ਆਪਣੇ ਪੈਰੀਂ ਤੁਰਨ ਦਾ ਆਪਣਾ ਅਨੰਦ-1

0
246

ਆਪਣੇ ਪੈਰੀਂ ਤੁਰਨ ਦਾ ਆਪਣਾ ਅਨੰਦ-1

ਪ੍ਰਿੰ. ਸਰਵਣ ਸਿੰਘ

ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਹੈ: ਦੌੜ ਸਕਦੇ ਹੋ ਤਾਂ ਤੁਰੋ ਨਾ, ਤੁਰ ਸਕਦੇ ਹੋ ਤਾਂ ਖੜ੍ਹੋ ਨਾ, ਖੜ੍ਹ ਸਕਦੇ ਹੋ ਤਾਂ ਬੈਠੋ ਨਾ, ਬੈਠ ਸਕਦੇ ਹੋ ਤਾਂ ਲੇਟੋ ਨਾ। ਤੱਤ ਸਾਰ ਇਹੋ ਹੈ ਕਿ ਜਿੰਨੇ ਜੋਗਾ ਕੋਈ ਹੈ, ਉਸ ਤੋਂ ਵੱਧ ਨਹੀਂ ਤਾਂ ਓਨਾ ਜ਼ਰੂਰ ਕਾਰਜ ਕਰਦਾ ਰਹੇ। ਐਵੇਂ ਆਲਸ ਤੇ ਸੁਖ ਆਰਾਮ ਵਿਚ ਵਿਹਲਾ ਬੈਠਾ ਆਪਣੀ ਸਿਹਤ ਨਾ ਗੁਆਵੇ। ਘੱਟੋ ਘੱਟ ਪੈਰੀਂ ਤੁਰਨਾ ਨਾ ਛੱਡੇ।

ਤੁਰਨਾ ਕੁਦਰਤ ਦੀ ਦਾਤ ਹੈ ਪਰ ਕਈਆਂ ਨੂੰ ਇਸ ਦੀ ਉੱਕਾ ਹੀ ਸਾਰ ਨਹੀਂ। ਲੱਤਾਂ ਪੈਰਾਂ ਨੂੰ ਉਹ ਤੁਰਨ ਲਈ ਨਹੀਂ ਵਰਤ ਰਹੇ। ਬੇਸਮਝੀ ਵਿਚ ਹੀ ਸਮਝ ਬੈਠੇ ਹਨ ਕਿ ਤੁਰਨਾ ਗ਼ਰੀਬਾਂ ਦੀ ਮਜਬੂਰੀ ਹੈ। ਕਹਿੰਦੇ ਰਹਿੰਦੇ ਹਨ ਬੰਦਾ ਤੰਗੀ ਤੇ ਨੰਗ ਮਲੰਗੀ ’ਚ ਹੀ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਕਿਸੇ ਦੇ ਕੰਧਾੜੀਂ ਯਾਨੀ ਰਿਕਸ਼ੇ ’ਤੇ ਚੜ੍ਹ ਬਹੇ। ਉਸ ਦੀ ਟੌਰ੍ਹ, ਸ਼ਾਨ ਤੇ ਸਰਦਾਰੀ ਇਸੇ ਵਿਚ ਹੈ। ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਤੇ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ !

ਇਹੋ ਕਾਰਨ ਹੈ ਕਿ ਸਾਡੇ ਬਹੁਤੇ ਬੰਦੇ, ਖ਼ਾਸ ਕਰ ਕੇ ਉਤਲੇ ਤਬਕੇ ਦੇ ਲੋਕ ਪੈਰੀਂ ਤੁਰਨਾ ਛੱਡ ਰਹੇ ਹਨ ਤੇ ਤੁਰਨ ਫਿਰਨ ਦੀਆਂ ਨਿਆਮਤਾਂ (ਬਖ਼ਸ਼ਸ਼ਾਂ) ਤੋਂ ਵਾਂਝੇ ਹੋ ਰਹੇ ਹਨ। ਤੁਰਨਾ ਫਿਰਨਾ ਛੱਡ ਕੇ ਉਹਨਾਂ ਨੇ ਜੀਵਨ ਦੀਆਂ ਬਹੁਤ ਸਾਰੀਆਂ ਖ਼ੁਸ਼ੀਆਂ ਗੁਆ ਲਈਆਂ ਹਨ ਤੇ ਬਾਕੀ ਬਚਦੀਆਂ ਵੀ ਗੁਆਉਣ ਦੇ ਰਾਹ ਪਏ ਹੋਏ ਹਨ। ਸਰਦੇ ਬਰਦੇ ਹੋਣ ਦੇ ਬਾਵਜੂਦ ਦੁਖੀ ਹਨ।

ਦਾਨੇ (ਸਿਆਣੇ) ਕਹਿੰਦੇ ਹਨ, ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਤਾਂ ਸੁਆਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ। ਕਹਿਣ ਵਾਲੀ ਗੱਲ ਇਕ ਹੋਰ ਵੀ ਹੈ ਕਿ ਗਿੱਟੇ ਗੋਡੇ ਗਏ ਤਾਂ ਬੰਦਾ ਜਹੰਨਮ (ਨਰਕ ਵਿਚ) ਗਿਆ ! ਹੈਰਾਨੀ ਦੀ ਗੱਲ ਹੈ ਕਿ ਗਿੱਟੇ ਗੋਡੇ ਕਾਇਮ ਹੁੰਦਿਆਂ ਵੀ ਬਥੇਰੇ ਬੰਦੇ ਨਰਕ ਦੀ ਟਿਕਟ ਕਟਾਈ ਜਾ ਰਹੇ ਹਨ ਤੇ ਅਮੀਰ ਹੋਣ ਦਾ ਭਰਮ ਪਾਲ ਰਹੇ ਹਨ।  ਸੌ ’ਚੋਂ ਨੱਬੇ ਬਿਮਾਰੀਆਂ ਪੈਰੀਂ ਤੋਰਾ ਫੇਰਾ ਛੱਡ ਬਹਿਣ ਵਾਲਿਆਂ ਨੂੰ ਹੀ ਲੱਗਦੀਆਂ ਹਨ।

ਬਿਮਾਰੀਆਂ ਸਰੀਰਕ ਮੁਸ਼ੱਕਤ ਕਰਨ ਵਾਲਿਆਂ ਨੂੰ ਨਹੀਂ, ਸਗੋਂ ਉਨ੍ਹਾਂ ਨੂੰ ਲੱਗਦੀਆਂ ਹਨ ਜਿਹੜੇ ਦੁਕਾਨਾਂ, ਦਫਤਰਾਂ, ਸਟੋਰਾਂ, ਸੋਫਿਆਂ, ਕਾਰਾਂ, ਟਰੱਕਾਂ, ਟੈਕਸੀਆਂ ਤੇ ਕੋਠੀਆਂ-ਬੰਗਲਿਆਂ ਵਿਚ ਬੈਠੇ ਰਹਿੰਦੇ ਹਨ। ਜਿਹੜੇ ਦਿਮਾਗੀ ਮਿਹਨਤ ਤਾਂ ਕਰਦੇ ਹਨ ਪਰ ਸਰੀਰਕ ਹਿੱਲਜੁਲ ਬਿਲਕੁਲ ਨਹੀਂ ਕਰਦੇ। ਬੈਠੇ ਬੈਠਿਆਂ ਦੇ ਢਿੱਡ ਵਧੀ ਜਾਂਦੇ ਹਨ ਤੇ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ। ਅਜਿਹੇ ਬੰਦਿਆਂ ਤੇ ਔਰਤਾਂ ਲਈ ਪੈਰੀਂ ਤੁਰਨਾ ਬਹੁਤ ਜ਼ਰੂਰੀ ਹੈ। ਬੱਸ ਰਤਾ ਕੁ ਵਿਹਲ, ਥੋੜ੍ਹਾ ਜਿਹਾ ਉੱਦਮ ਤੇ ਮਾੜੀ ਮੋਟੀ ਕਲਪਨਾ ਦੀ ਹੀ ਲੋੜ ਹੈ। ਤੇਲ ਪਟਰੋਲ ਵੀ ਬਚੇਗਾ, ਹਵਾ ਵੀ ਸਾਫ ਸੁਥਰੀ ਮਿਲੇਗੀ, ਭੀੜ ਭੜੱਕੇ ਤੋਂ ਵੀ ਬਚਾਅ ਹੋਵੇਗਾ ਤੇ ਕਿਸੇ ’ਤੇ ਭਾਰ ਵੀ ਨਹੀਂ ਬਣਨਾ ਪਵੇਗਾ। ਇਕ ਪੰਥ, ਕਈ ਕਾਜ ਵਾਲੀ ਗੱਲ ਹੋਵੇਗੀ। ਜੇਕਰ ਸਵੇਰ ਵੇਲੇ ਸੈਰ ਕਰਨ ਦਾ ਸਮਾਂ ਨਿਕਲ ਸਕੇ ਤਾਂ ਸੋਨੇ ’ਤੇ ਸੁਹਾਗਾ ਹੋਵੇਗਾ।

ਤੁਰਨਾ, ਸਹਿਜ, ਸੁਭਾਵਕ, ਸੌਖੀ, ਸਸਤੀ ਤੇ ਸਭ ਤੋਂ ਵਧੀਆ ਕਸਰਤ ਹੈ। ਤੁਰਨ ਨਾਲ ਸਰੀਰ ਦੇ ਸਾਰੇ ਹੀ ਅੰਗਾਂ ਦੀ ਬੜੀ ਸੁਖਾਵੀਂ ਵਰਜਸ਼ ਹੋ ਜਾਂਦੀ ਹੈ। ਇਹ ਅੱਗੋਂ ਉਮਰ, ਸਰੀਰਕ ਸਮਰੱਥਾ ਤੇ ਸਮੇਂ ਉੱਤੇ ਨਿਰਭਰ ਕਰਦਾ ਹੈ ਕਿ ਤੁਰਨ ਨੂੰ ਟਹਿਲਣ, ਵਗਣ, ਦੁੜਕੀ ਜਾਂ ਦੌੜਨ ਦਾ ਕਿਹੜਾ ਰੂਪ ਦਿੱਤਾ ਜਾਵੇ ? ਕਿੰਨੀ ਵਾਟ ਤੇ ਕਿੰਨਾ ਸਮਾਂ ਤੁਰਿਆ ਜਾਵੇ ? ਚੌਪਾਏ ਤੋਂ ਦੋਪਾਏ ਬਣੇ ਬੰਦੇ ਕੋਲ ਦੋ ਪੈਰ ਇਸੇ ਲਈ ਰਹਿ ਗਏ ਹਨ ਕਿ ਇਨ੍ਹਾਂ ਨਾਲ ਤੁਰਿਆ, ਵਗਿਆ ਤੇ ਦੌੜਿਆ ਜਾਵੇ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਦਾ ਬੋਝ ਹਲਕਾ ਰੱਖਦਿਆਂ ਜੁੱਸੇ (ਸਰੀਰ) ਨੂੰ ਤੰਦਰੁਸਤ ਰੱਖਿਆ ਜਾਵੇ।

ਜਿਹੜਾ ਕੋਈ ਕੁਦਰਤ ਦੇ ਬਖ਼ਸ਼ੇ ਅੰਗਾਂ ਦੀ ਵਰਤੋਂ ਨਹੀਂ ਕਰਦਾ, ਕੁਦਰਤ ਸਮਝਦੀ ਹੈ ਕਿ ਇਨ੍ਹਾਂ ਅੰਗਾਂ ਦੀ ਵਰਤੋਂ ਕਰਨ ਵਾਲੇ ਨੂੰ ਲੋੜ ਨਹੀਂ। ਉਹ ਫਿਰ ਉਨ੍ਹਾਂ ਅੰਗਾਂ ਦੀ ਸੱਤਿਆ ਵਾਪਸ ਲੈ ਲੈਂਦੀ ਹੈ ਤੇ ਬੰਦਾ ਵੇਖਦਾ ਰਹਿ ਜਾਂਦਾ ਹੈ। ਇਸ ਲਈ ਜੀਂਦੇ ਜਾਗਦੇ ਬੰਦੇ ਕਦੇ ਵੀ ਕੁਦਰਤ ਨੂੰ ਅਜਿਹਾ ਮੌਕਾ ਨਹੀਂ ਦਿੰਦੇ ਕਿ ਉਹ ਉਨ੍ਹਾਂ ਦੇ ਅੰਗਾਂ ਦੀ ਸੱਤਿਆ ਮਾਰ ਦੇਵੇ। ਕੁਦਰਤ ਉਸੇ ਨਾਲ ਬੇਲਿਹਾਜ਼ ਹੁੰਦੀ ਹੈ ਜਿਹੜਾ ਖ਼ੁਦ ਉਸ ਨੂੰ ਅਜਿਹਾ ਕਰਨ ਦਾ ਮੌਕਾ ਦਿੰਦਾ ਹੈ। ਜਿਹੜਾ ਕੁਦਰਤ ਦੇ ਰਾਹ ਚੱਲਦਾ ਚੱਲੇ ਕੁਦਰਤ ਉਹਦੇ ਬਲਿਹਾਰ ਜਾਂਦੀ ਹੈ ਤੇ ਲੰਮੀ ਸਿਹਤਯਾਬ ਹਯਾਤੀ (ਉਮਰ, ਜ਼ਿੰਦਗੀ) ਬਖ਼ਸ਼ਦੀ ਹੈ।

ਇਹ ਠੀਕ ਹੈ ਕਿ ਆਮ ਬੰਦਾ ਬਹਾਨੇਬਾਜ਼ ਹੁੰਦਾ ਹੈ। ਉਹ ਤੁਰਨ ਤੋਂ ਬਚਣ ਦੇ ਲੱਖ ਬਹਾਨੇ ਬਣਾ ਸਕਦਾ ਹੈ। ਮਸਲਨ ਸਮਾਂ ਨਹੀਂ, ਤੁਰਨ ਲਈ ਥਾਂ ਨਹੀਂ, ਸਾਹ ਚੜ੍ਹਦਾ ਹੈ, ਹੱਡ ਪੈਰ ਦੁਖਦੇ ਹਨ, ਤੁਰਨ ਵਾਲੇ ਬੂਟ ਨਹੀਂ ਤੇ ਤੁਰਦਿਆਂ ਨੂੰ ਕੁੱਤੇ ਭੌਂਕਦੇ ਹਨ। ਹਨ੍ਹੇਰੇ ਸਵੇਰੇ ਬਾਹਰ ਨਿਕਲਣ ਦਾ ਵੇਲਾ ਨਹੀਂ, ਕੋਈ ਅਗਵਾ ਕਰ ਲਏਗਾ, ਪੁਲਿਸ ਘੇਰ ਲਏਗੀ। ਹੋਰ ਤਾਂ ਹੋਰ ਆਂਢੀ ਗੁਆਂਢੀ ਤੇ ਰਾਹ ਖਹਿੜੇ ਮਿਲਣ ਵਾਲੇ ਕੀ ਕਹਿਣਗੇ ? ਲਓ ਇਹ ਤਾਂ ਚੰਗਾ ਭਲਾ ਹੈ, ਸੁੱਖ ਨਾਲ ਕਮਾਈ ਵੀ ਬਥੇਰੀ ਐ ਤੇ ਫਿਰ ਵੀ ਨੰਗਾਂ ਵਾਂਗ ਤੁਰਿਆ ਜਾਂਦੈ। ਜੱਗ ਜ਼ਮਾਨੇ ਦਾ ਸੂਮ ! ਹੱਦ ਦਰਜੇ ਦਾ ਕੰਜੂਸ ! ! ਕੋਈ ਪੁੱਛੇ, ਤੁਰਨ ਵਾਲਾ ਕਿਸੇ ’ਤੇ ਭਾਰ ਤਾਂ ਨਹੀਂ ਬਣ ਰਿਹਾ ਬਈ ਉਹ ਏਨੀਆਂ ਗੱਲਾਂ ਕਰਨਗੇ ?

ਬਹਾਨੇਬਾਜ਼ਾਂ ਦੀ ਅਜਿਹੀ ਸੋਚ ਦੇ ਉਲਟ ਵਾੲ੍ਹੀਟ ਹਾਊਸ ’ਚ ਰਹਿੰਦੇ ਅਮਰੀਕਾ ਦੇ ਪ੍ਰਧਾਨ ਵੀ ਤੁਰਨ ਤੇ ਜੌਗਿੰਗ ਕਰਨ ਦਾ ਸਮਾਂ ਕੱਢਦੇ ਰਹੇ ਹਨ। ਬਰਾਕ ਉਬਾਮਾ ਛਾਲਾਂ ਮਾਰਦਾ ਰਿਹੈ। ਸਿੱਟੇ ਵਜੋਂ ਉਹਦਾ ਜੁੱਸਾ ਵੀ ਛਾਂਟਵਾਂ ਰਿਹਾ। ਪੱਛਮੀ ਮੁਲਕਾਂ ਵਿਚ ਮੇਮਾਂ ਤੇ ਸਾਹਬਾਂ ਨੇ ਤੁਰਨ ਫਿਰਨ ਦਾ ਗਾਹ ਪਾਇਆ ਹੋਇਐ। ਜਦੋਂ ਉਹ ਸੜਕਾਂ ’ਤੇ ਪਾਰਕਾਂ ਵਿਚ ਸ਼ਰ੍ਹੇਆਮ ਪੈਰੀਂ ਤੁਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕੰਜੂਸ ਨਹੀਂ ਕਹਿੰਦਾ। ਮੈਂ ਆਪਣੀਆਂ ਵਿਦੇਸ਼ ਫੇਰੀਆਂ ਦੌਰਾਨ ਪਾਰਕਾਂ ਦੀਆਂ ਰੌਣਕਾਂ ਵੇਖੀਆਂ ਹਨ। ਪਾਰਕਾਂ ਅੰਦਰ ਮੇਮਾਂ ਤੇ ਸਾਹਬ ਰੇਵੀਏ (ਧੀਮੇ ਦੌੜਨਾ) ਪਏ ਹੁੰਦੇ ਨੇ। ਉਹ ਸਾਹਮਣਿਓਂ ਮਿਲਣ ਵਾਲੇ ਹਰੇਕ ਬੰਦੇ ਨੂੰ ਮੁਸਕਰਾ ਕੇ ਗੁੱਡ ਮਾਰਨਿੰਗ ਕਹਿੰਦੇ ਨੇ। ਉਹ ਜੁਆਨ ਰਹਿਣ ਤੇ ਸਰੀਰ ਸਡੌਲ ਬਣਾਈ ਰੱਖਣ ਲਈ ਦੁੜੰਗੇ ਮਾਰਦੇ ਫਿਰਦੇ ਨੇ। ‘ਕੋਈ ਕੀ ਕਹੇਗਾ’, ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਇਹ ਵਾਧੂ ਦੀ ਟੀਕਾ ਟਿੱਪਣੀ ਤਾਂ ਸਾਡੇ ਲੋਕਾਂ ਦੀ ਹੀ ਸਹੇੜੀ ਹੋਈ ਹੈ।

ਅਮਰੀਕਾ-ਕੈਨੇਡਾ ਕਾਰਾਂ ਗੱਡੀਆਂ ਦੇ ਦੇਸ਼ ਹਨ। ਸੜਕਾਂ ’ਤੇ ਤਿੰਨ-ਤਿੰਨ, ਚਾਰ-ਚਾਰ ਕਾਰਾਂ ਬਰਾਬਰ ਭੱਜੀਆਂ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ। ਹਰ ਬੰਦੇ ਕੋਲ ਮੋਟਰ ਕਾਰ ਹੈ, ਪਰ ਪੈਦਲ ਤੁਰੇ ਜਾਂਦੇ ਬੰਦੇ ਦਾ ਏਨਾ ਸਤਿਕਾਰ ਹੈ ਕਿ ਜੇ ਉਹਨੇ ਸੜਕ ਪਾਰ ਕਰਨੀ ਹੋਵੇ ਤਾਂ ਕਾਰਾਂ ਰੁਕ ਜਾਂਦੀਆਂ ਹਨ ਤੇ ਪੈਦਲ ਬੰਦੇ ਨੂੰ ਸੜਕ ਪਾਰ ਕਰਨ ਲਈ ਪਹਿਲ ਦਿੱਤੀ ਜਾਂਦੀ ਹੈ। ਪਹਿਲਾਂ ਮੈਂ ਸੜਕ ਕੰਢੇ ਖੜ੍ਹ ਕੇ ਆਸੇ ਪਾਸੇ ਵੇਖਦਾ ਸੀ ਕਿ ਕਾਰਾਂ ਦਾ ਆਉਣ ਜਾਣ ਬੰਦ ਹੋਵੇ ਤਾਂ ਸੜਕ ਪਾਰ ਕਰਾਂ। ਦੇਸ਼ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ, ਪਰ ਅਮਰੀਕਾ-ਕੈਨੇਡਾ ਵਿਚ ਮੈਂ ਹੈਰਾਨ ਹੋਇਆ ਕਿ ਕਾਰਾਂ ਵਾਲਿਆਂ ਨੇ ਕਾਰਾਂ ਰੋਕ ਲੈਣੀਆਂ ਤੇ ਅਦਬ ਨਾਲ ਇਸ਼ਾਰਾ ਕਰਨਾ ਕਿ ਤੁਸੀਂ ਪਹਿਲਾਂ ਸੜਕ ਪਾਰ ਕਰ ਲਓ। ਬਾਅਦ ਵਿਚ ਪਤਾ ਲੱਗਾ ਕਿ ਇਹ ਕੋਈ ਅਹਿਸਾਨ ਨਹੀਂ ਸਗੋਂ ਉਥੋਂ ਦਾ ਟ੍ਰੈਫਿਕ ਨਿਯਮ ਹੈ ਕਿ ਸੜਕਾਂ ਉੱਤੇ ਪਹਿਲਾ ਹੱਕ ਪੈਦਲ ਯਾਤਰੀ ਦਾ ਹੈ।     

(ਚਲਦਾ)