ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-5)

0
456

ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-5)

ਪ੍ਰੀਤਮ ਸਿੰਘ (ਕਰਨਾਲ)-94164-05173

ਇਸਤ੍ਰੀ ਲਿੰਗ ਨਾਂਵ

ਜਾਣ ਪਛਾਣ –

ਲੱਛਣ – ਇਸਤ੍ਰੀ ਲਿੰਗ ਨਾਂਵ ਉਹ ਨਾਂਵ ਹੁੰਦੇ ਹਨ ਜਿਨ੍ਹਾਂ ਤੋਂ ਮਦੀਨ ਵਿਅਕਤੀਆਂ, ਵਸਤੂਆਂ, ਜੀਵ ਜੰਤੂਆਂ, ਆਦਿ ਦਾ ਗਿਆਨ ਹੋਵੇ।

ਸ਼ਬਦ ਬਣਤਰ – ਇਸਤ੍ਰੀ ਲਿੰਗ ਨਾਂਵ ਸ਼ਬਦਾਂ ਨੂੰ ਲੱਗੀ ਅੰਤਲੀ ਲਗ ਦੇ ਅਧਾਰ ’ਤੇ ਵੱਖ ਵੱਖ ਸਰੂਪਾਂ ਵਾਲੇ ਸ਼ਬਦਾਂ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਹਨ:

ਮੁਕਤਾ ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਕੋਈ ਲਗ ਨਹੀਂ ਹੁੰਦੀ; ਜਿਵੇਂ: ਸੇਵ, ਮੁੰਧ, ਸਮਝ, ਟਹਲ, ਘਾਲ, ਗਲ, ਧਾਤ, ਕੂੰਜ, ਆਦਿ।

ਕੰਨਾ ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ਕੰਨਾ ( ਾ ) ਲਗਾ ਹੋਵੇ; ਜਿਵੇਂ: ਆਸਾ, ਵਿਦਿਆ, ਤ੍ਰਿਸਨਾ, ਰਜ਼ਾ, ਮਨਸਾ, ਦੁਬਿਧਾ, ਆਦਿ।

ਸਿਹਾਰੀ ( ਿ ) ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ਸਿਹਾਰੀ ( ਿ) ਲੱਗੀ ਹੋਵੇ; ਜਿਵੇਂ: ਪ੍ਰੀਤਿ, ਸੁਰਤਿ, ਭਗਤਿ, ਮੁਕਤਿ, ਜੁਗਤਿ, ਲਹਰਿ, ਅਰਦਾਸਿ, ਉਮਤਿ, ਖਬਰਿ, ਮਤਿ, ਆਦਿ।

ਬਿਹਾਰੀ ( ੀ ) ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ਬਿਹਾਰੀ ( ੀ ) ਲੱਗੀ ਹੋਵੇ; ਜਿਵੇਂ: ਵਧਾਈ, ਦੇਹੁਰੀ, ਕੜਛੀ, ਬਾਣੀ, ਸੂਹਨੀ, ਖਾਣੀ, ਗੱਠੜੀ, ਆਦਿ।

ਔਂਕੜ ( ੁ ) ਅੰਤ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ( ੁ ) ਔਂਕੜ ਲੱਗੀ ਹੋਵੇ; ਜਿਵੇਂ: ਮੈਲੁ, ਖੰਡੁ, ਰਤੁ, ਛਾਰੁ, ਮਧੁ, ਵਸਤੁ, ਆਦਿ।

ਬਿੰਦੀ ਸਬੰਧੀ ਵਿਚਾਰ

ਵਿਆਕਰਣਿਕ ਨਿਯਮਾਂ ਅਨੁਸਾਰ ਬਿੰਦੀਆਂ ਆਮ ਕਰਕੇ ਉਨ੍ਹਾਂ ਲਗਾਂ ਨਾਲ ਲਗਦੀਆਂ ਹਨ ਜਿਨ੍ਹਾਂ ਇਸਤ੍ਰੀ ਲਿੰਗ ਨਾਂਵਾਂ ਨੂੰ ਬਹੁ ਵਚਨ ਬਣਾਇਆ ਜਾਵੇ। ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਮੁਕਤਾ ਅੰਤ ਇਸਤ੍ਰੀ ਲਿੰਗ ਨਾਂਵ:

ਇਕ ਵਚਨ – ਗੱਲ     ਬਹੁ ਵਚਨ – ਗੱਲਾਂ, ਗੱਲੀਂ (ਗੱਲਾਂ ਨਾਲ)

ਇਕ ਵਚਨ – ਬਾਤ     ਬਹੁ ਵਚਨ – ਬਾਤਾਂ, ਬਾਤੀਂ (ਬਾਤਾਂ ਨਾਲ)

ਇਕ ਵਚਨ – ਅੱਖ      ਬਹੁ ਵਚਨ – ਅੱਖਾਂ, ਅੱਖੀਂ (ਅੱਖਾਂ ਨਾਲ)

ਇਕ ਵਚਨ – ਕੁੰਡ      ਬਹੁ ਵਚਨ – ਕੁੰਡਾਂ, ਕੁੰਡੀਂ (ਕੁੰਡਾਂ ਵਿਚ)

ਕੰਨਾ ( ਾ ) ਅੰਤ ਇਸਤ੍ਰੀ ਲਿੰਗ ਨਾਂਵ:

ਇਕ ਵਚਨ – ਆਸਾ    ਬਹੁ ਵਚਨ – ਆਸਾਂ

ਇਕ ਵਚਨ – ਇੱਛਾ     ਬਹੁ ਵਚਨ – ਇੱਛਾਂ

– ਿ ਅੰਤ ਇਸਤ੍ਰੀ ਲਿੰਗ ਨਾਂਵ:

ਇਕ ਵਚਨ – ਲਹਰਿ   ਬਹੁ ਵਚਨ – ਲਹਿਰੀਂ (ਲਹਿਰਾਂ ਵਿਚ), ਲਹਿਰਾਂ

ਇਕ ਵਚਨ – ਦਾਤਿ    ਬਹੁ ਵਚਨ – ਦਾਤੀਂ, ਦਾਤਾਂ

ਇਕ ਵਚਨ – ਜੁਗਤਿ  ਬਹੁ ਵਚਨ – ਜੁਗਤੀਂ (ਜੁਗਤੀਆਂ ਨਾਲ), ਜੁਗਤਾਂ, ਜੁਗਤੀਆਂ

ਇਕ ਵਚਨ – ਧਰਤਿ   ਬਹੁ ਵਚਨ – ਧਰਤੀਂ (ਧਰਤੀਆਂ ਉੱਤੇ), ਧਰਤੀਆਂ

ਇਕ ਵਚਨ – ਜ਼ਾਤਿ    ਬਹੁ ਵਚਨ – ਜ਼ਾਤੀਂ (ਜ਼ਾਤਾਂ ਵਿਚ), ਜ਼ਾਤੀਆਂ, ਜ਼ਾਤਾਂ

ੀ-ਅੰਤ ਇਸਤ੍ਰੀ ਲਿੰਗ ਨਾਂਵਾਂ ਨਾਲ ‘ਆਂ’ ਵਾਧੂ ਲੱਗ ਕੇ ਬਹੁ ਵਚਨ ਬਣਦਾ ਹੈ; ਜਿਵੇਂ:

ਇਕ ਵਚਨ – ਵਧਾਈ   ਬਹੁ ਵਚਨ – ਵਧਾਈਆਂ

ਇਕ ਵਚਨ – ਕੜਛੀ   ਬਹੁ ਵਚਨ – ਕੜਛੀਆਂ

ਇਕ ਵਚਨ – ਖਾਣੀ    ਬਹੁ ਵਚਨ – ਖਾਣੀਂ, ਖਾਣੀਆਂ

ਇਕ ਵਚਨ – ਮੁੱਕੀ (ਹੱਥ ਦੀ) ਬਹੁ ਵਚਨ – ਮੁੱਕੀਂ (ਮੁਕੀਆਂ ਨਾਲ), ਮੁਕੀਆਂ

‘‘ਫਰੀਦਾ ! ਜੋ ਤੈ ਮਾਰਨਿ ‘ਮੁਕੀਆਂ’, ਤਿਨ੍ਾ ਨ ਮਾਰੇ ਘੁੰਮਿ ॥’’ (ਬਾਬਾ ਫਰੀਦ/੧੩੭੮)

ਇਕ ਵਚਨ – ਚੰਗਿਆਈ        ਬਹੁ ਵਚਨ – ਚੰਗਿਆਈਂ (ਚੰਗਿਆਈਆਂ ਵਲੋਂ), ਚੰਗਿਆਈਆਂ

ਅੰਤਲੇ ਅੱਖਰ ਨੂੰ ਲੱਗੀ ਲਗ ਦੇ ਅਧਾਰ ’ਤੇ ਵੱਖ ਵੱਖ ਸ਼੍ਰੇਣੀਆਂ ਵਾਲੇ ਇਸਤ੍ਰੀ ਲਿੰਗ ਬਹੁ ਵਚਨ ਨਾਂਵਾਂ ਦੇ ਨਾਸਕੀ ਉਚਾਰਣ ਸੰਬੰਧੀ ਵਿਚਾਰ ਇਕ ਇਕ ਸ਼੍ਰੇਣੀ ਦੇ ਸ਼ਬਦ ਲੈ ਕੇ ਕੀਤੀ ਜਾ ਰਹੀ ਹੈ।

ਮੁਕਤਾ-ਅੰਤ ਇਸਤ੍ਰੀ ਲਿੰਗ ਨਾਂਵ

ਅਜਿਹੇ ਇਸਤ੍ਰੀ ਲਿੰਗ ਨਾਂਵ ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਕੋਈ ਮਾਤਰਾ ਨਹੀਂ ਲੱਗੀ ਹੁੰਦੀ, ਮੁਕਤਾ ਅੰਤ ਨਾਂਵ ਕਹੇ ਜਾਂਦੇ ਹਨ; ਜਿਵੇਂ: ਸੇਵ, ਸਮਝ, ਮੁੰਧ, ਧਨ, ਟਹਲ, ਘਾਲ, ਵੇਲ, ਆਦਿ।

ਮੁਕਤਾ ਅੰਤ ਇਸਤ੍ਰੀ ਲਿੰਗ ਨਾਂਵਾਂ ਦੇ ਬਹੁ ਵਚਨ ਬਣਾਉਣ ਲਈ ਆਮ ਤੌਰ ’ਤੇ ਉਹਨਾਂ ਦੇ ਅੰਤ ਵਿਚ ਨਾਸਕੀ ਚਿੰਨ੍ਹ (ਾਂ) ਜਾਂ ( ੀਂ) ਲਾਇਆ ਜਾਂਦਾ ਹੈ।

ਕਾਰਕ ਚਿੰਨ੍ਹ  ( ਾਂ    ) ਦੀ ਵਰਤੋਂ:

‘ਰੂਹ’ ਤੋਂ ਬਹੁ ਵਚਨ ‘ਰੂਹਾਂ’

‘ਕੁਲ’ ਤੋਂ ਬਹੁ ਵਚਨ ‘ਕੁਲਾਂ’

‘ਆਸ’ ਤੋਂ ਬਹੁ ਵਚਨ ‘ਆਸਾਂ’

ਕਾਰਕ ਚਿੰਨ੍ਹ ( ੀਂ) ਦੀ ਵਰਤੋਂ:

‘ਅੱਖ’ ਤੋਂ ਬਹੁ ਵਚਨ ਅੱਖਾਂ ਤੇ ‘ਅੱਖੀਂ’

‘ਗੱਲ ਬਾਤ’ ਤੋਂ ਬਹੁ ਵਚਨ ‘ਗੱਲੀਂ ਬਾਤੀਂ’

‘ਕੁੰਟ’ ਤੋਂ ਬਹੁ ਵਚਨ ‘ਕੁੰਟਾਂ ਤੇ ਕੁੰਟੀਂ’

ਛਾਪੇ ਦੀ ਬੀੜ ਵਿਚ ਮੁਕਤਾ-ਅੰਤ ਇਸਤ੍ਰੀ ਲਿੰਗ ਨਾਂਵ ਸ਼ਬਦਾਂ ਨੂੰ ਬਹੁ ਵਚਨ ਦੇ ਨਾਸਕੀ ਕਾਰਕ ਚਿੰਨ੍ਹ ( ਾਂ ) ਅਤੇ ( ੀਂ ) ਲੱਗੇ ਹੋਏ ਮਿਲਦੇ ਹਨ। ਇਹਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ। ਇਹਨਾਂ ਵਿਚੋਂ ਕਈ ਨਾਂਵ ਸੰਬੰਧਕੀ ਪਦਾਂ ਤੋਂ ਬਗ਼ੈਰ ਹਨ, ਕਈਆਂ ਨਾਲ ਪਰਗਟ ਤੌਰ ’ਤੇ ਸੰਬੰਧਕੀ ਪਦ ਹਨ ਅਤੇ ਕਈਆਂ ਵਿਚ ਲੁਪਤ ਹਨ।

      ਸੰਬੰਧਕੀ ਪਦਾਂ ਤੋਂ ਬਗ਼ੈਰ

(1). ਸਭੇ ‘ਧਿਰਾਂ’ ਨਿਖੁਟੀਅਸੁ, ਹਿਰਿ ਲਈਅਸੁ ਧਰਤੇ॥ (ਅੰਕ ੩੧੭)           ਕਰਤਾ ਕਾਰਕ, ਬਹੁ ਵਚਨ।

(2). ਕਤਿਕ ‘ਕੂੰਜਾਂ’ ਚੇਤਿ ਡਉ, ਸਾਵਣਿ ਬਿਜੁਲੀਆਂ॥ (ਅੰਕ੪੮੮)               ਉਹੀ

(3). ਨਾਨਕੁ ਆਖੇ ਰਾਹੁ ਏਹੁ, ਹੋਰਿ ‘ਗਲਾਂ’ ਸੈਤਾਨੁ॥ (ਅੰਕ (੧੨੪੫)            ਉਹੀ

(4). ਫਰੀਦਾ ਸਿਰੁ ਪਲਿਆ ਦਾੜੀ ਪਲੀ, ‘ਮੁਛਾਂ’ ਭੀ ਪਲੀਆਂ॥ (ਅੰਕ ੧੩੮੦)            ਉਹੀ

(5). ਗੋਰਾਂ ਸੇ ਨਿਮਾਣੀਆਂ, ਬਹਸਨਿ ‘ਰੂਹਾਂ’ ਮਲਿ॥ (ਅੰਕ ੧੩੮੩)              ਉਹੀ

(6). ਸਚੁ ਸੰਜਮੁ ਕਰਣੀ ‘ਕਾਰਾਂ’, ਨਾਵਣੁ ਨਾਉ ਜਪੇਹੀ॥ (ਅੰਕ ੯੧)             ਕਰਮ ਕਾਰਕ, ਬਹੁ ਵਚਨ।

(7). ਰਾਖਹੁ ਕੰਧ, ਉਸਾਰਹੁ ‘ਨੀਵਾਂ’॥ (ਅੰਕ ੬੫੯)                                         ਉਹੀ

(8). ‘ਕੁਲਹਾਂ’ ਦੇਂਦੇ ਬਾਵਲੇ, ਲੈਂਦੇ ਵਡੇ ਨਿਲਜ॥ (ਅੰਕ ੧੨੮੬)                                      ਉਹੀ

(9). ਸੋ ਧਨੁ ਮਿਤੁ੍ ਨ ਕਾਂਢੀਐ, ਜਿਤੁ ਸਿਰਿ ‘ਚੋਟਾਂ’ ਖਾਇ॥ (ਅੰਕ ੧੨੮੭)                ਉਹੀ

(10). ‘ਗੋਰਾਂ’ ਸੇ ਨਿਮਾਣੀਆਂ, ਬਹਸਨਿ ਰੂਹਾਂ ਮਲਿ॥ (ਅੰਕ ੧੩੮੩)                      ਉਹੀ

(11). ਬਾਜ ਪਏ ਤਿਸੁ ਰਬ ਦੇ, ‘ਕੇਲਾਂ’ ਵਿਸਰੀਆਂ (ਅੰਕ ੧੩੮੩)                         ਉਹੀ

(12). ਚਾਰੇ ‘ਕੁੰਡਾਂ’ ਸੁਝੀਓਸੁ, ਮਨ ਮਹਿ ਸਬਦੁ ਪਰਵਾਣੁ॥ (ਅੰਕ ੯੬੮)                            ਉਹੀ

(13). ‘ਗਲਾਂ’ ਕਰੇ ਘਣੇਰੀਆਂ, ਤਾਂ ਅੰਨ੍ਹੇ ਪਵਣਾ ਖਾਤੀ ਟੋਵੈ॥ (ਅੰਕ ੧੪੧੨)               ਉਹੀ

(14). ਜੇ ਇਕ ਵਿਖ ਅਗਾਹਾ ਭਰੇ, ਤਾਂ ਦਸ ‘ਵਿਖਾਂ’ ਪਿਛਾਹਾ ਜਾਇ॥ (ਅੰਕ ੧੨੦੬)      ਉਹੀ

ਪਰਗਟ ਸੰਬੰਧਕੀ ਪਦਾਂ ਦੇ ਨਾਲ

(ੳ) ਕਾਰਕ ਚਿੰਨ੍ਹ ( ਾਂ )

(1). ਫਰੀਦਾ ਡੁਖਾ ਸੇਤੀ ਦਿਹੁ ਗਇਆ, ‘ਸੂਲਾਂ’ ਸੇਤੀ ਰਾਤਿ॥ (ਅੰਕ ੧੩੮੨)     ਅਧਿਕਰਣ ਕਾਰਕ, ਬਹੁ ਵਚਨ

ਨੋਟ:– ਇਸ ਤੁਕ ਵਿਚ ਦੋ ਬਹੁ ਵਚਨ ਅੰਤ ਕੰਨਾ ਨਾਂਵ ਹਨ, ‘ਡੁਖਾ’ ਅਤੇ ‘ਸੂਲਾਂ’। ‘ਸੂਲਾਂ’ ਤੇ ਬਿੰਦੀ ਲਗੀ ਹੋਈ ਹੈ, ਪਰ ਪਹਿਲੇ ਨਾਂਵ (ਡੁਖਾ) ਤੇ ਨਹੀਂ। ਅਰਥ ਦੇ ਆਧਾਰ ’ਤੇ ਉਚਾਰਣ ਦੋਹਾਂ ਦਾ ਇਕਸਾਰ ਹੀ ਕੀਤਾ ਜਾਣਾ ਸ਼ੁੱਧ ਹੈ। ਭਾਵ ਕਿ ‘ਡੁਖਾ’ ਦਾ ਉਚਾਰਣ ਵੀ ਬਿੰਦੇ ਸਹਿਤ (ਡੁਖਾਂ) ਹੀ ਕਰਨਾ ਚਾਹੀਦਾ ਹੈ।

(1). ਜਾਲਣ ‘ਗੋਰਾਂ’ ਨਾਲਿ, ਓਲਾਮੇ ਜੀਅ ਸਹੇ॥ (ਅੰਕ ੪੮੮)                             ਅਧਿਕਰਣ ਕਾਰਕ, ਬਹੁ ਵਚਨ

(2). ਨਾਮਿ ਰਤੇ, ‘ਕੁਲਾਂ’ ਕਾ ਕਰਹਿ ਉਧਾਰੁ॥ (ਅੰਕ ੧੧੭੪)                     ਸੰਬੰਧ ਕਾਰਕ, ਬਹੁ ਵਚਨ

(3). ਸਲੋਕ ‘ਵਾਰਾਂ’ ਤੇ ਵਧੀਕ॥ (ਅੰਕ ੧੪੧੦)                                   ਅਪਾਦਾਨ ਕਾਰਕ, ਬਹੁ ਵਚਨ

(ਅ). ਕਾਰਕ ਚਿੰਨ੍ਹ ( ੀਂ )

‘ਅਖੀਂ’ ਪਰਣੈ ਜੇ ਫਿਰਾਂ, ਦੇਖਾਂ ਸਭੁ ਆਕਾਰੁ॥ (ਅੰਕ ੧੨੪੧)            ਕਰਣ ਕਾਰਕ, ਬਹੁ ਵਚਨ ਸੰਬੰਧਕੀ ਪਦ ਲੁਪਤ

(1). ‘ਗਲੀਂ’ ਅਸੀ ਚੰਗੀਆ, ਆਚਾਰੀ ਬੁਰੀਆਹ॥ (ਅੰਕ ੮੫)                   ਗਲਾਂ ‘ਨਾਲ’ (ਕਰਣ ਕਾਰਕ, ਬਹੁ ਵਚਨ)

ਨੋਟ:– ਇਸ ਤੁਕ ਵਿਚ ਦੋ ਬਹੁ ਵਚਨੀ ਅੰਤ ਸਿਹਾਰੀ ਨਾਂਵ ਹਨ, ‘ਗਲੀਂ’ ਅਤੇ ‘ਆਚਾਰੀ’। ‘ਗਲੀਂ’ ਦੇ ਅੰਤ ਵਿਚ ਲਗਿਆ ਬਹੁ ਵਚਨੀ ਚਿੰਨ੍ਹ (ਬਿਹਾਰੀ) ਬਿੰਦੇ ਸਹਿਤ ਹੈ ਪਰ ‘ਆਚਾਰੀ’ ਦਾ ਬਿੰਦੇ ਰਹਿਤ। ਤੁਕ ਦੇ ਅਰਥ ਨੂੰ ਮੁਖ ਰੱਖਦਿਆਂ ਇਹਨਾਂ ਦੋਹਾਂ ਦਾ ਉਚਾਰਣ ਬਿੰਦੇ ਸਹਿਤ ਹੀ ਕਰਨਾ ਚਾਹੀਦਾ ਹੈ।

(1). ਫਰੀਦਾ ‘ਗਲੀਂ’ ਸੁ ਸਜਣ ਵੀਹ, ਇਕੁ ਢੂੰਢੇਦੀ ਨ ਲਹਾਂ॥ (ਅੰਕ ੧੩੮੨)     ਗਲੀਂ – ਗਲਾਂ ‘ਨਾਲ’ (ਕਰਣ ਕਾਰਕ, ਬਹੁ ਵਚਨ)

(2). ‘ਛੇਰੀਂ’ ਭਰਮੈ, ਮੁਕਤਿ ਨ ਹੋਇ॥ (ਅੰਕ ੮੩੯)  ਛੇਰੀਂ – ਛੇਰਾਂ ‘ਵਿਚ’ (ਅਧਿਕਰਣ ਕਾਰਕ, ਬਹੁ ਵਚਨ)

ਸੇਧ:-

ਗੁਰਬਾਣੀ ਦੀਆਂ ਉਪਰੋਕਤ ਉਦਾਹਰਣਾਂ ਤੋਂ ਅਤੇ ਉਹਨਾਂ ਦੇ ਆਧਾਰ ’ਤੇ ਕੀਤੀ ਗਈ ਉਪਰੋਕਤ ਵੀਚਾਰ ਤੋਂ ਇਹ ਸੇਧ ਮਿਲਦੀ ਹੈ ਕਿ: ‘ਮੁਕਤਾ-ਅੰਤ ਇਸਤ੍ਰੀ ਲਿੰਗ ਨਾਵਾਂ ਦੇ ਬਹੁ ਵਚਨ ਬਣਾਉਣ ਲਈ ਉਹਨਾਂ ਦੇ ਅੰਤਲੇ ਅੱਖਰ ਨੂੰ ਲਾਏ ਗਏ ਕਾਰਕ ਚਿੰਨ੍ਹ ( ਾ ) ਅਤੇ ( ੀ ) ਸਦਾ ਬਿੰਦੇ ਸਹਿਤ ਬੋਲਦੇ ਹਨ, ਭਾਵੇਂ ਅਜਿਹੇ ਨਾਂਵ ਸੰਬੰਧਕੀ ਪਦ ਤੋਂ ਬਗ਼ੈਰ ਹੋਣ, ਸੰਬੰਧਕੀ ਪਦ ਪਰਗਟ ਹੋਣ ਜਾਂ ਸੰਬੰਧਕੀ ਪਦ ਲੁਪਤ ਹੋਣ।

ਸਾਵਧਾਨੀ:

ਮੁਕਤਾ-ਅੰਤ ਇਸਤ੍ਰੀ ਲਿੰਗ ਨਾਵਾਂ ਦੇ ਇਕ ਵਚਨੀ ਰੂਪ ਦੇ ਅੰਤ ਵਿਚ ਵੀ ਕਿਧਰੇ ਕਿਧਰੇ ( ਾ ) ਚਿੰਨ੍ਹ ਆਉਂਦਾ ਹੈ; ਜਿਵੇਂ:

(1). ਭਗਤਾ ਕੀ ਚਾਲ ਨਿਰਾਲੀ॥ ‘ਚਾਲਾ’ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ॥ (ਅੰਕ ੯੧੮)

(2). ਰਾਮ ਰਸਾਇਣੁ ਜਿਨ ਗੁਰਮਤਿ ਪਾਇਆ, ਤਿਨ ਕੀ ਊਤਮ ‘ਬਾਤਾ’॥ (ਅੰਕ ੯੮੪)

(3). ਸਭੁ ਜਨਮੁ ਤਿਨਾ ਕਾ ਸਫਲੁ ਹੈ, ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ‘ਭੁਖਾ’॥ (ਅੰਕ ੫੮੮)

ਇਹਨਾਂ ਉਕਤ ਤੁਕਾਂ ਵਿਚ ‘ਚਾਲਾ’ ‘ਬਾਤਾ’ ਅਤੇ ‘ਭੁਖਾ’ ਸ਼ਬਦਾਂ ਨੂੰ ਅੰਤਲਾ ਕੰਨਾ ਪਿੰਗਲ ਦੇ ਨਿਯਮਾਂ ਅਧੀਨ ਲਗਾ ਹੈ। ਇਹ ਕਾਰਕ ਚਿੰਨ੍ਹ ਨਹੀਂ ਅਤੇ ਨਾ ਹੀ ਬਹੁ ਵਚਨ ਦਾ ਸੂਚਕ ਹੈ। ਇਸ ਲਈ ਇਸ ਦਾ ਉਚਚਾਰਣ ਨਾਸਕੀ ਨਹੀਂ ਭਾਵ ਕਿ ਬਿੰਦੇ ਰਹਿਤ ਹੀ ਹੋਵੇਗਾ।

ਕਸਵਟੀ:

ਕੌਣ ਨਾਂਵ ਸ਼ਬਦ ਇਕ ਵਚਨ ਹੈ ਜਾਂ ਬਹੁ ਵਚਨ, ਇਸ ਸੰਬੰਧੀ ਨਿਰਣਾ ਕਰਨ ਲਈ ਤੁਕ ਵਿਚ ਆਏ ਵਿਸ਼ੇਸ਼ਣ, ਕਿਰਿਆ, ਸੰਬੰਧਕੀ ਇਤਿਆਦਿਕ ਸ਼ਬਦਾਂ ਰਾਹੀਂ ਸੇਧ ਮਿਲ ਸਕਦੀ ਹੈ।