ਸੱਚਾ ਦਰਬਾਰ

0
567

 ਸੱਚਾ ਦਰਬਾਰ

ਧਰਮ ਰਾਜ ਨੂੰ ਆਖਦੇ ਸੱਚੇ ਪਰਵਦਗਾਰ।

ਇੱਕੋ ਵਾਰੀ ਆ ਗਏ, ਪ੍ਰਾਣੀ ਕਈ ਹਜ਼ਾਰ।

ਤਿੱਲ ਸੁੱਟਣ ਨੂੰ ਜਗ੍ਹਾ ਨਹੀਂ, ਭਰ ਗਿਆ ਦਰਬਾਰ।

ਹੁਣ ਤੂੰ ਹੀ ਲੇਖਾ ਦੇਖਣਾ, ਕਰ ਲੈ ਵਹੀ ਤਿਆਰ।

ਕੀ ਕਮਾ ਕੇ ਆ ਗਏ, ਕਿਹੜੀ ਕੀਤੀ ਕਾਰ।

ਮੈਨੂੰ ਕੋਈ ਨੀਂ ਦਿਸਿਆ, ਸੱਚਾ ਮਿੱਤਰ ਯਾਰ।

ਕਿੱਦਾਂ ਘਾਣੀ ਪੀੜਨਾ, ਹੁਣ ਆਪੇ ਕਰੀਂ ਵਿਚਾਰ।

ਸੁੱਟ ਕੜਾਹੇ ਕਾੜ੍ਹਨਾ ਕਿਹੜੀ ਪਾਉਣੀ ਮਾਰ।

ਰੱਖਣੀ ਕੋਈ ਲਿਹਾਜ਼ ਨਾ, ਜਿੱਦਾਂ ਮਰਜ਼ੀ ਮਾਰ।

ਕੀਤਾ ਸਭ ਭੁਗਤਾਵਣਾ, ਰੱਖਣਾ ਨਹੀਂ ਉਧਾਰ।

ਨਾਹੀਂ ਦਿਲ ਪਸੀਜਣਾ, ਕਰ ਲੈ ਤਿੱਖੀ ਧਾਰ।

ਇੱਥੇ ਤੇਰਾ ਰਾਜ ਹੈ, ਤੇਰੀ ਹੀ ਸਰਕਾਰ।

ਬਖ਼ਸ਼ੇ ਮੈਂ ਇਨਸਾਫ਼ ਦੇ, ਤੈਨੂੰ ਸਭ ਅਧਿਕਾਰ।

ਇੱਥੇ ਆ ਕੇ ‘ਸਹਿਜ’ ਜੀ, ਹਰ ਕੋਈ ਜਾਂਦਾ ਹਾਰ।

ਤਪਦੇ ਥੰਮੀਂ ਜੱਫੀਆਂ, ਮੂਹੋਂ- ਮੂਹੀਂ ਮਾਰ।

ਭਾਵੇਂ ਹੋਵੇ ਬਾਦਸ਼ਾਹ ਭਾਵੇਂ ਠਾਣੇਦਾਰ।

ਭਾਵੇ ਹੋਵੇ ਕੰਗਲਾ ਭਾਵੇਂ ਲੰਬੜਦਾਰ।

ਇੱਕੋ ਸੱਚਾ ਤਖ਼ਤ ਹੈ ਸੱਚਾ ਇੱਕ ਦਰਬਾਰ।

ਜਿੱਥੇ ਸੱਚ ਹੀ ਨਿਬੜੇ, ਝੂੱਠੇ ਜਾਂਦੇ ਹਾਰ।

ਜਿਨ੍ਹਾਂ ਕਮਾਈ ਨਾਮ ਦੀ, ਪਾਉਂਦੇ ਨੇ ਸਤਿਕਾਰ।

ਖੋਟੇ ਥਾਉਂ ਨਾ ਪਾਂਵਦੇ ਸੱਚੇ ਦੇ ਦਰਬਾਰ।

ਤੇਹੋ ਹੀ ਫਲ਼ ਪਾਵਣਾ ਜੋ ਕਮਾਈ ਕਾਰ।

——————————————————-

ਸਫ਼ਰ ਜ਼ਿੰਦਗੀ ਦਾ ਕੰਡਿਆਂ ਦੀ ਸੇਜ ਹੁੰਦੀ,

ਪੈਰ ਪੈਰ ’ਤੇ ਮੁਸ਼ਕਲਾਂ ਆਉਂਦੀਆਂ ਨੇ।

ਕਦੇ ਬੋਲਦੇ ਉਜਾੜਾਂ ਦੇ ਵਿੱਚ ਉੱਲੂ,

ਕਦੇ ਬੁਲਬੁਲਾਂ ਬੈਠ ਕੇ ਗਾਉਂਦੀਆਂ ਨੇ।

ਵਹਿਣ ਨਦੀਆਂ ਦੇ ਵਾਂਗੂ ਵਹਿਣ ਘੜੀਆਂ,

ਕਦੇ ਹੱਥ ਨਾ ਕਿਸੇ ਦੇ ਆਉਂਦੀਆਂ ਨੇ।

ਔਖੀਆਂ ਘੜੀਆਂ ਦੀ ਜਦੋਂ ਹੈ ਮਾਰ ਪੈਂਦੀ,

ਸੁਰਤਾਂ ਬੰਦੇ ਦੀਆਂ ਸਭ ਭੁਲਾਉਂਦੀਆਂ ਨੇ।

ਕਦੇ ਜ਼ਿੰਦਗੀ ਜਾਪਦੀ ਕੈਦਖ਼ਾਨਾ,

ਕਾਲ ਕੋਠੜੀ ਰੂਹਾਂ ਕੁਰਲਾਉਂਦੀਆਂ ਨੇ।

ਅੰਦਰੋਂ-ਅੰਦਰੀ ਲਹੂ-ਲੁਹਾਨ ਹਿਰਦਾ,

ਮਹਿਲ ਖ਼ਾਬਾਂ ਦੇ ਆਫ਼ਤਾਂ ਢਾਹੁੰਦੀਆਂ ਨੇ।

ਸੁੱਖਾਂ ਵਿੱਚ ਬਿਤਾਈਆਂ ‘ਸਹਿਜ’ ਘੜੀਆਂ,

ਓਹੀ ਮੁੜ-ਮੁੜ ਚੇਤੇ ਆਉਂਦੀਆਂ ਨੇ।

ਬੀਤ ਜਾਂਵਦਾ ਵਿੱਚ ਉਡੀਕ ਜੀਵਨ,

ਉਹ ਘੜੀਆਂ ਨਾ ਮੁੜ ਕੇ ਆਉਂਦੀਆਂ ਨੇ।

——————————————————————–

ਵਿੱਚ ਸਿਆਲ਼ੇ ਧੁੱਪ ਨਾ ਲੱਭੀ,

ਧੁੱਪਾਂ ਦੇ ਵਿੱਚ ਛਾਂ ਨਾ ਮਾਣੀ।

ਜ਼ਿੰਦਗੀ ਹੋ ਗਈ ਤੀਲਾ-ਤੀਲਾ,

ਭਰੇ ਪਿਆਲੇ ਗ਼ਮ ਦਾ ਪਾਣੀ।

ਦੁੱਖਾਂ ਦਾ ਸਿਰ ਛੱਤਰ ਝੂਲਦਾ,

’ਨੇਰ੍ਹਿਆਂ ਦੇ ਵਿੱਚ ਰੈਣ ਵਿਹਾਣੀ।

ਆਸਾਂ ਨੂੰ ਕੋਈ ਬੂਰ ਨਾ ਲੱਗਾ,

ਛੱਡ ਖਲੋਤੀ ਕਿਸਮਤ ਰਾਣੀ।

ਝੂਠੀ-ਮੂਠੀ ਹਾਂ ਮੁਸਕਰਾਉਂਦੇ,

ਮਨ ਦੀ ਹਾਲਤ ਕਿਸ ਨੇ ਜਾਣੀ।

ਕੌਣ ਸੁਣੇਂਦਾ ਕਿਸ ਨੂੰ ਦੱਸੀਏ ?

ਬਣਿਆ ਨਾ ਕੋਈ ਦਿਲ ਦਾ ਹਾਣੀ।

ਸਾਡੇ ਪੱਲੇ ਕੀ ਤੈਂ ਪਾਇਆ ?

ਖ਼ਾਲੀ ਸਾਡੀ ਝੋਲ ਪੁਰਾਣੀ।

ਸੋਚਾਂ ਦੇ ਤਖ਼ਤਾਂ ’ਤੇ ਬੈਠੇ,

ਲਿਖੀ ਜਾਂਵਦੇ ‘ਸਹਿਜ’ ਕਹਾਣੀ।

ਡਾ. ਹਰਮਿੰਦਰ ਸਿੰਘ ‘ਸਹਿਜ’-97819-93037