ਜੈਤੋ ਦਾ ਮੋਰਚਾ ਅਤੇ ਸਿੱਖ ਸਿਰਮੌਰ ਸੰਸਥਾਵਾਂ ਦੀ ਭੂਮਿਕਾ

0
809

ਜੈਤੋ ਦਾ ਮੋਰਚਾ ਅਤੇ ਸਿੱਖ ਸਿਰਮੌਰ ਸੰਸਥਾਵਾਂ ਦੀ ਭੂਮਿਕਾ

             ਗਿਆਨੀ ਅਵਤਾਰ ਸਿੰਘ

14 ਸਤੰਬਰ 1923 ਤੋਂ 21 ਜੁਲਾਈ 1925 ਤੱਕ ਵਾਪਰੇ ‘ਜੈਤੋ ਦੇ ਮੋਰਚੇ’ ਦੇ ਕੁਝ ਪਿਛੋਕੜ ਤੱਥ ਜਾਣ ਕੇ ਹੀ ਸਿੱਖਾਂ ਦੀ ਇਸ ਵਿੱਚ ਭੂਮਿਕਾ ਸਪਸ਼ਟ ਹੁੰਦੀ ਹੈ ਕਿਉਂਕਿ ਤਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਵਜੂਦ ’ਚ ਆ ਚੁੱਕੇ ਹਨ।

ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਲਗਭਗ ਇੱਕ ਦਹਾਕੇ ਵਿੱਚ ਹੀ ਸਿੰਘਾਂ ਹੱਥੋਂ ਸਾਰਾ ਰਾਜ-ਭਾਗ ਚੱਲਿਆ ਗਿਆ ਤੇ 1849 ਈ: ਨੂੰ ਅੰਗ੍ਰੇਜ਼ਾਂ ਨੇ ਪੂਰੇ ਪੰਜਾਬ ’ਤੇ ਕਬਜ਼ਾ ਕਰ ਲਿਆ।  ਅੰਗ੍ਰੇਜ਼ ਭਲੀਭਾਂਤ ਜਾਣਦੇ ਸਨ ਕਿ ਉਹ ਕੇਵਲ ਧੱਕੇ ਨਾਲ ਸਿੱਖਾਂ ਨੂੰ ਬਹੁਤਾ ਚਿਰ ਆਪਣੇ ਅਧੀਨ ਨਹੀਂ ਰੱਖ ਸਕਦੇ। ਉਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖ਼ਲ-ਅੰਦਾਜ਼ੀ ਕਰਨੀ ਸ਼ੁਰੂ ਕੀਤੀ ਤਾਂ ਜੋ ਸਿੱਖ ਆਪਣੇ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਨੂੰ ਭੁੱਲ ਜਾਣ। ਅੰਗ੍ਰੇਜ਼ ਸਰਕਾਰ ਅਸਿੱਧੇ ਢੰਗ ਨਾਲ ਸਿੱਖਾਂ ਨੂੰ ਗੁਲਾਮ ਬਣਾਈ ਰੱਖਣਾ ਚਾਹੁੰਦੀ ਸੀ।

ਬ੍ਰਿਟਿਸ਼ ਸਰਕਾਰ ਨੇ ਦਿੱਲੀ ’ਚ ਵਾਇਸਰਾਇ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਲਈ ਭਾਵੇਂ 14 ਜਨਵਰੀ 1914 ਨੂੰ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਪਰ ਫਿਰ ਵੀ ਉਹ ਆਪਣੇ ਮਕਸਦ ’ਚ ਕਾਮਯਾਬ ਨਾ ਹੋ ਸਕੀ। ਇਹ ਮਸਲਾ ਜੁਲਾਈ-ਅਗਸਤ 1920 ਨੂੰ ਮੁੜ ਗਰਮਾਇਆ, ਇਸ ਨੇ ਸਿੱਖਾਂ ਨੂੰ ਮੁੜ ਸੰਗਠਿਤ ਹੋਣ ਲਈ ਪ੍ਰੇਰਿਆ।  12 ਅਕਤੂਬਰ 1920 ਨੂੰ ਸਿੱਖ; ਅਕਾਲ ਤਖ਼ਤ ਸਾਹਿਬ ’ਤੇ ਕਾਬਜ਼ ਹੋ ਗਏ ਸਨ।  15 ਨਵੰਬਰ 1920 ਨੂੰ ਸਰਬੱਤ ਖ਼ਾਲਸਾ ਬੁਲਾਇਆ ਗਿਆ, ਜਿਸ ਵਿੱਚ 8000 ਹਜ਼ਾਰ ਸੰਗਤ ਪਹੁੰਚੀ।  ਸੰਗਤਾਂ ’ਚ ਫ਼ੈਸਲਾ ਹੋਇਆ ਕਿ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਤੋਂ ਛੁਡਵਾ ਕੇ ਆਪਣੇ ਹੱਥ ’ਚ ਲੈਣਾ ਹੈ, ਇਸ ਲਈ 72 ਮੈਂਬਰੀ ਕਮੇਟੀ ਬਣਾਈ ਗਈ, ਜਿਸ ਦਾ ਨਾਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਗਿਆ। ਦੂਜੇ ਪਾਸੇ ਅੰਗ੍ਰੇਜ਼ ਸਰਕਾਰ ਵੀ ਕਦੋਂ ਸ਼ਾਂਤ ਰਹਿਣ ਵਾਲੀ ਸੀ ਉਸ ਨੇ ਇਸ 15 ਨਵੰਬਰ ਦੀ ਇਕੱਤਰਤਾ ਨੂੰ ਅਸਫਲ ਕਰਨ ਲਈ ਜਿੱਥੇ ਦੋ ਦਿਨ ਪਹਿਲਾਂ 13 ਨਵੰਬਰ 1920 ਨੂੰ ਮਹਾਰਾਜ ਭੁਪਿੰਦਰ ਸਿੰਘ (ਪਟਿਆਲਾ) ਅਤੇ ਸੁੰਦਰ ਸਿੰਘ ਮਜੀਠੀਆ ਆਦਿ ਦੀ ਅਗਵਾਈ ’ਚ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ 36 ਮੈਂਬਰੀ ਕਮੇਟੀ ਬਣਾ ਦਿੱਤੀ, ਓਥੇ ਆਪਣੇ ਚਹੇਤਿਆਂ (ਸ਼ਿਵਦੇਵ ਰਈਸ ਸਿਆਲਕੋਟ ਅਤੇ ਮੰਗਲ ਸਿੰਘ ਨਾਮਧਾਰੀ ਆਦਿ) ਨੂੰ 15 ਨਵੰਬਰ ਦੇ ਪੰਥਕ ਇਕੱਠ ’ਚ ਭੇਜਿਆ ਤਾਂ ਜੋ 36 ਮੈਂਬਰੀ ਸਰਕਾਰੀ ਕਮੇਟੀ ਦੇ ਹੱਕ ’ਚ ਮਾਹੌਲ ਬਣ ਸਕੇ, ਪਰ ਜਾਗਰੂਕ ਸਿੱਖ ਆਗੂ ਅਤੇ ਸੰਗਤਾਂ ਨੇ ਇਹ ਦਾਲ਼ ਨਾ ਗਲ਼ਨ ਦਿੱਤੀ।

ਨਵੀਂ ਬਣੀ ਸ਼੍ਰੋਮਣੀ ਕਮੇਟੀ ਤੋਂ 2 ਕੁ ਦਿਨ ਬਾਅਦ 18 ਨਵੰਬਰ 1920 ਨੂੰ ਗੁਰਦੁਆਰਾ ਪੰਜਾ ਸਾਹਿਬ ਦਾ ਮਹੰਤ ਮਿੱਠਾ ਸਿੰਹ ਮਰ ਗਿਆ, ਇਸ ਤੋਂ ਪਹਿਲਾਂ ਕਿ ਸਰਕਾਰ ਓਥੇ ਕਿਸੇ ਹੋਰ ਮਹੰਤ ਨੂੰ ਨਿਯੁਕਤ ਕਰਦੀ, ਸ. ਕਰਤਾਰ ਸਿੰਘ ਝੱਬਰ ਦੀ ਅਗਵਾਈ ’ਚ ਕੁਝ ਸਿੱਖ ਸੰਗਤ ਨੇ ਓਥੇ ਕਬਜ਼ਾ ਕਰ ਲਿਆ ਭਾਵੇਂ ਕਿ ਇਸ ਦਾ ਵਿਰੋਧ ਵੀ ਹੋਇਆ ਕਿਉਂਕਿ ਮਹੰਤ ਦੇ ਭਰਾ ਸੰਤ ਸਿੰਹ ਨੇ 60 ਕੁ ਬਦਮਾਸ਼ ਅਤੇ ਮਹੰਤ ਦੀ ਵਿਧਵਾ ਨੇ ਕਈ ਔਰਤਾਂ ਇਕੱਠੀਆਂ ਕਰ ਰੱਖੀਆਂ ਸਨ। ਇੱਥੇ ਇਹ ਗੱਲ ਸਾਹਮਣੇ ਆਈ ਕਿ ਇੱਕ ਸੰਘਰਸ਼ਮਈ ਸਿੱਖ ਜਥੇਬੰਦੀ ਹੋਵੇ ਤਾਂ ਜੋ ਲੋੜ ਪੈਣ ’ਤੇ ਬੁਲਾਈ ਜਾ ਸਕੇ।  26 ਨਵੰਬਰ 1920 ਨੂੰ 50 ਸਿੰਘ ਇਸ ਜਥੇਬੰਦੀ ’ਚ ਸ਼ਾਮਲ ਹੋਏ ਅਤੇ ਇਸ ਦਾ ਨਾਂ ‘ਅਕਾਲੀ ਫ਼ੌਜ’ ਰੱਖਿਆ ਗਿਆ। ਇਨ੍ਹਾਂ ਲਈ ਗਿਆਨੀ ਸ਼ੇਰ ਸਿੰਘ ਨੇ 1000 ਰੁਪਏ ਨਕਦ ਅਤੇ 4000 ਰੁਪਏ ਇਕਰਾਰੀ ਫੰਡ ਵਜੋਂ ਇਕੱਠੇ ਕੀਤੇ।  23 ਜਨਵਰੀ 1921 ਨੂੰ ਅਕਾਲ ਤਖ਼ਤ ਸਾਹਿਬ ’ਤੇ ਸੰਗਤੀ ਇਕੱਠ ਬੁਲਾਇਆ ਗਿਆ।  ‘ਅਕਾਲੀ ਫ਼ੌਜ, ਗੁਰਦੁਆਰਾ ਸੇਵਕ ਜਥਾ’ ਆਦਿ ਨਾਂ ਨਾਲ ਪ੍ਰਸਿੱਧ ਜਥੇਬੰਦੀਆਂ ਨੂੰ ਇੱਕ ਸਾਂਝਾ ਨਾਂ ‘ਅਕਾਲੀ ਦਲ’ ਦਿੱਤਾ ਗਿਆ। ਇਸ ਦੀ ਪਹਿਲੀ ਚੋਣ ਕੀਤੀ ਗਈ ਅਤੇ ਪਹਿਲਾ ਜਥੇਦਾਰ ਸ. ਸਰਮੁਖ ਸਿੰਘ ਝਬਾਲ ਨੂੰ ਥਾਪਿਆ ਗਿਆ।  29 ਮਾਰਚ 1922 ਨੂੰ ਇੱਕ ਵਾਰ ਫਿਰ ‘ਅਕਾਲੀ ਦਲ’ ਨੂੰ ਨਵਾਂ ਨਾਂ ‘ਸ਼੍ਰੋਮਣੀ ਅਕਾਲੀ ਦਲ’ ਦਿੱਤਾ ਗਿਆ।

ਮਹਾਤਮਾ ਗਾਂਧੀ ਗੁਰਦੁਆਰਿਆਂ ’ਤੇ ਇਸ ਤਰ੍ਹਾਂ ਕਬਜ਼ਾ ਕਰਨ ਦੇ ਵਿਰੁੱਧ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਗੁਰਦੁਆਰਾ ਸੁਧਾਰ ਤੋਂ ਪਹਿਲਾਂ ਹਿੰਦੋਸਤਾਨ ਰੂਪੀ ਵੱਡੇ ਗੁਰਦੁਆਰੇ ਨੂੰ ਸੁਧਾਰਿਆ ਜਾਵੇ (ਯਾਨਿ ਅੰਗ੍ਰੇਜ਼ਾਂ ਨੂੰ ਕੱਢਿਆ ਜਾਵੇ), ਪਰ ਸੂਝਵਾਨ ਸਿੱਖ ਸਮਝਦੇ ਸਨ ਕਿ ਅੰਗ੍ਰੇਜ਼ਾਂ ਨਾਲ ਸਿੱਖਾਂ ਦਾ ਸਿਆਸੀ ਟਕਰਾਅ ਹੈ ਜਦਕਿ ਹਿੰਦੂ ਰਾਜ ਵਿੱਚ ਸਿਧਾਂਤਕ ਟਕਰਾਅ ਹੋਵੇਗਾ ਜਿੱਥੇ ਸੰਗਤ ਲਈ ਸਰਕਾਰੀ ਮਹੰਤ ਪਹਿਚਾਨਣੇ ਮੁਸ਼ਕਲ ਹੋਣਗੇ। ਇਹੀ ਸੁਝਾਅ ਗਾਂਧੀ ਨੇ ਜੈਤੋ ਦੇ ਮੋਰਚੇ ਸਮੇਂ 1924 ਵਿੱਚ ਅਤੇ ਫ਼ਰਵਰੀ 1925 ਵਿੱਚ ਅਕਾਲ ਤਖ਼ਤ ’ਤੇ ਇਕੱਤਰ ਹੋਈ ਸੰਗਤਾਂ ’ਚ ਪਹੁੰਚ ਕੇ ਦਿੱਤਾ। ਇਸ ਦਾ ਜਵਾਬ ਖਾੜਕੂ ਪੰਜਾਬੀ ਅਖ਼ਬਾਰ ‘ਬਬਰ ਸ਼ੇਰ’ ਨੇ 4 ਮਾਰਚ 1925 ਨੂੰ ਸਿਰਲੇਖ ‘ਮਹਾਤਮਾ ਗਾਂਧੀ ਪਾਗਲ ਹੋ ਗਿਆ’ ਲਿਖ ਕੇ ਦਿੱਤਾ।

25 ਜਨਵਰੀ 1921 ਨੂੰ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ’ਚ ਗਏ 40 ਸਿੰਘਾਂ ਨੇ ਗੁਰਦੁਆਰਾ ਤਰਨ ਤਾਰਨ ਦੇ ਕੁਕਰਮੀ ਮਹੰਤਾਂ ਤੋਂ ਕਬਜ਼ਾ ਲੈ ਲਿਆ ਭਾਵੇਂ ਕਿ ਇਸ ਸੰਘਰਸ਼ ਵਿੱਚ 2 ਸਿੰਘ (ਬਾਬਾ ਬਘੇਲ ਸਿੰਘ ਦੇ ਵੰਸ਼ਜ ਹਜ਼ਾਰਾ ਸਿੰਘ ਅਲਾਦੀਨਪੁਰ ਤੇ ਹੁਕਮ ਸਿੰਘ ਵਜਾਊਕੋਟ) ਸ਼ਹੀਦ ਹੋ ਗਏ ਤੇ ਕਈ ਸਿੰਘ ਜ਼ਖ਼ਮੀ ਹੋਏ।

ਗੁਰਦੁਆਰਾ ਨਾਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦੇ ਕੁਕਰਮਾਂ ਦੀ ਖ਼ਬਰ ਸਿੱਖ ਸੰਗਤਾਂ ਨੂੰ ਮਿਲ ਰਹੀ ਸੀ, ਜਿਸ ਦੀ ਮਦਦ ਅੰਗ੍ਰੇਜ਼ ਸਰਕਾਰ ਅਤੇ ਖੇਮ ਸਿੰਘ ਬੇਦੀ ਦੇ ਭਤੀਜੇ ਕਰਤਾਰ ਸਿੰਘ ਬੇਦੀ ਸਮੇਤ 53 ਮਹੰਤ ਸੰਗਠਨ ਕਰ ਰਹੇ ਸਨ। ਭਾਈ ਲਛਮਣ ਸਿੰਘ ਦੀ ਅਗਵਾਈ ’ਚ ਗਏ 150 ਸਿੱਖਾਂ ਦੇ ਜਥੇ ਦੀ 20 ਫ਼ਰਵਰੀ 1921 ਨੂੰ ਹੋਈ ਦਰਦਨਾਕ ਸ਼ਹੀਦੀ ਉਪਰੰਤ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਨੇ ਆਪਣੇ ਅੰਦਰ ਕਰ ਲਿਆ।

ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 12 ਅਕਤੂਬਰ 1920 ਨੂੰ ਹੀ ਅਕਾਲ ਤਖ਼ਤ ਸਾਹਿਬ ’ਤੇ ਕਾਬਜ਼ ਹੋ ਚੁੱਕੀ ਸੀ, ਪਰ ਤੋਸ਼ੇਖ਼ਾਨੇ (ਗੋਲਕ) ਨੂੰ ਸਰਕਾਰ ਆਪਣੇ ਕੋਲ ਰੱਖਣਾ ਚਾਹੁੰਦੀ ਸੀ। ਇਸ ਦੀਆਂ ਚਾਬੀਆਂ ਸਰਕਾਰ ਨੇ ਆਪਣੇ ਚਹੇਤੇ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਦੇ ਰੱਖੀਆਂ ਸਨ, ਪਰ ਸਿੱਖ ਸੰਗਤ ਦੇ ਵਧਦੇ ਦਬਾਅ ਕਾਰਨ ਉਸ ਨੇ ਆਪ ਹੀ ਸਰਕਾਰ ਨੂੰ ਚਾਬੀਆਂ ਵਾਪਲ ਲੈਣ ਲਈ ਕਹਿ ਦਿੱਤਾ ਤੇ ਉਹ 7 ਨਵੰਬਰ 1921 ਨੂੰ ਚਾਬੀਆਂ ਲੈ ਗਈ।  ਸਰਕਾਰ ਨਾਲ ਇਹ ਸੰਘਰਸ਼ ਲਗਭਗ ਢਾਈ ਮਹੀਨੇ ਚੱਲਿਆ। ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਜਥੇਦਾਰ ਰਿਹਾ ਕਰ ਦਿੱਤੇ ਗਏ, ਜੋ ਜਲੂਸ ਦੀ ਸਕਲ ’ਚ ਅਕਾਲ ਤਖ਼ਤ ’ਤੇ ਪੁੱਜੇ, ਜਿੱਥੇ ਦੋ ਦਿਨ ਬਾਅਦ 19 ਜਨਵਰੀ 1922 ਨੂੰ ਸਰਕਾਰੀ ਨੁਮਾਇੰਦੇ ਨੇ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਬਾਬਾ ਖੜਕ ਸਿੰਘ ਨੂੰ ਤੋਸ਼ੇਖ਼ਾਨੇ ਦੀਆਂ ਚਾਬੀਆਂ ਸੌਂਪ ਦਿੱਤੀਆਂ। ਇਹ ਮੁਹਿੰਮ ’ਚ ਕੁਝ ਹਿੰਦੂ ਨੇਤਾ ਵੀ ਸਨ; ਜਿਵੇਂ ਕਿ ਪੰਡਿਤ ਦੀਨਾ ਨਾਥ ਜੀ। ਸਰਕਾਰ; ਸਿੱਖਾਂ ਅਤੇ ਹਿੰਦੂਆਂ ਨੂੰ ਪਾੜਣਾ ਚਾਹੁੰਦੀ ਸੀ, ਉਸ ਨੇ 8 ਮਾਰਚ 1922 ਨੂੰ ਦਰਬਾਰ ਸਾਹਿਬ ਦੀ ਨਕਲ ’ਤੇ ਦੁਰਗਿਆਣਾ ਮੰਦਿਰ ਬਣਾਉਣ ਦੀ ਨੀਂਹ ਰੱਖ ਦਿੱਤੀ ਤਾਂ ਕਿ ਇਹ ਆਪਸ ਵਿੱਚ ਲੜਨ।

(ਨੋਟ: ਬਰਤਾਨਵੀ ਸਰਕਾਰ ’ਚ ਪੰਜਾਬ ਦੇ ਕਰਿਮੀਨਲ ਇਨਵੈਸਟੀਗੈਸ਼ਨ ਡਿਪਾਰਟਮੈਂਟ (ਸੀ. ਆਈ. ਡੀ.) ਦੇ ਐਸ ਪੀ (ਸਿਆਸੀ) ਵੀ. ਡਬਲਯੂ ਸਮਿੱਥ ਨੇ ਇੱਕ ਗੁਪਤ ਰਿਪੋਰਟ 22 ਫ਼ਰਵਰੀ 1922 ਨੂੰ ਵਾਇਸਰਾਇ ਨੂੰ ਭੇਜੀ, ਇਸ ਵਿੱਚ ਜਰਾਇਮ ਪੇਸ਼ਾ ਕਹੀ ਜਾਂਦੀ ਅਕਾਲੀ ਲਹਿਰ ਅਤੇ ਗਾਂਧੀ ਅੰਦੋਲਨ ਨੂੰ ਕੁਝ ਇਉਂ ਪੇਸ਼ ਕੀਤਾ ਹੈ: (1). ਅਕਾਲੀ ਵੇਖਣ ਨੂੰ ਭਾਵੇਂ ਗ਼ਰਮ ਦਲੀਏ ਜਾਪਦੇ ਹਨ, ਪਰ ਉਹ ਨੁਕਸਾਨਹੀਣ ਸਨ (ਭਾਵ ਸਿੱਖ; ਕ੍ਰਿਪਾਨਧਾਰੀ ਹੋ ਕੇ ਵੀ ਨੁਕਸਾਨ ਨਹੀਂ ਕਰਦੇ)। (2). ਅਕਾਲੀ ਲਹਿਰ; ਗਾਂਧੀ ਦੀ ਸਿਵਲ ਨਾਫ਼ੁਰਮਾਨੀ ਨਾਲੋਂ ਵੱਡੀ ਫ਼ਿਕਰ ਵਾਲੀ ਗੱਲ ਹੈ ਕਿਉਂਕਿ ਗਾਂਧੀ ਦੇ ਪ੍ਰਚਾਰ ਦਾ ਅਸਰ ਸ਼ਹਿਰੀ ਜਨਤਾ ’ਤੇ ਹੈ, ਜਿਨ੍ਹਾਂ ਕੋਲ ਸਰੀਰਕ ਹੌਂਸਲਾ ਅਤੇ ਪੁਲਿਸ ਦੇ ਛੋਟੇ ਜਿਹੇ ਦਸਤੇ ਦਾ ਵੀ ਕਾਮਯਾਬੀ ਨਾਲ ਮੁਕਾਬਲ ਕਰਨ ਦੀ ਘਾਟ ਹੈ।  ਦੂਸਰੇ ਪਾਸੇ ਅਕਾਲੀ ਲਹਿਰ ਬਿਲਕੁਲ ਪੇਂਡੂ ਲਹਿਰ ਹੈ ਅਤੇ ਇਸ ਦੇ ਹਿੱਸੇਦਾਰ ਉਹ ਹਨ, ਜਿਨ੍ਹਾਂ ਦਾ ਤਕੜਾ ਜਿਸਮ ਅਤੇ ਇਕ ਕੌਂਮੀ ਤਵਾਰੀਖ਼ ਹੈ।)

ਪੰਜਵੇਂ ਅਤੇ ਨਾਵੇਂ ਪਾਤਿਸ਼ਾਹ ਦੀ ਯਾਦ ’ਚ ਬਣੇ ਗੁਰਦੁਆਰਾ ਗੁਰੂ ਕਾ ਬਾਗ਼ ਦਾ ਮਹੰਤ ਸੁੰਦਰ ਦਾਸ ਵੀ ਸਰਕਾਰ ਤੇ ਕੁਝ ਮਹੰਤਾਂ ਦੀ ਸ਼ਹਿ ’ਤੇ ਅਪਰਾਧੀ ਬਣ ਚੁੱਕਾ ਸੀ, ਇਸ ਨੇ 50-60 ਬਦਮਾਸ਼ ਰੱਖੇ ਹੋਏ ਸਨ। ਭਾਵੇਂ ਕਿ ਸਿੱਖ ਸੰਗਤਾਂ ਨਾਲ ਇਸ ਦਾ ਕੁਝ ਤਣਾਅ 31 ਜਨਵਰੀ 1921 ਤੋਂ ਚਲਦਾ ਆ ਰਿਹਾ ਸੀ ਪਰ ਅਸਲ ਝਗੜਾ 8 ਅਗਸਤ 1922 ਤੋਂ ਸ਼ੁਰੂ ਹੋਇਆ ਜਦ ਅਕਾਲੀ; ਲੰਗਰ ਲਈ ਲੱਕੜਾ ਲੈਣ ਗਏ। ਇਸ ਦੇ ਹੱਕ ’ਚ ਸਰਕਾਰ ਵੀ ਆ ਗਈ, ਜਿਸ ਨੇ 17 ਨਵੰਬਰ 1922 ਤੱਕ ਚੱਲੇ ਸੰਘਰਸ਼ ਦੌਰਾਨ 5606 ਸਿੱਖ ਗ੍ਰਿਫ਼ਤਾਰ ਕਰ ਲਏ, ਜਿਨ੍ਹਾਂ ਵਿੱਚੋਂ 1656 ਦੀ ਬਹੁਤ ਕੁੱਟ-ਮਾਰ ਕੀਤੀ ਗਈ। ਸਤੰਬਰ 1922 ਵਿੱਚ ਸਰਕਾਰ ਨੇ ਸਮਝੌਤਾ ਕਰ ਸਿੱਖਾਂ ਦੀਆਂ ਸਭ ਮੰਗਾਂ ਮੰਨ ਲਈਆਂ, ਆਦਿ।

ਜੈਤੋ ਦਾ ਮੋਰਚਾ: ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਅੰਗਰੇਜ਼ਾਂ ਨੇ ਮਹੰਤਾਂ ਦਾ ਸਾਥ ਦਿੱਤਾ, ਪਰ ਦੂਜੇ ਪਾਸੇ ਸਿੱਖ ਰਾਜਿਆਂ ਨੇ ਵੀ ਅਕਾਲੀਆਂ ਨੂੰ ਪੂਰਾ ਸਹਿਯੋਗ ਨਾ ਕੀਤਾ। ਸਿਰਫ਼ ਨਾਭੇ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਅਕਾਲੀ ਲਹਿਰ ਦੀ ਪੂਰੀ ਹਮਾਇਤ ਕੀਤੀ। ਜਦ ਨਾਨਕਾਣਾ ਸਾਹਿਬ ਕਤਲੇਆਮ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਨੇ ਕਾਲੀ ਦਸਤਾਰ ਸਜਾਉਣ ਲਈ ਕਿਹਾ ਤਾਂ ਮਹਾਰਾਜਾ ਨਾਭਾ ਨੇ ਆਪ ਕਾਲੀ ਦਸਤਾਰ ਵੀ ਸਜਾਈ ਅਤੇ ਨਾਨਕਾਣਾ ਸਾਹਿਬ ਸੰਬੰਧੀ ‘ਅਰਦਾਸ ਦਿਨ’ ਮਨਾਉਣ ’ਤੇ ਸਰਕਾਰੀ ਛੁੱਟੀ ਵੀ ਕੀਤੀ, ਇਸ ਕਾਰਨ ਅੰਗਰੇਜ਼ ਸਰਕਾਰ ਪ੍ਰੇਸ਼ਾਨ ਸੀ ਤੇ ਕਾਲੀ ਦਸਤਾਰ ਸਜਾਉਣ ਵਾਲਿਆਂ ਨੂੰ ਪਕੜ ਕੇ ਸਜ਼ਾ ਦੇ ਰਹੀ ਸੀ ਭਾਵੇਂ ਕਿ ਨਵੰਬਰ 1920 ਨੂੰ ਜਦ ਗੁਰਦੁਆਰਾ ਰਕਾਬ ਗੰਜ ਦੀ ਦੀਵਾਰ ਢਾਹੀ ਗਈ ਤਾਂ ਢਹੀ ਦੀਵਾਰ ਨੂੰ ਮੁੜ ਉਸਾਰਨ ਲਈ ਸ਼੍ਰੋਮਣੀ ਕਮੇਟੀ ਨੇ ‘ਸ਼ਹੀਦੀ ਜਥਾ’ ਦਿੱਲੀ ਲੈ ਜਾਣ ਦੀ ਤਾਰੀਖ਼ ਨਿਸ਼ਚਿਤ ਕੀਤੀ ਤਾਂ ਮਹਾਰਾਜਾ ਨਾਭਾ ਨੇ ਹੀ ਦੀਵਾਰ ਉਸਾਰ ਕੇ ਸਰਕਾਰ ਨੂੰ ਮੁਸ਼ਕਲ ਵਿੱਚੋਂ ਕੱਢਿਆ ਸੀ ਫਿਰ ਵੀ ਸਰਕਾਰ ਇਨ੍ਹਾਂ ਤੋਂ ਖ਼ੁਸ਼ ਨਹੀਂ ਸੀ।

ਪਟਿਆਲੇ ਵਾਲੇ ਰਾਜੇ ਭੁਪਿੰਦਰ ਸਿੰਘ ਦੇ ਸੰਬੰਧ ਅੰਗਰੇਜ਼ਾਂ ਨਾਲ ਕਾਫ਼ੀ ਚੰਗੇ ਸੀ. ਇਨ੍ਹਾਂ ਦੇ ਹੀ ਪੋਤੇ ਹਨ ‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਉਨ੍ਹੀਂ ਦਿਨੀਂ ਦੋਹਾਂ (ਨਾਭਾ ਅਤੇ ਪਟਿਆਲਾ) ਰਿਆਸਤਾਂ ਵਿੱਚ ਝਗੜੇ ਵਾਲੇ ਨੁਕਤਿਆਂ ਦੀ ਪੜਤਾਲ ਲਈ ਸਰਕਾਰ ਨੇ ਅਲਾਹਬਾਦ ਹਾਈ ਕੋਰਟ ਦੇ ਜੱਜ ਨੂੰ ਤਾਇਨਾਤ ਕੀਤਾ ਹੋਇਆ ਸੀ, ਜਿਸ ਨੇ ਚਾਰ ਮਹੀਨਿਆਂ ’ਚ ਪੜਤਾਲ ਕਰ ਕੇ ਜੂਨ 1923 ਦੇ ਪਹਿਲੇ ਹਫ਼ਤੇ ਆਪਣੀ ਰਿਪੋਰਟ ਗਵਰਨਰ ਜਨਰਲ ਕੋਲ ਪੇਸ਼ ਕਰ ਦਿੱਤੀ। ਮਗਰੋਂ ਪੋਲੀਟੀਕਲ ਏਜੰਟ ਕਰਨਲ ਮਿੰਚਨ ਨੇ ਇਸ ’ਤੇ ਵਿਚਾਰ ਕਰਨ ਲਈ ਮਹਾਰਾਜੇ ਨੂੰ ਕਸੌਲੀ ਬੁਲਾਇਆ। ਕਰਨਲ ਨੇ ਮਹਾਰਾਜਾ ਨਾਭੇ ਨੂੰ ਕਿਹਾ ਕਿ ਰਿਪੋਰਟ ਦੇ ਮੱਦੇ-ਨਜ਼ਰ ਤੁਸੀਂ ਆਪ ਹੀ ਤਖ਼ਤ ਛੱਡ ਕੇ ਆਪਣੇ ਬੇਟੇ (ਟਿੱਕਾ ਪ੍ਰਤਾਪ ਸਿੰਘ) ਨੂੰ ਰਾਜਗੱਦੀ ਸੌਂਪ ਦਿਓ, ਜੋ ਉਸ ਸਮੇਂ ਕੇਵਲ ਸਾਢੇ ਕੁ ਚਾਰ ਸਾਲ ਦੇ ਸਨ।

ਕਸੌਲੀ ਤੋਂ ਮੁੜਨ ਮਗਰੋਂ ਮਹਾਰਾਜੇ ਨੇ ਇਹ ਜ਼ਿਕਰ ਤੇਜਾ ਸਿੰਘ ਸਮੁੰਦਰੀ ਅਤੇ ਮਾਸਟਰ ਤਾਰਾ ਸਿੰਘ ਕੋਲ ਕੀਤਾ। ਇਨ੍ਹਾਂ ਅਕਾਲੀ ਲੀਡਰਾਂ ਨੇ ਮਹਾਰਾਜੇ ਨੂੰ ਰਿਆਸਤ ਨਾ ਛੱਡਣ ਦੀ ਸਲਾਹ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਦੇਣ ਲਈ ਵੀ ਕਿਹਾ ਗਿਆ। ਕਰਨਲ ਮਿੰਚਨ ਬੜਾ ਚਾਲਾਕ ਸੀ, ਉਸ ਨੇ ਮੁੜ ਜਲਦੀ ਹੀ ਰਾਜੇ ਨਾਲ ਮੀਟਿੰਗ ਰੱਖ ਲਈ ਤੇ 7 ਜੁਲਾਈ 1923 ਨੂੰ ਮਹਾਰਾਜੇ ਕੋਲੋਂ ਤਖ਼ਤ ਛੱਡਣ ਦੇ ਕਾਗਜ਼ ’ਤੇ ਦਸਤਖ਼ਤ ਕਰਾ ਲਏ। ਇੱਕ ਇਕਰਾਰ ਮੁਤਾਬਕ 3 ਲੱਖ ਰੁਪਏ ਸਾਲਾਨਾ ਗੁਜ਼ਾਰਾ ਭੱਤਾ ਦੇ ਕੇ ਅਗਲੇ ਹੀ ਦਿਨ ਦੇਹਰਾਦੂਨ ਭੇਜ ਦਿੱਤਾ। ਬਾਅਦ ਵਿੱਚ ਇਹ ਰਕਮ ਘਟਾ ਕੇ 1, 20, 000 ਰੁਪਏ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਸ਼ਰਤਾ ਮੁਤਾਬਕ ਆਪ ਤਖ਼ਤ ਨਹੀਂ ਛੱਡਿਆ।  ਭਾਈ ਕਾਹਨ ਸਿੰਘ ਨਾਭਾ ਅਨੁਸਾਰ ਤਦ ਰਿਆਸਤ ਨਾਭਾ ਦੀ ਕੁੱਲ ਆਮਦਨ 24 ਲੱਖ ਰੁਪਏ ਸਾਲਾਨਾ ਸੀ।

ਬਾਰ੍ਹਾਂ ਸਿੱਖ ਮਿਸਲਾਂ ’ਚੋਂ ‘ਫੂਲਕੀਆ ਮਿਸਲ’ ਦਾ ਵੱਡਾ ਹਿੱਸਾ ਨਾਭਾ ਰਿਆਸਤ ਸੀ।  ਬਾਬਾ ਫੂਲਾ ਜੀ ਦੇ ਵੱਡੇ ਸਪੁੱਤਰ ਤਿਲੋਕ ਸਿੰਘ ਜੀ ਦੇ ਪੁੱਤਰ ਗੁਰਦਿੱਤ ਸਿੰਘ ਜੀ ਤੋਂ ਨਾਭਾ ਵੰਸ਼ ਸ਼ੁਰੂ ਹੋਇਆ, ਜਿਨ੍ਹਾਂ ਦਾ ਦੇਹਾਂਤ 1754 ਈਸਵੀ ’ਚ ਹੋ ਗਿਆ ਸੀ।  ਮਹਾਰਾਜਾ ਰਿਪੁਦਮਨ ਸਿੰਘ ਜੀ, ਇਸੇ ਵੰਸ਼ ’ਚੋਂ ਨਾਭਾ ਰਤਨ ਮਹਾਰਾਜਾ ਹੀਰਾ ਸਿੰਘ ਮਾਲਵੇਂਦ੍ਰ ਬਹਾਦਰ ਦੇ ਇਕਲੌਤੇ ਸਪੁੱਤਰ ਸਨ, ਜਿਨ੍ਹਾਂ ਦਾ ਜਨਮ 8 ਮਾਰਚ 1883 ਈਸਵੀ ਨੂੰ ਹੋਇਆ। ਪਿਤਾ ਦੇ ਦੇਹਾਂਤ ਉਪਰੰਤ 24 ਜਨਵਰੀ 1912 ਈ. ਨੂੰ ਆਪ ਰਾਜ ਤਖ਼ਤ ’ਤੇ ਬੈਠੇ ਸਨ।

ਫੂਲਕੀਆ ਰਿਆਸਤ ਦੇ ਮੋਢੀ ਬਾਬਾ ਫੂਲ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਰਾਜਗੱਦੀ ਦਾ ਵਚਨ ਮਿਲਿਆ ਹੋਇਆ ਸੀ ਤੇ ਇਨ੍ਹਾਂ ਦੇ ਦੋਵੇਂ ਸਪੁੱਤਰ ਭਾਈ ਤਿਲੋਕ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਸਮੇਂ ‘ਤੇਰਾ ਘਰ ਮੇਰਾ ਘਰ’ ਕਹਿ ਕੇ ਸਤਿਕਾਰਿਆ ਗਿਆ। ਭਾਈ ਤਿਲੋਕ ਸਿੰਘ ਜੀ ਦੇ ਵੱਡੇ ਬੇਟੇ ਗੁਰਦਿੱਤ ਸਿੰਘ ਜੀ ਤੋਂ ਨਾਭਾ ਰਿਆਸਤ ਅਤੇ ਛੋਟੇ ਬੇਟੇ ਸੁਖਚੈਨ ਸਿੰਘ ਜੀ ਤੋਂ ਜੀਂਦ ਰਿਆਸਤ ਚੱਲੀ।  ਭਾਈ ਰਾਮ ਸਿੰਘ ਜੀ ਦੇ ਸਪੁੱਤਰ ਬਾਬਾ ਆਲਾ ਸਿੰਘ ਜੀ ਤੋਂ ਪਟਿਆਲਾ ਰਿਆਸਤ ਚੱਲੀ। ਸੰਨ 1921 ਦੀ ਮਰਦਮ-ਸ਼ੁਮਾਰੀ ਮੁਤਾਬਕ ਜਿੱਥੇ ਨਾਭਾ ਰਿਆਸਤ ਦੀ ਆਬਾਦੀ 2,63,394, ਰਕਬਾ 968 ਵਰਗ ਮੀਲ ਅਤੇ ਆਮਦਨ 24 ਲੱਖ ਰੁਪਏ ਸਾਲਾਨਾ ਸੀ, ਓਥੇ ਪਟਿਆਲਾ ਰਿਆਸਤ ਦੀ ਆਮਦਨ 1, 22, 73, 719 ਰੁਪਏ ਸਾਲਾਨਾ, ਆਬਾਦੀ 14,99,739 ਅਤੇ ਰਕਬਾ 5412 ਵਰਗ ਮੀਲ ਸੀ।

ਮਹਾਰਾਜਾ ਨਾਭਾ ਦੇ ਦੇਹਰਾਦੂਨ ਜਾਣ ਮਗਰੋਂ ਅਕਾਲੀਆਂ ਦੁਆਰਾ ਉਨ੍ਹਾਂ ਦੀ ਹਮਾਇਤ ’ਚ ਮਨਾਏ ਜਾ ਰਹੇ ਰੋਸ ਨੂੰ ਵੇਖਦਿਆਂ ਸਰਕਾਰ ਨੇ ਕਿਹਾ ਕਿ ਰਾਜੇ ਨੇ ਆਪ ਗੱਦੀ ਛੱਡੀ ਹੈ ਭਾਵੇਂ ਕਿ ਅਸਲੀਅਤ ਸਭ ਨੂੰ ਪਤਾ ਸੀ। ਸ਼੍ਰੋਮਣੀ ਕਮੇਟੀ ਨੇ ਇਸ ਦੇ ਖ਼ਿਲਾਫ਼ ਪ੍ਰੋਟੈਸਟ ਕਰਨ ਲਈ 29 ਜੁਲਾਈ ਨੂੰ ‘ਅਰਦਾਸ ਦਿਨ’ ਅਤੇ 9 ਸਤੰਬਰ ਨੂੰ ‘ਨਾਭਾ ਦਿਨ’ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ। ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਮਹਾਰਾਜਾ ਨਾਭਾ ਨੂੰ ਮੁੜ ਗੱਦੀ ’ਤੇ ਬੈਠਾਵੇ।  20 ਜੁਲਾਈ ਨੂੰ ਸਰਕਾਰ ਨੇ ਪਟਿਆਲੇ ਦੇ ਸੈਸ਼ਨ ਜੱਜ ਨੂੰ ਅੰਮ੍ਰਿਤਸਰ ਭੇਜਿਆ ਅਤੇ ਅਕਾਲੀਆਂ ਨੂੰ ਨਾਭਾ ਕੇਸ ਸੰਬੰਧੀ ਸਾਰੇ ਕਾਗਜ਼ਾਤ ਦਿਖਾਉਣ ਦੀ ਪੇਸ਼ਕਸ਼ ਰੱਖੀ।

2 ਅਗਸਤ ਨੂੰ ਸ਼੍ਰੋਮਣੀ ਕਮੇਟੀ ਨੇ ਗਵਰਨਰ ਜਨਰਲ ਨੂੰ ਤਾਰ ਭੇਜ ਕੇ ਗੱਦੀ ਛੱਡਣ ਸੰਬੰਧੀ ਕਾਗਜ਼ਾਂ ਦੀ ਨਕਲ ਮੰਗੀ, ਪਰ ਸਰਕਾਰ ਨੇ ਧਿਆਨ ਦੇਣਾ ਉਚਿਤ ਨਾ ਸਮਝਿਆ। ਸ਼੍ਰੋਮਣੀ ਕਮੇਟੀ ਦਾ 4 ਅਗਸਤ ਨੂੰ ਜਨਰਲ ਇਜਲਾਸ ਹੋਇਆ, ਜਿਸ ਵਿੱਚ ਮਹਾਰਾਜਾ ਨਾਭਾ ਨੂੰ ਹਟਾਏ ਜਾਣ ’ਤੇ ਕਾਰਵਾਈ ਕਰਨ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਦੀ ਐਗ਼ਜ਼ੈਕਟਿਵ ਨੂੰ ਦੇ ਦਿੱਤੇ ਗਏ।

ਇੱਕ ਇਕੱਠ 27 ਅਗਸਤ ਨੂੰ ਜੈਤੋ ਵਿੱਚ ਵੀ ਹੋਇਆ। ਨਾਭਾ ਸਰਕਾਰ ਨੇ ਇਸ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਸ਼੍ਰੋਮਣੀ ਕਮੇਟੀ ਨੇ ਇਸ ਦਾ ਵਿਰੋਧ ਕੀਤਾ ਅਤੇ ਜੈਤੋ ਵਿੱਚ ਦੀਵਾਨ ਜਾਰੀ ਰੱਖਣ ਲਈ ਕਿਹਾ। ਅੰਗਰੇਜ਼ ਐਡਮਨਿਸਟਰੇਟਰ ਵਿਲਸਨ ਜਾਹਨਸਟਨ ਨੇ ਇਸ ਦੀ ਇਜਾਜ਼ਤ ਨਾ ਦਿੱਤੀ। ਇਸ ਸੰਬੰਧੀ ਇੱਕ ਜਲੂਸ 9 ਸਤੰਬਰ ਨੂੰ ਕੱਢਿਆ ਗਿਆ, ਜਿਸ ਵਿੱਚ ਸ਼ਾਮਲ 25 ਸਿੱਖ ਆਗੂ ਗ੍ਰਿਫ਼ਤਾਰ ਕੀਤੇ ਗਏ।  14 ਸਤੰਬਰ ਨੂੰ ਗੰਗਸਰ ਗੁਰਦੁਆਰੇ ਵਿੱਚ ਅਖੰਡਪਾਠ ਰੱਖਿਆ ਗਿਆ। ਫ਼ੌਜ ਨੇ ਅੰਦਰ ਦਾਖ਼ਲ ਹੋ ਕੇ ਪਾਠ ਕਰਦੇ ਗ੍ਰੰਥੀ ਗਿਆਨੀ ਇੰਦਰ ਸਿੰਘ ਸਮੇਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਖੰਡਪਾਠ ਖੰਡਤ ਹੋਣ ਦੀ ਬਰਦਸਤ ਨਿੰਦਾ ਹੋਈ ਤੇ ਰੋਹ ਪੈਦਾ ਹੋ ਗਿਆ। ਮਤਾ ਪਾਸ ਕੀਤਾ ਗਿਆ ਕਿ ਜੈਤੋ ਜਾ ਕੇ ਪਾਠ ਮੁੜ ਸ਼ੁਰੂ ਕੀਤਾ ਜਾਵੇਗਾ।  25-25 ਸਿੰਘਾਂ ਦੇ ਜਥੇ ਭੇਜਣੇ ਸ਼ੁਰੂ ਕੀਤੇ ਗਏ। ਜਥਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਸੀ। ਕਈਆਂ ਨੂੰ 2 ਸੌ ਜਾਂ ਢਾਈ ਸੌ ਕਿਲੋਮੀਟਰ ਦੂਰ ਛੱਡਿਆ ਜਾਂਦਾ ਸੀ। ਇੰਞ ਹੀ ਇਹ ਮੋਰਚਾ ਕਈ ਮਹੀਨੇ ਚੱਲਦਾ ਰਿਹਾ।  ਤਕਰੀਬਨ 5000 ਸਿੱਖਾਂ ਨੇ ਇਸ ਵਿੱਚ ਭਾਗ ਲਿਆ।  12 ਅਕਤੂਬਰ 1923 ਨੂੰ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿੱਤਾ।  59 ਸੀਨੀਅਰ ਅਕਾਲੀ ਆਗੂ ਪਕੜ ਕੇ ਜੇਲ੍ਹ ਭੇਜੇ ਗਏ।  17 ਅਕਤੂਬਰ ਨੂੰ ਨਵੀਂ ਐਗ਼ਜੈਕਟਿਵ ਚੁਣੀ ਗਈ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤੀਜੀ ਵਾਰ ਮੁੜ ਐਗ਼ਜੈਕਟਿਵ ਬਣਾਈ ਗਈ।

ਨਵੰਬਰ 1923 ਵਿੱਚ ਪੰਜਾਬ ਲੈਜਿਸਲੇਟਿਵ ਕੌਂਸਲ ਤੇ ਅਸੈਂਮਲੀ ਦੀਆਂ ਚੋਣਾਂ ਹੋਈਆਂ। ਭਾਵੇਂ ਕਿ ਬਹੁਤੇ ਸੀਨੀਅਰ ਆਗੂ ਜੇਲ੍ਹਾਂ ਵਿੱਚ ਸਨ ਫਿਰ ਵੀ ਅਕਾਲੀ ਦਲ ਨੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ। ਵਿਰੋਧੀਆਂ ’ਚੋਂ ਬਹੁਤਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।

ਚਾਰ ਮਹੀਨਿਆਂ ਤੋਂ ਵੱਧ ਸਮਾਂ ਜੈਤੋ ਵੱਲ ਮਾਰਚ ਕੀਤੇ ਜਾਣ ਅਤੇ ਗ੍ਰਿਫ਼ਤਾਰੀਆਂ ਦੇਣ ਦੇ ਬਾਵਜੂਦ ਵੀ ਕੋਈ ਨਤੀਜਾ ਨਾ ਨਿਕਲਿਆ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿੱਚ ਅਖੰਡਪਾਠ ਸ਼ੁਰੂ ਕਰਨ ਲਈ 500 ਸਿੰਘਾਂ ਦਾ ‘ਸ਼ਹੀਦੀ ਜਥਾ’ ਭੇਜਿਆ ਜਾਵੇਗਾ। ਇਸ ਜਥੇ ਨੇ 9 ਫ਼ਰਵਰੀ 1924 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 21 ਫ਼ਰਵਰੀ ਨੂੰ ਜੈਤੋ ਪਹੁੰਚਣਾ ਸੀ।

ਜਦ ਇਹ ਜਥਾ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ ਤਾਂ ਵਿਦਾਇਗੀ ਦੇਣ ਲਈ 30 ਹਜ਼ਾਰ ਸਿੱਖ ਦਰਬਾਰ ਸਾਹਿਬ ਪੁੱਜੇ। ਇਹ ਜਥਾ ਵੱਖ-ਵੱਖ ਥਾਵਾਂ ’ਤੇ ਪੜਾਅ ਕਰਦਾ ਹੋਇਆ 20 ਫ਼ਰਵਰੀ ਨੂੰ ਬਰਗਾੜੀ (ਰਿਆਸਤ ਫ਼ਰੀਦਕੋਟ) ਪੁੱਜਾ। ਅਮਰੀਕਾ ਦੇ ਮਸ਼ਹੂਰ ਅਖ਼ਬਾਰ ‘ਨਿਊਯਾਰਕ ਟਾਈਮਜ਼’ ਦਾ ਨਾਮਾਨਿਗਾਰ ਮਿਸਟਰ ਜ਼ਿਮਾਂਦ ਵੀ ਇਸ ਜਥੇ ਦੇ ਨਾਲ ਬਰਗਾੜੀ ਤੱਕ ਗਿਆ, ਪਰ ਉਨ੍ਹਾਂ ਨੂੰ ਨਾਭਾ ਸਰਕਾਰ ਨੇ ਰਿਆਸਤ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਅਗਲੇ ਦਿਨ 21 ਫ਼ਰਵਰੀ ਨੂੰ ਜਥਾ ਜਦੋਂ ਜੈਤੋ ਗਿਆ ਤਾਂ ਵਿਲਸਨ ਜਾਨਸਟਨ ਨੇ ਫ਼ੌਜ ਨੂੰ ਜਥੇ ’ਤੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਗੋਲ਼ੀਆਂ ਨਾਲ ਦਰਜਨਾਂ ਸਿੱਖ ਸ਼ਹੀਦ ਹੋ ਗਏ, ਬਾਕੀ ਸੌ ਤੋਂ ਵੱਧ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਮਰਦ, ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਇੱਕ ਸੋਮੇ ਮੁਤਾਬਕ 27 ਹਜ਼ਾਰ ਕਾਰਤੂਸ ਚਲਾਏ ਸਨ। ਜੇਕਰ ਮਸ਼ੀਨ ਗੰਨ; ਗੋਲ਼ੀ ਫਸ ਜਾਣ ਕਾਰਨ ਨਾ ਰੁਕਦੀ ਤਾਂ ਪਤਾ ਨਹੀਂ ਹੋਰ ਕਿੰਨੀਆਂ ਸ਼ਹੀਦੀਆਂ ਹੁੰਦੀਆਂ। ਬਾਅਦ ’ਚ ਲਾਠੀਆਂ ਚਲਾਈਆਂ ਗਈਆਂ। ਦੁਨੀਆ ਭਰ ਦੇ ਅਖ਼ਬਾਰਾਂ ਨੇ ਇਸ ਦੀ ਨਿੰਦਾ ਕੀਤੀ। ਆਗੂਆਂ ਨੇ ਵਿਲਸਨ ਜਾਨਸਟਨ ਨੂੰ ‘ਜਨਰਲ ਡਾਇਰ ਦਾ ਵਾਰਿਸ’ ਕਿਹਾ।  ਇਸ ਦਿਨ ਸ਼ਹੀਦ ਹੋਣ ਵਾਲੇ 100 ਦੇ ਕਰੀਬ ਸਿੱਖਾਂ ’ਚੋਂ ਕੇਵਲ 17 ਕੁ ਨਾਂ ਮਿਲਦੇ ਹਨ ਕਿਉਂਕਿ ਨਾਭੇ ਦੇ ਹਾਕਮਾਂ ਨੇ ਜ਼ਿਆਦਾਤਰ ਲਾਸ਼ਾਂ ਇਕੱਠੀਆਂ ਕਰਕੇ ਸਾੜ ਦਿੱਤੀਆਂ ਸਨ।

ਅੰਗਰੇਜ਼ ਸਰਕਾਰ ਸਮਝਦੀ ਸੀ ਕਿ ਇਉਂ ਸਿੱਖ ਸੰਘਰਸ਼ ਰੁਕ ਜਾਏਗਾ ਪਰ ਉਹ ਭੁਲਾ ਬੈਠੀ ਕਿ 1919 ਦੇ ਜਲਿਆ ਵਾਲੇ ਬਾਗ਼, 20 ਫ਼ਰਵਰੀ 1921 ਦੇ ਨਾਨਕਾਣਾ ਕਤਲੇਆਮ ਅਤੇ ਗੁਰੂ ਕਾ ਬਾਗ਼ ਵਿੱਚ ਵਹਿਸ਼ੀ ਕੁੱਟ-ਮਾਰ ਦੇ ਬਾਵਜੂਦ ਵੀ ਸਿੱਖ ਜਦੋਜਹਿਦ ਤੋਂ ਪਿੱਛੇ ਨਹੀਂ ਹਟੇ।  ਸ਼੍ਰੋਮਣੀ ਕਮੇਟੀ ਨੇ ਦੂਜਾ ਜਥਾ ਭੇਜਣ ਦਾ ਐਲਾਨ ਕਰ ਦਿੱਤਾ। ਇਹ 500 ਸੌ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ 1924 ਨੂੰ 40 ਹਜ਼ਾਰ ਦੀ ਗਿਣਤੀ ਵਿੱਚ ਇਕੱਠੀ ਹੋਈ ਸੰਗਤ ਨੂੰ ਫ਼ਤਿਹ ਬੁਲਾਉਂਦਾ ਹੋਇਆ ਗੁਰਦੁਆਰਾ ਗੰਗਸਰ ਦੇ ਰਾਹ ਪੈ ਗਿਆ। ਇੱਕ ਮਾਤਾ ਦੇ ਦੋ ਪੁੱਤਰ ਸਨ, ਇੱਕ ਪਹਿਲੇ ਜਥੇ ’ਚ ਸ਼ਹੀਦੀ ਪਾ ਗਿਆ ਫਿਰ ਵੀ ਦੂਸਰੇ ਜਥੇ ਵਿੱਚ ਦੂਜੇ ਪੁੱਤਰ ਨੂੰ ਹਾਰ ਪਾਉਂਦਿਆਂ ਕਿਹਾ ‘ਮੈਂ ਵੱਡੇ ਭਾਗਾਂ ਵਾਲੀ ਹੋਵਾਂਗੀ ਜੇ ਮੇਰਾ ਦੂਜਾ ਪੁੱਤਰ ਵੀ ਗੁਰੂ ਦੇ ਲੇਖੇ ਲੱਗ ਜਾਵੇ।’ ਜਥੇ ਵਿੱਚੋਂ ਕਈ ਸਿੰਘਾਂ ਨੇ ਕਿਹਾ ਕਿ ਜੇ ਮੈਂ ਸ਼ਹੀਦ ਹੋ ਜਾਵਾਂ ਤਾਂ ਮੇਰੀ ਸਾਰੀ ਜਾਇਦਾਦ ਗੁਰੂ ਪੰਥ ਨੂੰ ਅਰਪਣ ਹੋਵੇ।

ਇਹ ਜਥਾ ਕਈ ਜਗ੍ਹਾ ਰੁਕਦਾ ਹੋਇਆ 13 ਮਾਰਚ ਨੂੰ ਜੈਤੋ ਦੇ ਨੇੜੇ ਇੱਕ ਪਿੰਡ ਪੁੱਜਾ। ਓਧਰ 14 ਮਾਰਚ ਨੂੰ ਸਵੇਰੇ ਹੀ ਪੰਡਿਤ ਮਦਨ ਮੋਹਨ ਮਾਲਵੀਆ ਕਈ ਹੋਰ ਕੌਂਸਲ ਦੇ ਮੈਂਬਰਾਂ ਅਤੇ ਨੇਤਾਵਾਂ ਸਮੇਤ ਜੈਤੋ ਪੁੱਜੇ ਅਤੇ ਐਡਮਨਿਸਟਰੇਟਰ ਜਥੇ ਨੂੰ ਆਜ਼ਾਦੀ ਨਾਲ ਗੁਰਦੁਆਰੇ ਜਾਣ ਅਤੇ 101 ਅਖੰਡਪਾਠ ਕਰਨ ਦੀ ਖੁਲ੍ਹ ਤਾਂ ਦੇ ਰਿਹਾ ਸੀ ਪਰ ਇਹ ਸਭ ਇੱਕ ਹਫ਼ਤੇ ਵਿੱਚ ਕਰਨ ਉਪਰੰਤ ਜੈਤੋ ਨੂੰ ਛੱਡਣ ਦੀ ਸ਼ਰਤ ’ਤੇ, ਜੋ ਸਿੱਖਾਂ ਨੂੰ ਮਨਜੂਰ ਨਹੀਂ ਸੀ। ਮਾਲਵੀਆ ਵੀ ਜਥੇ ਨੂੰ ਰਸਤੇ ਵਿੱਚ ਆ ਮਿਲਿਆ, ਇਸ ਵਾਰ ਗੋਲ਼ੀ ਨਹੀਂ ਚਲਾਈ ਗਈ ਪਰ ਘੋੜਿਆਂ ਨਾਲ ਰਸਤਾ ਰੋਕਿਆ ਗਿਆ ਤੇ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਗਏ, ਜਿਨ੍ਹਾਂ ਨੂੰ ਪਹਿਲਾਂ ਕਿਲ੍ਹੇ ਅੰਦਰ ਬੰਦ ਕੀਤਾ ਗਿਆ ਅਤੇ ਬਾਅਦ ਵਿੱਚ ਨਾਭਾ ਬੀੜ ਜੇਲ੍ਹ ਵਿੱਚ ਭੇਜਿਆ ਗਿਆ।

ਅਕਾਲ ਤਖ਼ਤ ਸਾਹਿਬ ਤੋਂ 22 ਮਾਰਚ 1924 ਨੂੰ ਚੱਲਣ ਵਾਲ਼ਾ ਤੀਸਰਾ ਜੱਥਾ, ਜਿਸ ਨੇ 7 ਅਪ੍ਰੈਲ ਨੂੰ ਜੈਤੇ ਪਹੁੰਚਣ ਸੀ, ਦੇ ਸਮੇਂ ਤਾਰਾ ਸਿੰਘ ਮੋਗਾ ਐਮ. ਐਲ. ਸੀ., ਮੀਆਂ ਫ਼ਜ਼ਲ ਹੱਕ, ਕਰਤਾਰ ਸਿੰਘ ਮੈਂਬਰ ਅਸੈਂਬਲੀ, ਆਦਿ ਵੀ ਪਹੁੰਚ ਗਏ, ਜਿਸ ਕਾਰਨ ਸਰਕਾਰ ਨੂੰ ਕੁਝ ਨਰਮੀ ਵਰਤਣੀ ਪਈ।

ਗੁਰੂ ਸਾਹਿਬਾਨ ਜੀ ਦੀ ਹੋਈ ਬੇਅਦਬੀ ਕਾਰਨ ਸਿੱਖਾਂ ਅੰਦਰ ਇੰਨਾ ਗੁੱਸਾ ਸੀ ਕਿ ਉਹ 17 ਅਪਰੈਲ 1925 ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲਣ ਵਾਲ਼ੇ 16ਵੇਂ ਜੱਥੇ ’ਚ ਵੀ ਆਪਣਾ ਨਾਮ ਲਿਖਵਾਉਣ ਲਈ ਉਤਾਵਲ਼ੇ ਸਨ।  ਇਸ ਮੁਹਿੰਮ ’ਚ ਸਿੰਘ ਕੇਵਲ ਪੰਜਾਬ ਤੱਕ ਹੀ ਸੀਮਤ ਨਹੀਂ ਸਨ ਬਲਕਿ ਬੰਗਾਲ, ਕਲਕੱਤਾ, ਕੈਨੇਡਾ, ਹਾਂਗਕਾਂਗ, ਚੀਨ ਤੱਕ ਤੋਂ ਜੱਥੇ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਪਹੁੰਚਣੇ ਸ਼ੁਰੂ ਹੋ ਗਏ।  ਵਿਦੇਸ਼ੀ ਸੰਗਤਾਂ ਸਮੇਤ 27 ਅਪਰੈਲ 1925 ਈਸਵੀ ਨੂੰ 101 ਸਿੰਘਾਂ ਦਾ ਸਪੈਸ਼ਲ ਜੱਥਾ ਜੋ ਕਈ ਦਿਨਾਂ ’ਚ ਇੱਧਰ ਓਧਰ ਗੁਰਮਤਿ ਦਾ ਪ੍ਰਚਾਰ ਕਰ ਕੇ ਲੋਕਾਂ ਦਾ ਮਨੋਬਲ ਉੱਚਾ ਕਰਦਾ ਹੋਇਆ ਜੈਤੋ ਵੱਲ ਵਧ ਰਿਹਾ ਸੀ ਤਾਂ ਇਨ੍ਹਾਂ ਨੂੰ ਰਸਤੇ ’ਚ 21 ਜੁਲਾਈ 1925 ਨੂੰ ਇਤਲਾਹ ਮਿਲੀ ਕਿ ਸਰਕਾਰ ਨੇ ਅਖੰਡ ਪਾਠ ’ਤੇ ਲਾਈ ਪਾਬੰਦੀ ਵਾਪਸ ਲੈ ਲਈ ਹੈ।  ਸੋ ਇਸ ਜੱਥੇ ਨੇ 14 ਸਤੰਬਰ 1923 ਨੂੰ ਗੰਗਸਰ ਜੈਤੋ ’ਚ ਹੋਏ ਖੰਡਤ ਅਖੰਡਪਾਠ ਨੂੰ ਮੁੜ ਆਰੰਭ ਕੀਤਾ ਅਤੇ 101 ਅਖੰਡ ਪਾਠਾਂ ਦੀ ਇਹ ਲੜੀ 7 ਅਗਸਤ 1925 ਦੇ ਦਿਨ ਸਮਾਪਤ ਹੋਈ।

14 ਸਤੰਬਰ 1923 ਤੋਂ 21 ਜੁਲਾਈ 1925 ਤੱਕ ਲਗਭਗ 23 ਮਹੀਨੇ ਚੱਲੇ ਇਸ ਸੰਘਰਸ਼ ’ਚ 10 ਹਜ਼ਾਰ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, 250 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਇਨ੍ਹਾਂ ਵਿੱਚੋਂ ਕਈ ਮੌਕੇ ’ਤੇ ਹੀ ਪ੍ਰਾਣ ਤਿਆਗ ਗਏ ਅਤੇ ਕਈਆਂ ਨੇ ਜੇਲ੍ਹਾਂ ’ਚ ਜ਼ੁਲਮ ਨੂੰ ਨਾ ਸਹਾਰਦਿਆਂ ਆਪਣਾ ਸਰੀਰ ਛੱਡਿਆ।  ਸਰਕਾਰੀ ਕਾਰਵਾਈ ਦੀ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਅੰਮ੍ਰਿਤਸਰ ਪਹੁੰਚਾਉਣ ਬਦਲੇ ਮਾਈ ਕਿਸ਼ਨ ਕੌਰ, ਦੁੱਲਾ ਸਿੰਘ ਤੇ ਸੁੱਚਾ ਸਿੰਘ, ਜੋ ਕਿ ਦੋਵੇਂ ਰੋਡੇ ਪਿੰਡ ਦੇ ਸਨ, ਨੂੰ ਨਾਭਾ ਪੁਲਿਸ ਨੇ 7-7 ਸਾਲ ਕੈਦ ਦੀ ਸਜ਼ਾ ਸੁਣਾਈ।  ਘੋੜ ਸਵਾਰਾਂ ਦੇ ਹੇਠਾਂ ਆ ਕੇ ਅਤੇ ਲਾਠੀਆਂ ਦੀ ਮਾਰ ਨਾਲ ਅਨੇਕਾਂ ਆਪਣੇ ਸਰੀਰਕ ਅੰਗ ਗਵਾ ਬੈਠੇ।  500 ਸਿੰਘਾਂ ਦੇ ਪਹਿਲੇ ਜੱਥੇ ਉੱਤੇ ਇੰਨਾ ਤਸੱਦਦ ਹੋਇਆ ਕਿ ਫ਼ੌਜ ਨੇ 27 ਹਜ਼ਾਰ ਕਾਰਤੂਸ ਚਲਾ ਦਿੱਤੇ। ਦਾਤੇ ਦੀ ਕਿਰਪਾ ਵੇਖੀਏ ਕਿ ਮਸ਼ੀਨਗਨ ’ਚ ਕਾਰਤੂਸ ਫਸ ਗਿਆ, ਨਹੀਂ ਤਾਂ ਸਾਰਾ ਜੱਥਾ ਹੀ ਸ਼ਹੀਦ ਹੋ ਜਾਣਾ ਸੀ। ਫਿਰ ਵੀ ਇਸ ਜੱਥੇ ਦੇ 100 ਤੋਂ ਵੱਧ ਸਿੰਘ ਤੁਰੰਤ ਸ਼ਹੀਦ ਹੋ ਗਏ ਤੇ ਬਾਕੀ ਸਾਰੇ ਹੀ ਗੰਭੀਰ ਜਖ਼ਮੀ ਸਨ।

ਸੰਨ 1924-26 ਤੱਕ ਸਿੱਖਾਂ ਨੂੰ ਲੱਖਾਂ ਰੁਪਏ ਜੁਰਮਾਨਾ ਤੇ ਜ਼ਬਤੀਆਂ ਕੀਤੀਆਂ ਗਈਆਂ।  ਫਿਰ ਵੀ ਇਸ ਉਤਸ਼ਾਹ ਨੂੰ ਵਧਾਉਣ ਲਈ ਜਦ ਜੱਥਾ ਅਰਦਾਸ ਕਰ ਕੇ ਅਕਾਲ ਤਖ਼ਤ ਸਾਹਿਬ ਤੋਂ ਚੱਲਦਾ ਤਾਂ 20 ਤੋਂ 40 ਹਜ਼ਾਰ ਤੱਕ ਸਿੱਖ ਸੰਗਤ ਇਕੱਤਰ ਹੋ ਕੇ ਜੱਥੇ ਦੇ ਮਨੋਬਲ ਨੂੰ ਉੱਚਾ ਚੁੱਕਦੀਆਂ।

ਅੰਤ ਜਦੋਂ ਸਰਕਾਰ ਨੂੰ ਨਿਸ਼ਚਾ ਹੋ ਗਿਆ ਕਿ ਸਿੱਖੀ ਸਿਰੜ ਨੂੰ ਕੋਈ ਦਬਾਅ ਨਹੀਂ ਸਕਦਾ ਤਾਂ ਸਰਕਾਰ ਨੂੰ ਝੁਕਣਾ ਪਿਆ, ਉਸ ਨੇ 7 ਜੁਲਾਈ 1925 ਈ. ਨੂੰ ਗੁਰਦੁਆਰਾ ਐਕਟ ਪਾਸ ਕਰ ਕੇ ਪਹਿਲੀ ਨਵੰਬਰ ਤੋਂ ਇਸ ਨੂੰ ਲਾਗੂ ਕਰ ਦਿੱਤਾ ਅਤੇ ਇਸ ਅਧੀਨ ਸਾਰੇ ਗੁਰੂ ਘਰ, ਪੰਥਕ ਪ੍ਰਬੰਧ ਹੇਠ ਆ ਗਏ ਤੇ ਖ਼ਾਲਸੇ ਦੀ ਜਿੱਤ ਹੋਈ।

ਅੰਤ ’ਚ ਇਹੀ ਕਹਿਣਾ ਫਬਦਾ ਹੈ ਕਿ ਗੁਰੂ ਸਿਧਾਂਤ ਨੂੰ ਲਾਗੂ ਕਰਨ ਅਤੇ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਨੇ ਆਪਣਾ ਤਨ, ਮਨ, ਧਨ ਅਰਪਣ ਕਰਨਾ; ਗੁਰੂ ਲੇਖੇ ਲਾਉਣਾ ਸਮਝਿਆ ਹੈ।  ਸਤਿਗੁਰੂ ਦੀ ਨਿਰਪੱਖ ਸੋਚ; ਹਰ ਸਿਆਸੀ ਬੰਦੇ ਨੂੰ ਮਾਫ਼ਕ ਨਹੀਂ, ਇਸ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ; ਇੱਕ ਪਰਿਵਾਰ ਦੀ ਸੰਪੱਤੀ ਬਣ ਕੇ ਰਹਿ ਗਿਆ ਹੈ, ਇਸ ਵਿੱਚ ਵੱਡਾ ਦੋਸ਼ ਸਿੱਖਾਂ ਦਾ ਹੀ ਹੈ, ਜੋ ਇਸ ਪੱਖੋਂ ਅਵੇਸਲੇ ਹਨ ਤੇ ਆਪਣੀ ਵੋਟ ਦਾ ਸਦਪ੍ਰਯੋਗ ਕਰਨਾ ਨਹੀਂ ਸਿੱਖ ਸਕੇ।