ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਤੀਜਾ)
ਗਿਆਨੀ ਅਵਤਾਰ ਸਿੰਘ
ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਪਹਿਲਾ)
ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਦੂਜਾ)
ਮਨੁੱਖ ਜਾਤੀ ਲਈ ਧਰਮ ਦੀ ਵਿਆਖਿਆ ਤਕਰੀਬਨ 4 ਕੁ ਹਜ਼ਾਰ ਸਾਲ ਤੋਂ ਹੋਣ ਲੱਗੀ ਹੈ। ਇਸ ਸਬੰਧ ’ਚ ਪਹਿਲਾ ਧਰਮ ਗ੍ਰੰਥ ‘ਰਿਗ ਵੇਦ’ ਮੰਨਿਆ ਜਾਂਦਾ ਹੈ। ਜਿਸ ਅੰਦਰ 1500 ਤੋਂ 1200 ਈਸਵੀ ਪੂਰਵ ਵਿਚਕਾਰ ਆਰੀਅਨ ਲੋਕਾਂ ਨੇ ਆਪਣੇ ਕਬੀਲੇ ਦੇ ਸਰਦਾਰਾਂ [ਇੰਦਰ, ਉਸ ਦੇ ਛੋਟੇ ਭਰਾ ਵਿਸ਼ਨੂੰ, ਵਰੁਣ, ਅਗਨ, ਵਾਯੂ (ਹਵਾ), ਬ੍ਰਹਮਣਸਪਤੀ (ਬ੍ਰਹਿਸਪਤੀ), ਸੂਰਜ, (ਘੋੜੀ ਤੋਂ ਪੈਦਾ ਹੋਏ ਮੰਨੇ ਗਏ ਸੂਰਜ ਦੇ ਪੁੱਤਰ) ਅਸ਼ਵਨੀ ਕੁਮਾਰ, ਪ੍ਰਿਥਵੀ, ਸੋਮ, ਵਿਸ਼ਵਕਰਮਾ ਆਦਿ] ਦੀ ਮਹਿਮਾ ’ਚ ਸਲੋਕ ਲਿਖੇ ਹੋਏ ਹਨ। ਆਰੀਅਨ ਲੋਕ 1700 ਈਸਾ ਪੂਰਵ; ਉੱਤਰ-ਪੱਛਮ ਵੱਲੋਂ ਭਾਰਤ ’ਚ ਆਏ ਤਾਹੀਓਂ ਇਨ੍ਹਾਂ ਦਾ ਸੁਰਗ; ਉੱਤਰ ਭਾਰਤ (ਕੈਲਾਸ ਪਰਬਤ) ਹੈ। ਜਿੱਥੇ ਅੰਤ ਨੂੰ ਜਾਂਦਿਆਂ ਪੰਜ ਪਾਂਡਵ, ਦਰੌਪਦੀ ਤੇ ਉਨ੍ਹਾਂ ਦੇ ਇੱਕ ਕੁੱਤੇ ਨੇ ਬਦਰੀਨਾਥ (ਉੱਤਰਾਖੰਡ) ਤੋਂ ਥੋੜ੍ਹਾ ਅੱਗੇ ਜਾ ਕੇ ਆਪਣੇ ਪ੍ਰਾਣ ਛੱਡੇ ਸਨ।
ਕਬੀਲੇ ਦੇ ਸਰਦਾਰਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਮੂਰਤੀਆਂ ਬਣਾ ਹਵਨ, ਯੱਗ, ਮੰਤਰਾਂ, ਆਦਿ ਨਾਲ਼ ਉਨ੍ਹਾਂ ਨੂੰ ਵਿਸ਼ਨੂੰ ਦੇ ਅਵਤਾਰ ਸਮਝ ਪ੍ਰਸੰਨ ਕੀਤਾ ਜਾਣ ਲੱਗਾ। (ਨੋਟ : ਰਿਗ ਵੇਦ ’ਚ ਇੰਦਰ ਦੀ ਵੱਧ ਮਹਿਮਾ ਹੈ, ਫਿਰ ਭੀ ਉਸ ਦੇ ਛੋਟੇ ਭਰਾ ਵਿਸ਼ਨੂੰ ਦੇ ਅਵਤਾਰ ਧਾਰਨ ਵਾਲ਼ੀ ਪ੍ਰਥਾ ਚਲਾਈ ਗਈ ਕਿਉਂਕਿ ਇੰਦਰ ਚਰਿੱਤਰਹੀਣ ਸੀ, ਉਸ ਪ੍ਰਤੀ ਸਮਾਜ ਦੀ ਸ਼ਰਧਾ ਬਣਨਾ; ਮੁਸ਼ਕਲ ਸੀ) ਇਸ ਸਬੰਧ ’ਚ ਗੁਰੂ ਅਮਰਦਾਸ ਜੀ ਨੇ ਕਿਹਾ ਹੈ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਕੁਦਰਤੀ ਆਫ਼ਤਾਂ (ਜਿਵੇਂ ਕਿ ਤੁਫ਼ਾਨ, ਅੱਗ, ਅਸਮਾਨੀ ਬਿਜਲੀ ਡਿੱਗਣ, ਭੁਚਾਲ, ਆਦਿ) ਨੂੰ ਉਨ੍ਹਾਂ ਦੇ ਹੋਏ ਨਿਰਾਦਰ ਦਾ ਕਾਰਨ ਦੱਸਿਆ। ਇਸ ਸੋਚ ਨੇ ਹਿੰਦੂ ਸਮਾਜ ਨੂੰ ਜਾਤ-ਪਾਤ, ਵਰਣ-ਆਸ਼੍ਰਮ, ਲਿੰਗ ਭੇਦ ’ਚ ਵੰਡ ਕੇ ਸਰਬੋਤਮ ਜਾਤ ਵਜੋਂ ਪੰਡਿਤ; ਖ਼ੁਦ ਆਕਾਰ (ਸਰਗੁਣ) ਦਾ ਪੂਜਾਰੀ ਬਣ ਬੈਠਾ। ਇਨ੍ਹਾਂ ਦੀਆਂ ਰਹੁ-ਰੀਤਾਂ; ਬ੍ਰਾਹਮਣ-ਗੁਰੂ ਬਣ ਕੇ ਨਿਭਾਏਗਾ, ਹੋਰ ਕੋਈ ਨਹੀਂ। ਇਸ ਬਾਰੇ ਕਬੀਰ ਜੀ ਦਾ ਕਹਿਣਾ ਹੈ, ‘‘ਹਮ ਗੋਰੂ, ਤੁਮ ਗੁਆਰ ਗੁਸਾਈ ! ਜਨਮ ਜਨਮ ਰਖਵਾਰੇ ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ; ਕੈਸੇ ਖਸਮ ਹਮਾਰੇ ?॥’’ (ਭਗਤ ਕਬੀਰ/੪੮੨) ਭਾਵ (ਹੇ ਬ੍ਰਾਹਮਣ !) ਕਈ ਜਨਮਾਂ ਤੋਂ ਅਸੀਂ ਗਾਈਆਂ ਬਣੇ ਹਾਂ ਤੇ ਤੁਸੀਂ; (ਅਸਾਂ) ਗਾਈਆਂ ਦੇ ਰਾਖੇ; ਫਿਰ ਭੀ ਸਾਨੂੰ ਕਦੇ ਮੁਕਤੀ ਨਸੀਬ ਨਾ ਹੋਈ; ਤੁਸੀਂ ਸਾਡੇ ਕੈਸੇ ਮਾਲਕ ਹੋ ? ਇਸ ਫਿਰਕੂ ਜਮਾਤ ਵਿਰੁੱਧ ਬੁੱਧ ਤੇ ਜੈਨ ਮੱਤ ਹੋਂਦ ’ਚ ਆਏ। ਇਨ੍ਹਾਂ ਨੇ ਅਹਿੰਸਾ ਤੇ ਨਿਰਮਲ ਮਨ ਨੂੰ ਪਰਮ ਧਰਮ ਮੰਨਿਆ। ਇਸ ਸਮੇਂ ਤੱਕ ਕਿਸੇ ਦੈਵੀ (ਗ਼ੈਬੀ) ਅਲੌਕਿਕ ਸ਼ਕਤੀ ਬਾਰੇ ਮਨੁੱਖ ਨੂੰ ਸੋਝੀ ਨਹੀਂ ਸੀ।
ਭਾਰਤ ਦੇ ਰਿਸ਼ੀਆਂ ਨੇ 500 ਈਸਾ ਪੂਰਵ ਤੋਂ ਧਰਮ ਦੇ ਸਬੰਧ ’ਚ ਕੁੱਝ ਉਪਨਿਸ਼ਦ ਲਿਖੇ। ਜਿਨ੍ਹਾਂ ਨੂੰ ਵੇਦਾਂਤ (ਵੇਦਾਂ ਦਾ ਅੰਤਲਾ ਕਾਂਡ) ਮੰਨਿਆ ਗਿਆ। ‘ਉਪਨਿਸ਼ਦ’ ਦੇ ਅੱਖਰੀ ਅਰਥ ਹਨ ‘ਉਪ (ਨੇੜੇ), ਨਿ (ਥੱਲੇ), ਸ਼੍ਦ (ਬੈਠਣਾ) ਭਾਵ ਗੁਰੂ ਦੇ ਨੇੜੇ ਹੇਠਾਂ ਬੈਠਣਾ। ਅੱਜ ਇਨ੍ਹਾਂ ਦੀ ਗਿਣਤੀ ਭਾਵੇਂ 200 ਤੋਂ ਵੱਧ ਹੈ, ਪਰ 108 ਕੁ ਹੀ ਅਸਲ ਮੰਨੇ ਜਾਂਦੇ ਹਨ। ਸਭ ਤੋਂ ਪਹਿਲੇ ਸਰਬੋਤਮ 13 ਉਪਨਿਸ਼ਦ ਹਨ ‘ਈਸ਼, ਐਤਰੇਏ, ਕੰਠ, ਕੇਨ, ਛਾਂਦੋਗਯ, ਪ੍ਰਸ਼ਨ, ਤੈਤਿੱਰੀਯ, ਮਾਂਡੂਕਯ, ਮੁੰਡਕ, ਸ੍ਵੈਤਾਸ੍ਵਤਰ, ਬ੍ਰਿਹਦਾਰਣਿਅਕ, ਕੌਸ਼ੀਤਕਿ ਤੇ ਮੈਤਰਾਇਣੀ’। ‘ਈਸ਼’ ਤੇ ‘ਬ੍ਰਿਹਦਾਰਣਿਅਕ’ ਉਪਨਿਸ਼ਦਾਂ ’ਚ ਬ੍ਰਹਮ (ਅੰਤਮ ਸੱਚ) ਤੇ ਆਤਮਾ ਦਾ ਪਰਸਪਰ ਸਬੰਧ ਬਿਆਨਿਆ ਹੈ ਯਾਨੀ ਭੌਤਿਕ ਸਰੀਰਾਂ ’ਚ ਚੇਤੰਨ ਆਤਮਾਵਾਂ ਅਤੇ ਅਲੌਕਿਕ ਬ੍ਰਹਮ ਦਾ ਆਪਸੀ ਸਬੰਧ ਹੈ। ਇਸ ਵਿਆਖਿਆ ਦਾ ਪ੍ਰਭਾਵ; ਬਾਅਦ ’ਚ ਲਿਖੇ ਗ੍ਰੰਥਾਂ (ਜਿਵੇਂ ਕਿ ਸ਼ਾਸਤਰ, ਪੁਰਾਣ, ਸਿਮਰਤੀਆਂ, ਗੀਤਾ, ਆਦਿ) ’ਤੇ ਪਿਆ ਹੈ। ਇਸੇ ਤਰ੍ਹਾਂ ਸੰਨ 1566 ’ਚ ਲਾਹੌਰ ’ਚ (ਪੰਡਿਤਾਂ ਵੱਲੋਂ ਕੀਤੀ ਸ਼ਿਕਾਇਤ ਸਮੇਂ ਗੁਰੂ) ਰਾਮਦਾਸ ਜੀ ਦੁਆਰਾ ਅਕਬਰ ਬਾਦਿਸ਼ਾਹ ਸਾਮ੍ਹਣੇ ਕੀਤੀ ਗੁਰਮਤਿ ਦੀ ਵਿਆਖਿਆ ਦਾ ਅਸਰ; ਉਨ੍ਹਾਂ ਦੁਆਰਾ ਸੰਨ 1581 ’ਚ ਸ਼ੁਰੂ ਕੀਤੇ ‘ਦੀਨ ਏ ਇਲਾਹੀ’ ਮਜ਼੍ਹਬ ’ਤੇ ਪਿਆ ਤਾਹੀਓਂ ਅਕਬਰ; ਦੋ ਵਾਰ (ਸੰਨ 1571 ’ਚ ਗੁਰੂ ਅਮਰਦਾਸ ਜੀ ਕੋਲ਼ ਅਤੇ 1598 ’ਚ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਲਈ) ਗੋਇੰਦਵਾਲ ਸਾਹਿਬ ਆਇਆ।
ਹੁਣ ਤੱਕ ਧਰਮ ਦੀ ਜ਼ਿਆਦਾਤਰ ਵਿਆਖਿਆ ਉੱਤਰ ਭਾਰਤ ’ਚ ਹੋਈ ਸੀ। ਭਾਰਤ ਦੇ ਮੂਲ ਨਿਵਾਸੀਆਂ ਦਰਾਵੜ ‘ਆਦਿ ਸ਼ੰਕਰਾਚਾਰੀਆ’ (ਸੰਨ 788-820) ਨੇ ਦੱਖਣ ਭਾਰਤ (ਅਜੋਕੇ ਕੇਰਲਾ) ’ਚ ਅਦਵੈਤ ਵਿਦਾਂਤ ਚਲਾਇਆ, ਜੋ ਆਤਮਾ ਅਤੇ ਈਸ਼ਵਰ ਦੀ ਬਰਾਬਰੀ ਉੱਤੇ ਆਧਾਰਿਤ ਸੀ। ਇਸ ਸੋਚ ਨਾਲ਼ ਮਿਲਦੀ-ਜੁਲਦੀ ਭਗਤੀ ਲਹਿਰ ਦੀ ਸ਼ੁਰੂਆਤ ਭੀ ਦੱਖਣ (ਤਾਮਿਲਨਾਡੂ) ’ਚ ਹੋਈ। ਜਿਸ ਵਿੱਚ ਪ੍ਰਸਿੱਧ ਭਗਤ ਰਾਮਾਨੁਜ਼ ਜੀ (1077-1157 ਈਸਵੀ/ਉਮਰ 80 ਸਾਲ) ਹੋਏ, ਜੋ ਉਪਨਿਸ਼ਦਾਂ ਦੇ ਅਰਥਾਂ ਬਾਰੇ ਆਪਣੇ ਗੁਰੂ (ਯਾਦਵ ਪ੍ਰਕਾਸ਼) ਨਾਲ਼ੋਂ ਅਕਸਰ ਭਿੰਨ ਵਿਚਾਰ ਰੱਖਦੇ ਸਨ। ਬਾਅਦ ’ਚ ਗੁਰੂ (ਯਾਦਵ ਪ੍ਰਕਾਸ਼) ਤੋਂ ਵੱਖ ਹੋ ਕੇ ਇਨ੍ਹਾਂ ਨੇ ਆਪਣਾ ਵੱਖਰਾ ਮਾਰਗ ਚੁਣਿਆ, ਜਿਸ ਨਾਲ਼ ਭਗਤ ਵੱਲਭਾਚਾਰਯ ਅਤੇ ਭਗਤ ਮਾਧਵ ਭੀ ਜੁੜ ਗਏ। ਇਸ ਸੰਪ੍ਰਦਾਇ ’ਚ 13ਵੀਂ ਥਾਂ ਭਗਤ ਰਾਘਵਾਨੰਦ ਜੀ ਹੋਏ, ਜਿਸ ਦੇ ਚੇਲੇ ਅਤੇ ਸੰਪ੍ਰਦਾਇ ਦੇ 14ਵੇਂ ਮੁਖੀ ਭਗਤ ਰਾਮਾਨੰਦ ਜੀ (ਸੰਨ 1366-1467/ਉਮਰ 101 ਸਾਲ) ਸਨ। ਇਨ੍ਹਾਂ ਨੇ ਪਹਿਲੀ ਵਾਰ ਉੱਤਰ ਭਾਰਤ ’ਚ ਪੱਥਰ ਮੂਰਤੀ ਪੂਜਾ, ਤੀਰਥ-ਯਾਤਰਾ, ਆਦਿ ਨੂੰ ਫੋਕਟ ਕਰਮ ਕਹਿ ਕੇ ਵਿਸ਼ਨੂੰ ਨੂੰ ਸਰਬ ਵਿਆਪਕ ਪ੍ਰਚਾਰਿਆ। ਆਪ ਜੀ ਦੇ ਬੋਲ ਹਨ, ‘‘ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ; ਗੁਰਿ (ਨੇ) ਮਨ ਹੀ ਮਾਹਿ ॥੧॥ ਜਹਾ ਜਾਈਐ; ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ; ਸਭ ਸਮਾਨ ..॥੨॥ ਸਤਿਗੁਰ ! ਮੈ ਬਲਿਹਾਰੀ ਤੋਰ ॥ ਜਿਨਿ (ਨੇ) ਸਕਲ ਬਿਕਲ ਭ੍ਰਮ; ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥੩॥’’ (ਭਗਤ ਰਾਮਾਨੰਦ/੧੧੯੫) ਭਾਵ ਮੈ ਠਾਕੁਰ ਦੁਆਰ ਯਾਨੀ ਮੰਦਿਰ ’ਚ ਪੂਜਾ ਕਰਨ ਗਈ, ਪਰ ਗੁਰੂ-ਗਿਆਨ ਨੇ ਸਮਝਾਇਆ ਕਿ ਉਹ ਤਾਂ ਮਨ ’ਚ ਵੱਸਦਾ ਹੈ, ਇਸ ਲਈ ਹੁਣ ਜਿੱਥੇ ਜਾਈਏ ਓਥੇ ਪੱਥਰ (ਮੂਰਤੀ ਜਾਂ) ਗੰਗਾ-ਜਲ ਹੈ, ਪਰ ਹੇ ਠਾਕੁਰ ! ਤੂੰ ਤਾਂ ਹਰ ਥਾਂ ਰਮਿਆ ਹੈਂ। ਹੇ ਸਤਿਗੁਰੂ ! ਮੈ ਤੈਥੋਂ ਕੁਰਬਾਨ ਹਾਂ ਕਿਉਂਕਿ ਤੈਂ ਮੇਰੇ ਸਾਰੇ ਭਰਮ ਕੱਟ ਦਿੱਤੇ। ਹੁਣ ਰਾਮਾਨੰਦ; ਸਰਬ ਵਿਆਪਕ ਬ੍ਰਹਮ ਨੂੰ ਸਿਮਰਦਾ ਹੈ; ਇਉਂ ਗੁਰੂ ਦਾ ਗਿਆਨ ਕਰੋੜਾਂ ਫੋਕਟ ਕਰਮ ਮੁਕਾ ਦਿੰਦਾ ਹੈ। ਇਹੀ ਸਚਾਈ; ਕੁੱਝ ਹੋਰ ਭਗਤਾਂ [ਜਿਵੇਂ ਰਵਿਦਾਸ ਜੀ (1376-1491 ਈਸਵੀ/ਉਮਰ 115 ਸਾਲ), ਕਬੀਰ ਜੀ (ਸੰਨ 1398-1518/ਉਮਰ 120 ਸਾਲ), ਆਦਿ] ਨੇ ਬਿਆਨ ਕੀਤੀ ਹੈ। ਜਿਨ੍ਹਾਂ ਦੀ ਬਾਣੀ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹੈ।
ਨੋਟ : ਇਤਿਹਾਸ ’ਚ ਜ਼ਿਕਰ ਹੈ ਕਿ ਰਾਮਾਨੰਦ ਜੀ; ਆਪਣੇ ਗੁਰੂ (ਰਾਘਵਾਨੰਦ) ਦੇ ਵਿਚਾਰਾਂ ਨਾਲ਼ ਪੂਰਨ ਤੌਰ ’ਤੇ ਸਹਿਮਤ ਨਹੀਂ ਸਨ। ਇਸ ਲਈ ਕੁੱਝ ਸਿੱਖਾਂ ਦਾ ਮੰਨਣਾ ਹੈ ਕਿ ‘‘ਸਤਿਗੁਰ ! ਮੈ ਬਲਿਹਾਰੀ ਤੋਰ ॥’’ ’ਚ ‘ਸਤਿਗੁਰ’ ਦਾ ਅਰਥ ‘ਈਸ਼ਵਰ’ ਸਮਝਣਾ ਚਾਹੀਦਾ ਹੈ, ਨਾ ਕਿ ਗੁਰੂ (ਰਾਘਵਾਨੰਦ); ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ, ਅਕਾਲ ਪੁਰਖ ਤੇ ਉਨ੍ਹਾਂ ਦੀ ਮਹਿਮਾ (ਸ਼ਬਦ) ਨੂੰ ਗੁਰੂ ਮੰਨਦੇ ਹਨ, ‘‘ਤਤੁ ਨਿਰੰਜਨੁ ਜੋਤਿ ਸਬਾਈ; ਸੋਹੰ ਭੇਦੁ ਨ ਕੋਈ ਜੀਉ ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ਗੁਰੁ ਮਿਲਿਆ ਸੋਈ ਜੀਉ ॥ (ਮਹਲਾ ੧/੫੯੯), ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਗੋਸਟਿ/ਮਹਲਾ ੧/੯੪੩)
ਜਵਾਬ : ਗੁਰੂ ਨਾਨਕ ਸਾਹਿਬ ਜੀ; ਪੈਦਾਇਸ਼ ਤੋਂ ਗੁਰੂ ਹਨ; ਜਿਵੇਂ ਕਿ ਵਾਕ ਹੈ, ‘‘ਜੋਤਿਰੂਪਿ (’ਚ) ਹਰਿਆਪਿ; ਗੁਰੂਨਾਨਕੁਕਹਾਯਉ॥’’ (ਭਟਮਥੁਰਾ/੧੪੦੮) ਇਤਿਹਾਸ ਗਵਾਹ ਹੈ ਕਿ ਆਪ 3 ਕੁ ਸਾਲ ਦੀ ਉਮਰ ’ਚ ਕਈ-ਕਈ ਘੰਟੇ ਇਕਾਂਤ-ਚਿਤ ਬੈਠੇ ਰਹਿੰਦੇ ਸਨ ਜਦਕਿ ਭਗਤ ਰਾਮਾਨੰਦ ਜੀ ਦੀ ਜੀਵਨ-ਕਥਾ ’ਚ ਐਸਾ ਸੰਕੇਤ ਨਹੀਂ ਮਿਲਦਾ। ਇਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਭਗਤ ਜੀ; ਦੱਖਣ ਭਾਰਤ (ਪਿੰਡ ਮਾਨਕੋਟ) ’ਚ ਪਿਤਾ ਸਦਨ ਸ਼ਰਮਾ ਅਤੇ ਮਾਤਾ ਸੁਸ਼ੀਲਾ ਜੀ ਦੇ ਘਰ ਸੰਨ 1366 ’ਚ ਪੈਦਾ ਹੋਏ। ਬ੍ਰਾਹਮਣ ਜਾਤ ’ਚ ਹੋਣ ਕਾਰਨ ਆਪ ਸ਼ੁਰੂਆਤੀ ਦਿਨਾਂ ’ਚ ਰਾਮ-ਸੀਤਾ ਦੇ ਉਪਾਸ਼ਕ ਸਨ ਤੇ ਬਾਅਦ ’ਚ ਨਿਰਗੁਣ ਦੇ ਉਪਾਸ਼ਕ ਬਣੇ। ਗੁਰੂ ਧਾਰਨ ਤੋਂ ਬਿਨਾਂ ਇਹ ਬਦਲਾਅ ਹੋਣਾ, ਅਸੰਭਵ ਹੈ।
ਗੁਰੂ ਦੀ ਲੋੜ ਬਾਰੇ ਰਾਮਾਨੰਦ ਜੀ ਅਤੇ ਭਗਤ ਕਬੀਰ ਜੀ ਦੇ ਸੰਵਾਦ ਨੂੰ ਬਨਾਰਸ (ਕਾਸ਼ੀ, ਵਾਰਾਣਸੀ) ’ਚ ਗੁਰਮਤਿ ਦੇ ਪ੍ਰਚਾਰਕ ਰਹੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਰਾਮਾਨੰਦ ਗੁਸਾਈਂ; ਵੈਰਾਗੀ (ਜੋ ਸ਼ਾਦੀਸ਼ੁਦਾ ਨਾ ਹੋਵੇ) ਬਣ ਬਨਾਰਸ ’ਚ ਰਹਿੰਦਾ ਸੀ ਤੇ ਸੁਬ੍ਹਾ ਉੱਠ ਕੇ ਗੰਗਾ ’ਚ ਇਸ਼ਨਾਨ ਕਰਨ ਜਾਂਦਾ ਸੀ। ਕਬੀਰ ਜੀ; (ਇਹ ਸੋਚ ਕੇ ਕਿ ਸ਼ਾਇਦ ਮੈਨੂੰ ਨੀਚ ਨੂੰ ਇਹ ਮੱਥੇ ਨਾ ਲਾਵੇ) ਪਹਿਲਾਂ ਹੀ ਉਸ ਦੇ ਰਸਤੇ ’ਚ ਲੰਬਾ ਲੇਟ ਗਿਆ। ਹਨ੍ਹੇਰੇ ’ਚ ਰਾਮਾਨੰਦ ਜੀ ਦੇ ਪੈਰ ਦਾ ਠੁੱਡਾ ਲੱਗਾ। ਪੈਰ ਨਾਲ਼ ਢੋਹ ਕੇ ਉਸ ਨੂੰ ਉਠਾਇਆ ਤੇ ਕਿਹਾ ‘ਰਾਮ ਬੋਲ’ ਭਾਵ ਰਾਹ ਛੱਡ ਦੇਹ। ਕਬੀਰ ਜੀ ਨੂੰ ਮਹਿਸੂਸ ਹੋਇਆ ਕਿ ਮੈਨੂੰ; ਗੁਰੂ (ਰਾਮਾਨੰਦ ਜੀ) ਵੱਲੋਂ ਉਪਦੇਸ਼ ਹੋ ਗਿਆ (ਕਿ ਮੈ ਰਾਮ ਦਾ ਨਾਮ ਜਪਾਂ)। ਜਿਵੇਂ ਲੋਹਾ; ਪਾਰਸ ਨੂੰ ਛੋਹ ਕੇ ਸੋਨਾ ਬਣਦਾ ਹੈ। ਨਿੰਮ; ਚੰਦਨ ਨਾਲ਼ ਰਹਿ ਕੇ ਸੁਗੰਧੀ ਧਾਰ ਲੈਂਦਾ ਹੈ; ਇਉਂ ਗੁਰੂ ਦੀ ਸਿੱਖਿਆ; ਪਸ਼ੂ-ਪਰੇਤਾਂ ਨੂੰ ਭੀ ਦੇਵਤੇ (ਸੁਗੰਧੀ ਭਰਪੂਰ) ਬਣਾ ਦਿੰਦੀ ਹੈ। ਅਸਚਰਜ ਗੁਰੂ ਨੂੰ ਮਿਲ ਕੇ ਅਸਚਰਜ ਅਵਸਥਾ ਧਾਰ ਈਸ਼ਵਰ ਨੂੰ ਮਿਲ ਜਾਈਦਾ ਹੈ। ਅੰਦਰੋਂ ਅਨੰਦ ਦੇ ਝਰਨੇ ਵਹਿੰਦੇ ਹਨ। ਗੁਰੂ ਦੇ ਬਚਨ; ਨਾ ਘੜੇ ਜਾਣ ਵਾਲ਼ੇ ਜੀਵ ਨੂੰ ਭੀ ਘੜ ਦਿੰਦੇ ਹਨ। ਹੁਣ ਰਾਮ ਤੇ ਕਬੀਰ; ਇਕ ਸਮਾਨ ਹੋ ਗਏ, ‘‘ਹੋਇ ਬਿਰਕਤੁ ਬਨਾਰਸੀ; ਰਹਿੰਦਾ ਰਾਮਾਨੰਦੁ ਗੁਸਾਈਂ। ਅੰਮ੍ਰਿਤੁ ਵੇਲੇ ਉਠਿ ਕੈ; ਜਾਂਦਾ ਗੰਗਾ ਨ੍ਹਾਵਣ ਤਾਈਂ। ਅਗੋ ਹੀ ਦੇ ਜਾਇ ਕੈ; ਲੰਮਾ ਪਿਆ ਕਬੀਰ ਤਿਥਾਈਂ। ਪੈਰੀ ਟੁੰਬ ਉਠਾਲਿਆ; ‘ਬੋਲਹੁ ਰਾਮ’ ਸਿਖ ਸਮਝਾਈ। ਜਿਉ ਲੋਹਾ ਪਾਰਸੁ ਛੁਹੇ; ਚੰਦਨ ਵਾਸੁ ਨਿੰਮੁ ਮਹਕਾਈ। ਪਸੂ ਪਰੇਤਹੁ ਦੇਵ ਕਰਿ; ਪੂਰੇ ਸਤਿਗੁਰ ਦੀ ਵਡਿਆਈ। ਅਚਰਜ ਨੋ ਅਚਰਜੁ ਮਿਲੈ; ਵਿਸਮਾਦੈ ਵਿਸਮਾਦੁ ਮਿਲਾਈ। ਝਰਣਾ ਝਰਦਾ ਨਿਝਰਹੁੰ; ਗੁਰਮੁਖਿ ਬਾਣੀ ਅਘੜ ਘੜਾਈ। ਰਾਮ ਕਬੀਰੈ ਭੇਦੁ ਨ ਭਾਈ ॥੧੫॥’’ (ਵਾਰ ੧੦ ਪਉੜੀ ੧੫)
ਇਹ ਭੀ ਸੰਭਵ ਹੈ ਕਿ ਰਾਮਾਨੰਦ ਜੀ ਨੇ ਭੀ ਪਹਿਲਾਂ ਗੁਰੂ ਧਾਰਿਆ ਹੋਵੇ। ਬੰਦਗੀ ਕਰਦਿਆਂ-ਕਰਦਿਆਂ ਈਸ਼ਵਰ ਦੀ ਮਿਹਰ ਨਾਲ਼ ਅਚਨਚੇਤ ਚੇਤਨਾ ’ਚ ਵਾਧਾ ਹੋਣ ’ਤੇ ਗੁਰੂ ਨਾਲ਼ੋਂ ਵੱਖ (ਉੱਤਰ ਭਾਰਤ ਬਨਾਰਸ ’ਚ) ਰਹਿਣ ਲੱਗ ਗਿਆ ਹੋਵੇ। ਇਨ੍ਹਾਂ ਦੇ ਆਪਸੀ ਮਤਭੇਦ; ਕਿਸੇ ਸਾਜ਼ਸ਼ ਅਧੀਨ ਭੀ ਖੜ੍ਹੇ ਕੀਤੇ ਗਏ ਹੋਣ। ਭਗਤ ਰਾਮਾਨੰਦ ਜੀ; ਭਗਤ ਕਬੀਰ ਜੀ ਤੋਂ 32 ਸਾਲ ਤੇ ਭਗਤ ਰਵਿਦਾਸ ਜੀ ਤੋਂ 10 ਸਾਲ ਵੱਡੇ ਸਨ। ਤਿੰਨੇ ਬਨਾਰਸ ’ਚ ਸਤਸੰਗੀ ਰਹੇ ਹਨ।
ਪਿਛਲੇ ਭਾਗਾਂ ’ਚ ਵਿਚਾਰਿਆ ਜਾ ਚੁੱਕਾ ਹੈ ਕਿ ਮਨੁੱਖ ਦੀ ਸੋਚ ’ਚ ਵਾਧਾ; ਮਨੋਵਿਗਿਆਨ ਅਨੁਸਾਰ 3 ਕਾਰਨ ਹੁੰਦਾ ਹੈ ‘ਸੁਣਨ ਨਾਲ਼, ਵੇਖਣ ਨਾਲ ਤੇ ਛੁਹਣ ਨਾਲ਼’। ਧਰਮ ਗ੍ਰੰਥਾਂ ’ਚ ਇਸ ਦਾ ਕਾਰਨ ਪੰਜ ਗਿਆਨ ਇੰਦ੍ਰਿਆਂ (ਨੱਕ, ਕੰਨ, ਜੀਭ, ਅੱਖ ਤੇ ਚਮੜੀ) ਮੰਨਿਆ ਹੈ। ਇਨ੍ਹਾਂ ਦੋਵੇਂ ਖੋਜਾਂ ’ਚ ਉਸ ਵਾਧੇ ਦਾ ਜ਼ਿਕਰ ਨਹੀਂ, ਜੋ ਕਰਤਾਰ ਦੀ ਕਿਰਪਾ ਨਾਲ਼ ਹੁੰਦਾ ਹੈ। ਜਿਸ ਨੇ ਕਰੋੜਾਂ ਸਾਲ ਪਹਿਲਾਂ ਮਨੁੱਖ ਨੂੰ ਆਪਣਾ ਨੰਗੇਜ ਢੱਕਣ ਲਈ ਪ੍ਰੇਰਿਆ ਭਾਵੇਂ ਕਿ ਪਹਿਲਾਂ ਪਹਿਲ ਕਿਸੇ ਖ਼ਾਸ ਮਨੁੱਖ ਨੂੰ ਸੋਝੀ ਹੋਈ ਹੋਵੇਗੀ, ਜਿਸ ਨੂੰ ਬਾਅਦ ’ਚ ਸਭ ਨੇ ਅਪਣਾਅ ਲਿਆ। ਜਨਮ ਸਮੇਂ ਭੀ ਹਰ ਬੱਚਾ ਰੋਂਦਾ ਹੈ ਤਾਂ ਕਿ ਇੰਦ੍ਰੇ ਤੁਰੰਤ ਗਤੀ ਕਰਨ ਵਰਨਾ ਦਿਮਾਗ਼ ਨੂੰ ਆਕਸੀਜਨ, ਖ਼ੂਨ ਨਾ ਮਿਲਣ ਕਾਰਨ ਮੌਤ ਹੋ ਸਕਦੀ ਹੈ। ਗਰਭ ’ਚ ਮਾਤਾ ਰਾਹੀਂ ਇਹ ਕਿਰਿਆ ਹੁੰਦੀ ਸੀ। ਜੁੜਵੇਂ ਬੱਚਿਆਂ ’ਚ ਭੀ ਜਨਮ ਤੋਂ ਅਕਲ ਵੱਧ-ਘੱਟ ਹੁੰਦੀ ਹੈ। ਸੁਰਤ ’ਚ ਇਹ ਵਾਧਾ; ਕਿਸੇ ਨੂੰ ਵੇਖ ਕੇ, ਸੁਣ ਕੇ ਜਾਂ ਛੁਹ ਕੇ ਨਹੀਂ ਹੁੰਦਾ। ਸੋ ਆਦਿ ਕਾਲ ਤੋਂ ਚੇਤਨਾ; ਕੁਦਰਤ ’ਚ ਵਧਦੀ ਰਹੀ ਹੈ। ਮਨੁੱਖ ਦੀ ਆਮ ਸੋਚ ਨੂੰ ਭੀ ਸਤਿਗੁਰੂ ਭੀ ਦੇਵਤਾ (ਰੌਸ਼ਨ-ਦਿਮਾਗ਼) ਬਣਾ ਦਿੰਦਾ ਹੈ; ਜਿਵੇਂ ਕਿ ਕਿਹਾ ਹੈ, ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥ ਜਿਨਿ (ਨੇ) ਮਾਣਸ ਤੇ ਦੇਵਤੇ ਕੀਏ; ਕਰਤ ਨ ਲਾਗੀ ਵਾਰ ॥’’ (ਮਹਲਾ ੧/੪੬੨) ਇਸ ਲਈ ਇਹ ਕਹਿਣਾ ਕਿ ਸੁਰਤ ’ਚ ਵਾਧਾ; ਕੇਵਲ 5 ਗਿਆਨ ਇੰਦ੍ਰਿਆਂ ਰਾਹੀਂ ਹੀ ਹੁੰਦਾ ਹੈ, ਸਹੀ ਨਹੀਂ।
ਗੁਰੂ ਅਮਰਦਾਸ ਜੀ ਨੇ ਲਾਹੌਰ ਦੇ ਪ੍ਰੇਮਾ ਕੋਹੜੀ ਨੂੰ ਰੋਗ ਮੁਕਤ ਤੇ ਬ੍ਰਹਮ-ਗਿਆਨੀ ਬਣਾ ਉਸ ਨਾਲ਼ ਸੀਹਾਂ ਉੱਪਲ ਦੀ ਬੇਟੀ ‘ਮਥੋ’ ਦਾ ਵਿਆਹ ਕਰਾ ਦਿੱਤਾ ਤੇ ਉਸ ਨੂੰ ਪ੍ਰਚਾਰਕ ਮੰਜੀ ਭੀ ਬਖ਼ਸ਼ੀ। ਚੇਤੇ ਰਹੇ ਕਿ ਸ਼ੀਹਾਂ ਉੱਪਲ; ਗੁਰੂ ਨਾਨਕ ਸਾਹਿਬ ਦਾ ਸਿੱਖ ਸੀ। ਜਿਸ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ (ਸਾਖੀ ਮਹਲੇ ਪਹਿਲੇ ਕੀ) ਲਿਖੀ। ਇਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਭੀ ਕਰਦੇ ਹਨ, ‘‘ਸੀਹਾਂ ਉਪਲੁ ਜਾਣੀਐ; ਗਜਣੁ ਉਪਲੁ ਸਤਿਗੁਰ ਭਾਵੈ।’’ (ਵਾਰ ੧੧ ਪਉੜੀ ੧੪) ਸੀਹਾਂ ਤੇ ਗੱਜਣ; ਦੋਵੇਂ ਭਰਾ ਸਨ। ਇਸ ਸਾਖੀ ’ਚ ਗੁਰੂ ਜੀ ਦਾ ਜਨਮ; ਵਿਸਾਖ (ਚੇਤ ਸੁਦੀ ਪੂਰਨਮਾਸ਼ੀ ਸੰਮਤ ੧੫੨੬; ੧ ਵੈਸਾਖ; ਨਾਨਕਸ਼ਾਹੀ ਸੰਮਤ ੧/27 ਮਾਰਚ 1469) ਹੈ, ਨਾ ਕਿ ਕੱਤਕ। ਇਹ ਸਭ ਤੋਂ ਪੁਰਾਣਾ ਇਤਿਹਾਸਕ ਸਰੋਤ ਹੈ, ਨਾ ਕਿ ਬਾਲਾ ਸਾਖੀ, ਜਿਸ ਵਿੱਚ ‘ਕੱਤਕ’ ਦਾ ਜਨਮ ਲਿਖਿਆ ਹੈ।
8ਵੇਂ ਗੁਰੂ ਹਰਿਕ੍ਰਿਸ਼ਨ ਜੀ ਨੇ ਭੀ ਪੰਡਿਤ ਕ੍ਰਿਸ਼ਨ ਲਾਲ ਦਾ ਘਮੰਡ ਤੋੜਨ ਲਈ ਪਿੰਡ ਪੰਜੋਖਰਾ (ਅੰਬਾਲਾ) ਦੇ ਭਾਈ ਛੱਜੂ ਰਾਮ ਝਿਊਰ ਤੋਂ ਗੀਤਾ ਦੇ ਅਰਥ ਕਰਾ ਦਿੱਤੇ ਸਨ। ਸੋ ਚੇਤਨਾ ’ਚ ਅਚਾਨਕ ਹੁੰਦੇ ਵਾਧੇ ਪਿੱਛੇ ਗੁਰੂ ਦੀ ਮਿਹਰ ਕਾਰਜਸ਼ੀਲ ਹੁੰਦੀ ਹੈ, ਨਾ ਕਿ ਦਿਮਾਗ਼-ਸ਼ਕਤੀ।
ਸੋ ਆਦਿ ਕਾਲ (ਮੰਨਿਆ ਜਾਂਦਾ ਹੈ ਕਿ ਮਨੁੱਖ ਜਾਤੀ 3 ਲੱਖ ਸਾਲ ਪਹਿਲਾਂ ਅਫ਼ਰੀਕਾ ’ਚ ਉਪਜੀ, ਜੋ ਨਵੀਂ ਖੋਜ ਅਨੁਸਾਰ ਭਾਰਤ ’ਚ 74 ਹਜ਼ਾਰ ਸਾਲ ਪਹਿਲਾਂ ਆਈ) ਤੋਂ ਅਕਾਲ ਪੁਰਖ; ਇਸ ਅੰਦਰ ਵਿਸ਼ੇਸ਼ ਊਰਜਾ ਪਾਉਂਦਾ ਆ ਰਿਹਾ ਹੈ ਤਾਂ ਕਿ ਮਾਲਕ ਦੀ ਹੋਂਦ (ਪੂਰਨ ਸੱਚ) ਤੋਂ ਹਰ ਕੋਈ ਵਾਕਫ਼ ਹੋ ਜਾਵੇ। ਅੱਜ ਇਉਂ ਭੀ ਕਿਹਾ ਜਾ ਸਕਦਾ ਹੈ ਕਿ ਤ੍ਰੇਤੇ ਯੁੱਗ ’ਚ ਰਾਮਚੰਦਰ ਜੀ ਅੰਦਰ 12 ਕਲਾਂ ਸਨ, ਜੋ ਦੁਆਪਰ ’ਚ ਸ੍ਰੀ ਕ੍ਰਿਸ਼ਨ ਜੀ ਅੰਦਰ 16 ਕਲਾਂ ਹੋ ਗਈਆਂ। ਕਲਿਜੁਗ ’ਚ ਗੁਰੂ ਨਾਨਕ ਸਾਹਿਬ ਅੰਦਰ ਸੰਪੂਰਨ ਕਲਾਂ ਹੋ ਗਈਆਂ। ਰੱਬ ਦੇ ਹੁਕਮ ’ਚ ਵਧਦੀ ਇਸ ਚੇਤਨਾ ਬਾਰੇ ਗੁਰੂ ਰਾਮਦਾਸ ਜੀ ਦੇ ਬੋਲ ਹਨ ਕਿ ਪ੍ਰਭੂ ਮੰਨਦਾ ਹੈ ਕਿ ਮੇਰਾ; ਆਪਣੇ ਸੇਵਕਾਂ ਨਾਲ ਬਹੁਤ ਪਿਆਰ ਹੈ। ਮੈ ਆਪਣੇ ਸੇਵਕਾਂ ਦਾ ਮਿੱਤਰ ਹਾਂ। ਉਨ੍ਹਾਂ ਦੇ ਵੱਸ ’ਚ ਹਾਂ; ਜਿਵੇਂ ਇੱਕ ਵਾਜਾ, ਵਜੰਤ੍ਰੀ (ਵਾਜਾ ਵਜਾਉਣ ਵਾਲ਼ੇ) ਦੇ ਵੱਸ ’ਚ ਹੁੰਦਾ ਹੈ। ਮੇਰੇ ਦਾਸ ਚਾਹੁੰਦੇ ਹਨ ਕਿ ਜਿਵੇਂ ਹਰ ਜਗ੍ਹਾ ਮੀਂਹ ਵਰਦਾ ਹੈ; ਉਸੇ ਤਰ੍ਹਾਂ ਤੂੰ ਸਾਡੇ ’ਤੇ ਮਿਹਰ ਕਰਦਾ ਰਹਿ। ਭਗਤਾਂ ਦਾ ਸਤਿਕਾਰ; ਮੇਰਾ ਸਤਿਕਾਰ ਹੈ। ਮੈ ਉਨ੍ਹਾਂ ਦਾ (ਜਗਤ ’ਚ) ਜੈ ਜੈਕਾਰ ਕਰਾਉਂਦਾ ਹਾਂ ਕਿਉਂਕਿ ਉਨ੍ਹਾਂ ਰਾਹੀਂ ਹੁੰਦੀ ਮੇਰੀ ਸ਼ੋਭਾ, ਮੈਨੂੰ ਪਸੰਦ ਹੈ। ਜੋ ਨਾਮ ਜਪਦਾ ਤੇ ਕਹਿੰਦਾ ਹੈ ਕਿ ਹੇ ਪ੍ਰਭੂ ! ਮੇਰੀ ਭਗਤ ਹੋਣ ਦੀ ਇੱਜ਼ਤ ਰੱਖ; ਉਸ ਨੂੰ ਮੈ ਆਪਣੇ ਵਰਗਾ ਅਮਰ ਬਣਾ ਲੈਂਦਾ ਹਾਂ, ‘‘ਹਰਿ ਦਾਸਨ ਸਿਉ ਪ੍ਰੀਤਿ ਹੈ; ਹਰਿ ਦਾਸਨ ਕੋ ਮਿਤੁ ॥ ਹਰਿ ਦਾਸਨ ਕੈ ਵਸਿ ਹੈ; ਜਿਉ ਜੰਤੀ ਕੈ ਵਸਿ ਜੰਤੁ ॥ ਹਰਿ ਕੇ ਦਾਸ ਹਰਿ ਧਿਆਇਦੇ; ਕਰਿ ਪ੍ਰੀਤਮ ਸਿਉ ਨੇਹੁ ॥ ਕਿਰਪਾ ਕਰਿ ਕੈ ਸੁਨਹੁ ਪ੍ਰਭ ! ਸਭ ਜਗ ਮਹਿ ਵਰਸੈ ਮੇਹੁ ॥ ਜੋ ਹਰਿ ਦਾਸਨ ਕੀ ਉਸਤਤਿ ਹੈ; ਸਾ ਹਰਿ ਕੀ ਵਡਿਆਈ ॥ ਹਰਿ, ਆਪਣੀ ਵਡਿਆਈ ਭਾਵਦੀ; ਜਨ ਕਾ ਜੈਕਾਰੁ ਕਰਾਈ ॥ ਸੋ ਹਰਿ ਜਨੁ ਨਾਮੁ ਧਿਆਇਦਾ; ਹਰਿ, ਹਰਿ ਜਨੁ ਇਕ ਸਮਾਨਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ; ਹਰਿ ਪੈਜ ਰਖਹੁ ਭਗਵਾਨ !॥੧॥’’ (ਮਹਲਾ ੪/੬੫੨) ਪ੍ਰਭੂ ਦੀ ਹੋਂਦ (ਪ੍ਰਕਾਸ਼/ਰੂਹਾਨੀਅਤ ਊਰਜਾ/ਬਲ) ਨੂੰ ਭਗਤ ਆਪਣੇ ਅੰਦਰੋਂ ਭੀ ਮਹਿਸੂਸ ਕਰਦਾ ਹੈ; ਜਿਵੇਂ ਕਿ ਕਿਹਾ ਹੈ, ‘‘ਗੁਸਾੲਂੀ ! ਪਰਤਾਪੁ ਤੁਹਾਰੋ ਡੀਠਾ ॥’’ (ਮਹਲਾ ੫/੧੨੩੫) ਭਗਤ ਰਵਿਦਾਸ ਜੀ ਦਾ ਭੀ ਮੰਨਣਾ ਹੈ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥’’ (ਭਗਤ ਰਵਿਦਾਸ/੯੩) ਨਾਮਦੇਵ ਜੀ ਭੀ ਕਹਿੰਦੇ ਹਨ, ‘‘ਬਦਹੁ ਕੀ ਨ ਹੋਡ ਮਾਧਉ ! ਮੋ ਸਿਉ ॥ ਠਾਕੁਰ ਤੇ ਜਨੁ, ਜਨ ਤੇ ਠਾਕੁਰੁ; ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥’’ (ਭਗਤ ਨਾਮਦੇਵ/੧੨੫੨) ਭਾਵ ਹੇ ਪ੍ਰਭੂ ! ਤੂੰ ਮੇਰੇ ਨਾਲ਼ ਭਾਵੇਂ ਸ਼ਰਤ ਲਗਾ ਲੈ; ਇਹੀ ਸੱਚ ਹੈ ਕਿ ਤੇਰੀ ਮਦਦ ਨਾਲ਼ ਭਗਤ; ਜਗਤ ’ਚ ਪ੍ਰਸਿੱਧ ਹੁੰਦਾ ਹੈ ਤੇ ਭਗਤਾਂ ਰਾਹੀਂ ਤੇਰੀ ਹੋਂਦ ਪ੍ਰਗਟ ਹੁੰਦੀ ਹੈ। ਤੇਰਾ ਮੇਰਾ ਇਹ ਰਿਸ਼ਤਾ (ਭਾਵ ਖੇਲ) ਹੀ ਹਰ ਥਾਂ ਵਾਪਰਦਾ ਰਿਹਾ ਹੈ। ਇਹੀ ਪੂਰਨ ਸੱਚ ਹੈ, ਧਰਮ ਹੈ, ਜਿਸ ’ਤੇ ਭਰੋਸਾ ਕਰ ਅਮਲ ’ਚ ਲਿਆਉਣਾ; ਧਰਮੀ ਹੋਣਾ ਹੈ।
ਇੱਕ ਨਾਸਤਿਕ ਬੰਦਾ; ਕਈ ਕਈ ਬੰਦਿਆਂ ਨਾਲ਼ ਨਹੀਂ ਲੜ ਸਕਦਾ ਕਿਉਂਕਿ ਉਸ ਦੀ ਸ਼ਕਤੀ; ਕੇਵਲ ਦਿਮਾਗ਼ੀ-ਗਿਆਨ ਹੈ। ਦੂਜੇ ਪਾਸੇ ਇਤਿਹਾਸ ਗਵਾਹ ਹੈ ਕਿ 50 ਕੁ ਕਿਲੋ ਵਜ਼ਨੀ ਭਾਈ ਬਚਿਤਰ ਸਿੰਘ ਜੀ ਨੇ ਨਾਗਣੀ ਦੇ ਇੱਕੋ ਵਾਰ ਨਾਲ਼ ਮਸਤ ਹਾਥੀ ਦੇ ਸਿਰ ’ਤੇ ਬੰਨ੍ਹੇ ਲੋਹੇ ਦੇ ਤਵਿਆਂ ਨੂੰ ਭੀ ਛੇਦ ਦਿੱਤਾ ! ਐਸਾ ਮਾਨਸਿਕ ਬਲ; ਗੁਰੂ ਦੀ ਮਿਹਰ ਨਾਲ਼ ਪਾਰਦਰਸ਼ੀ ਹੁੰਦੇ ਅੰਤਹਿਕਰਣ ’ਚੋਂ ਆਤਮ-ਪ੍ਰਕਾਸ਼ (ਇਲਾਹੀ ਜੋਤਿ) ਕਾਰਨ ਉਪਜਦਾ ਹੈ; ਜਿਵੇਂ ਕਿ ਬਚਨ ਹਨ, ‘‘ਨਿਹਤੇ ਪੰਜਿ ਜੁਆਨ ਮੈ; ਗੁਰ ਥਾਪੀ ਦਿਤੀ ਕੰਡਿ (’ਤੇ) ਜੀਉ ॥’’ (ਮਹਲਾ ੫/੭੪) ਭਾਵ ਜਦ ਗੁਰੂ ਨੇ ਮੋਢੇ ’ਤੇ ਥਾਪੀ ਦਿੱਤੀ ਤਾਂ ਮੈ ਪੰਜ ਅਮੋੜ ਵਿਕਾਰ (ਦੁਸ਼ਮਣ) ਕਾਬੂ ਕਰ ਲਏ ਭਾਵ ਅੰਤਹਿਕਰਣ ’ਤੇ ਚੜੀ ‘ਜਨਮ ਜਨਮ ਦੀ ਕੂੜੈ ਪਾਲਿ’ ਉਤਾਰ ਲਈ। ਹੁਣ ਪ੍ਰਤੱਖ ਹੋ ਗਿਆ ਕਿ ‘‘ਨਿਰਭਉ ਜਪੈ; ਸਗਲ ਭਉ ਮਿਟੈ ॥ (ਸੁਖਮਨੀ/ਮਹਲਾ ੫/੨੯੩), ਜੈਸਾ ਸੇਵੈ; ਤੈਸੋ ਹੋਇ ॥’’ (ਮਹਲਾ ੧/੨੨੩) ਚੇਤੇ ਰਹੇ ਕਿ ਪੱਥਰ (ਬੇਜਾਨ) ਨੂੰ ਪੂਜਣ ਵਾਲ਼ਾ; ਕਿੰਨਾ ਭੀ ਵਿਦਵਾਨ ਹੋਵੇ; ਉਹ ਹਾਥੀ ਤੇ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹ ਡਰ, ਭੇਦ ਭਾਵ, ਛਲ-ਫ਼ਰੇਬ, ਭਰਮ ਆਦਿ ਤੋਂ ਮੁਕਤ ਨਹੀਂ ਹੋ ਸਕਦਾ।
ਉਕਤ ਵਿਚਾਰ ਦਾ ਭਾਵ ਹੈ ਕਿ ਆਦਿ ਕਾਲ ਤੋਂ ਚੇਤਨਾ ਸਮਾਜ ’ਚ ਵਧਦੀ ਰਹੀ ਹੈ। ਇਸ ਤੋਂ ਇਹ ਭਰਮ ਨਾ ਪਾਲ਼ਿਆ ਜਾਵੇ ਕਿ ਹਜ਼ਾਰਾਂ ਸਾਲ ਬਾਅਦ ਵਧੀ ਚੇਤਨਾ; ਗੁਰਬਾਣੀ ਨੂੰ ਭੀ ਝੂਠ ਕਹਿ ਦੇਵੇਗੀ; ਜਿਵੇਂ ਕਿ ਅਕਸਰ ਸਮਝਿਆ ਜਾਂਦਾ ਹੈ ਕਿ ਗੁਰਬਾਣੀ ਨੇ ਪ੍ਰਾਚੀਨ ਮੱਤਾਂ (ਧਰਮਾਂ, ਮਜ਼੍ਹਬਾਂ) ਨੂੰ ਰੱਦ ਕੀਤਾ ਹੈ, ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ (ਕਿਉਂਕਿ) ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ॥੪॥’’ (ਭਗਤ ਨਾਮਦੇਵ/੮੭੫) ਦਰਅਸਲ ਇਹ ਵਾਕ; (ਇਲਾਹੀ ਹੋਂਦ ਨੂੰ ਕੇਵਲ) ਸਰਗੁਣ ਰੂਪ ਮੰਨਣ ਵਿਰੁੱਧ ਹਨ। ਇਸ ਦਾ ਅਰਥ ਹੈ ਕਿ ਹਿੰਦੂ; ਮੰਦਿਰ ’ਚ ਪੱਥਰ ਨੂੰ ਰੱਬ ਸਮਝ ਕੇ ਪੂਜਦਾ ਹੈ ਤੇ ਮੁਸਲਮਾਨ ਮਸਜਿਦ ’ਚ। (ਨਿਰਾਕਾਰ ਨੂੰ ਵੇਖਣ ਵਾਲ਼ੀ) ਦੋਵਾਂ ਕੋਲ਼ ਇੱਕ-ਇੱਕ ਅੱਖ ਨਹੀਂ। ਪੈਗ਼ੰਬਰ ’ਤੇ ਭਰੋਸਾ ਹੋਣ ਕਾਰਨ ਮੁਸਲਮਾਨ ਕੋਲ਼ ਦੂਜੀ ਅੱਖ ਬਚੀ ਹੈ, ਪਰ ਆਪਣੇ ਗ੍ਰੰਥਾਂ ਪ੍ਰਤੀ ਸੰਦੇਹ ਹੋਣ ਕਾਰਨ ਬ੍ਰਾਹਮਣ ਕੋਲ਼ ਉਹ ਅੱਖ ਭੀ ਨਹੀਂ। ਨਾਮਦੇਵ ਦੋਵੇਂ ਅੱਖਾਂ ਤੋਂ ਸੁਜਾਖਾ ਹੈ (ਕਿਉਂਕਿ ਮੇਰੇ ਅੰਦਰ ਗੁਰੂ ਪ੍ਰਤੀ ਸ਼ਰਧਾ ਹੈ ਅਤੇ) ਉਸ ਨੂੰ ਸਿਮਰਦਾ ਹਾਂ; ਜੋ ਨਾ ਮੰਦਿਰ ’ਚ ਹੈ, ਨਾ ਮਸਜਿਦ ’ਚ ਭਾਵ ਹਰ ਜਗ੍ਹਾ ਹੈ।
ਭਗਤ ਕਬੀਰ ਜੀ; ਸਰਗੁਣ ਨੂੰ ਪੂਜਣ ’ਤੇ ਤਨਜ਼ ਕਸਦੇ ਹਨ ਕਿ ‘‘ਦਖਨ ਦੇਸਿ (’ਚ) ਹਰੀ ਕਾ ਬਾਸਾ; ਪਛਿਮਿ (’ਚ) ਅਲਹ ਮੁਕਾਮਾ ॥ ਦਿਲ ਮਹਿ ਖੋਜਿ, ਦਿਲੈ ਦਿਲਿ ਖੋਜਹੁ; ਏਹੀ ਠਉਰ ਮੁਕਾਮਾ ॥’’ (ਭਗਤ ਕਬੀਰ/੧੩੪੯) ਭਾਵ ਹਿੰਦੂ ਲਈ ਰੱਬ ਦਾ ਨਿਵਾਸ-ਘਰ; ਭਾਰਤ ਦੇ ਦੱਖਣ (ਜਗਨਨਾਥਪੁਰੀ/ਉਡੀਸਾ) ’ਚ ਹੈ ਤੇ ਮੁਸਲਮਾਨ ਲਈ ਅੱਲ੍ਹਾ; ਪੱਛਮ (ਮੱਕਾ) ’ਚ ਹੈ ਭਾਵੇਂ ਕਿ ਸਚਾਈ ਹੈ ਕਿ ਉਹ ਹਰੇਕ ਦੇ ਦਿਲ ’ਚ ਹੈ, ਜਿੱਥੋਂ ਕੋਈ ਲੱਭ ਨਹੀਂ ਰਿਹਾ। ਗੁਰੂ ਅਰਜਨ ਸਾਹਿਬ ਦੇ ਬਚਨ ਹਨ ਕਿ ‘‘ਨਾ ਹਮ ਹਿੰਦੂ; ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥’’ (ਮਹਲਾ ੫/੧੧੩੬) ਭਾਵ ਮੇਰੇ ਸਰੀਰ ਤੇ ਸੁਆਸ; ਉਸ ਨਿਰਾਕਾਰ ਦੇ (ਬਖ਼ਸ਼ੇ ਹੋਏ) ਹਨ, ਜਿਸ ਨੂੰ (ਸਰਗੁਣ ਰੂਪ ’ਚ ਮੌਲਵੀ) ਅੱਲ੍ਹਾ ਤੇ (ਬ੍ਰਾਹਮਣ) ਰਾਮ ਕਹਿੰਦਾ ਹੈ ਤਾਹੀਓਂ ਮੈ ਨਾ (ਸਰਗੁਣ ਪੂਜਕ) ਹਿੰਦੂ ਹਾਂ, ਨਾ ਮੁਸਲਮਾਨ।
ਸੋ ਬਾਣੀਕਾਰ; ਨਿਰਾਕਾਰ ਨੂੰ ਸਰਗੁਣ ਰੂਪ ’ਚ ਪੂਜਣ ਵਿਰੁਧ ਹਨ, ਨਾ ਕਿ ਅਤੀਤ ’ਚ ਲਿਖੇ ਨੇਕ ਵਿਚਾਰਾਂ ਵਿਰੁਧ ਭੀ। ਇਸ ਤਰ੍ਹਾਂ ਕਿਆਮਤ ਤੱਕ ਭੀ ਚੇਤਨਾ ਵਧਦੀ ਰਹੇ; ਗੁਰਮਤਿ-ਸਿਧਾਂਤ (ਨਿਰਾਕਾਰ ਨਾਲ਼ ਸਬੰਧਿਤ ਗਿਆਨ) ਵਿਰੁਧ ਨਹੀਂ ਹੋਵੇਗੀ ਸਗੋਂ ਇੱਕ ਦਿਨ ਇਸ ਸਚਾਈ ਨੂੰ ਸਮਝਣ ’ਚ ਮਨੁੱਖ ਜਾਤੀ ਵਧੇਰੇ ਸਫਲ ਹੋਏਗੀ। ਬਾਣੀਕਾਰਾਂ ਨੇ ਸਮੇਂ ਤੋਂ ਬਹੁਤ ਪਹਿਲਾਂ ਸੱਚ ਨੂੰ ਉਜਾਗਰ ਕੀਤਾ ਹੈ, ਜਿਸ ਕਾਰਨ ਆਮ ਮਨੁੱਖ ਸਮਝਣ ’ਚ ਅਸਮਰੱਥ ਹੈ। ਅਤੀਤ ਦੇ ਨੇਕ ਵਿਚਾਰਾਂ ਪ੍ਰਤੀ ਗੁਰਬਾਣੀ ਦੇ ਬੋਲ ਹਨ, ‘‘ਬੇਦ ਕਤੇਬ ਕਹਹੁ ਮਤ ਝੂਠੇ; ਝੂਠਾ ਜੋ ਨ ਬਿਚਾਰੈ ॥’’ (ਭਗਤ ਕਬੀਰ/੧੩੫੦) ਅਤੀਤ ਦੀਆਂ ਮਿਸਾਲਾਂ ਨਾਲ਼ ਹੀ ਧਰਮ ਦੇ ਕਈ ਰਾਜ਼; ਬਾਣੀਕਾਰਾਂ ਨੇ ਸਪਸ਼ਟ ਕੀਤੇ ਹਨ; ਜਿਵੇਂ ਕਿ ‘ਜਪੁ’ ਜੀ ਅੰਦਰ ਹੈ, ‘‘ਵੇਲ ਨ ਪਾਈਆ ਪੰਡਤੀ; ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ; ਜਿ ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ..॥੨੧॥’’ (ਜਪੁ) ਭਾਵ ਭਾਵੇਂ ਪੰਡਿਤ, ਜੋਗੀ ਤੇ ਮੁਸਲਮਾਨ; ਸਰਗੁਣ ਪੂਜਕ ਹਨ, ਪਰ ਬ੍ਰਹਿਮੰਡ (ਸਰਗੁਣ) ਕਦੋਂ ਬਣਿਆ, ਇਸ ਦਾ ਦਾਅਵਾ ਉਹ ਭੀ ਨਹੀਂ ਕਰਦੇ।
ਪ੍ਰਾਚੀਨ ਸਚਾਈ ਨੂੰ ਉਜਾਗਰ ਕਰਦੀ ਇੱਕ ਸਾਖੀ; ਮੁਲਤਾਨ (ਪਾਕਿਸਤਾਨ) ’ਚ ਗੁਰੂ ਨਾਨਕ ਸਾਹਿਬ ਨਾਲ਼ ਸਬੰਧਿਤ ਹੈ ਕਿ ਆਪ ਨੇ ਦੁੱਧ ’ਚ ਚਮੇਲੀ ਦਾ ਫੁੱਲ ਪਾ ਕੇ ਉਦਾਹਰਨ ਦਿੱਤੀ ਕਿ ਮੈ ਤੁਹਾਡੇ ਦੁੱਧ ਵਰਗੇ ਨਿਰਮਲ ਵਿਚਾਰਾਂ ਵਿਰੁਧ ਨਹੀਂ, ‘‘ਅਗੋਂ ਪੀਰ ਮੁਲਤਾਨ ਦੇ; ਦੁਧਿ ਕਟੋਰਾ ਭਰਿ ਲੈ ਆਈ। ਬਾਬੇ ਕਢਿ ਕਰਿ ਬਗਲ ਤੇ; ਚੰਬੇਲੀ, ਦੁਧ ਵਿਚਿ ਮਿਲਾਈ। ਜਿਉ ਸਾਗਰ ਵਿਚਿ ਗੰਗ ਸਮਾਈ ॥੪੪॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੪) ਕਈ ਪ੍ਰਾਚੀਨ ਸ਼ਬਦ; ਜਿਵੇਂ ਕਿ ‘ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਮਨ, ਬੁਧਿ, ਰਜੋ, ਤਮੋ, ਸਤੋ, ਤੁਰੀਆ ਅਵਸਥਾ, ਦਸਮ ਦੁਆਰ, ਰਿਧੀਆਂ-ਸਿੱਧੀਆਂ, 84 ਲੱਖ ਜੂਨਾਂ, ਆਵਾਗਮਣ, 68 ਤੀਰਥ, 14 ਰਤਨ, ਦੇਵਤੇ, ਪੀਰ, ਸਿੱਧ’ ਆਦਿ ਭੀ ਗੁਰਮਤਿ ਸਮਝਣ ’ਚ ਸਹਾਈ ਹਨ। ਦਾਰਸ਼ਨਿਕ ਲੋਕਾਂ ਨੇ ਭੀ ਅਤੀਤ ’ਚ ਰੱਖੇ ਤਾਰਿਆਂ ਦੇ ਨਾਂ (ਜਿਵੇਂ ਸੂਰਜ, ਮੰਗਲ, ਬੁਧ, ਬ੍ਰਹਿਸਪਤ, ਸ਼ਨੀ ਆਦਿ) ਅਤੇ ਦਿਨਾਂ ਦੇ ਨਾਂ [ਜਿਵੇਂ ਐਤ (ਆਦਿਤ), ਮੰਗਲ, ਬੁੱਧ, ਸ਼ੁਕਰ, ਸ਼ਨੀ] ਨੂੰ ਭੀ ਹੂ-ਬਹੂ ਅਪਣਾਇਆ ਹੈ।
ਜੇਕਰ ਫਿਰ ਭੀ ਕਹੀਏ ਕਿ ਬਾਣੀਕਾਰਾਂ ਨੇ ਪ੍ਰਾਚੀਨ ਸੋਚ 100% ਰੱਦ ਕੀਤੀ ਹੈ; ਜੈਸਾ ਕਿ ਕੁੱਝ ਪ੍ਰਚਾਰਕ ਕਹਿੰਦੇ ਭੀ ਹਨ ਤਾਂ ਸੋਚਣਾ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਤੇ ਭਗਤ ਕਬੀਰ ਜੀ ਨੂੰ ਬਹੁਤਾਤ ਹਿੰਦੂ; ਸੱਚਾ ਹਿੰਦੂ ਤੇ ਬਹੁਤਾਤ ਮੁਸਲਮਾਨ; ਸੱਚਾ ਮੁਸਲਮਾਨ ਕਿਉਂ ਮੰਨਦੇ। ਕਰਤਾਰਪੁਰ ਸਾਹਿਬ (ਪਾਕਿਸਤਾਨ; ਜਿੱਥੇ ਗੁਰੂ ਨਾਨਕ ਸਾਹਿਬ ਜੀ; ੮ ਅੱਸੂ ਬਿਕ੍ਰਮੀ ਸੰਮਤ ੧੫੯੬/ਨਾਨਕਸ਼ਾਹੀ ਸੰਮਤ ੭੧/7 ਸਤੰਬਰ 1539 ਨੂੰ ਜੋਤੀ ਜੋਤ ਸਮਾਏ) ਤੇ ਹਾੜੰਬਾ (ਮਗਹਰ/ਯੂਪੀ; ਜਿੱਥੇ ਕਬੀਰ ਜੀ ਬਿਕ੍ਰਮੀ ਸੰਮਤ ੧੫੭੫/ਸੰਨ 1518 ਨੂੰ ਜੋਤੀ ਜੋਤ ਸਮਾਏ) ਦੋਵੇਂ ਜਗ੍ਹਾ; ਅਨੇਕਾਂ ਹਿੰਦੂਆਂ ਤੇ ਮੁਸਲਮਾਨਾਂ ਨੇ ਇਨ੍ਹਾਂ ਦੀਆਂ ਵੱਖ-ਵੱਖ ਯਾਦਗਾਰਾਂ ਬਣਾ ਰੱਖੀਆਂ ਹਨ। ਗੁਰੂ ਨਾਨਕ ਸਾਹਿਬ ਨੂੰ ਸ੍ਰੀ ਲੰਕਾ ’ਚ ‘ਨਾਨਕਾਚਾਰੀਆ’, ਸਿੱਕਮ ਤੇ ਭੁਟਾਨ ’ਚ ‘ਗੁਰੂ ਰਿੰਪੋਚੀਆ’, ਨੇਪਾਲ ’ਚ ‘ਨਾਨਕ ਰਿਸ਼ੀ’, ਤਿੱਬਤ ’ਚ ‘ਨਾਨਕ ਲਾਮਾ’, ਮੱਕਾ ’ਚ ‘ਵਲੀ ਏ ਹਿੰਦ’, ਰੂਸ ’ਚ ‘ਨਾਨਕ ਕਦਾਮਦਰ’, ਇਰਾਕ ’ਚ ‘ਬਾਬਾ ਨਾਨਕ’, ਬਗਦਾਦ ’ਚ ‘ਨਾਨਕ ਪੀਰ’, ਚੀਨ ’ਚ ‘ਬਾਬਾ ਫੁਸਾ’, ਭਾਰਤ ’ਚ ‘ਗੁਰੂ ਨਾਨਕ’, ਆਦਿ ਨਾਵਾਂ ਨਾਲ਼ ਯਾਦ ਕੀਤਾ ਜਾਂਦਾ ਹੈ। ਪਾਕਿਸਤਾਨ ’ਚ 4 ਕਰੋੜ ਸਿੰਧੀ ਪਰਵਾਰ ਹਨ, ਜੋ ਗੁਰੂ ਨਾਨਕ ਸਾਹਿਬ ਨੂੰ ਪੈਗ਼ੰਬਰ ਵਾਙ ਪੂਜਦੇ ਹਨ। ਸੋ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕੇ ਦੇਵੀ-ਦੇਵਤੇ, ਪੀਰ, ਸਿਧਾਂ ਨੂੰ ਕੋਸਣਾ; ਅੱਜ ਜੀਵਨ ਨੂੰ ਸਫਲ ਬਣਾਉਣ ਲਈ ਕੋਈ ਮਾਅਨਾ ਨਹੀਂ ਰੱਖਦਾ। ਇਹ ਭੀ ਧਿਆਨ ਮੰਗਦਾ ਹੈ ਕਿ ਗੁਰਬਾਣੀ ਦੇ ਕਈ ਸ਼ਬਦ; ਮੰਦਿਰਾਂ, ਮਸਜਿਦਾਂ, ਮੱਠਾਂ ’ਚ ਉਚਾਰੇ ਹੋਏ ਹਨ; ਜਿਵੇਂ ਕਿ ਹਿੰਦੂ ਬਾਰੇ ਕਿਹਾ ਹੈ, ‘‘ਸੁਣਿਐ; ਈਸਰੁ ਬਰਮਾ ਇੰਦੁ..॥੯॥’’ ਭਾਵ (ਗੁਰੂ ਸਿੱਖਿਆ) ਸੁਣਨ ਨਾਲ਼ (ਤੂੰ ਭੀ ਆਪਣੇ) ਸ਼ਿਵ ਜੀ, ਬ੍ਰਹਮਾ, ਇੰਦ੍ਰ ਵਾਙ ਦੇਵਤਾ ਬਣ ਜਾਏਂਗਾ। ਇਸੇ ਪ੍ਰਥਾਇ ਗੁਰੂ ਨਾਨਕ ਸਾਹਿਬ ਦੇ ਬੋਲ ਹਨ, ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥ ਜਿਨਿ (ਨੇ) ਮਾਣਸ ਤੇ ਦੇਵਤੇ ਕੀਏ; ਕਰਤ ਨ ਲਾਗੀ ਵਾਰ ॥’’ (ਮਹਲਾ ੧/੪੬੨)
ਸਦੀਆਂ ਤੋਂ ਧਰਮ (ਭਾਵੇਂ ਕਿ ਪੂਰਨ ਸੱਚ ਨਹੀਂ ਸੀ) ਪ੍ਰਤੀ ਉਪਜਦੀ ਸ਼ਰਧਾ ’ਤੇ ਤਨਜ਼ ਕਸਣਾ ਐਸਾ ਹੈ; ਜਿਵੇਂ ਹੁਣ ਕੋਈ ਕਹੇ ਕਿ ਪੱਥਰ-ਯੁੱਗ ’ਚ ਪੱਤਿਆਂ ਨਾਲ਼ ਨੰਗੇਜ ਢੱਕਣ ਵਾਲ਼ੇ ਨਾਸਮਝ ਸਨ ਤੇ ਹਜ਼ਾਰਾਂ-ਕਰੋੜਾਂ ਸਾਲ ਬਾਅਦ ਕੋਈ ਕਹੇ ਕਿ 20ਵੀਂ, 21ਵੀਂ ਸਦੀ ਦੇ ਸਾਰੇ ਮਨੁੱਖ ਪਸ਼ੂਆਂ ਵਰਗੇ ਸਨ। ਸੋ ਅਜੋਕੀਆਂ ਵਿਗਿਆਨਿਕ ਖੋਜਾਂ; ਸਦੀਆਂ ਪਹਿਲਾਂ ਘੱਟ ਚੇਤਨਾ ਕਾਰਨ ਹੀ ਨਾ ਹੋ ਸਕੀਆਂ। ਕਰਤਾਰ ਦੁਆਰਾ ਮਨੁੱਖੀ ਚੇਤਨਾ ’ਚ ਕੀਤੇ ਸਹਿਜੇ ਸਹਿਜੇ ਵਾਧੇ ਉਪਰੰਤ ਹੀ ਹੁਣ ਸਫਲ ਮਨੁੱਖੀ ਜ਼ਿੰਦਗੀ ਨੂੰ ਵਖਿਆਨ ਕੀਤਾ ਜਾ ਸਕਿਆ, ਜੋ ‘ਨਿਰਾਕਾਰ ਦੀ ਹੋਂਦ, ਉਸ ਦੇ ਹੁਕਮ, ਬੰਦੇ ਦੇ ਨਸੀਬ, ਦਾਤਾਂ/ਬਖ਼ਸ਼ਸ਼ਾਂ’, ਆਦਿ ਬਾਰੇ ਹੈ ਤਾਹੀਓਂ ਗੁਰੂ ਗ੍ਰੰਥ ਸਾਹਿਬ ਦੇ ਅੰਤ ’ਚ ਇਹ ਸ਼ਬਦ ਦਰਜ ਕੀਤਾ ਗਿਆ, ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥’’ (ਮਹਲਾ ੫/੧੪੨੯) ਭਾਵ ਹੇ ਅਕਾਲ ਪੁਰਖ ! ਮੇਰੇ ਗੁਣਹੀਣ ਅੰਦਰ ਕੋਈ ਸਮਰੱਥਾ ਨਹੀਂ ਸੀ ਕਿ ਇਹ ਕਾਰਜ ਪੂਰਾ ਕਰਦਾ। ਤੇਰਾ ਨਾ ਬਿਆਨ ਹੋਣ ਵਾਲ਼ਾ ਉਪਕਾਰ ਹੀ ਹੈ ਕਿ ਤੈਨੂੰ ਮਾਨਵਤਾ ’ਤੇ ਦਇਆ ਆਈ ਤੇ ਮੈਥੋਂ ਇਹ ਕਾਰਜ ਸੰਪੰਨ ਕਰਾਇਆ।
ਸੋ ਅਕਾਲ ਪੁਰਖ; ਇੱਕ ਪ੍ਰਕਾਸ਼ ਹੈ, ਜੋਤਿ ਹੈ, ਰੂਹਾਨੀਅਤ ਊਰਜਾ ਹੈ, ਜੋ ਗੁਰੂ ਨਾਨਕ ਸਾਹਿਬ ਅੰਦਰ ਹੂ-ਬਹੂ ਪ੍ਰਗਟ ਹੋਈ; ਜੈਸਾ ਕਿ ਕਿਹਾ ਹੈ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਭੱਟ ਕਲਸਹਾਰ ਜੀ ਭੀ ਗੁਰੂ ਨਾਨਕ ਸਾਹਿਬ ਨੂੰ ‘‘ਆਦਿ ਸਚੁ ਜੁਗਾਦਿ ਸਚੁ.. ਹੋਸੀ ਭੀ ਸਚੁ॥’’ ਵਾਙ ‘ਜੁਗਾਦਿ ਗੁਰੂ.. ਹੋਸੀ ਭੀ ਗੁਰੂ’ ਮੰਨਦੇ ਹਨ, ‘‘ਸਤਜੁਗਿ (’ਚ) ਤੈ ਮਾਣਿਓ; ਛਲਿਓ ਬਲਿ, ਬਾਵਨ ਭਾਇਓ ॥ ਤ੍ਰੇਤੈ (’ਚ) ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ (’ਚ) ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ॥ ਕਲਿਜੁਗਿ (’ਚ) ਪ੍ਰਮਾਣੁ ਨਾਨਕੁ ਗੁਰੁ; ਅੰਗਦੁ ਅਮਰੁ ਕਹਾਇਓ ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ॥੭॥’’ (ਭਟ ਕਲੵ/੧੩੯੦) ਭਾਵ (ਹੇ ਗੁਰੂ ਨਾਨਕ !) ਸਤਿਯੁਗ ’ਚ ਭੀ ਤੈਂ (ਰਾਜ ਤੇ ਜੋਗ) ਮਾਣਿਆ। ਤੈਨੂੰ ਬੌਣਾ (ਵਿਸ਼ਨੂੰ) ਰੂਪ ਪਸੰਦ ਸੀ, ਜਿਸ ਨਾਲ਼ ਰਾਜਾ ਬਲਿ ਛਲਿਆ ਸੀ। ਤ੍ਰੇਤੇ ਯੁਗ ’ਚ ਤੈਂ (ਰਾਜ ਤੇ ਜੋਗ) ਮਾਣਿਆ; ਤਦੋਂ ਤੈਂ ਖ਼ੁਦ ਨੂੰ ਰਘੁਵੰਸੀ ਕੁੱਲ ਦਾ ਰਾਮਚੰਦਰ ਜੀ ਅਖਵਾਇਆ। ਦੁਆਪਰ ’ਚ ਤੂੰ ਹੀ ਕ੍ਰਿਸ਼ਨ ਜੀ ਸੀ, ਜਿਸ ਨੇ ਕੰਸ ਨੂੰ (ਮਾਰ ਕੇ) ਮੁਕਤ ਕੀਤਾ। ਤੈਂ ਹੀ (ਕ੍ਰਿਸ਼ਨ ਜੀ ਦੇ ਨਾਨੇ ਦੇ ਵੱਡੇ ਭਰਾ) ਉਗ੍ਰਸੇਨ ਨੂੰ ਮਥੁਰਾ ਦਾ ਰਾਜਾ ਬਣਾਇਆ ਤੇ ਭਗਤਾਂ ਨੂੰ (ਕੰਸ ਦੇ) ਭੈ ਤੋਂ ਮੁਕਤ ਕੀਤਾ। ਹੁਣ ਕਲਿਯੁਗ ’ਚ ਭੀ ਤੂੰ ਹੀ ਜੋਤਿ ਰੂਪ ਹੈਂ ਤਾਹੀਓਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਆਦਿ ਮੰਨਿਆ ਗਿਆ। ਅਕਾਲ ਪੁਰਖ ਨੇ ਹੀ ਹੁਕਮ ਕੀਤਾ ਹੈ ਕਿ ਗੁਰੂ (ਨਾਨਕ ਜੀ ਦਾ ਰਾਜ ਤੇ ਜੋਗ) ਕਿਆਮਤ ਤੱਕ ਸਦੀਵੀ ਕਾਇਮ ਰਹੇ।
ਨੋਟ : ਮਨੁੱਖੀ ਚੇਤਨਾ ’ਚ ਹੁੰਦੇ ਇਸ ਨਿਰੰਤਰ ਵਿਕਾਸ ਦੇ ਉਲ਼ਟ; ਪੰਡਿਤਾਂ ਨੇ ਸਰਗੁਣ ਪ੍ਰਤੀ ਆਪਣੀ ਰੂੜ੍ਹੀਵਾਦੀ ਫਿਰਕੂ ਆਸਥਾ ਨੂੰ ਹੀ ਅਸਲ ਸੱਚ (ਸਤਿਯੁਗ) ਮੰਨਿਆ ਹੈ ਤਾਹੀਓਂ ਆਧੁਨਿਕ ਜਗਿਆਸਾ; ਉਸ ਲਈ ਕਲਿਯੁਗ ਹੈ ਕਿਉਂਕਿ ਸਰਗੁਣ-ਰੱਬ ’ਤੇ ਤਨਜ਼ ਕਸਦੀ ਹੈ।
ਅਕਾਲ ਪੁਰਖ; ਪੂਰਨ ਪ੍ਰਕਾਸ਼ (ਚੇਤਨਾ) ਹੈ, ਜਿਸ ਦਾ ਰੂਪ ਹੋਣ ਕਾਰਨ ਗੁਰੂ ਨਾਨਕ ਸਾਹਿਬ ਅੰਦਰ ਭੀ ਪੂਰਨ ਪ੍ਰਕਾਸ਼ ਹੈ, ਜਿਸ ਨੇ ਇਸ ਸੱਚ ਦੀ ਕੀਮਤ ਜਾਣਦਿਆਂ ਭਗਤਾਂ ਦੀ ਚੇਤਨਾ ਨੂੰ ਭੀ ਵੱਧ ਤੋਂ ਵੱਧ ਇਕੱਠਾ ਕਰ ‘ਆਦਿ ਗ੍ਰੰਥ’ ’ਚ ਸੰਭਾਲ਼ਨ ਦਾ ਮੁੱਢ ਬੰਨ੍ਹਿਆ। ਸਰੀਰਕ ਪੱਖੋਂ ਭਾਵੇਂ ਕਿਸੇ ਨੂੰ ਉੱਚੀ ਜਾਤ ਮੰਨਦੇ ਰਹੇ ਜਾਂ ਛੋਟੀ ਜਾਤ, ਮੁਸਲਮਾਨ ਮੰਨਦੇ ਰਹੇ ਜਾਂ ਹਿੰਦੂ; ਮਹਾਨਤਾ ਚੇਤਨਾ ਵਜੋਂ ਹੋਈ। ਉਨ੍ਹਾਂ ਦੇ ਬੋਲਾਂ (ਬਾਣੀ) ਨੂੰ ਹੋਈ ਭਾਵ ਸ਼ਬਦ ਨੂੰ ਮਿਲੀ, ਜਿਸ ਬਾਰੇ ਆਪ ਨੇ ਕਿਹਾ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਗੋਸਟਿ/ਮਹਲਾ ੧/੯੪੩) ਭਾਵ ਇਲਾਹੀ ਚੇਤਨਾ; ਗੁਰੂ ਹੈ। ਉਸ ਵਿੱਚ ਸੁਰਤਿ ਜੋੜਨਾ; ਸਿੱਖ/ਚੇਲਾ ਬਣਨਾ ਹੈ। ਜੇਕਰ ਸੁਰਤਿ ਮਾਰਗ ਹੋਵੇ ਤਾਂ ਮਨ (ਬੈਲ) ਕਾਬੂ ਹੁੰਦਾ ਹੈ; ਜਿਵੇਂ ਕਿ ਬਚਨ ਹਨ, ‘‘ਮਨੁ ਕਰਿ ਬੈਲੁ, ਸੁਰਤਿ ਕਰਿ ਪੈਡਾ.. ॥ (ਭਗਤ ਕਬੀਰ/੧੧੨੩), ਸੁਰਤੀ ਕੈ ਮਾਰਗਿ (’ਚ) ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥’’ (ਮਹਲਾ ੧/੧੩੨੯)
ਜੋਗੀਆਂ ਨੇ ਭੀ ਆਪ ਜੀ ਦੀ ਰੂਹਾਨੀਅਤ ਊਰਜਾ ਨੂੰ ਨਮਸਕਾਰ ਕੀਤਾ, ਨਾ ਕਿ ਸਰੀਰ ਨੂੰ ‘‘ਸਿਧਿ ਬੋਲਨਿ ਸੁਭ ਬਚਨਿ (ਨਾਲ਼); ਧਨੁ ਨਾਨਕ ਤੇਰੀ ਵਡੀ ਕਮਾਈ। ਵਡਾ ਪੁਰਖੁ ਪਰਗਟਿਆ; ਕਲਿਜੁਗ ਅੰਦਰਿ ਜੋਤਿ ਜਗਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੪) ‘ਜੋਤਿ ਜਗਾਈ’ ਤੋਂ ਭਾਵ ਰੂਹਾਨੀਅਤ ਊਰਜਾ ਪ੍ਰਤੱਖ ਕੀਤੀ ਹੈ।
ਹੁਣ ਗੁਰਮਤਿ ਦੀ ਵਿਲੱਖਣਤਾ ਨੂੰ ਜਾਣਨਾ ਜ਼ਰੂਰੀ ਹੈ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਹਨ, ‘‘ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ।’’ (ਵਾਰ ੧ ਪਉੜੀ ੪੫)
ਉਕਤ ਸਾਰੀ ਵਿਚਾਰ ਦਾ ਨਿਚੋੜ ਹੈ ਕਿ ਕਰਤਾਰ; ਪੂਰਨ ਸੱਚ ਹੈ, ਪ੍ਰਕਾਸ਼ ਹੈ, ਰੂਹਾਨੀਅਤ ਊਰਜਾ ਹੈ। ਉਹ, ਆਪਣਾ ਇਹ ਵਜੂਦ; ਮਨੁੱਖ ਦੇ ਅੰਦਰੋਂ ਪ੍ਰਗਟ ਕਰਨ ਲਈ ਆਪਣੇ ਪਿਆਰਿਆਂ ’ਤੇ ਨਿਰੰਤਰ ਉਚੇਚੀ ਮਿਹਰ ਕਰਦਾ ਰਿਹਾ ਤਾਂ ਕਿ ਭਗਤ; ਮੈਨੂੰ ਭਾਵ ਪੂਰਨ ਸੱਚ ਨੂੰ ਜਗਤ ’ਚ ਪ੍ਰਗਟ ਕਰਨ। ਇਹੀ ਮਨੁੱਖ ਦਾ ਧਰਮ ਹੈ; ਜਿਸ ਦੀ ਆਧੁਨਿਕ ਵਿਆਖਿਆ ਜਾਣਨ ਲਈ ‘ਜਪੁ’ ਬਾਣੀ ਨੂੰ ਹੀ ਸਮਝਣਾ ਕਾਫ਼ੀ ਹੈ।
‘ਜਪੁ’ ਜੀ ਸਾਹਿਬ ਦੀ 16ਵੀਂ ਪਉੜੀ (ਪੰਚ ਪਰਵਾਣ ਪੰਚ ਪਰਧਾਨੁ ॥) ’ਚ ਧਰਮ ਦੇ ਬੜੇ ਗਹਿਰੇ ਰਾਜ਼ ਪ੍ਰੋਏ ਹਨ। ਜਿਨ੍ਹਾਂ ’ਚੋਂ ਇੱਕ ਹੈ ਕਿ ‘‘ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥’’ ਭਾਵ ਕਈ ਕਿਸਮ ਦੇ, ਕਈ ਰੂਪਾਂ (ਸ਼ਕਲਾਂ) ਦੇ, ਕਈ ਵਰਗਾਂ ਦੇ ਜੀਵ-ਜੰਤ (ਕਰਤਾਰ ਨੇ) ਪੈਦਾ ਕੀਤੇ ਹੋਏ ਹਨ। ਇਨ੍ਹਾਂ ਸਭ ਦੇ ਸਿਰ ’ਤੇ (ਨਸੀਬ-ਲੇਖ; ਮਾਲਕ ਦੀ) ਨਿਰੰਤਰ ਚਲਦੀ ਕਲਮ ਨਾਲ਼ ਲਿਖਿਆ ਗਿਆ ਹੈ। ‘ਵੁੜੀ’ ਦਾ ਅਰਥ ਹੈ ‘ਨਿਰੰਤਰ, ਜੋ ਬਿਨਾਂ ਰੁਕੇ ਚਲੇ’ ਭਾਵ ਆਦਿ ਤੋਂ ਅੰਤ ਤੱਕ/ਜਨਮ ਤੋਂ ਮਰਨ ਤੱਕ। ‘ਕੇ ਨਾਵ’ ਭਾਵ ‘ਕਈ ਨਾਵਾਂ ਦੇ’; ਜਿਵੇਂ ਮਨੁੱਖ, ਕੁੱਤਾ, ਹਾਥੀ, ਚੀਤਾ। ‘ਕੇ ਰੰਗਾ’ ਭਾਵ ਕਈ ਰੰਗਾਂ ਦੇ, ਅਨੇਕਾਂ ਸ਼ਕਲਾਂ ਦੇ; ਜਿਵੇਂ ਕਿ ਰੌਸ਼ਨੀ ’ਚ ਤੇ ਹਨ੍ਹੇਰੇ ’ਚ ਵੇਖਣ ਵਾਲ਼ੇ, 2 ਤੇ 4 ਪੈਰਾਂ ਵਾਲ਼ੇ, ਸਿਙਧਾਰੀ, ਚੁੰਚਧਾਰੀ, ਠੰਢੇ ਤੇ ਗਰਮ ਖ਼ੂਨ ਵਾਲ਼ੇ, ਮਾਸਾਹਾਰੀ, ਸਾਕਾਹਾਰੀ, ਹਿੰਸਕ/ਫਿਰਕੂ ਤੇ ਉਦਾਰ ਚਿਤ। ‘ਕੇ ਜਾਤਿ’ ਭਾਵ ਕਈ ਜਾਤਾਂ ਦੇ, ਅਨੇਕਾਂ ਕਿਸਮਾਂ (ਖਾਣੀਆਂ) ਦੇ’; ਜਿਵੇਂ ਅੰਡੇ ਤੋਂ ਪੈਦਾ ਹੋਣ ਵਾਲ਼ੇ (ਪੰਛੀ), ਵੀਰਜ ਤੋਂ ਪੈਦਾ ਹੋਣ ਵਾਲ਼ੇ (ਪਸ਼ੂ, ਮਨੁੱਖ), ਪਸੀਨੇ ਤੋਂ ਪੈਦਾ ਹੋਣ ਵਾਲ਼ੇ (ਜੂੰ, ਚਿੱਚੜ, ਸੁਸਰੀ), ਧਰਤੀ ’ਚੋਂ ਉੱਗਣ ਵਾਲ਼ੇ (ਬਨਸਪਤੀ, ਫਲ਼, ਫੁੱਲ, ਅਨਾਜ), ਆਦਿ।
ਅਗਾਂਹ ਵਾਕ ਹੈ, ‘‘ਏਹੁ ਲੇਖਾ; ਲਿਖਿ ਜਾਣੈ ਕੋਇ ॥ ਲੇਖਾ ਲਿਖਿਆ; ਕੇਤਾ ਹੋਇ ॥’’ ਭਾਵ (ਜੀਵ-ਜੰਤਾਂ ਦਾ) ਇਹ ਲੇਖ; ਕੋਈ ਵਿਰਲਾ ਹੀ ਪ੍ਰਗਟ ਕਰਕੇ ਸਮਝਦਾ ਹੈ ਭਾਵ ਲਿਖਣਾ ਜਾਣਦਾ ਹੈ। ‘ਲਿਖਣ’ ਦਾ ਇਹ ਭਾਵ ਨਹੀਂ ਕਿ ਪੂਰਾ ਲਿਖ ਲੈਂਦਾ ਹੈ ਕਿਉਂਕਿ ਜੇ ਸਾਰਾ ਲੇਖ ਲਿਖਿਆ ਜਾਏ ਤਾਂ ਕਿੰਨਾ ਵਿਸ਼ਾਲ ਹੋ ਜਾਏਗਾ ਭਾਵ ਸਮੂਹ ਕੁਦਰਤ ਦਾ ਲੇਖ; ਲਿਖਣਾ ਨਾਮੁਮਕਿਨ ਹੈ। ਇੱਥੇ ‘ਲੇਖ’ ਨੂੰ ਥੋੜ੍ਹਾ ਹੋਰ ਵਿਚਾਰਨਾ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਲੇਖ ਤੋਂ ਬਿਨਾਂ ਕੋਈ ਜੀਵ-ਜੰਤ ਪੈਦਾ ਨਹੀਂ ਕੀਤਾ, ‘‘ਸਰਬ ਜੀਆ ਸਿਰਿ (’ਤੇ) ਲੇਖੁ ਧੁਰਾਹੂ; ਬਿਨੁ ਲੇਖੈ, ਨਹੀ ਕੋਈ ਜੀਉ ॥ ਆਪਿ ਅਲੇਖੁ; ਕੁਦਰਤਿ ਕਰਿ ਦੇਖੈ; ਹੁਕਮਿ (’ਚ) ਚਲਾਏ ਸੋਈ ਜੀਉ ॥’’ (ਮਹਲਾ ੧/੫੯੮) ਭਾਵ ਬਚਪਨ ਤੋਂ ਸਭ ਜੀਵਾਂ ਦੇ ਜ਼ਿੰਮੇ ਲੇਖ ਹੈ। ਲੇਖ ਅਨੁਸਾਰ ਹੀ ਸਭ ਨੂੰ ਪੈਦਾ ਕਰਕੇ ਸੰਭਾਲ਼ਦਾ ਹੈ [ਵੇਖਦਾ ਹੈ ਕਿ ਕੀ ਲੇਖੇ ਅਨੁਸਾਰ ਸਭ ਨੂੰ ਮਿਲ ਰਿਹਾ ਹੈ ਤਾਹੀਓਂ ਐਸਾ ਕਿਹਾ ਹੈ, ‘‘ਹਰਿ ਬਿਨੁ ਕੋਈ ਮਾਰਿ, ਜੀਵਾਲਿ ਨ ਸਕੈ; ਮਨ ! ਹੋਇ ਨਿਚਿੰਦ, ਨਿਸਲੁ (ਬੇਫ਼ਿਕਰ) ਹੋਇ ਰਹੀਐ ॥’’ ਮਹਲਾ ੪/੫੯੪] ਕਰਤਾਰ; ਆਪ ਲੇਖ ਤੋਂ ਮੁਕਤ (ਅਲੇਖੁ) ਹੈ। ਉਹ, ਸਭ ਨੂੰ ਲੇਖੇ ’ਚ ਤੋਰਦਾ ਹੈ। ਇਹ ਲੇਖ ਹੀ ਹਰ ਬੰਦੇ ਲਈ ਕਰਤਾਰ ਦਾ ਹੁਕਮ ਹੈ; ਜਿਵੇਂ ਜੁੜਵੇ ਬੱਚਿਆਂ ’ਚ ਖ਼ੂਨ ਇੱਕੋ ਹੁੰਦਾ ਹੈ, ਪਰ ਸਮਝ ਵੱਧ-ਘੱਟ ਹੁੰਦੀ ਹੈ ਕਿਉਂਕਿ ਲੇਖ; ਭਿੰਨ ਭਿੰਨ ਹੈ।
ਇਸ ਲੇਖ ਬਾਰੇ ਹੀ 19ਵੀਂ ਪਉੜੀ ’ਚ ਕਿਹਾ ਹੈ, ‘‘ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ; ਤਿਵ ਤਿਵ ਪਾਹਿ ..॥੧੯॥’’ ਭਾਵ ਜਿਸ ਨੇ ਜੀਵਾਂ ਦੇ ਜ਼ਿੰਮੇ ਲੇਖ ਲਿਖੇ ਹਨ, ਉਸ ਦੇ ਆਪਣੇ ਜ਼ਿੰਮੇ ਕੋਈ ਲੇਖ ਨਹੀਂ ਭਾਵ ਉਹ ‘ਅਲੇਖੁ’ ਹੈ, ਲੇਖ ਮੁਕਤ ਹੈ। ਜਿਵੇਂ-ਜਿਵੇਂ (ਲੇਖ ਅਨੁਸਾਰ ਉਸ ਦਾ) ਹੁਕਮ ਵਾਪਰਦਾ ਹੈ; ਉਸੇ ਤਰ੍ਹਾਂ ਜੀਵ-ਜੰਤ ਵਿਚਰਦੇ (ਜੰਮਦੇ ਮਰਦੇ) ਹਨ।
ਉਕਤ 4 ਪਉੜੀਆਂ (16 ਤੋਂ 19) ਦੇ ਅੰਤ ’ਚ ਵਾਕ ਹੈ, ‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ !॥’’ ਭਾਵ ਹੇ ਨਿਰਾਕਾਰ ! (ਅਲੇਖੁ ਹੋਣ ਕਾਰਨ ਕੇਵਲ) ਤੂੰ ਹੀ ਸਦੀਵੀ ਸਥਿਰ ਹੈਂ। (ਮਿਹਰ ਕਰ ਤਾਂ ਕਿ ਮੈਨੂੰ) ਤੇਰਾ ਇਹ ਖੇਲ (ਰਾਜ਼/ਰਜ਼ਾ) ਪਸੰਦ ਆ ਜਾਵੇ ਭਾਵ ਮੈ ਆਪਣੀ ਪ੍ਰਸਿੱਧੀ ਦਾ ਮਹੱਤਵ ਆਪ ਨਾ ਲਵਾਂ; ਤੈਨੂੰ ਮਾਲਕ ਨੂੰ ਦੇਵਾਂ; ਇਉਂ ਸ਼ਾਂਤ-ਚਿੱਤ ਰਹਿ ਕੇ ਤੇਰੇ ਗੁਣ ਗਾਵਾਂ ਤੇ ਲੇਖ ਮੁਕਤ ਹੋ ਕੇ ਤੇਰੇ ਵਾਙ ਸਦੀਵੀ ਸਥਿਰ ਹੋ ਜਾਵਾਂ।
ਇਨ੍ਹਾਂ ’ਚ 18ਵੀਂ ਪਉੜੀ ਭੀ ਲੇਖ (ਹੁਕਮ) ਦੀ ਵਿਆਖਿਆ ਹੈ; ਜਿਵੇਂ ਕਿ ਹੇ ਨਿਰਾਕਾਰ ! (ਤੇਰੇ ਹੁਕਮ/ਲੇਖ ਅਨੁਸਾਰ) ਅਣਗਿਣਤ ਜਪ, ਤਪ, ਪੂਜਾ ਕਰ ਰਹੇ ਹਨ। ਅਸੰਖ ਭਗਤ; ਤੇਰੇ ਗੁਣਾਂ ਦੀ ਵਿਚਾਰ ਕਰਦੇ ਹਨ। ਅਣਗਿਣਤ ਮੋਨੀ, ਸੂਰਮੇ ਤੇ ਦਾਨੀ ਹਨ, ‘‘ਅਸੰਖ ਪੂਜਾ; ਅਸੰਖ ਤਪ ਤਾਉ ॥, ਅਸੰਖ ਭਗਤ; ਗੁਣ ਗਿਆਨ ਵੀਚਾਰ ॥, ਅਸੰਖ ਮੋਨਿ; ਲਿਵ ਲਾਇ ਤਾਰ ..॥੧੮॥’’
ਐਸਾ ਭੀ ਨਹੀਂ ਕਿ ਲੇਖ ਮੁਕਤ ਨਹੀਂ ਹੋਈਦਾ, ਇਹ ਲੇਖਾ ਮਿਟਦਾ ਨਹੀਂ ਭਾਵ ਅੰਤਹਿਕਰਣ ਸ਼ੁੱਧ ਨਹੀਂ ਹੁੰਦਾ। ਜੁਗਤੀ ਭੀ ਦੱਸੀ ਕਿ ‘‘ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ; ਨਾਵੈ ਕੈ ਰੰਗਿ ॥’’ ਭਾਵ ਇਹ ਲੇਖ (ਪਾਪ); ਰੱਬ ਦੇ ਨਾਮ-ਰੰਗ ’ਚ ਭਿੱਜ ਕੇ ਧੋ ਹੁੰਦਾ ਹੈ। ਸੁਚੇਤ ਭੀ ਕੀਤਾ ਕਿ ਮਤਾਂ ਇਸ ‘ਲੇਖ ਬਨਾਮ ਅਲੇਖੁ’ ਵਿਚਾਰ ਨੂੰ ਭਰਮ ਸਮਝਣਾ। ਜੈਸੀ ਮੱਤ ਹੋਏਗੀ ਜਾਂ ਲੇਖ ਬਣੇਗਾ; ਵੈਸਾ ਫਲ਼ ਭੀ ਅਵੱਸ਼ ਮਿਲੇਗਾ, ‘‘ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ; ਲਿਖਿ ਲੈ ਜਾਹੁ ॥ ਆਪੇ ਬੀਜਿ (ਕੇ); ਆਪੇ ਹੀ ਖਾਹੁ.. ॥੨੦॥’’ ਭਾਵ ਲੇਖ (ਪਾਪ) ਤੇ ਲੇਖ ਮੁਕਤ (ਪੁੰਨੀ) ਹੋਣਾ; ਕੇਵਲ ਨਾਮ ਮਾਤਰ ਨਹੀਂ (ਧਰਮ ਕਮਾਉਣ ਲਈ ਇਹ ਅਹਿਮ ਪੜਾਅ ਪਾਰ ਕਰਨਾ ਪੈਣਾ ਹੈ)।
ਪ੍ਰਾਚੀਨ ਮੱਤਾਂ ਨੇ ਆਤਮਾ ਨੂੰ ਮੈਲ਼ਾ ਹੁੰਦਾ ਮੰਨਿਆ ਹੈ ਭਾਵ ਲੇਖੇ ’ਚ ‘ਆਤਮਾ’ ਹੈ। ਜਿਸ ਨੂੰ ਮੁਕਤ (ਨਿਰਮਲ) ਕਰਨ ਲਈ ਤੀਰਥ-ਇਸ਼ਨਾਨ, ਪਿੰਡ-ਪੱਤਲ, ਆਦਿ ਕਿਰਿਆ ਸ਼ੁਰੂ ਹੋਈ। ਬ੍ਰਾਹਮਣ ਦੀ ਨਰਕਾਂ ’ਚ ਵੈਤਰਣੀ ਨਦੀ ਤੇ ਮੁਸਲਮਾਨ ਦਾ ਪੁਲਸਿਰਾਤ (ਦੋਜ਼ਖ਼ ਦਾ ਪੁਲ); ਕਲਪੇ ਹੀ ਆਤਮਾ/ਰੂਹ ਨੂੰ ਸਜ਼ਾ ਦੇਣ ਲਈ ਹਨ। ਪੰਡਿਤ; ਜਜਮਾਨ ਤੋਂ ਆਟੇ ਦੀ ਗਾਂ ਦਾਨ ਕਰਾਉਂਦਾ ਹੈ ਤਾਂ ਕਿ ਆਤਮ; ਗਾਂ ਦੀ ਪੂਛ ਫੜ ਪੀਕ, ਗਰਮ ਖ਼ੂਨ, ਆਦਿ ਨਾਲ਼ ਉਬਲਦੀ ਇਹ ਨਦੀ ਪਾਰ ਕਰ ਸਕੇ ਜਦਕਿ ਗੁਰਮਤਿ ਅਨੁਸਾਰ ਆਤਮਾ; ਰੱਬ ਦੀ ਜੋਤਿ ਹੈ, ਆਤਮ ਪ੍ਰਕਾਸ਼ ਹੈ, ਰੂਹਾਨੀਅਤ ਊਰਜਾ ਹੈ, ਪ੍ਰਭੂ ਵਾਙ ਅਬਿਨਾਸੀ ਹੈ, ਨਾ ਇਹ ਮਨੁੱਖ ਹੈ, ਨਾ ਦੇਵਤਾ, ਨਾ ਜਤੀ ਹੈ, ਨਾ ਸ਼ਿਵ ਦਾ ਉਪਾਸ਼ਕ, ‘‘ਨਾ ਇਹੁ ਮਾਨਸੁ; ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ; ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥.. ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥੪॥’’ (ਭਗਤ ਕਬੀਰ/੮੭੧) ਭਾਵ ਜੈਸੇ ਕਾਗਜ਼ ਤੋਂ ਸਿਆਹੀ ਨਹੀਂ ਲਹਿੰਦੀ; ਇਉਂ ਆਤਮਾ ਤੇ ਪਰਮਾਤਮਾ ਅਭੇਦ ਹਨ, ਅਮਰ ਹਨ। ਆਵਾਗਮਣ ਦਾ ਆਧਾਰ ‘ਆਤਮਾ’ ਨਹੀਂ; ਅੰਤਹਿਕਰਣ ਨੂੰ ਲੱਗੀ ਮੈਲ਼ ਹੈ, ਜਿਸ ਨੂੰ ‘‘ਕੂੜੈ ਪਾਲਿ’’ ਜਾਂ ਜਨਮ ਜਨਮ ਦੀ ਮੈਲ਼ ਕਿਹਾ, ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ॥’’ (ਮਹਲਾ ੩/੬੫੧), ਇਹੀ ਹਉਮੈ ਹੈ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ ਆਵੈ ਜਾਈ ॥’’ (ਮਹਲਾ ੫/੯੯੯), ਵਾਸ਼ਨਾ ਭੀ ਕਿਹਾ, ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ। ਫਿਰਿ ਫਿਰਿ ਫੇਰਿ (ਜਨਮ) ਵਟਾਈਐ; ਗਿਆਨੀ ਹੋਇ, ਮਰਮੁ (ਰਾਜ਼) ਕਉ ਪਾਵੈ।.. ਫਿਰਿ ਕਲਿਜੁਗ ਅੰਦਰਿ ਦੇਹ ਧਰਿ; ਕਰਮਾਂ ਅੰਦਰਿ ਫੇਰ ਫਸਾਵੈ। ਅਉਸਰੁ ਚੁਕਾ; ਹਥ ਨ ਆਵੈ ॥੧੫॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੧੫) ਭਾਵ ਜੇਕਰ ਇਹ ਕੀਮਤੀ ਜਨਮ ਭੀ ਅਜਾਈਂ ਚਲਾ ਗਿਆ ਤਾਂ ਮੁੜ ਇਹ ਵੇਲ਼ਾ ਹੱਥ ਨਹੀਂ ਆਉਣਾ।
ਇਸ ਅੰਦਰੂਨੀ ਮੈਲ਼ ਦੀ ਪਰਛਾਈ; ਬਾਹਰੀ 4 ਇੰਦ੍ਰਿਆਂ (ਸੁਰਤਿ, ਮਤਿ, ਮਨੁ, ਬੁਧਿ) ’ਤੇ ਪੈਂਦੀ ਹੈ। ਜੇਕਰ ਕੋਈ ਅਸ਼ਰਧਕ; ਭਰਮ ’ਚ ਹੈ ਤਾਂ ਇਸ ਦਾ ਕਾਰਨ ਉਸ ਅੰਦਰਲਾ ਅੰਤਹਿਕਰਣ ਵੱਧ ਮੈਲ਼ਾ ਹੈ। ਗੁਰੂ ਗਿਆਨ (ਦਰਪਣ) ਨਾਲ਼ ਆਪਣੀ ਮੈਲ਼ ਨੂੰ ਵੇਖ ਕੇ ਇਸ ਦੀ ਨਵਿਰਤੀ ਲਈ ਦਿਲੋਂ ਕੀਤੀ ਅਰਦਾਸ ਉਪਰੰਤ ਗੁਰੂ ਕਿਰਪਾ ਨਾਲ਼ ਮਨ ਨਿਰਮਲ ਹੁੰਦਾ ਹੈ ਤੇ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਆਤਮ-ਪ੍ਰਕਾਸ਼ (ਜੋਤਿ) ਦਾ ਹੂ-ਬਹੂ ਚਾਨਣ ਬਾਹਰਲੇ ਚਾਰੋਂ ਇੰਦ੍ਰੇ ਮਾਣਦੇ ਹਨ। ਇਹੀ ਹੈ ‘ਅਨੁਭਵ ਗਿਆਨ, ਰੂਹਾਨੀਅਤ-ਊਰਜਾ, ‘ੴ’ ਦਾ ਦਰਸ਼ਨ ਤੇ ਧਰਮੀ ਬਣਨ ਦਾ ਫਲ਼’। ਇਸੇ ਨੂੰ ਸੁਰਤਿ, ਮਤਿ, ਮਨਿ, ਬੁਧਿ ਘੜਨਾ ਕਿਹਾ ਹੈ, ‘‘ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ..॥੩੬॥’’ (ਜਪੁ), ਇਹੀ ਸ਼ਬਦ (ਭਾਵ ਅੰਤਹਿਕਰਣ ਜਾਂ ਜੀਵਨ) ਘੜਨਾ ਹੈ, ‘‘ਘੜੀਐ ਸਬਦੁ; ਸਚੀ ਟਕਸਾਲ ..॥੩੮॥’’ (ਜਪੁ)
ਉਕਤ 20ਵੀਂ ਪਉੜੀ ਦੇ ਅੰਤ ’ਚ ‘‘ਹੁਕਮੀ ਆਵਹੁ ਜਾਹੁ ॥’’ ਤੋਂ ਭਾਵ ਹੈ ਕਿ ਹੁਕਮ (ਲੇਖ) ’ਚ ਜੰਮਣ ਮਰਨ ਹੋਏਗਾ। ਇਹ ਸਭ ‘‘ਸਭਨਾ ਲਿਖਿਆ ਵੁੜੀ ਕਲਾਮ ॥’’ ਵਾਕ ਦਾ ਹੀ ਵਿਸਥਾਰ ਹੈ, ਵਿਆਖਿਆ ਹੈ। ਐਸੇ ਸਮੁੱਚੇ ‘ਜਪੁ’ ਜੀ ਅੰਦਰ ਲੇਖ (ਹੁਕਮ) ਨੂੰ ਹੀ ਜ਼ਿਆਦਾਤਰ ਵਿਚਾਰਿਆ ਹੈ; ਜਿਵੇਂ ਕਿ ਤੀਜੀ ਪਉੜੀ ’ਚ ਭੀ ਕਿਹਾ ਕਿ (ਸਿਰ ਦੇ ਲੇਖ ਅਨੁਸਾਰ) ਕੋਈ ਐਸਾ ਸਮਝ ਕੇ ਤੈਨੂੰ ਗਾਉਂਦਾ ਹੈ ਕਿ ਤੂੰ ਸਰੀਰ ਬਣਾ ਕੇ ਮੁੜ ਮਿੱਟੀ ਬਣਾ ਦਿੰਦਾ ਹੈਂ। ਕੋਈ ਗਾਉਂਦਾ ਹੈ ਕਿ ਤੂੰ (ਸਰੀਰਾਂ ’ਚੋਂ) ਰੂਹਾਂ (ਜਿੰਦਾਂ, ਜੋਤਾਂ) ਕੱਢ ਕੇ ਹੋਰ ਸਰੀਰ (ਜੂਨ) ਨੂੰ ਪਾ ਦਿੰਦਾ ਹੈਂ। ਕੋਈ ਤੈਨੂੰ ਹਾਜ਼ਰ-ਨਾਜ਼ਰ ਸਮਝ ਕੇ ਚੇਤੇ ਕਰਦਾ ਹੈ ਤੇ ਕੋਈ ਬਹੁਤ ਦੂਰ (7ਵੇਂ ਅਕਾਸ਼ ’ਤੇ) ਬੈਠਾ ਜਾਣ ਕੇ ਤੈਨੂੰ ਗਾਉਂਦਾ ਹੈ, ‘‘ਗਾਵੈ ਕੋ; ਸਾਜਿ ਕਰੇ ਤਨੁ ਖੇਹ ॥ ਗਾਵੈ ਕੋ; ਜੀਅ (ਜਿੰਦਾਂ) ਲੈ, ਫਿਰਿ ਦੇਹ ॥ ਗਾਵੈ ਕੋ; ਜਾਪੈ ਦਿਸੈ ਦੂਰਿ ॥ ਗਾਵੈ ਕੋ; ਵੇਖੈ ਹਾਦਰਾ ਹਦੂਰਿ ॥’’, ਇੱਥੇ ਭੀ ਸਮਾਪਤੀ ’ਚ ਕਿਹਾ ਹੈ, ‘‘ਹੁਕਮੀ ਹੁਕਮੁ ਚਲਾਏ ਰਾਹੁ ..॥੩॥’’ ਭਾਵ ਹੁਕਮੀ (ਅਲੇਖੁ-ਪ੍ਰਭ) ਹੀ ਆਪਣੇ ਹੁਕਮ (ਲੇਖ) ਅਨੁਸਾਰ ਸਭ ਨੂੰ ਤੋਰਦਾ ਹੈ। ‘ਜਪੁ’ ਜੀ ਦੀ 37ਵੀਂ ਪਉੜੀ (ਸਚਖੰਡ) ’ਚ ਭੀ ਇਹੀ ਕਿਹਾ ਹੈ, ‘‘ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ.. ॥੩੭॥’’
ਸੁਬ੍ਹਾ-ਸ਼ਾਮ ਪੜ੍ਹੀ ਜਾਣ ਵਾਲ਼ੀ 27ਵੀਂ ਪਉੜੀ ’ਚ ਇਹੀ ਕਿਹਾ ਹੈ, ‘‘ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥..ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ..॥੨੭॥’’ ਜੇਕਰ ਇੱਥੇ ਸ਼ਾਬਦਿਕ ਅਰਥਾਂ ਨੂੰ ਹੀ ਪੂਰਨ ਸੱਚ (ਗੁਰਮਤਿ) ਮੰਨੀਏ ਤਾਂ ਜਾਪਦਾ ਹੈ ਕਿ ਇਹ ਸਾਰੇ ਕਰਤਾਰ ਨੂੰ ਗਾਉਂਦੇ ਹਨ, ਪਰ ਐਸਾ ਨਹੀਂ ਹੈ। ਜੇਕਰ ਮਿੱਟੀ, ਪੱਥਰ, ਤਾਰੇ ਭੀ ਨਿਰਾਕਾਰ ਦੀ ਹੋਂਦ ਤੋਂ ਵਾਕਫ਼ ਹੋਣ ਤਾਂ ਮਨੁੱਖ ਨੂੰ ਭੀ ਗੁਰੂ ਦੀ ਲੋੜ ਨਾ ਰਹਿੰਦੀ, ਪਰ ਗੁਰੂ ਦੀ ਲੋੜ ਬਾਰੇ ਭੱਟ ਨਲ੍ਹ ਜੀ ਸਮਝਾਉਂਦੇ ਹਨ, ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ ਸਮਝ ਨ ਆਵੈ ॥ ਗੁਰ ਬਿਨੁ ਸੁਰਤਿ ਨ ਸਿਧਿ; ਗੁਰੂ ਬਿਨੁ ਮੁਕਤਿ ਨ ਪਾਵੈ ॥… ਜਿਨ (ਨੇ) ਗੁਰੂ ਨ ਦੇਖਿਅਉ; ਨਹੁ ਕੀਅਉ; ਤੇ ਅਕਯਥ (ਫ਼ਜ਼ੂਲ) ਸੰਸਾਰ ਮਹਿ ॥’’ (ਭਟ ਨਲੵ/੧੩੯੯)
ਸੋ ਉਕਤ ਪਉੜੀ ’ਚ ਪੰਡਿਤਾਂ ਦੁਆਰਾ ਐਲਾਨੇ ਅਖੌਤੀ-ਰਹਿਬਰਾਂ ਦੇ ‘ਲੇਖ’ ਦੀ ਵਿਆਖਿਆ ਹੈ ਕਿਉਂਕਿ ਲੇਖ ਅਧੀਨ ‘ਅਸੰਖ ਨਾਵ’ ਹਨ, ਜੋ ‘ਅਸੰਖ ਥਾਵ.. ॥੧੯॥’ ’ਚ ਵੱਸਦੇ ਹਨ। ਇੱਥੇ ਸਮਾਪਤੀ ’ਚ ਭੀ ਜੋਤਾਂ ਦੇ ਸਰੋਤ (ਜੋਤੀ) ਨੂੰ ਅਮਰ ਕਿਹਾ ਹੈ, ‘‘ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥’’ ਭਾਵ ਜਿਸ (ਹੁਕਮੀ ਤੇ ਅਲੇਖੁ) ਨੇ (ਲੇਖੇ ’ਚ) ਜਗਤ-ਰਚਨਾ ਕੀਤੀ, ਕੇਵਲ ਓਹੀ ਅਮਰ ਹੈ। ਉਹ ਨਾ ਜੰਮਦਾ ਹੈ, ਨਾ ਮਰਦਾ ਹੈ ਯਾਨੀ ਬਾਕੀ ਜਿਨ੍ਹਾਂ ਦੇ ‘ਲੇਖ’ ਦਾ ਇੱਥੇ ਜ਼ਿਕਰ ਹੈ, ਉਹ ਸਭ ਲੇਖੇ ’ਚ ਹੋਣ ਕਾਰਨ ਜੰਮਦੇ ਮਰਦੇ ਹਨ।
ਸਮੁੱਚੇ ‘ਜਪੁ’ ਜੀ ’ਚ ਅਲੇਖੁ-ਕਰਤਾਰ ਨੂੰ ਸਦਾ ਥਿਰ (ਆਦਿ ਸਚੁ; ਜੁਗਾਦਿ ਸਚੁ ॥, ਤੂ ਸਦਾ ਸਲਾਮਤਿ; ਨਿਰੰਕਾਰ !॥, ਸੋਈ ਸੋਈ ਸਦਾ ਸਚੁ..॥, ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੧॥) ਅਤੇ ਬਾਕੀ ਸਭ ਨੂੰ ਲੇਖੇ (ਹੁਕਮ) ’ਚ ਦਰਸਾਇਆ ਹੈ, ਜੋ ਸਦਾ ਜੰਮਦੇ ਮਰਦੇ ਹਨ। ਸਮਾਪਤੀ ਸਲੋਕ ’ਚ ਭੀ ਸਮੂਹ ਕੁਦਰਤ ਲੇਖੇ ’ਚ ਹੈ, ਦੀ ਮਿਸਾਲ ਦੇਣ ਉਪਰੰਤ ਅੰਤ ’ਚ ਕਿਹਾ ਕਿ ਪ੍ਰਭੂ ਦਾ ਨਾਮ ਜਪਣ ਵਾਲ਼ੇ ਪ੍ਰਭੂ ਵਾਙ ਲੇਖ ਮੁਕਤ (ਸਦੀਵੀ ਥਿਰ/ਜਨਮ-ਮਰਨ ਰਹਿਤ) ਹੋ ਜਾਂਦੇ ਹਨ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥’’ ‘ਕੇਤੀ ਛੁਟੀ’ ਤੋਂ ਭਾਵ ਹੈ ਕਿ ਕਿੰਨੀ ਸੰਗਤ ਭੀ ਉਨ੍ਹਾਂ ਰਾਹੀਂ ਲੇਖ ਮੁਕਤ ਹੋ ਜਾਂਦੀ ਹੈ।
ਸੋ ਵਿਚਾਰ ਅਧੀਨ ਤੁਕ ‘‘ਏਹੁ ਲੇਖਾ; ਲਿਖਿ ਜਾਣੈ ਕੋਇ ॥’’ ਤੋ ਭਾਵ ਹੈ ਕਿ ਲੇਖੇ ’ਚ ਜੀਵਨ ਬਤੀਤ ਕਰਦੀ ਸਮੂਹ ਕੁਦਰਤ ਦਾ ਲੇਖ ਲਿਖਣਾ ਭਾਵੇਂ ਅਸੰਭਵ ਹੈ, ਪਰ ਕੁਦਰਤ ਰਚਨ ਦੇ ਇਸ ਆਧਾਰ (ਲੇਖ) ਨੂੰ ਆਪ ਸਮਝ ਕੇ (ਹੋਰਾਂ ਨੂੰ ਸਝਾਉਣ ਲਈ ਮਿਸਾਲ ਮਾਤਰ) ਕੋਈ ਵਿਰਲਾ ਹੀ ਲਿਖਣਾ ਜਾਣਦਾ ਹੈ; ਅਸਲ ’ਚ ਉਹੀ ‘ਸੱਚਾ ਗੁਰੂ’ ਹੈ ਕਿਉਂਕਿ ਕਰਤਾਰ ਦੇ ਐਨੇ ਸੂਖਮ ਰਾਜ਼ ਤੋਂ ਓਹੀ ਵਾਕਫ਼ ਹੋ ਸਕਦਾ ਹੈ। ਧਿਆਨ ਰਹੇ ਕਿ ਗੁਰਬਾਣੀ ’ਚ ਧਰਮ ਦੀ ਬਹੁਤਾਤ ਵਿਆਖਿਆ; ਲੇਖ ਬਾਰੇ ਹੈ, ਹੁਕਮ ਬਾਰੇ ਹੈ; ਜੈਸਾ ਕਿ ‘ਜਪੁ’ ਜੀ ਦੇ ਆਰੰਭ ਤੋਂ ਅੰਤਮ (ਸਚਖੰਡ) ਤੱਕ ਕੀਤੀ ਗਈ ਉਕਤ ਵਿਚਾਰ ’ਚ ਸਾਮ੍ਹਣੇ ਆਇਆ ਹੈ।
‘ਸੱਚੇ ਗੁਰੂ’ ਦੀ ਪਹਿਚਾਣ; ਗੁਰੂ ਨਾਨਕ ਸਾਹਿਬ ਦੇ ਹੇਠਲੇ ਬਚਨਾਂ ’ਚੋਂ ਹੁੰਦੀ ਹੈ; ਜਿੱਥੇ ਵਾਰ-ਵਾਰ ਕਿਹਾ ਕਿ ਜੋ ਨਿਰਾਕਾਰ ਦੀ ਹੋਂਦ (ਜੋਤਿ/ਆਤਮ-ਪ੍ਰਕਾਸ਼) ਨੂੰ ਆਪਣੇ ਅੰਦਰੋਂ ਖ਼ੁਦ ਅਨੁਭਵ ਕਰ ਹੋਰਾਂ ਨੂੰ ਉਸ ਤੋਂ ਵਾਕਫ਼ ਕਰਾ ਦੇਵੇ ਭਾਵ ਆਪਣੀ ਰੂਹਾਨੀਅਤ ਊਰਜਾ ਨਾਲ਼ ਹੋਰਾਂ ਨੂੰ ਪ੍ਰਭਾਵਤ ਕਰ ਦੇਵੇ; ਮੈ ਉਸ ਤੋਂ ਕੁਰਬਾਨ ਹਾਂ :
ਜੋ ਦੇਖਿ (ਕੇ) ਦਿਖਾਵੈ; ਤਿਸ ਕਉ ਬਲਿ ਜਾਈ ॥ (ਥਿਤੀ/ਮਹਲਾ ੧/੮੩੯)
ਅਗਮੁ ਅਗੋਚਰੁ ਦੇਖਿ (ਕੇ) ਦਿਖਾਏ; ਨਾਨਕੁ ਤਾ ਕਾ ਦਾਸੋ ॥੫॥ (ਗੋਸਟਿ/ਮਹਲਾ ੧/੯੩੮)
ਕੀਮਤਿ ਕਉਣ ਕਰੇ ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ ॥ (ਬਾਰਹਮਾਹਾ/ਮਹਲਾ ੧/੧੧੦੮)
ਘਰ ਮਹਿ ਘਰੁ; ਜੋ ਦੇਖਿ ਦਿਖਾਵੈ ॥ ਗੁਰ ਮਹਲੀ; ਸੋ ਮਹਲਿ (’ਚ) ਬੁਲਾਵੈ ॥ ਮਨ ਮਹਿ ਮਨੂਆ; ਚਿਤ ਮਹਿ ਚੀਤਾ ॥ ਐਸੇ ਹਰਿ ਕੇ ਲੋਗ ਅਤੀਤਾ (ਲੇਖ ਮੁਕਤ) ॥ (ਮਹਲਾ ੧/੧੧੮੯), ਆਦਿ।
ਸੋ ਗੁਰਮਤਿ ਦੀ ਵਿਲੱਖਣਤਾ ਨੂੰ ਸੰਖੇਪ ਸ਼ਬਦਾਂ ’ਚ ਹੇਠਾਂ ਵਿਚਾਰਿਆ ਗਿਆ ਹੈ :
(1). ਗੁਰਮਤਿ ਨੇ ਰੱਬ ਦੇ ਹੁਕਮ (ਲੇਖ) ਦੀ ਵਿਸਥਾਰ ਸਹਿਤ ਵਿਆਖਿਆ ਕੀਤੀ ਹੀ; ਜਿਵੇਂ ਕਿ
ਮਹਲਾ ੧ : ਲੇਖੈ (’ਚ) ਬੋਲਣੁ ਬੋਲਣਾ; ਲੇਖੈ (’ਚ) ਖਾਣਾ ਖਾਉ ॥ ਲੇਖੈ (’ਚ) ਵਾਟ ਚਲਾਈਆ; ਲੇਖੈ (’ਚ) ਸੁਣਿ ਵੇਖਾਉ ॥ ਲੇਖੈ (’ਚ) ਸਾਹ ਲਵਾਈਅਹਿ; ਪੜੇ ਕਿ ਪੁਛਣ ਜਾਉ ॥ (ਮਹਲਾ ੧/੧੫) ਗੁਰੂ ਦੀ ਮਿਹਰ ਤੋਂ ਬਿਨਾਂ; ਇਹ ਲੇਖ ਨਹੀਂ ਮਿਟ ਸਕਦਾ, ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ॥’’ (ਓਅੰਕਾਰ/ਮਹਲਾ ੧/੯੩੭)
ਮਹਲਾ ੪ : ਜਿਤਨੇ ਜੀਅ ਜੰਤ ਪ੍ਰਭਿ (ਨੇ) ਕੀਨੇ; ਤਿਤਨੇ ਸਿਰਿ (’ਤੇ) ਕਾਰ ਲਿਖਾਵੈ ॥ ਹਰਿ ਜਨ ਕਉ ਹਰਿ ਦੀਨ੍ ਵਡਾਈ; ਹਰਿ ਜਨੁ ਹਰਿ ਕਾਰੈ (’ਚ) ਲਾਵੈ ॥੧॥ ਸਤਿਗੁਰੁ; ਹਰਿ ਹਰਿ ਨਾਮੁ ਦ੍ਰਿੜਾਵੈ ॥ ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ! ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥ ਜੋ ਗੁਰ ਕਉ ਜਨੁ ਪੂਜੇ ਸੇਵੇ; ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥ ਹਰਿ ਕੀ ਸੇਵਾ ਸਤਿਗੁਰੁ ਪੂਜਹੁ; ਕਰਿ ਕਿਰਪਾ ਆਪਿ ਤਰਾਵੈ ॥੨॥.. ਬ੍ਰਹਮੁ ਬਿੰਦੇ, ਸੋ ਸਤਿਗੁਰੁ ਕਹੀਐ; ਹਰਿ ਹਰਿ ਕਥਾ ਸੁਣਾਵੈ ..॥ ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ; ਜੋ ਅੰਮ੍ਰਿਤ ਬਚਨ ਸੁਣਾਵੈ ॥ ਨਾਨਕ ! ਭਾਗ ਭਲੇ ਤਿਸੁ ਜਨ ਕੇ; ਜੋ ਹਰਿ ਚਰਣੀ ਚਿਤੁ ਲਾਵੈ ॥੫॥’’ (ਮਹਲਾ ੪/੧੨੬੪) ਭਾਵ ਪ੍ਰਭੂ ਨੇ ਜਿੰਨੇ ਜੀਵ-ਜੰਤ ਪੈਦਾ ਕੀਤੇ ਹਨ, ਉਨ੍ਹਾਂ ਸਭ ਦੇ ਸਿਰ ’ਤੇ ਕਿਰਤ-ਕਾਰ (ਲੇਖ) ਲਿਖੀ ਹੈ। ਮਾਲਕ; ਆਪਣੇ ਸੇਵਕਾਂ ਨੂੰ (ਨਾਮ-ਸਿਮਰਨ ਵਾਲ਼ੀ) ਕਾਰ ’ਚ ਲਾ ਦਿੰਦਾ ਹੈ। ਜੋ, ਬ੍ਰਹਮ ਦੇ ਇਸ ਸੁਭਾਅ ਤੋਂ ਵਾਕਫ਼ ਹੈ; ਉਸੇ ਨੂੰ ਸਤਿਗੁਰ ਕਹਿਣਾ ਬਣਦਾ ਹੈ। ਹੇ ਸਿੱਖੋ ! ਉਹੀ ਗੁਰੂ; ਹਰੀ ਦਾ ਨਾਮ ਜਪਾਉਂਦਾ ਹੈ, ਸੰਸਾਰ-ਸਮੁੰਦਰ ਨੂੰ ਪਾਰ ਕਰਾਉਂਦਾ ਹੈ (ਬਾਕੀ ਨਕਲੀ ਗੁਰੂ; ਸਿੱਖ/ਚੇਲੇ ਭਾਵੇਂ ਬਹੁਤੇ ਬਣਾ ਲੈਣ; ਸੂਖਮ ਬ੍ਰਹਮ ਨੂੰ ਨਹੀਂ ਜਾਣ ਸਕਦੇ, ਉਸ ਨਾਲ਼ ਨਹੀਂ ਮਿਲਾ ਸਕਦੇ) ਜੋ ਹਰੀ ਦੀ ਪ੍ਰਤੱਖ ਮੂਰਤਿ ਐਸੇ ਸਤਿਗੁਰ ਨੂੰ ਪੂਜਦੇ ਹਨ, ਯਾਦ ਕਰਦੇ ਹਨ; ਉਹ ਪ੍ਰਭੂ ਨੂੰ ਪਸੰਦ ਹਨ। ਉਨ੍ਹਾਂ ਦਾ ਭਾਗ ਜਾਗ ਪੈਂਦਾ ਹੈ ਭਾਵ ਲੇਖ ਮਿਟ ਜਾਂਦਾ ਹੈ।
ਮਹਲਾ ੫ : ਰੇ ਮਨ ! ਲੇਖੈ (’ਚ) ਚਾਲਹਿ, ਲੇਖੈ (’ਚ) ਬੈਸਹਿ; ਲੇਖੈ (’ਚ) ਲੈਦਾ ਸਾਹਾ ॥ ਸਦਾ ਕੀਰਤਿ ਕਰਿ ਨਾਨਕ ਹਰਿ ਕੀ; ਉਬਰੇ ਸਤਿਗੁਰ ਚਰਣ ਓਟਾਹਾ ॥ (ਮਹਲਾ ੫/੪੦੨)
ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਰਚੀ ਭਗਤ ਬਾਣੀ ’ਚ ਹੇਠਲੇ ਤਿੰਨ ਭਗਤਾਂ ਨੇ ‘ਲੇਖਾ’ ਸ਼ਬਦ ਨੂੰ ‘ਹਿਸਾਬ-ਕਿਤਾਬ’ ਦੇ ਅਰਥਾਂ ’ਚ ਵਰਤਿਆ ਹੈ, ਨਾ ਕਿ ‘ਲੇਖ/ਹੁਕਮ’ ਲਈ, ‘‘ਠਾਕੁਰੁ ਲੇਖਾ ਮਗਨਹਾਰੁ ॥ (ਭਗਤ ਰਵਿਦਾਸ/੧੧੯੬), ਕਬੀਰ ! ਲੇਖਾ ਦੇਨਾ ਸੁਹੇਲਾ; ਜਉ ਦਿਲ ਸੂਚੀ ਹੋਇ ॥ (ਭਗਤ ਕਬੀਰ/੧੩੭੫), ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ ॥’’ (ਬਾਬਾ ਫ਼ਰੀਦ/੧੩੭੯) ਭਾਵ ਰੱਬ ਹਿਸਾਬ ਮੰਗੇਗਾ ਕਿ ਤੂੰ ਦੁਨੀਆਂ ’ਚ ਕਿਸ ਕੰਮ ਵਾਸਤੇ ਆਇਆ ਸੀ। ਇਸ ਸਿਧਾਂਤ ਬਾਰੇ ਭੀ ਗੁਰੂ ਨਾਨਕ ਸਾਹਿਬ ਦੇ ਬਚਨ ਹਨ ਕਿ ਜੇ ਇਸ ਕੀਮਤੀ ਜਨਮ ’ਚ ਲੇਖ ਨਾ ਮਿਟਿਆ ਤਾਂ ਪ੍ਰਭੂ ਦੇ ਦਰ ਉੱਤੇ ਲੇਖੇ ਦਾ ਹਿਸਾਬ-ਕਿਤਾਬ ਹੋਣ ਸਮੇਂ ਸਮਝ ਲੈਣਾ ਕਿ ਪਿਤਾ; ਬੇਔਲਾਦ ਹੀ ਮਰਿਆ ਸੀ, ‘‘ਨਾਨਕ ! ਲੇਖੈ ਮੰਗਿਐ; ਅਉਤੁ ਜਣੇਦਾ ਜਾਇ ॥’’ (ਮਹਲਾ ੧/੯੫੫)
(2). ਗੁਰੂ ਨਾਨਕ ਸਾਹਿਬ ਨੇ ਕਰਤਾਰ ਦੀ ਹੋਂਦ ਨੂੰ ਸਰਬ ਵਿਆਪਕ; ਜੋਤਿ ਰੂਪ ’ਚ ਬਿਆਨਿਆ ਹੈ; ਜਿਵੇਂ ਕਿ
ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ ॥ (ਮਹਲਾ ੧/੮੭੬)
ਤ੍ਰਿਭਵਣ (’ਚ) ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)
ਅਗਨਿ ਪਾਣੀ ਜੀਉ (ਜੀਵ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)
ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)
ਸੂਰਜੁ ਚੰਦੁ ਉਪਾਇ (ਕੇ, ਇਨ੍ਹਾਂ ’ਚ) ਜੋਤਿ ਸਮਾਣਿਆ ॥ (ਮਹਲਾ ੧/੧੨੭੯)
ਸਗਲ ਸਰੋਵਰ (’ਚ) ਜੋਤਿ ਸਮਾਣੀ ॥ (ਮਹਲਾ ੧/੧੩੪੨), ਜਲ ਮਹਿ ਜੋਤਿ; ਰਹਿਆ ਭਰਪੂਰਿ ॥ (ਮਹਲਾ ੧/੪੧੧), ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ॥ (ਮਹਲਾ ੧/੪੭੨) ਸੱਚ ਭੀ ਹੈ ਕਿ ਬੇਜਾਨ ਵਸਤੂ ’ਚੋਂ ਕਦੇ ਜ਼ਿੰਦਗੀ ਨਹੀਂ ਉਪਜਦੀ। ਜਾਨਦਾਰ-ਪਾਣੀ ਤੋਂ ਸ੍ਰਿਸ਼ਟੀ ਬਣੀ ਹੈ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ (’ਚ) ਜੋਤਿ ਸਮੋਇ ॥ (ਮਹਲਾ ੧/੧੯) ਭੋਜਨ ਜਾਨਦਾਰ ਹੈ ਤਾਹੀਓਂ ਸਰੀਰ ਦੀ ਖ਼ੁਰਾਕ ਹੈ ਭਾਵ ਭੋਜਨ; ਬੇਜਾਨ ਨਹੀਂ, ‘‘ਜੇਤੇ ਦਾਣੇ ਅੰਨ ਕੇ; ਜੀਆ (ਜੋਤਿ) ਬਾਝੁ ਨ ਕੋਇ ॥’’ (ਮਹਲਾ ੧/੪੭੨), ਜੋਗੀਆਂ ਨੇ ਪੁੱਛਿਆ ਕਿ ‘‘ਕਿਤੁ ਬਿਧਿ; ਜੋਤਿ ਨਿਰੰਤਰਿ ਪਾਈ ? ॥ (ਗੋਸਟਿ/ਮਹਲਾ ੧/੯੪੦) ਭਾਵ ਕਿਸ ਯੁਕਤੀ ਨਾਲ਼ ਸਰਬ ਵਿਆਪਕ ਜੋਤਿ ਨੂੰ ਸਮਝਿਆ ? ਜਵਾਬ : ‘‘ਗੁਰਮੁਖਿ ਜੋਤਿ ਨਿਰੰਤਰਿ ਪਾਈ ॥’’ (ਮਹਲਾ ੧/੯੪੦) ਭਾਵ ਅਕਾਲ ਪੁਰਖ ਤੋ (ਉਸ ਦੀ) ਜੋਤਿ ਨੂੰ ਜ਼ਰਰੇ-ਜ਼ਰਰੇ ’ਚ ਜਾਣਿਆ ਹੈ ਤਾਹੀਓਂ ਐਲਾਨਿਆ ਕਿ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ (ਨਾਲ਼) ਸਭ ਮਹਿ ਚਾਨਣੁ ਹੋਇ ॥’’ (ਸੋਹਿਲਾ/ਮਹਲਾ ੧/੧੩) ਐਸੀ ਅਨੰਦਮਈ ਮਸਤੀ; ਕਠੋਰ ਚਿੱਤ ਅਸ਼ਰਧਕ ਨਹੀਂ ਮਾਣ ਸਕਦਾ, ‘‘ਨਿਰਦਇਆ (’ਚ) ਨਹੀ ਜੋਤਿ ਉਜਾਲਾ ॥ ਬੂਡਤ ਬੂਡੇ ਸਰਬ ਜੰਜਾਲਾ ॥’’ (ਮਹਲਾ ੧/੯੦੩) ਭਾਵ ਇਸ ਚਾਨਣ ਤੋਂ ਵਾਂਝੇ ਮਨਮੁਖ; ਵਿਕਾਰਾਂ ’ਚ ਡੁੱਬਦੇ-ਡੁੱਬਦੇ ਡੁੱਬ ਜਾਂਦੇ ਹਨ। ਗੁਰੂ ਅਮਰਦਾਸ ਜੀ ਅਨੁਸਾਰ ਕਰਤਾਰ ਜਦ ਆਪਣੀ ਜੋਤਿ (ਸਰੀਰਾਂ ’ਚੋਂ) ਖਿੱਚ ਲੈਂਦਾ ਹੈ ਤਾਂ ਮੌਤ ਹੁੰਦੀ ਹੈ; ਫਿਰ ਕੋਈ ਬੋਲ ਕੇ ਜਾਂ ਦੱਸ ਕੇ ਨਹੀਂ ਸਮਝਾ ਸਕਦਾ, ‘‘ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ! ਤਬ ਕੋਈ ਕਰਉ ਦਿਖਾ ਵਖਿਆਨਾ ? ॥’’ (ਮਹਲਾ ੩/੭੯੭)
ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਰਚੀ ਭਗਤ ਬਾਣੀ ’ਚ ਸਰਬ ਵਿਆਪਕ ਜੋਤਿ ਦੀ ਇਹ ਵਿਆਖਿਆ ਹੈ :
ਅੰਤਰਿ ਜੋਤਿ (ਨਾਲ਼) ਰਾਮ ਪਰਗਾਸਾ; (ਪਰ) ਗੁਰਮੁਖਿ ਬਿਰਲੈ (ਨੇ) ਜਾਨੀ ॥ (ਭਗਤ ਕਬੀਰ/੯੭੦)
ਜਬ ਲਗੁ ਜੋਤਿ ਕਾਇਆ ਮਹਿ ਬਰਤੈ; ਆਪਾ ਪਸੂ ਨ ਬੂਝੈ ॥ (ਭਗਤ ਕਬੀਰ/੬੯੨)
ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ (ਭਗਤ ਧੰਨਾ/੪੮੭)
ਭਾਵ ਜਿਸ ਹਿਰਦੇ ’ਚ ਜੋਤਿ/ਪ੍ਰਕਾਸ਼ ਸਮਾ ਗਿਆ; ਉਸ ਨੇ ਨਾ ਛਲਿਆ ਜਾਣ ਵਾਲ਼ਾ ਪ੍ਰਭੂ; ਪਹਿਚਾਣ ਲਿਆ, ਛੱਲ ਲਿਆ।
ਜੀਅ ਕੀ ਜੋਤਿ; ਨ ਜਾਨੈ ਕੋਈ ॥ ਤੈ ਮੈ ਕੀਆ; ਸੁ ਮਾਲੂਮੁ ਹੋਈ ॥ (ਭਗਤ ਨਾਮਦੇਵ/੧੩੫੧)
ਭਾਵ ਜੀਵਾਂ ਅੰਦਰਲੀ ਜੋਤਿ ਨੂੰ ਕੋਈ ਵੇਖ ਨਹੀਂ ਸਕਦਾ ਜਦਕਿ ਇਸ ਜੋਤਿ ਨੂੰ ਸਭ ਕੁੱਝ ਪਤਾ ਹੈ, ਜੋ ਮੈ ਅਤੇ ਤੈਂ ਕੀਤਾ ਹੈ। ਇਸੇ ਸਿਧਾਂਤ ਕਾਰਨ ਕਰਤਾਰ ਨੂੰ ਅੰਤਰਯਾਮੀ ਭਾਵ ਦਿਲਾਂ ਦੀ ਜਾਣਨ ਵਾਲ਼ਾ ਮੰਨਿਆ ਹੈ, ‘‘ਤੂ ਅੰਤਰਜਾਮੀ; ਜੀਅ ਸਭਿ ਤੇਰੇ ॥ (ਮਹਲਾ ੧/੧੦੩੮), ਹਰਿ ਅੰਤਰਜਾਮੀ ਸਭ ਤੈ ਵਰਤੈ; ਜੇਹਾ ਹਰਿ ਕਰਾਏ, ਤੇਹਾ ਕੋ ਕਰਈਐ ॥ (ਮਹਲਾ ੪/੮੬੧), ਜੀਅ ਜੰਤ ਸਭਿ ਹਾਥਿ (’ਚ) ਤਿਸੈ ਕੈ; ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥’’ (ਮਹਲਾ ੫/੬੨੭) ਗੁਰਬਾਣੀ ’ਚ ਐਨੀ ਸਪਸ਼ਟਤਾ ਹੋਣ ਦੇ ਬਾਵਜੂਦ ਭੀ ਡਾਕਟਰ ਹਰਜਿੰਦਰ ਸਿੰਘ ਦਲਗੀਰ ਵਰਗੇ ਆਪਣੇ ਨਵੇਂ ਮਹਾਨ ਕੋਸ਼ ’ਚ ‘ਅੰਤਰਜਾਮੀ’ ਦਾ ਅਰਥ ‘ਦਿਲ ਦੀ ਜਾਣਨਹਾਰ ਨਹੀਂ ਹੋ ਸਕਦਾ’, ਲਿਖਦੇ ਹਨ ! ! ਕਿਸੇ ਕੋਸ਼ ਜਾਂ ਟੀਕੇ ’ਚ ਲੇਖਕ ਦੇ ਨਿਜੀ ਵਿਚਾਰ ਜ਼ਾਹਰ ਹੋਣੇ; ਉਸ ਦੀ ਸਾਰੀ ਲਿਖਤ ਨੂੰ ਹੀ ਸੰਦੇਹ ’ਚ ਲੈ ਆਉਂਦਾ ਹੈ।
ਨੋਟ : ਉਕਤ ਵਿਚਾਰੀ ਗਈ ਭਗਤ ਬਾਣੀ ’ਚ; ਗੁਰੂ ਨਾਨਕ ਸਾਹਿਬ ਜੀ ਦੇ ਬਚਨ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ (ਨਾਲ਼) ਸਭ ਮਹਿ ਚਾਨਣੁ ਹੋਇ ॥’’ (ਮਹਲਾ ੧/੧੩) ਵਰਗੀ ਸਪਸ਼ਟਤਾ ਨਹੀਂ ਹੈ। ਇਸ ਤੋਂ ਸਾਫ਼ ਹੈ ਕਿ ਗੁਰੂ ਨਾਨਕ ਸਾਹਿਬ; ਬਚਪਨ ਤੋਂ ਅਕਾਲ ਪੁਰਖ ਦੀ ਜੋਤਿ (ਰੂਹਾਨੀਅਤ ਊਰਜਾ, ਨੂਰ) ਹਨ ਤਾਹੀਓਂ ਐਸੇ ਸੂਖਮ ਰਾਜ਼ ਨੂੰ ਸਪਸ਼ਟ ਕਰਨ ’ਚ ਸਫਲ ਹੋਏ ਹਨ।
(3). ਤੀਜੀ ਵਿਲੱਖਣਤਾ ਉਕਤ ਵਿਚਾਰੀ ਗਈ ਹੈ ਕਿ ਪ੍ਰਾਚੀਨ ਮੱਤਾਂ ਅਨੁਸਾਰ ‘ਆਤਮਾ’ ਨੂੰ ਮੁਕਤ ਕਰਨਾ, ਧਰਮ ਹੈ। ਮੁਸਲਮਾਨ ਦੀ ‘ਰੂਹ’ ਭੀ ਕਿਆਮਤ ਤੱਕ ਕਬਰਾਂ ’ਚ ਪਈ ਰਹਿਣੀ ਹੈ ਭਾਵੇਂ ਬੰਦਗੀ ਕੀਤੀ ਹੈ ਜਾਂ ਨਹੀਂ ਕੀਤੀ ਜਦਕਿ ਗੁਰਮਤਿ ਅਨੁਸਾਰ ਅੰਤਹਿਕਰਣ ਨੂੰ ਪਾਰਦਰਸ਼ੀ ਕਰਨਾ, ਮੁਕਤੀ ਹੈ ਜਾਂ ਕਹੀਏ ਕਿ ‘ਸੁਰਤਿ, ਮਤਿ, ਮਨੁ, ਬੁਧਿ’ ਨੂੰ ਘੜਨਾ ਹੈ, ਮੁਕਤ ਹੋਣਾ ਹੈ। ਆਤਮਾ ਤਾਂ (ਅਲੌਕਿਕ ਜੋਤਿ ਹੋਣ ਕਾਰਨ) ਅਮਰ ਹੈ, ਜੋ ਨਰਕਾਂ ’ਚ ਕਸ਼ਟ ਨਹੀਂ ਸਹਿੰਦੀ।
(4). ਗੁਰੂ ਨਾਨਕ ਸਾਹਿਬ; ਆਦਿ ਤੋਂ ਨਿਰਾਕਾਰੀ ਜੋਤਿ ਹਨ ਭਾਵ ਲੇਖ ਮੁਕਤ ਹਨ; ਜਿਵੇਂ ਕਿ ਬਚਨ ਹਨ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮), ਆਪ ਨੇ ਆਪਣੀ ਰੂਹਾਨੀਅਤ ਊਰਜਾ; ਆਪਣੇ ਸਿੱਖ (ਗੁਰੂ ਅੰਗਦ ਜੀ) ’ਚ ਟਿਕਾਈ; ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਬਲ਼ਦਾ ਹੈ। ਇਸ ਸਬੰਧ ’ਚ ਭਾਈ ਬਲਵੰਡ ਜੀ ਦੇ ਬੋਲ ਹਨ, ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨਾਨਕ ਨੇ) ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬) ਭੱਟ ਮਥੁਰਾ ਜੀ ਦੇ ਬੋਲ ਹਨ, ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ–ਜੋਤਿ ਅਰਜੁਨ ਮਾਹਿ ਧਰੀ ॥’’ (ਭਟ ਮਥੁਰਾ/੧੪੦੯) ਇਸ ਤਰ੍ਹਾਂ ਨਾਨਕ-ਜੋਤਿ; ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ’ਚ ਪ੍ਰਗਟ ਹੋਈ, ਜਿਸ ਨੂੰ ਆਪ ਨੇ 6 ਅਕਤੂਬਰ 1708 (ਕੱਤਕ ਸੁਦੀ ੪; ਬਿ: ਸੰਮਤ ੧੭੬੫; ੬ ਕੱਤਕ/ਨਾ: ਸ਼ਾ: ੨੪੦) ਨੂੰ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਕਰ ਦਿੱਤਾ। ਗੁਰੂ ਘਰ ਦੀ ਇਸੇ ਪ੍ਰਥਾ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ, ‘‘ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ (’ਤੇ) ਛਤ੍ਰ ਫਿਰਾਇਆ। ਜੋਤੀ ਜੋਤਿ ਮਿਲਾਇ ਕੈ; ਸਤਿਗੁਰ ਨਾਨਕ ਰੂਪ ਵਟਾਇਆ। ਲਖਿ ਨ ਕੋਈ ਸਕਈ; ਆਚਰਜੇ ਆਚਰਜ ਦਿਖਾਇਆ। ਕਾਇਆ ਪਲਟਿ (ਕੇ) ਸਰੂਪ ਬਣਾਇਆ ॥੪੫॥’’(ਵਾਰ ੧ ਪਉੜੀ ੪੫) ਪਰ ਅਫ਼ਸੋਸ ਕਿ ਅਸੀਂ ਅਜੇ ਨਾਰੀਅਲ ਤੇ ਕੁਝ ਭੇਟਾ ਰੱਖ ਕੇ ਗੁਰਿਆਈ ਦੀ ਰਸਮ ਅਦਾ ਕਰਨ ਬਾਰੇ ਹੀ ਸੰਗਤਾਂ ਨੂੰ ਜਾਣੂ ਕਰਾਉਂਦੇ ਫਿਰਦੇ ਹਾਂ।
ਸੋ ਸਮੁੱਚੀ ਗੁਰਬਾਣੀ; ਬੜੇ ਗਹਿਰੇ ਅਤੇ ਅਤਿ ਸੂਖਮ ਰਮਜ਼ਾਂ ਭਰਪੂਰ ਖ਼ਜ਼ਾਨਾ ਹੈ। ਇਸ ਦੇ ਪ੍ਰਚਾਰ-ਪ੍ਰਸਾਰ ਲਈ ਭੀ ਉੱਚੇ-ਸੁੱਚੇ ਕਿਰਦਾਰਾਂ ਦਾ ਹੋਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਇਕਲੌਤੇ ਗ੍ਰੰਥ ਹਨ, ਜਿਨ੍ਹਾਂ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਨੇ ਪ੍ਰਚਾਰਕਾਂ ਲਈ ਖ਼ਾਸ ਹਿਦਾਇਤਾਂ ਲਿਖੀਆਂ ਹਨ ਕਿ ਇਸ ਖ਼ਜ਼ਾਨੇ ਤੋਂ ਪਹਿਲਾਂ ਆਪ ਲਾਹਾ ਲੈਣਾ ਹੈ। ਇਸ ਦੀਆਂ ਗਹਿਰੀਆਂ ਪਰਤਾਂ ਨੂੰ ਵਿਚਾਰ ਕੇ ਜ਼ਿੰਦਗੀ ’ਚ ਅਪਣਾਉਣਾ ਹੈ, ਤਾਂ ਹੀ ਹੋਰਾਂ ਨਾਲ਼ ਕੀਤੀ ਧਰਮ ਸਬੰਧੀ ਗੱਲ-ਬਾਤ ਸਰੋਤਿਆਂ ਨੂੰ ਅਸਲ ਲਾਭ ਪਹੁੰਚਾਏਗੀ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮਹਲਾ ੫/੩੮੧)
ਧਰਮੀ ਬਣਨ ਲਈ ਆਪਣੀ ਮੈਲ਼ੀ ਮੱਤ ਦਾ ਮਾਣ ਨਹੀਂ ਕਰਨਾ ਸਗੋਂ ਅਕਾਲ ਪੁਰਖ ਤੋਂ ਪਈ ਦੂਰੀ ਨੂੰ ਮਿਟਾਉਣ ਲਈ ਉਸ ਪਾਸੋਂ ਮਦਦ ਪਾਉਣ ਲਈ ਨਿਰੰਤਰ ਅਰਦਾਸ ਕਰਨੀ ਹੈ, ‘‘ਤਿਚਰੁ ਥਾਹ ਨ ਪਾਵਈ; ਜਿਚਰੁ ਸਾਹਿਬ ਸਿਉ ਮਨ ਭੰਗੈ ॥ ਜਿਨਿ+ਜਨਿ (ਨੇ) ਗੁਰਮੁਖਿ ਸੇਵਿਆ; ਤਿਸੁ ਘਰਿ (’ਚ) ਦੀਬਾਣੁ ਅਭਗੈ ॥ ਹਰਿ ਕਿਰਪਾ ਤੇ ਸੁਖੁ ਪਾਇਆ; ਗੁਰ ਸਤਿਗੁਰ ਚਰਣੀ ਲਗੈ ॥’’ (ਮਹਲਾ ੫/੧੦੯੮) ਭਾਵ ਤਦ ਤੱਕ ਧਰਮ ਦੇ ਗਹਿਰੇ ਰਾਜ਼ ਪਕੜ ’ਚ ਨਹੀਂ ਆ ਸਕਦੇ ਜਦ ਤੱਕ ਮਾਲਕ ਨਾਲ਼ੋਂ ਮਨ ’ਚ ਦੂਰੀ ਬਣੀ ਹੋਈ ਹੈ। ਜਿਸ ਨੇ ਗੁਰੂ-ਗਿਆਨ ਨਾਲ਼ ਉਸ ਨੂੰ ਸਿਮਰਿਆ; ਉਸ ਦੇ ਹਿਰਦੇ ’ਚ ਅਟੱਲ ਪ੍ਰਭੂ ਦਾ ਨਿਵਾਸ ਹੁੰਦਾ ਹੈ, ਪਰ ਇਹ ਅਨੰਦਮਈ ਪਦ; ਗੁਰੂ ਦੇ ਚਰਨੀਂ ਲੱਗਣ ਨਾਲ਼ ਤੇ ਪ੍ਰਭੂ ਦੀ ਕਿਰਪਾ ਨਾਲ਼ ਹੀ ਹਾਸਲ ਹੁੰਦਾ ਹੈ।
ਸਮੁੱਚੀ ਗੁਰਬਾਣੀ ਅੰਦਰ ਸਰਗੁਣ ਦੇ ਮੁਕਾਬਲੇ ਨਿਰਾਕਾਰ ਨੂੰ ਸਰਬੋਤਮ (ਮੂਲ) ਮੰਨਿਆ ਹੈ। ਸਰਗੁਣ ਨੂੰ ਪੂਜਣ ਦਾ ਵਿਰੋਧ ਕੀਤਾ ਹੈ; ਜਿਵੇਂ ਕਿ ਵਾਕ ਹੈ, ‘‘ਮੂਲੁ ਛੋਡਿ (ਕੇ) ਡਾਲੀ ਲਗੇ; ਕਿਆ ਪਾਵਹਿ ਛਾਈ (ਰਾਖ) ?॥’’ (ਮਹਲਾ ੧/੪੨੦), ਪਰ ਅਫ਼ਸੋਸ ਕਿ ਅੱਜ ਬਹੁਤਾਤ ਸਿੱਖ ‘ਕੁਦਰਤ ਹੀ ਰੱਬ ਹੈ ਜਾਂ ਕੁਦਰਤ ਭੀ ਰੱਬ ਹੈ’ ਵਰਗੀ ਦੁਬਿਧਾ ’ਚ ਫਸੇ ਵੇਖੀਦੇ ਹਨ। ਭਗਤ ਸਾਹਿਬਾਨ ਨਾਲ਼ ਜਾਤੀ ਰਿਸ਼ਤਾ ਰੱਖਣ ਵਾਲ਼ੇ ਕੁੱਝ ਵੀਰਾਂ ਨੇ ਭੀ ਭਗਤਾਂ ਦੀ ਸੋਚ ਨੂੰ ਸਰਬੋਤਮ ਮੰਨਣ ਦੀ ਥਾਂ ਉਨ੍ਹਾਂ ਦੇ ਸਰੀਰ (ਮੂਰਤੀ, ਸਰਗੁਣ ਰੂਪ) ਨੂੰ ਵੱਧ ਮਹੱਤਵ ਦਿੱਤਾ ਹੈ ਵਰਨਾ ਗੁਰਬਾਣੀ ਦੇ ਸਰਬ ਸਾਂਝੇ ਸਿਧਾਂਤ ’ਚੋਂ ਕੇਵਲ ਭਗਤ ਬਾਣੀ ਨੂੰ ਵੱਖ ਕਰ ‘ਨਵਾਂ ਗ੍ਰੰਥ’ ਤਿਆਰ ਨਾ ਕਰਦੇ। ਐਸੇ ਹੀ ਕਈ ਡੇਰੇਦਾਰ; ‘ਸ਼ਬਦ ਗੁਰੂ’ ਸਿਧਾਂਤ ਦੀ ਥਾਂ ਗੁਰੂ ਸਰੀਰ (ਸਰਗੁਣ ਰੂਪ) ਦਾ ਵੱਧ ਪ੍ਰਚਾਰ ਕਰਦੇ ਹਨ ਤਾਹੀਓਂ ਗੁਰੂ ਤਸਵੀਰਾਂ ਅੱਗੇ ਅਰਦਾਸਾਂ ਭੀ ਹੁੰਦੀਆਂ ਹਨ। ਇਸ ਤਰ੍ਹਾਂ ਸਰਗੁਣ ਪ੍ਰਤੀ ਲਗਾਅ ਪੈਦਾ ਕਰਕੇ ਦੇਵੀ-ਦੇਵਤਿਆਂ ਵਾਙ ਸੰਤ, ਬ੍ਰਹਮਗਿਆਨੀ ਬਣ-ਬਣ ਗੁਰੂ ਵਾਲ਼ੀ ਫ਼ੀਲਿੰਗ ਲਈ ਜਾ ਰਹੀ ਹੈ ਜਦਕਿ ਗੁਰੂ ਸਾਹਿਬਾਨ ਨੇ ਆਪਣੇ ਤੋਂ ਵਧ ਕੇ ‘ਆਦਿ ਗ੍ਰੰਥ’ ਨੂੰ ਸਿਰਮੌਰ ਕਿਹਾ ਹੈ। ਇਸ ਪ੍ਰਥਾਇ ਕਵੀ ਸੰਤੋਖ ਸਿੰਘ ਜੀ ਨੇ ਭੀ ਲਿਖਿਆ ਹੈ, ‘ਗ੍ਰੰਥ ਰਿਦਾ ਗੁਰ ਕੋ ਇਹ ਜਾਨਹੁ, ਉੱਤਮ ਹੈ ਸਭਿ ਕਾਲ ਰਹੈ ਹੈ। ਮੇਰੇ ਸਰੂਪ ਤੇ ਯਾਂ ਤੇ ਹੈ ਦੀਰਘ, ਸਾਹਿਬ ਜਾਨਿ ਅਦਾਇਬ ਕੈ ਹੈ।’ (ਰਾਸਿ ੩ ਅੰਸੂ ੫੦/ਗੁਰ ਪ੍ਰਤਾਪ ਸੂਰਜ), ਅਗਲੇ ਭਾਗ ’ਚ ਸਿੱਖ ਲਈ ਨਿਤਨੇਮ ਦਾ ਸਿਧਾਂਤਿਕ ਪਹਿਲੂ ਵਿਚਾਰਿਆ ਜਾਣਾ ਹੈ।
–ਚੱਲਦਾ—