ਸੂਰਜ ਸਿਧਾਂਤ ਅਨੁਸਾਰ ਸੂਰਜੀ ਸਾਲ ਦੀ ਲੰਬਾਈ

0
11

ਸੂਰਜ ਸਿਧਾਂਤ ਅਨੁਸਾਰ ਸੂਰਜੀ ਸਾਲ ਦੀ ਲੰਬਾਈ

ਜਾਣਪਛਾਣ

ਇਕ ਸੱਚੀ ਵਾਰਤਾ ਜੋ ਸਵ: ਸ. ਪਾਲ ਸਿੰਘ ਪੁਰੇਵਾਲ ਨੇ ਮੈਨੂੰ ਆਪਣੀ ਜ਼ਬਾਨੀ ਸੁਣਾਈ ਸੀ। ਉਹ ਮੈਂ ਹੂ-ਬਹੂ ਇੱਥੇ ਦਰਜ ਕਰਨੀ ਮੁਨਾਸਬ ਸਮਝਦਾ ਹਾਂ। ਜੋ ਇਸ ਤਰ੍ਹਾਂ ਹੈ :

ਨਾਨਕਸ਼ਾਹੀ ਕੈਲਡਰ ਛਪਣ ਉਪਰੰਤ ਤਤਕਾਲੀ ਪ੍ਰਧਾਨ ਸ੍ਰੋ.ਗੁ.ਪ੍ਰ.ਕ. ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ੍ਰੋਮਣੀ ਕਮੇਟੀ ਦੀ ਇੱਕ ਗੱਡੀ ਅਤੇ ਡਰਾਈਵਰ ਦੇ ਕੇ ਪਾਲ ਸਿੰਘ ਪੁਰੇਵਾਲ ਦੀ ਡਿਊਟੀ ਲਾਈ ਕਿ ਜੰਤਰੀਆਂ ਬਣਾਉਣ ਵਾਲੇ ਸਾਰੇ ਪੰਚਾਂਗਕਾਰਾਂ ਨੂੰ ਨਿੱਜੀ ਰੂਪ ’ਚ ਮਿਲ ਕੇ ਬੇਨਤੀ ਕੀਤੀ ਜਾਵੇ ਕਿ ਅਸੀਂ ਸਿੱਖਾਂ ਨੇ ਆਪਣਾ ਵੱਖਰਾ ਨਾਨਕਸ਼ਾਹੀ ਕੈਲਡਰ ਲਾਗੂ ਕਰ ਲਿਆ ਹੈ, ਇਸ ਲਈ ਆਪਣੀਆਂ ਪੰਚਾਂਗਾਂ ’ਚ ਜਿਸ ਤਰ੍ਹਾਂ ਉਹ ਬਿਕ੍ਰਮੀ, ਗ੍ਰੈਗੋਰੀਅਨ, ਸਾਕਾ ਅਤੇ ਹਿਜ਼ਰੀ ਕੈਲੰਡਰਾਂ ਦੇ ਮਹੀਨਿਆਂ ਦੀਆਂ ਤਾਰੀਖ਼ਾਂ ਲਿਖਣ ਲਈ ਵੱਖਰੇ ਕਾਲਮ ਬਣਾਉਂਦੇ ਹਨ, ਉਸੇ ਤਰ੍ਹਾਂ ਨਾਨਕਸ਼ਾਹੀ ਤਾਰੀਖ਼ਾਂ ਲਿਖਣ ਲਈ ਵੀ ਵੱਖਰਾ ਕਾਲਮ ਬਣਾਇਆ ਜਾਵੇ। ਇਸ ਕੰਮ ਲਈ ਜਦੋਂ ਉਹ ਕੁਰਾਲੀ ਵਾਲੇ ਪੰਡਿਤ ਪ੍ਰਿਯ ਵ੍ਰਤ ਸ਼ਰਮਾ ਕੋਲ਼ ਗਏ ਤਾਂ ਕੈਲੰਡਰ ਸਬੰਧੀ ਖੁੱਲ੍ਹ ਕੇ ਹੋਈ ਗੱਲਬਾਤ ਦੌਰਾਨ, ਜੋ ਸਵਾਲ ਜਵਾਬ ਹੋਏ ਉਹ ਇਸ ਤਰ੍ਹਾਂ ਹਨ :

ਪ੍ਰਿਯ ਵ੍ਰਤ ਸ਼ਰਮਾ : ਤੁਹਾਨੂੰ ਕੀ ਲੋੜ ਪਈ ਸੀ ਕਿ ਨਵਾਂ ਕੈਲੰਡਰ ਤਿਆਰ ਕੀਤਾ ਜਾਵੇ  ? ਜਿਸ ਤਰ੍ਹਾਂ ਹੁਣ ਤੱਕ ਕੰਮ ਚੱਲਦਾ ਰਿਹਾ ਉਸੇ ਤਰ੍ਹਾਂ ਚੱਲਦੇ ਰਹਿਣ ’ਚ ਕੀ ਮੁਸ਼ਕਲ ਸੀ ? ਚੰਗੀ ਗੱਲ ਸੀ ਜੇ ਹਿੰਦੂ ਸਿੱਖਾਂ ਦਾ ਇੱਕੋ ਕੈਲੰਡਰ ਹੋਵੇ ਤਾਂ ਕਿ ਮਿਲ-ਜੁਲ ਕੇ ਤਿਉਹਾਰ ਮੰਨਾਉਣ ਨਾਲ ਏਕਤਾ ਬਣੀ ਰਹੇ।

ਪੁਰੇਵਾਲ: ਮੌਜੂਦਾ ਕੈਲੰਡਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਰੁੱਤਾਂ ਮੁਤਾਬਕ ਨਹੀਂ ਹੈ; ਹੁਣ ਅਸੀਂ ਗੁਰਬਾਣੀ ’ਚ ਦਰਜ ਰੁੱਤਾਂ ਮੁਤਾਬਕ ਕੈਲੰਡਰ ਤਿਆਰ ਕਰ ਲਿਆ ਹੈ।

ਪ੍ਰਿਯ ਵ੍ਰਤ ਸ਼ਰਮਾ: ਸਾਡਾ ਕੈਲੰਡਰ ਕਿਹੜਾ ਸਾਡੇ ਸ਼ਾਸਤਰਾਂ ਅਤੇ ਰੁੱਤਾਂ ਮੁਤਾਬਕ ਹੈ  ?

ਪੁਰੇਵਾਲ: ਜੇ ਤੁਸੀਂ ਇਹ ਜਾਣ ਚੁੱਕੇ ਹੋ ਕਿ ਤੁਹਾਡਾ ਕੈਲੰਡਰ ਤੁਹਾਡੇ ਸ਼ਾਸਤਰਾਂ ਅਤੇ ਰੁੱਤਾਂ ਮੁਤਾਬਕ ਨਹੀਂ ਹੈ ਤਾਂ ਤੁਸੀਂ ਵੀ ਸੋਧ ਕੇ ਆਪਣੇ ਸ਼ਾਸਤਰਾਂ ਮੁਤਾਬਕ ਕਰ ਲਵੋ।

ਪ੍ਰਿਯ ਵ੍ਰਤ ਸ਼ਰਮਾ: ਤੁਹਾਨੂੰ ਐਡੀ ਕਿਹੜੀ ਕਾਹਲ਼ ਸੀ  ? ਜਦੋਂ ਅਸੀਂ ਸੋਧ ਕਰ ਲੈਂਦੇ ਉਸ ਸਮੇਂ ਤੁਹਾਡਾ ਕੈਲੰਡਰ ਆਪਣੇ ਆਪ ਹੀ ਠੀਕ ਹੋ ਜਾਣਾ ਸੀ।

ਪੁਰੇਵਾਲ: ਜ਼ਰੂਰੀ ਨਹੀਂ ਕਿ ਹਰ ਵਾਰ ਤੁਸੀਂ ਹੀ ਪਹਿਲ ਕਰੋ। ਸੰਨ 1964 ’ਚ ਤੁਸੀਂ ਸੋਧ ਕੀਤੀ, ਅਸੀਂ ਮੰਨ ਲਈ। ਹੁਣ ਅਸੀਂ ਸੋਧ ਕਰ ਲਈ ਹੈ ਜੇਕਰ ਤੁਸੀਂ ਇਸ ਨੂੰ ਠੀਕ ਸਮਝਦੇ ਹੋ ਤਾਂ ਤੁਸੀਂ ਵੀ ਇਸ ਮੁਤਾਬਕ ਸੋਧ ਕਰ ਲਵੋ। ਪੰਡਿਤ ਜੀ ਨਿਰੁੱਤਰ ਹੋ ਗਏ।

ਇਹ ਵਾਰਤਾ ਇੱਥੇ ਲਿਖਣ ਦਾ ਭਾਵ ਇਹ ਦੱਸਣ ਲਈ ਹੈ ਕਿ ਬਿਕ੍ਰਮੀ ਕੈਲੰਡਰ ਦੀਆਂ ਪੰਚਾਂਗਾਂ/ਜੰਤਰੀਆਂ ਬਣਾਉਣ ਵਾਲੇ ਪੰਡਿਤ ਵੀ ਜਾਣਦੇ ਹਨ ਕਿ ਉਨ੍ਹਾਂ ਦਾ ਕੈਲੰਡਰ ਉਨ੍ਹਾਂ ਦੇ ਸਾਸ਼ਤਰਾਂ ਮੁਤਾਬਕ ਨਹੀਂ ਹੈ। ਸਰਬਵੀਰ ਸਿੰਘ ਯੂਐੱਸਏ ਵੱਲੋਂ ਅੰਗਰੇਜ਼ੀ ’ਚ ਲਿਖਿਆ ਹਥਲਾ ਲੇਖ ਸੂਰਯ ਸਿਧਾਂਤ ਗ੍ਰੰਥ ਦੇ ਹਵਾਲਿਆਂ ਨਾਲ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਮੌਜੂਦਾ ਬਿਕ੍ਰਮੀ ਕੈਲੰਡਰ ਉਨ੍ਹਾਂ ਦੇ ਸਾਸ਼ਤਰਾਂ ਮੁਤਾਬਕ ਨਹੀਂ ਹੈ ਅਤੇ ਅਸਲ ਰੁੱਤੀ ਸਾਲ ਨਾਲੋਂ ਅੱਗੇ ਨਿਕਲ ਰਿਹਾ ਹੈ। ਇਸ ਲਈ ਅੰਗਰੇਜ਼ੀ ਭਾਸ਼ਾ ਤੋਂ ਅਣਜਾਣ ਪਾਠਕਾਂ ਦੀ ਸਹੂਲਤ ਲਈ ਇਸ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ।

14 ਫ਼ਰਵਰੀ 2025 ਨੂੰ ਡਾ. ਪਰਮਿੰਦਰ ਪਾਲ ਸਿੰਘ ਨੇ ਆਪਣੀ ਫ਼ੇਸ-ਬੁੱਕ ’ਤੇ ਇਕ ਹਿੰਦੀ ਅਖ਼ਬਾਰ ਦੀ ਖ਼ਬਰ ਸਾਂਝੀ ਕੀਤੀ, ਜਿਸ ਅਨੁਸਾਰ ਬਿਕ੍ਰਮੀ ਸੰਮਤ ਨੂੰ ‘ਰਾਸ਼ਟਰੀ ਸੰਮਤ’ ਬਣਾਉਣ ਦੇ ਮਕਸਦ ਅਤੇ ‘ਇੱਕ ਦੇਸ਼-ਇੱਕ ਪੰਚਾਂਗ’ ਦੇ ਏਜੰਡੇ ਨੂੰ ਲਾਗੂ ਕਰਨ ਲਈ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਵਿਖੇ 29-30 ਮਾਰਚ ਨੂੰ ਦੋ ਰੋਜਾ ਅੰਤਰਰਾਸ਼ਟਰੀ ਜੋਤਸ਼ੀ ਸੰਮੇਲਨ ਹੋਣ ਜਾ ਰਿਹਾ ਹੈ। ਇੱਕ ਪੰਚਾਂਗ ਦੇ ਇਸ ਏਜੰਡੇ ਪਿੱਛੇ ਹਿੰਦੂ ਤਿਉਹਾਰਾਂ ਦੀਆਂ ਕਈ ਵਾਰੀ ਸਾਹਮਣੇ ਆਉਂਦੀਆਂ ਦੋ-ਦੋੋ ਮਿਤੀਆਂ ਦੇ  ਝੰਜਟਾਂ ਨੂੰ ਖਤਮ ਕਰਨ ਦੀ ਮੰਸ਼ਾ ਹੈ। ਜੇ ਉਸ ਸੰਮੇਲਨ ’ਚ ਰਾਸ਼ਟਰੀ ਪੰਚਾਂਗ ਲਾਗੂ ਕਰਨ ਲਈ ਸਹਿਮਤੀ ਬਣਦੀ ਹੈ ਅਤੇ ਉਸ ਦੇ ਸਾਲ ਦੀ ਲੰਬਾਈ ਸੋਧ ਕੇ ਰੁੱਤੀ ਸਾਲ ਦੇ ਬਰਾਬਰ ਕਰ ਦਿੱਤੀ ਜਾਂਦੀ ਹੈ ਤਾਂ ਕੀ ਉਹ ਸਿੱਖ, ਜਿਹੜੇ ਅੱਜ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ; ਉਸ ਸੋਧੀ ਹੋਈ ਰਾਸ਼ਟਰੀ ਪੰਚਾਂਗ ਅਨੁਸਾਰ ਆਪਣੇ ਤਿਉਹਾਰ ਮੰਨਾਉਣਗੇ ਜਾਂ ਨਾਨਕਸ਼ਾਹੀ ਕੈਲੰਡਰ ਨਾਲ ਸਹਿਮਤ ਹੋ ਜਾਣਗੇ  ?

ਕਿਰਪਾਲ ਸਿੰਘ ਬਠਿੰਡਾ

ਸੂਰਯ ਸਿਧਾਂਤ ਅਨੁਸਾਰ ਸੂਰਜੀ ਕੈਲੰਡਰ

ਬਾਰ੍ਹਵੇਂ ਅਧਿਆਇ ਦੀਆਂ ਪਹਿਲੀਆਂ ਕੁਝ ਪੰਕਤੀਆਂ ਹਿੰਦੂ ਵਿਚਾਰਧਾਰਾ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਬਾਰੇ ਅਤੇ ਸੂਰਜ ਚੰਦਰਮਾ, ਅਤੇ ਗ੍ਰਹਿਆਂ ਤੱਤਾਂ ਦੇ ਹੋਂਦ ਵਿਚ ਆਉਣ ਬਾਰੇ ਹਨ। ਬ੍ਰਹਿਮੰਡ ਨੂੰ ਪ੍ਰਿਥਵੀ ਕੇਂਦਰਿਤ ਮੰਨਿਆ ਗਿਆ ਹੈ ਅਤੇ (31ਵੇਂ ਸਲੋਕ ਵਿਚ) ਗ੍ਰਹਿਆਂ ਨੂੰ ਉਸ ਤਰਤੀਬ ਵਿਚ ਲਿਖਿਆ ਗਿਆ ਹੈ, ਜਿਸ ਵਿਚ ਪ੍ਰਿਥਵੀ ਤੋਂ ਉਨ੍ਹਾਂ ਦਾ ਫ਼ਾਸਲਾ ਘਟਦਾ ਹੈ। ਇਹ ਤਰਤੀਬ ਇਉਂ ਹੈ: ਸਨਿਛਰ, ਹਸਪਤੀ, ਮੰਗਲ, ਸੂਰਜ, ਸ਼ੁੱਕਰ, ਬੁੱਧ ਅਤੇ ਚੰਦਰਮਾ। ਸਥਿਰ ਸਿਤਾਰੇ ਸਨਿਛਰ ਦੇ ਗ੍ਰਹਿ-ਪੰਧ ਤੋਂ ਪਾਰ ਰਖੇ ਗਏ ਹਨ।

ਸੂਰਯ ਸਿਧਾਂਤ – ਆਧਿਆਇ 12, ਸਲੋਕ 32ਵਾਂ:

    मध्ये समन्तादण्डस्य भूगोलो व्योम्नि तिष्ठति।

विभ्राण: परमां शक्तिं ब्रह्मणो धारणात्मिकाम् ॥३२॥

ਮਧ੍ਯੇ ਸਮੰਤਾਤ੍ਦੰਡਸ੍ਯ ਭੂਗੋਲੋ ਬ੍ਰਯੋਮਿ੍ਨ ਤਿਸ੍ਠਤਿ।

ਵਿਭ੍ਰਾਣ ਪਰਮਾਂ ਸਕਿ੍ਤੰ ਬ੍ਰਹ੍ਮਣੋ ਧਾਰਣਾਤਿ੍ਮਕਾਮ੍ ॥੩੨॥

ਅਨੁਵਾਦ: ਬ੍ਰਹਿਮੰਡ ਦੇ ਐਨ ਵਿਚਕਾਰ ਵਿੱਚ ਪ੍ਰਿਥਵੀ (ਭੂਗੋਲ) ਖੜ੍ਹੀ ਹੈ, ਜਿਸ ਵਿੱਚ ਬ੍ਰਹਮਾ ਦੀ ਅਪਾਰ ਸ਼ਕਤੀ ਹੈ, ਜਿਹੜੀ ਸਵੈ-ਆਧਾਰਿਤ ਹੈ।

ਇਸ ਤੋਂ ਮਾਲੂਮ ਹੁੰਦਾ ਹੈ ਕਿ ਖਗੋਲ-ਵਿਗਿਆਨੀ ਇਸ ਗੱਲ ਤੋਂ ਸੁਚੇਤ ਹਨ ਕਿ ਪ੍ਰਿਥਵੀ ਗੋਲ ਹੈ ਅਤੇ ਈਥਰ (ਬਯੋਮਨਿ) ਵਿਚ ਲਟਕ ਰਹੀ ਹੈ।

34ਵਾਂ ਸਲੋਕ: ਇਸ ਵਿਚ ਪ੍ਰਿਥਵੀ ਦੇ ਵੀ ਧੁਰੇ ਦਾ ਵਰਣਨ ਕੀਤਾ ਗਿਆ ਹੈ, ਜਿਹੜਾ ਪ੍ਰਿਥਵੀ ਦੇ ਕੇਂਦਰ ਵਿਚੋਂ ਦੀ ਲੰਘਦਾ ਹੈ ਅਤੇ ਦੋਹਾਂ ਸਿਰਿਆਂ ਤੇ ਸੋਨੇ ਦੇ ਪਹਾੜਾਂ ਵਾਂਗ ਨਿਕਲ ਪੈਂਦਾ ਹੈ।

35ਵਾਂ  ਸਲੋਕ: ਖ਼ਿਆਲ ਕੀਤਾ ਗਿਆ ਹੈ ਕਿ ਦੇਵਤੇ ਤੇ ਰਿਸ਼ੀ ਉਤਲੇ ਸਿਰੇ ਅਰਥਾਤ ਉੱਤਰੀ ਧ੍ਰੂਵ ਉੱਤੇ ਅਤੇ ਦੈਂਤ ਆਦਿ ਹੇਠਲੇ ਸਿਰੇ ਅਰਥਾਤ ਦੱਖਣੀ ਧ੍ਰੂਵ ਉੱਤੇ ਰਹਿੰਦੇ ਹਨ।

43ਵਾਂ ਸਲੋਕ: ਇਸ ਵਿਚ ਦੋ ਧ੍ਰੂਵ ਤਾਰੇ ਦੱਸੇ ਗਏ ਹਨ, ਜਿਹੜੇ ਅਕਾਸ਼ ਵਿਚ ਨਿਸ਼ਚਿਤ ਹਨ।

ਸਿਧਾਂਤ ਦੇ ਕਰਤੇ ਨੂੰ ਕੇਵਲ ਧ੍ਰੂ ਤਾਰੇ ਦਾ ਹੀ ਪਤਾ ਹੋਣਾ ਹੈ। ਉੱਤਰੀ ਧ੍ਰੂ ਤਾਰੇ ਤੋਂ ਹੀ ਉਸ ਨੇ ਦੱਖਣੀ ਧ੍ਰੂ ਤਾਰੇ ਦਾ ਅਨੁਮਾਨ ਲਾ ਲਿਆ ਹੋਣਾ ਹੈ ਜਿਹੜਾ, ਜਿਵੇਂ ਕਿ ਆਮ ਪ੍ਰਸਿੱਧ ਹੈ ਕਿ ਅਸਲ ’ਚ ਹੈ ਨਹੀਂ। ਸਪਸ਼ਟ ਹੈ ਕਿ ਭੂ-ਮੱਧ ਰੇਖਾ ਤੋਂ ਦੂਰ ਦੱਖਣ ਦੇ ਅਕਾਸ਼ ਦਾ ਉਸ ਨੂੰ ਕੋਈ ਗਿਆਨ ਨਹੀਂ ਸੀ।

ਬਾਕੀ ਦੇ ਸਲੋਕਾਂ ਵਿਚ ਭੂ-ਮੱਧ ਰੇਖਾ ਦਾ ਵਰਣਨ ਹੈ। ਆਧੁਨਿਕ ਖਗੋਲ-ਵਿਗਿਆਨ ਵਾਂਗੂ ਇਸ ਵਿਚ ਵੀ ਦੱਸਿਆ ਹੈ ਕਿ ਧ੍ਰੂ ਤਾਰਾ ਭੂ-ਮੱਧ ਰੇਖਾ ’ਤੇ ਖੜੋਤੇ ਆਦਮੀ ਦੇ ਦਿਸਹੱਦੇ ਉੱਤੇ ਹੈ ਅਤੇ ਭੂ-ਮੱਧ ਰੇਖਾ ਦਾ ਲੰਬਕ (-) 90 ਦਰਜੇ ਹੈ।

ਇਸ ਪ੍ਰਕਾਰ, ਸਿਧਾਂਤੀ ਖਗੋਲ-ਵਿਗਿਆਨੀ ਸੂਰਜੀ ਪ੍ਰਬੰਧ ਦੇ ਪ੍ਰਿਥਵੀ ਕੇਂਦਰਿਤ ਹੋਣ ਦੇ ਸਿਧਾਂਤ ਨੂੰ ਮੰਨਦੇ ਹਨ। ਭਾਰਤ ਵਿਚ ਮਹਾਭਾਰਤ (300 ਪੂਰਵ ਈਸਵੀ ਦੇ ਲਗਭਗ) ਦੇ ਸਮੇਂ ਜਿਹੜੇ ਖ਼ਿਆਲ ਪ੍ਰਚਲਿਤ ਸਨ, ਉਨ੍ਹਾਂ ਵਿਚ ਇਸ ਸਿਧਾਂਤ ਰਾਹੀਂ ਬਹੁਤ ਸੁਧਾਰ ਹੋਇਆ ਕਿਉਂਕਿ ਮਹਾਭਾਰਤ ਵਿਚ ਪ੍ਰਿਥਵੀ ਨੂੰ ਇਕ ਚਪਟੀ ਗੋਲ ਚੀਜ਼ ਦੱਸਿਆ ਗਿਆ ਹੈ, ਜਿਸ ਦੇ ਕੇਂਦਰ ਵਿਚ ਸੁਮੇਰੂ ਪਰਬਤ ਰੂਪੀ ਇਕ ਉੱਭਰੀ ਹੋਈ ਕਿੱਲੀ ਗੱਡੀ ਹੋਈ ਹੈ, ਜਿਸ ਦੇ ਦੁਆਲੇ ਅਕਾਸ਼ੀ ਗੋਲਾ ਤਾਰਿਆਂ, ਗ੍ਰਹਿਆਂ, ਸੂਰਜ ਤੇ ਚੰਦ ਨੂੰ ਚੁਕਦੇ ਹੋਏ, ਦੈਨਿਕ ਚੱਕਰ ਕੱਢਦਾ ਹੈ। ਵਿਸ਼ਵ ਬਾਰੇ ਇਹ ਵਿਚਾਰ ਜਾਤਕਾਂ ਅਤੇ ਹੋਰ ਬੋਧੀ ਗ੍ਰੰਥਾਂ ਵਿਚ ਵੀ ਮਿਲਦਾ ਹੈ।

ਇਸ ਤੋਂ ਅਗਲੀਆਂ ਪੰਕਤੀਆਂ ਵਿਚ ਭੂ-ਮੱਧ ਰੇਖਾ ਦੀਆਂ ਚਾਰ ਮੁਖ ਬਿੰਦੀਆਂ ਦੱਸੀਆਂ ਗਈਆਂ ਹਨ, ਜੋ ਇਹ ਹਨ :

ਲੰਕਾ: ਅਸਲ ਵਿਚ ਇਹ ਇਕ ਨਗਰੀ ਦਾ ਨਾਂ ਹੈ, ਜਿਹੜੀ ਉਜੈਨ [ਜੋ ਪ੍ਰਾਚੀਨ ਭਾਰਤ ਦੀ ਗ੍ਰੀਨਵਿਚ (Greenwitch) ਸਮਝੀ ਜਾਂਦੀ ਸੀ] ਦੀ ਮਧਿਆਨ ਵਿਚ ਭੂ-ਮੱਧ ਰੇਖਾ ’ਤੇ ਸਥਿਤ ਸੀ। ਇਸ ਲੰਕਾ ਦਾ ਸੀਲੋਨ (ਸ੍ਰੀਲੰਕਾ) ਨਾਲ ਕੋਈ ਸਬੰਧ ਨਹੀਂ; ਸਗੋਂ ਇਹ ਇਕ ਫ਼ਰਜ਼ੀ ਨਾਮ ਹੈ।

ਲੰਕਾ ਤੋਂ 90 ਦਰਜੇ ਪੱਛਮ ਵਲ ਰੋਮਕ ਨਾਂ ਦਾ ਸ਼ਹਿਰ ਅਤੇ ਲੰਕਾ ਤੋਂ 90 ਦਰਜੇ ਪੂਰਬ ਵਲ ਯਮਕੋਟੀ ਦਾ ਸ਼ਹਿਰ ਹੈ। ਰੋਮਕ ਸ਼ਬਦ ਰੋਮਨ ਸਾਮਰਾਜ ਦੀ ਰਾਜਧਾਨੀ ਵਲ ਅਸਪੱਸ਼ਟ ਇਸ਼ਾਰਾ ਕਰਦਾ ਹੈ। ਯਮਕੋਟੀ ਸ਼ਬਦ ਬਿਲਕੁਲ ਹੀ ਖ਼ਿਆਲੀ ਹੈ।

ਸੂਰਯ ਸਿਧਾਂਤ ਵਿਚ ਇਹ ਗੱਲ ਫ਼ਰਜ਼ ਸਮਝ ਲਈ ਗਈ ਹੈ ਕਿ ਪਾਠਕ ਨੂੰ ਸੂਰਜ ਪੱਥ ਰਾਹੀਂ ਸੂਰਜ ਦੇ ਸਾਲਾਨਾ ਚੱਕਰ ਬਾਰੇ ਗਿਆਨ ਹੈ ਅਤੇ ਇਸ ਲਈ ਉਸ ਵਿਚ ਰਾਸ ਮੰਡਲ ਦੇ ਸੰਕੇਤਾਂ ਨੂੰ ਸਮਝਾਣਾ ਸ਼ੁਰੂ ਕੀਤਾ ਗਿਆ ਹੈ।

ਸੂਰਯ ਸਿਧਾਂਤ – ਆਧਿਆਇ 12, ਸਲੋਕ 45ਵਾਂ:

मेषादौ देवभागस्थे देवानां याति दर्शनम् ।

असुराणां तुलादौ तु सूर्यस्तद्भागसञ्चरः ।। ४५ ।।

ਮੇਸ਼ਾਦੌ ਦੇਵਭਾਗਸ੍ਥੇ ਦੇਵਾਂਨਾਂ ਯਾਤਿ ਦਰ੍ਸ਼ਨਮ੍।

ਅਸੁਰਾਣਾਂ ਤੁਲਾਦੌ ਤੁ ਸੂਰ੍ਯਸ੍ਤਦ੍ਭਾਗਸੰਚਰ: ॥੪੫॥

ਅਨੁਵਾਦ: ਜਦੋ ਸੂਰਜ ਮੇਸ਼ਾਦਿ (ਜਿਸ ਦਾ ਲਫ਼ਜ਼ੀ ਅਰਥ ਪ੍ਰਥਮ ਮੇਖ ਰਾਸ ਹੈ) ਤੋਂ ਸ਼ੁਰੂ ਹੋਣ ਵਾਲੇ ਅੱਧ-ਚੱਕਰ ਵਿੱਚ ਹੁੰਦਾ ਹੈ ਤਾਂ ਉਸ ਵੇਲੇ ਦੇਵਤਿਆਂ ਦੇ ਅੱਧ ਗੋਲੇ ਵਿੱਚ ਹੋਣ ਕਰਕੇ ਸੂਰਜ ਕੇਵਲ ਦੇਵਤਿਆਂ ਨੂੰ ਹੀ ਦਿਸਦਾ ਹੈ; ਪਰ ਜਦੋਂ ਉਹ ਤੁਲਾਦਿ (ਪ੍ਰਥਮ ਤੁਲਾ ਰਾਸ) ਤੋਂ ਸ਼ੁਰੂ ਹੋਣ ਵਾਲੇ ਅੱਧ-ਚੱਕਰ ਵਿੱਚ ਹੁੰਦਾ ਹੈ ਤਾਂ ਦੈਂਤਾਂ ਨੂੰ ਨਜ਼ਰ ਆਉਂਦਾ ਹੈ, ਜਿਹੜੇ ਆਪਣੇ ਅੱਧ ਗੋਲੇ ਵਿੱਚ ਰਹਿੰਦੇ ਹਨ।

ਇਸ ਦੇ ਅਰਥ ਇਹ ਹਨ ਕਿ ਜਦੋਂ ਸੂਰਜ ਮੇਸ਼ਾਦਿ ਅਰਥਾਤ ਪ੍ਰਥਮ ਮੇਖਰਾਸ ਵਿਚ ਪਹੁੰਚਦਾ ਹੈ ਤਾਂ ਉੱਤਰੀ ਧ੍ਰੂਵ ਉੱਤੇ ਵਸਦੇ ਸਮਝੇ ਜਾਂਦੇ ਦੇਵਤਿਆਂ ਨੂੰ ਚੜ੍ਹਦਾ ਸੂਰਜ ਨਜ਼ਰ ਆਉਂਦਾ ਹੈ ਅਤੇ ਉਨ੍ਹਾਂ ਨੂੰ 6 ਮਹੀਨਿਆਂ ਲਈ ਇਹ ਦਿਸਹੱਦੇ ਉੱਤੇ ਨਜ਼ਰ ਆਉਂਦਾ ਰਹਿੰਦਾ ਹੈ। ਇਨ੍ਹਾਂ 6 ਮਹੀਨਿਆਂ ਵਿਚ ਦੈਂਤ, ਜਿਹੜੇ ਦੱਖਣੀਧ੍ਰੂਵ ’ਤੇ ਵਸਦੇ ਸਮਝੇ ਜਾਂਦੇ ਹਨ, ਹਨੇਰੇ ਵਿਚ ਹੁੰਦੇ ਹਨ। ਉਨ੍ਹਾਂ ਦੇ ਦੁਸ਼ਮਣ ਅਸੁਰਾਂ ਲਈ, ਜਿਹੜੇ ਦੱਖਣੀ ਧ੍ਰੂਵ ਉੱਤੇ ਰਹਿੰਦੇ ਹਨ, ਇਸ ਦੇ ਉਲਟ ਹੁੰਦਾ ਹੈ ਕਿਉਂਕਿ ਉਨ੍ਹਾਂ ਲਈ ਸੂਰਜ ਉਦੋਂ ਚੜ੍ਹਦਾ ਹੈ ਜਦੋਂ ਉਹ ਪ੍ਰਥਮ ਤੁਲਾ ਰਾਸ ਵਿਚ ਹੁੰਦਾ ਹੈ ਅਤੇ 6 ਮਹੀਨਿਆਂ ਲਈ ਉਨ੍ਹਾਂ ਦੇ ਦਿਸਹੱਦੇ ਉੱਪਰ ਸੂਰਜ ਚਮਕਦਾ ਰਹਿੰਦਾ ਹੈ।

ਇਸ ਲਈ ਸੂਰਯ ਸਿਧਾਂਤ ਅਨੁਸਾਰ ਪ੍ਰਥਮ ਮੇਖ ਰਾਸ, ਬਸੰਤੀ ਸਮਰਾਤੀ ਬਿੰਦੀ ਨਾਲ ਅਤੇ ਪ੍ਰਥਮ ਤੁਲਾ ਰਾਸ, ਪਤਝੜੀ-ਸਮਰਾਤੀ ਬਿੰਦੀ ਨਾਲ ਮਿਲਦੇ ਹਨ।

ਸੂਰਯ ਸਿਧਾਂਤ – ਆਧਿਆਇ 14, ਸਲੋਕ 9 ਤੇ 10ਵਾਂ:

भानोर्मकरसंक्रान्तेः षण्मासा उत्तरायणम्।

कर्का दस्तुत थैवस्या त्षण्मासा दक्षिणायनम् ॥९॥

द्विराशिनाथा ॠतवस्ततोपि शिशिरादयः।

मेषादया द्वादशैते मासा स्तैरैव वत्सरः ॥१०॥

ਦਿ੍ਵਵਰਾਸ਼ਿਨਾਥਾ ਰਿਤਵਸ੍ਤਤੋਪਿ ਸ਼ਿਸ਼ਿਰਾਦਯ:।

ਮੇਸ਼ਾਦ੍ਯਾ ਦ੍ਵਾਦਸ਼ੈਤੇ ਮਾਸਾ ਸ੍ਤੈਰੈਵ ਵਤ੍ਸਰ: ॥੧੦॥

ਅਨੁਵਾਦ: ਜਦੋਂ ਸੂਰਜ ਮਕਰ ਵਿੱਚ ਦਾਖ਼ਲ ਹੁੰਦਾ ਹੈ (ਸਮਕ੍ਰਾਂਤਿ) ਤਾਂ ਉਦੋਂ ਤੋਂ ਲੈ ਕੇ 6 ਮਹੀਨਿਆਂ ਤੱਕ ਉਸ ਦਾ ਉੱਤਰਾਇਣ ਹੁੰਦਾ ਹੈ ਅਤੇ ਇਸੇ ਤਰ੍ਹਾਂ ਕਰਕਟ ਵਿੱਚ ਉਸ ਦੇ ਦਾਖ਼ਲ ਹੋਣ ਦੇ ਸਮੇਂ ਤੋਂ ਲੈ ਕੇ 6 ਮਹੀਨਿਆਂ ਤੱਕ ਉਸ ਦਾ ਦੱਖਣਾਇਣ ਹੁੰਦਾ ਹੈ।੯। ਇਨ੍ਹਾਂ ਦੋਹਾਂ ਚਿੰਨ੍ਹਾਂ ਦੇ ਵਿਚਕਾਰਲੇ ਸਮੇਂ ਤੋਂ ਹੀ ਰੁੱਤਾਂ ਅਰਥਾਤ ਸਰਦੀ ਦੀ ਰੁੱਤ ਤੇ ਹੋਰ ਰੁੱਤਾਂ ਦਾ ਹਿਸਾਬ ਲਾਇਆ ਜਾਂਦਾ ਹੈ। ਮੇਖ ਰਾਸ ਤੋਂ ਸ਼ੁਰੂ ਹੋ ਕੇ 12 ਤੱਕ ਜਿਹੜੇ ਚਿੰਨ੍ਹ ਜਾਂਦੇ ਹਨ, ਇਹ ਮਹੀਨੇ ਹਨ, ਜਿਹੜੇ ਮਿਲ ਕੇ ਸਾਲ ਬਣਾਉਂਦੇ ਹਨ।੧੦।

ਇਨ੍ਹਾਂ ਹਵਾਲਿਆਂ ਤੋਂ ਇਸ ਗੱਲ ਬਾਰੇ ਰੱਤਾ ਵੀ ਸੰਦੇਹ ਨਹੀਂ ਰਹਿ ਜਾਂਦਾ ਕਿ ਸੂਰਯ ਸਿਧਾਂਤ ਦੇ ਸੰਕਲਨ-ਕਰਤਾ, ਉਸ ਬਿੰਦੀ ਨੂੰ, ਜਿਸ ਉੱਤੇ ਸੂਰਜ ਪੱਥ ਅਤੇ ਭੂ-ਮੱਧ-ਰੇਖਾ ਇਕ ਦੂਜੇ ਨੂੰ ਕੱਟਦੇ ਹਨ, ਰਾਸ ਮੰਡਲ ਦੀ ਪ੍ਰਥਮ ਬਿੰਦੀ ਮੰਨਦੇ ਸਨ ਅਤੇ ਇਹ ਵੀ ਮੰਨਦੇ ਸਨ ਕਿ ਰਾਸ ਮੰਡਲ ਦੇ ਚਿੰਨ੍ਹ ਸੂਰਜ ਪੰਥ ਦੇ 30-30 ਦਰਜਿਆਂ ਤਕ ਜਾਂਦੇ ਹਨ। ਕਾਫ਼ੀ ਵਜ਼ਨਦਾਰ ਦਲੀਲਾਂ ਦੇ ਆਧਾਰ ’ਤੇ ਇਹ ਗੱਲ ਮੰਨੀ ਜਾਂਦੀ ਹੈ ਕਿ ਸੂਰਯ ਸਿਧਾਂਤ ਵਿਚ ਮਿਲਦੇ ਖਗੋਲ-ਵਿਗਿਆਨ ਬਾਰੇ ਬਹੁਤਾ ਗਿਆਨ ਯੂਨਾਨੀ-ਕਲਦੂਨੀ ਸੋਮਿਆਂ ਵਿਚੋਂ ਲਿਆ ਗਿਆ ਸੀ, ਪਰ ਇਸ ਵਿਚਲੇ ਮਜ਼ਮੂਨ ਤੋਂ ਬਿਲਕੁਲ ਸਪਸ਼ਟ ਹੈ ਕਿ ਇਸ ਦੇ ਸੰਕਲਨ-ਕਰਤਿਆਂ ਨੂੰ ਸਮਰਾਤਾਂ ਦੇ ਪੂਰਬਾਇਣ ਬਾਰੇ ਕੋਈ ਗਿਆਨ ਨਹੀਂ ਸੀ ਅਤੇ ਉਹ ਪ੍ਰਥਮ ਮੇਖ ਰਾਸ ਨੂੰ ਇਕ ਨਿਸ਼ਚਿਤ ਬਿੰਦੀ ਸਮਝਦੇ ਸਨ। ਇਸ ੳੱੁਤੇ ਹੈਰਾਨ ਹੋਣ ਦੀ ਲੋੜ ਨਹੀਂ, ਕਿਉਂਕਿ ਜਿਵੇਂ ਅਧਿਆਇ 4.9 ਵਿਚ ਦੱਸਿਆ ਗਿਆ ਹੈ, ਹਿੱਪਰਸ਼ਸ (Hipparchus) ਅਤੇ ਟੋਲੇਮੇ (Ptolemy) ਦੀਆਂ ਰਚਨਾਵਾਂ ਦੇ ਬਾਵਜੂਦ ਸਮਰਾਤਾਂ ਦੇ ਪੂਰਬਾਇਣ ਨੂੰ ਜਾਂ ਤਾਂ ਪਰਵਾਨ ਹੀ ਨਹੀਂ ਸੀ ਕੀਤਾ ਜਾਂਦਾ, ਜਾਂ ਰੋਮਨ ਸਾਮਰਾਜ ਦੇ ਖਗੋਲ-ਵਿਗਿਆਨੀ ਇਸ ਨੂੰ ਕੋਈ ਮਹੱਤਤਾ ਨਹੀਂ ਸਨ ਦੇਂਦੇ। ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਸੂਰਯ ਸਿਧਾਂਤ ਦੇ ਸੰਪਾਦਕਾਂ ਨੂੰ ਸਮਰਾਤਾਂ ਦੇ ਅਗੇ ਪਿਛੇ ਹੋਣ ਦੇ ਸਿਧਾਂਤ ਦਾ ਵੀ ਗਿਆਨ ਨਹੀਂ ਸੀ, ਜਿਹੜਾ ਪੱਛਮ ਵਿਚ ਸਿਕੰਦਰੀਆ ਦੇ ਥੀਓਨ (Theon) (370 ਈਸਵੀ ਦੇ ਲਗਭਗ) ਨੇ ਪਹਿਲੀ ਵੇਰਾਂ ਚਲਾਇਆ ਸੀ। ਇਹ ਗੱਲ ਵੀ ਬੜੀ ਮਹੱਤਤਾ ਵਾਲੀ ਹੈ ਕਿ ਭਾਰਤੀ ਖਗੋਲ-ਵਿਗਿਆਨੀਆਂ ਦੀ ਪ੍ਰਥਮ ਮੇਖ ਰਾਸ ਹਿੱਪਰਸ਼ਸ, ਟੋਲੇਮੇ ਜਾਂ ਕਿਸੇ ਹੋਰ ਪੱਛਮੀ ਵਿਗਿਆਨੀ ਵਲੋਂ ਦਿੱਤੀ ਗਈ ਪ੍ਰਥਮ ਮੇਖ ਰਾਸ ਨਾਲ ਨਹੀਂ ਮਿਲਦੀ। ਜੇ ਉਨ੍ਹਾਂ ਨੇ ਅੰਨ੍ਹੇਵਾਹ ਉਨ੍ਹਾਂ ਦੀ ਨਕਲ ਕੀਤੀ ਹੁੰਦੀ ਤਾਂ ਅਜੇਹਾ ਨਾ ਹੁੰਦਾ। ਖਗੋਲ-ਵਿਗਿਆਨ ਬਾਰੇ ਗਿਆਨ ਨੂੰ ਉਨ੍ਹਾਂ ਨੇ ਸੂਝ ਨਾਲ ਪਚਾਇਆ ਅਤੇ ਜਿਸ ਬਿੰਦੀ ਉੱਤੇ ਸੂਰਜ ਪੱਥ ਤੇ ਭੂ-ਮੱਧ ਰੇਖਾ ਇਕ ਦੂਜੇ ਨੂੰ ਕੱਟਦੇ ਹਨ, ਉਸੇ ਨੂੰ ਪ੍ਰਥਮ ਮੇਖ ਰਾਸ ਮੰਨਿਆ ਅਤੇ ਨਿਰੀਖਣ ਰਾਹੀਂ ਇਸ ਦਾ ਸਥਾਨ ਨਿਸ਼ਚਿਤ ਕਰਨ ਦੇ ਕਈ ਯਤਨ ਕੀਤੇ, ਜਿਵੇਂ ਕਿ ਅੰਤਕਾ 5-ਅ ਵਿਚ ਦੱਸਿਆ ਗਿਆ ਹੈ। ਇਹ ਨਿਰੀਖਣ 280 ਈਸਵੀ ਵਿਚ ਪਹਿਲੀ ਵਾਰੀ ਕੀਤੇ ਜਾਪਦੇ ਹਨ।

ਸਾਲ ਦੀ ਲੰਮਾਈ

ਵੱਖ ਵੱਖ ਵਿਦਵਾਨਾਂ ਦੀ ਰਾਏ ਅਨੁਸਾਰ ਸਾਲ ਦੀ ਲੰਮਾਈ ਹੇਠ ਲਿਖੇ ਅਨੁਸਾਰ ਹੈ:-

ਨੋਟ: ਵਰ੍ਹਾਮਿਹਰ ਨੇ ਸਾਲ ਦੀ ਜਿਹੜੀ ਲੰਮਾਈ ਦਿਤੀ ਹੈ ਉਹ ਆਰਯਭੱਟ ਦੇ ਆਰਧਰਾਤ੍ਰਿਕ ਜਾਂ ਅਧੀ ਰਾਤ ਦੇ ਸਿਸਟਮ ਵਿਚ ਅਤੇ ਬ੍ਰਹਮ ਗੁਪਤ ਦੇ ਖੰਡ ਖਾਡਿਅਕ ਵਿਚ ਵੀ ਮਿਲਦੀ ਹੈ।

ਭਾਰਤੀ ਰਿਸ਼ੀਆਂ ਨੇ ਸਾਲ ਦੀ ਇੰਨੀ ਗ਼ਲਤ ਲੰਮਾਈ ਕਿਵੇਂ ਕੱਢੀ ?

ਸੂਰਯ ਸਿਧਾਂਤ ਅਨੁਸਾਰ ਸਾਲ ਨੂੰ ਸਪਸ਼ਟ ਤੌਰ ’ਤੇ ਮੌਸਮੀ (ਰੁੱਤੀ) ਸਾਲ ਸਮਝਿਆ ਗਿਆ ਹੈ, ਪਰ ਕਿਉਂਕਿ ਸੂਰਯ ਸਿਧਾਂਤ ਦੇ ਸੰਪਾਦਕ ਰਿਸ਼ੀਆਂ ਨੂੰ ਸਮਰਾਤਾਂਦੇ ਪੂਰਬਾਇਣ ਦਾ ਪਤਾ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਪਰਕਰਮੀ ਅਤੇ ਮੌਸਮੀ (ਰੁੱਤੀ) ਸਾਲ ਵਿਚਕਾਰ ਫ਼ਰਕ ਦਾ ਵੀ ਪਤਾ ਨਹੀਂ ਸੀ।

ਸਾਲ ਦੀ ਲੰਮਾਈ ਜਾਂ ਤਾਂ ਉਨ੍ਹਾਂ ਨੂੰ ਸਿਧੇ ਨਿਰੀਖਣ ਰਾਹੀਂ ਜਾਂ ਬਾਹਰਲੇ ਸੋਮਿਆਂ ਤੋਂ ਨਿਸ਼ਚਿਤ ਕਰਨੀ ਪੈਂਦੀ ਸੀ। ਜੇ ਉਹ ਸਿਧੇ ਨਿਰੀਖਣ ਰਾਹੀਂ ਸਾਲ ਦੀ ਲੰਮਾਈ ਨਿਸ਼ਚਿਤ ਕਰਦੇ ਤਾਂ ਜ਼ਰੂਰੀ ਸੀ ਕਿ ਉਹ ਕਈ ਸਾਲਾਂ ਲਈ ਸੂਰਯ ਦੇ ਇਕੋ ਨੁਕਤੇ ’ਤੇ ਵਾਪਸ ਆਉਣ ਦੇ ਸਮੇਂ ਵਿਚਕਾਰਲੇ ਦਿਨਾਂ ਦੀ ਗਿਣਤੀ ਕਰਦੇ। ਇਹੋ ਜਿਹੇ ਨਿਰੀਖਣਾਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਲ ਦੀ ਰਵਾਇਤੀ ਲੰਮਾਈ, ਜਿਵੇਂ ਕਿ ਵੇਦਾਂਗ ਜਯੋਤਿਸ਼ ਵਿਚ ਦਿੱਤੀ ਹੋਈ ਹੈ, 366 ਦਿਨ ਨਹੀਂ ਸਗੋਂ ਇਸ ਤੋਂ ਕੁਝ ਘੱਟ ਹੈ। ਅਸਲ ਵਿਚ ਪੈਤਾਮਹ ਸਿਧਾਂਤ ਅਨੁਸਾਰ ਇਹ ਲੰਮਾਈ 365.3569 ਦਿਨ ਹੈ ਅਤੇ ਇਸ ਗੱਲ ਉੱਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਦਿੱਸਦਾ ਕਿ ਇਹ ਲੰਮਾਈ ਬਦੇਸ਼ੀ ਸੋਮਿਆਂ ਤੋਂ ਲਈ ਗਈ ਸੀ। ਬਾਰ ਬਾਰ ਕੀਤੇ ਨਿਰੀਖਣਾਂ ਨੇ ਭਾਰਤੀ ਰਿਸ਼ੀਆਂ ਨੂੰ ਇਸ ਜੋਗਾ ਬਣਾਇਆ ਹੋਣਾ ਹੈ ਕਿ ਉਹ ਇਸ ਤੋਂ ਵੀ ਵਧੇਰੇ ਠੀਕ ਲੰਮਾਈ ਲੱਭ ਸਕਣ ਜਾਂ ਦੂਜੀ ਗੱਲ ਇਹ ਹੋ ਸਕਦੀ ਹੈ ਕਿ ਉਨ੍ਹਾਂ ਨੇ ਇਹ ਲੰਮਾਈ ਯੂਨਾਨੀ-ਕਲਦੂਨੀ ਖਗੋਲ-ਵਿਗਿਆਨ ਤੋਂ ਲਈ ਹੋਵੇ, ਪਰ ਜੇ ਅਸੀਂ ਇਹ ਮੰਨ ਲਈਏ ਤਾਂ ਇਸ ਲੰਮਾਈ ਦਾ ਟੋਲੇਮੇ ਵੱਲੋਂ ਦਿੱਤੀ ਲੰਮਾਈ ਨਾਲੋਂ ਵੱਧ ਹੋਣ ਦਾ ਸਾਨੂੰ ਕੋਈ ਕਾਰਨ ਨਹੀਂ ਦਿਸਦਾ। ਅਸੀਂ ਵੇਖਿਆ ਹੈ ਕਿ ਰੋਮਕ ਸਿਧਾਂਤ ਵਿਚ ਦਿੱਤੀ ਲੰਮਾਈ ਹਿੱਪਰਸ਼ਸ ਦੀ ਲੰਮਾਈ ਨਾਲ ਮਿਲਦੀ ਹੈ ਅਤੇ ਸਾਲ ਦੀ ਸੂਰਜੀ ਲੰਮਾਈ ਹੈ, ਪਰ ਬਾਕੀ ਦੇ ਤਿੰਨ ਸਿਧਾਂਤ, ਜੋ ਇਸ ਤੋਂ ਵਧ ਠੀਕ ਹਨ, ਇਸ ਨੂੰ ਬਹੁਤ ਛੋਟੀ ਹੋਣ ਕਰਕੇ ਰੱਦ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਜਿਵੇਂ ਪਹਿਲੇ ਪੈਰੇ ਵਿਚ ਦੱਸਿਆ ਗਿਆ ਹੈ, ਉਨ੍ਹਾਂ ਨੇ ਨਿਰੀਖਣ ਤੋਂ ਲੰਮਾਈ ਨਿਸ਼ਚਿਤ ਕੀਤੀ ਹੋਈ ਹੈ ਅਤੇ ਰੋਮਕ ਸਿਧਾਂਤ ਦੀ ਲੰਮਾਈ ਉਨ੍ਹਾਂ ਨੂੰ ਬਹੁਤ ਛੋਟੀ ਮਾਲੂਮ ਹੋਈ ਹੋਣੀ ਹੈ। ਜੇ ਉਨ੍ਹਾਂ ਨੇ ਇਹ ਲੰਮਾਈ ਕਿਸੇ ਹੋਰ ਸੋਮੇਂ ਤੋਂ ਲਈ ਹੈ ਤਾਂ ਸਾਨੂੰ ਅਜੇ ਉਹ ਸੋਮਾ ਲੱਭਣਾ ਪਵੇਗਾ। ਇਹ ਗੱਲ ਤਾਂ ਯਕੀਨੀ ਹੈ ਕਿ ਇਸ ਦਾ ਸੋਮਾ ਟੋਲੇਮੇ ਦੀ ‘ਅਲਮੈਗਸਟ’ (Almagest) ਨਹੀਂ।

ਸਿਧਾਂਤਕ ਖਗੋਲ-ਵਿਗਿਆਨੀਆਂ ਨੇ ਮਿਤੀ ਲਿਖਣ ਦਾ ਜਿਹੜਾ ਅਧਿਕਾਰਯੁਕਤ ਤਰੀਕਾ ਅਪਣਾਇਆ, ਅਰਥਾਤ ਕਲਪ (ਜਿਹੜਾ 4.32 × 10 9 ਸਾਲਾਂ ਦੇ ਬਰਾਬਰ ਹੈ) ਵਿਚ ਪਰਮ ਪਿਤਾ ਬ੍ਰਹਮਾ ਜਾਂ ਸੂਰਜ ਦੇਵਤਾ ਦੇ ਅਨੁਸਾਰ 1,577,917,828,000 ਦਿਨ ਮੰਨੇ ਜਾਂਦੇ ਹਨ, ਉਸ ਤੋਂ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਇਹ ਸਿੱਟੇ ਕੱਢੇ ਗਏ ਸਨ।

ਮੌਸਮੀ (ਰੁੱਤੀ) ਸਾਲ ਤੇ ਪ੍ਰਕਰਮੀ ਸਾਲ ਵਿਚ ਫ਼ਰਕ ਲੱਭਣ ਅਤੇ ਔਸਤ ਸੂਰਜੀ ਦਿਨਾਂ ਵਿਚ ਸਾਲ ਦੀ ਠੀਕ ਲੰਮਾਈ ਨਿਸ਼ਚਿਤ ਕਰਨ ਦੀਆਂ ਸਮੱਸਿਆਵਾਂ ਅਜੇਹੀਆਂ ਹਨ, ਜਿਨ੍ਹਾਂ ਨੂੰ ਹਲ ਕਰਨਾ ਬੜਾ ਔਖਾ ਹੈ।

ਅਸੀਂ ਵੇਖਿਆ ਹੈ ਕਿ ਪੱਛਮ ਵਾਲਿਆਂ ਨੂੰ ਇਹ ਲੱਭਣ ਲਈ ਕਿ ਸਾਲ ਦੀ ਠੀਕ ਲੰਮਾਈ 365.2425 ਦਿਨ ਦੇ ਨੇੜੇ ਤੇੜੇ ਹੈ 3000 ਪੂਰਬ ਈਸਵੀ ਤੋਂ 1582 ਈਸਵੀ ਤਕ ਦਾ ਬੜਾ ਲੰਮਾ ਸਮਾਂ ਲੱਗਿਆ ਹੈ।  ਉਮਰ ਖ਼ਿਆਮ (1072 ਈਸਵੀ) ਦੇ ਸਮੇਂ ਦੇ ਈਰਾਨੀ ਖਗੋਲ-ਵਿਗਿਆਨੀਆਂ ਨੂੰ ਅਲਬਟਾਨੀ ਤੇ ਹੋਰਾਂ ਦੇ ਮਹਾਨ ਨਿਰੀਖਣਾਂ ਦਾ ਵੀ ਲਾਭ ਸੀ, ਸਾਲ ਦੀ ਲੰਮਾਈ ਬਾਰੇ ਇਸ ਤੋਂ ਵੀ ਵਧੇਰੇ ਠੀਕ ਗਿਆਨ ਪ੍ਰਾਪਤ ਸੀ।  1687 ਈਸਵੀ ਵਿਚ ਜਦੋਂ ਨਿਊਟਨ (Newton) ਨੇ ਕਾਂਬੇ ਦੇ ਸਿਧਾਂਤ ਨੂੰ ਗ਼ਲਤ ਸਾਬਤ ਕੀਤਾ ਤਾਂ ਓਦੋਂ ਹੀ ਮੌਸਮੀ (ਰੁੱਤੀ) ’ਤੇ ਪ੍ਰਕਰਮੀ ਸਾਲ ਦੇ ਫ਼ਰਕ ਨੂੰ ਅੰਤਮ ਤੌਰ ’ਤੇ ਪਰਵਾਨ ਕੀਤਾ ਗਿਆ। ਇਸ ਲਈ, ਇਨ੍ਹਾਂ ਦੋ ਸਮੱਸਿਆਵਾਂ ਨੂੰ ਨਾ ਸਮਝਣ ਦਾ ਦੋਸ਼ ਅਸੀਂ 500-900 ਈਸਵੀ ਦੇ ਸਿਧਾਂਤਕ ਖਗੋਲ-ਵਿਗਿਆਨੀਆਂ ਨੂੰ ਨਹੀਂ ਦੇ ਸਕਦੇ, ਪਰ ਉਨ੍ਹਾਂ ਦੇ ਅਨੁਆਈਆਂ ਨੂੰ ਅਸੀਂ ਕੀ ਆਖੀਏ, ਜਿਹੜੇ 20ਵੀਂ ਸਦੀ ਵਿਚ ਕਾਂਬੇ ਦੇ ਸਿਧਾਂਤ ਵਿਚ ਵਿਸ਼ਵਾਸ ਰੱਖੀ ਬੈਠੇ ਹਨ ?

ਗ਼ਲਤੀ ਜਾਰੀ ਰਹਿਣ ਦੇ ਅਸਰ

ਸੂਰਯ ਸਿਧਾਂਤ ਦੀ ਦਿੱਤੀ ਹੋਈ, ਅਰਥਾਤ 365.258756 ਦਿਨਾਂ ਦੀ ਲੰਮਾਈ ਠੀਕ ਪ੍ਰਕਰਮੀ ਲੰਮਾਈ ਨਾਲੋਂ .002394 ਦਿਨ ਅਤੇ ਮੌਸਮੀ ਲੰਮਾਈ ਨਾਲੋਂ .016560 ਦਿਨ ਵੱਧ ਹੈ।

ਸੂਰਯ ਸਿਧਾਂਤ ਵਿਚ ਦਿੱਤੀ ਲੰਮਾਈ ਕਿਉਂਕਿ ਅਜੇ ਵੀ ਜੰਤਰੀ ਬਣਾਉਣ ਲਈ ਵਰਤੀ ਜਾਂਦੀ ਹੈ, ਇਸ ਲਈ ਇਸ ਦਾ ਅਸਰ ਇਹ ਹੋਇਆ ਹੈ ਕਿ ਸਾਲ ਦਾ ਮੁੱਢ .01656 ਦਿਨ ਪ੍ਰਤੀ ਸਾਲ ਦੇ ਹਿਸਾਬ ਨਾਲ ਅੱਗੇ ਵੱਲ ਪੈਂਦਾ ਜਾ ਰਿਹਾ ਹੈ ਅਤੇ ਇਸ ਦੇ ਸਿੱਟੇ ਵਜੋਂ ਲਗਭਗ 1400 ਸਾਲਾਂ ਵਿਚ ਸਾਲ ਦਾ ਮੁੱਢ 23.2 ਦਿਨ ਅੱਗੇ ਜਾ ਪਿਆ ਹੈ ਅਰਥਾਤ ਭਾਰਤ ਵਿਚ ਸੂਰਜੀ ਸਾਲ ਬਸੰਤੀ ਸਮਰਾਤ (22 ਮਾਰਚ) ਤੋਂ ਸ਼ੁਰੂ ਹੋਣ ਦੀ ਥਾਂ ਹੁਣ 13 ਜਾਂ 14 ਅਪ੍ਰੈਲ ਨੂੰ ਸ਼ੁਰੂ ਹੁੰਦਾ ਹੈ। ਯੂਰਪ ਵਿਚ ਵੀ ਇਵੇਂ ਹੀ ਹੋਇਆ ਸੀ, ਜਿੱਥੇ ਜੂਲੀਅਸ ਸੀਜ਼ਰ (Julius Caesar) ਦੇ ਸਮੇਂ ਤੋਂ 365.25 ਦਿਨਾਂ ਦਾ ਸਾਲ ਗਿਣੇ ਜਾਣ ਦੇ ਕਾਰਨ ਕ੍ਰਿਸਮਿਸ ਦਾ ਦਿਨ ਦਖਣਾਇਣ ਨਾਲੋਂ 10 ਦਿਨ ਪਹਿਲਾਂ ਹੀ ਆ ਜਾਂਦਾ ਸੀ ਅਤੇ ਗ੍ਰੈਗਰੀ ਤੇਰ੍ਹਵੇਂ ਦੇ ਬੱਲ (Bull) ਰਾਹੀਂ ਇਹ ਗ਼ਲਤੀ ਸੋਧੀ ਗਈ ਸੀ ਅਤੇ ਲੀਪ-ਸਾਲ ਦੇ ਨਵੇਂ ਨਿਯਮ ਨਾਲ ਕੈਲੰਡਰ ਨੂੰ ਸਥਾਈ ਰੂਪ ਦਿੱਤਾ ਗਿਆ ਸੀ।

ਕੈਲੰਡਰ ਸੁਧਾਰ ਕਮੇਟੀ ਨੇ ਤਜਵੀਜ਼ ਕੀਤਾ ਸੀ ਕਿ ਭਾਰਤ ਵਿਚ ਨਵਾਂ ਸਾਲ ਬਸੰਤੀ ਸਮਰਾਤੀ ਦਿਨ ਦੇ ਅਗਲੇ ਦਿਨ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਭਾਰਤ ਦੇ ਬਹੁਤ ਸਾਰੇ ਪੰਚਾਂਗਕਾਰ ‘ਕੋਈ ਤਬਦੀਲੀ ਨਾ ਕਰੋ’ ਦੀ ਵਿਚਾਰਧਾਰਾ ਨੂੰ ਜਾਂ ਨਿਰਾਇਣ ਵਿਚਾਰਧਾਰਾ (ਅਰਥਾਤ ਸਮਰਾਤਾਂ ਦੀਆਂ ਆਇਣੰਤ ਗਤੀਆਂ ਨੂੰ ਨਾ ਮੰਨਣ ਵਾਲੀ ਵਿਚਾਰਧਾਰਾ) ਨੂੰ ਮੰਨਦੇ ਹਨ, ਪਰ ਇਸ ਵਿਚਾਰਧਾਰਾ ਦੇ ਅਨੁਆਈ ਇਹ ਨਹੀਂ ਮਹਿਸੂਸ ਕਰਦੇ ਕਿ ਜੇ ਸਾਲ ਦੀ ਪ੍ਰਕਰਮੀ ਲੰਮਾਈ ਨੂੰ ਵੀ ਪਰਵਾਨ ਕਰ ਲਿਆ ਜਾਵੇ ਤਾਂ ਵੀ ਸਾਲ ਦੀ ਜਿਹੜੀ ਲੰਮਾਈ ਉਹ ਵਰਤ ਰਹੇ ਹਨ ਉਹ ਲਗਭਗ .0024 ਦਿਨ ਵੱਧ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਜੇ ਕੋਈ ਤਬਦੀਲੀ ਕਰਨੀ ਹੀ ਹੈ ਤਾਂ ਚੰਗਾ ਹੋਵੇ ਜੇ ਇਹ ਮੁਕੰਮਲ ਹੋਵੇ ਅਰਥਾਤ ਸਾਨੂੰ ਸਾਲ ਦੀ ਮੌਸਮੀ (ਰੁੱਤੀ) ਲੰਮਾਈ ਪ੍ਰਵਾਨ ਕਰਨੀ ਚਾਹੀਦੀ ਹੈ ਅਤੇ ਸਾਲ ਬਸੰਤੀ ਸਮਰਾਤੀ ਦਿਨ ਦੇ ਅਗਲੇ ਦਿਨ ਤੋਂ ਸ਼ੁਰੂ ਕਰਨਾ ਚਾਹੀਦਾ ਹੈ।

ਇਹ ਤਜਵੀਜ਼ ਕੈਲੰਡਰ ਸੁਧਾਰ ਕਮੇਟੀ ਦੀ ਹੈ ਅਤੇ ਸੂਰਯ ਸਿਧਾਂਤ ਵਿਚ ਦੱਸੇ ਨਿਯਮਾਂ ਦੇ ਐਨ ਅਨੁਕੂਲ ਹੈ।

(‘ਕੈਲੰਡਰ ਸੁਧਾਰ ਕਮੇਟੀ ਦੀ ਰਿਪੋਰਟ’ ਵਿਚੋਂ)

ਮੂਲ ਲੇਖਕ ਅੰਗਰੇਜ਼ੀ ਭਾਸ਼ਾ ’ਚ : ਸਰਬਵੀਰ ਸਿੰਘ ਯੂਐੱਸਏ

ਪੰਜਾਬੀ ਅਨੁਵਾਦ : ਕਿਰਪਾਲ ਸਿੰਘ ਬਠਿੰਡਾ