ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ਹ) ਨਿਯਮ ਨੰ. 1,2,3

0
579

 (ਭਾਗ-ਹ) ਨਿਯਮ ਨੰ. 1

ਸੰਬੰਧਕੀ ਵਿਸ਼ੇਸ਼ਣ

ਜਿਵੇਂ ਸੰਬੰਧਕ ਚਿੰਨ੍ਹ (ਕਾ, ਕੇ, ਕੀ, ਦਾ, ਦੇ, ਦੀ, ਨੋ, ਕਉ, ਨਾਲਿ, ਅੰਦਰਿ, ਬਾਹਰਿ, ਵਿਚਿ, ਊਪਰਿ, ਨਜੀਕਿ, ਸੇਤੀ, ਮਹਿ, ਪਹਿ, ਆਦਿ) ਆਉਣ ਦੇ ਕਾਰਨ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਦੇ ਅਖੀਰਲੇ ਅੱਖਰ ਦੀ ਔਂਕੜ ਹਟ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਉਸ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਜਾਂਦਾ ਹੈ ਭਾਵ ਸੰਬੰਧਕੀ ਪਦ ਨਾਲ ਆਉਣ ’ਤੇ ‘ਇੱਕ ਵਚਨ ਪੁਲਿੰਗ ਨਾਉਂ’ ਦੀ ਤਰ੍ਹਾਂ ਉਸ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਜਾਂਦਾ ਹੈ; ਜਿਵੇਂ ਕਿ ‘‘ਧਰਮ ਖੰਡ ਕਾ ਏਹੋ ਧਰਮੁ ॥’’ ਤੁਕ ਵਿੱਚ ‘ਕਾ’ ਸੰਬੰਧਕ ਨੇ ‘ਖੰਡ (ਇੱਕ ਵਚਨ ਪੁਲਿੰਗ ਨਾਉਂ) ਸਮੇਤ ‘ਧਰਮ (ਇੱਕ ਵਚਨ ਪੁਲਿੰਗ ਵਿਸ਼ੇਸ਼ਣ) ਨੂੰ ਵੀ ਮੁਕਤਾ ਅੰਤ ਕਰ ਦਿੱਤਾ ਭਾਵ ਸੰਬੰਧਕੀ ‘ਕਾ’ ਦਾ ਪ੍ਰਭਾਵ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਵਾਂਗ ਉਸ ਦਾ ਇੱਕ ਵਚਨ ਵਿਸ਼ੇਸ਼ਣ ਵੀ ਕਬੂਲ ਕਰੇਗਾ, ਇਸ ਕਰ ਕੇ ‘ਧਰਮ’ ਤੇ ‘ਖੰਡ’ ਦਾ ਔਂਕੜ ਹਟ ਕੇ ਮੁਕਤਾ ਅੰਤ ਹੋ ਗਏ । ਇਸ ਨਿਯਮ ਨਾਲ ਸੰਬੰਧਿਤ ਕੁਝ ਹੋਰ ਤੁਕਾਂ ਇਸ ਪ੍ਰਕਾਰ ਹਨ :

(1). ‘ਅਗਮ ਰੂਪ ਕਾ’; ਮਨ ਮਹਿ ਥਾਨਾ ॥ (ਮ: ੫/੧੮੬)

(2). ‘ਗਿਆਨ ਖੰਡ ਮਹਿ’; ਗਿਆਨੁ ਪਰਚੰਡੁ ॥ (ਜਪੁ)

(3). ‘ਅੰਧ ਕੂਪ ਮਹਿ’; ਹਾਥ ਦੇ ਰਾਖਹੁ ॥ (ਮ: ੫/੨੦੮)

(4). ‘ਸਭ ਜਗ ਮਹਿ’ ਦੋਹੀ ਫੇਰੀਐ; ਬਿਨੁ ਨਾਵੈ ਸਿਰਿ ਕਾਲੁ ॥ (ਮ: ੧/੬੩)

ਉਪਰੋਕਤ ਚਾਰੇ ਪੰਕਤੀਆਂ ਵਿਚ ‘ਅਗਮ, ਗਿਆਨ, ਅੰਧ, ਸਭ’ ਵਿਸ਼ੇਸ਼ਣ ਸ਼ਬਦ ਹਨ ਅਤੇ ਇਨ੍ਹਾਂ ਦੇ ਕ੍ਰਮਵਾਰ ਇੱਕ ਵਚਨ ਪੁਲਿੰਗ ਨਾਉਂ ਹਨ: ‘ਰੂਪ, ਖੰਡ, ਕੂਪ, ਜਗ, ਜਿਨ੍ਹਾਂ ਦੇ ਨਾਲ ਆਏ ਸੰਬੰਧਕੀ ਚਿੰਨ੍ਹ ‘ਕਾ, ਮਹਿ’ ਨੇ ਸੰਬੰਧਿਤ ਇਕ ਵਚਨ ਪੁਲਿੰਗ ਨਾਉਂ ਦੇ ਨਾਲ-ਨਾਲ ਉਨ੍ਹਾਂ ਦੇ ਵਿਸ਼ੇਸ਼ਣ ਨੂੰ ਵੀ ਮੁਕਤਾ ਅੰਤ ਕਰ ਦਿੱਤਾ ਹੈ।

(ਭਾਗ-ਹ) ਨਿਯਮ ਨੰ. 2

ਪ੍ਰਸ਼ਨ : ਸੰਬੋਧਨ ਕਿਸ ਨੂੰ ਆਖਦੇ ਹਨ ?

ਉੱਤਰ : ਜਦੋਂ ਕਿਸੇ ਨੂੰ ਆਵਾਜ਼ ਮਾਰੀ ਜਾਏ ਤਾਂ ਉਹ ਨਾਉਂ ਸੰਬੋਧਨ ਰੂਪ ਵਿਚ ਹੁੰਦਾ ਹੈ। ਪਿੱਛੇ ‘(ਭਾਗ-ੳ) ਨਿਯਮ ਨੰ: 4 ਨਾਉਂ’ ਦੇ ਨਿਯਮਾਂ ਵਿਚ ਵਿਚਾਰ ਕਰ ਆਏ ਹਾਂ ਕਿ ਜਦੋਂ ‘ਨਾਉਂ’ ਸੰਬੋਧਨ ਰੂਪ ਵਿਚ ਹੁੰਦਾ ਹੈ ਤਾਂ ਉਹ ਮੁਕਤਾ ਅੰਤ ਹੋ ਜਾਂਦਾ ਹੈ ਭਾਵ ਉਸ ਦੇ ਅਖੀਰਲੇ ਅੱਖਰ ਨੂੰ ਕੋਈ ਮਾਤ੍ਰਿਕ ਚਿੰਨ੍ਹ ਨਹੀਂ ਰਹਿ ਜਾਂਦਾ।

ਬਿਲਕੁਲ ਇਸੇ ਸੰਬੋਧਨੀ ਨਾਉਂ ਵਾਂਗ ਉਸ ਦਾ ਵਿਸ਼ੇਸ਼ਣ ਵੀ ਸੰਬੋਧਨ ਰੂਪ ’ਚ ਮੁਕਤਾ ਅੰਤ ਹੋ ਜਾਂਦਾ ਹੈ; ਜਿਵੇਂ ਕਿ ਮੂਰਖ ਬਾਮਣ  ! ਪ੍ਰਭੂ ਸਮਾਲਿ ॥ (ਮ: ੫/੩੭੨)

ਇਸ ਪੰਕਤੀ ਵਿਚ ਬਾਮਣ ਇੱਕ ਵਚਨ ਪੁਲਿੰਗ ਨਾਉਂ (ਸ਼ਬਦ) ਹੈ ਅਤੇ ਇਸ ਨੂੰ ਆਵਾਜ਼ ਮਾਰੀ ਗਈ ਹੈ ਜਦ ਕਿ ਮੂਰਖ ਸ਼ਬਦ, ਜੋ ਬਾਮਣ ਦਾ ਵਿਸ਼ੇਸ਼ਣ ਹੈ, ਉਹ ਵੀ ਇਸ ਆਵਾਜ਼ ਮਾਰਨ ਨਾਲ ਅੰਤ ਮੁਕਤਾ ਹੋ ਗਿਆ ਭਾਵ ਸੰਬੋਧਨ ਰੂਪ ’ਚ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਵਾਂਗ ਉਸ ਦੇ ਵਿਸ਼ੇਸ਼ਣ ਦੀ ਵੀ ਔਂਕੜ ਹਟ ਜਾਂਦੀ ਹੈ। ਇਸ ਵਿਚਾਰ ਨਾਲ ਸੰਬੰਧਿਤ ਹੀ ਕੁਝ ਤੁਕਾਂ ਹੇਠ ਦਿੱਤੀਆਂ ਜਾ ਰਹੀਆਂ ਹਨ:

  1. ਨਿਤ ਦੇਵਹੁ ਦਾਨੁਦਇਆਲਪ੍ਰਭ  ! ਹਰਿ ਨਾਮੁ ਧਿਆਇਆ ॥ (ਮ: ੪/੯੧)
  2. ਮਨ ! ਏਕੁ ਨ ਚੇਤਸਿਮੂੜ ਮਨਾ ! ॥ (ਮ: ੧/੧੨)
  3. ਨਾਨਕ ਕਉ ਪ੍ਰਭ ! ਰਾਖਿ ਲੈਹਿ; ਮੇਰੇ ਸਾਹਿਬਬੰਦੀ ਮੋਚ ! ॥ (ਮ: ੫/੧੩੫)
  4. ਖੋਵਹੁ ਭਰਮੁ, ਰਾਖੁ ਮੇਰੇ ਪ੍ਰੀਤਮ !ਅੰਤਰਜਾਮੀ ‘ਸੁਘੜ ਸੁਜਾਨ !  ॥ (ਮ: ੫/੭੧੬)
  5. ਕਹੈ ਨਾਨਕੁ ਮਨਚੰਚਲ ! ਚਤੁਰਾਈ ਕਿਨੈ ਨ ਪਾਇਆ ॥ (ਮ: ੩/੯੧੮)

ਉਪਰੋਕਤ ਪੰਜੇ ਪੰਕਤੀਆਂ ’ਚ ਦਰਜ ਦਇਆਲ, ਮੂੜ, ਬੰਦੀ ਮੋਚ, ਸੁਘੜ, ਸੁਜਾਨ ਤੇ ਚੰਚਲ ਸ਼ਬਦ ਵਿਸ਼ੇਸ਼ਣ ਹਨ ਜਦ ਕਿ ਕ੍ਰਮਵਾਰ ਪ੍ਰਭ, ਮਨਾ, ਸਾਹਿਬ, ਪ੍ਰੀਤਮ ਤੇ ਮਨ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹਨ, ਜਿਨ੍ਹਾਂ ਨੂੰ ਆਵਾਜ਼ ਮਾਰੀ ਗਈ (ਵਿਆਕਰਨ ਨਿਯਮ ਅਨੁਸਾਰ ਆਵਾਜ਼ ਮਾਰਨੀ ਸੰਬੋਧਨ ਨਿਯਮ ਅਖਵਾਉਂਦਾ ਹੈ), ਜਿਸ ਕਰ ਕੇ ਇਨ੍ਹਾਂ (ਨਾਉਂ ਸ਼ਬਦਾਂ) ਦੇ ਨਾਲ-ਨਾਲ ਇਨ੍ਹਾਂ ਦੇ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਗਏ।

(ਭਾਗ-ਹ) ਨਿਯਮ ਨੰ. 3

ਉਕਤ ਕੀਤੀ ਗਈ ਸਾਰੇ ਹੀ ਨਿਯਮਾਂ ਦੀ ਵਿਚਾਰ ਅਰੰਭਤਾ ਹੋਣ ਕਾਰਨ ਸਰਲ ਨਿਯਮਾਂ ਤੱਕ ਸੀਮਤ ਸੀ ਤਾਂ ਕਿ ਮੁਢਲੀ ਜਾਣਕਾਰੀ ਸਾਨੂੰ ਪ੍ਰਾਪਤ ਹੋ ਸਕੇ। ਹੁਣ ਅੱਗੇ ਥੋੜ੍ਹਾ ਗਹਿਰੀ ਵੀਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਹੈ, ਪਾਠਕ ਕੁਝ ਔਖਿਆਈ ਮਹਿਸੂਸ ਕਰਨ ਜਾਂ ਪਿੱਛੇ ਕੀਤੇ ਨਿਯਮ ਆਪਸ ਵਿਚ ਰਲ-ਗੱਡ ਹੁੰਦੇ ਮਹਿਸੂਸ ਹੋਣ ਪਰ ਜੇ ਅਸੀਂ ਥੋੜ੍ਹੀ ਜਿਹੀ ਵੱਧ ਮਿਹਨਤ ਕਰਾਂਗੇ ਤਾਂ ਇਹ ਸਮੱਸਿਆ ਜਲਦੀ ਹੀ ਦੂਰ ਹੋ ਜਾਵੇਗੀ।

ਇਸਤਰੀ ਲਿੰਗ ਮੁਕਤਾ ਅੰਤ (ਅਖੀਰਲੇ ਅੱਖਰ ਨੂੰ ਕੋਈ ਮਾਤ੍ਰਿਕ ਚਿੰਨ੍ਹ ਨਾ ਹੋਣਾ) ਆਉਂਦੇ ਹਨ, ਖ਼ਾਸ ਕਰਕੇ ਇਨ੍ਹਾਂ ਦੇ ਅਖ਼ੀਰਲੇ ਅੱਖਰ ਨੂੰ ਔਂਕੜ ਨਹੀਂ ਆਉਂਦੀ ਜਿਵੇਂ ਕਿ ਭੁਖ, ਚਾਲ, ਦੇਹ, ਖੇਹ, ਕਪਾਹ, ਆਦਿ।

ਹੁਣ ਇਸ ਨਿਯਮ ਦੇ ਅਪਵਾਦ ਬਾਰੇ ਗੱਲ ਕਰਨੀ ਹੈ ਭਾਵ ਕੁਝ ਐਸੇ ਇਸਤਰੀ ਲਿੰਗ ਨਾਉਂ ਸ਼ਬਦ ਹਨ ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਆਉਂਦੀ ਹੀ ਆਉਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸ਼ਬਦ ਸੰਸਕ੍ਰਿਤ ਤੋਂ ਗੁਰਬਾਣੀ ਵਿਚ ਤਤਸਮ (ਅਸਲ) ਰੂਪ ਵਿਚ ਲਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਅਖੀਰਲਾ ਔਂਕੜ ਇਨ੍ਹਾਂ ਦਾ ਮੂਲਿਕ ਅੰਗ ਹੈ। ਸੰਬੰਧਿਤ ਭਾਸ਼ਾ ਵਿਚ ਇਨ੍ਹਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਸਹਿਤ ਹੀ ਲਿਖਿਆ ਜਾਂਦਾ ਹੈ; ਜਿਵੇਂ ਸਾਸੁ, ਜਿੰਦੁ, ਤੰਤੁ, ਧੇਣੁ, ਧਾਤੁ, ਬਸਤੁ, ਬਿੰਦੁ, ਰੇਣੁ, ਵਸਤੁ, ਭੰਡੁ, ਵਥੁ, ਅੰਸੁ, ਹਿੰਙੁ, ਕਫੁ, ਕਲਤੁ, ਖਾਂਡੁ, ਖੜੁ, ਆਦਿ। ਇਹ ਸ਼ਬਦ ਸੰਸਕ੍ਰਿਤ ’ਚੋਂ ਆਪਣਾ ਮੌਲਿਕ ਔਂਕੜ ਨਾਲ ਹੀ ਲੈ ਕੇ ਆਏ ਹਨ। ਇਨ੍ਹਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਲੱਗੀ ਦੇਖ ਕੇ ਸਾਨੂੰ ਇਕ ਵਚਨ ਪੁਲਿੰਗ ਨਾਉਂ ਸ਼ਬਦ ਹੋਣ ਦਾ ਭੁਲੇਖਾ ਨਹੀਂ ਪੈਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਨਾਲ ਸੰਬੰਧਕੀ ਚਿੰਨ੍ਹ ਆਇਆਂ ਵੀ ਇਹ ਔਂਕੜ ਨਹੀਂ ਹਟਦੀ।

ਇਕ ਗੱਲ ਨੋਟ ਕਰਨ ਵਾਲੀ ਹੈ ਕਿ ਇਨ੍ਹਾਂ ਦੇ ਵਿਸ਼ੇਸ਼ਣ ਮੁਕਤਾ ਅੰਤ ਹੀ ਆਉਣਗੇ ਭਾਵ ਇੱਥੇ ਇਹ ਨਹੀਂ ਸੋਚਣਾ ਕਿ ਵਿਸ਼ੇਸ਼ਣ ਸ਼ਬਦ ਆਪਣੇ ਵਿਸ਼ੇਸ਼ ਸ਼ਬਦ (ਜਿਸ ਦੀ ਵਿਸ਼ੇਸ਼ਤਾ ਦੱਸੀ ਜਾਵੇ) ਦੇ ਅਨੁਸਾਰ ਹੀ ਆਉਣਾ ਚਾਹੀਦਾ ਹੈ। ਪਿੱਛੇ ਅਸੀਂ ਵਿਚਾਰ ਕਰ ਆਏ ਹਾਂ ਕਿ ਇਸਤਰੀ ਲਿੰਗ ਨਾਵਾਂ ਦੇ ਵਿਸ਼ੇਸ਼ਣਾਂ ਦਾ ਅਖੀਰਲਾ ਅੱਖਰ ਮੁਕਤਾ ਹੋ ਜਾਂਦਾ ਹੈ।

ਸੋ, ਇਸਤਰੀ ਲਿੰਗ ਨਾਉਂ ਭਾਵੇਂ ਮੁਕਤਾ ਅੰਤ ਹੋਵੇ ਭਾਵੇਂ ਇਸ ਦੇ ਅਖੀਰ ਵਿਚ ਮੂਲਿਕ ਔਂਕੜ ਹੋਵੇ, ਇਸ ਦਾ ਵਿਸ਼ੇਸ਼ਣ ਆਮ ਤੌਰ ’ਤੇ ਮੁਕਤਾ ਅੰਤ ਹੀ ਆਏਗਾ; ਜਿਵੇਂ ਕਿ

ਤਨੁ ਮਨੁ ਧਨੁ ਅਰਪੀ ਸਭੋ; ਸਗਲ ਵਾਰੀਐਇਹ ਜਿੰਦੁ ॥ (ਮ: ੫/੪੭)

ਹਰਿ ਧਨੁ ਰਾਸਿ; ਨਿਰਾਸਿਇਹ ਬਿਤੁ ॥ (ਮ: ੫/੮੯੨)

ਨਾਮੁ ਨਿਧਾਨੁ ਲਾਭੁ; ਨਾਨਕ !ਬਸਤੁ ਇਹ ਪਰਵਾਨੁ ॥ (ਮ: ੫/੧੧੨੧)

ਕਹੁ ਨਾਨਕ ! ਕਿਰਪਾ ਕਰੇ; ਜਿਸ ਨੋਏਹ ਵਥੁ ਦੇਇ ॥ (ਮ: ੫/੫੧੭)

ਏਹ ਵਸਤੁਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ॥ (ਮ: ੫/੧੪੨੮)

ਸਗਲ ਸੰਤਨ ਪਹਿ;ਵਸਤੁ ਇਕਮਾਂਗਉ ॥ (ਮ: ੫/੯੯)

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ;ਇਕ ਵਸਤੁਅਨੂਪ ਦਿਖਾਈ ॥ (ਮ: ੪/੪੪੨)

ਉਕਤ 7 ਤੁਕਾਂ ’ਚ ਦਰਜ ਇਹ, ਏਹ ਤੇ ਇਕ ਸ਼ਬਦ ਇਸਤਰੀ ਲਿੰਗ ਵਿਸ਼ੇਸ਼ਣ ਹਨ ਅਤੇ ਕਰਮਵਾਰ ‘ਜਿੰਦੁ, ਬਿਤੁ, ਬਸਤੁ, ਵਥੁ ਤੇ ਵਸਤੁ’ ਇਸਤਰੀ ਲਿੰਗ ਸ਼ਬਦ ਹਨ, ਜੋ ਆਪਣਾ ਮੂਲਿਕ ਅੰਤ ਔਂਕੜ ਵੀ ਲਿਆਏ ਹਨ, ਪਰ ਫਿਰ ਵੀ ਇਨ੍ਹਾਂ ਦੇ ਸਾਰੇ ਵਿਸ਼ੇਸ਼ਣ ਮੁਕਤਾ ਅੰਤ ਹਨ ਭਾਵ ਗੁਰਬਾਣੀ ’ਚ ਦਰਜ ਮੁਕਤਾ ਅੰਤ ਇਸਤਰੀ ਲਿੰਗ (ਦੇਹ, ਖੇਹ) ਸ਼ਬਦਾਂ ਦੇ ਵਿਸ਼ੇਸ਼ਣ ਅਤੇ ਇਨ੍ਹਾਂ ਅੰਤ ਔਂਕੜ ਵਾਲੇ ਖ਼ਾਸ ਇਸਤਰੀ ਲਿੰਗ (ਜਿੰਦੁ, ਬਿਤੁ) ਨਾਂਵਾਂ ਦੇ ਵਿਸ਼ੇਸ਼ਣ ਇੱਕ ਸਮਾਨ (ਮੁਕਤਾ ਅੰਤ) ਹੀ ਹੁੰਦੇ ਹਨ।