ਅੰਤਕ ‘ਹ’ ਮੁਕਤੇ ਦਾ ਉਚਾਰਨ (ਭਾਗ-1)

0
364

‘ਅੰਤਕ ‘ਹ’ ਮੁਕਤੇ ਦਾ ਉਚਾਰਨ (ਭਾਗ-1)

ਹਰਜਿੰਦਰ ਸਿੰਘ ‘ਘੜਸਾਣਾ’

ਹਰ-ਅੱਖਰ ਦਾ ਉਚਾਰਣ ਅਸਥਾਨ ਵੱਖ-ਵੱਖ ਹੈ, ਉਚਾਰਣ ਸਮੇਂ ਸੰਬੰਧਿਤ ਅੱਖਰ ਦਾ ਉਚਾਰਣ-ਅਸਥਾਨ ਬਾਰੇ ਬੋਧ ਹੋਣਾ ਲਾਜ਼ਮੀ ਹੈ।

‘ਹ’ ਅੱਖਰ ਖਹਿਵਾਂ ਨਾਦੀ ਵਿਅੰਜਨ ਹੈ, ਇਸ ਦਾ ਉਚਾਰਣ-ਸਥਾਨ ਕੰਠ-ਦੁਆਰ ਹੈ। ਆਮ ਕਰਕੇ ਜਦੋਂ ‘ਹ’ ਅੱਖਰ ਕਿਸੇ ਸ਼ਬਦ ਦੇ ਅਰੰਭ ਵਿੱਚ ਆਵੇ ਤਾਂ ਉਚਾਰਣ ਦੀ ਕੋਈ ਸੱਮਸਿਆ ਨਹੀਂ ਹੈ, ਪਰ ਜਦੋਂ ਕਿਸੇ ਸ਼ਬਦ ਦੇ ਵਿਚਕਾਰ ਮੁਕਤੇ ਰੂਪ ਵਿੱਚ ਜਾਂ ਕਿਸੇ ਸ਼ਬਦ ਦੇ ਅੰਤ ਆਵੇ ਤਾਂ ਉਚਾਰਣ ਦਰੁਸਤ ਰੂਪ ਵਿੱਚ ਨਹੀਂ ਕੀਤਾ ਜਾਂਦਾ; ਇਥੇ ਕੇਵਲ ਅਸੀਂ ਕਿਸੇ ਸ਼ਬਦ ਦੇ ਵਿਚਕਾਰ ਆਇਆ ਮੁਕਤੇ ਰੂਪ ‘ਹ’ ਦਾ ਸ਼ੱਧ ਉਚਾਰਣ ਸੰਬੰਧੀ ਵੀਚਾਰ ਕਰਾਂਗੇ।

ਅਜੋਕੀ ਪੰਜਾਬੀ ਵਿੱਚ ਸ਼ਬਦਾਂ ਦੇ ਵਿਚਕਾਰ ‘ਹ’ ਮੁਕਤੇ ਦੀ ਵਰਤੋਂ ਕਿਸੇ ਮੁਕਤਾ-ਵਿਅੰਜਨ ਅੱਖਰ ਮਗਰੋਂ ਨਹੀਂ ਕੀਤੀ ਜਾਂਦੀ, ਪਰ ਪੁਰਾਤਨ ਪੰਜਾਬੀ ਅਤੇ ਗੁਰਬਾਣੀ ਵਿੱਚ ਇਸ ਦੀ ਵਰਤੋਂ ਬਹੁਤ ਹੈ।

ਆਮ ਤੌਰ `ਤੇ ਕਿਸੇ ਸ਼ਬਦ ਦੇ ਵਿਚਕਾਰ ਆਇਆ ‘ਹ’ ਮੁਕਤੇ ਦੀ ਧੁਨੀ ਇਸ ਤਰ੍ਹਾਂ ਬੋਲੀ ਜਾਂਦੀ ਹੈ ਜਿਵੇਂ ਕਿ ‘ਹ’ ਨੂੰ ਸਿਹਾਰੀ (ਹਿ) ਲੱਗੀ ਹੋਵੇ, ਪਰ ਇਹ ਦਰੁਸੱਤ ਨਹੀਂ।

ਪੁਰਾਤਨ -ਮੁਹਾਰਨੀ ਮੁਤਾਬਕ ‘ਹ’ ਮੁਕਤੇ ਦਾ ਝਕਾਅ ਕੰਨੇ ਵੱਲ ਜਾਂਦਾ ਹੈ, ਭਾਵ ਕੰਨੇ ਦੀ ਧੁਨੀ ਨੂੰ ਅੱਧਾ ਕਰ ਦੇਈਏ ਤਾਂ ਮੁਕਤੇ ਅੱਖਰ ਦੀ ਧੁਨੀ ਬਣ ਜਾਂਦੀ ਹੈ। ਮੁਕਤੇ ਅੱਖਰ ਨੂੰ ਖੜਵੇਂ ਰੂਪ ਵਿੱਚ ਬੋਲਣਾ ਹੈ। ਅੱਜਕਲ ‘ਹ’ ਅਤੇ ‘ਹਿ’ ਦੀ ਧੁਨੀ ਨੂੰ ਰਲ-ਗੱਡ ਕੀਤਾ ਜਾ ਰਿਹਾ ਹੈ ਜੋ ਕਿ ਠੀਕ ਨਹੀਂ, ਇਹਨਾ ਦੀ ਧੁਨੀ ਵੱਖਰੀ-ਵੱਖਰੀ ਹੈ।

ਗੁਰਬਾਣੀ ਵਿਚੋਂ ਇਸ ਨੂੰ ਸਪੱਸ਼ਟ ਕਰਨ ਲਈ ਅਸੀਂ ਦੋ ਉਦਾਹਣਾਂ ਲਵਾਂਗੇ -:

“ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ॥ (ਪੰਨਾ ੩੭)

“ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ॥ (ਪੰਨਾ ੩੦੬)

“ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿੑ ਹਦੂਰਿ॥ ੧॥ (ਪੰਨਾ ੪੧੭)

ਉਪਰੋਕਤ ਪੰਗਤੀਆਂ ਵਿੱਚ ਵਰਤਿਆ ਲਫਜ਼ ‘ਬਹਣਿ’ ਗੁਰਬਾਣੀ ਵਿੱਚ ੪ ਵਾਰ ਇਸੇ ਰੂਪ ਵਿੱਚ ਦਰਜ਼ ਹੈ, ਗੁਰਬਾਣੀ ਵਿਆਕਰਣ ਅਨੁਸਾਰ ਇਹ ਸ਼ਬਦ ਅਪੂਰਨ ਕਿਰਿਆ ਹੈ, ਅਰਥ ਹਨ ‘ਬੈਠਣਾ, ਬੈਠਣ ਨੂੰ’। ਉਕਤ ਸ਼ਬਦ ਦਾ ਉਚਾਰਣ ‘ਬਹਿਣ’ ਵਾਂਗ ਕਰਨਾ ਦਰੁਸੱਤ ਨਹੀਂ।

“ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ॥ (ਪੰਨਾ ੯੩੫)

ਸ਼ਬਦ ‘ਬਹਿਣ’ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਹੀ ਆਇਆ ਹੈ ਜੋ ਕਿ ਉਕਤ ਪੰਗਤੀ ਵਿੱਚ ਦਰਜ਼ ਹੈ। ਗੁਰਬਾਣੀ ਵਿਆਕਣ ਅਨੁਸਾਰ ਸੰਬੰਧਿਤ ਸ਼ਬਦ ਇਸਤਰੀ ਲਿੰਗ ਨਾਂਵ, ਕਰਤਾ ਕਾਰਕ ਹੈ ਜਿਸ ਦੇ ਅਰਥ ਹਨ ‘ਭੈਣ’। ਇਸ ਸ਼ਬਦ ਦਾ ਉਚਾਰਣ ‘ਬੈਹਣ’ (ਬ੍ਹੈਣ) ਕਰਨਾ ਹੈ।

ਸ਼ਬਦ ‘ਬਹਣਿ’ ਅਤੇ ‘ਬਹਿਣ’ ਦਾ ਜਦੋਂ ਆਪਸੀ ਅਰਥਾਂ ਵਿੱਚ ਦਿਨ-ਰਾਤ ਦਾ ਅੰਤਰ ਹੈ ਫਿਰ ਉਚਾਰਣ ਕਿਵੇਂ ਇਕ-ਸਾਰ ‘ਬਹਿਣ’ ਵਾਂਗ ਹੋ ਸਕਦਾ ਹੈ?

“ਪਾਟ ਪਟੰਬਰ ਪਹਿਰਿ ਹਢਾਵਉ॥ (ਪੰਨਾ ੨੨੫)

“ਕਾਪੜ ਪਹਿਰਿ ਕਰੇ ਚਤੁਰਾਈ॥ (ਪੰਨਾ ੨੩੦)

“ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ (ਪੰਨਾ ੪੭੨)

ਸ਼ਬਦ ‘ਪਹਿਰਿ’ ਸੰਬੰਧਿਤ ਪੰਗਤੀਆਂ ਤੋਂ ਅਲਾਵਾ ਗੁਰਬਾਣੀ ਵਿੱਚ ੭ ਵਾਰ ਮਿਲਦਾ ਹੈ, ਗੁਰਬਾਣੀ ਵਿਆਕਰਣ ਅਨੁਸਾਰ ਕਿਰਿਆਵੀ ਭਾਵ ਪੂਰਬ-ਪੂਰਣ ਕਿਰਦੰਤ ਬਣਦਾ ਹੈ। ਅਰਥ ਹਨ ‘ਪਹਿਣ ਕੇ’। ਉਕਤ ਸ਼ਬਦ ਦਾ ਉਚਾਰਣ ‘ਪੈਹਰ’ ਵਾਂਗ ਕਰਨਾ ਹੈ।

“ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ॥ ੧॥ ਰਹਾਉ॥ (ਪੰਨਾ ੪੪)

“ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ॥ (ਪੰਨਾ ੪੫)

ਉਪਰੋਕਤ ਸ਼ਬਦ ‘ਪਹਰ’ ਗੁਰਬਾਣੀ ਵਿੱਚ ੧੨੨ ਵਾਰੀਂ ਆਇਆ ਹੈ, ਗੁਰਬਾਣੀ ਵਿਆਕਰਣ ਅਨੁਸਾਰ ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੋਣ ਕਾਰਣ ਇਸਦੇ ਅਰਥ ਹਨ ‘ਸਮਾ ਮਾਪੱਣ ਦੀ ਇਕਾਈ, ਤਿੰਨ ਘੰਟਿਆਂ ਦਾ ਇੱਕ ਪਹਰ।

ਉਕਤ ਸ਼ਬਦ ਦਾ ਉਚਾਰਣ ਖੜਵੇਂ ਰੂਪ ਵਿੱਚ ‘ਪਹਰ’ ਕਰਨਾ ਹੈ।

ਸ਼ਬਦ ‘ਪਹਿਰਿ’ ਅਤੇ ‘ਪਹਰ’ ਦਾ ਜਦੋਂ ਅਰਥਾਂ ਵਿੱਚ ਅੰਤਰ ਹੈ, ਫਿਰ ਉਚਾਰਣ ਕਿਵੇਂ ਇਕ-ਸਾਰ ਹੋ ਸਕਦਾ ਹੈ?

ਸੋ ਸਾਰੀ ਵੀਚਾਰ ਦਾ ਭਾਵ ਇਹ ਹੈ ਕਿ ਸ਼ਬਦ ਦੇ ਵਿਚਕਾਰ ਆਇਆ ‘ਹ’ ਮੁਕਤੇ ਦੀ ਧੁਨੀ ਅਲੱਗ ਹੈ ਅਤੇ ‘ਹਿ’ ਦੀ ਧੁਨੀ ਅਲੱਗ, ਦੋਵਾਂ ਨੂੰ ਰਲ-ਗੱਡ ਨਹੀਂ ਕਰਨਾ ਚਾਹੀਦਾ।

“ਸਹਜਿ ਦਾ ਉਚਾਰਣ ਸਹਿਜ ਅਸ਼ੁੱਧ ਹੈ।

ਨਹ ਦਾ ਉਚਾਰਣ ਨਹਿ ਅਸ਼ੁੱਧ ਹੈ।

ਜਹ ਦਾ ਉਚਾਰਣ ਜਹਿ ਅਸ਼ੁੱਧ ਹੈ।

ਕਹ ਦਾ ਉਚਾਰਣ ਕਹਿ ਅਸ਼ੁੱਧ ਹੈ।

ਸਹਸ ਦਾ ਉਚਾਰਣ ਸਹਿਸ ਅਸ਼ੁੱਧ ਹੈ।

ਦਹ ਦਾ ਉਚਾਰਣ ਦਹਿ ਅਸ਼ੁੱਧ ਹੈ।

ਮਹਰਾਜ ਦਾ ਉਚਾਰਣ ਮਹਿਰਾਜ ਅਸ਼ੁੱਧ ਹੈ। ਆਦਿ।

ਸੋ ਸਾਨੂੰ ਮੁਕਤੇ ‘ਹ’ ਦੀ ਖੜੀ-ਤੜੀ ਧੁਨੀ ਨੂੰ ਪ੍ਰਚਲਤ ਕਰਨਾ ਚਾਹੀਦਾ ਹੈ।

ਭੁੱਲ-ਚੁਕ ਦੀ ਖਿਮਾਂ

khalsasingh.hs@gmail.com