‘‘ਘਟਿ ਘਟਿ ਬਿਆਪਿ ਰਹਿਆ ਭਗਵੰਤ॥’’

0
305

‘‘ਘਟਿ ਘਟਿ ਬਿਆਪਿ ਰਹਿਆ ਭਗਵੰਤ॥’’

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਜਿਸ ਪਾਵਨ ਪੰਕਤੀ ‘‘ਘਟਿ ਘਟਿ ਬਿਆਪਿ ਰਹਿਆ ਭਗਵੰਤ॥’’ ਦੀ ਵੀਚਾਰ ਅੱਜ ਅਸੀਂ ਸਾਂਝੀ ਕਰ ਰਹੇ ਹਾਂ, ਇਹ ਪਾਵਨ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 293 ’ਤੇ ਸੁਖਮਨੀ ਸਾਹਿਬ ਜੀ ਦੀ 23ਵੀਂ ਅਸ਼ਟਪਦੀ ਵਿਚ ਸੁਭਾਇਮਾਨ ਹੈ।

ਜਿਹੜੀ ਹਸਤੀ ਸਾਰੇ ਸੰਸਾਰ ਨੂੰ ਹੋਂਦ ਵਿਚ ਲਿਆਉਣ ਵਾਲੀ ਹੈ, ਉਸ ਦਾ ਨਾਮ ਅਕਾਲ ਪੁਰਖ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਦਾ ਸਰੂਪ, ਸਿੱਖ ਧਰਮ ਦੇ ਮੁਢਲੇ ਉਪਦੇਸ਼ ਮੂਲ-ਮੰਤਰ ਵਿਚ ਇੰਝ ਕਥਨ ਕੀਤਾ ਹੈ_

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਸਤਿਗੁਰੂ ਜੀ ਕੇਵਲ ਇਕੋ ਹਸਤੀ ਨੂੰ ਅਨਾਦਿ ਅਤੇ ਸਾਰੀ ਉਤਪਤੀ ਦਾ ਆਦਿ ਕਾਰਨ ਮੰਨਦੇ ਹਨ। ਫੁਰਮਾਨ ਹੈ_

ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥

ਅਗਮ ਅਗੋਚਰੁ, ਰੂਪ ਨਾ ਰੇਖਿਆ॥ ਖੋਜਤ ਖੋਜਤ ਘਟਿ ਘਟਿ ਦੇਖਿਆ॥ (੮੩੮)

ਗੁਰਮਤਿ ਦੀ ਹੋਂਦ ਤੋਂ ਪਹਿਲਾਂ ਰੱਬ ਬਾਰੇ ‘‘ਦਖਨ ਦੇਸਿ ਹਰੀ ਕਾ ਬਾਸਾ, ਪਛਿਮਿ ਅਲਹ ਮੁਕਾਮਾ॥ (੧੩੪੮) ਵਾਲਾ ਖਿਆਲ ਸੀ। ਭਾਵ ਆਪਣੇ-ਆਪਣੇ ਮੱਤ ਅਨੁਸਾਰ ਰੱਬ ਨੂੰ ਵੱਖ-ਵੱਖ ਦਿਸ਼ਾਵਾਂ ਵਿਚ ਕੈਦ ਕਰ ਰੱਖਿਆ ਸੀ। ਉਹ ਲੋਕ ਰੱਬ ਦੀ ਭਗਤੀ ਤਾਂ ਕਰਦੇ ਸਨ, ਪਰ ਰੱਬ ਦੀ ਸਰਬ-ਵਿਆਪਕਤਾ ਤੋਂ ਮੁਨਕਰ ਹੋ ਬੈਠੇ ਸਨ, ਇਸੇ ਲਈ ਮਾਨਵਤਾ ਵਿਚੋਂ ਉਹਨਾਂ ਨੂੰ ਪ੍ਰਭੂ ਦੇ ਦਰਸ਼ਨ ਹੋਣ ਦੀ ਥਾਂ ਜਾਤਾਂ-ਪਾਤਾਂ, ਰੰਗ-ਰੂਪ, ਊਚ-ਨੀਚਤਾ ਨਜ਼ਰ ਪੈਂਦੀ ਸੀ। ਗੁਰਮਤਿ ਨੇ ਕਿਹਾ ਕਿ ਜਦੋਂ ਤੁਸੀਂ ਰੱਬ ਦੀ ਭਗਤੀ ਕਰਨੀ ਹੈ, ਤਾਂ ਉਸ ਭਗਤੀ ਨੇ ਤੁਹਾਡੇ ਜੀਵਨ, ਤੁਹਾਡੀ ਸੋਚ ਨੂੰ ਇੰਨਾ ਬਦਲ ਦੇਣਾ ਹੈ ਕਿ ਇਸ ਮਨੁੱਖਤਾ ਅੰਦਰ ਊਚ-ਨੀਚਤਾ ਦਾ ਭੇਦਭਾਵ ਆਉਣ ਦੀ ਥਾਂ ‘‘ਜਤ ਦੇਖਾ ਤਤ ਤੂ’’ ਦੀ ਦ੍ਰਿਸ਼ਟੀ ਹੋਵੇ, ਇਸ ਕੁਦਰਤ ਦੇ ਨਜ਼ਾਰੇ ਵਿਚ ਉਹ ਵਰਤ ਰਿਹਾ ਨਜ਼ਰ ਆਵੇ। ਭਗਤ ਕਬੀਰ ਜੀ ਨੇ ਬਚਨ ਕੀਤੇ, ‘‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ। ਲੋਗਾ ਭਰਮਿ ਨ ਭੂਲਹੁ ਭਾਈ॥ ਖਾਲਿਕ ਖਲਕ, ਖ਼ਲਕ ਮਹਿ ਖਾਲਿਕ ਪੂਰਿ ਰਹਿਓ ਸ੍ਰਬ ਠਾਂਈ॥ (ਪੰਨਾ ੧੩੫੦)

ਪੰਚਮ ਪਾਤਸ਼ਾਹ ਨੇ ਫੁਰਮਾਇਆ ਹੈ, ‘‘ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥ ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਈ ਨਾਹਿ॥ (੧੩੮੧)

ਜਿੱਥੇ ਮਨੁੱਖ ਨੂੰ ਅੱਖਾਂ ਖੋਲ੍ਹਦਿਆਂ ਹੀ ਰੱਬ ਦੀ ਹੋਂਦ ਦਾ ਖਿਆਲ ਆਇਆ, ਉੱਥੇ ਇਸ ਦੇ ਜੀਵਨ ਵਿਚ ਕ੍ਰਿਤਮ ਪੂਜਾ ਦਾ ਵੀ ਅਰੰਭ ਹੋ ਗਿਆ। ਮਨੁੱਖ ਨੇ ਵਾਹਿਗੁਰੂ ਨੂੰ ਭੁੱਲ ਕੇ ਸੂਰਜ ਚੰਦਰਮਾ, ਪਉਣ-ਪਾਣੀ, ਅਗਨੀ ਧਰਤੀ ਦੀ ਪੂਜਾ ਕਰਨੀ, ਧਰੂਅ, ਸ਼ੁੱਕਰ ਅਤੇ ਬੁੱਧ ਆਦਿ ਤਾਰਿਆਂ ਨੂੰ ਮੰਨਿਆ, ਦੇਵਤਿਆਂ ਦੀ ਖੁਸ਼ੀ ਲੈਣ ਲਈ ਉਨ੍ਹਾਂ ਨੂੰ ਪੂਜਿਆ, ਭੈੜੀਆਂ ਰੂਹਾਂ ਦੀ ਕਰੋਪੀ ਤੋਂ ਬਚਣ ਲਈ ਉਹਨਾਂ ਦੀ ਪੂਜਾ ਕੀਤੀ। ਇਸ ਤੋਂ ਬਿਨਾਂ ਜਾਨਵਰਾਂ ਦੀ ਪੂਜਾ, ਬਨਸਪਤੀ ਵਿਚੋਂ ਕਈ ਦਰੱਖਤਾਂ ਦੀ ਪੂਜਾ ਕੀਤੀ, ਤੇ ਕੀਤੀ ਜਾ ਰਹੀ ਹੈ।

ਗੁਰੂ ਜੀ ਨੇ ਕ੍ਰਿਤਮ ਪੂਜਾ ਤੋਂ ਮਾਨਵਤਾ ਨੂੰ ਮੁਕਤ ਕਰਨ ਲਈ ਫੁਰਮਾਇਆ_‘‘ਸਗਲਿਆ ਭਉ ਲਿਖਿਆ ਸਿਰਿ ਲੇਖ॥ ਨਾਨਕ ਨਿਰਭਉ ਨਿਰੰਕਾਰ ਸਚ ਏਕ॥’’ ਜਾਂ ਡਰਪੈ ਧਰਤਿ ਆਕਾਸੁ ਨਖਤ੍ਰਾ ਸਿਰ ਊਪਰਿ ਅਮਰੁ ਕਰਾਰਾ॥ ਪਉਣੁ ਪਾਣੀ ਬੈਸੰਤਰੁ ਡਰਪੈ, ਡਰਪੈ ਇੰਦ੍ਰੁ ਵਿਚਾਰਾ॥ (ਅੰਕ ੯੯੯)

ਕਈ ਤਰ੍ਹਾਂ ਦੀ ਬਹੁ ਪੂਜਾ ਤੋਂ ਵਰਜਦਿਆਂ ਫੁਰਮਾਇਆ_‘‘ਏਕੋ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥ ਏਕਸ ਕੇ ਗੁਨ ਗਾਉ ਅਨੰਤ॥ ਮਨਿ ਤਨਿ ਜਾਪਿ ਏਕ ਭਗਵੰਤ॥ ਏਕੋ ਏਕ ਏਕ ਹਰਿ ਆਪਿ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ॥ (੨੮੯)

ਫਿਰ ਮਨੁੱਖੀ ਸੋਚ ਅੰਦਰ ਇਹ ਪ੍ਰਸ਼ਨ ਉਠਦਾ ਹੈ ਕਿ ਕੀ ਰੱਬ ਹੈ? ਅਕਾਲ ਪੁਰਖ ਦੀ ਹਸਤੀ ਨੂੰ ਸਿੱਧ ਕਰਨ ਲਈ ਸਾਡੇ ਕੋਲ ਕੀ ਸਬੂਤ ਹੈ ? ਇੱਥੇ ਅਸੀਂ ਵੇਖਣਾ ਹੈ ਕਿ ਗੁਰੂ ਸਾਹਿਬਾਨ ਨੇ ਪ੍ਰਮਾਤਮਾ ਦੀ ਹਸਤੀ ਨੂੰ ਕਿਵੇਂ ਸਿੱਧ ਕੀਤਾ ਹੈ। ਵਾਹਿਗੁਰੂ ਜੀ ਦੀ ਹਸਤੀ ਗੁਰੂ ਜੀ ਲਈ ਕਿਸੇ ਦਲੀਲਾਂ ਜਾਂ ਸਬੂਤਾਂ ਦੀ ਮੁਥਾਜ ਨਹੀਂ ਹੈ। ਉਹ ਤੁਰਦੇ ਹੀ ਅਕਾਲ ਪੁਰਖੀ ਨਿਸਚੇ ਦੇ ਆਸਰੇ ਹਨ। ਜਿਸ ਵਸਤੂ ਦਾ ਸਰੂਪ ਹੀ ਸਤਯਤਾ ਹੋਵੇ, ਉਸ ਦੀ ਹੋਂਦ ਨੂੰ ਸਿੱਧ ਕਰਨ ਦੀ ਕੀ ਲੋੜ ਹੈ? ਏੇਸੇ ਅਨੰਦ ਵਿਚ ਹੀ ਗੁਰੂ ਜੀ ਫੁਰਮਾਉਂਦੇ ਹਨ_‘‘ਜਹ ਜਹ ਦੇਖਾ ਤਹ ਤਹ ਸੋਈ॥ (੧੩੪੩)

ਮਨੁੱਖ ਜਿਵੇਂ ਸੂਰਜ ਚੰਦ ਨੂੰ ਪਰਤੱਖ ਰੂਪ ਵਿਚ ਇਨ੍ਹਾਂ ਸਰੀਰਕ ਅੱਖਾਂ ਨਾਲ ਵੇਖਦਾ ਹੈ, ਤਿਵੇਂ ਰੱਬ ਨੂੰ ਵੀ ਉਸੇ ਤਰ੍ਹਾਂ ਪ੍ਰਗਟ ਤੌਰ ’ਤੇ ਵੇਖਣਾ ਚਾਹੁੰਦਾ ਹੈ। ਪਰ ਰੱਬ ਦੀ ਹੋਂਦ ਇਕ ਰੂਹਾਨੀ ਤਜਰਬਾ ਹੈ, ਇਕ ਆਤਮਾ ਦਾ ਗਿਆਨ ਹੈ, ਇਕ ਅਲੌਕਿਕ ਅਹਿਸਾਸ ਜਿਹੜਾ ਗੱਲਾਂ ਬਾਤਾਂ ਰਾਹੀਂ ਦਰਸਾਇਆ ਨਹੀਂ ਜਾ ਸਕਦਾ ਹੈ, ਇਹ ਨੀਂਦ, ਭੁੱਖ, ਦਰਦ, ਸੁਗੰਧੀ ਦੀ ਤਰ੍ਹਾਂ ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਹੈ। ਫੁਰਮਾਨ ਹੈ

ਨਾਨਕ ਸੇ ਅਖੜੀਆਂ ਬਿਅੰਨਿ, ਜਿਨੀ ਡਿਸੰਦੋ ਮਾ ਪਿਰੀ॥       (੫੭੭)

ਭਾਈ ਗੁਰਦਾਸ ਜੀ ਰੱਬ ਦੀ ਸਰਬ-ਵਿਆਪਕਤਾ ਨੂੰ ਦਰਸਾਉਂਦੇ ਹੋਏ ਆਖਦੇ ਹਨ ਕਿ ਜਿਵੇਂ ਸ਼ੀਸ਼ੇ ਵਿਚੋਂ ਅਸੀਂ ਆਪਣਾ ਆਪ ਵੇਖਦੇ ਹਾਂ, ਪਾਣੀ ਵਿਚ ਚੰਦਰਮਾ ਦਿਸਦਾ ਹੈ, ਗਾਵਾਂ, ਮੱਝਾਂ ਦੇ ਦੁੱਧ ਵਿਚ ਘਿਉ ਸਰਬ-ਵਿਆਪੀ ਹੈ, ਫੁੱਲਾਂ ਵਿਚ ਸੁਗੰਧ ਹੈ ਪਰ ਦਿਸਦੀ ਨਹੀਂ, ਕੇਵਲ ਉਸਦੀ ਅਨੁਭਵਤਾ ਹੈ। ਲੱਕੜ ਵਿਚ ਅਗਨੀ ਅਤੇ ਸਾਰੀ ਧਰਤੀ ਵਿਚ ਪਾਣੀ ਹੈ। ਇਸ ਤਰ੍ਹਾਂ ਵਾਹਿਗੁਰੂ ਪ੍ਰਮਾਤਮਾ ਹਰੇਕ ਹਿਰਦੇ ਵਿਚ ਰਮਿਆ ਹੋਇਆ ਹੈ। ਅਸੀਂ ਗੁਰੂ ਦੇ ਉਪਦੇਸ਼ ਦੁਆਰਾ ਹੀ ਉਸਦੀ ਹੋਂਦ ਦਾ ਅਨੰਦ ਮਾਣ ਸਕਦੇ ਹਾਂ। ਕਥਨ ਹੈ

ਦਰਪਣਿ ਵਾਂਗ ਧਿਆਨੁ ਧਰਿ ਆਪੁ ਆਪ ਨਿਹਾਲੈ। ਘਟਿ ਘਟਿ ਪੂਰਨ ਬ੍ਰਹਮੁ ਹੈ ਚੰਦੁ ਜਲ ਵਿਚਿ ਭਾਲੈ।

ਗੋਰਸੁ ਗਾਈ ਵੇਖਦਾ ਘਿਉ ਦੁਧੁ ਵਿਚਾਲੈ। ਫੁਲਾਂ ਅੰਦਰਿ ਵਾਸੁ ਲੈ ਫਲੁ ਸਾਉ ਸਮ੍ਹਾਲੈ।

ਕਾਸਟਿ ਅਗਨਿ ਚਲਿਤੁ ਵੇਖਿ ਜਲ ਧਰਤਿ ਹਿਆਲੈ। ਘਟਿ ਘਟਿ ਪੂਰਣ ਬ੍ਰਹਮੁ ਹੈ ਗੁਰਮੁਖਿ ਵੇਖਾਲੈ॥ ੬॥ (ਵਾਰ ੯)

ਰੱਬ ਦੀ ਹੋਂਦ ਦਾ ਪਹਿਲਾ ਸਬੂਤ ਸਾਡੀ ਆਪਣੀ ਹੋਂਦ ਹੀ ਹੈ। ਸਾਡੀ ਆਤਮਾ ਦੀ ਹੋਂਦ ਹੈ, ਸਾਡੇ ਮਾਨਸਿਕ ਜੀਵਨ ਦੀ ਹੋਂਦ ਹੈ। ਗੁਰੂ ਜਨ ਤੇ ਭਗਤ ਜਨ ਜਦੋਂ ਵੀ ਬ੍ਰਹਿਮੰਡ ਵੱਲ ਧਿਆਨ ਦੇਂਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਕਰਤਾ ਧਿਆਨ ਵਿਚ ਆ ਜਾਂਦਾ ਹੈ, ਉਹ ਪੁਕਾਰ ਉਠਦੇ ਹਨ ‘‘ਓਇ ਜੋ ਦੀਸਹਿ ਅੰਬਰ ਤਾਰੇ॥ ਕਿਨਿ ਓਇ ਚੀਤੇ ਚੀਤਨਹਾਰੇ। ਸੂਰਜ ਚੰਦੁ ਕਰਹਿ ਉਜੀਆਰਾ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ॥’’ ਦੀ ਝਲਕ ਨਜ਼ਰੀਂ ਪੈਂਦੀ ਹੈ। ਜਿੰਨਾ ਚਿਰ ਬੱਚੇ ਦੇ ਦੰਦ ਨਹੀਂ ਆਉਂਦੇ, ਕੁਦਰਤ, ਮਾਂ ਦੀ ਰਾਹੀਂ ਬੱਚੇ ਨੂੰ ਅੰਮ੍ਰਿਤਮਈ ਦੁੱਧ ਬਖਸ਼ਿਸ਼ ਕਰਦੀ ਹੈ। ਦੁੱਧ ਸੁੱਕਦਾ ਹੈ ਤੇ ਦੰਦ ਆ ਜਾਂਦੇ ਹਨ ਤਾਂ ਜੋ ਬੱਚਾ ਰੋਟੀ ਖਾ ਸਕੇ, ਗੱਲ ਕੀ ‘‘ਸੈਲ ਪਥਰ ਮਹਿ ਜੰਤ ਉਪਾਇ ਤਾ ਕਾ ਰਿਜਕੁ ਆਗੈ ਕਰਿ ਧਰਿਆ॥’’ ਇਸ ਤੋਂ ਵੱਧ ਸੁੰਦਰ ਤੇ ਅਕੱਟ ਦਲੀਲ ਜਾਂ ਸਬੂਤ ਕੀ ਹੋ ਸਕਦਾ ਹੈ। ਦੇਖ ਇਸ ਬੇਥੰਮ੍ਹੇ ਗਗਨ ਵਿਚ ਕਰੋੜਾਂ ਸੂਰਜ ਚੰਨ ਤਾਰੇ ਬਿਨਾਂ ਬੱਧੇ ਤੇ ਪਟੜੀਆਂ ਵਿਛਾਏ ਨੀਅਤ ਅਸੂਲਾਂ ਅਤੇ ਬੱਧੇ ਰਾਹਾਂ ’ਤੇ ਅਣਗਿਣਤ ਸਮੇਂ ਤੋਂ ਲਗਾਤਾਰਤਾ ਨਾਲ ਘੁੰਮਣਘੇਰੀਆਂ ਖਾ ਰਹੇ ਹਨ। ਕੀ ਇਹ ਮਨੁੱਖੀ ਅਕਲ ਦੀ ਕਾਢ ਹੈ, ਨਹੀਂ ਇਹ ਸਭ ਚੇਤੰਨ ਸਤਿਆਨੰਦ ਪ੍ਰਭੂ ਦਾ ਹੀ ਕਰਤਬ ਹੈ। ਵੇਖੋ ਹਰ ਪਤਲੀ ਸ਼ੈਅ ਦਾ ਸੁਭਾਅ ਨਿਵਾਣ ਵੱਲ ਵਗਣਾ ਹੈ। ਪਰ ਮਨੁੱਖੀ ਸਰੀਰ ਅੰਦਰ ਇਸ ਤੋਂ ਉਲਟ ਖ਼ੂਨ ਜੋ ਪਤਲਾ ਹੈ, ਸਿਰ ਤੋਂ ਪੈਰਾਂ ਤੱਕ ਅਤੇ ਪੈਰਾਂ ਤੋਂ ਸਿਰ ਤੱਕ ਇਕੋ ਜਿਹਾ ਬਿਨਾਂ ਰੁਕੇ ਵਗ ਰਿਹਾ ਹੈ ਅਤੇ ਗੇੜੇ ਤੇ ਗੇੜਾ ਲਾ ਰਿਹਾ ਹੈ, ਪਤਾ ਵੀ ਨਹੀਂ ਲਗਦਾ ਕਿ ਇਹ ਕਿਵੇਂ ਹੋ ਰਿਹਾ ਹੈ। ਐ ਮਨੁੱਖ! ਇਹ ਪ੍ਰਬੰਧ ਤੇਰੇ ਆਪਣੇ ਹੱਥ ਵਿਚ ਨਹੀਂ, ਉਸ ਸਤਚਿੱਤ ਅਨੰਦ ਪ੍ਰਭੂ ਦੇ ਆਸਰੇ ਹੀ ਰਹਿੰਦਾ ਹੈ। ਤੇ ਇਹ ਨਿਯਮ ਕੋਟ ਬ੍ਰਹਿਮੰਡਾਂ ਅਤੇ ਤਮਾਮ ਜੀਵਾਂ ਦੇ ਅੰਦਰ ਨਿਰੰਤਰ ਹੋ ਰਿਹਾ ਹੈ। ਫਿਰ ਸਰੀਰ ਦੀ ਪਾਲਣਾ, ਪਰਵਰਿਸ਼ ਵਿਚ ਖ਼ੂਨ ਗੰਦਾ ਹੁੰਦਾ ਹੈ, ਉਹ ਮੁੜ ਵੱਖਰੀਆਂ ਨਾੜੀਆਂ ਰਾਹੀਂ ਫੇਫੜਿਆਂ ਵਿਚ ਪੁੱਜ ਕੇ ਸਾਫ ਹੁੰਦਾ ਹੈ ਅਤੇ ਫਿਰ ਸਾਫ਼ ਹੋ ਕੇ ਮੁੜ ਗੇੜੇ ਮਾਰਦਾ ਸਾਫ ਅਤੇ ਗੰਦਾ ਖੂਨ ਵੱਖ-ਵੱਖ ਨਾੜੀਆਂ ਵਿਚ ਵਗਦਾ ਹੈ, ਗੇੜੇ ਖਾਂਦਿਆਂ ਗੰਦਾ ਅਤੇ ਸਾਫ਼ ਖੂਨ ਕਦੀ ਇਕੱਠਾ ਨਹੀਂ ਹੁੰਦਾ ਤੇ ਨਾ ਹੀ ਰੁਕਦਾ ਹੈ। ਇਹੋ ਹੀ ਨਿਸਚਾ ਰੱਬ ਦੀ ਹਸਤੀ ਸਾਬਤ ਕਰਨ ਲਈ ਸਦਾਚਾਰੀ ਤੇ ਭਾਰੀ ਦਲੀਲ ਹੈ।

ਇਸ ਤਰ੍ਹਾਂ ਰੱਬ ਦੀ ਹੋਂਦ ਨੂੰ ਅਨੁਭਵ ਕਰ ਚੁੱਕਾ ਮਨੁੱਖ, ਮਨੁੱਖਤਾ ਅੰਦਰ ਪਈਆਂ ਜਾਤਾਂ-ਪਾਤਾਂ, ਊਚ-ਨੀਚਤਾ, ਅਮੀਰੀ-ਗਰੀਬੀ ਦੇ ਫ਼ਰਕ ਅਤੇ ਮੰਦਰ ਮਸਜਿਦਾਂ ਦੇ ਝਗੜੇ ਮੁਕਾ ਕੇ ਝੂਮ ਉਠਦਾ ਹੈ, ਅਨੰਦ ਵਿਚ ਮਗਨ ਹੋ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਦੀ ਤਰ੍ਹਾਂ ਗਾਉਂਦਾ ਹੈ_

ਏਕ ਰੂਪ ਸਗਲੋ ਪਾਸਾਰਾ॥ ਆਪੇ ਬਨਜੁ ਆਪਿ ਬਿਉਹਾਰਾ॥ ੧॥ ਐਸੋ ਗਿਆਨੁ ਬਿਰਲੋ ਹੀ ਪਾਏ॥ ਜਤ ਜਤ ਜਾਈਐ ਤਤ ਦ੍ਰਿਸਟਾਏ॥ ੧॥ ਰਹਾਉ॥ ਅਨਿਕ ਰੰਗ ਨਿਰਗੁਨ ਇਕ ਰੰਗਾ॥ ਆਪੇ ਜਲੁ ਆਪ ਹੀ ਤਰੰਗਾ॥ ੨॥ ਆਪ ਹੀ ਮੰਦਰੁ ਆਪਹਿ ਸੇਵਾ॥ ਆਪ ਹੀ ਪੁਜਾਰੀ ਆਪ ਹੀ ਦੇਵਾ॥ ੩॥ ਆਪਹਿ ਜੋਗ ਆਪ ਹੀ ਜੁਗਤਾ॥ ਨਾਨਕ ਕੇ ਪ੍ਰਭ ਸਦ ਹੀ ਮੁਕਤਾ॥ ੪॥ (ਪੰਨਾ ੮੦੩)

ਭਾਈ ਨੰਦ ਲਾਲ ਸਿੰਘ ਜੀ ਆਪਣੀ ਰਚਨਾ ਵਿਚ ‘‘ਘਟਿ ਘਟਿ ਬਿਆਪਿ ਰਹਿਆ ਭਗਵੰਤ’’ ਦੇ ਭਾਵ ਨੂੰ ਦਰਸਾਉਂਦੇ ਹੋਏ ਕਥਨ ਕਰਦੇ ਹਨ_

ਕਾਦਿਰੇ ਮੁਤਲਕ ਬਕੁਦਰਤ ਜਾਹਰਸ੍ਤ॥ ਦਰਮਯਾਨੇ ਕੁਦਰਤੇ ਖੁਦ ਕਾਦਿਰਸ੍ਤ॥

ਭਾਵ ਕਿ ਸਰਬ-ਸ਼ਕਤੀਮਾਨ ਵਾਹਿਗੁਰੂ ਆਪਣੀ ਰਚਨਾ ਤੋਂ ਪ੍ਰਗਟ ਹੁੰਦਾ ਹੈ। ਉਹ ਆਪਣੀ ਰਚਨਾ ਵਿਚ ਸਮਾਇਆ ਹੋਇਆ ਹੈ। ਜਿਨ੍ਹਾਂ ਨੇ ਇਹ ਅਨੁਭਵੀ ਰੰਗ ਮਾਣਿਆ ਹੈ, ਉਨ੍ਹਾਂ ਨੇ ਆਪ ਅਨੰਦਤ ਹੁੰਦਿਆਂ ਹੋਇਆਂ ਸੰਸਾਰੀ ਜੀਵਾਂ ’ਤੇ ਕਿਰਪਾ ਕਰਦਿਆਂ ਫ਼ੁਰਮਾਨ ਕੀਤਾ ਹੈ

ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ॥ ਰਵਿਆ ਰੇ ਰਵਿਆ ਸਰਬ ਥਾਨ॥ ੧॥

ਜਿਉ ਬੈਸੰਤਰ ਕਾਸਟ ਮਝਾਰਿ॥ ਬਿਨ ਸੰਜਮ ਨਹੀ ਕਾਰਜ ਸਾਰ॥ (ਦੇਵਗੰਧਾਰੀ ਮ: ੫)

ਜਾਂ

ਸੰਤਹੁ ਘਟਿ ਘਟਿ ਰਹਿਆ ਸਮਾਹਿਓ॥ ਪੂਰਨ ਪੂਰਿ ਰਹਿਓ ਸਰਬ ਮਹਿ, ਜਲਿ ਥਲਿ ਰਮਈਆ ਆਹਿਓ॥ (ਅੰਕ ੬੧੭)

ਆਓ! ਸਿਰਜਨਹਾਰ ਦਾਤੇ ਨੂੰ ਹਰ ਪਲ ਯਾਦ ਕਰੀਏ ਤਾਂ ਕਿ ਸਾਨੂੰ ਵੀ ਵਾਹਿਗੁਰੂ ਨੂੰ ਹਰ ਥਾਂ ਵੇਖਣ ਦੀ ਦ੍ਰਿਸ਼ਟੀ ਬਣ ਸਕੇ_

ਸੋ ਅੰਤਰਿ ਸੋ ਬਾਹਰਿ ਅਨੰਤ॥ ਘਟਿ ਘਟਿ ਬਿਆਪਿ ਰਹਿਆ ਭਗਵੰਤ॥