ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਦੂਜਾ)

0
1131

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਗੁਰਬਾਣੀ ਲਿਖਤ ਨਿਯਮ ਬਨਾਮ ਆਧੁਨਿਕ ਪੰਜਾਬੀ ਲਿਪੀ (ਭਾਗ ਪਹਿਲਾ)

ਪਿਛਲੇ ਲੇਖ ’ਚ ‘ਪੰਜਾਬੀ ਭਾਸ਼ਾ’ ਅਤੇ ‘ਗੁਰਬਾਣੀ ਲਿਖਤ’ ਦੇ ਲਿਖਤੀ ਨਿਯਮ ’ਚ ਬੁਨਿਆਦੀ ਅੰਤਰ ਬਾਰੇ ਕੁਝ ਵਿਚਾਰ ਕੀਤੀ ਗਈ ਸੀ, ਜਿਸ ਨੂੰ ਕੇਵਲ ਇੱਕ ਵਚਨ ਪੁਲਿੰਗ ਨਾਂਵ (ਪੜਨਾਂਵ ਜਾਂ ਵਿਸ਼ੇਸ਼ਣ) ਦੇ ਲਿਖਤ ਨਿਯਮਾਂ ਤੱਕ ਹੀ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ’ਚ ਬਹੁ ਵਚਨ ਪੁਲਿੰਗ ਨਾਂਵ ਅਤੇ ਇਸਤ੍ਰੀ ਲਿੰਗ ਨਾਂਵ ਵਾਲ਼ੇ ਤਮਾਮ ਸ਼ਬਦ; ਅਜੋਕੀ ਪੰਜਾਬੀ ਭਾਸ਼ਾ ਵਾਙ ਹੀ (ਅੰਤ ਮੁਕਤ) ਲਿਖੇ ਜਾਂਦੇ ਹਨ ਜਾਂ ਕੁਝ ਕੁ ਅਨ੍ਯ ਭਾਸ਼ਾਵਾਂ ਦੇ ਸ਼ਬਦ ਹੋਣ ਕਾਰਨ ਅੰਤ ਸਿਹਾਰੀ (ਸੁਰਤਿ, ਭਗਤਿ, ਹਰਿ ਵਾਙ) ਦਰਜ ਹੁੰਦੇ ਹਨ। ਹਥਲੇ ਵਿਸ਼ੇ ਦੀ ਸੰਖੇਪਤਾ ਲਈ ਇਨ੍ਹਾਂ (ਅੰਤ ਮੁਕਤ ਤੇ ਅੰਤ ਸਿਹਾਰੀ ਵਾਲ਼ੇ) ਸ਼ਬਦਾਂ ਨੂੰ ਵਿਚਾਰ ਦਾ ਭਾਗ ਨਹੀਂ ਬਣਾਇਆ ਗਿਆ ਹੈ।

ਕਿਸੇ ਭਾਸ਼ਾ ਲਿਖਤ ਦੀ ਵਿਚਾਰ ਲਈ ਉਸ ਨੂੰ ਦੋ ਭਾਗਾਂ ’ਚ ਵੰਡਣਾ ਲਾਜ਼ਮੀ ਹੁੰਦਾ ਹੈ:

(ੳ) ਵਿਆਕਰਨ ਜਾਂ ਲਿਖਤ ਨਿਯਮ।

(ਅ) ਭਾਸ਼ਾਈ ਉਚਾਰਨ ਨਿਯਮ।

(ੳ). ਲਿਖਤ ਨਿਯਮ ਜਾਂ ਵਿਆਕਰਨ : ਇਸ ਭਾਗ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਬਾਣੀ ਲਿਖਤ ਮੁਤਾਬਕ ‘ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ’ (ਭਾਵ 10 ਲਗਾਂ) ਸ਼ਾਮਲ ਹਨ; ਜਿਵੇਂ ਕਿ ‘ਸ, ਸਾ, ਸਿ, ਸੀ, ਸੁ, ਸੂ, ਸੇ, ਸੈ, ਸੋ, ਸੌ’; ਪਰ ਤਿੰਨ ਸਵਰ ਅੱਖਰਾਂ (ੳ, ਅ, ੲ) ਨੂੰ 10-10 ਲਗਾਂ ਨਹੀਂ ਲਗਦੀਆਂ। ਕੇਵਲ ‘ਉ, ਊ, ਓ (3), ਅ, ਆ, ਐ, ਔ (4), ਇ, ਈ, ਏ (3) ਲਗਾਂ ਹੀ ਲੱਗਦੀਆਂ ਹਨ ਅਤੇ ਬਾਕੀ 32 (35-3=32) ਅੱਖਰ ਵਿਅੰਜਨ ਹੁੰਦੇ ਹਨ, ਜਿਨ੍ਹਾਂ ਨੂੰ ਇਹ ਤਮਾਮ 10-10 ਲਗਾਂ ਲੱਗਦੀਆਂ ਹਨ।

(ਨੋਟ: ਭਾਸ਼ਾਈ ਨਿਯਮਾਂ ਮੁਤਾਬਕ ‘ਸਵਰ’ ਉਹ ਧੁਨੀ ਹੈ, ਜੋ ਮੂੰਹ ਵਿੱਚ ਬਿਨਾਂ ਕਿਸੇ ਰੁਕਾਵਟ ਪਿਆਂ ਉਚਾਰੀ (ਬੋਲੀ) ਜਾਂਦੀ ਹੈ, ਜਦ ਕਿ ‘ਵਿਅੰਜਨ’ ਉਹ ਅੱਖਰ ਧੁਨੀ ਹੈ, ਜੋ ‘ਸਵਰ’ ਧੁਨੀ ਦੇ ਸਹਿਯੋਗ ਅਤੇ ਮੂੰਹ ਦੀ ਮਦਦ ਨਾਲ਼ ਉਚਾਰਨ ਹੁੰਦੀ ਹੈ। ਇਸ ਧੁਨੀ ਉਚਾਰਨ ਮੁਤਾਬਕ ਹੀ ‘ਕਵਰਗ (ਕ ਖ ਗ ਘ ਙ), ਚਵਰਗ (ਚ ਛ ਜ ਝ ਞ), ਟਵਰਗ (ਟ ਠ ਡ ਢ ਣ), ਤਵਰਗ (ਤ ਥ ਦ ਧ ਨ), ਪਵਰਗ (ਪ ਫ ਬ ਭ ਮ)’ ਸ਼੍ਰੇਣੀ ਵੰਡ (ਵਰਣਮਾਲਾ) ਬਣੀ, ਜਿਨ੍ਹਾਂ ਦੇ ਤਮਾਮ ਅਖੀਰਲੇ ਅੱਖਰਾਂ (ਙ, ਞ, ਣ, ਨ, ਮ) ਰਾਹੀਂ ਅਨੁਨਾਸਕ (ਨਾਸਿਕੀ) ਧੁਨੀ ਵੀ ਪ੍ਰਗਟ ਕੀਤੀ ਜਾਂਦੀ ਹੈ। ‘ਯ ਰ ਲ ੜ ਸ’ ਅੱਖਰ ਵੰਡ ਵੀ ਸਮਾਨ ਧੁਨੀ ਦੇ ਪ੍ਰਤੀਕ ਵਜੋਂ ਹਨ। ‘ਵ ਹ’ ਅੱਖਰਾਂ ਦੀ ਵਿਅੰਜਨ ਧੁਨੀ ਸਮਾਨੰਤਰ ਹੋਣ ਕਾਰਨ ਅਰਧ ਸਵਰ ਧੁਨੀ ਵੀ ਮੰਨ ਲਈ ਜਾਂਦੀ ਹਨ; ਜਿਵੇਂ ‘ਪਉੜੀ ਤੇ ਪਵੜੀ’ ਜਾਂ ‘ਗਾਵਹਿ ਤੇ ਗਾਵੈ’ (‘ਗਾਵੈ’ ’ਚ ‘ਗ+ ਆ + ਵ + ਐ’ ਹੈ) ਅਤੇ ਕੁਝ ਖ਼ਾਸ ਜਗ੍ਹਾ ‘ਯ’ ਵਿਅੰਜਨ ਧੁਨੀ ਵੀ ਸਵਰ ਧੁਨੀ ਪ੍ਰਗਟ ਕਰ ਜਾਂਦੀ ਹੈ; ਜਿਵੇਂ ‘ਗਿਆਨ ਤੇ ਗ੍ਯਾਨ’

ਇਹੀ ਵਰਣਮਾਲਾ ਪੰਜਾਬੀ ਭਾਸ਼ਾ ’ਚ 35 ਅੱਖਰੀ ਅਖਵਾਉਂਦੀ ਹੈ। ਪੰਜਾਬੀ ਐਸੀ ਅਨੋਖੀ ਭਾਸ਼ਾ ਹੈ ਜਿਸ ਦੇ ਉਚਾਰਨ ਲਈ ਕੇਵਲ ਤਿੰਨ ਹੀ ਸਵਰ ਅੱਖਰ (ੳ, ਅ, ੲ) ਕਾਫ਼ੀ ਹਨ, ਜਿਨ੍ਹਾਂ ਰਾਹੀਂ 10 ਸਵਰ ਧੁਨੀਆਂ (ਅ, ਆ, ਇ, ਈ, ਉ, ਊ, ਏ, ਐ, ਓ, ਔ) ਪ੍ਰਗਟ ਹੋ ਜਾਂਦੀਆਂ ਹਨ।)

(ਅ). ਭਾਸ਼ਾਈ ਉਚਾਰਨ ਨਿਯਮ: ਇਸ ਭਾਗ ’ਚ ਆਪਣੀ ਗੱਲ ਨੂੰ ਵਧੇਰੇ ਸਪੱਸ਼ਟ ਕਰਨ ਲਈ ਵਿਸਰਾਮ ਚਿੰਨ੍ਹਾਂ ਸਮੇਤ ‘ਬਿੰਦੀ, ਟਿੱਪੀ, ਅੱਧਕ’ (ਲਗਾਖਰ/ਲਗ + ਅੱਖਰ) ਲੈ ਲਏ ਜਾਂਦੇ ਹਨ। ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੋਣ ਕਾਰਨ ‘ਸ਼, ਖ਼, ਗ਼, ਜ਼, ਫ਼, ਲ਼’ ਅੱਖਰ ਵੀ ਧੁਨੀ ਦੇ ਉਚਾਰਨ ਢੰਗ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹਨ।

ਪੰਜਾਬੀ ਭਾਸ਼ਾ ’ਚ ‘ਬਿੰਦੀ’ ਦੀ ਵਰਤੋਂ ‘ਕੰਨਾ (ਾ), ਬਿਹਾਰੀ ( ੀ ), ਲਾਂ ( ੇ ), ਦੁਲਾਵਾਂ ( ੈ ), ਹੋੜਾ ( ੋ ), ਕਨੌੜਾ ( ੌ )’ (6 ਲਗ ਚਿੰਨ੍ਹਾਂ) ਨਾਲ਼ ਹੁੰਦੀ ਹੈ ਜਦ ਕਿ ਬਾਕੀ ਰਹੀਆਂ 4 ਲਗਾਂ (ਮੁਕਤਾ, ਸਿਹਾਰੀ ‘ ਿ’, ਔਂਕੜ ‘ ੁ’ , ਦੁਲੈਂਕੜ ‘ ੂ’ ) ਨਾਲ਼ ਟਿੱਪੀ ਚਿੰਨ੍ਹ ਦਾ ਪ੍ਰਯੋਗ ਹੁੰਦਾ ਹੈ, ਪਰ ‘ਉ, ਊ’ (ਸਵਰ) ਨਾਲ਼ ਟਿੱਪੀ ਦੀ ਬਜਾਇ ਬਿੰਦੀ ਲਗਦੀ ਹੈ। ‘ਬਿੰਦੀ’ ਅਤੇ ‘ਟਿੱਪੀ’ ਦੀ ਅਨੁਨਾਸਕ ਧੁਨੀ ਇੱਕ ਸਮਾਨ ਹੀ ਹੁੰਦੀ ਹੈ।

ਗੁਰਬਾਣੀ ਲਿਖਤ ’ਚ ਕਈ ਜਗ੍ਹਾ ‘ਬਿਹਾਰੀ ( ੀ ), ਉ, ਊ’ ਨੂੰ ਵੀ ਪੰਜਾਬੀ ਭਾਸ਼ਾ ਤੋਂ ਵਿਪਰੀਤ ਭਾਵ ਬਿੰਦੀ ਦੀ ਬਜਾਇ ਟਿੱਪੀ ਲੱਗੀ ਹੋਈ ਮਿਲਦੀ ਹੈ; ਜਿਵੇਂ ਕਿ ‘ਕਰੰਉ, ੲੰੀਧਨ’, ਆਦਿ :

ਨਾਨਕ ! ਦਾਸੁ ਸਦਾ ਸੰਗਿ ਸੇਵਕੁ; ਤੇਰੀ ਭਗਤਿ ‘ਕਰੰਉ’ ਲਿਵ ਲਾਏ ॥ (ਮ: ੫/੫੭੭)

(ਨੋਟ: ਉਕਤ ਤੁਕ ’ਚ ‘ਕਰੰਉ’ ਸ਼ਬਦ ’ਚ ‘ਰ’ ਅੱਖਰ ਨੂੰ ਟਿੱਪੀ ‘ਰੰ’ ਨਹੀਂ ਬਲਕਿ ‘ਉ’ ਨਾਲ਼ ‘ ੰਉ’ ਹੈ।)

‘ੲੰੀਧਨ’ ਤੇ ਬੈਸੰਤਰੁ (ਲੱਕੜ ਤੋਂ ਅੱਗ) ਭਾਗੈ ॥ ਮਾਟੀ ਕਉ; ਜਲੁ ਦਹ ਦਿਸ ਤਿਆਗੈ ॥ (ਮ: ੫/੯੦੦), ਆਦਿ।

‘ਅੱਧਕ’ (ਚਿੰਨ੍ਹ); ਕੇਵਲ ਪੰਜਾਬੀ ਭਾਸ਼ਾ ਦਾ ਪ੍ਰਤੀਕ ਹੈ ਕਿਉਂਕਿ ਇਸ ਵਿੱਚ ਦੂਹਰਾ (ਦੁੱਤ) ਅੱਖਰ ਨਹੀਂ ਹੁੰਦਾ। ਇਹ ‘ਅੱਧਕ’ ਹੀ ਆਪਣੇ ਤੋਂ ਅਗਲੇ ਅੱਖਰ ਦਾ ਦੁੱਤੀਕਰਨ (ਦੂਹਰਾਪਣ) ਕਰ ਦਿੰਦੀ ਹੈ; ‘ਦਿਲ੍ਲੀ’ ਨੂੰ ‘ਦਿੱਲੀ’, ‘ਮਸ਼ਕ੍ਕਤ’ ਨੂੰ ‘ਮਸ਼ੱਕਤ’।

ਪਿਛਲੇ ਲੇਖ (ਭਾਗ 1) ’ਚ ਗੁਰਬਾਣੀ ਲਿਖਤ ਅਤੇ ਪੰਜਾਬੀ ਭਾਸ਼ਾ ਦੇ ਵਿਆਕਰਨ (ਲਿਖਤ) ਨਿਯਮ ਭਾਵ 10 ਲਗਾਂ ਦੀ ਅੰਸ਼ਿਕ ਵਿਚਾਰ ਕੀਤੀ ਗਈ ਸੀ ਅਤੇ ਇਸ ਹਥਲੇ ਲੇਖ ’ਚ ਪੰਜਾਬੀ ਭਾਸ਼ਾ ਅਤੇ ਗੁਰਬਾਣੀ ਦਾ ‘ਭਾਸ਼ਾਈ ਉਚਾਰਨ ਨਿਯਮ’ ਵਿਚਾਰਨ ਦਾ ਯਤਨ ਕੀਤਾ ਜਾਏਗਾ।

ਗੁਰਬਾਣੀ ਪਾਠ ਦੌਰਾਨ ਇੱਕ ਜਗ੍ਹਾ ਤੋਂ ਨਾਸਿਕੀ ਉਚਾਰਨ ਦੀ ਸੇਧ ਲੈ ਕੇ ਸਮਾਨੰਤਰ ਅਰਥਾਂ ਵਾਲ਼ੇ ਦੂਸਰੇ ਸ਼ਬਦਾਂ ਦਾ ਵੀ ਨਾਸਿਕੀ ਉਚਾਰਨ ਕਰਨ ਵਾਲ਼ੇ ਗੁਰਸਿੱਖਾਂ ਨਾਲ਼ ਅਸਹਿਮਤ ਕੁਝ ਗੁਰਸਿੱਖ ਸੱਜਣ, ਜੋ ਗੁਰਮੁਖੀ ਲਿਖਤ ਨੂੰ ਗਹੁ ਨਾਲ਼ ਵਿਚਾਰਨ ਦਾ ਯਤਨ ਵੀ ਕਰਦੇ ਹਨ ਭਾਵ ਖੋਜੀ ਬਿਰਤੀ ਦੇ ਮਾਲਕ ਵੀ ਅਖਵਾਉਂਦੇ ਹਨ, ਉਹ ਆਮ ਤੌਰ ’ਤੇ ਦੋ ਸਵਾਲ ਕਰਦੇ ਵੇਖੇ ਗਏ ਹਨ:

(ਨੋਟ: ਜ਼ਿਆਦਾਤਰ ਸਿੱਖ; ‘ਗੁਰਬਾਣੀ ਲਿਖਤ ਨਿਯਮ’ ਤੇ ‘ਗੁਰਬਾਣੀ ਉਚਾਰਨ ਨਿਯਮ’ ਦੀ ਵਿਚਾਰ ਦਾ ਇਸ ਲਈ ਵਿਰੋਧ ਕਰਦੇ ਵੇਖੇ ਗਏ ਕਿਉਂਕਿ ਉਨ੍ਹਾਂ ਮੁਤਾਬਕ ਵਿਸ਼ਾ ਕਠਿਨ ਹੁੰਦਾ ਹੈ, ਜੋ ਉਨ੍ਹਾਂ ਦੀ ਬੁੱਧੀ ਦੀ ਪਕੜ ’ਚੋਂ ਬਾਹਰ ਰਹਿਣ ਕਾਰਨ ਆਪਣੀ ਕਮਜੋਰੀ ਨੂੰ ਛੁਪਾਉਣ ਲਈ ਵਿਰੋਧ ਕਰ ਬੈਠਦੇ ਹਨ। ਇਸ ਲਈ ਅਜਿਹੀ ਸੋਚ ਨੂੰ ਖੋਜੀ ਬਿਰਤੀ ਨਹੀਂ ਕਿਹਾ ਜਾ ਸਕਦਾ।)

ਸਵਾਲ ਨੰਬਰ 1. ਜਦ ਆਧੁਨਿਕ ਭਾਸ਼ਾ; ਗੁਰਮੁਖੀ ਲਿਖਤ ਤੋਂ ਭਿੰਨ ਹੈ ਤਾਂ ਇਸ ਦਾ ਉਚਾਰਨ; ਅਜੋਕੀ ਭਾਸ਼ਾ ਵਾਙ (ਨਾਸਿਕੀ) ਕਿਉਂ ਕੀਤਾ ਜਾਂਦਾ ਹੈ ?

ਸਵਾਲ ਨੰਬਰ 2. ਜਦ ਗੁਰਬਾਣੀ ’ਚ ਕੁਝ ਕੁ ਸ਼ਬਦਾਂ ਨੂੰ ਬਿੰਦੀ ਲੱਗੀ ਹੋਈ ਹੈ ਭਾਵ ਤਦ ਬਿੰਦੀ ਪ੍ਰਚਲਿਤ ਸੀ, ਜੋ ਜ਼ਰੂਰਤ ਮੁਤਾਬਕ ਲਗਾਈ ਵੀ ਗਈ, ਫਿਰ ਹੁਣ ਵਾਧੂ ਹੋਰ ਬਿੰਦੀਆਂ ਦਾ ਪ੍ਰਯੋਗ ਕਰਨਾ ਉਚਿਤ ਕਿਵੇਂ ?

ਧਿਆਨ ਰਹੇ ਕਿ

(1). ਪੰਜਾਬੀ ਭਾਸ਼ਾ ਦਾ ‘ਨੂੰ’ ਸ਼ਬਦ; ਗੁਰਬਾਣੀ ਲਿਖਤ ’ਚ ਨਹੀਂ ਮਿਲਦਾ, ਇਸ ਦੀ ਬਜਾਇ ‘ਨੋ’ (437 ਵਾਰ) ਅਤੇ ‘ਕਉ’ (1607 ਵਾਰ) ਦਰਜ ਹੈ, ਜਿਨ੍ਹਾਂ ਦੇ ਅਰਥਾਂ ’ਚ ਕੋਈ ਭਿੰਨਤਾ ਨਹੀਂ।

(2). ਗੁਰਬਾਣੀ ਵਿੱਚ ਕਿਸੇ ਵੀ ਅੱਖਰ ਦੇ ਪੈਰ ’ਚ ਬਿੰਦੀ ਅਤੇ ਅੱਧਕ ਦਾ ਪ੍ਰਯੋਗ ਨਹੀਂ ਕੀਤਾ ਗਿਆ।

(3). ਅਜੋਕੀ ਪੰਜਾਬੀ ਦੇ ਸ਼ਬਦ ‘ਵਿੱਚ ਅਤੇ ’ਚ’ ਦੀ ਜਗ੍ਹਾ ਗੁਰਬਾਣੀ ’ਚ ‘ਬਿਚਿ (5 ਵਾਰ, ਮਲਵਈ) ਬੀਚਿ (3 ਵਾਰ, ਮਲਵਈ), ਵਿਚਿ (336 ਵਾਰ), ਮਹਿ (1160 ਵਾਰ), ਮਾਹਿ’ (333 ਵਾਰ) ਸ਼ਬਦ ਮੌਜੂਦ ਹਨ। ਜਿਵੇਂ ਪੰਜਾਬੀ ’ਚ ‘ਵਿੱਚ’ਦੀ ਜਗ੍ਹਾ ਜ਼ਿਆਦਾਤਰ  ‘ ’ਚ ’ (ਸੰਖੇਤ ਸ਼ਬਦ) ਦਾ ਪ੍ਰਯੋਗ ਹੁੰਦਾ ਹੈ, ਵੈਸੇ ਹੀ ਗੁਰਬਾਣੀ ’ਚ ‘ਮਾਹਿ’ (333 ਵਾਰ) ਦੇ ਮੁਕਾਬਲੇ ‘ਮਹਿ’ (1160 ਵਾਰ, ਸੰਖੇਪ) ਸ਼ਬਦ ਦਾ ਪ੍ਰਯੋਗ ਵਧੀਕ ਹੈ।

ਧਿਆਨ ਰਹੇ ਕਿ ਗੁਰਬਾਣੀ ’ਚ ‘ਵਿਚੁ (3 ਵਾਰ), ਬੀਚੁ (5 ਵਾਰ)’ ਦਾ ਅਰਥ (‘ਵਿਚਿ, ਬਿਚਿ, ਬੀਚਿ’ ਵਾਙ ਸੰਬੰਧਕੀ ਨਹੀਂ ਬਲਕਿ) ਵਿਚੋਲਾ, ਵਕੀਲ, ਪਰਦਾ, ਵਿੱਥ, ਆਦਿ (ਇੱਕ ਵਚਨ ਪੁਲਿੰਗ ਨਾਂਵ) ਹੈ; ਜਿਵੇਂ ਕਿ

‘ਵਿਚੁ’ ਨ ਕੋਈ ਕਰਿ ਸਕੈ; ਕਿਸ ਥੈ ਰੋਵਹਿ ਰੋਜ ॥ (ਮ: ੫/੧੩੫)

‘ਬੀਚੁ’ ਨ ਕੋਇ ਕਰੇ; ਅਕ੍ਰਿਤਘਣੁ ਵਿਛੁੜਿ ਪਇਆ ॥ (ਮ: ੫/੫੪੬), ਆਦਿ।)

ਉਕਤ ਪਹਿਲਾ ਸਵਾਲ ਕਿ ਗੁਰਮੁਖੀ ਲਿਖਤ ਨੂੰ ਨਵੀਨਤਮ ਭਾਸ਼ਾ ਵਾਙ (ਬਿੰਦੀ ਸਹਿਤ) ਕਿਉਂ ਉਚਾਰਨ ਕੀਤਾ ਜਾਂਦਾ ਹੈ ? ਦੇ ਜਵਾਬ ਲਈ ਗੁਰਬਾਣੀ ’ਚੋਂ ‘ਕਾਇਆ’ ਸ਼ਬਦ ਮਿਸਾਲ ਵਜੋਂ ਲਿਆ ਗਿਆ ਹੈ, ਜਿਸ ਦੀ ਮੌਜੂਦਗੀ ਗੁਰਬਾਣੀ ’ਚ ‘ਕਾਂਇਆ’ (12 ਵਾਰ), ‘ਕਾਇਆਂ’ (1 ਵਾਰ) ਅਤੇ ‘ਕਾਇਆ’ (174 ਵਾਰ) ਹੈ। ‘ਕਾਇਆ’, ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਜੋਕਾ ਸਰੂਪ ‘ਕਾਯਮ੍’ (ਨਪੁੰਸਕ ਲਿੰਗ) ਹੈ ਭਾਵ ਇਸ ਸ਼ਬਦ ’ਚ ਅਜੋਕੀ ਕੋਈ ਅਨੁਨਾਸਕ ਧੁਨੀ ਨਹੀਂ।

ਕੀਤੇ ਜਾਂਦੇ ਪਹਿਲੇ ਸਵਾਲ ਮੁਤਾਬਕ ਅਗਰ ਗੁਰਬਾਣੀ ’ਚ ਦਰਜ ਪੁਰਾਤਨ ਸ਼ਬਦਾਂ ਨੂੰ ਆਧੁਨਿਕ ਭਾਸ਼ਾ ਵਾਙ ਉਚਾਰਨ ਕਰੀਏ ਤਾਂ ਗੁਰਬਾਣੀ ’ਚ ਮੌਜੂਦ ਬਿੰਦੀ ਸਹਿਤ ‘ਕਾਂਇਆ (12 ਵਾਰ) ਅਤੇ ਕਾਇਆਂ’ (1 ਵਾਰ) ਨੂੰ ਵੀ ‘ਕਾਇਆ’ (174 ਵਾਰ) ਵਾਙ ਬਿੰਦੀ ਰਹਿਤ ਹੀ ਉਚਾਰਨ ਕਰਨਾ ਪਏਗਾ ਜਦ ਕਿ ਗੁਰਬਾਣੀ ਉਚਾਰਨ ਸੰਬੰਧੀ ‘ਕਾਇਆ’ (174 ਵਾਰ) ਨੂੰ ਵੀ ‘ਕਾਇਆਂ (12 ਵਾਰ) ਜਾਂ ਕਾਂਇਆ’ (1 ਵਾਰ) ਵਾਙ ਨਾਸਿਕੀ ਧੁਨੀ ਬੋਲਣ ਦੀ ਸੇਧ ਦਿੱਤੀ ਜਾ ਰਹੀ ਹੈ।

ਗੁਰਬਾਣੀ ਲਿਖਤ ਬਾਬਾ ਫ਼ਰੀਦ ਜੀ (ਜਨਮ ਸੰਨ 1173) ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ (ਸ਼ਹੀਦੀ ਸੰਨ 1675) ਤੱਕ ਲਗਭਗ 5 ਸਦੀਆਂ ਦੀ ਸਾਹਿਤਕ ਰਚਨਾ ਹੈ; ਜਿਸ ਵਿੱਚ ਪਹਿਲੀ ਵਾਰ ‘ਕਾਂਇਆ’ (ਬਿੰਦੀ ਸਹਿਤ) ਉਚਾਰਨ ਭਗਤ ਕਬੀਰ ਜੀ ਨੇ ਕੀਤਾ ਹੈ, ਜਿਨ੍ਹਾਂ ਉਪਰੰਤ ‘ਗੁਰੂ ਨਾਨਕ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਜੀ’ ਨੇ ਵੀ ‘ਕਾਂਇਆ’ (ਬਿੰਦੀ) ਸਮੇਤ ਗੁਰਬਾਣੀ ਦੀ ਰਚਨਾ ਕੀਤੀ; ਜਿਵੇਂ ਕਿ

ਕਾਂਇਆ ਮਾਂਜਸਿ ਕਉਨ ਗੁਨਾਂ  ? ॥ ਜਉ ਘਟ ਭੀਤਰਿ ਹੈ ਮਲਨਾਂ ॥ (ਭਗਤ ਕਬੀਰ/੬੫੬)

ਕਾਂਇਆ ਹੰਸ ਥੀਆ (ਹੋ ਗਿਆ) ਵੇਛੋੜਾ, ਜਾਂ ਦਿਨ ਪੁੰਨੇ (ਮੁੱਕ ਗਏ) ਮੇਰੀ ਮਾਏ ! ॥ (ਅਲਾਹਣੀਆ/ਮ: ੧/੫੭੯)

ਪਵਣੈ ਪਾਣੀ ਜਾਣੈ ਜਾਤਿ ॥ ‘ਕਾਇਆਂ’ ਅਗਨਿ ਕਰੇ ਨਿਭਰਾਂਤਿ ॥ (ਮ: ੧/੧੨੫੬)

ਕਾਂਇਆ ਸਾਧੈ, ਉਰਧ ਤਪੁ ਕਰੈ, ਵਿਚਹੁ ਹਉਮੈ ਨ ਜਾਇ ॥ (ਮ: ੩/੩੩)

ਨਾਨਕ ! ਹਟ ਪਟਣ ਵਿਚਿ ਕਾਂਇਆ, ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥ (ਮ: ੪/੯੫)

ਗੋਬਿੰਦ ਕੀ ਟਹਲ, ਸਫਲ ਇਹ ਕਾਂਇਆ ॥ (ਮ: ੫/੨੦੧)

ਜਬ ਹੀ ਹੰਸ ਤਜੀ ਇਹ ਕਾਂਇਆ, ਪ੍ਰੇਤ ਪ੍ਰੇਤ ਕਰਿ ਭਾਗੀ ॥ (ਮ: ੯/੬੩੪), ਆਦਿ।

ਸੋ, ਉਕਤ ਕੀਤਾ ਜਾਂਦਾ ਪਹਿਲਾ ਸਵਾਲ (ਕਿ ਗੁਰਮੁਖੀ ਨੂੰ ਅਜੋਕੀ ਭਾਸ਼ਾ ਵਾਙ ਉਚਾਰਨ ਕੀਤਾ ਜਾਂਦਾ ਹੈ) ਨਿਰਮੂਲ, ਨਿਰਾਧਾਰ ਅਤੇ ਬੇਦਲੀਲ ਜਾਪਦਾ ਹੈ।

ਦੂਸਰਾ ਸਵਾਲ ਇਹ ਹੈ ਕਿ ਗੁਰਬਾਣੀ ਵਿੱਚ ਜਿੱਥੇ ਬਿੰਦੀ ਦਰਜ ਹੋਵੇ ਉੱਥੇ ਉਚਾਰਨ ਵੀ ਨਾਸਿਕੀ ਕੀਤਾ ਜਾਵੇ ਅਤੇ ਬਾਕੀ ਸਮਾਨੰਤਰ ਸ਼ਬਦਾਰਥ ਹੋਣ ਦੇ ਬਾਵਜੂਦ ਵੀ ਬਿੰਦੀ ਰਹਿਤ ਉਚਾਰਨ ਕਰਨਾ ਗੁਰਬਾਣੀ ਦਾ ਦਰੁਸਤ ਪਾਠ ਹੈ।

ਇਸ ਸਵਾਲ ਦੇ ਜਵਾਬ ਲਈ ਗੁਰਬਾਣੀ ’ਚੋਂ ‘ਵਡਿਆਈਆ’ ਸ਼ਬਦ ਮਿਸਾਲ ਵਜੋਂ ਲਿਆ ਗਿਆ ਹੈ, ਜੋ ਗੁਰਬਾਣੀ ’ਚ ‘ਵਡਿਆਈਆ’ (32 ਵਾਰ), ‘ਵਡਿਆਈਆਂ’ (3 ਵਾਰ), ‘ਵਡਿਆਂਈਆ’ (1 ਵਾਰ) ਮੌਜੂਦ ਹੈ।

ਗੁਰਬਾਣੀ ਦੀ ਪੁਰਾਤਨ ਲਿਖਤ ਸੰਗਲੀ ਰੂਪ (ਪਦ ਛੇਦ ਰਹਿਤ) ਸੀ, ਜਿਸ ਦਾ ਉਤਾਰਾ (ਕਾਪੀ) ਕਰਦਿਆਂ ਗ਼ਲਤੀਆਂ ਦੀ ਗੁੰਜਾਇਸ਼ ਵਧ ਜਾਂਦੀ ਹੈ; ਜਿਵੇਂ ਕਿ

ਜਾਤੂੰਵਡਾਸਭਿਵਡਿਆਂਈਆਚੰਗੈਚੰਗਾਹੋਈ॥ਜਾਤੂੰਸਚਾਤਾਸਭੁਕੋਸਚਾਕੂੜਾਕੋਇਨਕੋਈ॥ (ਮਾਝ ਕੀ ਵਾਰ/ਮ:੧/੧੪੫)

ਇਸ ਤੁਕ ’ਚ ਸ਼ਾਮਲ ‘ਵਡਿਆਂਈਆ’ ਸ਼ਬਦ ਦੇ ਵਿਚਕਾਰਲੇ ‘ਆ’ ਨੂੰ ‘ਆਂ’ ਲਿਖਣਾ ਉਤਾਰੇ ਦੀ ਗ਼ਲਤੀ ਜਾਪਦੀ ਹੈ, ਜੋ ਕਿ ਗੁਰਬਾਣੀ ਅਤੇ ਨਵੀਨਤਮ ਪੰਜਾਬੀ ਅਨੁਸਾਰ ਦਰੁਸਤ ਨਹੀਂ।

ਸੋਚੋ, ਅਗਰ ਗੁਰੂ ਜੀ ਵਾਰ-ਵਾਰ ਸਮਾਨੰਤਰ ਅਰਥਾਂ ਵਾਲ਼ੇ ਸਬਦਾਂ ਲਈ ਸੰਕੇਤਕ ਚਿੰਨ੍ਹਾਂ ਦੀ ਵਰਤੋਂ ਕਰਨ ਦੀ ਬਜਾਇ ਸਾਰੇ ਹੀ ਸ਼ਬਦਾਂ ਦੇ ਤਤਕਾਲੀਨ (ਪ੍ਰਚਲਿਤ) ਉਚਾਰਨ ਦੇ ਗਏ ਹੁੰਦੇ ਤਾਂ ਹੱਥ ਲਿਖਤ ਉਤਾਰੇ ਦੌਰਾਨ ਵਿਖਾਈ ਦੇ ਰਹੀ ਉਕਤ ਗ਼ਲਤੀ (ਵਡਿਆਂਈਆ) ਵਾਙ ਤਰੁਟੀਆਂ ’ਚ ਹੋਰ ਵੀ ਵਾਧਾ ਹੋਣਾ ਸੀ, ਜੋ ਕਿ ਸ਼ਬਦਾਰਥਾਂ ਦੇ ਭਾਵਾਰਥਾਂ ਨੂੰ ਹੀ ਬਦਲ ਦਿੰਦਾ।

ਗੁਰਬਾਣੀ ਸ਼ਬਦ ਵਿਚਾਰ ਕਰਦਿਆਂ ਗੁਰੂ ਸਾਹਿਬਾਨ ਜੀ ਦੀ ਦੀਰਘ ਸੋਚ ਦੀ ਝਲਕ ਪ੍ਰਤੱਖ ਵਿਖਾਈ ਦਿੰਦੀ ਹੈ, ਜਿਸ ਨੂੰ ਸੰਕੇਤਕ ਹਦਾਇਤਾਂ ਵੀ ਕਹਿ ਸਕਦੇ ਹਾਂ; ਜਿਵੇਂ ਕਿ

(1). ਗੁਰਬਾਣੀ ’ਚ ਸ਼ਬਦ ਵੰਡ, ਅਸਟਪਦੀ ਵੰਡ, ਪਉੜੀ ਵੰਡ, ਵਾਰ ਵੰਡ, ਸਲੋਕ ਵੰਡ, ਗੁਰੂ ਬਾਣੀ ਵੰਡ, ਭਗਤ ਬਾਣੀ ਵੰਡ, ਰਾਗ ਵੰਡ, ਘਰੁ ਵੰਡ’ ਆਦਿ ਤਰਤੀਬ ਬਣਾਈ ਗਈ ਹੈ। ਗੁਰੂ ਨਾਨਕ ਜੀ ਨੂੰ ਪਹਿਲ ਦੇ ਆਧਾਰ ’ਤੇ ਪ੍ਰਮੁੱਖਤਾ ਦਿੱਤੀ ਗਈ, ਜਿਨ੍ਹਾਂ ਉਪਰੰਤ ਤੀਜੇ, ਚੌਥੇ, ਪੰਜਵੇਂ ਤੇ ਨਾਵੇਂ ਪਾਤਿਸ਼ਾਹ ਜੀ ਦੀ ਬਾਣੀ ਦਰਜ ਕੀਤੀ ਗਈ, ਇਨ੍ਹਾਂ ਉਪਰੰਤ ਭਗਤ ਬਾਣੀ ਤਰਤੀਬ ਬਣਾਈ ਗਈ ਹੈ। ਇਸ ਸਿਧਾਂਤ ਨੂੰ ਮਿਲਗੋਭਾ (ਰਲਗੱਡ) ਤੋਂ ਸਦੀਵੀ ਬਚਾਏ ਰੱਖਣ ਲਈ ਅੰਕ ਤਾਲਿਕਾ (ਸੂਚੀ) ਬੜਾ ਹੀ ਮਹੱਤਵ ਪੂਰਨ ਯੋਗਦਾਨ ਪਾਉਂਦੀ ਹੈ, ਜੋ ਕਿ ਗੁਰਬਾਣੀ ’ਚ ਹਰ ਸ਼ਬਦ ਦੀ ਸਮਾਪਤੀ ’ਤੇ ਅੰਕਿਤ ਹੈ। ਇਸ ਵੇਰਵੇ ਬਾਰੇ ਅੰਸ਼ਿਕ ਸੰਕੇਤਕ ਹਦਾਇਤ ਵੀ ਨਾਲ਼ ਹੀ ਦਰਜ ਕੀਤੀ ਗਈ; ਜਿਵੇਂ

ਹਮ ਪਾਪੀ ਨਿਰਗੁਣ ਕਉ; ਗੁਣੁ ਕਰੀਐ ॥ ਪ੍ਰਭ ਹੋਇ ਦਇਆਲੁ; ਨਾਨਕ ! ਜਨ ਤਰੀਐ ॥੮॥੧੬॥ ‘ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥’ (ਮ: ੧/੨੨੮)

(ਨੋਟ: ਉਕਤ ਅਸਟਪਦੀ (ਅੱਠ ਪਦਿਆਂ ਵਾਲ਼ੇ ਸ਼ਬਦ) ਦੇ ਅੱਠਵੇਂ ਪਦੇ ਦੀ ਸਮਾਪਤੀ ’ਚ ਦਰਜ ਕੀਤੇ ਗਏ ਅੰਕ ੮॥ ੧੬ ਨੂੰ ਸਮਝਾਉਣ ਲਈ ‘ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥’ ਰਾਗ ਵੰਡ ਅਤੇ ਅਸਟਪਦੀ ਵੰਡ ਬਾਬਤ ਸੰਕੇਤ ਕੀਤਾ ਗਿਆ ਹੈ।)

(2). ਗੁਰਬਾਣੀ ’ਚ ‘ਮਹਲਾ’ ਸ਼ਬਦ ਕੁੱਲ 2631 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 2621 ਵਾਰ ਕੇਵਲ ਸਿਰਲੇਖ ਵਜੋਂ ਹੈ, ਜਿੱਥੇ ‘ਮਹਲਾ’ ਦੇ ਨਾਲ਼ ਅੰਕ ‘੧, ੨, ੩, ੪, ੫, ੯’ ਵੀ ਵਰਤਿਆ ਗਿਆ ਹੈ, ਜਿਨ੍ਹਾਂ ਦਾ ਉਚਾਰਨ ‘ਇੱਕ, ਦੋ, ਤਿੰਨ’, ਆਦਿ ਕਰਨਾ ਹੈ ਜਾਂ ‘ਪਹਿਲਾ, ਦੂਜਾ, ਤੀਜਾ’ ਆਦਿ, ਬਾਰੇ ਵੀ ਸੰਕੇਤ ਸਪੱਸ਼ਟ ਹੈ ਕਿਉਂਕਿ ਗੁਰਬਾਣੀ ’ਚ 568 ਵਾਰ ‘ੴ’ ਸ਼ਬਦ ’ਚ ਵੀ ‘੧’ ਅੰਕ ਮੌਜੂਦ ਹੈ, ਤਾਂ ਜੋ ਇਸ ਦੇ ਉਚਾਰਨ ਵਾਙ ਸਿਰਲੇਖ (ਮਹਲਾ ੧ ਨੂੰ ਮਹਲਾ ਇੱਕ) ਨਾ ਪੜ੍ਹਿਆ ਜਾਏ।

(ੳ). ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਗੁਰਬਾਣੀ ’ਚ 977 ਸ਼ਬਦ ਹਨ। ਇੰਨੇ ਸਿਰਲੇਖਾਂ ’ਚ ‘ਮਹਲਾ ੧’ ਦਾ ਉਚਾਰਨ ਵਾਰ-ਵਾਰ ਦੱਸਣ ਦੀ ਬਜਾਇ ਮਾਤਰ 2 ਸਿਰਲੇਖਾਂ ’ਚ ਹੀ ‘੧’ ਦੇ ਨਾਲ਼ ਵਾਧੂ ‘ਪਹਿਲਾ’ ਵੀ ਦਰਜ ਕੀਤਾ ਗਿਆ। ਇਹ (ਪਹਿਲਾ) ਸੰਕੇਤਕ ਚਿੰਨ੍ਹ ਇੱਕ ਵਾਰ ਅੰਕ ‘੧’ ਦੇ ਅਗੇਤਰ (ਮਹਲਾ ‘ਪਹਿਲਾ ੧’) ਅਤੇ ਦੂਜੀ ਵਾਰ ਪਿਛੇਤਰ (ਮਹਲਾ ‘੧ ਪਹਿਲਾ’) ਦਰਜ ਕੀਤਾ ਗਿਆ; ਜਿਵੇਂ ਕਿ

ਰਾਗੁ ਸਿਰੀਰਾਗੁ ‘ਮਹਲਾ ਪਹਿਲਾ ੧’ ਘਰੁ ੧ ॥ ਮੋਤੀ ਤ ਮੰਦਰ ਊਸਰਹਿ; ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ; ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ, ਵੀਸਰੈ; ਤੇਰਾ ਚਿਤਿ ਨ ਆਵੈ ਨਾਉ ॥ (ਮ: ੧/੧੪)

ਸੋਰਠਿ ‘ਮਹਲਾ ੧ ਪਹਿਲਾ’ ਦੁਤੁਕੀ ॥ ਤੂ ਗੁਣਦਾਤੌ ਨਿਰਮਲੋ ਭਾਈ ! ਨਿਰਮਲੁ ਨਾ ਮਨੁ ਹੋਇ ॥ ਹਮ ਅਪਰਾਧੀ ਨਿਰਗੁਣੇ ਭਾਈ ! ਤੁਝ ਹੀ ਤੇ ਗੁਣੁ ਸੋਇ ॥ (ਮ: ੧/੬੩੬)

(ਅ). ਗੁਰੂ ਅਮਰ ਦਾਸ ਜੀ ਦੁਆਰਾ ਰਚਿਤ ਗੁਰਬਾਣੀ ਵਿੱਚ 869 ਸ਼ਬਦ ਹਨ, ਪਰ ‘ਮਹਲਾ ੩’ ਲਈ ਸੰਕੇਤਕ ਹਦਾਇਤ ‘ਤੀਜਾ’ ਮਾਤਰ ਤਿੰਨ ਵਾਰ ਹੀ ਦਰਜ ਹੈ; ਜਿਵੇਂ ਕਿ

ਗੂਜਰੀ ‘ਮਹਲਾ ੩ ਤੀਜਾ’ ॥ ਏਕੋ ਨਾਮੁ ਨਿਧਾਨੁ ਪੰਡਿਤ ! ਸੁਣਿ ਸਿਖੁ ਸਚੁ ਸੋਈ ॥ ਦੂਜੈ ਭਾਇ ਜੇਤਾ ਪੜਹਿ; ਪੜਤ ਗੁਣਤ ਸਦਾ ਦੁਖੁ ਹੋਈ ॥ (ਮ: ੩/੪੯੨)

ਧਨਾਸਰੀ ‘ਮਹਲਾ ੩ ਤੀਜਾ’ ॥ ਜਗੁ ਮੈਲਾ; ਮੈਲੋ ਹੋਇ ਜਾਇ ॥ ਆਵੈ ਜਾਇ; ਦੂਜੈ ਲੋਭਾਇ ॥ (ਮ: ੩/੬੬੪)

ਬਸੰਤੁ ‘ਮਹਲਾ ੩ ਤੀਜਾ’ ॥ ਬਸਤ੍ਰ ਉਤਾਰਿ; ਦਿਗੰਬਰੁ ਹੋਗੁ ॥ ਜਟਾਧਾਰਿ, ਕਿਆ ਕਮਾਵੈ ਜੋਗੁ  ? ॥ ਮਨੁ ਨਿਰਮਲੁ ਨਹੀ; ਦਸਵੈ ਦੁਆਰ ॥ ਭ੍ਰਮਿ ਭ੍ਰਮਿ ਆਵੈ; ਮੂੜ੍ਾ ਵਾਰੋ ਵਾਰ ॥ (ਮ: ੩/੧੧੬੯)

(ੲ). ਗੁਰੂ ਰਾਮਦਾਸ ਜੀ ਦੁਆਰਾ ਰਚਿਤ ਗੁਰਬਾਣੀ ਵਿੱਚ 638 ਸ਼ਬਦ ਹਨ, ਪਰ ‘ਮਹਲਾ ੪’ ਲਈ ਸੰਕੇਤਕ ਹਦਾਇਤ ‘ਚਉਥਾ’ ਮਾਤਰ ਦੋ ਵਾਰ ਹੀ ਦਰਜ ਹੈ; ਜਿਵੇਂ ਕਿ

ਗਉੜੀ ਗੁਆਰੇਰੀ ‘ਮਹਲਾ ੪ ਚਉਥਾ’ ਚਉਪਦੇ ੴ ਸਤਿ ਗੁਰ ਪ੍ਰਸਾਦਿ ॥ ਪੰਡਿਤੁ; ਸਾਸਤ ਸਿਮਿ੍ਰਤਿ ਪੜਿਆ ॥ ਜੋਗੀ; ਗੋਰਖੁ ਗੋਰਖੁ ਕਰਿਆ ॥ ਮੈ ਮੂਰਖ, ਹਰਿ ਹਰਿ ਜਪੁ ਪੜਿਆ ॥ (ਮ: ੪/੧੬੩)

ਸੋਰਠਿ ‘ਮਹਲਾ ੪ ਚਉਥਾ’ ॥ ਆਪੇ ਅੰਡਜ ਜੇਰਜ ਸੇਤਜ ਉਤਭੁਜ; ਆਪੇ ਖੰਡ, ਆਪੇ ਸਭ ਲੋਇ ॥ ਆਪੇ ਸੂਤੁ, ਆਪੇ ਬਹੁ ਮਣੀਆ; ਕਰਿ ਸਕਤੀ ਜਗਤੁ ਪਰੋਇ ॥ (ਮ: ੪/੬੦੫)

ਗੁਰਬਾਣੀ ’ਚ ਰਾਗ ਵੰਡ ਦੇ ਨਾਲ਼-ਨਾਲ਼ ‘ਘਰੁ ਵੰਡ’ ਦੀ ਗਿਣਤੀ ਵੀ ੧੭ ਤੱਕ ਅੰਕਿਤ ਹੈ, ਜੋ ਤਬਲੇ ਨਾਲ਼ ਸੰਬੰਧਿਤ ਹੈ। ‘ਘਰੁ’ ਸ਼ਬਦ ਨਾਲ਼ ਵੀ ਉਹੀ ਅੰਕ ਤਾਲਿਕਾ (੧, ੨, ੩, ੪, ੫, ੬, ਆਦਿ) ਦਰਜ ਹੈ, ਜਿਨ੍ਹਾਂ ਦੇ ਉਚਾਰਨ ਬਾਬਤ ਸੰਕੇਤਕ ਹਦਾਇਤ ਵੀ ਦਰਜ ਹੈ।

ਗੁਰੂ ਜੀ ਨੇ ਇਨ੍ਹਾਂ ੧੭ ‘ਘਰੁ’ ’ਚੋਂ ਕੇਵਲ ‘ਘਰੁ ੨’ ਨੂੰ ਹੀ ਮਿਸਾਲ ਵਜੋਂ 3 ਵਾਰ (ਘਰੁ ਦੂਜਾ ੨/ਘਰੁ ੨ ਦੂਜਾ/ ਘਰੁ ਦੂਜਾ) ਕਰ ਕੇ ਦਰਜ ਕੀਤਾ ਹੈ ਕਿਉਂਕਿ :

(1). ‘ਮਹਲਾ ੧’ ਅਤੇ ‘ਮਹਲਾ ੩’ ਵਿਚਕਾਰ ‘ਮਹਲਾ ੨’ ਰਹਿ ਗਿਆ, ਜਿਨ੍ਹਾਂ ਦੁਆਰਾ ਰਚਿਤ 63 ਸਲੋਕ ਹਨ।

(2). ਅੰਕ ੨ ਦਾ ਪ੍ਰਯੋਗ ਸਿਰਲੇਖ ’ਚ ‘ਘਰੁ ੨’ ਵੰਡ ਤੋਂ ਇਲਾਵਾ ਸ਼ਬਦ ਵੰਡ ਬਾਬਤ ਵੀ ਦਰਜ ਹੈ; ਜਿਵੇਂ ਕਿ

ਰਾਗੁ ਆਸਾਵਰੀ ‘ਘਰੁ ੧੬ ਕੇ ੨’; ਮਹਲਾ ੪, ਸੁਧੰਗ ੴ ਸਤਿ ਗੁਰ ਪ੍ਰਸਾਦਿ ॥ ਹਉ ਅਨਦਿਨੁ; ਹਰਿ ਨਾਮੁ ਕੀਰਤਨੁ ਕਰਉ ॥ ਸਤਿਗੁਰਿ, ਮੋ ਕਉ ਹਰਿ ਨਾਮੁ ਬਤਾਇਆ; ਹਉ, ਹਰਿ ਬਿਨੁ, ਖਿਨੁ ਪਲੁ ਰਹਿ ਨ ਸਕਉ ॥ (ਮ: ੪/੩੬੯)

ਉਕਤ ਸ਼ਬਦ ਦੇ ਸਿਰਲੇਖ ’ਚ ਦਰਜ ਅੰਕ ੨, ਕਿਸੇ ‘ਘਰੁ’ ਵੰਡ ਦਾ ਸੂਚਕ ਨਹੀਂ ਕਿਉਂਕਿ ‘ਘਰੁ’ ਤਾਂ ੧੬ਵਾਂ ਚੱਲ ਰਿਹਾ ਹੈ। ਇਸ ੨ ਅੰਕ ਦਾ ਮਤਲਬ ਅਗਾਂਹ ਆਉਣ ਵਾਲ਼ੇ ‘ਘਰੁ ੧੬’ ਕੇ ੨ ਸ਼ਬਦ ਹਨ। ਅਜਿਹੇ ਸ਼ਬਦਿਕ ਅੰਕਾਂ ਨੂੰ ਗੁਰਬਾਣੀ ਪਾਠ ਦੌਰਾਨ ਉਚਾਰਨ ਕਰਨਾ ਉਚਿਤ ਨਹੀਂ ਜਾਪਦਾ ਕਿਉਂਕਿ ਇਹ ਪਾਠ ਦੀ ਲੈ (ਚਾਲ, ਸੁਰ) ਉੱਤੇ ਪ੍ਰਭਾਵ ਪਾਉਂਦੇ ਹਨ।

ਧਿਆਨ ਰਹੇ ਕਿ ‘ਘਰੁ ੧੬’ ਲਿਖਣ ਨਾਲ਼ ‘ਘਰੁ’ ਬਹੁ ਵਚਨ ਨਹੀਂ ਬਣ ਜਾਂਦਾ ਕਿਉਂਕਿ ਹਰ ‘ਘਰੁ’ ਕੇਵਲ ਇੱਕ ਹੀ ਹੁੰਦਾ ਹੈ, ੧੬ ਤਾਂ ਗਿਣਤੀ ਹੈ।

ਹੇਠਾਂ ਦਿੱਤੇ ਜਾ ਰਹੇ ਤਿੰਨ ਸ਼ਬਦਾਂ ਦੇ ਸਿਰਲੇਖਾਂ ’ਚ ‘ਘਰੁ ੨’ ਦੇ ਉਚਾਰਨ ਲਈ ਸੰਕੇਤਕ ਹਦਾਇਤ ‘ਦੂਜਾ’; ਇੱਕ ਵਾਰ ਅਗੇਤਰ (ਘਰੁ ਦੂਜਾ ੨), ਇੱਕ ਵਾਰ ਪਿਛੇਤਰ (ਘਰੁ ੨ ਦੂਜਾ) ਅਤੇ ਇੱਕ ਵਾਰ ਅੰਕ ਤੋਂ ਬਿਨਾਂ ਹੀ (ਘਰੁ ਦੂਜਾ) ਦਰਜ ਕੀਤਾ ਗਿਆ ਹੈ; ਜਿਵੇਂ ਕਿ

ਸਿਰੀ ਰਾਗੁ ਮਹਲਾ ੧, ‘ਘਰੁ ਦੂਜਾ ੨’ ॥ ਆਪੇ ਰਸੀਆ, ਆਪਿ ਰਸੁ; ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ; ਆਪੇ ਸੇਜ ਭਤਾਰੁ ॥ (ਮ: ੧/੨੩)

ਰਾਗੁ ਗੂਜਰੀ ਭਗਤਾ ਕੀ ਬਾਣੀ, ੴ ਸਤਿ ਗੁਰ ਪ੍ਰਸਾਦਿ ॥ ਸ੍ਰੀ ਕਬੀਰ ਜੀਉ ਕਾ ਚਉਪਦਾ ‘ਘਰੁ ੨ ਦੂਜਾ’ ॥ ਚਾਰਿ ਪਾਵ, ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ  ?॥ ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ ॥ (ਭਗਤ ਕਬੀਰ ਜੀ/੫੨੪)

ਧਨਾਸਰੀ ਮਹਲਾ ੧ ‘ਘਰੁ ਦੂਜਾ’ ੴ ਸਤਿ ਗੁਰ ਪ੍ਰਸਾਦਿ ॥ ਕਿਉ ਸਿਮਰੀ  ? ਸਿਵਰਿਆ ਨਹੀ ਜਾਇ ॥ ਤਪੈ ਹਿਆਉ ; ਜੀਅੜਾ ਬਿਲਲਾਇ ॥ (ਮ: ੧/੬੬੧)

(ਨੋਟ: ਗੁਰੂ ਜੀ ਨੇ ‘ਘਰੁ ੧੭’ ’ਚੋਂ ਮਾਤਰ ‘ਘਰੁ ੨’ (ਅੰਕ) ਦੇ ਉਚਾਰਨ ਬਾਰੇ ਜਾਣਕਾਰੀ ਦੇ ਕੇ ‘ਸ਼ਬਦ ਵੰਡ’ ਤੇ ‘ਘਰੁ ਵੰਡ’ (ਦੋਵੇਂ) ਵਿਸ਼ੇ ਇਕੱਠੇ ਹੀ ਹਦਾਇਤ (ਸੰਕੇਤਕ) ਵਜੋਂ ਸ਼ਾਮਲ ਕਰ ਲਏ ਜਾਪਦੇ ਹਨ।)

(3). ਉਕਤ ਕੀਤੀ ਗਈ ਵਿਚਾਰ ਕਿ ਗੁਰਬਾਣੀ ਸਿਰਲੇਖਾਂ ’ਚ ‘ਮਹਲਾ’ ਸ਼ਬਦ 2621 ਵਾਰ ਦਰਜ ਹੈ, ਪਰ ਕੀ ਕਾਰਨ ਹੈ ਕਿ ਹਜ਼ਾਰਾਂ ਵਾਰ ਸਿਰਲੇਖ ’ਚ ‘ਮਹਲਾ’ ਸ਼ਬਦ ਦਰਜ ਕਰਨ ਦੇ ਬਾਵਜੂਦ, ਕੇਵਲ 4 ਵਾਰ ‘ਮਹਲੁ, ਮਹਲ’ ਸ਼ਬਦ ਵੀ ਦਰਜ ਕੀਤਾ ਗਿਆ ? ਕੀ ਗੁਰੂ ਜੀ ‘ਮਹਲੁ’ ਸ਼ਬਦ ਦੇ ਉਚਾਰਨ ਰਾਹੀਂ ‘ਮਹਲਾ’ ਦੇ ਉਚਾਰਨ ਬਾਰੇ ਕੋਈ ਸੰਕੇਤ ਤਾਂ ਨਹੀਂ ਕਰ ਰਹੇ  ? ਜਿਵੇਂ ਕਿ

ਸਿਰੀ ਰਾਗੁ ‘ਮਹਲੁ ੧’ ॥ ਜਾਲਿ ਮੋਹੁ, ਘਸਿ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ, ਚਿਤੁ ਲੇਖਾਰੀ; ਗੁਰ ਪੁਛਿ ਲਿਖੁ ਬੀਚਾਰੁ ॥ (ਮ: ੧/੧੬)

ਸਿਰੀ ਰਾਗੁ ‘ਮਹਲੁ ੧’ ॥ ਧਾਤੁ ਮਿਲੈ ਫੁਨਿ ਧਾਤੁ ਕਉ; ਸਿਫਤੀ ਸਿਫਤਿ ਸਮਾਇ ॥ (ਮ: ੧/੧੮)

ਸਿਰੀ ਰਾਗੁ ‘ਮਹਲ ੧’ ॥ ਤਨੁ ਜਲਿ ਬਲਿ ਮਾਟੀ ਭਇਆ; ਮਨੁ ਮਾਇਆ ਮੋਹਿ ਮਨੂਰੁ ॥ ਅਉਗਣ ਫਿਰਿ ਲਾਗੂ ਭਏ; ਕੂਰਿ ਵਜਾਵੈ ਤੂਰੁ ॥ (ਮ: ੧/੧੯)

(ਨੋਟ: ਇਸ ਸਿਰਲੇਖ ਵਿੱਚ ਵੀ ‘ਮਹਲ’ ਦੇ ਅੰਤ ’ਚ ਔਂਕੜ ਨਾ ਹੋਣਾ, ਉਤਾਰੇ ਦੀ ਤਰੁਟੀ ਜਾਪਦੀ ਹੈ।)

ਬਸੰਤ ਕੀ ਵਾਰ ‘ਮਹਲੁ ੫’ .. ॥ ਹਰਿ ਕਾ ਨਾਮੁ ਧਿਆਇ ਕੈ; ਹੋਹੁ ਹਰਿਆ ਭਾਈ ! ॥ ਕਰਮਿ ਲਿਖੰਤੈ ਪਾਈਐ; ਇਹ ਰੁਤਿ ਸੁਹਾਈ ॥ (ਮ: ੫/੧੧੯੩)

ਸ਼ਬਦ ਕੋਸ਼ਾਂ ’ਚ ‘ਮਹਲਾ’ ਸ਼ਬਦ ਦੇ ਕਈ ਅਰਥ ਕੀਤੇ ਹੋਏ ਮਿਲਦੇ ਹਨ, ਪਰ ਇਨ੍ਹਾਂ ਸਭ ਅਰਥਾਂ ਦਾ ਮੂਲ ਆਧਾਰ ਸਮਝਣ ਲਈ ਇੱਕ ਗੁੱਜਰ ਦੀ ਕਿਰਤ ਵੱਲ ਧਿਆਨ ਦੇਣਾ ਜ਼ਰੂਰੀ ਹੈ, ਜੋ ਕਿ ਇੱਕ ਪਸ਼ੂ-ਪਾਲਕ ਜਾਤੀ ਹੈ।

ਪੰਛੀਆਂ ਵਾਙ ਗੁੱਜਰ ਲੋਕ ਵੀ ਆਪਣੇ ਪਸ਼ੂਆਂ ਨੂੰ ਚਾਰਨ ਲਈ ਦੂਰ-ਦੁਰਾਡੇ (ਬਹੁਤ ਦੂਰ) ਨਿਕਲ ਜਾਂਦੇ ਹਨ, ਜਿਨ੍ਹਾਂ ਦਾ ਅਸਥਾਈ ਘਰ ਖੁੱਲ੍ਹੇ ਅਸਮਾਨ ਹੇਠਾਂ ਆਰਜੀ ਹੁੰਦਾ ਹੈ, ਜੋ ਕੁਝ ਘੰਟਿਆਂ ਲਈ ਹੀ ਮੱਲਿਆ ਜਾਂਦਾ ਹੈ, ਜਿਸ ਨੂੰ ‘ਮਹੱਲਾ ਜਾਂ ਮਹਲਾ’ ਕਹਿੰਦੇ ਹਨ। ਅਜਿਹੇ ਕਬੀਲੇ ਪੂਰੀ ਧਰਤੀ ਦਾ ਭ੍ਰਮਣ ਕਰਦੇ ਰਹਿਣ ਕਾਰਨ ਇਹ ਸ਼ਬਦ ਕਈ ਬੋਲੀਆਂ ਦੇ ਸ਼ਬਦ ਕੋਸ਼ਾਂ ’ਚ ਦਰਜ ਹੋ ਗਿਆ; ਜਿਵੇਂ ਕਿ ਸੰਸਕ੍ਰਿਤ, ਅਰਬੀ, ਫ਼ਾਰਸੀ, ਆਦਿ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭ ਕੀਤੇ ਗਏ ‘ਹੋਲੇ ਮਹੱਲੇ’ ਦਾ ਅਰਥ ਵੀ ਕਿਸੇ ਜ਼ਮੀਨ ’ਤੇ ਕਬਜ਼ਾ ਕਰਨ ਬਾਬਤ ਹੈ। ਗੁਰੂ ਜੋਤ ਨੇ ਵੀ ਆਪਣੇ ਉੱਤਰਾਧਿਕਾਰੀ ਗੁਰੂ ਸਰੀਰ ਰੂਪ ਜ਼ਮੀਨ ਨੂੰ ਕੁਝ ਸਮੇਂ ਲਈ ਕਾਬਜ਼ ਰੱਖਿਆ ਹੈ।

ਸ਼ਬਦ ਕੋਸ਼ਾਂ ਵਿੱਚ ‘ਮਹਲੁ’ (ਅਰਬੀ) ਦਾ ਅਰਥ ਤਾਂ ਉਕਤ (ਮਹਲਾ/ਮਹੱਲਾ) ਅਰਥਾਂ ਦੇ ਅਨੁਕੂਲ ਹੀ ਹੈ ਪਰ ‘ਮਹੱਲ’ ਉਚਾਰਨ ਕਰਨ ਨਾਲ਼ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦਾ (ਮਹੱਲ/ਮਹੱਲਕ) ਰਹਿ ਜਾਂਦਾ ਹੈ, ਜਿਸ ਦਾ ਅਰਥ ਹੈ ‘ਹੀਜੜਾ, ਕਿੰਨਰ, ਖੁਸਰਾ’। ਜਦ ਰਾਜੇ ਮਹਾਰਾਜੇ ਆਪਣੀ ਹਵਸ (ਕਾਮ) ਪੂਰਤੀ ਲਈ ਕਈ-ਕਈ ਸ਼ਾਦੀਆਂ ਕਰਵਾ ਲੈਂਦੇ ਸਨ ਤਾਂ ਉਨ੍ਹਾਂ ਔਰਤਾਂ ਦੀ ਦੇਖਭਾਲ ਲਈ ਹੀਜੜੇ (ਮਹੱਲ) ਤਾਇਨਾਤ ਕੀਤੇ ਜਾਂਦੇ, ਜਿਸ ਕਾਰਨ ਸੰਸਕ੍ਰਿਤ ਭਾਸ਼ਾ ’ਚ ‘ਮਹੱਲ’ ਦੇ ਅਰਥ ‘ਰੱਖਿਅਕ, ਪਹਿਰੇਦਾਰ, ਸਿਪਾਹੀ’, ਆਦਿ ਵੀ ਹੋ ਗਏ, ਜੋ ਕਿ ਗੁਰਬਾਣੀ ਸਿਰਲੇਖ ’ਚ ਦਰਜ ‘ਮਹਲੁ ੧’ ਦੇ ਅਰਥਾਂ ਦੇ ਬਿਲਕੁਲ ਅਨੁਕੂਲ ਨਹੀਂ ਮੰਨੇ ਜਾ ਸਕਦੇ।

ਸੋ, ਗੁਰਬਾਣੀ ’ਚ ਸਿਰਲੇਖ ਵਜੋਂ ਹਜ਼ਾਰਾ ਵਾਰ ਦਰਜ ‘ਮਹਲਾ’ ਸ਼ਬਦ ਨੂੰ ਕੇਵਲ 4 ਵਾਰ ‘ਮਹਲੁ ਜਾਂ ਮਹਲ’ ਸਰੂਪ ’ਚ ਦਰਜ ਕਰਨਾ, ਕਿਸੇ ਸੰਕੇਤ ਤੋਂ ਘੱਟ ਨਹੀਂ ਲੈਣਾ ਚਾਹੀਦਾ। ਇਹ ਵੀ ਕੋਈ ਸਮਝਦਾਰੀ ਨਹੀਂ ਕਿ ‘ਮਹਲਾ’ ਦਾ ਉਚਾਰਨ ‘ਮਹੱਲਾ’ ਕਰ ਲਈਏ ਤੇ ‘ਮਹਲੁ’ ਦਾ ਉਚਾਰਨ ‘ਮਹਲ’। ਜਦ ਸ਼ਬਦ ਇੱਕੋ ਭਾਵਾਰਥ ਦੇ ਰਹੇ ਹੋਣ ਤਾਂ ਉਚਾਰਨ ਇੱਕ ਸਮਾਨ ਕਿਉਂ ਨਹੀਂ ?

ਉਕਤ ਕੀਤੀ ਗਈ ਤਮਾਮ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਅੰਸ਼ਿਕ ਸੰਕੇਤਕ ਚਿੰਨ੍ਹਾਂ ਨੂੰ ਆਧਾਰ ਬਣਾ ਕੇ ਅਗਰ ‘ਮਹਲਾ ੧, ਮਹਲਾ ੩, ਮਹਲਾ ੪, ਘਰੁ ੨’ ਆਦਿ ਨੂੰ ਹਜ਼ਾਰਾਂ ਵਾਰ ‘ਮਹਲਾ ਪਹਿਲਾ, ਮਹਲਾ ਤੀਜਾ, ਮਹਲਾ ਚਉਥਾ, ਘਰ ਦੂਜਾ’, ਆਦਿ ਪੜ੍ਹਿਆ ਜਾ ਸਕਦਾ ਹੈ ਤਾਂ ‘ਮਹਲੁ ੧, ਮਹਲੁ ੫, ਬਿੰਦੀ, ਟਿੱਪੀ’, ਪੈਰ ਚਿੰਨ੍ਹ, ਆਦਿ ਨੂੰ ਆਧਾਰ ਬਣਾ ਕੇ ਬਾਕੀ ਹਜ਼ਾਰਾਂ ਜਗ੍ਹਾ ਦਰਜ ਸਮਾਨੰਤਰ ਅਰਥਾਂ ਵਾਲ਼ੇ ਸ਼ਬਦਾਂ ਨੂੰ (ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨਾਵਾਂ ਸਮੇਤ) ਦਰੁਸਤ ਉਚਾਰਨ ਕਰਨਾ ਗ਼ਲਤ ਨਹੀਂ ਹੋ ਸਕਦਾ।

ਗੁਰਬਾਣੀ ’ਚ ‘ਜੀਵਾਂ’ (12 ਵਾਰ) ਤੇ ‘ਜੀਵਾ’ (75 ਵਾਰ) ਦਰਜ ਹੈ। ‘ਆਖਾਂ’ (5 ਵਾਰ) ਤੇ ‘ਆਖਾ’ (24 ਵਾਰ) ਦਰਜ ਹੈ (ਵਿਚਾਰਨਯੋਗ ਹੈ ਕਿ ਮਿਸਾਲ ਵਜੋਂ ਹਦਾਇਤਾਂ ਘੱਟ ਅਤੇ ਉਨ੍ਹਾਂ ਰਾਹੀਂ ਬਾਕੀ ਜਗ੍ਹਾਂ ਦਰੁਸਤ ਉਚਾਰਨ ਕਰਨ ਵਾਲ਼ੇ ਸ਼ਬਦ ਵਧੇਰੇ ਅੰਕਿਤ ਕੀਤੇ ਹੋਏ ਹਨ); ਜਿਵੇਂ

(ੳ). ਨਾਨਕ ! ਨਾਮੁ ਮਿਲੈ, ਤਾਂ ‘ਜੀਵਾਂ’; ਤਨੁ ਮਨੁ ਥੀਵੈ ਹਰਿਆ ॥ (ਮ: ੫/੧੪੨੯)

ਆਖਾ ‘ਜੀਵਾ’; ਵਿਸਰੈ ਮਰਿ ਜਾਉ ॥ (ਮ: ੧/੯)

ਮੇਰੇ ਪ੍ਰੀਤਮਾ ! ਹਉ ‘ਜੀਵਾ’ ਨਾਮੁ ਧਿਆਇ ॥ (ਮ: ੪/੪੦)

ਸੁਣਿ ਸੁਣਿ ‘ਜੀਵਾ’; ਸੋਇ (ਸ਼ੋਭਾ) ਤੁਮਾਰੀ ॥ (ਮ: ੫/੧੦੪)

ਨਾਮ ਬਿਨਾ; ਕਿਉ ‘ਜੀਵਾ’ ਮਾਇ ! ॥ (ਮ: ੧/੨੨੬), ਆਦਿ।

(ਅ). ਰਾਹੁ ਦਸਾਈ (ਪੁੱਛਦੀ ਹਾਂ, ਪਰ), ਨ ਜੁਲਾਂ (ਚੱਲਾਂ); ‘ਆਖਾਂ’ ਅੰਮੜੀਆਸੁ (ਪਹੁੰਚ ਗਈ)॥ (ਮ: ੧/੫੫੭)

ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ ਤੁਧੁ ‘ਆਖਾਂ’ ॥ (ਮ: ੧/੧੨੪੨)

ਜੇ ਹਉ ਜਾਣਾ, ‘ਆਖਾ’ ਨਾਹੀ; ਕਹਣਾ ਕਥਨੁ ਨ ਜਾਈ ॥ (ਜਪੁ)

ਕਿਵ ਕਰਿ ‘ਆਖਾ’ ? ਕਿਵ ਸਾਲਾਹੀ  ? ਕਿਉ ਵਰਨੀ  ? ਕਿਵ ਜਾਣਾ  ? ॥ (ਜਪੁ)

ਭੀ ਤੇਰੀ ਕੀਮਤਿ ਨਾ ਪਵੈ; ਹਉ ਕੇਵਡੁ ‘ਆਖਾ’ ਨਾਉ  ? ॥ (ਮ: ੧/੧੪), ਆਦਿ।

ਗੁਰਬਾਣੀ ਵਿੱਚ ਅਨੇਕਾਂ ਸ਼ਬਦ ‘ਨ੍ਾਇ ਤੇ ਨਾਇ, ਸੰਮ੍ਲਿ ਤੇ ਸੰਮਲਿ, ਨ੍ਾਈ ਤੇ ਨਾਈ, ਤੁਮ੍ਾਰਾ ਤੇ ਤੁਮਾਰਾ’, ਆਦਿ ਦਰਜ ਹਨ। ਕੀ ਇਨ੍ਹਾਂ ਤਮਾਮ ਸ਼ਬਦਾਂ ਦਾ ਉਚਾਰਨ ਇੱਕ ਜੈਸਾ ਕਰਨਾ ਗੁਰਮਤਿ ਅਨੁਸਾਰੀ ਨਹੀਂ ? ਜਿਵੇਂ ਕਿ

ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ‘ਸੰਮ੍ਾਲਿ’ ॥ (ਭਗਤ ਕਬੀਰ ਜੀ/੧੩੭੫)

ਰੋਵੈ ਕੰਤ ‘ਸੰਮਾਲਿ’; ਸਦਾ ਗੁਣ ਸਾਰਿ; ਨਾ ਪਿਰੁ ਮਰੈ, ਨ ਜਾਏ (ਜੰਮਦਾ)॥ (ਮ: ੩/੫੮੩)

ਨੇੜਾ ਹੈ, ਦੂਰਿ ਨ ਜਾਣਿਅਹੁ; ਨਿਤ ਸਾਰੇ ‘ਸੰਮ੍ਾਲੇ’ ॥ (ਮ: ੧/੪੮੯)

ਨਾਨਕ ! ਜੰਤ ਉਪਾਇ ਕੈ; ‘ਸੰਮਾਲੇ’ ਸਭਨਾਹ ॥ (ਮ: ੧/੪੬੭)

ਲਉਕੀ, ਅਠਸਠਿ ਤੀਰਥ ‘ਨ੍ਾਈ’ ॥ (ਭਗਤ ਕਬੀਰ ਜੀ/੬੫੬)

ਜੂਠਿ ਨ ਅੰਨੀ; ਜੂਠਿ ਨ ‘ਨਾਈ’ (ਨ੍ਹਹਾ ਕੇ ਉਤਰਦੀ) ॥ (ਮ: ੧/੧੨੪੦)

ਤੀਰਥਿ ਅਠਸਠਿ ਮਜਨੁ ‘ਨਾਈ’ ॥ (ਮ: ੪/੧੨੬੩)

ਦੇਖਿ ‘ਤੁਮ੍ਾਰਾ’ ਦਰਸਨੋ; ਮੇਰਾ ਮਨੁ ਧੀਰੇ ॥ (ਮ: ੫/੩੯੮)

ਜਿਸੁ ਤੂੰ ਦੇਹਿ, ਸੁ ਤ੍ਰਿਪਤਿ ਅਘਾਵੈ; ਸੋਈ ਭਗਤੁ ‘ਤੁਮਾਰਾ’ ਜੀਉ ॥ (ਮ: ੫/੯੭), ਆਦਿ।

ਜਿਸ ਕੌਮ ਦਾ ‘ਗੁਰੂ’; ਪੱਥਰ ਜਾਂ ਮੂਰਤੀ (ਚਿਤਰ) ਵਾਙ ਅਸਿੱਖਿਅਕ ਨਾ ਹੋ ਕੇ ਗਿਆਨ (ਬਿਬੇਕ) ਹੋਵੇ ਤੇ ਉਸ ਦੇ ਅਨੁਯਾਈਆਂ ਨੇ ਅਸਿੱਖਿਆ ਨੂੰ ਚੰਗੀ ਤਰ੍ਹਾਂ ਪਕੜ ਕੇ ਸੰਭਾਲ਼ਿਆ ਹੋਵੇ ਉਸ ਨੂੰ ਸਿੱਖ ਕਹਿਣ ਨਾਲ਼ ਵੀ ਸੰਦੇਹ ਪੈਦਾ ਹੋ ਜਾਂਦਾ ਹੈ।

ਰੁਜ਼ਾਨਾ ਨਿਤਨੇਮ ਦੌਰਾਨ ਪੜ੍ਹੀ ਜਾਣ ਵਾਲ਼ੀ ਤੁਕ ਹੈ: ‘‘ਆਖਾ ਜੀਵਾ; ਵਿਸਰੈ ਮਰਿ ਜਾਉ ॥’’, ਜਿਸ ਦੇ ਅਰਥ ਹਨ: ‘ਰੱਬੀ ਉਸਤਤ ਆਖਦਾ ਹਾਂ ਤਾਂ ਆਤਮਿਕ ਜੀਵਨ ਪ੍ਰਫੁਲਿਤ ਮਹਿਸੂਸ ਕਰਦਾ ਹਾਂ ਅਤੇ ਜਦ ਰੱਬੀ ਯਾਦ ਭੁੱਲ ਜਾਂਦੀ ਹੈ ਤਾਂ ਮੇਰੀ ਆਤਮਿਕ ਮੌਤ (ਵਿਕਾਰਾਂ ਦੇ ਮੁਕਾਬਲੇ ਹਾਰ) ਹੋ ਜਾਂਦੀ ਹੈ।’

ਅਗਰ ਇਸ ਨੂੰ ਗੁਰਬਾਣੀ ਵਿੱਚੋਂ ਹੀ ਸੇਧ ਲੈ ਕੇ ਬਿੰਦੀ ਸਹਿਤ (ਆਖਾਂ ਜੀਵਾਂ; ਵਿਸਰੈ ਮਰਿ ਜਾਉਂ ॥) ਨਾ ਉਚਾਰਨ ਕਰੀਏ ਤਾਂ ‘ਜਾਉ’ ਦੇ ਅਰਥ ਬਣ ਜਾਂਦੇ ਹਨ ‘ਤੁਸੀਂ ਮਰ ਜਾਓ’ ਭਾਵ ਰੱਬੀ ਨਾਮ ਮੈਨੂੰ ਭੁੱਲਦਾ ਹੈ, ਪਰ ਮਰ ਜਾਓ ਤੁਸੀਂ ?

ਇੱਕ ਹੋਰ ਨਿਤਨੇਮ ’ਚ ਹੀ ਤੁਕ ਹੈ ‘‘ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥’’ (ਸੋਹਿਲਾ ਗਉੜੀ /ਮ: ੫/੧੩) ਅਗਰ ਇਸ ਪੰਕਤੀ ਨੂੰ ਵੀ ‘‘ਨਾਨਕ ! ਦਾਸੁ ਸਦਾ ਸੰਗਿ ਸੇਵਕੁ; ਤੇਰੀ ਭਗਤਿ ‘ਕਰੰਉ’ ਲਿਵ ਲਾਏ ॥’’ (ਮ: ੫/੫੭੭) ਤੁਕ ’ਚ ਦਰਜ ‘ਕਰੰਉ’ ਤੋਂ ਸੇਧ ਲੈ ਕੇ ‘ਕਰਉਂ’ ਉਚਾਰਨ ਨਾ ਕੀਤਾ ਗਿਆ ਤਾਂ ਇਸ ਦੇ ਅਰਥ ਵੀ ਬਣ ਜਾਣਗੇ ‘ਤੁਸੀਂ ਹੀ ਬੇਨਤੀ ਕਰੋ ਅਤੇ ਤੁਸੀਂ ਹੀ ਸੁਣੋ ਕਿ ਇਹ ਮਨੁੱਖਾ ਜਨਮ ਗੁਰੂ ਉਪਦੇਸ਼ ਕਮਾਉਣ ਦਾ ਸਮਾਂ ਹੈ। ਅਜਿਹਾ ਉਚਾਰਨ ਅਤੇ ਅਰਥ ਕਰਨਾ ਅਜੋਕੇ ਯੁੱਗ ’ਚ ਗੁਰਸਿੱਖ ਆਦਰਸ਼ ਜੀਵਨ ਪ੍ਰਤੀ ਗ਼ਲਤ ਪ੍ਰਭਾਵ ਪਾਏਗਾ।

ਸੋ, ਗੁਰਬਾਣੀ ’ਚ ਦਰਜ ਸੰਕੇਤਕ ਚਿੰਨ੍ਹ (ਹਦਾਇਤਾਂ) ਸਾਡੇ ਲਈ ਹੀ ਹਨ, ਇਨ੍ਹਾਂ ਦਾ ਸਦਪ੍ਰਯੋਗ ਕਰਨਾ ਦਰੁਸਤ ਗੁਰਬਾਣੀ ਉਚਾਰਨ ਜਾਪਦਾ ਹੈ। ਇੱਕ ਜਗ੍ਹਾ ਹਦਾਇਤ ਮੰਨ ਲੈਣੀ ਤੇ ਦੂਸਰੀ ਜਗ੍ਹਾ ਵਿਰੋਧ ਕਰਨਾ ਕੋਈ ਸਿਆਣਪ ਦੀ ਗੱਲ ਨਹੀਂ।

ਪੰਜਾਬੀ ਭਾਸ਼ਾ ਅਤੇ ਗੁਰਬਾਣੀ ਲਿਖਤ ’ਚ ਭਾਸ਼ਾਈ ਉਚਾਰਨ ਨਿਯਮ ਪੱਖੋਂ ਬੁਨਿਆਦੀ ਅੰਦਰ ਇਹੀ ਵੇਖਿਆ ਗਿਆ ਹੈ ਕਿ ਅਜੋਕੀ ਪੰਜਾਬੀ ’ਚ ਲੋੜ ਅਨੁਸਾਰ ਵਿਸਰਾਮ, ਪੈਰ ਚਿੰਨ੍ਹ ਤੇ ਅਨੁਨਾਸਕੀ ਧੁਨੀ ਦਾ ਲਿਖਤ ਰੂਪ ’ਚ ਪ੍ਰਯੋਗ ਕਰ ਲਿਆ ਜਾਂਦਾ ਹੈ ਜਦ ਕਿ ਗੁਰਬਾਣੀ ਵਿੱਚ ਅੰਸ਼ਿਕ ਸੰਕੇਤਕ ਚਿੰਨ੍ਹਾਂ ਤੋਂ ਸਹਾਇਤਾ ਲੈਣੀ ਪੈਂਦੀ ਹੈ, ਜੋ ਕਿ ਸ਼ਬਦ ਵਿਚਾਰ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਤੀਜਾ)