Pronoun (Part 4, D)

0
350

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-3) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-4

(4). ਗੁਰਬਾਣੀ ਵਿੱਚ ‘ਤੁਝਹਿ’ (39 ਵਾਰ), ‘ਤੁਝੁ’ (27 ਵਾਰ), ‘ਤੁਝੈ’ (27 ਵਾਰ), ‘ਤੁਝ’ (23 ਵਾਰ) (ਮੱਧਮ ਪੁਰਖ, ਇੱਕ ਵਚਨ ਪੜਨਾਂਵ) ’ਚ ਦਰਜ ਹਨ, ਜਿਨ੍ਹਾਂ ਦੀ ਵੰਡ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ਵੀ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਕ’ ’ਚ ਦਰਜ ਨਹੀਂ ਹਨ); ਜਿਵੇਂ:

(1). ਕਰਤਾ ਕਾਰਕ ਪੜਨਾਂਵ: (ੳ). ਗੁਰਬਾਣੀ ਵਿੱਚ ‘ਤੁਝਹਿ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਪ੍ਰਭੂ !) ‘‘ਘਟਿ ਘਟਿ (ਅੰਦਰ) ਕਥਾ (ਤੂੰ) ਰਾਜਨ ਕੀ ਚਾਲੈ; ਘਰਿ ਘਰਿ (ਵਿੱਚ) ਤੁਝਹਿ (ਤੂੰ ਹੀ) ਉਮਾਹਾ (ਖਿੜਦਾ)॥’’ (ਮ: ੫/੧੨੩੫)

(ਅ). ਗੁਰਬਾਣੀ ਵਿੱਚ ‘ਤੁਝਹਿ’ (4 ਵਾਰ), ‘ਤੁਝੁ’ (2 ਵਾਰ), ‘ਤੁਝੈ’ (2 ਵਾਰ), ‘ਤੁਝ’ (2 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਮਾਲਕ !) ‘‘ਤ੍ਰਿਭਵਣੋ ‘ਤੁਝਹਿ’ (ਤੈਂ ਨੇ) ਕੀਆ; ਸਭੁ ਜਗਤੁ ਸਬਾਇਆ ਰਾਮ ॥’’ (ਮ: ੧/੪੩੭)

(ਹੇ ਭਾਈ !) ‘‘ਹਰਿ ਬਾਝੁ (ਬਿਨਾ), ਰਾਖਾ ਕੋਇ ਨਾਹੀ; ਸੋਇ (ਉਹੀ) ‘ਤੁਝਹਿ’ (ਤੈਂ ਨੇ) ਬਿਸਾਰਿਆ ॥’’ (ਮ: ੧/੪੩੯)

(ਹੇ ਮਾਲਕ !) ‘‘ਭਰਮੋ ਭੁਲਾਵਾ ‘ਤੁਝਹਿ’ (ਤੈਂ ਨੇ) ਕੀਆ; ਜਾਮਿ (ਜਦੋਂ) ਏਹੁ (ਭਰਮੋ ਭੁਲਾਵਾ) ਚੁਕਾਵਹੇ (ਤਾਂ ਤੇਰੇ ਬਾਰੇ ਇਹ ਸਮਝ ਆਉਂਦੀ)॥’’ (ਮ: ੧/੫੬੭)

(ਹੇ ਮਾਲਕ !) ‘‘ਜਿਹਬਾ, ਨੇਤ੍ਰ, ਸੋਤ੍ਰ (ਕੰਨ), ਸਚਿ (ਵਿੱਚ) ਰਾਤੇ; ਜਲਿ (ਜਲਨ) ਬੂਝੀ ‘ਤੁਝਹਿ’ (ਤੈਂ ਨੇ) ਬੁਝਾਈ ॥’’ (ਮ: ੧/੬੩੪)

(ਹੇ ਮਾਲਕ !) ‘‘ਲੋਭੁ, ਮੋਹੁ ‘ਤੁਝੁ’ (ਤੈਂ ਨੇ) ਕੀਆ ਮੀਠਾ; ਏਤੁ ਭਰਮਿ (ਰਾਹੀਂ) ਭੁਲਾਣਾ (ਮਨੁੱਖ ਨੂੰ ਭੁਲਾਇਆ)॥’’ (ਮ: ੧/੫੬੬)

(ਹੇ ਭਾਈ !) ‘‘ਕਾਹੇ ਕਉ (ਕਿਸ ਨਾਲ) ‘ਤੁਝੁ’ (ਤੈਂ ਨੇ) ਇਹੁ ਮਨੁ ਲਾਇਆ ? ॥’’ (ਮ: ੧/੯੩੯)

(ਹੇ ਮਾਲਕ !) ‘‘ਤਾ ਮੈ ਕਹਿਆ ਕਹਣੁ; ਜਾ ‘ਤੁਝੈ’ (ਤੈਂ ਨੇ) ਕਹਾਇਆ ॥’’ (ਮ: ੧/੫੬੬)

(ਹੇ ਮਾਲਕ !) ਤਾ ਮੈ ਕਹਿਆ ਕਹਣੁ; ਜਾ ‘ਤੁਝੈ’ (ਤੈਂ ਨੇ) ਕਹਾਇਆ ॥ (ਮ: ੧/੫੬੬) (ਇਹ ਪੰਕਤੀ ਇੱਕ ਪੇਜ ’ਤੇ ਹੀ 2 ਵਾਰ ਦਰਜ)

(ਹੇ ਮਾਲਕ !) ‘‘ਇਕਿ (ਕਈ) ‘ਤੁਝ’ (ਤੈਂ ਨੇ) ਹੀ ਕੀਏ ਰਾਜੇ; (ਪਰ) ਇਕਨਾ (ਕਈਆਂ ਨੂੰ) ਭਿਖ (ਭਿਖਿਆ ਲਈ) ਭਵਾਈਆ ॥’’ (ਮ: ੧/੫੬੬)

(ਹੇ ਮਾਲਕ !) ‘‘ਤੁਝ’’ (ਤੈਂ ਨੇ) ਹੀ ਕੀਆ; ਜੰਮਣ ਮਰਣਾ ॥’’ (ਮ: ੧/੧੦੨੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (24 ਵਾਰ), ‘ਤੁਝੁ’ (7 ਵਾਰ), ‘ਤੁਝੈ’ (10 ਵਾਰ), ‘ਤੁਝ ਹੀ’ (2 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

(ਹੇ ਮਾਲਕ !) ‘‘ਜਹ ਸਾਧ ਸੰਤ ਇਕਤ੍ਰ ਹੋਵਹਿ; ਤਹਾ ‘ਤੁਝਹਿ’ (ਤੈਨੂੰ) ਧਿਆਵਹੇ ॥’’ (ਮ: ੫/੨੪੮)

(ਹੇ ਮਾਲਕ !) ‘‘ਤੁਝਹਿ’’ (ਤੈਨੂੰ) ਪੇਖਿ (ਕੇ); ਬਿਗਸੈ ਕਉਲਾਰੁ (ਕਮਲ ਹਿਰਦਾ)॥’’ (ਮ: ੫/੩੮੯)

(ਹੇ ਭਾਈ !) ‘‘ਖਿਨ ਮਹਿ ਥਾਪਿ (ਕੇ), ਉਥਾਪਨਹਾਰਾ (ਮਾਰ ਦੇਂਦਾ); ਤਿਸ ਤੇ ‘ਤੁਝਹਿ’ (ਤੈਨੂੰ) ਡਰਾਵਉ ਰੇ ॥’’ (ਮ: ੫/੪੦੪)

(ਹੇ ਕਾਇਆਂ !) ‘‘ਤੁਝਹਿ’’ (ਤੈਨੂੰ), ਸੁਝੰਤਾ (ਸਮਝ) ਕਛੂ ਨਾਹਿ ॥’’ (ਭਗਤ ਰਵਿਦਾਸ/੧੧੯੬)

‘‘ਚਲੁ ਰੇ ਬੈਕੁੰਠ ! ‘ਤੁਝਹਿ’ (ਤੈਨੂੰ) ਲੇ (ਕੇ) ਤਾਰਉ ॥’’ (ਭਗਤ ਕਬੀਰ/੩੨੯)

(ਹੇ ਮਾਲਕ !) ‘‘ਜੇ ਦੇਹਿ ਵਡਿਆਈ, ਤਾ ਤੇਰੀ ਵਡਿਆਈ; ਇਤ ਉਤ (ਇੱਧਰ-ਉੱਧਰ ਭਾਵ ਹਰ ਥਾਂ) ‘ਤੁਝਹਿ’ (ਤੈਨੂੰ) ਧਿਆਉ ॥’’ (ਮ: ੫/੩੮੨)

(ਹੇ ਮਾਲਕ !) ‘‘ਮਾਨੁਖ, ਬਨੁ, ਤਿਨੁ (ਘਾਹ), ਪਸੂ, ਪੰਖੀ; ਸਗਲ ‘ਤੁਝਹਿ’ (ਤੈਨੂੰ ਹੀ) ਅਰਾਧਤੇ (ਯਾਦ ਕਰਦੇ, ਭਾਵ ਤੇਰੇ ਹੁਕਮ ’ਚ ਚੱਲਦੇ)॥’’ (ਮ: ੫/੪੫੫)

‘‘ਚਾਹਹਿ ‘ਤੁਝਹਿ’ (ਤੈਨੂੰ) ਦਇਆਰ ! ਮਨਿ (ਵਿੱਚ) ਤਨਿ (ਵਿੱਚ) ਰੁਚ (ਸ਼ਰਧਾ) ਅਪਾਰ ॥’’ (ਮ: ੫/੪੫੫)

‘‘ਸਭਨਾ ਵਿਚਿ ਤੂ ਵਰਤਦਾ ਸਾਹਾ ! ਸਭਿ ‘ਤੁਝਹਿ’ (ਤੈਨੂੰ ਹੀ) ਧਿਆਵਹਿ ਦਿਨੁ ਰਾਤਿ ॥’’ (ਮ: ੪/੬੭੦)

‘‘ਸਭਨਾ ਕੀ ਤੂ ਆਸ ਹੈ, ਮੇਰੇ ਪਿਆਰੇ ! ਸਭਿ ‘ਤੁਝਹਿ’ (ਤੈਨੂੰ ਹੀ) ਧਿਆਵਹਿ ਮੇਰੇ ਸਾਹ ! ॥’’ (ਮ: ੪/੬੭੦)

(ਹੇ ਮਾਲਕ !) ‘‘ਨਾਮੁ ਤੇਰਾ ਅੰਭੁਲਾ (ਪਾਣੀ), ਨਾਮੁ ਤੇਰੋ ਚੰਦਨੋ; ਘਸਿ (ਕੇ) ਜਪੇ, ਨਾਮੁ ਲੇ (ਕੇ) ‘ਤੁਝਹਿ ਕਉ’ (ਤੈਨੂੰ) ਚਾਰੇ (ਚੜ੍ਹਾਵੇ)॥’’ (ਭਗਤ ਰਵਿਦਾਸ/੬੯੪) (ਇੱਥੇ ਵੀ ਨਾਮ ਰੂਪ ਚੜ੍ਹਾਵੇ ਬਾਰੇ ਹੀ ਸੰਕੇਤ ਹੈ।)

(ਹੇ ਮਾਲਕ !) ‘‘ਜੇ ਸੁਖੁ ਦੇਹਿ, ਤ ‘ਤੁਝਹਿ’ (ਤੈਨੂੰ) ਅਰਾਧੀ; ਦੁਖਿ (ਵਿੱਚ) ਭੀ, ‘ਤੁਝੈ’ (ਤੈਨੂੰ ਹੀ) ਧਿਆਈ ॥’’ (ਮ: ੪/੭੫੭)

(ਹੇ ਮਾਲਕ !) ‘‘ਜੇ ਪਾਸਿ ਬਹਾਲਹਿ, ਤਾ ‘ਤੁਝਹਿ’ (ਤੈਨੂੰ ਹੀ) ਅਰਾਧੀ; ਜੇ ਮਾਰਿ (ਕੇ) ਕਢਹਿ, ਭੀ ਧਿਆਈ ॥’’ (ਮ: ੪/੭੫੭)

(ਹੇ ਮਾਲਕ !) ‘‘ਤੂ ਆਪੇ ਗੁਰੁ, ਚੇਲਾ ਹੈ ਆਪੇ; ਗੁਰ ਵਿਚੁ (ਵਿਚੋਲਾ) ਦੇ (ਕੇ ਭਾਵ ਰਾਹੀਂ) ‘ਤੁਝਹਿ’ (ਤੈਨੂੰ) ਧਿਆਈ ॥’’ (ਮ: ੪/੭੫੮)

‘‘ਤੁਝਹਿ’’ (ਤੈਨੂੰ) ਨ ਜੋਹੈ (ਤੱਕਦਾ) ਕੋ (ਕੋਈ ਕਾਮਾਦਿਕ) ਮੀਤ ਜਨ ! (ਕਿਉਂਕਿ) ਤੂੰ ਗੁਰ ਕਾ ਦਾਸ ॥’’ (ਮ: ੫/੮੧੮)

(ਹੇ ਮਾਲਕ !) ‘‘ਊਠਤ, ਬੈਠਤ, ਸੋਵਤ, ਜਾਗਤ; ਇਹੁ ਮਨੁ ‘ਤੁਝਹਿ’ (ਤੈਨੂੰ ਹੀ) ਚਿਤਾਰੈ ॥’’ (ਮ: ੫/੮੨੦)

‘‘ਸਾਸਿ-ਸਾਸਿ (ਨਾਲ) ਪ੍ਰਭ ! ‘ਤੁਝਹਿ’ (ਤੈਨੂੰ) ਚਿਤਾਰੀ (ਯਾਦ ਕਰਦਾ ਹਾਂ)॥’’ (ਮ: ੫/੮੨੬)

(ਹੇ ਮਾਲਕ !) ‘‘ਬਿਨਵੰਤਿ ਨਾਨਕ ! (ਜਿਸ ਉੱਤੇ) ਕਰਹੁ ਕਿਰਪਾ; ਸੋਇ ‘ਤੁਝਹਿ’ (ਤੈਨੂੰ) ਪਛਾਨਈ ॥’’ (ਮ: ੫/੯੨੫)

(ਹੇ ਮਾਲਕ !) ‘‘ਤੇਰਾ ਰੂਪੁ ਨ ਜਾਈ ਲਖਿਆ (ਸਮਝਿਆ, ਫਿਰ); ਕਿਉ (ਕਿਵੇਂ) ‘ਤੁਝਹਿ’ (ਤੈਨੂੰ) ਧਿਆਵਹੀ ? ॥’’ (ਮ: ੫/੧੦੯੫)

‘‘ਨਾਨਕ ਕੇ ਪ੍ਰਭ ਪੁਰਖ ਬਿਧਾਤੇ! ਘਟਿ ਘਟਿ (ਵਿੱਚ) ‘ਤੁਝਹਿ’ (ਤੈਨੂੰ ਹੀ) ਦਿਖਾਉ (ਦੇਖਾਂ)॥’’ (ਮ: ੫/੧੧੨੦)

(ਹੇ ਕਰਤਾਰ !) ‘‘ਇਹੁ ਜਗੁ ਤੇਰਾ; ਸਭ ‘ਤੁਝਹਿ’ (ਤੈਨੂੰ ਹੀ) ਧਿਆਏ ॥’’ (ਮ: ੫/੧੧੪੬)

(ਹੇ ਮਾਲਕ !) ‘‘ਮੇਰੋ ਮਨੁ; ਜਤ ਕਤ (ਜਿੱਧਰ-ਕਿੱਧਰ), ‘ਤੁਝਹਿ’ (ਤੈਨੂੰ ਹੀ) ਸਮ੍ਾਰੈ (ਯਾਦ ਕਰਦਾ ਹੈ)॥’’ (ਮ: ੫/੧੨੧੪)

‘‘ਆਰਾਧਉ; ‘ਤੁਝਹਿ’ (ਤੈਨੂੰ) ਸੁਆਮੀ ਅਪਨੇ ! ॥’’ (ਮ: ੫/੧੨੯੮)

(ਹੇ ਗੁਰੂ ਰਾਮਦਾਸ !) ‘‘ਫੁਨਿ (ਫਿਰ) ਜਾਨੈ ਕੋ (ਕੌਣ) ਤੇਰਾ ਅਪਾਰੁ ? ਨਿਰਭਉ, ਨਿਰੰਕਾਰੁ; ਅਕਥ ਕਥਨਹਾਰੁ, ‘ਤੁਝਹਿ’ (ਤੈਨੂੰ ਹੀ, ਇਸ ‘ਅਪਾਰੁ’ ਦੀ) ਬੁਝਾਈ (ਸਮਝ) ਹੈ ॥’’ (ਭਟ ਨਲੵ /੧੩੯੮)

(ਹੇ ਮਾਲਕ !) ‘‘ਤੁਝੁ’’ (ਤੈਨੂੰ) ਸੇਵੀ (ਯਾਦ ਕਰਦਾ ਹਾਂ ਕਿਉਂਕਿ); ਤੁਝ ਤੇ (ਤੋਂ ਹੀ) ਪਤਿ (ਇੱਜ਼ਤ) ਹੋਇ ॥’’ (ਮ: ੩/੨੩੨)

‘‘ਜਹਾ ਤ੍ਰਿਖਾ (ਜਿੱਥੇ ਤ੍ਰਿਸ਼ਨਾ) ਮਨ ! ‘ਤੁਝੁ’ (ਤੈਨੂੰ) ਆਕਰਖੈ (ਖਿੱਚਦੀ ਹੈ)॥’’ (ਮ: ੫/੨੬੪)

(ਹੇ ਭਾਈ !) ‘‘ਜਿਹ (ਜਿਸ ਦੇ) ਪ੍ਰਸਾਦਿ (ਨਾਲ), ‘ਤੁਝੁ’ (ਤੈਨੂੰ) ਸਭੁ ਕੋਊ ਮਾਨੈ ॥’’ (ਮ: ੫/੨੬੯)

(ਹੇ ਭਾਈ !) ‘‘ਜਹਾ ਕਹਾ ‘ਤੁਝੁ’ (ਤੈਨੂੰ) ਰਾਖੈ ਸਭ ਠਾਈ; ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥’’ (ਮ: ੪/੮੬੦)

‘‘ਰੇ ਮਹਾਵਤ ! ‘ਤੁਝੁ’ (ਤੈਨੂੰ) ਡਾਰਉ ਕਾਟਿ (ਕੇ)॥ (ਨਹੀਂ ਤਾਂ) ਇਸਹਿ (ਇਸ ਹਾਥੀ ਨੂੰ ਕਬੀਰ ਉੱਤੇ) ਤੁਰਾਵਹੁ (ਚੜ੍ਹਾਵੋ); ਘਾਲਹੁ ਸਾਟਿ (ਸੱਟ ਮਾਰ ਕੇ)॥ ’’ (ਭਗਤ ਕਬੀਰ/੮੭੦)

(ਹੇ ਪ੍ਰਹਲਾਦ !) ਹਰਿ ਤੇਰਾ ਕਹਾ? (ਜੋ) ‘ਤੁਝੁ’ (ਤੈਨੂੰ) ਲਏ ਉਬਾਰਿ (ਬਚਾ)॥’’ (ਮ: ੩/੧੧੩੩)

(ਮਾਤਾ ਆਖਦੀ ਹੈ, ਹੇ ਪ੍ਰਹਲਾਦ !) ‘‘ਤੁਝੁ’’ (ਤੈਨੂੰ) ਤੁਰਤੁ ਛਡਾਊ; ਮੇਰੋ ਕਹਿਓ ਮਾਨਿ (ਕਿ ‘ਰਾਮ’ ਦੀ ਬਜਾਏ ‘ਅੱਲ੍ਹਾ’ ਕਹਿ ਦੇ)॥’’ (ਭਗਤ ਕਬੀਰ/੧੧੯੪)

(ਹੇ ਮਾਲਕ !) ‘‘ਜਾ ਦੁਖੁ ਲਾਗੈ; ਤਾ ‘ਤੁਝੈ’ (ਤੈਨੂੰ) ਸਮਾਲੀ ॥’’ (ਮ: ੧/੨੫)

(ਹੇ ਮਾਲਕ ! ਤੇਰੇ ਗੁਣਾਂ ਬਾਰੇ) ‘‘ਸੁਣਿ ਸੁਣਿ (ਕੇ) ‘ਤੁਝੈ’ (ਤੈਨੂੰ) ਧਿਆਇਦੇ; ਤੇਰੇ ਭਗਤ ਰਤੇ ਗੁਣਤਾਸੁ ਜੀਉ ॥’’ (ਮ: ੫/੭੪)

‘‘ਸਭਿ ‘ਤੁਝੈ’ (ਤੈਨੂੰ) ਧਿਆਵਹਿ ਜੀਅ ਜੰਤ; ਹਰਿ ਸਾਰਗ ਪਾਣਾ (ਹੇ ਧਨੁਖਧਾਰੀ ਮਾਲਕ!) ॥’’ (ਮ: ੪/੮੪)

(ਹੇ ਮਾਲਕ !) ‘‘ਮਨ ਤਨ ਅੰਤਰਿ; ‘ਤੁਝੈ’ (ਤੈਨੂੰ ਹੀ) ਧਿਆੲਂੀ ॥’’ (ਮ: ੫/੩੮੬)

(ਹੇ ਮਾਲਕ !) ‘‘ਤਿਨ੍ (ਉਨ੍ਹਾਂ ਦੀ ਸੰਗਤ) ਮੰਗਾ; ਜਿ (ਜਿਹੜੇ) ‘ਤੁਝੈ’ (ਤੈਨੂੰ) ਧਿਆਇਦੇ ॥’’ (ਮ: ੧/੪੬੮)

‘‘ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ! ਸੋਈ ‘ਤੁਝੈ’ (ਤੈਨੂੰ) ਪਛਾਣੈ ॥’’ (ਮ: ੫/੧੧੮੫)

(ਹੇ ਗੁਰੂ ਰਾਮਦਾਸ ਜੀ !) ‘‘ਮਨਸਾ ਕਰਿ (ਸ਼ਰਧਾ ਧਾਰ ਕੇ) ਸਿਮਰੰਤ ‘ਤੁਝੈ’ (ਤੈਨੂੰ, ਜੋ) ਨਰ; ਕਾਮੁ, ਕ੍ਰੋਧੁ ਮਿਟਿਅਉ ਜੁ ਤਿਣੰ (ਉਨ੍ਹਾਂ ਦੇ)॥’’ (ਭਟ ਬਲੵ /੧੪੦੫)

(ਹੇ ਗੁਰੂ ਰਾਮਦਾਸ ਜੀ !) ‘‘ਬਾਚਾ ਕਰਿ (ਬਚਨ ਕਰਕੇ) ਸਿਮਰੰਤ ‘ਤੁਝੈ’ (ਤੈਨੂੰ); ਤਿਨ੍ਹ ਦੁਖੁ, ਦਰਿਦ੍ਰੁ ਮਿਟਯਉ ਜੁ ਖਿਣੰ (ਤੁਰੰਤ)॥’’ (ਭਟ ਬਲੵ /੧੪੦੫)

(ਹੇ ਮਾਲਕ !) ‘‘ਵਣੁ, ਤ੍ਰਿਣੁ (ਘਾਹ), ਤ੍ਰਿਭਵਣੁ ‘ਤੁਝੈ’ (ਤੈਨੂੰ ਹੀ) ਧਿਆਇਦਾ; (ਇਉਂ) ਅਨਦਿਨੁ ਸਦਾ ਵਿਹਾਣ (ਬੀਤਦਾ)॥’’ (ਮ: ੩/੧੪੨੦)

(ਹੇ ਮਾਲਕ !) ‘‘ਤੁਝ ਹੀ’’ (ਤੈਨੂੰ ਹੀ), ਪੇਖਿ ਪੇਖਿ (ਕੇ) ਮਨੁ ਸਾਧਾਰਾ (ਮਨ ਕਾਬੂ ਕੀਤਾ)॥’’ (ਮ: ੫/੭੩੯)

‘‘ਇਹੁ ਜਨਕ ਰਾਜੁ, ਗੁਰ ਰਾਮਦਾਸ ! ‘ਤੁਝ ਹੀ’ (ਤੈਨੂੰ ਹੀ) ਬਣਿ ਆਵੈ ॥’’ (ਭਟ ਕਲੵ /੧੩੯੮)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (3 ਵਾਰ), ‘ਤੁਝੁ’ (25 ਵਾਰ), ‘ਤੁਝੈ’ (4 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਭਾਈ !) ‘‘ਬਾਰ ਬਿਵਸਥਾ; ‘ਤੁਝਹਿ’ (ਤੈਨੂੰ, ਤੇਰੇ ਵਾਸਤੇ) ਪਿਆਰੈ ਦੂਧ ॥’’ (ਮ: ੫/੨੬੬)

(ਹੇ ਕਰਤਾਰ !) ‘‘ਤੇਰੋ ਕੀਆ, ‘ਤੁਝਹਿ’ (ਤੈਨੂੰ, ਤੇਰੇ ਲਈ) ਕਿਆ ਅਰਪਉ? (ਇਸ ਲਈ) ਨਾਮੁ ਤੇਰਾ, ਤੁਹੀ (ਤੈਨੂੰ ਹੀ) ਚਵਰ ਢੋਲਾਰੇ (ਚੌਰ ਝੁਲਾਉਂਦਾ ਹਾਂ)॥’’ (ਭਗਤ ਰਵਿਦਾਸ/੬੯੪) (ਭਾਵ ਤੇਰਾ ਨਾਮ ਰੂਪ ਚੌਰ ਹੀ ਤੇਰੇ ਉੱਤੇ ਹਿਲਾਉਂਦਾ ਹਾਂ, ਜਪਦਾ ਹਾਂ। ਮੂਰਖਤਾ ਕਾਰਨ ਕੁਝ ਸਿੱਖ ਆਰਤੀ ਦੌਰਾਨ ਇਸ ਪੰਕਤੀ ਦੇ ਉਚਾਰਨ ਸਮੇਤ ‘ਤੇਰੋ ਕੀਆ’ (ਭਾਵ ਫੁੱਲ) ਸੁੱਟਦੇ ਆਮ ਵੇਖੇ ਜਾ ਸਕਦੇ ਹਨ ਜਿਸ ਬਾਰੇ ਗੁਰੂ ਜੀ ਕਹਿ ਰਹੇ ਹਨ: ‘ਤੁਝਹਿ’ (ਤੈਨੂੰ, ਤੇਰੇ ਲਈ) ਕਿਆ ਅਰਪਉ? ਭਾਵ ‘ਤੇਰੋ ਕੀਆ’ (ਤੇਰਾ ਬਣਾਇਆ) ਰੂਪ ਸਮੱਗਰੀ ‘ਦਾਤਾਰ’ ਅੱਗੇ ਸੁੱਟਣੀ ਵਰਜਿਤ (ਮਨ੍ਹਾ) ਹੈ।)

‘‘ਰੇ ਮਨ ਮੂੜ ! ਸਿਮਰਿ ਸੁਖਦਾਤਾ; ਨਾਨਕ ਦਾਸ ! ‘ਤੁਝਹਿ’ (ਤੈਨੂੰ, ਤੇਰੇ ਲਈ) ਸਮਝਾਵਤ ॥’’ (ਮ: ੫/੧੩੮੮)

(ਹੇ ਕਰਤਾਰ !) ‘‘ਕਵਨ ਗੁਨੁ ? ਜੋ ‘ਤੁਝੁ’ (ਤੈਨੂੰ, ਤੇਰੇ ਲਈ) ਲੈ (ਕੇ) ਗਾਵਉ ॥’’ (ਮ: ੫/੧੮੭)

‘‘ਮਿਲੁ ਸਾਜਨ ! ਹਉ ‘ਤੁਝੁ’ (ਤੈਥੋਂ) ਕੁਰਬਾਨੋ ॥’’ (ਮ: ੫/੭੩੭)

‘‘ਸੁਣਿ ਮਨ ! (ਤੇਰੇ) ਤਨ (ਵਾਸਤੇ), ‘ਤੁਝੁ’ (ਤੈਨੂੰ, ਤੇਰੇ ਲਈ) ਸੁਖੁ ਦਿਖਲਾਵਉ ॥’’ (ਮ: ੫/੭੪੨)

‘‘ਹਰਿ ! ਅਨਿਕ ਬਿੰਜਨ (ਭੋਜਨ), ਤੁਝੁ (ਤੈਨੂੰ, ਤੇਰੇ ਲਈ) ਭੋਗ ਭੁੰਚਾਵਉ ॥’’ (ਮ: ੫/੭੪੨)

‘‘ਮਨ ਮੇਰੇ ! ਗਹੁ (ਫੜ) ਹਰਿ ਨਾਮ ਕਾ ਓਲਾ (ਆਸਰਾ)॥ ‘ਤੁਝੈ’ (ਤੈਨੂੰ, ਤੇਰੇ ਲਈ) ਨ ਲਾਗੈ; ਤਾਤਾ ਝੋਲਾ (ਮਾਨਸਿਕ ਦੁੱਖ)॥’’ (ਮ: ੫/੧੭੯)

(ਹੇ ਕਰਤਾਰ !) ‘‘ਪੁਰਖੋ ਬਿਧਾਤਾ ਏਕੁ ਸ੍ਰੀਧਰੁ; ਕਿਉ (ਕਿਵੇਂ) ਮਿਲਹ ‘ਤੁਝੈ’ (ਤੈਨੂੰ, ਤੇਰੇ ਲਈ) ਉਡੀਣੀਆ (ਅਸੀਂ ਵਿਆਕੁਲ ਹੋਈਆਂ)॥’’ (ਮ: ੫/੨੪੭)

(ਹੇ ਭਾਈ !) ‘‘ਕਾਰ੍ਹਾ (ਚਿੰਤਾ) ‘ਤੁਝੈ’ (ਤੈਨੂੰ, ਤੇਰੇ ਲਈ) ਨ ਬਿਆਪਈ; ਨਾਨਕ ! ਮਿਟੈ ਉਪਾਧਿ (ਵਿਕਾਰੀ ਸੋਚ)॥’’ (ਮ: ੫/੨੫੫)

‘‘ਸਾਂਈ ਮੁਝ ਸਿਉ (ਮੇਰੇ ਨਾਲ) ਲਰਿ ਪਰਿਆ; (ਕਿ) ‘ਤੁਝੈ’ (ਤੈਨੂੰ, ਤੇਰੇ ਲਈ) ਕਿਨ੍ਹਿ ਫੁਰਮਾਈ (ਕਿਸ ਨੇ ਕਿਹਾ ਕਿ ਮੈਂ ਕੇਵਲ) ਗਾਇ (‘ਗਾਹ’ ਭਾਵ ਜਗ੍ਹਾ, ਮੱਕਾ ਸਥਾਨ ’ਤੇ ਹੀ ਵਸਦਾ ਹਾਂ) ? ॥’’ (ਭਗਤ ਕਬੀਰ/੧੩੭੫)

ਪਿਛਲੇ ਅਧਿਆਇ ’ਚ ਕੀਤੀ ਗਈ ਵੀਚਾਰ ਕਿ ਕਿਸੇ ਪੰਕਤੀ ’ਚ 2 ਕਰਮ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਪਹਿਚਾਣ ਕਰਨ ਲਈ ‘ਕਿਰਿਆ’ ਸ਼ਬਦ ਨਾਲ ‘ਕੀ’ ਲਗਾਇਆਂ ਜੋ ਜਵਾਬ ਮਿਲੇ ਉਹ ‘ਕਰਮ ਕਾਰਕ’ ਤੇ ‘ਕਿਸ ਨੂੰ’ ਲਗਾਇਆਂ ਜੋ ਜਵਾਬ ਮਿਲੇ ਉਹ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:

(ਹੇ ਭਾਈ !) ‘‘ਜਿਹ ਸਿਮਰਨਿ (ਨਾਲ) ‘ਤੁਝੁ’ (ਤੈਨੂੰ) ਪੋਹੈ ਨ ਮਾਇ (ਮਾਇਆ)॥’’ (ਭਗਤ ਕਬੀਰ/੯੭੧)

(ਨੋਟ: ਉਪਰੋਕਤ ਪੰਕਤੀ ’ਚ ‘ਕੀ ਪੋਹੈ ?’ ਦਾ ਜਵਾਬ ਹੈ: ‘ਮਾਇ’ ਭਾਵ ‘ਮਾਇਆ’ (ਕਰਮ ਕਾਰਕ) ਤੇ ‘ਕਿਸ ਨੂੰ ਪੋਹੈ?’ ਦਾ ਜਵਾਬ ਹੈ: ‘ਤੁਝੁ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ)।

(4). ਅਪਾਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝੈ’ (1 ਵਾਰ), ‘ਤੁਝੈ ਤੇ’ (3 ਵਾਰ), ‘ਤੁਝੈ ਪਹਿ’ (1 ਵਾਰ), ‘ਤੁਝ ਹੀ ਤੇ’ (4 ਵਾਰ) ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੈਥੋਂ, ਤੇਰੇ ਤੋਂ’; ਜਿਵੇਂ:

‘‘ਹਉ ਮਾਗਉ ‘ਤੁਝੈ’ (ਤੇਰੇ ਪਾਸੋਂ) ਦਇਆਲ! ਕਰਿ ਦਾਸਾ (ਦਾ) ਗੋਲਿਆ (ਗੋਲਾ)॥’’ (ਮ: ੫/੫੧੮)

(ਹੇ ਕਰਤਾਰ !) ‘‘ਤੁਹੀ ਦਰੀਆ, ਤੁਹੀ ਕਰੀਆ (ਮਲਾਹ); ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ ਹੀ) ਨਿਸਤਾਰ (ਪਾਰ ਉਤਾਰਾ ਹੁੰਦਾ)॥’’ (ਭਗਤ ਕਬੀਰ/੩੩੮)

‘‘ਤੇਰੀ ਟੇਕ ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ) ਪਾਈ; ਸਾਚੇ ਸਿਰਜਣਹਾਰਾ ! ॥’’ (ਮ: ੫/੭੭੮)

(ਹੇ ਕਰਤਾਰ !) ‘‘ਤੇਰੀ ਦਾਤਿ; ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ ਹੀ) ਹੋਵੈ ॥’’ (ਮ: ੫/੧੦੭੪)

(ਹੇ ਕਰਤਾਰ !) ‘‘ਹਉ ਮਾਗਉ ਦਾਨੁ ‘ਤੁਝੈ ਪਹਿ’ (ਤੇਰੇ ਤੋਂ, ਤੇਰੇ ਪਾਸੋਂ ਹੀ) ਕਰਤੇ ! (ਤਾਂ ਜੋ) ਹਰਿ ਅਨਦਿਨੁ ਨਾਮੁ ਵਖਾਣੀ ਹੇ ॥’’ (ਮ: ੪/੧੦੭੧)

‘‘ਹਮ ਅਪਰਾਧੀ ਨਿਰਗੁਣੇ, ਭਾਈ (ਹੇ ਪਿਆਰੇ ਪ੍ਰਭੂ) ! ‘ਤੁਝ ਹੀ ਤੇ’ (ਤੇਰੇ ਤੋਂ ਹੀ) ਗੁਣੁ ਸੋਇ (ਭਾਵ ਮਲੀਨਤਾ ਨੂੰ ਨਿਰਮਲ ’ਚ ਬਦਲਣ ਵਾਲਾ ‘ਉਹ ਗੁਣ’ ਮਿਲ ਸਕਦਾ ਹੈ)॥’’ (ਮ: ੧/੬੩੬)

‘‘ਸਭਿ ‘ਤੁਝ ਹੀ ਥਾਵਹੁ’ (ਤੇਰੇ ਹੀ ਦਰ ਤੋਂ) ਮੰਗਦੇ, ਮੇਰੇ ਸਾਹਾ! ਤੂ ਸਭਨਾ ਕਰਹਿ ਇਕ (ਬਰਾਬਰ) ਦਾਤਿ ॥’’ (ਮ: ੪/੬੭੦)

(ਹੇ ਕਰਤਾਰ !) ‘‘ਜੇਤੀ (ਜਿਤਨੀ ਪੈਦਾ ਹੋਈ) ਹੈ, ਤੇਤੀ ‘ਤੁਝ ਹੀ ਤੇ’ (ਤੇਰੇ ਤੋਂ ਹੀ); ਤੁਮ੍ ਸਰਿ (ਤੇਰੇ ਵਰਗਾ) ਅਵਰੁ ਨ ਕੋਈ ॥’’ (ਮ: ੧/੧੨੭੩)

(ਹੇ ਕਰਤਾਰ !) ‘‘ਲਖ ਚਉਰਾਸੀਹ ਮੇਦਨੀ; ‘ਤੁਝ ਹੀ ਤੇ’ (ਤੇਰੇ ਤੋਂ ਹੀ) ਹੋਈ ॥’’ (ਮ: ੧/੧੨੮੩)

(5). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝੈ’ (2 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ’; ਜਿਵੇਂ:

(ਹੇ ਭਾਈ !) ‘‘ਜਿਸ (ਪਰਿਵਾਰ) ਨੋ ਤੂੰ ਪਤੀਆਇਦਾ (ਖ਼ੁਸ਼ ਕਰਦਾ); ਸੋ ‘ਸਣੁ ਤੁਝੈ’ (ਤੇਰੇ ਸਮੇਤ) ਅਨਿਤ (ਨਾਸ਼ਵਾਨ)॥’’ (ਮ: ੫/੪੨)

(ਹੇ ਕਰਤਾਰ !) ‘‘ਆਪੇ ਕਰੇ ਕਰਾਏ ਕਰਤਾ; ਅਵਰੁ ਨ ਦੂਜਾ, ‘ਤੁਝੈ ਸਰੇ’ (ਤੇਰੇ ਬਰਾਬਰ)॥’’ (ਮ: ੪/੫੫੨)

ਗੁਰਬਾਣੀ ਵਿੱਚ ‘ਤੁਝਹਿ’ (3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵੀ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੇਰੀ, ਤੇਰੇ’; ਜਿਵੇਂ:

(ਹੇ ਕਰਤਾਰ !) ‘‘ਜਨ ਕੀ ਉਪਮਾ; ‘ਤੁਝਹਿ’ (ਤੇਰੀ ਹੀ) ਵਡਈਆ (ਵਡਿਆਈ)॥’’ (ਮ: ੪/੧੬੬)

(ਹੇ ਕਰਤਾਰ !) ‘‘ਤੁਝਹਿ’’ (ਤੇਰੇ) ਚਰਨ ਅਰਬਿੰਦ (ਸੁੰਦਰ); ਭਵਨ (ਭ੍ਰਮਣ ਕਰਨ ਵਾਲਾ ਭੌਰਾ ਮੇਰਾ) ਮਨੁ ॥’’ (ਭਗਤ ਰਵਿਦਾਸ/੪੮੬)

(ਹੇ ਪ੍ਰਭੂ! ਗੁਰੂ ਨੂੰ) ‘‘ਮੇਲਹਿ ‘ਤੁਝਹਿ’ ਰਜਾਇ (ਤੇਰੀ ਰਜ਼ਾ ਅਨੁਸਾਰ, ਜਿਸ ਰਾਹੀਂ); ਸਬਦੁ ਕਮਾਈਐ ॥’’ (ਮ: ੧/੭੫੨)

(6). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (3 ਵਾਰ), ‘ਤੁਝੁ’ (2 ਵਾਰ), ‘ਤੁਝੈ’ (3 ਵਾਰ), ‘ਤੁਝ’ (14 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਉੱਤੇ, ਤੇਰੇ ਉੱਪਰ’; ਜਿਵੇਂ:

(ਹੇ ਮਾਲਕ !) ‘‘ਖਾਣੀ (4 ਖਾਣੀਆਂ ਦੇ ਜੀਵ), ਬਾਣੀ (ਉਨ੍ਹਾਂ ਦੀਆਂ ਬੋਲੀਆਂ); ‘ਤੁਝਹਿ’ (ਤੇਰੇ ਵਿੱਚ ਹੀ) ਸਮਾਣੀ ॥’’ (ਮ: ੧/੧੦੨੧)

(ਹੇ ਮਾਲਕ !) ‘‘ਤੁਧੁ ਨੋ ਸੇਵਹਿ, ਸੇ ‘ਤੁਝਹਿ’ (ਤੇਰੇ ਵਿੱਚ) ਸਮਾਵਹਿ; ਤੂ ਆਪੇ (ਗੁਰੂ) ਮੇਲਿ (ਕੇ, ਆਪਣੇ ਨਾਲ) ਮਿਲਾਇਦਾ ॥’’ (ਮ: ੩/੧੦੬੦)

(ਹੇ ਮਾਲਕ !) ‘‘ਜਿਸੁ ਭਾਣਾ ਭਾਵੈ; ਸੋ ‘ਤੁਝਹਿ’ (ਤੇਰੇ ਵਿੱਚ) ਸਮਾਏ ॥’’ (ਮ: ੩/੧੦੬੪)

(ਹੇ ਮਾਲਕ !) ‘‘ਤੁਮਰੋ (ਸੇਵਕ) ਹੋਇ; ਸੁ ‘ਤੁਝਹਿ’ (ਤੇਰੇ ਵਿੱਚ) ਸਮਾਵੈ ॥’’ (ਮ: ੧/੧੧੮੯)

(ਹੇ ਮਾਲਕ !) ‘‘ਤੁਝੁ ਊਪਰਿ’’ ਮੇਰਾ ਹੈ ਮਾਣਾ; ਤੂਹੈ ਮੇਰਾ ਤਾਣਾ (ਆਸਰਾ) ਰਾਮ ॥’’ (ਮ: ੫/੭੭੯)

(ਹੇ ਮਾਲਕ !) ‘‘ਸਰਬ ਚਿੰਤ ‘ਤੁਝੁ ਪਾਸਿ’; ਸਾਧਸੰਗਤਿ ਹਉ ਤਕਉ ॥’’ (ਭਟ ਕੀਰਤ/੧੩੯੫)

(ਹੇ ਮਾਲਕ !) ‘‘ਕਿਆ ਹਮ ਜੰਤ ਕਰਹ ਚਤੁਰਾਈ ? ਜਾਂ (ਜਦੋਂ) ਸਭੁ ਕਿਛੁ ‘ਤੁਝੈ ਮਝਾਰਿ’ (ਤੇਰੇ ‘ਹੁਕਮ’ ਵਿੱਚ)॥’’ (ਮ: ੫/੩੭੯)

(ਹੇ ਮਾਲਕ !) ‘‘ਜਾ ਤੂ ਮੇਲਹਿ; ਤਾ ‘ਤੁਝੈ’ (ਤੇਰੇ ਵਿੱਚ) ਸਮਾਵਾ ॥’’ (ਮ: ੧/੯੩੩)

(ਹੇ ਮਾਲਕ !) ‘‘ਗੁਰਮੁਖਿ ਨਾਮੁ ਧਿਆਇ (ਕੇ); ‘ਤੁਝੈ’ (ਤੇਰੇ ਵਿੱਚ) ਸਮਾਇਆ ॥’’ (ਮ: ੧/੧੨੮੨)

(ਹੇ ਮਾਲਕ !) ‘‘ਤੂੰ ਦਰੀਆਉ; ਸਭ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ॥’’ (ਮ: ੪/੧੧)

(ਹੇ ਮਾਲਕ!) ‘‘ਨਾਨਾ (ਕਈ) ਰੂਪ ਸਦਾ ਹਹਿ ਤੇਰੇ; (ਅੰਤ ਨੂੰ ਸਾਰੇ) ‘ਤੁਝ ਹੀ ਮਾਹਿ’ ਸਮਾਹੀ ॥’’ (ਮ: ੩/੧੬੨)

‘‘ਐ ਜੀ ! ਰਾਖਹੁ ਪੈਜ ਨਾਮ ਅਪੁਨੇ ਕੀ; ‘ਤੁਝ ਹੀ ਸਿਉ’ (ਤੇਰੇ ਨਾਲ ਹੀ, ਪ੍ਰੀਤ) ਬਨਿ ਆਈ ॥’’ (ਮ: ੧/੫੦੪)

(ਹੇ ਮਾਲਕ !) ‘‘ਤੁਝ ਹੀ’’ (ਤੇਰੇ ਵਿੱਚ ਹੀ, ਜਿਨ੍ਹਾਂ ਦੇ) ਮਨ ਰਾਤੇ, ਅਹਿਨਿਸਿ ਪਰਭਾਤੇ; (ਅਜਿਹਾ) ਹਰਿ ਰਸਨਾ (ਨਾਲ) ਜਪਿ ਮਨ ਰੇ ! ॥’’ (ਮ: ੧/੫੯੭)

(ਹੇ ਮਾਲਕ !) ‘‘ਅੰਤਰ ਕੀ ਗਤਿ ਤੁਮ ਹੀ ਜਾਨੀ; ‘ਤੁਝ ਹੀ ਪਾਹਿ’ (ਤੇਰੇ ਕੋਲ ਹੀ) ਨਿਬੇਰੋ ॥’’ (ਮ: ੫/੬੧੮)

‘‘ਸਭੁ ਕੋ (ਕੋਈ) ‘ਤੁਝ ਹੀ ਵਿਚਿ’ (ਤੇਰੇ ‘ਹੁਕਮ’ ਵਿੱਚ ਹੀ) ਹੈ, ਮੇਰੇ ਸਾਹਾ ! ਤੁਝ ਤੇ ਬਾਹਰਿ ਕੋਈ ਨਾਹਿ ॥’’ (ਮ: ੪/੬੭੦)

‘‘ਸਭਿ ਜੀਅ ਤੇਰੇ, ਤੂ ਸਭਸ ਦਾ; ਮੇਰੇ ਸਾਹਾ! ਸਭਿ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ਸਮਾਹਿ ॥’’ (ਮ: ੪/੬੭੦)

(ਹੇ ਮਾਲਕ !) ‘‘ਮੈ (ਮੈਨੂੰ) ਹੋਰੁ ਥਾਉ ਨਾਹੀ, ਜਿਸੁ ਪਹਿ ਕਰਉ ਬੇਨੰਤੀ; ਮੇਰਾ ਦੁਖੁ ਸੁਖੁ ‘ਤੁਝ ਹੀ ਪਾਸਿ’ (ਤੇਰੇ ਪਾਸ ਹੀ) ॥’’ (ਮ: ੪/੭੩੫)

(ਹੇ ਮਾਲਕ !) ‘‘ਸੂਖ, ਦੂਖ ਇਸੁ ਮਨ ਕੀ ਬਿਰਥਾ (ਪੀੜਾ); ‘ਤੁਝ ਹੀ ਆਗੈ’ ਸਾਰੈ (ਰੱਖਦਾ ਹੈ)॥’’ (ਮ: ੫/੮੨੦)

(ਹੇ ਮਾਲਕ !) ‘‘ਦੁਖੁ ਸੁਖੁ ਦੇਹਿ, ਤੂਹੈ ਮਨਿ ਭਾਵਹਿ; ‘ਤੁਝ ਹੀ ਸਿਉ’ (ਤੇਰੇ ਨਾਲ ਹੀ) ਬਣਿ ਆਈ ਹੇ ॥’’ (ਮ: ੧/੧੦੨੩)

‘‘ਤੇਰੇ ਗੁਣ ਪ੍ਰਭ ! ‘ਤੁਝ ਹੀ ਮਾਹੇ’ ॥’’ (ਮ: ੩/੧੦੫੭)

‘‘ਅਬਿਨਾਸੀ ! ਅਬਿਗਤ ! ਅਗੋਚਰ ! ਸਭੁ ਕਿਛੁ ‘ਤੁਝ ਹੀ’ (ਤੇਰੇ ਨਾਲ ਹੀ) ਹੈ ਲਗਾ ॥’’ (ਮ: ੫/੧੦੮੨)

(ਹੇ ਮਾਲਕ !) ‘‘ਸਭ ‘ਤੁਝ ਹੀ ਅੰਤਰਿ’; ਸਗਲ ਸੰਸਾਰੈ ॥’’ (ਮ: ੫/੧੧੩੯)

(ਹੇ ਮਾਲਕ !) ‘‘ਸਚਾ ਸਬਦੁ ਵੀਚਾਰਿ (ਕੇ); ਸੇ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ਸਮਾਇਆ ॥’’ (ਮ: ੧/੧੨੯੦)