ਮੈਂ ਪੱਟੀ ਦਾ ਸਿਵਲ ਹਸਪਤਾਲ ਬੋਲਦਾਂ

0
565

ਮੈਂ ਪੱਟੀ ਦਾ ਸਿਵਲ ਹਸਪਤਾਲ ਬੋਲਦਾਂ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ । ਫੋਨ ਨੰ: 0175-2216783

(ਫਤਿਹ ਸਿੰਘ ਜੀ ਵੱਲੋਂ ਲਿਖੇ ਗਏ ਲੇਖ ਉੱਤੇ ਆਧਾਰਿਤ)

‘‘ਮੈਂ ਗਵਾਹ ਹਾਂ ਅਣਗਿਣਤ ਲਾਸ਼ਾਂ ਦਾ, ਜਿਨ੍ਹਾਂ ਨੂੰ ਲਾਵਾਰਿਸ ਦਾ ਨਾਂ ਦੇ ਕੇ 1984 ਤੋਂ 1994 ਤੱਕ ਪੋਸਟਮਾਰਟਮ ਕਰ ਕੇ ਸਾੜ ਦਿੱਤਾ ਗਿਆ ਸੀ । ਏਨੀ ਵੱਡੀ ਗਿਣਤੀ ਵਿਚ ਜਵਾਨ ਖ਼ੂਬਸੂਰਤ ਸਿੱਖ ਗੱਭਰੂਆਂ ਦੀਆਂ ਲਾਸ਼ਾਂ ਸ਼ਾਇਦ ਹੀ ਕਿਸੇ ਹੋਰ ਦੇ ਨਜ਼ਰੀਂ ਪਈਆਂ ਹੋਣ ਜਿੰਨੀਆਂ ਮੈਂ ਵੇਖੀਆਂ ਹਨ ।

ਮੈਨੂੰ ਤਾਂ ਰੋਜ਼ ਦੀਆਂ ਪੁਲਿਸ ਦੀਆਂ ਘੂਕਰ ਵਜਾਉਂਦੀਆਂ ਜਿਪਸੀਆਂ ਵੇਖ ਕੇ ਭੈਅ ਹੀ ਲੱਗਣ ਲੱਗ ਪਿਆ ਸੀ । ਸਮਝ ਨਹੀਂ ਆਉਂਦੀ ਸੀ ਕਿ ਸਾਰੇ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਸਿੱਖ ਗੱਭਰੂ ਅਚਾਨਕ ਅਣਪਛਾਤੇ ਕਿਉਂ ਬਣ ਗਏ ਸਨ ? ਉਨ੍ਹਾਂ ਦੇ ਮਾਪੇ ਕਿੱਧਰ ਗੁੰਮ ਹੋ ਗਏ ਸਨ ? ਪੁਲਿਸ ਵਾਲੇ ਅੱਧੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤੇ ਬਗ਼ੈਰ ਹੀ ਤੇਲ ਪਾ ਕੇ ਸਾੜਨ ਲਈ ਕਿਉਂ ਲੈ ਜਾਂਦੇ ਸਨ  ?

ਮੇਰੀਆਂ ਕੰਧਾਂ ਦੀ ਕੂਕ ਕਿਸੇ ਨੇ ਨਹੀਂ ਸੁਣੀ । ਪਤਾ ਹੈ ਏਨੀਆਂ ਢੇਰ ਸਾਰੀਆਂ ਸਿੱਖ ਜਵਾਨ ਗੱਭਰੂਆਂ ਦੀਆਂ ਲਾਸ਼ਾਂ ਵੇਖ ਕੇ ਮੈਂ ਕਿਵੇਂ ਸਹਿਕਿਆ ? ਹਰ ਰੋਜ਼ ਦੀਆਂ ਪੰਜ-ਛੇ ਲਾਸ਼ਾਂ ਨੂੰ ਢੇਰ ਬਣਾ ਕੇ ਇਕੱਠੀਆਂ ਫੂਕ ਦਿੱਤੀਆਂ ਜਾਂਦੀਆਂ ਸਨ ।

ਇਕ ਦਿਨ ਦੋ ਹੋਰ ਲਾਵਾਰਿਸ ਲਾਸ਼ਾਂ ਲਿਆਈਆਂ ਗਈਆਂ । ਮੈਂ ਕਿਵੇਂ ਭੁਲਾਵਾਂ ਉਹ ਦਿਨ । ਸਵਖਤੇ ਦਾ ਸਮਾਂ ਸੀ ਤੇ 30 ਅਕਤੂਬਰ 1993 ਦਾ ਦਿਨ । ਮੇਰਾ ਆਪਣਾ ਕਰਮਵੀਰ ਹੀ ਤਾਂ ਸੀ ਉਸ ਦਿਨ ਡਿਊਟੀ ਉੱਤੇ । ਭਿਖੀਵਿੰਡ ਪੁਲਿਸ ਦੀ ਜਿਪਸੀ ਵਉ-ਵਉ ਕਰਦੀ ਪਹੁੰਚੀ । ਦੋ ਹੋਰ ਜਵਾਨ ਲਾਸ਼ਾਂ ਵੇਖ ਕੇ ਮੈਂ ਤਾਂ ਦਹਿਲ ਗਿਆ । ਵਿਚਾਰੇ ਕਰਮਵੀਰ ਦਾ ਤਾਂ ਰੋਜ਼ ਦਾ ਕੰਮ ਬਣ ਗਿਆ ਸੀ । ਮੇਰੇ ਸਵਾਲ ਦਾ ਉਸੇ ਦਿਨ ਹੀ ਤਾਂ ਜਵਾਬ ਮਿਲਣਾ ਸੀ ਕਿ ਏਨੇ ਪੰਜਾਬ ਦੇ ਸਿੱਖ ਨੌਜਵਾਨ ਕਿਉਂ ਇਕਦਮ ਲਾਵਾਰਿਸ ਹੋ ਗਏ ?

ਮੇਰੀਆਂ ਕੰਧਾਂ ਨੇ ਉਸ ਦਿਨ ਇਕ ਅਜਬ ਨਜ਼ਾਰਾ ਵੇਖਿਆ ਜੋ ਮੈਂ ਕਦੇ ਭੁਲਾ ਨਹੀਂ ਸਕਣਾ ਜਦ ਤਕ ਮੇਰੀ ਇਕ ਵੀ ਇੱਟ ਬਾਕੀ ਏਥੇ ਰਹਿਣੀ ਹੈ । ਮੇਰੇ ਪਿਆਰੇ ਕਰਮਵੀਰ ਨੇ ਇਕ ਮੇਜ਼ ਉੱਤੇ ਪਈ ਲਾਸ਼ ਤੋਂ ਕੱਪੜਾ ਚੁੱਕਿਆ ਤੇ ਦੂਜਾ 20 ਕੁ ਸਾਲ ਦੇ ਮੁੱਛ ਫੁੱਟ ਗੱਭਰੂ ਦੀ ਲਾਸ਼ ਜੋ ਹੇਠਾਂ ਜ਼ਮੀਨ ਉੱਤੇ ਪਈ ਸੀ, ਦੇ ਮੂੰਹ ਉੱਤੋਂ ਵੀ ਕੱਪੜਾ ਲਾਹ ਦਿੱਤਾ ।

ਮੈਂ ਗਵਾਹ ਹਾਂ ਉਸ ਮੌਕੇ ਦਾ, ਜਦੋਂ ਉਸ ਲਾਸ਼ ਨੇ ਉਸੇ ਸਮੇਂ ਅੱਖਾਂ ਖੋਲ੍ਹੀਆਂ । ਉਸ ਦੇ ਸਿਰ ਦੇ ਇਕ ਪਾਸਿਓਂ ਗੋਲੀ ਵੱਜੀ ਹੋਈ ਸੀ, ਪਰ ਉਹ ਮਰਿਆ ਨਹੀਂ, ਬਚ ਗਿਆ ਸੀ । ਜਦੋਂ ਉਸ ਹੌਲੀ ਜਿਹੀ ਪਾਣੀ ਮੰਗਿਆ ਤਾਂ ਤੁਹਾਨੂੰ ਯਕੀਨ ਤਾਂ ਨਹੀਂ ਆਉਣਾ ਕਿ ਜੇ ਕੰਧ ਹਿੱਲ ਸਕਦੀ ਹੁੰਦੀ ਤਾਂ ਮੇਰੀ ਹਰ ਇੱਟ ਉਸ ਲਈ ਭੱਜ ਕੇ ਪਾਣੀ ਲੈ ਆਉਂਦੀ ਤੇ ਉਸ ਦੀ ਕਹਾਣੀ ਪੁੱਛਦੀ । ਜੀਊਂਦਾ ਰਹੇ ਕਰਮਵੀਰ ਜਿਸ ਨੇ ਝਟਪਟ ਬਾਹਰੋਂ ਪੁਲਿਸ ਕਰਮੀਆਂ ਦੀ ਅੱਖ ਬਚਾ ਕੇ ਪਾਣੀ ਲਿਆ ਕੇ ਉਸ ਨੂੰ ਦਿੱਤਾ । ਮੈਨੂੰ ਉਦੋਂ ਸਮਝ ਨਹੀਂ ਆਈ ਕਿ ਇਹ ਤਾਂ ਸਾਡੇ ਹੀ ਆਪਣੇ ਰਾਖੇ ਹਨ, ਫੇਰ ਪੁਲਿਸ ਕਰਮੀਆਂ ਤੋਂ ਬਚ ਕੇ ਪਾਣੀ ਕਿਉਂ ਲਿਆਇਆ ਜਾ ਰਿਹੈ ।

ਕਰਮਵੀਰ ਨੇ ਭੱਜ ਕੇ ਜਾ ਕੇ ਫਾਰਮਾਸਿਸਟ ਨਾਲ ਗੱਲ ਕੀਤੀ ਤੇ ਉਸ ਨੇ ਡਾ. ਜਸਵੰਤ ਜੋ ਡਿਊਟੀ ਉੱਤੇ ਸਨ, ਨੂੰ ਦੱਸਿਆ । ਮੈਂ ਹੈਰਾਨ ਸੀ ਕਿ ਸਾਰੇ ਏਨੀ ਲੁਕਵੀਂ ਗੱਲ ਕਿਉਂ ਕਰ ਰਹੇ ਸਨ । ਸਹਿਕ ਰਹੇ ਨੌਜਵਾਨ ਨੂੰ ਝਟਪਟ ਇਲਾਜ ਲਈ ਦੂਜੇ ਕਮਰੇ ਅੰਦਰ ਲਿਜਾਇਆ ਗਿਆ ।

ਏਨੇ ਨੂੰ ਪੁਲਿਸ ਕਰਮੀਆਂ ਨੂੰ ਪਤਾ ਲੱਗ ਗਿਆ ਕਿ ਲਾਸ਼ ਤਾਂ ਅਜੇ ਜੀਊਂਦੀ ਹੈ । ਮੈਂ ਬਹੁਤ ਜ਼ਿਆਦਾ ਖ਼ੁਸ਼ ਸੀ ਕਿ ਹੁਣ ਇਹ ਨੌਜਵਾਨ ਬੱਚਾ ਲਾਵਾਰਿਸ ਨਹੀਂ ਰਿਹਾ । ਉਸ ਕੋਲੋਂ ਸਭ ਕੁੱਝ ਪਤਾ ਲੱਗ ਜਾਵੇਗਾ ਕਿ ਉਸ ਦਾ ਘਰ ਬਾਰ ਕਿੱਥੇ ਹੈ ਤੇ ਮਾਪੇ ਕੌਣ ਹਨ ? ਪੁਲਿਸ ਝਟਪਟ ਸਭ ਕੁੱਝ ਪਤਾ ਲਾ ਕੇ ਉਸ ਦੇ ਮਾਪਿਆਂ ਨੂੰ ਸੱਦ ਲਿਆਏਗੀ ਤੇ ਉਸ ਦੇ ਮਾਪੇ ਆਪਣੇ ਜਵਾਨ ਪੁੱਤਰ ਨੂੰ ਜ਼ਿੰਦਾ ਵੇਖ ਕੇ ਕਿੰਨਾ ਖ਼ੁਸ਼ ਹੋਣਗੇ ।

ਪਰ ਇਹ ਕੀ ? ਪੁਲਿਸ ਕਰਮੀ ਤਾਂ ਸਗੋਂ ਇਲਾਜ ਕੀਤੇ ਜਾਣ ਤੋਂ ਰੋਕਣ ਲੱਗ ਪਏ ! ਗੱਲ ਸਮਝ ਨਹੀਂ ਆਈ ! ਨੌਜਵਾਨ ‘ਠੰਡ-ਠੰਡ’ ਕੂਕ ਰਿਹਾ ਸੀ ਸੋ ਉਸ ਨੂੰ ਕੰਬਲ ਦੇ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ।

ਕੁੱਝ ਪੁਲਿਸ ਕਰਮੀ ਤਾਂ ਪੀ. ਸੀ. ਓ. ਤੋਂ ਫੋਨ ਕਰਨ ਭੱਜ ਗਏ ਤੇ ਬਾਕੀ ਇਲਾਜ ਹੀ ਨਾ ਕਰਨ ਦੇਣ । ਖੌਰੇ ਕੀ ਲੋਹੜਾ ਵਾਪਰ ਗਿਆ ਸੀ । ਕੋਈ ਖ਼ੁਸ਼ ਦਿਸਦਾ ਹੀ ਨਹੀਂ ਸੀ ਪਿਆ । ਚੁਫ਼ੇਰੇ ਭੈਅ ਦਾ ਪਸਾਰਾ ਸੀ ।

ਡਾ. ਜਸਵੰਤ ਨੇ ਹੌਲੀ ਜਿਹੀ ਨੌਜਵਾਨ ਦਾ ਨਾਂ ਪੁੱਛਿਆ ਤਾਂ ਉਸ ਕਿਹਾ ਕਿ ਉਹ ਸੁਣ ਨਹੀਂ ਸਕਦਾ ਸਿਰਫ਼ ਬੋਲ ਸਕਦਾ ਹੈ । ਕਨਪੱਟੀ ਤੇ ਵੱਜੀ ਗੋਲੀ ਨੇ ਉਸ ਦੀ ਸੁਣਨ ਸ਼ਕਤੀ ਖ਼ਤਮ ਕਰ ਦਿੱਤੀ ਸੀ ।

ਜਦੋਂ ਕਾਗਜ਼ ਉੱਤੇ ਲਿਖ ਕੇ ਸਵਾਲ ਪੁੱਛਿਆ ਤਾਂ ਉਸ ਦੱਸਿਆ ਕਿ ਉਹ ਵਲਟੋਹੇ ਦੇ ਸ੍ਰ. ਹਰਭਜਨ ਸਿੰਘ ਦਾ ਲੜਕਾ ਹੈ ਤੇ ਉਸ ਦਾ ਨਾਂ ਸੁਰਜੀਤ ਸਿੰਘ ਹੈ ।

ਜੋ ਕੁੱਝ ਉਸ ਅੱਗੇ ਦੱਸਿਆ, ਮੇਰੀਆਂ ਤਾਂ ਸੁਣ ਕੇ ਧਾਹਾਂ ਨਿਕਲ ਗਈਆਂ । ਉਸ ਵਿਚਾਰੇ ਨੂੰ 16 ਦਿਨ ਪਹਿਲਾਂ ਵਲਟੋਹੇ ਤੋਂ ਪੁਲਿਸ ਨੇ ਚੁੱਕ ਲਿਆ ਤੇ ਬੇਦੋਸ਼ੇ ਨੂੰ ਕੁੱਟਮਾਰ ਕੇ ਇਹ ਮੰਨਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਹ ਖ਼ਤਰਨਾਕ ਅਤਵਾਦੀ ਹੈ । ਭਿਖੀਵਿੰਡ ਥਾਣੇ ’ਚ ਉਸ ਦੀਆਂ ਅੱਖਾਂ ’ਚ ਮਿਰਚਾਂ ਪਾਈਆਂ ਗਈਆਂ, ਲੱਤਾਂ ਪਾੜ ਕੇ ਧੂਹਿਆ ਗਿਆ, ਪੁੱਠੇ ਲਟਕਾਇਆ ਗਿਆ, ਭੁੱਖੇ ਰੱਖ ਕੇ ਅਤਿ ਦਾ ਜ਼ਲੀਲ ਕੀਤਾ ਗਿਆ, ਮਲ ਮੂਤਰ ਲਈ ਵੀ ਪਾਣੀ ਨਾ ਦਿੱਤਾ ਗਿਆ । ਹਰ ਵਾਰ ਉਸ ਨੂੰ ਮੰਨਣ ਲਈ ਕਿਹਾ ਗਿਆ ਕਿ ਉਹ ਅਤਵਾਦੀ ਹੈ, ਪਰ ਇਹ ਝੂਠੀ ਗੱਲ ਸੀ, ਇਸ ਲਈ ਉਹ ਆਪਣੇ ਆਪ ਨੂੰ ਬੇਕਸੂਰ ਕਹਿੰਦਾ ਰਿਹਾ । ਇਸ ਤੋਂ ਬਾਅਦ ਉਸ ਦੇ ਹੱਥ ਪੈਰ ਬੰਨ੍ਹ ਕੇ ਜਿਪਸੀ ਵਿਚ ਸੁੱਟ ਦਿੱਤਾ ਗਿਆ । ਅੱਜ ਤੜਕੇ ਝੂਠਾ ਮੁਕਾਬਲਾ ਕਹਿ ਕੇ ਉਨ੍ਹਾਂ ਦੋਨਾਂ ਬੇਕਸੂਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਮਰਿਆ ਸਮਝ ਹੱਥ ਪੈਰ ਖੋਲ੍ਹ ਕੇ ਪੋਸਟ ਮਾਰਟਮ ਦੀ ਖਾਨਾ ਪੂਰਤੀ ਕਰਨ ਲਈ ਲੈ ਆਏ ।

ਮੈਂ ਤਾਂ ਇਹ ਸਭ ਸੁਣ ਕੇ ਸੁੰਨ ਹੀ ਰਹਿ ਗਿਆ । ਇੰਜ ਜਾਪਿਆ ਜਿਵੇਂ ਖੰਡਰ ਬਣ ਗਿਆ ਹੋਵਾਂ । ਮੈਨੂੰ ਏਨੀਆਂ ਢੇਰਾਂ ਦੀਆਂ ਢੇਰ ਜਵਾਨ ਮੌਤਾਂ ਦਾ ਅਣਪਛਾਤੀਆਂ ਹੋਣ ਦੇ ਰਾਜ਼ ਦਾ ਪਤਾ ਲੱਗ ਗਿਆ ਸੀ ।

ਬਹੁਤ ਸ਼ੁਕਰ ਕੀਤਾ ਕਿ ਇਕ ਜਾਨ ਤਾਂ ਘੱਟੋ-ਘੱਟ ਬਚੀ ਜੋ ਦੁਨੀਆ ਸਾਹਮਣੇ ਪੰਜਾਬ ਦੀ ਜਵਾਨੀ ਦਾ ਨਾਸ ਮਾਰੇ ਜਾਣ ਦਾ ਸਚ ਲਿਆਏਗੀ ਤੇ ਅਜਿਹੇ ਭਿਆਨਕ ਤਰੀਕੇ ਨਾਲ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਬਾਰੇ ਸਾਰੀ ਦੁਨੀਆ ਨੂੰ ਦੱਸੇਗੀ । ਹਸਪਤਾਲ ਦੇ ਕਰਮਚਾਰੀਆਂ ਨੇ ਝਟਪਟ ਉਸ ਦੇ ਘਰ ਸੁਣੇਹਾ ਭਿਜਵਾਇਆ । ਏਨੇ ਨੂੰ ਇੰਸਪੈਕਟਰ ਸੀਤਾ ਰਾਤ ਬੁਨੈਣ ਪਾ ਕੇ, ਬਿਨਾਂ ਵਰਦੀ ਦੇ, ਪੈਰੀਂ ਚੱਪਲ ਪਾ ਕੇ ਉੱਥੇ ਪਹੁੰਚ ਗਿਆ । ਉਸ ਨੇ ਆਉਂਦੇ ਸਾਰ ਡਾਕਟਰ ਨੂੰ ਧੱਕਾ ਮਾਰ ਕੇ ਪਰ੍ਹਾਂ ਸੁੱਟ ਦਿੱਤਾ ਤੇ ਨੌਜਵਾਨ ਸੁਰਜੀਤ ਨੂੰ ਘਸੀਟ ਕੇ ਜਿਪਸੀ ਵਿਚ ਸੁੱਟ ਲਿਆ । ਥੋੜ੍ਹੀ ਦੂਰ ਲਿਜਾ ਕੇ ਦੁਬਾਰਾ ਉਸੇ ਥਾਂ ਕਨਪਟੀ ਉੱਤੇ ਬੰਦੂਕ ਰੱਖ ਕੇ ਗੋਲੀ ਮਾਰ ਦਿੱਤੀ ਤੇ ਕੁੱਝ ਪਲਾਂ ਵਿਚ ਹੀ ਵਾਪਸ ਭੁਆਂ ਕੇ ਮੇਰੀ ਦਹਿਲੀਜ਼ ਤੇ ਸੁਰਜੀਤ ਸਿੰਘ ਦੀ ਲਾਸ਼ ਸੁੱਟ ਦਿੱਤੀ ਤਾਂ ਜੋ ਪੋਸਟਮਾਰਟਮ ਕੀਤਾ ਜਾ ਸਕੇ । ਉੱਥੋਂ ਸਿੱਧਾ ਲਾਸ਼ ਨੂੰ ਲੱਦ ਕੇ ਸ਼ਮਸ਼ਾਨਘਾਟ ਲਿਜਾ ਕੇ ਤੇਲ ਪਾ ਕੇ ਫੂਕ ਦਿੱਤਾ ਗਿਆ ।

ਉਸ ਦੀ ਮਾਂ ਦਰਸ਼ਨ ਕੌਰ ਵਿਚਾਰੀ ਖ਼ਬਰ ਮਿਲਦੇ ਸਾਰ ਰੋਂਦੀ ਕੁਰਲਾਉਂਦੀ ਉੱਥੇ ਪੁੱਜੀ ਪਰ ਉਸ ਨੂੰ ਉਸ ਦੇ ਜਵਾਨ ਪੁੱਤਰ ਦੀ ਲਾਸ਼ ਵੀ ਨਾ ਵਿਖਾਈ ਗਈ ।

ਕਿੰਨਾ ਅਣਖੀਲਾ ਸੀ ਸੁਰਜੀਤ ਸਿੰਘ ਜਿਸ ਨੇ ਇਕ ਵਾਰ ਵੀ ਕਿਸੇ ਅੱਗੇ ਗਿੜਗਿੜਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਵਹਿਸ਼ੀਆਨਾ ਮੌਤ ਸਾਹਮਣੇ ਵੇਖ ਕੇ ਵੀ ਸਿਰਫ਼ ਇਹੀ ਬੋਲਦਾ ਰਿਹਾ ਕਿ ਮੈਂ ਬੇਕਸੂਰ ਹਾਂ । ਮੈਂ ਕਿੰਜ ਭੁੱਲਾਂ ਉਸ ਬੇਕਸੂਰੇ ਨੂੰ, ਜੋ ਕੁੱਝ ਪਲ ਪਹਿਲਾਂ ਪੀੜ ਨਾਲ ਤੜਫਦਾ ਪਿਆ ਸੀ ਤੇ ਕੁੱਝ ਪਲਾਂ ਬਾਅਦ ਠੇਡੇ ਖਾਂਦੀ ਤੇ ਰੁਲਦੀ ਲਾਸ਼ ਬਣ ਗਿਆ ਸੀ । ਇਹ ਵੀ ਦੱਸੋ ਕਿ ਇਹ ਕਾਰਾ ਕਰਨ ਵਾਲਿਆਂ ਨੂੰ ਮੈਂ ਕਿਵੇਂ ਭੁਲਾ ਸਕਦਾ ਹਾਂ ?

ਮੈਂ ਤਾਂ ਆਪਣੀ ਹੱਦ ਅੰਦਰ ਹੀ ਸ੍ਰ. ਗੁਰਪਿੰਦਰ ਸਿੰਘ ਮੁਕਤਸਰ ਜੀ ਦਾ ਇਕ ਰਿਸਾਲੇ ਵਿਚ ਲਿਖਿਆ ਹੋਇਆ ਲੇਖ ਵੀ ਕਿਸੇ ਨੂੰ ਪੜ੍ਹਦੇ, ਸੁਣਿਆ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ‘ਸੀਤਲ ਸਿੰਘ ਅਟਾਰੀ ਜੀ ਨੂੰ 1984 ਵਿਚ ਅੱਖਾਂ ਵਿਚ ਮਿਰਚਾਂ ਪਾ ਕੇ, ਬਾਹਾਂ ਚੀਰ ਕੇ ਉਸ ਵਿਚ ਵੀ ਮਿਰਚਾਂ ਪਾ ਕੇ, ਫੇਰ ਕਿੱਕਰ ਦੀਆਂ ਸੂਲਾਂ ਵੱਢ ਕੇ ਉਸ ਉੱਤੇ ਲੱਤਾਂ ਬੰਨ੍ਹ ਕੇ ਇੱਧਰ-ਉੱਧਰ ਧੂਇਆ ਗਿਆ । ਪੋਸਟਮਾਰਟਮ ਕਰਨ ਬਾਅਦ ਅੱਧਾ ਕਿੱਲੋ ਮਿਰਚਾਂ ਢਿਡ ਅੰਦਰੋਂ ਵੀ ਨਿਕਲੀਆਂ । ਕਈ ਲਾਸ਼ਾਂ ਦੀਆਂ ਤਾਂ ਸਰੀਰ ਵਿੱਚੋਂ ਇਕ ਹੀ ਹੱਡੀ ਸਾਬਤ ਨਹੀਂ ਲੱਭੀ ।  ਹਰ ਅਣਪਛਾਤੀ ਲਾਸ਼ ਨਾਲ ਅਤਿ ਦਾ ਤਸ਼ੱਦਦ ਹੋਇਆ ਲੱਭਿਆ ।’

ਮੈਨੂੰ ਅੱਜ ਮਜਬੂਰ ਹੋ ਕੇ ਚੁੱਪੀ ਤੋੜਨੀ ਪੈ ਗਈ ਹੈ ਕਿਉਂਕਿ ਮੈਂ ਅੱਜ ਆਪਣੀ ਹੀ ਹਦ ਅੰਦਰ ਦੋ ਜਣਿਆਂ ਨੂੰ ਗੱਲ ਕਰਦਿਆਂ ਸੁਣ ਲਿਆ ਹੈ ਕਿ 1984 ਹੁਣ ਭੁੱਲ ਜਾਣੀ ਚਾਹੀਦੀ ਹੈ । ਐਵੇਂ ਸਿਆਸੀ ਪਾਰਟੀਆਂ ਨੂੰ ਇਕ ਮੁੱਦਾ ਮਿਲਿਆ ਹੋਇਐ ।

ਜੀਊਣ ਜੋਗਿਓ, ਤੁਸੀਂ ਭੁਲਾ ਸਕਦੇ ਹੋਵੇਗੋ ਕਿਉਂਕਿ ਤੁਸੀਂ ਆਪ ਅੱਖੀਂ ਵੇਖੇ ਗਵਾਹ ਨਹੀਂ ਹੋ, ਪਰ ਮੈਂ ਕੀ ਕਰਾਂ ? ਉਨ੍ਹਾਂ ਸਾਰੀਆਂ ਬੇਕਸੂਰ ਅਣਪਛਾਤੀਆਂ ਲਾਸ਼ਾਂ ਤੇ ਉਨ੍ਹਾਂ ਦੀਆਂ ਮਜਬੂਰ ਮਾਵਾਂ ਦੀਆਂ ਸਹਿਕਦੀਆਂ ਅੱਖਾਂ ਕਿਵੇਂ ਭੁੱਲ ਜਾਵਾਂ ? ਤੁਸੀਂ ਏਨੇ ਬੇਰਹਿਮ ਕਿਵੇਂ ਹੋ ਸਕਦੇ ਹੋ ? ਅਜਿਹੇ ਜ਼ੁਲਮ ਨੂੰ ਸਿਰਫ਼ ਮੁੱਦਾ ਨਾਂ ਦੇ ਕੇ ਖ਼ਤਮ ਕਿਵੇਂ ਕਰ ਸਕਦੇ ਹੋ ?

ਤਸੀਹੇ ਝੱਲ ਕੇ ਲਾਵਾਰਸਾਂ ਵਾਂਗ ਫੂਕੇ ਜਾਣ ਬਾਅਦ ਵੀ ਉਨ੍ਹਾਂ ਬੇਕਸੂਰਿਆਂ ਦੇ ਘਰਾਂ ਵਿਚ ਹਾਲੇ ਤਕ ਇਕ ਪੀੜ, ਇਕ ਹੂਕ ਸੁਣਦੀ ਹੈ । ਉਨ੍ਹਾਂ ਵਿੱਚੋਂ ਕਿਸੇ ਨੂੰ ਆਪਣੇ ਜਵਾਨ ਪੁੱਤਰਾਂ ਦਾ ਮੂੰਹ ਤਕ ਨਹੀਂ ਵਿਖਾਇਆ ਗਿਆ । ਲਾਵਾਰਸ ਤਾਂ ਅਸਲ ਵਿਚ ਇਹ ਸਾਰੇ ਮਾਪੇ ਹੋ ਗਏ ਸਨ ਜਿਨ੍ਹਾਂ ਦੀ ਦੇਖਭਾਲ ਲਈ ਕੋਈ ਨਹੀਂ ਬਚਿਆ । ਕੋਈ ਨਾਮਲੇਵਾ ਨਹੀਂ ।

ਜਿਨ੍ਹਾਂ ਦੀ ਭੁੱਲ ਜਾਣ ਦੀ ਗੱਲ ਚੱਲ ਰਹੀ ਹੈ, ਉਨ੍ਹਾਂ ਵਿੱਚੋਂ ਸੈਂਕੜੇ ਬੇਦੋਸਿਆਂ ਨੂੰ ਗਲੇ ਦੁਆਲੇ ਟਾਇਰ ਪਾ ਕੇ ਸਾੜਿਆ ਗਿਆ ਤੇ ਉਨ੍ਹਾਂ ਦੀਆਂ ਅਧਸੜੀਆਂ ਲਾਸ਼ਾਂ ਨੂੰ ਕੁੱਤੇ ਚੂੰਢਦੇ ਰਹੇ ।

ਉਨ੍ਹਾਂ ਦਾ ਕਸੂਰ ਸਿਰਫ਼ ਏਨਾ ਸੀ ਕਿ ਸਾਰਿਆਂ ਦੇ ਸਿਰਾਂ ਉੱਤੇ ਵਾਲ ਬੰਨ੍ਹ ਕੇ ਜੂੜੇ ਬਣਾਏ ਗਏ ਸਨ ਤੇ ਸਿਰ ਕੱਜਣ ਲਈ ਦਸਤਾਰ ਬੰਨ੍ਹੀ ਹੋਈ ਸੀ । ਇਹ ਭਲਾ ਕਿੰਨਾ ਵੱਡਾ ਕਸੂਰ ਮੰਨਿਆ ਜਾ ਸਕਦਾ ਹੈ ?

ਅਜਿਹੇ ਪਹਿਰਾਵੇ ਵਾਲਿਆਂ ਦੀਆਂ ਵਹੁਟੀਆਂ, ਮਾਵਾਂ ਤੇ ਬੱਚੀਆਂ ਦੀ ਸਮੂਹਕ ਤੌਰ ਉੱਤੇ ਪੱਤ ਲੁੱਟੀ ਗਈ ਤੇ ਨਿਆਂ ਦੇਣ ਦੀ ਥਾਂ ਸਿਰਫ਼ ਭੁੱਲ ਜਾਣ ਦੀ ਗੱਲ ਸ਼ੁਰੂ ਹੋ ਗਈ ਹੈ ਜਾਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ  !

ਅਜਿਹਾ ਕਹਿਣ ਵਾਲੇ ਸ਼ਾਇਦ ਅਣਜਾਣ ਹਨ ਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਦਸਤਾਰ ਬੰਨਣ ਵਾਲੇ ਕਿਸ ਮਿੱਟੀ ਦੇ ਬਣੇ ਹੁੰਦੇ ਹਨ । ਇਹ ਤਾਂ ਹਾਲੇ ਤੱਕ ਸਿਰ ਵੱਢ ਕੇ ਲੈ ਜਾਣ ਵਾਲਿਆਂ ਨੂੰ ਤੇ ਸਿਰਾਂ ਦੇ ਮੁੱਲ ਪਾਉਣ ਵਾਲੇ ਮੀਰ ਮੰਨੂੰ ਨੂੰ ਨਹੀਂ ਭੁੱਲੇ  ! ਚਰਖੜੀਆਂ ’ਤੇ ਚੜ੍ਹਨ ਵਾਲਿਆਂ ਨੂੰ, ਆਰਿਆਂ ਨਾਲ ਚਿਰਵਾਏ ਜਾਣ ਵਾਲਿਆਂ ਨੂੰ ਤੇ ਵਿਛੜੇ ਗੁਰਦੁਆਰਿਆਂ ਤੱਕ ਨੂੰ ਰੋਜ਼ ਹਰ ਅਰਦਾਸ ਵਿਚ ਯਾਦ ਕਰਦੇ ਹਨ। ਇਹ ਕੌਮ ਭਲਾ 1984 ਨੂੰ ਕਿਵੇਂ ਭੁਲਾ ਸਕੇਗੀ ਜਿੱਥੇ ਗੁਰੂ ਸਾਹਿਬ ਦਾ ਤਖ਼ਤ ਤੱਕ ਢਹਿ ਗਿਆ ਹੋਵੇ ਤੇ ਅਣਗਿਣਤ ਬੇਦੋਸ਼ੇ ਤਸੀਹੇ ਦੇ-ਦੇ ਕੇ ਧਰਮ ਦੇ ਨਾਂ ਉੱਤੇ ਸ਼ਹੀਦ ਕਰ ਦਿੱਤੇ ਗਏ ਹੋਣ  !

ਦੁਖ ਤਾਂ ਸਿਰਫ਼ ਇਸ ਗੱਲ ਦਾ ਹੈ ਕਿ ਜਿਨ੍ਹਾਂ ਲਈ ਦਸਤਾਰਾਂ ਵਾਲਿਆਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦੀਆਂ ਚੁੱਕੀਆਂ ਧੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਵਾਪਸ ਲਿਆਂਦੀਆਂ, ਉਨ੍ਹਾਂ ਦੇ ਹੀ ਵੰਸ਼ਜ ਇਹ ਕਾਰਾ ਕਰਨ ਵਾਲੇ ਹਨ । ਜੰਗ ਦੇ ਮੈਦਾਨ ਵਿਚ ਇਸੇ ਕੌਮ ਦੇ 87 ਫੀਸਦੀ ਜਵਾਨ ਛਾਤੀ ’ਤੇ ਗੋਲੀਆਂ ਖਾ ਕੇ ਆਜ਼ਾਦੀ ਦਵਾਉਣ ਵਾਲੇ ਸਨ, ਸੂਰਮੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਰਗਿਆਂ ਨੇ ਅੰਗਰੇਜ਼ਾਂ ਦੀਆਂ ਵੱਖੀਆਂ ਉਦੇੜ ਕੇ ਰੱਖ ਦਿੱਤੀਆਂ ਸਨ । ਉਨ੍ਹਾਂ ਦੀ ਅਗਲੀ ਪੌਦ ਨੂੰ ਰੌਂਦ ਕੇ ਰੱਖਣ ਅਤੇ ਲਾਵਾਰਸ ਲਾਸ਼ਾਂ ਬਣਾਉਣ ਵਾਲੇ ਇਹ ਕਿਵੇਂ ਭੁੱਲ ਸਕਦੇ ਹਨ ?

ਆਜ਼ਾਦੀ ਦੀ ਜੰਗ ਵੇਲੇ ਵੀ 10 ਹਜ਼ਾਰ ਤੋਂ ਵੱਧ ਖਾਲਸਾ ਫੌਜ ਜੇਲ੍ਹਾਂ ਵਿਚ ਤਾੜੀ ਗਈ, ਹਜ਼ਾਰਾਂ ਸਿੱਖ ਜਰਨੈਲ ਕੈਦ ਕੀਤੇ ਗਏ ਤੇ ਹਜ਼ਾਰਾਂ ਸਿੱਖ ਜਵਾਨ ਲਾਪਤਾ ਕਰਾਰ ਕਰ ਦਿੱਤੇ ਗਏ ।

ਕੀ ਆਜ਼ਾਦੀ ਦੀ ਉਹ ਭੂਮਿਕਾ ਵੀ ਭੁਲਾ ਦਿੱਤੀ ਗਈ ਹੈ ? ਝੂਠ ਤੇ ਕੁਫਰ ਤੋਲ ਕੇ ਸਿੱਖ ਬੀਬੀਆਂ ਦੀ ਬਹਾਦਰੀ ਵੀ ਰੋਲ ਦਿੱਤੀ ਗਈ ਹੈ । ਰਾਣੀ ਝਾਂਸੀ ਤੇ ਲਕਸ਼ਮੀ ਬਾਈ ਨੂੰ ਬੱਚਾ-ਬੱਚਾ ਜਾਣਦਾ ਹੈ ਪਰ ਕਿਤਾਬਾਂ ਵਿਚ ਮਾਈ ਭਾਗੋ ਵਿਸਾਰ ਦਿੱਤੀ ਗਈ ਹੈ ।

1947 ਵੀ ਭੁੱਲੀ, ਹੁਣ 1984 ਵੀ ਭੁਲਾਉਣ ਉੱਤੇ ਜ਼ੋਰ ਲਾ ਦਿੱਤਾ ਗਿਆ ਹੈ । 1993 ਤਕ ਦਾ ਜਬਰ ਹੌਲੀ-ਹੌਲੀ ਦਫਨ ਹੋ ਜਾਣ ਵਾਲਾ ਹੈ, ਪਰ, ਮੈਨੂੰ ਯਕੀਨ ਹੈ ਕਿ ਹਰੀ ਸਿੰਘ ਨਲੂਏ ਦੀ ਇਹ ਪੁਸ਼ਤ ਸ਼ੇਰਾਂ ਨਾਲ ਜੂਝਦੀ ਆਈ ਹੈ ਤੇ ਹਮੇਸ਼ਾ ਜ਼ੁਲਮ ਕਰਨ ਵਾਲਿਆਂ ਨੂੰ ਖ਼ਤਮ ਵੀ ਕਰਦੀ ਆਈ ਹੈ । ਇਹ ਕੌਮ ਜ਼ਾਲਮਾਂ ਨੂੰ ਭੁੱਲਦੀ ਨਹੀਂ ਤੇ ਪੁਸ਼ਤ ਦਰ ਪੁਸ਼ਤ ਇਹ ਪੀੜ ਅਗਾਂਹ ਪਹੁੰਚਾਉਂਦੀ ਹੈ, ਭਾਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਵੇ ਤੇ ਭਾਵੇਂ ਬੇਦੋਸ਼ਿਆਂ ਨੂੰ ਅਣਪਛਾਤੇ ਕਹਿ ਕੇ ਮਾਰ ਮੁਕਾਇਆ ਹੋਵੇ ! ਇਕ ਮਾਰੇ ਜਾਣ ਉੱਤੇ ਚਾਰ ਹੋਰ ਪੈਦਾ ਹੁੰਦੇ ਰਹੇ ਹਨ ਤੇ ਪੈਦਾ ਹੁੰਦੇ ਰਹਿਣਗੇ ! ਜਿਹੜਾ ਵੀ ਜਣਾ ਕਦੇ ਕੁੱਝ ਭੁਲਾਉਣ ਦੀ ਗੁਸਤਾਖ਼ੀ ਕਰ ਗਿਆ, ਉਸ ਨੂੰ ਮੈਂ ਸੱਦਾ ਦਿੰਦਾ ਹਾਂ ਕਿ ਪੱਟੀ ਵਿਚ ਮੇਰੇ ਸਿਵਲ ਹਸਪਤਾਲ ਦੀ ਹਰ ਇੱਟ ਵਿਚ ਸਮੋਈ ਪੀੜ ਜ਼ਰੂਰ ਇਕ ਵਾਰ ਮਹਿਸੂਸ ਕਰ ਆਏ ਤੇ ਇਹ ਵੀ ਯਾਦ ਰੱਖੇ ਕਿ ਇਤਿਹਾਸ ਦੁਹਰਾਉਂਦਾ ਜ਼ਰੂਰ ਹੈ । ਅਗਲੀ ਵਾਰੀ ਤੁਹਾਡੀ ਹੋ ਸਕਦੀ ਹੈ ! ਇਹੀ ਬਥੇਰਾ ਹੈ ਉਨ੍ਹਾਂ ਵਾਸਤੇ ਜੋ ਕਹਿੰਦੇ ਹਨ-84 ਭੁੱਲਦੀ ਕਿਉਂ ਨਹੀਂ ! ਤਸੀਹੇ ਦੇਣ ਵਾਲੇ ਭਾਵੇਂ ਥੱਕ ਜਾਣ ਪਰ ਇਸ ਕੌਮ ਤੇ ਬਾਸ਼ਿੰਦੇ ਤਸੀਹੇ ਝੱਲਣ ਵੇਲੇ ਥੱਕਦੇ ਨਹੀਂ ਤੇ ਨਾ ਹੀ ਟੁੱਟਦੇ ਹਨ !

ਮੈਂ ਤਾਂ ਇਹੀ ਕਹਿੰਦਾ ਰਹਾਂਗਾ ਕਿ ਜ਼ਾਲਮ ਹਰ ਸਦੀ ਆਉਂਦੇ ਹਨ ਪਰ ਸ਼ੇਰਾਂ ਦੀ ਦਹਾੜ ਮੱਠੀ ਨਹੀਂ ਪੈਣੀ ਚਾਹੀਦੀ । ਹੁਣ ਇਹੋ ਲੋੜ ਬਾਕੀ ਹੈ ਕਿ ਰੋਜ਼ ਦੀ ਅਰਦਾਸ ਵਿਚ 1984 ਵੀ ਸ਼ਾਮਲ ਕਰ ਲਈ ਜਾਏ ਤਾਂ ਜੋ ਇਸ ਦਾ ਹਰ ਪਲ ਇਕ ਰਿਸਦਾ ਜ਼ਖ਼ਮ ਬਣ ਕੇ ਪਹਿਲਾਂ ਵਾਲੇ ਸਾਰੇ ਜ਼ੁਲਮਾਂ ਦੇ ਨਾਲ ਜੁੜ ਜਾਏ ਤੇ ਅਗਲੀ ਪਸ਼ਤ ਲਈ ਲਹੂ ਗਰਮਾਉਣ ਲਈ ਚਿੰਗਾਰੀ ਬਣਿਆ ਰਹੇ । ਚੇਤੇ ਰਹੇ ਕਿ ਇਤਿਹਾਸ ਭੁਲਾਉਣ ਵਾਲੀਆਂ ਕੌਮਾਂ ਦਫ਼ਨ ਹੋ ਜਾਇਆ ਕਰਦੀਆਂ ਹਨ ।

ਹੁਣ ਤਾਂ ਸਕੂਲਾਂ ਵਿਚ ਬੱਚਿਆਂ ਵੱਲੋਂ ਪੜ੍ਹੇ ਜਾ ਰਹੇ ਕੋਰਸ ਦੀਆਂ ਕਿਤਾਬਾਂ ਵਿਚਲੇ ਇਤਿਹਾਸ ਵਿਚ ਰਾਜੇ ਬਾਬਰ ਨੂੰ ਜਾਬਰ ਕਹਿਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਸਾਰ ਦਿੱਤੇ ਗਏ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸਾਰ ਦਿੱਤੀ ਗਈ ਹੈ । ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਤੱਕ ਨਹੀਂ ਹੈ । ਆਜ਼ਾਦ ਹਿੰਦ ਫੌਜ ਸਥਾਪਿਤ ਕਰਨ ਵਾਲੇ ਜਰਨੈਲ ਮੋਹਨ ਸਿੰਘ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ ਹੈ । ਅਸਟ੍ਰੇਲੀਆ ਵਿਚ ਤਾਂ ਸਭ ਦਿੱਗਜਾਂ ਨੂੰ ਮਾਤ ਕਰ ਕੇ ਬਹਾਦਰੀ ਦੀ ਮਾਨਤਾ ਪ੍ਰਾਪਤ ਕਰ ਗਿਆ ਪਰ ਸਾਡੇ ਬੱਚਿਆਂ ਨੂੰ ਹਰੀ ਸਿੰਘ ਨਲੂਏ ਦਾ ਨਾਂ ਤੱਕ ਯਾਦ ਨਹੀਂ । ਬ੍ਰਿਟੇਨ ਵਿਚ ਫੌਜੀਆਂ ਨੂੰ ਸਾਰਾਗੜ੍ਹੀ ਦੀ ਲੜ੍ਹਾਈ ਬਾਰੇ ਪੜ੍ਹਾਉਂਦੇ ਹਨ ਪਰ ਸਾਡੇ ਬੱਚਿਆਂ ਵਾਸਤੇ ਲਹੂ ਗਰਮਾਉਣ ਲਈ ਇਹ ਵੀ ਯਾਦ ਨਹੀਂ ਰਹਿਣ ਦਿੱਤਾ ਗਿਆ ।

1947 ਬਾਰੇ ਜ਼ਿਕਰ ਕਰਦੀਆਂ ਸਭ ਕਿਤਾਬਾਂ ਵਿੱਚੋਂ ਸਿੱਖਾਂ ਦੀ ਭੂਮਿਕਾ ਗ਼ਾਇਬ ਹੈ । ਹੁਣ 1984 ਵੀ ਭੁਲਾ ਦੇਣ ਲਈ ਪੂਰਾ ਜ਼ੋਰ ਲਾ ਦਿੱਤਾ ਗਿਆ ਹੈ । ਜਿਹੜੇ ਮਰ ਖੱਪ ਗਏ, ਉਹ ਵੀ, ਤੇ ਜਿਹੜੇ ਜਾਨ ਬਚਾ ਵਤਨੋਂ ਪਾਰ ਗਏ, ਉਹ ਵੀ ਵਿਸਾਰ ਦਿੱਤੇ ਗਏ ।

ਦਸਤਾਰ ਵਾਲਿਆਂ ਉੱਤੇ ਜ਼ੁਲਮ ਹੋਣੇ ਕਿਸੇ ਸਦੀ ਵਿਚ ਬੰਦ ਨਹੀਂ ਹੋਏ ਤੇ ਨਾ ਹੀ ਅਤਿ ਦੇ ਜ਼ੁਲਮ ਸਹਿਣ ਬਾਅਦ ਹਾਲੇ ਤਕ ਇਸ ਕੌਮ ਨੂੰ ਨੇਸਤਾ-ਨਾਬੂਦ ਕੀਤਾ ਜਾ ਸਕਿਆ ਹੈ, ਪਰ ਇਹ ਇਤਿਹਾਸ ਖੋਹ ਲੈਣ ਵਾਲੀ ਚਾਲ ਭਾਰੀ ਪੈ ਜਾਣ ਵਾਲੀ ਹੈ । ਇਹੀ ਸਮਾਂ ਹੈ ਜਾਗਰੂਕ ਹੋ ਕੇ ਯਾਦਗਾਰਾਂ ਬਣਾਉਣ ਦਾ ਤੇ ਇਤਿਹਾਸ ਦੀਆਂ ਕਿਤਾਬਾਂ ਵਿਚ ਕੁਰਬਾਨੀਆਂ ਸ਼ਾਮਲ ਕਰਵਾਉਣ ਦਾ ਤਾਂ ਜੋ ਸ਼ੇਰਾਂ ਦੇ ਪੁੱਤਰ ਕਿਤੇ ਪਾਲਤੂ ਬਣ ਕੇ ਨਾ ਰਹਿ ਜਾਣ ਤੇ ਦਹਾੜ ਤਕ ਮਾਰਨੀ ਭੁੱਲ ਜਾਣ ।

ਧਰਮੀ ਫੌਜੀਆਂ ਦਾ ਤਾਂ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਹੈ । ਪੂਰਾ ਮੁਲਕ ਕਿੱਤੂਰ ਚੇਨੰਮਾ (ਈਸਟ ਇੰਡੀਆ ਕੰਪਨੀ ਵਿਰੁੱਧ ਜੰਗ ਛੇੜਨ ਵਾਲੀ), ਰਾਣੀ ਝਾਂਸੀ, ਬੇਗਮ ਹਜ਼ਰਤ ਮਹਿਲ, ਦੇ ਨਾਂ ਜਾਣਦਾ ਹੈ ਪਰ ਪੰਜਾਬੋਂ ਬਾਹਰ ਕੋਈ ਮਾਈ ਭਾਗੋ, ਜੈਤੋ ਦੇ ਮੋਰਚੇ ਵਿਚ ਛਾਤੀ ਉੱਤੇ ਗੋਲੀ ਖਾ ਕੇ ਸ਼ਹੀਦ ਹੋਣ ਵਾਲੀਆਂ ਸ਼ੇਰਨੀਆਂ ਜਾਂ ਗੁਲਾਬ ਕੌਰ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ ।

ਪੰਜਾਬ ਅੰਦਰ ਵੀ ਕੋਈ ਵਿਰਲਾ ਬੱਚਾ ਹੀ ਪੰਜਾਬਣਾਂ ਦੀ ਸ਼ਹਾਦਤ ਨੂੰ ਆਪਣੇ ਚੇਤੇ ਵਿਚ ਥਾਂ ਦੇ ਸਕਿਆ ਹੈ । ਇਹ ਤਾਂ ਅਸਲੋਂ ਹੀ ਅਸੀਂ ਆਪੇ ਵਿਸਾਰ ਦਿੱਤੀਆਂ ਹਨ । ਇਹ ਯਕੀਨਨ ਇਸ ਕੌਮ ਲਈ ਇਕ ਮਾਰੂ ਟੱਕ ਸਾਬਤ ਹੋ ਜਾਏਗਾ ।