ਅੰਤਰ-ਰਾਸ਼ਟਰੀਅਤਾ

0
292

ਅੰਤਰ-ਰਾਸ਼ਟਰੀਅਤਾ

ਪ੍ਰੋਫ਼ੈਸਰ ਪੂਰਨ ਸਿੰਘ

ਉਸ ਪਰਮ-ਆਤਮਾ ਦੀ ਅੰਸ਼ ਹੋਣ ਕਾਰਨ ਸਾਰੇ ਮਨੁੱਖ ਸੰਸਾਰ ਦੇ ਸ਼ਹਿਰੀ ਹਨ। ਮਨੁੱਖੀ ਵਿਚਾਰਾਂ ਦਾ ਝੁਕਾਅ ਅੰਤਰ-ਰਾਸ਼ਟਰੀਅਤਾ ਵੱਲ ਹੈ ਅਤੇ ਕਹਿ ਸਕਦੇ ਹਾਂ ਕਿ ਅੱਜ ਦੇ ਯੁੱਗ ਵਿੱਚ ਇਹ ਵਿਚਾਰ ਗੁਰੂ ਨਾਨਕ ਤੋਂ ਸ਼ੁਰੂ ਹੋਇਆ, ‘‘ਵਰਨ ਭੇਦ ਖ਼ਤਮ ਕਰੋ’’। ਮਨੁੱਖ ਇੱਕ ਹੈ। ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ, ਪੂਰਬੀ ਜਾਂ ਪੱਛਮੀ ਵਰਗੀ ਕੋਈ ਗੱਲ ਨਹੀਂ। ਮਨੁੱਖ ਤਾਂ ਮਨੁੱਖ ਹੀ ਹੈ ਅਤੇ ਮਨੁੱਖੀ ਜਾਤੀ ਇੱਕੋ ਹੀ ਹੈ। ਜਿੰਨਾ ਚਿਰ ਮਨੁੱਖ ਆਪਣੇ ਆਪ ਨੂੰ ਆਪਣੇ ਮਨੁੱਖ ਭਰਾ ਤੋਂ ਵਖਰਿਆਉਣ ਲਈ ਕੋਈ ਲੇਬਲ ਲਾਈ ਰੱਖਦਾ ਹੈ, ਉਹ ਮਨੁੱਖ ਦੀ ਮਹਾਨਤਾ ਤੱਕ ਹੀ ਨਹੀਂ ਪੁੱਜਾ। ਅਸਲ ਸਭਿਅਤਾ ਉਹ ਹੈ ਜੋ ਉਸ ਨੂੰ ਸਿੱਖ, ਮੁਸਲਮਾਨ, ਹਿੰਦੂ ਜਾਂ ਈਸਾਈ ਨਹੀਂ ਬਣਾਉਂਦੀ ਸਗੋਂ ਇੱਕ ਮਨੁੱਖ ਬਣਾਉਂਦੀ ਹੈ। ਅਸਲ ਵਿਦਿਆ ਉਹ ਹੈ, ਜੋ ਉਸ ਨੂੰ ਭਾਰਤੀ, ਅੰਗ੍ਰੇਜ਼, ਜਾਪਾਨੀ ਜਾਂ ਅਮਰੀਕਨ ਨਹੀਂ ਬਣਾਉਂਦੀ ਸਗੋਂ ਮਨੁੱਖ ਬਣਾਉਂਦੀ ਹੈ। ਇੱਕ ਪੜ੍ਹਿਆ ਲਿਖਿਆ ਅਤੇ ਸਭਿਅਕ ਮਨੁੱਖ ਉਹ ਹੈ, ਜਿਸ ਵਿੱਚ ਹਮਦਰਦੀ ਹੋਵੇ, ਸਹੀ ਜਜ਼ਬਾਤ, ਰੌਸ਼ਨ ਦਿਮਾਗ਼ ਅਤੇ ਜਿਸ ਦਾ ਦੈਵੀ ਵਤੀਰਾ ਐਸਾ ਹੋਵੇ ਕਿ ਜਿੱਥੇ ਵੀ ਉਹ ਜਾਵੇ; ਉਹ ਸਾਰੀ ਮਨੁੱਖ ਜਾਤੀ ਨਾਲ ਸਹਿਜੇ ਹੀ ਨਿਕਟ ਸੰਬੰਧ ਕਾਇਮ ਕਰ ਲਵੇ, ਇਸ ਨਾਲ ਉਹ ਸਾਰੇ ਦੇਸ਼ਾਂ, ਰੰਗਾਂ, ਫ਼ਿਰਕਿਆਂ ਅਤੇ ਜਾਤਾਂ ਦਾ ਅਨਿਖੜ ਮਨੁੱਖ ਬਣ ਜਾਂਦਾ ਹੈ। ਇਹੀ ਗੁਰੂ ਸਾਹਿਬਾਨ ਦੇ ਮਨੋ ਭਾਗ ਹਨ।

ਗੁਰੂ ਨਾਨਕ ਨੇ ਮਰਦਾਨੇ ਨੂੰ ਮੋਹ ਲਿਆ। ਉਸ ਨੂੰ ਵੇਖਣ ਉਪਰੰਤ ਮਰਦਾਨੇ ਨੇ ਕਦੇ ਆਪਣੇ ਆਪ ਨੂੰ ਮੁਸਲਮਾਨ ਨਹੀਂ ਕਿਹਾ। ਭਾਈ ਨੰਦ ਲਾਲ (ਸਿੰਘ) ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਣ ਉਪਰੰਤ ਕਦੇ ਆਪਣੇ ਆਪ ਨੂੰ ਹਿੰਦੂ ਨਹੀਂ ਕਿਹਾ। ਜਿਸ ਨੇ ਵੀ ਗੁਰੂ ਦੇ ਅੰਦਰੋਂ ਦਰਸ਼ਨ ਪਾ ਲਏ ਉਸ ਨੇ ਇਹ ਕਿਹਾ ਕਿ ਉਹ ‘ਮਨੁੱਖ ਤੋਂ ਛੁਟ ਹੋਰ ਕੁਝ ਨਹੀਂ’, ਮੁਸਲਮਾਨ, ਹਿੰਦੂ, ਈਸਾਈ ਦੇ ਸਿਰ ਤੇ ਇੱਕੋ ਹੀ ਤਰ੍ਹਾਂ ਦਾ ਆਕਾਸ਼ ਹੈ। ਸਭ ਲਈ ਇੱਕੋ ਜਹੀ ਹੀ ਹਵਾ ਵਗਦੀ ਹੈ, ਹਰੇਕ ਲਈ ਇੱਕੋ ਕਿਸਮ ਦਾ ਪਾਣੀ ਚਲਦਾ ਹੈ। ਜਦੋਂ ਦਰਿਆ ਨੂੰ ਅਜਿਹਾ ਕੋਈ ਲੇਬਲ ਨਹੀਂ ਲੱਗਾ ਤਾਂ ਸਾਡਾ ਆਪਣੇ ਆਪ ਨੂੰ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਨਾਮ ਦੇਣਾ ਪੂਰਨ ਅਗਿਆਨਤਾ ਹੈ ਅਤੇ ਕਈ ਹੋਰ ਵੀ ਹਨ ਜੋ ਸਾਨੂੰ ਜੋੜਨ ਦੀ ਬਜਾਏ ਨਿਖੇੜਦੇ ਹਨ। ਸਾਡਾ ਪੈਗ਼ੰਬਰਾਂ ਪਾਸ ਜਾਣਾ ਅਤੇ ਇਹ ਕਹਿਣਾ ਕਿ ਅਸੀਂ ਤੁਹਾਡੇ ਪੈਰੋਕਾਰ ਹਾਂ, ਅਸੀਂ ਉਨ੍ਹਾਂ ਦੀ ਪ੍ਰਤਿਭਾ ਦੀ ਹੇਠੀ ਕਰਾਉਂਦੇ ਹਾਂ। ਉਹ ਪ੍ਰਤਿਭਾ, ਜੋ ਮਨੁੱਖੀ ਅੰਤਰ-ਰਾਸ਼ਟਰੀਅਤਾ ਅਤੇ ਸਿੱਖ ਅੰਤਰ-ਰਾਸ਼ਟਰੀਅਤਾ ਅਤੇ ਸਿੱਖ ਨੂੰ ਲੇਲਿਆਂ ਵਾਂਗ ਇੱਕ ਆਜੜੀ ਦੀ ਪਨਾਹ ਵਿੱਚ ਲਿਆਉਣ ’ਤੇ ਹੀ ਖ਼ਤਮ ਹੋ ਜਾਂਦੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਹਨ, ਮਨੁੱਖ ਇੱਕ ਹੀ ਹੈ ਤਾਂ ਸਾਡੇ ਲਈ ਇਹ ਪਛਾਣ ਕਰਨੀ ਕਿ ਇਹ ਹਿੰਦੂ, ਮੁਸਲਮਾਨ, ਈਸਾਈ ਜਾਂ ਕੋਈ ਹੋਰ ਹੈ, ਕੁਫ਼ਰ ਹੈ। ਗੁਰੂ ਵਾਲੇ ਲਈ ਤਾਂ ਜਾਨਦਾਰ ਵਸਤੂ ਤੋਂ, ਜੋ ਮਨੁੱਖ ਨਾਲੋਂ ਭਾਵੇਂ ਕਿਤੇ ਘਟੀਆ ਜੀਵਨ ਵਾਲੀ ਹੋਵੇ, ਨਫ਼ਰਤ ਕਰਨੀ ਅਨਿਆਂ ਹੈ। ਇਹ ਇੱਕ ਵਿਸ਼ਵਾਸੀ ਸਿੱਖ ਦਾ ਕੱਟੜਪੁਣੇ ਵਾਲਾ ਵਿਚਾਰ ਨਹੀਂ ਕਿ ਭਾਈਚਾਰੇ ਦਾ ਇਹ ਆਦਰਸ਼ ਗੁਰੂ ਨਾਲ ਆਰੰਭ ਹੁੰਦਾ ਹੈ। ਅੰਤਰ-ਰਾਸ਼ਟਰਵਾਦੀ ਸੰਸਾਰ ਦੇ ਵਰਤਮਾਨ ਯੁੱਗ ਤੇ ਇਸ ਮਹਾਨ ਰੁਝਾਨ ਦੀਆਂ ਜੜ੍ਹਾਂ ਗੁਰੂ ਦੇ ਆਦਰਸ਼ਾਂ ਵਿੱਚ ਹਨ। ਇਹ ਆਦਰਸ਼ ਤੁਹਾਨੂੰ-ਸਾਨੂੰ ਸ਼ਰਮਸਾਰ ਕਰਦੇ ਹਨ। ਤੁਹਾਡਾ-ਸਾਡਾ ਆਪਸ ਵਿੱਚ ਸੱਚਾ-ਸੁੱਚਾ ਪਿਆਰ ਨਹੀਂ, ਤੁਸਾਂ-ਅਸਾਂ ਅਜੇ ਪਿਆਰ ਵਿੱਚੋਂ ਖ਼ੁਦਗ਼ਰਜ਼ੀ ਨਹੀਂ ਕੱਢੀ ਅਤੇ ਪੂਰੀ ਤਰ੍ਹਾਂ ਪਿਆਰ ਲਈ ਸਮਰਪਿਤ ਨਹੀਂ ਹੋਏ। ਇਸ ਛੋਟੇ ਜਿਹੇ ਵਾਕੇ ਦੇ ਸਾਹਮਣੇ ਤੁਹਾਡਾ ਆਪਣੇ ਆਪ ਨੂੰ ‘ਉਸ’ ਦਾ ਕਹਿਣਾ ਥੋਥੀਆਂ ਗੱਲਾਂ ਹੀ ਹਨ, ਪਰ ਸਾਨੂੰ ਆਪਣੇ ਆਪ ਸਿਰ ਸ਼ਰਮ ਨਾਲ ਝੁਕਾਅ ਲੈਣਾ ਚਾਹੀਦਾ ਹੈ ਅਤੇ ਦੋਸ਼ੀਆਂ ਵਾਂਗ ਖੜ੍ਹੇ ਹੋਣਾ ਚਾਹੀਦਾ ਹੈ, ਜੇ ਅਸਾਂ ਅਜੇ ਤੱਕ ਪਿਆਰ ਨੂੰ ਮਨੁੱਖਾ ਜੀਵਨ ਦਾ ਇੱਕੋ-ਇੱਕ ਤੱਤ੍ਵ ਨਹੀਂ ਮੰਨਿਆ। ਮੈਨੂੰ ਤੁਹਾਡੀਆਂ ਕਰਨੀਆਂ, ਤੁਹਾਨੂੰ ਚੇਤੇ ਕਰਾਉਣ ਦੀ ਲੋੜ ਨਹੀਂ। ਮੈਂ ਤਾਂ ਤੁਹਾਨੂੰ ਵਿਖਾ ਰਿਹਾ ਹਾਂ ਕਿ ਕਿਵੇਂ ਵਰਤਮਾਨ ਸੰਸਾਰ ਵਿੱਚ ਗੁਰੂ ਦਾ ਵਿਚਾਰ, ਸਰਦੀਆਂ ਦੇ ਬੱਦਲਾਂ ਦੀ ਕਾਲੀ ਚਾਦਰ ਵਿੱਚੋਂ ਪਹੁ-ਫੁਟਾਲੇ ਸਮੇਂ, ਸੋਨੇ ਦੀ ਲਕੀਰ ਵਰਗੇ ਘੇਰੇ ਵਾਲਾ ਸੂਰਜ ਸਹਿਜੇ ਹੀ ਰੌਸ਼ਨ ਹੋ ਕੇ ਹੌਲ਼ੀ-ਹੌਲ਼ੀ ਉਦੈ ਹੋ ਕੇ ਪ੍ਰਕਾਸ਼ਮਾਨ ਹੋ ਰਿਹਾ ਹੈ। ਅਸੀਂ ਅਜੇ ਉਸ ਦੇ ਉੱਚੇ ਆਦਰਸ਼ਾਂ ਨੂੰ ਨਹੀਂ ਪਹੁੰਚ ਸੱਕੇ।

ਅਸੀਂ ਅਜੇ ਉਸ ਦੇ ਨਹੀਂ ਬਣੇ, ਭਾਵੇ ਅਸੀਂ ਦੋ ਕਿਰਪਾਨਾਂ, ਦੋ ਦਸਤਾਰਾਂ ਸਜਾਈਏ ਅਤੇ ਰੱਜ ਕੇ ਮਿਠਾ ਸ਼ਰਬਤ ਪੀਵੀਏ। ਨਿੱਜੀ ਉਸਤਤ ਸਾਨੂੰ ਉੱਡਣ ਲਈ ਖੰਭ ਨਹੀਂ ਦੇ ਸਕਦੀ। ਜਿਨ੍ਹਾਂ ਪਾਸ ਖੰਭ ਹਨ, ਉਹ ਉੱਡਦੇ ਹਨ ਅਤੇ ਕਦੇ ਧਰਤੀ ਵੱਲ ਨਹੀਂ ਝਾਕ ਕੇ ਵੇਖਦੇ। ਬਬੀਹੇ ਨੂੰ ਆਪਣੇ ਗੀਤ ਗਾਣ ਤੋਂ ਬਿਨਾਂ ਕੁਝ ਨਹੀਂ ਪਤਾ ਹੁੰਦਾ। ਅੱਜ ਦੇ ਸੰਸਾਰ ਦਾ ਦੂਜਾ ਮਹਾਨ ਰੁਝਾਨ, ਇਨ੍ਹਾਂ ਨਾਮ-ਧਰੀਕ ਮਜ਼ਹਬਾਂ ਨੂੰ ਤਿਆਗ ਦੇਣ ਵਾਲਾ ਹੈ। ਕਾਫ਼ੀ ਦੇਰ ਹੋ ਚੁੱਕੀ ਹੈ। ਸੰਸਾਰ ਉਨ੍ਹਾਂ ਕੱਟੜਪੰਥੀ ਲੀਹਾਂ ਤੋਂ ਹੰਭ ਚੁੱਕਾ ਹੈ। ਮੈਂ ਗੁਰੂ ਸਾਹਿਬ ਦੀ ਇਸੇ ਉਪਰਾਮਤਾ ਵੱਲ ਤੁਹਾਡਾ ਧਿਆਨ ਦਿਵਾਉਂਦਾ ਹਾਂ, ਜੋ ਗੁਰੂ ਸਾਹਿਬਾਨ ਦੀਆਂ ਲਿਖਤਾਂ ਦੇ ਹਰ ਪੰਨੇ ਤੋਂ ਪ੍ਰਗਟ ਹੁੰਦੀ ਹੈ। ਇਹ ਅੱਜ ਦੇ ਯੁੱਗ ਦੇ ਗਿਆਨ ਪ੍ਰਾਪਤ ਅਤੇ ਸੁਤੰਤਰ ਹੋਏ ਮਨ ਦੀ ਉਪਰਾਮਤਾ ਹੈ। ਜੇ ਤੁਸੀਂ ਆਸਾ ਦੀ ਵਾਰ ਪੂਰੇ ਧਿਆਨ ਨਾਲ ਪੜ੍ਹੋ, ਤੁਹਾਨੂੰ ਇਸ ਦਾ ਪਤਾ ਲੱਗ ਜਾਵੇਗਾ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲ ਉਸਤਤ ਪੜ੍ਹੋ ਤਾਂ ਤੁਹਾਨੂੰ ਇਹ ਅਮਿੱਟ ਸ਼ਬਦਾਂ ਵਿੱਚ ਲਿਖੀ ਦਿਸ ਆਵੇਗੀ। ਸਾਰੇ ਦੇਵਤੇ ਪਿੱਛੇ ਸੁੱਟ ਦਿੱਤੇ ਗਏ ਹਨ। ਸਾਰੇ ਮਜ਼ਹਬ ਪਰੇ ਸੁੱਟ ਦਿੱਤੇ ਗਏ ਹਨ। ਜੇ ਤੁਸੀਂ ਗੁਰੂ ਸਾਹਿਬ ਵਲੋਂ ਪੈਦਾ ਕੀਤੇ ਪੰਜਾਬ ਵਿਚਲੇ ਜੀਵਨ ਨੂੰ ਵੇਖੋ ਤਾਂ ਤੁਸੀਂ ਪਹਿਲੀ ਵਾਰੀ ਸ਼ਹਿਰੀ ਜੀਵਨ ਦੇ ਚਿੰਨ੍ਹ ਉਭਰਦੇ ਹੋਏ ਵੇਖੋਗੇ। ਤੁਸੀਂ ਪਰਿਵਾਰਾਂ ਸਹਿਤ ਲੋਕਾਂ ਨੂੰ ਗ਼ਰੀਬਾਂ ਅਤੇ ਨਿਤਾਣਿਆਂ ਦੀ ਸੇਵਾ ਕਰਦੇ ਵੇਖੋਗੇ। ਇੱਕ ਆਦਮੀ, ਜੋ ਜ਼ਾਹਿਰਾ ਤੌਰ ’ਤੇ ਉਨ੍ਹਾਂ ਦੇ ਫ਼ਿਰਕੇ ਦਾ ਨਹੀਂ ਸੀ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਇਕੱਤਰ ਹੋਏ ਸਿੱਖਾਂ ਪਾਸ ਆ ਕੇ ਸ਼ਿਕਾਇਤ ਕਰਦਾ ਹੈ ਕਿ ਕੋਈ ਜਰਵਾਣਾ ਉਸ ਦੀ ਪਤਨੀ ਖੋਹ ਕੇ ਲੈ ਗਿਆ ਹੈ। ਜੁੜ ਬੈਠੇ ਮਰਦ ਸਾਰੇ ਦੇ ਸਾਰੇ ਉੱਠ ਕੇ ਚਾਲੇ ਪਾ ਦਿੰਦੇ ਹਨ। ਕਈ ਲੜਾਈ ਵਿੱਚ ਮਰ ਜਾਂਦੇ ਹਨ, ਬਾਕੀ ਦੇ ਉਸ ਦੀ ਪਤਨੀ ਉਸ ਨੂੰ ਵਾਪਸ ਲਿਆ ਕੇ ਉਸ ਨੂੰ ਦਿੰਦੇ ਹਨ। ਆਮ ਸੰਸਾਰਕ ਪੱਖ ਤੋਂ ਇਹ ਸਾਰੇ ਮਨੁੱਖ ਅਨਾੜੀ ਸਨ। ਉਨ੍ਹਾਂ ਨੂੰ ਤਾਕਤ ਜਾਂ ਇਸ ਸੰਸਾਰ ਦੀ ਹਕੂਮਤ ਦੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਉਹ ਸਾਰੇ ਗੁਰੂ ਦੇ ਹਨ ਅਤੇ ਅਸੀਂ ਸਾਰੇ ਹਾਂ ਉਸ ਗੁਰੂ ਦੇ ਅਨਿੰਨ ਸੇਵਕ। ਇਹ ਇਤਿਹਾਸ ਗੁਰੂ ਵਾਲਿਆਂ ਨੂੰ ਹਵਾ, ਪਾਣੀ ਤੇ ਰੌਸ਼ਨੀ ਵਾਂਗ ਵਿਸ਼ਵ-ਵਿਆਪੀ ਬਣਾਉਂਦਾ ਹੈ।

ਬਹੁ ਧਰਮਾਂ ਦਾ ਆਪਸੀ ਸ਼ਾਂਤ ਰੂਪ ਵਿੱਚ ਸੁਰ-ਮਿਲਾਪ ਅਤੇ ਸਾਰੇ ਧਰਮਾਂ ਦੀ ਅੰਦਰੂਨੀ ਏਕਤਾ, ਗੁਰੂ ਸਾਹਿਬਾਨ ਦਾ ਵਿਸ਼ੇਸ਼ ਵਿਸ਼ਾ ਹੈ। ਧਰਮਾਂ ਸਬੰਧੀ ਤੁਲਨਾਤਮਿਕ ਵਿਚਾਰਾਂ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਆਪ ਸਨ। ਅਕਬਰ ਬਾਦਸ਼ਾਹ ਨੇ ਇਸ ਨੂੰ ਕਮਜ਼ੋਰ ਜਿਹੇ ਸੁਪਨਮਈ ਢੰਗ ਨਾਲ ਅੱਗੇ ਤੋਰਨ ਦਾ ਯਤਨ ਕੀਤਾ ਪਰ ਉਸ ਦੇ ਮਨ ਵਿੱਚ ਇਹ ਪ੍ਰਵਿਰਤੀ ਬੜੇ ਜ਼ੋਰਾਂ ’ਤੇ ਸੀ ਕਿ ਉਹ ਸ਼ਹਿਨਸ਼ਾਹ ਹੈ ਅਤੇ ਨਵਾਂ ਧਰਮ ਚਲਾਉਣ ਦੇ ਯੋਗ ਹੈ। ਉਸ ਦੀ ਇਸ ਕਰਨੀ ਲਈ ਸ਼ਾਇਦ ਅਬਦੁਲ ਫ਼ੈਜ਼ੀ ਜ਼ਿੰਮੇਵਾਰ ਸੀ। ਅੱਜ ਦੇ ਯੁਗ ਵਿੱਚ ਪੂਰਬ ਅਤੇ ਪੱਛਮ ਇਸੇ ਰਾਹ ’ਤੇ ਪਏ ਹੋਏ ਹਨ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਹੈ ਕਿ ‘‘ਮੈਂ ਉਸ ਭੰਗੀ ਨੂੰ ਛਾਤੀ ਨਾਲ ਲਾਉਂਦਾ ਹਾਂ, ਜਿਸ ਦੇ ਅੰਦਰ ‘ਉਸ’ ਦਾ ਨਾਮ ਹੈ।’’ ਲੇਕਿਨ ਅਸੀਂ ਆਪਣੇ ਦਿਲਾਂ ਦੇ ਕਿਵਾੜ ਬੰਦ ਕਰ ਲੈਂਦੇ ਹਾਂ। ਮੰਦਰਾਂ ਦੇ ਦੁਆਰਿਆਂ ਨੂੰ ਬੰਦ ਕਰ ਕੇ ਭੀੜ ਦੇਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਦਿਲਾਂ ਦੇ ਦਰ ਬੰਦ ਕਰ ਕੇ ਭੀੜ ਦੇਣਾ ਸਾਹਿਬਾਂ ਦੇ ਮਨੁੱਖੀ ਵਿਸ਼ਵ-ਵਿਆਪੀ ਭਾਈਚਾਰੇ ਸਬੰਧੀ ਆਦਰਸ਼ ਨਾਲ ਮੇਲ ਨਹੀਂ ਖਾਂਦਾ।

ਸਾਡਾ ਉਤਾਵਲਾ ਨੌਜੁਆਨ ਸਿੱਖ ਗੱਭਰੂ, ਜਦੋਂ ਵੇਖਦਾ ਹੈ ਕਿ ਸਾਰਾ ਸੰਸਾਰ ਬਿਨਾਂ ਦਾੜ੍ਹੀ-ਕੇਸਾਂ ਦੇ ਵਿਚਰ ਰਿਹਾ ਹੈ ਤੇ ਬਥੇਰਿਆਂ ਨੇ ਆਪਣੇ ਬੁਲ੍ਹਾਂ ’ਤੇ ਬੀੜੀ-ਸਿਗਰੇਟ ਰੱਖੀ ਹੈ ਤਾਂ ਕਹਿ ਉਠਦਾ ਹੈ ‘‘ਇਨ੍ਹਾਂ ਲੰਮੇ ਕੇਸਾਂ ਤੇ ਦਾੜੀ ਦੇ ਇਹ ਬੰਧਨ ਸਾਡੇ ’ਤੇ ਕਿਸ ਲਈ ਹਨ ?’’ ਜਾਂ ਫਿਰ ਇਹ ਕਹਿੰਦਾ ਹੈ ਕਿ ਦੂਜੇ ਬੜੇ ਸਾਫ਼-ਸੁਥਰੇ ਲਗਦੇ ਹਨ, ਮੈਂ ਵੀ ਉਸੇ ਤਰ੍ਹਾਂ ਦਾ ਹੋਣਾ ਚਾਹੁੰਦਾ ਹਾਂ ਜਾਂ ਫਿਰ ‘‘ਇਸ ਤੋਂ ਇਲਾਵਾ ਕੇਸਾਂ ਨਾਲ ਕੀ ਫ਼ਰਕ ਪੈਂਦਾ ਹੈ, ਜਦੋਂ ਮੇਰਾ ਦਿਲ ਪਵਿੱਤਰ ਹੈ ?’’ ਇਸ ਸੁਆਲ ਦਾ ਜਵਾਬ ਬਹੁਤ ਆਸਾਨ ਹੈ, ਜਦੋਂ ਉਹ ਇਨ੍ਹਾਂ ਗੱਲਾਂ ਦੇ ਬੌਧਿਕ ਵਿਸ਼ਲੇਸ਼ਣ ’ਤੇ ਆਧਾਰਿਤ ਹੋਵੇ, ਪਰ ਜਿਹੜੇ ਉਸ ਗੁਰੂ ਦੇ ਪਾਸ ਗਏ ਹਨ, ਉਸ ਗੁਰੂ ਨੂੰ ਪਿਆਰ ਕੀਤਾ ਹੈ ਅਤੇ ਉਸ ਗੁਰੂ ਦੀਆਂ ਬਖ਼ਸ਼ੀਆਂ ਦਾਤਾਂ ਲਈਆਂ ਹਨ, ਉਹ ਗੁਰੂ ਦੀਆਂ ਇਨ੍ਹਾਂ ਦਾਤਾਂ ਨੂੰ ਪਰ੍ਹੇ ਸੁੱਟ ਕੇ ਇਹ ਨਹੀਂ ਆਖ ਸਕਦੇ ਕਿ ਉਹ ਗੁਰੂ ਨੂੰ ਪਿਆਰ ਕਰਦੇ ਹਨ। ਇਹ ਤਾਂ ਗੁਰੂ ਨਾਲ ਨਿਜੀ ਪਿਆਰ ਦੀ ਤੀਬਰਤਾ ਦਾ ਸੁਆਲ ਹੈ। ਈਸਾ ਮਸੀਹ ਦੀਆਂ ਲਿਟਾਂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਜ ਪਿਆਰਿਆਂ ਦੇ ਜੂੜ੍ਹੇ, ਜੋ ਉਹਨਾਂ ਨੇ ਆਪਣੇ ਹੱਥ ਨਾਲ ਆਪ ਕੀਤੇ, ਉਸ ਤੋਂ ਪਿੱਛੋਂ ਉਸ ਦੀ ਦਾਤ ਸਨ। ਜਿਸ ਦੇ ਹਿਰਦੇ ਵਿੱਚ ਗੁਰੂ ਪ੍ਰਤੀ ਕੋਈ ਅਹਿਸਾਸ ਹੈ, ਉਸ ਨੂੰ ਗੁਰੂ ਦੀਆਂ ਦਾਤਾਂ ਛੱਡਣ ਨਾਲੋਂ, ਮੌਤ ਕਬੂਲਣੀ ਪਿਆਰੀ ਲੱਗਦੀ ਹੈ। ਜਿਵੇਂ ਮੈਂ ਕਿਹਾ ਹੈ ਕਿ ਇਹ ਗੁਰੂ ਸਾਹਿਬਾਂ ਦੇ ਆਦਰਸ਼ ਹੀ ਹਨ, ਜੋ ਅੱਜ ਸੰਸਾਰ ਵਿੱਚ ਕੰਮ ਕਰ ਰਹੇ ਹਨ। ਧਰਤੀ ਦੀਆਂ ਵੱਖ-ਵੱਖ ਕੌਮਾਂ ਦੇ ਰੂਪ, ਰੰਗ, ਜਾਤਾਂ ਅਤੇ ਧਰਮ, ਇਹਨਾਂ ਆਦਰਸ਼ਾਂ ਦੀ ਵਧ ਰਹੀ ਮਾਨਤਾ ਦੇ ਰਾਹ ਵਿੱਚ ਕੋਈ ਰੁਕਾਵਟਾਂ ਨਹੀਂ ਪਾ ਸਕਦੇ। ਮਨੱਖ, ਗੁਰੂ ਵੱਲ ਆਪਣੇ ਆਪ ਖਿੱਚੇ ਜਾ ਰਹੇ ਹਨ। ਅੱਜ ਦੇ ਸਾਰੇ ਰਾਜਨੀਤਿਕ ਅਤੇ ਧਾਰਮਕ ਮਨੁੱਖ ਉਸ ਵੱਲ ਰੁੱਖ ਮੋੜ ਰਹੇ ਹਨ। ਮਨੁੱਖ ਦੇ ਪ੍ਰਗਤੀਸ਼ੀਲ ਰੁਝਾਨਾਂ ਦੇ ਯੁਗ ਵਿੱਚ ਉਸ ਨੂੰ ਕਿਸੇ ਵਹਿਮ ਭਰੇ ਨਿਸ਼ਾਨਾਂ ਦਾ ਪਾਬੰਦ ਕਰ ਦੇਣਾ ਨਿਰੀ ਮੂਰਖਤਾ ਹੀ ਹੈ। ਜੇ ਉਹ ਨਿਰੇ ਨਿਸ਼ਾਨ ਹੀ ਹਨ ਤਾਂ ਉਹ ਛੱਡ ਦਿੱਤੇ ਜਾਣਗੇ, ਪਰ ਅਸੀਂ ਪੰਜਾਬ ਦੇ ਸਿੱਖਾਂ ਨੇ ਉਸ ਗੁਰੂ ਨੂੰ ਵੇਖਿਆ ਹੈ, ਉਸ ਗੁਰੂ ਨੂੰ ਮਿਲੇ ਹਾਂ। ਉਸ ਨੇ ਸਾਨੂੰ ਨਿਜੀ ਪਿਆਰ ਦਿੱਤਾ ਹੈ ਅਤੇ ਸਾਥੋਂ ਲਿਆ ਵੀ ਹੈ। ਭਾਵੇਂ ਅਸੀਂ ਗ਼ੈਰ-ਜ਼ਿੰਮੇਦਾਰਾਨਾ ਜੀਵਨ ਜੀਉਂਦੇ ਹੋਏ ਅਵਾਰਾ ਹੋ ਕੇ ਉਸ ਤੋਂ ਲਾਂਭੇ ਚਲੇ ਗਏ ਹਾਂ ਅਤੇ ਅਜੇ ਵੀ ਜਾਈ ਜਾ ਰਹੇ ਹਾਂ। ਸਾਡਾ ਪਵਿੱਤਰ ਜੂੜ੍ਹਾ ਸਾਡਾ ਕੁਦਰਤੀ ਤਾਜ ਹੈ ਕਿਉਂਕਿ ਇਹ ਉਸ ਦੀ ਦਾਤ ਹੈ, ਇਸ ਨੂੰ ਛੱਡਣ ਨਾਲੋਂ ਮੌਤ ਚੰਗੀ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਣ ਵਾਲੇ ਦਾ ਸਚਮੁੱਚ ਹੀ ਵੱਖਰਾ ਹੀ ਪਹਿਰਾਵਾ ਹੋਵੇਗਾ ਅਤੇ ਦਾਤ ਵਜੋਂ ਸਿਰ ਲਈ ਵੱਖਰਾ ਹੀ ਕੱਪੜਾ। ਤੁਹਾਨੂੰ-ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਕਿਵੇਂ ਗੁਰੂ ਅਮਰਦਾਸ ਸਾਹਿਬ ਜੀ, ਜਦੋਂ ਆਪ ਅਜੇ ਸਿੱਖ ਸਨ, ਗੁਰੂ ਪਾਤਸ਼ਾਹ ਤੋਂ ਇੱਕ ਖੱਦਰ ਦਾ ਟੋਟਾ, ਉਸ ਦੇ ਪਿਆਰ ਦੀ ਬਖ਼ਸ਼ਸ਼ ਵਜੋਂ ਪ੍ਰਾਪਤ ਕਰਦੇ ਹੁੰਦੇ ਸਨ। ਸੇਵਕ ਰੂਪ ਵਿੱਚ ਉਹਨਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਇਸ ਖੱਦਰ ਦੇ ਟੋਟੇ ਨੂੰ ਕਿੱਥੇ ਰੱਖਣ, ਇਸ ਲਈ ਉਹ ਇਸ ਨੂੰ ਸਿਰ ’ਤੇ ਹੀ ਰੱਖਦੇ ਸਨ ਅਤੇ ਇਹ ਦਾਤ ਰੂਪੀ ਟੋਟਾ ਹਮੇਸ਼ਾ ਸਿਰ ’ਤੇ ਹੀ ਸ਼ੋਭਦਾ ਰਿਹਾ। ਇੱਕ ਸਾਲ ਪਿੱਛੋਂ ਹੋਰ ਟੁਕੜਾ ਮਿਲਦਾ ਅਤੇ ਉਹ ਵੀ ਉਸ ਪੁਰਾਣੇ ਕੱਪੜੇ ਦੇ ਉੱਪਰ ਹੀ ਲਪੇਟ ਲੈਂਦੇ। ਅਜਿਹੀਆਂ ਗੱਲਾਂ ਨੂੰ ਬੌਧਿਕ ਵਿਸ਼ਲੇਸ਼ਣ ਅਧੀਨ ਲਿਆਉਣਾ ਪਾਗ਼ਲਪਣ ਹੀ ਹੋਵੇਗਾ। ਅਹਿਸਾਸ ਵਿੱਚ ਉੱਚਤਾ ਨੂੰ ਕੇਵਲ ਅਹਿਸਾਨਮੰਦ ਮਨੁੱਖ ਹੀ ਸਮਝਦਾ ਹੈ ਤੇ ਉਹ ਮਨੁੱਖ ਹੀ ਉਸ ਦੀ ਪੂਜਾ ਕਰ ਸਕਦਾ ਹੈ। ਗੁਰੂ ਨੂੰ ਦਿੱਤਾ ਨਿਜੀ ਪਿਆਰ ਹੀ ਅਸਲ ਰੂਪ ਵਿੱਚ ਸਿੱਖੀ ਹੈ।