ਗੁਰੂ ਨਾਨਕ ਸਾਹਿਬ ਜੀ ਵਲੋਂ ਸਮਾਜਿਕ ਕ੍ਰਾਂਤੀ

0
424

ਗੁਰੂ ਨਾਨਕ ਸਾਹਿਬ ਜੀ ਵਲੋਂ ਸਮਾਜਿਕ ਕ੍ਰਾਂਤੀ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ੴ ਸਤਿ ਗੁਰ ਪ੍ਰਸਾਦਿ॥

 ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਤੇ ਉਨ੍ਹਾਂ ਦੁਆਰਾ ਬਖ਼ਸ਼ਿਆ ਰੱਬੀ ਸੰਦੇਸ਼ ਮੱਧ ਕਾਲੀਨ ਦੇ ਭਾਰਤੀ ਇਤਿਹਾਸ ਦੀ ਬੜੀ ਮਹਾਨ ਕ੍ਰਾਂਤੀਕਾਰੀ ਘਟਨਾ ਹੈ। ਜਿਸ ਦੀ ਮਹਾਨਤਾ ਤੇ ਸਾਰਥਕਤਾ ਕਦੇ ਵੀ ਮੱਧਮ ਨਹੀਂ ਪਵੇਗੀ। ਸਾਹਿਬ ਜੀ ਇਹ ਸੰਦੇਸ਼ 1498 ਤੋਂ 1521 ਤੱਕ ਚਾਰ ਜਗਤ ਫੇਰੀਆਂ ਰਾਹੀਂ ਅਤੇ ਫਿਰ 1539 ਤੱਕ ਕਰਤਾਰ ਪੁਰੋਂ ਨੇੜੇ/ਤੇੜੇ ਤੇ ਦੂਰ/ਦੁਰਾਡੇ ਜਾ ਕੇ ਲੋਕਾਈ ਵਿੱਚ ਵੰਡਦੇ ਰਹੇ। ਲੋਕਾਈ ਨੇ ਆਪ ਜੀ ਦੇ ਸੰਦੇਸ਼ ਨੂੰ ਬੜੀ ਗੰਭੀਰਤਾ ਨਾਲ ਸੁਣਿਆ। ਇਸ ਦਾ ਪ੍ਰਮਾਣ ‘‘ਬਾਬੇ ਤਾਰੇ ਚਾਰ ਚਕਿ, ਨਉ ਖੰਡਿ ਪ੍ਰਿਥਮੀ ਸਚਾ ਢੋਆ॥ (ਪਉੜੀ ੨੧/ਵਾਰ ੧), ਜਿਥੈ ਜਾਇ ਜਗਤ ਵਿਚਿ, ਬਾਬੇ ਬਾਝ ਨ ਖਾਲੀ ਜਾਈ ॥’’ (ਪਉੜੀ ੩੪/ ਵਾਰ ੧) ਰਾਹੀਂ ਬੜਾ ਸ਼ਪਸ਼ਟ ਮਿਲਦਾ ਹੈ। ਭਾਈ ਗੁਰਦਾਸ ਜੀ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਲਈ ‘ਸੂਰਜ, ਸਿੰਘ ਬੁਕੇ’ ਆਦਿ ਨਾਲ ਤਸ਼ਬੀਹ ਦਿੱਤੀ ਹੈ, ਉੱਥੇ ਬਹੁਤੀ ਵਾਰੀ ‘ਬਾਬਾ’ ਲਕਬ ਨਾਲ ਵੀ ਸੰਬੋਧਨ ਕੀਤਾ ਗਿਆ ਹੈ। ‘ਬਾਬਾ’ ਉਸ ਬਜ਼ੁਰਗ ਨੂੰ ਕਹਿੰਦੇ ਹਨ ਜਿਸ ਦੀ ਸਿਆਣਪ ਮੰਨੀ/ਪ੍ਰਮੰਨੀ ਹੋਵੇ, ਜਿਸ ਦੇ ਹਿਰਦੇ ਵਿੱਚ ਵਿੱਤਕਰਾ, ਈਰਖਾ ਨਾ ਹੋਵੇ। ‘ਬਾਬਾ’ ਉਹ ਹੈ ਜੋ ਸਿਆਣਪ, ਗਿਆਨ ਦਾ ਭੰਡਾਰ ਭਾਵ ਖਜ਼ਾਨਾ ਹੈ ਅਤੇ ਸਾਰੀ ਮਨੁੱਖਤਾ ਲਈ ਪਿਆਰ ਦਾ ਸਾਗਰ ਹੈ। ਉਪਰੋਕਤ ਤੱਤਾਂ ਦਾ ਮਾਲਕ ਹੀ ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭ ਪ੍ਰਿਥਵੀ ਦਿਸਿ ਆਈ॥’’ (ਪਉੜੀ ੨੪/ਵਾਰ ੧) ਦੇ ਦਰਦ ਦਾ ਅਨੁਭਵੀ ਹੋ ਸਕਦਾ ਹੈ।

ਲੋਕਾਈ ਦੇ ਮਨ ਦਾ ਸੁਪਨਾ ਸੀ ਕਿ ਕਿਵੇਂ ਧਾਰਮਿਕ, ਰਾਜਨੀਤਕ, ਆਰਥਿਕ ਬਰਾਬਰੀ ਦੇ ਨਾਲ/ਨਾਲ, ਸਮਾਜਿਕ ਬਰਾਬਰੀ, ਸਮਾਜਿਕ ਇਕਸਾਰਤਾ, ਏਕਤਾ ਕਿਵੇਂ ਬਣੇ ? ਕੋਈ ਦਿਨ ਆਵੇ ਜਦੋਂ ਮਾਨਵਤਾ ‘ਨਿਰਭਉ ਤੇ ਨਿਰਵੈਰ’ (ਸੁਤੰਤਰ) ਜ਼ਿੰਦਗੀ ਜੀ ਸਕੇ। ਇਲਾਹੀ ਕ੍ਰਿਪਾ ਦਿ੍ਰਸ਼ਟੀ ਹੋਈ ‘‘ਸੁਣੀ ਪੁਕਾਰ ਦਾਤਾਰ ਪ੍ਰਭਿ, ਗੁਰ ਨਾਨਕ ਜਗ ਮਾਹਿ ਪਠਾਇਆ ॥’’ ਨਨਕਾਣੇ ਦੀ ਧਰਤੀ ਨੂੰ ਭਾਗ ਲੱਗੇ ‘‘ਚਾਰਿ ਵਰਣ ਚਾਰਿ ਮਜ਼ਹਬਾਂ, ਜਗ ਵਿਚਿ ਹਿੰਦੂ ਮੁਸਲਮਾਣੇ॥’’ ਦੀਆਂ ਵੰਡੀਆਂ ਨੂੰ ਖ਼ਤਮ ਕਰਨ ਵਾਲੇ ਗੁਰੂ ਜੀ ਦਾ ਆਗਮਨ ਹੋਇਆ। ਜਿਸ ਨੇ ‘‘ਸਭ ਮਹਿ ਜੋਤਿ, ਜੋਤਿ ਹੈ ਸੋਇ॥’’ ਦਾ ਹੋਕਾ ਦਿੱਤਾ ਤਾਂ ਕਿ ਮਨੁੱਖਤਾ ਨੂੰ ‘‘ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥’’ (ਮ: ੧/੮੩) ਦਾ ਅਨੁਭਵ ਤੇ ਅਨੰਦ ਮਿਲ ਸਕੇ। ਸਾਡੇ ਨੇਤ੍ਰਾਂ ਨੂੰ ਖ਼ਲਕਤ ਵਿੱਚੋਂ ਖ਼ਾਲਕ ਦੇ ਦਰਸ਼ਨ ਹੋ ਸਕਣ। ਆਪ ਜੀ ਬਚਪਨ ਵਿੱਚ ਹੀ ‘‘ਜਾਲਿ ਮੋਹੁ, ਘਸਿ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ ਚਿਤੁ ਲੇਖਾਰੀ, ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ, ਸਾਲਾਹ ਲਿਖੁ, ਲਿਖੁ ਅੰਤੁ ਨ ਪਾਰਾਵਾਰੁ ॥’’ (ਮ:੧/੧੬) ਦਾ ਵਿਦਿਅਕ ਪੱਧਰ ਪਾਂਧੇ ਅਤੇ ਸਮੁੱਚੀ ਲੋਕਾਈ ਨੂੰ ਦਿੱਤਾ ਤਾਂ ਕਿ ‘‘ਵਿਦਿਆ ਵੀਚਾਰੀ ਤਾਂ, ਪਰਉਪਕਾਰੀ ॥’’ (ਆਸਾ ਮ: ੧/੩੫੬) ਦੀ ਚੇਤਨਤਾ ਪੈਦਾ ਹੋ ਸਕੇ, ਜਨੇਉ ਪਹਿਨਣ ਦਾ ਅਰਥ ਹੈ: ਬ੍ਰਾਹਮਣ ਦੀ ਅਗਵਾਈ ਨੂੰ ਜੀਵਨ ਵਿੱਚ ਪ੍ਰਵਾਨ ਕਰਦਿਆਂ ਹੋਇਆਂ ਵਰਣਵੰਡ, ਨਸਲਭੇਦ, ਲਿੰਗ/ਭੇਦ ਨੂੰ ਵੀ ਸਵੀਕਾਰਨਾ ਕਿਉਂਕਿ ਬ੍ਰਾਹਮਣ, ਖੱਤਰੀ, ਵੈਸ਼ ਦੇ ਜਨੇਊ ਪਹਿਨਣ ਦੀ ਰੀਤ ਸਭ ਕੁਝ ਅਲੱਗ ਹੈ ਤੇ ਨਾਲ ਹੀ ਇਸਤ੍ਰੀ ਤੇ ਸ਼ੂਦ੍ਰ ਨੂੰ ਜਨੇਉ ਪਹਿਨਣ ਦਾ ਹੱਕ ਹੀ ਨਹੀਂ ਦਿੱਤਾ ਗਿਆ। ਇਹ ਤਾਂ ਕੇਵਲ ‘‘ਚਉਕੜਿ ਮੁਲਿ ਅਣਾਇਆ, ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ, ਗੁਰੁ ਬ੍ਰਾਹਮਣੁ ਥਿਆ ॥’’ ( ਮ: ੧/੪੭੧) ਦੀ ਥੋਥੀ ਪਰੰਪਰਾ ਸੀ। ਗੁਰਦੇਵ ਤਰੁਠੇ ਪੂਰੀ ਮਾਨਵਤਾ ਨੂੰ ‘‘ਦਇਆ ਕਪਾਹ, ਸੰਤੋਖੁ ਸੂਤੁ, ਜਤੁ ਗੰਢੀ, ਸਤੁ ਵਟੁ ॥ ਏਹੁ ਜਨੇਊ ਜੀਅ ਕਾ; ਹਈ, ਤ ਪਾਡੇ ਘਤੁ ॥ ਨਾ ਏਹੁ ਤੁਟੈ, ਨ ਮਲੁ ਲਗੈ, ਨਾ ਏਹੁ ਜਲੈ, ਨ ਜਾਇ ॥ ਧੰਨੁ ਸੁ ਮਾਣਸ ਨਾਨਕਾ  ! ਜੋ ਗਲਿ ਚਲੇ ਪਾਇ ॥’’ ( ਮ: ੧/੪੭੧) ਦੀ ਨਿਸਚਿੰਤ ਬੇਫ਼ਿਕਰੀ ਵਾਲਾ ਜੀਵਨ ਜੀਉਂਦਿਆਂ ਸਹਿਜੇ ਹੀ ਰੱਬੀ ਮਿਲਾਪ ਦਾ ਅਨੰਦ ਮਾਣ ਸਕੇ। ਗਿਆਨ ਦੇ ਸਾਗਰ ਗੁਰੂ ਨਾਨਕ ਸਾਹਿਬ ਜੀ ਨੇ ਕ੍ਰਾਂਤੀਕਾਰੀ ਕਦਮ ਚੁਕਿਆ: ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥’’ ਦੀ ਸਮਾਜਿਕ ਬਣਤਰ ਖੜ੍ਹੀ ਕਰ ਦਿੱਤੀ ‘‘ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ  ! ॥’’ (ਮ: ੧/੧੫) ’ਤੇ ਅਧਾਰਿਤ ਹੋ ਗਈ। ਇਸ ਨੂੰ ਅਮਲੀ ਰੂਪ ਦਿੰਦਿਆਂ ਆਪ ਜੀ ਨੇ ਭਾਈ ਮਰਦਾਨਾ ਜੀ ਨੂੰ ਜੋ ਉਸ ਸਮੇਂ ਦੇ ਸਨਾਤਨੀ ਧਰਮ ਅਨੁਸਾਰ ਅਖੌਤੀ ਨੀਵੀਂ ਜਾਤਿ ਨਾਲ ਸੰਬੰਧਿਤ ਸਨ, ਦੀ ਚੋਣ ਆਪਣੇ ਕੀਰਤਨੀਏ ਭਾਵ ਰਬਾਬੀ ਸਾਥੀ ਵਜੋਂ ਕੀਤੀ। ਜਿਨ੍ਹਾਂ ਨੇ ਲਗਭਗ ਪੰਜਾਹ ਸਾਲ ਆਪ ਜੀ ਨਾਲ ਕੀਰਤਨ ਤੇ ਧਰਮ ਪ੍ਰਚਾਰ ਦੀ ਸੇਵਾ ਨਿਭਾਈ। ਭਾਈ ਲਾਲੋ ਦੇ ਘਰ ਜਾ ਟਿੱਕਾਣਾ ਕੀਤਾ, ਫਿਰ ‘‘ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ  ! ॥’’ (ਮ: ੧/੭੨੨) ਦਰਜ ਕਰਕੇ ਭਾਈ ਸਾਹਿਬ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਕਰ ਦੇਣਾ, ਤਰਖਾਣ ਜਾਤੀ ਨਾਲ ਸੰਬੰਧਿਤ ਇੱਕ ਹੋਰ ਗੁਰਸਿੱਖ ਝੰਡੇਵਾਢੀ ਜੀ ਦਾ ਪ੍ਰਚਾਰਕ ਦੌਰਿਆਂ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚੱਲਣਾ ਇਕ ਅਦਭੁੱਤ ਕ੍ਰਾਂਤੀਕਾਰੀ ਤੇ ਨਵੇਂ ਸਮਾਜ ਦੀ ਸੋਚ ਹੀ ਕਿਹਾ ਜਾ ਸਕਦਾ ਹੈ।

ਜਿਸ ਸਮੇਂ ਭਾਰਤ ਦੇਸ਼ ਵਿੱਚ ‘‘ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ ॥’’ (ਮ: ੧/ ੪੬੯) ਰੂਪ ਅਗਿਆਨੀ ਜਨਤਾ ਦੀ ਸੋਚ ਇਸ ਤਰ੍ਹਾਂ ਦੀ ਹੋਵੇ ਕਿ: ‘ਮੂਰਖ ਹੋਵੇ ਭਾਵੇਂ ਪੜਿਆ ਹੋਵੇ, ਬ੍ਰਾਹਮਣ ਵੱਡਾ ਦੇਵਤਾ ਹੈ।’ (ਮਨੂੰ ਸਿਮ੍ਰਤੀ ਅਧਿਆਏ 9/ਸਲੋਕ 347) ਤੇ ‘ਸ਼ੂਦਰ ਨੂੰ ਅਕਲ ਨਾ ਦੇਵੋ, ਹੋਮ ਤੋਂ ਬਚਿਆ ਅਨਾਜ ਨਾ ਦੇਵੋ ਅਤੇ ਨਾ ਹੀ ਉਸ ਨੂੰ ਧਰਮ ਦੀ ਸਿਖਿਆ ਦਿਉ।’ (ਮਨੂੰ ਸਿਮ੍ਰਤੀ ਅਧਿਆਏ 8/ਸਲੋਕ 8) ਆਦਿ, ਉਸ ਸਮੇਂ ਸਤਿਗੁਰੂ ਨਾਨਕ ਜੀ ਨੇ ਸਮਾਜ ਦੀ ਅਜਿਹੀ ਸੋਚ ਅਤੇ ਕਾਨੂੰਨ ਨੂੰ ਪੂਰਨ ਤੌਰ ’ਤੇ ਰੱਦ ਕਰ ਦਿੱਤਾ ਤੇ ਰੱਬੀ ਉਪਦੇਸ਼ ਸਭ ਨੂੰ ਪੜ੍ਹਨ/ਸੁਣਨ, ਅਮਲ ਕਰਨ ਤੇ ਪ੍ਰਚਾਰਨ ਪ੍ਰਸਾਰਨ ਦਾ ਹੱਕ ਦੇ ਦਿੱਤਾ।

‘‘ਸੁਣਿਆ ਮੰਨਿਆ, ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥’’ (ਮ: ੧/੫) ਦੀ ਸਰਬਸਾਂਝੀ ਪਵਿੱਤ੍ਰਤਾ ਪ੍ਰਦਾਨ ਕੀਤੀ। ਸਮਾਜ ‘‘ਪਰਜਾ ਅੰਧੀ ਗਿਆਨ ਬਿਨੁ, ਕੂੜੁ ਕੁਸਤਿ ਮੁਖਹੁ ਆਲਾਈ।’’ (ਭਾਈ ਗੁਰਦਾਸ/ਵਾਰ ੧/ਪਉੜੀ ੩੦) ਦੇ ਚਿੱਕੜ ਵਿੱਚ ਧਸ ਚੁੱਕੀ ਸੀ। ਪ੍ਰਜਾ ਦੇ ਰਾਖੇ ‘‘ਖਤ੍ਰੀਆ ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ, ਧਰਮ ਕੀ ਗਤਿ ਰਹੀ ॥’’ (ਮ: ੧ / ੬੬੩) ਵਾਕ ਅਨੁਸਾਰ ਬੇ/ਪੱਤ ਜਿੰਦਗੀ ਜੀਊਣ ਲਈ ਮਜ਼ਬੂਰ ਸੀ। ਬਾਬੇ ਨੇ ‘‘ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ, ਜੇਤਾ ਕਿਛੁ ਖਾਇ ॥’’ (ਮ: ੧/੧੪੨) ਵਚਨਾਂ ਰਾਹੀਂ ਹਲੂਣਾ ਦਿੱਤਾ ਤਾਂ ਜੋ ਸਮਾਜ ਦੇ ਹਰ ਵਰਗ ਵਿੱਚੋਂ ‘‘ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥’’ (ਮ: ੧/੧੪੧੧) ਰੂਪ ਸੂਰਮੇ ਪੈਦਾ ਹੋ ਸਕਣ। ਮੁਗ਼ਲੀਆ ਸਲਤਨਤ ਵਲੋਂ ਭਾਰਤ ਦੇਸ਼ ਅੰਦਰ ਪੈਦਾ ਕੀਤੀ ਪਰਾਧੀਨਤਾ, ਗੁਲ਼ਾਮੀ ਦਾ ਅਹਿਸਾਸ ਇੰਜ ਕਰਵਾਇਆ ‘‘ਗਊ ਬਿਰਾਹਮਣ ਕਉ ਕਰੁ ਲਾਵਹੁ, ਗੋਬਰਿ ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ, ਧਾਨੁ ਮਲੇਛਾਂ ਖਾਈ ॥ ਅੰਤਰਿ ਪੂਜਾ ਪੜਹਿ ਕਤੇਬਾ, ਸੰਜਮੁ ਤੁਰਕਾ ਭਾਈ ॥ (ਮ: ੧/੪੭੧), ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ, ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ, ਬਕਰਾ ਖਾਣਾ ॥ (ਮ: ੧/੪੭੨) , ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ ॥ (ਮ: ੧/੪੭੦), ਘਰਿ ਘਰਿ ਮੀਆ ਸਭਨਾਂ ਜੀਆਂ, ਬੋਲੀ ਅਵਰ ਤੁਮਾਰੀ ॥’’ (ਮ: ੧/੧੧੯੧) ਆਦਿ ਸ਼ਬਦਾਂ ਰਾਹੀਂ ਸਮਾਜ ਅੰਦਰ ਜਾਗ੍ਰਿਤੀ ਪੈਦਾ ਕੀਤੀ, ਗੁਲ਼ਾਮੀ ਦਾ ਜੂਲ਼ਾ ਗਲੋਂ ਲਾਹੁਣ ਲਈ ਭਾਰਤ ਵਰਸ਼ ਤੇ ਪੂਰੇ ਏਸ਼ੀਆ ਮਹਾਦੀਪ ਨੂੰ ਜਗਾਇਆ, ਸਮਾਜਿਕ ਬਰਾਬਰੀ ਹਿਤ ਹੀ ਆਪ ਜੀ ਨੇ ‘ਸੰਗਤਿ’ ਕਾਇਮ ਕੀਤੀ: ‘‘ਚਾਰੇ ਪੈਰ ਧਰਮ ਦੇ, ਚਾਰਿ ਵਰਨ ਇਕ ਵਰਨੁ ਕਰਾਇਆ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗਿ ਵਰਤਾਇਆ।’’ (ਭਾਈ ਗੁਰਦਾਸ ਜੀ/ਵਾਰ ੧/ਪਉੜੀ ੨੩)ਦੀ ਰੀਤ ਚਲਾਈ। ਇਹਨਾਂ ਨਿਯਮਾਂ ਦੇ ਅਭਿਆਸੀ ਬਣਾਉਣ ਹਿੱਤ ਹੀ ਆਪ ਜੀ ਨੇ ਕਰਤਾਰਪੁਰ ਦੀ ਸਥਾਪਨਾ ਕੀਤੀ, ਸਮਾਜਿਕ ਬਰਾਬਰੀ ਤੇ ਊਚ/ਨੀਚ ਦਾ ਭੇਦ ਮਿਟਾਣ ਲਈ ਸਭ ਤੋਂ ਨਿੱਗਰ ਕੰਮ ਇਹ ਕੀਤਾ ਕਿ ਵੱਖ/ਵੱਖ ਇਲਾਕਿਆਂ ਦੀਆਂ ਜਾਤਾਂ ਵਿੱਚੋਂ ਪੰਦਰਾਂ ਭਗਤਾਂ ਦੀ ਬਾਣੀ (ਰਚਨਾ) ਦੀ ਸੰਭਾਲ਼ ਕਰਕੇ ਆਪਣੇ ਜੀਵਨ ਕਾਲ ਵਿਚ ਹੀ ਪੋਥੀ ਸਾਹਿਬ (ਆਪਣੀ ਬਾਣੀ ਰਚਨਾ) ਦੇ ਨਾਲ ਦਰਜ ਕਰ ਦਿੱਤੀ।

ਹਕੂਮਤ ਦਾ ਅਮਲਾ/ਫੈਲਾ ਭਾਰਤੀਆਂ ਨਾਲ ਹਰ ਸਮੇਂ ਅਨਿਆ ਤੇ ਧੋਖਾ ਹੀ ਕਰਦਾ ਸੀ, ਗੁਰੂ ਸਾਹਿਬ ਜੀ ਨੇ ਬੜੇ ਹੌਸਲੇ ਨਾਲ ਉਸ ਵਿਰੁਧ ਅਵਾਜ਼ ਬੁਲੰਦ ਕੀਤੀ ‘‘ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥’’ (ਮ: ੧/੯੫੧) ਹਾਕਮ ਵਿੱਚ ਸ਼੍ਰੇਣੀ ਭਾਵੇਂ ਮੁਸਲਮਾਨ, ਭਾਵੇਂ ਹਿੰਦੂ ਖਤਰੀ ਸਨ, ਸਭ ਜਨਤਾ ਨੂੰ ਲੁੱਟ ਰਹੇ ਸਨ। ਉਨ੍ਹਾਂ ਸਭ ਨੇ ਧਾਰਮਿਕ ਪਹਿਰਾਵਾ ਧਾਰਨ ਕੀਤਾ ਹੋਇਆ ਸੀ। ਧਾਰਮਿਕ ਰਸਮਾਂ ਵੀ ਵਿਖਾਵੇ ਹਿੱਤ ਨਿਭਾਂਦੇ ਸਨ, ਪਰ ਇਹ ਸਭ ਆਮ ਲੋਕਾਂ ਦਾ ਲਹੂ ਹੀ ਚੂਸ ਰਹੇ ਸਨ। ਬਾਬਾ ਬੋਲ ਉੱਠਿਆ ‘‘ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ, ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਾ ਭਿ ਆਵਹਿ, ਓਈ ਸਾਦ ॥ ਕੂੜੀ ਰਾਸਿ, ਕੂੜਾ ਵਾਪਾਰੁ ॥ ਕੂੜੁ ਬੋਲਿ, ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ  ! ਕੂੜੁ ਰਹਿਆ ਭਰਪੂਰਿ ॥’’ (ਮ: ੧/੪੭੨)

ਜਨਮ ਸਾਖੀਆਂ ਵਿੱਚ ਸੰਕੇਤ ਹੈ ਕਿ ਗੁਰੂ ਬਾਬਾ ਜੀ ਜੇ ਕਿਸੇ ਉੱਤੇ ਬਹੁਤ ਤਰੁਠਦੇ ਤਾਂ ਉਨ੍ਹਾਂ ਨੂੰ ਅਸੀਸ ਦਿੰਦੇ ਕਿ ‘ਤੈਨੂੰ ਕਰਤਾਰ ਚਿਤ ਆਵੈ’ ਪਰਮਾਤਮਾ ਦੇ ਸਾਰੇ ਗੁਣਾਂ ਵਿੱਚ ਉਨ੍ਹਾਂ ਨੂੰ ‘ਕਰਤਾਰ’ ਹੋਣ ਦਾ ਸਰੂਪ ਵਧੇਰੇ ਮਹਾਨ ਜਾਪਦਾ ਸੀ। ਪਰਮਾਤਮਾ ਕਿਰਤੀ ਹੈ। ਕੁਦਰਤਿ ਦਾ ਕਾਦਰ ਹੈ ‘‘ਰੰਗੀ ਰੰਗੀ ਭਾਤੀ’’ ਉੱਤਪਤੀ ਦਾ ਕਰਤਾ ਹੈ, ਕਰਤਾਰ ਦੀ ਮੁਖ ਵਿਰਤੀ ਕਰਤਾਰੀ ਹੈ ਭਾਵ ਰਚਨਾ ਕਰਨ ਵਾਲੀ ਹੈ, ਘੜਨ/ਉਸਾਰਨ ਦੀ ਬਿਰਤੀ ਹੈ। ਇਹ ਨਿੱਤ ਉੱਨਤੀ ਕਰਨ ਦੀ ਬਿਰਤੀ ਹੈ, ਨਵ/ਵਿਕਾਸ ਦੀ ਬਿਰਤੀ, ਅੱਗੇ ਵੱਧਣ ਦੀ ਬਿਰਤੀ ਜਾਂ ਲਗਨ ਹੈ। ਇਹ ਕਿਰਤ ਦੀ ਬਿਰਤੀ ਹੈ, ਵਿਹਲੜ ਦੀ ਨਹੀਂ। ਸਤਿਗੁਰੂ ਜੀ ਚਾਹੁੰਦੇ ਹਨ ਕਿ ਅਜਿਹੇ ਸਮਾਜ ਦੀ ਉਸਾਰੀ ਹੋਵੇ ਜਿਸ ਦੀ ਧਰਮ ਵਿੱਚ ਉਪਾਸਨਾ ਦਾ ਸਰੂਪ ਕਿਰਤ ਕਰਨੀ ਹੋਵੇ। ‘ਉਸਾਰੂ ਹੋਵੇ ਕਿਰਤ’ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਿਧਾਂਤ ਦੀ ਬੁਨਿਆਦ ਹੈ: ‘ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ’। 

ਗੁਰੂ ਜੀ ਨੇ ਪਦਾਰਥਕ ਉੱਨਤੀ ਨੂੰ ਬੇਲੋੜਾ ਨਹੀਂ ਮੰਨਿਆ, ਖੱਟਣ ਘਾਲਣ ਦੀ ਹਦਾਇਤ ਕੀਤੀ ਸਗੋਂ ਵਿਹਲੜ ਲੋਕ ਜੋ ਘਰ/ਬਾਰ ਦੇ ਤਿਆਗੀ ਬਣ ਸੰਸਾਰ ਤੋਂ ਭਗੌੜੇ ਹੋ ਚੁਕੇ ਸਨ, ਨੂੰ ‘‘ਮਾਊ ਪੀਊ ਕਿਰਤੁ ਗਵਾਇਨਿ, ਟਬਰ ਰੋਵਨਿ ਧਾਹੀ ॥’’ (ਮ: ੧/੧੫੦), ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ (ਮ: ੧/ ੧੨੪੫), ਰੋਟੀਆ ਕਾਰਣਿ ਪੂਰਹਿ ਤਾਲ ॥’’ (ਮ: ੧/੪੬੫) ਆਦਿ ਬਚਨਾਂ ਰਾਹੀਂ ਬੜੇ ਰਹੱਸਮਈ ਢੰਗ ਨਾਲ ਵਿਅੰਗ ਕੀਤਾ। ਪੂਰੀ ਮਨੁੱਖ ਜਾਤੀ ਦੇ ਸਮਾਜ ਨੂੰ ‘‘ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ  ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫), ਹਕੁ ਪਰਾਇਆ ਨਾਨਕਾ  ! ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ ॥’’(ਮ: ੧/੧੪੧) ਆਦਿ ਪਵਿੱਤ੍ਰ ਉਪਦੇਸ਼ ਦਿੱਤੇ। ਤਲਵੰਡੀ, ਸੁਲਤਾਨਪੁਰ ਤੇ ਫਿਰ ਕਰਤਾਰਪੁਰ ਸਾਹਿਬ ਰਹਿ ਕੇ ਹੱਥੀਂ ਕਿਰਤ ਕਰਨ ਦਾ ਅਮਲੀ ਜੀਵਨ ਸਿਖਾਇਆ। ਭਾਈ ਸੱਜਣ ਜੀ ਵਰਗਿਆਂ ਨੂੰ ਠੱਗ ਤੋਂ ਗੁਰਮੁਖ ਬਣਾ, ‘‘ਕਿਰਤਿ ਵਿਰਤਿ ਕਰਿ ਧਰਮ ਦੀ, ਹਥਹੁ ਦੇ ਕੈ ਭਲਾ ਮਨਾਵੈ।’’ (ਭਾਈ ਗੁਰਦਾਸ ਜੀ/ਵਾਰ ੬ ਪਉੜੀ ੧੨) ਉਪਦੇਸ਼ ਦੀ ਪਰਪੱਕਤਾ ਕਰਵਾਈ।

ਲੋਕਾਂ ਦਾ ਆਚਰਨ ਪੱਖ ਧਰਮ ਤੋਂ ਬਿਲਕੁਲ ਡਿੱਗ ਚੁੱਕਾ ਸੀ ‘‘ਰੰਨਾ ਹੋਈਆ ਬੋਧੀਆ, ਪੁਰਸ ਹੋਏ ਸਈਆਦ॥ ਸੀਲੁ ਸੰਜਮੁ ਸੁਚ ਭੰਨੀ, ਖਾਣਾ ਖਾਜੁ ਅਹਾਜੁ ॥’’ (ਮ: ੧/੧੨੪੩) ਵਾਕ ਮੁਤਾਬਕ ਹਾਲਾਤ ਐਨੇ ਖ਼ਤਰਨਾਕ ਹੋ ਚੁੱਕੇ ਸਨ ਕਿ ਗੁਰਦੇਵ ਜੀ ਨੂੰ ਕਹਿਣਾ ਪਿਆ ਕਿ ‘‘ਸਤੀ ਪਾਪੁ ਕਰਿ ਸਤੁ ਕਮਾਹਿ ॥ ਗੁਰ ਦੀਖਿਆ, ਘਰਿ ਦੇਵਣ ਜਾਹਿ ॥ ਇਸਤਰੀ ਪੁਰਖੈ ਖਟਿਐ ਭਾਉ ॥ ਭਾਵੈ ਆਵਉ, ਭਾਵੈ ਜਾਉ ॥’’ (ਮ: ੧/੯੫੧)

ਪੂਜਾਰੀ ਸ਼੍ਰੇਣੀ ਨੇ ਮਰਨਾ-ਪਰਨਾ ਵੀ ਔਖਾ ਕਰ ਦਿੱਤਾ ਸੀ। ਗੁਰੂ ਜੀ ਨੇ ਬਟਾਲੇ ਵਿੱਖੇ ਆਪਣੀ ਸ਼ਾਦੀ ਸਮੇਂ ਅਗਨੀ ਦੇਵਤੇ ਦੁਆਲੇ ਫੇਰੇ ਲੈਣ ਤੇ ਪੁਜਾਰੀ ਦੁਆਰਾ ਕੀਤੇ ਕਰਮਕਾਂਡੀ ਵਿਆਹ ਦੀ ਰਸਮ ਤੋਂ ਬਗਾਵਤ ਕਰ ਦਿੱਤੀ। ਕੱਚੀ ਕੰਧ ਅੱਜ ਇਸ ਭੇਤ ਨੂੰ ਸੰਭਾਲ਼ੀ ਬੈਠੀ ਹੈ। ਸੂਤਕ-ਪਾਤਕ ਦੇ ਨਾਂ ਤੇ ਲੁੱਟ-ਖਸੁੱਟ ਤੋਂ ਆਜ਼ਾਦ ਕਰਦਿਆਂ ਆਪ ਜੀ ਨੇ ‘‘ਸਭੋ ਸੂਤਕੁ ਭਰਮੁ ਹੈ, ਦੂਜੈ ਲਗੈ ਜਾਇ ॥ ਜੰਮਣੁ ਮਰਣਾ ਹੁਕਮੁ ਹੈ, ਭਾਣੈ ਆਵੈ ਜਾਇ ॥’’ (ਮ: ੧/੪੭੨) ਦਾ ਸੰਦੇਸ਼ ਦਿੱਤਾ ਤੇ ‘‘ਨਾਨਕ  ! ਸੂਤਕੁ ਏਵ ਨ ਉਤਰੈ, ਗਿਆਨੁ ਉਤਾਰੇ ਧੋਇ ॥’’ (ਮ:੧/੪੭੨) ਦੀ ਮਹਾਨ ਪ੍ਰੇਰਣਾ ਕੀਤੀ। ਮਰਨ ਪਿਛੋਂ ਕੀਤੇ ਜਾਂਦੇ ਫੋਕਟ ਕਰਮਕਾਂਡਾਂ ਪ੍ਰਤੀ ਜਾਗਰੂਕ ਕਰਦਿਆਂ ਹੁਕਮ ਕੀਤਾ ‘‘ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ  ! ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ, ਡੁਬਾ ਸੰਸਾਰੁ ॥’’ (ਮ: ੧/੧੩੮) ਲਾਹੌਰ ਵਿਖੇ ਚੌ-ਹਰਟੇ (ਚੌਹਟੇ) ਖੂਹ ’ਤੇ ਦੁਨੀ ਚੰਦ ਨੂੰ ਉਪਰੋਕਤ ਗੱਲ ਸਮਝਾਈ। ਮਲਕ ਭਾਗੋ ਨੂੰ ਐਮਨਾਬਾਦ ਵਿਖੇ ‘‘ਨਾਨਕ  ! ਅਗੈ ਸੋ ਮਿਲੈ, ਜਿ ਖਟੇ ਘਾਲੇ ਦੇਇ ॥’ (ਮ: ੧/੭੨) ਦਾ ਸੁਨੇਹਾ ਦਿੱਤਾ । ‘ਗਇਆ’ ਤੀਰਥ ’ਤੇ ਆਸਾ ਰਾਗ ਅੰਦਰ ‘‘ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ ॥’’ (ਆਸਾ ਮ: ੧ /੩੫੮) ਸ਼ਬਦ ਰਾਹੀਂ ਪਿੱਤਰ ਪੂਜਾ ਦਾ ਜੂਲ਼ਾ ਮਨੁੱਖਤਾ ਦੇ ਗਲੋਂ ਲਾਹਿਆ, ਸਗੋਂ ‘‘ਪਿੰਡੁ ਪਤਲਿ ਮੇਰੀ ਕੇਸਉ ਕਿਰਿਆ, ਸਚੁ ਨਾਮੁ ਕਰਤਾਰੁ ॥’’ (ਆਸਾ ਮ: ੧/੩੫੮) ਦਾ ਹੋਕਾ ਦਿੱਤਾ।

ਸਮਾਜ ਵਿੱਚ ਇਸਤ੍ਰੀ ਦੀ ਦਸ਼ਾ ਬੜੀ ਤਰਸਯੋਗ ਸੀ, ਸ਼ੂਦਰਾਂ ਦੀ ਤਰ੍ਹਾਂ ਹੀ ਉਸ ਨਾਲ ਵੀ ਵਿਵਹਾਰ ਕੀਤਾ ਜਾਂਦਾ ਸੀ। ਪਤੀ ਦੀ ਮੌਤ ਤੋਂ ਬਾਅਦ ਜਬਰੀ ਸਤੀ ਹੋਣਾ ਪੈਂਦਾ ਸੀ। ਉਹ ਕੇਵਲ ਸੰਤਾਨ ਉੱਤਪਤੀ ਤੇ ਘਰੇਲੂ ਚਾਰਦਿਵਾਰੀ ਅੰਦਰ ਹੀ ਕੰਮ-ਕਾਰ ਕਰਨ ਲਈ ਮਜਬੂਰ ਸੀ। ਉਹ ਦਰੋਪਦੀ ਦੀ ਤਰ੍ਹਾਂ ਜੂਏ ਵਿੱਚ ਹਾਰੀ ਜਾਣ ਵਾਲੀ ਜਾਂ ਜੂਏ ਵਿੱਚ ਦਾਅ ’ਤੇ ਲਾਈ ਜਾਣ ਵਾਲੀ ਵਸਤੂ ਸੀ। ਉਸ ਦਾ ਪਰਮ ਧਰਮ, ਪਤੀ-ਪਰਮਾਤਮਾ ਨੂੰ ਖੁਸ਼ ਰੱਖਣਾ ਹੀ ਸੀ। ਮਨੂੰ ਸਿਮ੍ਰਤੀ, ਜੋਗੀਆਂ, ਸੰਨਿਆਸੀਆਂ, ਤੁਲਸੀਦਾਸ ਵਰਗੇ ਭਗਤਾਂ ਦੇ ਕੋਝੇ ਪ੍ਰਚਾਰ ਸਦਕਾ, ਇਸਤ੍ਰੀ ਦੀ ਐਸੀ ਦੁਰਦਸ਼ਾ ਬਣੀ ਕਿ ਉਸ ਨੂੰ ਪੁਜਾਰੀਆਂ ਦੀ ਕਾਮ ਭੁੱਖ ਦੂਰ ਕਰਨ ਲਈ, ਦੇਵਦਾਸੀ ਬਣਨਾ ਪੈਂਦਾ ਸੀ ਕਿਉਂਕਿ ਉਹ ਮਨੁੱਖ ਦੇ ਧਾਰਮਿਕ ਜੀਵਨ ਵਿੱਚ ਰੁਕਾਵਟ, ਅਗਿਆਨਣ, ਦੁਖਾਂ ਦਾ ਕਾਰਨ, ਕੁਰਾਹੇ ਪਾਣਵਾਲੀ, ਨਸ਼ੀਲੀ ਸ਼ਰਾਬ, ਮਾਰੂ ਜ਼ਹਿਰ ਹੀ ਸੀ ਜਾਂ ਹੈ। ਮਨੂੰ ਨੇ ਪਰਚਾਰਿਆ ਕਿ ‘ਇਸਤ੍ਰੀਆਂ ਅਗਿਆਨਣਾ ਹਨ। ਵੇਦ/ਮੰਤ੍ਰਾਂ ਤੋਂ ਵਾਂਝੀਆਂ ਹਨ ਅਤੇ ਝੂਠ ਦੀਆਂ ਮੂਰਤਾਂ ਹਨ।’ (ਮ: ਸਿਮ੍ਰਤੀ ਅਧਿਆਏ 5/ਸਲੋਕ 47/48)

ਪਦਮ ਪੁਰਾਣ ਨੇ ਵੀ ਘੱਟ ਨਹੀਂ ਕੀਤੀ ਕਿ ਪਤੀ ਭਾਵੇਂ ਬੁੱਢਾ ਹੋਵੇ, ਕਰੂਪ ਹੋਵੇ, ਲੰਗੜਾ-ਲੂਲ੍ਹਾ, ਕੋਹੜੀ ਹੋਵੇ, ਡਾਕੂ, ਚੋਰ, ਲੁਟੇਰਾ, ਕਾਤਲ ਹੋਵੇ, ਸ਼ਰਾਬੀ, ਜੂਏਬਾਜ਼, ਰੰਡੀਬਾਜ਼ (ਵਿਭਚਾਰੀ) ਜਾਂ ਸ਼ਰੇਆਮ ਪਾਪ ਕਰੇ, ਪਰ ਪਤਨੀ ਨੂੰ ਫਿਰ ਵੀ ਉਸ ਨੂੰ ਪਰਮਾਤਮਾ ਵਾਂਗ ਹੀ ਪੂਜਣਾ ਚਾਹੀਦਾ ਹੈ। ਐਸੇ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਇਸਤ੍ਰੀ ਨਾਲ ਹੋ ਰਹੇ ਘੋਰ ਅੰਨਿਆਏ ਵਿਰੁਧ ਆਵਾਜ਼ ਬੁਲੰਦ ਕੀਤੀ ਤੇ ਕਿਹਾ ਕਿ ਜਿਸ ਇਸਤ੍ਰੀ ਜਾਤੀ ਨੇ ਧਰਮੀ, ਰਾਜਿਆਂ, ਭਗਤਾਂ, ਵਿਦਵਾਨਾਂ ਤੇ ਸੂਰਮਿਆਂ ਨੂੰ ਜਨਮ ਦਿੱਤਾ ਹੈ, ਉਸ ਨੂੰ ਮੰਦਾ ਜਾਂ ਨੀਵਾਂ ਕਿਵੇਂ ਮੰਨਿਆ ਜਾ ਸਕਦਾ ਹੈ। ਫੁਰਮਾਇਆ: ‘‘ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ, ਭੰਡੈ ਬਾਝੁ ਨ ਕੋਇ ॥ ਨਾਨਕ  ! ਭੰਡੈ ਬਾਹਰਾ, ਏਕੋ ਸਚਾ ਸੋਇ ॥’’ (ਮ: ੧/੪੭੩)

ਜਨੇਉ ਦਾ ਖੰਡਨ ਕਰਦਿਆਂ ਆਪ ਜੀ ਨੇ ਯਾਦ ਕਰਵਾਇਆ ਤੇ ਕਿਹਾ ‘ਪ੍ਰੋਹਤ ਜੀ  ! ਜਿਸ ਧਾਗੇ ਨੂੰ ਪਾਣ ਦਾ ਹੱਕ ਮੇਰੀ ਮਾਂ ਤ੍ਰਿਪਤਾ ਤੇ ਭੈਣ ਬੇਬੇ ਨਾਨਕੀ ਜਾਂ ਸਮਾਜ ਦੀਆਂ ਹੋਰ ਮਾਤਾਵਾਂ, ਭੈਣਾਂ, ਧੀਆਂ ਨੂੰ ਨਹੀਂ ਮਿਲਿਆ, ਉਹ ਸਿਧਾਂਤ ਗੁਰੂ ਨਾਨਕ ਦੇ ਘਰ ਵਿੱਚ ਲਾਗੂ ਨਹੀਂ ਹੋ ਸਕਦਾ।’ ਇਸ ਲਈ ‘‘ਦਇਆ ਕਪਾਹ ਸੰਤੋਖੁ ਸੂਤੁ, ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ; ਹਈ, ਤ ਪਾਡੇ  ! ਘਤੁ ॥ ਨਾ ਏਹੁ ਤੁਟੈ, ਨ ਮਲੁ ਲਗੈ, ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ  ! ਜੋ ਗਲਿ ਚਲੇ ਪਾਇ ॥’’ (ਮ: ੧/੪੭੧) ਗੁਰੂ ਜੀ ਨੇ ਫੁਰਮਾਇਆ ਕਿ ਇਹ (ਔਰਤ) ਵੀ ਕਰਤਾਰੀ ਰਚਨਾ ਹੈ। ਮੈਨੂੰ ਇਸਤ੍ਰੀ ਤੇ ਪੁਰਸ਼ (ਦੋਹਾਂ) ਵਿੱਚੋਂ ਪ੍ਰਮਾਤਮਾ ਦਾ ਰੂਪ ਹੀ ਨਜ਼ਰ ਆਉਂਦਾ ਹੈ: ‘‘ਕਿਸੁ ਤੂੰ ਪੁਰਖੁ, ਜੋਰੂ ਕਉਣ ਕਹੀਐ ? ਸਰਬ ਨਿਰੰਤਰਿ ਰਵਿ ਰਹਿਆ ॥’’ (ਮ: ੧/੩੫੦)

ਸੋ, ਸਤਿਗੁਰੂ ਜੀ ਦੇ ਆਗਮਨ ਤੋਂ ਪਹਿਲਾ ਜਾਂ ਆਗਮਨ ਸਮੇਂ ਭਾਰਤੀ ਸਮਾਜ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ, ਮਤਾਂ-ਮਤਾਂਤਰਾਂ ਤੇ ਵਰਣ-ਜਾਤਾਂ ਵਿੱਚ ਵੰਡਿਆ ਪਿਆ ਸੀ। ਗੁਰੂ ਜੀ ਨੇ ਆਪਸੀ ਈਰਖਾ, ਵੈਰ-ਵਿਰੋਧ, ਨਿਰਬਲ, ਡਰਾਕਲ, ਬੇ-ਅਣਖ, ਬੇ-ਇਨਸਾਫੀ ਵਿੱਚ ਗ੍ਰਸੇ ਸਮਾਜ ਨੂੰ ਇਕ ਨਵਾਂ ਜੀਵਨ ਦਿੱਤਾ, ਜੋ ਸਦਾ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਮੁੱਦਈ ਹੋਵੇ। ਤਾਹੀਓਂ ਸਰ ਮੁਹੰਮਦ ਇਕਬਾਲ ਨੇ ਆਪਣੀ ਕਾਵਿ ਰਚਨਾ ‘ਬਾਂਗੇ ਦਰਾ’ ਦੇ ਪੰਨਾ 20 ’ਤੇ ਗੁਰੂ ਜੀ ਬਾਰੇ ਇਹ ਮਹਾਨ ਖਿਆਲ ਦਰਜ ਕੀਤੇ: ‘ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ । ਹਿੰਦ ਕੋ ਇਕ ਮਰਦਿ ਕਾਲਮ ਨੇ ਜਗਾਇਆ ਖਾਬ ਸੇ।’

ਸਤਿਗੁਰੂ ਜੀ ਦੀ ਸ਼ੋਭਾ ਨੇ ਸੂਰਜ ਵਾਂਗ ਹਿੰਦੂ ਮੁਸਲਮਾਨਾਂ ਦੇ ਹਰ ਘਰ ਨੂੰ ਰੁਸ਼ਨਾ ਦਿੱਤਾ। ਭਾਈ ਗੁਰਦਾਸ ਜੀ ਨੇ ਇਹ ਸੱਚ ਇੰਜ ਦਰਜ਼ ਕੀਤਾ ਹੈ: ‘‘ਘਰਿ ਘਰਿ ਬਾਬਾ ਪੂਜੀਐ, ਹਿੰਦੂ ਮੁਸਲਮਾਨ ਗੁਆਈ। ਛਪੇ ਨਾਹਿ ਛਪਾਇਆ, ਚੜਿਆ ਸੂਰਜੁ ਜਗੁ ਰੁਸਨਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੪) ਗੁਰੂ ਅਰਜਨ ਸਾਹਿਬ ਜੀ ਨੇ ‘‘ਸਭ ਤੇ ਵਡਾ ਸਤਿਗੁਰੁ ਨਾਨਕੁ, ਜਿਨਿ ਕਲ ਰਾਖੀ ਮੇਰੀ ॥ (ਮ: ੫/੭੫੦), ਬਲਿਓ ਚਰਾਗੁ ਅੰਧ੍ਹਾਰ ਮਹਿ, ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ, ਜਨੁ ਨਾਨਕੁ ਗੁਰੁ ਪਾਰਬ੍ਰਹਮ ॥’’ (ਮ: ੫/੧੩੮੭) ਆਦਿ ਵਚਨ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਇਆ ਹੈ।

ਸੋ ਆਓ  ! ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਖ਼ਸ਼ੇ ਪੈਗਾਮ ਨੂੰ ਘਰ ਘਰ ਪਹੁੰਚਾਈਏ, ਪੜ੍ਹੀਏ, ਵੀਚਾਰੀਏ ਤਾਂ ਕਿ ਇੱਕ ਸਾਫ਼/ਸੁਥਰਾ, ਨਿੱਗਰ ਸੋਚ ਰੱਖਣ ਵਾਲਾ: ‘‘ਵਿਚਿ ਦੁਨੀਆ ਸੇਵ ਕਮਾਈਐ॥ ਤਾ, ਦਰਗਹ ਬੈਸਣੁ ਪਾਈਐ॥ ਕਹੁ ਨਾਨਕ  ! ਬਾਹ ਲੁਡਾਈਐ ॥’’ (ਮ: ੧/ ੨੬) ਵਾਕ ਮੁਤਾਬਕ ਸਮਾਜ ਨੂੰ ਸਿਰਜ ਸਕੀਏ। ਸਮੂੱਚੇ ਕਾਲਜ ਪ੍ਰਬੰਧ ਵਲੋਂ ਮਿਸ਼ਨਰੀ ਸੇਧਾਂ ਰਸਾਲੇ ਦੇ ਪਾਠਕਾਂ ਉੱਤੇ ਸਮੂੰਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਾਹਿਬ ਜੀ ਦੇ ਆਗਮਨ ਗੁਰ ਪੁਰਬ ਦੀ ਲੱਖ/ਲੱਖ ਵਧਾਈ ਹੋਵੇ, ਜੀ।