ਗੁਰਬਾਣੀ ਲਿਖਤ ਨਿਯਮ ਬਨਾਮ ਆਧੁਨਿਕ ਪੰਜਾਬੀ ਲਿਪੀ (ਭਾਗ ਪਹਿਲਾ)

0
6870

ਗੁਰਬਾਣੀ ਲਿਖਤ ਨਿਯਮ ਬਨਾਮ ਆਧੁਨਿਕ ਪੰਜਾਬੀ ਲਿਪੀ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਭਾਸ਼ਾ : ਲਗ, ਮਾਤਰਾ ਅਤੇ ਲਗਾਖਰ ਦਾ ਉਹ ਸੰਗ੍ਰਹਿ, ਜਿਸ ਰਾਹੀਂ ਮਨੁੱਖ ਆਪਣੇ ਵਿਚਾਰ, ਭਾਵ ਅਤੇ ਇਛਾਵਾਂ; ਹੋਰਾਂ ਨਾਲ਼ ਸਾਂਝੇ ਕਰੇ, ਉਸ ਨੂੰ ਭਾਸ਼ਾ ਆਖਦੇ ਹਨ।  ਭਾਸ਼ਾ ਨੂੰ ਬੋਲੀ ਤੇ ਜ਼ਬਾਨ ਵੀ ਕਿਹਾ ਜਾਂਦਾ ਹੈ।  ਭਾਸ਼ਾ; ਕਿਸੇ ਸਮੁਦਾਇ ਦੀ ਏਕਤਾ ਦੇ ਪ੍ਰਤੀਕ ਵਜੋਂ ਜਾਣੀ ਜਾਂਦੀ ਹੈ।  ਭਾਰਤੀ ਸੰਵਿਧਾਨ ਮੁਤਾਬਕ ਭਾਰਤ ਦੀਆਂ 14 ਪ੍ਰਮੁੱਖ ਬੋਲੀਆਂ ’ਚੋਂ ਪੰਜਾਬੀ ਇੱਕ ਹੈ।

ਸਿੱਖਾਂ ਦੀ ਮਾਂ ਬੋਲੀ ਪੰਜਾਬੀ; ਆਪਣੇ 35 ਅੱਖਰਾਂ ’ਚੋਂ ਮਾਤਰ 29 ਅੱਖਰਾਂ ਨਾਲ਼ ਹੀ ਸੰਸਕ੍ਰਿਤ ਦੀਆਂ 52 ਅੱਖਰ ਧੁਨੀਆਂ ਨੂੰ ਅਤੇ 3 ਸਵਰ (ੳ, ਅ, ੲ) ਨਾਲ਼ ਹੀ ਅੰਗਰੇਜ਼ੀ ਦੇ 5 ਸਵਰ (A,E,I,O,U) ਧੁਨੀਆਂ ਨੂੰ ਪੂਰਾ ਕਰ ਲੈਂਦੀ ਹੈ ਅਤੇ ਇਸ ਦੇ ਬਾਵਜੂਦ 6 ਅੱਖਰ (ਘ, ਝ, ਢ, ਭ, ਧ, ੜ) ਧੁਨੀਆਂ ਕਿਸੇ ਹੋਰ ਭਾਸ਼ਾਵਾਂ ’ਚ ਮੌਜੂਦ ਨਹੀਂ । ਪੰਜਾਬੀ ਭਾਸ਼ਾ ਬੜੀ ਸਰਲ ਅਤੇ ਸਪਸ਼ਟ ਸੁਭਾਅ ਦੀ ਮਾਲਕ ਹੈ। ਸੰਸਕ੍ਰਿਤ ਦੇ ਨਪੁੰਸਕ ਲਿੰਗ ਨੂੰ ਜ਼ਿਆਦਾਤਰ ਪੁਲਿੰਗ ਵਜੋਂ ਆਪਣੇ ’ਚ ਲੈਣ ਕਾਰਨ ਪੰਜਾਬੀ ਨੂੰ ਮਰਦਾਊ ਬੋਲੀ ਵੀ ਕਹਿੰਦੇ ਹਨ। ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਅਤੇ ਹਿੰਦੀ ਭਾਸ਼ਾ ਦੀ ਦੇਵਨਾਗਰੀ ਲਿਪੀ ਵਾਙ ਪੰਜਾਬੀ ਭਾਸ਼ਾ ਦੀ ਵੀ ਆਪਣੀ ਵੱਖਰੀ ਗੁਰਮੁਖੀ ਲਿਪੀ ਹੈ, ਇਸ ਨੇ ਇੱਕ ਦਰਜਨ ਤੋਂ ਵੱਧ ਬੋਲੀਆਂ ਨੂੰ ਆਪਣੇ ’ਚ ਸਮੋ ਕੇ ਰੱਖਿਆ ਹੋਣ ਕਾਰਨ ਇਸ ਦੀ ਪਾਚਨ ਸ਼ਕਤੀ ਹੋਰਾਂ ਭਾਸ਼ਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਪੰਜਾਬੀ ’ਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਹਨ, 2 ਮਾਤਰਾਵਾਂ ਜਾਂ ਲਗਾਂ ਦੀਆਂ 2 ਕਿਸਮਾਂ (ਦੀਰਘ ਤੇ ਲਘੂ/ਹ੍ਰਸਵ) ਹਨ ਅਤੇ 3 ਲਗਾਖਰ (ਅੱਧਕ, ਟਿੱਪੀ ਤੇ ਬਿੰਦੀ) ਹਨ।,  3 ਲਘੂ (ਛੋਟੀਆਂ) ਲਗਾਂ (ਮੁਕਤਾ, ਸਿਹਾਰੀ ਤੇ ਔਂਕੜ) ਹਨ ਅਤੇ 7 ਦੀਰਘ ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਹਨ।  ਕਾਵਿ ਪਿੰਗਲ ਮੁਤਾਬਕ ਇਨ੍ਹਾਂ 3 ਲਘੂ ਲਗਾਂ ਨੂੰ ਇੱਕ ਅੰਕ ਅਤੇ 7 ਦੀਰਘ ਲਗਾਂ ਨੂੰ 2 ਅੰਕ ਦਿੱਤਾ ਗਿਆ ਹੈ ਭਾਵ ਉਚਾਰਨ ਦੌਰਾਨ ਲਘੂ ਲਗਾਂ ਦੇ ਮੁਕਾਬਲੇ ਦੀਰਘ ਲਗਾਂ ਨੂੰ ਦੋ ਗੁਣਾਂ ਸਮਾਂ ਮਿਲ ਜਾਂਦਾ ਹੈ।  ਤਿੰਨ ਸਵਰ (ੳ, ਅ, ੲ) ਅਤੇ 32 ਵਿਅੰਜਨ (ਸ ਤੋਂ ੜ ਤੱਕ) ਹਨ।  ‘ੳ, ਅ, ੲ, ਸ, ਹ’ ਨੂੰ ਮੁੱਖ ਵਰਗ; ‘ਕ, ਖ, ਗ, ਘ, ਙ’ ਨੂੰ ਕਵਰਗ; ‘ਚ, ਛ, ਜ, ਝ, ਞ’ ਨੂੰ ਚਵਰਗ; ‘ਟ, ਠ, ਡ, ਢ, ਣ’ ਨੂੰ ਟਵਰਗ; ‘ਤ, ਥ, ਦ, ਧ, ਨ’ ਨੂੰ ਤਵਰਗ; ‘ਪ, ਫ, ਬ, ਭ, ਮ’ ਨੂੰ ਪਵਰਗ; ‘ਯ, ਰ, ਲ, ਵ, ੜ’ ਨੂੰ ਅੰਤਿਮ ਵਰਗ ਅਤੇ ‘ਸ਼, ਖ਼, ਗ਼, ਜ਼, ਫ਼, ਲ਼’ ਨੂੰ ਨਵੀਨ ਵਰਗ ’ਚ ਰੱਖਿਆ ਗਿਆ ਹੈ।  ਪੰਜ ਵਿਅੰਜਨ ਅੱਖਰ ਧੁਨੀ ‘ਙ, ਞ, ਣ, ਨ, ਮ’ ਹੀ ਅਨੁਨਾਸਕੀ ਧੁਨੀ (ਨਾਸਾਂ ਰਾਹੀਂ) ਵੀ ਪ੍ਰਗਟਾਉਂਦੇ ਹਨ।

ਪੰਜਾਬੀ ਭਾਸ਼ਾ ਦੀ ਜਨਨੀ ਭਾਵੇਂ ਕਿ ਗੁਰਮੁਖੀ ਲਿਪੀ ਹੀ ਹੈ ਪਰ ਆਧੁਨਿਕ ਪੰਜਾਬੀ ਅਤੇ ਪੁਰਾਤਨ ਪੰਜਾਬੀ (ਗੁਰਮੁਖੀ) ਦੇ ਲਿਖਣ ਢੰਗ ’ਚ ਕਾਫ਼ੀ ਅੰਤਰ ਆ ਚੁੱਕਾ ਹੈ, ਇਸ ਅੰਤਰ ਨੂੰ ਵਾਚਣਾ ਹੀ ਹਥਲਾ ਵਿਸ਼ਾ ਹੈ, ਜਿਸ ਨੂੰ 3 ਕੁ ਭਾਗਾਂ ’ਚ ਰੱਖ ਕੇ ਸੰਖੇਪ ਮਾਤਰ ਵਿਚਾਰਨ ਦਾ ਯਤਨ ਕੀਤਾ ਹੈ ਤਾਂ ਜੋ ਆਮ ਪੰਜਾਬੀ ਪਾਠਕ ਵੀ ਗੁਰਮੁਖੀ ਨੂੰ ਸਮਝਣ ’ਚ ਕੁਤਾਹੀ ਨਾ ਖਾਵੇ।

ਨਾਂਵ : ਵਿਅਕਤੀ, ਵਸਤੂ ਅਤੇ ਸਥਾਨ ਬਾਰੇ ਸਮਝ ਦੇਣ ਵਾਲ਼ੇ ਸ਼ਬਦ ਨੂੰ ਨਾਂਵ ਆਖਦੇ ਹਨ। ਹਰ ਜੂਨ (ਪਸ਼ੂ, ਪੰਛੀ ਜੀਵ-ਜੰਤ) ਨੂੰ ਵਿਅਕਤੀ ਨਾਂਵ, ਫ਼ਸਲ, ਦਾਲ਼ਾਂ ਤੇ ਮਸ਼ੀਨਰੀ ਵਸਤੂ ਨਾਂਵ ਅਤੇ ਚਾਰੋਂ ਦਿਸਾਵਾਂ ’ਚ ਹਰ ਜਗ੍ਹਾ ਦੇ ਨਾਂ ਨੂੰ ਸਥਾਨ ਵਾਚਕ ਨਾਂਵ ਮੰਨਿਆ ਗਿਆ ਹੈ; ਜਿਵੇਂ ‘ਗੁਰਮੁਖ (ਵਿਅਕਤੀ), ਕਣਕ/ਕਾਰ (ਵਸਤੂ), ਅੰਮ੍ਰਿਤਸਰ’ (ਸਥਾਨ)।

ਗੁਰਬਾਣੀ ਲਿਪੀ ’ਚ ਇੱਕ ਵਚਨ ਪੁਲਿੰਗ ਨਾਂਵ (ਸ਼ਬਦ) ਨੂੰ ਅੰਤ ਔਂਕੜ ਆਉਂਦਾ ਹੈ; ਜਿਵੇਂ ‘ਗੁਰੁ, ਪ੍ਰਭੁ, ਨਾਨਕੁ’ ਪਰ ਬਹੁ ਵਚਨ ਪੁਲਿੰਗ ਨਾਂਵ, ਅੰਤ ਮੁਕਤਾ ਹੁੰਦੇ ਹਨ; ਜਿਵੇਂ ‘ਗੁਣ, ਦੁਖ, ਸੁਖ, ਸੰਤ’।, ਇਸਤਰੀ ਲਿੰਗ ਨਾਂਵਾਂ ਦੇ ਦੋ ਸਰੂਪ ਹੁੰਦੇ ਹਨ (1). ਅੰਤ ਮੁਕਤੇ; ਜਿਵੇਂ ‘ਦੇਹ, ਖੇਹ, ਕਪਾਹ, ਟੇਕ, ਧਰ’ (ਭਾਵ ਬਹੁ ਵਚਨ ਪੁਲਿੰਗ ਨਾਂਵਾਂ ਵਾਙ ਅੰਤ ਮੁਕਤੇ), (2). ਅੰਤ ਸਿਹਾਰੀ; ਜਿਵੇਂ ‘ਮੂਰਤਿ, ਭੂਮਿ, ਕਾਮਣਿ, ਧਰਤਿ, ਸੰਗਤਿ’ ਆਦਿ, ਇਹ ਆਮ ਤੌਰ ’ਤੇ ਅਨਭਾਸ਼ਾ ਦੇ ਸ਼ਬਦ ਹਨ, ਜਿਨ੍ਹਾਂ ਨੂੰ ‘ਤਤਸਮ’ ਕਿਹਾ ਜਾਂਦਾ ਹੈ।

ਪੜਨਾਂਵ : ਨਾਂਵ ਦੀ ਗ਼ੈਰ ਹਾਜ਼ਰੀ ’ਚ ਵਰਤੇ ਜਾਣ ਵਾਲ਼ੇ ਸ਼ਬਦਾਂ ਨੂੰ ਪੜਨਾਂਵ ਕਹਿੰਦੇ ਹਨ; ਜਿਵੇਂ ‘ਉਹ, ਇਹ, ਇਸ, ਉਸ, ਕਿਸ, ਓਥੇ, ਕੌਣ’, ਪਰ ਗੁਰਬਾਣੀ ਲਿਪੀ ’ਚ ਇਨ੍ਹਾਂ ਦੀ ਵਰਤੋਂ ‘ਤਿਸੁ (999 ਵਾਰ), ਤਿਸ (417 ਵਾਰ), ਜਿਸੁ (785 ਵਾਰ), ਜਿਸ (416 ਵਾਰ), ਕਿਸੁ (115 ਵਾਰ), ਕਿਸ (95 ਵਾਰ), ਇਸੁ (186 ਵਾਰ), ਇਸ (47 ਵਾਰ), ਕਉਨੁ (58 ਵਾਰ), ਕਉਨ (40 ਵਾਰ) ਆਦਿ ਸਰੂਪਾਂ ’ਚ ਵਧੇਰੇ ਮਿਲਦੀ ਹੈ।

ਸੰਬੰਧਕੀ : ਨਾਂਵ+ਨਾਂਵ ਜਾਂ ਨਾਂਵ+ਪੜਨਾਂਵ ਜਾਂ ਪੜਨਾਂਵ+ਨਾਂਵ (ਆਪਸ ਵਿੱਚ ਸੰਬੰਧ ਦਰਸਾਉਣ ਵਾਲ਼ੇ) ਜਾਂ ਨਾਂਵ/ਪੜਨਾਂਵ ਦਾ ਕਿਰਿਆ ਨਾਲ਼ ਸੰਬੰਧ ਦਰਸਾਉਣ ਵਾਲ਼ੇ ਚਿੰਨ੍ਹ; ਸੰਬੰਧਕੀ ਹੁੰਦੇ ਹਨ; ਜਿਵੇਂ ‘ਦਾ, ਦੇ, ਦੀ, ਦੀਆਂ, ਕਾ, ਕੇ, ਕੀ, ਕੀਆਂ’।

ਪੰਜਾਬੀ ਲਿਖਤ ਬਨਾਮ ਗੁਰਮੁਖੀ ਲਿਖਤ ਦਾ ਅੰਤਰ

(1). ਅਜੋਕੀ ਪੰਜਾਬੀ ’ਚ ‘ਰਾਮ ਦਾ ਪੈੱਨ’ ਇੱਕ ਵਾਕ ਹੈ, ਜਿਸ ਵਿੱਚ ‘ਰਾਮ’ ਅਤੇ ‘ਪੈੱਨ’ ਇੱਕ ਵਚਨ ਪੁਲਿੰਗ ਨਾਂਵ (ਭਾਵ ਨਾਂਵ+ਨਾਂਵ) ਹਨ, ਇਨ੍ਹਾਂ ਦਾ ਸੰਬੰਧ, ‘ਦਾ’ ਸੰਬੰਧਕੀ ਨੇ ਜੋੜਿਆ ਹੈ ਪਰ ਗੁਰਬਾਣੀ ਲਿਪੀ ’ਚ ਇਹ ਵਾਕ ‘ਰਾਮ ਦਾ ਪੈੱਨੁ’ ਲਿਖਿਆ ਜਾਵੇਗਾ।

ਉਕਤ ਪੰਜਾਬੀ ਲਿਪੀ ਅਤੇ ਗੁਰਮੁਖੀ ਲਿਪੀ ਵਾਕ ਬੋਧ ’ਚ ਅੰਤਰ

(ੳ). ਪੰਜਾਬੀ ਲਿਪੀ : ਰਾਮ ਦਾ ਪੈੱਨ – ਵਾਕ ’ਚ ‘ਦਾ’ ਨੇ ‘ਪੈੱਨ’ ਨੂੰ ਇੱਕ ਵਚਨ ਕੀਤਾ। ਜੇਕਰ ‘ਦੇ’ ਹੁੰਦਾ ਤਾਂ ‘ਪੈੱਨ’ ਬਹੁ ਵਚਨ ਹੁੰਦੇ।

(ਅ). ਗੁਰਬਾਣੀ ਲਿਪੀ : ਰਾਮ ਦਾ ਪੈੱਨੁ – ਵਾਕ ’ਚ ‘ਦਾ’ ਨੇ ‘ਪੈੱਨ’ ਨੂੰ ਇੱਕ ਵਚਨ ਕੀਤਾ, ਇਸ ਤੋਂ ਇਲਾਵਾ ‘ਪੈੱਨੁ’ ਦੇ ਅੰਤ ’ਚ ਲੱਗੇ ਔਂਕੜ ਨੇ ਵੀ ‘ਪੈੱਨ’ ਨੂੰ ਇੱਕ ਵਚਨ ਸਮਝਾਇਆ ਭਾਵ ਆਧੁਨਿਕ ਪੰਜਾਬੀ ਦੇ ਮੁਕਾਬਲੇ ਪੁਰਾਤਨ ਪੰਜਾਬੀ (ਗੁਰਬਾਣੀ); ਸ਼ਬਦ ਵੰਡ ਜਾਂ ਭਾਵਾਰਥਾਂ ਨੂੰ ਸਪੱਸ਼ਟ ਕਰਨ ’ਚ ਵਧੇਰੇ ਸਹਾਇਕ ਹੁੰਦੀ ਹੈ।

ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਔਂਕੜ ਆਉਂਦਾ ਹੈ; ਜਿਵੇਂ ‘ਗੁਰੁ, ਪ੍ਰਭੁ, ਨਾਨਕੁ’।  ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ‘ਰਾਮ ਦਾ ਪੈੱਨੁ’ ਵਾਕ ’ਚ ‘ਰਾਮ’ ਅਤੇ ‘ਪੈੱਨ’ ਦੋਵੇਂ ਸ਼ਬਦ ਹੀ ਇੱਕ ਵਚਨ ਪੁਲਿੰਗ ਹਨ ਤਾਂ ‘ਪੈੱਨੁ’ ਵਾਙ ‘ਰਾਮ’ ਨੂੰ ਅੰਤ ਔਂਕੜ (ਰਾਮੁ) ਕਿਉਂ ਨਹੀਂ ? ਜਵਾਬ ਹੈ ਕਿ ‘ਰਾਮੁ’ ਦਾ ਅੰਤ ਔਂਕੜ; ‘ਦਾ’ ਸੰਬੰਧਕੀ ਨੇ ਹਟਾ ਦਿੱਤਾ। ਇਸ ਤੋਂ ਇਹ ਵੀ ਗਿਆਨ ਹੋਇਆ ਕਿ ਭਾਵੇਂ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਔਂਕੜ ਆਉਂਦਾ ਹੈ, ਪਰ ਸੰਬੰਧਕੀ ਚਿੰਨ੍ਹ (ਦਾ, ਦੇ, ਦੀ) ਹੋਣ ਨਾਲ਼ ਇੱਕ ਵਚਨ ਪੁਲਿੰਗ ਨਾਂਵ ਵੀ ਅੰਤ ਮੁਕਤਾ ਹੋ ਜਾਂਦਾ ਹੈ। ਹੇਠਾਂ ਦਿੱਤੇ ਬਰੈਕਟ ’ਚ ਬੰਦ ਸ਼ਬਦ, ਜਿਨ੍ਹਾਂ ’ਚ ‘ਕੇ’ ਜਾਂ ‘ਕਾ’ ਤੋਂ ਇਲਾਵਾ ਅਗੇਤਰ ਇੱਕ ਵਚਨ ਪੁਲਿੰਗ ਨਾਂਵ ਵੀ ਹਨ, ਨਿਯਮ ਮੁਤਾਬਕ ਉਨ੍ਹਾਂ ਸਭ ਦੇ ਅੰਤ ’ਚ ਔਂਕੜ ਹੋਣੇ ਚਾਹੀਦੇ ਹਨ, ਪਰ ‘ਕੇ, ਕਾ’ ਸੰਬੰਧਕੀ ਚਿੰਨ੍ਹਾਂ ਨੇ ਸਭ ਨੂੰ ਅੰਤ ਮੁਕਤਾ ਕਰ ਦਿੱਤਾ :

ਨਾਨਕ  ! ਬੇੜੀ ‘ਸਚ ਕੀ’; ਤਰੀਐ ਗੁਰ ਵੀਚਾਰਿ ॥ (ਮਹਲਾ ੧, ਪੰਨਾ ੨੦)

ਜਨ ‘ਨਾਨਕ ਕੇ’ ਗੁਰਸਿਖ ਪੁਤਹਹੁ ! ਹਰਿ ਜਪਿਅਹੁ ਹਰਿ ਨਿਸਤਾਰਿਆ ॥ (ਮਹਲਾ ੪, ਪੰਨਾ ੩੧੨)

ਆਸ ਭਰੋਸਾ ‘ਖਸਮ ਕਾ’; ‘ਨਾਨਕ ਕੇ’ ਜੀਅਰੇ ॥ (ਮਹਲਾ ੫, ਪੰਨਾ ੩੯੮)

ਜਨ ‘ਨਾਨਕ ਕੇ’ ਪ੍ਰਭ ਸੁੰਦਰ ਸੁਆਮੀ !  ਮੋਹਿ ਤੁਮ ਸਰਿ ਅਵਰੁ ਨ ਲਾਗੇ ॥ (ਮਹਲਾ ੪, ਪੰਨਾ ੫੨੭)

‘ਨਾਨਕ ਕੇ’ ਪ੍ਰਭ  ! ਤੁਮ ਹੀ ਦਾਤੇ; ਸੰਤਸੰਗਿ ਲੇ ਮੋਹਿ ਉਧਰਹੁ ॥ (ਮਹਲਾ ੫, ਪੰਨਾ ੮੨੮)

‘ਨਾਨਕ ਕੇ’ ਪ੍ਰਭ  ! ਸਦ ਹੀ ਸਾਥਿ ॥ (ਮਹਲਾ ੫, ਪੰਨਾ ੧੧੪੪)

ਕਹੁ ਨਾਨਕ  ! ਸੰਤਨ ਬਲਿਹਾਰੈ; ਜੋ ‘ਪ੍ਰਭ ਕੇ’ ਸਦ ਸੰਗੀ ॥ (ਮਹਲਾ ੫, ਪੰਨਾ ੧੩੨੨)

ਨਾਨਕ  ! ਬਿਰਹੀ ‘ਬ੍ਰਹਮ ਕੇ’; ਆਨ ਨ ਕਤਹੂ ਜਾਹਿ ॥ (ਮਹਲਾ ੫, ਪੰਨਾ ੧੩੬੪)

‘ਦਾਸ ਕੀ’ ਧੂਰਿ; ਨਾਨਕ ਕਉ ਦੀਜੈ ॥ (ਮਹਲਾ ੫, ਪੰਨਾ ੧੯੩)

‘ਨਾਨਕ ਕੀ’ ਬੇਨੰਤੀ ਹਰਿ ਪਹਿ; ਅਪੁਨਾ ਨਾਮੁ ਜਪਾਵਹੁ ॥ (ਮਹਲਾ ੫, ਪੰਨਾ ੨੧੬)

‘ਨਾਨਕ ਕੀ’ ਹਰਿ ਲੋਚਾ ਪੂਰਿ ॥ (ਸੁਖਮਨੀ, ਮਹਲਾ ੫, ਪੰਨਾ ੨੮੩)

‘ਨਾਨਕ ਕੀ’ ਪ੍ਰਭ  ! ਬੇਨਤੀ; ਅਪਨੀ ਭਗਤੀ ਲਾਇ ॥ (ਸੁਖਮਨੀ, ਮਹਲਾ ੫, ਪੰਨਾ ੨੮੯)

ਨਾਨਕ  ! ‘ਗੁਰ ਕੀ’ ਚਰਣੀ ਲਾਗੇ ॥ (ਮਹਲਾ ੧, ਪੰਨਾ ੪੧੪)

ਜਿਵੇਂ ਉਕਤ ਸਾਰੀਆਂ ਪੰਕਤੀਆਂ ’ਚ ਪ੍ਰਗਟ ‘ਕੇ/ਕਾ’ (ਸੰਬੰਧਕੀ) ਨੇ ਸਾਰੇ ਹੀ ਇੱਕ ਵਚਨ ਪੁਲਿੰਗ ਨਾਂਵ; ਅੰਤ ਮੁਕਤਾ ਕਰ ਦਿੱਤੇ, ਇਸ ਤਰ੍ਹਾਂ ਲੁਪਤ ਸੰਬੰਧਕੀ ਵੀ ਆਉਂਦੇ ਹਨ, ਓਹ ਵੀ ਆਪਣੇ ਤੋਂ ਅਗੇਤਰ ਆਏ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰ ਦਿੰਦੇ ਹਨ; ਜਿਵੇਂ ‘ਰਾਮ ਦਾ ਪੈੱਨੁ’ ਵਾਕ ’ਚ ਪ੍ਰਗਟ ਸੰਬੰਧਕੀ ‘ਦਾ’ ਹੈ, ਇਸੇ ਤਰ੍ਹਾਂ ‘ਰਾਮ ਪੈੱਨੁ’ ਵਾਕ ’ਚ ਲੁਪਤ ਸੰਬੰਧਕੀ ‘ਦਾ’ ਹੈ; ਦੋਵੇਂ ਵਾਕਾਂ ਦਾ ਅਰਥ ਹੈ : ‘ਰਾਮ ਦਾ ਪੈੱਨ’। ਇਹੀ ਨਿਯਮ ਗੁਰਬਾਣੀ ’ਚ ਹੈ; ਮਿਸਾਲ ਵਜੋਂ ‘ਗੁਰ ਕਾ ਸਬਦੁ’ (82 ਵਾਰ) ਹੈ ਅਤੇ ‘ਗੁਰ ਸਬਦੁ’ (60 ਵਾਰ) ਹੈ। ‘ਰਾਮ ਨਾਮੁ’ (262 ਵਾਰ) ਹੈ ਅਤੇ ‘ਰਾਮ ਕਾ ਨਾਮੁ’ (1 ਵਾਰ) ਹੈ। ਸੰਬੰਧਕੀ ਪ੍ਰਗਟ ਹੋਵੇ ਜਾਂ ਲੁਪਤ ਹੋਵੇ; ਅਰਥ ਸਮਾਨੰਤਰ ਹੁੰਦੇ ਹਨ। ‘ਗੁਰ ਸਬਦੁ’ ਜਾਂ ‘ਗੁਰ ਕਾ ਸਬਦੁ’ ਦੋਵਾਂ ਦਾ ਅਰਥ ਹੈ ‘ਗੁਰੂ ਕਾ ਸਬਦ’ ਅਤੇ ‘ਰਾਮ ਨਾਮੁ’ ਜਾਂ ‘ਰਾਮ ਕਾ ਨਾਮੁ’ ਦੋਵਾਂ ਦਾ ਅਰਥ ਹੈ: ‘ਰਾਮ ਦਾ ਨਾਮ’:

‘ਗੁਰ ਕਾ ਸਬਦੁ’ ਮਨਿ ਵਸੈ; ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥ (ਮਹਲਾ ੩, ਪੰਨਾ ੩੨)

‘ਗੁਰ ਕਾ ਸਬਦੁ’; ਕੋ ਵਿਰਲਾ ਬੂਝੈ ॥ (ਮਹਲਾ ੩, ਪੰਨਾ ੧੨੦)

ਜਨਮੇਜੈ (ਨੇ) ‘ਗੁਰ ਸਬਦੁ’ ਨ ਜਾਨਿਆ ॥ (ਮਹਲਾ ੧, ਪੰਨਾ ੨੨੫) (ਭਾਵ ‘ਗੁਰ ਕਾ ਸਬਦੁ’)

‘ਸਬਦੁ ਗੁਰ’ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ॥ (ਮਹਲਾ ੧, ਪੰਨਾ ੬੩੫)

(ਭਾਵ ‘ਗੁਰ ਕਾ ਸਬਦੁ’ ਪੀਰਾ)

ਸੋ ਪੰਡਿਤੁ; ‘ਗੁਰ ਸਬਦੁ’ ਕਮਾਇ ॥ (ਮਹਲਾ ੫, ਪੰਨਾ ੮੮੮) (ਭਾਵ ‘ਗੁਰ ਕਾ ਸਬਦੁ’ ਕਮਾਇ)

ਸਭਸੈ ਊਪਰਿ; ‘ਗੁਰ ਸਬਦੁ’ ਬੀਚਾਰੁ ॥ (ਮਹਲਾ ੧, ਪੰਨਾ ੯੦੪) (ਭਾਵ ‘ਗੁਰ ਕਾ ਸਬਦੁ’ (ਰੂਪ) ਬੀਚਾਰੁ)

ਮੇਰੇ ਮੀਤ ਗੁਰਦੇਵ  !  ਮੋ ਕਉ ‘ਰਾਮ ਨਾਮੁ’ ਪਰਗਾਸਿ ॥ (ਸੋ ਦਰੁ, ਮਹਲਾ ੪, ਪੰਨਾ ੧੦)

(ਭਾਵ ਮੇਰੇ ਅੰਦਰ ‘ਰਾਮ ਕਾ ਨਾਮੁ’ ਰੂਪ ਪ੍ਰਕਾਸ਼ ਕਰ)

ਸੰਤਾ ਸੰਗਤਿ ਮਿਲਿ ਰਹੈ; ਜਪਿ ‘ਰਾਮ ਨਾਮੁ’ ਸੁਖੁ ਪਾਇ ॥੧॥ ਰਹਾਉ ॥ (ਮਹਲਾ ੩, ਪੰਨਾ ੩੧)

(ਭਾਵ ‘ਰਾਮ ਕਾ ਨਾਮੁ’ ਜਪਿ (ਕੇ) ਸੁਖੁ ਪਾਇ)

‘ਨਾਮੁ’ ਨ ਜਾਨਿਆ ‘ਰਾਮ ਕਾ’ ॥ (ਗਉੜੀ, ਮਹਲਾ ੧, ਪੰਨਾ ੧੫੬) (ਭਾਵ ‘ਰਾਮ ਕਾ ਨਾਮੁ’ ਨ ਜਾਨਿਆ)

(2). ਗੁਰਬਾਣੀ ’ਚ ‘ਦਾ, ਦੇ, ਦੀ/ਕਾ, ਕੇ, ਕੀ’ ਸੰਬੰਧਕੀ ਚਿੰਨ੍ਹ; ਆਪਣੇ ਤੋਂ ਪਹਿਲਾਂ ਆਏ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰਨ ਦੀ ਬਜਾਇ ਕੁਝ ਕੁ ਜਗ੍ਹਾ ਅੰਤ ਦੁਲੈਂਕੜ ’ਚ ਵੀ ਬਦਲ ਦਿੰਦੇ ਹਨ ਭਾਵ ‘ਰਾਮ ਦਾ ਪੈੱਨੁ’ ਵਾਕ ‘ਰਾਮੂ ਦਾ ਪੈੱਨੁ’ ਵੀ ਬਣ ਸਕਦਾ ਹੈ; ਜਿਵੇਂ ‘ਗੁਰੁ’ ਤੋਂ ਬਾਅਦ ਆਏ ‘ਕਾ’ ਨਾਲ਼ ‘ਗੁਰ ਕਾ’ ਸਰੂਪ ਵੀ ਬਣਦਾ ਹੈ ਅਤੇ ‘ਗੁਰੂ ਕਾ’ ਵੀ; ਜਿਵੇਂ ਕਿ ਗੁਰਬਾਣੀ ’ਚ ਕੇਵਲ ਹੇਠਲੀਆਂ 4 ਤੁਕਾਂ ’ਚ ‘ਗੁਰੂ ਕਾ’ ਸਰੂਪ ਵੀ ਬਣਿਆ ਹੈ ਜਾਂ ਬਣ ਸਕਦਾ ਹੈ :

ਰਤਨੁ ‘ਗੁਰੂ ਕਾ’ ਸਬਦੁ ਹੈ; ਬੂਝੈ ਬੂਝਣਹਾਰੁ ॥ (ਮਹਲਾ ੩, ਪੰਨਾ ੫੮੯)

ਹਰਿ ਨਾਮੁ ਦੀਆ, ਗੁਰਿ ਪਰਉਪਕਾਰੀ (ਨੇ); ਧਨੁ ਧੰਨੁ ‘ਗੁਰੂ ਕਾ’ ਪਿਤਾ ਮਾਤਾ ॥ (ਮਹਲਾ ੪, ਪੰਨਾ ੫੯੨)

‘ਸਬਦੁ ਗੁਰੂ ਕਾ’ ਸਦ ਉਚਰਹਿ; ਜੁਗੁ ਜੁਗੁ ਵਰਤਾਵਣਹਾਰਾ ॥ (ਮਹਲਾ ੩, ਪੰਨਾ ੫੯੩) (ਭਾਵ ਗੁਰੂ ਕਾ ਸਬਦੁ)

ਅਬਿਚਲ ਨਗਰੁ ਗੋਬਿੰਦ ‘ਗੁਰੂ ਕਾ’; ਨਾਮੁ ਜਪਤ, ਸੁਖੁ ਪਾਇਆ ਰਾਮ ॥ (ਮਹਲਾ ੫, ਪੰਨਾ ੭੮੩) (ਭਾਵ ਗੋਬਿੰਦ (ਰੂਪ) ਗੁਰੂ ਕਾ ਅਬਿਚਲ ਨਗਰੁ)

ਸੋ ਉਕਤ ਵਿਚਾਰ ਨਾਲ਼ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ

(ੳ). ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ॥’’ ਤੁਕ ’ਚੋਂ ਅੰਤ ਔਂਕੜ ਵਾਲ਼ੇ ਕਿਸੇ ਵੀ ਸ਼ਬਦ ’ਚੋਂ ਲੁਪਤ ਸੰਬੰਧਕੀ ‘ਦਾ, ਦੇ, ਦੀ’ ਨਹੀਂ ਲਿਆ ਜਾ ਸਕਦਾ; ਜਿਵੇਂ ਕਿ ‘ਈਸਰ ਦਾ ਗੁਰੁ’ ਜਾਂ ‘ਗੁਰ ਦਾ ਈਸਰੁ’ ਗ਼ਲਤ ਅਰਥ ਹੋਣਗੇ।

(ਅ). ਪੰਜਾਬੀ ਲਿਖਤ ‘ਰਾਮ ਦਾ ਪੈੱਨ’ ਨੂੰ ਗੁਰਬਾਣੀ ’ਚ ‘ਰਾਮੁ ਦਾ ਪੈੱਨੁ’ ਨਹੀਂ ਲਿਖਿਆ ਜਾ ਸਕਦਾ।

(3). ਗੁਰਬਾਣੀ ’ਚ ‘ਦੇ’ ਦੀ ਥਾਂ ਆਮ ਤੌਰ ’ਤੇ ‘ਕੇ’ ਸੰਬੰਧਕੀ ਆਉਂਦਾ ਹੈ, ਇਸ ਲਈ ‘ਰਾਮ ਦੇ ਪੈੱਨ’ ਨੂੰ ਵੀ ‘ਰਾਮ ਕੇ ਪੈੱਨ’ ਲਿਖਣਾ ਪਵੇਗਾ, ਇਸੇ ਕਾਰਨ ਗੁਰਬਾਣੀ ’ਚ ‘ਕੇ’ ਬਹੁਤਾਤ ’ਚ 1271 ਵਾਰ ਦਰਜ ਹੈ ਅਤੇ ‘ਦੇ’ 208 ਵਾਰ, ਉਹ ਵੀ ਜ਼ਿਆਦਾਤਰ ‘ਦੇ ਕੇ’ (ਕਿਰਿਆ ਵਿਸ਼ੇਸ਼ਣ) ਦੇ ਅਰਥਾਂ ’ਚ ਜਾਂ ‘ਦੇ’ ਦਾ ਅਰਥ ਹੈ: ‘ਦਿੰਦਾ ਹੈ’ (ਇੱਕ ਵਚਨ ਕਿਰਿਆ) :

(ੳ). ‘ਦੇ’ ਕਿਰਿਆ ਵਿਸ਼ੇਸ਼ਣ ਵਜੋਂ : ‘ਦੇ’ ਸਾਬੂਣੁ; ਲਈਐ ਓਹੁ ਧੋਇ ॥ (ਜਪੁ) (‘ਦੇ’ ਭਾਵ ਦੇ ਕੇ)

ਜਿਸੁ ਤੂੰ ਰਖਹਿ ਹਥ ‘ਦੇ’; ਤਿਸੁ ਮਾਰਿ ਨ ਸਕੈ ਕੋਇ ॥ (ਮਹਲਾ ੫, ਪੰਨਾ ੪੩) (‘ਦੇ’ ਭਾਵ ਦੇ ਕੇ)

ਨਾਨਕ  ! ਸਿਰੁ ‘ਦੇ’ ਛੂਟੀਐ; ਦਰਗਹ ਪਤਿ ਪਾਏ ॥ (ਮਹਲਾ ੧, ਪੰਨਾ ੪੨੧) (‘ਦੇ’ ਭਾਵ ਦੇ ਕੇ)

(ਅ). ‘ਦੇ’ ਇੱਕ ਵਚਨ ਕਿਰਿਆ ਵਜੋਂ : ਦੇਦਾ ‘ਦੇ’; ਲੈਦੇ ਥਕਿ ਪਾਹਿ ॥ (ਜਪੁ) (‘ਦੇਂਦਾ ਦੇ’ ਭਾਵ ਦੇਣ ਵਾਲ਼ਾ ਦਿੰਦਾ ਹੈ।)

ਨਾਨਕ  !  ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ‘ਦੇ’ ਵਡਿਆਈ ॥ (ਮਹਲਾ ੩, ਪੰਨਾ ੩੨) (‘ਦੇ’ ਭਾਵ ਦਿੰਦਾ ਹੈ।)

ਆਪੇ ‘ਦੇ’ (ਦੇਂਦਾ ਹੈ) ਵਡਿਆਈਆ; ‘ਦੇ’ (ਦੇ ਕੇ) ਤੋਟਿ ਨ ਹੋਈ ॥ (ਮਹਲਾ ੧, ਪੰਨਾ ੪੨੦)

ਨੋਟ : ਧਿਆਨ ਰਹੇ ਕਿ ਹੇਠਲੀਆਂ 7 ਤੁਕਾਂ ’ਚ ‘ਦੇ’ ਨੂੰ ਕਿਰਿਆ ਵਿਸ਼ੇਸ਼ਣ ਜਾਂ ਇੱਕ ਵਚਨ ਕਿਰਿਆ ਨਾ ਸਮਝਣਾ ਭਾਵ ਇੱਥੇ ‘ਦੇ’ ਨੂੰ ‘ਕੇ’ (ਸੰਬੰਧਕੀ) ਵਜੋਂ ਦਰਜ ਕੀਤਾ ਗਿਆ ਹੈ :

(1). ਪਰਵਦਗਾਰੁ (ਨੂੰ) ਸਾਲਾਹੀਐ;  ਜਿਸ ‘ਦੇ’ (‘ਕੇ’) ਚਲਤ ਅਨੇਕ ॥ (ਮਹਲਾ ੫/੪੯)

(2). ਜਨ ਨਾਨਕ  !  ਜਿਸ ‘ਦੇ’ (‘ਕੇ’) ਏਹਿ ਚਲਤ ਹਹਿ;  ਸੋ ਜੀਵਉ ਦੇਵਣਹਾਰੁ ॥ (ਮਹਲਾ ੩/੯੫੧)

(3). ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ‘ਦੇ’ (‘ਕੇ’) ਜਚਾ (ਭਾਵ ਉਸ ਦੇ ਕੌਤਕ)॥ (ਮਹਲਾ ੩/੧੦੯੪)

(4). ਆਪਨੜੈ ਘਰਿ ਜਾਈਐ; ਪੈਰ ਤਿਨ੍ਾ ‘ਦੇ’ (‘ਕੇ’) ਚੁੰਮਿ (ਕੇ)॥ (ਬਾਬਾ ਫਰੀਦ/੧੩੭੮)

(5). ਬਾਜ ਪਏ ਤਿਸੁ ਰਬ ‘ਦੇ’ (‘ਕੇ’); ਕੇਲਾਂ ਵਿਸਰੀਆਂ ॥ ਬਾਬਾ ਫਰੀਦ/੧੩੮੩) (ਭਾਵ ਜਦ ਉਸ ਨੂੰ ਰੱਬ ਦੇ ਬਾਜ਼ (ਸ਼ਿਕਾਰੀ, ਮੌਤ ਫ਼ਰਿਸ਼ਤੇ) ਪਏ ਦੁਨਿਆਵੀ ਚਸਕੇ ਇੱਥੇ ਹੀ ਰਹਿ ਗਏ।

(6). ਓਇ, ਭੁਲਾਏ ਕਿਸੈ ‘ਦੇ’ (‘ਕੇ’), ਨ ਭੁਲਨ੍ੀ;  ਸਚੁ ਜਾਣਨਿ ਸੋਈ ॥ (ਮਹਲਾ ੩/੪੨੫)

(7). ਨਾਨਕ  !  ਜਿਨ ਅੰਦਰਿ ਸਚੁ ਹੈ; ਸੇ ਜਨ ਛਪਹਿ ਨ, ਕਿਸੈ ‘ਦੇ’ (‘ਕੇ’) ਛਪਾਏ ॥ (ਮਹਲਾ ੩/੮੫੦)

ਇਨ੍ਹਾਂ 7 ਤੁਕਾਂ ’ਚ ਦਰਜ ਸੰਬੰਧਕੀ ‘ਦੇ’ ਨੂੰ ਪਹਿਚਾਨਣ ਲਈ ਇਸ ਦੇ ਅਗੇਤਰ ਅਤੇ ਪਿਛੇਤਰ ‘ਨਾਂਵ+ਨਾਂਵ’ ਜਾਂ ‘ਨਾਂਵ+ਪੜਨਾਂਵ’ ਜਾਂ ‘ਪੜਨਾਂਵ+ਨਾਂਵ’ ਹੋਣਾ ਜ਼ਰੂਰੀ ਹੈ; ਜਿਵੇਂ ਕਿ ਉਕਤ 1 ਤੋਂ 5 ਤੱਕ ਤਰਤੀਬਰਵਾਰ ਹੈ ‘ਜਿਸ ਦੇ ਚਲਤ, ਜਿਸ ਦੇ ਏਹਿ ਚਲਤ, ਤਿਸ ਦੇ ਸਭਿ ਜਚਾ, ਤਿਨ੍ਾ ਦੇ ਪੈਰ, ਤਿਸੁ ਰਬ ਦੇ ਬਾਜ’, ਪਰ ਨੰਬਰ 6 ਅਤੇ 7 ਵਿੱਚ ਇਸ (ਦੇ) ਸੰਬੰਧਕੀ ਦੇ ਅਗੇਤਰ ‘ਪੜਨਾਂਵ’ ਅਤੇ ਪਿਛੇਤਰ ‘ਬਹੁ ਵਚਨ ਕਿਰਿਆ’ ਹੈ; ਜਿਵੇਂ ‘ਕਿਸੈ ਦੇ ਭੁਲਾਏ, ਕਿਸੈ ਦੇ ਛਪਾਏ’।  ਧਿਆਨ ਦੇਣਯੋਗ ਹੈ ਕਿ ਨੰਬਰ 1 ਤੋਂ 7 ਤੱਕ ਦਰਜ ‘ਦੇ’ ਸੰਬੰਧਕੀ ਉਪਰੰਤ ਆਏ ਸਾਰੇ ‘ਨਾਂਵ ਜਾਂ ਕਿਰਿਆ’ ਬਹੁ ਵਚਨ ਹੀ ਹਨ; ਜਿਵੇਂ ‘ਕੇ’ ਸੰਬੰਧਕੀ ਉਪਰੰਤ ਬਹੁ ਵਚਨ ਨਾਂਵ ਹੁੰਦੇ ਹਨ। ਮਿਸਾਲ ਵਜੋਂ :

ਤਾ ‘ਕੇ ਅੰਤ’; ਨ ਪਾਏ ਜਾਹਿ ॥ (ਜਪੁ)

ਤਿਨ ‘ਕੇ ਨਾਮ’; ਅਨੇਕ ਅਨੰਤ ॥ (ਜਪੁ)

ਤਾ ‘ਕੇ ਰੂਪ’; ਨ ਕਥਨੇ ਜਾਹਿ ॥ (ਜਪੁ)

ਗੁਰਬਾਣੀ ’ਚ ਬਹੁ ਵਚਨ ਪੁਲਿੰਗ ਨਾਂਵ ਅੰਤ ਮੁਕਤਾ ਹੁੰਦੇ ਹਨ; ਜਿਵੇਂ ਇਨ੍ਹਾਂ ਤੁਕਾਂ ’ਚ ਤਰਤੀਬਵਾਰ ਹੈ : ‘ਅੰਤ, ਰੰਗ, ਨਾਮ, ਰੂਪ’, ਇਸੇ ਲਈ ਸੰਬੰਧਕੀ ‘ਦਾ/ਕਾ’ ਤੋਂ ‘ਕੇ’ ਬਣ ਗਿਆ।

(4). ਆਧੁਨਿਕ ਪੰਜਾਬੀ ’ਚ ‘ਦੈ’; ਸੰਬੰਧਕੀ ਚਿੰਨ੍ਹ ਵਜੋਂ ਨਹੀਂ ਵਰਤਿਆ ਜਾਂਦਾ ਪਰ ਗੁਰਬਾਣੀ ’ਚ ਇਹ 32 ਵਾਰ ਸੰਬੰਧਕੀ ਵਜੋਂ ਦਰਜ ਹੈ, ਜਿੱਥੇ ‘ਦੈ’ ਤੋਂ ਬਾਅਦ ਸਦਾ ਇੱਕ ਵਚਨ ਪੁਲਿੰਗ ਨਾਂਵ ਹੁੰਦਾ ਹੈ, ਜਿਸ ਨੂੰ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਲੱਗੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਲੁਪਤ ਸੰਬੰਧਕੀ ‘ਨਾਲ਼, ਰਾਹੀਂ, ਦੁਆਰਾ, ਵਿੱਚ, ਉੱਤੇ, ਹੇਠਾਂ, ਤੋਂ, ਨੇ’ ’ਚੋਂ ਕੋਈ ਇੱਕ ਜ਼ਰੂਰ ਮਿਲਦਾ ਹੈ। ‘ਦੈ’ ਉਪਰੰਤ ਕਦੇ ਵੀ ਅੰਤ ਮੁਕਤਾ ਸ਼ਬਦ (ਬਹੁ ਵਚਨ ਪੁਲਿੰਗ ਨਾਂਵ) ਜਾਂ ਅੰਤ ਔਂਕੜ (ਇੱਕ ਵਚਨ ਪੁਲਿੰਗ ਨਾਂਵ) ਨਹੀਂ ਆਉਂਦਾ; ਜਿਵੇਂ ਕਿ

ਤਿਸ ‘ਦੈ ਚਾਨਣਿ’ (ਨਾਲ਼); ਸਭ ਮਹਿ ਚਾਨਣੁ ਹੋਇ ॥ (ਸੋਹਿਲਾ, ਮਹਲਾ ੧/੧੩)

ਸੋ ਸੂਰਾ, ਪਰਧਾਨੁ ਸੋ; ‘ਮਸਤਕਿ ਜਿਸ ਦੈ’, ਭਾਗੁ ਜੀਉ ॥ (ਮਹਲਾ ੫/੧੩੨) (ਜਿਸ ‘ਦੈ ਮਸਤਕਿ’ ਉੱਤੇ)

ਸਚੇ ‘ਦੈ ਦਰਿ’ (ਉੱਤੇ) ਜਾਇ (ਕੇ); ਸਚੁ ਚਵਾਂਈਐ ॥ (ਮਹਲਾ ੧/੧੪੫)

ਸਚੈ ‘ਦੈ ਦੀਬਾਣਿ’ (’ਚ); ਕੂੜਿ (ਨਾਲ਼) ਨ ਜਾਈਐ ॥ (ਮਹਲਾ ੧/੧੪੬)

ਮਨਮੁਖਾ ‘ਦੈ ਸਿਰਿ’ (ਉੱਤੇ), ਜੋਰਾ ਅਮਰੁ ਹੈ; ਨਿਤ ਦੇਵਹਿ ਭਲਾ॥ (ਮਹਲਾ ੪/੩੦੪) ਭਾਵ ਮਨਮੁਖਾਂ (ਕਾਮੀ ਲੋਕਾਂ) ਦੇ ਸਿਰ ਉੱਤੇ ਔਰਤਾਂ ਦਾ ਹੁਕਮ (ਹੁੰਦਾ ਹੈ, ਜੋ ਔਰਤਾਂ ਨੂੰ ਖ਼ੁਸ਼ ਕਰਨ ਲਈ) ਸਦਾ ਚੰਗੀਆਂ ਚੀਜ਼ਾਂ (ਲਿਆ ਕੇ) ਦੇਂਦੇ ਹਨ।

ਜਿਸ ‘ਦੈ ਚਿਤਿ’ (’ਚ) ਵਸਿਆ ਮੇਰਾ ਸੁਆਮੀ; ਤਿਸ ਨੋ ਕਿਉ ਅੰਦੇਸਾ, ਕਿਸੈ ਗਲੈ ਦਾ ਲੋੜੀਐ  ?॥ (ਮਹਲਾ ੪/੫੫੦)

ਹਉ ਬਲਿਹਾਰੀ ਤਿਨ ਕਉ; ਸਿਫਤਿ ਜਿਨਾ ‘ਦੈ ਵਾਤਿ’ (ਮੂੰਹ ’ਚ) ॥ (ਮਹਲਾ ੧/੭੯੦)

ਤਿਸ ‘ਦੈ ਦਿਤੈ’ (ਨਾਲ਼) ਨਾਨਕਾ ! ਤੇਹੋ ਜੇਹਾ ਧਰਮੁ ॥ (ਮਹਲਾ ੩/੯੪੯)

ਤਿਸ ‘ਦੈ ਸਬਦਿ’ (ਰਾਹੀਂ); ਨਿਸਤਰੈ ਸੰਸਾਰਾ ॥ (ਮਹਲਾ ੩/੧੦੫੫)

ਮਤੁ ਸਰਮਿੰਦਾ ਥੀਵਹੀ; ਸਾਂਈ ‘ਦੈ ਦਰਬਾਰਿ’ (’ਚ) ॥ (ਸਲੋਕ/ਬਾਬਾ ਫਰੀਦ/੧੩੮੧)

ਸਜਣੁ ਸਚਾ ਪਾਤਿਸਾਹੁ; ‘ਸਿਰਿ ਸਾਹਾਂ ਦੈ’, ਸਾਹੁ ॥ (ਸਲੋਕ ਵਾਰਾਂ ਤੇ ਵਧੀਕ/ਮਹਲਾ ੫/੧੪੨੬) (‘ਸਾਹਾਂ ਦੈ ਸਿਰਿ’ ਉੱਤੇ)

(5). ਗੁਰਬਾਣੀ ’ਚ ‘ਦੈ’ ਸੰਬੰਧਕੀ ਲੁਪਤ ਰੂਪ ਵਿੱਚ ਵੀ ਆਉਂਦਾ ਹੈ । ਪਛਾਣ ਓਹੀ ਹੈ ਕਿ ਇਸ ਤੋਂ ਬਾਅਦ ਵਾਲੇ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਸਿਹਾਰੀ ਹੋਣੀ ਹੈ ਜੋ ‘ਨਾਲ, ਵਿੱਚ, ਰਾਹੀਂ, ਤੋਂ, ਨੇ’ ਆਦਿ ਅਰਥ ਦੇਵੇਗੀ :

(ੳ). ਗੁਰ ਪ੍ਰਸਾਦਿ॥  ਭਾਵ (ਗੁਰ ਦੈ ਪ੍ਰਸਾਦਿ) ਗੁਰੂ ਦੀ ਕਿਰਪਾ ਨਾਲ਼।

(ਅ). ਜਿਹ ਪ੍ਰਸਾਦਿ॥ ਭਾਵ (ਜਿਹ ਦੈ ਪ੍ਰਸਾਦਿ) ਜਿਸ ਦੀ ਕਿਰਪਾ ਨਾਲ਼।

ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ॥ (ਭਗਤ ਕਬੀਰ ਜੀ, ਪੰਨਾ ੯੨) ਭਾਵ (ਗੁਰ ਦੈ ਪ੍ਰਸਾਦਿ)

ਇਹ ਮਤਿ; ਗੁਰ ਪ੍ਰਸਾਦਿ ਮਨਿ ਧਾਰਉ ॥ (ਮਹਲਾ ੫, ਪੰਨਾ ੧੦੪) ਭਾਵ (ਗੁਰ ਦੈ ਪ੍ਰਸਾਦਿ) ਜਿਸ ਦੀ ਕਿਰਪਾ ਨਾਲ਼।

ਗੁਰ ਪ੍ਰਸਾਦਿ; ਕਿਨੈ ਵਿਰਲੈ ਜਾਨਾ ॥ (ਮਹਲਾ ੫, ਪੰਨਾ ੧੮੬) ਭਾਵ (ਗੁਰ ਦੈ ਪ੍ਰਸਾਦਿ)

ਗੁਰ ਪ੍ਰਸਾਦਿ ਸਿਮਰਤ ਰਹੈ; ਜਾਹੂ ਮਸਤਕਿ ਭਾਗ ॥ (ਮਹਲਾ ੫, ਪੰਨਾ ੨੫੪) ਭਾਵ (ਗੁਰ ਦੈ ਪ੍ਰਸਾਦਿ) ਜਿਸ ਦੀ ਕਿਰਪਾ ਨਾਲ਼।

ਗੁਰ ਪ੍ਰਸਾਦਿ; ਵਿਰਲੈ ਹੀ ਗਵਿਆ ॥ (ਮਹਲਾ ੫, ਪੰਨਾ ੨੫੯) ਭਾਵ (ਗੁਰ ਦੈ ਪ੍ਰਸਾਦਿ)

ਗੁਰ ਪ੍ਰਸਾਦਿ; ਨਾਨਕ  ! ਹਉ ਛੂਟੈ ॥ (ਸੁਖਮਨੀ, ਮਹਲਾ ੫, ਪੰਨਾ ੨੭੮) ਭਾਵ (ਗੁਰ ਦੈ ਪ੍ਰਸਾਦਿ)

ਗੁਰ ਪ੍ਰਸਾਦਿ; ਤਤੁ ਸਭੁ ਬੂਝਿਆ ॥ (ਸੁਖਮਨੀ, ਮਹਲਾ ੫, ਪੰਨਾ ੨੮੧) ਭਾਵ (ਗੁਰ ਦੈ ਪ੍ਰਸਾਦਿ)

ਗੁਰ ਪ੍ਰਸਾਦਿ; ਕੋ ਵਿਰਲਾ ਜਾਗੇ ॥ (ਮਹਲਾ ੫, ਪੰਨਾ ੩੭੫) ਭਾਵ (ਗੁਰ ਦੈ ਪ੍ਰਸਾਦਿ)

ਗੁਰ ਪ੍ਰਸਾਦਿ; ਮੈ ਖੋਟੀ ਡੀਠੀ ॥ (ਮਹਲਾ ੫, ਪੰਨਾ ੩੯੨) ਭਾਵ (ਗੁਰ ਦੈ ਪ੍ਰਸਾਦਿ) ਗੁਰੂ ਦੀ ਕਿਰਪਾ ਨਾਲ।

ਜਿਹ ਪ੍ਰਸਾਦਿ; ਪੀਵਹਿ ਸੀਤਲ ਜਲਾ ॥.. ਜਿਹ ਪ੍ਰਸਾਦਿ; ਪਾਟ ਪਟੰਬਰ ਹਢਾਵਹਿ ॥.. ਜਿਹ ਪ੍ਰਸਾਦਿ; ਸੁਖਿ ਸੇਜ ਸੋਈਜੈ ॥.. ਜਿਹ ਪ੍ਰਸਾਦਿ; ਆਰੋਗ ਕੰਚਨ ਦੇਹੀ ॥ ..ਜਿਹ ਪ੍ਰਸਾਦਿ; ਤੇਰਾ ਓਲਾ ਰਹਤ ॥ (ਸੁਖਮਨੀ, ਮਹਲਾ ੫, ਪੰਨਾ ੨੭੦) ਭਾਵ (ਜਿਹ ਦੈ ਪ੍ਰਸਾਦਿ ਜਾਂ ਜਿਸ ਦੀ ਕਿਰਪਾ ਨਾਲ਼)

ਨੋਟ : ਗੁਰਬਾਣੀ ’ਚ ਇੱਕ ਤੋਂ ਵੱਧ ਭਾਸ਼ਾਵਾਂ ਹੋਣ ਕਾਰਨ ‘ਦੈ’ ਅਤੇ ‘ਕੈ’ ਨੂੰ ਸਮਾਨੰਤਰ ਅਰਥਾਂ ਅਤੇ ਨਿਯਮਾਂ ’ਚ ਵਰਤਿਆ ਗਿਆ ਹੈ; ਜਿਵੇਂ ਕਿ ‘ਪ੍ਰਭ ਕੈ ਸਿਮਰਨਿ’ ਜਾਂ ‘ਪ੍ਰਭੂ ਦੈ ਸਿਮਰਨਿ’ ਭਾਵ ‘ਪ੍ਰਭੂ ਦੇ ਸਿਮਰਨ ਨਾਲ਼’।

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥.. . ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥.. . ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ (ਸੁਖਮਨੀ, ਮਹਲਾ ੫, ਪੰਨਾ ੨੬੨)

ਸੋ ‘ਰਾਮ ਦੇ ਪੈੱਨ’ ਨੂੰ ਗੁਰਬਾਣੀ ’ਚ ‘ਰਾਮ ਕੇ ਪੈਂਨ’ ਜਾਂ ‘ਰਾਮ ਦੈ ਪੈੱਨਿ’ ਜਾਂ ‘ਰਾਮ ਪੈੱਨਿ’ ਲਿਖਿਆ ਜਾ ਸਕਦਾ ਹੈ, ਪਰ ‘ਰਾਮ ਦੈ ਪੈੱਨ’ ਜਾਂ ‘ਰਾਮ ਦੇ ਪੈੱਨਿ’ ਜਾਂ ‘ਰਾਮੁ ਪੈੱਨੁ’ ਜਾਂ ‘ਰਾਮੁ ਦੇ ਪੈੱਨੁ’ ਨਹੀਂ।

ਨੋਟ: (ੳ). ਸੰਬੰਧਕੀ ‘ਕੇ’ ਹੋਵੇ ਜਾਂ ‘ਦੈ’, ‘ਕਾ’ ਹੋਵੇ ਜਾਂ ‘ਦਾ’; ਇਨ੍ਹਾਂ ਤੋਂ ਅਗੇਤਰ ਆਏ ਸ਼ਬਦ; ਇੱਕ ਵਚਨ ਪੁਲਿੰਗ ਨਾਂਵ ਵੀ ਹੋ ਸਕਦੇ ਹਨ, ਪੜਨਾਂਵ ਵੀ, ਬਹੁ ਵਚਨ ਵੀ ਹੋ ਸਕਦੇ ਹਨ ਤੇ ਇਸਤਰੀ ਲਿੰਗ ਵੀ।

(ਅ). ਵਿਆਕਰਨ ਨਿਯਮਾਂ ਮੁਤਾਬਕ ਸੰਬੰਧਕੀ ਤੋਂ ਅਗੇਤਰ ਆਏ ਕਿਸੇ ਸ਼ਬਦ ਨੂੰ ਅੰਤ ਔਂਕੜ ਜਾਂ ਅੰਤ ਸਿਹਾਰੀ ਨਹੀਂ ਹੋਵੇਗੀ।

(ੲ).  ਪਰ ਜੇ ਸੰਬੰਧਕੀ ਤੋਂ ਪਹਿਲਾਂ ਕਿਸੇ ਸ਼ਬਦ ਨੂੰ ਅੰਤ ਸਿਹਾਰੀ ਜਾਂ ਅੰਤ ਔਂਕੜ ਹੋਵੇ ਤਾਂ ਉਹ, ਉਸ ਸ਼ਬਦ ਦੀ ਮੂਲਕ ਹੁੰਦੀ ਹੈ ਭਾਵ ਸ਼ਬਦ ਅਨਭਾਸ਼ਾ ਦਾ ਤਤਸਮ ਹੋਵੇਗਾ ਜਿੱਥੇ ਉਸ ਲਗ ਦਾ ਉਚਾਰਨ ਹੁੰਦਾ ਹੈ। ਅਜਿਹੇ ਸ਼ਬਦਾਂ ਨੂੰ ਵਿਆਕਰਨ ਨਿਯਮਾਂ ’ਚ ਨਹੀਂ ਮੰਨਿਆ ਜਾਂਦਾ; ਜਿਵੇਂ ਕਿ ‘ਕਲਿਜੁਗ’ ਨੂੰ ਸੰਖੇਪ ’ਚ ‘ਕਲਿ’ ਕਰਕੇ ਅਤੇ ਬਿਖੂ (ਜ਼ਹਰ) ਨੂੰ ਸੰਖੇਪ ’ਚ ‘ਬਿਖੁ’ ਕਰਕੇ ਹੇਠਾਂ ਲਿਖਿਆ ਗਿਆ ਹੈ ਅਤੇ ਇਨ੍ਹਾਂ ਨਾਲ਼ ਸੰਬੰਧਕੀ ਵੀ ਹਨ :

ਜੇ ਕੋ ਨਾਉ ਲਏ ਬਦਨਾਵੀ; ‘ਕਲਿ ਕੇ’ ਲਖਣ ਏਈ ॥ (ਮਹਲਾ ੧, ਪੰਨਾ ੯੦੨)

ਰਾਮ ਨਾਮੁ ਉਰ ਹਾਰੁ; ‘ਬਿਖੁ ਕੇ’ ਦਿਵਸ ਗਏ ॥ (ਮਹਲਾ ੫, ਪੰਨਾ ੪੫੮)

ਬਿਖੁ ਖਾਣਾ ਬਿਖੁ ਪੈਨਣਾ; ‘ਬਿਖੁ ਕੇ’ ਮੁਖਿ ਗਿਰਾਸ ॥ (ਮਹਲਾ ੩, ਪੰਨਾ ੫੮੬)

ਉਕਤ ਤੁਕਾਂ ’ਚ ਸੰਬੰਧਕੀ ‘ਕੇ’ ਉਪਰੰਤ ਵੀ ਬਹੁ ਵਚਨ ਪੁਲਿੰਗ ਨਾਂਵ (ਅੰਤ ਮੁਕਤਾ) ਹੀ ਹਨ : ‘ਕਲਿ ਕੇ ਲਖਣ, ਬਿਖੁ ਕੇ ਦਿਵਸ, ਬਿਖੁ ਕੇ ਗਿਰਾਸ’।

ਸੋ, ਗੁਰਬਾਣੀ ਲਿਖਤ ਨਿਯਮਾਂ ਬਾਰੇ ਨਾਸਮਝੀ ਹੀ ਸਾਡੇ ਆਪਸੀ ਵਿਵਾਦਾਂ ਦਾ ਮੂਲ ਕਾਰਨ ਹੈ, ਜਿਸ ਨੂੰ ਸਮਝ ਕੇ ਹੀ ਅਸੀਂ ਸਹੀ ਤੇ ਗ਼ਲਤ ਬਾਰੇ ਫ਼ੈਸਲਾ ਕਰਨਯੋਗ ਹੋ ਸਕਦੇ ਹਾਂ।

-ਚਲਦਾ–