ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 121-124)

0
494

(ਗੁਰਬਾਣੀ ਦਾ ਮੂਲ ਪਾਠ, ਅੰਕ ਨੰਬਰ 121-124)

ਮਾਝ, ਮਹਲਾ ੩ ॥

ਗੋਵਿੰਦੁ ਊਜਲੁ, (ਵਾਙ) ਊਜਲ ਹੰਸਾ (ਆਤਮਾ, ਜਦ)॥ ਮਨੁ ਬਾਣੀ; ਨਿਰਮਲ ਮੇਰੀ ਮਨਸਾ (ਮਨਸ਼ਾ) ॥ ਮਨਿ (ਤੋਂ) ਊਜਲ, ਸਦਾ ਮੁਖ ਸੋਹਹਿ (ਸੋਹੈਂ) ; ਅਤਿ ਊਜਲ ਨਾਮੁ ਧਿਆਵਣਿਆ ॥੧॥ ਹਉ (ਹੌਂ) ਵਾਰੀ ਜੀਉ ਵਾਰੀ; ਗੋਬਿੰਦ (ਦੇ) ਗੁਣ ਗਾਵਣਿਆ ॥ ਗੋਬਿਦੁ, ਗੋਬਿਦੁ ਕਹੈ ਦਿਨ ਰਾਤੀ (ਰਾਤੀਂ, ਨੋਟ : ਇੱਥੇ ਬਿੰਦੀ ਦਾ ਕਾਰਨ ਦਿਨ ਅੰਤ ਮੁਕਤ ਭਾਵ ਬਹੁ ਵਚਨ ਹੋਣਾ ਹੈ); ਗੋਬਿਦ ਗੁਣ ਸਬਦਿ (ਰਾਹੀਂ) ਸੁਣਾਵਣਿਆ ॥੧॥ ਰਹਾਉ ॥ ਗੋਬਿਦੁ ਗਾਵਹਿ (ਗਾਵਹਿਂ), ਸਹਜਿ+ਸੁਭਾਏ (ਸਹਜਿ+ਸੁਭਾਇ, ਅਡੋਲਤਾ ਤੇ ਪ੍ਰੇਮ ਰਾਹੀਂ)॥ ਗੁਰ ਕੈ ਭੈ, (ਅਦਬ ਨਾਲ਼) ਊਜਲ; ਹਉਮੈ ਮਲੁ ਜਾਏ ॥ ਸਦਾ ਅਨੰਦਿ (’ਚ) ਰਹਹਿ (ਰਹੈਂ), ਭਗਤਿ ਕਰਹਿ (ਕਰਹਿਂ) ਦਿਨੁ ਰਾਤੀ ; ਸੁਣਿ (ਕੇ) ਗੋਬਿਦ ਗੁਣ ਗਾਵਣਿਆ ॥੨॥ ਮਨੂਆ ਨਾਚੈ, ਭਗਤਿ ਦ੍ਰਿੜਾਏ (ਦ੍ਰਿੜ੍ਹਾਏ)॥ ਗੁਰ ਕੈ ਸਬਦਿ (ਰਾਹੀਂ), ਮਨੈ (’ਚ) ਮਨੁ (ਨੂੰ) ਮਿਲਾਏ ॥ ਸਚਾ ਤਾਲੁ ਪੂਰੇ, ਮਾਇਆ ਮੋਹੁ (ਮੋਹ) ਚੁਕਾਏ ; ਸਬਦੇ ਨਿਰਤਿ ਕਰਾਵਣਿਆ ॥੩॥ ਊਚਾ ਕੂਕੇ, ਤਨਹਿ (ਤਨ੍ਹੈ, ਭਾਵ ਤਨ ਨੂੰ) ਪਛਾੜੇ ॥ ਮਾਇਆ ਮੋਹਿ (ਮੋਹ, ਵਿੱਚ ਹੋਣ ਕਾਰਨ), ਜੋਹਿਆ ਜਮਕਾਲੇ (ਜਮਕਾਲਿ ਨੇ)॥ ਮਾਇਆ ਮੋਹੁ (ਮੋਹ), ਇਸੁ ਮਨਹਿ (ਮਨੈ, ਨੂੰ) ਨਚਾਏ ; ਅੰਤਰਿ ਕਪਟੁ, ਦੁਖੁ ਪਾਵਣਿਆ ॥੪॥ ਗੁਰਮੁਖਿ ਭਗਤਿ, ਜਾ (ਜਾਂ) ਆਪਿ ਕਰਾਏ ॥ ਤਨੁ ਮਨੁ ਰਾਤਾ (ਰਾੱਤਾ), ਸਹਜਿ+ਸੁਭਾਏ ॥ ਬਾਣੀ ਵਜੈ (ਵੱਜੈ), ਸਬਦਿ (ਨਾਲ਼) ਵਜਾਏ ; ਗੁਰਮੁਖਿ ਭਗਤਿ, ਥਾਇ (ਥਾਂਇ) ਪਾਵਣਿਆ ॥੫॥ ਬਹੁ (ਇਹ ਸ਼ਬਦ ਬਹੁਤ ਦਾ ਸੰਖੇਪ ਰੂਪ ਹੋਣ ਕਾਰਨ ਥੋੜ੍ਹਾ ਅੰਤ ਔਂਕੜ ਉਚਾਰਨਾ ਹੈ) ਤਾਲ ਪੂਰੇ, ਵਾਜੇ ਵਜਾਏ ॥ ਨਾ ਕੋ ਸੁਣੇ, ਨ ਮੰਨਿ (’ਚ) ਵਸਾਏ ॥ ਮਾਇਆ ਕਾਰਣਿ, ਪਿੜ ਬੰਧਿ (ਕੇ) ਨਾਚੈ ; ਦੂਜੈ+ਭਾਇ (’ਚ ਹੋਣ ਕਾਰਨ), ਦੁਖੁ ਪਾਵਣਿਆ ॥੬॥ ਜਿਸੁ ਅੰਤਰਿ ਪ੍ਰੀਤਿ ਲਗੈ; ਸੋ ਮੁਕਤਾ ॥ ਇੰਦ੍ਰੀ ਵਸਿ (’ਚ ਕਰ), ਸਚ ਸੰਜਮਿ (’ਚ) ਜੁਗਤਾ (ਭਾਵ ਜੁੜਿਆ)॥ ਗੁਰ ਕੈ ਸਬਦਿ (ਰਾਹੀਂ), ਸਦਾ ਹਰਿ ਧਿਆਏ ; ਏਹਾ ਭਗਤਿ ਹਰਿ ਭਾਵਣਿਆ (ਭਾਵ ਹਰੀ ਨੂੰ ਪਸੰਦ)॥੭॥ ਗੁਰਮੁਖਿ ਭਗਤਿ (ਭਾਵ ਗੁਰੂ ਦੁਆਰਾ ਭਗਤੀ), ਜੁਗ ਚਾਰੇ ਹੋਈ ॥ ਹੋਰਤੁ ਭਗਤਿ, ਨ ਪਾਏ ਕੋਈ ॥ ਨਾਨਕ ! ਨਾਮੁ, ਗੁਰ ਭਗਤੀ ਪਾਈਐ; ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥ ੨੧॥

(ਨੋਟ : ਉਕਤ ਸ਼ਬਦ ਦੇ 7ਵੇਂ ਬੰਦ ਦੀ ਅਰੰਭਕ ਤੁਕ ਜਿਸੁ ਅੰਤਰਿ ਪ੍ਰੀਤਿ ਲਗੈ; ਸੋ ਮੁਕਤਾ ॥ ’ਚ ਦਰਜ ਜਿਸੁ ਪੜਨਾਂਵ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਅੰਤਰਿ ਆਉਣ ਦੇ ਬਾਵਜੂਦ ਵੀ ਜਿਸੁ ਅੰਤ ਮੁਕਤ ਨਹੀਂ ਹੋਇਆ, ਪਰ ਹੇਠਲੀਆਂ ਸਾਰੀਆਂ ਤੁਕਾਂ ’ਚ ਕ੍ਰਮਵਾਰ ਸੰਬੰਧਕੀ ਚਿੰਨ੍ਹ ‘ਨੋ (ਨੂੰ), ਕੇ, ਤੇ (ਤੋਂ), ਹੀ (ਕਿਰਿਆ ਵਿਸ਼ੇਸ਼ਣ), ਕੈ, ਨਉ (ਨੌ, ਨੂੰ, ਲਈ), ਕਉ (ਕੌ, ਲਈ), ਕੀ, ਦਾ, ਕਾ, ਦੈ’, ਹੋਣ ਕਾਰਨ ਜਿਸੁ ਦਾ ਸਰੂਪ ਜਿਸ (ਅੰਤ ਮੁਕਤ) ਬਣ ਗਿਆ :

ਜਿਸ ਨੋ ਬਖਸੇ; ਸਿਫਤਿ ਸਾਲਾਹ ॥ (ਜਪੁ)

ਜਿਸ ਕੇ ਜੀਅ ਪਰਾਣ ਹੈ; ਮਨਿ+ਵਸਿਐ (ਨਾਲ਼), ਸੁਖੁ ਹੋਇ ॥ (ਮ: ੧/੧੮)

ਜਿਸ ਤੇ ਉਪਜੈ, ਤਿਸ ਤੇ ਬਿਨਸੈ; ਘਟਿ+ਘਟਿ (’ਚ) ਸਚੁ ਭਰਪੂਰਿ ॥ (ਮ: ੧/੨੦)

ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ ॥ (ਮ: ੩/੨੭)

ਅੰਤਰਿ ਜਿਸ ਕੈ, ਸਚੁ ਵਸੈ; ਸਚੇ ਸਚੀ ਸੋਇ ॥ (ਮ: ੩/੨੭)

ਜਿਸ ਨਉ ਆਪਿ ਦਇਆਲੁ ਹੋਇ; ਸੋ, ਗੁਰਮੁਖਿ ਨਾਮਿ (’ਚ) ਸਮਾਇ ॥ (ਮ: ੩/੨੭)

ਜਿਸ ਕਉ ਪੂਰਬਿ ਲਿਖਿਆ; ਤਿਨਿ, ਸਤਿਗੁਰ ਚਰਨ ਗਹੇ ॥ (ਮ: ੫/੪੪)

ਜਿਸ ਕੀ ਵਸਤੁ, ਤਿਸੁ ਚੇਤਹੁ ਪ੍ਰਾਣੀ ! ਕਰਿ ਹਿਰਦੈ ਗੁਰਮੁਖਿ ਬੀਚਾਰਿ ॥ (ਮ: ੪/੭੬)

ਜਿਸ ਦਾ ਦਿਤਾ; ਸਭੁ ਕਿਛੁ ਲੈਣਾ ॥ (ਮ: ੫/੧੦੦)

ਜਿਸ ਕਾ ਅੰਗੁ; ਕਰੇ ਮੇਰਾ ਪਿਆਰਾ ॥ (ਮ: ੫/੧੦੧)

ਸੋ ਸੂਰਾ, ਪਰਧਾਨੁ ਸੋ; ਮਸਤਕਿ ਜਿਸ ਦੈ, ਭਾਗੁ ਜੀਉ ॥ (ਮ: ੫/੧੩੨), ਆਦਿ।

ਦਰਅਸਲ, ਗੁਰਬਾਣੀ ’ਚ ਦਰਜ ਉਹ ਸੰਬੰਧਕੀ ਸ਼ਬਦ, ਜਿਨ੍ਹਾਂ ਦਾ ਅਰਥ ਇੱਕ (ਇਕਹਿਰਾ) ਅੱਖਰ ਬਣਦਾ ਹੈ; ਜਿਵੇਂ ਕਿ ‘ਨੂੰ, ਤੋਂ, ਦਾ, ਦੇ, ਦੀ, ਕਾ, ਕੇ, ਕੀ, ਹੀ’, ਆਦਿ, ਉਹ ਸਭ (ਪ੍ਰਗਟ ਅਤੇ ਲੁਪਤ ਰੂਪ ਵਿੱਚ) ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅਤੇ (ਕੇਵਲ ਪ੍ਰਗਟ ਰੂਪ ’ਚ) ਪੜਨਾਂਵ ਸ਼ਬਦ (ਜਿਸੁ (410 ਵਾਰ), ਤਿਸੁ (400 ਵਾਰ), ਕਿਸੁ (89 ਵਾਰ), ਉਸੁ (25 ਵਾਰ), ਓਸੁ (11ਵਾਰ), ਇਸੁ (45), ਏਸੁ (3 ਵਾਰ), ਆਦਿ) ਨੂੰ ਅੰਤ ਮੁਕਤਾ ਕਰ ਦਿੰਦੇ ਹਨ; ਜਿਵੇਂ ਕਿ ਸੰਖੇਪ ’ਚ ਇੱਕ-ਇੱਕ ਮਿਸਾਲ ਹੇਠਾਂ ਦਿੱਤੀ ਜਾ ਰਹੀ ਹੈ :

ਤਿਸ ਤੇ ਭਾਰੁ, ਤਲੈ; ਕਵਣੁ ਜੋਰੁ ॥ (ਜਪੁ)

ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ ਮ: ੧/੧੩)

ਜਨਨਿ ਪਿਤਾ, ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥ (ਸੋ ਦਰੁ/ਮ: ੫/੧੦)

ਲੂਕਿ ਕਮਾਵੈ ਕਿਸ ਤੇ; ਜਾ, ਵੇਖੈ ਸਦਾ ਹਦੂਰਿ ॥ (ਮ: ੫/੪੮)

ਮਾਇਆ ਕਿਸ ਨੋ ਆਖੀਐ ? ਕਿਆ ਮਾਇਆ ਕਰਮ ਕਮਾਇ ? ॥ (ਮ: ੩/੬੭)

ਜਿਥੈ ਓਹੁ ਜਾਇ, ਤਿਥੈ ਓਹੁ ਸੁਰਖਰੂ; ਉਸ ਕੈ ਮੁਹਿ+ਡਿਠੈ (ਨਾਲ਼); ਸਭ ਪਾਪੀ ਤਰਿਆ ॥ (ਮ: ੪/੮੭)

ਬਹੁਰਿ; ਉਸ ਕਾ ਬਿਸ੍ਵਾਸੁ ਨ ਹੋਵੈ ॥ (ਮ: ੫/੨੬੮)

ਜੇ ਕੋ ਓਸ ਦੀ ਰੀਸ ਕਰੇ; ਸੋ, ਮੂੜ ਅਜਾਣੀ ॥ (ਮ: ੪/੩੦੨)

ਓਸ ਨੋ ਕਿਹੁ ਪੋਹਿ ਨ ਸਕੀ; ਜਿਸ ਨਉ ਆਪਣੀ ਲਿਵ ਲਾਵਏ ॥ (ਮ: ੩/੯੨੦)

ਇਸ ਕਾ ਰੰਗੁ ਦਿਨ ਥੋੜਿਆ; ਛੋਛਾ ਇਸ ਦਾ ਮੁਲੁ ॥ (ਮ: ੩/੮੫)

ਏਸ ਨੋ ਕੂੜੁ ਬੋਲਿ, ਕਿ ਖਵਾਲੀਐ ? ਜਿ, ਚਲਦਿਆ (ਚਲਦਿਆਂ) ਨਾਲਿ ਨ ਜਾਇ ॥ (ਮ: ੩/੫੧੦)

ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ॥ (ਮ: ੩/੯੧੭), ਆਦਿ।

ਧਿਆਨ ਰਹੇ ਕਿ ਬੇਸ਼ੱਕ ਪੜਨਾਂਵ ਸ਼ਬਦਾਂ ਨੂੰ 2-2 ਜਾਂ 3-3 ਅੱਖਰਾਂ ’ਚ ਅਰਥ ਦੇਣ ਵਾਲ਼ੇ ਸੰਬੰਧਕੀ ਸ਼ਬਦ, ਅੰਤ ਮੁਕਤਾ ਨਹੀਂ ਕਰ ਸਕਦੇ ਪਰ ਇੱਕ ਵਚਨ ਪੁਲਿੰਗ ਨਾਂਵ ਦੇ ਸਾਰੇ ਸ਼ਬਦਾਂ ਨੂੰ ਪ੍ਰਗਟ (ਲਿਖਤੀ) ਰੂਪਾਂ ’ਚ (ਨਾ ਕਿ ਲੁਪਤ) ਅੰਤ ਮੁਕਤਾ ਕਰ ਦਿੰਦੇ ਹਨ; ਜਿਵੇਂ ਕਿ

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ! ਹਰਿ ਏਕੋ ਪੁਰਖੁ ਸਮਾਣਾ ॥ (ਸੋ ਪੁਰਖੁ, ਮ: ੪/੧੧)

ਦੇਹੁ ਸਜਣ ! ਅਸੀਸੜੀਆ; ਜਿਉ ਹੋਵੈ ਸਾਹਿਬ ਸਿਉ (ਮਾਲਕ ਨਾਲ਼) ਮੇਲੁ ॥ (ਮ: ੧/੧੨)

ਤਨੁ ਮਨੁ ਗੁਰ ਪਹਿ (ਅੱਗੇ) ਵੇਚਿਆ; ਮਨੁ ਦੀਆ; ਸਿਰੁ, ਨਾਲਿ ॥ (ਮ: ੧/੨੦)

ਮਨੁ ਤਨੁ ਸੀਤਲੁ, ਸਾਚ ਸਿਉ; ਸਾਸੁ ਨ ਬਿਰਥਾ ਕੋਇ ॥ (ਮ: ੩/੩੫)

ਅੰਦਰਿ ਮਹਲ (ਮਹਲ ਅੰਦਰਿ); ਰਤਨੀ ਭਰੇ ਭੰਡਾਰਾ ॥ (ਮ: ੩/੧੨੬)

ਦੇਹੁ ਦਰਸੁ ਸੁਖਦਾਤਿਆ ! ਮੈ, ਗਲ ਵਿਚਿ ਲੈਹੁ ਮਿਲਾਇ ਜੀਉ ॥ (ਮ: ੫/੭੪)

ਸਜਣ ਮਿਲੇ ਸਜਣਾ; ਜਿਨ, ਸਤਗੁਰ ਨਾਲਿ ਪਿਆਰੁ ॥ (ਮ: ੩/੫੮੭), ਆਦਿ।)

ਮਾਝ, ਮਹਲਾ ੩ ॥

ਸਚਾ ਸੇਵੀ (ਸੇਵੀਂ), ਸਚੁ ਸਾਲਾਹੀ (ਸਲਾਹੀਂ, ਮੈਂ ਯਾਦ ਕਰਦਾ ਹਾਂ) ॥ ਸਚੈ+ਨਾਇ (ਰਾਹੀਂ), ਦੁਖੁ ਕਬ ਹੀ ਨਾਹੀ (ਨਾਹੀਂ) ॥ ਸੁਖਦਾਤਾ ਸੇਵਨਿ (ਸੇਵਨ੍), ਸੁਖੁ ਪਾਇਨਿ (ਪਾਇਨ੍, ਪਾਉਂਦੇ ਹਨ) ; ਗੁਰਮਤਿ ਮੰਨਿ (’ਚ) ਵਸਾਵਣਿਆ ॥੧॥ ਹਉ (ਹੌਂ) ਵਾਰੀ ਜੀਉ ਵਾਰੀ ; ਸੁਖ ਸਹਜਿ (’ਚ) ਸਮਾਧਿ ਲਗਾਵਣਿਆ ॥ ਜੋ ਹਰਿ ਸੇਵਹਿ (ਸੇਵਹਿਂ), ਸੇ ਸਦਾ ਸੋਹਹਿ (ਸੋਹੈਂ); ਸੋਭਾ (ਸ਼ੋਭਾ) ਸੁਰਤਿ ਸੁਹਾਵਣਿਆ ॥੧॥ ਰਹਾਉ ॥ ਸਭੁ ਕੋ (ਭਾਵ ਹਰ ਕੋਈ), ਤੇਰਾ ਭਗਤੁ ਕਹਾਏ ॥ (ਪਰ) ਸੇਈ ਭਗਤ, ਤੇਰੈ+ਮਨਿ (’ਚ) ਭਾਏ (ਪਸੰਦ, ਜੋ)॥ ਸਚੁ ਬਾਣੀ (ਨਾਲ਼) ਤੁਧੈ (ਤੈਂ ਨੂੰ) ਸਾਲਾਹਨਿ ; ਰੰਗਿ (’ਚ) ਰਾਤੇ (ਰਾੱਤੇ) ਭਗਤਿ ਕਰਾਵਣਿਆ ॥੨॥ ਸਭੁ ਕੋ, ਸਚੇ ਹਰਿ ਜੀਉ ! ਤੇਰਾ ॥ ਗੁਰਮੁਖਿ ਮਿਲੈ, ਤਾ (ਤਾਂ) ਚੂਕੈ ਫੇਰਾ ॥ ਜਾ (ਜਾਂ) ਤੁਧੁ ਭਾਵੈ, ਤਾ (ਤਾਂ) ਨਾਇ ਰਚਾਵਹਿ (ਨਾਇਂ ਰਚਾਵਹਿਂ) ; ਤੂੰ, ਆਪੇ ਨਾਉ (ਨਾਉਂ) ਜਪਾਵਣਿਆ ॥੩॥ ਗੁਰਮਤੀ, ਹਰਿ ਮੰਨਿ ਵਸਾਇਆ ॥ ਹਰਖੁ ਸੋਗੁ, ਸਭੁ ਮੋਹੁ (ਮੋਹ) ਗਵਾਇਆ ॥ ਇਕਸੁ ਸਿਉ (ਸਿਉਂ) ਲਿਵ ਲਾਗੀ ਸਦ ਹੀ; ਹਰਿ ਨਾਮੁ, ਮੰਨਿ (’ਚ) ਵਸਾਵਣਿਆ ॥੪॥ ਭਗਤ ਰੰਗਿ ਰਾਤੇ (ਰਾੱਤੇ), ਸਦਾ ਤੇਰੈ+ਚਾਏ (ਤੇਰੈ+ਚਾਇ ਭਾਵ ਤੇਰੇ ਚਾਅ ਜਾਂ ਚਾਉ ’ਚ) ॥ ਨਉ ਨਿਧਿ ਨਾਮੁ ਵਸਿਆ, ਮਨਿ (’ਚ) ਆਏ (ਆਇ, ਆ ਕੇ)॥ ਪੂਰੈ+ਭਾਗਿ (ਨਾਲ਼), ਸਤਿਗੁਰੁ ਪਾਇਆ; ਸਬਦੇ, ਮੇਲਿ (ਮੇਲ਼, ਭਾਵ ਗੁਰੂ ਨਾਲ਼ ਮੇਲ਼ ਕੇ ਆਪਣੇ ਨਾਲ਼) ਮਿਲਾਵਣਿਆ ॥੫॥ ਤੂੰ ਦਇਆਲੁ, ਸਦਾ ਸੁਖਦਾਤਾ ॥ ਤੂੰ ਆਪੇ ਮੇਲਿਹਿ (ਥੋੜ੍ਹਾ ‘ਮੇਲ਼ਿਹੇਂ’ ਵਾਙ), ਗੁਰਮੁਖਿ ਜਾਤਾ (ਭਾਵ ਜਾਣਿਆ)॥ ਤੂੰ ਆਪੇ ਦੇਵਹਿ (ਦੇਵੈਂ), ਨਾਮੁ ਵਡਾਈ ; ਨਾਮਿ (’ਚ) ਰਤੇ (ਰੱਤੇ), ਸੁਖੁ ਪਾਵਣਿਆ ॥੬॥ ਸਦਾ ਸਦਾ ਸਾਚੇ ! ਤੁਧੁ ਸਾਲਾਹੀ (ਸਾਲਾਹੀਂ) ॥ ਗੁਰਮੁਖਿ ਜਾਤਾ (ਜਾਣਿਆ, ਕਿ), ਦੂਜਾ ਕੋ ਨਾਹੀ (ਨਾਹੀਂ)॥ ਏਕਸੁ ਸਿਉ (ਸਿਉਂ) ਮਨੁ ਰਹਿਆ ਸਮਾਏ; ਮਨਿ+ਮੰਨਿਐ (ਨਾਲ਼), ਮਨਹਿ (ਮਨ੍ਹੈ, ਭਾਵ ਸ੍ਵੈ-ਸਰੂਪ ’ਚ) ਮਿਲਾਵਣਿਆ ॥੭॥ ਗੁਰਮੁਖਿ ਹੋਵੈ, ਸੋ ਸਾਲਾਹੇ ॥ ਸਾਚੇ ਠਾਕੁਰ ਵੇਪਰਵਾਹੇ ॥ ਨਾਨਕ ! ਨਾਮੁ ਵਸੈ ਮਨ ਅੰਤਰਿ; ਗੁਰ ਸਬਦੀ, ਹਰਿ ਮੇਲਾਵਣਿਆ ॥੮॥੨੧॥੨੨॥

(ਨੋਟ : (1). ਉਕਤ ਸ਼ਬਦ ਦੇ ਦੂਸਰੇ ਅਤੇ ਤੀਸਰੇ ਬੰਦ ਦੀ ਤੁਕ ਸਭੁ ਕੋ, ਤੇਰਾ ਭਗਤੁ ਕਹਾਏ ॥, ਸਭੁ ਕੋ, ਸਚੇ ਹਰਿ ਜੀਉ ! ਤੇਰਾ ॥ ’ਚ ਸਭੁ ਨੂੰ ਅੰਤ ਮੁਕਤਾ ਕੋ ਨੇ ਨਹੀਂ ਕੀਤਾ ਕਿਉਂਕਿ ਕੋ ਦਾ ਅਰਥ ਇੱਥੇ ਦਾ (ਸੰਬੰਧਕੀ) ਨਹੀਂ ਬਲਕਿ ਕੋਈਅਨਿਸ਼ਚਿਤ ਪੜਨਾਂਵ ਹੈ।

ਗੁਰਬਾਣੀ ’ਚ ਕੋ ਸ਼ਬਦ 925 ਵਾਰ ਦਰਜ ਹੈ, ਜਿਸ ਦਾ ਅਰਥ ਸੰਬੰਧਕੀ ਤੇ ਪੜਨਾਂਵ (ਦੋਵੇਂ) ਰੂਪਾਂ ’ਚ ਦਰਜ ਮਿਲਦਾ ਹੈ; ਜਿਵੇਂ ਕਿ

ਹੁਕਮੈ ਅੰਦਰਿ ਸਭੁ ਕੋ (ਕੋਈ); ਬਾਹਰਿ ਹੁਕਮ, ਨ ਕੋਇ ॥ (ਜਪੁ)

ਗਾਵੈ ਕੋ (ਕੋਈ); ਦਾਤਿ ਜਾਣੈ ਨੀਸਾਣੁ ॥ (ਜਪੁ)

ਗੁਰ ਕੀ ਸਿਖ (ਸਿਖਿਆ); ਕੋ (ਕੋਈ) ਵਿਰਲਾ ਲੇਵੈ ॥ (ਮ: ੩/੫੦੯)

ਜਾ ਕੋ (ਜਿਸ ਦਾ) ਠਾਕੁਰੁ ਊਚਾ ਹੋਈ ॥ ਸੋ ਜਨੁ, ਪਰ ਘਰ ਜਾਤ ਨ ਸੋਹੀ (ਸ਼ੋਭਦਾ)॥ (ਭਗਤ ਕਬੀਰ/੩੩੦)

ਬਿਨੁ ਗੁਰ, ਨ ਪਾਵੈਗੋ; ਹਰਿ ਜੀ ਕੋ (ਦਾ) ਦੁਆਰ ॥ (ਮ: ੫/੫੩੫)

ਕਬੀਰ ! ਤਾ ਸਿਉ ਪ੍ਰੀਤਿ ਕਰਿ; ਜਾ ਕੋ (ਜਿਸ ਦਾ) ਠਾਕੁਰੁ ਰਾਮੁ ॥ (ਭਗਤ ਕਬੀਰ/੧੩੬੫), ਆਦਿ।

(2). ਉਕਤ ਸ਼ਬਦ ਦੇ 7ਵੇਂ ਬੰਦ ਦੀ ਤੁਕ ਏਕਸੁ ਸਿਉ (ਸਿਉਂ) ਮਨੁ ਰਹਿਆ ਸਮਾਏ..॥’’ ’ਚ ਏਕਸੁ ਪੜਨਾਂਵ ਨੂੰ ਅੰਤ ਮੁਕਤ, ਸਿਉ (ਦੋ ਅੱਖਰਾਂ ਵਾਲ਼ਾ ਸੰਬੰਧਕੀ) ਨਹੀਂ ਕਰ ਸਕਿਆ। ਇਸ ਨਿਯਮ ਦੀ ਵਿਚਾਰ ਪਿਛਲੇ ਸ਼ਬਦ (੨੦॥ ੨੧॥) ’ਚ ਕੀਤੀ ਹੋਈ ਵੇਖੀ ਜਾ ਸਕਦੀ ਹੈ।)

ਮਾਝ, ਮਹਲਾ ੩ ॥

ਤੇਰੇ ਭਗਤ ਸੋਹਹਿ (ਸੋਹੈਂ), ਸਾਚੈ+ਦਰਬਾਰੇ (ਸਾਚੈ+ਦਰਬਾਰਿ ’ਚ, ਕਿਉਂਕਿ)॥ ਗੁਰ ਕੈ ਸਬਦਿ (ਰਾਹੀਂ), ਨਾਮਿ (ਨੇ) ਸਵਾਰੇ ॥ ਸਦਾ ਅਨੰਦਿ (’ਚ) ਰਹਹਿ (ਰਹੈਂ) ਦਿਨੁ ਰਾਤੀ ; ਗੁਣ ਕਹਿ (ਕੇ), ਗੁਣੀ (ਗੁਣਾਂ ਦੇ ਸਮੁੰਦਰ ’ਚ) ਸਮਾਵਣਿਆ ॥੧॥ ਹਉ (ਹੌਂ) ਵਾਰੀ ਜੀਉ ਵਾਰੀ ; ਨਾਮੁ ਸੁਣਿ (ਕੇ), ਮੰਨਿ (’ਚ) ਵਸਾਵਣਿਆ ॥ ਹਰਿ ਜੀਉ ਸਚਾ, ਊਚੋ ਊਚਾ ; ਹਉਮੈ ਮਾਰਿ (ਕੇ), ਮਿਲਾਵਣਿਆ ॥੧॥ ਰਹਾਉ ॥ ਹਰਿ ਜੀਉ ਸਾਚਾ, ਸਾਚੀ ਨਾਈ ॥ ਗੁਰ ਪਰਸਾਦੀ, ਕਿਸੈ ਮਿਲਾਈ ॥ ਗੁਰ ਸਬਦਿ (ਰਾਹੀਂ) ਮਿਲਹਿ (ਮਿਲਹਿਂ), ਸੇ ਵਿਛੁੜਹਿ ਨਾਹੀ (ਵਿਛੁੜਹਿਂ ਨਾਹੀਂ); ਸਹਜੇ ਸਚਿ (’ਚ) ਸਮਾਵਣਿਆ ॥੨॥ ਤੁਝ ਤੇ ਬਾਹਰਿ, ਕਛੂ ਨ ਹੋਇ ॥ ਤੂੰ ਕਰਿ-ਕਰਿ ਵੇਖਹਿ (ਵੇਖਹਿਂ), ਜਾਣਹਿ (ਜਾਣਹਿਂ) ਸੋਇ ॥ ਆਪੇ ਕਰੇ, ਕਰਾਏ ਕਰਤਾ; ਗੁਰਮਤਿ (ਦੇ ਕੇ) ਆਪਿ ਮਿਲਾਵਣਿਆ ॥੩॥ ਕਾਮਣਿ ਗੁਣਵੰਤੀ, ਹਰਿ ਪਾਏ ॥ ਭੈ+ਭਾਇ (ਦੁਆਰਾ), ਸੀਗਾਰੁ (ਸ਼ੀਂਗਾਰ) ਬਣਾਏ ॥ ਸਤਿਗੁਰੁ ਸੇਵਿ (ਕੇ), ਸਦਾ ਸੋਹਾਗਣਿ ; ਸਚ (ਦੇ) ਉਪਦੇਸਿ (ਉਪਦੇਸ਼ ’ਚ) ਸਮਾਵਣਿਆ ॥੪॥ ਸਬਦੁ ਵਿਸਾਰਨਿ, ਤਿਨਾ (ਤਿਨ੍ਹਾਂ) ਠਉਰੁ ਨ ਠਾਉ (ਠਾਉਂ)॥ ਭ੍ਰਮਿ (’ਚ ਪੈ ਕੇ) ਭੂਲੇ, ਜਿਉ (ਜਿਉਂ) ਸੁੰਞੈ ਘਰਿ ਕਾਉ (ਕਾਉਂ)॥ ਹਲਤੁ ਪਲਤੁ, ਤਿਨੀ ਦੋਵੈ (ਤਿਨ੍ਹੀਂ ਦੋਵੈਂ) ਗਵਾਏ; ਦੁਖੇ+ਦੁਖਿ (’ਚ, ਉਮਰ) ਵਿਹਾਵਣਿਆ (ਬਤੀਤ ਕਰਦੇ) ॥੫॥ ਲਿਖਦਿਆ-ਲਿਖਦਿਆ (ਲਿਖਦਿਆਂ-ਲਿਖਦਿਆਂ), ਕਾਗਦ ਮਸੁ (ਭਾਵ ਸਿਆਹੀ) ਖੋਈ ॥ ਦੂਜੈ+ਭਾਇ (ਹੋਰ ਪ੍ਰੇਮ ਨਾਲ਼), ਸੁਖੁ ਪਾਏ ਨ ਕੋਈ ॥ ਕੂੜੁ ਲਿਖਹਿ (ਲਿਖਹਿਂ) ਤੈ (ਭਾਵ ਅਤੇ) ਕੂੜੁ ਕਮਾਵਹਿ (ਕਮਾਵਹਿਂ); ਜਲਿ ਜਾਵਹਿ (ਜਲ਼ ਜਾਵਹਿਂ); ਕੂੜਿ (’ਚ), ਚਿਤੁ ਲਾਵਣਿਆ ॥੬॥ ਗੁਰਮੁਖਿ, ਸਚੋ ਸਚੁ ਲਿਖਹਿ (ਲਿਖਹਿਂ) ਵੀਚਾਰੁ ॥ ਸੇ ਜਨ ਸਚੇ, ਪਾਵਹਿ (ਪਾਵਹਿਂ) ਮੋਖ (ਦਾ) ਦੁਆਰੁ ॥ ਸਚੁ ਕਾਗਦੁ, ਕਲਮ ਮਸਵਾਣੀ ; ਸਚੁ ਲਿਖਿ (ਕੇ), ਸਚਿ (’ਚ) ਸਮਾਵਣਿਆ ॥੭॥ ਮੇਰਾ ਪ੍ਰਭੁ; (ਮੇਰੇ) ਅੰਤਰਿ ਬੈਠਾ ਵੇਖੈ ॥ ਗੁਰ ਪਰਸਾਦੀ ਮਿਲੈ, ਸੋਈ ਜਨੁ ਲੇਖੈ (’ਚ)॥ ਨਾਨਕ ! ਨਾਮੁ ਮਿਲੈ ਵਡਿਆਈ; (ਪਰ, ਨਾਮ) ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥

(ਨੋਟ: ਉਕਤ ਸ਼ਬਦ ਦੇ ਦੂਸਰੇ ਬੰਦ ਦੀ ਤੁਕ, ਹਰਿ ਜੀਉ ਸਾਚਾ, ਸਾਚੀ ਨਾਈ ॥ ’ਚ ਨਾਈ ਸ਼ਬਦ ਅਰਬੀ ਭਾਸ਼ਾ ਦਾ ਹੈ, ਜਿਸ ਦਾ ਅਰਥ ਹੈ: ਵਡਿਆਈ (ਇਸਤ੍ਰੀ ਲਿੰਗ)। ਗੁਰਬਾਣੀ ਲਿਖਤ ’ਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਜਿਨ੍ਹਾਂ ਅਨ੍ਯ ਭਾਸ਼ਾਵਾਂ ਦੇ ਸ਼ਬਦਾਂ ਦੇ ਅਗੇਤਰ ਅੱਧਾ ਅੱਖਰ (ਸ) ਹੁੰਦਾ ਹੈ, ਉਹ ਸ਼ਬਦ ਗੁਰਬਾਣੀ ’ਚ ਜਾਂ ਤਾਂ ਅਗੇਤਰ ਅੱਧੇ ਅੱਖਰ ਤੋਂ ਬਿਨਾਂ ਦਰਜ ਕੀਤੇ ਗਏ ਹਨ ਜਾਂ ਉਨ੍ਹਾਂ ਦੇ ਅੱਗੇ ਕੋਈ ਸਵਰ (ੳ, ਅ, ੲ) ਅੱਖਰ ਲਗਾ ਕੇ ਅੱਧੇ ਅੱਖਰ ਨੂੰ ਵੀ ਪੂਰਾ ਲਿਖਿਆ ਗਿਆ ਹੈ; ਜਿਵੇਂ ਕਿ

ਸ੍ਨਾਈ, ਸ੍ਨਾਨ, ਸ੍ਤੁਤਿ, ਆਦਿ ਸ਼ਬਦਾਂ ਨੂੰ ਕ੍ਰਮਵਾਰ ‘ਨਾਈ, ਅਸਨਾਈ, ਸਨਾਈ, ਇਸ੍ਨਾਨ, ਇਸਨਾਨ, ਉਸ੍ਤਤਿ, ਉਸਤਤਿ, ਆਦਿ :

ਜੋ ਕਿਛੁ ਹੋਆ, ਸਭੁ ਕਿਛੁ ਤੁਝ ਤੇ; ਤੇਰੀ ਸਭ ਅਸਨਾਈ ॥ (ਮ: ੧/੭੯੫)

ਨਾਨਕ ! ਨਾਮੁ ਧਿਆਈਐ; ਸਚੁ ਸਿਫਤਿ ਸਨਾਈ ॥ (ਮ: ੩/੯੫੧)

ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥ (ਭਗਤ ਕਬੀਰ/੩੨੪)

ਇਕਿ ਪੜਹਿ, ਸੁਣਹਿ, ਗਾਵਹਿ; ਪਰਭਾਤਿਹਿ ਕਰਹਿ ਇਸ੍ਨਾਨੁ ॥ (ਭਟ ਗਯੰਦ/੧੪੦੨)

ਕਵਨੁ ਜੋਗੁ ? ਕਉਨੁ ਗੵਾਨੁ ਧੵਾਨੁ ? ਕਵਨ ਬਿਧਿ ਉਸ੍ਤਤਿ ਕਰੀਐ ?॥ (ਮ: ੫/੧੩੮੬)

ਸਚੈ+ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥ (ਮ: ੫/੧੩੬), ਆਦਿ।)

ਮਾਝ, ਮਹਲਾ ੩ ॥

ਆਤਮ ਰਾਮ ਪਰਗਾਸੁ (ਭਾਵ ਸਭ ਆਤਮਾਵਾਂ ’ਚ ਵਿਆਪਕ ਪ੍ਰਭੂ ਦਾ ਪ੍ਰਕਾਸ਼ ਭਾਵ ਪ੍ਰਗਟ), ਗੁਰ ਤੇ ਹੋਵੈ ॥ ਹਉਮੈ ਮੈਲੁ ਲਾਗੀ, ਗੁਰ ਸਬਦੀ ਖੋਵੈ ॥ ਮਨੁ+ਨਿਰਮਲੁ, ਅਨਦਿਨੁ ਭਗਤੀ ਰਾਤਾ (ਰਾੱਤਾ) ; ਭਗਤਿ ਕਰੇ ਹਰਿ ਪਾਵਣਿਆ ॥੧॥ ਹਉ (ਹੌਂ) ਵਾਰੀ ਜੀਉ ਵਾਰੀ; ਆਪਿ ਭਗਤਿ ਕਰਨਿ (ਕਰਨ੍), ਅਵਰਾ (ਅਵਰਾਂ) ਭਗਤਿ ਕਰਾਵਣਿਆ ॥ ਤਿਨਾ (ਤਿਨ੍ਹਾਂ) ਭਗਤ ਜਨਾ ਕਉ (ਜਨਾਂ ਕੌ), ਸਦ ਨਮਸਕਾਰੁ ਕੀਜੈ; ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਆਪੇ ਕਰਤਾ (ਕਰਤਾਰ), ਕਾਰਣੁ (ਸਬੱਬ, ਹਾਲਾਤ ਪੈਦਾ) ਕਰਾਏ ॥ ਜਿਤੁ ਭਾਵੈ (ਭਾਵ ਜਿਤੁ+ਕਾਰੈ ’ਚ ਭਾਵੈ ਜਾਂ ਚਾਹੇ), ਤਿਤੁ+ਕਾਰੈ (’ਚ) ਲਾਏ ॥ ਪੂਰੈ+ਭਾਗਿ (ਨਾਲ਼) ਗੁਰ ਸੇਵਾ ਹੋਵੈ ; ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥ ਮਰਿ-ਮਰਿ (ਕੇ) ਜੀਵੈ ; ਤਾ (ਤਾਂ) ਕਿਛੁ ਪਾਏ ॥ ਗੁਰ ਪਰਸਾਦੀ, ਹਰਿ ਮੰਨਿ (’ਚ) ਵਸਾਏ ॥ ਸਦਾ ਮੁਕਤੁ, (ਜਦ) ਹਰਿ ਮੰਨਿ (’ਚ) ਵਸਾਏ ; ਸਹਜੇ+ਸਹਜਿ (’ਚ) ਸਮਾਵਣਿਆ ॥੩॥ (ਪਰ, ਜੋ) ਬਹੁ ਕਰਮ ਕਮਾਵੈ, ਮੁਕਤਿ ਨ ਪਾਏ ॥ ਦੇਸੰਤਰੁ ਭਵੈ, ਦੂਜੈ+ਭਾਇ (ਹੋਰ ਪਿਆਰ ਨਾਲ਼) ਖੁਆਏ (ਕੁਰਾਹੇ ਪੈਂਦਾ)॥ ਬਿਰਥਾ ਜਨਮੁ ਗਵਾਇਆ ਕਪਟੀ (ਕਪਟੀਂ, ਕਪਟੀਆਂ ਨੇ, ਪਾਖੰਡੀਆਂ ਨੇ); ਬਿਨੁ ਸਬਦੈ, ਦੁਖੁ ਪਾਵਣਿਆ ॥੪॥ (ਮਨ) ਧਾਵਤੁ (ਨੂੰ) ਰਾਖੈ, ਠਾਕਿ ਰਹਾਏ ॥ ਗੁਰ ਪਰਸਾਦੀ, ਪਰਮ ਪਦੁ ਪਾਏ ॥ ਸਤਿਗੁਰੁ ਆਪੇ ਮੇਲਿ (ਮੇਲ਼) ਮਿਲਾਏ ; ਮਿਲਿ (ਕੇ) ਪ੍ਰੀਤਮ, ਸੁਖੁ ਪਾਵਣਿਆ ॥੫॥ ਇਕਿ ਕੂੜਿ (’ਚ) ਲਾਗੇ, ਕੂੜੇ ਫਲ (ਫਲ਼) ਪਾਏ ॥ ਦੂਜੈ+ਭਾਇ, ਬਿਰਥਾ ਜਨਮੁ ਗਵਾਏ ॥ ਆਪਿ ਡੁਬੇ, ਸਗਲੇ ਕੁਲ ਡੋਬੇ ; ਕੂੜੁ ਬੋਲਿ (ਕੇ) ਬਿਖੁ ਖਾਵਣਿਆ ॥੬॥ ਇਸੁ ਤਨ ਮਹਿ ਮਨੁ; ਕੋ, ਗੁਰਮੁਖਿ ਦੇਖੈ ॥ ਭਾਇ+ਭਗਤਿ (ਪ੍ਰੇਮਾ ਭਗਤੀ ਨਾਲ਼) ਜਾ (ਜਾਂ, ਜਦੋਂ) ਹਉਮੈ ਸੋਖੈ ॥ ਸਿਧ, ਸਾਧਿਕ, ਮੋਨਿਧਾਰੀ, ਰਹੇ ਲਿਵ ਲਾਇ ; ਤਿਨ (ਤਿਨ੍ਹ) ਭੀ, ਤਨ ਮਹਿ ਮਨੁ, ਨ ਦਿਖਾਵਣਿਆ ॥੭॥ (ਪਰ ਕਿਸੇ ਦੇ ਕੀ ਵੱਸ ?) ਆਪਿ ਕਰਾਏ, ਕਰਤਾ ਸੋਈ (ਉਹ ਕਰਤਾਰ)॥ ਹੋਰੁ, ਕਿ ਕਰੇ ? ਕੀਤੈ (ਪੈਦਾ ਕੀਤੇ ਜੀਵ ਤੋਂ) ਕਿਆ ਹੋਈ ?॥ ਨਾਨਕ ! ਜਿਸੁ ਨਾਮੁ ਦੇਵੈ, ਸੋ ਲੇਵੈ; ਨਾਮੋ ਮੰਨਿ (’ਚ) ਵਸਾਵਣਿਆ ॥੮॥੨੩॥੨੪॥

ਮਾਝ ਮਹਲਾ, ੩ ॥

ਇਸੁ (ਸਰੀਰ) ਗੁਫਾ (ਗੁਫ਼ਾ) ਮਹਿ, ਅਖੁਟ (ਅਖੁੱਟ) ਭੰਡਾਰਾ ॥ ਤਿਸੁ ਵਿਚਿ ਵਸੈ, ਹਰਿ ਅਲਖ (ਅਲੱਖ, ਅਦ੍ਰਿਸ਼) ਅਪਾਰਾ ॥ ਆਪੇ ਗੁਪਤੁ (ਮਨਮੁਖ ’ਚ), ਪਰਗਟੁ ਹੈ ਆਪੇ (ਗੁਰਮੁਖ ’ਚ, ਜੋ); ਗੁਰ ਸਬਦੀ ਆਪੁ (ਅਹੰਕਾਰ) ਵੰਞਾਵਣਿਆ (ਦੂਰ ਕਰਦਾ)॥੧॥ ਹਉ (ਹੌਂ) ਵਾਰੀ ਜੀਉ ਵਾਰੀ ; ਅੰਮ੍ਰਿਤ ਨਾਮੁ, ਮੰਨਿ (’ਚ) ਵਸਾਵਣਿਆ ॥ ਅੰਮ੍ਰਿਤ ਨਾਮੁ, ਮਹਾ (ਮਹਾਂ) ਰਸੁ ਮੀਠਾ ; ਗੁਰਮਤੀ, ਅੰਮ੍ਰਿਤੁ ਪੀਆਵਣਿਆ ॥ ੧॥ ਰਹਾਉ ॥ ਹਉਮੈ ਮਾਰਿ (ਕੇ), ਬਜਰ (ਬੱਜਰ) ਕਪਾਟ ਖੁਲਾਇਆ (ਖੁੱਲ੍ਹਾਇਆ)॥ ਨਾਮੁ ਅਮੋਲਕੁ, ਗੁਰ ਪਰਸਾਦੀ ਪਾਇਆ ॥ ਬਿਨੁ ਸਬਦੈ, ਨਾਮੁ ਨ ਪਾਏ ਕੋਈ ; ਗੁਰ ਕਿਰਪਾ, ਮੰਨਿ (’ਚ) ਵਸਾਵਣਿਆ ॥੨॥ ਗੁਰ ਗਿਆਨ (ਦਾ) ਅੰਜਨੁ+ਸਚੁ, ਨੇਤ੍ਰੀ (ਨੇਤ੍ਰੀਂ) ਪਾਇਆ ॥ ਅੰਤਰਿ ਚਾਨਣੁ, ਅਗਿਆਨੁ+ਅੰਧੇਰੁ ਗਵਾਇਆ ॥ ਜੋਤੀ ਜੋਤਿ ਮਿਲੀ, ਮਨੁ ਮਾਨਿਆ ; ਹਰਿ ਦਰਿ (’ਤੇ) ਸੋਭਾ (ਸ਼ੋਭਾ) ਪਾਵਣਿਆ ॥੩॥ (ਪਰ, ਜੇ) ਸਰੀਰਹੁ (ਸਰੀਰੋਂ) ਭਾਲਣਿ, ਕੋ ਬਾਹਰਿ ਜਾਏ ॥ ਨਾਮੁ ਨ ਲਹੈ, ਬਹੁਤੁ ਵੇਗਾਰਿ ਦੁਖੁ ਪਾਏ (ਇਹ ਤੁਕ ਇਉਂ ਹੈ ‘ਨਾਮੁ ਨ ਲਹੈ ਵੇਗਾਰਿ (ਵੇਗਾਰੀ, ਬਿਨਾਂ ਮਜ਼ਦੂਰੀ ਕੰਮ ਕਰਨ ਵਾਲ਼ਾ), ਬਹੁਤੁ ਦੁਖੁ ਪਾਏ॥’) ਮਨਮੁਖ ਅੰਧੇ ਸੂਝੈ ਨਾਹੀ (ਨਾਹੀਂ, ਜੂਨਾਂ ’ਚ); ਫਿਰਿ (ਕੇ) ਘਿਰਿ (ਕੇ, ਮਨੁੱਖਾ ਜੂਨੀ ’ਚ) ਆਇ (ਕੇ), ਗੁਰਮੁਖਿ ਵਥੁ ਪਾਵਣਿਆ ॥੪॥ ਗੁਰ ਪਰਸਾਦੀ, ਸਚਾ ਹਰਿ ਪਾਏ ॥ ਮਨਿ+ਤਨਿ (’ਚ ਹਰੀ ਨੂੰ) ਵੇਖੈ, ਹਉਮੈ ਮੈਲੁ ਜਾਏ ॥ ਬੈਸਿ (ਕੇ) ਸੁਥਾਨਿ (’ਚ ਭਾਵ ਸੰਗਤ ’ਚ), ਸਦ ਹਰਿ ਗੁਣ ਗਾਵੈ ; ਸਚੈ+ਸਬਦਿ (’ਚ) ਸਮਾਵਣਿਆ ॥੫॥ ਨਉ ਦਰ ਠਾਕੇ (9 ਗੋਲਕ ਇੰਦ੍ਰੇ ਵਿਕਾਰਾਂ ਪਾਸੋਂ ਰੋਕੇ), ਧਾਵਤੁ ਰਹਾਏ ॥ ਦਸਵੈ (ਦਸਵੈਂ, ਦਿਮਾਗ਼ ’ਚ), ਨਿਜ ਘਰਿ ਵਾਸਾ ਪਾਏ ॥ ਓਥੈ, ਅਨਹਦ ਸਬਦ ਵਜਹਿ (ਵਜਹਿਂ) ਦਿਨੁ ਰਾਤੀ; (ਪਰ) ਗੁਰਮਤੀ ਸਬਦੁ ਸੁਣਾਵਣਿਆ ॥ ੬॥ ਬਿਨੁ ਸਬਦੈ, ਅੰਤਰਿ ਆਨੇਰਾ (ਆਨ੍ਹੇਰਾ, ਜਿਸ ਕਾਰਨ)॥ ਨ ਵਸਤੁ ਲਹੈ, ਨ ਚੂਕੈ ਫੇਰਾ ॥ ਸਤਿਗੁਰ ਹਥਿ (’ਚ) ਕੁੰਜੀ, ਹੋਰਤੁ ਦਰੁ ਖੁਲੈ ਨਾਹੀ (ਖੁੱਲ੍ਹੈ ਨਾਹੀਂ); ਗੁਰੁ, ਪੂਰੈ+ਭਾਗਿ (ਨਾਲ਼) ਮਿਲਾਵਣਿਆ ॥੭॥ (ਪਰ ਹੇ ਪ੍ਰਭੂ !) ਗੁਪਤੁ ਪਰਗਟੁ (ਭਾਵ ਮਨਮੁਖ ਤੇ ਗੁਰਮੁਖ), ਤੂੰ ਸਭਨੀ ਥਾਈ (ਸਭਨੀਂ ਥਾਂਈ) ॥ ਗੁਰ ਪਰਸਾਦੀ, ਮਿਲਿ (ਕੇ) ਸੋਝੀ ਪਾਈ ॥ ਨਾਨਕ ! ਨਾਮੁ ਸਲਾਹਿ (ਸਲਾਹ ਕੇ) ਸਦਾ ਤੂੰ ; ਗੁਰਮੁਖਿ ਮੰਨਿ (’ਚ) ਵਸਾਵਣਿਆ ॥੮॥੨੪॥੨੫॥

(ਨੋਟ: ਉਕਤ ਸ਼ਬਦ ਦੇ ਅੰਤਮ ਬੰਦ ਦੀ ਤੁਕ, ਗੁਪਤੁ ਪਰਗਟੁ, ਤੂੰ ਸਭਨੀ ਥਾਈ (ਸਭਨੀਂ ਥਾਂਈ) ॥ ’ਚ ਬਿੰਦੀ ਸਭਨੀਂ ਥਾਈਂ ਚਾਹੀਦੀ ਸੀ ਪਰ ਤੁਕਾਂਤ ਮੇਲ਼ ਵਾਲ਼ੀ ਪੰਕਤੀ ‘‘ਗੁਰ ਪਰਸਾਦੀ, ਮਿਲਿ (ਕੇ) ਸੋਝੀ ਪਾਈ ॥’’ ਦਾ ਅੰਤਮ ਸ਼ਬਦ ਪਾਈ ਭਾਵ ਪਾਈ ਜਾਂਦੀ ਹੈ (ਬਿੰਦੀ ਰਹਿਤ), ਹੋਣ ਕਾਰਨ ‘ਥਾਂਈ’ ਦੇ ਵੀ ਅੰਤਮ ‘ਈਂ’ ਅੱਖਰ ਦੀ ਬਜਾਇ ‘ਥਾਂ’ ਉੱਤੇ ਬਿੰਦੀ ਲਗਾਈ ਗਈ ਹੈ।

ਉਕਤ ਸ਼ਬਦ ਦੀ ਅਰੰਭਤਾ ‘‘ਆਪੇ ਗੁਪਤੁ (ਮਨਮੁਖ ’ਚ), ਪਰਗਟੁ ਹੈ ਆਪੇ (ਗੁਰਮੁਖ ’ਚ); ਪ੍ਰਸੰਗ ਨਾਲ਼ ਹੋਣ ਕਾਰਨ ਅੰਤਮ ਤੁਕ ’ਚ ਦਰਜ ‘‘ਗੁਪਤੁ ਪਰਗਟੁ, ਤੂੰ ਸਭਨੀ ਥਾਈ (ਸਭਨੀਂ ਥਾਂਈ) ॥’’ ਦਾ ਅਰਥ ਵੀ ‘‘ਗੁਪਤੁ ਪਰਗਟੁ’’ ਭਾਵ ‘ਮਨਮੁਖ ਤੇ ਗੁਰਮੁਖ’ ਕਰਨਾ, ਵਿਸ਼ੇ ਅਨੁਕੂਲ ਜਾਪਦਾ ਹੈ। ਗੁਪਤੁ ਤੋਂ ਭਾਵ ਮਨਮੁਖ ਨੂੰ ਆਪਣੇ ਅੰਦਰ ‘ਆਤਮ ਰਾਮ’ ਦੇ ਦਰਸ਼ਨ ਨਹੀਂ ਹੁੰਦੇ, ਜੋ ਲੁਪਤ ਹੈ ਜਦ ਕਿ ਪਰਗਟੁ ਦਾ ਭਾਵ ਗੁਰਮੁਖ, ਉਸ (ਆਤਮ ਰਾਮ) ਦੀ ਹੋਂਦ ਦਾ ਹਿਰਦੇ ’ਚ ਅਹਿਸਾਸ ਕਰ ਲੈਂਦਾ ਹੈ।)