ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ

0
472

ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ

ਡਾ. ਅਮਨਦੀਪ ਸਿੰਘ (ਟੱਲੇਵਾਲੀਆ) ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)-98146-99446

ਭਗਤ ਸਿੰਘ (Bhagat Singh) ਦਾ ਨਾਂਅ ਜ਼ੁਬਾਨ ’ਤੇ ਆਉਂਦਿਆਂ ਹੀ ਸਿਰ ਸ਼ਰਧਾ ਤੇ ਸਤਿਕਾਰ ਨਾਲ ਝੁਕ ਜਾਂਦਾ ਹੈ ਅਤੇ ਮਨ ਅੰਦਰ ਕੁੱਝ ਕਰਨ ਦਾ ਜਜ਼ਬਾ ਉਬਾਲੇ ਮਾਰਨ ਲੱਗ ਜਾਂਦਾ ਹੈ। ਭਗਤ ਸਿੰਘ ਨੌਜਵਾਨ ਪੀੜ੍ਹੀ ਲਈ ਇੱਕ ਆਦਰਸ਼ ਹੈ ਜਿਸ ਦੇ ਪਾਏ ਗਏ ਪੂਰਨਿਆਂ ’ਤੇ ਚੱਲਣਾ ਤਾਂ ਹਰ ਨੌਜਵਾਨ ਚਾਹੁੰਦਾ ਹੈ ਪਰ ਸਿਆਸਤਦਾਨਾਂ ਦੀਆਂ ਗੰਧਲੀਆਂ ਸਿਆਸਤਾਂ ਦਾ ਸ਼ਿਕਾਰ ਹੋ ਕੇ ਟੁੱਟ ਜਾਂਦਾ ਹੈ।

ਭਗਤ ਸਿੰਘ ਜਿੱਥੇ ਜਵਾਨੀ ਪਹਿਰੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਗਿਆ ਉਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕੋਈ ਜਜ਼ਬਾਤੀ ਨੌਜਵਾਨ ਨਹੀਂ ਸੀ, ਜੋ ਸਿਰਫ ਕਿਸੇ ਦੇ ਆਖੇ ਲੱਗ ਕੇ ਮੌਤਾਂ ਦੇ ਢੇਰ ਲਗਾ ਦਿੰਦਾ, ਉਸ ਨੂੰ ਦੇਸ਼ ਭਗਤੀ ਵਿਰਾਸਤ ਵਿੱਚੋਂ ਮਿਲੀ ਸੀ। ਉਹ ਕੋਈ ਅੱਤਵਾਦੀ ਨਹੀਂ ਸੀ ਜੋ ਬੰਬਾਂ ਨਾਲ ਲੋਕਾਂ ਨੂੰ ਉਡਾ ਦਿੰਦਾ, ਉਹ ਬਹੁਤ ਸੂਝਵਾਨ ਅਤੇ ਸੂਖਮ ਬੁੱਧੀ ਦਾ ਮਾਲਕ ਸੀ। ਆਜ਼ਾਦੀ ਉਸ ਦਾ ਮਕਸਦ ਸੀ, ਉਹ ਮੰਜ਼ਲ ਵੱਲ ਕੁੱਦ ਪਿਆ ਸੀ ਗੋਰਿਆਂ ਕੋਲੋਂ ਦੇਸ਼ ਆਜ਼ਾਦ ਕਰਵਾਉਣ ਲਈ, ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਆਜ਼ਾਦੀ ਦਾ ਮੁੱਲ ਇੱਥੋਂ ਦੇ ਘੜੰਮ ਚੌਧਰੀਆਂ ਨੇ ਦੇਸ਼ ਦਾ ਬਟਵਾਰਾ ਕਰਕੇ ਹੀ ਉਤਾਰਨਾ ਹੈ।

ਆਜ਼ਾਦੀ ਦੇ ਪਰਵਾਨੇ ਤਾਂ ਸ਼ਮ੍ਹਾ (ਮੋਮਬੱਤੀ) ’ਤੇ ਸੜ ਕੇ ਹੀ ਸੁਰਖਰੂ ਹੁੰਦੇ ਹਨ ਪਰ ਉਹਨਾਂ ਦੇ ਨਾਂਅ ’ਤੇ ਰੋਟੀਆਂ ਸੇਕਣ ਅਤੇ ਆਪਣੀਆਂ ਕੁਰਸੀਆਂ ਸੰਭਾਲਣ ਵਾਲੇ ਸਿਆਸਤਦਾਨਾਂ ਦੀ ਕੋਈ ਘਾਟ ਨਹੀਂ ਹੁੰਦੀ। ਭਗਤ ਸਿੰਘ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਭਗਤ ਸਿੰਘ ਦੇ ਨਾਂਅ ਦੀ ਵਰਤੋਂ ਵੱਖ-ਵੱਖ ਪਾਰਟੀਆਂ ਦੇ ਨੇਤਾ ਕਰਦੇ ਰਹੇ ਤੇ ਕਰ ਰਹੇ ਹਨ। ਭਗਤ ਸਿੰਘ ਦੇ ਜਨਮ ਦਿਨ ਜਾਂ ਸ਼ਹੀਦੀ ਦਿਵਸ ’ਤੇ ਉਸ ਦੇ ਬੁੱਤਾਂ ’ਤੇ ਹਾਰ ਵੀ ਪਾਉਣਾ ਨਹੀਂ ਭੁੱਲਦੇ ਇਹ ਲੀਡਰ। ਨੌਜਵਾਨ ਪੀੜ੍ਹੀ ਨੂੰ ਸੰਬੋਧਿਤ ਹੁੰਦੇ ਹੋਏ ਇਹ ਲੀਡਰ ਨੌਜਵਾਨਾਂ ਨੂੰ ਭਗਤ ਸਿੰਘ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੇ ਰਹਿੰਦੇ ਹਨ ਪਰ ਅੰਦਰੋਂ ਡਰਦੇ ਹਨ ਕਿ ਅਗਰ ਕੋਈ ਭਗਤ ਸਿੰਘ ਬਣ ਗਿਆ ਤਾਂ………?

ਭਗਤ ਸਿੰਘ ਦੇ ਨਾਂਅ ’ਤੇ ਅਨੇਕਾਂ ਕਲੱਬ, ਸੁਸਾਇਟੀਆਂ ਜਾਂ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹਨ ਜਿੰਨ੍ਹਾਂ ਵਿਚੋਂ ਕੁੱਝ ਕੁ ਨੂੰ ਛੱਡ ਕੇ ਬਾਕੀ ਸਾਰੀਆਂ ਭਗਤ ਸਿੰਘ ਦੀ ਸੋਚ ਦੇ ਉਲਟ ਭੁਗਤ ਰਹੀਆਂ ਹਨ। ਭਗਤ ਸਿੰਘ ਦੇ ਨਾਂਅ ’ਤੇ ਬਣੇ ਸੱਭਿਆਚਾਰਕ ਕਲੱਬ; ਸੱਭਿਆਚਾਰ ਨੂੰ ਛੱਡ ਕੇ ਲੱਚਰਤਾ ਦਾ ਪ੍ਰਚਾਰ ਕਰ ਰਹੇ ਹਨ, ਜੋ ਸ਼ਰੇਆਮ ਭਗਤ ਸਿੰਘ ਦਾ ਜਲੂਸ ਕੱਢਣਾ ਹੈ। ਲੋਕਾਂ ਕੋਲੋਂ ਭਗਤ ਸਿੰਘ ਦੇ ਨਾਂਅ ’ਤੇ ਪੈਸੇ ਬਟੋਰ ਕੇ ਉਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਭਗਤ ਸਿੰਘ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਜਾਂ ਭਗਤ ਸਿੰਘ ਦੀ ਫੋਟੋ ਛਪੀਆਂ ਟੋਪੀਆਂ ਜਾਂ ਉਹ ਦੇ ਵਰਗੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ। ਉਸ ਦੀ ਵਿਚਾਰਧਾਰਾ ਨਾਲ ਜੁੜੇ ਬਿਨਾਂ ਭਗਤ ਸਿੰਘ ਵੱਲੋਂ ਸਿਰਜੇ ਸੁਪਨੇ ਸਾਕਾਰ ਨਹੀਂ ਹੋਣਗੇ। ਜੇਕਰ ਕੋਈ ਨੌਜਵਾਨ ਭਗਤ ਸਿੰਘ ਬਣਨਾ ਚਾਹੁੰਦਾ ਹੈ ਤਾਂ ਭਗਤ ਜੀ ਦੀ ਵਿਚਾਰਧਾਰਾ ਨੂੰ ਅਪਨਾਉਣਾ ਪਵੇਗਾ। ਮਹਿਜ਼ ਭਗਤ ਸਿੰਘ ਜ਼ਿੰਦਾਬਾਦ ਜਾਂ ਭਗਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ; ਕਹਿਣ ਨਾਲ ਨਾ ਤਾਂ ਲੋਕਾਂ ਦਾ ਅਤੇ ਨਾ ਹੀ ਦੇਸ਼ ਦਾ ਕੁੱਝ ਸੰਵਰਨਾ ਹੈ। ਇੱਕ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਭਗਤ ਸਿੰਘ ਇਕੱਲੇ ਪੰਜਾਬੀਆਂ ਦਾ ਹੀ ਨਹੀਂ ਸਗੋਂ ਹਿੰਦੋਸਤਾਨੀਆਂ ਲਈ ਵੀ ਇੱਕ ਮਾਣ-ਸਤਿਕਾਰ ਦਾ ਪਾਤਰ ਹੈ, ਉਸ ਨੂੰ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਕਰਨਾ ਚਾਹੀਦਾ। ਭਗਤ ਸਿੰਘ ਨੂੰ ਸੰਧੂ ਜੱਟ ਆਖ ਕੇ ਸਿਰਫ ਇੱਕ ਤਬਕੇ ਤੱਕ ਸੀਮਤ ਕਰਨ ਦੀਆਂ ਸੌੜੀਆਂ ਸੋਚਾਂ ਉਸ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਵਿੱਚ ਸਹਾਈ ਨਹੀਂ ਹੁੰਦੀਆਂ। ਉਹ ਸ਼ਹੀਦ ਹੈ ਪਰ ਕਈ ਮਹਾਂਪੁਰਸ਼ ਉਸ ਨੂੰ ਸ਼ਹੀਦ ਮੰਨਣ ਤੋਂ ਵੀ ਇਨਕਾਰੀ ਹੋ ਕੇ ਆਪਣੇ ਸੌੜੀ ਸੋਚ ਦਾ ਸਬੂਤ ਦਿੰਦੇ ਹਨ। ਇਹ ਗੱਲ ਕਹਿਣ ਵਿੱਚ ਵੀ ਕੋਈ ਹਰਜ਼ ਨਹੀਂ ਕਿ ਜਿੰਨੀ ਦੁਰਵਰਤੋਂ ਕਾਮਰੇਡਾਂ ਨੇ ਭਗਤ ਸਿੰਘ ਦੀ ਕੀਤੀ ਓਨੀ ਸ਼ਾਇਦ ਕਿਸੇ ਨਾ ਕੀਤੀ ਹੋਵੇ, ਭਗਤ ਸਿੰਘ ਦੀ ਸੋਚ ਦੇ ਹੋਰ ਪਹਿਲੂਆਂ ਨੂੰ ਛੱਡ ਕੇ ਉਸ ਨੂੰ ਸਿਰਫ ਰੱਬ ਨੂੰ ਨਾ ਮੰਨਣ ਵਾਲਾ ਆਖ-ਆਖ ਕੇ; ਨਾਲੇ ਤਾਂ ਕਾਮਰੇਡ ਆਪ ਲੋਕਾਂ ਤੋਂ ਦੂਰ ਹੋ ਗਏ, ਨਾਲੇ ਆਮ ਲੋਕਾਂ ਕੋਲੋਂ ਭਗਤ ਸਿੰਘ ਨੂੰ ਖੋਹ ਲਿਆ। ਭਗਤ ਸਿੰਘ ਆਮ ਲੋਕਾਂ ਦਾ ਨੇਤਾ ਸੀ, ਆਮ ਲੋਕ ਰੱਬ ਵਿੱਚ ਜਾਂ ਧਰਮ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਇਉਂ ਲੱਗਦਾ ਹੈ ਕਿ ਜਿਵੇਂ ਕਿਸੇ ਸੋਚੀ ਸਮਝੀ ਚਾਲ ਤਹਿਤ ਇਹ ਵਾਰ-ਵਾਰ ਕਹਾਇਆ ਜਾ ਰਿਹਾ ਹੋਵੇ ਕਿ ਭਗਤ ਸਿੰਘ ਰੱਬ ਨੂੰ ਨਹੀਂ ਸੀ ਮੰਨਦਾ। ਇਸ ਦਾ ਸਿੱਧਾ ਕਾਰਨ ਭਗਤ ਸਿੰਘ ਨੂੰ ਲੋਕਾਂ ਨਾਲੋਂ ਤੋੜਨਾ ਹੀ ਬਣਦਾ ਹੈ ਤਾਂ ਕਿ ਲੋਕ ਭਗਤ ਸਿੰਘ ਨੂੰ ਭੁੱਲ ਜਾਣ ਅਤੇ ਲੋਕਾਂ ਦੀ ਜ਼ੁਬਾਨ ’ਤੇ ਸਿਰਫ਼ ਇਹ ਗੱਲ ਹੀ ਰਹਿ ਜਾਵੇ ਕਿ ਭਗਤ ਸਿੰਘ ਤਾਂ ਨਾਸਤਕ ਸੀ ਤੇ ਰੱਬ ਨੂੰ ਮੰਨਣ ਵਾਲ਼ੇ ਭਗਤ ਸਿੰਘ ਵਾਂਗ ਦੇਸ਼ ਲਈ ਸ਼ਹੀਦ ਨਹੀਂ ਹੋ ਸਕਦੇ। ਭਗਤ ਸਿੰਘ ਬੇਸ਼ੱਕ ਨਾਸਤਕ ਸੀ ਪਰ ਉਹ ਆਮ ਲੋਕਾਂ ਲਈ ਲੜਿਆ, ਮਰਿਆ ਸ਼ਹੀਦ ਹੋਇਆ ਤੇ ਆਮ ਲੋਕਾਂ ਨੂੰ ਭਗਤ ਸਿੰਘ ਦਾ ਜਨਮ ਦਿਨ, ਸ਼ਹੀਦੀ ਦਿਵਸ ਮਨਾਉਣ ਲੱਗਿਆਂ ਕੋਈ ਹਿਚਕਿਚਾਹਟ ਮਹਿਸੂਸ ਨਹੀਂ ਹੋਣੀ ਚਾਹੀਦੀ।

ਭਗਤ ਸਿੰਘ ਦੀ ਜਨਮ ਸ਼ਤਾਬਦੀ ਦੇ ਮੌਕੇ ਮੇਰੇ ਰਾਜਸਥਾਨ ’ਚ ਰਹਿੰਦੇ ਮਿੱਤਰਾਂ-ਯਾਰਾਂ ਨੇ ਰਲ਼ ਕੇ ਫ਼ੈਸਲਾ ਕੀਤਾ ਕਿ ਭਗਤ ਸਿੰਘ ਦਾ ‘ਜਨਮ ਦਿਹਾੜਾ’ ਗੁਰਦੁਆਰਾ ਸਾਹਿਬ ’ਚ ਮਨਾਇਆ ਜਾਵੇ ਤਾਂ ਕਿ ਆਮ ਸੰਗਤ ਨੂੰ ਵੀ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਗਿਆਨ ਹੋ ਸਕੇ। ਬੱਸ ਗੁਰਦੁਆਰੇ ਦਾ ਨਾਂਅ ਲੈਣ ਦੀ ਲੋੜ ਸੀ ਕਿ ਕਈ ਕਾਮਰੇਡ ਸੱਜਣ ਚਿੜ ਗਏ, ਹੁਣ ਤੁਸੀਂ ਭਗਤ ਸਿੰਘ ਨੂੰ ਗੁਰਦੁਆਰੇ ’ਚ ਵਾੜੋਗੇ। ਬੱਸ ਘਾਟ ਇਹੀ ਕਿ ਜਿੰਨਾ ਚਿਰ ਭਗਤ ਸਿੰਘ ਗੁਰਦੁਆਰੇ ਵਿੱਚ ਨਹੀਂ ਵੜਦਾ ਉਨ੍ਹਾਂ ਚਿਰ ਉਹ ਆਮ ਲੋਕਾਂ ਤੋਂ ਦੂਰ ਹੀ ਰਹੇਗਾ ਅਤੇ ਇਹੀ ਸਰਕਾਰਾਂ ਚਾਹੁੰਦੀਆਂ ਹਨ। ਜੇਕਰ ਗਦਰੀ ਬਾਬੇ ਆਪਣੇ ਫ਼ੈਸਲੇ ਅਰਦਾਸ ਕਰਕੇ ਗੁਰਦੁਆਰਿਆਂ ਵਿੱਚ ਬਹਿ ਕੇ ਲੈ ਸਕਦੇ ਸਨ ਤਾਂ ਕੀ ਭਗਤ ਸਿੰਘ ਜਾਂ ਹੋਰ ਸ਼ਹੀਦਾਂ ਦੇ ਜਨਮ ਦਿਨ ਸ਼ਹੀਦੀ ਦਿਨ ਵੀ ਗੁਰੂ ਘਰਾਂ ’ਚ ਨਹੀਂ ਮਨਾਏ ਜਾ ਸਕਦੇ। ਬੱਸ, ਸੋਚ ਨੂੰ ਬਦਲਣ ਦੀ ਲੋੜ ਹੈ ਅਤੇ ਵੱਡੇ ਲੋਕਾਂ ਕੋਲੋਂ ਭਗਤ ਸਿੰਘ ਨੂੰ ਖੋਹ ਕੇ, ਆਮ ਲੋਕਾਂ ਵਿੱਚ ਵਾੜਨ ਦੀ ਲੋੜ ਹੈ ਤਾਂ ਹੀ ਸ਼ਹੀਦ ਵੱਲੋਂ ਸਿਰਜੇ ਗਏ ਸੁਪਨੇ ਸਾਕਾਰ ਹੋ ਸਕਦੇ ਹਨ।

ਪਿਛਲੇ ਸਮੇਂ ਵਿੱਚ ਭਗਤ ਸਿੰਘ ਦਾ ਟੋਪੀ ਵਾਲਾ ਪੋਸਟਰ ਮਸ਼ਹੂਰ ਹੋਇਆ ਸੀ। ਫਿਰ ਭਗਤ ਸਿੰਘ ਦੇ ਹੱਥ ’ਚ ਪਿਸਤੌਲ ਵਾਲੀ ਫੋਟੋ ਘਰ-ਘਰ ਦਾ ਸ਼ਿੰਗਾਰ ਬਣੀ। ਜਿਸ ’ਚੋਂ ਭਗਤ ਸਿੰਘ ਦੀ ਵਿਚਾਰਧਾਰਾ ਖਤਮ ਕਰਕੇ ਉਸ ਨੂੰ ਸਿਰਫ਼ ਇੱਕ ਦਹਿਸ਼ਤਵਾਦੀ ਬਣਾ ਦਿੱਤਾ। ਭਗਤ ਸਿੰਘ ਦੀ ਹਵਾਲਾਤ ’ਚ ਬਾਣ ਦੇ ਮੰਜੇ ’ਤੇ ਬੈਠੇ ਹੋਏ ਦੀ ਫੋਟੋ, ਜੋ ਬਗਾਵਤ ਦਾ ਸਬੂਤ ਦਿੰਦੀ ਹੈ, ਉੱਤੇ ਸਮੇਂ ਦੇ ਹਾਕਮਾਂ ਨੇ ਲੱਗਦੈ ਪਾਬੰਦੀ ਲਾ ਦਿੱਤੀ ਹੈ, ਜੋ ਕਿ ਅੱਜ ਕੱਲ੍ਹ ਘੱਟ ਹੀ ਦੇਖਣ ਨੂੰ ਮਿਲਦੀ ਹੈ। ਹੁਣ ਤਾਂ ਭਗਤ ਸਿੰਘ ਨੂੰ ਅਜਿਹੇ ਸਾਂਚਿਆਂ ’ਚ ਢਾਲਿਆ ਜਾ ਰਿਹਾ ਹੈ ਕਿ ਉਸ ਦੀ ਸਮੁੱਚੀ ਵਿਚਾਰਧਾਰਾ ਤੋਂ ਹਟ ਕੇ, ਕੇਵਲ ‘ਹੱਟ ਪਿਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ’ ਵਰਗੇ ਗੀਤਾਂ ਦੀਆਂ ਲਾਈਨਾਂ ਛਾਪ ਕੇ ਭਗਤ ਸਿੰਘ ਦੀ ਫੋਟੋ ਬਾਜ਼ਾਰ ਵਿੱਚ ਵਿਕ ਰਹੀ ਹੈ। ਇਉਂ ਲੱਗਦੈ ਜਿਵੇਂ ਸਿਆਸਤ ਦੀਆਂ ਡੂੰਘੀਆਂ ਚਾਲਾਂ ਨੇ ਭਗਤ ਸਿੰਘ ਨੂੰ ਮੁੱਛਾਂ ਨੂੰ ਤਾਅ ਦੇਣ ਵਾਲਾ ਇੱਕ ਜਗੀਰਦਾਰ ਬਣਾ ਦਿੱਤਾ ਹੈ ਜਿਸ ਨੂੰ ਸਿਰਫ ਆਪਣੀ ਮੁੱਛ ਦਾ ਹੀ ਫਿਕਰ ਹੈ, ਪਰ ਕਿਉਂ ਨਹੀਂ ਭਗਤ ਸਿੰਘ ਦੀ ਸੋਚ ਨਾਲ ਜੁੜੀਆਂ ਉਸ ਦੀਆਂ ਵਿਚਾਰਧਾਰਾ ’ਚੋਂ ਪੈਦਾ ਹੋਈਆਂ ਚਾਰ ਸਤਰਾਂ ਲਿਖ ਕੇ ਕੋਈ ਫੋਟੋ ਬਾਜ਼ਾਰ ਵਿੱਚ ਆਉਂਦੀ ? ਸਾਡੇ ਨੌਜਵਾਨ ਮੁੱਛ ਦੇ ਸਵਾਲ ਨੂੰ ਹੀ ਇਨਕਲਾਬ ਮੰਨੀ ਬੈਠੇ ਹਨ।