JAP (Pori No.12)

0
551

ਮੰਨੇ ਕੀ ਗਤਿ, ਕਹੀ ਨ ਜਾਇ॥ ਜੇ ਕੋ ਕਹੈ, ਪਿਛੈ ਪਛੁਤਾਇ॥ ਕਾਗਦਿ, ਕਲਮ ਨ ਲਿਖਣਹਾਰੁ॥ ਮੰਨੇ ਕਾ; ਬਹਿ, ਕਰਨਿ ਵੀਚਾਰੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ, ਮੰਨਿ ਜਾਣੈ ਮਨਿ, ਕੋਇ॥੧੨॥ (ਜਪੁ/ ਮ:੧)

ਪਦ ਅਰਥ: ਮੰਨੇ-(ਗੁਰੂ ਸਿੱਖਿਆ) ਮੰਨਣ ਵਾਲਾ (ਨਾਉ ਸ਼ਬਦ)। ਗਤਿ- ਆਤਮਕ ਅਵਸਥਾ (ਇਸਤ੍ਰੀ ਲਿੰਗ)। ਕਾਗਦਿ- ਕਾਗਜ਼ ਉੱਤੇ (ਅਪਾਦਾਨ ਕਾਰਕ)। ਲਿਖਣਹਾਰੁ- ਲਿਖਾਰੀ, ਲੇਖਕ (ਇੱਕ ਵਚਨ ਪੁਲਿੰਗ ਨਾਉ)। ਬਹਿ- ਬੈਠ ਕੇ (ਕ੍ਰਿਆ ਵਿਸ਼ੇਸ਼ਣ)। ਕਰਨਿ- ਕਰਦੇ ਹਨ (ਬਹੁ ਵਚਨ ਵਰਤਮਾਨ ਕ੍ਰਿਆ)। ਨਿਰੰਜਨੁ- ਅੰਜਨ (ਸੁਰਮਾ) ਰਹਿਤ ਭਾਵ ਮਾਇਆ ਦੇ ਪ੍ਰਭਾਵ (ਕਾਲਖ) ਤੋਂ ਰਹਿਤ, ਨਿਰਲੇਪ (ਵਿਸ਼ੇਸ਼ਣ)। ਮੰਨਿ- ਮੰਨ ਕੇ, ਸ਼ਰਧਾ ਧਾਰ ਕੇ (ਕ੍ਰਿਆ ਵਿਸ਼ੇਸ਼ਣ)। ਮਨਿ-ਮਨ ਵਿੱਚ (ਇੱਕ ਵਚਨ ਪੁਲਿੰਗ ਨਾਉ, ਅਧਿਕਰਣ ਕਾਰਕ)। ਕੋਇ- ਕੋਈ ਵਿਰਲਾ ਹੀ (ਅਨਿਸ਼ਚਿਤ ਪੜਨਾਉ, ਕਰਤਾ ਕਾਰਕ, ਇੱਕ ਵਚਨ)।

(ਨੋਟ: ਪਿਛਲੀ ਪਉੜੀ ਨੰਬਰ 11 ਦੀ ਸਮਾਪਤੀ, ਜੋ ਕਿ ਗੁਰੂ ਸਿੱਖਿਆ ਸੁਣਨ ਨਾਲ ਸਬੰਧਤ ਵਿਸ਼ਾ ਸੀ, ਦੇ ਅਖੀਰ ’ਚ ਭਾਵਨਾ (ਸਿਧਾਂਤ) ਦਰਜ ਸੀ ਕਿ ‘‘ਸੁਣਿਐ, ਹਾਥ ਹੋਵੈ ਅਸਗਾਹੁ॥’’ ਭਾਵ ਗੁਰੂ ਸਿੱਖਿਆ ਸੁਣਨ ਨਾਲ ਸਮਝ ਹੋ ਜਾਂਦੀ ਹੈ ਕਿ ਸੰਸਾਰ ਸਮੁੰਦਰ ਅਥਾਹ ਵਿਕਾਰਾਂ ਨਾਲ ਭਰਿਆ ਹੋਇਆ ਹੈ।

ਜਿਸ ਮਨੁੱਖ ਨੂੰ ਵੀ ਇਹ ਸਮਝ ਆ ਜਾਂਦੀ ਹੈ, ਫਿਰ ਉਹ ਜ਼ਰੂਰ ਕਿਸੇ ਬਦਲਾਵ ਲਈ ਕਦਮ ਪੁੱਟਦਾ ਹੈ ਜਿਸ ਦਾ ਜ਼ਿਕਰ ਇਸ 12 ਵੀਂ ਪਉੜੀ ’ਚ ਦਰਜ ਹੈ ਭਾਵ ਤਦ ਮਨੁੱਖੀ ਵੀਚਾਰ ਸੁਣਨ ਤੱਕ ਨਹੀਂ ਸਿਮਟਦੇ ਬਲਕਿ ਮੰਨਣ ਵੱਲ ਵਿਕਾਸ ਕਰਦੇ ਹਨ।)

‘‘ਮੰਨੇ ਕੀ ਗਤਿ, ਕਹੀ ਨ ਜਾਇ॥’’ ਇਸ ਪੰਕਤੀ ’ਚ ਦਰਜ ਸ਼ਬਦ ‘ਮੰਨੇ’ ਅਤੇ ‘ਮੰਨੈ’ ਦੀ ਲਿਖਤੀ ਬਣਤਰ ਦੇ ਅਰਥਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ‘ਮੰਨੈ’ ਸ਼ਬਦ ਗੁਰਬਾਣੀ ’ਚ 3 ਵਾਰ (ਇੱਕ ਵਚਨ, ਵਰਤਮਾਨ ਦੀ ਕ੍ਰਿਆ ਦੇ ਰੂਪ ’ਚ) ਦਰਜ ਹੈ ਜਿਸ ਦਾ ਅਰਥ ਬਣਦਾ ਹੈ ਕਿ ‘ਮੰਨਦਾ ਹੈ’ ਜਿਵੇਂ ਕਿ ‘‘ਪੂਰੇ ਗੁਰ ਕਾ ਹੁਕਮੁ ਨ ‘ਮੰਨੈ’, ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥ (ਮ:੪/੩੦੩), ਨਾਨਕ! ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ; ਜਿ ਸਤਿਗੁਰੂ ਨੋ ‘ਮੰਨੈ’, ਸੁ ਸਭਨਾਂ ਭਾਵੈ॥’’ (ਮ:੪/੮੫੫) ਆਦਿ, ਅਤੇ 12 ਵਾਰ ‘ਮੰਨੈ’ ਸ਼ਬਦ ‘ਜਪੁ’ ਬਾਣੀ ਦੀ ਪਉੜੀ ਨੰਬਰ 13 ਤੋਂ 15 ਤੱਕ ਕਰਣ ਕਾਰਕ ਰੂਪ ’ਚ ਦਰਜ ਹੈ ਜਿਸ ਦਾ ਅਰਥ ਬਣਦਾ ਹੈ ‘ਮੰਨਣ ਨਾਲ’ ਜਿਵੇਂ ਕਿ ‘‘ਮੰਨੈ, ਸਗਲ ਭਵਣ ਕੀ ਸੁਧਿ॥’’ (ਜਪੁ /ਮ:੧) ਆਦਿ। ਇਹੀ ‘ਕਰਣ ਕਾਰਕ’ ਸ਼ਬਦ ਬਣਤਰ, ‘ਜਪੁ’ ਬਾਣੀ ’ਚ ਹੀ ਪਹਿਲਾਂ ‘ਸੁਣਿਐ’ ਭਾਵ ‘ਸੁਣਨ ਨਾਲ’ ਰੂਪ ’ਚ ਦਰਜ, ਆ ਚੁੱਕੀ ਹੈ।

ਪਰ ‘ਮੰਨੇ’ ਸ਼ਬਦ ਦਾ ਅਰਥ ਹੈ ‘ਮੰਨਣ ਵਾਲਾ’ ਭਾਵ ਪੁਰਖ ਵਾਚਕ ਨਾਉ ਦੇ ਰੂਪ ’ਚ, ਜੋ ਕਿ 2 ਵਾਰ, ਕੇਵਲ ਇਸ ‘ਜਪੁ’ ਪਉੜੀ ਨੰਬਰ 12 ’ਚ ਹੀ ਦਰਜ ਹੈ ਪਰ ਇਹੀ ਸ਼ਬਦ ਬਣਤਰ ਗੁਰਬਾਣੀ ’ਚ 31 ਵਾਰ ਹੋਰ ਜਗ੍ਹਾ ਕ੍ਰਿਆਵਾਚੀ ਸ਼ਬਦ ਦੇ ਰੂਪ ’ਚ ਭੀ ਦਰਜ ਹੈ ਜਿਸ ਦਾ ਅਰਥ ਹੈ ‘ਮੰਨਦਾ ਹੈ’ ਜਿਵੇਂ ਕਿ ‘‘ਸਤਿਗੁਰ ਵਚਨੁ ਰਤੰਨੁ ਹੈ, ਜੋ ‘ਮੰਨੇ’ ਸੁ ਹਰਿ ਰਸੁ ਖਾਇ॥ (ਮ:੪/੪੧), ਭਾਣਾ ‘ਮੰਨੇ’, ਸਦਾ ਸੁਖੁ ਹੋਇ॥ (ਮ:੩/੩੬੪), ‘ਮੰਨੇ’ ਨਾਉ, ਸੋਈ ਜਿਣਿ ਜਾਇ॥ (ਮ:੧/੯੫੪), ਮੂਰਖਾ ਸਿਰਿ ਮੂਰਖੁ ਹੈ, ਜਿ ‘ਮੰਨੇ’ ਨਾਹੀ ਨਾਉ॥’’ (ਮ:੧/੧੦੧੫) ਆਦਿ।

(ਯਾਦ ਰਹੇ ਕਿ (1). ‘ਜਪੁ’ ਬਾਣੀ ਦੀ ‘ਮੰਨੇ’ (ਪੁਰਖਵਾਚੀ ਨਾਉ) ਸ਼ਬਦ ਵਾਲੀ ਪਉੜੀ ਨੰਬਰ 12 ’ਚ ‘ਮੰਨੈ’ (ਕਰਣ ਕਾਰਕ) ਸ਼ਬਦ ਨੂੰ ਦਰਜ ਨਹੀਂ ਕੀਤਾ ਗਿਆ ਹੈ ਅਤੇ ‘ਮੰਨੈ’ ਸ਼ਬਦ ਵਾਲੀਆਂ 13, 14 ਤੇ 15 ਨੰਬਰ ਪਉੜੀਆਂ ’ਚ ‘ਮੰਨੇ’ ਸ਼ਬਦ ਦਰਜ ਨਹੀਂ ਹੈ। (2). ਗੁਰਬਾਣੀ ਲਿਖਤ ਅਨੁਸਾਰ ‘ਮਨਿ’ ਸ਼ਬਦ ਬਣਤਰ ਕਾਵਿ ਤੋਲ ਕਾਰਨ ‘ਮਨੇ’ ਭੀ ਬਣ ਜਾਂਦੀ ਹੈ ਜਿਸ ਦਾ ਅਰਥ ਫਿਰ ਭੀ (‘ਮਨਿ’ ਸ਼ਬਦ ਬਣਤਰ ਵਾਂਙ) ‘ਮਨ ਵਿੱਚ’ ਹੀ ਰਹਿੰਦਾ ਹੈ ਜਿਵੇਂ ਕਿ ‘‘ਜਾ ਲਾਹਾ ਦੇਇ, ਤਾ ਸੁਖੁ ‘ਮਨੇ’; ਤੋਟੈ, ਮਰਿ ਜਾਈ॥ (ਮ:੪/੧੬੬), ਸਚੁ ਨਾਮੁ ਪਾਇਆ, ਗੁਰਿ ਦਿਖਾਇਆ; ਮੈਲੁ ਨਾਹੀ, ਸਚ‘ਮਨੇ’॥’’ (ਮ:੧/੬੮੭) ਆਦਿ।)

‘ਗਤਿ’-ਇਸ ਸ਼ਬਦ ਦੇ ਅਰਥ ਆਮ ਤੌਰ ’ਤੇ ‘ਮੁਕਤੀ, ਮਾਰਗ, ਪਵਿੱਤ੍ਰਤਾ, ਹਾਲਤ (ਦਸ਼ਾ), ਸ਼ਾਂਤੀ, ਲੀਲਾ (ਖੇਡ), ਵਿੱਦਿਆ, ਨਤੀਜਾ’ ਆਦਿ ਕੀਤੇ ਜਾਂਦੇ ਹਨ ਪਰ ਅਸਲ ਸ਼ਬਦਿਕ ਅਰਥ ਹੈ ‘ਆਤਮਿਕ ਅਵਸਥਾ’ (ਇਸਤ੍ਰੀ ਲਿੰਗ)। ਇਹ ਸ਼ਬਦ ਗੁਰਬਾਣੀ ’ਚ 281 ਵਾਰ ਇਉਂ ਦਰਜ ਹੈ ‘‘ਨਾਮਾ, ਛੀਬਾ, ਕਬੀਰੁ ਜੁੋਲਾਹਾ; ਪੂਰੇ ਗੁਰ ਤੇ ‘ਗਤਿ’ ਪਾਈ॥ (ਮ:੩/੬੭), ਜਿਤੁ ਮਿਲਿਐ; ਪਰਮ ਗਤਿ, ਪਾਈਐ॥’’ (ਮ:੧/੭੧) ਆਦਿ।

ਸੋ, ‘‘ਮੰਨੇ ਕੀ ਗਤਿ, ਕਹੀ ਨ ਜਾਇ॥’’ ਭਾਵ ਕਿ (ਗੁਰ ਉਪਦੇਸ਼) ਮੰਨਣ ਨਾਲ਼ ਵਿਕਸਤ ਹੋਈ ਮਾਨਸਿਕਤਾ (ਭਾਵ ਆਤਮਿਕ ਅਵਸਥਾ) ਵਰਣਨ ਰਹਿਤ ਹੁੰਦੀ ਹੈ

‘‘ਜੇ ਕੋ ਕਹੈ, ਪਿਛੈ ਪਛੁਤਾਇ॥’’-ਇਸ ਪੰਕਤੀ ’ਚ ਆਇਆ ਸ਼ਬਦ ‘ਕੋ’ ਵੀਚਾਰ ਮੰਗਦਾ ਹੈ ਕਿਉਂਕਿ ਇਹ ਸ਼ਬਦ ਗੁਰਬਾਣੀ ’ਚ 1040 ਵਾਰ ਦਰਜ ਹੈ ਅਤੇ ਆਪਣੇ ਪੂਰੇ ਵਾਕ ਨੂੰ ਹੀ ਇੱਕ ਵਚਨ ਪੁਲਿੰਗ ਅਰਥ ਕਰਨ ਲਈ ਮਜਬੂਰ ਕਰ ਦਿੰਦਾ ਹੈ। ਗੁਰਬਾਣੀ ’ਚ 68 ਵਾਰ ਇਹ ਸ਼ਬਦ, ‘ਜੇ’ ਸ਼ਬਦ ਨਾਲ ਸੁਮੇਲ ਰੂਪ ’ਚ ਇਉਂ ਦਰਜ ਹੈ ‘‘ਜੇ ਕੋ ਮੰਨਿ ਜਾਣੈ, ਮਨਿ ਕੋਇ॥ (ਜਪੁ/ਮ:੧) ਚਾਰਿ ਪਦਾਰਥ, ਜੇ ਕੋ ਮਾਗੈ॥ (ਮ:੫/੨੬੬), ਜੇ ਕੋ, ਅਪੁਨੀ ਸੋਭਾ ਲੋਰੈ॥ (ਮ:੫/੨੬੬), ਜੇ ਕੋ, ਐਸਾ ਸੰਜਮੀ ਹੋਇ॥’’ (ਮ:੩/੧੧੬੯) ਆਦਿ।

(ਯਾਦ ਰਹੇ ਕਿ ‘ਜੇ’ ਅਤੇ ‘ਕੇ’ ਸ਼ਬਦ ਜੁੜਤ ਰੂਪ ’ਚ ਨਹੀਂ ਆਉਂਦੇ ਕਿਉਂਕਿ ‘ਕੇ’ ਬਹੁ ਵਚਨ ਸ਼ਬਦ ਹੈ ਜਦਕਿ ‘ਕੋ’ ਇੱਕ ਵਚਨ ਸ਼ਬਦ ਹੈ, ਜਿਵੇਂ ਕਿ ‘‘ਜੀਅ ਜਾਤਿ ਰੰਗਾ ‘ਕੇ’ ਨਾਵ॥ (ਜਪੁ/ਮ:੧), ਤਿਸੁ ਵਿਚਿ, ਜੀਅ ਜੁਗਤਿ ‘ਕੇ’ ਰੰਗ॥ (ਜਪੁ/ਮ:੧), ਤਿਥੈ ਭਗਤ ਵਸਹਿ, ‘ਕੇ’ ਲੋਅ॥ (ਜਪੁ/ਮ:੧), ਕਰਮੀ ਆਪੋ ਆਪਣੀ; ‘ਕੇ’ ਨੇੜੈ, ‘ਕੇ’ ਦੂਰਿ॥’’ (ਮ:੨/੧੪੬) ਆਦਿ। ਇਨ੍ਹਾਂ ਪੰਕਤੀਆਂ ’ਚ ‘ਕੇ’ ਦਾ ਅਰਥ ਹੈ ‘ਕਈ’ ਜਦਕਿ ‘ਕੋ’ ਦਾ ਅਰਥ ਹੈ ‘ਕੋਈ ਵਿਰਲਾ ਹੀ’।)

ਸੋ, ‘‘ਜੇ ਕੋ ਕਹੈ, ਪਿਛੈ ਪਛੁਤਾਇ॥’’ ਭਾਵ ਕਿ ਜੇ (ਅਗਰ) ਕੋਈ ਭੀ (ਗੁਰੂ ਸਿੱਖਿਆ ਮੰਨਣ ਵਾਲੇ ਦੀ ਨਿਰਮਲ ਆਤਮਕ ਅਵਸਥਾ ’ਚ ਆਈ ਤਬਦੀਲੀ ਬਾਰੇ) ਅਨੁਮਾਨ ਲਗਾਉਂਦਾ ਹੈ ਤਾਂ ਉਹ ਬਾਅਦ ਵਿੱਚ (ਉਸ ਦੇ ਗੁਣਾਂ ਨੂੰ ਘਟਾ ਕੇ ਬਿਆਨ ਕਰਨ ਦੇ ਬਦਲੇ) ਪਛੁਤਾਉਂਦਾ ਹੈ।

‘‘ਕਾਗਦਿ, ਕਲਮ ਨ ਲਿਖਣਹਾਰੁ॥’’- ਇਸ ਪੰਕਤੀ ’ਚ ਆਇਆ ਸ਼ਬਦ ‘ਕਾਗਦਿ’, ਦਾ ਮੂਲ ਸਰੋਤ ਸ਼ਬਦ ‘ਕਾਗਦੁ’ ਹੈ, ਜੋ ਗੁਰਬਾਣੀ ’ਚ 13 ਵਾਰ ਇਉਂ ਦਰਜ ਹੈ ‘‘ਜਾਲਿ ਮੋਹੁ ਘਸਿ ਮਸੁ ਕਰਿ, ਮਤਿ ‘ਕਾਗਦੁ’ ਕਰਿ ਸਾਰੁ॥ (ਮ:੧/੧੬), ਚਿਤ੍ਰ ਗੁਪਤ ਕਾ ‘ਕਾਗਦੁ’ ਫਾਰਿਆ, ਜਮਦੂਤਾ ਕਛੂ ਨ ਚਲੀ॥ (ਮ:੫/੭੯), ਬਸੁਧਾ ‘ਕਾਗਦੁ’ ਜਉ ਕਰਉ, ਹਰਿ ਜਸੁ ਲਿਖਨੁ ਨ ਜਾਇ॥’’ (ਭਗਤ ਕਬੀਰ/੧੩੬੮) ਆਦਿ। ਪਰ ਜਦ ‘ਕਾਗਦੁ’ ਸ਼ਬਦ ਵਿੱਚੋਂ ਗੁਪਤ ਅਰਥ ‘ਵਿੱਚ, ਨਾਲ, ਉੱਤੇ ਜਾਂ ਨੇ’ ਲੈਣੇ ਹੋਣ ਤਾਂ ਇਸ ਦਾ ਰੂਪ ‘ਕਾਗਦਿ’ ਬਣ ਜਾਂਦਾ ਹੈ।

(ਯਾਦ ਰਹੇ ਕਿ ਅੰਤ ਔਂਕੜ ਵਾਲੇ ਇੱਕ ਵਚਨ ਪੁਲਿੰਗ ਨਾਉ ਸ਼ਬਦ ਹੀ, ਆਪਣਾ ਰੂਪ ਅੰਤ ਸਿਹਾਰੀ ’ਚ ਬਦਲ ਕੇ ਗੁਪਤ ਰੂਪ ’ਚ ਵਾਧੂ ਅਰਥ ਦੇ ਸਕਦੇ ਹਨ ਅਤੇ ਉਨ੍ਹਾਂ ਸ਼ਬਦਾਂ ਦੇ ਮੂਲ ਸਰੋਤ ਸ਼ਬਦਾਂ ਨੂੰ ਲੱਗਾ ਅੰਤ ਔਂਕੜ ਭੀ ਸਬੰਧਕੀ ਸ਼ਬਦ ‘ਦਾ, ਦੇ, ਦੀ, ਕਾ, ਕੇ, ਕੀ, ਕਉ, ਪਰ (ਉੱਤੇ), ਜਿਉ (ਵਾਂਙ)’ ਆਦਿ, ਆਇਆਂ ਇਨ੍ਹਾਂ ਦਾ ਅੰਤ ਮੁਕਤਾ ਹੋ ਜਾਂਦਾ ਹੈ ਜਿਵੇਂ ਕਿ ‘‘ਜੈਸੇ ‘ਕਾਗਦ ਕੇ’ ਭਾਰ, ਮੂਸਾ ਟੂਕਿ ਗਵਾਵਤ; ਕਾਮਿ ਨਹੀ ਗਾਵਾਰੀ॥ (ਮ:੫/੬੮੧), ਕਬੀਰ! ‘ਕਾਗਦ ਕੀ’ ਓਬਰੀ, ਮਸੁ ਕੇ ਕਰਮ ਕਪਾਟ॥ (ਭਗਤ ਕਬੀਰ/੧੩੭੧), ਜਸ ‘ਕਾਗਦ ਪਰ’, ਮਿਟੈ ਨ ਮੰਸੁ॥ (ਭਗਤ ਕਬੀਰ/੮੭੧), ਧਨ ਜੋਬਨ ਕਾ ਗਰਬੁ ਨ ਕੀਜੈ, ‘ਕਾਗਦ ਜਿਉ’ ਗਲਿ ਜਾਹਿਗਾ॥’’ (ਭਗਤ ਕਬੀਰ/੧੧੦੬) ਆਦਿ।

ਇੱਕ ਵਚਨ ਪੁਲਿੰਗ (ਅੰਤ ਔਂਕੜ) ਸ਼ਬਦਾਂ ਨਾਲ ਸਬੰਧਕੀ ਸ਼ਬਦ ਆਇਆਂ ਜੋ ਰੂਪ (ਅੰਤ ਮੁਕਤਾ) ਇਨ੍ਹਾਂ ਸ਼ਬਦਾਂ ਦਾ ਬਣਦਾ ਹੈ ਉਹੀ ਅੰਤ ਮੁਕਤਾ ਰੂਪ ‘ਬਹੁ ਵਚਨ ਪੁਲਿੰਗ ਨਾਉ ਸ਼ਬਦਾਂ’ ਦਾ ਭੀ ਹੁੰਦਾ ਹੈ ਜਿਵੇਂ ਕਿ ‘‘ਨਾਨਕ! ‘ਕਾਗਦ’ ਲਖ ਮਣਾ, ਪੜਿ ਪੜਿ ਕੀਚੈ ਭਾਉ॥ (ਮ:੧/੧੫), ਧਰਮ ਰਾਇ ਦਰਿ ‘ਕਾਗਦ’ ਫਾਰੇ, ਜਨ ਨਾਨਕ! ਲੇਖਾ ਸਮਝਾ॥’’ (ਮ:੪/੬੯੮) ਆਦਿ, ਪਰ ਇਨ੍ਹਾਂ ਸ਼ਬਦਾਂ ਨਾਲ ਕੋਈ ਸਬੰਧਕੀ ਸ਼ਬਦ ‘ਦਾ, ਦੇ, ਦੀ’ ਆਦਿ ਨਹੀਂ।)

‘ਕਲਮ’ ਇਹ ਸ਼ਬਦ ਇਸਤ੍ਰੀ ਲਿੰਗ ਸ਼ਬਦ ਹੋਣ ਕਾਰਨ ਹੀ ਅੰਤ ਮੁਕਤਾ ਹੈ ਇਸ ਲਈ ਇਸ ਦੇ ਅੰਤ ਵਿੱਚ ਕਦੇ ਭੀ ਔਂਕੜ ਨਹੀਂ ਆਉਂਦੀ ਅਤੇ ਗੁਰਬਾਣੀ ’ਚ 14 ਵਾਰ ਇਉਂ ਦਰਜ ਹੈ ‘‘ਦੀਬਾਨੁ ਏਕੋ ‘ਕਲਮ’ ਏਕਾ, ਹਮਾ ਤੁਮ੍ਾ ਮੇਲੁ॥ (ਮ:੧/੪੭੩), ਧੰਨੁ ਸੁ ਕਾਗਦੁ, ‘ਕਲਮ’ ਧੰਨੁ, ਧਨੁ ਭਾਂਡਾ, ਧਨੁ ਮਸੁ॥’’ (ਮ:੧/੧੨੯੧) ਆਦਿ।

‘ਲਿਖਣਹਾਰੁ’- ਇਸ ਸ਼ਬਦ ਦੇ ਅੰਤ ’ਚ ਲੱਗਾ ਔਂਕੜ ਇਸ ਨੂੰ ਇੱਕ ਵਚਨ ਪੁਲਿੰਗ ਸ਼ਬਦ, ਸਾਬਤ ਕਰਦਾ ਹੈ। ਇਹ ਸ਼ਬਦ ਕੇਵਲ ਇੱਕ ਵਾਰ, ਇਸ ਪੰਕਤੀ ’ਚ ਹੀ ਦਰਜ ਹੈ। ਇਸ ‘ਲਿਖਣਹਾਰੁ’ ਸ਼ਬਦ ਦਾ ਇਕ ਰੂਪ ਇਉਂ ਭੀ ਦਰਜ ਮਿਲਦਾ ਹੈ ‘‘ਆਪੇ ਪਟੀ ਕਲਮ ਆਪਿ, ਆਪਿ ‘ਲਿਖਣਹਾਰਾ’ ਹੋਆ॥’’ (ਬਲਵੰਡ ਸਤਾ/੯੬੮) ‘ਲਿਖਣਹਾਰੁ’ ਦਾ ਅਰਥ ਹੈ ‘ਲਿਖਾਰੀ, ਲੇਖਕ’।

ਸੋ, ‘‘ਕਾਗਦਿ, ਕਲਮ ਨ ਲਿਖਣਹਾਰੁ॥’’- ਭਾਵ ਕਿ (ਗੁਰੂ ਸਿੱਖਿਆ ਮੰਨਣ ਵਾਲੇ ਦੀ ਪੂਰਨ ਨਿਰਮਲ ਦਸ਼ਾ ਬਾਰੇ) ਕਾਗਜ਼ ’ਤੇ ਕਲਮ ਨਾਲ ਲਿਖਣ ਵਾਲਾ ਕੋਈ ਲਿਖਾਰੀ ਭੀ ਨਹੀਂ।

‘‘ਮੰਨੇ ਕਾ; ਬਹਿ, ਕਰਨਿ ਵੀਚਾਰੁ॥’’ ਇਸ ਵਾਕ ’ਚ ‘ਬਹਿ’ (ਕ੍ਰਿਆ ਵਿਸ਼ੇਸ਼ਣ) ਅਤੇ ‘ਕਰਨਿ’ (ਬਹੁ ਵਚਨ ਕ੍ਰਿਆਵਾਚੀ) ਸ਼ਬਦ ਹੈ। ਕ੍ਰਿਆ ਵਿਸ਼ੇਸ਼ਣ ਸ਼ਬਦ ਨੂੰ ਅੰਤ ਸਿਹਾਰੀ ਆਉਂਦੀ ਹੈ ਅਤੇ ਆਮ ਤੌਰ ’ਤੇ ‘ਕੇ’ ਦੇ ਰੂਪ ’ਚ ਅਰਥ ਦਿੰਦੀ ਹੈ। ‘ਬਹਿ’ (ਵਾਂਙ ਅੰਤ ਸਿਹਾਰੀ ਕ੍ਰਿਆ ਵਿਸ਼ੇਸ਼ਣ) ਸ਼ਬਦ ਆਮ ਤੌਰ ’ਤੇ ਵਾਕ ਵਿੱਚ ਤਦ ਆਉਂਦਾ ਹੈ ਜਦ ਵਾਕ ’ਚ ਮੁੱਖ ਕ੍ਰਿਆਵਾਚੀ ਸ਼ਬਦ ਹੋਵੇ ਜਿਵੇਂ ਕਿ ਇਸ ਪੰਕਤੀ ਵਿੱਚ ਮੁੱਖ ਕਿ੍ਰਆ ‘ਕਰਨਿ’ ਦਰਜ ਹੈ। ‘ਬਹਿ’ ਸ਼ਬਦ ਗੁਰਬਾਣੀ ਵਿੱਚ ਹੋਰ ਜਗ੍ਹਾ ਭੀ 53 ਵਾਰ ਇਉਂ ਦਰਜ ਹੈ ‘‘ਸੋ ਦਰੁ ਕੇਹਾ, ਸੋ ਘਰੁ ਕੇਹਾ; ਜਿਤੁ ‘ਬਹਿ’, ਸਰਬ ਸਮਾਲੇ॥ (ਜਪੁ/ਮ:੧) ਸਤਸੰਗਤਿ ‘ਬਹਿ’, ਹਰਿ ਗੁਣ ਗਾਇਆ॥ (ਮ:੩/੧੧੫), ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ, ਜਿਨਿ ਨਿਆਉ ਸਚੁ; ‘ਬਹਿ’, ਆਪਿ ਕਰਾਇਆ॥’’ (ਮ:੪/੩੦੬) ਆਦਿ। ਇਨ੍ਹਾਂ ਪੰਕਤੀਆਂ ’ਚ ਮੁੱਖ ਕ੍ਰਿਆਵਾਚੀ ਸ਼ਬਦ ‘ਸਮਾਲੇ, ਗਾਇਆ’ ਅਤੇ ‘ਕਰਾਇਆ’ ਹੈ ਅਤੇ ‘ਬਹਿ’ (ਕ੍ਰਿਆ ਵਿਸ਼ੇਸ਼ਣ) ਸ਼ਬਦ ‘ਕੇ’ ਅਰਥ ਭੀ ਕੱਢ ਰਿਹਾ ਹੈ ਇਸ ਲਈ ‘ਬਹਿ’ ਸ਼ਬਦ ਤੋਂ ਉਪਰੰਤ (ਅਰਥ ਸਪਸ਼ਟ ਸਮਝਣ ਲਈ) ਥੋੜਾ ਬਿਸ਼ਰਾਮ ਦੇਣਾ ਭੀ ਜ਼ਰੂਰੀ ਬਣ ਜਾਂਦਾ ਹੈ।

‘ਕਰਨਿ’-ਇਹ ਸ਼ਬਦ ਬਣਤਰ ਵਰਤਮਾਨ ਦੀ ਬਹੁ ਵਚਨ ਕ੍ਰਿਆ ਨੂੰ ਦਰਸਾਉਂਦੀ ਹੈ, ਜਿਸ ਦਾ ਅਰਥ ਹੈ ‘ਕਰਦੇ ਹਨ’ ਅਤੇ ਗੁਰਬਾਣੀ ’ਚ 23 ਵਾਰ ਇਉਂ ਦਰਜ ਹੈ ‘‘ਬਧੇ ‘ਕਰਨਿ’ ਸਲਾਮ, ਖਸਮ ਨ ਭਾਣਿਆ॥ (ਮ:੧/੧੪੩), ਵੈਰੁ ‘ਕਰਨਿ’ ਨਿਰਵੈਰ ਨਾਲਿ, ਧਰਮਿ ਨਿਆਇ ਪਚੰਦੇ॥ (ਮ:੪/੩੧੭), ਚੀਜ ‘ਕਰਨਿ’ ਮਨਿ ਭਾਵਦੇ, ਹਰਿ ਬੁਝਨਿ ਨਾਹੀ ਹਾਰਿਆ॥’’ (ਮ:੧/੪੭੨) ਆਦਿ।

ਯਾਦ ਰਹੇ ਕਿ ‘ਕਰਨਿ’ ਸ਼ਬਦ, ਗੁਰਬਾਣੀ ਵਿੱਚ ਕੇਵਲ ਇੱਕ ਵਾਰ ‘ਕੰਨ’ ਦੇ ਅਰਥਾਂ ਪ੍ਰਥਾਏ ਭੀ ਇਉਂ ਦਰਜ ਮਿਲਦਾ ਹੈ ‘‘ਪੋਥੀ ਗੀਤ ਕਵਿਤ ਕਿਛੁ, ਕਦੇ ਨ ‘ਕਰਨਿ’ ਧਰਿਆ॥’’ (ਮ:੫/੭੦) ਭਾਵ ਕੰਨ ਉੱਤੇ ਧਰਿਆ ਨਹੀਂ, ਸੁਣਿਆ ਨਹੀਂ।

ਗੁਰਬਾਣੀ ਲਿਖਤ ਅਨੁਸਾਰ ਜਿਨ੍ਹਾਂ ਕ੍ਰਿਆਵਾਚੀ ਸ਼ਬਦਾਂ ਦੇ ਅੰਤ ’ਚ ‘ਨਿ’ ਅੱਖਰ ਸ਼ਾਮਲ ਹੋਵੇ ਉਹ ਬਹੁ ਵਚਨ ਹੀ ਹੁੰਦੇ ਹਨ ਜਿਵੇਂ ਕਿ ‘ਗਾਵਨਿ, ਪਾਵਨਿ, ਧਿਆਵਨਿ੍, ਸਵੰਨਿ, ਨਾਵਨਿ’ ਆਦਿ। ਪਾਵਨ ਵਾਕ ਹਨ ‘‘ਗਾਵਨਿ’ ਰਤਨ ਉਪਾਏ ਤੇਰੇ, ਅਠਸਠਿ ਤੀਰਥ ਨਾਲੇ॥ (ਜਪੁ/ਮ:੧), ਨਿੰਦਕ ਟਿਕਨੁ ਨ ‘ਪਾਵਨਿ’, ਮੂਲੇ ਊਡਿ ਗਏ ਬੇਕਾਰ॥ (ਮ:੫/੬੮੩), ਜੋਗੀ ਸੁੰਨਿ ‘ਧਿਆਵਨਿ੍’ ਜੇਤੇ, ਅਲਖ ਨਾਮੁ ਕਰਤਾਰੁ॥ (ਮ:੧/੪੬੫), ਗੁਰਿ ਤੁਠੈ ਸਜਣੁ ਮੇਲਿਆ, ਜਨ ਨਾਨਕ! ਸੁਖਿ ‘ਸਵੰਨਿ’॥ (ਮ:੪/੩੦੨), ਨਾਨਕ! ਜੇ ਸਿਰਖੁਥੇ ‘ਨਾਵਨਿ’ ਨਾਹੀ, ਤਾ ਸਤ ਚਟੇ ਸਿਰਿ ਛਾਈ॥’’ (ਮ:੧/੧੫੦) ਆਦਿ।

ਸੋ, ‘‘ਮੰਨੇ ਕਾ; ਬਹਿ, ਕਰਨਿ ਵੀਚਾਰੁ॥’’ ਭਾਵ ਕਿ ਗੁਰੂ ਸਿੱਖਿਆ ਮੰਨਣ ਵਾਲੇ ਦੀ (ਅੰਦਰੂਨੀ ਤਬਦੀਲੀ ਬਾਰੇ, ਕਈ ਲੋਕ ਇਕੱਠੇ) ਬੈਠ ਕੇ ਵੀਚਾਰ ਕਰਦੇ ਹਨ।

‘‘ਐਸਾ ਨਾਮੁ ਨਿਰੰਜਨੁ ਹੋਇ॥’’ ਇਸ ਪੰਕਤੀ ਦੇ ਅਰਥ ਬਹੁਤ ਹੀ ਵੀਚਾਰ ਮੰਗਦੇ ਹਨ ਕਿਉਂਕਿ ਇਸ ਪੰਕਤੀ ਦੇ ਅਰਥ ਕਰਦਿਆਂ ਵਿਦਵਾਨ ਟੀਕਾਕਾਰ ਵੀ ਇਕ ਮਤ ਨਹੀਂ ਹਨ ਬੇਸ਼ੱਕ ਭਾਵ ਅਰਥ ਸਾਰੇ ਹੀ ਇਕ ਸਮਾਨ ਕਰਦੇ ਹਨ। ਜਦਕਿ ਇਹ ਸ਼ਬਦ 4 ਪਉੜੀਆਂ ਦੀ ਸਮਾਪਤੀ ’ਚ ਭੀ ਨਿਰੰਤਰ ਦਰਜ ਹੈ। ਸਭ ਤੋਂ ਵੱਡਾ ਅੰਤਰ ‘ਨਾਮੁ’ ਸ਼ਬਦ ਦੇ ਅਰਥਾਂ ਬਾਰੇ ਹੈ, ਭਾਵ ਇਸ ਪੰਕਤੀ ’ਚ ਆਇਆ ‘ਨਾਮੁ’ ਸ਼ਬਦ ‘ਰੱਬ ਦੇ ਨਾਮ’ ਬਾਰੇ ਹੈ ਜਾਂ ਗੁਰੂ ਸਿੱਖਿਆ ਨੂੰ ਮੰਨਣ ਵਾਲੇ (‘ਮੰਨੇ ਕੀ ਗਤਿ’ ਵਾਲੇ) ‘ਵਿਅਕਤੀ ਦੇ ਨਾਮ’ ਬਾਰੇ ਹੈ? ਹੁਣ ਤੱਕ ਕੀਤੇ ਜਾ ਰਹੇ ਇਸ ਪੰਕਤੀ ਦੇ ਅਰਥ ਇਸ ਪ੍ਰਕਾਰ ਹਨ

(1). (ਮਾਇਆ ਦੀ ਕਾਲਖ ਤੋਂ ਮੁਕਤ ਵਾਹਿਗੁਰੂ ਦਾ) ਨਾਮ ਅਜਿਹਾ (ਪਾਰਸ ਕਲਾ-ਸੰਪੰਨ) ਹੈ ਕਿ ਨਾਮ ਨੂੰ ਮੰਨਣ ਵਾਲਾ ਮਨੁੱਖ ਵੀ ਮਾਇਆ ਦੀ ਕਾਲਖ ਤੋਂ ਮੁਕਤ ਹੋ ਜਾਂਦਾ ਹੈ। (ਭਾਈ ਜੋਗਿੰਦਰ ਸਿੰਘ ਜੀ ਤਲਵਾੜਾ)

(2). ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ (ਇਸ ਵਿੱਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ।) (ਪ੍ਰਿੰਸੀਪਲ ਸਾਹਿਬ ਸਿੰਘ ਜੀ)

(3). ਮਾਇਆ ਤੋਂ ਰਹਿਤ (ਪ੍ਰਭੂ) ਦਾ ਨਾਮ ਇਹੋ ਜਿਹਾ (ਸੁਖਦਾਈ) ਹੈ। (ਗਿਆਨੀ ਹਰਬੰਸ ਸਿੰਘ) ਆਦਿ।

ਉਪਰੋਕਤ ਕੀਤੇ ਗਏ ਅਰਥ, ਕੇਵਲ ਉਨ੍ਹਾਂ ਸੱਜਣਾਂ ਦੇ ਹਨ ਜੋ ਵਿਆਕਰਨ ਨਿਯਮਾਂ ਅਨੁਸਾਰ ਹੀ ਗੁਰਬਾਣੀ ਦੇ ਅਰਥ ਕਰਦੇ ਹਨ ਅਤੇ ਇਨ੍ਹਾਂ ਤਿੰਨਾਂ ਵਿਦਵਾਨਾਂ ਨੇ ਹੀ ਗੁਰਬਾਣੀ ਵਿਆਕਰਨ ਦੀਆਂ ਪੁਸਤਕਾਂ ਭੀ ਲਿਖੀਆਂ ਹਨ।

ਗਿਆਨੀ ਹਰਬੰਸ ਸਿੰਘ ਜੀ ‘ਨਾਮੁ ਨਿਰੰਜਨੁ’ ਸ਼ਬਦਾਂ ਦੇ ਅਰਥ ਕਰਦੇ ਹਨ ਕਿ ‘ਮਾਇਆ ਤੋਂ ਰਹਿਤ (ਪ੍ਰਭੂ) ਦਾ ਨਾਮ’, ਪਰ ‘ਨਿਰੰਜਨੁ’ ਸ਼ਬਦ ਨੂੰ ਪ੍ਰਭੂ ਦੇ ਪ੍ਰਥਾਏ ਅਰਥ ਕਰਕੇ ‘ਦਾ’ ਸਬੰਧਕੀ ਅਰਥ ਨਹੀਂ ਲਿਆ ਜਾ ਸਕਦਾ, ਜਿਵੇਂ ਕਿ ਗਿਆਨੀ ਜੀ ਨੇ ਕੀਤਾ ਹੈ ਕਿਉਂਕਿ ਸ਼ਬਦ ‘ਨਿਰੰਜਨੁ’ ਨੂੰ ਅੰਤ ਔਂਕੜ ਲੱਗੀ ਹੋਈ ਹੈ। ਇਸ ਲਈ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ (ਮਾਇਆ ਦੀ ਕਾਲਖ ਤੋਂ ਮੁਕਤ ਵਾਹਿਗੁਰੂ ਦਾ) ਨਾਮ ਅਜਿਹਾ (ਪਾਰਸ ਕਲਾ-ਸੰਪੰਨ) ਹੈ।’, ਅਰਥ ਕਰਦਿਆਂ ‘ਮਾਇਆ ਦੀ ਕਾਲਖ ਤੋਂ ਮੁਕਤ’ ਤੱਕ ਸ਼ਬਦਾਵਲੀ ਨੂੰ ਬ੍ਰੈਕਟ ’ਚ ਬੰਦ ਰੱਖਿਆ ਹੈ।

ਗਿਆਨੀ ਜੀ ‘ਐਸਾ’ ਸ਼ਬਦ ਦਾ ਅਰਥ ‘ਇਹੋ ਜਿਹਾ (ਸੁਖਦਾਈ)’, ਭੀ ਕਰ ਰਹੇ ਹਨ ਜਦਕਿ ਪੂਰੇ ਉਪਰੋਕਤ ਸ਼ਬਦ ਵਿੱਚ ‘ਸੁਖਦਾਈ’ ਅਰਥ ਭਾਵ ਬਾਰੇ ਕੋਈ ਵੀਚਾਰ ਹੀ ਨਹੀਂ ਚੱਲ ਰਹੀ ਹੈ।

ਪ੍ਰਿੰਸੀਪਲ ਸਾਹਿਬ ਸਿੰਘ ਜੀ ‘ਐਸਾ’ ਸ਼ਬਦ ਦਾ ਅਰਥ ‘ਬਹੁਤ (ਉੱਚਾ)’ ਕਰ ਰਹੇ ਹਨ।

ਉਪਰੋਕਤ ਤਿੰਨੇ ਸੱਜਣ ‘ਨਾਮੁ’ ਸ਼ਬਦ ਦੇ ਅੰਤ ’ਚ ਲੱਗੇ ਔਂਕੜ ਨੂੰ ਇੱਕ ਵਚਨ ਪੁਲਿੰਗ ਨਾਉ ਸ਼ਬਦ ਮੰਨ ਕੇ ਪ੍ਰਭੂ (ਇੱਕ ਵਚਨ ਪੁਲਿੰਗ ਨਾਉ) ਦੇ ਪ੍ਰਥਾਏ ਉਲਥਾ ਰਹੇ ਹਨ ਜਦਕਿ ‘ਮੰਨੇ ਕੀ ਗਤਿ’ ਵਾਲਾ ਵਿਅਕਤੀ ਭੀ ਇੱਕ ਵਚਨ ਪੁਲਿੰਗ ਨਾਉ ਹੀ ਹੈ। ਇਸ ਲਈ ਇਸ ਪੰਕਤੀ ’ਚ ਦਰਜ ‘ਨਾਮੁ’ ਸ਼ਬਦ ਦੀ ਹੋਰ ਵੀਚਾਰ ਕਰਨ ਦੀ ਬਹੁਤ ਹੀ ਜ਼ਰੂਰਤ ਹੈ।

‘ਜਪੁ’ ਬਾਣੀ ਦੇ ਆਰੰਭ ਤੋਂ ਚੱਲ ਰਹੇ ਲੜੀਵਾਰ ਪ੍ਰਸੰਗ ਅਨੁਸਾਰ ‘ਜਪੁ’ ਬਾਣੀ ਦੀ ਪੰਜਵੀਂ ਅਤੇ ਛੇਵੀਂ ਪਉੜੀ ’ਚ ‘‘ਗੁਰਾ! ਇਕ ਦੇਹਿ ਬੁਝਾਈ॥’’ ਭਾਵ ਗੁਰੂ ਜੀ ਅੱਗੇ ਬੇਨਤੀ ਕੀਤੀ ਗਈ ਹੈ ਅਤੇ ਉਸ ਤੋਂ ਉਪਰੰਤ ਗੁਰੂ ਜੀ ਨੇ ਸਿੱਖ ਦੀ ਬੇਨਤੀ ਨੂੰ ਸੁਣ ਕੇ ਉਸ ਨੂੰ ਆਪਣੀ (ਗੁਰੂ ਦੀ) ਗੱਲ ਸੁਣਨ ਅਤੇ ਮੰਨਣ ਵਾਲਾ ਪ੍ਰਸੰਗ ਨਿਰੰਤਰ ਚੱਲ ਰਿਹਾ ਹੈ, ਜਿਸ ਅਨੁਸਾਰ ਸਬੰਧਤ ਪਉੜੀਆਂ ’ਚ ਉਸ ਸਿੱਖ ਦੀ ਮਨੋਬਿ੍ਰਤੀ ਨੂੰ ‘ਐਸਾ’ ਕਹਿ ਕੇ ਬਿਆਨ ਕੀਤਾ ਗਿਆ ਹੈ ਜਿਸ ਨੇ ਗੁਰੂ ਅੱਗੇ ਕੀਤੀ ਹੋਈ ਬੇਨਤੀ ਤੋਂ ਉਪਰੰਤ ਗੁਰੂ ਵੱਲੋਂ ਦੱਸੇ ਉਪਦੇਸ ਨੂੰ ਕਮਾਇਆ ਹੈ ਭਾਵ ਉਪਰੋਕਤ ਪੂਰੇ ਸ਼ਬਦ ’ਚ ਗੁਰੂ ਦੀ ਸਿੱਖਿਆ ਮੰਨਣ ਵਾਲੇ ਦੇ ਜੀਵਨ ਬਾਰੇ ਹੀ ਸਿਧਾਂਤਕ ਵੀਚਾਰ ਚੱਲ ਰਹੀ ਹੈ।

ਗੁਰਬਾਣੀ ਲਿਖਤ ਅਨੁਸਾਰ ‘ਨਾਮੁ’ ਸ਼ਬਦ 3357 ਵਾਰ ਦਰਜ ਹੈ ਅਤੇ ‘ਨਾਮ’ ਜਾਂ ‘ਨਾਵ’ ਸ਼ਬਦ ਦਾ ਅਰਥ ਕੇਵਲ ਪ੍ਰਮਾਤਮਾ ਦਾ ਨਾਮ ਵੀ ਨਹੀਂ ਹੈ ਜਿਵੇਂ ਕਿ (1). ‘‘ਅਸੰਖ ‘ਨਾਵ’ ਅਸੰਖ ਥਾਵ॥’’ (ਜਪੁ/ਮ:੧) ਭਾਵ ਰੱਬੀ ਕੁਦਰਤ ’ਚ ਬੇਅੰਤ ਜੀਵਾਂ ਦੇ ਨਾਮ ਹਨ ਅਤੇ ਬੇਅੰਤ ਹੀ ਉਹ ਥਾਵਾਂ ਹਨ ਜਿੱਥੇ ਉਹ ਵੱਸਦੇ ਹਨ।

(2). ‘‘ਜਹ ਮਾਤ ਪਿਤਾ ਸੁਤ ਮੀਤ ਨ ਭਾਈ॥ ਮਨ! ਊਹਾ ‘ਨਾਮੁ’ ਤੇਰੈ ਸੰਗਿ ਸਹਾਈ ॥’’ (ਮ:੫/੨੬੪) ਇਸ ਪੰਕਤੀ ’ਚ ਆਇਆ ਸ਼ਬਦ ‘ਨਾਮੁ’ ਦਾ ਅਰਥ ‘ਪ੍ਰਕਾਸ਼’ ਜ਼ਿਆਦਾ ਢੁੱਕਦਾ ਹੈ ਕਿਉਂਕਿ ਜਿੱਥੇ ਮਾਤਾ-ਪਿਤਾ ਆਦਿ ਸਹਾਇਕ ਨਹੀਂ ਹੁੰਦੇ ਉੱਥੇ ਰੱਬੀ ਪ੍ਰਕਾਸ਼ (ਜਾਗਰੂਕਤਾ) ਕੰਮ ਆਉਂਦੀ ਹੈ।

(3). ‘‘ਸਦਾ ਸਿਫਤਿ ਸਲਾਹ ਤੇਰੀ, ਨਾਮੁ ਮਨਿ ਵਸਾਵਏ॥’’ (ਮ:੩/੯੧੭) ਇਸ ਪੰਕਤੀ ’ਚ ਆਇਆ ‘ਨਾਮੁ’ ਸ਼ਬਦ, ਰੱਬੀ ਸਿਫਤ-ਸਾਲਾਹ ਕਰਨ ਤੋਂ ਉਪਰੰਤ, ਅਰਥ ਦਿੰਦਾ ਹੈ ਭਾਵ ਇਸ ‘ਨਾਮੁ’ ਸ਼ਬਦ ਦਾ ਅਰਥ ਬਣੇਗਾ ਰੱਬੀ ‘ਪ੍ਰਭਾਵ’, ਜੋ ਪ੍ਰਭੂ ਦੀ ਸਿਫਤ-ਸਾਲਾਹ ਕਰਨ ਤੋਂ ਉਪਰੰਤ ਹੀ ਕਿਸੇ ਜਗਿਆਸੂ ਦਾ ਜੀਵਨ ਅਨੁਭਵ ਕਰਦਾ ਹੈ।

(4). ‘‘ਨਾਮ ਕੇ ਧਾਰੇ ਸਗਲੇ ਜੰਤ॥’’ (ਮ:੫/੨੮੪) ਇਸ ਪੰਕਤੀ ’ਚ ਭੀ ‘ਨਾਮੁ’ ਸ਼ਬਦ ਨਾਲ ਸਬੰਧਕੀ ਸ਼ਬਦ ‘ਕੇ’ ਆਇਆਂ ਸਬਦ ਬਣਤਰ ‘ਨਾਮੁ’ ਤੋਂ ‘ਨਾਮ’ (ਅੰਤ ਮੁਕਤਾ) ਬਣੀ ਹੈ ਜਿਸ ਦਾ ਅਰਥ ‘ਅਕਾਲ ਪੁਰਖ’ ਜਾਂ ਰੱਬੀ ‘ਹੁਕਮ’, (ਭਾਵ ਇੱਕ ਵਚਨ ਪੁਲਿੰਗ ਨਾਉ ’ਚ) ਜ਼ਿਆਦਾ ਢੁੱਕਦਾ ਹੈ। ਆਦਿ।

ਭਾਈ ਕਾਨ੍ਹ ਸਿੰਘ ਜੀ ਨਾਭਾ ‘ਨਾਮ’ ਸ਼ਬਦ ਦੇ ਅਰਥ ‘ਪ੍ਰਸਿੱਧੀ, ਚੇਤਾ, ਅੰਗੀਕਾਰ, ਮਸ਼ਹੂਰੀ’ ਆਦਿ ਭੀ ਕਰਦੇ ਹਨ। ਇਸ ਲਈ ਅਗਰ ਸਬੰਧਤ ਪੰਕਤੀ ’ਚ ਆਏ ‘ਨਾਮੁ’ ਸ਼ਬਦ ਦਾ ਅਰਥ ਪ੍ਰਭੂ ਦਾ ‘ਨਾਮ’ ਕਰਨ ਦੀ ਬਜਾਏ ‘ਮੰਨੇ ਕੀ ਗਤਿ’ ਵਾਲੇ ਵਿਅਕਤੀ ਪ੍ਰਤੀ ਕੀਤਾ ਜਾਵੇ ਤਾਂ ਇਸ ਪੰਕਤੀ ’ਚ ਦਰਜ ਤਮਾਮ ਸ਼ਬਦਾਂ ਦੇ ਅਰਥ ਦੀ ਤਰਤੀਬ ਬਣ ਜਾਂਦੀ ਹੈ।

ਸੋ, ‘‘ਐਸਾ ਨਾਮੁ ਨਿਰੰਜਨੁ ਹੋਇ॥’’ ਭਾਵ (ਸ਼ਬਦ ਕਮਾਈ ਵਾਲ਼ੇ ਦਾ) ਨਾਮਣਾ, ਨਾਮੁ (ਪ੍ਰਸਿੱਧੀ) ਅਜਿਹਾ (ਜਿਵੇਂ ਕਿ ਉਕਤ ਬਿਆਨ ਕੀਤਾ ਗਿਆ) ਉੱਜਲ (ਨਿਰਮਲ) ਹੋ ਜਾਂਦਾ ਹੈ  (ਪਰ)

‘‘ਜੇ ਕੋ, ਮੰਨਿ ਜਾਣੈ ਮਨਿ, ਕੋਇ॥੧੨॥ (ਜਪੁ/ ਮ:੧) ਇਸ ਪੰਕਤੀ ’ਚ ਆਇਆ ‘ਮੰਨਿ’ ਸ਼ਬਦ ਭੀ ਉਪਰੋਕਤ ‘ਬਹਿ’ ਸ਼ਬਦ ਦੀ ਕੀਤੀ ਗਈ ਵੀਚਾਰ ਅਨੁਸਾਰ ਕਿ੍ਰਆ ਵਿਸ਼ੇਸ਼ਣ ਸ਼ਬਦ ਹੈ, ਜਿਸ ਦੇ ਅੰਤ ’ਚ ਲੱਗੀ ਸਿਹਾਰੀ ‘ਕੇ’ ਅਰਥ ਭੀ ਦਿੰਦੀ ਹੈ। ਇਸ ਪੰਕਤੀ ਵਿੱਚ ਮੁੱਖ ਕ੍ਰਿਆਵਾਚੀ ਸ਼ਬਦ ‘ਜਾਣੈ’ ਭੀ ਸ਼ਾਮਲ ਹੈ। ‘ਮੰਨਿ’ ਸ਼ਬਦ ਗੁਰਬਾਣੀ ’ਚ 169 ਵਾਰ ਦਰਜ ਹੈ ਜਿਸ ਵਿੱਚੋਂ 34 ਵਾਰ ਕ੍ਰਿਆ ਵਿਸ਼ੇਸ਼ਣ ਦੇ ਰੂਪ ’ਚ ਅਤੇ 135 ਵਾਰ ਇਸ ਦਾ ਅਰਥ ਹੁੰਦਾ ਹੈ ‘ਮਨ ਵਿੱਚ’ (ਭਾਵ ਅਧਿਕਰਣ ਕਾਰਕ)। ਇਨ੍ਹਾਂ ਦੋਵੇਂ ਸ਼ਬਦ ਅਰਥਾਂ ਦੀ ਪਹਿਚਾਣ ਲਈ ਜ਼ਰੂਰੀ ਹੈ ਕਿ ਜਿੱਥੇ ‘ਮੰਨਿ’ ਸ਼ਬਦ ਦੇ ਨਾਲ ‘ਵਸਾਇ, ਵਸਾਇਆ, ਵਸਾਈ, ਵਸਾਵਣਿਆ, ਵਸਾਹਿ, ਵਸਿਆ, ਬਸਾਇਆ, ਵਸਾਈਐ, ਵਸਾਇਸੀ, ਵਸਾਇਦਾ, ਵਸੈ’ ਆਦਿ ਸ਼ਬਦ ਦਰਜ ਹੋਣ ਉੱਥੇ ‘ਮੰਨਿ’ ਸ਼ਬਦ ਦਾ ਅਰਥ ਹੁੰਦਾ ਹੈ ‘ਮਨ ਵਿੱਚ’ ਜਿਵੇਂ ਕਿ ‘‘ਅੰਮ੍ਰਿਤ ਬਾਣੀ ਮੰਨਿ ਵਸਾਏ, ਅੰਮ੍ਰਿਤੁ ਨਾਮੁ ਧਿਆਵਣਿਆ॥ (ਮ:੩/੧੧੮), ਗੁਰ ਪਰਸਾਦੀ, ਮੰਨਿ ਵਸਾਈ॥ (ਮ:੩/੧੧੯), ਹਉ ਵਾਰੀ ਜੀਉ ਵਾਰੀ, ਰਾਮ ਨਾਮੁ ਮੰਨਿ ਵਸਾਵਣਿਆ॥ (ਮ:੩/੧੨੦), ਆਪਣੈ ਭਾਣੈ ਸਦਾ ਰੰਗਿ ਰਾਤਾ, ਭਾਣੈ ਮੰਨਿ ਵਸਾਇਦਾ॥ (ਮ:੩/੧੦੫੯), ਨਾਮੁ ਮੰਨਿ ਵਸੈ, ਨਾਮੋ ਸਾਲਾਹੀ॥ (ਮ:੩/੧੦੬੨) , ਸੁਣਿ ਸੁਣਿ ਮੰਨਿ ਵਸਾਈਐ, ਬੂਝੈ ਜਨੁ ਕੋਈ॥ (ਮ:੪/੧੨੩੯), ਤਿਸ ਨੋ ਮੰਨਿ ਵਸਾਇਸੀ, ਜਾ ਕਉ ਨਦਰਿ ਕਰੇਇ॥ (ਮ:੩/੧੨੮੦), ਸੁਣਿ ਮਨ! ਮੰਨਿ ਵਸਾਇ ਤੂੰ; ਆਪੇ ਆਇ ਮਿਲੈ, ਮੇਰੇ ਭਾਈ॥ (ਮ:੩/੪੨੫), ਗੁਰ ਪੂਛਿ ਸੇਵਾ ਕਰਹਿ, ਸਚੁ ਨਿਰਮਲੁ ਮੰਨਿ ਵਸਾਹਿ॥ (ਮ:੩/੪੨੮), ਸੋ ਸਹੁ ਚਿਤਿ ਆਇਆ, ਮੰਨਿ ਵਸਾਇਆ; ਅਵਗਣ ਸਭਿ ਵਿਸਾਰੇ॥ (ਮ:੩/੪੪੧), ਗੁਰ ਪਰਸਾਦੀ, ਹਰਿ ਮੰਨਿ ਵਸਿਆ; ਪੂਰਬਿ ਲਿਖਿਆ ਪਾਇਆ॥ (ਮ:੩/੯੨੨), ਸੁਨਤੈ, ਸੁਨਿ; ਮੰਨਿ ਬਸਾਇਆ॥’’ (ਭਗਤ ਕਬੀਰ/੯੭੨) ਆਦਿ।

ਪਰ ਸਬੰਧਤ ਪੰਕਤੀ ਤੋਂ ਇਲਾਵਾ ‘ਮੰਨਿ’ ਸ਼ਬਦ ਕ੍ਰਿਆ ਵਿਸ਼ੇਸ਼ਣ ਦੇ ਰੂਪ ’ਚ ਅਤੇ ‘ਮੰਨ ਕੇ’ ਦੇ ਅਰਥਾਂ ’ਚ ਇਉਂ ਦਰਜ ਹੈ ‘‘ਨਾਨਕ! ਨਾਵੈ ਕੀ ਸਚੀ ਵਡਿਆਈ, ਨਾਮੋ ‘ਮੰਨਿ’ ਸੁਖੁ ਪਾਵਣਿਆ॥ (ਮ:੩/੧੨੮), ਹੁਕਮੁ ‘ਮੰਨਿ’ ਸੁਖੁ ਪਾਇਆ, ਪ੍ਰੇਮ ਸੁਹਾਗਣਿ ਹੋਇ॥ (ਮ:੩/੫੧੦), ਖੇਤੀ ਵਣਜੁ ਸਭੁ ਹੁਕਮੁ ਹੈ, ਹੁਕਮੇ ‘ਮੰਨਿ’ ਵਡਿਆਈ ਰਾਮ॥ (ਮ:੩/੫੬੯), ਸਾਲਾਹਿ ਸਾਚੇ ‘ਮੰਨਿ’ ਸਤਿਗੁਰੁ, ਪੁੰਨ ਦਾਨ ਦਇਆ ਮਤੇ॥’’ (ਮ:੧/੬੮੮) ਆਦਿ।

‘ਮਨਿ’ ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਮਨੁ’ ਹੈ ਜੋ ਗੁਰਬਾਣੀ ’ਚ 1513 ਵਾਰ ਇਉਂ ਦਰਜ ਹੈ ‘‘ਗਾਵਹਿ ਮੋਹਣੀਆ ‘ਮਨੁ’ ਮੋਹਨਿ, ਸੁਰਗਾ ਮਛ ਪਇਆਲੇ॥ (ਜਪੁ/ ਮ:੧) ‘ਮਨੁ’ ਤਨੁ ਮੋਹਿਆ, ਸਹਜਿ ਸੁਭਾਏ॥ (ਮ:੩/੧੧੪), ਇਹੁ ‘ਮਨੁ’ ਮੈਲਾ, ਇਕੁ ਨ ਧਿਆਏ॥ (ਮ:੩/੧੧੬), ਇਹੁ ‘ਮਨੁ’, ਭੂਲਾ ਜਾਂਦਾ ਫੇਰੇ॥’’ (ਮ:੩/੧੧੮) ਆਦਿ। ਜਦ ਇਸ ‘ਮਨੁ’ ਸ਼ਬਦ ਵਿੱਚੋਂ ਗੁਪਤ ਅਰਥ ‘ਵਿੱਚ’ ਲੈਣੇ ਹੋਣ ਤਾਂ ਇਸ ਦੀ ਬਣਤਰ ‘ਮਨਿ’ ਬਣ ਜਾਂਦੀ ਹੈ ਜੋ ਗੁਰਬਾਣੀ ’ਚ 1430 ਵਾਰ ਇਉਂ ਦਰਜ ਹੈ ‘‘ਮੰਨੈ ਸੁਰਤਿ ਹੋਵੈ, ‘ਮਨਿ’ ਬੁਧਿ॥ (ਜਪੁ/ ਮ:੧), ਅੰਤੁ ਨ ਜਾਪੈ, ਕਿਆ ‘ਮਨਿ’ ਮੰਤੁ॥’’ (ਜਪੁ/ ਮ:੧) ਆਦਿ।

‘ਕੋਇ’- ਇਹ ਸ਼ਬਦ ‘ਪੁਰਖ ਵਾਚਕ ਇੱਕ ਵਚਨ ਪੜਨਾਉ’ ਹੈ। ਗੁਰਬਾਣੀ ’ਚ 604 ਵਾਰ ਇਉਂ ਰੂਪਮਾਨ ਹੈ ‘‘ਨਾਨਕ! ਉਤਮੁ ਨੀਚੁ ਨ ‘ਕੋਇ’॥ (ਜਪੁ/ਮ:੧), ਸੁਣਿ, ਵਡਾ ਆਖੈ ਸਭੁ ‘ਕੋਇ’॥ (ਮ:੧), ਗੁਣੁ ਏਹੋ ਹੋਰੁ ਨਾਹੀ ‘ਕੋਇ’॥’’ (ਮ:੧) ਆਦਿ। ਪਰ ਇਸ ਦਾ ਬਹੁ ਵਚਨ ਰੂਪ ‘ਕੇਇ’ ਸ਼ਬਦ ਬਣਤਰ ਹੈ, ਜੋ ਗੁਰਬਾਣੀ ’ਚ 8 ਵਾਰ ਇਉਂ ਦਰਜ ਹੈ ‘‘ਆਖਹਿ ਸਿ ਭਿ ‘ਕੇਈ ਕੇਇ’॥ (ਜਪੁ/ਮ:੧), ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ‘ਕੇਇ’॥ (ਮ:੧/੪੬੯), ਕਹੁ ਨਾਨਕ! ਪਾਵਹਿ ਵਿਰਲੇ ‘ਕੇਇ’॥’’ (ਮ:੧/੧੧੭੦) ਆਦਿ।

ਸੋ, ‘‘ਜੇ ਕੋ, ਮੰਨਿ ਜਾਣੈ ਮਨਿ, ਕੋਇ॥੧੨॥ (ਜਪੁ/ ਮ:੧) ਭਾਵ (ਪਰ ਉਸ ਬਾਰੇ ਕਿਆਸ ਵੀ ਉਹੀ ਲਗਾ ਸਕਦਾ ਹੈ) ਜਿਹੜਾ ਕੋਈ (ਸਵੈ, ਖ਼ੁਦ ਆਪਣੇ) ਮਨ ਵਿੱਚ (ਗੁਰ ਸ਼ਬਦ ਦੀ) ਕਮਾਈ ਕਰਨ ਜਾਣਦਾ ਹੈ ਅਤੇ ਐਸਾ ਕੋਈ ਵਿਰਲਾ ਹੀ ਹੁੰਦਾ ਹੈ, ‘‘ਹੈਨਿ ਵਿਰਲੇ, ਨਾਹੀ ਘਣੇ॥’’ (ਮਹਲਾ ੧/੧੪੧੧)  ਭਾਵ ਗੁਰੂ ਸ਼ਬਦ ਦੀ ਅਸਲ ਕਮਾਈ ਕਿਸ ਨੇ ਕੀਤੀ ਹੈ, ਇਹ ਰਾਜ ਵੀ ਉਹੀ ਜਾਣਦਾ ਹੈ, ਜਿਸ ਨੇ ਖ਼ੁਦ ਗੁਰ ਸ਼ਬਦ ਦੀ ਕਮਾਈ ਕੀਤੀ ਹੋਵੇ। ਅਜਿਹੀਆਂ ਰੂਹਾਂ ਦਾ ਰੂਹਾਨੀਅਤ ਸਬੰਧ ਬਣਿਆ ਹੁੰਦਾ ਹੈ, ਨਾ ਕਿ ਸਰੀਰਕ ਭਾਵ ਦੁਨਿਆਵੀ।