9 ਦਸੰਬਰ 2018 ਨੂੰ ਹੋਏ ਵਿਸ਼ੇਸ਼ ਮਿਸ਼ਨਰੀ ਸਮਾਗਮ ਦੀ ਸੰਖੇਪ ਰਿਪੋਰਟ ਅਤੇ ਪਾਸ ਕੀਤੇ ਗਏ ਮਤੇ

0
245

9 ਦਸੰਬਰ 2018 ਨੂੰ ਹੋਏ ਵਿਸ਼ੇਸ਼ ਮਿਸ਼ਨਰੀ ਸਮਾਗਮ ਦੀ ਸੰਖੇਪ ਰਿਪੋਰਟ ਅਤੇ ਪਾਸ ਕੀਤੇ ਗਏ ਮਤੇ

– ਗੁਰੂ ਰਾਮ ਦਾਸ ਅਕੈਡਮੀ ਲੁਧਿਆਣਾ ਵਿਖੇ 9 ਦਸੰਬਰ 2018 ਐਤਵਾਰ ਨੂੰ ਵਿਸ਼ੇਸ਼ ਮਿਸ਼ਨਰੀ ਸਮਾਗਮ ਹੋਇਆ। ਪਹਿਲੇ ਸ਼ੈਸ਼ਨ ਦੀ ਅਰੰਭਤਾ ਸਵੇਰੇ 9 ਵਜੇ ਅਕੈਡਮੀ ਦੇ ਵਿਦਿਆਰਥੀਆਂ ਨੇ ਰਸਭਿੰਨੇ ਕੀਰਤਨ ਦੁਆਰਾ ਕੀਤੀ ਅਤੇ ਇਸ ਉਪਰੰਤ ਸ: ਰਾਜਾ ਸਿੰਘ (ਟੈਕਸਲਾ ਟੀ.ਵੀ.) ਨੇ ਬਾਹਰੋਂ ਆਏ ਮਹਿਮਾਨਾਂ ਨੂੰ ਪਿਆਰ ਭਰੇ ਸ਼ਬਦਾਂ ਨਾਲ ‘ਜੀ ਆਇਆਂ’ ਆਖਿਆ ਤੇ ਨਾਲ ਹੀ ਭਵਿੱਖ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

-ਇਸ ਉਪਰੰਤ ਵਿਚਾਰਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਜਿਸ ਵਿੱਚ ਸਿੱਖ ਮਿਸ਼ਨਰੀ ਕਾਲਜ (ਲੁਧਿਆਣਾ) ਦੇ ਚੇਅਰਮੈਨ ਸ: ਹਰਭਜਨ ਸਿੰਘ ਜੀ ਨੇ ਆਪਣੇ ਵਿਸ਼ੇ ‘ਮਿਸ਼ਨਰੀ ਕਾਲਜਾਂ ਦੀ ਸੁਤੰਤਰ ਹੋਂਦ ਕਾਇਮ ਰੱਖਦੇ ਹੋਏ ਏਕਤਾ ਦੇ ਸੂਤਰ ਵਿੱਚ ਕਿਵੇਂ ਪ੍ਰੋਏ ਜਾ ਸਕੀਏ’ ਬਾਰੇ ਬੜੇ ਵਿਸਥਾਰ ਵਿੱਚ ਅਤੀ ਜ਼ਰੂਰੀ ਨੁਕਤਿਆਂ ਨੂੰ ਸਪੱਸ਼ਟ ਕਰਦੇ ਹੋਏ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ) ਦੇ ਚੇਅਰਮੈਨ ਸ: ਜੋਗਿੰਦਰ ਸਿੰਘ ਬੜੇ ਉਤਸ਼ਾਹ ਨਾਲ ਆਪਣੇ ਸਾਥੀਆਂ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੇ ਇਸ ਕਾਲਜ ਦੇ ਵਿਦਵਾਨ ਸੱਜਣ ਸ: ਅਮਰਿੰਦਰ ਸਿੰਘ ਨੇ ਆਪਣੇ ਵਿਸ਼ੇ ‘ਪ੍ਰਚਾਰਕਾਂ ਦਾ ਜੀਵਨ, ਬੋਲੀ, ਲਹਿਜਾ ਤੇ ਪੇਸ਼ਕਾਰੀ; ਕਿਸ ਤਰ੍ਹਾਂ ਦੀ ਹੋਵੇ’ ਨੂੰ ਬੜੀ ਵਿਦਵਤਾ ਨਾਲ ਪੇਸ਼ ਕੀਤਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ (ਲੁਧਿਆਣਾ) ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਰਾਣਾ ਨੇ ‘ਮਿਸ਼ਨਰੀ ਪ੍ਰਚਾਰਕਾਂ ਦੀਆਂ ਸਮੱਸਿਆਵਾਂ ਤੇ ਹੱਲ’ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸਭ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣ ਦਾ ਪ੍ਰੇਰਣਾ ਦਾਇਕ ਸੁਨੇਹਾ ਦਿੱਤਾ। ਸਿੱਖ ਮਿਸ਼ਨਰੀ ਕਾਲਜ ਸੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸ: ਸੁਰਿੰਦਰ ਸਿੰਘ ਜੀ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ‘ਸਿੱਖ ਰਹਿਤ ਮਰਯਾਦਾ ਦੇ ਲਾਭਕਾਰੀ ਪੱਖ’ ਵਿਸ਼ੇ ਨੂੰ ਬੜੀ ਬਾਰੀਕੀ ਨਾਲ ਸਮਝਾਇਆ।

ਗਿਆਨੀ ਅਵਤਾਰ ਸਿੰਘ ਆਪਣੇ ਵਿਚਾਰ ਸਾਂਝੇ ਕਰਦੇ ਹੋਏ।

-ਦੂਜੇ ਸੈਸ਼ਨ ਵਿੱਚ ਤਖ਼ਤ ਸੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿ: ਕੇਵਲ ਸਿੰਘ ਜੀ ਨੇ ‘ਵਿਵਾਦਤ ਮੁੱਦੇ ਘਟਣ ਦੀ ਥਾਂ, ਵੱਧ ਕਿਉਂ ਰਹੇ ਹਨ’ ਵਿਸ਼ੇ ਉੱਪਰ ਆਪਣੇ ਤਜ਼ਰਬੇ ਵਿੱਚੋਂ ਘੋਖ ਕੇ ਬੜੇ ਸੁਲਝੇ ਹੋਏ ਢੰਗ ਨਾਲ ਆਪਣਾ ਨਜ਼ਰੀਆ ਪੇਸ਼ ਕੀਤਾ। ਕੈਪਟਨ ਯਸ਼ਪਾਲ ਸਿੰਘ ਨੇ ‘ਸਿੱਖ ਸਮਾਜ ਉੱਤੇ ਬਾਹਰੀ ਪ੍ਰਭਾਵ ਦਾ ਮਾਰੂ ਅਸਰ’ ਵਿਸ਼ੇ ਨੂੰ ਇਸ ਤਰ੍ਹਾਂ ਨਿਭਾਇਆ ਕਿ ਸਾਰੇ ਸਰੋਤੇ ਸੋਚਣ ਲਈ ਮਜਬੂਰ ਹੋ ਗਏ ਕਿ ਇਸ ਸਮੇਂ ਸਿੱਖ ਸਮਾਜ ਕਿਸ ਤਰ੍ਹਾਂ ਦੀਆਂ ਗੰਭੀਰ ਚੁਣੌਤੀਆਂ ਵਿੱਚੋਂ ਗੁਜ਼ਰ ਰਿਹਾ ਹੈ। ਸਿੱਖ ਬੁੱਧੀਜੀਵੀ ਸ: ਜੋਗਿੰਦਰ ਸਿੰਘ ਲੁਧਿਆਣਾ ਨੇ ‘ਇਤਿਹਾਸ ਦੇ ਝਰੋਖੇ ’ਚੋਂ ਧਰਮ ਫਿਰਕੇ ਦੀ ਅਧੋਗਤੀ ਦੀ ਕਹਾਣੀ ਤੇ ਸਾਡੀ ਹਾਲਤ’ ਨੂੰ ਬੜੀ ਵਿਦਵਤਾ ਨਾਲ ਪੇਸ਼ ਕੀਤਾ, ਉਨ੍ਹਾਂ ਦੱਸਿਆ ਕਿ ਇਤਿਹਾਸ ਵਿੱਚ ਇਹ ਲੰਮਾ ਵਰਤਾਰਾ ਹੈ, ਜਿਸ ਰਾਹੀਂ ਤਅੱਸੁਬੀ (ਕੇਵਲ ਆਪਣੇ ਮਜ਼੍ਹਬ ਤੱਕ ਸੋਚਣ ਵਾਲੇ) ਲੋਕ ਰਾਜਸੀ ਸ਼ਕਤੀ ਪ੍ਰਾਪਤ ਕਰ ਦੂਜੇ ਧਰਮ ਫਿਰਕੇ ਨੂੰ ਖ਼ਤਮ ਕਰਨ ਦੇ ਮਨਸੂਬੇ ਰਚਦੇ ਰਹੇ ਤੇ ਸਿੱਖ ਜਗਤ ਨੂੰ ਗੁਮਰਾਹ ਕਰਨ ਵਿੱਚ ਕਾਮਯਾਬ ਹੁੰਦੇ ਰਹੇ। ਖ਼ਾਲਸਾ ਯੂਨੀਵਰਸਟੀ ਅੰਮ੍ਰਿਤਸਰ ਦੇ ਵਾਇਸ ਚਾਂਸਲਰ ਸ: ਗੁਰਮੋਹਨ ਸਿੰਘ ਜੀ ਨੇ ‘ਗੁਰੂ ਗ੍ਰੰਥ ਸਾਹਿਬ ਗਲੋਬਲ ਮਿਸ਼ਨ ਯੂਨੀਵਰਸਟੀ’ ਦੀ ਸਥਾਪਨਾ ਲਈ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ, ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਗਿ. ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਵੀ ਪਹੁੰਚ ਕੇ ਪ੍ਰਚਾਰਕਾਂ ਨੂੰ ਆ ਰਹੀਆਂ ਰੁਕਾਵਟਾਂ ਬਾਰੇ ਬੜੇ ਸੰਖੇਪ ਵਿੱਚ ਵੀਚਾਰ ਰੱਖੇ। ਪ੍ਰੋਗਰਾਮ ਦੇ ਅੰਤ ਵਿੱਚ ਗਿਆਨੀ ਅਵਤਾਰ ਸਿੰਘ (ਸੰਪਾਦਕ ਮਿਸ਼ਨਰੀ ਸੇਧਾਂ) ਨੇ ਸਿੱਖ ਕੌਮ ਵਿੱਚ ਗੁਰਮਤਿ ਅਨੁਸਾਰੀ ਸੁਚੱਜੇ ਲੇਖਕਾਂ ਦੀ ਅਹਿਮੀਅਤ ਅਤੇ ਉਨ੍ਹਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੁਝ ਸ਼ਲਾਘਾਯੋਗ ਸੁਝਾਅ ਦਿੱਤੇ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਭੌਰ ਸੈਦਾਂ (ਕੁਰਖੇਤਰ, ਹਰਿਆਣਾ) ਦੇ ਪ੍ਰਿੰਸੀਪਲ ਸ: ਗੁਰਬਚਨ ਸਿੰਘ ਆਪਣੇ ਸਾਰੇ ਸਾਥੀਆਂ ਸਮੇਤ ਹਾਜ਼ਰ ਹੋਏ ਸਨ।, ਗੁਰਮਤਿ ਗਿਆਨ ਮਿਸ਼ਨਰੀ ਕਾਲਜ (ਲੁਧਿਆਣਾ) ਦੇ ਪ੍ਰਿੰਸੀਪਲ ਸ੍ਰ: ਗੁਰਬਚਨ ਸਿੰਘ ਜੀ ਪਨਵਾ ਆਪਣੇ ਕਾਲਜ ਦੇ ਵਿਦਿਆਰਥੀਆਂ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਰਹੇ ਅਤੇ ਇਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੁਰਮਤਿ ਸਾਹਿਤ ਦਾ ਸਟਾਲ ਵੀ ਲਗਾਇਆ ਗਿਆ।, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਿੱਲੀ ਦੇ ਮੁਖੀ ਸ: ਰਾਜਵਿੰਦਰ ਸਿੰਘ ਅਤੇ ਤਰਾਈ ਸਿੱਖ ਮਹਾਂ ਸਭਾ ਉਤਰਾਖੰਡ ਦੇ ਮੁੱਖੀ ਸ: ਪ੍ਰੀਤਮ ਸਿੰਘ ਜੀ ਆਪਣੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਪ੍ਰੋਗਰਾਮ ਵਿੱਚ ਹਾਜ਼ਰ ਹੋਏ। ਦਸਮੇਸ਼ ਗੁਰਮਤਿ ਵਿਦਿਆਲਾ ਬਾਲਾ ਸਾਹਿਬ ਦਿੱਲੀ ਤੋਂ ਵਾ. ਪ੍ਰਿੰ. ਸੁਖਵਿੰਦਰ ਸਿੰਘ ਜੀ ਵੀ ਸਾਥੀਆਂ ਸਮੇਤ ਹਾਜ਼ਰ ਹੋਏ, ਵੱਡੀ ਪੱਧਰ ’ਤੇ ਕਈ ਪ੍ਰਚਾਰਕ ਜੱਥੇਬੰਦੀਆਂ ਦੇ ਪ੍ਰਮੁੱਖ ਆਗੂ ਸਾਹਿਬਾਨ ਅਤੇ ਹੋਰ ਸੈਂਕੜੇ ਪੰਥ ਦਰਦੀਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਇਸ ਪੰਥਕ ਚਿੰਤਨ ਦਾ ਭਰਪੂਰ ਲਾਭ ਉਠਾਇਆ।  ਗੁਰੂ ਨਾਨਕ ਮਿਸ਼ਨ ਡੇਹਰਾਦੂਨ ਦੇ ਮੁਖੀ ਸ: ਵਰਿੰਦਰਪਾਲ ਸਿੰਘ ਨੇ ਸਭ ਨੂੰ ਪਿਆਰ ਭਰੀ ਵਿਦਾਇਗੀ ਦਿੱਤੀ।

-ਪ੍ਰੋਗਰਾਮ ਦੀ ਖ਼ਾਸ ਗੱਲ ਇਹ ਰਹੀ ਕਿ ਸਾਰੇ ਵਿਦਵਾਨ ਸੱਜਣਾਂ ਨੇ ਆਪਣੇ-ਆਪਣੇ ਵਿਸ਼ੇ ’ਤੇ ਬੜੇ ਖੋਜ ਭਰਪੂਰ ਕੀਮਤੀ ਵਿਚਾਰ ਰੱਖ ਕੇ ਹਾਜ਼ਰੀਨ ਸੰਗਤਾਂ ਨੂੰ ਨਿਹਾਲ ਕੀਤਾ। ਵਰਤਮਾਨ ਸਮੇਂ ਵਿੱਚ ਸਿੱਖ ਪੰਥ ਦੀ ਉਲਝੀ ਹੋਈ ਪ੍ਰਚਾਰਕ ਸਮੱਸਿਆ ਦੇ ਹਰ ਪਹਿਲੂ ਨੂੰ ਬੜੀ ਬਰੀਕੀ ਨਾਲ ਘੋਖਿਆ ਅਤੇ ਇਸ ਨਾਜੁਕ ਵਾਤਾਵਰਨ ਵਿੱਚ ਪ੍ਰਚਾਰਕ ਸਾਹਿਬਾਨਾਂ ਨੂੰ ਲਾਭਾਕਾਰੀ ਸੁਚੱਜੀ ਸੇਧ ਵੀ ਪ੍ਰਧਾਨ ਕੀਤੀ ਗਈ। ਇਹ ਆਸ ਕੀਤੀ ਜਾਂਦੀ ਹੈ ਕਿ ਪ੍ਰਚਾਰਕ ਸਾਹਿਬਾਨ ਇਸ ਤੋਂ ਲਾਭ ਉਠਾ ਕੇ ਸਿੱਖ ਪੰਥ ਦੀ ਮਜਬੂਤੀ ਵਿੱਚ ਹੋਰ ਵੀ ਵਧੇਰੇ ਸੁਚੱਜੇ ਢੰਗ ਨਾਲ ਆਪਣਾ ਯੋਗਦਾਨ ਪਾਉਣਗੇ।

-ਦੁਪਹਿਰ ਸਮੇਂ ਸਭ ਨੇ ਇੱਕ ਜਗ੍ਹਾ ਇਕੱਠੇ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਆ ਅਤੇ 2 ਵਜੇ ਦੂਜਾ ਸ਼ੈਸ਼ਨ ਸ਼ੁਰੂ ਕਰ ਦਿੱਤਾ ਗਿਆ ਜੋ ਠੀਕ ਪੰਜ ਵਜੇ ਤੱਕ ਚੱਲਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਮਿਸ਼ਨਰੀ ਕਾਲਜਾਂ ਦੇ ਜ਼ਿੰਮੇਵਾਰ ਸੱਜਣਾਂ ਨੇ ਆਪਸੀ ਸਹਿਮਤੀ ਨਾਲ 5 ਮਤੇ ਤਿਆਰ ਕੀਤੇ ਜੋ ਹਾਜ਼ਰ ਸੰਗਤਾਂ ਨੇ ਬੜੇ ਉਤਸ਼ਾਹ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤੇ।

-ਇਹ ਮਤੇ ਪਾਸ ਕਰਨ ਤੋਂ ਪਹਿਲਾਂ ਸ: ਤਰਸੇਮ ਸਿੰਘ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਨੇ 28-29 ਅਪ੍ਰੈਲ 2018 ਨੂੰ ਡੇਹਰਾਦੂਨ ਵਿਖੇ ਹੋਏ ਮਿਸ਼ਨਰੀ ਪ੍ਰੋਗਰਾਮ ਵਿੱਚ ਪਾਸ ਕੀਤੇ ਗਏ ਮਤਿਆਂ ਦੇ ਲਾਗੂ ਹੋਣ ਦੀ ਸਹੀ-ਸਹੀ ਸਥਿਤੀ ਤੋਂ ਸਾਰਿਆਂ ਨੂੰ ਜਾਣੂੰ ਕਰਵਾਇਆ। ਪ੍ਰੋਗਰਾਮ ਦੀ ਸਮਾਪਤੀ ਨਿਰਧਾਰਿਤ ਸਮੇਂ ਠੀਕ 5 ਵਜੇ ਕਰ ਦਿੱਤੀ ਗਈ। ਪਾਸ ਕੀਤੇ ਗਏ 5 ਮਤੇ ਹਨ:

(1). ਪ੍ਰੋਗਰਾਮ ਦੀ ਸਫਲਤਾ ਨੂੰ ਦੇਖਦੇ ਹੋਏ ਅਤੇ ਬਹੁਤੇ ਬੁਲਾਰਿਆਂ ਦੇ ਸੁਝਾਅ ਮੁਤਾਬਕ ਇੱਕ ਨਿਰਣਾ ਇਹ ਲਿਆ ਗਿਆ ਕਿ ਇਸ ਪ੍ਰਕਾਰ ਦੇ ਉਪਰਾਲੇ ਲਗਾਤਾਰ ਵੱਖ-ਵੱਖ ਥਾਵਾਂ ’ਤੇ ਕੀਤੇ ਜਾਂਦੇ ਰਹਿਣੇ ਚਾਹੀਦੇ ਹਨ ਤਾਂ ਕਿ ਪ੍ਰਚਾਰਕਾਂ ਦੀ ਸਫਲਤਾ ਲਈ ਉਨ੍ਹਾਂ ਨੂੰ ਲੋੜੀਂਦੀ ਸੇਧ ਪ੍ਰਾਪਤ ਹੁੰਦੀ ਰਹੇ।

(2). ਇਸ ਵਿਚਾਰ ’ਤੇ ਵੀ ਪੂਰਨ ਸਹਿਮਤੀ ਬਣੀ ਕਿ ਮਿਸ਼ਨਰੀ ਸੰਸਥਾਵਾਂ ਦੀ ਇੱਕ ਸਾਂਝੀ ਤਾਲਮੇਲ ਕਮੇਟੀ ਕਾਇਮ ਕੀਤੀ ਜਾਵੇ ਤਾਂ ਕਿ ਆਪਸ ਵਿੱਚ ਸਭਨਾ ਨਾਲ ਪਿਆਰ, ਵਿਸ਼ਵਾਸ ਬਣਿਆ ਰਹੇ। ਇਸ ਲਈ ਉਚਿਤ ਸਮਾਂ ਕੱਢ ਕੇ ਸਲਾਹ ਮਸ਼ਵਰੇ ਪਿੱਛੋਂ ਇਸ ਪਾਸੇ ਕਦਮ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ।

(3). ਇਹ ਫ਼ੈਸਲਾ ਕੀਤਾ ਗਿਆ ਕਿ ਭਵਿੱਖ ਵਿੱਚ ਮਿਸ਼ਨਰੀ ਕਾਲਜਾਂ ਦੇ ਸਾਲਾਨਾ ਸਮਾਗਮਾਂ ਵਿੱਚ ਬਾਕੀ ਸਾਰੇ ਕਾਲਜ ਆਪਣੀ ਆਪਣੀ ਸ਼ਮੂਲੀਅਤ ਯਕੀਨੀ ਬਣਾਉਣਗੇ। ਸਮਾਗਮਾਂ ਦੀਆਂ ਤਰੀਕਾਂ ਸਾਂਝੀ ਤਾਲਮੇਲ ਕਮੇਟੀ ਜਲਦੀ ਹੀ ਆਪਣੀ ਮੀਟਿੰਗ ਪਿੱਛੋਂ ਐਲਾਨ ਕਰ ਦੇਵੇਗੀ।

(4). ਗੁਰੂ ਗ੍ਰੰਥ ਸਾਹਿਬ ਗਲੋਬਲ ਯੂਨੀਵਰਸਟੀ ਕਾਇਮ ਕਰਨ ਲਈ ਡੇਹਰਾਦੂਨ ਦੇ ਪ੍ਰੋਗਰਾਮ ਵਿੱਚ ਪਾਸ ਕੀਤੇ ਗਏ ਮਤੇ ਅਨੁਸਾਰ 7 ਵਿਦਵਾਨ ਪ੍ਰੋਫੈਸਰਾਂ ਦੀ ਇੱਕ ਸਬ ਕਮੇਟੀ ਕਾਇਮ ਕੀਤੀ ਗਈ। ਇਹ ਫ਼ੈਸਲਾ ਕੀਤਾ ਗਿਆ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਅਗਲੇ ਸਾਲ ਵਿਸਾਖੀ ਤੱਕ ਦਿੱਲੀ ਵਿੱਚ ਯੂਨੀਵਰਸਟੀ ਦਾ ਬਕਾਇਦਾ ਇੱਕ ਦਫ਼ਤਰ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਜਾਵੇਗਾ।

(5). ਇਹ ਇਕੱਠ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਉੱਤੇ ਡਟ ਕੇ ਪਹਿਰਾ ਦੇਣ ਨੂੰ ਜ਼ਰੂਰੀ ਕਰਾਰ ਦੇਂਦਾ ਹੈ ਤਾਂ ਕਿ ਪੰਥਕ ਏਕਤਾ ਤੇ ਕੌਮੀ ਇਕਸਾਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਇਸ ਮਰਯਾਦਾ ਵਿੱਚ ਵਾਧਾ-ਘਾਟਾ ਕਰਨ ਦਾ ਅਧਿਕਾਰ ਕਿਸੇ ਇੱਕ ਧੜੇ, ਗਰੁੱਪ ਜਾਂ ਵਿਅਕਤੀ ਨੂੰ ਬਿਲਕੁਲ ਵੀ ਨਹੀਂ ਹੈ।