ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਤੀਜਾ)

0
1001

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ 

ਗੁਰਬਾਣੀ ਲਿਖਤ ਨਿਯਮ ਬਨਾਮ ਆਧੁਨਿਕ ਪੰਜਾਬੀ ਲਿਪੀ (ਭਾਗ ਪਹਿਲਾ)

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਦੂਜਾ)

ਪਿਛਲੇ ਦੋ ਭਾਗਾਂ ’ਚ ਗੁਰਬਾਣੀ ਲਿਖਤ ਤੇ ਗੁਰਬਾਣੀ ਉਚਾਰਨ ਬਾਰੇ ਸੰਖੇਪ ਵਿਚਾਰ ਕੀਤੀ ਗਈ ਸੀ। ਗੁਰਬਾਣੀ ਲਿਖਤ’ ਨਿਯਮ ’ਚ ਕੇਵਲ ਨਾਂਵ, ਪੜਨਾਂਵ, ਸੰਬੰਧਕ, ਆਦਿਕ ਸ਼ਬਦ ਹੀ ਵਿਚਾਰੇ ਗਏ ਸਨ। ਇਸ ਹਥਲੇ ਲੇਖ ’ਚ ਕਿਰਿਆ (verb) ਬਾਰੇ ਥੋੜ੍ਹੀ ਵਿਚਾਰ ਕੀਤੀ ਜਾ ਰਹੀ ਹੈ।

ਸਵਾਲ: ‘ਕਿਰਿਆ’ (ਸ਼ਬਦ) ਕਿਸ ਨੂੰ ਆਖਦੇ ਹਨ ?

ਜਵਾਬ: ਕਿਸੇ ਵਸਤੂ ਜਾਂ ਜੀਵ ਦੇ ਕੰਮ ਨੂੰ ਕਾਲ ਸਹਿਤ ਦੱਸਣ ਵਾਲ਼ੇ ਸ਼ਬਦ ਕਿਰਿਆ ਅਖਵਾਉਂਦੇ ਹਨ।

ਕਿਰਿਆ ਦੀ ਮਹੱਤਤਾ: ਅਗਰ ਕਿਸੇ ਵਾਕ ’ਚ ਕਿਰਿਆ ਸ਼ਬਦ ਨਾ ਹੋਵੇ ਤਾਂ ਵਾਕ ਅੰਸ਼ ਦਾ ਭਾਵਾਰਥ ਸਮਝਣ ’ਚ ਵਖਰੇਵਾਂ ਵਧ ਜਾਂਦਾ ਹੈ; ਜਿਵੇਂ ਕਿ ਜਪੁ ਬਾਣੀ ’ਚ ਸੁਣਿਐ ਵਾਲ਼ੀਆਂ 4 (8-11) ਪਉੜੀਆਂ ’ਚ 20 ਤੁਕਾਂ ਹਨ, ਜਿਨ੍ਹਾਂ ’ਚੋਂ ਕਿਰਿਆ ਸਮੇਤ ਕੇਵਲ (ਹੇਠਲੀਆਂ) 5 ਤੁਕਾਂ ਹੀ ਹਨ:

ਸੁਣਿਐ; ਪੋਹਿ ਨ ਸਕੈ ਕਾਲੁ ॥ (ਇਸ ਤੁਕ ’ਚ ਪੋਹਿ ਸਕੈ ਕਿਰਿਆ ਹੈ, ਜਿਸ ਦਾ ਅਰਥ ਹੈ: ਛੂਹ ਸਕਦਾ; ਵਰਤਮਾਨ ਕਾਲ, ਇੱਕ ਵਚਨ ਕਿਰਿਆ)

ਸੁਣਿਐ; ਪੜਿ ਪੜਿ ‘ਪਾਵਹਿ ਮਾਨੁ ॥ (ਕਿਰਿਆ ਪਾਵਹਿ ਦਾ ਅਰਥ ਹੈ: ਪਾਉਂਦੇ ਹਨ; ਵਰਤਮਾਨ ਕਾਲ, ਬਹੁ ਵਚਨ ਕਿਰਿਆ)

ਸੁਣਿਐ; ਲਾਗੈ ਸਹਜਿ ਧਿਆਨੁ ॥ (ਕਿਰਿਆ ਲਾਗੈ ਦਾ ਅਰਥ ਹੈ: ਲੱਗ ਜਾਂਦਾ ਹੈ; ਵਰਤਮਾਨ ਕਾਲ, ਇੱਕ ਵਚਨ ਕਿਰਿਆ)

ਸੁਣਿਐ; ਅੰਧੇ ਪਾਵਹਿ ਰਾਹੁ ॥ (ਕਿਰਿਆ ਪਾਵਹਿ ਦਾ ਅਰਥ ਹੈ: ਪਾਉਂਦੇ ਹਨ; ਵਰਤਮਾਨ ਕਾਲ, ਬਹੁ ਵਚਨ ਕਿਰਿਆ)

ਸੁਣਿਐ; ਹਾਥ ਹੋਵੈ ਅਸਗਾਹੁ ॥ (ਕਿਰਿਆ ਹੋਵੈ ਦਾ ਅਰਥ ਹੈ: ਹੋ ਜਾਂਦਾ ਹੈ; ਵਰਤਮਾਨ ਕਾਲ, ਇੱਕ ਵਚਨ ਕਿਰਿਆ)

ਉਪਰੋਕਤ ਪੰਜੇ ਪੰਕਤੀਆਂ ’ਚ ਦਰਜ ਕਿਰਿਆਵਾਚੀ ਸ਼ਬਦਾਂ ਨੇ ਪੰਕਤੀ ਦੇ ਭਾਵਾਰਥਾਂ ਨੂੰ ਕਾਲ ਸਹਿਤ ਸਪਸ਼ਟ ਕਰ ਦਿੱਤਾ ਹੈ ਪਰ ਸੁਣਿਐ ਦੀਆਂ ਬਾਕੀ 15 ਤੁਕਾਂ ’ਚ ਕਿਰਿਆ ਸ਼ਬਦ ਨਾ ਹੋਣ ਕਾਰਨ ਭਿੰਨ-ਭਿੰਨ ਅਰਥ ਕੀਤੇ ਜਾ ਰਹੇ ਹਨ; ਜਿਵੇਂ

(1). ਸੁਣਿਐ; ਧਰਤਿ ਧਵਲ ਆਕਾਸ ॥ ਭਾਵ ‘ਗੁਰੂ ਉਪਦੇਸ਼ ਸੁਣਨ ਨਾਲ਼’ ‘‘ਧਰਤਿ ਧਵਲ ਆਕਾਸ ॥’’ ਨੂੰ ਬਣਾਉਣ ਵਾਲ਼ਾ ਅਕਾਲ ਪੁਰਖ ਸਾਬਤ (ਸਿੱਧ) ਹੋ ਜਾਂਦਾ ਹੈ ਜਾਂ ‘‘ਧਰਤਿ ਧਵਲ ਆਕਾਸ ॥’’ ਰੱਬੀ ਹੁਕਮ ਅਧੀਨ ਹਨ, ਬਾਰੇ ਜਾਣਕਾਰੀ ਮਿਲਦੀ ਹੈ ਜਾਂ ਧਰਤੀ ਵਾਙ ਸਹਿਨਸ਼ੀਲਤਾ, ਧਵਲ (ਸਫ਼ੈਦ ਬਲਦ) ਵਾਙ ਨਿਰਮਲਤਾ ਤੇ ਆਕਾਸ ਵਾਙ ਖੁੱਲ੍ਹ ਦਿਲੀ ਆ ਜਾਂਦੀ ਹੈ ?

(2). ਸੁਣਿਐ; ਈਸਰੁ ਬਰਮਾ ਇੰਦੁ ॥ ਭਾਵ ‘ਗੁਰੂ ਸਿੱਖਿਆ ਸੁਣਨ ਨਾਲ਼’ ‘ਈਸਰੁ ਬਰਮਾ ਇੰਦੁ’ ਬਣ ਜਾਈਦਾ ਹੈ ਜਾਂ ਇਨ੍ਹਾਂ ਦੇ ਚਰਿੱਤਰ ਬਾਰੇ ਬੋਧ ਹੋ ਜਾਂਦਾ ਹੈ ?, ਆਦਿ।

(ਨੋਟ: ਜਪੁ ਬਾਣੀ ’ਚ ਦਰਜ ਸੁਣਿਐ ਤੇ ਮੰਨੈ ਕਿਰਦੰਤ (ਕਰਣ ਕਾਰਕ) ਹਨ, ਜਿਨ੍ਹਾਂ ਦੇ ਅਰਥ ਹਨ: ਸੁਣਨ ਨਾਲ਼, ਮੰਨਣ ਨਾਲ਼; ਇਨ੍ਹਾਂ ਨੂੰ ਕਿਰਿਆ ਮੰਨਣਾ ਗ਼ਲਤ ਹੋਏਗਾ।)

ਕਿਰਿਆ ਤੇ ਕਿਰਦੰਤ ਸ਼ਬਦਾਂ ਦਾ ਸਰੋਤ ਜਾਂ ਇਨ੍ਹਾਂ ਸ਼ਬਦਾਂ ਦਾ ਮੂਲ ਧਾਤੂ (root) ਹੁੰਦਾ ਹੈ ਜਾਂ ਇਉਂ ਸਮਝ ਲਈਏ ਕਿ ਕਿਰਿਆ ਤੇ ਕਿਰਦੰਤ; ਕਿਸੇ ਧਾਤੂ ਦਾ ਵਿਸਥਾਰ ਹੁੰਦੇ ਹਨ; ਜਿਵੇਂ ਕਿ ਹੋ (ਧਾਤੂ) ਦਾ ਗੁਰਬਾਣੀ ’ਚ ਵਿਸਥਾਰ (ਭਾਵ ਕਿਰਿਆ) ਹੈ: ‘ਹੋ, ਹੋਊ, ਹੋਆ, ਹੋਇ, ਹੋਇਓ, ਹੋਇਆ, ਹੋਇਐ, ਹੋਇਸੀ, ਹੋਇਹੈ, ਹੋਇਗਾ, ਹੋਇਗੀ, ਹੋਇਗੋ, ਹੋਇਬਾ, ਹੋਇਬੋ, ਹੋਇਲਾ, ਹੋਈ, ਹੁੋਈ, ਹੋਈਅਹਿ, ਹੋਈਆ, ਹੋਈਐ, ਹੋਏ, ਹੋਸਾ (ਹੋਵਾਂਗਾ), ਹੋਸੀ (ਹੋਏਗਾ), ਹੋਹਾ, ਹੋਹਿ, ਹੋਹੀ, ਹੋਹੁ, ਹੋਹੇ, ਹੋਹੈ, ਹੋਗ (ਹੋਵੇਗਾ), ਹੋਗੁ, ਹੋਗੀ (ਹੋਏਗਾ; ਭਵਿੱਖ ਕਾਲ), ਹੋਤ, ਹੋਤੁ, ਹੋਤਿ, ਹੋਤਾ, ਹੋਤੀ, ਹੋੁਤੇ, ਹੋਤੇ, ਹੋਤੋ, ਹੋਤੌ, ਹੋਦਾ, ਹੋਦੀ, ਹੋਦੇ, ਹੋਦੈ, ਹਾਧੋ (ਹੋ ਜਾਂਦਾ), ਹੋਣਾ, ਹੋਣੀ (ਹੋ ਗਿਆ), ਹੋਨ (ਹੋਏਗਾ), ਹੋਨਿ (ਹੁੰਦੇ ਹਨ, ਬਹੁ ਵਚਨ, ਵਰਤਮਾਨ), ਹੋਨੁ, (ਹੋ ਸਕਦਾ; ਇੱਕ ਵਚਨ, ਵਰਤਮਾਨ), ਹੋਨਾ (ਹੋ ਗਿਆ; ਭੂਤ ਕਾਲ, ਪਰ ‘ਹੋਨਾ ਹੈ’ ਭਾਵ ਵਾਪਰਨਾ ਹੈ; ਭਵਿੱਖ ਕਾਲ), ਹੋਨੀ (ਹੋਏਗਾ; ਭਵਿੱਖ ਕਾਲ), ਹੋਵਾਂ, ਹੋਵੈ (ਵਰਤਮਾਨ, ਇੱਕ ਵਚਨ), ਹੋਵੀ (ਭੂਤਕਾਲ), ਹੋਮੈ (ਸਾੜੇ, ਭੇਟ ਕਰੇ), ਹੋਯੋ (ਹੈ ਸੀ, ਕਾਇਮ ਸੀ; ਭੂਤ ਕਾਲ), ਹੋਰੀ (ਰੋਕੀ ਹੋਈ), ਹੋਰੇ (ਰੋਕਦਾ), ਹੋਰੈ’, ਆਦਿ; ਪਰ ਅਜੋਕੀ ਪੰਜਾਬੀ ਭਾਸ਼ਾ ’ਚ ਇਸੇ ‘ਹੋ’ (ਧਾਤੂ) ਤੋਂ ਬਣੀ ਕਿਰਿਆ, ‘ਹੋਊ, ਹੋਊਗਾ, ਹੋਇਓ, ਹੋਇਆ, ਹੋਈ, ਹੋਈਆਂ, ਹੋਈਦਾ, ਹੋਏ, ਹੋਏਗਾ, ਹੋਣਾ, ਹੋਂਦਾ, ਹੋਵਾਂ, ਹੋਵਾਂਗਾ, ਹੋਵੋ, ਹੋੜਦਾ (ਰੋਕਦਾ), ਹੋੜਨਾ, ਹੋੜਾਂਗਾ (ਰੋਕਾਂਗਾ)’, ਆਦਿ ਹਨ, ਜਿਨ੍ਹਾਂ ਨੂੰ ਗੁਰਬਾਣੀ ਲਿਖਤ ਦੇ ਮੁਕਾਬਲੇ ਬਹੁਤ ਹੀ ਸੀਮਤ ਕਿਹਾ ਜਾ ਸਕਦਾ ਹੈ।

ਕਿਰਦੰਤ (ਕਾਰਦੰਤਕ) ਸ਼ਬਦ; ‘ਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ’ ਵਿੱਚੋਂ ਕਿਸੇ ਇੱਕ ਸ਼੍ਰੇਣੀ ਵਿੱਚ ਜ਼ਰੂਰੀ ਹੁੰਦੇ ਹਨ, ਇਸ ਲਈ ਨਾਂਵ’ ਨਾਲ਼ ਸੰਧੀ ਕਰਨ ਵਾਲ਼ਾ ਕਿਰਦੰਤ, ਵਿਸ਼ੇਸ਼ਣ’ ਵੀ ਹੁੰਦਾ ਹੈ ਅਤੇ ‘ਵਿਸ਼ੇਸ਼ਣ’ ਨਾਲ਼ ਸੰਧੀ ਕਰਨ ਵਾਲ਼ਾ ‘ਕਿਰਦੰਤ, ਨਾਂਵ ਵੀ ਹੁੰਦਾ ਹੈ। ਇੱਥੇ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਅਗਰ ‘ਨਾਂਵ, ਵਿਸ਼ੇਸ਼ਣ’ ਨੂੰ ਹੀ ‘ਕਿਰਦੰਤ’ ਕਿਹਾ ਜਾਂਦਾ ਹੈ ਤਾਂ ਇਸ ਨੂੰ ਕਿਰਦੰਤ ਨਾਂ ਕਿਉਂ ਦਿੱਤਾ ? ਇਸ ਸਵਾਲ ਦਾ ਇਹ ਜਵਾਬ ਹੈ ਕਿ ਕਿਰਦੰਤ ਨਾਂ ਪੈਣ ਦਾ ਕਾਰਨ ਇਸ ਦਾ ਸਰੋਤ (ਧਾਤੂ) ਵੀ ਕਿਰਿਆ ਦੇ ਧਾਤੂ ਨਾਲ਼ ਮੇਲ਼ ਖਾਂਦਾ ਹੈ, ਪਰ ਤਮਾਮ ਨਾਂਵ ਤੇ ਵਿਸ਼ੇਸ਼ਣਾਂ ਦਾ ਸਰੋਤ ਧਾਤੂ ਨਹੀਂ ਹੁੰਦਾ।

ਜਦ ਕਿਰਦੰਤ; ਨਾਂਵ ਜਾਂ ਵਿਸ਼ੇਸ਼ਣ ਰੂਪ ਵਿੱਚ ਹੋਵੇ ਤਾਂ ਗੁਰਬਾਣੀ ਲਿਖਤ ਮੁਤਾਬਕ ਇੱਕ ਵਚਨ ਪੁਲਿੰਗ ਨਾਉਂ ਵਾਲ਼ੇ ਸਾਰੇ ਹੀ ਨਿਯਮ ਇਸ ਉੱਤੇ ਲਾਗੂ ਹੁੰਦੇ ਹਨ, ਇਸ ਲਈ ਨਾਂਵ+ਕਿਰਦੰਤ (ਵਿਸ਼ੇਸ਼ਣ) ਅਤੇ ‘ਵਿਸ਼ੇਸ਼ਣ+ਕਿਰਦੰਤ (ਨਾਂਵ) ਦੀ ਸੰਧੀ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ

(1). ਤੀਰਥੁ ਤਪੁ ਦਇਆ ਦਤੁ+ਦਾਨੁ ॥ (ਜਪੁ) (ਇਸ ਤੁਕ ’ਚ ਦਾਨੁ (ਨਾਂਵ) ਨਾਲ਼ ਦਤੁ ਭਾਵ ਦਿੱਤਾ ਹੋਇਆ ਕਿਰਦੰਤ (ਵਿਸ਼ੇਸ਼ਣ) ਦੀ ਸੰਧੀ ਹੋਈ ਹੈ।

(ਨੋਟ: ਉਕਤ ਤੁਕ ’ਚ ਦਤੁ (ਕਿਰਦੰਤ) ਤੇ ਦਾਨੁ (ਨਾਂਵ) ਦੀ ਸੰਧੀ ਦਾ ਕਾਰਨ; ਦੋਵਾਂ ਦੇ ਅੰਤ ਔਂਕੜ (ਭਾਵ ਸਮਾਨੰਤਰ ਨਿਯਮ) ਦਾ ਹੋਣਾ ਹੈ।)

(2). ਆਈ ਪੰਥੀ ਸਗਲ ਜਮਾਤੀ; ਮਨਿ+ਜੀਤੈ ਜਗੁ+ਜੀਤੁ ॥ (ਜਪੁ)

(ਨੋਟ: ਉਕਤ ਤੁਕ ’ਚ ਜੀਤੁ (ਕਿਰਦੰਤ) ਤੇ ਜਗੁ (ਨਾਂਵ); ਦੋਵਾਂ ਦੇ ਅੰਤ ਔਂਕੜ ਹੋਣ ਕਾਰਨ ਨਿਯਮ ਸਾਂਝੇ ਹਨ ਅਤੇ ਜੀਤੈ (ਕਿਰਦੰਤ, ਅੰਤ ਦੁਲਾਵਾਂ) ਤੇ ਮਨਿ (ਨਾਂਵ, ਅੰਤ ਸਿਹਾਰੀ) ਵੀ ਸਾਂਝੇ ਨਿਯਮ ਮੰਨੇ ਜਾਂਦੇ ਹਨ। ਗੁਰਬਾਣੀ ’ਚ ਅੰਤ ਸਿਹਾਰੀ ਤੇ ਅੰਤ ਦੁਲਾਵਾਂ ਵਾਲ਼ੇ ਨਿਯਮ ਸਾਂਝੇ ਹਨ, ਇਸੇ ਕਾਰਨ ਇਹ ਸੰਧੀ ਹੋਈ ਹੈ।)

(3). ਹੋਵੈ ਸੁਖੁ ਘਣਾ; ਦਯਿ+ਧਿਆਇਐ ॥ (ਮ: ੫/੫੨੦)

(ਨੋਟ: ਉਕਤ ਤੁਕ ’ਚ ਧਿਆਇਐ (ਕਿਰਦੰਤ, ਅੰਤ ਦੁਲਾਵਾਂ, ਅਰਥ ਹਨ: ‘ਧਿਆਉਣ ਨਾਲ਼’, ਕਰਣ ਕਾਰਕ) ਤੇ ਦਯਿ (ਨਾਂਵ, ਅੰਤ ਸਿਹਾਰੀ, ਅਰਥ ਹਨ: ‘ਦਈ ਦੀ ਯਾਦ ਰਾਹੀਂ ’, ਕਰਣ ਕਾਰਕ) ਦੋਵਾਂ ਦੀ ਸੰਧੀ ਉਪਰੰਤ ਅਰਥ ਬਣ ਗਏ: ਦਈ ਨੂੰ ਯਾਦ ਕਰਨ ਨਾਲ਼ ਜਾਂ ਜੇ ਦਈ ਨੂੰ ਯਾਦ ਕਰ ਲਈਏ)

ਜਿਸ ਤਰ੍ਹਾਂ ਕਿਰਦੰਤ ਤੇ ਨਾਂਵ ਦੇ ਲਿਖਤੀ ਨਿਯਮ ਇੱਕ ਸਮਾਨ ਹੋਣ ਕਾਰਨ ਸੰਧੀ ਹੋ ਗਈ, ਉਸੇ ਤਰ੍ਹਾਂ ਪੜਨਾਂਵ ਤੇ ਕਿਰਿਆ ਦੀ ਵੀ ਸੰਧੀ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ

ਮਨ ਬਾਂਛਤ ਫਲ ਦਿਤਿਅਨੁ (ਉਸ ਨੇ ਦਿੱਤੇ); ਨਾਨਕ ਬਲਿਹਾਰੀ ॥ (ਮ: ੫/੮੨੦)

ਅਵਖਧ ਸਭੇ ਕੀਤਿਅਨੁ (ਉਸ ਨੇ ਕੀਤੇ); ਨਿੰਦਕ ਕਾ ਦਾਰੂ ਨਾਹਿ ॥ (ਮ: ੪/੩੧੫)

ਆਪਿ ਵਡਾਈ ਦਿਤੀਅਨੁ (ਉਸ ਨੇ ਦਿੱਤੀ); ਗੁਰਮੁਖਿ ਦੇਇ ਬੁਝਾਇ ॥ (ਮ: ੩/੩੬)

ਮੋਹ ਠਗਉਲੀ ਪਾਈਅਨੁ (ਉਸ ਨੇ ਪਾਈ); ਵਿਸਰਿਆ ਗੁਣਤਾਸੁ ॥ (ਮ: ੩/੬੪੩)

ਭੀੜਹੁ ਮੋਕਲਾਈ ਕੀਤੀਅਨੁ (ਉਸ ਨੇ ਕੀਤੀ); ਸਭ ਰਖੇ ਕੁਟੰਬੈ ਨਾਲਿ ॥ (ਮ: ੫/੯੫੭), ਆਦਿ।

(ਨੋਟ: ਉਕਤ ਪੰਜੇ ਤੁਕਾਂ ’ਚ ਅਨੁ ਪਿਛੇਤਰ ਤੋਂ ਪਹਿਲਾਂ ਅੰਤ ਸਿਹਾਰੀ (ਦਿਤਿ+ਅਨੁ, ਕੀਤਿ+ਅਨੁ) ਵਾਲ਼ੇ ‘ਕਿਰਿਆ’ ਸ਼ਬਦ ਵਾਕ ’ਚ ਪੁਲਿੰਗ ਦੇ ਸੂਚਕ ਹਨ; ਜੈਸਾ ਕਿ ਦਿਤਿ ਭਾਵ ਫਲ਼ (ਪੁਲਿੰਗ) ਦਿੱਤੇ ਅਤੇ ‘ਕੀਤਿ ਭਾਵ ਅਵਖਧ (ਪੁਲਿੰਗ, ਦਵਾ-ਦਾਰੂ) ਦਿੱਤੇ ਪਰ ਅਨੁ ਪਿਛੇਤਰ ਤੋਂ ਪਹਿਲਾਂ ਅੰਤ ਬਿਹਾਰੀ (ਦਿਤੀ+ਅਨੁ, ਪਾਈ+ਅਨੁ, ਕੀਤੀ+ਅਨੁ) ਵਾਲ਼ੇ ਕਿਰਿਆਵਾਚੀ ਸ਼ਬਦ ਇਸਤਰੀ ਲਿੰਗ ਦੇ ਪ੍ਰਤੀਕ ਹਨ; ਜਿਵੇਂ ਕਿ ਦਿਤੀ ਭਾਵ ਵਡਾਈ (ਇਸਤਰੀ ਲਿੰਗ) ਉਸ ਨੇ ਦਿੱਤੀ, ਪਾਈ ਭਾਵ ਮੋਹ ਦੀ ਠਗਬੂਟੀ (ਇਸਤਰੀ ਲਿੰਗ) ਉਸ ਨੇ ਪਾਈ, ਕੀਤੀ ਭਾਵ ਤੰਗ ਰਸਤੇ ਤੋਂ ਖੁੱਲ੍ਹੀ ਜਗ੍ਹਾ (ਮੁਕਲਾਈ, ਇਸਤਰੀ ਲਿੰਗ) ਉਸ ਨੇ ਕੀਤੀ।)

ਕਿਰਿਆ ਤੇ ਕਿਰਦੰਤ ਸ਼ਬਦਾਂ ਦੇ ਸਰੋਤ (ਧਾਤੂ) ਦੀ ਪਰਖ-ਪੜਚੋਲ ਲਈ ਇਸ ਦੇ ਅੱਗੇ ਤੂੰ ਲਗਾ ਕੇ ਹੁਕਮੀ ਭਵਿੱਖ ਕਾਲ ਵਾਕ ਬਣਾਉਣਾ ਜ਼ਰੂਰੀ ਹੈ; ਜਿਵੇਂ ਤੂੰ ਪੜ੍ਹ, ਤੂੰ ਨ੍ਹਾ (ਨਹਾ), ਤੂੰ ਖਾ, ਤੂੰ ਸੌਂ, ਤੂੰ ਪੀ’, ਆਦਿ ’ਚ ਪੜ੍ਹ, ਨਹਾ, ਖਾ, ਸੌਂ, ਪੀ’‘ਧਾਤੂ ਹਨ।

ਅਜੋਕੀ ਪੰਜਾਬੀ ’ਚ ਧਾਤੂ ਸ਼ਬਦ ਹਨ: ‘ਉੱਸਰ (ਬਣਾਉਣਾ), ਉਕਸਾ, ਉੱਗ, ਉਜੜ, ਉਛਲ, ਉੱਡ, ਉੱਠ, ਉਤਰ (ਉਤਰਨਾ), ਉਧੇੜ, ਉਬਲ਼, ਉਬਾਲ਼, ਉਭਰ, ਉਲਝ, ਉਲ਼ਟ (ਪਲਟਣਾ), ਅੜ (ਜ਼ਿੱਦ ਕਰਨੀ), ਆ, ਇੱਚ (ਇੱਚਣਾ, ਖੇਡਣ ਲਈ ਆਪਣੀ ਵਾਰੀ ਨਿਸ਼ਚਿਤ ਕਰਨੀ), ਇੱਛ (ਇੱਛਣਾ, ਚਾਹਤ ਰੱਖਣੀ), ਸਹਿ (ਸਹਾਰਨਾ), ਸਮਝ (ਸਮਝਣਾ), ਸਤਾ (ਸਤਾਉਣਾ, ਤੰਗ ਕਰਨਾ), ਸਿਊਂ (ਸਿਲਾਈ ਕਰਨਾ), ਸਿਲ (ਕੱਪੜੇ ਸਿਲਣਾ), ਸੁੱਕ (ਸੁੱਕਣਾ), ਸੁੱਟ, ਸੌਂ, ਹੱਸ, ਹਿੱਲ, ਹੂਕ (ਪੁਕਾਰ), ਹੋ, ਕਸ, ਕੱਤ, ਕਮਾ, ਕੁੱਦ, ਕੰਬ (ਕੰਬਣਾ), ਕਰ, ਖੱਟ, ਖ਼ਰਚ, ਖਾ, ਖਿੜ, ਖਿਲ, ਖਿੱਚ, ਖਿੱਝ, ਖੁਆ, ਖੁੰਝ, ਖੇਡ, ਗੰਢ, ਗਾ, ਗਾਹ (ਗਾਹੁਣਾ), ਗੁਆ (ਗੁੰਮ ਕਰਨਾ), ਗੁੰਦ, ਘੁੰਮ, ਘੁਲ਼ (ਮਿਲ਼), ਘੋਲ਼ (ਘੋਲ਼ਨਾ), ਚੜ੍ਹ, ਚੱਲ, ਚੁੱਕ, ਚੀਕ, ਚੁੱਭ, ਚੁਰਾ, ਛਕ, ਛਾ (ਪ੍ਰਭਾਵ ਪਾਉਣਾ, ਛਾ ਜਾਣਾ), ਛਿੱਲ (ਸ਼ਬਜੀ ਛਿੱਲਣਾ), ਛੂਹ, ਜਪ (ਪਾਠ ਕਰ), ਜੰਮ (ਪੈਦਾ ਹੋਣਾ), ਜਲ਼ (ਸੜ), ਜਾ, ਜਾਗ, ਜੁਟ, ਜੋਖ, ਜੁੜ, ਝੰਮ (ਝਾੜਨਾ, ਕੁੱਟਣਾ), ਝੁਕ, ਝੁਰ, ਝੂਮ, ਝੂਲ, ਟਿਕ, ਟਾਲ਼ (ਕਿਸੇ ਦੀ ਗੱਲ ਟਾਲਣਾ), ਟਲ਼ (ਆਪ ਟਲਣਾ), ਟੁੱਕ (ਵੱਢਣਾ), ਟੋਕ, ਟੋਲ (ਲੱਭਣਾ), ਠੱਗ, ਠਿਲ (ਰਿੜਨਾ), ਠੂਸ (ਤੁੰਨ ਲੈਣਾ), ਡਰ, ਡਿਠ, ਡੁੱਬ, ਡੁੱਲ, ਡੇਗ, ਢਕ, ਢਹਿ, ਢੰਢੋਲ, ਢਾਲ਼, ਢੂੰਡ, ਤੱਕ (ਵੇਖਣਾ), ਤਰ, ਤਾਂਘ, ਤੁਰ, ਤੋਲ, ਥੱਕ, ਥਮ੍ਹਾ (ਫੜਾ), ਥੁੱਕ, ਥਿੜਕ, ਦੱਸ, ਦੱਬ, ਦੇਹ, ਦੇਖ, ਧਰ (ਟਿਕਾ), ਧਾਰ (ਮਨ ’ਚ ਵਸਾ), ਧਿਆ, ਧੋ (ਧੋਣਾ), ਧੁੱਖ (ਸੜ), ਧੂਹ (ਖਿੱਚ), ਨੱਚ, ਨੱਪ (ਦਬਾਅ), ਨਹਾ, ਨੱਠ, ਨੂੜ, ਪੱਕ, ਪਚ (ਹਜ਼ਮ ਹੋਣਾ), ਪਲ਼ (ਪਲ਼ਨਾ), ਪਲਟ, ਪੜ੍ਹ, ਪਾ (ਕੱਪੜੇ ਪਾਉਣੇ), ਪਿਆ, ਪੀ, ਪੁੱਛ, ਪੀਹ (ਪੀਹਣਾ), ਪੈ, ਫਸ, ਫੜ, ਫੁੱਲ (ਖਿੜਨਾ, ਚੌੜਾ ਹੋ), ਫੂਕ (ਜਲ਼ਾ ਦੇਣਾ), ਫੋਲ (ਫਰੋਲਣਾ), ਬਕ, ਬਚ, ਬੋਲ, ਬੋਚ, ਬੁੱਝ, ਬੈਠ, ਬਹਿ, ਬੰਨ੍ਹ, ਬੋਹ (ਬੀਜਣਾ), ਬੀਜ, ਬੁਣ, ਭਖ, ਭਟਕ, ਭੰਨ, ਭੁੱਲ, ਭੋਰ (ਬਰੀਕ ਕਰਨਾ), ਭਿਓਂ, ਭੁੰਨ, ਭੌਂਕ, ਮਸਲ (ਰਗੜ), ਮੱਚ, ਮਰ, ਮਲ਼ (ਮਲ਼ਨਾ), ਮਿਲ, ਮੁਕਰ, ਮੁੱਕ, ਮੇਲ, ਮੋੜ, ਯਰਕ (ਯਰਕਣਾ, ਡਰਨਾ), ਰੱਖ, ਰਗੜ, ਰਚ, ਰੱਜ, ਰੋ, ਰੁਸ, ਰਲ਼, ਰੁੜ, ਰੇੜ, ਰਿਸ (ਟਪਕਣਾ), ਰਿੜਕ, ਲੱਭ, ਲੜ, ਲਿਖ, ਲੈ, ਲੋਚ (ਇੱਛਾ ਕਰਨੀ), ਲੂਹ (ਲੂਹਣਾ), ਲਿਫ (ਝੁਕਣਾ), ਵਸ (ਟਿਕਾਣਾ ਮਲ਼ਨਾ), ਵਹਿ, ਵਗ, ਵੱਜ, ਵਾਹ (ਹਲ਼ ਵਾਹੁਣਾ), ਵੱਟ (ਰੱਸੀ ਨੂੰ ਵੱਟ ਚਾੜ੍ਹਨਾ), ਵੜ, ਵਿਛ, ਵੇਖ, ਵੇਚ’, ਆਦਿ। ਧਿਆਨ ਰਹੇ ਕਿ , ਞ, ਣ, ੜ ਅੱਖਰਾਂ ਨਾਲ਼ ਕੋਈ ਧਾਤੂ ਨਹੀਂ ਬਣਿਆ ਹੈ।

(ਨੋਟ: (1). ਜੈਸੇ ਅਜੋਕੀ ਪੰਜਾਬੀ ਦੇ ਮੁਕਾਬਲੇ ਗੁਰਬਾਣੀ ’ਚ ਧਾਤੂ ਤੋਂ ਬਹੁਤ ਹੀ ਜ਼ਿਆਦਾ ਕਿਰਿਆਵਾਚੀ ਸ਼ਬਦ ਬਣੇ ਹਨ, ਉਸੇ ਤਰ੍ਹਾਂ ਗੁਰਬਾਣੀ ਦੇ ਮੁਕਾਬਲੇ ਪੰਜਾਬੀ ’ਚ ਧਾਤੂ ਵੀ ਬਹੁਤ ਘੱਟ ਹਨ ਕਿਉਂਕਿ ਗੁਰਬਾਣੀ, ਕਈ ਭਾਸ਼ਾਵਾਂ ਦਾ ਸੰਗ੍ਰਹਿ ਹੈ, ਜਿਸ ਕਾਰਨ ਧਾਤੂ ਸ਼ਬਦ ਵੀ ਵਧ ਗਏ; ਜਿਵੇਂ ਉਚਰ (ਉਚਾਰਨਾ), ਸਿਝ ਜਾਂ ਸੀਝ (ਸਿਝਸੀ/ਸੀਝਸਿ ਭਾਵ ਕਾਮਯਾਬ ਹੋਣਾ), ਗੁੜ (ਗੁੜਣਾ ਭਾਵ ਸਮਝਣਾ), ਗੁਨ (ਗੁਨਣਾ ਭਾਵ ਵਿਚਾਰਨਾ), ਆਦਿ ਧਾਤੂ ਅਜੋਕੀ ਪੰਜਾਬੀ ਵਿੱਚ ਨਹੀਂ ਹਨ।

(2). ‘ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ’ ਹਰ ਭਾਸ਼ਾ ’ਚ ਸੀਮਤ ਹੁੰਦੇ ਹਨ, ਜਿਨ੍ਹਾਂ ਦੇ ਮੁਕਾਬਲੇ ਕੇਵਲ ਨਾਂਵ ਹੀ ਅਸੰਖ ਕਹੇ ਜਾ ਸਕਦੇ ਹਨ: ਅਸੰਖ ਨਾਵ; ਅਸੰਖ ਥਾਵ ॥ ਜਪੁ॥)

ਇੱਕ-ਇੱਕ ‘ਧਾਤੂ ਤੋਂ ਕਈ ਕਿਰਿਆਵਾਚੀ ਸ਼ਬਦ ਬਣ ਜਾਂਦੇ ਹਨ, ਪਰ ਸਭ ਤੋਂ ਸੰਖੇਤ ਧਾਤੂ ਰੂਪ ਹੈ: ‘ਕੇਵਲ ਅੰਤ ਔਂਕੜ ਜਾਂ ਅੰਤ ਸਿਹਾਰੀ’; ਜਿਵੇਂ ਸੁਣ, ਮਿਲ ਤੋਂ ਸੁਣਿ, ਮਿਲੁ ਬਣਨਾ। ਗੁਰਬਾਣੀ ਵਿਆਕਰਨ ਅਨੁਸਾਰ ਇਸ ਸੰਖੇਪ ਰੂਪ ਨੂੰ ਹੁਕਮੀ ਭਵਿੱਖ ਕਾਲ ਕਿਰਿਆ ਕਿਹਾ ਜਾਂਦਾ ਹੈ, ਜੋ ਦੂਜਾ ਪੁਰਖ, ਇੱਕ ਵਚਨ ਲਈ ਹੁਕਮ ਹੁੰਦਾ ਹੈ ਕਿ ਤੂੰ ਬਾਕੀ ਰਹਿੰਦਾ ਆਪਣਾ ਕਾਰਜ ਮੁਕੰਮਲ ਕਰ; ਜਿਵੇਂ ਕਿ

ਸੁਣਿ ਮਨ ਮਿਤ੍ਰ ਪਿਆਰਿਆ ! ਮਿਲੁ ਵੇਲਾ ਹੈ ਏਹ ॥ (ਮ: ੧/੨੦) ਭਾਵ ਹੇ ਪਿਆਰੇ ਸਨੇਹੀ ਮਨ ! ਤੂੰ ਸੁਣ, ਤੂੰ (ਅਕਾਲ ਪੁਰਖ ਨੂੰ) ਮਿਲ, ਇਹ (ਮਨੁੱਖਾ ਜਨਮ ਹੀ) ਢੁੱਕਵਾਂ ਸਮਾਂ ਹੈ।

ਕਰਤਾ ਕਰਮ: ਕਿਸੇ ਵਾਕ ’ਚ ਕੰਮ ਕਰਨ ਵਾਲ਼ੇ ਨੂੰ ਕਰਤਾ’ ਕਿਹਾ ਜਾਂਦਾ ਹੈ ਅਤੇ ਜਿਸ ਉੱਤੇ ਉਹ ਕੰਮ ਕੀਤਾ ਜਾਏ ਉਸ ਨੂੰ ਕਰਮ ਕਿਹਾ ਜਾਂਦਾ ਹੈ; ਜਿਵੇਂ ‘ਗੁਰਮੁਖ ਨੇ ਪਾਠ ਕੀਤਾ’, ਵਾਕ ’ਚ ਗੁਰਮੁਖ ਕਰਤਾ ਅਤੇ ਪਾਠ ਕਰਮ ਹੈ।

ਵਾਕ ਬਣਤਰ ਲਈ ਤੱਤਾਂ ਦੇ ਆਧਾਰ ’ਤੇ ਕਿਰਿਆ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ (ੳ) ਅਕਰਮਕ ਕਿਰਿਆ (ਅ) ਸਕਰਮਕ ਕਿਰਿਆ।

(ੳ). ਅਕਰਮਕ ਕਿਰਿਆ: ਕਿਸੇ ਕੰਮ ਨੂੰ ਕਾਲ ਸਹਿਤ ਬਿਆਨ ਕਰਨ ਵਾਲ਼ਾ ਸ਼ਬਦ ਕਿਰਿਆ’ ਅਖਵਾਉਂਦਾ ਹੈ, ਪਰ ਜਿਸ ਵਾਕ ’ਚ ਕਰਮ’ ਨਾ ਹੋਵੇ ਅਤੇ ਕਿਰਿਆ ਦਾ ਕੇਵਲ ਕਰਤਾ ਹੋਵੇ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ

ਗੁਰਮੁਖ ਪੜ੍ਹਦਾ ਹੈ। (ਇਸ ਵਾਕ ’ਚ ਕਿਤਾਬ ਦਾ ਜ਼ਿਕਰ ਨਹੀਂ, ਜੋ ਕਰਮ ਸੀ।)

ਕਰਤਾਰ ਖੇਡਦਾ ਹੈ। (ਇਸ ਵਾਕ ’ਚ ਖੇਡ ਬਾਰੇ ਜ਼ਿਕਰ ਨਹੀਂ, ਜੋ ਕਰਮ ਸੀ।)

, ਹੱਸ, ਸੌਂ, ਘੁੰਮ, ਚੱਲ, ਚੜ੍ਹ, ਜਾ, ਤੁਰ, ਦੌੜ, ਨਹਾ, ਭੱਜ, ਰੋ, ਆਦਿ ‘ਧਾਤੂ ਦਾ ਕੇਵਲ ਕਰਤਾ ਹੈ, ਕਰਮ ਨਹੀਂ, ਇਸ ਲਈ ਇਹ ਸਭ ‘ਅਕਰਮਕ ਕਿਰਿਆ’ ਹਨ।

(ਅ). ਸਕਰਮਕ ਕਿਰਿਆ: ਸਕਰਮਕ ਦਾ ਅਰਥ ਹੈ: ਕਰਮ ਸਹਿਤ। ਵਾਕ ’ਚ ਜਿਸ ‘ਕਿਰਿਆ’ ਦਾ ਕਰਤਾ ਤੇ ਕਰਮ (ਦੋਵੇਂ) ਮੌਜੂਦ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ

ਗੁਰਮੁਖ ਕਿਤਾਬ ਪੜ੍ਹਦਾ ਹੈ।

ਕਰਤਾਰ ਹਾਕੀ ਖੇਡਦਾ ਹੈ।, ਇਨ੍ਹਾਂ ਵਾਕਾਂ ’ਚ ਗੁਰਮੁਖ ਤੇ ਕਰਤਾਰ ਕਰਤਾ ਹਨ ਅਤੇ ਕਿਤਾਬ ਤੇ ਹਾਕੀ ਕਰਮ।

ਖਾ, ਗਾ, ਪੀ, ਲਿਖ, ਮਾਰ, ਆਦਿ ‘ਧਾਤੂ; ਸਕਰਮਕ ਕਿਰਿਆ’ ਬਣ ਸਕਦੇ ਹਨ ਕਿਉਂਕਿ ਇਨ੍ਹਾਂ ’ਚ ਕਿਰਿਆ ਦੇ ਕਰਤੇ ਸਮੇਤ ਕਰਮ ਵੀ ਪ੍ਰਗਟ ਹੋ ਸਕਦਾ ਹੈ।

ਕਿਰਿਆ(Verb) ਬਨਾਮ ਕਿਰਦੰਤ’ (Participles)

ਕੁੱਤਾ ਭੌਂਕਦਾ ਹੈ। (ਇਸ ਵਾਕ ’ਚ ਭੌਂਕਦਾ ਕਿਰਿਆ ਹੈ, ਜੋ ਵਰਤਮਾਨ ਸਮੇਂ ਨੂੰ ਨਿਸ਼ਚਿਤ ਕਰਦੀ ਹੈ।)

ਕੁੱਤਾ ਭੌਂਕਦਾ ਭੌਂਕਦਾ ਚਲਾ ਗਿਆ। (ਇਸ ਵਾਕ ’ਚ ਭੌਂਕਦਾ ਭੌਂਕਦਾ ਕਿਰਦੰਤ (ਕਿਰਿਆ ਵਿਸ਼ੇਸ਼ਣ) ਹੈ, ਜੋ ‘ਭੌਂਕਣ’ ਦੇ ਸਮੇਂ ਨੂੰ ਨਿਰਧਾਰਿਤ ਨਹੀਂ ਕਰਦਾ।)

ਧਾਤੂ’ ਤੋਂ ਕਿਰਦੰਤ (ਕਾਰਦੰਤਕ) ਅਤੇ ਕਿਰਿਆ ਬਣਦੇ ਹਨ। ਕਿਰਿਆ; ਵਸਤੂ ਜਾਂ ਜੀਵ ਦੇ ਕੰਮ ਨੂੰ ਕਾਲ ਸਹਿਤ ਬਿਆਨ ਕਰਦੀ ਹੈ ਜਦ ਕਿ ਕਿਰਦੰਤ ਕੰਮ ਦਾ ਸਮਾਂ ਨਹੀਂ ਦੱਸਦੇ।

ਕਿਰਦੰਤ ਦੇ ਰੂਪ; ਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ’ ਵਿੱਚੋਂ ਹੋਣੇ ਲਾਜ਼ਮੀ ਹਨ ਤੇ ਇਹ ਚਾਰ ਪ੍ਰਕਾਰ ਦੇ ਹੁੰਦੇ ਹਨ:

(1). ਭਾਵਾਰਥ ਕਿਰਦੰਤ (Infinitive Participle)ਧਾਤੂ ਦੇ ਅੰਤ ’ਚ ਣਾ ਜਾਂ ਨਾ ਵਧਾ ਕੇ ਜੋ ਸ਼ਬਦ ਬਣਦਾ ਹੈ, ਉਸ ਨੂੰ ‘ਭਾਵਾਰਥ ਕਿਰਦੰਤ’ ਕਿਹਾ ਜਾਂਦਾ ਹੈ; ਜਿਵੇਂ ‘ਜਾ’ ਤੋਂ ਜਾਣਾ, ‘ਖਾ’ ਤੋਂ ‘ਖਾਣਾ’, ‘ਡਰ’ ਤੋਂ ‘ਡਰਨਾ’, ‘ਪੜ੍ਹ’ ਤੋਂ ‘ਪੜ੍ਹਨਾ’।

ਇਹ ਨਿਯਮ ਗੁਰਬਾਣੀ ’ਚ ਇਉਂ ਦਰਜ ਹੈ:

ਪੜਣਾ ਗੁੜਣਾ, ਸੰਸਾਰ ਕੀ ਕਾਰ ਹੈ; ਅੰਦਰਿ ਤ੍ਰਿਸਨਾ ਵਿਕਾਰੁ ॥ (ਮ: ੩/੬੫੦)

ਕਿਰਦੰਤ’ ਦਾ ਅੰਤ ਕੰਨਾ ਹਟਾ ਕੇ ਵਾਲ਼ਾ ਲਗਾਉਣ ਉਪਰੰਤ ਨਾਂਵ ਬਣ ਜਾਂਦਾ ਹੈ; ਜਿਵੇਂ ‘ਜਾਣਾ’ ਤੋਂ ਜਾਣ ਵਾਲ਼ਾ, ‘ਖਾਣਾ’ ਤੋਂ ਖਾਣ ਵਾਲ਼ਾ, ‘ਡਰਨਾ’ ਤੋਂ ਡਰਨ ਵਾਲ਼ਾ, ਆਦਿ, ਪਰ ਇਸ ਨਾਂਵ ਸਰੂਪ ਵਿਸ਼ੇਸ਼ਣ ਵੀ ਹੋ ਸਕਦਾ ਹੈ; ਜਿਵੇਂ ਕਿ

ਜਾਣ ਵਾਲ਼ਾ ਕਦੇ ਵਾਪਸ ਨਹੀਂ ਆਇਆ। (ਇਸ ਵਾਕ ’ਚ ਜਾਣ ਵਾਲ਼ਾ ਨਾਂਵ ਹੈ।) ਪਰ

ਜਾਣ ਵਾਲ਼ਾ ਬੰਦਾ ਕਦੇ ਵਾਪਸ ਨਹੀਂ ਆਇਆ। (ਇਸ ਵਾਕ ’ਚ ਜਾਣ ਵਾਲ਼ਾ ਵਿਸ਼ੇਸ਼ਣ ਹੈ।)

ਇਹ ਨਿਯਮ ਗੁਰਬਾਣੀ ’ਚ ਇਉਂ ਦਰਜ ਹੈ:

ਆਖਣ ਵਾਲਾ; ਕਿਆ ਵੇਚਾਰਾ  ?॥ (ਸੋ ਦਰੁ/ਮ: ੧)

ਰੰਙਣ ਵਾਲਾ ਜੇ ਰੰਙੈ, ਸਾਹਿਬੁ; ਐਸਾ ਰੰਗੁ ਨ ਡੀਠ ॥ (ਮ: ੧/੭੨੨), ਆਦਿ।

(2). ਭੂਤ ਕਿਰਦੰਤ (Past Participle)ਧਾਤੂ ਦੇ ਅੰਤ ’ਚ  ਿ ਆ ਜਾਂ ਇਆ ਵਧਾ ਕੇ ਜੋ ਸ਼ਬਦ ਬਣਦਾ ਹੈ, ਉਸ ਨੂੰ ਭੂਤ ਕਿਰਦੰਤ ਕਿਹਾ ਜਾਂਦਾ ਹੈ; ਜਿਵੇਂ ‘ਪੜ੍ਹ’ ਤੋਂ ਪੜ੍ਹਿਆ, ‘ਲਿਖ’ ਤੋਂ ਲਿਖਿਆ, ‘ਖਾ’ ਤੋਂ ਖਾਇਆ, ‘ਕਮਾ’ ਤੋਂ ਕਮਾਇਆ

ਇਸ ਕਿਰਦੰਤ ਦੀ ਵਰਤੋਂ ਵੀ ਨਾਂਵ ਤੇ ਵਿਸ਼ੇਸ਼ਣ (ਦੋਹਾਂ) ਰੂਪਾਂ ’ਚ ਕੀਤੀ ਜਾਂਦੀ ਹੈ; ਜਿਵੇਂ

ਪੜ੍ਹਿਆ-ਲਿਖਿਆ ਵੀ ਮੂਰਖ ਹੈ। (ਇਸ ਵਾਕ ’ਚ ‘ਪੜ੍ਹਿਆ-ਲਿਖਿਆ’ ਸ਼ਬਦ ਨਾਂਵ ਹੈ।) ਪਰ

ਪੜ੍ਹਿਆ-ਲਿਖਿਆ ਬੰਦਾ ਵੀ ਮੂਰਖ ਹੈ। (ਇਸ ਵਾਕ ’ਚ ‘ਪੜ੍ਹਿਆ-ਲਿਖਿਆ’ ਸ਼ਬਦ ਵਿਸ਼ੇਸ਼ਣ ਹੈ।)

ਇਹ ਨਿਯਮ ਗੁਰਬਾਣੀ ਵਿੱਚ ਇਉਂ ਦਰਜ ਹੈ:

ਹਰਣਾਂ ਬਾਜਾਂ ਤੈ (ਅਤੇ) ਸਿਕਦਾਰਾਂ; ਏਨ੍ਾ ਪੜਿ੍ਆ ਨਾਉ ॥ (ਮ: ੧/੧੨੮੮) (ਪੜ੍ਹਿਆ-ਵਿਸ਼ੇਸ਼ਣ; ਇੱਥੇ ਪੜ੍ਹਿਆ ਦਾ ਅਰਥ ਹੈ: ਗਿਆਨੀ, ਸਮਝਦਾਰ ਭਾਵ ‘ਹਰਣਾਂ ਬਾਜਾਂ ਤੈ ਸਿਕਦਾਰਾਂ’ ਦਾ ਨਾਉ ਵਿਦਵਾਨ ਮੰਡਲੀ ਵਿੱਚ ਆਉਂਦਾ ਹੈ।)

ਪੜਿਆ ਅਣਪੜਿਆ; ਪਰਮ ਗਤਿ ਪਾਵੈ ॥ (ਮ: ੫/੧੯੭) (ਪੜ੍ਹਿਆ-ਨਾਂਵ)

(ਨੋਟ: ਜਦ ਕਿਰਦੰਤ ਨੂੰ ਉਕਤ ਨਿਯਮ ਵਾਙ ਨਾਂਵ ਦੇ ਰੂਪ ’ਚ ਵਰਤਿਆ ਜਾਏ ਤਾਂ ਇਸ ਨੂੰ ਕਿਰਿਆ ਫਲ਼ (Gerundਵੀ ਕਹਿੰਦੇ ਹਨ ਕਿਉਂਕਿ ਇਹ ਬੰਦੇ ਦੀ ਕਮਾਈ ਨੂੰ ਦਰਸਾਉਂਦਾ ਹੈ।)

(3). ਵਰਤਮਾਨ ਕਿਰਦੰਤ (Present Participle)ਧਾਤੂ ਦੇ ਅੰਤ ’ਚ ਦਾ ਵਧਾ ਕੇ ਜੋ ਸ਼ਬਦ ਬਣੇ ਉਸ ਨੂੰ ‘ਵਰਤਮਾਨ ਕਿਰਦੰਤ ਕਿਹਾ ਜਾਂਦਾ ਹੈ; ਜਿਵੇਂ ‘ਹੱਸ’ ਤੋਂ ਹੱਸਦਾ, ‘ਤਰ’ ਤੋਂ ਤਰਦਾ। ਇਸ ਕਿਰਦੰਤ ਦੀ ਵਰਤੋਂ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਦੇ ਰੂਪ ’ਚ ਹੁੰਦੀ ਹੈ; ਜਿਵੇਂ

ਹੱਸਦਾ ਬੱਚਾ ਚੰਗਾ ਲਗਦਾ ਹੈ। (ਇਸ ਵਾਕ ’ਚ ਹੱਸਦਾ ਵਿਸ਼ੇਸ਼ਣ’ ਹੈ।)   ਪਰ

ਬੱਚਾ ਹੱਸਦਾ ਰਹਿੰਦਾ ਹੈ। (ਇਸ ਵਾਕ ’ਚ ਹੱਸਦਾ ਕਿਰਿਆ ਵਿਸ਼ੇਸ਼ਣ’ ਹੈ ਕਿਉਂਕਿ ਪਹਿਲੇ ਵਾਕ ’ਚ ਹੱਸਦਾਬੱਚਾ’ (ਨਾਂਵ) ਤੋਂ ਪਹਿਲਾਂ ਹੈ ਤੇ ਹੁਣ ‘ਹੱਸਦਾ; ਰਹਿੰਦਾ (ਕਿਰਿਆ) ਤੋਂ ਪਹਿਲਾਂ ਹੈ।)

ਤਰਦਾ ਫੁੱਲ ਦੂਰ ਚਲਾ ਗਿਆ। (ਇਸ ਵਾਕ ’ਚ ਤਰਦਾ ਵਿਸ਼ੇਸ਼ਣ’ ਹੈ ਕਿਉਂਕਿ ਫੁੱਲ (ਨਾਂਵ) ਤੋਂ ਅੱਗੇ ਹੈ।)

ਫੁੱਲ ਤਰਦਾ ਜਾ ਰਿਹਾ ਹੈ। (ਇਸ ਵਾਕ ’ਚ ਤਰਦਾ ਕਿਰਿਆ ਵਿਸ਼ੇਸ਼ਣ’ ਹੈ ਕਿਉਂਕਿ ਜਾ ਰਿਹਾ ਹੈ (ਕਿਰਿਆ) ਤੋਂ ਪਹਿਲਾਂ ਹੈ।)

(ਨੋਟ: (1). ਉਕਤ ਕਿਰਦੰਤ ਨਿਯਮ ਮੁਤਾਬਕ ਜਦ ਧਾਤੂ ਦੇ ਅੰਤ ਵਿੱਚ ਕੋਈ ਲਗ ਲੱਗੀ ਹੋਵੇ ਤਾਂ ਦਾ ਤੋਂ ਪਹਿਲਾਂ ਬਿੰਦੀ ( ਂ ) ਜਾਂ ਉਂ ਲਗਦਾ ਹੈ; ਜਿਵੇਂ ‘ਖਾ’ ਤੋਂ ਖਾਂਦਾ, ‘ਪੀ’ ਤੋਂ ਪੀਂਦਾ, ‘ਨ੍ਹਾ’ ਤੋਂ ਨ੍ਹਾਉਂਦਾ, ‘ਸਤਾ’ ਤੋਂ ਸਤਾਉਂਦਾ

(2). ਵਰਤਮਾਨ ਕਿਰਦੰਤ ਦੇ ਅੱਗੇ ਸੰਬੰਧਕੀ ਚਿੰਨ੍ਹ ਆਉਣ ਉਪਰੰਤ ‘ਕਿਰਦੰਤ’ ਦਾ ਅੰਤ ਕੰਨਾ ਹਟਾ ਕੇ ‘ ਿ ਆਂ’ ਵੀ ਵਧਾ ਲਿਆ ਜਾਂਦਾ ਹੈ; ਜਿਵੇਂ

ਮੋਹਨ ਦੇ ਹੱਸਦਿਆਂ (ਹੱਸਦਾ+ ਿ ਆਂ) ਮਾਹੌਲ ਖ਼ੁਸ਼ਗਵਾਰ ਹੋ ਜਾਂਦਾ ਹੈ।

‘ਹੱਸਦਾ’ ਤੋਂ ਹੱਸਦਿਆਂ, ‘ਖਾਂਦਾ’ ਤੋਂ ਖਾਂਦਿਆਂ, ‘ਪੀਂਦਾ’ ਤੋਂ ਪੀਂਦਿਆਂ।)

(4). ਪੂਰਵ-ਪੂਰਨ ਕਿਰਦੰਤ (Past Perfect Participle)ਧਾਤੂ ਨਾਲ਼ ਕੇ ਵਾਧੂ ਲਗਾ ਕੇ, ਜੋ ਸ਼ਬਦ ਕਿਰਿਆ ਵਿਸ਼ੇਸ਼ਣ ਬਣਦਾ ਹੈ ਉਸ ਨੂੰ ਪੂਰਵ-ਪੂਰਨ ਕਿਰਦੰਤ ਕਿਹਾ ਜਾਂਦਾ ਹੈ; ਜਿਵੇਂ ‘ਆ’ ਤੋਂ ਆ ਕੇ, ‘ਜਾ’ ਤੋਂ ਜਾ ਕੇ, ‘ਪੀ’ ਤੋਂ ਪੀ ਕੇ

ਗੁਰਮੁਖ ਪਾਠ ਸੁਣ ਕੇ ਸਮਝਦਾ ਹੈ।, ਵਾਕ ’ਚ ਕ੍ਰਮਵਾਰ ਸ਼ਬਦ ‘ਗੁਰਮੁਖ’ (ਕਰਤਾ) ‘ਪਾਠ’ (ਕਰਮ) ਸੁਣ ਕੇ (ਕਿਰਿਆ ਵਿਸ਼ੇਸ਼ਣ, ਪੂਰਵ-ਪੂਰਨ ਕਿਰਦੰਤ) ‘ਸਮਝਦਾ’ (ਮੂਲ ਕਿਰਿਆ) ‘ਹੈ’ (ਸਹਾਇਕ ਕਿਰਿਆ) ਹਨ।

ਉਕਤ ਵਾਕ ’ਚ ਸ਼ਾਮਲ ਸੁਣ ਕੇ ਨੂੰ ਗੁਰਬਾਣੀ ਲਿਖਤ ਮੁਤਾਬਕ ਸੁਣਿ (ਕਿਰਿਆ ਵਿਸ਼ੇਸ਼ਣ) ਲਿਖਿਆ ਜਾਂਦਾ ਹੈ।

(ਨੋਟ: ਧਿਆਨ ਰਹੇ ਕਿ ਸੁਣਿ ਮਨ ਮਿਤ੍ਰ ਪਿਆਰਿਆ ! ਮਿਲੁ ਵੇਲਾ ਹੈ ਏਹ ॥, ਤੁਕ ਦੀ ਕੀਤੀ ਗਈ ਵਿਚਾਰ ਅਨੁਸਾਰ ਸੁਣਿ ਹੁਕਮੀ ਭਵਿੱਖ ਕਾਲ ਕਿਰਿਆ ਹੈ ਕਿਉਂਕਿ

(1). ਮਨ (ਇੱਕ ਵਚਨ ਪੁਲਿੰਗ ਨਾਉਂ) ਸੰਬੋਧਨ ਰੂਪ ਵਿੱਚ ਮੌਜੂਦ ਹੈ, ਜੋ ਕਿ ਗੁਰਮੁਖ ਪਾਠ ਸੁਣ ਕੇ ਸਮਝਦਾ ਹੈ। ਵਾਕ ਵਿੱਚ ਨਹੀਂ।

(2). ਸੁਣਿ ਮਨ ਮਿਤ੍ਰ ਪਿਆਰਿਆ ! ਮਿਲੁ ਵੇਲਾ ਹੈ ਏਹ ॥, ਵਾਕ ’ਚ ਸੁਣਿ ਤੇ ਮਿਲੁ ਮੂਲ ਕਿਰਿਆਵਾਂ ਹਨ, ਜਿਨ੍ਹਾਂ ਨੂੰ ਹੁਕਮੀ ਭਵਿੱਖ ਕਾਲ ਕਿਹਾ ਗਿਆ। ਅਗਰ ਸੁਣਿ ਨੂੰ ਕਿਰਿਆ ਵਿਸ਼ੇਸ਼ਣ ਮੰਨ ਕੇ ਸੁਣ ਕੇ ਅਰਥ ਕਰੀਏ ਤਾਂ ਸੁਣਿ (ਕੇ) ਮਨ ਮਿਤ੍ਰ ਪਿਆਰਿਆ ! ਮਿਲੁ ਵੇਲਾ ਹੈ ਏਹ ॥, ਵਾਲ਼ੇ ਅਰਥ, ਗੁਰਬਾਣੀ ਲਿਖਤ ਮੁਤਾਬਕ ਨਹੀਂ ਹੋਣਗੇ।)

ਸੋ, ਗੁਰਬਾਣੀ ਲਿਖਤ ਮੁਤਾਬਕ ਜਦ ਵਾਕ ਵਿੱਚ ਕੋਈ ਇੱਕ ਵਚਨ ਪੁਲਿੰਗ ਨਾਉਂ ਸੰਬੋਧਨ ਨਾ ਹੋਵੇ ਤਾਂ ਅੰਤ ਸਿਹਾਰੀ ਵਾਲ਼ਾ ਹੁਕਮੀ ਭਵਿੱਖ ਕਾਲ ਕਿਰਿਆ ਸ਼ਬਦ ਹੀ ਕਿਰਿਆ ਵਿਸ਼ੇਸ਼ਣ ਬਣ ਜਾਂਦਾ ਹੈ ਅਤੇ ਇਸ ਦੀ ‘ਅੰਤ ਸਿਹਾਰੀ’ ਵਿੱਚੋਂ ‘ਕੇ’ ਅਰਥ ਮਿਲਦੇ ਹਨ; ਜਿਵੇਂ ਕਿ

ਸੁਣਿ (ਕੇ) ਵਡਾ; ਆਖੈ ਸਭੁ ਕੋਇ ॥ (ਮ: ੧/ਸੋ ਦਰੁ)

ਸੁਨਿ (ਕੇ) ਅੰਧਾ; ਕੈਸੇ ਮਾਰਗੁ ਪਾਵੈ  ?॥ (ਮ: ੫/੨੬੭)

———–ਸਮਾਪਤੀ——–