ਭਰੂਣ ਉਬਾਸੀ ਕਿਉਂ ਲੈਂਦੇ ਹਨ ?

0
310

ਭਰੂਣ ਉਬਾਸੀ ਕਿਉਂ ਲੈਂਦੇ ਹਨ ?

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਅਲਟਰਾਸਾਊਂਡ ਦੇ ਈਜਾਦ ਹੋਣ ਬਾਅਦ ਕਈ ਕੁਦਰਤੀ ਕਰਿਸ਼ਮਿਆਂ ਬਾਰੇ ਜਾਣੂੰ ਹੋ ਸਕੇ ਹਾਂ।  ਸਦੀਆਂ ਤੋਂ ਲੋਕ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਬਾਰੇ ਕਿਆਸ ਲਾਉਂਦੇ ਰਹੇ ਹਨ ਕਿ ਉਹ ਮਾਂ ਦੇ ਪੇਟ ’ਚ ਪਾਣੀ ਵਿੱਚ ਪੁੱਠਾ ਲਟਕਿਆ ਕਿਵੇਂ ਮਹਿਸੂਸ ਕਰਦਾ ਹੋਵੇਗਾ ਤੇ ਕਿਵੇਂ ਕੋਈ ਪਿਆਰੀ ਜਿਹੀ (ਬੱਚੀ) ਮੁਸਕਾਨ ਬਿਖੇਰਦੀ ਹੋਵੇਗੀ, ਪਿਓ ਦੀ ਕਵਿਤਾ ਉਸ ਨੂੰ ਸੁਣਦੀ ਹੈ ਜਾਂ ਨਹੀਂ ਤੇ ਮਾਂ ਦੇ ਬੁਲਾਉਣ ਉੱਤੇ ਭਰੂਣ ਕਿੰਝ ਹੁੰਗਾਰਾ ਭਰਦਾ ਹੈ !

ਅਲਟਰਾਸਾਊਂਡ ਨੇ ਸਭ ਕੁੱਝ ਆਸਾਨ ਕਰ ਦਿੱਤਾ ਹੈ।  ਹੁਣ ਤਾਂ ਅਜਿਹੀਆਂ ਗੱਲਾਂ ਪਤਾ ਲੱਗ ਰਹੀਆਂ ਹਨ, ਜਿਨ੍ਹਾਂ ਨੇ ਖੋਜਾਂ ਲਈ ਕਈ ਰਾਹ ਹੋਰ ਖੋਲ੍ਹ ਦਿੱਤੇ ਹਨ।

ਅਸੀਂ ਉਬਾਸੀ ਲੈਂਦੇ ਹਾਂ ਤਾਂ ਇਹ ਲਾਗ ਦੀ ਬੀਮਾਰੀ ਵਾਂਗ ਆਲੇ-ਦੁਆਲੇ ਉੱਤੇ ਪੂਰਾ ਅਸਰ ਪਾਉਂਦੀ ਹੈ।  ਹੱਦ ਤਾਂ ਇਹ ਹੈ ਕਿ ਉਬਾਸੀ ਬਾਰੇ ਪੜ੍ਹਨ ਜਾਂ ਲਿਖਣ ਜਾਂ ਉਬਾਸੀ ਦਾ ਜ਼ਿਕਰ ਆਉਣ ਨਾਲ ਵੀ ਬਥੇਰਿਆਂ ਨੂੰ ਉਬਾਸੀ ਆ ਜਾਂਦੀ ਹੈ, ਪਰ ਭਰੂਣ ਦੀ ਉਬਾਸੀ ਦਾ ਕਾਰਨ ਕੁੱਝ ਹੋਰ ਹੁੰਦਾ ਹੈ।  ਆਮ ਤੌਰ ਉੱਤੇ ਢਿੱਡ ਵਿੱਚ ਭਰੂਣ ਅਨੇਕਾਂ ਵਾਰ ਮੂੰਹ ਖੋਲ੍ਹਦਾ ਹੈ ਤੇ ਪਾਣੀ ਅੰਦਰ ਲੰਘਾਉਣ ਜਾਂ ਖਾਣ ਵਾਂਗ ਮੂੰਹ ਮਾਰਨ ਦਾ ਜਤਨ ਕਰਦਾ ਵੇਖਿਆ ਗਿਆ ਹੈ। ਅਜਿਹਾ ਕੁਦਰਤ ਉਸ ਨੂੰ ਜੰਮਣ ਬਾਅਦ ਦੁੱਧ ਚੁੰਘਣ ਲਈ ਤਿਆਰ ਕਰ ਰਹੀ ਹੁੰਦੀ ਹੈ।

ਚੌਥੇ ਮਹੀਨੇ ਤੋਂ ਨੌਵੇਂ ਮਹੀਨੇ ਤੱਕ ਕੀਤੇ ਅਲਟਰਾਸਾਊਂਡ ਵਿੱਚ ਅਜਿਹੇ ਖੋਲ੍ਹੇ ਮੂੰਹ ਉੱਤੇ ਜਦੋਂ ਖੋਜ ਚੱਲ ਰਹੀ ਸੀ ਤਾਂ ਅਨੇਕ ਖੋਜਾਰਥੀਆਂ ਨੇ ਧਿਆਨ ਕੀਤਾ ਕਿ ਕਈ ਵਾਰ ਭਰੂਣ ਮੂੰਹ ਖੋਲ੍ਹ ਕੇ ਕੁੱਝ ਅੰਦਰ ਲੰਘਾਉਣ ਦਾ ਜਤਨ ਨਹੀਂ ਕਰਦਾ, ਬਸ ਐਵੇਂ ਹੀ ਕੁੱਝ ਪਲ ਮੂੰਹ ਚੌੜਾ ਖੋਲ੍ਹ ਕੇ ਰੱਖਦਾ ਹੈ ਤੇ ਬਿਲਕੁਲ ਉਬਾਸੀ ਲੈਣ ਦਾ ਇਹਸਾਸ ਹੁੰਦਾ ਹੈ।

ਇਸ ਗੱਲ ’ਤੇ ਕਾਫ਼ੀ ਕਿੰਤੂ ਪਰੰਤੂ ਹੋਇਆ ਤੇ ਅਖ਼ੀਰ ਉਬਾਸੀ ਲੈਂਦੇ ਦੌਰਾਨ ਭਰੂਣ ਦੇ ਦਿਮਾਗ਼ ਦਾ ਸਕੈਨ ਕੀਤਾ ਗਿਆ। ਇਹ ਵੇਖਣ ਵਿੱਚ ਆਇਆ ਕਿ ਤੀਜੇ ਮਹੀਨੇ ਦੇ ਗਰਭ ਬਾਅਦ ਭਰੂਣ ਉਬਾਸੀ ਲੈਣਾ ਸ਼ੁਰੂ ਕਰਦਾ ਹੈ ਤੇ ਜਿਵੇਂ ਜਿਵੇਂ ਸਮਾਂ ਵੱਧਦਾ ਹੈ, ਉਬਾਸੀਆਂ ਘੱਟਣ ਲੱਗ ਪੈਂਦੀਆਂ ਹਨ।  ਨੌਵੇਂ ਮਹੀਨੇ ਉੱਤੇ ਪਹੁੰਚ ਕੇ ਕਦੇ ਕਦਾਈਂ ਹੀ ਭਰੂਣ ਉਬਾਸੀ ਲੈਂਦਾ ਵੇਖਿਆ ਗਿਆ।

ਇੰਗਲੈਂਡ ਦੇ ਡਾ. ਨਡਜਾ ਰੀਸਲੈਂਡ ਨੇ ਆਪਣੀ ਖੋਜ ਵਿੱਚ ਸਪਸ਼ਟ ਕੀਤਾ ਕਿ ਭਰੂਣ ਦੇ ਉਬਾਸੀ ਲੈਣ ਸਮੇਂ ਉਸ ਦੇ ਦਿਮਾਗ਼ ਦੇ ਸੈੱਲ ਕੁੱਝ ਤੇਜ਼ੀ ਨਾਲ ਵਧ ਰਹੇ ਹੁੰਦੇ ਹਨ ਯਾਨੀ ਭਰੂਣ ਦੀ ਉਬਾਸੀ ਨੂੰ ਦਿਮਾਗ਼ ਦੇ ਵਿਕਾਸ ਨਾਲ ਜੋੜਿਆ ਗਿਆ। ਜਿਵੇਂ-ਜਿਵੇਂ ਸੈੱਲਾਂ ਦੇ ਜੋੜ ਤੇਜ਼ੀ ਨਾਲ ਵੱਧਣ ਲੱਗਣ ਤੇ ਦਿਮਾਗ਼ ਜ਼ਿਆਦਾ ਕੰਮ ਕਰਨ ਲੱਗ ਪਵੇ, ਭਰੂਣ ਓਨਾ ਹੀ ਵੱਧ ਉਬਾਸੀ ਲੈਣ ਲੱਗ ਪੈਂਦਾ ਹੈ।

ਕੁੱਝ ਖੋਜਾਂ ਰਾਹੀਂ ਇਹ ਤੱਥ ਸਾਹਮਣੇ ਆਇਆ ਕਿ ਜਿਹੜੇ ਭਰੂਣਾਂ ਵਿੱਚ ਲਹੂ ਦੀ ਕਮੀ ਹੋਵੇ, ਉਹ ਵੀ ਵਾਧੂ ਉਬਾਸੀਆਂ ਲੈਂਦੇ ਹਨ। ਇਹ ਵੀ ਵੇਖਣ ਵਿੱਚ ਆਇਆ ਕਿ ਜਿਹੜੇ ਬੱਚੇ ਸਤਮਾਹੇ ਜੰਮ ਪੈਣ ਉਹ ਪੂਰੇ ਸਮੇਂ ਉੱਤੇ ਜੰਮੇ ਬੱਚਿਆਂ ਨਾਲੋਂ ਵੱਧ ਉਬਾਸੀਆਂ ਲੈਂਦੇ ਹਨ ਯਾਨੀ ਉਨ੍ਹਾਂ ਦੇ ਦਿਮਾਗ਼ ਦੇ ਸੈੱਲ ਤੇਜ਼ੀ ਨਾਲ ਕੰਮ ਕਰ ਰਹੇ ਹੁੰਦੇ ਹਨ ਤਾਂ ਜੋ ਉਹ ਪੂਰੇ ਸਮੇਂ ਉੱਤੇ ਜੰਮੇ ਬੱਚੇ ਜਿੰਨਾ ਦਿਮਾਗ਼ ਬਣਾ ਸਕਣ।

ਡਾ. ਰੀਸਲੈਂਡ ਨੇ ਕੁੱਝ ਹੋਰ ਖੋਜ ਕਰਨ ਲਈ ਬਹੁਤ ਸਾਰੇ ਅਲਟਰਾਸਾਊਂਡ ਸੈਂਟਰਾਂ ਤੋਂ ਅਜਿਹੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਤਾਂ ਜੋ ਉਹ ਉਬਾਸੀ ਅਤੇ ਦੁੱਧ ਚੁੰਘਣ ਲਈ ਖੋਲ੍ਹੇ ਮੂੰਹ ਵਿੱਚ ਹੋਰ ਫ਼ਰਕ ਲੱਭ ਸਕੇ।

ਉਸ ਨੇ ਆਪਣੀ ਪੂਰੀ ਟੀਮ ਨਾਲ ਸੱਤ ਲੜਕੀ ਭਰੂਣਾਂ ਅਤੇ ਅੱਠ ਲੜਕੇ ਭਰੂਣਾਂ ਦੇ ਵੀਡੀਓ ਬਣਾਏ।  ਅਜਿਹਾ ਹਰ ਮਹੀਨੇ ਵਿੱਚ ਇਕ ਵਾਰ ਕੀਤਾ ਗਿਆ (5 ਤੋਂ 8 ਮਹੀਨੇ ਦੇ ਭਰੂਣਾਂ ਵਿੱਚ)।

ਉਸ ਦੀ ਖੋਜ ਦੇ ਨਤੀਜਿਆਂ ਅਨੁਸਾਰ 5 ਮਹੀਨੇ ਦੇ ਭਰੂਣ ਲਗਭਗ ਹਰ ਰੋਜ਼ ਛੇ ਵਾਰ ਉਬਾਸੀ ਲੈਂਦੇ ਹਨ ਤੇ ਅੱਠ ਮਹੀਨਿਆਂ ਬਾਅਦ ਉਬਾਸੀ ਲੈਣੀ ਛੱਡ ਦਿੰਦੇ ਹਨ।

ਪੂਰੀ ਸਕੈਨਿੰਗ ਦੀ ਖੋਜ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਬਾਸੀ ਲੈਣ ਤੋਂ ਬਾਅਦ ਦਿਮਾਗ਼ ਦੇ ਸੈੱਲ ਹਰਕਤ ਵਿੱਚ ਆਉਣ ਲੱਗ ਪੈਂਦੇ ਹਨ ਤੇ ਤੇਜ਼ੀ ਨਾਲ ਜੋੜ ਬਣਾ ਕੇ ਸੁਨੇਹੇ ਘੱਲਦੇ ਹਨ ਯਾਨੀ ਉਬਾਸੀ ਦਾ ਮਤਲਬ ਇਹ ਸੀ ਕਿ ਦਿਮਾਗ਼ ਦੇ ਸੈੱਲਾਂ ਨੂੰ ਹਰਕਤ ਵਿੱਚ ਲਿਆਂਦਾ ਜਾ ਸਕੇ।

ਪਰ ਇੱਕ ਹੋਰ ਤੱਥ ਵੀ ਸਾਹਮਣੇ ਆਇਆ ਕਿ ਜਿਹੜੇ ਭਰੂਣ ਲੋੜ ਤੋਂ ਕਈ ਗੁਣਾਂ ਵੱਧ ਉਬਾਸੀ ਲੈ ਰਹੇ ਸਨ, ਉਨ੍ਹਾਂ ਦੇ ਦਿਮਾਗ਼ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਰਹੇ ਸਨ ਯਾਨੀ ਭਰੂਣ ਵੱਲੋਂ ਵਾਰ-ਵਾਰ ‘ਸਵਿੱਚ ਆਨ’ ਦੇ ਸੁਨੇਹਿਆਂ ਬਾਅਦ ਵੀ ਦਿਮਾਗ਼ ਦੇ ਸੈੱਲ ਹਰਕਤ ਨਹੀਂ ਕਰ ਰਹੇ ਸਨ।  ਜੇ ਵੇਲੇ ਸਿਰ ਅਜਿਹੇ ਭਰੂਣਾਂ ਬਾਰੇ ਜਾਣਕਾਰੀ ਮਿਲ ਜਾਏ ਤਾਂ ਉਨ੍ਹਾਂ ਦੇ ਦਿਮਾਗ਼ ਤੇਜ਼ ਕਰਨ ਲਈ ਡਾਕਟਰੀ ਇਲਾਜ ਸੰਭਵ ਹੈ, ਪਰ ਜੇ ਅਣਗੌਲਿਆ ਛੱਡ ਦਿੱਤਾ ਜਾਵੇ ਤਾਂ ਕਈ ਭਰੂਣ ਘੱਟ ਦਿਮਾਗ਼ ਨਾਲ ਹੀ ਪੈਦਾ ਹੁੰਦੇ ਹਨ।

ਜੰਮਣ ਤੋਂ ਬਾਅਦ ਉਬਾਸੀ ਦੇ ਮਾਅਨੇ ਬਦਲ ਜਾਂਦੇ ਹਨ। ਜਦੋਂ ਨਵਜੰਮਿਆ ਬੱਚਾ ਥਕੇਵਾਂ ਮਹਿਸੂਸ ਕਰੇ ਜਾਂ ਬੋਰ ਹੋਣ ਲੱਗ ਪਵੇ ਤਾਂ ਨਿੱਕੀਆਂ ਪਿਆਰੀਆਂ ਉਬਾਸੀਆਂ ਰਾਹੀਂ ਸੰਕੇਤ ਦੇ ਦਿੰਦਾ ਹੈ ਕਿ ਹੁਣ ਹੋਰ ਮੇਰੇ ਨਾਲ ਛੇੜਖਾਨੀ ਕਰਨੀ ਛੱਡ ਕੇ ਮੈਨੂੰ ਆਪਣੀ ਨੀਂਦਰ ਪੂਰੀ ਕਰ ਲੈਣ ਦਿਓ ਤੇ ਤੁਸੀਂ ਪਰ੍ਹਾਂ ਹੋ ਕੇ ਸ਼ੋਰ ਪਾਓ।

ਜੇ ਅਣਗੌਲਿਆਂ ਕਰ ਦਿੱਤਾ ਜਾਵੇ ਤਾਂ ਬੱਚਾ ਚੀਕ ਚਿਹਾੜਾ ਮਚਾ ਕੇ ਰੌਂਦੂ ਹੋਣ ਦਾ ਸੰਕੇਤ ਦੇ ਦਿੰਦਾ ਹੈ ਤੇ ਹੌਲ਼ੀ-ਹੌਲ਼ੀ ਜ਼ਿੱਦੀ ਬਣ ਜਾਂਦਾ ਹੈ।

ਹੋਰ ਵੱਡੇ ਹੋ ਜਾਣ ਉੱਤੇ ਇਹੀ ਉਬਾਸੀ ਸੁਸਤੀ ਦਾ ਸੰਕੇਤ ਬਣ ਜਾਂਦੀ ਹੈ ਤੇ ਲਾਗ ਦੀ ਬੀਮਾਰੀ ਵੀ। ਫੇਰ ਭਾਵੇਂ ਕਿੰਨੇ ਹੀ ਚੁਸਤ ਹੋ ਕੇ ਬੈਠੇ ਹੋਵੋ, ਨਾਲ ਦੇ ਬੰਦੇ ਵੱਲੋਂ ਕੀਤੀ ਉਬਾਸੀ ਦੀ ਗੱਲਬਾਤ ਜਾਂ ਲਈ ਉਬਾਸੀ, ਬਦੋਬਦੀ ਦੂਜੇ ਨੂੰ ਉਬਾਸੀ ਲੈਣ ਉੱਤੇ ਮਜਬੂਰ ਕਰ ਦਿੰਦੀ ਹੈ। ਕਮਾਲ ਦੀ ਗੱਲ ਇਹ ਹੈ ਕਿ ਉਬਾਸੀ ਬਾਰੇ ਪੜ੍ਹਨ ਉੱਤੇ ਜਾਂ ਉਬਾਸੀ ਲੈਂਦੇ ਬੰਦੇ ਦੀ ਤਸਵੀਰ ਵੇਖਣ ਉੱਤੇ ਵੀ ਬਹੁਤਿਆਂ ਨੂੰ ਉਬਾਸੀ ਆ ਜਾਂਦੀ ਹੈ।

ਉਬਾਸੀ ਲੈਂਦੇ ਭਰੂਣ ਨਾਲ ਜੇ ਬਾਹਰੋਂ ਮਾਂ, ਗੱਲ ਕਰਨੀ ਸ਼ੁਰੂ ਕਰੇ ਤਾਂ ਉਹ ਕਾਫ਼ੀ ਚੁਸਤੀ ਨਾਲ ਹੁੰਗਾਰਾ ਭਰਦਾ ਹੈ ਭਾਵੇਂ ਮਾਂ ਦੇ ਢਿੱਡ ਅੰਦਰ ਉਬਾਸੀ ਲੈਣ ਦੇ ਤੌਰ ਤਰੀਕੇ ਮੁੰਡੇ ਤੇ ਕੁੜੀ ਦੇ ਇੱਕੋ ਜਿਹੇ ਹੁੰਦੇ ਹਨ ਪਰ ਕੁਦਰਤ ਦਾ ਕਮਾਲ ਵੇਖੋ ਕਿ ਮਾਂ ਦੇ ਢਿੱਡ ਅੰਦਰ ਵੀ ਬੁਲਾਉਣ ਉੱਤੇ ਬੇਟੀ ਵੱਧ ਚੁਸਤ ਹੋ ਕੇ ਹੁੰਗਾਰਾ ਭਰਦੀ ਹੈ ਤੇ ਜ਼ਿਆਦਾ ਸਮੇਂ ਲਈ ਹਰਕਤ ਕਰਦੀ ਹੈ ਯਾਨੀ ਕੁਦਰਤ ਵੱਲੋਂ ਬੇਟੀਆਂ ਬਣਾਈਆਂ ਹੀ ਵੱਧ ਲਾਡ ਪਿਆਰ ਕਰਨ ਵਾਲੀਆਂ ਹਨ।

10 ਮਹੀਨਿਆਂ ਦੇ ਬੱਚਿਆਂ ਦੇ ਦਿਮਾਗ਼ ਬਲੂਪ੍ਰਿੰਟ ਤਿਆਰ ਕਰਨ ਦੇ ਸਮਰੱਥ ਬਣ ਜਾਂਦੇ ਹਨ ਤੇ ਉਨ੍ਹਾਂ ਦੇ ਦਿਮਾਗ਼ ਅੰਦਰ ਮਾਂ ਤੇ ਪਿਓ ਵੱਲੋਂ ਕੀਤੀ ਜਾਂਦੀ ਸਾਰੀ ਗੱਲ ਛਪ ਚੁੱਕੀ ਹੁੰਦੀ ਹੈ। ਬੱਚੇ ਦੀ ਜ਼ਬਾਨ ਦਾ ਆਧਾਰ ਵੀ ਕਾਫ਼ੀ ਹੱਦ ਤੱਕ ਪਕਿਆਈ ਫੜ ਲੈਂਦਾ ਹੈ ਤੇ ਉਸ ਨੂੰ ਇਹ ਵੀ ਸਮਝ ਲੱਗ ਜਾਂਦੀ ਹੈ ਕਿ ਕਿਹੜਾ ਜਣਾ ਘਰ ਵਿੱਚ ਦੂਜੇ ਉੱਤੇ ਹਾਵੀ ਹੈ। ਬੱਚੇ ਦੀ ਸੋਚਣ ਸਮਝਣ ਦੀ ਸਮਰੱਥਾ ਇਸ ਸਮੇਂ ਚਰਮ ਸੀਮਾ ਉੱਤੇ ਹੁੰਦੀ ਹੈ ਤੇ ਉਹ ਬੋਲਣ ਦੀ ਥਾਂ ਸਭ ਕੁੱਝ ਸਮੋਣ (ਦਿਲ ਵਿੱਚ ਘਰ ਕਰਨ) ਵਿੱਚ ਜੁਟਿਆ ਹੁੰਦਾ ਹੈ।

ਸੰਨ 2009 ਵਿੱਚ ਹੋਈ ਖੋਜ ਰਾਹੀਂ ਪਤਾ ਲੱਗਿਆ ਕਿ 6 ਮਹੀਨੇ ਦੇ ਬੱਚੇ ਨੂੰ ਬੋਲਣਾ ਭਾਵੇਂ ਨਾ ਆਉਂਦਾ ਹੋਵੇ ਪਰ ਉਹ ਮਾਂ ਦੇ ਢਿੱਡ ਅੰਦਰ ਆਪਣੇ ਨਾਲ ਕੀਤੇ ਗਏ ਵਰਤਾਰੇ ਅਨੁਸਾਰ ਤੇ ਜੰਮਣ ਬਾਅਦ ਆਪਣੇ ਨਾਲ ਗੁੱਸੇ ਜਾਂ ਪਿਆਰ ਭਰੇ ਸ਼ਬਦਾਂ ਨਾਲ ਸੰਬੋਧਨ ਕੀਤੇ ਗਏ ਅਨੁਸਾਰ ਆਪਣੇ ਗੁੱਸੇ ਨੂੰ ਤਿੱਖੇ ਚੀਕਵੇਂ ਰੋਣ ਜਾਂ ਕੁੱਤੇ ਦੇ ਨਿੱਕੇ ਜਿਹੇ ਬੱਚੇ ਵਾਂਗ ਚਊਂ-ਚਊਂ ਦੀਆਂ ਆਵਾਜ਼ਾਂ ਕੱਢ ਕੇ ਹੁੰਗਾਰਾ ਭਰਦਾ ਹੈ।

ਹੈ ਤਾਂ ਕਮਾਲ, ਪਰ ਇਹ ਸਮਝ ਲੈਣ ਬਾਅਦ ਸਾਨੂੰ ਆਪਣੇ ਗੋਦ ਵਿੱਚ ਪਏ ਬੱਚੇ ਨੂੰ ਐਵੇਂ ਮਾਸ ਦਾ ਲੋਥੜਾ ਨਹੀਂ ਮੰਨ ਲੈਣਾ ਚਾਹੀਦਾ। ਉਸ ਦੇ ਦਿਮਾਗ਼ ਵਿਚਲੇ ਕੰਪਿਊਟਰ ਨੇ ਉਹ ਸਭ ਕੁੱਝ ਸਮੋਣਾ ਹੈ, ਜੋ ਉਸ ਨੂੰ ਸੁਣ ਰਿਹਾ ਹੈ ਜਾਂ ਮਹਿਸੂਸ ਹੋ ਰਿਹਾ ਹੈ। ਏਸੇ ਲਈ ਗੋਦ ਵਿੱਚ ਪਏ ਬਾਲ ਅੱਗੇ ਵੀ ਉੱਚੀ ਬੋਲਣਾ, ਲੜਨਾ, ਚੀਕਣਾ ਜਾਂ ਗਾਲ੍ਹਾਂ ਕੱਢਣੀਆਂ, ਉਸ ਉੱਤੇ ਸਦੀਵੀ ਅਸਰ ਵਿਖਾ ਸਕਦੀਆਂ ਹਨ।

ਸੰਨ 2010 ਵਿੱਚ ‘ਨਿਊਰੋਲਜੀ ਜਰਨਲ’ ਵਿੱਚ ਦਿਮਾਗ਼ ਬਾਰੇ ਸੂਖਮ ਖੋਜਾਂ ਨੂੰ ਸ਼ਾਮਲ ਕਰਦਿਆਂ ਇਸ ਤੱਥ ਉੱਤੇ ਜ਼ੋਰ ਪਾਇਆ ਗਿਆ ਕਿ 5 ਮਹੀਨੇ ਦੀ ਬੱਚੀ ਨੂੰ ਮਾਂ ਦੀ ਗੋਦ ਵਿੱਚ ਪਿਆਂ ਹੀ ਸਮਝ ਆ ਜਾਂਦੀ ਹੈ ਕਿ ਉਸ ਦੀ ਮਾਂ ਉਦਾਸ ਹੈ।  ਉਹ ਉਸ ਦੇ ਹਾਵਾਂ ਭਾਵਾਂ, ਉਸ ਦੇ ਬੋਲਣ ਵਿਚਲੀ ਤਬਦੀਲੀ, ਤੇਜ਼ ਸਾਹ, ਅੱਖਾਂ ਵਿਚਲੇ ਹੰਝੂ ਤੇ ਦਿਲ ਦੀ ਧੜਕਣ ਰਾਹੀਂ ਸਭ ਕੁੱਝ ਸਮਝ ਲੈਂਦੀ ਹੈ। ਭਾਵੇਂ ਬੋਲ ਨਾ ਸਕੇ ਪਰ ਉਸ ਦੇ ਦਿਮਾਗ਼ ਵਿਚਲੀਆਂ ਤਰੰਗਾਂ ਦੇ ਰਿਕਾਰਡ ਨੇ ਸਮਝਾ ਦਿੱਤਾ ਹੈ ਕਿ ਬੱਚੀ ਦਾ ਮਨ ਵੀ ਨਿਰਾਸਾ ਨਾਲ ਭਰ ਜਾਂਦਾ ਹੈ ਤੇ ਉਸ ਦੇ ਦਿਮਾਗ਼ ਦੀਆਂ ਕਿਰਿਆਵਾਂ ਵੀ ਸੁਸਤ ਪੈ ਜਾਂਦੀਆਂ ਹਨ। ਉਹ ਮੁਸਕਰਾਉਣਾ ਛੱਡ ਦਿੰਦੀ ਹੈ ਤੇ ਮਾਂ ਨਾਲ ਪੂਰੀ ਹਮਦਰਦੀ ਜਤਾਉਣ ਦਾ ਜਤਨ ਕਰਦੀ ਹੈ।

ਇਕ ਤੋਂ ਦੋ ਦਿਨ ਦੇ 26 ਬੱਚਿਆਂ ਦੇ ਸੁੱਤੇ ਹੋਇਆਂ ਦੌਰਾਨ ਸਿਰ ਦੁਆਲੇ 124 ਇਲੈਕਟਰੋਡ ਲਾ ਕੇ ਉਨ੍ਹਾਂ ਦੇ ਦਿਮਾਗ਼ ਦੀਆਂ ਤਰੰਗਾਂ ਰਿਕਾਰਡ ਕੀਤੀਆਂ ਗਈਆਂ। ਇਹ ਵੇਖਣ ਵਿੱਚ ਆਇਆ ਕਿ ਉਸ ਸਮੇਂ ਮਾਂ ਜਾਂ ਪਿਓ ਵੱਲੋਂ ਹਲਕਾ ਪਿਆਰ ਨਾਲ ਥਪਥਪਾਉਣਾ ਜਾਂ ਚੁੰਮਣ ਦੀ ਆਵਾਜ਼ ਕੱਢਣ ਨਾਲ ਉਨ੍ਹਾਂ ਦਾ ਪੂਰਾ ਦਿਮਾਗ਼ ਰਵਾਂ ਹੋ ਕੇ ਤੇਜ਼ੀ ਨਾਲ ਜੋੜ ਬਣਾਉਣ ਲੱਗ ਪੈਂਦਾ ਹੈ ਯਾਨੀ ਕਿ ਘੂਕ ਸੁੱਤੇ ਹੋਇਆਂ ਵੀ ਪਿਆਰ ਦੇ ਸੁਨੇਹੇ ਨਵਜੰਮੇ ਬੱਚੇ ਲਈਂ ਤੇਜ਼ ਦਿਮਾਗ਼ ਬਣਨ ਦਾ ਆਧਾਰ ਬਣਦੇ ਹਨ।

ਹੁਣ ਦੂਜੇ ਪਾਸੇ ਝਾਤ ਮਾਰੀਏ। ਅਜਿਹੀ ਜਾਣਕਾਰੀ ਤੋਂ ਬਾਅਦ ਹੁਣ ਉਨ੍ਹਾਂ ਬੱਚੀਆਂ ਦੇ ਦਿਮਾਗ਼ ਦੇ ਵਿਕਾਸ ਬਾਰੇ ਸੋਚੀਏ ਜਿਨ੍ਹਾਂ ਨੂੰ ਜੰਮਦੇ ਸਾਰ ਨਕਾਰਾ, ਬੇਲੋੜੀ, ਪੱਥਰ ਆਦਿ ਸੰਬੋਧਨ ਕਰਨ ਦੇ ਨਾਲ-ਨਾਲ ਘਰ ਵਿੱਚ ਅਫ਼ਸੋਸ ਦਾ ਮਾਹੌਲ ਵੀ ਪੈਦਾ ਕਰ ਦਿੱਤਾ ਗਿਆ ਹੋਵੇ।

ਸਭ ਪਾਸਿਓਂ ਤਿਰਸਕਾਰ ਸਹਿੰਦਿਆਂ ਉਸ ਦੇ ਦਿਮਾਗ਼ ਦਾ ਵਿਕਾਸ ਤਾਂ ਰੁਕਣਾ ਹੀ ਹੈ ਪਰ ਇਸ ਸਭ ਦੇ ਬਾਵਜੂਦ ਕੁਦਰਤੀ ਕਮਾਲ ਵੇਖੋ ਕਿ ਉਸ ਦੇ ਦਿਮਾਗ਼ ਵਿਚਲੀਆਂ ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ। ਕਿਸੇ ਵੱਲੋਂ ਹਲਕੀ ਮੁਸਕਾਨ ਵੀ ਉਸ ਦੇ ਦਿਮਾਗ਼ ਵਿੱਚ ਸੁਨੇਹਿਆਂ ਦੀਆਂ ਬੁਛਾਰਾਂ ਕਰ ਦਿੰਦੀ ਹੈ ਤੇ ਉਸ ਦੇ ਦਿਮਾਗ਼ ਵਿਚਲਾ ਰਿਵਾਰਡ ਸਿਸਟਮ ਰਵਾਂ ਹੋ ਕੇ ਉਸ ਨੂੰ ਅਜਿਹੇ ਬੰਦੇ ਲਈ ਜਾਨ ਵਾਰਨ ਤੱਕ ਤਿਆਰ ਕਰ ਦਿੰਦਾ ਹੈ।

ਜੇ ਹਾਲੇ ਵੀ ਸਮਝ ਨਹੀਂ ਆਈ ਤਾਂ ਲਾਅਨਤ ਹੈ।  ਏਨਾ ਪਿਆਰ, ਜਿਸ ਦੇ ਬਦਲੇ ਬੱਚੀ ਕੁੱਝ ਵੀ ਨਾ ਮੰਗਦੀ ਹੋਵੇ ਤੇ ਜਾਨ ਵਾਰਨ ਤੱਕ ਤਿਆਰ ਹੋਵੇ, ਫੇਰ ਵੀ ਉਸ ਬੇਕਸੂਰ ਦੀ ਜਾਨ ਲੈ ਲਈ ਜਾਵੇ ਤਾਂ ਇਸ ਤੋਂ ਵੱਡਾ ਹੋਰ ਕਿਹੜਾ ਜੁਰਮ ਹੋ ਸਕਦਾ ਹੈ ? ਅਜਿਹੇ ਕਤਲ ਲਈ ਸਿਰਫ਼ ਮੌਤ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ।

ਅੰਤ ਵਿੱਚ ਦੱਸਣਾ ਜ਼ਰੂਰੀ ਹੈ ਕਿ ਮਾਂ ਦੇ ਢਿੱਡ ਅੰਦਰ ਭਰੂਣ ਕਿੰਨਾ ਕੁ ਸਮਝਦਾਰ ਹੁੰਦਾ ਹੈ। ਇਹ ਵੀ ਖੋਜ ਨੇ ਸਾਬਤ ਕੀਤਾ ਹੈ ਕਿ ਜਦੋਂ ਗਰਭ ਡੇਗਣ ਦੀ ਗੱਲਬਾਤ ਚੱਲੇ ਤੇ ਭਰੂਣ ਨੂੰ ਮਾਰਨ ਦੀ ਤਿਆਰੀ ਕਰ ਲਈ ਜਾਏ ਤਾਂ ਔਜ਼ਾਰਾਂ ਨਾਲ ਉਸ ਦੇ ਚੀਥੜੇ ਕਰਨ ਤੋਂ ਪਹਿਲਾਂ ਭਰੂਣ ਤੇਜ਼ੀ ਨਾਲ ਉਬਾਸੀ ਲੈਂਦੇ ਵੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਉਸ ਵੱਲੋਂ ਤੇਜ਼ੀ ਨਾਲ ਸੁਨੇਹਾ ਘੱਲਣਾ !  ਸਮਝੋ !  ਰੁਕੋ !  ਦੱਸੋ ਤਾਂ ਸਹੀ ਕਿਉਂ ? ਕਿਉਂ ਸਾਨੂੰ ਅਜਿਹੀ ਬੇਕਸੂਰ ਦੇ ਨਿੱਕੇ ਨਿੱਕੇ ਹਾੜੇ ਉਸ ਸਮੇਂ ਨਹੀਂ ਸੁਣਦੇ ?  ਇਸ ਉਬਾਸੀ ਰਾਹੀਂ ਉਸ ਦੀ ਚੀਕ ਨੂੰ ਅਸੀਂ ਕਦੋਂ ਸੁਣਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਦੀ ਰਹਿਮ ਦੀ ਅਪੀਲ ਉੱਤੇ ਗ਼ੌਰ ਕਰਾਂਗੇ ? ਕੋਈ ਹੋਰ ਵੀ ਮੇਰੇ ਨਾਲ ਅਜਿਹੀ ਬੱਚੀ ਦੀ ਆਵਾਜ਼ ਬਣਨੀ ਚਾਹੇਗਾ ?