‘‘ਪੰਚ ਪਰਵਾਣ ਪੰਚ ਪਰਧਾਨੁ ॥’’ ਪਉੜੀ ਦਾ ਸਾਰ
‘ਜਪੁ’ ਬਾਣੀ ਦੀ 16 ਵੀਂ ਪਉੜੀ ’ਚ ਮੁਖ ਵਿਸ਼ਾ ਕੀ ਹੈ?, ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਪਉੜੀ ਦੀ ਆਰੰਭਤਾ ‘ਪੰਚ ਪਰਵਾਣ..॥’ ਤੋਂ ਹੋ ਕੇ ‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ॥’’ ਦੁਆਰਾ ‘‘ਧੌਲੁ ਧਰਮੁ ਦਇਆ ਕਾ ਪੂਤੁ ॥’’ ਦੀ ਵੀਚਾਰ ਕਰਦਿਆਂ ‘‘ਧਵਲੈ ਉਪਰਿ ਕੇਤਾ ਭਾਰੁ ॥’’ ਨੂੰ ਵੀਚਾਰਿਆ ਗਿਆ ਸੀ ਕਿਉਂਕਿ ਇਸ ਦਾ ਸੰਬੰਧ ‘‘‘ਧਰਤੀ ਹੋਰੁ, ਪਰੈ ਹੋਰੁ ਹੋਰੁ ॥’’ ਨਾਲ ਸੀ ਅਤੇ ਪਉੜੀ ਦੀ ਸਮਾਪਤੀ ‘‘ਕੀਤਾ ਪਸਾਉ ਏਕੋ ਕਵਾਉ ॥’’ ਨੂੰ ਰੂਪਮਾਨ ਕਰਕੇ ‘‘ਤੂ ਸਦਾ ਸਲਾਮਤਿ, ਨਿਰੰਕਾਰ! ॥’’ ਨਾਲ ਕੀਤੀ ਗਈ ਹੈ।
ਗੁਰਬਾਣੀ ਵਿੱਚ ਦਰਜ ਹਰ ‘ਸ਼ਬਦ, ਪਉੜੀ, ਅਸਟਪਦੀ, ਵਾਰ’ ਆਦਿ ਦੀ ਲਿਖਤ ਵਿੱਚ ਪ੍ਰਧਾਨ ਵਿਸ਼ਾ ਇੱਕ ਹੀ ਹੁੰਦਾ ਹੈ, ਜਿਸ ਨੂੰ ਜ਼ਿਆਦਾਤਰ ‘ਰਹਾਉ’ ਬੰਦ ਦੁਆਰਾ ਬਖਿਆਨ ਕੀਤਾ ਜਾਂਦਾ ਹੈ ਪਰ ਕੁਝ ਕੁ ਰਚਨਾਵਾਂ ਵਿੱਚ ‘ਰਹਾਉ’ ਬੰਦ ਦੀ ਅਣਹੋਂਦ ਕਾਰਨ, ਵਿਸ਼ੇ ਦੀ ਚੋਣ ਸ਼ਬਦ ਦੇ ਸਮੂਹਕ ਵਿਸਥਾਰ ਵਿੱਚੋਂ ਕਰਨੀ ਪੈਂਦੀ ਹੈ ਕਿਉਂਕਿ ਇਸ ਦੀ ਸਮਝ ਤੋਂ ਬਿਨਾ, ਅਰਥ-ਭਾਵ ਨੂੰ ਪੂਰਨ ਤੌਰ ’ਤੇ ਸਮਝਣਾ ਅਸੰਭਵ ਹੁੰਦਾ ਹੈ।
‘ਜਪੁ’ ਬਾਣੀ ਦੀ 16 ਵੀਂ ਪਉੜੀ, ਜਿਸ ‘ਪੰਚ’ ਸ਼ਬਦ ਰਾਹੀਂ ਆਰੰਭ ਹੁੰਦੀ ਹੈ, ਉਹ ਸਮੂਹ ਆਕਾਰ ਰਚਨਾ ਵਿੱਚੋਂ ‘ਸਰਬ ਸ੍ਰੇਸ਼ਟ ਰੁਤਬਾ, ਪਦ’ ਹੈ ਅਤੇ ਇਸ ਦੀ ਪ੍ਰਾਪਤੀ, ‘ਜਪੁ’ ਬਾਣੀ ਦੀਆਂ ਪਹਿਲੀਆਂ 15 ਪਉੜੀਆਂ ਦੁਆਰਾ ਹੋਣੀ, ਬਿਆਨ ਕੀਤੀ ਗਈ ਹੈ। ‘ਪੰਚ’ (ਰੁਤਬੇ) ਦਾ ਇੱਕ ਹਿੱਸਾ ਆਕਾਰ ਵਿੱਚ ਅਤੇ ਦੂਸਰਾ ਨਿਰਾਕਾਰ ਵਿੱਚ ਹੁੰਦਾ ਹੈ। ਇਸ ਆਕਾਰ ਅਤੇ ਨਿਰਾਕਾਰ ਦੇ ਦਰਮਿਆਨ ਖੜ੍ਹਾ ਰੁਤਬਾ (‘ਪੰਚ’) ‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’ (ਭਾਵ ਕਰਤਾਰ ਦੇ ਵਿਆਪਕ ਵਿਸਥਾਰ ਰਾਹੀਂ ਆਈ ਸਮਝ ਕਿ ਉਹ ਬੇਸ਼ੁਮਾਰ ਹੈ।) ਬਾਰੇ ਸਮੂਹਕ ਜਾਣਕਾਰੀ ਮਾਨਵਤਾ ਦੀ ਭਲਾਈ ਲਈ ਉਪਲਬਧ ਕਰਵਾਉਂਦਾ ਹੈ। ਜਿਸ ਲਈ ਇੱਕ ਉਦਾਹਰਣ ‘‘ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥’’ ਦੀ ਟੇਕ ਲਈ ਗਈ ਹੈ।
ਯਾਦ ਰਹੇ ਕਿ ਗੁਰਬਾਣੀ ਦੀਆਂ ਤਮਾਮ ‘ਰਹਾਉ’ ਪੰਕਤੀਆਂ ਵਿੱਚ ਉਦਾਹਰਣ ਦਰਜ ਨਹੀਂ ਕੀਤੀ ਗਈ ਹੈ ਭਾਵ ਇਸਤੇਮਾਲ ਕੀਤੀ ਜਾਂਦੀ ਉਦਾਹਰਣ ਸ਼ਬਦ ਦਾ ‘ਰਹਾਉ’ (ਸਾਰ) ਨਹੀਂ ਹੁੰਦੀ ਹੈ; ਜਿਵੇਂ ਕਿ ਭਗਤ ਰਵਿਦਾਸ ਜੀ ਦੁਆਰਾ ਉਚਾਰਨ ਕੀਤਾ ਗਿਆ ਇਹ ਸ਼ਬਦ, ਜਿਸ ਵਿੱਚ 4 ਉਦਾਹਰਣਾਂ ਦੀ ਟੇਕ ਲਈ ਗਈ ਹੈ: ‘‘ਜਬ ਹਮ ਹੋਤੇ, ਤਬ ਤੂ ਨਾਹੀ; ਅਬ ਤੂਹੀ, ਮੈ ਨਾਹੀ ॥ ਅਨਲ ਅਗਮ ਜੈਸੇ, ਲਹਰਿ ਮਇ ਓਦਧਿ; ਜਲ ਕੇਵਲ ਜਲ ਮਾਂਹੀ ॥੧॥ ਮਾਧਵੇ! ਕਿਆ ਕਹੀਐ ? ਭ੍ਰਮੁ ਐਸਾ ॥ ਜੈਸਾ ਮਾਨੀਐ, ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ; ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ; ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ, ਪ੍ਰਸੰਗ ਜੈਸੇ ਹਹਿ; ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ, ਜੈਸੇ ਭੂਲਿ ਪਰੇ; ਅਬ ਕਹਤੇ, ਕਹਨੁ ਨ ਆਇਆ ॥੩॥ ਸਰਬੇ ਏਕੁ, ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥ ਕਹਿ ਰਵਿਦਾਸ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥੪॥੧॥’’ (ਭਗਤ ਰਵਿਦਾਸ/੬੫੮)
ਇਸ ਸ਼ਬਦ ਦਾ ਵਿਸ਼ਾ, ਜੋ ‘ਰਹਾਉ’ ਬੰਦ ਵਿੱਚ ਦਰਜ ਹੈ, ਉਹ ‘ਭਰਮ, ਦੁਬਿਧਾ’ ਹੈ ਜਿਸ ਦਾ ਵਿਸਥਾਰ ਉਦਾਹਰਣਾਂ ਰਾਹੀਂ ਕੀਤਾ ਗਿਆ ਹੈ।
ਕਿਸੇ ਸਰੀਰ ਉੱਪਰ ਹਮਲਾ ਹੋਣ ’ਤੇ ਸਭ ਤੋਂ ਪਹਿਲਾਂ ਬੰਦੇ ਦੀ ਮਦਦ, ਉਸ ਦਾ ਹੱਥ ਕਰਦਾ ਹੈ, ਰਵੀਦਾਸ ਜੀ ਬਿਆਨ ਕਰ ਰਹੇ ਹਨ ਕਿ ਆਪਣੇ ਭਗਤ ਦੀ ਮਦਦ ਲਈ ਪ੍ਰਮਾਤਮਾ ਹੱਥ ਤੋਂ ਵੀ ਨਜ਼ਦੀਕ ਹੁੰਦਾ ਹੈ ਪਰ ਮਨੁੱਖ ਦਾ ਭਰਮ (ਅਵਿਸ਼ਵਾਸ) ਅਸਲ ਮਦਦਗਾਰ ਪ੍ਰਭੂ ਲਈ ਇਉਂ ਹੈ; ਜਿਵੇਂ:
(1). ਤੁਫ਼ਾਨ ਰਾਹੀਂ ਆਈਆਂ ਸਮੁੰਦਰੀ ਲਹਿਰਾਂ ਕਾਰਨ ਉੱਪਰ ਉੱਠੇ ਪਾਣੀ ਨੂੰ ਵੇਖ ਕੇ ਬੇਸ਼ੱਕ ਭਰਮੀ ਮਨੁੱਖ ਸਮਝੇ ਕਿ ਉਹ ਪਾਣੀ ਨਾਲੋਂ ਵਿਛੜ ਗਈਆਂ ਪਰ ਉਨ੍ਹਾਂ ਤਰੰਗਾਂ ’ਚ ਵੀ ਪਾਣੀ ਹੀ ਹੁੰਦਾ ਹੈ।
(2) ਰਸਤੇ ’ਚ ਪਈ ਰੱਸੀ, ਭਰਮੀ ਬੰਦੇ ਦੇ ਭਰਮ ਨੂੰ ਸੱਪ ’ਚ ਬਦਲ ਦਿੰਦੀ ਹੈ, ਪਰ ਅਸਲ ਵਿੱਚ ਤਾਂ ਉਹ ਰੱਸੀ ਹੁੰਦੀ ਹੈ।
(3). ਸੁੱਤਾ ਪਿਆ ‘ਰਾਜਾ’ ਸੁਫ਼ਨੇ (ਭਰਮ) ’ਚ ਭਿਖਾਰੀ ਬਣ ਕੇ ਦੁਖੀ ਹੋਇਆ, ਪਰ ਅਸਲ ਵਿੱਚ ਤਾਂ ਉਹ ਰਾਜਾ ਹੁੰਦਾ ਹੈ।
(4). ਸੋਨੇ ਦੇ ਕੰਗਣ ਬੇਸ਼ੱਕ ਭਰਮ ਕਾਰਨ ਭਿੰਨ-ਭਿੰਨ ਵਿਖਾਈ ਦੇਣ ਪਰ ਅਸਲ ਵਿੱਚ ਤਾਂ ਉਹ ਸੋਨਾ ਹੀ ਹੁੰਦਾ ਹੈ।
ਉਕਤ ਉਦਾਹਰਣਾਂ ਰਾਹੀਂ ਭਗਤ ਜੀ, ਰੱਬ ਦੀ ਅੰਸ਼ (ਮਨੁੱਖ) ਤੇ ਰੱਬ ਦੇ ਅਭੇਦ ਰੂਪ ਬਾਰੇ ਸਮਝਾ ਰਹੇ ਹਨ ਜਿਸ ਨੂੰ ਬੰਦਾ ਭਰਮ-ਭੁਲੇਖੇ ਕਾਰਨ ਭੁੱਲ ਚੁੱਕਾ ਹੈ।
ਸੋ, ਉਕਤ ਸ਼ਬਦ ਦਾ ਮੂਲ ਵਿਸ਼ਾ ‘ਭਰਮ’ ਹੈ, ਇਸ ਤਰ੍ਹਾਂ ਹੀ ‘ਪੰਚ ਪਰਵਾਣ’ ਪਉੜੀ ਦਾ ਮੂਲ ਵਿਸ਼ਾ ‘‘ਕਰਤੇ ਕੈ ਕਰਣੈ ਨਾਹੀ ਸੁਮਾਰੁ ॥’’ ਹੈ, ਜੋ ॥ ‘‘ਕੀਤਾ ਪਸਾਉ ਏਕੋ ਕਵਾਉ ॥’’ ਰਾਹੀਂ ਆਰੰਭ ਹੋਇਆ ਹੈ। ਇਸ ਦੀ ਪੂਰਨ ਸਮਝ ਕਿਸੇ ‘ਪੰਚ’ (ਰੁਤਬੇ) ਨੂੰ ਹੀ ਆ ਸਕਦੀ ਹੈ ਫਿਰ ਉਹ ਹਮੇਸ਼ਾਂ ‘‘ਕੁਦਰਤਿ ਕਵਣ ਕਹਾ ਵੀਚਾਰੁ ॥’’ ਵਾਲੀ ਭਾਵਨਾ ਨੂੰ ਆਧਾਰ ਬਣਾ ਕੇ ‘‘ਤੂ ਸਦਾ ਸਲਾਮਤਿ, ਨਿਰੰਕਾਰ ॥’’ ਉਚਾਰਨ ਕਰਦਾ ਰਹਿੰਦਾ ਹੈ, ਜਿਸ ਨੂੰ ਅਗਲੀਆਂ ਪਉੜੀਆਂ ਵਿੱਚ ਬਿਆਨ ਕੀਤਾ ਗਿਆ ਹੈ।