ਸਿੱਖ ਕੇਵਲ ਪੜ੍ਹਦੇ ਹੀ ਨਹੀਂ ਬਲਕਿ ਅਮਲੀ ਰੂਪ ਵਿੱਚ ਮੰਨਣ ਦਾ ਵੀ ਸਬੂਤ ਦਿੰਦੇ ਹਨ ਕਿ ਇਹ (ਸਿੱਖ) ਸਭਨਾਂ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਮੰਨਦੇ ਹਨ : ਗੁਰਇੰਦਰਦੀਪ ਸਿੰਘ

0
254

ਸਿੱਖ ਕੇਵਲ ਪੜ੍ਹਦੇ ਹੀ ਨਹੀਂ ਬਲਕਿ ਅਮਲੀ ਰੂਪ ਵਿੱਚ ਮੰਨਣ ਦਾ ਵੀ ਸਬੂਤ ਦਿੰਦੇ ਹਨ ਕਿ ਇਹ (ਸਿੱਖ) ਸਭਨਾਂ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਮੰਨਦੇ ਹਨ :  ਗੁਰਇੰਦਰਦੀਪ ਸਿੰਘ

ਬਠਿੰਡਾ, 31 ਜੁਲਾਈ (ਕਿਰਪਾਲ ਸਿੰਘ ਬਠਿੰਡਾ): ਸਿੱਖ ਕੇਵਲ ਪੜ੍ਹਦੇ ਹੀ ਨਹੀਂ ਬਲਕਿ ਅਮਲੀ ਰੂਪ ਵਿੱਚ ਮੰਨਣ ਦਾ ਵੀ ਸਬੂਤ ਦਿੰਦੇ ਹਨ ਕਿ ਇਹ ਸਭਨਾਂ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਮੰਨਦੇ ਹਨ। ਇਹ ਸ਼ਬਦ ਗੁਰਮਤਿ ਪ੍ਰਚਾਰ ਸਭਾ ਵੱਲੋਂ ਕੀਤੇ ਜਾ ਰਹੇ ਹਫਤਾਵਾਰੀ ਸਮਾਗਮ ਨੂੰ ਸੰਬੋਧਨ ਹੁੰਦਿਆਂ ਪ੍ਰਚਾਰਕ ਭਾਈ ਗੁਰਇੰਦਰਦੀਪ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਉਦਾਹਰਨ ਦਿੰਦਿਆਂ ਇੱਥੇ ਬਾਬਾ ਦੀਪ ਸਿੰਘ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਕਹੇ।

ਉਨ੍ਹਾਂ ਕਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਕ ਮੁਸਲਮਾਨ ਫ਼ਕੀਰ ਨੇ ਕੁਰਾਨ ਸ਼ਰੀਫ਼ ਦਾ ਵਿਆਖਿਆ ਸਹਿਤ ਟੀਕਾ ਕੀਤਾ। ਉਹ ਟੀਕਾ ਉਸ ਨੂੰ ਇਤਨਾ ਪਾਸੰਦ ਆਇਆ ਕਿ ਉਹ ਖ਼ੁਦਾ ਅੱਗੇ ਅਰਦਾਸ ਕਰਨ ਲੱਗਾ ਕਿ ‘ਹੇ ਖ਼ੁਦਾ ! ਮੇਰੀ ਤਮੰਨਾ ਹੈ ਕਿ ਇਸ ਟੀਕੇ ਦਾ ਹਰ ਮਸਜ਼ਿਦ ਵਿੱਚ ਪ੍ਰਚਾਰ ਹੋਵੇ ਤਾਂ ਕਿ ਆਮ ਲੋਕਾਂ ਤੱਕ ਕੁਰਾਨ ਸ਼ਰੀਫ਼ ਦਾ ਸੰਦੇਸ਼ ਪਹੁੰਚ ਸਕੇ, ਪਰ ਨਾ ਤਾਂ ਮੇਰੇ ਪਾਸ ਇਤਨੇ ਪੈਸੇ ਹਨ ਕਿ ਮੈਂ ਇਸ ਨੂੰ ਛੁਪਵਾ ਕੇ ਹਰ ਮਸਜ਼ਿਦ ਤੱਕ ਪਹੁੰਚਾ ਸਕਾਂ ਅਤੇ ਨਾ ਹੀ ਇੱਥੋਂ ਦਾ ਰਾਜਾ ਹੀ ਮੁਸਲਮਾਨ ਹੈ ਜਿਸ ਪਾਸ ਮੈਂ ਇੱਛਾ ਪ੍ਰਗਟ ਕਰਦੀ ਬੇਨਤੀ ਕਰਾਂ ਕਿ ਉਹ ਹੀ ਇਸਲਾਮ ਦੇ ਵਾਧੇ ਲਈ ਇਸ ਟੀਕੇ ਦੀ ਛਪਵਾਈ ਕਰਵਾ ਕੇ ਹਰ ਮਸਜ਼ਿਦ ਤੱਕ ਪਹੁੰਚਾਵੇ; ਇਸ ਲਈ ਹੁਣ ਤੂੰ ਹੀ ਬਹੁੜੀ ਕਰ ਅਤੇ ਮੇਰੇ ਮਨ ਦੀ ਇੱਛਾ ਪੂਰੀ ਕਰ। ਕੁਦਰਤੀ ਉਸ ਦੀ ਅਰਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਪਿੱਛੇ ਖੜ੍ਹਾ ਸੁਣ ਰਿਹਾ ਸੀ। ਅਰਦਾਸ ਪੂਰੀ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਸ ਫ਼ਕੀਰ ਨੂੰ ਕਿਹਾ ਖ਼ੁਦਾ ਨੇ ਤੇਰੀ ਅਰਦਾਸ ਸੁਣ ਲਈ ਹੈ ਇਸ ਲਈ ਖ਼ੁਦਾ ਨੇ ਮੈਨੂੰ ਤੇਰਾ ਕੰਮ ਕਰਨ ਲਈ ਭੇਜਿਆ ਹੈ। ਤੂੰ ਇਸ ਟੀਕੇ ਦਾ ਖਰੜਾ ਮੈਨੂੰ ਦੇ ਦੇਹ ਤਾਂ ਕਿ ਮੈਂ ਇਸ ਨੂੰ ਰਾਜ ਦੇ ਖਰਚੇ ’ਤੇ ਛਪਵਾ ਕੇ ਹਰ ਮਸਜ਼ਿਦ ਤੱਕ ਪਹੁੰਚਾ ਸਕਾਂ। ਉਹ ਫ਼ਕੀਰ ਮਹਾਰਾਜਾ ਰਣਜੀਤ ਸਿੰਘ ਦੇ ਦੂਸਰੇ ਧਰਮਾਂ ਪ੍ਰਤੀ ਕੀਤੇ ਜਾਂਦੇ ਵਿਵਹਾਰ ਤੋਂ ਇਤਨਾ ਪ੍ਰਭਾਵਤ ਹੋਇਆ ਕਿ ਉਸ ਨੇ ਅਰਦਾਸ ਕੀਤੀ ਕਿ ਹਰ ਥਾਂ ਇਸ ਤਰ੍ਹਾਂ ਦੇ ਸਿੱਖ ਦਾ ਹੀ ਰਾਜ ਹੋਣਾ ਚਾਹੀਦਾ ਹੈ। ਇਹ ਘਟਨਾ ਦੱਸਦੀ ਹੈ ਕਿ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਵਨ ਬਚਨ ਕੇਵਲ ਪੜ੍ਹਦੇ ਹੀ ਨਹੀਂ ਕਿ “ਅਵਲਿ, ਅਲਹ ਨੂਰੁ ਉਪਾਇਆ;   ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ;   ਕਉਨ ਭਲੇ ? ਕੋ ਮੰਦੇ ? ” ਬਲਕਿ ਅਮਲੀ ਰੂਪ ਵਿੱਚ ਮੰਨਣ ਦਾ ਵੀ ਸਬੂਤ ਦਿੰਦੇ ਹਨ ਕਿ ਇਹ ਸਭਨਾਂ ਵਿੱਚ ਇੱਕੋ ਅਕਾਲ ਪੁਰਖ ਦੀ ਹੀ ਜੋਤ ਮੰਨਦੇ ਹਨ। ਜਦੋਂ ਕਿ ਪਹਿਲਾਂ ਮੁਗਲਾਂ ਦੇ ਰਾਜ ਵਿੱਚ ਭਾਰਤ ਦੇ ਹਰ ਵਾਸੀ ਨੂੰ ਜ਼ਬਰੀ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ ਅਤੇ ਜਿਨ੍ਹਾਂ ਦਾ ਹੁਣ ਰਾਜ ਹੈ ਉਹ ਵੀ ਐਸੇ ਬਿਆਨ ਦੇ ਕੇ ਘੱਟ ਗਿਣਤੀਆਂ ਨੂੰ ਭੈ-ਭੀਤ ਕਰ ਰਹੇ ਹਨ ਕਿ 2020 ਤੱਕ ਸਭਨਾਂ ਨੂੰ ਹਿੰਦੂ ਬਣਾ ਲਿਆ ਜਾਵੇਗਾ। ਭਾਈ ਗੁਰਇੰਦਰਦੀਪ ਸਿੰਘ ਤੋਂ ਪਹਿਲਾਂ ਪ੍ਰਭਾਤੀ ਰਾਗੁ ਵਿੱਚ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਉਕਤ ਸ਼ਬਦ (ਅਵਲਿ, ਅਲਹ ਨੂਰੁ ਉਪਾਇਆ;  ਕੁਦਰਤਿ ਕੇ ਸਭ ਬੰਦੇ ), ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1349 ਉਪਰ ਦਰਜ ਹੈ, ਦਾ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਗਿਆ।