਕੀਤੇ ਜਾਂਦੇ ਚੰਗੇ-ਮੰਦੇ ਕਰਮਾਂ ਦਾ ਫਲ਼; ਬੰਦਾ ਮਰਨ ਤੋਂ ਬਾਅਦ ਭੀ ਭੁਗਤਦਾ ਹੈ। ਮੈਲ਼ੀ ਮੱਤ ਦਾ ਫਲ਼; ਆਵਾਗਮਣ ਦਾ ਚੱਕਰ ਹੈ ਤੇ ਨਿਰਮਲ ਮੱਤ ਨਾਲ਼ ਕੀਤੀ ਬੰਦਗੀ; ਆਵਾਗਮਣ ਤੋਂ ਮੁਕਤ ਕਰਾ ਪ੍ਰਭੂ ’ਚ ਲੀਨ ਕਰ ਦਿੰਦੀ ਹੈ।
ਆਪੇ ਬੀਜਿ, ਆਪੇ ਹੀ ਖਾਹੁ॥ ਨਾਨਕ ! ਹੁਕਮੀ ਆਵਹੁ ਜਾਹੁ॥ ੨੦॥
ਉਚਾਰਨ : ‘ਖਾਹੁ, ਜਾਹੁ’ ਦਾ ਔਂਕੜ ਅੰਤ; ਥੋੜ੍ਹਾ ਉਚਾਰਨਾ ਹੈ (ਨੋਟ : ਜੇਕਰ ‘ਖਾਹੁ, ਆਵਹੁ ਜਾਹੁ’; ਦੂਜਾ ਪੁਰਖ ਇੱਕ ਵਚਨ ਕਿਰਿਆਵਾਂ ਹੁੰਦੀਆਂ ਭਾਵ ਇਨ੍ਹਾਂ ਦੇ ਇਉਂ ਅਰਥ ਹੁੰਦੇ ‘ਤੂੰ ਖਾਏਂਗਾ, ਤੂੰ ਆਵੇਂਗਾ, ਤੂੰ ਜਾਏਂਗਾ’ ਤਾਂ ਇਹ ਇਉਂ ਲਿਖੇ ਹੁੰਦੇ ‘ਖਾਹਿ, ਆਵਹਿ, ਜਾਹਿ’, ਜਿਨ੍ਹਾਂ ਦਾ ‘ਨਾਹਿ’ ਨਾਲ਼ ਤੁਕਾਂਤ ਮੇਲ ਭੀ ਵਧੇਰੇ ਹੁੰਦਾ)।
ਪਦ ਅਰਥ : ਆਪੇ- ਆਪ ਹੀ। ਬੀਜਿ-ਬੀਜ ਕੇ, ਕਮਾਈ ਕਰਕੇ। ਖਾਹੁ- ਖਾਏਗਾ, ਭੋਗੇਗਾ। ਨਾਨਕ- ਹੇ ਨਾਨਕ ! ਹੁਕਮੀ- (ਰੱਬ ਦੇ) ਹੁਕਮ ਵਿੱਚ, ਹੁਕਮ ਅਨੁਸਾਰ। ਆਵਹੁ ਜਾਹੁ- ਆਵੇਗਾ ਜਾਏਗਾ ਭਾਵ ਜੂਨਾਂ ’ਚ ਜੰਮਦਾ ਮਰਦਾ ਰਹੇਗਾ।
ਅਰਥ : ਹੇ ਨਾਨਕ ! (ਪਾਪਾਂ ਭਰੀ ਮੱਤ ਨਾਲ਼) ਆਪ ਕਮਾਈ ਕਰਕੇ ਆਪ ਹੀ (ਉਸ ਦਾ ਫਲ਼; ਬੰਦਾ) ਖਾਏਗਾ ਯਾਨੀ ਕਰਤੇ ਦੇ ਹੁਕਮ ਨਾਲ਼ (ਵਾਰ-ਵਾਰ) ਜੰਮੇਗਾ ਤੇ ਮਰੇਗਾ (ਅਤੇ ਨਿਰਮਲ ਮੱਤ ਨਾਲ਼ ਕੀਤੀ ਭਗਤੀ ਉਪਰੰਤ ਕਰਤਾਰ ਦੇ ਹੁਕਮ ਨਾਲ ਉਸ ਵਿੱਚ ਲੀਨ ਹੋਏਗਾ)।
ਤੀਰਥੁ, ਤਪੁ, ਦਇਆ, ਦਤੁ ਦਾਨੁ॥ ਜੇ ਕੋ ਪਾਵੈ, ਤਿਲ ਕਾ ਮਾਨੁ॥
ਪਦ ਅਰਥ : ਤੀਰਥੁ- ਤੀਰਥ ਇਸ਼ਨਾਨ। ਤਪੁ- ਤਪ ਸਾਧਨਾ। ਦਇਆ- ਤਰਸ ਕਰਨਾ ਭਾਵ ਅਹਿੰਸਕ ਬਿਰਤੀ ਪਾਲਣਾ। ਦਤੁ+ਦਾਨੁ- ਦਿੱਤਾ ਦਾਨ ਯਾਨੀ ਕੋਈ ਦਾਨ ਪੁੰਨ ਕਰਨਾ। ਕੋ- ਕੋਈ। ਤਿਲ ਕਾ ਮਾਨੁ- ਤਿਲ ਮਾਤਰ ਸਤਿਕਾਰ, ਨਾ ਮਾਤਰ ਇੱਜ਼ਤ।
ਅਰਥ : (ਪਾਪਾਂ ਭਰੀ ਮੱਤ ਨੂੰ ਧੋਣ ਲਈ) ਤੀਰਥ ਇਸ਼ਨਾਨ ਕਰਨਾ, ਤਪ ਸਾਧਨਾ, ਜੀਵ ਹੱਤਿਆ ਤੋਂ ਸੰਕੋਚ ਕਰਨਾ ਜਾਂ ਕੋਈ ਦਾਨ ਪੁੰਨ ਆਦਿ ਕਰਨਾ (ਸਹਾਈ ਨਹੀਂ ਹੁੰਦਾ, ਪਰ ਹਾਂ ਇਨ੍ਹਾਂ ਬਦਲੇ) ਜੇ ਕੋਈ ਫਲ਼ ਚਾਹੁੰਦਾ ਹੈ ਤਾਂ ਐਨਾ ਕੁ ਮਿਲਦਾ ਹੈ ਕਿ ਲੋਕ ਕਹਿ ਦਿੰਦੇ ਹਨ ਕਿ ਬੰਦਾ ਬੜਾ ਧਰਮੀ ਹੈ।
ਨੋਟ : ਉਕਤ ਸਾਰੇ ਕਰਮ; ਸਰੀਰ ਨਾਲ਼ ਸਬੰਧਿਤ ਹਨ ਜਦ ਕਿ ਧਰਮ ਦਾ ਅਸਲ ਸਬੰਧ ਮਨ ਨਾਲ਼ ਹੈ। ਇਸ ਲਈ ਗੁਰਮਤਿ ਅਨੁਸਾਰ ਇਹ ਸਾਰੇ ਕਰਮਕਾਂਡ ਹਨ; ਜਿਵੇਂ ਕਿ ਤੀਰਥ ਇਸਨਾਨ ਬਾਰੇ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸੰਦੇਸ਼ ਹੈ, ‘‘ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥’’ (ਜਪੁ), ਇਸੇ ਤਰ੍ਹਾਂ ਭਗਤ ਤ੍ਰਿਲੋਚਨ ਜੀ ਜਪ, ਤਪ ਨੂੰ ਪਾਣੀ ਰਿੜਕਣਾ ਕਹਿ ਰਹੇ ਹਨ, ‘‘ਕਾਇ ਜਪਹੁ ਰੇ ! ਕਾਇ ਤਪਹੁ ਰੇ ! ਕਾਇ ਬਿਲੋਵਹੁ ਪਾਣੀ ॥ ਲਖ ਚਉਰਾਸੀਹ ਜਿਨਿ੍ ਉਪਾਈ; ਸੋ ਸਿਮਰਹੁ ਨਿਰਬਾਣੀ ॥’’ (ਭਗਤ ਤ੍ਰਿਲੋਚਨ/੫੨੬)
ਸੁਣਿਆ, ਮੰਨਿਆ, ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ, ਮਲਿ ਨਾਉ॥ ਉਚਾਰਨ : ਮਲ਼, ਨ੍ਹਾਉ।
ਪਦ ਅਰਥ : ਸੁਣਿਆ- ਸੁਣਨਾ ਚਾਹੀਦਾ ਹੈ। ਮੰਨਿਆ- ਮੰਨਣਾ ਚਾਹੀਦਾ ਹੈ, ਅਮਲ ਕਰਨਾ ਹੈ। ਮਨਿ- ਮਨ ਵਿੱਚ। ਕੀਤਾ- ਧਾਰਨਾ, ਰੱਖਣਾ। ਭਾਉ- ਪਿਆਰ। ਅੰਤਰਗਤਿ ਤੀਰਥਿ- ਅੰਦਰਲੇ ਤੀਰਥ ਉੱਤੇ ਭਾਵ ਆਪਣੇ ਆਪ ਨੂੰ (ਗੁਰਮਤਿ ਅਨੁਸਾਰੀ) ਪੜਚੋਲ ਕੇ। ਮਲਿ- ਮਲ ਕੇ, ਰਗੜ ਕੇ। ਨਾਉ- ਇਸ਼ਨਾਨ ਕਰੋ।
ਅਰਥ : (ਮੈਲ਼ੀ ਮੱਤ ਧੋਣ ਲਈ, ਜਿਸ ਨੇ ਗੁਰੂ ਉਪਦੇਸ਼ ਨੂੰ) ਸੁਣਿਆ, ਉਸ ’ਤੇ ਅਮਲ ਕੀਤਾ ਤੇ ਮਨ ’ਚ ਪ੍ਰੇਮ ਰੱਖਿਆ; ਉਸ ਨੇ ਮਾਨੋ ਆਪਣੇ ਅੰਦਰਲੇ ਤੀਰਥ ਉੱਤੇ ਰਗੜ-ਰਗੜ ਕੇ ਇਸ਼ਨਾਨ ਕੀਤਾ ਹੈ ਭਾਵ ਗੁਰੂ ਗਿਆਨ/ਰੌਸ਼ਨੀ ਨਾਲ਼ ਖ਼ੁਦ ਨੂੰ ਪੜ੍ਹ ਕੇ ਮਨ ਕਾਬੂ ਕੀਤਾ ਹੈ।
ਸਭਿ ਗੁਣ ਤੇਰੇ, ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ, ਭਗਤਿ ਨ ਹੋਇ॥ ਉਚਾਰਨ : ਮੈਂ, ਨਾਹੀਂ।
ਪਦ ਅਰਥ : ਸਭਿ- ਸਾਰੇ। ਮੈ- ਮੇਰੇ ਵਿੱਚ, ਮੇਰੇ ਅੰਦਰ। ਕੋਇ- ਕੋਈ (ਜ਼ੋਰ, ਸਮਰੱਥਾ, ਤਬਦੀਲੀ ਕਰਨਯੋਗ ਸ਼ਕਤੀ)। ਵਿਣੁ ਗੁਣ ਕੀਤੇ- (ਤੇਰੇ ਦੁਆਰਾ) ਉਪਕਾਰ ਕੀਤੇ ਬਿਨਾਂ, ਮਦਦ ਕਰਨ ਤੋਂ ਬਿਨਾਂ, ਸਹਾਈ ਬਣਨ ਤੋਂ ਵਗ਼ੈਰ।
ਅਰਥ : (ਮੈਲ਼ੀ ਮੱਤ ਨੂੰ ਧੋਣ ਉਪਰੰਤ ਸਿੱਖ ਧੰਨਵਾਦ ਕਰਦਾ ਹੈ ਕਿ ਹੇ ਪ੍ਰਭੂ !) ਤੈਂ ਹੀ ਸਾਰੇ ਉਪਕਾਰ ਕੀਤੇ ਹਨ ਯਾਨੀ ਤੇਰੀ ਬਖ਼ਸ਼ਸ਼ ਨਾਲ਼ ਹੀ ਮਨ ਕਾਬੂ ਕੀਤਾ ਹੈ; ਨਹੀਂ ਤਾਂ ਮੇਰੇ ਵਿੱਚ ਕੋਈ ਸਮਰੱਥਾ ਨਹੀਂ ਸੀ; ਜਿਵੇਂ ਕਿ ਪੰਜਵੇਂ ਪਾਤਿਸ਼ਾਹ ਜੀ ਦੇ ਭੀ ਬਚਨ ਹਨ, ‘‘ਮਨੁ ਬਸਿ (’ਚ) ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ॥’’ (ਮਹਲਾ ੫/੨੯੮) ਤੇਰੇ ਇਸ ਉਪਕਾਰ ਤੋਂ ਬਿਨਾਂ (ਕਿਸੇ ਤੋਂ ਭੀ, ਤੇਰੀ) ਭਗਤੀ ਨਹੀਂ ਹੋ ਸਕਦੀ ਭਾਵ ਮੈਲ਼ੀ ਮੱਤ ਧੋਤੀ ਨਹੀਂ ਜਾ ਸਕਦੀ; ਜੈਸਾ ਕਿ ਪਿਛੇ 6ਵੀਂ ਪਉੜੀ ’ਚ ਬਚਨ ਸਨ, ‘‘ਵਿਣੁ ਕਰਮਾ (ਮਿਹਰ/ ਮਦਦ ਤੋਂ), ਕਿ ਮਿਲੈ ਲਈ ? ॥’’ (ਜਪੁ)
ਸੁਅਸਤਿ, ਆਥਿ, ਬਾਣੀ, ਬਰਮਾਉ॥ ਸਤਿ, ਸੁਹਾਣੁ, ਸਦਾ ਮਨਿ ਚਾਉ॥ ਉਚਾਰਨ : ਬਰ੍ਹਮਾਉ।
ਪਦ ਅਰਥ : ਸੁਅਸਤਿ- ਕਲਿਆਣ ਸਰੂਪ, ਹਿਤੈਸ਼ੀ, ਸੁਤੰਤਰਤਾ ਦੇਣ ਵਾਲ਼ਾ। ਆਥਿ-ਮਾਇਆ। ਬਾਣੀ- ਬਣਾਵਟ, ਰਚਨਾ। ਬਰਮਾਉ- ਬ੍ਰਹਮਾ। ਸਤਿ- ਸਦੀਵੀ ਸਥਿਰ। ਸੁਹਾਣੁ- ਸੁੰਦਰ, ਮਨਮੋਹਣਾ। ਮਨਿ- ਮਨ ਵਿੱਚ। ਚਾਉ- ਖੇੜਾ, ਪ੍ਰਸੰਨ ਚਿੱਤ।
ਅਰਥ : (ਹੇ ਕਰਤਾਰ ! ) ਤੂੰ ਹੀ ਬ੍ਰਹਮਾ ਹੈਂ, ਸਾਰੀ ਜਗਤ-ਰਚਨਾ ਹੈਂ, ਮਾਇਆ ਹੈਂ (ਤੇ ਇਸ ਤੋਂ) ਮੁਕਤੀ ਦੇਣ ਵਾਲ਼ਾ ਹਿਤੈਸ਼ੀ ਹੈਂ (ਕਿਉਂਕਿ) ਤੂੰ ਸਦੀਵੀ ਸਥਿਰ ਹੈਂ, ਗੁਣਾਂ ਭਰਪੂਰ ਹੈਂ ਤੇ ਸਦਾ ਅਨੰਦ-ਚਿਤ ਰਹਿੰਦਾ ਹੈਂ ਯਾਨੀ ਤੂੰ ਜੀਵਾਂ ਵਾਙ ਪੈਦਾ ਹੋ ਕੇ ਮਾਇਆ ’ਚ ਗ੍ਰਸਤ ਨਹੀਂ ਹੁੰਦਾ, ਦੁਖੀ ਨਹੀਂ ਰਹਿੰਦਾ; ਜੈਸਾ ਕਿ ਪਿਛੇ ਬਚਨ ਆਏ ਹਨ, ‘‘ਨਾਨਕ ! ਵਿਗਸੈ ਵੇਪਰਵਾਹੁ..॥੩॥, ਵੇਖੈ ਵਿਗਸੈ ਕਰਿ ਵੀਚਾਰੁ .. ॥੩੭॥ (ਜਪੁ), ਤੇਰੈ+ਘਰਿ (’ਚ) ਆਨੰਦੁ; ਵਧਾਈ ਤੁਧੁ ਘਰਿ (’ਚ)॥’’ (ਮਹਲਾ ੫/੯੬੫)
ਕਵਣ ਸੁ ਵੇਲਾ ? ਵਖਤੁ ਕਵਣੁ ? ਕਵਣ ਥਿਤਿ ? ਕਵਣੁ ਵਾਰੁ ?॥
ਪਦ ਅਰਥ : ਕਵਣ- ਕਿਹੜਾ (ਇਸਤ੍ਰੀ ਲਿੰਗ ਪੜਨਾਂਵੀ ਵਿਸ਼ੇਸ਼ਣ)। ਸੁ- ਉਹ। ਵੇਲਾ- ਵਕਤ, ਸਮਾਂ (ਇਸਤ੍ਰੀ ਲਿੰਗ ਨਾਂਵ)। ਥਿਤਿ- (ਚੰਦ੍ਰਮਾ ਨਾਲ਼ ਸਬੰਧਿਤ ਦੂਜ, ਤੀਜ ਆਦਿ) ਤਿਥ। ਵਾਰ- (ਸੂਰਜ ਨਾਲ਼ ਸਬੰਧਿਤ ਸੋਮਵਾਰ, ਮੰਗਲਵਾਰ ਆਦਿ) ਦਿਨ।
ਅਰਥ : (ਹੇ ਨਿਰਾਕਾਰ ਪ੍ਰਭੂ !) ਉਹ ਕਿਹੜਾ ਸਮਾਂ ਸੀ ? ਕਿਹੜਾ ਵੇਲ਼ਾ (ਵਕਤ) ਸੀ ? ਕਿਹੜੀ ਤਿਥ ਸੀ ਤੇ ਕਿਹੜਾ ਦਿਨ ਸੀ ?
ਕਵਣ ਸਿ ਰੁਤੀ ? ਮਾਹੁ ਕਵਣੁ ? ਜਿਤੁ ਹੋਆ ਆਕਾਰੁ॥ ਉਚਾਰਨ : ਮਾਹ।
ਪਦ ਅਰਥ : ਕਵਣ ਸਿ- ਕਿਹੜੀ ਉਹ (ਰੁੱਤ)। ਰੁਤੀ-(ਛੇ ਰੁੱਤਾਂ ’ਚੋਂ ਕੋਈ ਇੱਕ ਰੁੱਤ; ਜਿਵੇਂ ਕਿ ਚੇਤ+ਵੈਸਾਖ ਦੀ ਬਸੰਤ ਰੁੱਤ, ਜੇਠ+ਹਾੜ ਦੀ ਗ੍ਰੀਖਮ ਰੁੱਤ/ਗਰਮ ਰੁੱਤ, ਸੌਣ+ਭਾਦੋਂ ਦੀ ਪਾਵਸ ਰੁੱਤ/ਵਰਖਾ ਰੁੱਤ, ਅੱਸੂ+ਕੱਤਕ ਦੀ ਸਰਦ ਰੁੱਤ, ਮੱਘਰ+ਪੋਹ ਦੀ ਹਿਮ ਰੁੱਤ/ਵੱਧ ਠੰਢੀ ਰੁੱਤ ਅਤੇ ਮਾਘ+ਫੱਗਣ ’ਚ ਸ਼ਿਸ਼ਿਰ (ਖ਼ਿਜ਼ਾਂ ਯਾਨੀ ਪੱਤਝੜ) ਰੁੱਤ। ਮਾਹੁ- ਮਹੀਨਾ। ਜਿਤੁ- ਜਿਸ ਵਿੱਚ ਜਾਂ ਜਿਸ ਨਾਲ਼। ਆਕਾਰੁ-ਬ੍ਰਹਿਮੰਡ, ਕੁਦਰਤ, ਸੰਸਾਰ।
ਅਰਥ : ਉਹ ਕਿਹੜੀ ਰੁੱਤ ਤੇ ਕਿਹੜਾ ਮਹੀਨਾ ਸੀ ? ਜਿਸ (ਘਟਨਾਕ੍ਰਮ) ਵਿੱਚ ਕੁਦਰਤ ਰਚੀ ?
ਵੇਲ ਨ ਪਾਈਆ ਪੰਡਤੀਂ; ਜਿ ਹੋਵੈ ਲੇਖੁ ਪੁਰਾਣੁ॥ ਉਚਾਰਨ : ਵੇਲ਼।
ਪਦ ਅਰਥ : ਪਾਇਆ-ਲੱਭਿਆ। ਪੰਡਤੀਂ- ਪੰਡਿਤਾਂ ਨੇ। ਜਿ- ਨਹੀਂ ਤਾਂ, ਵਰਨਾ। ਲੇਖੁ ਪੁਰਾਣੁ- ਪੁਰਾਣ ਵਰਗਾ ਕੋਈ ਲੇਖ-ਪ੍ਰਸੰਗ।
ਅਰਥ : ਉਹ ਸਮਾਂ (ਹਿੰਦੂ) ਪੰਡਿਤਾਂ ਨੇ ਭੀ ਨਾ ਲੱਭਿਆ ਵਰਨਾ (ਇਸ ਘਟਨਾ ਦਾ ਭੀ) ਪੁਰਾਣ ਵਾਙ ਕੋਈ ਪ੍ਰਸੰਗ ਲਿਖਿਆ ਹੁੰਦਾ।
ਵਖਤੁ ਨ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ॥ ਉਚਾਰਨ : ਕਾਦੀਆਂ, ਲਿਖਨ੍।
ਪਦ ਅਰਥ : ਵਖਤੁ- ਵਕਤ, ਸਮਾਂ। ਪਾਇਓ- ਮਿਲਿਆ। ਕਾਦੀਆ-(ਨਿਆਂ ਦੇਣ ਵਾਲ਼ੇ ਮੁਸਲਮਾਨ) ਕਾਜ਼ੀਆਂ ਨੇ। ਲਿਖਨਿ- ਲਿਖ ਦਿੰਦੇ (ਬਹੁ ਵਚਨ ਕਿਰਿਆ)। ਲੇਖੁ ਕੁਰਾਨੁ- ਕੁਰਾਨ ਵਰਗਾ ਕੋਈ ਪ੍ਰਸੰਗ।
ਅਰਥ : ਕਾਜ਼ੀਆਂ ਨੇ ਭੀ ਉਹ ਸਮਾਂ ਨਾ ਲੱਭਿਆ ਵਰਨਾ (ਇਸ ਸਬੰਧ ’ਚ ਭੀ) ਕੁਰਾਨ ਵਾਙ ਲੇਖ ਲਿਖ ਦਿੰਦੇ।
ਥਿਤਿ ਵਾਰੁ, ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ॥ ਉਚਾਰਨ : ਮਾਹ।
ਪਦ ਅਰਥ : ਥਿਤਿ ਵਾਰੁ- (ਚੰਦ੍ਰਮਾ ਦੀ) ਤਿਥ (ਤੇ ਸੂਰਜ ਦਾ) ਦਿਨ। ਮਾਹੁ- ਮਹੀਨਾ। ਕੋਈ- ਕੋਈ ਭੀ।
ਅਰਥ : (ਜਗਤ-ਰਚਨਾ ਦੀ ਪਹਿਲੀ) ਕਿਸੇ ਤਿਥ, ਕੋਈ ਦਿਨ, ਕਿਸੇ ਰੁੱਤ, ਕਿਸੇ ਮਹੀਨੇ ਬਾਰੇ (ਕਰਾਮਾਤੀ) ਜੋਗੀ ਭੀ ਨਹੀਂ ਜਾਣਦਾ।
ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ॥
ਪਦ ਅਰਥ : ਜਾ- ਜਿਹੜਾ। ਕਰਤਾ- ਕਰਤਾਰ, ਸਿਰਜਣਹਾਰ-ਮਾਲਕ। ਸਿਰਠੀ ਕਉ-ਸ੍ਰਿਸ਼ਟੀ ਨੂੰ। ਆਪੇ- ਆਪ ਹੀ। ਸੋਈ- ਉਹੀ।
ਅਰਥ : ਜਿਹੜਾ ਕਰਤਾਰ; ਜਗਤ-ਰਚਨਾ ਨੂੰ ਪੈਦਾ ਕਰਦਾ ਹੈ, ਉਹ ਆਪ ਹੀ (ਇਸ ਦੇ ਅਰੰਭਕ ਤਿਥ, ਦਿਨ ਜਾਂ ਮਹੀਨੇ ਨੂੰ) ਜਾਣਦਾ ਹੈ।
ਨੋਟ : ਚੇਤੇ ਰਹੇ ਕਿ ‘ਕਰਤੇ ਕੈ ਕਰਣੈ’ ਦਾ ਅਰਥ ਹੈ, ‘ਕਰਤਾਰ ਦੇ ਜਗਤ-ਖਿਲਾਰੇ ’ਚ’, ਇੱਥੇ ਉਸੇ ‘ਕਰਤੇ’ ਨੂੰ ‘ਜਾ ਕਰਤਾ’ ਕਿਹਾ ਹੈ ਯਾਨੀ 16ਵੀਂ ਪਉੜੀ ‘‘ਪੰਚ ਪਰਵਾਣੁ..॥’’ ਤੋਂ ਹੀ ਨਿਰੰਤਰ ਕਰਤਾਰ ਦੇ ਗੁਣਾਂ ਨੂੰ ਉਸ ਦੁਆਰਾ ਰਚੀ ਕੁਦਰਤ ਵਿੱਚੋਂ ਵੇਖਣਾ ਜਾਰੀ ਹੈ।
ਕਿਵ ਕਰਿ ਆਖਾ ? ਕਿਵ ਸਾਲਾਹੀ ? ਕਿਉ ਵਰਨੀ ? ਕਿਵ ਜਾਣਾ ?॥
ਉਚਾਰਨ : ਆਖਾਂ, ਸਾਲਾਹੀਂ, ਕਿਉਂ।
ਪਦ ਅਰਥ : ਕਿਵ ਕਰਿ- ਕਿਸ ਤਰ੍ਹਾਂ, ਕਿਵੇਂ। ਆਖਾ- ਆਖਾਂ, ਬਿਆਨ ਕਰਾਂ। ਕਿਵ- ਕਿਵੇਂ। ਸਾਲਾਹੀ- ਸਿਫ਼ਤ-ਸਾਲਾਹ ਕਰਾਂ। ਕਿਉ- ਕਿਵੇਂ, ਕਿਸ ਤਰ੍ਹਾਂ। ਵਰਨੀ- ਵਰਣਨ ਕਰਾਂ (ਉੱਤਮ ਪੁਰਖ ਇੱਕ ਵਚਨ ਕਿਰਿਆ)।
ਅਰਥ : (ਸੋ ਜਗਤ-ਰਚਨਾ ਦੀ ਅਰੰਭਤਾ) ਮੈਂ ਕਿਵੇਂ ਬਿਆਨ ਕਰਾਂ ? (ਇਸ ਨੂੰ ਰਚਨਹਾਰ ਦੀ) ਕਿਵੇਂ ਸਿਫ਼ਤ-ਸਲਾਹ ਕਰਾਂ ? (ਉਸ ਦੇ ਪੂਰਨ ਗੁਣਾਂ ਦਾ) ਕਿਵੇਂ ਵਰਣਨ ਕਰਾਂ ? ਕਿਵੇਂ ਜਾਣਾ ?
ਨਾਨਕ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ॥ ਉਚਾਰਨ : ਦੂੰ।
ਪਦ ਅਰਥ : ਨਾਨਕ- ਹੇ ਨਾਨਕ ! ਆਖਣਿ- ਮੂੰਹ ਨਾਲ਼ ਭਾਵ ਜ਼ਬਾਨੀ-ਜ਼ਬਾਨੀ [ਚੇਤੇ ਰਹੇ ਕਿ ਇਹ ਭਾਵਾਰਥ ਕਿਰਦੰਤ, ਨਾਂਵ ਹੈ, ਇਸ ਲਈ ਨਾਂਵ ਵਾਲ਼ੇ ਹੀ ਵਿਆਕਰਨ ਨਿਯਮ ਲਾਗੂ ਹੋਏ ਹਨ। ਜੇਕਰ ‘ਣਿ’ ਦੀ ਥਾਂ ‘ਨਿ’ (ਆਖਨਿ) ਹੁੰਦਾ; ਤਾਂ ਇਹ ਬਹੁ ਵਚਨ, ਅਨ੍ਯ ਪੁਰਖ ਕਿਰਿਆ ਹੁੰਦੀ ਤੇ ਅਰਥ ਬਣਦਾ ‘ਆਖਦੇ ਹਨ’]। ਕੋ- ਕੋਈ। ਇਕ ਦੂ ਇਕੁ- ਇੱਕ ਤੋਂ ਇੱਕ, ਇੱਕ ਤੋਂ ਵਧ ਕੇ ਇੱਕ (ਸਿਆਣਾ)।
ਅਰਥ : ਹੇ ਨਾਨਕ ! (ਆਖ, ਕਿ) ਇੱਕ ਤੋਂ ਇੱਕ ਸਿਆਣਾ ਬਣਨ ਲਈ ਹਰ ਕੋਈ ਜ਼ਬਾਨੀ-ਜ਼ਬਾਨੀ (ਬ੍ਰਹਿਮੰਡ ਦੀ ਅਰੰਭਤਾ ਬਾਰੇ) ਦੱਸਦਾ ਹੈ (ਪਰ ਅਸਲ ’ਚ ‘ਕਰਤੇ ਕੈ ਕਰਣੈ’ ਨੂੰ ਪੂਰਨ ਤੌਰ ’ਤੇ ਕੋਈ ਭੀ ਨਹੀਂ ਜਾਣ ਸਕਦਾ ਕਿਉਂਕਿ)
ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ॥
ਪਦ ਅਰਥ : ਸਾਹਿਬੁ- ਮਾਲਕ, ਕਰਤਾਰ। ਨਾਈ-ਅਸਨਾਈ, ਮਹਿਮਾ। ਕੀਤਾ- ਬਣਾਇਆ। ਜਾ ਕਾ- ਜਿਸ ਦਾ, ਜਿਸ ਦੁਆਰਾ।
ਅਰਥ : ਜਿਸ (ਮਾਲਕ) ਦੁਆਰਾ ਬ੍ਰਹਿਮੰਡ ਰਚਿਆ ਗਿਆ ਹੈ, (ਉਹ) ਮਾਲਕ ਬੜਾ ਵੱਡਾ ਹੈ, (ਉਸ ਦੀ) ਮਹਿਮਾ (ਭਾਵ ਜਗਤ-ਪਸਾਰਾ) ਭੀ ਵਿਸ਼ਾਲ ਹੈ।
ਨਾਨਕ ! ਜੇ ਕੋ ਆਪੋਂ ਜਾਣੈ; ਅਗੈ ਗਇਆ, ਨ ਸੋਹੈ॥ ੨੧॥ ਉਚਾਰਨ : ਅੱਗੈ, ਗਇਆਂ।
ਪਦ ਅਰਥ : ਨਾਨਕ- ਹੇ ਨਾਨਕ ! ਜੇ-ਜੇਕਰ, ਅਗਰ। ਕੋ- ਕੋਈ। ਆਪੋਂ- ਆਪਣੇ ਆਪ ਤੋਂ, ਆਪਣੀ ਅਕਲ ਨਾਲ਼ ਭਾਵ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਰਾਹੀਂ (ਪ੍ਰਾਪਤ ਹੋਏ ਗਿਆਨ ’ਤੇ ਨਿਰਭਰ ਰਹਿ ਕੇ ਯਾਨੀ ਗੁਰੂ ਗਿਆਨ ਤੋਂ ਬਿਨਾਂ)। ਅਗੈ- (ਜ਼ਿੰਦਗੀ ’ਚ ਤੇ ਮਰਨ ਤੋਂ) ਬਾਅਦ ਭਾਵ ਲੇਖਾ-ਜੋਖਾ ਦੇਣ ਸਮੇਂ। ਨ ਸੋਹੈ- ਨਹੀਂ ਸ਼ੋਭਦਾ, ਨਹੀਂ ਸਤਿਕਾਰ ਪਾ ਸਕਦਾ (ਕਿਉਂਕਿ ਉਸ ਨੇ ਸਾਰੀ ਉਮਰ ਬ੍ਰਹਮਾ ਵਾਙ ਅਹੰਕਾਰ ’ਚ ਕੁਦਰਤ ਦਾ ਅੰਤ ਹੀ ਲੱਭਣਾ ਚਾਹਿਆ। ਕੁਦਰਤਿ ਰਾਹੀਂ ਮਾਲਕ ਦੇ ਵਿਸ਼ਾਲ ਗੁਣਾਂ ਨੂੰ ਪਹਿਚਾਨ ਕੇ ਵਾਹ ! ਵਾਹ ! ਨਾ ਕੀਤਾ)।
ਅਰਥ : ਹੇ ਨਾਨਕ ! (ਆਖ, ਕਿ) ਜੇ ਕੋਈ ਆਪਣੀ ਸਮਝ ਨਾਲ਼ (ਕਰਤਾਰ ਨੂੰ) ਜਾਣਨਾ ਚਾਹੁੰਦਾ ਹੈ (ਤਾਂ ਨਹੀਂ ਜਾਣ ਸਕਦਾ ਅਤੇ) ਅਗਾਂਹ (ਦਰਗਾਹ ’ਚ) ਪਹੁੰਚ ਕੇ ਨਹੀਂ ਸ਼ੋਭਦਾ ਭਾਵ ਇੱਥੇ ਅਹੰਕਾਰ ਕਾਰਨ ਦੁਖੀ ਰਹਿੰਦਾ ਹੈ ਤੇ ਅਗਾਂਹ ਆਵਾਗਮਣ ’ਚ ਪੈਂਦਾ ਹੈ। ਆਪਣੀ ਮੈਲ਼ੀ ਮੱਤ ਨੂੰ ਧੋਣ ਲਈ ਕੁੱਝ ਨਾ ਕੀਤਾ।
ਵਿਚਾਰ : ਇਸ 21ਵੀਂ ਪਉੜੀ ’ਚ ਦੋ ਵਾਰ ‘ਨਾਨਕ’ ਹੈ; ਜੈਸਾ ਕਿ ‘‘ਨਾਨਕ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ॥, ਨਾਨਕ ! ਜੇ ਕੋ ਆਪੋਂ ਜਾਣੈ; ਅਗੈ ਗਇਆ, ਨ ਸੋਹੈ॥ ੨੧॥’’, ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਆਪਣੀ ਬਾਣੀ ’ਚ ਜਿੱਥੇ ਭੀ ਕਰਤਾਰ ਅਤੇ ਉਸ ਦੁਆਰਾ ਰਚੀ ਕੁਦਰਤ ਦੀ ਵਿਸ਼ਾਲਤਾ ਦਾ ਵਰਣਨ ਕਰਦੇ ਹਨ; ਓਥੇ ਆਪਣੇ ਆਪ ਨੂੰ ਨਿਮਾਣਾ ਸਿੱਧ ਕਰਨ ਲਈ ‘ਨਾਨਕ’ ਸ਼ਬਦ ਦਰਜ ਕਰਨਾ ਨਹੀਂ ਭੁਲਦੇ ਤਾਂ ਕਿ ਮਤਾਂ ਨਾਨਕ ਭੀ ਕਰਤਾਰ ਦਾ ਅੰਤ ਪਾਉਣ ਦਾ ਯਤਨ ਕਰਦਾ, ਪ੍ਰਤੀਤ ਹੋਵੇ। ਇਸ ਲਈ ਇੱਕ ਵਾਰ ਵਧੀਕ ‘ਨਾਨਕ’; ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅਗਾਂਹ 27ਵੀਂ ਪਉੜੀ ’ਚ ਭੀ ‘ਨਾਨਕ’ ਦੋ ਵਾਰ ਹੈ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਉਚਾਰਨ : ਪਾਤਾਲਾਂ, ਲੱਖ, ਆਗਾਸਾਂ।
ਪਦ ਅਰਥ : ਪਾਤਾਲਾ ਪਾਤਾਲ ਲਖ- ਪਤਾਲਾਂ ਹੇਠਾਂ ਲੱਖ ਹੋਰ ਪਤਾਲ ਲੋਕ (ਨੋਟ : ਪੁਰਾਣਾ ਅਨੁਸਾਰ ਇਸ ਧਰਤੀ ’ਤੇ 7 ਲੋਕ/ਭਵਨ ਹਨ, ਜਿਨ੍ਹਾਂ ’ਚੋਂ ਸਭ ਤੋਂ ਹੇਠਲਾ ‘ਪਾਤਾਲ ਲੋਕ’ ਹੈ ਤੇ ਸਭ ਤੋਂ ਉੱਪਰਲਾ ‘ਆਕਾਸ਼ ਲੋਕ’)। ਆਗਾਸਾ ਆਗਾਸ ਲਖ-ਅਕਾਸ਼ ਤੋਂ ਉਤਾਂਹ ਲੱਖ ਹੋਰ ਅਕਾਸ਼।
ਅਰਥ : (ਪੁਰਾਣਾ ਅਨੁਸਾਰ ਇਸ) ਪਤਾਲ ਲੋਕ ਹੇਠਾਂ ਲੱਖ ਹੋਰ ਪਤਾਲ ਲੋਕ ਹਨ ਤੇ ਇਸ ਅਕਾਸ਼ ਲੋਕ ਦੇ ਉੱਪਰ ਲੱਖ ਹੋਰ ਆਕਾਸ਼ ਲੋਕ ਹਨ।
ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ॥ ਉਚਾਰਨ : ਥੱਕੇ।
ਪਦ ਅਰਥ : ਓੜਕ ਓੜਕ-(ਇਨ੍ਹਾਂ ਦਾ ਉਤਾਂਹ) ਅੰਤ (ਅਤੇ ਹੇਠਾਂ) ਅੰਤ। ਭਾਲਿ ਥਕੇ- (ਰਿਸ਼ੀ-ਮੁਨੀ) ਭਾਲਦੇ ਭਾਲਦੇ ਹਾਰ ਗਏ, ਮਰ ਗਏ। ਵੇਦ- ਚਾਰ ਵੇਦ (ਰਿਗ ਵੇਦ, ਯਜੁਰ ਵੇਦ, ਸਾਮ ਵੇਦ, ਅਥ੍ਰਵਨ ਵੇਦ)। ਕਹਨਿ- ਕਹਿੰਦੇ ਹਨ (ਬਹੁ ਵਚਨ ਕਿਰਿਆ)। ਇਕ ਵਾਤ- ਇੱਕ ਸੁਰ ਵਿੱਚ, ਇੱਕ ਜ਼ਬਾਨ ਹੋ ਕੇ।
ਅਰਥ : ਚਾਰੋਂ ਵੇਦ (ਗਿਆਤਾ ਪੰਡਿਤ) ਇੱਕ ਮੱਤ ਹੋ ਕੇ ਆਖਦੇ ਹਨ (ਕਿ ਰਿਸ਼ੀ ਲੋਕ ਇਨ੍ਹਾਂ ਪਤਾਲਾਂ-ਅਕਾਸ਼ਾਂ ਦਾ ਹੇਠਲਾ) ਅੰਤ (ਤੇ ਉਤਾਂਹ ਪੁਲਾੜ ਦਾ) ਅੰਤ ਲੱਭਦੇ-ਲੱਭਦੇ ਮਰ ਗਏ (ਭਾਵ ਉਮਰ ਭਰ ‘ਕਰਤੇ ਕੈ ਕਰਣੈ’ ਨੂੰ ਪੜਚੋਲਿਆ, ਨਾ ਕਿ ਆਪਣੇ ਆਪ ਨੂੰ)।
ਵਿਚਾਰ : ਪ੍ਰਾਚੀਨ ਕਥਾ ਅਨੁਸਾਰ ਬ੍ਰਹਮਾ; ਵਿਸ਼ਨੂੰ ਦੀ ਨਾਭੀ ’ਚੋਂ ਉੱਗੇ ਕੰਵਲ ਦੇ ਫੁੱਲ ਤੋਂ ਪੈਦਾ ਹੋਇਆ ਸੀ। ਵੱਡਾ ਹੋ ਕੇ ਕਮਲ ਦੀ ਜੜ੍ਹ; 36 ਯੁੱਗ (18 ਯੁੱਗ ਗਿਆ, 18 ਯੁੱਗ ਵਾਪਸ ਆਇਆ) ਲੱਭਦਾ ਰਿਹਾ, ਪਰ ਜੜ੍ਹ ਨਾ ਮਿਲੀ; ਜਿਵੇਂ ਕਿ ਵਾਕ ਹਨ, ‘‘ਹੁਕਮੇ ਜੁਗ ਛਤੀਹ ਗੁਦਾਰੇ॥ (ਮਹਲਾ ੧/੧੦੩੭), ਨਾਭਿ ਵਸਤ, ਬ੍ਰਹਮੈਂ (ਨੇ) ਅੰਤ ਨ ਜਾਣਿਆ॥ (ਮਹਲਾ ੪/੧੨੩੭), ਓੜਕ ਭਾਲਣਿ ਗਏ, ਸਿ ਫੇਰ ਨ ਆਇਆ।’’ (ਭਾਈ ਗੁਰਦਾਸ ਜੀ/ ਵਾਰ ੨੨, ਪਉੜੀ ੩) ਤਾਂ ਤੇ ਇਹ ‘‘ਓੜਕ ਓੜਕ ਭਾਲਿ ਥਕੇ..॥’’ ਵਾਕ ਭੀ ਬ੍ਰਹਮੇ ਵਰਗਿਆਂ ਵੱਲ ਸੰਕੇਤਿਕ ਹੈ।
ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂੰ ਇਕ ਧਾਤੁ॥ ਉਚਾਰਨ : ਅਠਾਰ੍ਹਾਂ, ਕਤੇਬਾਂ।
ਪਦ ਅਰਥ : ਸਹਸ- ਹਜ਼ਾਰ। ਅਠਾਰਹ- ਅਠਾਰ੍ਹਾਂ। ਕਤੇਬਾ- ਈਸਾਈ ਤੇ ਇਸਲਾਮ ਮੱਤ ਦੀਆਂ ਚਾਰ ਧਾਰਮਿਕ ਪੁਸਤਕਾਂ (ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ)। ਅਸੁਲੂੰ- ਅਸਲ (ਮੁੱਢ/ਮੂਲ) ਤੋਂ ਭਾਵ ਇੱਕ ਅੱਲ੍ਹਾ ਤੋਂ। ਇਕ ਧਾਤੁ- ਇੱਕ ਅਸਲੀਅਤ ਭਾਵ ਇੱਕ ਅੱਲ੍ਹਾ। ਅਸੁਲੂੰ ਇਕ ਧਾਤੁ- ਇੱਕੋ ਮੂਲ ਅੱਲ੍ਹ ਤੋਂ।
ਅਰਥ : ਚਾਰੋਂ ਕਤੇਬਾਂ ਕਹਿੰਦੀਆਂ ਹਨ ਕਿ (‘ਕਰਤੇ ਕੈ ਕਰਣੈ’ ਨੂੰ ਜਾਣਨਹਾਰ ਕੇਵਲ) 18 ਹਜ਼ਾਰ ਆਲਮ/ਵਿਦਵਾਨ ਹਨ, ਜਿਨ੍ਹਾਂ ਨੂੰ ਇੱਕ ਅੱਲ੍ਹ ਤੋਂ ਸੋਝੀ ਮਿਲੀ ਹੈ।
ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਹੇ ਪਾਤਿਸ਼ਾਹ ! (ਤੇਰੀ ਕੁਦਰਤ ’ਚ) ਕਿੰਨੇ ਹੀ ਹਜ਼ਾਰ ਯਾਨੀ ਅਣਗਿਣਤ ਆਲਮ ਹਨ; ਜਿਨ੍ਹਾਂ ਦਾ ਰਖਵਾਲਾ ਇਕਲੌਤਾ ਤੂੰ ਹੈਂ, ‘‘ਚੰਦਂੀ ਹਜਾਰ ਆਲਮ; ਏਕਲ ਖਾਨਾਂ ॥’’ (ਭਗਤ ਨਾਮਦੇਵ/੭੨੭)
ਵਿਚਾਰ : ਚਾਰ ਕਤੇਬਾਂ ਦੇ ਲਿਖਾਰੀ ਇਹ ਹਨ : ਹਜਰਤ ਮੂਸਾ ਜੀ ਨੂੰ ਪ੍ਰਗਟ ਹੋਈ ਯਹੂਦੀਆਂ ਦੀ ਧਾਰਮਿਕ ਪੁਸਤਕ ਹੈ ‘ਤੌਰੇਤ’। ਜਰੂਸਲਮ ਦੇ ਬਾਦਿਸ਼ਾਹ ਹਜ਼ਰਤ ਦਾਊਦ ਨੂੰ ਪ੍ਰਗਟ ਹੋਈ ਕਿਤਾਬ ਹੈ ‘ਜ਼ੱਬੂਰ’। ਈਸਾਈਆਂ ਦਾ ਧਰਮ ਗ੍ਰੰਥ ਹੈ ‘ਅੰਜੀਲ’ ਅਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਪ੍ਰਗਟ ਹੋਈ ਮੁਸਲਮਾਨਾਂ ਦੀ ਧਾਰਮਿਕ ਪੁਸਤਕ ਹੈ ‘ਕੁਰਾਨ’।
ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਵਿਚਾਰਧਾਰ ਸਾਮ੍ਹਣੇ ਰੱਖਣ ਤੋਂ ਪਹਿਲਾਂ ਜਦ ਅਨਮਤ ਗ੍ਰੰਥਾਂ ਦੀ ਮਿਸਾਲ ਦਿੱਤੀ ਹੋਵੇ ਤਾਂ ਓਥੇ ਉਸ ਵਿਚਾਰਧਾਰਾ ਨਾਲ਼ ਅਸਹਿਮਤੀ ਜਤਾਈ ਗਈ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ 30ਵੀਂ ਪਉੜੀ ’ਚ ਪਹਿਲਾਂ ਅਨਮਤ ਹੈ, ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥’’, ਬਾਅਦ ’ਚ ਆਪਣੇ ਇਸ ਮੱਤ ‘‘ਓਹੁ ਵੇਖੈ ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥’’ ਰਾਹੀਂ ਉਸ ਅਨਮਤ ਨੂੰ ਅਰਥਹੀਣ ਸਾਬਤ ਕਰ ਦਿੱਤਾ। ਗੁਰਬਾਣੀ ਲਿਖਤ ਦੀ ਇਸ ਯੁਕਤੀ ਦੀ ਪੁਸ਼ਟੀ; ਗੁਰੂ ਰਾਮਦਾਸ ਜੀ ਇਉਂ ਕਰਦੇ ਹਨ, ‘‘ਪਹਿਲਾ ਆਗਮੁ ਨਿਗਮੁ, ਨਾਨਕੁ ਆਖਿ ਸੁਣਾਏ; ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥’’ (ਮਹਲਾ ੪/੩੦੪) ‘ਆਗਮੁ ਨਿਗਮੁ’ ਦਾ ਅਰਥ ਹੈ ‘ਸ਼ਾਸਤਰ ਤੇ ਵੇਦ’। ਇਸ ਵਿਸ਼ੇ ਦੀ ਹੋਰ ਵਿਚਾਰ; 30ਵੀਂ ਪਉੜੀ ਦੇ ਅਰਥ ਸਮਝਣ ਤੋਂ ਬਾਅਦ ਕੀਤੀ ਜਾਏਗਾ।
ਜਦ ਗੁਰੂ ਸਾਹਿਬ ਆਪਣੇ ਕਿਸੇ ਸ਼ਬਦ ’ਚ ਪਹਿਲਾਂ ਆਪਣਾ ਮੱਤ ਸਪਸ਼ਟ ਕਰ ਦੇਣ ਤੇ ਬਾਅਦ ’ਚ ਅਨਮਤ ਦਾ ਹਵਾਲਾ ਹੋਵੇ ਤਾਂ ਓਥੇ ਅਨਮਤ ਨੂੰ ਰੱਦ ਨਹੀਂ ਕੀਤਾ ਹੁੰਦਾ ਬਲਕਿ ਆਪਣੇ ਵਿਚਾਰਾਂ ਦੀ ਹੋਰ ਸਪਸ਼ਟਤਾ ਲਈ ਅਨਮਤ ਗ੍ਰੰਥਾਂ ਦੀ ਮਿਸਾਲ ਦਿੱਤੀ ਗਈ ਹੁੰਦੀ ਹੈ; ਜਿਵੇਂ ਕਿ ਪਿਛੇ 21ਵੀਂ ਪਉੜੀ ‘‘ਤੀਰਥੁ, ਤਪੁ, ਦਇਆ, ਦਤੁ ਦਾਨੁ ॥’’ ’ਚ ਆਪਣਾ ਵਿਸ਼ਾ ‘‘ਕਵਣਿ ਸਿ ਰੁਤੀ ਮਾਹੁ ਕਵਣੁ; ਜਿਤੁ ਹੋਆ ਆਕਾਰੁ ॥’’ ਸਪਸ਼ਟ ਕੀਤਾ ਅਤੇ ਬਾਅਦ ’ਚ ਅਨਮਤੀ ਗ੍ਰੰਥਾਂ ‘‘ਵੇਲ ਨ ਪਾਈਆ ਪੰਡਤੀ… ॥ ਵਖਤੁ ਨ ਪਾਇਓ ਕਾਦੀਆ… ॥ ਥਿਤਿ ਵਾਰੁ ਨਾ ਜੋਗੀ ਜਾਣੈ.. ॥’’ ਰਾਹੀਂ ਆਪਣੇ ਵਿਸ਼ੇ ਨੂੰ ਹੋਰ ਸਪਸ਼ਟ ਕੀਤਾ ਹੈ।
ਇਸ 22ਵੀਂ ਪਉੜੀ ’ਚ ਪਹਿਲਾਂ ਅਨਮਤੀ ਗ੍ਰੰਥਾਂ ਦੀ ਮਿਸਾਲ ਹੈ ‘ਲੱਖ ਪਾਤਾਲ/ਅਕਾਸ਼’ ਜਾਂ ‘18 ਹਜ਼ਾਰ ਆਲਮ’, ਜਿਸ ਨਾਲ਼ ਕਰਤਾਰ ਦੀ ਕੁਦਰਤ ਦੇ ਪੈਂਦੇ ਅੰਤ ਨਾਲ਼ ਗੁਰੂ ਜੀ ਆਪਣੀ ਅਸਹਿਮਤ ਜਤਾ ਰਹੇ ਹਨ, ਜਿਸ ਦਾ ਜ਼ਿਕਰ ਹੇਠਾਂ ਕੀਤਾ ਹੈ :
ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ॥
ਪਦ ਅਰਥ : ਲੇਖਾ ਹੋਇ- ਜੇ ਲੇਖਾ ਹੋ ਸਕਦਾ ਹੋਵੇ, ਜੇ ਅੰਤ ਪੈਂਦਾ ਹੋਏ। ਤ- ਤਾਂ। ਲਿਖੀਐ- ਲਿਖੀਏ, ਲਿਖਿਆ ਜਾ ਸਕਦਾ ਹੈ। ਲੇਖੈ ਵਿਣਾਸੁ- ਲੇਖੇ ਦਾ ਨਾਸ, ਸੰਖਿਅਕ ਹਿੰਦਸਿਆਂ/ਅੰਕਾਂ ਦਾ ਮੁੱਕਣਾ (ਨਾ ਕਿ ਲੱਖ ਜਾਂ ਹਜ਼ਾਰ ਹਿੰਦਸੇ ਨਾਲ਼ ਪੂਰਾ ਆਂਕੀਦਾ ਹੈ)।
ਅਰਥ : (‘ੴ’ ਦੇ ਇਕੋ ਹੁਕਮ ਨਾਲ਼ ਪੈਦਾ ਹੋਈ ਵਿਸ਼ਾਲ ਕੁਦਰਤ ਦਾ) ਜੇ ਅੰਤ ਪੈਂਦਾ ਹੋਏ ਤਾਂ ਹੀ ਕਿਸੇ ਅੰਕ ਦਾ ਸਹਾਰਾ ਲਈਏ; ਜਿਵੇਂ ਕਿ ਅਨਮਤ ਨੇ ‘ਲੱਖ’ ਤੇ ‘ਹਜ਼ਾਰ’ ਦਾ ਲਿਆ ਹੈ (ਉਸ ਨੂੰ ‘‘ਅਸੰਖ ਕਹਹਿ’’ ਤਾਂ ਭੀ ‘‘ਸਿਰਿ ਭਾਰੁ ਹੋਇ॥’’, ਇਸ ਲਈ ਉਸ ਨੂੰ ਨਾਪਣ ਲਈ) ਅੰਕ/ਹਿੰਦਸੇ ਹੀ ਮੁੱਕ ਜਾਂਦੇ ਹਨ।
ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ॥ ੨੨॥
ਪਦ ਅਰਥ : ਆਖੀਐ- ਆਖਣਾ ਬਣਦਾ ਹੈ। ਆਪੇ- ਆਪ ਹੀ। ਆਪੁ- ਆਪਣੇ ਆਪ ਨੂੰ, ਖ਼ੁਦ ਨੂੰ।
ਅਰਥ : ਹੇ ਨਾਨਕ ! (ਕਰਤਾਰ) ਆਪ ਹੀ ਆਪਣੇ ਆਪ ਨੂੰ (ਭਾਵ ਆਪਣੇ ਕੀਤੇ ਪਸਾਰੇ/ਕੁਦਰਤ ਦੀ ਵਿਸ਼ਾਲਤਾ ਨੂੰ) ਜਾਣਦਾ ਹੈ। (ਉਸ ਨੂੰ ਕੇਵਲ) ਵੱਡਾ ਹੀ ਕਿਹਾ ਜਾ ਸਕਦਾ ਹੈ, ਕਹਿਣਾ ਫਬਦਾ ਹੈ।
ਵਿਚਾਰ : ਗੁਰਬਾਣੀ ਅਨੁਸਾਰ ਨਿਰਗੁਣ ਕਰਤਾਰ ਦਾ ਸਰਗੁਣ ਰੂਪ ਹੈ ‘ਕੁਦਰਤ’; ਜਿਵੇਂ ਕਿ ਬਚਨ ਹਨ ‘‘ਆਪੀਨ੍ਹੈ ਆਪੁ ਸਾਜਿਓ; ਆਪੀਨ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥’’ (ਮਹਲਾ ੧/੪੬੩) ਅਰਥ : (ਕਰਤਾਰ ਨੇ) ਆਪਣੇ ਆਪ ਨੂੰ ਪ੍ਰਗਟ ਕਰ, ਫਿਰ ਕੁਦਰਤ ਬਣਾਈ। ਇਸ ਦੇ ਕਣ ਕਣ ’ਚ ਸਮਾ ਕੇ ਸਭ ਚੋਜ-ਤਮਾਸ਼ੇ ਵੇਖ ਰਿਹਾ ਹੈ।
ਗੁਰਬਾਣੀ ਵਿੱਚ ‘ਆਪਿ’ ਦਾ ਅਰਥ ਹੈ ‘ਆਪ’, ‘ਆਪੇ’ ਦਾ ਅਰਥ ਹੈ ‘ਆਪ ਹੀ’ ਅਤੇ ‘ਆਪੁ’ ਦਾ ਅਰਥ ਹੈ ‘ਆਪਣੇ ਆਪ ਨੂੰ’; ਜਿਵੇਂ ਕਿ
ਜੇਵਡੁ ਆਪਿ; ਜਾਣੈ ਆਪਿ ਆਪਿ ..॥੨੪॥ (ਜਪੁ)
ਜਾ ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ..॥੨੧॥ (ਜਪੁ)
ਆਪੁ ਪਛਾਣੈ; ਬੂਝੈ ਸੋਇ ॥ (ਮਹਲਾ ੧/੨੫)
ਅਰਥ : ਜੋ ਆਪਣੇ ਆਪ ਨੂੰ ਪੜਚੋਲਦਾ ਹੈ ਉਹੀ (ਮਾਲਕ ਨੂੰ) ਜਾਣਦਾ ਹੈ।
ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ॥ ਉਚਾਰਨ : ਸਾਲਾਹ।
ਪਦ ਅਰਥ : ਸਾਲਾਹੀ- ਸਲਾਹੁਣ ਯੋਗ ਨੂੰ, ਗੁਣਾਂ ਭਰਪੂਰ (ਪ੍ਰਭੂ) ਨੂੰ। ਸਾਲਾਹਿ-ਸਲਾਹ ਸਲਾਹ ਕੇ, (ਉਸ ਦੀ) ਸਿਫ਼ਤ ਕਰ ਕਰ ਕੇ। ਏਤੀ- ਐਨੀ ਕੁ, ਇੰਨੀ ਕੁ। ਸੁਰਤਿ- (ਉਸ ਬਾਰੇ) ਅਕਲ, ਸਮਝ, ਜਾਣਕਾਰੀ (ਨੋਟ : ‘ਪਾਈਆ’ ਦਾ ਉਚਾਰਨ ‘ਪਾਈਆਂ’ ਨਹੀਂ ਕਰਨਾ)।
ਅਰਥ : ਸਲਾਹੁਣ ਯੋਗ (ਕਰਤਾਰ) ਨੂੰ ਸਲਾਹ ਸਲਾਹ ਕੇ (ਪੰਚ-ਜਨ; ਉਸ ਅੰਦਰ ਅਭੇਦ ਤਾਂ ਹੋ ਜਾਂਦੇ ਹਨ, ਪਰ ਉਸ ਬਾਰੇ) ਇੰਨੀ ਸੋਝੀ ਨਹੀਂ ਪਾ ਸਕਦੇ (ਕਿ ਉਹ ਕਿੰਨਾ ਵਿਸ਼ਾਲ ਹੈ)।
ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ॥
ਉਚਾਰਨ : ਨਦੀਆਂ, ਪਵਹਿਂ, ਜਾਣੀਅਹਿਂ।
ਪਦ ਅਰਥ : ਅਤੈ- ਅਤੇ। ਵਾਹ- ਨਾਲੇ, ਵਗਦੇ ਹੋਏ ਪਾਣੀ ਦੇ ਛੋਟੇ-ਛੋਟੇ ਜਲ ਪ੍ਰਵਾਹ, ਛੋਟੀਆਂ ਨਦੀਆਂ। ਪਵਹਿ-ਪੈ ਜਾਂਦੇ ਹਨ। ਸਮੁੰਦਿ-ਸਮੁੰਦਰ ਵਿੱਚ। ਨ ਜਾਣੀਅਹਿ- (ਸਮੁੰਦਰ ਦੀ ਗਹਿਰਾਈ) ਨਹੀਂ ਜਾਣ ਸਕਦੇ।
ਅਰਥ : (ਜਿਵੇਂ ਕਿ) ਨਦੀਆਂ ਅਤੇ ਨਾਲੇ; ਸਮੁੰਦਰ ’ਚ ਪੈ ਜਾਂਦੇ ਹਨ (ਪਰ ਸਮੁੰਦਰ ਦੀ ਵਿਸ਼ਾਲਤਾ) ਨਹੀਂ ਜਾਣ ਸਕਦੇ।
ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ॥ ਉਚਾਰਨ : ਸ਼ਾਹ।
ਪਦ ਅਰਥ : ਸਮੁੰਦ-ਸਮੁੰਦਰ (ਵਾਙ ਵਿਸ਼ਾਲ)। ਸਾਹ ਸੁਲਤਾਨ-ਪਾਤਿਸ਼ਾਹ ਹੁਕਮਰਾਨ। ਗਿਰਹਾ ਸੇਤੀ- ਘਰ ਅੰਦਰ, ਖ਼ਜ਼ਾਨੇ ’ਚ ਭਾਵ ਪੱਲੇ। ਮਾਲੁ ਧਨੁ- ਧੰਨ ਪਦਾਰਥ।
ਅਰਥ : ਸਮੁੰਦਰ ਵਾਙ ਵਿਸ਼ਾਲ (ਰਾਜ ਸਥਾਪਿਤ ਕਰਨ ਵਾਲ਼ੇ) ਪਾਤਿਸ਼ਾਹ-ਸੁਲਤਾਨ (ਜਿਨ੍ਹਾਂ ਦੇ) ਪੱਲੇ (ਬੇਅੰਤ) ਧੰਨ ਪਦਾਰਥ ਹੈ।
ਕੀੜੀ ਤੁਲਿ ਨ ਹੋਵਨੀ; ਜੇ, ਤਿਸੁ ਮਨਹੁ ਨ ਵੀਸਰਹਿ॥ ੨੩॥
ਉਚਾਰਨ : ਹੋਵਨ੍ਹੀ, ਮਨਹੁਂ, ਵੀਸਰਹਿਂ (ਥੋੜ੍ਹਾ ਵੀਸਰ੍ਹੈਂ ਵਾਙ)।
ਪਦ ਅਰਥ : ਕੀੜੀ ਤੁਲਿ- ਕੀੜੀ ਸਮਾਨ। ਨ ਹੋਵਨੀ-ਨਹੀਂ ਹੁੰਦੇ। ਜੇ-ਅਗਰ। ਤਿਸੁ-ਉਸ (ਕੀੜੀ) ਦੇ। ਵੀਸਰਹਿ- (ਹੇ ਪ੍ਰਭੂ !) ਤੂੰ ਨਾ ਭੁੱਲੇਂ।
ਅਰਥ : (ਹੇ ਕਰਤੇ ! ਤੇਰੀ ਪ੍ਰਭੁਤਾ ਅੱਗੇ ਸਮੁੰਦਰਾਂ ਵਰਗੇ ਵਿਸ਼ਾਲ ਸਮਰਾਟ ਭੀ) ਕੀੜੀ ਸਮਾਨ ਨਹੀਂ ਹੁੰਦੇ, ਜੇ ਉਸ (ਕੀੜੀ) ਦੇ ਮਨ ਤੋਂ ਤੂੰ ਨਾ ਭੁੱਲੇਂ, ਤੇਰੀ ਯਾਦ ਨਾ ਭੁੱਲੇ।
ਵਿਚਾਰ : ਸਦੀਆਂ ਤੋਂ ਭੋਲ਼ੀ ਭਾਲ਼ੀ ਜਨਤਾ; ਆਕਾਰ ਰੂਪ ’ਚ ‘ਦੇਵੀ-ਦੇਵਤੇ, ਪੱਥਰ (ਮੂਰਤੀ, ਕਬਰਾਂ), ਦਰਖ਼ਤ, ਪਸ਼ੂ, ਪੰਛੀ, ਕੁਦਰਤੀ ਆਫ਼ਤਾਂ ਆਦਿ ਤੋਂ ਡਰ ਕੇ ਜਾਂ ਪ੍ਰਭਾਵਤ ਹੋ ਕੇ ਇਨ੍ਹਾਂ ਨੂੰ ਸਰਬ ਸ਼ਕਤੀਮਾਨ ਸਮਝ ਕੇ ਪੂਜਦੀ ਰਹੀ ਹੈ ਯਾਨੀ ਬੰਦਾ; ਅਕਾਰ ਤੋਂ, ਬੰਦੇ ਤੋਂ ਪ੍ਰਭਾਵਤ ਹੁੰਦਾ ਆਇਆ ਹੈ। ਅੱਜ ਭੀ ਬ੍ਰਾਹਮਣਾਂ, ਰਾਜਿਆਂ, ਕਲਾਕਾਰਾਂ, ਖਿਡਾਰੀਆਂ ਆਦਿ ਦੇ ਮੰਦਿਰ ਬਣ ਚੁੱਕੇ ਹਨ। ਗੁਰੂ ਜੀ; ਮਨੁੱਖ ਦੀ ਇਸ ਕਮਜ਼ੋਰੀ ਤੋਂ ਜਾਣੂ ਸਨ। ਆਪ ਨੇ ਸਦੀਵੀ ਸਥਿਰ ‘ੴ’ ਨਾਲ਼ ਸਬੰਧ ਸਥਾਪਿਤ ਕਰਾਉਣ ਲਈ ਭਾਵੇਂ ਸਮਾਜ ’ਚੋਂ ਮਿਸਾਲਾਂ ਦਿੱਤੀਆਂ, ਪਰ ਵਿਸ਼ਾ ਸਪਸ਼ਟ ਹੋਣ ਉਪਰੰਤ ਅੰਤ ’ਚ ਉਨ੍ਹਾਂ ਮਿਸਾਲ ਵਜੋਂ ਲਈਆਂ ਸ਼ਕਤੀਆਂ ਨੂੰ ਤੁੱਛ ਸਾਬਤ ਭੀ ਕਰਦੇ ਰਹੇ; ਜਿਵੇਂ ਕਿ
(1). ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ..॥’’ ਸ਼ਬਦ ’ਚ ਸਮਝਾਇਆ ਕਿ ਪਾਣੀ ਤੋਂ ਹੀ ਅੰਨ, ਕਮਾਦ, ਕਪਾਹ, ਤਿੰਨੇ ਲੋਕਾਂ ਦੇ ਜੀਵ-ਜੰਤ, ਗੰਨਾ, ਮਾਸ’ ਆਦਿ ਉਪਜਦੇ ਹਨ, ਇਸ ਲਈ ਇਨ੍ਹਾਂ ਦੇ ਖਾਣ ਪਾਣ ’ਚ ਵਹਿਮ ਭਰਮ ਨਾ ਕਰਨਾ। ਇਸ ਸ਼ਬਦ ’ਚ ਪਾਣੀ ਤੋਂ ਹਰ ਵਸਤੂ, ਜੰਵ-ਜੰਤ ਉਪਜਦੇ ਦੱਸਿਆ; ਮਤਾਂ ਕੋਈ ਪਾਣੀ ਨੂੰ ਸਰਬ ਸ਼ਕਤੀਮਾਨ ਸਮਝ ਬੈਠੇ, ਇਸ ਲਈ ਸ਼ਬਦ ਦੇ ਅੰਤ ’ਚ ਪਾਣੀ ਅੰਦਰ ਭੀ ਕਈ ਵਿਕਾਰ ਹਨ, ਕਿਹਾ ਹੈ, ‘‘ਪਾਂਡੇ ! ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ॥ ਤੋਇਅਹੁ (ਪਾਣੀ ਤੋਂ) ਅੰਨੁ ਕਮਾਦੁ ਕਪਾਹਾਂ; ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ (ਪਾਣੀ) ਆਖੈ ਹਉ ਬਹੁ ਬਿਧਿ ਹਛਾ (ਚੰਗਾ); ਤੋਐ (’ਚ) ਬਹੁਤੁ ਬਿਕਾਰਾ ॥’’ (ਮਹਲਾ ੧/੧੨੯੦)
(2). ਗੁਰੂ ਨਾਨਕ ਸਾਹਿਬ ਨੇ ਆਪਣੀ ਇਸ 23ਵੀਂ ਪਉੜੀ ’ਚ ਭੀ ਨਦੀਆਂ, ਨਾਲਿਆਂ ਦੇ ਮੁਕਾਬਲੇ ਸਮੁੰਦਰ ਦੀ ਵਿਸ਼ਾਲਤਾ ਦਰਸਾਈ ਹੈ ਤਾਹੀਓਂ ਪਉੜੀ ਦੇ ਅੰਤ ’ਚ ਕਿਹਾ ਕਿ ਸਮੁੰਦਰ ਵਰਗੇ ਵੱਡੇ ਹੁਕਮਰਾਨ ਭੀ ਕੀੜੀ ਬਰਾਬਰ ਨਹੀਂ ਬਸ਼ਰਤ ਕਿ ਕੀੜੀ ਅੰਦਰੋਂ ਕਰਤਾਰ ਦੀ ਯਾਦ ਨਾ ਭੁੱਲੇ।
ਅੰਤੁ ਨ ਸਿਫਤੀ, ਕਹਣਿ ਨ ਅੰਤੁ॥ ਅੰਤੁ ਨ ਕਰਣੈ, ਦੇਣਿ ਨ ਅੰਤੁ॥ ਉਚਾਰਨ : ਸਿਫ਼ਤੀਂ।
ਪਦ ਅਰਥ : ਅੰਤ ਨ- (ਚਾਰੋਂ ਦਿਸਾਵਾਂ ਦੀ) ਕੋਈ ਸੀਮਾ ਨਹੀਂ। ਸਿਫਤਿ- ਸਿਫ਼ਤਾਂ ਦਾ, ਗੁਣਾਂ ਦਾ। ਕਹਣਿ-(ਮੂੰਹੋਂ) ਬੋਲਣ ਵਿੱਚ, ਜ਼ਬਾਨ ਨਾਲ਼। ਨ ਕਰਣੈ- ਨਾ ਕੁਦਰਤ ਦਾ (ਅੰਤ) ਭਾਵ ‘ਕਰਤੇ ਕੈ ਕਰਣੈ’ ਦੀ ਕੋਈ ਸੀਮਾ ਨਹੀਂ। ਦੇਣਿ- (ਸਭ ਨੂੰ ਦਾਤਾਂ) ਦੇਣ ਵਿੱਚ।
ਅਰਥ : (ਕਰਤਾਰ ਦੇ ਵਿਸ਼ਾਲ) ਗੁਣਾਂ ਦਾ ਕੋਈ ਅੰਤ ਨਹੀਂ। ਮੂੰਹ ਨਾਲ਼ (ਬੋਲ ਕੇ ਭੀ) ਅੰਤ ਨਹੀਂ ਪੈਂਦਾ। ਜਗਤ ਪਸਾਰੇ ਦੀ ਕੋਈ ਸੀਮਾ ਨਹੀਂ। (ਜੀਵਾਂ ਨੂੰ ਦਾਤਾਂ) ਵੰਡਣ ’ਚ ਭੀ ਕੋਈ ਅੰਤ ਨਹੀਂ।
ਨੋਟ : ਗੁਰਬਾਣੀ ਦੇ ਸਹੀ ਸ਼ਾਬਦਿਕ ਅਰਥ ਸਮਝਣ ਲਈ ਇਸ ਪਉੜੀ ’ਚ ‘ਕਹਣਿ, ਵੇਖਣਿ, ਦੇਣਿ’ ਯਾਨੀ ‘ਣਿ’ ਅੰਤ ਸ਼ਬਦਾਂ ਦੇ ਵਿਆਕਰਣਿਕ ਨਿਯਮ ਸਮਝਣੇ ਜ਼ਰੂਰੀ ਹਨ, ਜੋ ਕਿ ਭਾਵਾਰਥ-ਨਾਂਵ ਕਿਰਦੰਤ ਹਨ। ‘ਕਿਰਦੰਤ’ ਅਤੇ ‘ਕਿਰਿਆ’; ਦੋਵਾਂ ’ਚ ‘ਧਾਤੁ’ ਹੁੰਦੇ ਹਨ। ਧਾਤੁ; ਸ਼ਬਦ ਦਾ ਸਭ ਤੋਂ ਛੋਟਾ ਰੂਪ ਹੁੰਦਾ ਹੈ; ਜਿਵੇਂ ਕਿ ‘ਨਾਨਕ’ ਤੇ ‘ਗੋਬਿੰਦ’ ਨਾਂਵ ਹਨ। ਇਨ੍ਹਾਂ ਦੇ ਅੰਤ ’ਚੋਂ ਇੱਕ-ਇੱਕ ਅੱਖਰ (ਕ, ਦ) ਹਟਾ ਦੇਈਏ ਤਾਂ ‘ਨਾਨ’ ਤੇ ‘ਗੋਬਿੰ’ ਰਹਿ ਗਿਆ, ਜੋ ਕੋਈ ਅਰਥ ਨਹੀਂ ਦਿੰਦਾ, ਪਰ ‘ਖਾਇਆ, ਕਮਾਇਆ, ਬੋਇਆ’ ਦੇ ਅੰਤ ’ਚੋਂ ‘ਆ’ ਹਟਾ ਦੇਈਏ ਤਾਂ ਭੀ ‘ਖਾਇ, ਕਮਾਇ, ਬੋਇ’ ਅਰਥ ਮਿਲਦੇ ਹਨ। ਜੇ ‘ਇ’ ਭੀ ਹਟਾ ਦੇਈਏ ਤਾਂ ‘ਖਾ, ਕਮਾ, ਬੋ’ ਭੀ ਅਰਥ ਮਿਲਦੇ ਹਨ। ਇਨ੍ਹਾਂ ਨੂੰ ਹੀ ਸ਼ਬਦ ਦੇ ਸਭ ਤੋਂ ਛੋਟੇ ਰੂਪ ਹੋਣ ਕਾਰਨ ‘ਧਾਤੁ’ ਕਿਹਾ ਜਾਂਦਾ ਹੈ। ਇਨ੍ਹਾਂ ‘ਧਾਤੁ’ ਤੋਂ ਬਣੇ ਸ਼ਬਦ ਨਾਲ਼ ਜਦ ਕਾਲ (ਭੂਤਕਾਲ, ਵਰਤਮਾਨ, ਭਵਿੱਖ ਕਾਲ) ਸਪਸ਼ਟ ਹੋਵੇ ਤਾਂ ਉਹ ਸ਼ਬਦ; ‘ਕਿਰਿਆ’ ਹੁੰਦੇ ਹਨ; ਜਿਵੇਂ ‘ਖਾ’ ਤੋਂ ਖਾਂਧਾ (ਭੂਤਕਾਲ), ਖਾਂਦਾ (ਵਰਤਮਾਨ) ਤੇ ਖਾਏਗਾ (ਭਵਿਖਕਾਲ) ਸੰਕੇਤ ਮਿਲੇ, ਇਸ ਲਈ ਤਿੰਨੇ ‘ਕਿਰਿਆਵਾਂ’ ਹਨ, ਪਰ ‘ਮੰਨ’ (ਧਾਤੁ) ਤੋਂ ‘ਮੰਨੈ’ ਜਾਂ ‘ਸੁਣ’ ਤੋਂ ‘ਸੁਣਿਐ’ ਬਣਨ ਨਾਲ਼ ਕੋਈ ਕਾਲ ਪ੍ਰਗਟ ਨਹੀਂ ਹੁੰਦਾ, ਇਸ ਲਈ ਇਹ ਦੋਵੇਂ ਸ਼ਬਦ; ਕਿਰਦੰਤ ਹਨ। ਇਨ੍ਹਾਂ ’ਤੇ ‘ਨਾਂਵ’ ਵਾਲ਼ੇ ਨਿਯਮ ਹੀ ਲਾਗੂ ਹੁੰਦੇ ਹਨ; ਜਿਵੇਂ ‘ਨਾਨਕਿ’ ਦੀ ਸਿਹਾਰੀ ‘ਨੇ, ਨਾਲ਼, ਵਿੱਚ, ਤੋਂ’ ਅਰਥ ਦਿੰਦੀ ਹੈ; ਵੈਸੇ ਹੀ ਕਿਰਦੰਤ ‘ਕਹਣਿ, ਦੇਣਿ, ਵੇਖਣਿ’ ਦੀ ਸਿਹਾਰੀ ‘ਨੇ, ਨਾਲ਼, ਵਿੱਚ, ਤੋਂ’ ਅਰਥ ਦੇਵੇਗੀ। ਧਿਆਨ ਰਹੇ ਕਿ ਅੰਤ ‘ਨਿ’ ਵਾਲ਼ੇ ਸ਼ਬਦ (ਜਿਵੇਂ ਕਹਨਿ, ਪਾਵਨਿ, ਜਾਵਨਿ) ਬਹੁ ਵਚਨ ਕਿਰਿਆਵਾਂ ਹੁੰਦੇ ਹਨ ਤੇ ਅੰਤ ‘ਣਿ’ ਵਾਲ਼ੇ ਸ਼ਬਦ (ਜਿਵੇਂ ਕਹਣਿ, ਦੇਣਿ, ਵੇਖਣਿ, ਪਾਵਣਿ, ਜਾਵਣਿ) ਕਿਰਦੰਤ ਹੁੰਦੇ ਹਨ।
‘‘ਸਹਸ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥’’ ਵਾਕ ’ਚ ਭੀ ‘ਧਾਤੁ’ ਦਾ ਅਰਥ ‘ਮੂਲ, ਮੁੱਢ’ ਹੈ ਭਾਵ ਕਿਸੇ ਸ਼ਬਦ ਦਾ, ਸੰਸਾਰ ਦਾ ਮੂਲ, 18 ਹਜ਼ਾਰ ਆਲਮਾਂ ਦਾ ‘ਆਧਾਰ, ਮੂਲ, ਮੁੱਢ’ ਯਾਨੀ ਕਿ ‘ਅਸਲੀਅਤ, ਅੱਲ੍ਹਾ’। ਇੱਥੇ ਅੰਤ ‘ਨਿ’ ਵਾਲ਼ੀ ਬਹੁ ਵਚਨ ਕਿਰਿਆ ‘ਕਹਨਿ’ ਹੈ, ਜਿਸ ਦਾ ਅਰਥ ਹੈ ‘ਕਹਿੰਦੇ ਹਨ’।
ਅੰਤੁ ਨ ਵੇਖਣਿ, ਸੁਣਣਿ ਨ ਅੰਤੁ॥ ਅੰਤੁ ਨ ਜਾਪੈ, ਕਿਆ ਮਨਿ ਮੰਤੁ ?॥
ਪਦ ਅਰਥ : ਵੇਖਣਿ-(ਅੱਖਾਂ ਰਾਹੀਂ) ਵੇਖਣ ਨਾਲ਼। ਸੁਣਣਿ- (ਕੰਨਾਂ ਰਾਹੀਂ) ਸੁਣਨ ਨਾਲ਼। ਨ ਜਾਪੈ-ਨਹੀਂ ਜਾਪਦਾ, ਨਹੀਂ ਪਤਾ ਲੱਗਦਾ। ਕਿਆ ਮਨਿ ਮੰਤੁ – ਕਿਹੜਾ ਮਨ ’ਚ ਮੰਤਰ ਹੈ, ਖ਼ਿਆਲ ਹੈ।
ਅਰਥ : (‘ਕਰਤੇ ਕੈ ਕਰਣੈ’ ਦਾ) ਵੇਖਣ ਨਾਲ਼ ਭੀ ਅੰਤ ਨਹੀਂ (ਪੈਂਦਾ)। ਸੁਣਨ ਨਾਲ਼ ਭੀ ਅੰਤ ਨਹੀਂ (ਪੈਂਦਾ; ਅਗਾਂਹ ਕੀ ਹੋਣਾ ਹੈ, ਇਸ ਬਾਰੇ ਕਰਤਾਰ ਦੇ) ਮਨ ’ਚ ਕਿਹੜਾ ਵਿਚਾਰ ਚੱਲ ਰਿਹਾ ਹੈ (ਇਸ ਬਾਰੇ ਭੀ ਕੋਈ) ਪਤਾ ਨਹੀਂ।
ਅੰਤੁ ਨ ਜਾਪੈ, ਕੀਤਾ ਆਕਾਰੁ॥ ਅੰਤੁ ਨ ਜਾਪੈ, ਪਾਰਾਵਾਰੁ॥
ਪਦ ਅਰਥ : ਕੀਤਾ- ਪੈਦਾ ਕੀਤਾ, ਸਿਰਜਿਆ। ਆਕਾਰੁ- ਕੁਦਰਤ, ਕਰਣੈ, ਸੰਸਾਰ। ਪਾਰਾਵਾਰੁ- ਉਰਲਾ-ਪਰਲਾ ਕਿਨਾਰਾ, ਨੁਕਰ।
ਅਰਥ : (ਕਰਤਾਰ ਦੁਆਰਾ) ਸਿਰਜਿਆ ਬ੍ਰਹਿਮੰਡ; ਸੀਮਾ ਤੋਂ ਰਹਿਤ ਹੈ, ਸਮਝ ਤੋਂ ਪਰੇ ਹੈ। ਇਸ ਦਾ ਉਰਲਾ-ਪਰਲਾ ਕੋਨਾ ਕੋਈ ਨਹੀਂ।
ਅੰਤ ਕਾਰਣਿ, ਕੇਤੇ ਬਿਲਲਾਹਿ॥ ਤਾ ਕੇ ਅੰਤ, ਨ ਪਾਏ ਜਾਹਿ॥ ਉਚਾਰਨ : ਬਿਲਲਾਹਿਂ, ਜਾਹਿਂ।
ਪਦ ਅਰਥ : ਅੰਤ ਕਾਰਣਿ- ਅੰਤ ਪਾਉਣ ਲਈ (ਨੋਟ: ‘ਕਾਰਣਿ’ ਕਿਰਦੰਤ ਨਹੀਂ, ਸਬੰਧਕੀ ਚਿੰਨ੍ਹ ਹੈ ਕਿਉਂਕਿ ਇਸ ਅੰਦਰ ‘ਧਾਤੁ’ ਨਹੀਂ। ‘ਕਾਰ’ ਇਸਤਰੀ ਲਿੰਗ ਨਾਂਵ ਹੈ, ਨਾ ਕਿ ‘ਧਾਤੁ’)। ਕੇਤੇ- ਕਿੰਨੇ ਹੀ। ਬਿਲਲਾਹਿ- ਬਿਲਕਦੇ ਹਨ ਭਾਵ ਅੰਤ ਪਾਉਣ ਦਾ ਯਤਨ ਕਰਦੇ ਹਨ (ਬਹੁ ਵਚਨ ਕਿਰਿਆ)। ਤਾ ਕੇ ਅੰਤ- ਉਸ (ਕਰਤਾਰ) ਦੇ ਹੱਦ-ਬੰਨੇ [ਨੋਟ : ਇੱਥੇ ‘ਅੰਤ’ ਬਹੁ ਵਚਨ ਪੁਲਿੰਗ ਨਾਂਵ ਹੈ ਜਦਕਿ ਇਸ ਪੂਰੀ ਪਉੜੀ ’ਚ ਹਰ ਵਾਰ ‘ਅੰਤੁ’ ਇੱਕ ਵਚਨ ਸੀ। ‘ਅੰਤ ਕਾਰਣਿ’ ’ਚ ਭੀ ‘ਅੰਤ’ ਇੱਕ ਵਚਨ ਹੈ, ਜਿਸ ਨੂੰ ਸਬੰਧਕੀ ਚਿੰਨ੍ਹ (ਕਾਰਣਿ) ਨੇ ਅੰਤ ਮੁਕਤ ਕਰ ਦਿੱਤਾ]। ਜਾਹਿ- ਜਾਂਦੇ ਹਨ (ਬਹੁ ਵਚਨ ਕਿਰਿਆ)।
ਅਰਥ : (ਕੁਦਰਤ ਦਾ) ਅੰਤ ਪਾਉਣ ਲਈ ਕਿੰਨੇ ਹੀ ਖਪਦੇ ਰਹੇ, ਪਰ ਇਸ ਦੇ ਹੱਦ-ਬੰਨੇ ਨਾ ਲੱਭ ਸਕੇ।
ਏਹੁ ਅੰਤੁ, ਨ ਜਾਣੈ ਕੋਇ॥ ਬਹੁਤਾ ਕਹੀਐ, ਬਹੁਤਾ ਹੋਇ॥ ਉਚਾਰਨ : ਏਹ (‘ਏਹੋ’ ਨਹੀਂ)।
ਪਦ ਅਰਥ : ਏਹੁ ਅੰਤੁ- ਇਹ (ਬ੍ਰਹਿਮੰਡ ਦਾ ਚਾਰੋਂ ਤਰਫ਼) ਹੱਦ-ਬੰਨਾ। ਕੋਇ- ਕੋਈ ਭੀ। ਬਹੁਤਾ ਕਹੀਐ- ਜੇ ਅਣਗਿਣਤ ਕਹੀਏ। ਬਹੁਤਾ ਹੋਇ- ਹੋਰ ਅਧਿਕ ਵੱਡਾ ਹੋ ਜਾਂਦਾ ਹੈ, ਪ੍ਰਤੀਤ ਹੁੰਦਾ ਹੈ।
ਅਰਥ : (ਕੁਦਰਤ ਦੇ ਹਰ ਪਾਸੇ ਵਾਲ਼ਾ) ਇਹ ਹੱਦ-ਬੰਨਾ ਕੋਈ ਨਹੀਂ ਜਾਣ ਸਕਦਾ। (‘ਕਰਤੇ ਕੈ ਕਰਣੈ’ ਨੂੰ ਜੇ) ਵੱਡਾ ਕਹੀਏ (ਤਾਂ ਅਗਾਂਹ-ਅਗਾਂਹ ਹੋਰ ਖੋਜ ਕੀਤਿਆਂ) ਹੋਰ ਵੱਡਾ, ਹੋਰ ਵੱਡਾ ਜਾਪਦਾ ਹੈ (ਕਿਉਂਕਿ)।
ਵਡਾ ਸਾਹਿਬੁ; ਊਚਾ ਥਾਉ॥ ਊਚੇ ਉਪਰਿ; ਊਚਾ ਨਾਉ॥ ਉਚਾਰਨ : ਥਾਉਂ, ਨਾਉਂ।
ਪਦ ਅਰਥ : ਸਾਹਿਬੁ- ਮਾਲਕ। ਊਚਾ- (ਮਾਇਆ ਦੇ ਪ੍ਰਭਾਵ ਤੋਂ) ਉਤਾਂਹ ਭਾਵ ਨਿਰਮਲ। ਥਾਉ- ਟਿਕਾਣਾ, ਨਿਵਾਸ ਸਥਾਨ (ਸੋ ਦਰੁ)। ਊਚੇ ਉਪਰਿ- ਨਿਰਮਲ (ਨਿਵਾਸ ਸਥਾਨ ਤੋਂ ਭੀ) ਉਤਾਂਹ। ਨਾਉ- ਨਾਮਣਾ, ਪ੍ਰਸਿੱਧੀ (ਯਾਨੀ ਮਾਇਆ ਗ੍ਰਸਤ ਮਨੁੱਖਾਂ ਦੀ ਸੁਰਤਿ ਨੂੰ ਭੀ ਉੱਚਾ ਲੈ ਜਾਣ ਵਾਲ਼ੀ) ਮਾਲਕ ਦੀ ਸਿਫ਼ਤ ਸਲਾਹ, ਉਸ ਦਾ ਗੁਣ, ਨਾਮਣਾ (ਪ੍ਰਸਿੱਧੀ/ਵਡਿਆਈ)।
ਅਰਥ : (‘ਕਰਤੇ ਕੈ ਕਰਣੈ’ ਦਾ) ਮਾਲਕ ਬਹੁਤ ਵੱਡਾ ਹੈ, ਉਸ ਦਾ ਨਿਵਾਸ ਸਥਾਨ (ਮਾਇਆ ਦੇ ਪ੍ਰਭਾਵ ਤੋਂ) ਉੱਪਰ ਹੈ। ਉੱਚੇ (ਨਿਵਾਸ ਸਥਾਨ) ਤੋਂ ਭੀ ਉਤਾਂਹ (ਭਾਵ ਨਿਰਮਲ; ਉਸ ਦਾ) ਨਾਮਣਾ ਹੈ।
ਵਿਚਾਰ : ਗੁਰਬਾਣੀ ਅਨੁਸਾਰ ‘ੴ’; ਜ਼ਰਰੇ-ਜ਼ਰਰੇ ’ਚ ਵਿਆਪਕ ਹੈ। ਜੀਵਾਂ ਅੰਦਰ ਉਸ ਦਾ ਨਿਵਾਸ; ‘ਆਤਮਾ, ਰੂਹ, ਜਿੰਦੁ/ਜੀਉ, ਜੋਤਿ’ ਰੂਪ ’ਚ ਹੈ; ਜਿਵੇਂ ਕਿ ਬਚਨ ਹਨ, ‘‘ਨਿਰਮਲ ਜੋਤਿ; ਸਭ ਮਾਹਿ ਸਮਾਣੀ ॥ (ਮਹਲਾ ੩/੧੨੧), ਧਨ (ਜੀਵਾਤਮਾ) ਪਿਰ (ਪਤੀ) ਕਾ ਇਕ ਹੀ ਸੰਗਿ ਵਾਸਾ…॥ (ਮਹਲਾ ੪/੧੨੬੩), ਕਹੁ ਕਬੀਰ ! ਇਹੁ (ਰੂਹ), ਰਾਮ ਕੀ ਅੰਸੁ ॥’’ (ਭਗਤ ਕਬੀਰ ਜੀ/੮੭੧)
ਹਰ ਸਰੀਰ ਅੰਦਰ ਮਲ਼ੀਨ ਅੰਤਹਿਕਰਣ ਭੀ ਹੈ, ਜਿਸ ਨੂੰ ‘ਕੂੜੈ ਪਾਲਿ’ ਭੀ ਕਿਹਾ ਹੈ; ਜਿਵੇਂ ਕਿ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ…॥’’ (ਮਹਲਾ ੩/੬੫੧) ਹੁਣ ਜਦ ਰੱਬ ਦਾ ਨਿਵਾਸ ਸਾਰਿਆਂ ’ਚ ਹੈ ਤਾਂ ਹਰ ਕੋਈ; ਰੱਬ ਵਾਙ ਮਾਇਆ ਤੋਂ ਨਿਰਮਲ ਕਿਉਂ ਨਹੀਂ ਹੁੰਦਾ ? ਜਵਾਬ ਹੈ ਕਿ ‘ੴ’ ਦਾ ਨਿਵਾਸ ਸਥਾਨ ਭਾਵੇਂ ਹਰ ਸਰੀਰ ’ਚ ਹੈ, ਪਰ ਇਹ; ਮੈਲ਼ੇ ਜੀਵਨ ਨੂੰ ਨਿਰਮਲ ਨਹੀਂ ਕਰਦਾ ਵਰਨਾ ਨਾਸਤਿਕ ਭੀ ਨਿਰਮਲ ਹੁੰਦਾ। ਮਾਇਆ ਗ੍ਰਸਤ ਜੀਵਨ ਨੂੰ ‘ੴ’ ਦਾ ‘ਨਾਮਣਾ’, ਉਸ ਦੀ ‘ਮਹਿਮਾ’ ਹੀ ਨਿਰਮਲ ਕਰਦੀ ਹੈ। ਸੋ ਕਹਿਣਾ ਬਣੇਗਾ ਕਿ ਮਨੁੱਖ ਦੀ ਸੁਰਤਿ ਨੂੰ ਮਾਇਆ ਤੋਂ ਉਤਾਂਹ ਲੈ ਜਾਣ ਵਾਲ਼ੀ ਸ਼ਕਤੀ; ‘ੴ’ ਦੀ ਮਹਿਮਾ ਹੈ, ਨਾ ਕਿ ਉਸ ਦਾ ਨਿਵਾਸ ਸਥਾਨ ਭਾਵੇਂ ਕਿ ਉਸ ਦਾ ਨਿਵਾਸ ਸਥਾਨ ਭੀ ਮਾਇਆ ਤੋਂ ਨਿਰਮਲ ਹੈ, ਮਾਇਆ ’ਚ ਗ੍ਰਸਤ ਨਹੀਂ ਤਾਹੀਓਂ ਨਿਵਾਸ ਸਥਾਨ ਨੂੰ ਭੀ ‘ਊਚਾ ਥਾਉ’ ਕਿਹਾ ਹੈ।
‘ੴ’ ਦੇ ਨਿਵਾਸ ਸਥਾਨ ਨੂੰ ਤਦ ਚੇਤੇ ਕਰਾਇਆ ਜਾਂਦਾ ਹੈ ਜਦ ਸਭ ਨੂੰ ਉਸ ਦੇ ਹੁਕਮ ’ਚ ਵਿਚਰਦਾ ਦਰਸਾਉਣਾ ਹੋਵੇ; ਜਿਵੇਂ ਕਿ ‘ਜਪੁ’ ਬਾਣੀ ਦੀ 27ਵੀਂ ਪਉੜੀ ’ਚ ‘ਊਚਾ ਥਾਉ’ ਨੂੰ ‘ਸੋ ਦਰੁ’ ਕਿਹਾ ਹੈ। ਅਗਾਂਹ 27ਵੀਂ ਪਉੜੀ ’ਚ ਇਸ ਵਿਸ਼ੇ ਨੂੰ ਹੋਰ ਵਿਚਾਰਿਆ ਜਾਏਗਾ।
ਏਵਡੁ ਊਚਾ; ਹੋਵੈ ਕੋਇ॥ ਤਿਸੁ ਊਚੇ ਕਉ; ਜਾਣੈ ਸੋਇ॥
ਪਦ ਅਰਥ : ਏਵਡੁ- ਇੰਨਾ, ਐਨਾ (ਨਿਰਮਲ; ਜੈਸਾ ਕਿ ‘‘ਊਚਾ ਥਾਉ, ਊਚਾ ਨਾਉ॥’’ ਹੈ)। ਕੋਇ- ਕੋਈ। ਤਿਸੁ ਊਚੇ ਕਉ- ਉਸ ਨਿਰਮਲ ਕਰਤਾਰ ਨੂੰ। ਸੋਇ- ਓਹੀ।
ਅਰਥ : ਐਨਾ ਨਿਰਮਲ ਜੇ ਕੋਈ ਹੋਵੇ। ਓਹੀ, ਉਸ ਪੂਰਨ ਨਿਰਮਲ (ਪ੍ਰਭੂ) ਨੂੰ ਜਾਣਦਾ ਹੈ (ਪਰ ਐਸਾ ਕੋਈ ਨਹੀਂ ਤਾਂ ਤੇ ਕਹਿਣਾ ਬਣਦਾ ਹੈ ਕਿ)
ਜੇਵਡੁ ਆਪਿ, ਜਾਣੈ ਆਪਿ ਆਪਿ॥ ਨਾਨਕ ! ਨਦਰੀ ਕਰਮੀ ਦਾਤਿ॥੨੪॥
ਪਦ ਅਰਥ : ਜੇਵਡੁ- ਜਿੰਨਾ (ਵੱਡਾ, ਨਿਰਮਲ)। ਆਪਿ- (ਉਹ) ਆਪ। ਆਪਿ ਆਪਿ- ਕੇਵਲ ਆਪ ਹੀ। ਨਾਨਕ- ਹੇ ਨਾਨਕ ! ਨਦਰੀ ਕਰਮੀ- ਮਿਹਰਬਾਨ ਦੇ ਕਰਮ ਨਾਲ਼, ਦਇਆਲੂ ਦੀ ਮਿਹਰ ਨਾਲ਼। ਕਰਮਿ- ਫ਼ਜ਼ਲ ਨਾਲ਼ (ਅਰਬੀ ਭਾਸ਼ਾ), ਮਿਹਰ ਨਾਲ਼, ਪਰ ਇੱਥੇ ਕਾਵਿ ਪ੍ਰਭਾਵ ਕਾਰਨ ‘ਕਰਮਿ’ ਤੋਂ ‘ਕਰਮੀ’ ਹੋ ਗਿਆ। ਦਾਤਿ- (‘ਦੇਦਾ ਦੇ’ ਤੋਂ ਇਲਾਵਾ ਭਾਵ ਅਣਮੰਗਿਆਂ ਮਿਲਦੀਆਂ ਦਾਤਾਂ ਤੋਂ ਇਲਾਵਾ, ਰੂਹ ਨੂੰ ਪ੍ਰਫੁਲਿਤ ਕਰਨ ਵਾਲ਼ੀ) ਦਾਤ ਭਾਵ ‘ਜੀਅ ਦਾਨੁ’, ਜਿੰਦ ਨਾਲ਼ ਸਬੰਧਿਤ ਦਾਤ, ਦਿੱਬ-ਦ੍ਰਿਸ਼ਟੀ।
ਅਰਥ : ਜਿੰਨਾ (ਨਿਰਮਲ; ਮਾਲਕ) ਆਪ ਹੈ (ਉਸ ਨੂੰ) ਕੇਵਲ ਆਪ ਹੀ ਜਾਣਦਾ ਹੈ। ਹੇ ਨਾਨਕ ! (ਆਪਣੇ ਨਾਲ਼ ਪਿਆਰ ਪੈਦਾ ਕਰਨ ਵਾਲ਼ੀ ਅਲੌਕਿਕ) ਖ਼ਾਸ ਦਾਤ; ਮਿਹਰਬਾਨ ਮਾਲਕ ਦੀ ਵਿਸ਼ੇਸ਼ ਮਿਹਰ ਨਾਲ਼ ਮਿਲਦੀ ਹੈ।
http://gurparsad.com/jap-pori-no-1-to-3-part-1/
http://gurparsad.com/jap-pori-no-4-to-15-part-2/
http://gurparsad.com/jap-pori-no-25-to-33-part-4/
http://gurparsad.com/jap-pori-no-34-to-last-slok-and-method-of-use-to-nanak-shabad-part-5/